.

ਗੁਰਬਾਣੀ ਦੇ ਸ਼ਬਦਾਂ ਦੇ ਅਰਥ ਵਿਚਾਰ ਕਿਸ਼ਤ ਪੰਜਵੀਂ। ਭਗਤ ਬਾਣੀ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ੧੫ ਭਗਤਾਂ ਦੀ ਬਾਣੀ ਅੰਕਿਤ ਹੈ। ਭਗਤ ਕਿਸ ਸਮੇਂ ਵਿੱਚ ਹੋਏ? ਉਹਨਾਂ ਨੇ ਕਿਸ ਕਿਸ ਗੁਰੂ ਕੋਲੋਂ ਸਿਖਿਆ ਲਈ ਤੇ ਸਿਖਿਆ ਤੇ ਅਮਲ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ? ਇਸ ਵਿਸ਼ੇ ਤੇ ਡਾ: ਸਰਬਜੀਤ ਸਿੰਘ ਨੇ ਗੁਰਬਾਣੀ ਦੀ ਖੋਜ ਦੇ ਅਧਾਰ ਤੇ ਕੁੱਝ ਨਿਸ਼ਕਰਸ਼ ਕੱਢੇ ਹਨ।

ਇਸ ਲੇਖ ਵਿੱਚ ਦਾਸ ਭਗਤ ਬਾਣੀ ਦੀ ਵਿਚਾਰ, ਡਾ: ਸਰਬਜੀਤ ਸਿੰਘ ਦੇ ਖੋਜ ਭਰੇ ਲੇਖ ਦੇ ਅਧਾਰ ਤੇ ਕਰ ਰਿਹਾ ਹੈ। ਇਸ ਲੇਖ ਵਿੱਚ ਦਾਸ ਦੇ ਆਪਣੇ ਵਿਚਾਰ ਭੀ ਸ਼ਾਮਲ ਹਨ।
ਗੁਰਬਾਣੀ ਵਿੱਚ ੧੫ ਭਗਤਾਂ ਦੀ ਬਾਣੀ ਅੰਕਿਤ ਹੈ। ਇਹਨਾਂ ਭਗਤਾਂ ਵਿੱਚ ਹਿੰਦੂ ਧਰਮ ਦੀਆਂ ਉੱਚੀਆਂ ਤੇ ਨੀਵੀਆਂ ਜਾਤੀਆਂ ਦੇ ਭਗਤ ਤੇ ਮੁਸਲਮਾਨ ਭਗਤ ਸ਼ਾਮਲ ਹਨ। ਪਾ: ੩, ੪ ਤੇ ੫ ਦੀ ਉਚਾਰੀ ਬਾਣੀ ਅਨੁਸਾਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਭਗਤ ਬਾਣੀ ਅਨੁਸਾਰ, ਸਭ ਭਗਤ ਪੂਰੇ ਗੁਰੂ ਦੀ ਸਰਨ ਆਏ, ਉਹਨਾਂ ਨੇਂ ਪੂਰੇ ਗੁਰੂ ਤੋਂ ਗੁਰਸਬਦੁ/ਗਰੁਮੰਤ੍ਰ ਨਾਮ ਦੀ ਦਾਤ ਲਈ, ਉਨ੍ਹਾਂ ਨੇ ਸਬਦੁ/ਗੁਰਮੰਤ੍ਰ ਨਾਮ ਦਾ ਜਪ/ਸਿਮਰਨ/ਅਰਾਧਨਾ/ਭਗਤੀ ਕੀਤੀ ਤੇ ਬ੍ਰਹਮ ਗਿਆਨੀ ਬਣੇ।
ਬ੍ਰਹਮ ਗਿਆਨੀ ਤੇ ਪਾਰਬ੍ਰਹਮ ਵਿੱਚ ਕੋਈ ਭੇਦ ਨਹੀਂ। ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ॥ ੨੭੪/੧॥ ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ॥ ਏਕਹਿ ਆਪਿ ਨਹੀ ਕਛੁ ਭਰਮੁ। ॥ ੨੮੭/੩। ਬ੍ਰਹਮ ਗਿਆਨੀ ਨੂੰ ਤ੍ਰਿਭਵਨ ਦੀ ਸੋਝੀ ਹੋ ਜਾਂਦੀ ਹੈ ਅਤੇ ਉਹ ਪਾਰਬ੍ਰਹਮ ਦੀ ਸੰਸਾਰ ਰੂਪ ਮਾਇਆ ਦੀ ਖੇਡ ਨੂੰ ਜਾਣਦਾ ਪਛਾਣਦਾ ਹੈ।
ਗੁਰੂ ਨਾਨਕ ਸਾਹਿਬ ਦੇ ਮਨ ਤਨ ਸਰੀਰ ਵਿੱਚ ਜਨਮ ਤੋਂ ਨਾਮ ਜੋਤਿ ਦਾ ਨਿਵਾਸ ਸੀ ਅਤੇ ਉਹਨਾਂ ਦੇ ਮਨ ਤਨ ਵਿੱਚ ਅਨਹਦੁ ਧੁਨਾਂ ਪ੍ਰਤੱਖ ਰੂਪ ਵਿੱਚ ਚੱਲ ਰਹੀਆਂ ਸਨ। ਉਹ ਗੁਰ ਪਾਰਬ੍ਰਹਮ ਪਰਮੇਸ਼ਰ ਆਪ ਹਨ। ॥ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ੧੪੦੮/੯।
ਗੁਰੂ ਜੀ ਕਿਸੇ ਪਾਠਸ਼ਾਲਾ ਜਾਂ ਮਦਰਸੇ ਵਿੱਚ ਪੜ੍ਹਨ ਨਹੀਂ ਗਏ। ਉਹਨਾਂ ਨੇਂ ਬਾਲ ਉਮਰ ਵਿੱਚ ਪਾਂਧੇ ਤੇ ਮੌਲਵੀ ਨੂੰ ਸਿੱਖਿਆ ਦਿੱਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰੇ ਵਿੱਚ ਜਿੱਥੇ ਗਏ ਓਥੇ ਦੀ ਬੋਲੀ ਉਹਨਾਂ ਨੂੰ ਪਹਿਲਾਂ ਹੀ ਆਓਂਦੀ ਸੀ। ਗੁਰੂ ਜੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਹਨਾਂ ਦੇ ਧਰਮ ਦੇ ਅਕੀਦੇ ਸਮਝਾਏ ਅਤੇ ਕਿਹਾ ਕਿ ਹੋਰ ਧਰਮਾਂ ਦੇ ਗਿਆਨ ਧਿਆਨ, ਕਰਮਕਾਂਡ ਤੇ ਸ਼ਰਾਹ ਆਦਿ ਉੱਤੇ ਅਮਲ ਕਰ ਕੇ ਪਾਰਬ੍ਰਹਮ ਨਹੀਂ ਪਾਇਆ ਜਾ ਸਕਦਾ। ਗੁਰੂ ਜੀ ਨੇ ਕਿਹਾ ਕਿ ਪੂਰੇ ਗੁਰੂ ਦੀ ਸ਼ਰਨ ਵਿੱਚ ਆਏ ਬਿਨਾ ਤੇ ਪੂਰੇ ਗੁਰੂ ਤੋਂ ਉਪਦੇਸ਼ ਲਏ ਬਿਨਾਂ ਜਨਮ ਮਰਨ ਦਾ ਗੇੜ ਬਨਿਆਂ ਰਹਿੰਦਾ ਹੈ ਅਤੇ ਬ੍ਰਹਮ ਗਿਆਨ ਨਹੀਂ ਹੋ ਸਕਦਾ। ਮਨੁੱਖਾ ਜੂਨੀਂ ਦਾ ਮਨੋਰਥ ਪਾਰਬ੍ਰਹਮ, ਅਕਾਲ ਪੁਰਖ ਨਾਲ ਮਿਲਾਪ ਹੈ।
ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਬੇਦ ਮਤ, ਜੈਨ ਮਤ, ਬੁਧ ਮਤ ਤੇ ਇਸਲਾਮ ਮਤ ਸੀ। ਗੁਰਬਾਣੀ ਅਨੁਸਾਰ ਇਹਨਾਂ ਵਿੱਚੋਂ ਕਿਸੇ ਨੂੰ ਭੀ ਸੰਸਾਰ ਤੋਂ ਪਾਰ ਨਾਮ ਜੋਤਿ ਅਕਾਲ ਪੁਰਖ ਦਾ ਗਿਆਨ ਨਹੀਂ ਸੀ। ਇਹ ਧਰਮ, ਨਾਮੁ ਰੂਪ ਅਕਾਲ ਪੁਰਖ ਦੀ ਉਪਾਈ ਮਾਇਆ ਹਨ।
ਅਸੀਂ ਵਿਚਾਰ ਕਰਨੀ ਹੈ ਕਿ ਇਹਨਾਂ ੧੫ ਭਗਤਾਂ ਨੇ ਕਿਸ ਗੁਰੂ ਤੋਂ ਸੀਖਿਆ ਦੀਖਿਆ ਲਈ ਤੇ ਕਿਸ ਗੁਰਮੰਤ੍ਰ ਨਾਮ ਨੂੰ ਜਪ/ਸਿਮਰ ਕੇ ਉਹ ਭਵਸਾਗਰ ਤੋਂ ਪਾਰ ਹੋਏ? ਬ੍ਰਹਮ ਗਿਆਨ ਤਕ ਅੱਪੜਨ ਲਈ ਕੀ ਸੰਸਾਰ ਦੀ ਵਿਦਿਆ ਹਾਸਲ ਕਰਨਾਂ ਜ਼ਰੂਰੀ ਹੈ?
ਨੀਵੀਂ ਜਾਤੀਆਂ ਦੇ ਭਗਤ ਗਰੀਬ ਅਤੇ ਅਨਪੜ੍ਹ ਸਨ। ਧਰਮ ਦੀ ਕਿਰਤ ਕਰ ਕੇ ਪਰਿਵਾਰ ਦਾ ਨਿਰਬਾਹ ਕਰਦੇ ਸਨ। ਨੀਵੀਂ ਜਾਤੀ ਵਾਲਿਆਂ ਨੂੰ ਮੰਦਰ ਜਾਣ ਦਾ ਅਧਿਕਾਰ ਨਹੀਂ ਸੀ, ਉਹਨਾਂ ਨੂੰ ਪਾਠਸ਼ਾਲਾ ਜਾ ਕੇ ਪੜ੍ਹਾਈ ਕਰਨ ਦਾ ਅਧਿਕਾਰ ਵੀ ਨਹੀਂ ਸੀ। ਗੁਰਬਾਣੀ ਅਨੁਸਾਰ ਉਹਨਾਂ ਨੇ ਪੂਰੇ ਗੁਰੂ ਤੋਂ ਦੀਖਿਆ ਲਈ, ਗੁਰਸਬਦੁ/ਗੁਰਮੰਤ੍ਰ ਨਾਮ ਵਿੱਚ ਸੁਰਤਿ/ਧਿਆਨ ਜੋੜ ਕੇ ਏਕਾਗਰ ਚਿੱਤ ਨਾਮ ਜਪ/ਸਿਮਰਨ ਕੀਤਾ ਤੇ ਬ੍ਰਹਮ ਗਿਆਨੀ ਦੀ ਪਦਵੀ ਪਾਈ। ਉਹਨਾਂ ਨੂੰ ਬਾਣੀ ਬ੍ਰਹਮ ਤੋਂ ਆਈ ਅਤੇ ਉਹਨਾਂ ਨੇ ਬਾਣੀ ਉਚਾਰੀ। ਗੁਰਬਾਣੀ ਅਨੁਸਾਰ ਮਨੁੱਖ ਪੜ੍ਹਿਆ ਹੋਵੇ ਜਾਂ ਅਨਪੜ੍ਹ ਹੋਵੇ, ਜਿਸ ਜਿਸ ਨੇਂ ਪੂਰੇ ਗੁਰੂ ਤੋਂ ਨਾਮੁ ਉਪਦੇਸ਼ ਲਿਆ ਤੇ ਨਾਮ ਜਪ/ਸਿਮਰਨ/ਭਗਤੀ ਕੀਤੀ ਉਸ ਉਸ ਨੇਂ ਪਰਮ ਗਤਿ ਪ੍ਰਾਪਤ ਕੀਤੀ।
ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ॥
ਭਗਤਾ ਤੇਰੀ ਟੇਕ ਰਤੇ ਸਚਿ ਨਾਇ॥ ਪੰਨਾ ੫੨੧
(ਭਗਤਾ ਨੂੰ ਤੇਰਾ ਆਸਰਾ ਹੈ ਅਤੇ ਸੱਚੇ ਨਾਮ ਵਿੱਚ ਰਚੇ ਹਨ)
ਸੰਸਾਰ ਦੀ ਪੜ੍ਹਾਈ ਬਾਰੇ ਗੁਰਬਾਣੀ ਉਪਦੇਸ਼
ਪੜ੍ਹੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ॥ ਪੰਨਾ ੧੨੮੯/੮
(ਗੁਰਮਤਿ ਨਾਮ/ਜਪ/ਸਿਫ਼ਤ ਸਾਲਾਹ ਕਰਕੇ ਪੜ੍ਹਾਈ ਹੁੰਦੀ ਹੈ ਅਤੇ ਬ੍ਰਹਮ ਦਾ ਅਤੇ ਬ੍ਰਹਮ ਦੀ ਸੰਸਾਰ ਦੀ ਖੇਡ ਦਾ ਗਿਆਨ ਅੰਦਰੋਂ ਉਪਜਦਾ ਹੈ। ਹਉਂਬੁਧ ਵਾਲੀ ਬੁੱਧੀ ਅਤੇ ਵਿਚਾਰ ਮਿਥਿਆ ਹੈ।)
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ॥
ਜਿਨ ਕਉ ਆਪਿ ਦਇਅਲੁ ਹੋਇ ਤਿਨ ਉਪਜੈ ਮਨਿ ਗਿਆਨੁ॥ ੪੫/੧੩
(ਜਿਨ੍ਹਾਂ ਨੇਂ ਸਤਿਗੁਰੂ ਨੂੰ ਅਰਾਧਿਆ ਉਹ ਪੂਰੇ ਪਰਧਾਨ ਹੋ ਗਏ ਜਿਨ੍ਹਾਂ ਉਤੇ ਸਤਿਗੁਰੂ ਦਇਆਲ ਹੁੰਦਾ ਹੈ ਉਨ੍ਹਾਂ ਦੇ ਮਨ ਵਿੱਚ ਗੁਰੂ ਤੋਂ ਅਨੁਭਵੀ ਗਿਆਨ, ਵਾਹਿਗੁਰੂ ਨਾਮ ਦੇ ਜਪ ਸਿਮਰਨ ਤੋਂ ਉਪਜਦਾ ਹੈ।)
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ॥
ਹਉਮੈ ਵਿਚਿ ਸਭ ਪੜਿ ਥਕੇ ਦੂਜੈ ਭਾਇ ਖੁਆਰੁ॥ ੬੫੦/੧੧
(ਅਸੀਂ ਸਭ ਹਉਮੈ ਵਿਚਿ ਜੀਂਵਦੇ ਹਾਂ। ਹਉਂ ਬੁਧ ਵਾਲੇ ਮਨ ਦੀ ਗੁਰਬਾਣੀ ਦੀ ਪੜ੍ਹਾਈ ਤੇ ਸਮਝ ਬ੍ਰਹਮ ਦਾ ਗਿਆਨ ਨਹੀਂ ਦੇ ਸਕਦੀ। ਅੱਗੇ ਗੁਰੂ ਜੀ ਦਸਦੇ ਹਨ ਪੜ੍ਹਿਆ ਤੇ ਸਿਆਣਾਂ ਕਉਣ ਹੈ?
॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰਸਬਦਿ ਕਰੇ ਵੀਚਾਰੁ॥ (ਗੁਰਸਬਦਿ ਵਿਚਾਰ ਦਾ ਅਰਥ ਹੈ, ਗੁਰਮਤਿ ਨਾਮ ਸਿਮਰਨ ਤੋਂ ਹਿਰਦੇ ਵਿੱਚ ਉਪਜੀ, ਅਨੁਭਵੀ ਗੁਰਬਾਣੀ ਵਿਚਾਰ ਤੇ ਬ੍ਰਹਮ ਗਿਆਨ।)
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥ ੬੫੦
(ਨਾਮੁ ਅਭਿਆਸੀ ਹਿਰਦੇ ਵਿੱਚ ਨਾਮ ਜਪ/ਸਿਮਰਨ ਕਰ ਕੇ ਅੰਦਰੁ ਦੀ ਖੋਜ ਕਰਦਾ ਹੈ ਤੇ ਤਤੁ (ਅਸਲੀਅਤ) ਨਾਮੁ ਜੋਤਿ ਨੂੰ ਪਾ ਲੈਂਦਾ ਹੈ ਅਤੇ ਮੁਕਤਿ ਹੋ ਜਾਂਦਾ ਹੈ)
ਗੁਰਬਾਣੀ ਸਮਝਾਉਂਦੀ ਹੈ ਗੁਰਮਤਿ ਨਾਮ ਦਾ ਜਪ/ਸਿਮਰਨ/ਸਿਫਤ ਸਾਲਾਹ ਕਰਕੇ ਬ੍ਰਹਮ ਦੀ ਸੂਝ ਬੂਝ ਪਛਾਣ ਹੁੰਦੀ ਹੈ, ਹੋਰ ਅਕਲਾਂ ਝੂਠੀਆਂ ਹਨ।
ਪੜ੍ਹੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ॥ ਪਨਾਂ ੧੨੮੯/੮
(ਗੁਰਮਤਿ ਨਾਮ/ਜਪ/ਸਿਫ਼ਤ ਸਾਲਾਹ ਕਰਕੇ ਗਿਆਨ ਹੁੰਦਾ ਹੈ, ਹਉਂਬੁਧ ਵਾਲੀ ਬੁਧੀ ਮਿਥਿਆ ਹੈ)
ਭਗਤ ਬਾਣੀ ਨੂੰ ਗੁਰੂ ਅਰਜਨ ਸਾਹਿਬ ਨੇ ਪੋਥੀ ਵਿੱਚ ਅੰਕਿਤ ਕੀਤਾ। ਭਗਤਾਂ ਨੇ ਪੂਰੇ ਗੁਰੂ ਤੋਂ ਨਾਮ ਦੀ ਦੀਖਿਆ ਲੈ ਕੇ ਭਗਤੀ ਕੀਤੀ। ਭਗਤ ਬਾਣੀ ਸਿੱਖ ਗੁਰੂਆਂ ਦੀ ਉਚਾਰੀ ਬਾਣੀ ਦੇ ਤੁੱਲ ਹੈ। ਸਿੱਖ ਗੁਰੂਆਂ ਦੀ ਬਾਣੀ ਅਤੇ ਭਗਤ ਬਾਣੀ ਇੱਕੋ ਨਾਮ ਧਰਮ ਦਾ ਉਪਦੇਸ਼ ਦਿੰਦੀ ਹੈ।
ਹਿੰਦੂ ਤੇ ਇਸਲਾਮ ਨੂੰ ਮੰਨਣ ਵਾਲੇ ਭਗਤਾਂ ਨੇਂ ਆਪਣੇ ਪਹਿਲੇ ਧਰਮ ਗੁਰੂ ਤੇ ਸਿਖਿਆ ਦੇ ਅਕੀਦੇ ਛੱਡ ਕੇ ਗੁਰਮਤਿ ਨਾਮ ਜਪ/ਸਿਮਰਨ ਕੀਤਾ ਬ੍ਰਹਮ ਗਿਆਨੀ ਹੋਏ ਤੇ ਬ੍ਰਾਹਮਣ ਅਤੇ ਮੁਸਲਮਾਨ ਸ਼ੇਖ/ਕਾਜ਼ੀਆਂ ਅਤੇ ਸਭ ਸੰਸਾਰ ਨੂੰ ਇੱਕੋ ਨਾਮੁ ਧਰਮ ਦਾ ਉਪਦੇਸ਼ ਦਿੱਤਾ। ਬ੍ਰਹਮ ਗਿਆਨੀ ਨੂੰ ਸੰਸਾਰ ਦੀ ਤੇ ਸੰਸਾਰ ਦੀ ਪੜ੍ਹਾਈ ਦਾ ਬੋਧ, ਸਿਮਰਨ ਦੇ ਚਉਥੇ ਪਦ ਵਿੱਚ ਹੋ ਜਾਂਦਾ ਹੈ।
ਗੁਰੂ ਅਰਜਨ ਸਾਹਿਬ ਨੇ ਬਾਣੀ ਸੁਖਮਨੀ ਵਿੱਚ ਭਗਤ ਤੇ ਭਗਤੀ ਦੀ ਵਿਆਖਿਆ ਕੀਤੀ ਹੈ।
ਭਗਤ ਉਹ ਹੈ ਜੋ ਪੂਰੇ ਗੁਰੂ ਪਾਸੋਂ ਨਾਮ ਦੀ ਯਾਚਨਾਂ ਕਰਦਾ ਹੈ। ਪੂਰਾ ਗੁਰੂ, ਸਿੱਖ/ਸੇਵਕ ਨੂੰ ਸੁਧ ਮਨ ਨਾਮ/ਜਪ ਸਿਮਰਨ ਦਾ ਉਪਦੇਸ਼ ਦਿੰਦਾ ਹੈ। ਪ੍ਰਭੂ ਦੇ ਨਾਮ ਦਾ ਜਪ/ਸਮਰਨ/ਗੁਣ ਗਾਵਨਾ/ਧਿਆਵਨਾ ਇੱਕ ਹੀ ਕ੍ਰਿਆ ਹੈ, ਇਹੀ ਪ੍ਰਭੂ ਦੀ ਭਗਤੀ ਹੈ। ਵਡੇ ਭਾਗਾਂ ਵਾਲੇ ਹਨ ਜੋ ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਜਪ/ਸਿਮਰਨ ਕਰਦੇ ਹਨ। ਗੁਰਮੰਤ੍ਰ ਨਾਮ ‘ਵਾਹਿਗੁਰੂ’ ਦਾ ਜਪ/ਸਿਮਰਨ/ਧਿਆਨ/ਭਗਤੀ ਕੀਤਿਆਂ ਸਰਬਵਿਆਪਕ ਨਾਮ ਜੋਤਿ ਵਿੱਚ ਸਮਾਈ ਹੁੰਦੀ ਹੈ। ਭਗਤਾਂ ਨੇ ਪੂਰੇ ਗੁਰੂ ਤੋਂ ਗੁਰਸਬਦੁ/ਗੁਰਮੰਤ੍ਰ ਨਾਮ ਦੀ ਦਾਤ ਲਈ ਤੇ ਨਾਮ ਜਪ/ਸਿਮਰਨ ਕਰ ਕੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ। ਭਗਤਾਂ ਅਤੇ ਗੁਰਸਿਖਾਂ ਦਾ ਸਬਦੁ ਗੁਰੂ, ਗੁਰਸਬਦੁ/ਗੁਰਮੰਤ੍ਰ ਨਾਮ ‘ਵਾਹਿਗੁਰੂ’ ਹੈ।।
ਅਸੀਂ ਚੇਤੇ ਰੱਖੀਏ ਕਿ ਗੁਰਬਾਣੀ ਗੁਰੂ ਹੈ, ਅਤੇ ਗੁਰਬਾਣੀ, ਸਬਦੁ ਗੁਰੂ/ਗੁਰਮੰਤ੍ਰ ਨਾਮ, ਵਾਹਿਗੁਰੂ ਦੇ ਜਪਨ ਦਾ ਉਪਦੇਸ਼ ਦਿੰਦੀ ਹੈ। ਗੁਰਸਬਦੁ ਨੂੰ ਜਪ ਕੇ ਮਨ ਨਿਰਮਲ ਹੁੰਦਾ ਹੈ ਅਤੇ ਚਉਥੇ ਪਦ ਵਿੱਚ ਸਬਦੁ ਦੀ ਸੋਝੀ ਤੇ ਗਿਆਨ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਨੇ ਜੋਗੀਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਗੁਰੂ ਇੱਕ ਏਕੰਕਾਰ ਦਾ ਸੰਸਾਰ ਵਿੱਚ ਪਸਰਿਆ ਸਰੂਪ ਸਬਦੁ ਹੈ।
ਗੁਰਬਾਣੀ ਅਨੁਸਾਰ ਭਗਤਾਂ ਨੂੰ ਨਾਮ/ਜਪ/ਸਿਫ਼ਤ ਸਾਲਾਹ ਦੀ ਭੁੱਖ ਹੈ ਤੇ ਉਹਨਾਂ ਦਾ ਆਧਾਰ ਨਾਮ ਜਪ ਸਿਮਰਨ ਹੈ। ਉਹ ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਜਾਂਦੇ ਹਨ ਅਤੇ ਸਦਜੀਵਤ ਹੋ ਜਾਂਦੇ ਹਨ। ਗੁਰਬਾਣੀ ਅਨੁਸਾਰ ਹੋਰ ਕਿਸੇ ਧਰਮ ਨੂੰ ਮੰਨਣ ਵਾਲਾ ਕਿਸੇ ਹੋਰ ਨਾਮ ਦਾ ਜਪ/ਸਿਮਰਨ ਕਰਨ ਵਾਲਾ, ਭਗਤ ਨਹੀਂ ਉਹ ਜਨਮ ਮਰਨ ਦੇ ਗੇੜ ਵਿੱਚ ਰਹਿੰਦਾ ਹੈ।
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਪੰਨਾ ੪੬੬
(ਸਚੁ ਨਾਮ = ਨਾਮ ਜੋਤਿ ਪਾਰਬ੍ਰਹਮ ਵਾਹਿਗੁਰੂ। ੨. ਸਚੁ ਨਾਮ = ਗੁਰਸਬਦੁ/ਗੁਰਮੰਤ੍ਰ ਨਾਮ, ਵਾਹਿਗੁਰੂ)
ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਭਗਤ ਤੇ ਭਗਤੀ ਦੀ ਵਿਆਖਿਆ ਕਰਦੇ ਹਨ।
ਸਲੋਕੁ॥ ਸੁਖਮਨੀ।
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ॥
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ॥ ੧॥
ਅਸਟਪਦੀ॥
ਜਾਚਕ ਜਨੁ ਜਾਚੈ ਪ੍ਰਭ ਦਾਨੁ॥ ਕਰਿ ਕਿਰਪਾ ਦੇਵਹੁ ਹਰਿ ਨਾਮੁ॥
(ਸਿੱਖ ਸੇਵਕ ਗੁਰੂ ਪਰਮੇਸ਼ਰ ਕੋਲੋਂ ਗੁਰਮੰਤ੍ਰ ਨਾਮ ਦੀ ਦਾਤ ਮੰਗਦਾ ਹੈ)
ਸਾਧ ਜਨਾ ਕੀ ਮਾਗਉ ਧੂਰਿ॥ ਪਾਰਬ੍ਰਹਮ ਮੇਰੀ ਸਰਧਾ ਪੂਰਿ॥
ਸਦਾ ਸਦਾ ਪ੍ਰਭ ਕੇ ਗੁਨ ਗਾਵਉ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ॥
(ਪ੍ਰਭ ਕੇ ਗੁਨ ਗਾਵਨਾ/ਧਿਆਵਨਾ/ਭਗਤੀ ਇੱਕ ਹੀ ਨਾਮ ਜਪ/ਸਿਮਰਨ ਦੀ ਕ੍ਰਿਆ ਹੈ)
ਚਰਨ ਕਮਲ ਸਿਉ ਲਾਗੈ ਪ੍ਰੀਤਿ॥ ਭਗਤਿ ਕਰਉ ਪ੍ਰਭ ਕੀ ਨਿਤ ਨੀਤਿ॥
ਏਕ ਓਟ ਏਕੋ ਆਧਾਰੁ॥ ਨਾਨਕੁ ਮਾਗੈ ਨਾਮੁ ਪ੍ਰਭ ਸਾਰੁ॥ ੧॥
ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ॥ ਹਰਿ ਰਸੁ ਪਾਵੈ ਬਿਰਲਾ ਕੋਇ॥
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ॥ ਪੂਰਨ ਪੁਰਖ ਨਹੀ ਡੋਲਾਨੇ॥
ਸੁਭਰ ਭਰੇ ਪ੍ਰੇਮ ਰਸ ਰੰਗਿ॥ ਉਪਜੈ ਚਾਉ ਸਾਧ ਕੈ ਸੰਗਿ॥
ਪਰੇ ਸਰਨਿ ਆਨ ਸਭ ਤਿਆਗਿ॥ ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ॥
ਬਡਭਾਗੀ ਜਪਿਆ ਪ੍ਰਭੁ ਸੋਇ॥ ਨਾਨਕ ਨਾਮਿ ਰਤੇ ਸੁਖੁ ਹੋਇ॥ ੨॥
ਸੇਵਕ ਕੀ ਮਨਸਾ ਪੂਰੀ ਭਈ॥ ਸਤਿਗੁਰ ਤੇ ਨਿਰਮਲ ਮਤਿ ਲਈ॥
ਜਨ ਕਉ ਪ੍ਰਭੁ ਹੋਇਓ ਦਇਆਲੁ॥ ਸੇਵਕੁ ਕੀਨੋ ਸਦਾ ਨਿਹਾਲੁ॥
ਬੰਧਨ ਕਾਟਿ ਮੁਕਤਿ ਜਨੁ ਭਇਆ॥ ਜਨਮ ਮਰਨ ਦੂਖੁ ਭ੍ਰਮੁ ਗਇਆ॥
ਇਛ ਪੁਨੀ ਸਰਧਾ ਸਭ ਪੂਰੀ॥ ਰਵਿ ਰਹਿਆ ਸਦ ਸੰਗਿ ਹਜੂਰੀ॥
ਜਿਸ ਕਾ ਸਾ ਤਿਨਿ ਲੀਆ ਮਿਲਾਇ॥ ਨਾਨਕ ਭਗਤੀ ਨਾਮਿ ਸਮਾਇ॥ ੩॥
(ਗੁਰੂ ਨਾਨਕ ਸਾਹਿਬ ਕਹਿੰਦੇ ਹਨ ਗੁਰਮੁਖਿ ਭਗਤੀ/ਸਿਮਰਨ ਕਰ ਕੇ ਨਾਮ ਵਿੱਚ ਸਮਾ ਜਾਂਦਾ ਹੈ।)
ਸੋ ਕਿਉ ਬਿਸਰੈ ਜਿ ਘਾਲ ਨ ਭਾਨੈ॥ ਸੋ ਕਿਉ ਬਿਸਰੈ ਜਿ ਕੀਆ ਜਾਨੈ॥
ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ॥ ਸੋ ਕਿਉ ਬਿਸਰੈ ਜਿ ਜੀਵਨ ਜੀਆ॥
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ॥ ਗੁਰ ਪ੍ਰਸਾਦਿ ਕੋ ਬਿਰਲਾ ਲਾਖੈ॥
ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ॥ ਜਨਮ ਜਨਮ ਕਾ ਟੂਟਾ ਗਾਢੈ॥
ਗੁਰਿ ਪੂਰੈ ਤਤੁ ਇਹੈ ਬੁਝਾਇਆ॥ ਪ੍ਰਭੁ ਅਪਨਾ ਨਾਨਕ ਜਨ ਧਿਆਇਆ॥ ੪॥
ਸਾਜਨ ਸੰਤ ਕਰਹੁ ਇਹੁ ਕਾਮੁ॥ ਆਨ ਤਿਆਗਿ ਜਪਹੁ ਹਰਿ ਨਾਮੁ॥
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ॥
ਭਗਤਿ ਭਾਇ ਤਰੀਐ ਸੰਸਾਰੁ॥ ਬਿਨੁ ਭਗਤੀ ਤਨੁ ਹੋਸੀ ਛਾਰੁ॥
(ਗੁਰੂ ਜੀ ਕਹਿੰਦੇ ਹਨ ਪ੍ਰੇਮਾਂ ਭਗਤੀ ਕਰ ਕੇ ਸੰਸਾਰ ਤੋਂ ਤਰੀਦਾ ਹੈ, ਭਗਤੀ ਤੋਂ ਬਿਨਾਂ ਤਨ ਸੁਆਹ ਹੋ ਜਾਂਦਾ ਹੈ)
ਸਰਬ ਕਲਿਆਣ ਸੂਖ ਨਿਧਿ ਨਾਮੁ॥ ਬੂਡਤ ਜਾਤ ਪਾਏ ਬਿਸ੍ਰਾਮੁ॥
ਸਗਲ ਦੂਖ ਕਾ ਹੋਵਤ ਨਾਸੁ॥ ਨਾਨਕ ਨਾਮੁ ਜਪਹੁ ਗੁਨਤਾਸੁ॥ ੫॥
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ॥ ਮਨ ਤਨ ਅੰਤਰਿ ਇਹੀ ਸੁਆਉ॥
ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ॥ ਮਨੁ ਬਿਗਸੈ ਸਾਧ ਚਰਨ ਧੋਇ॥
ਭਗਤ ਜਨਾ ਕੈ ਮਨਿ ਤਨਿ ਰੰਗੁ॥ ਬਿਰਲਾ ਕੋਊ ਪਾਵੈ ਸੰਗੁ॥
ਏਕ ਬਸਤੁ ਦੀਜੈ ਕਰਿ ਮਇਆ॥ ਗੁਰ ਪ੍ਰਸਾਦਿ ਨਾਮੁ ਜਪਿ ਲਇਆ॥
ਤਾ ਕੀ ਉਪਮਾ ਕਹੀ ਨ ਜਾਇ॥ ਨਾਨਕ ਰਹਿਆ ਸਰਬ ਸਮਾਇ॥ ੬॥
ਪ੍ਰਭ ਬਖਸੰਦ ਦੀਨ ਦਇਆਲ॥ ਭਗਤਿ ਵਛਲ ਸਦਾ ਕਿਰਪਾਲ॥
ਅਨਾਥ ਨਾਥ ਗੋਬਿੰਦ ਗੁਪਾਲ॥ ਸਰਬ ਘਟਾ ਕਰਤ ਪ੍ਰਤਿਪਾਲ॥
ਆਦਿ ਪੁਰਖ ਕਾਰਣ ਕਰਤਾਰ॥ ਭਗਤ ਜਨਾ ਕੇ ਪ੍ਰਾਨ ਅਧਾਰ॥
ਜੋ ਜੋ ਜਪੈ ਸੁ ਹੋਇ ਪੁਨੀਤ॥ ਭਗਤਿ ਭਾਇ ਲਾਵੈ ਮਨ ਹੀਤ॥
ਹਮ ਨਿਰਗੁਨੀਆਰ ਨੀਚ ਅਜਾਨ॥ ਨਾਨਕ ਤੁਮਰੀ ਸਰਨਿ ਪੁਰਖ ਭਗਵਾਨ॥ ੭॥
ਸਰਬ ਬੈਕੁੰਠ ਮੁਕਤਿ ਮੋਖ ਪਾਏ॥ ਏਕ ਨਿਮਖ ਹਰਿ ਕੇ ਗੁਨ ਗਾਏ॥
ਅਨਿਕ ਰਾਜ ਭੋਗ ਬਡਿਆਈ॥ ਹਰਿ ਕੇ ਨਾਮ ਕੀ ਕਥਾ ਮਨਿ ਭਾਈ॥
ਬਹੁ ਭੋਜਨ ਕਾਪਰ ਸੰਗੀਤ॥ ਰਸਨਾ ਜਪਤੀ ਹਰਿ ਹਰਿ ਨੀਤ॥
ਸਾਧਸੰਗਿ ਪ੍ਰਭ ਦੇਹੁ ਨਿਵਾਸ॥ ਸਰਬ ਸੂਖ ਨਾਨਕ ਪਰਗਾਸ॥ ੮॥ ੨੦॥
ਅਸੀਂ ਦੇਖਦੇ ਹਾਂ ਕਿ ਸਾਰੀ ਗੁਰਬਾਣੀ ਦਾ ਸਾਰ ਉਪਦੇਸ਼ ਨਾਮ ਜਪ/ਸਿਮਰਨ/ਭਗਤੀ ਬੰਦਗੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ੧੫ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਅੰਕਿਤ ਕੀਤੀ, ਓਨ੍ਹਾਂ ਨੇ ਭਗਤੀ ਦੀ ਕਮਾਈ ਉਸੇ ਪ੍ਰਕਾਰ ਕੀਤੀ ਜਿਸ ਪ੍ਰਕਾਰ ਗੁਰੂ ਜੀ ਨੇ ਭਗਤੀ ਦਾ ਬਿਆਨ ਉੱਪਰ ਲਿਖੀ ਬਾਣੀ ਵਿੱਚ ਕੀਤੀ ਹੈ।
ਡਾਕ: ਸਾਹਿਬ ਸਿੰਘ ਸ੍ਰੀ ਗੁਰੂ ਗ੍ਰੰਥ ਦਰਪਣ ਦੀ ਪਹਿਲੀ ਪੋਥੀ ਪੰਨਾ ੩੯ ਵਿੱਚ ਲਿਖਦੇ ਹਨ।
ਸਿੱਖ ਧਰਮ ਦਾ ਮੁੱਖ ਨਿਸ਼ਾਨਾ ਹੈ ‘ਸਿਮਰਨ’।
‘ਸਿਮਰਨ’ ਮਾਨੋ, ਇੱਕ ਐਸੀ ਕੇਂਦਰੀ ਨੀਂਹ ਹੈ
ਜਿਸ ਉਪਰ ‘ਧਰਮ’ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ।
ਜਪੁ ਦਾ ਅਰਥ ਹੈ ਸਿਮਰਨ, ਬੰਦਗੀ, ਭਜਨ। ਡਾਕ: ਸਾਹਿਬ ਸਿੰਘ
ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਬਾਣੀ ਵਿੱਚ ਭਗਤ ਬਾਣੀ ਦੇ ਉਚਾਰਨ ਵਾਲੇ ਭਗਤਾਂ, ਦੇ ਨਾਮ ਦਿੱਤੇ ਹਨ। ਗੁਰੂ ਜੀ ਕਹਿੰਦੇ ਹਨ ਕਿ ਸਭ ਭਗਤਾਂ ਨੇ ਪੂਰੇ ਗੁਰੂ ਤੋਂ ਨਾਮ ਉਪਦੇਸ਼ ਲਿਆ ਤੇ ਨਾਮ ਜਪ/ਸਿਮਰਨ ਕਰ ਕੇ ਭਗਤੀ ਕੀਤੀ। ਗੁਰਬਾਣੀ ਦੇ ਪ੍ਰਮਾਣ ਦਾਸ ਨੇ ਅੱਗੇ ਦਿੱਤੇ ਹਨ।
ਡਾ: ਸਰਬਜੀਤ ਸਿੰਘ ਨਵੀਂ ਮੁੰਮਬਈ ਵਾਲਿਆਂ ਨੇਂ ਭਗਤ ਬਾਣੀ ਬਾਰੇ ਇੱਕ ਖੋਜ ਭਰਪੂਰ ਲੇਖ ਆਪਣੀ ਵੈਬ ਸਾਇੀਟ ਤੇ ਪਾੲਆ ਹੈ ਜੋ ਹੇਠ ਦਿੱਤੇ ਲਿੰਕ ਤੇ ਉਪਲਬਧ ਹੈ। ਇਹ ਲੇਖ ਵਿਦਵਾਨਾਂ ਦੇ ਪੜ੍ਹਨ ਲਾਇਕ ਹੈ। ਇਸ ਲੇਖ ਨੂੰ ਦਾਸ ਨੇਂ ਆਪਣੇ ਲੇਖ ਦੇ ਨਾਲ ਅਟੈਚ ਕੀਤਾ ਹੈ। ਡਾ: ਸਰਬਜੀਤ ਸਿੰਘ ਨੇ ਆਪਣੇ ਲੇਖ ਵਿੱਚ ਗੁਰਬਾਣੀ ਦੇ ਪਰਮਾਣ ਦੇ ਕੇ ਨਿਸ਼ਕਰਸ਼ ਕੱਢੇ ਹਨ।
Web = http://www.geocities.com/sarbjitsingh
ਪ੍ਰਚਲਿਤ ਸਿੱਖ ਇਤਿਹਾਸ, ਡਾ: ਸਰਬਜੀਤ ਸਿੰਘ ਦੇ ਨਿਸ਼ਕਰਸ਼ ਅਤੇ ਦਾਸ ਦੇ ਵਿਚਾਰ, ਗੁਰਬਾਣੀ ਦੀ ਖੋਜ ਦੇ ਆਧਾਰ ਤੇ।
ਗੁਰੂ ਨਾਨਕ ਸਾਹਿਬ ਦਾ ਕਾਲ ਸਨ ੧੪੬੯ ਤੋਂ ੧੫੩੯
ਗੁਰੂ ਅੰਗਦ ਦੇਵ ਸਾਹਿਬ ੧੫੦੪ ਤੋਂ ੧੫੫੨
ਗੁਰੂ ਅਮਰ ਦਾਸ ਸਾਹਿਬ ੧੪੭੯ ਤੋਂ ੧੫੭੪
ਗੁਰੂ ਰਾਮ ਦਾਸ ਸਾਹਿਬ ੧੫੩੪ ਤੋਂ ੧੫੮੧
ਗੁਰੂ ਅਰਜਨ ਦੇਵ ਸਾਹਿਬ ੧੫੬੩ ਤੋਂ ੧੬੦੬
ਭਗਤਾਂ ਦਾ ਕਾਲ ਪ੍ਰਚਲਿੱਤ ਸਿੱਖ ਇਤਿਹਾਸ ਅਨੁਸਾਰ। ਇਤਿਹਾਸ ਵੱਖ ਵੱਖ ਕਾਲ ਸਮਾਂ ਵੀ ਦਿੰਦਾ ਹੈ।
ਭਗਤ ਜੈ ਦੇਵ ੧੧੭੦
ਸ਼ੇਖ ਫ਼ਰੀਦ ੧੧੭੩ ਤੋਂ ੧੨੬੬
ਭਗਤ ਤ੍ਰਿਲੋਚਨ ੧੨੬੭
ਨਾਮ ਦੇਵ ੧੨੭੦
ਭਗਤ ਸਧਨਾ ਤੇਰਵੀਂ ਸਦੀ
ਭਗਤ ਰਾਮਾਨੰਦ ੧੩੫੯
ਭਗਤ ਕਬੀਰ ੧੩੯੮ ਤੋਂ ੧੫੧੮
ਭਗਤ ਧੰਨਾਂ ੧੪੧੫
ਭਗਤ ਪੀਪਾ ੧੪੨੫
ਭਗਤ ਸੈਨ ਪੰਦਰਵੀਂ ਸਦੀ
ਭਗਤ ਰਵਿਦਾਸ ਪੰਦਰਵੀਂ ਸਦੀ
ਭਗਤ ਭੀਖਨ ੧੫੭੪
ਭਗਤ ਸੂਰਦਾਸ ੧੫੩੯
ਭਗਤ ਬੇਣੀ ਪਤਾ ਨਹੀਂ
ਭਗਤ ਪਰਮਾਨੰਦ ੧੪੮੩
ਪ੍ਰਚਲਿਤ ਇਤਿਹਾਸ ਅਨੁਸਾਰ ਬੁਹਤੇ ਭਗਤ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਪਹਿਲਾਂ ਹੋਏ। ਗੁਰਬਾਣੀ ਦੀ ਖੋਜ ਅਨੁਸਾਰ ਸਭ ਭਗਤ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੋਏ।
ਪ੍ਰਚਲਿਤ ਇਤਿਹਾਸ ਵਿੱਚ ਕੁੱਝ ਭਗਤਾਂ ਦੇ ਗੁਰੂਆਂ ਦੇ ਨਾਮ ਦਿੱਤੇ ਹਨ ਜੋ ਉਹਨਾਂ ਦੇ ਪਹਿਲੇ ਅਧੂਰੇ ਗੁਰੂ ਹੋ ਸਕਦੇ ਹਨ।
ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਬੇਦ ਮਤ, ਜੈਨ ਮਤ ਬੁਧ ਮਤ ਤੇ ਇਸਲਾਮ ਮਤ ਸੀ। ਗੁਰਬਾਣੀ ਅਨੁਸਾਰ ਇਹਨਾਂ ਵਿੱਚੋਂ ਕਿਸੇ ਨੂੰ ਭੀ ਸੰਸਾਰ ਤੋਂ ਪਾਰ ਨਾਮ ਜੋਤਿ ਅਕਾਲ ਪੁਰਖ ਦਾ ਗਿਆਨ ਨਹੀਂ ਸੀ। ਇਹ ਧਰਮ ਨਾਮੁ ਰੂਪ ਅਕਾਲ ਪੁਰਖ ਦੀ ਉਪਾਈ ਮਾਇਆ ਹਨ।
ਗੁਰੂ ਨਾਨਕ ਸਾਹਿਬ ਨੇ ਨਾਮ ਧਰਮ ਦਾ ਉਪਦੇਸ਼ ਸਨ ੧੪੬੯ ਤੋਂ ਬਾਅਦ ਦਿੱਤਾ ਸਭ ਸੰਸਾਰ ਲਈ ਦਿੱਤਾ। ਉਸ ਤੋਂ ਬਾਅਦ ਨੌਂ ਸਿੱਖ ਗੁਰੂ ਪਾਤਸ਼ਾਹੀਆਂ ਨੇ ਅਤੇ ਗੁਰੂ ਗ੍ਰੰਥ ਸਹਿਬ ਨੇ ਨਾਮ ਧਰਮ ਦਾ ਉਪਦੇਸ਼ ਦਿੱਤਾ। ਇਸ ਲਈ ੧੫ ਭਗਤਾਂ ਨੇ ਗੁਰ ਦੀਖਿਆ ਗੁਰਸਬਦੁ/ਗੁਰਮੰਤ੍ਰ ਨਾਮ ਵਾਹਿਗੁਰੂ ਕਿਸੇ ਗੁਰੂ ਸਾਹਿਬ ਤੋਂ ਲੈ ਕੇ ਭਗਤੀ ਕੀਤੀ ਤੇ ਅਕਾਲ ਰੂਪ ਹੋਏ।
ਗਰਬਾਣੀ ਉਪਦੇਸ਼ ਹੈ ਕਿ ਗੁਰੂ ਜੀ ਦੀ ਸ਼ਰਨ ਆਓਨ ਤੋਂ ਪਿਹਲਾਂ ਆਪਣੇ ਪਹਿਲੇ ਧਰਮਗੁਰੂ ਉੱਤੇ ਵਿਸ਼ਵਾਸ ਛਡ ਕੇ ਆਓ। ਇਸਲਈ ਇਹਨਾਂ ਭਗਤਂ ਨੇ ਸਿੱਖ ਗੁਰੂਆਂ ਦੀ ਸਰਨ ਵਿੱਚ ਆਓਨ ਤੋਂ ਪਹਿਲਾਂ ਆਪਣੇ ਪਹਿਲੇ ਧਰਮ ਦੇ ਅਕੀਦੇ ਤਿਆਗੇ ਹੋਣਗੇ।
ਪ੍ਰਚੱਲਤਿ ਇਤਿਹਾਸ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਬਹੁਤ ਸਾਰੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ। ਇਹ ਵਿਸ਼ਵਾਸ਼ ਭੀ ਗਲਤ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਹਰ ਇੱਕ ਵਿਅਕਤੀ ਦਾ ਹਵਾਲਾ ਦਿੱਤਾ ਹੈ ਜਿਸ ਜਿਸ ਨੂੰ ਉਹ ਆਪਣੇ ਪ੍ਰਚਾਰ ਦੇ ਦੌਰੇ ਵਿੱਚ ਮਿਲੇ ਸਨ। ਪਰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਸੇ ਭਗਤ ਦਾ ਜ਼ਿਕਰ ਨਹੀਂ ਕੀਤਾ। ਗੁਰੂ ਅੰਗਦ ਦੇਵ ਜੀ ਨੇ ਵੀ ਅਪਣੀ ਬਾਣੀ ਵਿੱਚ ਕਿਸੇ ਭਗਤ ਦਾ ਜ਼ਿਕਰ ਨਹੀਂ ਕੀਤਾ। ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਤੇ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਬਾਣੀ ਵਿੱਚ ਭਗਤਾਂ ਦਾ ਜ਼ਿਕਰ ਕੀਤਾ ਹੈ। ਭਗਤਾਂ ਨੇ ਤੇ ਗੁਰੂ ਸਾਹਿਬਾਨ ਨੇ ਲਿਖਿਆ ਹੈ ਕਿ ‘ਭਗਤਾਂ ਨੇ ਪੂਰੇ ਗੁਰੂ ਤੋਂ ਗਤਿ ਪਾਈ’। ਯਾਨੀਂ ਬ੍ਰਹਮ ਗਿਆਨ ਦੀ ਅਵਸਥਾ ਪੂਰੇ ਗੁਰੂ ਤੋਂ ਸੀਖਿਆ ਦੀਖਿਆ ਲੈ ਕੇ ਪ੍ਰਾਪਤ ਕੀਤੀ।
ਭਗਤਾਂ ਨੇ ਆਪਣੀ ਬਾਣੀ ਵਿੱਚ ਕਿਸੇ ਵਿਅਕਤੀਗਤ ਗੁਰੂ ਦਾ ਜ਼ਿਕਰ ਨਹੀਂ ਕੀਤਾ।
ਡਾ: ਸਰਬਜੀਤ ਸਿੰਘ ਦੀ ਖੋਜ ਅਤੇ ਉਨ੍ਹਾਂ ਦੇ ਵਿਚਾਰ
“ਭਗਤਾਂ ਨੇ ਆਪਣੀ ਬਾਣੀ ਵਿੱਚ ਅਤੇ ਗੁਰੂ ਸਾਹਿਬਾਂ ਨੇ ਭਗਤਾਂ ਬਾਰੇ ਇਹੀ ਲਿਖਿਆ ਹੈ ਕਿ ਉਹਨਾਂ ਨੇ ਪੂਰੇ ਗੁਰੂ ਤੋਂ ਗਤਿ ਪਾਈ ਭਾਵ ਪੂਰੇ ਗੁਰੂ ਤੋਂ ਸਿੱਖਿਆ ਲਈ। ਪੂਰੇ ਗੁਰੂ ਤੋਂ ਭਾਵ ਹੈ ਸਬਦੁ ਗੁਰੂ।
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਤੇ ਉਸ ਦੇ ਅਨੁਸਾਰ ਪ੍ਰਮਾਣ ਇਹੀ ਸਾਬਤ ਕਰਦੇ ਹਨ ਕਿ ਇਹ ਸਾਰੇ ਭਗਤ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਬਾਅਦ ਹੀ ਹੋਏ ਹੋਣਗੇ ਤੇ ਇਹਨਾਂ ਨੇ ਆਪਣੀ ਰਚਨਾ ਲਿਖਨ ਲਈ ਸੇਧ ਵੀ ਗੁਰੂ ਨਾਨਕ ਸਾਹਿਬ ਤੇ ਹੋਰ ਗੁਰੂ ਸਾਹਿਬਾਂ ਤੋਂ ਲਈ ਹੋਵੇਗੀ”।
ਉਪਰਲੀ ਵਿਚਾਰ ਗੁਰਬਾਣੀ ਦੇ ਅਧਾਰ ਤੇ ਹੈ ਤੇ ਇਸ ਵਿੱਚ ਕਿਸੇ ਸ਼ਕੇ ਦੀ ਗੁੰਜਾਇਸ਼ ਨਹੀਂ।
ਵਿਚਾਰ ਦੇ ਨਤੀਜੇ।
ਸਭ ਭਗਤਾਂ ਨੇਂ ਪਾ: ੨, ੩, ੪ ਤੋਂ ਸੀਖਿਆ ਦੀਖਆ ਲਈ ਤੇ ਭਗਤੀ ਨਾਮ/ਜਪ/ਸਿਮਰਨ ਕਰ ਕੇ ਪਰਮ ਗਤਿ ਦੀ ਅਵਸਥਾ ਪ੍ਰਾਪਤ ਕੀਤੀ।
ਪ੍ਰਮਾਣ
ਬਾਣੀ ਨਾਮਦੇਉ ਜੀ ਕੀ
ਮਨੁ ਰਾਮ ਨਾਮਾ ਬੇਧੀਅਲੇ॥ ਪਨਾ ੯੭੨
(ਮੇਰਾ ਮਨ ਨਾਮੁ ਰੂਪ ਪਾਰਬ੍ਰਹਮ ਵਿੱਚ ਸਮਾ ਗਿਆ ਹੈ)
ਭਗਤ ਰਵਿਦਾਸ ਜੀ
ਮੋਹਿ ਅਧਾਰੁ ਨਾਮੁ ਨਾਰਾਇਨ, ਜੀਵਨ ਪ੍ਰਾਨ ਧਨ ਮੋਰੇ॥ ੯੭੩
ਗੁਰੂ ਰਾਮਦਾਸ ਜੀ। ਬਿਲਾਵਲ ਮਹਲਾ ੪
ਗੁਰੂ ਰਾਮਦਾਸ ਜੀ ਭਗਤਾਂ ਦੇ ਨਾਮ ਲਿਖ ਕੇ ਕਹਿੰਦੇ ਹਨ ਕਿ ਇਹਨਾਂ ਨੇ ਸਾਧ ਗੁਰੂ ਦੀ ਸਰਨ ਵਿੱਚ ਆ ਕੇ ਭਗਤੀ ਕੀਤੀ ਤੇ ਪਰਮਾਮਤਮਾਂ ਨੂੰ ਪਾ ਲਿਆ।
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ॥
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ॥
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ॥
ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ॥ ੮੩੫/੧੬
ਗੁਰੂ ਅਰਜਨ ਸਾਹਿਬ। ਬਸੰਤੁ ਮਹਲਾ ੫ ਘਰੁ ੧ ਦੁਤੁਕੀ
ਗੁਰੂ ਅਰਜਨ ਸਾਹਿਬ ਕਹ ਰਹੇ ਹਨ ਕਿ ਇਹਨਾਂ ਭਗਤਾਂ ਨੇ ਗੁਰੂ ਦੀ ਸ਼ਰਨ ਆ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ।
ਧੰਨੈ ਸੇਵਿਆ ਬਾਲ ਬੁਧਿ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥
ਬੇਣੀ ਕਉ ਗੁਰਿ ਕੀਓ ਪ੍ਰਗਾਸੁ॥ ਰੇ ਮਨ ਤੂ ਭੀ ਹੋਹਿ ਦਾਸੁ॥ ੫॥
ਜੈਦੇਵ ਤਿਆਗਿਓ ਅਹੰਮੇਵ॥ ਨਾਈ ਉਧਰਿਓ ਸੈਨੁ ਸੇਵ॥
ਮਨੁ ਡੀਗਿ ਨ ਡੋਲੈ ਕਹੂੰ ਜਾਇ॥ ਮਨ ਤੂ ਭੀ ਤਰਸਹਿ ਸਰਣਿ ਪਾਇ॥ ੬॥
ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ॥ ਸੇ ਤੈਂ ਲੀਨੇ ਭਗਤ ਰਾਖਿ॥
ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ॥ ਇਹ ਬਿਧਿ ਦੇਖਿ ਮਨੁ ਲਗਾ ਸੇਵ॥ ੭॥
ਕਬੀਰਿ ਧਿਆਇਓ ਏਕ ਰੰਗ॥ ਨਾਮਦੇਵ ਹਰਿ ਜੀਉ ਬਸਹਿ ਸੰਗਿ॥
ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ॥ ੮॥ ੧॥ ੧੧੯੨/੮
ਗੁਰੂ ਜੀ ਗੁਰਬਾਣੀ ਦਾ ਸਾਰ ਉਪਦੇਸ਼ ਹੇਠਲੇ ਸ਼ਬਦੁ ਵਿੱਚ ਦਿੰਦੇ ਹਨ
ਗਉੜੀ ਮਹਲਾ ੫॥ ਪੰਨਾ ੨੩੬
ਗੁਰ ਸੇਵਾ ਤੇ ਨਾਮੇ ਲਾਗਾ॥ ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ॥
ਤਿਸ ਕੈ ਹਿਰਦੈ ਰਵਿਆ ਸੋਇ॥ ਮਨੁ ਤਨੁ ਸੀਤਲੁ ਨਿਹਚਲੁ ਹੋਇ॥ ੧॥
ਐਸਾ ਕੀਰਤਨੁ ਕਰਿ ਮਨ ਮੇਰੇ॥ ਈਹਾ ਊਹਾ ਜੋ ਕਾਮਿ ਤੇਰੈ॥ ੧॥ ਰਹਾਉ॥
(ਐਸਾ ਕੀਰਤਨੁ = ਗੁਰਸਬਦੁ/ਗੁਰਮੰਤ੍ਰ ਨਾਮ ਵਾਹਿਗਰੂ ਦਾ ਨਾਮ ਜਪ ਤੋਂ ਉਪਜਿਆ ਅੰਤਰਗਤਿ ਕੀਰਤਨ ਜੋ ਨਾਮ ਅਭਿਆਸੀ ਬਿਨਾਂ ਸਾਜ਼ਾਂ ਦੇ ਅੰਦਰ ਕਰਦਾ ਹੈ ਤੇ ਸੁਣਦਾ ਹੈ)
ਜਾਸੁ ਜਪਤ ਭਉ ਅਪਦਾ ਜਾਇ॥ ਧਾਵਤ ਮਨੂਆ ਆਵੈ ਠਾਇ॥
ਜਾਸੁ ਜਪਤ ਫਿਰਿ ਦੂਖੁ ਨ ਲਾਗੈ॥ ਜਾਸੁ ਜਪਤ ਇਹ ਹਉਮੈ ਭਾਗੈ॥ ੨॥
ਜਾਸੁ ਜਪਤ ਵਸਿ ਆਵਹਿ ਪੰਚਾ॥ ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ॥
ਜਾਸੁ ਜਪਤ ਇਹ ਤ੍ਰਿਸਨਾ ਬੁਝੈ॥ ਜਾਸੁ ਜਪਤ ਹਰਿ ਦਰਗਹ ਸਿਝੈ॥ ੩॥
ਜਾਸੁ ਜਪਤ ਕੋਟਿ ਮਿਟਹਿ ਅਪਰਾਧ॥ ਜਾਸੁ ਜਪਤ ਹਰਿ ਹੋਵਹਿ ਸਾਧ॥
ਜਾਸੁ ਜਪਤ ਮਨੁ ਸੀਤਲੁ ਹੋਵੈ॥ ਜਾਸੁ ਜਪਤ ਮਲੁ ਸਗਲੀ ਖੋਵੈ॥ ੪॥
ਜਾਸੁ ਜਪਤ ਰਤਨੁ ਹਰਿ ਮਿਲੈ॥ ਬਹੁਰਿ ਨ ਛੋਡੈ ਹਰਿ ਸੰਗਿ ਹਿਲੈ॥
ਜਾਸੁ ਜਪਤ ਕਈ ਬੈਕੁੰਠ ਵਾਸੁ॥ ਜਾਸੁ ਜਪਤ ਸੁਖ ਸਹਜਿ ਨਿਵਾਸੁ॥ ੫॥
ਜਾਸੁ ਜਪਤ ਇਹ ਅਗਨਿ ਨ ਪੋਹਤ॥ ਜਾਸੁ ਜਪਤ ਇਹੁ ਕਾਲੁ ਨ ਜੋਹਤ॥
ਜਾਸੁ ਜਪਤ ਤੇਰਾ ਨਿਰਮਲ ਮਾਥਾ॥ ਜਾਸੁ ਜਪਤ ਸਗਲਾ ਦੁਖੁ ਲਾਥਾ॥ ੬॥
ਜਾਸੁ ਜਪਤ ਮੁਸਕਲੁ ਕਛੂ ਨ ਬਨੈ॥ ਜਾਸੁ ਜਪਤ ਸੁਣਿ ਅਨਹਤ ਧੁਨੈ॥
ਜਾਸੁ ਜਪਤ ਇਹ ਨਿਰਮਲ ਸੋਇ॥ ਜਾਸੁ ਜਪਤ ਕਮਲੁ ਸੀਧਾ ਹੋਇ॥ ੭॥
ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ॥ ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ॥
ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ॥ ਕਹੁ ਨਾਨਕ ਜਿਸੁ ਸਤਿਗੁਰੁ ਪੂਰਾ॥ ੮
(ਅਖੰਡ ਕੀਰਤਨ = ਧੁਨ ਰੂਪ ਨਾਮ ਦਾ ਨਿਰੰਤਰ ਕੀਰਤਨ ਜੋ ਬ੍ਰਹਮ ਗਿਆਨੀ ਨੂੰ ਸੁਣਦਾ ਹੈ)
ਡਾ: ਗੁਰਮੁਖ ਸਿੰਘ




.