.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 14)

ਪੁਸਤਕ ਕਰਤਾ ਵਲੋਂ ਜਪੁ ਜੀ ਦੀ 13ਵੀਂ ਪਉੜੀ ਦੇ ਲਿਖੇ ਹੋਏ ਮਹਾਤਮ ਸਬੰਧੀ ਚਰਚਾ ਕਰਨ ਤੋਂ ਪਹਿਲਾਂ, ਇਸ ਪਉੜੀ ਦੇ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ। ਇਸ ਪਉੜੀ ਦੇ ਪਾਠ ਅਤੇ ਭਾਵਾਰਥ ਨੂੰ ਪੜ੍ਹ ਕੇ ਪਾਠਕ ਜਨ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਸਤਿਗੁਰੂ ਜੀ ਨੇ ਇਸ ਪਉੜੀ ਵਿੱਚ ਕੀ ਆਖਿਆ ਹੈ ਅਤੇ ਲੇਖਕ ਹੁਰੀਂ ਕੀ ਕਹਿ ਰਹੇ ਹਨ।
ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ॥ ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ 13॥ (ਪੰਨਾ 3) ਅਰਥ: ਜੇ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿੱਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿੱਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ), ਅਤੇ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ)। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿੱਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ), ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ। 13.
ਭਾਵ:- ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿੱਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿੱਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।
ਪਰੰਤੂ ਲੇਖਕ ਇਸ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਸ਼ੁਕਰਵਾਰ ਤੋਂ ਆਰੰਭ ਕਰਕੇ ਸੱਤਾਂ ਦਿਨਾਂ ਵਿੱਚ ਸੱਤ ਹਜ਼ਾਰ ਪਾਠ ਕਰਨਾ, ਬੁੱਧੀ ਉੱਜਲ ਹੋਵੇ, ਬੰਦੀ ਤੋਂ ਛੁਟਕਾਰਾ ਮਿਲੇ।” {ਲੇਖਾਰੀ ਇਹ ਨਹੀਂ ਦੱਸ ਰਿਹਾ ਕਿਹੋ ਜਿਹੀ ਬੰਦੀ ਤੋਂ ਛੁਟਕਾਰਾ ਮਿਲੇਗਾ}
ਪਾਠਕ ਧਿਆਨ ਦੇਣ ਕਿ ਗੁਰਦੇਵ ਨੇ ਇਸ ਪਉੜੀ ਵਿੱਚ ਨਾ ਤਾਂ ਇਸ ਗੱਲ ਦਾ ਵਰਣਨ ਕੀਤਾ ਹੈ ਕਿ ਇਸ ਦਾ ਕੇਵਲ ਪਾਠ ਕਰਨ ਨਾਲ ਹੀ ਬੁੱਧੀ ਉੱਜਲ ਹੋਵੇਗੀ ਅਤੇ ਨਾ ਹੀ ਇਸ ਗੱਲ ਦਾ ਕਿ ਬੰਦੀ ਤੋਂ ਛੁਟਕਾਰਾ ਮਿਲੇਗਾ। ਫਿਰ ਲੇਖਕ ਨੇ ਕਿਵੇਂ ਅੰਦਾਜ਼ਾ ਲਗਾ ਲਿਆ ਕਿ ਇਸ ਪਉੜੀ ਦੇ ਸੱਤ ਹਜ਼ਾਰ ਪਾਠ ਕਰਨ ਨਾਲ ਬੁੱਧੀ ਉੱਜਲ ਹੋਣ ਦੇ ਨਾਲ ਨਾਲ ਬੰਦੀ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਗੱਲ ਦਾ ਲੇਖਕ ਵਲੋਂ ਕਿਤੇ ਵੀ ਵਰਣਨ ਨਹੀਂ ਕੀਤਾ ਗਿਆ ਹੈ। ਕੀ ਬਾਣੀ ਦੇ ਰਚਣਹਾਰ ਨਾਲੋਂ ਇਹੋ ਜਿਹੀਆਂ ਗੱਲਾਂ ਪਰਚਾਰਨ ਵਾਲਿਆਂ ਨੂੰ ਜ਼ਿਆਦਾ ਸੋਝੀ ਹੋ ਗਈ ਹੈ? ਪਰ ਇਨ੍ਹਾਂ ਗੱਲਾਂ ਦੀ ਵਿਚਾਰ ਤਾਂ ਅਸੀਂ ਤਦ ਕਰੀਏ ਜੇਕਰ ਅਸੀਂ ਬਾਣੀ ਨੂੰ ਧਿਆਨ ਨਾਲ ਪੜ੍ਹਿਆ ਵਿਚਾਰਿਆ ਹੋਵੇ? ਖ਼ੈਰ, ਅਸੀਂ ਗੱਲ ਕਰ ਰਹੇ ਸੀ ਕਿ ਲੇਖਕ ਹੁਰੀਂ ਇਸ ਪਉੜੀ ਨੂੰ ਪੜ੍ਹਨ ਦਾ ਜੋ ਮਹਾਤਮ ਦਰਸਾ ਰਹੇ ਹਨ, ਉਸ ਦਾ ਇਸ ਪਉੜੀ ਵਿੱਚ ਕੋਈ ਵਰਣਨ ਨਹੀਂ ਹੈ।
ਹਾਂ, ਇਸ ਗੱਲ ਦਾ ਜ਼ਰੂਰ ਵਰਣਨ ਕੀਤਾ ਹੋਇਆ ਹੈ ਕਿ ਜਿਹੜੇ ਮਨੁੱਖ ਰੱਬ ਨੂੰ ਭੁਲਾ ਕੇ ਮਾਇਆ ਦੀ ਬੰਦੀ ਵਿੱਚ ਪਏ ਹੋਏ ਹਨ, ਉਹ ਗੁਰਬਾਣੀ ਦੇ ਭਾਵ ਨੂੰ ਸਮਝ ਕੇ ਅਪਣਾਉਣ ਨਾਲ ਜ਼ਰੂਰ ਇਸ ਬੰਦੀ ਵਿਚੋਂ ਛੁੱਟ ਸਕਦੇ ਹਨ। ਮਾਇਆ ਦੀ ਬੰਦੀ ਤੋਂ ਭਾਵ ਹੈ ਕਾਮ, ਕ੍ਰੋਧ, ਲੋਭ, ਮੋਹ, ਈਰਖਾ ਨਿੰਦਿਆ-ਚੁਗਲੀ, ਮੇਰ–ਤੇਰ ਆਦਿ ਵਿਕਾਰਾਂ ਦਾ ਸ਼ਿਕਾਰ ਹੋ ਜਾਣਾ। (ਨੋਟ: ਕਾਮ ਕ੍ਰੋਧ ਆਦਿ ਦਾ ਸ਼ਿਕਾਰ ਹੋਣ ਤੋਂ ਭਾਵ ਹੈ ਮਨੁੱਖ ਦਾ ਇਨ੍ਹਾਂ ਜ਼ਜ਼ਬਿਆਂ ਨੂੰ ਕਾਬੂ ਵਿੱਚ ਰੱਖਣੋ ਅਸਮਰਥ ਰਹਿਣਾ, ਸੰਜਮ ਵਿੱਚ ਨਾ ਰਹਿਣਾ) ਗੁਰਬਾਣੀ ਇਸ ਬੰਦੀ ਤੋਂ ਨਿਰਸੰਦੇਹ ਛੁਟਕਾਰਾ ਦਿਵਾਉਂਦੀ ਹੈ। ਪਰੰਤੂ ਇਸ ਬੰਦੀ ਤੋਂ ਵੀ ਛੁਟਕਾਰਾ ਕੇਵਲ ਬਾਣੀ ਨੂੰ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ ਨਹੀਂ ਸਗੋਂ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ, ਭਾਵ ਇਸ ਅਨੁਸਾਰ ਆਚਰਣ ਬਣਾਉਣ ਨਾਲ ਹੀ ਹੁੰਦੀ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਪਹਿਲੂ ਨੂੰ ਹੀ ਸਪਸ਼ਟ ਕੀਤਾ ਗਿਆ ਹੈ:-
(ੳ) ਜਾ ਕਉ ਦ੍ਰਿਸਟਿ ਮਇਆ ਹਰਿ ਰਾਇ॥ ਸਾ ਬੰਦੀ ਤੇ ਲਈ ਛਡਾਇ॥ (ਪੰਨਾ 374) ਅਰਥ: ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ, ਉਸ ਨੂੰ ਉਹ (ਲੋਭ ਕ੍ਰੋਧ ਕਾਮ ਆਦਿਕ ਦੀ) ਕੈਦ ਤੋਂ ਛਡਾ ਲੈਂਦਾ ਹੈ। ਜਿਸ ਮਨੁੱਖੀ ਜੀਵ ਨੇ ਸਾਧ ਸੰਗਤਿ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ ਹੈ, ਉਹ ਮਨੁੱਖ ਹੀ ਕਾਮਯਾਬ ਹੈ।
(ਅ) ਜਗੁ ਬੰਦੀ ਮੁਕਤੇ ਹਉ ਮਾਰੀ॥ (ਪੰਨਾ 413) ਅਰਥ: (ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੂੰ ਵਿਸਾਰ ਕੇ) ਜਗਤ (ਹਉਮੈ ਦੀ) ਕੈਦ ਵਿੱਚ ਹੈ, ਇਸ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ।
(ੲ) ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ॥ (ਪੰਨਾ 1191) ਅਰਥ: ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿੱਚ ਲੋਹੇ ਦੀ ਬੇੜੀ ਬਣੇ ਪਏ ਹਨ।
ਪਰ ਪੁਸਤਕ ਕਰਤਾ ਇਸ ਬੰਦੀ ਤੋਂ ਰਿਹਾਈ ਦੀ ਗੱਲ ਤਾਂ ਕਰ ਹੀ ਨਹੀਂ ਰਿਹਾ ਹੈ। ਲੇਖਕ ਦਾ ਸਾਰਾ ਜ਼ੋਰ ਤਾਂ ਗੁਰਬਾਣੀ ਦੇ ਕੇਵਲ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਨ ਅਤੇ ਇਨ੍ਹਾਂ ਦੇ ਕਥਿਤ ਮਹਾਤਮ ਦੱਸਣ ਉੱਤੇ ਹੀ ਲੱਗਾ ਹੋਇਆ ਹੈ। ਬਾਣੀ ਵਿੱਚ ਜੋ ਜੀਵਨ-ਜੁਗਤ ਦਰਸਾਈ ਹੈ, ਜੋ ਕਦਰਾਂ-ਕੀਮਤਾਂ ਦੀ ਅਹਿਮੀਅਤ ਦ੍ਰਿੜ ਕਰਵਾਈ ਹੈ, ਉਸ ਨਾਲ ਤਾਂ ਜਿਵੇਂ ਲੇਖਕ ਦਾ ਕੋਈ ਵਾਸਤਾ ਹੀ ਨਹੀਂ ਹੈ।
ਲੇਖਕ ਜਿਸ ਬੰਦੀ ਤੋਂ ਛੁਟਕਾਰੇ ਦੀ ਗੱਲ ਕਰ ਰਿਹਾ ਹੈ, ਉਸ ਦਾ ਵੀ ਇਨ੍ਹਾਂ ਵਿਧੀਆਂ ਨਾਲ ਛੁਟਕਾਰਾ ਸੰਭਵ ਨਹੀਂ ਹੈ। ਆਲੇ-ਦੁਆਲੇ ਅਤੇ ਇਤਿਹਾਸ ਵਲ ਝਾਤੀ ਮਾਰਿਆਂ, ਇਸ ਦੀਆਂ ਸਾਨੂੰ ਕਈ ਉਦਾਹਰਣਾਂ ਮਿਲਦੀਆਂ ਹਨ।
ਜਿੱਥੋਂ ਤੱਕ ਬੰਦੀ ਵਿਚੋਂ ਛੁਟਕਾਰਾ ਮਿਲਣ ਦਾ ਸਬੰਧ ਹੈ, ਇਸ ਸਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਜੇਕਰ ਅਸੀਂ ਵਰਤਮਾਨ ਸਮੇਂ ਵਲ ਹੀ ਨਜ਼ਰ ਮਾਰੀਏ ਤਾਂ ਜੇਲਾਂ ਵਿੱਚ ਕਈ ਕੈਦੀ ਕਈ ਚਿਰਾਂ ਤੋਂ ਬੰਦੀ ਵਿੱਚ ਪਏ ਹੋਏ ਹਨ। ਇਨ੍ਹਾਂ ਕੈਦੀਆਂ ਵਿੱਚ ਕਈ ਅਜਿਹੇ ਹਨ ਜਿਹੜੇ ਆਪ ਵੀ ਬਾਣੀ ਪੜ੍ਹਨ ਵਾਲੇ ਹਨ ਅਤੇ ਕਈਆਂ ਦੇ ਪਰਵਾਰਾਂ ਵਲੋਂ ਦਿਨ ਰਾਤ ਪਾਠ ਕੀਤੇ ਜਾ ਰਹੇ ਹਨ। ਪਰ ਰਿਹਾਈ ਉਨ੍ਹਾਂ ਦੀ ਫਿਰ ਵੀ ਨਹੀਂ ਹੋ ਰਹੀ। ਕਈ ਵਿਅਕਤੀ ਤਾਂਤ੍ਰਿਕ ਵਿਧੀਆਂ ਨਾਲ ਪਾਠ ਕਰਨ ਤੋਂ ਬਿਨਾਂ ਹੀ ਰਿਹਾ ਹੋ ਜਾਂਦੇ ਹਨ ਅਤੇ ਕਈ ਇਹੋ ਜਿਹੀਆਂ ਵਿਧੀਆਂ ਨਾਲ ਪਾਠ ਕਰਦੇ ਹੋਏ ਬਿਦੋਸ਼ੇ ਹੀ ਬੰਦੀ ਵਿੱਚ ਪਏ ਹੋਏ ਹਨ। (ਨੋਟ: ਗੁਰਬਾਣੀ ਮਨੁੱਖ ਨੂੰ ਵਾਹਿਗੁਰੂ ਦੀ ਹੁਕਮੀ ਖੇਡ ਦੀ ਸੋਝੀ ਪ੍ਰਦਾਨ ਕਰਕੇ ਆਤਮਕ ਬਲ, ਆਤਮਕ ਜੀਵਨ ਬਖ਼ਸ਼ਦੀ ਹੈ, ਜਿਸ ਦੀ ਬਰਕਤ ਨਾਲ ਮਨੁੱਖ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ।)
ਕਈ ਸੱਜਣ ਇਹ ਤਰਕ ਪੇਸ਼ ਕਰਦੇ ਹਨ ਕਿ ਉਨ੍ਹਾਂ ਨੇ ਇਸ ਵਿਧੀ ਨਾਲ ਪਾਠ ਕੀਤਾ, ਤਾਂ ਉਨ੍ਹਾਂ ਦਾ ਪਰਵਾਰਕ ਮੈਂਬਰ ਰਿਹਾ ਹੋ ਗਿਆ। ਇਸ ਸਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਰਿਹਾਈ ਤਾਂ ਕਈ ਵਾਰ ਉਨ੍ਹਾਂ ਵਿਅਕਤੀਆਂ ਦੀ ਵੀ ਹੋ ਜਾਂਦੀ ਹੈ, ਜਿਹੜੇ ਰੱਬ ਵਿੱਚ ਵਿਸ਼ਵਾਸ ਹੀ ਨਹੀਂ ਕਰਦੇ। ਕਈ ਅਪਰਾਧੀ ਵਿਅਕਤੀ ਸਬੂਤਾਂ ਦੀ ਘਾਟ ਕਾਰਨ ਰਿਹਾ ਹੋ ਜਾਂਦੇ ਹਨ। ਕਈ ਵੱਢੀ ਆਦਿ ਦੇ ਕੇ ਅਤੇ ਕਈ ਰਾਜਨੀਤਕਾਂ ਦੀ ਮਿਲੀ ਭੁਗਤ ਨਾਲ ਰਿਹਾ ਹੋ ਜਾਂਦੇ ਹਨ। ਜੇਕਰ ਚੌਗਿਰਦੇ ਵਲ ਨਜ਼ਰ ਮਾਰੀ ਜਾਏ ਤਾਂ ਇਸ ਤਰ੍ਹਾਂ ਦੇ ਅਪਰਾਧੀ ਵਿਅਕਤੀ ਤਾਂ ਅਕਸਰ ਛੇਤੀ ਹੀ ਰਿਹਾ ਹੋ ਜਾਂਦੇ ਹਨ। ਚੂੰਕਿ ਕਨੂੰਨ ਸਬੂਤ ਮੰਗਦਾ ਹੈ, ਸਬੂਤਾਂ ਦੀ ਘਾਟ ਕਾਰਨ ਅਕਸਾਰ ਵੱਡੇ ਤੋਂ ਵੱਡੇ ਅਪਰਾਧੀ ਰਿਹਾ ਹੋ ਜਾਂਦੇ ਹਨ। ਇਹ ਗੱਲ ਵੀ ਆਮ ਦੇਖਣ ਵਿੱਚ ਆਉਂਦੀ ਹੈ ਕਿ ਖ਼ਤਰਨਾਕ ਅਪਰਾਧੀਆਂ ਤੋਂ ਆਮ ਮਨੁੱਖ ਗਵਾਹੀ ਦੇਣ ਤੋਂ ਕੰਨੀ ਕਤਰਾਉਂਦਾ ਹੈ। ਉਦਾਹਰਣ ਵਜੋਂ 1984 ਵਿੱਚ ਸਿੱਖਾਂ ਦਾ ਗਿਣੀ-ਮਿਥੀ ਸਾਜ਼ਸ ਨਾਲ ਸਮੂਹਕ ਰੂਪ ਵਿੱਚ ਕਤਲਾਮ ਹੋਇਆ। ਬੇਗ਼ੁਨਾਹ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅਤੇ ਇਸ ਕਤਲਾਮ ਲਈ ਆਮ ਲੋਕਾਈ ਨੂੰ ਭੜਕਾਉਣ ਵਾਲੇ ਹੀ ਨਹੀਂ ਸਗੋਂ ਅਜਿਹੇ ਹਜੂਮ ਦੀ ਅਗਵਾਈ ਕਰਨ ਵਾਲਿਆਂ ਨੂੰ ਕਿੰਨੀਆਂ ਕੁ ਸਜ਼ਾਵਾਂ ਮਿਲੀਆਂ ਹਨ? ਕੀ ਇਹ ਸੱਚ ਨਹੀਂ ਕਿ ਦੋਸ਼ੀ ਅੱਜ ਵੀ ਸ਼ਰੇਆਮ ਘੁੰਮ ਹੀ ਨਹੀਂ ਰਹੇ ਬਲਕਿ ਉੱਚ ਪਦਵੀਆਂ ਤੇ ਵੀ ਬੈਠੇ ਹੋਏ ਹਨ।
ਦੂਜੇ ਪਾਸੇ ਅਨੇਕਾਂ ਹੀ ਸਿੱਖ ਅਜੇ ਵੀ ਜੇਲਾਂ ਵਿੱਚ ਬੰਦ ਹਨ, ਇਨ੍ਹਾਂ ਵਿੱਚ ਕਈ ਅਜਿਹੇ ਵੀ ਹਨ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੈ। ਹਾਂ, ਕਸੂਰ ਕੇਵਲ ਇੱਕ ਹੀ ਹੈ ਕਿ ਉਹ ਸਿੱਖੀ ਨੂੰ ਪਿਆਰ ਕਰਨ ਵਾਲੇ ਹਨ। ਇਹੋ ਜਿਹੀਆਂ ਵਿਧੀਆਂ ਵਿੱਚ ਵਿਸ਼ਵਾਸ ਕਰਨ ਜਾਂ ਪਰਚਾਰਨ ਵਾਲੇ ਸੱਜਣ ਕਿਉਂ ਨਹੀਂ ਇਸ ਤਰ੍ਹਾਂ ਦੇ ਗਿਣਤੀ ਦੇ ਪਾਠ ਕਰਕੇ ਘੱਟੋ ਘੱਟ ਬਿਦੋਸ਼ਿਆਂ ਨੂੰ ਬੰਦੀ ਵਿਚੋਂ ਰਿਹਾ ਕਰਾਉਣ ਦਾ ਪਰਉਪਕਾਰ ਕਰਦੇ?
ਇਸ ਲਈ ਜੇਕਰ ਇਹੋ ਜਿਹੀਆਂ ਤਾਂਤ੍ਰਿਕ ਵਿਧੀਆਂ ਨਾਲ ਬੰਦੀ ਤੋਂ ਛੁਟਕਾਰਾ ਮਿਲਦਾ ਹੋਵੇ ਤਾਂ ਫਿਰ ਤਾਂ ਕੋਈ ਮਨੁੱਖ ਬੰਦੀ ਵਿੱਚ ਰਹੇਗਾ ਹੀ ਨਹੀਂ। ਚੂੰਕਿ ਮੁਸੀਬਤ ਦੇ ਸਮੇਂ ਮਨੁੱਖ ਗਧੇ ਨੂੰ ਵੀ ਬਾਪ ਆਖਣ ਤੋਂ ਸੰਕੋਚ ਨਹੀਂ ਕਰਦਾ। ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਰੱਬ ਦੀ ਹਸਤੀ ਵਿੱਚ ਵਿਸ਼ਵਾਸ ਵੀ ਨਹੀਂ ਕਰਦੇ, ਪਰ ਭੀੜ ਸਮੇਂ ਉਹ ਵੀ ਅਕਸਰ ਧਰਮ-ਕਰਮ ਬੜੀ ਸ਼ਰਧਾ-ਭਾਵਨਾ ਨਾਲ ਕਰਦੇ ਦੇਖੇ ਜਾ ਸਕਦੇ ਹਨ। ਜੇ ਇਸ ਤਰ੍ਹਾਂ ਸੰਭਵ ਹੋਵੇ ਤਾਂ ਹਰੇਕ ਬੰਦੀ ਨੂੰ ਆਪਣੀ ਰਿਹਾਈ ਲਈ ਇਸ ਤਰ੍ਹਾਂ ਦੀ ਵਿਧੀ ਅਪਣਾਉਣ ਵਿੱਚ ਕੋਈ ਉਜ਼ਰ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਕੋਈ ਵੀ ਪ੍ਰਾਣੀ ਬੰਦੀ ਵਿੱਚ ਨਹੀਂ ਰਹੇਗਾ।
ਸੋ, ਇਸ ਲਈ ਜੇਕਰ ਕੋਈ ਵਿਅਕਤੀ ਇਹੋ ਜਿਹੇ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਕੇ ਰਿਹਾ ਹੋ ਗਿਆ ਹੈ ਤਾਂ ਇਸ ਰਿਹਾਈ ਨੂੰ ਗੁਰਬਾਣੀ ਦੀ ਬਦੌਲਤ ਨਹੀਂ ਮੰਨਿਆ ਜਾ ਸਕਦਾ। ਗੁਰਬਾਣੀ ਤਾਂ ਸਾਨੂੰ ਰੱਬੀ ਨਿਆਂ ਪ੍ਰਣਾਲੀ ਦੀ ਸੋਝੀ ਕਰਾਕੇ ਇਸ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦੇਂਦੀ ਹੈ। ਬਾਣੀ ਤਾਂ ਸਾਨੂੰ ਆਤਮਕ ਬਲ ਬਖ਼ਸ਼ਦੀ ਹੈ। ਗੁਰਬਾਣੀ ਤਾਂ ਮਨੁੱਖ ਨੂੰ ਇਹ ਸਮਝਾਉਂਦੀ ਹੈ ਕਿ, ਐ ਮਨੁੱਖ! ਜੇਕਰ ਤੂੰ ਕਿਸੇ ਅਪਰਾਧ ਕਾਰਨ, ਇਨ੍ਹਾਂ ਦੁਨਿਆਵੀ ਅਦਾਲਤਾਂ `ਚੋਂ ਬਰੀ ਹੋ ਵੀ ਜਾਵੇਂ, ਤਾਂ ਫਿਰ ਵੀ ਉਸ ਅਕਾਲ ਪੁਰਖ ਦੀ ਦਰਗਾਹ ਤੋਂ ਕਿਸੇ ਦੀ ਸਿਫ਼ਾਰਸ਼ ਜਾਂ ਵੱਢੀ ਆਦਿ ਨਾਲ ਛੁੱਟ ਸਕੇਂਗਾ। ਰੱਬੀ ਨਿਆਂ-ਪ੍ਰਣਾਲੀ ਗਾਵਹਾਂ ਦੀ ਵੀ ਮੁਥਾਜ਼ ਨਹੀਂ ਹੈ। ਉਹ ਮਾਲਕ ਘੱਟ ਘੱਟ ਵਿੱਚ ਬੈਠਾ ਹੋਇਆ ਆਪ ਹੀ ਸਭ ਕੁੱਝ ਦੇਖ ਰਿਹਾ ਹੈ। ਗੁਰਬਾਣੀ ਦੀ ਨਿਮਨ ਲਿਖਤ ਪੰਗਤੀ ਇਸ ਭਾਵ ਨੂੰ ਹੀ ਸਾਡੇ ਸਾਹਮਣੇ ਰੱਖਦੀ ਹੈ:-
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ॥ (ਪੰਨਾ 591) ਅਰਥ: ਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤਿ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ? {ਭਾਵ ਕਿਧਰੇ ਵੀ ਨਹੀਂ ਜਾ ਸਕਦਾ ਹੈ}
ਜਿੱਥੋਂ ਤੱਕ ਬੁੱਧੀ ਉੱਜਲੀ ਹੋਣ ਦਾ ਸਵਾਲ ਹੈ, ਇਹ ਵੀ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਸੰਭਵ ਨਹੀਂ ਹੈ। ਬੁੱਧੀ ਉੱਜਲੀ ਬਾਣੀ ਨੂੰ ਧਿਆਨ ਨਾਲ ਪੜ੍ਹਨ, ਵਿਚਾਰਨ ਨਾਲ ਹੀ ਹੁੰਦੀ ਹੈ ਨਾ ਕਿ ਕੇਵਲ ਤਾਂਤ੍ਰਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ। ਇਹੋ ਜਿਹੀਆਂ ਵਿਧੀਆਂ ਨਾਲ ਉੱਜਲੀ ਬੁੱਧੀ ਦੀ ਥਾਂ ਬੁੱਧੀ ਮੰਦੀ ਜ਼ਰੂਰ ਹੋ ਜਾਂਦੀ ਹੈ। ਚੂੰਕਿ ਅਜਿਹਾ ਪ੍ਰਾਣੀ ਅੰਧ ਵਿਸ਼ਵਾਸ਼ਾਂ ਦਾ ਧਾਰਨੀ ਹੋ ਜਾਂਦਾ ਹੈ। ਉਹ ਹਰੇਕ ਗੱਲ ਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਨਹੀਂ, ਸਗੋਂ ਆਪਣੇ ਦ੍ਰਿਸ਼ਟੀਕੋਣ ਤੋਂ ਹੀ ਦੇਖਣ ਲੱਗ ਪੈਂਦਾ ਹੈ। ਹਜ਼ੂਰ ਤਾਂ ਬਾਣੀ ਵਿੱਚ ਇਹ ਕਹਿੰਦੇ ਹਨ ਕਿ ਜਦ ਮਨੁੱਖ ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ ਤਿਉਂ ਤਿਉਂ ਇਸ ਦੀ ਮਤ ਉੱਚੀ ਹੁੰਦੀ ਹੈ:-
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥
ਅਰਥ:- ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤਿ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿੱਚ ਜਾਗ੍ਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ।
ਇਸ ਲਈ ਸਾਡੀ ਗੁਰਬਾਣੀ ਨੂੰ ਵੱਧ ਤੋਂ ਵੱਧ ਧਿਆਨ ਨਾਲ ਪੜ੍ਹਨ ਅਤੇ ਵਿਚਾਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝ ਕੇ ਇਸ ਨੂੰ ਅਪਣਾ ਸਕੀਏ।
ਜਸਬੀਰ ਸਿੰਘ ਵੈਨਕੂਵਰ




.