.

ਉਰਦੂ ਸਾਹਵੇਂ ਪੰਜਾਬੀ ਦੀ ਹੇਠੀ

(ਇਹ ਲੇਖ ‘ਰੋਜ਼ਾਨਾ ਸਪੋਕਸਮੈਨ’ ਦੇ 27. 12. 2010 ਦੇ ਅੰਕ ਵਿੱਚ ਛਪੇ ਡਾ. ਹਰਚੰਦ ਸਿੰਘ ਸਰਹਿੰਦੀ ਦੇ ਲੇਖ ਦੇ ਪ੍ਰਤੀਕਰਮ ਵਜੋਂ ਭੇਜਿਆ ਗਿਆ ਹੈ ਜੋ ਅਖਬਾਰ ਵਿੱਚ ਗੈਸਟ ਐਡੀਟੋਰੀਅਲ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਹੈ। ਇਹ ਲੇਖ ‘ਰੋਜ਼ਾਨਾ ਸਪੋਕਸਮੈਨ’ ਵਿੱਚ ਛਪਣ ਲਈ ਨਹੀਂ ਭੇਜਿਆ ਗਿਆ ਕਿਉਂਕਿ ਇਸ ਅਖਬਾਰ ਦਾ ਸੰਪਾਦਕ ਆਲੋਚਨਾ ਵਾਲੇ ਪ੍ਰਤੀਕਰਮ ਕਦੀ ਵੀ ਆਪਣੇ ਅਖਬਾਰ ਵਿੱਚ ਸ਼ਾਮਲ ਨਹੀਂ ਕਰਦਾ। --- ਲੇਖਕ)

‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੋਗਿੰਦਰ ਸਿੰਘ ਨੇ ਜ਼ਾਹਿਰਾ ਤੌਰ ਤੇ ਪੰਜਾਬੀ ਵਿਰੋਧੀ ਨੀਤੀ ਅਪਣਾਈ ਹੋਈ ਹੈ। ਆਪਣੀ ਇਸ ਨੀਤੀ ਤਹਿਤ ਜਿਥੇ ਉਹ ਇੱਕ ਪਾਸੇ ਪੰਜਾਬੀ ਬੋਲੀ ਦਾ ਹਿੰਦੀਕਰਣ ਕਰਨ ਵਿੱਚ ਜੁੱਟਿਆ ਹੋਇਆ ਹੈ ਉਥੇ ਉਹ ਪੰਜਾਬੀ ਨੂੰ ਉਰਦੂ ਦੇ ਸਾਹਵੇਂ ਤੁੱਛ ਦਰਸਾਉਣ ਵਿੱਚ ਵੀ ਕੋਈ ਕਸਰ ਨਹੀਂ ਰਹਿਣ ਦਿੰਦਾ। ਉਸ ਨੇ ਇਸ ਅਖਬਾਰ ਦੇ 01. 04. 2010 dy ਅੰਕ ਵਿੱਚ ਪੰਜਾਬੀ ਨੂੰ ੳਰਦੂ ਸਾਹਵੇਂ ਨੀਵਾਂ ਦਰਸਾਉਣ ਹਿਤ ਗੈਰਵਿਗਿਆਨਕ ਦਲੀਲਾਂ ਭਰਪੂਰ ਸੰਪਾਦਕੀ ਵੀ ਲਿਖੀ ਸੀ ਜਿਸ ਬਾਰੇ ਇਸ ਲੇਖਕ ਦਾ ਪ੍ਰਤੀਕਰਮ ਸਿੱਖ ਮਾਰਗ ਵੈਬਸਾਈਟ ਤੇ ਉਹਨੀਂ ਦਿਨੀਂ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ।

ਡਾ. ਹਰਚੰਦ ਸਿੰਘ ਸਰਹਿੰਦੀ ਦਾ ਲੇਖ ਜੋ ‘ਰੋਜ਼ਾਨਾ ਸਪੋਕਸਮੈਨ’ ਦੇ 27. 12. 2010 ਦੇ ਅੰਕ ਵਿੱਚ ਗੈਸਟ ਐਡੀਟੋਰੀਅਲ ਦੇ ਤੌਰ ਤੇ ਛਾਪਿਆ ਗਿਆ ਹੈ ਜੋਗਿੰਦਰ ਸਿੰਘ ਦੀ ਨੀਤੀ ਦਾ ਅਨੁਸਰਨ ਕਰਦਾ ਹੋਇਆ ਹੀ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਭਾਵਨਾ ਪੱਖੋਂ ਇਸ ਵਿੱਚ ਉਸਦੀ ਆਪਣੀ ਸੰਪਾਦਕੀ ਦੇ ਦੁਹਰਾਅ ਦੀ ਝਲਕ ਵੇਖਣ ਨੂੰ ਮਿਲਦੀ ਹੈ ਅਤੇ ਉਂਜ ਵੀ ਐਡੀਟੋਰੀਅਲ ਕਿਸੇ ਅਖਬਾਰ/ਮੈਗਜ਼ੀਨ ਦੀ ਮੁੱਢਲੀ ਨੀਤੀ ਦਾ ਪ੍ਰਗਟਾਵਾ ਹੀ ਮੰਨਿਆਂ ਜਾਂਦਾ ਹੈ।

ਡਾ. ਸਰਹਿੰਦੀ ਸਭ ਤੋਂ ਪਹਿਲਾਂ ਇਹ ਕਹਿੰਦਾ ਹੈ ਕਿ ਉਰਦੂ ਭਾਸ਼ਾ ਪੰਜਾਬੀਆਂ ਦੀ ਮਾਸੀ ਬੋਲੀ ਹੈ। ਇਤਿਹਾਸਕ ਤੱਥਾ ਦੇ ਅਧਾਰ ਤੇ ਇਹ ਸਾਬਤ ਹੂੰਦਾ ਹੈ ਕਿ ਡਾ. ਸਰਹਿੰਦੀ ਦੀ ਇਹ ਦਲੀਲ ਸਰਾਸਰ ਝੂਠੀ ਹੈ। ਅਸਲ ਵਿੱਚ ਉਰਦੂ ਪੰਜਾਬੀ ਭਾਸ਼ਾ ਦੇ ਧੁਨੀਵਿਗਿਆਨ, ਵਿਆਕਰਨ ਅਤੇ ਸ਼ਬਦਾਵਲੀ ਨੂੰ ਅਧਾਰ ਬਣਾਉਂਦੇ ਹੋਏ ਇਸ ਵਿੱਚ ਫਾਰਸੀ-ਅਰਬੀ ਦੇ ਅੰਸ਼ ਸ਼ਾਮਲ ਕਰਕੇ ‘ਘੜਿਆ ਹੋਇਆ’ ਸੰਚਾਰ ਮਾਧਿਅਮ ਹੈ। ਅਜਿਹਾ ਸੰਚਾਰ ਮਾਧਿਅਮ ਅਸਲ ਵਿੱਚ ਭਾਸ਼ਾ ਦੇ ਦਾਇਰੇ ਵਿੱਚ ਨਹੀਂ ਆਉਂਦਾ ਅਤੇ ਇਸ ਨੂੰ ਭਾਸ਼ਾ ਕਹਿਣ ਨਾਲੋਂ ਸੰਚਾਰ ‘ਕੋਡ’ ਕਹਿਣਾ ਵਧੇਰੇ ਉਚਿਤ ਹੋਵੇਗਾ। ਉਰਦੂ ਸ਼ਬਦ ਦਾ ਮੁੱਢ ਪੰਜਾਬ ਖਿੱਤੇ ਵਿੱਚ ਹੀ 1000 ਈਸਵੀ ਤੋਂ ਛੇਤੀ ਪਿੱਛੋਂ ਮਹਿਮੂਦ ਗਜ਼ਨਵੀ ਦੇ ਪੰਜਾਬ ਖਿੱਤੇ ਉਤੇ ਕਾਬਜ਼ ਹੋਣ ਨਾਲ ਬੱਝਦਾ ਹੈ। ਉਸ ਵੇਲੇ ਗਜ਼ਨਵੀ ਦੀਆਂ ਫੌਜਾਂ ਵਿੱਚ ਫਾਰਸੀ/ਅਰਬੀ ਜਾਨਣ ਵਾਲੇ ਵਿਦੇਸ਼ੀ ਮੁਸਲਮਾਨਾਂ ਦੇ ਨਾਲ ਨਾਲ ਪੰਜਾਬ ਖਿੱਤੇ ਵਿਚੋਂ ਭਰਤੀ ਹੋਏ ਫੌਜੀ ਵੀ ਸ਼ਾਮਲ ਸਨ। ਉਹਨਾਂ ਦੀਆਂ ਛਾਉਣੀਆਂ ਦੇ ਅੰਦਰ ਅਤੇ ਬਾਹਰਵਾਰ ਦੇ ਆਪਸੀ ਸੰਚਾਰ ਲਈ ਪੰਜਾਬੀ ਅਤੇ ਫਾਰਸੀ/ਅਰਬੀ ਅੰਸ਼ ਮਿਲਾ ਕੇ ਇੱਕ ਮਿਲਗੋਭਾ ਮਾਧਿਅਮ ਤਿਆਰ ਕਰ ਲਿਆ ਗਿਆ। ਇਸ ਮਿਲਗੋਭਾ ਸੰਚਾਰ ਮਾਧਿਅਮ ਦਾ ਪਹਿਲਾ ਨਾਮ ‘ਜ਼ਬਾਨਿਉਰਦੂਯਮੁਅੱਲਾ’ (ਛਾਉਣੀ ਦੀ ਸਰੇਸ਼ਟ ਭਾਸ਼ਾ) ਰੱਖ ਦਿੱਤਾ ਗਿਆ। ਅਸਲ ਵਿੱਚ ਗਜ਼ਨਵੀ ਦੇ ਆਉਣ ਤੋਂ ਲੰਬਾ ਸਮਾਂ ਪਹਿਲਾਂ ਤੋਂ ਹੀ ਇਸ ਕਿਸਮ ਦੇ ਮਿਲਗੋਭਾ ਸੰਚਾਰ ਮਾਧਿਅਮ ਦੇ ਨਿਰਮਾਣ ਦਾ ਅਰੰਭ ਹੋ ਚੁੱਕਾ ਸੀ। ਉਸ ਤੋਂ ਪਹਿਲਾਂ ਇਰਾਨ, ਅਫਗਾਨਿਸਤਾਨ ਆਦਿਕ ਤੋਂ ਇਧਰ ਆਉਂਦੇ ਰਹੇ ਮੁਸਲਮਾਨ ਯਾਤਰੀਆਂ, ਵਿਉਪਾਰੀਆਂ ਅਤੇ ਹਮਲਾਵਰਾਂ ਕਰ ਕੇ ਪੰਜਾਬ ਖਿੱਤੇ ਦੀ ਸਥਾਨਕ ਭਾਸ਼ਾ ਵਿੱਚ ਫਾਰਸੀ/ਅਰਬੀ ਅੰਸ਼ ਮਿਸ਼ਰਤ ਹੋਣ ਦੀ ਪ੍ਰਕਿਰਿਆ ਚਲਦੀ ਆ ਰਹੀ ਸੀ। ਪਹਿਲਾਂ ਪਹਿਲ ਤਾਂ ਪੰਜਾਬ ਖਿੱਤੇ ਦੀ ਸਥਾਨਕ ਭਾਸ਼ਾ ਲਈ ਇਰਾਨੀਆਂ ਵੱਲੋਂ ‘ਰੀਖਤਾ’ (ਨਿਮਨ ਪੱਧਰ ਦੀ/ਵਿਗੜੀ ਹੋਈ) ਸ਼ਬਦ ਪਰਯੋਗ ਹੁੰਦਾ ਰਿਹਾ ਜੋ ਬਾਦ ਵਿੱਚ ਪੰਜਾਬੀ-ਫਾਰਸੀ ਦੇ ਮਿਸ਼ਰਣ ਵਾਲੇ ਸੰਚਾਰ ਮਾਧਿਅਮ ਵਾਸਤੇ ਵਰਤਿਆ ਜਾਣ ਲੱਗ ਪਿਆ। ਇਸੇ ਪਰੰਪਰਾ ਅਧੀਨ ਕਿਸੇ ਸਮੇਂ ‘ਜ਼ਬਾਨਿਉਰਦੂਯਮੁਅੱਲਾ’ ਦਾ ਨਾਮ ਵੀ ਰੀਖਤਾ ਹੀ ਰਿਹਾ ਹੈ ਕਿਉਂਕਿ ਇਹ ਪੰਜਾਬੀ ਅਤੇ ਫਾਰਸੀ ਦਾ ਮਿਸ਼ਰਣ ਹੀ ਸੀ ਅਤੇ ਬਦੇਸ਼ੀ ਮੁਸਲਮਾਨ ਫਾਰਸੀ ਦੇ ਨਾਲ ਪੰਜਾਬੀ ਨੂੰ ਰਲਾਉਣ ਦੇ ਰੁਝਾਨ ਨੂੰ ਨਾਪਸੰਦਗੀ ਦੀ ਨਜ਼ਰ ਨਾਲ ਹੀ ਵੇਖਦੇ ਸਨ। ਪਰੰਤੂ ਸਰਕਾਰੀ ਸਰਪ੍ਰਸਤੀ ਮਿਲਣ ਨਾਲ ਇਹ ‘ਕੋਡ’ ਇੱਕ ਭਾਸ਼ਾ ਦਾ ਦਰਜਾ ਗ੍ਰਹਿਣ ਕਰ ਗਿਆ ਅਤੇ ਲਹੌਰ ਤੋਂ ਬਾਦ ਇਹ ਮਿਸ਼ਰਤ ਭਾਸ਼ਾ ਦਿੱਲੀ ਦਰਬਾਰ ਵਿੱਚ ਵੀ ਸਥਾਪਤ ਹੋ ਗਈ ਜਿੱਥੇ ਸ਼ਾਹ ਜਹਾਨ ਦੇ ਸਮੇਂ ਇਸ ਦਾ ਨਾਮ ‘ਜ਼ਬਾਨਿਉਰਦੂਯਮੁਅੱਲਾ’ ਤੋਂ ਛੋਟਾ ਕਰਕੇ ‘ਉਰਦੂ’ ਰੱਖ ਦਿੱਤਾ ਗਿਆ। ਦਿੱਲੀ ਪਹੁੰਚਣ ਤੋਂ ਬਾਦ ਉਰਦੂ ਵਿੱਚ ਹੋਰ ਭਾਰਤੀ ਭਾਸ਼ਾਈ ਵੰਨਗੀਆਂ ਦੇ ਅੰਸ਼ ਵੀ ਸ਼ਾਮਲ ਹੁੰਦੇ ਗਏ।

ਇਸ ਤਰ੍ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਉਰਦੂ ਭਾਸ਼ਾ ਦੀ ਉਤਪਤੀ ਦਾ ਮੂਲ ਸਰੋਤ ਪੰਜਾਬੀ ਭਾਸ਼ਾ ਹੀ ਬਣਦਾ ਹੈ। ਫਿਰ ਉਰਦੂ ਪੰਜਾਬੀ ਦੀ ਭੈਣ (ਡਾ. ਸਰਹਿੰਦੀ ਦੇ ਕਹਿਣ ਅਨੁਸਾਰ ਪੰਜਾਬੀਆਂ ਦੀ ‘ਮਾਸੀ’ ਬੋਲੀ) ਕਿਵੇਂ ਹੋਈ? ਜੇਕਰ ਸਤਲੁਜ ਨਦੀ ਵਿਚੋਂ ਇੱਕ ਨਹਿਰ ਕੱਢ ਕੇ ਉਸ ਵਿੱਚ ਜਮਨਾ ਵਿਚੋਂ ਨਿਕਲਿਆ ਹੋਇਆ ਰਜਵਾਹਾ ਮਿਲਾ ਦਿੱਤਾ ਜਾਵੇ ਤਾਂ ਇਹ ਨਹਿਰ ਸਤਲੁਜ ਦੀ ਭੈਣ ਕਿਵੇਂ ਬਣ ਗਈ? ਮੁਸਲਮਾਨ ਸ਼ਾਸਕਾਂ ਦੇ ਦਰਬਾਰ ਦੀ ਭਾਸ਼ਾ ਹੋਣ ਕਰਕੇ ੳਰਦੂ ਲਿਖਣ ਵਾਸਤੇ ਅਰਬੀ/ਫਾਰਸੀ ਲਿਪੀ ਦੀ ਚੋਣ ਕੀਤੀ ਗਈ ਭਾਵੇਂ ਕਿ ਪੰਜਾਬੀ ਧੁਨੀਆਂ (ਜੋ ਅਰਬੀ/ਫਾਰਸੀ ਵਿੱਚ ਮੌਜੂਦ ਨਹੀਂ) ਲਈ ਅਰਬੀ/ਫਾਰਸੀ ਲਿਪੀ ਦੇ ਅਧਾਰ ਤੇ ਕਈ ਨਵੇਂ ਅੱਖਰ ਅਤੇ ਲਗਾ-ਮਾਤਰਾਵਾਂ ਵੀ ਘੜਨ ਦੀ ਲੋੜ ਪੈ ਗਈ। ਸਰਕਾਰੇ-ਦਰਬਾਰੇ ਮਿਲੀ ਮਾਨਤਾ ਕਰ ਕੇ ਉਰਦੂ ਉਤਲੇ ਸਮਾਜਕ ਵਰਗ ਦੀ ਭਾਸ਼ਾ ਬਣੀ ਰਹੀ ਅਤੇ ਕਾਫੀ ਸਾਰਾ ਸਾਹਿਤ ਵੀ ੳਰਦੂ ਵਿੱਚ ਰੱਚਿਆ ਗਿਆ। ਨਾਲ ਹੀ ਉਰਦੂ ਨੂੰ ਇੱਕ ਉੱਚ ਪਾਏ ਦੀ ਭਾਸ਼ਾ ਦੇ ਤੌਰ ਤੇ ਦਰਸਾ ਕੇ ਇਹ ਪਰਚਾਰ ਵੀ ਕੀਤਾ ਜਾਂਦਾ ਰਿਹਾ ਕਿ ਪੰਜਾਬੀ ਇੱਕ ਪਛੜੇ ਹੋਏ, ਸਲੀਕਾ-ਰਹਿਤ, ਉਜੱਡ ਅਤੇ ਕਲਾਤਮਕ ਰੁਚੀਆਂ ਤੋਂ ਵਾਂਝੇ ਲੋਕਾਂ ਦੀ ਭਾਸ਼ਾ ਹੈ। ਇਸ ਤਰ੍ਹਾਂ ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਗੁਲਾਮ ਮਾਨਸਿਕਤਾ ਤਹਿਤ ਫਾਰਸੀ/ਉਰਦੂ ਦੀ ਵਡਿਆਈ ਕਰਨ ਦੀ ਪਰਵਿਰਤੀ ਅਤੇ ਆਪਣੀ ਭਾਸ਼ਾ ਪ੍ਰਤੀ ਕਮਤਰੀ ਦਾ ਅਹਿਸਾਸ ਪੈਦਾ ਹੋ ਗਿਆ ਜੋ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਦੀ ਜਗਹ ਤੇ ਫਾਰਸੀ ਨੂੰ ਸਰਕਾਰੀ ਭਾਸ਼ਾ ਬਣਾਉਣ ਅਤੇ ਬਾਦ ਵਿੱਚ ਅੰਗਰੇਜ਼ੀ ਦੇ ਆਗਮਨ ਨਾਲ ਹੋਰ ਵੀ ਪਕੇਰਾ ਹੁੰਦਾ ਗਿਆ। ਇਹ ਗੁਲਾਮ ਮਾਨਸਿਕਤਾ ਅਤੇ ਕਮਤਰੀ ਦਾ ਅਹਿਸਾਸ ਹੀ ਹੈ ਕਿ ਅਜ ਡਾ. ਸਰਹਿੰਦੀ ਵਰਗੇ ਲੇਖਕ ਵੀ ਉਰਦੂ ਦੇ ਸੋਹਲੇ ਗਾਉਂਦੇ ਹੋਏ ਪੰਜਾਬੀ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਜੋਗਿੰਦਰ ਸਿੰਘ ਵਰਗੇ ਸੰਪਾਦਕ ਇਸ ਅਹਿਸਾਸ ਵਿੱਚ ਵਾਧਾ ਕਰਕੇ ਅਤੇ ਇਸ ਅਹਿਸਾਸ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਪੰਜਾਬੀ ਦੇ ਹਿੰਦੀਕਰਣ ਕਰਨ ਲਈ ਟਿੱਲ ਲਗਾ ਰਹੇ ਹਨ।

ਭਾਸ਼ਾਵਿਗਿਆਨਕ ਪੱਖੋਂ ਕੋਈ ਵੀ ਭਾਸ਼ਾ ਕਿਸੇ ਦੂਸਰੀ ਭਾਸ਼ਾ ਦੇ ਮੁਕਾਬਲੇ ਚੰਗੀ ਜਾਂ ਮਾੜੀ ਨਹੀਂ ਹੁੰਦੀ। ਪਰੰਤੂ ਪੰਜਾਬੀ ਦੇ ਸੰਦਰਭ ਵਿੱਚ ਉਰਦੂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਦਾ ਸਿੱਧਾ ਮਨੋਰਥ ਪੰਜਾਬੀ ਨੂੰ ਨੀਵਾਂ ਵਿਖਾਉਣਾ ਹੀ ਹੈ ਜਦੋਂ ਕਿ ਭਾਸ਼ਾਈ ਤੌਰ ਤੇ ਉਰਦੂ ਇੱਕ ਨਕਲੀ ਪ੍ਰਬੰਧ ਹੈ। ਉਰਦੂ ਕਿਸੇ ਵੀ ਭੂਗੋਲਿਕ ਖਿੱਤੇ ਵਿੱਚ ਲੋਕਾਂ ਦੀ ਕਬੀਲਾ ਜੀਵਨ ਤੋਂ ਲੈ ਕੇ ਸਭਿਅਤਾ ਦੇ ਵਿਕਾਸ ਦਾ ਇੱਕ ਅੰਗ ਬਣ ਕੇ ਕੁਦਰਤੀ ਤੌਰ ਤੇ ਉਤਪੰਨ ਹੋਈ ਭਾਸ਼ਾ ਨਹੀਂ ਜਿਵੇਂ ਕਿ ਪੰਜਾਬੀ ਅਤੇ ਸੰਸਾਰ ਦੀਆਂ ਹੋਰ ਹਜ਼ਾਰਾਂ ਭਾਸ਼ਾਵਾਂ ਕਈ ਹਜ਼ਾਰ ਸਾਲ ਪਹਿਲਾਂ ਦੀਆਂ ਉਪਜੀਆਂ ਅਤੇ ਵਿਗਸੀਆਂ ਹੋਈਆਂ ਹਨ। ਉਰਦੂ ਵਰਗੇ ਨਕਲੀ ਪ੍ਰਬੰਧ ਵਾਲੀਆਂ ਭਾਸ਼ਾਵਾਂ ਨੂੰ ਭਾਸ਼ਾ-ਵਿਗਿਆਨ ਵਿੱਚ ਨਿਰਮਤ (constructed ) ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਅਜਿਹੀ ਭਾਸ਼ਾ ਨੂੰ ਕੌਨਲੈਂਗ (conlang) ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਵੀ ਕਿਸੇ ਸਮੇਂ ਨਿਰਮਤ ਭਾਸ਼ਾ ਦੇ ਤੌਰ ਤੇ ਹੀ ਬਣੀ ਸੀ ਜਦ ਕਿ ਪੰਜਾਬੀ ਬਾਕੀ ਪ੍ਰਾਕਿਰਤਾਂ ਵਾਂਗ ਸੰਸਕ੍ਰਿਤ ਤੋਂ ਕਈ ਹਜ਼ਾਰ ਸਾਲ ਪਹਿਲਾਂ ਕੁਦਰਤੀ ਪ੍ਰਕਿਰਿਆ ਰਾਹੀਂ ਹੋਂਦ ਵਿੱਚ ਆ ਚੁੱਕੀ ਹੋਈ ਸੀ। ਅੱਜ ਜੇਕਰ ਉਰਦੂ ਨੂੰ ਇੱਕ ਭਾਸ਼ਾ ਮੰਨ ਵੀ ਲਿਆ ਜਾਵੇ ਤਾਂ ਵੀ ਇਸ ਦਾ ਦਰਜਾ ਪੰਜਾਬੀ ਦੀ ਇੱਕ ਉਪ-ਭਾਸ਼ਾ (dialect) ਤੋਂ ਵਧ ਨਹੀਂ। ਉਰਦੂ ਕਿਸੇ ਤਰ੍ਹਾਂ ਵੀ ਪੰਜਾਬੀ ਦੀ ਭੈਣ ਨਹੀਂ ਬਣਦੀ।

ਡਾ. ਸਰਹਿੰਦੀ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਉਰਦੂ ਇੱਕ ਨਖਰੇ, ਨਜ਼ਾਕਤ ਅਤੇ ਨਫਾਸਤ ਵਾਲੀ ਭਾਸ਼ਾ ਹੈ (ਇਹੋ ਗੱਲ ਸੰਪਾਦਕ ਜੋਗਿੰਦਰ ਸਿੰਘ ਵੀ ਕਹਿੰਦਾ ਹੈ)। ਇਸ ਦਾ ਮਤਲਬ ਸਾਫ ਤੌਰ ਤੇ ਇਹ ਦੱਸਣਾ ਹੈ ਕਿ ਪੰਜਾਬੀ ਵਿੱਚ ਇਹ ਗੁਣ ਮੌਜੂਦ ਨਹੀਂ ਅਤੇ ਇਸ ਨੂੰ ਉਰਦੂ ਤੋਂ ਇਹ ਗੁਣ ਸਿੱਖਣੇ ਚਾਹੀਦੇ ਹਨ। ਇਸੇ ਲਈ ਹੀ ਪੰਜਾਬੀਆਂ ਨੂੰ ਉਰਦੂ ਸਿੱਖਣ ਦੀ ਲੋੜ ਤੇ ਜ਼ੋਰ ਦਿੱਤਾ ਜਾਂਦਾ ਹੈ ਜੋ, ਜਿਵੇਂ ਕਿ ਅਸੀਂ ਅੱਗੇ ਜਾ ਕੇ ਵੇਖਾਂਗੇ, ਤਰਕਹੀਣ ਅਤੇ ਗੈਰਵਿਗਿਆਨਕ ਦਲੀਲ ਹੈ। ਪਹਿਲੀ ਗੱਲ ਤਾਂ ਭਾਸ਼ਾਵਿਗਿਆਨ ਕਿਸੇ ਭਾਸ਼ਾ ਨੂੰ ਗੁਣਾਤਮਕ ਪੱਖੋਂ ਦੂਸਰੀਆਂ ਭਾਸ਼ਾਵਾਂ ਤੋਂ ਉਤੇ ਜਾਂ ਥੱਲੇ ਨਹੀਂ ਰੱਖਦਾ। ਭਾਸ਼ਾਵਿਗਿਆਨ ਸਾਰੀਆਂ ਹੀ ਭਾਸ਼ਾਵਾਂ ਨੂੰ ਇਕੇ ਤਰ੍ਹਾਂ ਹੀ ਵਿਕਸਤ, ਸੰਪੂਰਣ ਅਤੇ ਵਿਲੱਖਣ ਪ੍ਰਬੰਧ ਮੰਨਦਾ ਹੈ। ਨਖਰੇ, ਨਜ਼ਾਕਤ ਅਤੇ ਨਫਾਸਤ ਵਾਲੇ ਗੁਣ ਤਾਂ ਭਾਸ਼ਾ ਦੀ ਵਰਤੋਂ ਨਾਲ ਸਬੰਧ ਰਖਦੇ ਹਨ ਜਿਸ ਦੀਆਂ ਸੰਭਾਵਨਾਵਾਂ ਹਰੇਕ ਭਾਸ਼ਾ ਵਿੱਚ ਇਕੋ ਜਿਹੀਆਂ ਹੀ ਹੁੰਦੀਆਂ ਹਨ। ਭਾਸ਼ਾ ਤਾਂ ਸੰਚਾਰ ਦਾ ਇੱਕ ਸਾਧਨ ਹੈ, ਇਸ ਦੀ ਚੰਗੇ ਜਾਂ ਮਾੜੇ ਮਕਸਦ ਲਈ ਵਰਤੋਂ ਕਰਨ ਦਾ ਇਸ ਦੀ ਸੰਰਚਨਾ ਨਾਲ ਕੋਈ ਸਬੰਧ ਨਹੀਂ ਹੁੰਦਾ। ਚਾਕੂ ਦੀ ਉਦਾਹਰਣ ਹੀ ਲਵੋ, ਇਸ ਨਾਲ ਫਲ-ਸਬਜ਼ੀਆਂ ਵੀ ਕੱਟੇ ਜਾ ਸਕਦੇ ਹਨ ਅਤੇ ਕਿਸੇ ਦਾ ਢਿੱਡ ਵੀ ਪਾੜਿਆ ਜਾ ਸਕਦਾ ਹੈ। ਨਖਰੇ, ਨਜ਼ਾਕਤ ਅਤੇ ਨਫਾਸਤ ਦੀ ਪੰਜਾਬੀ ਵਿੱਚ ਕੋਈ ਘਾਟ ਨਹੀਂ ਜਦੋਂ ਅਸੀਂ ਪੰਜਾਬੀ ਬੋਲਦੇ ਹੋਏ ਸਲੀਕੇ ਅਤੇ ਸਭਿਆਚਾਰ ਦੇ ਦਾਇਰੇ ਵਿੱਚ ਰਹਿੰਦੇ ਹਾਂ। ਦੂਸਰੇ ਪਾਸੇ ਉਰਦੂ, ਫਾਰਸੀ ਜਾਂ ਅੰਗਰੇਜ਼ੀ ਵਿੱਚ ਕਿਹੜਾ ਗਾਲ੍ਹੀਆਂ ਨਹੀਂ ਕਢੀਆਂ ਜਾਂਦੀਆਂ। ਇਹੋ ਸਥਿਤੀ ਉਰਦੂ ਨੂੰ ‘ਸ਼ੀਰੀਂ’ ਕਰ ਕੇ ਦਰਸਾਉਣ ਤੇ ਵੀ ਲਾਗੂ ਹੁੰਦੀ ਹੈ। ਹਰ ਭਾਸ਼ਾ ਉਸਦੇ ਬੋਲਣ ਵਾਲਿਆਂ ਲਈ ਸ਼ੀਰੀਂ (ਮਿੱਠੀ) ਹੀ ਹੁੰਦੀ ਹੈ। ਉਰਦੂ ਨੂੰ ‘ਸ਼ੀਰੀਂ’ ਹੋਣ ਦੀ ਰੱਟ ਲਗਾਉਣਾ ਜਾਂ ਇਸ ਦੇ ਜਲੌਅ, ਹੁਸਨ, ਨਖਰੇ, ਦਿਲਰੁਬਾਈ, ਦਿਲਕਸ਼ੀ, ਦਮ-ਖਮ, ਸ਼ੁਧ ਉਚਾਰਨ ਆਦਿਕ ਦਾ ਢੰਡੋਰਾ ਪਿੱਟਣਾ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਵੀ ਹੈ ਅਤੇ ਪੰਜਾਬੀ ਨੂੰ ਨੀਵਾਂ ਵਿਖਾਉਣ ਦਾ ਕੋਝਾ ਯਤਨ ਵੀ।

ਉਰਦੂ ਦੇ ਨਖਰੇ, ਨਜ਼ਾਕਤ ਅਤੇ ਨਫਾਸਤ ਦਾ ਇੱਕ ਹਾਸੋਹੀਣਾ ਅਧਾਰ ਕੁੱਝ ਧੁਨੀਆਂ ਨੂੰ ਵੀ ਬਣਾਇਆ ਜਾਂਦਾ ਹੈ ਜੋ ਪੰਜਾਬੀ ਵਿੱਚ ਮੌਜੂਦ ਨਹੀਂ ਜਿਵੇਂ ਸ, ਜ, ਖ, ਗ ਅਤੇ ਫ ਦੇ ਪੈਰ ਬਿੰਦੀ ਲਗਾ ਕੇ ਕੱਢੀਆਂ ਜਾਂਦੀਆਂ ਧੁਨੀਆਂ। ਪਹਿਲਾਂ ਤਾਂ ਇਹ ਧੁਨੀਆਂ ਉਰਦੂ ਦੀਆਂ ਆਪਣੀਆਂ ਨਹੀਂ। ਅਸਲ ਵਿੱਚ ਇਹ ਧੁਨੀਆਂ ਉਰਦੂ ਨੇ ਫਾਰਸੀ ਤੋਂ ਲਈਆਂ ਹਨ (ਇਹਨਾਂ ਵਿਚੋਂ ਕੁੱਝ ਕੁ ਅੰਗਰੇਜ਼ੀ ਦੀਆਂ ਵੀ ਹਨ)। ਜੇਕਰ ਧੁਨੀਆਂ ਦੇ ਅਧਾਰ ਤੇ ਭਾਸ਼ਾਵਾਂ ਦਾ ਮੁਕਾਬਲਾ ਕਰਨਾ ਹੋਵੇ ਤਾਂ ਸਥਿਤੀ ਬੜੀ ਹੀ ਰੌਚਿਕ ਬਣ ਜਾਂਦੀ ਹੈ। ਫਾਰਸੀ ਦੀਆਂ ਕੁੱਲ 32 ਧੁਨੀਆਂ ਹਨ ਜਿਹਨਾਂ ਵਿਚੋਂ 24 ਵਿਅੰਜਨ ਹਨ ਅਤੇ 8 ਸਵੱਰ ਹਨ। ਇਹਨਾਂ ਵਿਚੋਂ 8 ਧੁਨੀਆਂ (ਉਪਰੋਕਤ ਪੰਜ ਧੁਨੀਆਂ ਮਿਲਾ ਕੇ) ਪੰਜਾਬੀ ਵਿੱਚ ਮੌਜੂਦ ਨਹੀਂ ਹਨ। ਦੂਸਰੇ ਪਾਸੇ ਪੰਜਾਬੀ ਦੀਆਂ ਕੁੱਲ 48 ਧੁਨੀਆਂ ਹਨ ਜਿਹਨਾਂ ਵਿਚੋਂ 35 ਵਿਅੰਜਨ ਹਨ ਅਤੇ 13 ਸਵੱਰ ਹਨ। ਇਹਨਾਂ ਵਿਚੋਂ 21 ਧੁਨੀਆਂ ਫਾਰਸੀ ਵਿੱਚ ਮੌਜੂਦ ਨਹੀਂ ਹਨ। ਹੁਣ ਅੰਗਰੇਜ਼ੀ ਦੀ ਉਦਾਹਰਣ ਲੈਂਦੇ ਹਾਂ। ਅੰਗਰੇਜ਼ੀ ਦੀਆਂ ਕੁੱਲ 42 ਧੁਨੀਆਂ ਹਨ ਜਿਹਨਾਂ ਵਿਚੋਂ 22 ਵਿਅੰਜਨ ਹਨ ਅਤੇ 20 ਸਵੱਰ ਹਨ। ਇਹਨਾਂ ਵਿਚੋਂ 17 ਧੁਨੀਆਂ (ਸ, ਜ ਅਤੇ ਫ ਦੇ ਪੈਰ ਬਿੰਦੀ ਵਾਲੀਆਂ ਧੁਨੀਆਂ ਮਿਲਾ ਕੇ) ਪੰਜਾਬੀ ਵਿੱਚ ਮੌਜੂਦ ਨਹੀਂ ਹਨ। ਦੂਸਰੇ ਪਾਸੇ ਪੰਜਾਬੀ ਦੀਆਂ 18 ਧੁਨੀਆਂ ਅੰਗਰੇਜ਼ੀ ਵਿੱਚ ਮੌਜੂਦ ਨਹੀਂ ਹਨ। ਅਜਿਹਾ ਮੁਕਾਬਲਾ ਫਾਰਸੀ ਅਤੇ ਅੰਗਰੇਜ਼ੀ ਵਿੱਚ ਵੀ ਕੀਤਾ ਜਾ ਸਕਦਾ ਹੈ। ਫਾਰਸੀ ਦੀਆਂ 7 ਧੁਨੀਆਂ ਅੰਗਰੇਜ਼ੀ ਵਿੱਚ ਮੌਜੂਦ ਨਹੀਂ ਹਨ ਅਤੇ ਅੰਗਰੇਜ਼ੀ ਦੀਆਂ 19 ਧੁਨੀਆਂ ਫਾਰਸੀ ਵਿੱਚ ਮੌਜੂਦ ਨਹੀਂ ਹਨ। ਧੁਨੀਆਂ ਦੀ ਸਥਿਤੀ ਦੇ ਪੱਖੋਂ ਤਾਂ ਪੰਜਾਬੀ ਅੰਗਰੇਜ਼ੀ ਅਤੇ ਫਾਰਸੀ ਦੋਵ੍ਹਾਂ ਨਾਲੋਂ ਵਧੇਰੇ ਅਮੀਰ ਅਤੇ ਕੁਸ਼ਲ ਸਾਬਤ ਹੁੰਦੀ ਹੈ। ਧੁਨੀਆਂ ਦੇ ਪੱਖੋਂ ਪੰਜਾਬੀ ਦਾ ਮੁਕਾਬਲਾ ਉਰਦੂ ਨਾਲ ਇਸ ਕਰਕੇ ਨਹੀਂ ਕੀਤਾ ਜਾ ਸਕਦਾ ਕਿਉਂਕ ਉਰਦੂ ਦੀਆਂ ਆਪਣੀਆਂ ਕੋਈ ਧੁਨੀਆਂ ਹੈ ਹੀ ਨਹੀਂ, ਸਾਰੀਆਂ ਪੰਜਾਬੀ ਅਤੇ ਫਾਰਸੀ ਤੋਂ ਲੈ ਕੇ ਪਾਈਆਂ ਹੋਈਆਂ ਹਨ। ਉਂਜ ਭਾਸ਼ਾਵਿਗਿਆਨ ਧੁਨੀਆਂ ਅਤੇ ਵਿਆਕਰਣ ਦੇ ਵਖਰੇਵੇਂ ਨੂੰ ਹਰ ਭਾਸ਼ਾ ਦੇ ਨਿਵੇਕਲੇਪਣ ਦੇ ਤੌਰ ਤੇ ਸਵੀਕਾਰ ਕਰਦਾ ਹੈ ਨਾ ਕਿ ਕਿਸੇ ਭਾਸ਼ਾ ਦੇ ਵਧੇਰੇ ਵਿਕਸਤ, ਅਮੀਰ ਜਾਂ ਕੁਸ਼ਲ ਹੋਣ ਦੇ ਪੈਮਾਨੇ ਵਜੋਂ। ਇਸ ਕਰਕੇ ਸਾਨੂੰ ਉਰਦੂ ਭਾਸ਼ਾ ਦੇ ਨਖਰੇ, ਨਜ਼ਾਕਤ ਅਤੇ ਨਫਾਸਤ ਦੇ ਸੋਹਲੇ ਗਾਉਣੇ ਛੱਡ ਦੇਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਉਰਦੂ ਦਾ ਭਾਵੇਂ ਕੁੱਝ ਸੰਵਰੇ ਜਾਂ ਨਾ ਪੰਜਾਬੀ ਦੀ ਹੇਠੀ ਜਰੂਰ ਹੁੰਦੀ ਹੈ ਜੋ ਪੰਜਾਬੀ ਦੇ ਸੁਹਿਰਦ ਪ੍ਰੇਮੀਆਂ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚਾਉਂਦੀ ਹੈ।

ਡਾ. ਸ਼ਰਹਿੰਦੀ ਕਹਿੰਦੇ ਹਨ ਕਿ “ਕਈ ਵਾਰ ਕੁੱਝ ਲੋਕ ਆਮ ਬੋਲਚਾਲ ਜਾਂ ਭਾਸ਼ਣਬਾਜ਼ੀ ਵੇਲੇ ਉਰਦੂ ਦੇ ਸ਼ਿਅਰ ਬੋਲ ਕੇ ਦਾਦ ਵਸੂਲ ਕਰਦੇ ਹਨ”। ਪੰਜਾਬੀ ਬੋਲਦੇ ਜਾਂ ਲਿਖਦੇ ਸਮੇਂ ਉਰਦੂ ਦੇ ਸ਼ਿਅਰ ਬੋਲ ਕੇ ‘ਵਾਹਵਾ’ ਖੱਟਣੀ ਇੱਕ ਫੈਸ਼ਨ-ਪ੍ਰਸਤੀ ਹੀ ਹੈ। ਜਦੋਂ ਪੰਜਾਬੀ ਕੋਲ ਸ਼ੇਖ ਫਰੀਦ ਤੋਂ ਲੈ ਕੇ ਅਜੋਕੇ ਕਵੀਆਂ ਤਕ ਦੀਆਂ ਅਨੇਕਾਂ ਉਚ-ਪਾਏ ਦੀਆਂ ਕਾਵਿ-ਟੁਕੜੀਆਂ, ਲੋਕ ਗੀਤ ਅਤੇ ਲੋਕ ਸਿਆਣਪਾਂ ਮੌਜੂਦ ਹਨ, ਇੱਕ ਪੰਜਾਬੀ ਦਾ ਵਕਤਾ ਉਹਨਾਂ ਨੂੰ ਛੱਡ ਕੇ ਉਰਦੂ ਦੇ ਸ਼ਿਅਰ ਬੋਲਦਾ ਹੈ (ਜੋ ਬਹੁਤੀ ਵਾਰੀ ਵਕਤਾ ਅਤੇ ਸਰੋਤੇ ਦੋਵ੍ਹਾਂ ਦੀ ਸਮਝ ਤੋਂ ਬਾਹਰ ਹੁੰਦੇ ਹਨ ਜਾਂ ਤੋੜ-ਮਰੋੜ ਕੇ ਬੋਲ ਦਿੱਤੇ ਜਾਂਦੇ ਹਨ, ਪਰੰਤੂ ਤਾੜੀਆਂ ਫਿਰ ਵੀ ਵੱਜ ਜਾਂਦੀਆਂ ਹਨ) ਤਾਂ ਉਹ ਵਕਤਾ ਅਤੇ ਸਰੋਤੇ ਮਾਂ ਬੋਲੀ ਪੰਜਾਬੀ ਨਾਲ ਸਰਾਸਰ ਧੋਖਾ ਵੀ ਕਰ ਰਹੇ ਹੁੰਦੇ ਹਨ ਅਤੇ ਆਪਣੀ ਗੁਲਾਮ ਮਾਨਸਿਕਤਾ ਦਾ ਮੁਜ਼ਾਹਰਾ ਵੀ ਕਰ ਰਹੇ ਹੁੰਦੇ ਹਨ। ਇਥੇ ਕਰਿਕਟ ਖੇਡ ਦੀ ਉਦਾਹਰਣ ਵੀ ਕਾਫੀ ਢੁੱਕਦੀ ਹੈ ਜੋ ਫੈਸ਼ਨਪ੍ਰਸਤੀ ਦੇ ਸਹਾਰੇ ਬਹੁਤ ਲੋਕਪ੍ਰਿਅ ਹੈ ਅਤੇ ਬਾਕੀ ਸਾਰੀਆਂ ਖੇਡਾਂ ਨੂੰ ਢਾਅ ਲਗਾ ਰਹੀ ਹੈ ਭਾਵੇਂ ਕਿ ਇਹ ਆਪ ‘ਖੇਡ’ ਦੀ ਪਰੀਭਾਸ਼ਾ ਵਿੱਚ ਵੀ ਨਹੀਂ ਆਉਂਦੀ।

ਡਾ. ਸਰਹਿੰਦੀ ਨੇ ਜੋ ਹੋਰ ਗੰਭੀਰ ਅਤਿਕਥਨੀਆਂ ਕੀਤੀਆਂ ਹਨ ਉਹਨਾਂ ਵਿੱਚ ਇੱਕ ਇਹ ਹੈ ਕਿ ਸ਼ਾਇਰੀ ਦੇ ਖੇਤਰ ਵਿੱਚ ਉਰਦੂ ਤੋਂ ਵਧੀਆ ਹੋਰ ਕੋਈ ਜ਼ੁਬਾਨ ਨਹੀਂ ਅਤੇ ਦੂਸਰੀ ਇਹ ਕਿ ਪੰਜਾਬੀ ਸ਼ਾਇਰੀ ਨੇ ਉਰਦੂ ਤੋਂ ਬਹੁਤ ਕੁੱਝ ਲਿਆ ਹੈ। ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਉਚ-ਪਾਇ ਦਾ ਕਾਵਿ ਰਚਿਆ ਗਿਆ ਹੈ ਅਤੇ ਇਸ ਦਾਵੇ ਦਾ ਕੋਈ ਅਧਾਰ ਨਹੀਂ ਕਿ ਕਾਵਿ-ਰਚਨਾ ਲਈ ਉਰਦੂ ਸਭ ਤੋਂ ਵਧੀਆ ਭਾਸ਼ਾ ਸਾਬਤ ਹੋ ਚੁੱਕੀ ਹੋਈ ਹੈ। ਨਾ ਹੀ ਪੰਜਾਬੀ ਕਾਵਿ ਉਤੇ ਉਰਦੂ ਦਾ ਕੋਈ ਪਰਤੱਖ ਪਰਭਾਵ ਨਜ਼ਰੀਂ ਆਉਂਦਾ ਹੈ। ਪੰਜਾਬੀ ਭਾਸ਼ਾ ਵਿੱਚ ਸਿੱਧੇ ਤੌਰ ਤੇ ਆਈ ਫਾਰਸੀ/ਅਰਬੀ ਸ਼ਬਦਾਵਲੀ ਦੀ ਉਂਜ ਹੀ ਭਰਮਾਰ ਹੈ ਜਿਸ ਦਾ ਮੱਧਕਾਲੀਨੀ ਪੰਜਾਬੀ ਕਾਵਿ ਵਿੱਚ ਦ੍ਰਿਸ਼ਟਮਾਨ ਹੋਣਾ ਲਾਜ਼ਮੀ ਹੀ ਹੈ। ਇਸ ਵਿੱਚ ਉਰਦੂ ਦਾ ਕੋਈ ਯੋਗਦਾਨ ਨਹੀਂ ਬਣਦਾ ਕਿਉਂਕਿ ਉਰਦੂ ਦੇ ਆਪਣੇ ਸ਼ਬਦ ਤਾਂ ਕੋਈ ਹੈ ਹੀ ਨਹੀਂ, ਸਾਰੇ ਪੰਜਾਬੀ ਅਤੇ ਫਾਰਸੀ/ਅਰਬੀ ਵਿਚੋਂ ਲਏ ਗਏ ਹੋਏ ਹਨ। ਗਜ਼ਲ ਰੂਪ ਜ਼ਰੂਰ ਫਾਰਸੀ/ਉਰਦੂ ਦੇ ਪਰਭਾਵ ਹੇਠ ਪੰਜਾਬੀ ਵਿੱਚ ਅਪਣਾਇਆ ਗਿਆ ਹੈ ਪਰੰਤੂ ਬਹੁਤੀ ਪੰਜਾਬੀ ਗਜ਼ਲ ਤਾਂ ਉਰਦੂ ਦੀ ਰਚਨਾ ਹੀ ਜਾਪਦੀ ਹੈ ਪੰਜਾਬੀ ਦੀ ਨਹੀਂ। ਗਜ਼ਲ ਰੂਪ ਦੇ ਅਪਣਾਉਣ ਨਾਲ ਵਿਸ਼ੇਸ਼ ਕਰਕੇ ਅਰੂਜ਼ ਬਹਰ-ਤਕਨੀਕ ਦੀ ਵਰਤੋਂ ਰਾਹੀਂ ਪੰਜਾਬੀ ਭਾਸ਼ਾ ਨੂੰ ਵਿਗਾੜਨ ਦੀ ਕਾਰਵਾਈ ਵੀ ਵੱਡੇ ਪੱਧਰ ਤੇ ਹੋਈ ਹੈ ਜੋ ਅੱਜ ਵੀ ਜਾਰੀ ਹੈ।

ਡਾ. ਸਰਹਿੰਦੀ ਅੱਗੇ ਜਾ ਕੇ ਕਹਿੰਦਾ ਹੈ “ਜ਼ਾਹਿਰ ਹੈ, ਪੰਜਾਬੀ ਦੇ ਵਿਕਾਸ ਵਿੱਚ ਉਰਦੂ ਨੇ ਅਹਿਮ ਭੂਮਿਕਾ ਨਿਭਾਈ ਹੈ। ਸੱਚ ਤਾਂ ਇਹ ਹੈ ਕਿ ਪੰਜਾਬੀ ਉਰਦੂ ਦੇ ਸਮਰਥਨ ਨਾਲ ਹੀ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਤੋਂ ਇੱਕ ਮੁਕੰਮਲ ਭਾਸ਼ਾ ਬਣ ਸਕੀ ਹੈ।” ਭਾਸ਼ਾਵਿਗਿਆਨਕ ਪੱਖੋਂ ਇਹ ਦਲੀਲ ਬੇਤੁੱਕੀ ਹੈ। ਪਹਿਲਾਂ ਤਾਂ ਬੋਲਚਾਲ ਦੀ ਭਾਸ਼ਾ ਹੀ ਅਸਲ ਤੌਰ ਤੇ ਮੁਕੰਮਲ ਭਾਸ਼ਾ ਹੁੰਦੀ ਹੈ। ਇਸ ਦਾ ਲਿਖਤ ਰੂਪ ਜਾਂ ਇਸ ਵਿੱਚ ਸਾਹਿਤਕ ਰਚਨਾਂਕਾਰੀ ਤਾਂ ਬਾਦ ਵਿੱਚ ਆਉਂਦੀ ਹੈ। ਪੰਜਾਬੀ ਨੂੰ ਇਹਨਾਂ ਸਾਰੀਆਂ ਅਵਸਥਾਵਾਂ ਵਿੱਚ ਉਰਦੂ ਦੇ ਸਮਰਥਨ ਦੀ ਕਦੀ ਲੋੜ ਨਹੀਂ ਪਈ। ਸ਼ੇਖ ਫਰੀਦ, ਸਿੱਖ ਗੁਰੂ ਸਾਹਿਬਾਨ, ਮੱਧ-ਕਾਲੀਨੀ ਕਿੱਸਾਕਾਰਾਂ, ਸੂਫੀ ਦਰਵੇਸ਼ਾਂ ਅਤੇ ਆਧੁਨਿਕ ਕਵੀਆਂ ਦੇ ਉੱਚਕੋਟੀ ਦੇ ਪੰਜਾਬੀ ਕਾਵਿ ਅਤੇ ਪੰਜਾਬੀ ਲੋਕਧਾਰਾਇਕ ਸਾਹਿਤ ਵਿੱਚ ਉਰਦੂ ਦਾ ਕੋਈ ਯੋਗਦਾਨ ਨਹੀਂ। ਉਰਦੂ ਨੂੰ ਤਾਂ ਸਰਕਾਰੀ ਸਰਪਰਪ੍ਰਸਤੀ ਅੰਗਰੇਜ਼ਾਂ ਦੇ ਆਉਣ ਤੋਂ ਬਾਦ ਵੀ ਜਾਰੀ ਰਹੀ। ਇਹੋ ਜਿਹੀ ਸਥਿਤੀ ਵਿੱਚ ਉਰਦੂ ਦੇ ਆਪਣੇ ਸਾਹਿਤ ਦੀ ਮਿਕਦਾਰ ਦੇ ਅਧਾਰ ਤੇ ਪੰਜਾਬੀ ਜਾਂ ਕਿਸੇ ਹੋਰ ਭਾਸ਼ਾ ਨਾਲ ਟਾਕਰਾ ਕਰਨਾ ਕੋਈ ਸਿਹਤਮੰਦ ਅਤੇ ਤਰਕਸੰਗਤ ਕਾਰਵਾਈ ਨਹੀਂ ਕਹੀ ਜਾ ਸਕਦੀ ਜਿਹਾ ਕਿ ਡਾ. ਸਰਹਿੰਦੀ ਨੇ ਡਾ. ਟੀ. ਆਰ. ਸ਼ਰਮਾ ਦੀ ਟੂਕ ਦੇ ਕੇ ਕਰਨ ਦਾ ਯਤਨ ਕੀਤਾ ਹੈ।

ਡਾ. ਸਰਹਿੰਦੀ ਦੀ ਇਹ ਸਲਾਹ ਵੀ ਨਿਰਾਧਾਰ ਹੈ ਕਿ “ਸ਼ੁਧ ਪੰਜਾਬੀ ਲਿਖਣ ਲਈ ੳਰਦੂ ਦੀ ਮੁੱਢਲੀ ਵਿਦਿਆ ਹਾਸਲ ਕਰਨੀ ਅਤਿ ਜ਼ਰੂਰੀ ਹੈ”। ਭਾਸ਼ਾ ਵਿਗਿਆਨੀ ਤਾਂ ਸਗੋਂ ਇਹ ਮੰਨਦੇ ਹਨ ਕਿ ਕਿਸੇ ਵੀ ਭਾਸ਼ਾ ਦੀ ਸਾਖਰਤਾ ਉਸੇ ਭਾਸ਼ਾ ਦੇ ਦਾਇਰੇ ਅਤੇ ਸਭਿਆਚਾਰ ਦੇ ਅੰਦਰ ਰਹਿ ਕੇ ਹੀ ਚੰਗੀ ਤਰ੍ਹਾਂ ਪਰਾਪਤ ਕੀਤੀ ਜਾ ਸਕਦੀ ਹੈ ਅਤੇ ਇਸ ਸਿਖਲਾਈ ਵਿੱਚ ਕਿਸੇ ਦੂਸਰੀ ਭਾਸ਼ਾ ਦੀ ਲਿਪੀ, ਸਾਹਿਤ ਅਤੇ ਉਚਾਰਨ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਪੰਜ ਅੱਖਰਾਂ ਦੇ ਪੈਰਾਂ ਵਿੱਚ ਬਿੰਦੀਆਂ ਪਾਉਣ ਲਈ ਬਦੇਸ਼ੀ ਭਾਸ਼ਾਵਾਂ (ਫਾਰਸੀ ਅਤੇ ਅੰਗਰੇਜ਼ੀ) ਦੀਆਂ ਪੰਜ ਧੁਨੀਆਂ ਨੂੰ ਉਚਾਰਨ-ਕਿਰਿਆ ਰਾਹੀਂ ਸਮਝਾ ਕੇ ਅਸਾਨੀ ਨਾਲ ਲਿਖਣਾ ਸਿਖਾਇਆ ਜਾ ਸਕਦਾ ਹੈ ਨਾ ਕਿ ਉਰਦੂ ਭਾਸ਼ਾ ਦੀ ਸਿਖਲਾਈ ਦੇ ਰਾਹੀਂ ਜਿਸਦੇ ਨਾ ਸ਼ਬਦ ਆਪਣੇ ਹਨ, ਨਾ ਹੀ ਧੁਨੀਆਂ, ਨਾ ਹੀ ਵਿਆਕਰਣ ਅਤੇ ਨਾ ਹੀ ਲਿਪੀ। ਡਾ. ਸਰਹਿੰਦੀ ਉਲਟੀ ਸਲਾਹ ਦੇ ਕੇ ਪੰਜਾਬੀ ਦਾ ਭਲਾ ਕਿਵੇਂ ਕਰਨਾ ਲੋਚਦਾ ਹੈ? ਦੂਸਰੇ ਪਾਸੇ ਜਦੋਂ ਕੋਈ ਭਾਸ਼ਾ ਕਿਸੇ ਹੋਰ ਭਾਸ਼ਾ ਦਾ ਕੋਈ ਸ਼ਬਦ ਅਪਣਾਉਂਦੀ ਹੈ ਤਾਂ ਇਸ ਦੇ ਉਚਾਰਨ ਵਿੱਚ ਆਪਣੇ ਧੁਨੀ-ਪ੍ਰਬੰਧ ਮੁਤਾਬਿਕ ਕੁੱਝ ਤਬਦੀਲੀ ਵੀ ਜ਼ਰੂਰ ਕਰਦੀ ਹੈ। ਉਦਾਹਰਣ ਵਜੋਂ ਅੰਗਰੇਜ਼ੀ ਦਾ ਸ਼ਬਦ doctor ਲਵੋ ਜਿਸ ਦਾ ਮੂਲ ਉਚਾਰਨ ‘ਡੌਕਟਅ’ ਹੈ (ਇਥੇ ਅੰਗਰੇਜ਼ੀ ਅੱਖਰ ‘ਆਰ’ ਵਿਚੋਂ ਕੋਈ ਧੁਨੀ ਨਹੀਂ ਨਿਕਲਦੀ) ਪਰੰਤੂ ਪੰਜਾਬੀ ਵਿੱਚ ਇਸ ਸ਼ਬਦ ਨੂੰ ‘ਡਾਕਟਰ’ ਅਤੇ ਫਾਰਸੀ ਵਿੱਚ ‘ਦੁਕਤਰ’ ਕਰਕੇ ਬੋਲਿਆ ਜਾਂਦਾ ਹੈ। ਹੁਣ ਜੇਕਰ ਫਾਰਸੀ ਵਿੱਚ doctor ਨੂੰ ‘ਦੁਕਤਰ’ ਕਰਕੇ ਬੋਲਿਆ ਜਾ ਸਕਦਾ ਹੈ ਤਾਂ ਫਾਰਸੀ ਸ਼ਬਦਾਂ ‘ਜ਼ੋਰ’ ਅਤੇ ‘ਗ਼ੈਰ’ ਨੂੰ ਪੰਜਾਬੀ ਵਿੱਚ ‘ਜੋਰ’ ਅਤੇ ‘ਗੈਰ’ ਕਰਕੇ ਕਿਉਂ ਨਹੀਂ ਬੋਲਿਆ ਜਾ ਸਕਦਾ? ਫਾਰਸੀ ਵਾਲੇ ਪੰਜਾਬੀ ਸ਼ਬਦ ‘ਟਿੱਡਾ’ ਨੂੰ ‘ਤਿੱਦਾ’ ਕਰਕੇ ਬੋਲਣਗੇ ਅਤੇ ਅੰਗਰੇਜ਼ੀ ਵਾਲੇ ਪੰਜਾਬੀ ਸ਼ਬਦ ‘ਤੋਤਾ’ ਨੂੰ ‘ਟੋਟਾ’ ਕਰਕੇ ਬੋਲਣਗੇ। ਉਰਦੂ ਵਿੱਚ ਵੀ ਫਾਰਸੀ ਦੇ ਕਈ ਸ਼ਬਦਾਂ ਦੇ ਉਚਾਰਨ ਨੂੰ ਵਿਗਾੜਿਆ ਗਿਆ ਹੋਇਆ ਹੈ (ਅਤੇ ਫਾਰਸੀ ਵਾਲੇ ਉਰਦੂ ਵਾਲਿਆਂ ਤੇ ਇਸ ਗੱਲ ਤੋਂ ਖਫਾ ਵੀ ਹਨ) ਜਿਵੇਂ ‘ਜ਼ਮੀਨ’ ਦਾ ‘ਜ਼ਿਮੀਂ’ ਕਰਨਾ ਜਾਂ ‘ਆਸਮਾਨ’ ਦਾ ‘ਆਸਮਾਂ’ ਕਰ ਦੇਣਾ। ਇਸ ਲਈ ਪੈਰ ਬਿੰਦੀ ਵਾਲੇ ਅੱਖਰਾਂ ਦੀਆਂ ਧੁਨੀਆਂ ਦੀ ਪੰਜਾਬੀ ਵਿੱਚ ਵਰਤੋਂ ਦਾ ਮਸਲਾ ਭਾਸ਼ਾਵਿਗਿਆਨਕ ਪੱਖੋਂ ਕੋਈ ਮਹੱਤਤਾ ਨਹੀਂ ਰਖਦਾ। ਇਹ ਇੱਕ ਸਰਵਵਿਆਪਕ ਵਰਤਾਰੇ ਦਾ ਹੀ ਹਿੱਸਾ ਹੈ।

ਨਾ ਹੀ, ਜਿਵੇਂ ਕਿ ਡਾ. ਸਰਹਿੰਦੀ ਸੋਚਦਾ ਹੈ, ਪੰਜਾਬੀ ਦੇ ਕਿਸੇ ਪੜਾਅ ਦੇ ਕਾਵਿ ਅਤੇ ਬਾਕੀ ਪੰਜਾਬੀ ਸਾਹਿਤ (ਕੁਝ ਉਰਦੂ ਗਜ਼ਲਾਂ ਦੀ ਨਕਲ ਦੇ ਰੂਪ ਵਿੱਚ ਰਚੀਆਂ ਪੰਜਾਬੀ ਗਜ਼ਲਾਂ ਨੂੰ ਛੱਡ ਕੇ) ਨੂੰ ਸਮਝਣ ਲਈ ਉਰਦੂ ਦਾ ਗਿਆਨ ਜ਼ਰੂਰੀ ਹੈ। ਫਾਰਸੀ/ਅਰਬੀ ਦੇ ਸ਼ਬਦ (ਜਿਹਨਾਂ ਨੂੰ ਡਾ. ਸਰਹਿੰਦੀ ਉਰਦੂ ਦੇ ਸ਼ਬਦ ਦਸਦਾ ਹੈ) ਜੋ ਪੰਜਾਬੀ ਵਿੱਚ ਚੰਗੀ ਤਰ੍ਹਾਂ ਰਚਮਿਚ ਗਏ ਹੋਏ ਹਨ, ਉਹਨਾਂ ਨੂੰ ਸਮਝਣ ਵਿੱਚ ਪੰਜਾਬੀਆਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਂਦੀ। ਅਨਪੜ੍ਹ ਪੰਜਾਬੀ ਵੀ ਉਹਨਾਂ ਸ਼ਬਦਾਂ ਨੂੰ ਚੰਗੀ ਤਰ੍ਹਾਂ ਬੋਲਦੇ ਅਤੇ ਸਮਝਦੇ ਹਨ ਜਿਵੇਂ ਤਰਸ, ਹੌਸਲਾ, ਚਰਖਾ, ਸ਼ੇਰ, ਅਸਰ, ਹਕੀਮ, ਸ਼ਰਾਬ, ਦਿਮਾਗ, ਸਬਜ਼ੀ, ਐਨਕ, ਪੰਜਾਬ, ਦੁਆਬ ਆਦਿਕ। ਇਸੇ ਤਰ੍ਹਾਂ ਕਈ ਅੰਗਰੇਜ਼ੀ ਸ਼ਬਦ ਵੀ ਅਨਪੜ੍ਹ ਪੰਜਾਬੀ ਆਮ ਬੋਲ ਅਤੇ ਸਮਝ ਰਹੇ ਹਨ ਜਿਵੇਂ ਬਸ, ਕਾਰ, ਫਰਿੱਜ, ਮੁਬਾਇਲ, ਸੀਟ, ਫੀਸ, ਸਕੂਲ, ਕਾਲਜ, ਨਰਸ, ਡਾਕਟਰ ਆਦਿਕ। ਪੰਜਾਬੀ ਦੇ ਸ਼ਬਦ-ਕੋਸ਼ਾਂ ਵਿੱਚ ਫਾਰਸੀ/ਅਰਬੀ ਮੂਲ ਦੇ ਸ਼ਬਦਾਂ ਦੇ ਇੰਦਰਾਜ਼ ਵੀ ਕੀਤੇ ਹੋਏ ਮਿਲਦੇ ਹਨ ਅਤੇ ਲੋੜ ਪੈਣ ਤੇ ਪੜ੍ਹੇ-ਲਿਖੇ ਲੋਕ ਇਹਨਾਂ ਸ਼ਬਦ-ਕੋਸ਼ਾਂ ਦੀ ਮਦਦ ਵੀ ਲੈ ਸਕਦੇ ਹਨ। ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਅਜਿਹੇ ਸ਼ਬਦਾਂ ਦਾ ਇੱਕ ਨਿਵੇਕਲਾ ਸ਼ਬਦ-ਕੋਸ਼ ਵੀ ਤਿਆਰ ਕੀਤਾ ਹੈ। ਡਾ. ਸਰਹਿੰਦੀ ਸ੍ਰੀ ਗੁਰੂ ਗੋਬਿੰਦ ਸਿੰਘ ਰਚਿਤ ਜ਼ਫਰਨਾਮਾ ਸਮਝਣ ਲਈ ਉਰਦੂ ਸਿੱਖਣ ਦੀ ਸਿਫਾਰਸ਼ ਕਰਦਾ ਹੈ ਜਦ ਕਿ ਜ਼ਫਰਨਾਮਾ ਤਾਂ ਫਾਰਸੀ ਵਿੱਚ ਲਿਖਿਆ ਹੋਇਆ ਹੈ, ਇਸ ਨੂੰ ਅਤੇ ਫਾਰਸੀ ਵਿੱਚ ਲਿਖੇ ਅਜਿਹੇ ‘ਹੋਰ ਦਸਤਾਵੇਜ਼ ‘ਸਮਝਣ ਲਈ ਤਾਂ ਫਾਰਸੀ ਸਿੱਖਣ ਦੀ ਲੋੜ ਹੈ ਉਰਦੂ ਸਿੱਖਣ ਦੀ ਨਹੀਂ। ਇਸੇ ਤਰ੍ਹਾਂ ਪੰਜਾਬੀਆਂ ਨੂੰ ਆਪਣੇ ਸਾਹਿਤਕ, ਸਭਿਆਚਾਰਕ ਅਤੇ ਇਤਿਹਾਸਕ ਵਿਰਸੇ ਨੂੰ ਸਮਝਣ ਲਈ ਉਰਦੂ ਤੇ ਨਿਰਭਰ ਹੋਣ ਬਜਾਏ ਪੰਜਾਬੀ ਨੂੰ ਹੀ ਸੁਹਿਰਦਤਾ ਨਾਲ ਅਪਣਾਉਣ ਦੀ ਲੋੜ ਹੈ।

ਆਪਣੀ ਮਾਤ-ਭਾਸ਼ਾ ਤੋਂ ਇਲਾਵਾ ਕੋਈ ਹੋਰ ਭਾਸ਼ਾ ਵੀ ਸਿੱਖੀ ਜਾ ਸਕਦੀ ਹੈ, ਆਪਣੀ ਯੋਗਤਾ ਦਾ ਵਿਕਾਸ ਕਰਨ ਹਿਤ ਇਹ ਇੱਕ ਚੰਗਾ ਕਦਮ ਹੈ। ਜੇਕਰ ਆਪਣੇ ਸ਼ੌਕ ਜਾਂ ਜ਼ਰੂਰਤ ਵੱਸ ਕੋਈ ਉਰਦੂ ਸਿੱਖਣਾ ਚਾਹੁੰਦਾ ਹੈ ਤਾਂ ਉਸ ਦਾ ਸੁਆਗਤ ਹੋਣਾ ਚਾਹੀਦਾ ਹੈ। ਪਰੰਤੂ ਜੋ ਦਲੀਲਾਂ ਡਾ. ਹਰਚੰਦ ਸਿੰਘ ਸਰਹਿੰਦੀ ਨੇ ਉਰਦੂ ਸਿਖਣ ਲਈ ਆਪਣੇ ਲੇਖ ਵਿੱਚ ਦਿੱਤੀਆਂ ਹਨ ਉਹ ਬਿਲਕੁਲ ਤਰਕਹੀਣ ਹਨ ਅਤੇ ਪੰਜਾਬੀ ਦਾ ਵਕਾਰ ਘਟਾਉਣ ਦੇ ਮਨਸ਼ੇ ਨਾਲ ਪੇਸ਼ ਕੀਤੀਆਂ ਸਾਬਤ ਹੁੰਦੀਆਂ ਹਨ। ਡਾ. ਸਰਹਿੰਦੀ ਜੀ ਨੂੰ ਇਹ ਸਲਾਹ ਦੇਣੀ ਬਣਦੀ ਹੈ ਕਿ ਉਹ ਪਹਿਲਾਂ ਭਾਸ਼ਾਵਿਗਿਆਨ ਦਾ ਚੰਗੀ ਤਰ੍ਹਾਂ ਅਧਿਐਨ ਕਰ ਲੈਣ ਅਤੇ ਫਿਰ ਹੀ ਭਾਸ਼ਾ ਦੇ ਵਿਸ਼ੇ ਦੇ ਕਿਸੇ ਪਹਿਲੂ ਸਬੰਧੀੇ ਆਪਣੇ ਵਿਚਾਰ ਬਣਾਉਣ। ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਵੱਲੋਂ ਵਿੱਢੀ ਪੰਜਾਬੀ ਭਾਸ਼ਾ ਦੇ ਵਕਾਰ ਨੂੰ ਢਾਅ ਲਾਉਣ ਵਾਲੀ ਅਤੀ ਨਿੰਦਣਯੋਗ ਅਤੇ ਮਾਰੂ ਕਾਰਵਾਈ ਤੋਂ ਸੁਚੇਤ ਹੋਣ ਅਤੇ ਇਸ ਨੂੰ ਠੱਲ ਪਾਉਣ ਹਿਤ ਕੋਈ ਠੋਸ ਅਤੇ ਅਸਰਦਾਰ ਉਪਰਾਲੇ ਕਰਨ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਫੋਨ: 09317910734




.