.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 13)

ਅਖੌਤੀ ਸ਼ਰਧਾ ਪੂਰਨ ਗ੍ਰੰਥ ਦੇ ਲੇਖਕ ਵਲੋਂ ਜਪੁ ਜੀ ਦੀ ਬਾਰ੍ਹਵੀਂ ਪਉੜੀ ਦੇ ਲਿਖੇ ਹੋਏ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਪਉੜੀ ਦੇ ਅਰਥ ਅਤੇ ਭਾਵਾਰਥ ਲਿਖ ਰਹੇ ਹਾਂ। ਜਪੁ ਦੀ ਇਸ ਪਉੜੀ ਦੇ ਅਰਥ ਅਤੇ ਭਾਵਾਰਥ ਤੋਂ ਪਾਠਕ ਖ਼ੁਦ ਹੀ ਅੰਦਾਜ਼ਾ ਲਗਾ ਲੈਣ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦੁਆਰਾ ਕੀ ਉਪਦੇਸ਼ ਦਿੱਤਾ ਹੈ ਅਤੇ ਲੇਖਕ ਹੁਰੀਂ ਇਸ ਬਾਰੇ ਕੀ ਆਖ ਰਹੇ ਹਨ।
ਮੰਨੇ ਕੀ ਗਤਿ ਕਹੀ ਨ ਜਾਇ॥ ਜੇ ਕੋ ਕਹੈ ਪਿਛੈ ਪਛੁਤਾਇ॥ ਕਾਗਦਿ ਕਲਮ ਨ ਲਿਖਣਹਾਰੁ॥ ਮੰਨੇ ਕਾ ਬਹਿ ਕਰਨਿ ਵੀਚਾਰੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ 12॥ (ਪੰਨਾ 3) ਅਰਥ: ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿੱਚ ਲੱਗ ਗਈ ਹੈ)। ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)। (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿੱਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ।
(ਨੋਟ: ਨਾਮ ਨੂੰ ਮੰਨਣ ਤੋਂ ਭਾਵ ਹੈ ਰੱਬੀ ਗੁਣਾਂ ਅਨੁਸਾਰ ਆਪਣਾ ਆਚਰਣ ਬਣਾਉਣਾ ਅਥਵਾ ਇਨ੍ਹਾਂ ਗੁਣਾਂ ਨੂੰ ਅਮਲੀ ਰੂਪ ਵਿੱਚ ਧਾਰਨ ਕਰਨਾ ਹੈ।)
ਇਸ ਪਉੜੀ ਦਾ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਇਉਂ ਦਰਸਾਇਆ ਹੈ:-
“ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿੱਚ ਸੁਰਤ ਜੋੜ ਕੇ ਜਿਸ ਮਨੁੱਖ ਦੇ ਮਨ ਵਿੱਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ।
ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾ ਕੋਈ ਬਿਆਨ ਕਰ ਸਕਦਾ ਹੈ ਨਾ ਕੋਈ ਲਿਖ ਸਕਦਾ ਹੈ।”
ਇਸ ਪਉੜੀ ਦੇ ਮੂਲ ਪਾਠ ਅਤੇ ਇਸ ਦੇ ਭਾਵਾਰਥ ਲਿਖਣ ਮਗਰੋਂ ਹੁਣ ਪਾਠਕਾਂ ਦਾ ਧਿਆਨ ਪੁਸਤਕ ਕਰਤਾ ਵਲੋਂ ਲਿਖੇ ਹੋਏ ਮਹਾਤਮ ਵਲ ਦੁਆ ਰਹੇ ਹਾਂ।। ਲੇਖਕ ਇਸ ਸਬੰਧ ਵਿੱਚ ਲਿਖਦਾ ਹੈ, “ਇਸ ਪਉੜੀ ਦਾ ਪਾਠ ਸੱਤਰ (70) ਦਿਨਾਂ ਵਿੱਚ ਇੱਕੀ ਹਜ਼ਾਰ ਕਰਨਾ, ਦੁਖ ਦੂਰ ਹੋਵੇ ਅਤੇ ਦੁਸ਼ਮਨ ਅਧੀਨ ਹੋਵੇ, ਪਾਠ ਛਨਿਛਰ ਵਾਰ ਆਰੰਭ ਕਰਨਾ, ਮੂੰਹ ਦੱਖਣ ਦਿਸ਼ਾ ਵਲ ਰਖਣਾ।” (ਨੋਟ: ਧਿਆਨ ਰਹੇ ਕਿ ਇਸ ਪਉੜੀ ਵਿੱਚ ਕਿਸੇ ਬਹਾਰਲੇ ਦੁਸ਼ਮਨ ਨੂੰ ਅਧੀਨ ਕਰਨ ਦਾ ਕੋਈ ਜ਼ਿਕਰ ਨਹੀਂ ਹੈ।)
ਗੁਰਮਤਿ ਸਾਹਿਤ ਵਿੱਚ ਨਾ ਤਾਂ ਦਿਕਪਾਲ, ਦਿਗਪਤਿ ਅਤੇ ਨਾ ਹੀ ਦਿਸ਼ਾਸ਼ੂਲ ਦਾ ਭਰਮ ਸਵੀਕਾਰ ਕੀਤਾ ਗਿਆ ਹੈ। ਇਤਨਾ ਹੀ ਨਹੀਂ ਗੁਰਬਾਣੀ ਵਿੱਚ ਇਨ੍ਹਾਂ ਦੀ ਹੋਂਦ ਨੂੰ ਵੀ ਇਸ ਰੂਪ ਵਿੱਚ ਨਹੀਂ ਮੰਨਿਆ ਗਿਆ ਹੈ। ਪਰੰਤੂ ਗੁਰਬਾਣੀ ਜਿਨ੍ਹਾਂ ਵਹਿਮਾਂ-ਭਰਮਾਂ ਦੀ ਘੁੰਮਣਘੇਰੀ ਵਿਚੋਂ ਬਾਹਰ ਕਢਦੀ ਹੈ, ਪੁਸਤਕ ਕਰਤਾ ਉਸੇ ਘੁੰਮਣਘੇਰੀ ਵਿੱਚ ਫਿਰ ਪਾਉਣ ਦਾ ਸਿਰ-ਤੋੜ ਜਤਨ ਕਰ ਰਿਹਾ ਹੈ। ਇਸ ਲਈ ਹਰੇਕ ਸ਼ਬਦ ਬਾਰੇ ਹੀ ਲੇਖਕ ਇਹ ਲਿਖਣਾ ਨਹੀਂ ਭੁਲਦਾ ਕਿ ਇਸ ਪਉੜੀ ਜਾਂ ਸ਼ਬਦ ਨੂੰ ਕਿਸ ਦਿਸ਼ਾ ਵਲ ਮੂੰਹ ਕਰਕੇ ਪੜ੍ਹਨਾ ਹੈ।
ਨੋਟ: ਦਿਕਪਾਲ ਦਾ ਅਰਥ ਹੈ, “ਦਿਸ਼ਾ ਦੇ ਪਾਲਣ ਵਾਲਾ ਦੇਵਤਾ। ਪੁਰਾਣਾਂ ਅਨੁਸਾਰ ਦਸ਼ ਦਿਸ਼ਾ ਦੇ ਪਾਲਕ ਦਸ ਦੇਵਤਾ ਹਨ-ਪੂਰਵ ਦਾ ਇੰਦ੍ਰ, ਅਗਨਿ ਕੋਣ ਦਾ ਅਗਨਿ, ਦਖਿਣ ਦਾ ਯਮ, ਨੈਰਿਤੀ ਕੋਣ ਦਾ ਨੈਰਿਤ ਰਾਖਸ, ਪੱਛਮ ਦਾ ਵਰੁਣ, ਵਾਯਵੀ ਕੋਣ ਦਾ ਵਾਯੁ ਉੱਤਰ ਦਾ ਕੁਬੇਰ, ਈਸ਼ਾਨ ਦਾ ਸ਼ਿਵ, ਊਰਧ (ਉੱਪਰ ਵਲ) ਦਾ ਬ੍ਰਹਮਾ ਅਤੇ ਅਧੋ (ਹੇਠਾਂ ਵਲ) ਦਾ ਸ਼ੇਸ਼ਨਾਗ।”
ਦਿਗਪਤਿ ਦਾ ਅਰਥ ਹੈ, “ਜੋਤਸ਼ ਅਨੁਸਾਰ ਅੱਠ ਦਿਸ਼ਾ ਦੇ ਸੁਆਮੀ ਅੱਠ ਦੇਵਤਾ-ਦੱਖਣ ਦਾ ਮੰਗਲ, ਪੱਛਮ ਦਾ ਸ਼ਨੀ, ਉੱਤਰ ਦਾ ਬੁਧ, ਪੂਰਵ ਦਾ ਸੂਰਜ, ਅਗਨਿ ਕੋਣ ਦਾ ਸ਼ੁੱਕ੍ਰ, ਨੈਰਿਤੀ ਦਾ ਰਾਹੁ, ਵਾਯਵੀ ਕੋਣ ਦਾ ਚੰਦ੍ਰਮਾ ਅਤੇ ਈਸ਼ਾਨ ਦਾ ਵ੍ਰਿਹਸਪਤਿ।”
ਅਤੇ ਦਿਸ਼ਾਸ਼ੂਲ ਦਾ ਅਰਥ ਹੈ, “ਹਿੰਦੂਮਤ ਅਨੁਸਾਰ ਕਿਸੇ ਖ਼ਾਸ ਦਿਸ਼ਾ ਵਲ ਜਾਣ ਲਈ ਕੋਈ ਖ਼ਾਸ ਦਿਨ ਅਰ ਵੇਲਾ ਸ਼ੂਲ ਜੇਹਾ ਦੁਖਦਾਈ। ਜਿਵੇਂ- ਪੱਛਮ ਵਾਸਤੇ ਸ਼ੁਕ੍ਰ ਅਤੇ ਐਤਵਾਰ; ਉੱਤਰ ਲਈ ਮੰਗਲ ਅਤੇ ਬੁਧ; ਪੂਰਵ ਨੂੰ ਜਾਣ ਲਈ ਸ਼ਨੀ ਅਤੇ ਸੋਮ; ਦਖਿਣ ਵਾਸਤੇ ਵੀਰਵਾਰ।” (ਮਹਾਨ ਕੋਸ਼)
ਪਰ ਗੁਰਮਤਿ ਵਿੱਚ ਇਸ ਤਰ੍ਹਾਂ ਦਾ ਕੋਈ ਭਰਮ ਨਹੀਂ ਹੈ। ਭਾਈ ਗੁਰਦਾਸ ਜੀ ਇਸ ਸਬੰਧ ਵਿੱਚ ਲਿਖਦੇ ਹਨ:-
ਥਿਤ ਵਾਰ ਭਦਰਾਂ ਭਰਮ ਦਿਸ਼ਾਸ਼ੂਲ ਸਹਿਸਾ ਸੰਸਾਰਾ॥ (ਵਾਰ 5 ਪਉੜੀ 8) ਅਰਥ: ਥਿਤ ਤੇ ਵਾਰ, ਭਦ੍ਰਾਂ ਦਾ ਭਰਮ ਅਤੇ ਦਿਸ਼ਾ ਸ਼ੂਲ ਦਾ ਸੰਸਾਰ ਨੂੰ ਪਿਆ ਹੋਇਆ ਹੈ {ਪਰ ਗੁਰਮੁਖ ਜਨ ਇਸ ਭਰਮ ਤੋਂ ਮੁਕਤ ਹਨ}।
(ਨੋਟ: ਉਨ੍ਹਾਂ ਨਾਮ ਧਰੀਕ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਮੰਨੀਏ ਜਾਂ ਅਜਿਹੇ ਭਰਮੀਆਂ ਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਵੀ ਇਨ੍ਹਾਂ ਗੱਲਾਂ ਨੂੰ ਵਿਚਾਰਦੇ ਹਨ ਕਿ ਅਮਕੀ ਦਿਸ਼ਾ ਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ।)
ਗੁਰਬਾਣੀ ਤਾਂ ਮਨੁੱਖ ਨੂੰ ਇਨ੍ਹਾਂ ਦਿਸ਼ਾਂ ਦੇ ਭਰਮ ਤੋਂ ਮੁਕਤ ਕਰਦੀ ਹੈ। ਬਾਣੀ ਨੂੰ ਪੜ੍ਹਨ ਲਈ ਕਿਸੇ ਖ਼ਾਸ ਦਿਸ਼ਾ ਵਲ ਮੂੰਹ ਕਰਕੇ ਪੜ੍ਹਨ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਹੈ। ਸਿੱਖ ਨੂੰ ਤਾਂ ਅੰਤਰਮੁਖੀ ਹੋ ਕੇ, ਭਾਵ ਮਨ ਨੂੰ ਟਿਕਾ ਕੇ ਬਾਣੀ ਪੜ੍ਹਨ ਦੀ ਹਿਦਾਇਤ ਹੈ। ਗੁਰਬਾਣੀ ਨੂੰ ਇਸ ਤਰ੍ਹਾਂ ਪੜ੍ਹਨ ਨਾਲ ਹੀ ਮਨ ਵਿਚੋਂ ਮੰਦੀਆਂ ਵਾਸ਼ਨਾਵਾਂ ਖ਼ਤਮ ਹੁੰਦੀਆਂ ਹਨ।
ਬਾਣੀ ਕੇਵਲ ਪੜ੍ਹਨ ਨਾਲ ਹੀ ਦੁੱਖ ਦੂਰ ਨਹੀਂ ਹੁੰਦੇ। ਬਾਣੀ ਤਾਂ ਮਨੁੱਖ ਨੂੰ ਅਕਾਲ ਪੁਰਖ ਦੇ ਹੁਕਮ ਨੂੰ ਬੁਝਣ ਦੀ ਸੋਝੀ ਪ੍ਰਦਾਨ ਕਰਦੀ ਹੈ। ਬਾਣੀ ਵਿੱਚ ਮਨੁੱਖ ਨੂੰ ਇਹੀ ਤਾਂ ਸਮਝਾਇਆ ਗਿਆ ਹੈ ਕਿ ਪ੍ਰਭੂ ਦੇ ਹੁਕਮ ਨੂੰ ਸਮਝਿਆਂ ਹੀ ਮਨੁੱਖ ਆਤਮਕ ਤੌਰ `ਤੇ ਸੁਖੀ ਹੋ ਸਕਦਾ ਹੈ। ਗੁਰਬਾਣੀ ਦਾ ਇਸ ਸਬੰਧੀ ਨਿਰਣਾਇਕ ਫ਼ੈਸਲਾ ਹੈ ਕਿ ਪ੍ਰਾਣੀ ਉਤਨਾ ਚਿਰ ਦੁੱਖੀ ਹੀ ਰਹਿੰਦਾ ਹੈ ਜਿਤਨਾ ਚਿਰ ਇਹ ਪਰਮਾਤਮਾ ਦੇ ਹੁਕਮ ਨੂੰ ਨਹੀਂ ਬੁਝਦਾ:-
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ॥ ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ॥ (ਪੰਨਾ 400) ਅਰਥ: ਹੇ ਭਾਈ! ਜਦ ਤਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਉਤਨਾ ਚਿਰ ਤਕ ਹੀ ਦੁਖੀ ਰਹਿੰਦਾ ਹੈ। ਪਰ ਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਉਹ ਉਸੇ ਵੇਲੇ ਤੋਂ ਸੁਖੀ ਹੋ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੁੱਖਾਂ ਤੋਂ ਖਹਿੜਾ ਛੁਡਾਉਣ ਦਾ ਇਹੀ ਤਰੀਕਾ ਦਰਸਾਇਆ ਗਿਆ ਹੈ। ਜੇਕਰ ਕੋਈ ਪ੍ਰਾਣੀ ਇਸ ਤੋਂ ਭਿੰਨ ਕੋਈ ਤਰੀਕਾ ਬਿਆਨ ਕਰ ਰਿਹਾ ਹੈ ਤਾਂ ਇਹ ਉਸ ਮਨੁੱਖ ਦੀ ਆਪਣੀ ਮੱਤ ਦਾ ਚਮਤਕਾਰ ਹੀ ਮੰਨਣਾ ਚਾਹੀਦਾ ਹੈ। ਸਿੱਖ ਨੂੰ ਤਾਂ ਗੁਰੂ ਦੀ ਮੱਤ ਲੈਣੀ ਹੀ ਬਣ ਆਈ ਹੈ। ਇਸ ਲਈ ਸਾਨੂੰ ਗੁਰਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾ ਕੇ ਦੁੱਖਾਂ ਤੋਂ ਖਹਿੜਾ ਛੁਡਾਉਣ ਦਾ ਹੀ ਉਪਰਾਲਾ ਕਰਨਾ ਚਾਹੀਦਾ ਹੈ ਨਾ ਕਿ ਇਹੋ ਜਿਹੀਆਂ ਤੰਤ੍ਰ ਵਿਧੀਆਂ ਅਨੁਸਾਰ। ਚੂੰਕਿ ਇਨ੍ਹਾਂ ਵਿਧੀਆਂ ਨਾਲ ਨਾ ਤਾਂ ਕਿਸੇ ਦਾ ਕਦੀ ਵੀ ਦੁੱਖ ਦੂਰ ਨਹੀਂ ਹੋਇਆ ਹੈ।
ਜਿੱਥੋਂ ਤੱਕ ਲੇਖਕ ਦਾ ਇਹ ਲਿਖਣਾ ਹੈ ਕਿ ਇਸ ਤਰ੍ਹਾਂ ਨਾਲ ‘ਦੁਸ਼ਮਨ ਅਧੀਨ ਹੋਵੇ’, ਇਸ ਸਬੰਧੀ ਅਸੀਂ ਪਹਿਲਾਂ ਵਿਚਾਰ ਕਰ ਚੁਕੇ ਹੋਏ ਹਾਂ। ਇੱਥੇ ਕੇਵਲ ਇਤਨੀ ਕੁ ਹੀ ਵੀਚਾਰ ਕਰ ਰਹੇ ਹਾਂ ਕਿ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਜਿਹੜੇ ਦੁਸ਼ਮਨ ਕਮਜ਼ੋਰ ਹੁੰਦੇ ਹਨ, ਉਹ ਕਿਹੜੇ ਹਨ ਅਥਵਾ ਉਨ੍ਹਾਂ ਦਾ ਕੀ ਸਰੂਪ ਹੈ।
ਮਨੁੱਖ ਦੇ ਦੁਸ਼ਮਨ ਹਨ: ਕਾਮ, ਕ੍ਰੋਧ, ਲੋਭ, ਮੋਹ ਹੰਕਾਰ, ਈਰਖਾ, ਨਿੰਦਿਆਂ ਚੁਗਲੀ, ਮੇਰ-ਤੇਰ, ਆਪਾ ਭਾਵ ਆਦਿ। ਇਹ ਵੈਰੀ ਮਨੁੱਖ ਦੇ ਅੰਦਰੋਂ ਦੈਵੀ ਗੁਣਾਂ ਦੀ ਪੂੰਜੀ ਨੂੰ ਬੜੀ ਬੇਰਹਿਮੀ ਨਾਲ ਲੁਟਦੇ ਰਹਿੰਦੇ ਹਨ। ਇਨ੍ਹਾਂ ਦੀ ਅਧੀਨਗੀ ਪ੍ਰਵਾਨ ਕਰਕੇ ਜ਼ਿੰਦਗੀ ਬਸਰ ਕਰਨ ਵਾਲੇ ਪ੍ਰਾਣੀਆਂ ਦੇ ਅੰਦਰੋਂ ਇਨਸਾਨੀਅਤ ਖੰਭ ਲਾ ਕੇ ਉੱਡ-ਪੁੱਡ ਜਾਂਦੀ ਹੈ। ਗੁਰਬਾਣੀ ਦੇ ਭਾਵ ਨੂੰ ਮਨ ਵਿੱਚ ਵਸਾਉਣ ਨਾਲ ਮਨੁੱਖ ਆਪਣੇ ਅੰਦਰਲੇ ਦੁਸ਼ਮਨਾਂ ਨੂੰ ਕਮਜ਼ੋਰ ਕਰਕੇ ਆਪਣੇ ਵੱਸ `ਚ ਕਰਨ ਵਿੱਚ ਕਾਮਯਾਬ ਹੁੰਦਾ ਹੈ। ਬਾਣੀ ਵਿੱਚ ਆਤਮਕ ਤਲ ਦੇ ਜਿੳਂੂਣ ਲਈ ਹੀ ਬਾਣੀ ਵਿੱਚ ਮਨੁੱਖ ਨੂੰ ਇਨ੍ਹਾਂ ਦੁਸ਼ਮਨਾਂ ਨੂੰ ਮਾਰਨ ਅਥਵਾ ਵੱਸ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਨ੍ਹਾਂ ਦੁਸ਼ਮਨਾਂ ਦੇ ਇਸ ਰੂਪ ਨੂੰ ਦੇਖਿਆ ਜਾ ਸਕਦਾ ਹੈ:-
(ੳ) ਸੁਖ ਸੋਹਿਲੜੇ ਹਰਿ ਗਾਵਣ ਲਾਗੇ॥ ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ॥ (ਪੰਨਾ 459) ਅਰਥ: ਹੇ ਭਾਈ! ਪਰਮਾਤਮਾ ਦੇ ਭਗਤ (ਹਰਿ-ਜਨ) ਜਦੋਂ ਪਰਮਾਤਮਾ ਦੇ ਸੁਖਦਾਈ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ ਤਾਂ (ਉਹਨਾਂ ਦੇ ਅੰਦਰ ਸ਼ੁਭ ਗੁਣ) ਮਿੱਤਰ ਵਧਦੇ ਫੁੱਲਦੇ ਹਨ, ਉਹਨਾਂ ਦੇ ਦੁੱਖ (ਤੇ ਕਾਮਾਦਿਕ) ਵੈਰੀ ਨੱਸ ਜਾਂਦੇ ਹਨ।
(ਅ) ਗੁਰਿ ਪੂਰੈ ਪੂਰੀ ਕੀਤੀ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ॥ 1॥ ਰਹਾਉ॥ (ਪੰਨਾ 630) ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ, ਪ੍ਰਭੂ ਨੇ (ਉਸ ਦੇ) ਸਾਰੇ ਹੀ (ਕਾਮਾਦਿਕ) ਵੈਰੀ ਮਾਰ ਮੁਕਾਏ; ਤੇ ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ।੧।ਰਹਾਉ।
(ੲ) ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ॥ (ਪੰਨਾ 851) ਅਰਥ: ਹੇ ਸੰਤ ਜਨੋ! ਵੇਖੋ, ਪਰਮਾਤਮਾ ਦੀ ਭਗਤੀ ਕਰਨ ਦਾ ਇਹ ਗੁਣ ਹੈ ਕਿ ਉਸ (ਪਰਮਾਤਮਾ) ਨੇ (ਭਗਤੀ ਕਰਨ ਵਾਲੇ ਆਪਣੇ ਸੇਵਕ ਦੇ) ਸਰੀਰ-ਨਗਰ ਵਿਚੋਂ (ਕਾਮਾਦਿਕ) ਸਾਰੇ ਵੈਰੀ ਦੁਸ਼ਮਨ ਮਾਰ ਕੇ (ਬਾਹਰ) ਕੱਢ ਦਿੱਤੇ ਹੁੰਦੇ ਹਨ।
ਗੁਰਬਾਣੀ ਸਾਨੂੰ ਬਾਹਰਲੇ ਨਹੀਂ ਸਗੋਂ ਅੰਦਰਲੇ ਦੁਸ਼ਮਨਾਂ ਨੂੰ ਅਧੀਨ ਕਰਨ ਦੀ ਜੁਗਤੀ ਦਰਸਾਉਂਦੀ ਹੈ। ਜਿਨ੍ਹਾਂ ਨੇ ਆਪਣੇ ਅੰਦਰਲੇ ਦੁਸ਼ਮਨਾਂ ਨੂੰ ਕਮਜ਼ੋਰ ਕਰਕੇ ਆਪਣੇ ਅਧੀਨ ਕਰ ਲਿਆ ਹੈ, ਉਨ੍ਹਾਂ ਨੇ ਹੀ ਸਹੀ ਅਰਥਾਂ ਵਿੱਚ ਗੁਰਬਾਣੀ ਦਾ ਲਾਭ ਉਠਾਇਆ ਹੈ। ਆਪਣੇ ਇਨ੍ਹਾਂ ਦੁਸ਼ਮਨਾਂ ਨੂੰ ਕਾਬੂ ਕਰਨ ਵਾਲਾ ਹੀ ਸਹੀ ਅਰਥਾਂ ਵਿੱਚ ਸੰਤ ਸਿਪਾਹੀ ਹੋ ਸਕਦਾ ਹੈ। ਅਜਿਹਾ ਵਿਅਕਤੀ ਹੀ ਸਹੀ ਅਰਥਾਂ ਵਿੱਚ ਜ਼ੁਲਮ ਅਨਿਆਂ ਦੇ ਵਿਰੁੱਧ ਆਵਾਜ਼ ਉਠਾ ਸਕਦਾ ਹੈ ਅਤੇ ਮਨੁੱਖਤਾ ਦੇ ਦੁਸ਼ਮਨਾਂ ਨੂੰ ਵੰਗਾਰ ਸਕਦਾ ਹੈ। ਧਿਆਨ ਰਹੇ ਕਿ ਅਜਿਹੇ ਸੰਤ ਸਿਪਾਹੀ ਇਸੇ ਲਈ ਹੀ ਉਹ ਕਿਸੇ ਕਿਸੇ ਖ਼ਾਸ ਧਰਮ, ਫ਼ਿਰਕੇ, ਜ਼ਾਤ ਜਾਂ ਇਲਾਕੇ ਆਦਿ ਨਾਲ ਸਬੰਧ ਰੱਖਣ ਵਾਲਿਆਂ ਨੂੰ ਇਸ ਲਈ ਆਪਣਾ ਦੁਸ਼ਮਨ ਨਹੀਂ ਸਮਝਦੇ। ਉਹ ਤਾਂ ਕੇਵਲ ਇਨਸਾਨੀਅਤ ਦੇ ਦੁਸ਼ਮਨਾਂ ਨੂੰ ਆਪਣਾ ਦੁਸ਼ਮਨ ਸਮਝ ਕੇ ਉਨ੍ਹਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ।
ਸੋ ਗੱਲ ਕੀ, ਬਾਣੀ ਸਾਨੂੰ ਮਨ ਨੂੰ ਕਾਬੂ ਕਰਨ ਦੀ ਪ੍ਰੇਰਨਾ ਦੇਂਦੀ ਹੈ। ਬਾਣੀ ਵਿੱਚ ਆਪਣੇ ਮਨ ਨੂੰ ਕਾਬੂ ਕਰਨ ਵਾਲਿਆਂ ਨੂੰ ਹੀ ਸੰਸਾਰ-ਜੇਤੂ ਕਰਾਰ ਦਿੱਤਾ ਹੋਇਆ ਹੈ। ਅਜਿਹੇ ਜੇਤੂਆਂ ਦੇ ਮਨ ਦੀ ਦਸ਼ਾ ਦੀ ਹੀ ਨਿਮਨ ਲਿਖਤ ਪੰਗਤੀਆਂ ਤਰਜਮਾਨੀ ਕਰ ਰਹੀਆਂ ਹਨ:-
. . ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ ੩॥ (ਪੰਨਾ ੬੭੧) ਅਰਥ: (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ। ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ।੨।
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ। ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ।
ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ:-
ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ॥ (ਪੰਨਾ 278) ਅਰਥ: ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ, ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।
ਸੋ, ਸਾਨੂੰ ਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਅਤੇ ਵਿਚਾਰ ਕੇ ਇਸ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ ਨਾ ਕਿ ਇਹੋ ਜਿਹੀਆਂ ਵਿਧੀਆਂ ਅਨੁਸਾਰ ਬਾਣੀ ਨੂੰ ਪੜ੍ਹਨ ਦੀ। ਇਹੋ ਜਿਹੀਆਂ ਵਿਧੀਆਂ ਨਾਲ ਬਾਣੀ ਦੇ ਗਿਣਤੀ ਦੇ ਪਾਠ ਕਰਨ ਨਾਲ ਕੁੱਝ ਮਿਲਦਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਵਿਧੀਆਂ ਦਾ ਜ਼ਿਕਰ ਅਵੱਸ਼ ਹੁੰਦਾ।
ਜਸਬੀਰ ਸਿੰਘ ਵੈਨਕੂਵਰ




.