.

ਪਿਛਲੇ ਜਨਮ ਦੀ ਸਜਾ ਕਰਕੇ ਸਿੱਖ ਸ਼ਹੀਦਾਂ ਦਾ ਕੀ ਕਰੀਏ?

ਬੰਦਾ ਪਿਛਲੇ ਜਨਮ ਦੀ ਸਜਾ ਭੁਗਤਣ ਆਉਂਦਾ ਹੈ। ਕਈ ਵਾਰੀ ਸਜਾ ਭੁਗਤਣੀ ਬਾਕੀ ਬੱਚ ਜਾਂਦੀ ਹੈ ਤੇ ਮਨੁੱਖ ਨੂੰ ਫਿਰ ਜਨਮ ਲੈਣਾ ਪੈਂਦਾ ਹੈ। ਫਿਰ ਸਜਾ ਭੁਗਤਦਾ ਹੈ ਤੇ ਫਿਰ ਜਨਮ ਲੈਂਦਾ ਹੈ। ਬਹੁਤ ਵਾਰੀ ਰੂਹਾਂ ਅਸਮਾਨ ਵਿੱਚ ਫਿਰਦੀਆਂ ਰਹਿੰਦੀਆਂ ਹਨ ਤੇ ਚੰਗੀ ਮਾੜੀ ਕੁੱਖ ਦੀ ਉਡੀਕ ਕਰਦੀਆਂ ਹਨ। ਇਸਦਾ ਮਤਲਬ ਤਾਂ ਇਹ ਹੋਇਆ ਕਿ ਸਜਾ ਭੁਗਤਣੀ ਤੇ ਜਨਮ ਲੈਣਾ ਬੰਦੇ ਦੇ ਆਪਣੇ ਹੱਥ ਵਿੱਚ ਹੈ? ਮਸਕੀਨ ਜੀ ਨੂੰ ਜਦੋਂ ਇਹ ਪੁਛਿਆ ਗਿਆ ਕਿ ਕੀ ਤੁਸੀਂ ਮਾਤਾ ਭਾਨੀ ਨੂੰ ਜਾਣਦੇ ਹੋ? ਉਹ ਤਾਂ ਮੇਰੇ ਗਲ ਹੀ ਪੈ ਗਿਆ। ਫਿਰ ਮੈਂ ਆਪਣਾ ਸਵਾਲ ਫਿਰ ਦੁਹਰਾਇਆ ਤੇ ਪੁਛਿਆ ਕਿ ਇਕੋ ਕੁੱਖ ਵਿਚੋਂ ਤਿੰਨ ਬੱਚੇ ਪੈਦਾ ਹੋਏ ਤੇ ਤਿੰਨੇ ਹੀ ਵੱਖੋ ਵੱਖਰੇ ਹਨ, ਇੱਕ ਸਰਕਾਰੀਆ “ਪਿਰਥੀ ਚੰਦ”, ਦੂਜਾ ਜਿਸਨੂੰ ਦੁਨੀਆਂ ਬਾਰੇ ਕੋਈ ਪਤਾ ਹੀ ਨਹੀਂ, “ਮਹਾਂਦੇਵ” ਤੇ ਤੀਸਰਾ ਜਿਸਨੇ ਗੁਰੂ ਪਿਤਾ ਦੀ ਸੋਚ ਨੂੰ ਅਪਣਾਇਆ ਤੇ ਗੁਰੂ ਪੱਦਵੀ ਪ੍ਰਾਪੱਤ ਕੀਤੀ, “ਗੁਰੂ ਅਰਜਨ ਪਾਤਸ਼ਾਹ” ? ਇਹ ਸਵਾਲ ਸੰਤ ਸਿੰਘ ਮਸਕੀਨ ਨੂੰ 1994 ਵਿੱਚ ਪਾਏ ਸਨ ਜਦੋਂ ਉਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੀ ਬਰਸੀ ਰਕਾਬਗੰਜ ਗੁਰਵਾਰੇ ਦੇ ਵੱਡੇ ਖੁਲੇ ਹਾਲ ਵਿੱਚ ਮਨਾਉਣ ਸਮੇਂ, ਕਥਾ ਕਰਨ ਤੋਂ ਬਾਅਦ, ਬਾਹਰ ਆਏ ਤੇ ਉਨ੍ਹਾਂ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਸਿੱਖ ਕੌੰਮ ਨੂੰ ਜਗਾਉਣਾ ਕੋਈ ਮੁਸ਼ਕਲ ਨਹੀਂ। ਜੇ ਕਰ ਇਸਦੇ ਪ੍ਰਚਾਰਕ ਸੁਧਰ ਜਾਣ ਤਾਂ ਕੌਮ ਆਪਣੇ ਆਪ ਸਿੱਧੇ ਰਾਹੇ ਪੈ ਜਾਵੇਗੀ।
ਪਿਛਲੇ ਜਨਮ ਦੇ ਕਰਮਾਂ ਦੀ ਸਜਾ ਇਸ ਜਨਮ ਵਿੱਚ ਦਵਾਉਣ ਵਾਲਿਓ! ਹੁਣ ਤੁਹਾਡੇ ਨਾਮ ਕੁੱਝ ਸਵਾਲ ਹਨ। ਜੇ ਕਰ ਮਨੁੱਖ ਇਸ ਜਨਮ ਵਿੱਚ ਆਪਣੇ ਪਿਛਲੇ ਜਨਮ ਦੀ ਸਜਾ ਭੁਗਤਣ ਆਉਂਦਾ ਹੈ ਤਾਂ:
1. ਗੁਰੂ ਅਰਜਨ ਪਿਤਾ ਜੀ ਦੀ ਸ਼ਹਾਦਤ ਬਾਰੇ ਤੁਹਾਡੇ ਕੀ ਵੀਚਾਰ ਹਨ? ਤੁਹਾਡੇ ਸਿਧਾਂਤ/ਬ੍ਰਾਹਮਣੀ ਸੋਚ ਮੁਤਾਬਕ ਤਾਂ ਗੁਰੂ ਪਿਤਾ ਨੂੰ ਪਿਛਲੇ ਜਨਮ ਦੀ ਸਜਾ ਦਿੱਤੀ ਗਈ। ਫਿਰ ਗੁਰੂ ਅਰਜਨ ਪਾਤਸ਼ਾਹ, ਜਿਨ੍ਹਾਂ ਨੂੰ ਅਸੀਂ ਸਤਿਕਾਰ ਸਹਿਤ ਸਿੱਖਾਂ ਦੇ ਪਹਿਲੇ ਸ਼ਹੀਦ ਦੇ ਨਾਮ ਨਾਲ ਯਾਦ ਕਰਦੇ ਹਾਂ, ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
2. ਸੱਤਵੇਂ, ਅੱਠਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ? ਸੱਤਵੇਂ ਗੁਰੂ ਜੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਖੁਲਾਸਾ ਡਾ. ਸੰਗਤ ਸਿੰਘ ਜੀ ਆਪਣੀ ਕਿਤਾਬ, “ਸਿੱਖ ਇਤਹਾਸ ਵਿਚ” ਕਰਦੇ ਹਨ।
3. ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
4. ਚਾਰਾਂ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
5. ਪੰਜਾਂ ਪਿਆਰਿਆਂ ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
6. ਲੱਖਾਂ ਸਿੰਘਾਂ ਤੇ ਸਿੰਘਣੀਆਂ, ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ, ਦੀ ਸ਼ਹਾਦਤ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
7. ਜਿਹੜੇ ਦੇਗਾਂ ਵਿੱਚ ਉਬਾਲੇ ਗਏ, ਆਰਿਆਂ ਨਾਲ ਚੀਰੇ ਗਏ, ਜਿਨ੍ਹਾਂ ਦੇ ਖੋਪਰ ਰੰਬੀਆਂ ਨਾਲ ਉਤਾਰੇ ਗਏ, ਜਿਨ੍ਹਾਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪੁਆਏ, ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
8. 180 ਦੇ ਕਰੀਬ, ਜਿਨ੍ਹਾਂ ਵਿਚੋਂ ਸਾਡੇ ਕੋਲ 150-55ਕੁ ਦੇ ਨਾਮ ਹੀ ਉਪਲੱਬਤ ਹਨ, ਜਿਹੜੇ ਸਿੰਘ ਨਨਕਾਣੇ ਵਿੱਚ ਜੰਡ ਨਾਲ ਬੰਨ ਕੇ ਅਤੇ ਉਂਞ ਗੋਲੀਆਂ ਮਾਰ ਕੇ ਜਾਂ ਵੱਡ-ਟੁੱਕ ਕੇ ਸ਼ਹੀਦ ਕੀਤੇ ਗਏ ਨੂੰ ਹੁਣ ਆਪਾਂ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
9. ਗੁਰੂ ਕੇ ਬਾਗ ਦੇ ਮੋਰਚੇ ਦੀਆਂ ਸ਼ਹੀਦੀਆਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
10. ਜੈਤੋ ਗੰਗਸਰ ਦੇ ਮੋਰਚੇ ਵਾਲੀਆ ਸ਼ਹੀਦੀਆਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ?
11. ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦਾ ਪੁਤਰ ਅਜੇ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਤੇ ਹੋਰ ਸਾਰੇ ਸਾਥੀ ਸਿੰਘ ਜਿਨ੍ਹਾਂ ਨੇ ਪਹਿਲੇ ਖਾਲਸਾ ਰਾਜ ਦੀ ਨੀਂਹ ਆਪਣੀਆਂ ਖੋਪਰੀਆਂ ਤੇ ਰੱਖੀ, ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਵਰਗੇ ਸ਼ਹੀਦਾਂ ਨੂੰ ਕਿਹੜੇ ਨਾਮ ਨਾਲ ਯਾਦ ਕਰਿਆ ਕਰੀਏ।
ਜੇ ਕਰ ਉਪਰ ਲਿਖਤ ਵਿੱਚ ਵਰਣਤ ਸਾਰੇ ਸ਼ਹੀਦਾਂ ਨੂੰ ਉਨ੍ਹਾਂ ਦੇ ਪਿਛਲੇ ਜਨਮ ਦੀ ਸਜਾ ਹੀ ਮਿਲੀ ਹੈ ਤਾਂ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਤੁਹਾਡੀ ਕੌਮ ਕੋਲ ਕੋਈ ਸ਼ਹੀਦ ਵੀ ਹੈ? ਜੇ ਹੈ ਤਾਂ ਕਿਉਂ?
ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਇਤਹਾਸ ਵਿਚੋਂ ਮਿਲ ਸਕਦੀਆਂ ਹਨ ਪਰ ਲੇਖ ਨੂੰ ਬਹੁਤਾ ਲੰਬਾ ਖਿਚਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਬਾਕੀ ਦੀਆਂ ਸ਼ਹਾਦਤਾਂ ਬਾਰੇ ਵੀ ਕੁੱਝ ਸੋਚ ਲੈਣਾ?
ਹੁਣ ਕੁੱਝ ਹੋਰ ਵਸਾਲ ਜਿਹੜੇ ਜਨਤਾ ਵਲੋਂ ਅਕਸਰ ਕੀਤੇ ਹੀ ਜਾਂਦੇ ਹਨ। ਜਿਵੇਂ:
ਤਿੰਨ ਚਾਰ ਸਾਲ ਦੀ ਬੱਚੀ ਦਾ ਰੇਪ। ਇਹ ਕਿਸੇ ਅਯਾਸ਼ ਦਿਮਾਗ ਦੀ ਉਤਪਤੀ ਹੈ ਨਾ ਕਿ ਕਿਸੇ ਪਿਛੇਲੇ ਜਨਮ ਦੇ ਕਰਮਾਂ ਦਾ ਫਲ। ਜੇ ਇਹ ਪਿਛਲੇ ਜਨਮ ਦੀ ਸਜਾ ਹੈ ਤਾਂ ਇਸ ਸੰਸਾਰ ਵਿੱਚ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਕਾਨੂੰਨ ਦੀ ਲੋੜ ਨਹੀਂ। ਕਚਿਹਰੀਆਂ, ਪੁਲੀਸ, ਜੱਜਾਂ ਅਤੇ ਡੀ. ਸੀਆਂ ਦੀ ਲੋੜ ਨਹੀਂ। ਕਿਉਂਕਿ ਜੇ ਕਰ ਕੋਈ ਕਿਸੇ ਦਾ ਪਰਸ ਖੋਹ ਕੇ ਨੱਠਦਾ ਹੈ ਤਾਂ ਸਾਨੂੰ ਆਪ ਜਾ ਕੇ ਉਸ ਨੂੰ ਵਧਾਈ ਦੇਣੀ ਬਣਦੀ ਹੈ; ਕਿ ਭਾਈ ਜੀ, ਵੀਰ ਜੀਓ! ਪਰਸ ਤਾਂ ਤੁਸੀਂ ਲੈ ਹੀ ਲਿਆ ਹੈ, ਆਹ ਲਓ ਮੇਰਾ ਕੋਟ ਕਿਉਂਕਿ ਪਿਛਲੇ ਜਨਮ ਵਿੱਚ ਮੈਂ ਤੁਹਾਡਾ ਕੋਟ ਵੀ ਲੈ ਗਿਆ ਸੀ ਤੇ ਅਰਾਮ ਨਾਲ ਜਾਓ ਤੇ ਅਨੰਦ ਮਾਣੋ।
ਬੱਚਿਆਂ ਦਾ ਗਰੀਬ ਤੇ ਅਮੀਰ ਘਰ ਵਿੱਚ ਪੈਦਾ ਹੋਣਾ। ਇਹ ਗਰੀਬੀ ਅਸੀਂ ਬਣਾਈ ਹੈ। ਇਹ ਵੰਡੀਆਂ ਵੀ ਅਸੀਂ ਹੀ ਪਾਈਆਂ ਹੋਈਆਂ ਹਨ। ਰੱਬ ਜੀ ਨੇ ਇੱਕ ਧਰਤੀ ਬਣਾਈ ਸੀ ਸਾਰੀ ਮਨੁੱਖਤਾ ਦੇ ਰਹਿਣ ਲਈ। ਇਹ ਹੱਦਾਂ ਬੰਨੇ ਅਸੀਂ ਬਣਾਏ ਹਨ ਤੇ ਅਸੀਂ ਹੀ ਢਾਹੁਉਂਦੇ ਹਾਂ। ਬੰਗਲਾ ਦੇਸ਼, ਬਰਮਾ ਜਿਸਨੂੰ ਅੱਜ ਮੀਆਮੀਰ ਕਿਹਾ ਜਾਂਦਾ ਹੈ, ਪਾਕਿਸਤਾਨ, ਉਤਰੀ ਅਤੇ ਦੱਖਣੀ ਕੋਰੀਆ ਸਾਡੀਆਂ ਪਾਈਆਂ ਹੋਈਆਂ ਵੰਡੀਆਂ ਕਾਰਣ ਬਣੇ ਹਨ। ਜੇ ਦੋਵੇਂ ਜਰਮਨ ਫਿਰ ਤੋਂ ਇੱਕ ਹੋਏ ਹਨ ਤਾ ਵੀ ਮਨੁੱਖੀ ਸੋਚ ਕਰਕੇ। ਇਹ ਅਸੀਂ ਬਾਣਾਏ ਹਨ ਕਿਸੇ ਰੱਬ ਜੀ ਨੇ ਨਹੀਂ ਬਣਾਏ। ਅਮੀਰੀ ਤੇ ਗਰੀਬੀ ਵੀ ਬੰਦੇ ਦੀ ਪਦਾਇਸ਼ ਹੈ ਰੱਬ ਜੀ ਦੀ ਨਹੀਂ।
ਇਸ ਸੰਸਾਰ ਵਿੱਚ ਵੱਡਾ-ਟੁਕੀ ਵੀ ਬੰਦੇ ਦੀ ਨੀਤੀ ਮੁਤਾਬਕ ਹੋ ਰਹੀ ਹੈ। ਜੇ ਕਰ ਹਿੰਦੋਸਤਾਨ ਤੇ ਪਾਕਿਸਤਾਨ ਦੀ ਵੰਡ ਸਮੇਂ 10 ਲੱਖ ਲੋਕਾਂ ਦੀ ਜਾਨ ਲਈ ਗਈ ਹੈ ਤਾਂ ਵੀ ਕਿਸੇ ਜੀਵ ਦੇ ਪਿਛਲੇ ਜਨਮ ਦੇ ਕਰਮਾਂ ਦੇ ਫਲ ਕਰਕੇ ਨਹੀਂ ਸਗੋਂ ਨਹਿਰੂ, ਗਾਂਧੀ ਤੇ ਜਿਨਹਾ ਦੀ ਨੀਅਤ ਕਰਕੇ ਲੋਕਾਂ ਦੀ ਬੇਪਤੀ ਹੋਈ, ਲੋਕਾਂ ਦੀ ਜਾਨ ਗਈ, ਘਰ-ਘਾਟ ਤਬਾਹ ਹੋਏ। ਬਾਪ ਨੇ ਇਹ ਸੋਚ ਕੇ ਆਪਣੀਆਂ ਲੜਕੀਆਂ ਦੀ ਆਪਣੇ ਹੱਥੀਂ ਜਾਨ ਲਈ ਕਿ ਕਿਤੇ ਮੇਰੀਆਂ ਇਨ੍ਹਾਂ ਧੀਆਂ ਨੂੰ ਮੁਸਲਮਾਨ ਨਾ ਲੈ ਜਾਣ। ਜੇ ਕਰ ਹਿਟਲਰ ਜਾਂ ਸਟਾਲਨ ਦੀ ਗੱਲ ਵੀ ਕਰਨੀ ਹੈ ਤਾਂ ਵੀ ਸਿੱਖ ਸਿਧਾਂਤ ਮੁਤਾਬਕ ਮਨੁੱਖੀ ਕਸੂਰ ਨੂੰ ਰੱਬ ਜੀ ਦੇ ਨਾਮ ਨਹੀਂ ਮੜਿਆ ਜਾ ਸਕਦਾ।
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ॥ {ਪੰਨਾ 795}
‘ਭਗਤਿ ਹੀਣੁ’ ਜੇ ਮਨੁੱਖ ਮਾੜਾ ਹੈ ‘ਤਾ ਖਸਮੈ ਨਾਉ ਨ ਜਾਈ’ ਤਾਂ ਇਸਦਾ ਦੋਸ ਖਸਮ ਜੀ, ਰੱਬ ਜੀ ਨੂੰ ਨਹੀਂ ਦਿੱਤਾ ਜਾ ਸਕਦਾ।
ਅਸੀਂ ਤਾਂ ਇਤਨੇ ਬੇਸਮਝ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਵੀ ਇਹ ਕਹਿ ਕੇ,
“ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ 2॥ 42॥ 93॥ {ਪੰਨਾ 394} “ਰੱਬ ਦੇ ਨਾਮ ਮੜ ਦਿੱਤਾ ਜਦੋਂ ਕਿ ਜਹਾਂਗੀਰ ਆਪਣੀ ਕਿਤਾਬ, ‘ਤੁਜਕੇ ਜਹਾਂਗੀਰ’ ਵਿੱਚ ਸਾਫ ਲਿਖਦਾ ਹੈ ਕਿ ਬਹੁਤ ਚਿਰਾਂ ਤੋਂ ਮੈਂ ਇਹ ਸੋਚ ਰਿਹਾ ਸੀ ਕਿ ਇਸ (ਸਿੱਖ ਲਹਿਰ) ਝੂਠ ਦੀ ਦੁਕਾਨ ਨੂੰ ਕਿਵੇਂ ਬੰਦ ਕੀਤਾ ਜਾਵੇ। ਇਹ ਪੰਗਤੀ ਇਥੇ ਠੀਕ ਨਹੀਂ ਬੈਠਦੀ। `ਤੇਰਾ ਕੀਆ’ ਰੱਬ ਜੀ ਦਾ ਨਹੀਂ ਇਥੇ ਜਹਾਂਗੀਰ ਦਾ ਹੈ। ਹੁਣ ਕੁੱਝ ਵੀਰ ਇਹ ਵੀ ਕਹਿ ਸਕਦੇ ਹਨ ਕਿ ਜਹਾਂਗੀਰ ਵਿੱਚ ਵੀ ਰੱਬ ਹੀ ਵੱਸਦਾ ਹੈ। ਇਸਦਾ ਉਤਰ ਹੈ ਕਿ ਰੱਬ ਜੀ ਕਿਸੇ ਨੂੰ ਮਾੜਾ ਕੰਮ ਕਰਨ ਦੀ ਪ੍ਰੇਰਨਾ ਇਸ ਕਰਕੇ ਨਹੀਂ ਕਰਦੇ ਕਿਉਂਕਿ ਰੱਬ ਜੀ ਆਪ ਚੰਗੇ ਹਨ ਤੇ ਚੰਗੇ ਗੁਣਾਂ ਦੇ ਮੁਜੱਸਮੇ ਨੂੰ ਹੀ ਰੱਬ ਜੀ ਕਿਹਾ ਜਾ ਸਕਦਾ ਹੈ ਇਸ ਕਰਕੇ ਇਹ ਹੁਕਮ ਜਹਾਂਗੀਰ ਦਾ ਹੈ ਨਾ ਕਿ ਰੱਬ ਜੀ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਪਟਨ। ਮੋਬਾਈਲ# 716 536 2346॥
Singh Sabha International Canada. www.singhsabhacanada.com




.