.

“ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਭਾਗ ਦੂਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਭਾਗ ਇੱਕ ਤੋਂ ਅੱਗੇ)

ਇਸ ਗੁਰਮਤਿ ਪਾਠ ਨੰ: ੧੨੩ ਦੇ ਪਹਿਲੇ ਭਾਗ `ਚ ਬੇਨਤੀ ਕਰ ਚੁੱਕੇ ਹਾਂ ਕਿ ਹੱਥਲੇ ਵਿਸ਼ੇ ਨੂੰ ਸਮਝਣ ਲਈ ਧਿਆਨ ਦੇਣਾ ਹੈ ਕਿ “ਗੁਰੂ ਦਰ ਨਾਲ ਸਬੰਧਤ, ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ” ਜਿਸ ‘ਗੁਰੂ’ ਦੀ ਗੱਲ ਗੁਰਬਾਣੀ `ਚ ਆਦਿ ਤੋਂ ਅੰਤ ਤੱਕ ਕੀਤੀ ਗਈ ਹੈ ਉਸ ‘ਗੁਰੂ’ ਵਾਲੀ ਸਚਾਈ ਨੂੰ ਸਮਝਣ ਲਈ ਵੀ ਇਸ ਦੇ ਤਿੰਨ ਮੁੱਖ ਪੱਖ ਸਮਝਣੇ ਹਨ, ਜਿਨ੍ਹਾਂ ਵਿਚੋਂ (ੳ) “ਗੁਰਬਾਣੀ ਅਨੁਸਾਰ ‘ਗੁਰੂ’ ਕੌਣ ਹੈ ਤੇ ਇਸ ਗੁਰੂ ਪਦ ਦੇ ਅਰਥ ਅਤੇ ਇਲਾਹੀ ਸੀਮਾ ਕੀ ਹੈ” ? ਵਾਲੇ ਵਿਸ਼ੇ `ਤੇ ਵਿਚਾਰ ਲਗਭਗ ਕਰ ਚੁੱਕੇ ਹਾਂ ਤੇ ਫ਼ਿਰ ਵੀ ਕੁੱਝ ਹੋਰ:-

ਇਸ ਤਰ੍ਹਾਂ ਹੁਣ ਤੱਕ ਸਪਸ਼ਟ ਹੋ ਚੁੱਕਾ ਹੈ, ਜੇਕਰ ਇਸ ਪੱਖੋਂ ਗੁਰਬਾਣੀ ਦੀ ਕੁੱਝ ਗਹਿਰਾਈ ਤੋਂ ਵਿਚਾਰ ਕੀਤੀ ਜਾਵੇ ਤਾਂ “ਗੁਰੂ ਦਰ ਨਾਲ ਸਬੰਧਤ ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ” ਭਾਵ ਜਿਸ ਗੁਰੂ ਦੀ ਗੱਲ ਗੁਰਬਾਣੀ `ਚ ਆਦਿ ਤੋਂ ਅੰਤ ਤੱਕ ਕੀਤੀ ਗਈ ਹੈ। ਉਹ ‘ਗੁਰੂ’ ਪਦ ਵੀ ਗੁਰਬਾਣੀ `ਚ ਹੀ ਮੋਟੇ ਤੌਰ `ਤੇ ਭਿੰਨ-ਭਿੰਨ ਤਿੰਨ ਰੂਪਾਂ `ਚ ਆਇਆ ਹੈ। ਗੁਰਬਾਣੀ `ਚ ਉਹ ਗੁਰੂ ਪਦ-ਅਕਾਲਪੁਰਖ ਲਈ ਵਰਤੇ ਗਏ ਉਹਨਾਂ ਬੇਅੰਤ ਕਿਰਤਮ ਨਾਵਾਂ ਜਿਵੇਂ ਰਹੀਮ, ਕਰੀਮ, ਰਾਮ, ਬੀਠੁਲ ਆਦਿ ਬੇਅੰਤ ਲਫ਼ਜ਼ ਆਏ ਹਨ, ਉਸ ਤਰ੍ਹਾਂ ਪ੍ਰਭੂ ਦੇ ਕੇਵਲ ਇੱਕ ਗੁਣ ਜਾਂ ਵਿਸ਼ੇਸ਼ਨ ਵਜੋਂ ਨਹੀਂ ਬਲਕਿ ਗੁਰਬਾਣੀ `ਚ ਉਸ ‘ਗੁਰੂ’ ਪਦ ਦੇ ਹੋਰ ਵੀ ਨਿਵੇਕਲੇ ਤੇ ਤਿੰਨ ਪੱਖ ਹਨ ਜੋ ਇਸ ਤਰ੍ਹਾਂ ਹਨ:-

(੧) ਇੱਕ ਇਹ ਕਿ ਗੁਰਬਾਣੀ `ਚ, ‘ਗੁਰੂ’ ਪਦ, ਆਪਣੇ ਸੀਮਤ ਰੂਪ `ਚ ਮਨੁੱਖਾ ਜਨਮ ਸਮੇਂ ਲੋੜੀਂਦੇ ਉਸ ‘ਆਤਮਕ ਗਿਆਨ’ ਤੇ ‘ਵਿਵੇਕ ਬੁਧ’ ਲਈ ਆਇਆ ਹੈ, ਜਿਸ ਤੋਂ ਬਿਨਾ ਮਨੁੱਖਾ ਜਨਮ ਦੀ ਸਫ਼ਲਤਾ ਹੀ ਸੰਭਵ ਨਹੀਂ। ਉਥੇ ਬਿਆਨਿਆ ਹੋਇਆ ‘ਗੁਰੂ’ ਪਦ, ਮਨੁੱਖ ਅੰਦਰੋਂ ਹਉਮੈ, ਵਿਕਾਰਾਂ, ਤ੍ਰਿਸ਼ਨਾ, ਮੋਹ-ਮਾਇਆ, ਆਸ਼ਾਵਾਂ, ਮੰਗਾਂ, ਮਨਸਾਵਾਂ ਆਦਿ ਭਾਵ ਮਨੁੱਖਾ ਜੀਵਨ ਦੀਆਂ ਸਾਰੀਆਂ ਕਮਜ਼ੋਰੀਆਂ ਤੇ ਅਉਗੁਣਾਂ ਨੂੰ ਖ਼ਤਮ ਕਰਕੇ, ਮਨੁੱਖ ਨੂੰ ਕਰਤੇ ਅਕਾਲਪੁਰਖ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਾਉਣ ਦੇ ਨਾਲ ਨਾਲ ਉਸ ਨੂੰ ਜੀਉਂਦੇ ਜੀਅ ਅਕਾਲਪੁਰਖ `ਚ ਅਭੇਦ ਕਰਣ ਦੇ ਵੀ ਸਮ੍ਰਥ ਹੁੰਦਾ ਹੈ। ਗੁਰਬਾਣੀ ਰਾਹੀਂ ਪ੍ਰਗਟ ਅਜਿਹਾ ਗੁਰੂ, ਮਨੁੱਖ ਲਈ ਸਿੱਧਾ ਅਕਾਲਪੁਰਖ ਦਾ ਮਿਲਾਵਾ ਹੁੰਦਾ ਹੈ। ਜਗਿਆਸੂ ਨੂੰ ਕਿਸੇ ਵਿਚੋਲੇ ਦੀ ਲੋੜ ਤੋਂ ਆਜ਼ਾਦ ਕਰਦਾ ਹੈ, ਇਥੋਂ ਤੱਕ ਕਿ ਜਗਿਆਸੂ ਨੂੰ ਉਹ ‘ਗੁਰੂ’ ਆਪਣੇ ਨਾਲ ਵੀ ਨਹੀਂ ਜੋੜਦਾ।

(੨) ਦੂਜਾ, ਗੁਰਬਾਣੀ `ਚ ਹੀ, ਇਹ ਗੁਰੂ ਪਦ ਅਨੇਕਾਂ ਵਾਰੀ, ਸਿੱਧਾ ਅਕਾਲਪੁਰਖ ਲਈ ਵੀ ਆਇਆ ਹੈ ਅਤੇ ਪ੍ਰਭੂ ਤੋਂ ਭਿੰਨ ਜਾਂ ਕਿਸੇ ਵੱਖਰੀ ਹਸਤੀ ਲਈ ਨਹੀਂ। ਮਿਸਾਲ ਵੱਜੋਂ ਕੁੱਝ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਹਨ:-

(i) “ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: ੫੯੯)

() “ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+” (ਪੰ: ੭੯੩)

(i)ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ, ਗੁਰਦੇਵ ਨਾਨਕ ਹਰਿ ਨਮਸਕਰਾ” (ਪੰ: ੨੫੦)

(iv) “ਗੁਰੁ ਪਰਮੇਸਰੁ ਏਕੋ ਜਾਣੁ. .” (ਪੰ: ੮੬੪) (v)

“ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨)

(vi) “ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: ੪੯) ਅਤੇ ਇਸ ਵਿਸ਼ੇ `ਤੇ ਹੋਰ ਵੀ ਬੇਅੰਤ ਗੁਰਬਾਣੀ ਸ਼ਬਦ ਤੇ ਪ੍ਰਮਾਣ ਪ੍ਰਾਪਤ ਹਨ।

(੩) ਤੀਜਾ, ਗੁਰਬਾਣੀ `ਚ ਹੀ ਇਸ ਗੁਰੂ ਪਦ ਨੂੰ ਜਿਵੇਂ ਅਕਾਲਪੁਰਖ ਲਈ ਵੀ ਵਰਤਿਆ ਹੈ; ਉਸੇ ਤਰ੍ਹਾਂ ਉਸੇ ਗੁਰੂ ਪਦ ਨਾਲ, ਉਹਨਾਂ ਬੇਅੰਤ ਗੁਣਾਂ ਦਾ ਵੀ ਵਰਨਣ ਕੀਤਾ ਹੈ ਜੋ ਅਕਾਲਪੁਰਖ ਦੇ ਬਿਆਨੇ ਹਨ। ਭਾਵ ਗੁਰਬਾਣੀ `ਚ ਜਿਹੜੇ ਅਨੰਤ ਗੁਣ ਅਕਾਲਪੁਰਖ ਦੇ ਦੱਸੇ ਹਨ, ਉਹੀ ਬੇਅੰਤ ਗੁਣ, ਗੁਰੂ ਪਦ ਅਥਵਾ ਸਤਿਗੁਰੂ, ਸ਼ਬਦ ਗੁਰੂ ਵਾਲੀ ਸ਼ਬਦਾਵਲੀ ਵਰਤ ਕੇ ਵੀ ਬਿਆਨੇ ਹਨ। ਹਾਲਾਂਕਿ ਇਸ ਵਿਸ਼ੇ `ਤੇ ਇਸ ਗੁਰਮਤਿ ਪਾਠ ਦੇ ਪਹਿਲੇ ਭਾਗ `ਚ ਹੀ ਇੱਕ ਸ਼ਬਦ ਜਿਹੜਾ ਸ੍ਰੀਰਾਗ, ਪੰਨਾਂ ੯੦, ਮ: ੫ ਤੋਂ ਹੈ, ਅਸੀਂ ਦੇ ਵੀ ਚੁੱਕੇ ਹਾਂ। ਫ਼ਿਰ ਵੀ ਉਸੇ ਲੜੀ `ਚ ਇਥੇ ਅਸੀਂ ਇੱਕ ਹੋਰ ਸ਼ਬਦ ਵੀ ਲੈਣਾ ਚਾਹਾਂਗੇ। ਉਹ ਸ਼ਬਦ ਹੈ:-

“ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਪਿ ਸਹੋਦਰਾ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ॥ ਗੁਰਦੇਵ ਤੀਰਥੁ ਅੰਮ੍ਰਿਤਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ” (ਪੰ: ੨੬੨)

ਇਸ ਤਰ੍ਹਾਂ ਗੁਰਬਾਣੀ `ਚ ਕੇਵਲ ਕੁੱਝ ਹੀ ਨਹੀਂ, ਬਹੁਤੇਰੇ ਸ਼ਬਦ ਅਜਿਹੇ ਹਨ ਜਦੋਂ ਗੁਰਬਾਣੀ ਰਾਹੀਂ ਸਿੱਖ ਤੇ ਗੁਰੂ ਦੇ ਰਿਸ਼ਤੇ `ਚ ਵਰਤੇ ਗਏ ਗੁਰੂ, ਸਤਿਗੁਰੂ, ਸ਼ਬਦ ਗੁਰੂ ਆਦਿ ਪਦਾਂ ਨੂੰ ਹੀ, ਅਕਾਲਪੁਰਖ ਦੇ ਅਨੰਤ ਤੇ ਅਸੀਮਤ ਗੁਣਾਂ ਲਈ ਵੀ ਵਰਤਿਆ ਹੈ। ਹੱਥਲੇ ਸ਼ਬਦ `ਚ ਲਫ਼ਜ਼ ‘ਗੁਰਦੇਵ’ ਇਸੇ ਪ੍ਰਕਰਣ `ਚ ਹੈ।

ਇਸ ਤੋਂ ਬਾਅਦ ਹੁਣ ਅਸੀਂ ਪਾਹਿਲੇ ਭਾਗ `ਚ ਦਿੱਤੇ (ਅ) ਤੇ (ੲ) ਭਾਗ ਦੀ ਵਿਚਾਰ ਕਰਾਂਗੇ। ਜਿਵੇਂ ਕਿ ਪਹਿਲੇ ਭਾਗ `ਚ ਬੇਨਤੀ ਕੀਤੀ ਜਾ ਚੁੱਕੀ ਹੈ, ਇਸ ਤੋਂ ਬਾਅਦ ਅਸੀਂ ਗੁਰਬਾਣੀ ਸ਼ਬਦਾਵਲੀ `ਚੋਂ ਹੀ ‘ਜੋਤ’ ਤੇ ‘ਕਲਾ’ ਆਦਿ ਬਾਰੇ ਵੀ ਕੁੱਝ ਵਿਚਾਰ ਕਰਾਂਗੇ ਤਾ ਕਿ (੧) ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭) (੨) ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) (੩) “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ” (ਪੰ: ੧੩੯੫) ਵਿਚਾਰ ਅਧੀਨ ਪੰਕਤੀਆਂ ਬਾਰੇ ਵੀ ਸਾਡੇ ਭਰਮ-ਭੁਲੇਖੇ ਤੇ ਕਿੰਤੂ-ਪ੍ਰੰਤੂ ਮੁੱਕ ਜਾਣ। ਉਪ੍ਰੰਤ ਲੋੜ ਹੈ ਕਿ ਵਿਸ਼ੇ ਦੀ ਤਹਿ ਤੱਕ ਪੁੱਜ ਸਕੀਏ। ਇਸ ਲਈ ਉਸ ਲੜੀ ਦੇ ਦੂਜੇ ਕਾਲਮ (ਅ) ਬਾਰੇ ਕੁੱਝ ਵਿਚਾਰ:-

(ਅ) ਗੁਰਬਾਣੀ ਆਧਾਰਤ ‘ਗੁਰੂ’ ਤੇ ਮਨੁੱਖਾ ਸਰੀਰ ਦਾ ਆਪਸੀ ਸਬੰਧ ਕੀ ਹੈ? - ਇਸ ਤਰ੍ਹਾਂ ਗੁਰਬਾਣੀ `ਚ ਗੁਰਸਿੱਖ ਦੇ ਜੀਵਨ ਨਾਲ ਸਬੰਧਤ ਵਰਤੇ ਗਏ ‘ਗੁਰੂ’ ਪਦ ਬਾਰੇ ਵਿਚਾਰ ਕਰਦੇ ਸਮੇਂ ਇਸ ਦੇ (ੳ) ਕਾਲਮ `ਚ ਦੇਖ ਚੁੱਕੇ ਹਾਂ ਕਿ “ਗੁਰਬਾਣੀ `ਚ ‘ਗੁਰੂ’ ਸ਼ਬਦ ਮੁਖ ਤੌਰ `ਤੇ ਮਨੁੱਖਾ ਜਨਮ `ਚ ਲੋੜੀਂਦੇ ਉਸ ਆਤਮਕ ਗਿਆਨ ਤੇ ਵਿਵੇਕ ਬੁਧ ਲਈ ਵੀ ਆਇਆ ਹੈ ਜਿਸ ਦਾ ਸਿੱਧਾ ਸਬੰਧ ਹੀ ਮਨੁੱਖਾ ਜਨਮ ਨਾਲ ਹੈ ਤੇ ਜਿਸ ਤੋਂ ਬਿਨਾ ਮਨੁੱਖਾ ਜਨਮ ਸਫ਼ਲ ਨਹੀਂ ਹੋ ਸਕਦਾ। ਉਹ ‘ਗੁਰੂ’ ਮਨੁੱਖ ਅੰਦਰੋਂ ਹਉਮੈ ਵਿਕਾਰਾਂ ਆਦਿ ਨੂੰ ਖ਼ਤਮ ਕਰਕੇ, ਜਗਿਆਸੂ ਨੂੰ ਸਿੱਧਾ ਉਸ ਦੇ ਅਸਲੇ ਕਰਤੇ ਅਕਾਲਪੁਰਖ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਾਉਣ ਦੇ ਨਾਲ ਨਾਲ ਜਗਿਆਸੂ ਨੂੰ ਜੀਉਂਦੇ ਜੀਅ ਅਕਾਲਪੁਰਖ `ਚ ਅਭੇਦ ਵੀ ਕਰਦਾ ਹੈ। ਉਸ ਨੂੰ ਵਿਚੋਲਿਆਂ ਤੇ ਸ਼ਖ਼ਸੀ ਪੂਜਾ ਤੋਂ ਵੀ ਬਚਾਉਂਦਾ ਹੈ।”

ਇਸ ਤਰ੍ਹਾਂ ਗੁਰਬਾਣੀ ਵਿਚਲਾ ਸਿੱਖੀ ਜੀਵਨ ਨਾਲ ਸਬੰਧਤ ਕੀਤਾ ਗਿਆ ‘ਗੁਰੂ’ ਪਦ, ਅਕਾਲਪੁਰਖ ਦਾ ਹੀ ਅਜਿਹਾ ਗੁਣ ਵੀ ਹੈ ਜਿਸ ਦਾ ਕਿ ਸਿੱਧਾ ਸਬੰਧ ਹੈ ਹੀ ਮਨੁੱਖਾ ਜਨਮ ਨਾਲ। ਦਰਅਸਲ, ਸਾਧਸੰਗਤ `ਚ ਆ ਕੇ ਤੇ ਗੁਰਬਾਣੀ-ਗੁਰੂ ਦੇ ਆਦੇਸ਼ਾਂ `ਤੇ ਚੱਲ ਕੇ ਹੀ ਮਨੁੱਖ ਆਪਣੇ ਜੀਵਨ ਨੂੰ ਸਫ਼ਲ ਕਰ ਸਕਦਾ ਹੈ ਉਂਝ ਨਹੀਂ। ਫ਼ੁਰਮਾਨ ਹਨ “ਸਫਲ ਮੂਰਤੁ ਸਫਲਾ ਘੜੀ, ਜਿਤੁ ਸਚੇ ਨਾਲਿ ਪਿਆਰੁ॥ ਦੂਖੁ ਸੰਤਾਪੁ ਨ ਲਗਈ, ਜਿਸੁ ਹਰਿ ਕਾ ਨਾਮੁ ਅਧਾਰੁ॥ ਬਾਹ ਪਕੜਿ ਗੁਰਿ ਕਾਢਿਆ, ਸੋਈ ਉਤਰਿਆ ਪਾਰਿ” (ਪੰ: ੪੪) ਜਾਂ “ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ॥ ਦੂਜਾ ਭਾਉ ਗੁਰ ਸਬਦਿ ਜਲਾਇਆ॥ ਏਕੋ ਰਵਿ ਰਹਿਆ ਘਟ ਅੰਤਰਿ, ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ” (ਪੰ: ੧੨੯)

ਇਸ ਤਰ੍ਹਾਂ ਮਨੁੱਖਾ ਜੂਨ `ਚ ਜੀਵਨ ਦੀ ਇਹੀ ਸਫ਼ਲਤਾ, ਜਿਹੜੀ ਕਿ ਮਨੁੱਖਾ ਜੀਵਨ ਅੰਦਰ ਗੁਰੂ ਦਾ ਪ੍ਰਗਾਸ ਹੋਣ ਤੋਂ ਹੀ ਪ੍ਰਗਟ ਹੁੰਦੀ ਹੈ। ਮਨੁਖਾ ਜਨਮ ਦੀ ਸਫ਼ਲਤਾ ਦੀ ਅਜਿਹੀ ਸਰਬ-ਉੱਚ ਅਵਸਥਾ ਜਿਸ ਨੂੰ ਸਾਬਤ ਕਰਣ ਲਈ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਹਨ। ਮਿਸਾਲ ਵੱਜੋਂ ਇਥੇ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: ੨੭੮) ਜਾਂ ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” (ਪੰ: ੮੪੬) ਆਦਿ। ਦਰਅਸਲ ਮਨੁੱਖਾ ਜਨਮ ਸਮੇਂ, ਜੀਵਨ ਅੰਦਰੋਂ ਉਸ ਇਲਾਹੀ ਗੁਰੂ ਜੋਤ ਦੇ ਪ੍ਰਗਟਾਵੇ ਕਾਰਨ ਹੀ, ਜੀਵਨ ਦੀ ਇਹ ਸਰਬ-ਉੱਤਮ ਤੇ ਸਫ਼ਲ ਅਵਸਥਾ ਬਣਦੀ ਹੈ। ਇਸ ਅਵਸਥਾ ਨੂੰ ਪ੍ਰਗਟ ਕਰਣ ਲਈ ਵੀ ਗੁਰਬਾਣੀ `ਚ ਬੇਅੰਤ ਪ੍ਰਮਾਣ ਹਨ ਅਤੇ ਹੱਥਲੇ ਪ੍ਰਮਾਣਾ ਸਮੇਤ, ਇਸ ਦੇ ਪਹਿਲੇ ਭਾਗ `ਚ ਕੁੱਝ ਪ੍ਰਮਾਣ ਦਿੱਤੇ ਵੀ ਜਾ ਚੁੱਕੇ ਹਨ। ਇਸ ਲਈ ਇਸ ਸਬੰਧੀ ਹੋਰ ਵੇਰਵੇ `ਚ ਜਾਣ ਦੀ ਬਜਾਏ ਹੁਣ ਇਸ ਲੜੀ ਦੇ (ੲ) ਪੱਖ ਵੱਲ ਵਧਣਾ ਚਾਹਾਂਗੇ। ਤਾਂ ਤੇ:-

(ੲ) ਗੁਰਬਾਣੀ ਆਧਾਰਤ ‘ਗੁਰੂ’ ਦਾ ਸੰਸਾਰ `ਚ ਪ੍ਰਗਟਾਵਾ ਕਿਵੇਂ ਹੋਣਾ ਹੈ? - ਜਦੋਂ ਇਲਾਹੀ ਗੁਰੂ (ਆਤਮਕ ਗਿਆਨ, ਵਿਵੇਕ ਬੁਧ) ਦਾ ਸਬੰਧ ਹੀ ਮਨੁੱਖਾ ਜਨਮ ਦੀ ਸੰਭਾਲ ਤੇ ਸਫ਼ਲਤਾ ਨਾਲ ਹੈ। ਸਪਸ਼ਟ ਹੈ ਕਿ ਇਸ ਦੇ ਪ੍ਰਗਟਾਵੇ ਲਈ ਅਕਾਲਪੁਰਖ ਵੀ ਕੋਈ ਨਾ ਕੋਈ ਅਜਿਹਾ ਢੰਗ ਹੀ ਬਨਾਵੇਗਾ ਜਿਸ ਤੋਂ ਇਹ ਆਤਮਕ ਅਥਵਾ ਗੁਰੂ ਗਿਆਨ, ਮਨੁੱਖ ਦੀ ਜੀਵਨ ਜਾਚ ਬਣ ਸਕੇ। ਦਰਅਸਲ ਇਥੇ ਇਸੇ ਸਬੰਧ `ਚ ਕੇਵਲ ਕੁੱਝ ਨੁਕਤਿਆਂ `ਤੇ ਹੀ ਗੱਲ ਕਰਾਂਗੇ ਤਾ ਕਿ ਵਿਸ਼ਾ ਸਮਝ `ਚ ਆ ਸਕੇ।

ਵਿਚਾਰਿਆ ਜਾਵੇ ਤਾਂ ਮਨੁੱਖਾ ਜੂਨ `ਚ, ਗੁਰਬਾਣੀ ਰਾਹੀਂ ਪ੍ਰਗਟ ਅਜਿਹੇ ਗੁਰੂ ਦੇ ਪ੍ਰਗਟਾਵੇ ਲਈ ਆਦਿ ਤੋਂ ਅੰਤ ਤੱਕ ਜੋ ਢੰਗ ਬਿਆਣਿਆ ਹੈ ਉਹ ਹੈ ਸਾਧਸੰਗਤ। ਉਪ੍ਰੰਤ ਇਥੇ ਇਹ ਵੀ ਧਿਆਣ ਰਹੇ ਕਿ ਗੁਰਬਾਣੀ `ਚ ਸਾਧਸੰਗਤ ਦੇ ਅਰਥ ਵੀ ਇਕੋ ਤੇ ਵਿਸ਼ੇਸ਼ ਹਨ ਤੇ ਅਰਥ ਹਨ ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ” (ਪੰ: ੭੨) ਭਾਵ ਗੁਰਬਾਣੀ ਅਨੁਸਾਰ ਸਾਧਸੰਗਤ ਕੇਵਲ ਉਸੇ ਇਕੱਠ ਨੂੰ ਕਿਹਾ ਹੈ ਜਿੱਥੇ ਕੇਵਲ ਤੇ ਕੇਵਲ ਇੱਕ ਕਰਤੇ ਅਕਾਲਪੁਰਖ ਦੀਆਂ ਬਾਤਾਂ ਤੇ ਵਿਚਾਰਾਂ ਹੋਣ। ਇਸ ਦੇ ਉਲਟ, ਉਥੇ ਜੇਕਰ ਇੱਕ ਅਕਾਲਪੁਰਖ ਦੀ ਬਜਾਏ ਕਿਰਤਮ ਦੀ ਅਰਚਾ-ਪੂਜਾ ਜਾਂ ਕਿਸੇ ਹੋਰ ਵਿਸ਼ੇ `ਤੇ ਬਾਤਾਂ ਹੋ ਰਹੀਆਂ ਹੋਣ ਤਾਂ ਉਸ ਇਕੱਠ ਨੂੰ ਗੁਰਬਾਣੀ ਨੇ ‘ਸਾਧ ਸੰਗਤ’ ਨਹੀਂ ਮੰਨਿਆ।

ਇਸ ਤਰ੍ਹਾਂ ਗੁਰਬਾਣੀ ਨੇ ਹਰੇਕ ਇਕੱਠ ਜਾਂ ਭੀੜ ਨੂੰ ਸਾਧਸੰਗਤ ਕਰਕੇ ਪ੍ਰਵਾਣ ਨਹੀਂ ਕੀਤਾ; ਫ਼ਿਰ ਉਹ ਭੀੜ ਚਾਹੇ ਵੱਡੀ ਹੋਵੇ ਜਾਂ ਛੋਟੀ। ਹਾਂ ਕਿਸੇ ਇਕੱਠ `ਚ ਜੇਕਰ ਵਿਚਾਰਾਂ ਦਾ ਮੂਲ ਕੇਵਲ ਕਰਤੇ ਦੀਆਂ ਬਾਤਾਂ ਹੀ ਹਨ ਤਾਂ ਗੁਰਮਤਿ ਅਨੁਸਾਰ “ਇਕ ਸਿਖ ਦੁਇ ਸਾਧ ਸੰਗ” (ਭਾ: ਗੁ: ੧੩/੧੯) ਭਾਵ ਫ਼ਿਰ ਭਾਵੇਂ ਉਥੇ ਦੋ ਹੀ ਸੱਜਨ ਕਿਉਂ ਨਾ ਹੋਣ, ਤਾਂ ਵੀ ਉਹ ਸਾਧਸੰਗਤ ਹੀ ਹੈ। ਕਿਉਂਕਿ ਉਸ ਵੇਲੇ ਦੋਨਾਂ ਦੇ ਜੀਵਨ ਅੰਦਰੋਂ ਗੁਰੂ-ਗਿਆਨ, ਆਤਮਕ ਗਿਆਨ ਅਥਵਾ ਇਲਾਹੀ ਗੁਰੂ ਦਾ ਹੀ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ, ਕੱਚੀਆਂ ਬਾਤਾਂ ਨਹੀਂ।

“ਸਭ ਮਹਿ ਰਹਿਆ ਸਮਾਇ” -ਗੁਰਬਾਣੀ ਅਨੁਸਾਰ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) ਭਾਵ ਅਜਿਹੇ ‘ਗੁਰਬਾਣੀ ਗੁਰੂ’, ‘ਆਤਮਕ ਗਿਆਨ’, ‘ਗੁਰੂ ਕੀ ਮੱਤ ਦਾ ਵਾਸਾ’ ਵੀ ਹਰੇਕ ਮਨੁੱਖ ਦੇ ਅੰਦਰ ਹੀ ਹੁੰਦਾ ਹੈ। ਇਸ ਲਈ ਉਸ ਗੁਰੂ ਨੇ ਪ੍ਰਗਟ ਵੀ ਮਨੁੱਖਾ ਜੀਵਨ ਅੰਦਰੋਂ ਹੀ ਹੋਣਾ ਹੁੰਦਾ ਹੈ। ਮਨੁੱਖ ਨੇ ਉਸ ਗੁਰੂ ਨੂੰ ਕਿਧਰੋਂ, ਬਾਹਰੋਂ ਨਹੀਂ ਲਿਆਉਣਾ ਹੁੰਦਾ। ਅਰੰਭਕ ਮੰਗਲਾਚਰਣ `ਚ ‘ਗੁਰਪ੍ਰਸਾਦਿ’ ਦਾ ਅਰਥ ਵੀ ਇਹੀ ਹੈ ਕਿ ੴ ਭਾਵ ਅਕਾਲਪੁਰਖ ਆਪ ਹੀ ਜਗਿਆਸੂ ਦੇ ਜੀਵਨ ਅੰਦਰੋਂ ‘ਗੁਰਪ੍ਰਸਾਦਿ’ ਭਾਵ ਗੁਰੂ ਰੂਪ ਹੋ ਕੇ ਪ੍ਰਗਟ ਹੁੰਦਾ ਹੈ। ਸੁਆਲ ਤਾਂ ਇਹ ਹੈ ਕਿ ਸੰਸਾਰ ਭਰ ਦੇ ਉਸ ਇਕੋ ਇੱਕ ਗੁਰੂ ਨੇ ਜਗਿਆਸੂ ਦੇ ਜੀਵਨ ਅੰਦਰੋਂ ਪ੍ਰਗਟ ਕਿਵੇਂ ਹੋਣਾ ਹੈ?

ਦਰਅਸਲ ਇਸੇ ਵਿਸ਼ੇ ਨੂੰ ਸੰਪੂਰਣ ਗੁਰਬਾਣੀ ਰਾਹੀਂ ਬੜਾ ਸਪਸ਼ਟ ਕਰਕੇ ਸਮਝਾਇਆ ਗਿਆ ਹੈ। ਗੁਰਬਾਣੀ `ਚ ਇਸ ਬਾਰੇ ਅਣਗਿਣਤ ਵਾਰ ਦੱਸਿਆ ਹੈ ਕਿ ਜੀਵਨ ਅੰਦਰੋਂ ਇਸ ਗੁਰੂ ਨੂੰ ਸਾਧਸੰਗਤ ਨਾਲ ਮਿਲ ਕੇ ਹੀ ਆਪਣੇ ਅੰਦਰੋ ਪ੍ਰਗਟ ਕਰਣਾ ਹੁੰਦਾ ਹੈ। ਇਸ ‘ਗੁਰੂ’ ਦਾ ਸਬੰਧ ਹੀ ਚੂੰਕਿ ਮਨੁੱਖਾ ਜੂਨ ਨਾਲ ਹੈ (ਬਾਕੀ ਕਿਸੇ ਜੂਨ ਨਾਲ ਨਹੀਂ)। ਇਸ ਲਈ ਪ੍ਰਭੂ ਵੱਲੋਂ ਇਸ ਦਾ ਵਾਸਾ ਵੀ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ” (ਬਾਣੀ ਜਪੁ) ਜਾਂ ਸਭ ਮਹਿ ਰਹਿਆ ਸਮਾਇ” (ਪੰ: ੭੫੯) ਹੀ ਹੈ। ਇਸੇ ਲਈ ਇਸ ਗੁਰੂ ਅਥਵਾ ਗੁਰੂ ਕੀ ਮੱਤ ਨੂੰ ਲੈਣ ਲਈ ਗੁਰਦੇਵ ਨੇ ਜਗਿਆਸੂ ਨੂੰ ਇਥੋਂ ਤੱਕ ਚੇਤਾਇਆ ਤੇ ਦ੍ਰਿੜ ਕਰਵਾਇਆ ਹੈ ਕਿ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ” (ਪੰ: ੨੮੮)। ਜੇ ਨਹੀਂ ਤਾਂ ਭਗਤਿ “ਭਗਤਿ ਬਿਨਾ ਬਹੁ ਡੂਬੇ ਸਿਆਨੇ” ਵਾਲੀ ਗੱਲ ਹੀ ਰਹਿ ਜਾਵੇਗੀ ਤੇ ਤੂੰ ਆਪਣੇ ਅਮੁਲੇ-ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ੍ਹ `ਚ ਹੀ ਪਵੇਂਗਾ। ਉਸ ਮਨਮੁਖ ਲਈ ਤਾਂ ਕਬੀਰ ਸਾਹਿਬ ਇਥੋਂ ਤੱਕ ਫ਼ੁਰਮਾਅ ਰਹੇ ਹਨ। ਫ਼ੁਰਮਾਨ ਹੈ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ” (ਪੰ: ੧੩੭੨)

“ਇਹ ਬਿਧਿ ਸੁਨਿ ਕੈ ਜਾਟਰੋ” - ਸਾਧ ਸੰਗਤ `ਚ ਆ ਕੇ ਕਿਸੇ ਮਨੁੱਖ ਦੇ ਜੀਵਨ ਅੰਦਰੋਂ ਇਹ ਇਲਾਹੀ ਗੁਰੂ (ਆਤਮਕ ਗਿਆਨ) ਕਿਵੇਂ ਪ੍ਰਗਟ ਹੁੰਦਾ ਹੈ ਗੁਰਬਾਣੀ ਵਿਚਲੇ ੧੫ ਭਗਤ ਇਸ ਦਾ ਵੱਡਾ ਸਬੂਤ ਹਨ। ਇਹ ਭਗਤ ਜਿਹੜੇ ਕਿ ਜਨਮ ਤੋਂ, ਜੀਵਨ ਦੀ ਇਸ ਉੱਚਤਮ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਫ਼ਿਰ ਵੀ ਇਹ ਇੱਕ ਦੂਜੇ ਦੇ ਸੰਪਰਕ `ਚ ਤੇ ਸੰਗਤ `ਚ ਆ ਕੇ “ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਵਾਲੀ ਜੀਵਨ ਦੀ ਸਰਬ-ਉੱਚ ਅਵਸਥਾ ਨੂੰ ਪ੍ਰਾਪਤ ਹੋਏ। ਇਸ ਦੇ ਲਈ ਸਬੂਤ ਵੀ ਗੁਰਬਾਣੀ ਵਿਚੋਂ ਹੀ ਮਿਲਦੇ ਹਨ।

ਇਹਨਾ ੧੫ ਭਗਤਾਂ `ਚੋਂ ਹੀ ਭਗਤ ਧੰਨਾ ਜੀ ਤਾਂ ਆਪਣੇ ਮੁਖਾਰਬੰਦ ਤੋਂ ਹੀ ਫ਼ੁਰਮਾਅ ਰਹੇ ਹਨ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ” (ਪੰ: ੪੮੭)। ਭਾਵ ਸੰਤ ਜਨਾਂ ਦੀ ਸੰਗਤ `ਚ ਆ ਕੇ ਹੀ ਮੈਨੂੰ ‘ਧਰਣੀਧਰ ਪ੍ਰਭੂ ਪਤੀ’ ਦੀ ਪ੍ਰਾਪਤੀ ਹੋਈ। ਤਾਂ ਫ਼ਿਰ ਇਹ ਸੰਤ ਜਨ ਕੌਣ ਸਨ, ਇਸ ਸ਼ਬਦ ਦੇ ਨਾਲ ਹੀ ਇਸ ਦਾ ਵੇਰਵਾ ਪੰਜਵੇਂ ਪਾਤਸ਼ਾਹ ਨੇ ਆਪ ਦਿੱਤਾ ਹੈ ਤੇ ਇਸ ਤਰ੍ਹਾਂ ਭਗਤ ਜੀ ਦੇ ਇਸ ਬਿਆਨ ਦੀ ਤਸਦੀਕ ਵੀ ਕੀਤੀ ਹੈ।

ਧੰਨਾ ਜੀ ਦੇ ਇਸ ਸ਼ਬਦ ਤੋਂ ਇੱਕ ਦੰਮ ਬਾਅਦ ਤੇ ਧੰਨਾ ਜੀ ਦੇ ਸ਼ਬਦਾਂ ਵਿਚਕਾਰ ਹੀ, ਧੰਨਾ ਜੀ ਦੇ ਇਸ ਸ਼ਬਦ ਦੇ ਪ੍ਰਥਾਏ ਪੰਜਵੇਂ ਪਾਤਸ਼ਾਹ ਨੇ ਆਪਣੇ ਵੱਲੋਂ ਇੱਕ ਹੋਰ ਸ਼ਬਦ ਬਖ਼ਸ਼ਿਆ ਹੈ। ਇਹ ਸ਼ਬਦ ਹੈ “ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ…” (ਪੰ: ੪੮੭)। ਆਪਣੇ ਇਸ ਸ਼ਬਦ `ਚ ਗੁਰਦੇਵ ਨੇ ਕੇਵਲ ਇਸ ਭੇਦ ਨੂੰ ਹੀ ਨਹੀਂ ਖੋਲਿਆ ਕਿ ਧੰਨਾ ਜੀ “ਮਿਲਿ ਜਨ ਸੰਤ ਸਮਾਨਿਆ” ਭਾਵ ਕਿਨਾਂ ਸੰਤ ਜਨਾਂ ਦੀ ਸੰਗਤ `ਚ ਪਹੁੰਚਣ ਬਾਰੇ ਫ਼ੁਰਮਾਅ ਰਹੇ ਹਨ ਬਲਕਿ ਸ਼ਬਦ `ਚ ਇਹ ਵੇਰਵਾ ਵੀ ਦਿੱਤਾ ਕਿ ਭਗਤ ਜੀ ਦੇ ਉਹ ਸਤਿਸੰਗੀ ਤੇ ‘ਸੰਤ ਜਨ’ ਕਿਹੜੇ ਤੇ ਕੌਣ ਸਨ ਜਿਨ੍ਹਾਂ ਬਾਰੇ ਧੰਨਾਂ ਜੀ ਫ਼ੁਰਮਾਅ ਰਹੇ ਹਨ “ਮਿਲਿ ਜਨ ਸੰਤ ਸਮਾਨਿਆ”।

ਇਹ ਸੰਤ ਜਨ ਸਨ ਰਵੀਦਾਸ ਜੀ, ਕਬੀਰ ਸਹਿਬ, ਸੈਣ ਜੀ ਤੇ ਨਾਮਦੇਵ ਜੀ। ਬਲਕਿ ਗੁਰਦੇਵ ਨੇ ਆਪਣੇ ਸ਼ਬਦ `ਚ ਤਾਂ ਧੰਨਾ ਜੀ ਬਾਰੇ ਵੀ ਫ਼ੁਰਮਾਇਆ “ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ” (ਪੰ: ੪੮੭) ਭਾਵ ਇਹਨਾ ਸਤਿਸੰਗੀਆਂ ਦੀ ਸੰਗਤ `ਚ ਆ ਕੇ ਧੰਨਾ ਜੀ ਨੇ ਵੀ “ਮਿਲੇ ਪ੍ਰਤਖਿ ਗੁਸਾਈਆ” ਭਾਵ ਅਕਾਲਪੁਰਖ ਨੂੰ ਆਪਣੇ ਜੀਵਨ ਕਾਲ `ਚ ਹੀ ਪਾ ਲਿਆ।

ਇਹੀ ਨਹੀਂ ਇਸੇ ਤਰ੍ਹਾਂ, ਇਸੇ ਪੱਖੋਂ ਗੁਰਬਾਣੀ `ਚ ਭਗਤ ਤ੍ਰਿਲੋਚਨ ਜੀ ਤੇ ਨਾਮਦੇਵ ਜੀ ਦੇ ਆਪਸੀ ਮਿਲਾਪ ਦਾ ਵੇਰਵਾ ਵੀ ਦੋ ਵਾਰੀ ਆਇਆ ਹੈ। ਇੱਕ ਵਾਰੀ ਨਾਮਦੇਵ ਜੀ ਦੀ ਆਪਣੀ ਬਾਣੀ `ਚ ਦੂਜੀ ਵਾਰੀ ਕਬੀਰ ਸਾਹਿਬ ਦੇ ਸਲੋਕਾਂ `ਚ। ਹੋਰ ਤਾਂ ਹੋਰ ਸਤਾ ਤੇ ਬਲਵੰਡ ਜੀ, ਉਪ੍ਰੰਤ ਭਗਤ ਸੁੰਦਰ ਜੀ ਤੇ ਗੁਰਬਾਣੀ `ਚ ਪ੍ਰਵਾਨ ਹੋਏ ਯਾਰ੍ਹਾਂ ਭੱਟਾਂ ਦੇ ਜੀਵਨ ਵੀ ਉਭਰੇ ਤਾਂ ਇਸੇ ਸਤਸੰਗਤ `ਚ ‘ਗੁਰੂ’ ਦੀ ਬਰਕਤ ਨਾਲ।

ਦਰਅਸਲ ਗੁਰਬਾਣੀ ਆਧਾਰਤ ‘ਗੁਰੂ’ ਦਾ ਇਹੀ, ਉਹ ਰੂਪ ਹੈ ਜਿਸ ਨੇ ਸਾਧਸੰਗਤ ਰਾਹੀਂ ਮਨੁੱਖ ਦੇ ਜੀਵਨ ਅੰਦਰੋਂ ਪ੍ਰਗਟ ਹੋਣਾ ਹੈ। ਇਹੀ ਉਹ ਗੁਰੂ ਹੈ ਜਿਸ ਗੁਰੂ ਦੇ ਲੜ ਲਗਣ ਲਈ ਗੁਰਬਾਣੀ `ਚ ਆਦਿ ਤੋਂ ਅੰਤ ਤੱਕ, ਸਿੱਖ ਨੂੰ ਤਾਕੀਦ ਕੀਤੀ ਗਈ ਹੈ। ਇਹੀ ਉਹ ਗੁਰੂ ਹੈ ਜਿਸ ਨੇ ਜਗਿਆਸੂ ਨੂੰ ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ” ਵਾਲੀ ਸੁਰਤ `ਚ ਲਿਆ ਕੇ ਉਸ ਦੇ ਜੀਵਨ ਨੂੰ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” ਵਾਲੀ ਉੱਤਮ ਅਵਸਥਾ `ਚ ਪਹੁਚਾਉਣਾ ਹੈ।

ਉਪ੍ਰੰਤ ਗੁਰਬਾਣੀ ਰਾਹੀਂ ਪ੍ਰਕਟ ਇਸੇ ਗੁਰੂ ਦਾ ਹੀ ਰੂਪ ਹੈ ਜਿਸ ਦੇ ਲੜ ਲਗਣ ਬਾਅਦ ਕੌਡਾ ਭੀਲ, ਸੱਜਨ ਠੱਗ ਆਦਿ ਮਾਨਸ ਤੱਲ ਖਾਣੇ ਤੇ ਠੱਗ-ਕਾਤਲ ਨਹੀਂ ਰਹਿ ਗਏ, ਬਲਕਿ ਸੱਚ ਧਰਮ ਦੇ ਵੱਡੇ ਪ੍ਰਚਾਰਕ ਤੱਕ ਹੋ ਨਿਬੜੇ। ਫ਼ਿਰ ਇਹ ਦੋ ਸੱਜਨ ਹੀ ਨਹੀਂ ਬਲਕਿ ਅਣਗਿਣਤ ਜੀਵਨੀਆਂ ਮਨਮੁਖ ਤੋਂ ਗੁਰਮੁਖ ਜੀਵਨ `ਚ ਬਦਲ ਗਈਆਂ, ਬਦਲ ਰਹੀਆਂ ਹਨ ਤੇ ਸਦਾ ਬਦਲਦੀਆਂ ਰਹਿਣਗੀਆਂ।

ਇਸ ਤਰ੍ਹਾਂ ਇਸੇ ਗੁਰੂ ਕੀ ਸੰਗਤ ਭਾਵ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਵਾਲੇ ਸਤਿਸੰਗ ਦਾ ਹੀ ਨਤੀਜਾ ਸੀ, ਜਿਸ ਸਤਿਸੰਗ ਕਾਰਨ ਇਹਨਾ ਭਗਤਾਂ ਦਾ ਅਕਾਲਪੁਰਖ ਨਾਲ ਮਿਲਾਪ ਹੋਇਆ। ਸੰਪੂਰਣ ਗੁਰਬਾਣੀ `ਚ ਸਿੱਖ ਤੇ ਅਕਾਲਪੁਰਖ ਦੇ ਇਸੇ ‘ਵਿਚੋਲੇ’, ‘ਦਰਗਿਹ ਕਾ ਬਸੀਠ’, ‘ਆਤਮਕ ਗਿਆਨ’ ‘ਵਿਵੇਕ ਬੁਧ’ ਜਾਂ ‘ਗੁਰ ਕੀ ਮੱਤ’ ਆਦਿ ਦੀ ਗੱਲ ਹੀ ਕੀਤੀ ਗਈ ਹੈ। ਗੁਰਬਾਣੀ `ਚ ਉਸੇ ‘ਆਤਮਕ ਗਿਆਨ’ ‘ਵਿਵੇਕ ਬੁਧ’ ਜਾਂ ‘ਗੁਰ ਕੀ ਮੱਤ’ ਆਦਿ ਨੂੰ ਹੀ ਗੁਰੂ, ਸਤਿਗੁਰੂ, ਸ਼ਬਦ ਗੁਰੂ ਆਦਿ ਦੀ ਸ਼ਬਦਾਵਲੀ ਨਾਲ ਵੀ ਪ੍ਰਗਟ ਕੀਤਾ ਗਿਆ ਹੈ।

ਇਥੇ ਇਹ ਗੁਰੂ ਪਦ, ਗੁਰਬਾਣੀ ਦਾਇਰੇ ਤੋਂ ਬਾਹਿਰ ਸੰਸਾਰ ਭਰ ਦੇ ਕਿਸੇ ਸਰੀਰ ਜਾਂ ਪ੍ਰਚਲਤ ਪੁਰਾਤਨ ਸਮੇਂ ਤੋਂ ਵਰਤੇ ਜਾ ਰਹੇ ਗੁਰੂ ਪਦ ਲਈ ਕਿਸੇ ਹੋਰ ਅਰਥਾਂ-ਵਿਸਵਾਸਾਂ ਦੇ ਦਾਇਰੇ `ਚ ਵੀ ਨਹੀਂ ਆਉਂਦਾ। ਇਸ ਤਰ੍ਹਾਂ ਹੁਣ ਤੱਕ ਦੇ ਵੇਰਵੇ ਤੋਂ ਸਪਸ਼ਟ ਹੈ ਕਿ ਗੁਰਬਾਣੀ `ਚ ਇਸ ਪੱਖੋਂ ਵਰਤੇ ਗਏ ਗੁਰੂ ਪਦ ਤੇ ਇਸੇ ਗੁਰੂ ਪਦ ਲਈ ਵਰਤੀ ਗਈ ਸ਼ਬਦਾਵਲੀ ਜਿਵੇਂ ਗੁਰੂ, ਸਤਿਗੁਰੂ, ਸ਼ਬਦ ਗੁਰੂ ਅਤੇ ‘ਆਤਮਕ ਗਿਆਨ’ ‘ਵਿਵੇਕ ਬੁਧ’ ਜਾਂ ‘ਗੁਰ ਕੀ ਮੱਤ’ ਆਦਿ ਦੇ ਅਰਥ ਬਿਲਕੁਲ ਨਿਵੇਕਲੇ, ਨਵੀਨ ਤੇ ਵਿਲਖਣ ਹਨ, ਜੋ ਗੁਰਬਾਣੀ ਸੋਝੀ ਤੋਂ ਬਿਨਾ, ਸਾਧਾਰਣ ਮਨੁੱਖ ਦੀ ਸਮਝ `ਚ ਵੀ ਨਹੀਂ ਜਾ ਸਕਦੇ।

“ਨਾਨਕ ਭਗਤਾ ਭੁਖ ਸਾਲਾਹਣੁ” -ਹੱਥਲੇ ਮਜ਼ਮੂਨ ਤੋਂ ਥੋੜਾ ਪਾਸੇ ਹੱਟ ਕੇ, ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਗੁਰਦੇਵ ਨੇ ਭਗਤ ਬਾਣੀ ਲਈ ਜੋ ਸਿਰਲੇਖ ‘ਬਾਣੀ ਭਗਤਾਂ ਕੀ’ ਕਰਕੇ ਵਰਤਿਆ ਹੈ। ਉਥੇ ਵੀ ਲਫ਼ਜ਼ ਭਗਤ, ਮਨੁੱਖਾ ਜੀਵਨ ਦੀ ਕਿਸੇ ਖਾਸ ਅਵਸਥਾ ਤੱਕ ਪੁੱਜ ਚੁੱਕੇ ਮਨੁੱਖਾਂ ਲਈ ਹੀ ਹੈ। ਉਥੇ ਵੀ ਲਫ਼ਜ਼ ‘ਭਗਤ’, ਪੁਰਾਤਨ ਸਮੇਂ ਤੋਂ ਵਰਤੇ ਜਾ ਰਹੇ ਲਫ਼ਜ਼ ਭਗਤ ਵਾਲੇ ਅਰਥਾਂ `ਚ ਨਹੀਂ।

ਠੀਕ ਹੈ ਕਿ ਇਹਨਾ ਗੁਰਬਾਣੀ ਵਿਚਲੇ ੧੫ ਭਗਤਾਂ ਤੋਂ ਬਾਹਰ, ਪੁਰਾਨੇ ਸਮੇਂ ਤੋਂ ਭਗਤਾਂ ਲਈ ਚਲਦੀ ਆ ਰਹੀ ਸ਼ਬਦਾਵਲੀ ਤੇ ਪ੍ਰੀਭਾਸ਼ਾ ਅਨੁਸਾਰ ਕਈ ਸ੍ਰੇਸ਼ਟ ਮਨੁੱਖ ਵੀ ਹੋ ਸਕਦੇ ਤੇ ਹੋਏ ਵੀ ਹੋਣ ਗੇ। ਫ਼ਿਰ ਵੀ ਪੁਰਾਤਨ ਸਮੇਂ ਅਖਵਾਏ ਜਾ ਰਹੇ ਭਗਤਾਂ ਵਿਚਕਾਰ ਬਹੁਤੇ ਭਗਤ ਉਹ ਵੀ ਹਨ ਜਿਨ੍ਹਾਂ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ “ਇਕਿ ਮੂਲੁ ਨ ਬੁਝਨਿੑ ਆਪਣਾ ਅਣਹੋਦਾ ਆਪੁ ਗਣਾਇਦੇ” (ਪੰ: ੪੬੮) ਅਤੇ ਉਹਨਾਂ ਬਾਰੇ ਇਥੋਂ ਤੱਕ ਵੀ ਫ਼ੁਰਮਾਇਆ ਹੈ “ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀੑ ਧਾਵਦੇ” (ਪੰ: ੪੬੮)। ਦਰਅਸਲ ਗੱਲ ਇਥੇ ਵੀ ਉਹੀ ਤੇ ਗੁਰਬਾਣੀ ਵਿਚਲੇ ਗੁਰੂ ਪਦ ਵਾਲੀ ਹੀ ਹੈ। ਇਸ ਲਈ ਜਦੋਂ ਅਸੀਂ ਗਰਬਾਣੀ ਅੰਦਰੋਂ ਭਗਤ ਬਾਣੀ ਦਾ ਸਿਰਲੇਖ ‘ਬਾਣੀ ਭਗਤਾਂ ਕੀ’ ਪੜਦੇ ਹਾਂ ਤਾਂ ਉਥੇ ਵੀ, ਗੁਰੂ ਕੇ ਸਿੱਖ ਹੋਣ ਦੇ ਨਾਤੇ ਬਹੁਤ ਸੁਚੇਤ ਹੋ ਕੇ ਚਲਣ ਦੀ ਲੋੜ ਹੈ, ਜਿਵੇਂ ਕਿ ਗੁਰਬਾਣੀ ਵਿਚਲੇ ਗੁਰੂ ਪਦ ਬਾਰੇ।

ਇਸ ਸਬੰਧੀ ਇਸ ਵਿਸ਼ੇ `ਤੇ ਇਹ ਵੀ ਸਮਝਣਾ ਹੈ ਕਿ, ਗੁਰਦੇਵ ਨੇ ਗੁਰਬਾਣੀ `ਚ ਪ੍ਰਵਾਣਤ ਭਗਤਾਂ ਦੇ ਜੀਵਨ ਦੀ ਉਸ ਅਵਸਥਾ ਲਈ ਇਹ ਗੁਰਬਾਣੀ ਆਧਾਰਤ ਲਫ਼ਜ਼ ਭਗਤ ਵਰਤਿਆ ਹੈ ਜਦੋਂ ਉਹਨਾਂ ਦੇ ਜੀਵਨ ਸਚਮੁਚ “ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ” (ਪੰ: ੪੬੫) ਅਥਵਾ “ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਵਾਲੇ ਗੁਰਬਾਣੀ ਫ਼ੁਰਮਾਨ ਦੀ ਕਸਵਟੀ `ਤੇ ਪੂਰੇ ਉਤਰ ਰਹੇ ਸਨ। ਇਤਨਾ ਹੀ ਨਹੀਂ, ਉਸ ਸਮੇਂ ਤੇ ਉਹਨਾਂ ਰਾਹੀਂ ਪ੍ਰਾਪਤ ਹੋ ਚੁੱਕੀ ਜੀਵਨ ਦੀ ਇਸੇ ਅਵਸਥਾਂ ਲਈ ਹੀ ਗੁਰਦੇਵ ਨੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਗਾਇਆ ਤੇ ਆਪਣੀ ਬਰਾਬਰੀ ਤੱਕ ਵੀ ਦਿੱਤੀ।

ਉਹ ਇਸ ਲਈ ਕਿ ਉਸ ਸਮੇਂ ਉਹਨਾਂ ਰਾਹੀਂ ਪ੍ਰਪਤ ਜੀਵਨ ਦੀ ਅਵਸਥਾ ਦੀ ਕਸਵਟੀ, ਗੁਰਬਾਣੀ ਹੀ ਬਣ ਚੁੱਕੀ ਸੀ। ਉਹ ਕਸਵਟੀ ਜਿਸ ਦੇ ਲਈ ਗੁਰਬਾਣੀ ਫ਼ੁਰਮਾਨ ਹਨ “ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰਿ ਭਗਵੰਤਾ” (ਪੰ: ੧੧) ਹੋਰ “ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ” (ਪੰ: ੪੬੮) ਪੁਨ: “ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ” (ਬਾਣੀ ਜਪੁ) ਅਤੇ ਜਿਨ੍ਹਾਂ ਭਗਤਾਂ ਦੇ ਜੀਵਨ ਬਾਰੇ ਗੁਰਬਾਣੀ ਦਾ ਇਥੋਂ ਤੱਕ ਫ਼ੈਸਲਾ ਹੈ “ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ॥ ੧੪(ਪੰ: ੯੧੮) ਅਤੇ ਇਸ ਵਿਸ਼ੇ `ਤੇ ਹੋਰ ਅਨੇਕਾਂ ਗੁਰਬਾਣੀ ਪ੍ਰਮਾਣ। (ਚਲਦਾ)

# 123-IIs10.02.10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 213-II

“ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਭਾਗ ਦੂਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org A




.