.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 11)

ਅਖੌਤੀ ਸ਼ਰਧਾ ਪੂਰਨ ਗ੍ਰੰਥ ਦੇ ਗੁਮਨਾਮ ਲਿਖਾਰੀ ਵਲੋਂ ਜਪੁ ਜੀ ਦੀ ਦਸਵੀਂ ਪਉੜੀ ਦੇ ਮਹਾਤਮ ਦਾ ਜ਼ਿਕਰ ਕਰਨ ਤੋਂ ਪਹਿਲਾਂ, ਇਸ ਪਉੜੀ ਦਾ ਮੂਲ ਪਾਠ ਅਤੇ ਅਰਥ ਲਿਖ ਰਹੇ ਹਾਂ। ਪਾਠਕ ਜਨ ਇਸ ਪਉੜੀ ਦਾ ਭਾਵ ਨੂੰ ਪੜ੍ਹ ਕੇ ਖ਼ੁਦ ਹੀ ਅੰਦਾਜ਼ਾ ਲਗਾ ਲੈਣ ਕਿ ਗੁਰੂ ਸਾਹਿਬ ਜੀ ਨੇ ਇਸ ਪਉੜੀ ਵਿੱਚ ਕੀ ਆਖਿਆ ਹੈ ਅਤੇ ਲੇਖਕ ਪਾਠਕਾਂ ਨੂੰ ਕੀ ਆਖ ਰਿਹਾ ਹੈ।
ਸੁਣਿਐ ਸਤੁ ਸੰਤੋਖੁ ਗਿਆਨੁ॥ ਸੁਣਿਐ ਅਠਸਠਿ ਕਾ ਇਸਨਾਨੁ॥ ਸੁਣਿਐ ਪੜਿ ਪੜਿ ਪਾਵਹਿ ਮਾਨੁ॥ ਸੁਣਿਐ ਲਾਗੈ ਸਹਜਿ ਧਿਆਨੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ 10॥ (ਪੰਨਾ 3) ਅਰਥ: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਂਉਕਿ) ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਰੱਬ ਦੇ ਨਾਮ ਵਿੱਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿੱਚ ਹੀ ਆ ਜਾਂਦੇ ਹਨ)। ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਕੇ ਹੀ ਮਿਲ ਜਾਂਦਾ ਹੈ। ਨਾਮ ਸੁਣਨ ਦਾ ਸਦਕਾ ਅਡੋਲਤਾ ਵਿੱਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ। 10.
ਗੁਰੂ ਨਾਨਕ ਸਾਹਿਬ ਜੀ ਇਸ ਪਉੜੀ ਵਿੱਚ ਇਹ ਸਮਝਾ ਰਹੇ ਹਨ ਕਿ ਜਿਵੇਂ ਜਿਵੇਂ ਮਨੁੱਖ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰਦਾ ਹੈ, ਤਿਵੇਂ ਤਿਵੇਂ ਇਸ ਦੇ ਮਨ ਵਿੱਚ ਵਿਸ਼ਾਲਤਾ ਆਉਣ ਲੱਗ ਪੈਂਦੀ ਹੈ। ਇਸ ਵਿਸ਼ਾਲਤਾ ਦੀ ਬਦੌਲਤ ਹੀ ਮਨੁੱਖ ਦਾ ਜੀਵਨ ਸੰਤੋਖੀ ਬਣ ਜਾਂਦਾ ਹੈ; ਲੋੜਵੰਦਾਂ ਦੀ ਸੇਵਾ ਵਿੱਚ ਤਤਪਰ ਹੋ ਜਾਂਦਾ ਹੈ। ਮਨੁੱਖ ਨੂੰ ਇਹ ਸਮਝ ਆਉਂਦੀ ਹੈ ਕਿ ਇਨ੍ਹਾਂ ਰੱਬੀ ਗੁਣਾਂ ਦੀ ਵਿਚਾਰ ਕਰਕੇ ਇਨ੍ਹਾਂ ਨੂੰ ਆਪਣੇ ਅੰਦਰ ਵਸਾਉਣਾ ਹੀ ਅਸਲ ਤੀਰਥ ਇਸ਼ਨਾਨ ਹੈ। ਦੁਨਿਆਵੀ ਮਾਣ-ਸਤਿਕਾਰ ਤੋਂ ਉਪਰ ਉੱਠ ਕੇ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ।
ਪਰ ਇਸ ਪੁਸਤਕ ਦਾ ਕਰਤਾ ਜਪੁਜੀ ਦੀ ਇਸ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਸੋਮਵਾਰ ਤੋਂ ਲੈ ਕੇ ਨੱਬੇ ਦਿਨਾਂ ਵਿੱਚ 22000 (ਬਾਈ ਹਜ਼ਾਰ) ਪਾਠ ਕਰਨਾ, ਇਸ ਪਾਠ ਨਾਲ ਪੁਰਸ਼ ਦਾ ਸੰਸਾਰ ਵਿੱਚ ਮਾਨ ਵਧਦਾ ਹੈ ਅਰ ਸਾਰੇ ਲੋਕ ਇਜ਼ਤ ਕਰਦੇ ਹਨ।”
ਲੇਖਕ ਵਲੋਂ ਸੰਸਾਰ ਵਿੱਚ ਮਾਣ ਵਧਾਉਣ ਅਤੇ ਲੋਕਾਂ ਵਲੋਂ ਇੱਜ਼ਤ ਕਰਾਉਣ ਦੀ ਦਰਸਾਈ ਹੋਈ ਵਿਧੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖ ਦੀ ਇਸ ਪੱਖੋਂ ਅਗਵਾਈ ਕਰਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿ ਸੰਸਾਰ ਵਿੱਚ ਸ਼ੋਭਾ ਬਾਣੀ ਦੇ ਕਿਸੇ ਸ਼ਬਦ ਦਾ ਤੰਤ੍ਰ ਵਿਧੀ ਨਾਲ, ਗਿਣਤੀ ਦੇ ਪਾਠ ਕਰਨ ਨਾਲ ਨਹੀਂ, ਸਗੋਂ ਬਾਣੀ ਅਨੁਸਾਰ ਆਪਣਾ ਆਚਰਣ ਬਣਾਉਣ ਨਾਲ ਹੁੰਦੀ ਹੈ:-
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਪੰਨਾ 136) ਅਰਥ: ਸੱਚੇ ਰਸਤੇ ਉੱਤੇ ਤੁਰਿਆਂ ਜਗਤ ਭੀ ਸ਼ੋਭਾ ਕਰਦਾ ਹੈ।
ਬਾਣੀ ਵਿੱਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਮਾਰਗ ਉੱਤੇ ਚਲਣ ਵਾਲਿਆਂ ਦੇ ਮਨ ਵਿੱਚ ਰੰਚ-ਮਾਤਰ ਵੀ ਇਸ ਮਾਣ ਵਡਿਆਈ ਦੀ ਲਾਲਸਾ ਨਹੀਂ ਹੁੰਦੀ। ਅਜਿਹੇ ਵਿਅਕਤੀ ਦੁਨਿਆਵੀ ਮਾਣ ਵਡਿਆਈ ਤੋਂ ਉਪਰ ਉੱਠ ਕੇ ਦ੍ਰਿੜਤਾ ਨਾਲ ਸੱਚ ਦੀਆਂ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਂਦੇ ਹਨ। ਇਸ ਲਈ ਉਹ ਤਾਂ ਦੁਨੀਆਂ ਦੀ ਵਾਹਵਾ ਆਦਿ ਤੋਂ ਉਪਰ ਉੱਠ ਕੇ ਆਪਣੀ ਮੰਜ਼ਲ ਵਲ ਵਧਦੇ ਰਹਿੰਦੇ ਹਨ:-
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥ 1॥ (ਪੰਨਾ 528) ਅਰਥ: ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ। ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ।
ਗੁਰ ਸ਼ਬਦ ਦੀ ਬਰਕਤ ਨਾਲ ਜਾਗਰੂਕ ਹੋਏ ਮਨੁੱਖ ਦਾ ਇਨ੍ਹਾਂ ਵਡਿਆਈਆਂ ਸਬੰਧੀ ਇਹ ਦ੍ਰਿਸ਼ਟੀਕੋਣ ਹੁੰਦਾ ਹੈ:-
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ॥ ਏਨੀ ਜਲੀਈਂ ਨਾਮੁ ਵਿਸਾਰਿਆ ਇੱਕ ਨ ਚਲੀਆ ਨਾਲਿ॥ (ਪੰਨਾ 1290) ਅਰਥ: ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ। ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ ਨਾਲ ਨਹੀਂ ਜਾਂਦੀ। {ਅਰਥਾਤ ਆਤਮਕ ਜੀਵਨ ਦੇ ਕੰਮ ਨਹੀਂ ਆਉਂਦੀ।}
ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਣ ਵਡਿਆਈ ਹਾਸਲ ਕਰਨ ਦੀ ਦਰਸਾਈ ਜੁਗਤ ਦੁਨੀਆਦਾਰੀ ਤੋਂ ਬਿਲਕੁਲ ਹੀ ਭਿੰਨ ਹੈ। ਗੁਰਬਾਣੀ ਵਿੱਚ ਮਾਣ ਵਡਿਆਈ ਹਾਸਲ ਕਰਨ ਦੀ ਵਿਧੀ ਨੂੰ ਇਉਂ ਦਰਸਾਇਆ ਗਿਆ ਹੈ:-
ਜੇ ਕੋ ਅਪੁਨੀ ਸੋਭਾ ਲੋਰੈ॥ ਸਾਧਸੰਗਿ ਇਹ ਹਉਮੈ ਛੋਰੈ॥ (ਪੰਨਾ 266) ਅਰਥ: ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ ਤਾਂ ਸਤਸੰਗ ਵਿੱਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।
ਆਮ ਮਨੁੱਖ ਹਉਮੈਂ ਦੇ ਕਾਰਨ ਹੀ ਲੋਕਾਂ ਤੋਂ ਮਾਣ ਵਡਿਆਈ ਦੀ ਖ਼ਾਹਿਸ਼ ਰੱਖਦਾ ਹੈ, ਪਰੰਤੂ ਗੁਰਬਾਣੀ ਇਸ ਹਉਮੈਂ ਦੇ ਤਿਆਗ ਹੀ ਮਨੁੱਖ ਨੂੰ ਪ੍ਰੇਰਨਾ ਦੇਂਦੀ ਹੈ। ਗੁਰਬਾਣੀ ਅਜਿਹੀ ਲਾਲਸਾ ਨੂੰ ਆਤਮਕ ਕਮਜ਼ੋਰੀ ਕਹਿੰਦੀ ਹੋਈ, ਮਨੁੱਖ ਨੂੰ ਇਸ ਆਤਮਕ ਕਮਜ਼ੋਰੀ ਤੋਂ ਸੁਚੇਤ ਕਰਦੀ ਹੈ। ਗੁਰਬਾਣੀ ਵਿੱਚ ਦੁਨੀਆਂ ਦੀ ਮਾਣ ਵਡਿਆਈ ਸਬੰਧੀ ਨਿਰਣਾਇਕ ਫ਼ੈਸਲਾ ਦੇਂਦਿਆਂ ਇਉਂ ਕਿਹਾ ਹੈ:- ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ॥ ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ॥ (ਪੰਨਾ 45) ਅਰਥ: (ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ। ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ।
ਜਿਸ ਤਰ੍ਹਾਂ ਦੀ ਸ਼ੋਭਾ ਵਧਾਉਣ ਦੀ ਲੇਖਕ ਗੱਲ ਕਰ ਰਿਹਾ ਹੈ, ਇਸ ਤਰ੍ਹਾਂ ਦੀ ਸ਼ੋਭਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਤਮਕ ਰੋਗ ਕਿਹਾ ਗਿਆ ਹੈ। ਗੁਰਬਾਣੀ ਮਨੁੱਖ ਨੂੰ ਹਰੇਕ ਆਤਮਕ ਰੋਗ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਲਈ ਹੀ ਬਾਣੀ ਮਨੁੱਖ ਨੂੰ ਇਸ ਤਰ੍ਹਾਂ ਦੀ ਮਾਣ ਵਡਿਆਈ ਦੀ ਲਾਲਸਾ ਤੋਂ ਉਪਰ ਉਠਾਉਂਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਸਹੀ ਜੀਵਨ-ਜਾਚ ਸਮਝਾ ਕੇ ਇਸ ਜੀਵਨ-ਜੁਗਤ ਨੂੰ ਅਪਣਾਉਣ ਦੀ ਪ੍ਰੇਰਨਾ ਦੇਂਦੇ ਹਨ। ਗੁਰਬਾਣੀ ਵਿੱਚ ਇਹ ਗੱਲ ਵੀ ਸਪਸ਼ਟ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀ ਜੀਵਨ-ਜੁਗਤ ਨੂੰ ਅਪਣਾਉਣ ਨਾਲ ਲੋਕਾਂ ਵਲੋਂ ਵਾਹਵਾ ਦੀ ਆਸ ਨਹੀਂ ਰੱਖਣੀ ਚਾਹੀਦੀ। ਚੂੰਕਿ ਲੋਕ ਆਮ ਤੌਰ ਤੇ ਇਸ ਤਰ੍ਹਾਂ ਦੀ ਜੀਵਨ-ਜੁਗਤ ਅਪਣਾਉਣ ਵਾਲਿਆਂ ਦਾ ਵਿਰੋਧ ਹੀ ਕਰਦੇ ਹਨ। ਤਾਹੀਓਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਮਾਰਗ ਉਤੇ ਕਦਮ ਰੱਖਣ ਵਾਲਿਆਂ ਨੂੰ ਅਗਾਊਂ ਹੀ ਸੁਚੇਤ ਕਰਦਿਆਂ ਹੋਇਆਂ ਸੁਝਾਉ ਦਿੱਤਾ ਗਿਆ ਹੈ ਕਿ:- ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਅਰਥ:- ਹੇ ਭਾਈ! ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ, ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)। (ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ (ਜਦੋਂ) ਸਿਰ ਭੇਟਾ ਕੀਤਾ ਜਾਏ, {ਆਪਣਾ ਆਪ ਭੇਟਾ ਕਰਨਾ} ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ)।
ਆਤਮਕ ਤੌਰ `ਤੇ ਜਾਗਰੂਕ ਮਨੁੱਖ ਲੋਕਾਂ ਦੀ ਉਸਤਤ ਨਿੰਦਾ ਤੋਂ ਉਪਰ ਉੱਠ ਕੇ ਸੱਚ ਦੇ ਮਾਰਗ ਤੇ ਦ੍ਰਿੜਤਾ ਨਾਲ ਚਲਦੇ ਰਹਿੰਦੇ ਹਨ।
ਜਿੱਥੋਂ ਤਕ ਲੋਕਾਂ ਵਲੋਂ ਇੱਜ਼ਤ-ਮਾਣ ਹੋਣ ਦੀ ਗੱਲ ਦਾ ਸਵਾਲ ਹੈ, ਆਮ ਤੌਰ ਤੇ ਲੋਕਾਈ ਉਨ੍ਹਾਂ ਲੋਕਾਂ ਦੀ ਇੱਜ਼ਤ ਕਰਦਾ ਹੈ ਜਿਨ੍ਹਾਂ ਦੇ ਪੱਲੇ ਦੌਲਤ ਜਾਂ ਤਾਕਤ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਗਤ ਦੇ ਇਸ ਵਰਤਾਰੇ ਨੂੰ ਇਉਂ ਦਰਸਾਇਆ ਹੈ:-
(ੳ) ਨਿਰਧਨ ਆਦਰੁ ਕੋਈ ਨ ਦੇਇ॥ ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ॥ 1॥ ਰਹਾਉ॥ ਜਉ ਨਿਰਧਨੁ ਸਰਧਨ ਕੈ ਜਾਇ॥ ਆਗੇ ਬੈਠਾ ਪੀਠਿ ਫਿਰਾਇ॥ 1॥ ਜਉ ਸਰਧਨੁ ਨਿਰਧਨ ਕੈ ਜਾਇ॥ ਦੀਆ ਆਦਰੁ ਲੀਆ ਬੁਲਾਇ॥ 2॥ (ਪੰਨਾ 1159)
ਅਰਥ: ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ। ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ। 1. ਰਹਾਉ।
ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ, ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ। 1.
ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ, ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ। 2.
(ਅ) ਆਥਿ ਸੈਲ ਨੀਚ ਘਰਿ ਹੋਇ॥ ਆਥਿ ਦੇਖਿ ਨਿਵੈ ਜਿਸੁ ਦੋਇ॥ ਆਥਿ ਹੋਇ ਤਾ ਮੁਗਧੁ ਸਿਆਨਾ॥ (ਪੰਨਾ 931) ਅਰਥ: (ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿੱਚ ਹੋਵੇ ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ; ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ।
ਸੋ, ਗੱਲ ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖ ਨੂੰ ਸੰਸਾਰ ਵਿੱਚ ਮਾਣ ਹਾਸਲ ਕਰਨ ਲਈ ਅਤੇ ਲੋਕਾਂ ਤੋਂ ਇੱਜ਼ਤ ਕਰਾਉਣ ਸਬੰਧੀ ਵਿਚਾਰ ਪੁਸਤਕ ਕਰਤਾ ਨਾਲੋਂ ਭਿੰਨ ਹਨ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਹੀ ਪੱਲੇ ਬੰਨ੍ਹਣ ਦੀ ਲੋੜ ਹੈ ਨਾ ਕਿ ਪੁਸਤਕ ਕਰਤਾ ਦੀ ਦਰਸਾਈ ਹੋਈ ਵਿਧੀ ਨੂੰ। ਇਹੋ ਜਿਹੀ ਵਿਧੀ ਨਾਲ ਕਿਸੇ ਨੂੰ ਇੱਜ਼ਤ-ਮਾਣ ਹਾਸਲ ਨਹੀਂ ਹੁੰਦਾ। ਜੇਕਰ ਕਿਸੇ ਮਨੁੱਖ ਨੂੰ ਇਸ ਤਰ੍ਹਾਂ ਦੇ ਇੱਜ਼ਤ-ਮਾਣ ਦੀ ਲਾਲਸਾ ਹੈ ਤਾਂ ਉਸ ਨੂੰ ਆਪਣੇ ਅੰਦਰ ਸ਼ੁਭ ਗੁਣ ਧਾਰਨ ਕਰਨ ਦੀ ਲੋੜ ਹੈ। ਗੁਰਮਤਿ ਵਿੱਚ ਹਰੇਕ ਉਸ ਵਿਅਕਤੀ ਦਾ ਮਾਣ-ਸਨਮਾਨ ਕਰਨ ਦੀ ਤਾਕੀਦ ਹੈ ਜੋ ਮਾਨ ਸਤਿਕਾਰ ਦਾ ਅਧਿਕਾਰੀ ਹੈ। ਅਜਿਹਾ ਵਿਅਕਤੀ ਭਾਂਵੇਂ ਕਿਸੇ ਵੀ ਧਰਮ, ਜ਼ਾਤ, ਧੜੇ, ਪਾਰਟੀ ਜਾਂ ਇਲਾਕੇ ਨਾਲ ਸਬੰਧਤ ਹੈ। ਇਸ ਵਿੱਚ ਲਿੰਗ-ਭੇਦ ਦਾ ਵੀ ਕੋਈ ਵਿਤਕਰਾ ਨਹੀਂ ਹੈ। (ਨੋਟ: ਅਮਲੀ ਰੂਪ ਵਿੱਚ ਜੇਕਰ ਅਸੀਂ ਅਜਿਹਾ ਨਹੀਂ ਕਰ ਰਹੇ ਤਾਂ ਇਸ ਵਿੱਚ ਸਾਡਾ ਕਸੂਰ ਹੈ, ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਦਾ ਨਹੀਂ।) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਨ੍ਹਾਂ ਮਨੁੱਖਾਂ ਨੂੰ, ਜੇਹੜੇ ਮਾਣ-ਪ੍ਰਤਿਸਠਾ ਦੇ ਪਾਤ੍ਰਾਂ ਦਾ ਸਨਮਾਨ ਕਰਨ ਦੀ ਬਜਾਏ ਕੁਪਾਤ੍ਰਾਂ ਦਾ ਸਨਮਾਨ ਕਰਦੇ ਹਨ, ਉਨ੍ਹਾਂ ਨੂੰ ਸਾਕਤ ਆਖਿਆ ਹੈ।
ਜਸਬੀਰ ਸਿੰਘ ਵੈਨਕੂਵਰ




.