.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 10)

ਇਸ ਅਖੌਤੀ ਸ਼ਰਧਾ ਪੂਰਨ ਗ੍ਰੰਥ ਦਾ ਕਰਤਾ ਜਪੁ ਜੀ ਦੀ ਨੌਵੀਂ ਪਉੜੀ (ਸੁਣਿਐ ਈਸਰੁ ਬਰਮਾ ਇੰਦੁ) ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਸੋਮਵਾਰ ਤੋਂ ਲੈ ਕੇ 31 ਦਿਨਾਂ ਵਿੱਚ ਅੰਮ੍ਰਿਤ ਵੇਲੇ ਤੀਹ ਹਜ਼ਾਰ ਪਾਠ ਕਰੇ ਤਾਂ ਮਨ ਕਦੀ ਵੀ ਪਾਪ ਕਰਮ ਵਲ ਨਹੀਂ ਜਾਂਦਾ, ਬੁੱਧ ਨਿਰਮਲ ਹੋ ਜਾਂਦੀ ਹੈ ਅਤੇ ਹੋਰ ਪਾਪ ਕਰਨ ਤੋਂ ਬਚ ਜਾਂਦਾ ਹੈ।”
ਪਰੰਤੂ ਇਸ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਤਾਂ ਇਹ ਦ੍ਰਿੜ ਕਰਵਾ ਰਹੇ ਹਨ ਕਿ ਜਿਵੇਂ ਜਿਵੇਂ ਪ੍ਰਾਣੀ ਰੱਬੀ ਗੁਣਾਂ ਨੂੰ ਵਿਚਾਰ ਕੇ ਇਨ੍ਹਾਂ ਨੂੰ ਧਾਰਨ ਕਰਦਾ ਹੈ, ਤਿਉਂ ਤਿਉਂ ਮਨੁੱਖ ਨੂੰ ਪ੍ਰਭੂ ਨਾਲੋਂ ਦੂਰੀ ਹੋਣ ਦੇ ਕਾਰਨਾਂ ਦੀ ਸਮਝ ਆਉਣ ਲੱਗ ਪੈਂਦੀ ਹੈ। ਇਨ੍ਹਾਂ ਕਾਰਨਾਂ ਦੀ ਸਮਝ ਆਉਣ ਨਾਲ ਮਨੁੱਖ ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੇ ਆਹਰ ਵਿੱਚ ਜੁੱਟਦਾ ਹੈ। ਭਾਵ, ਅਉਗੁਣਾਂ ਦਾ ਤਿਆਗ ਕਰਕੇ ਗੁਣਾਂ ਨੂੰ ਧਾਰਨ ਕਰਨ ਲਗ ਪੈਂਦਾ ਹੈ। ਪਰੰਤੂ ਪੁਸਤਕ ਕਰਤਾ ਹੁਰੀਂ ਇਸ ਪਉੜੀ ਦੇ ਕੇਵਲ ਤੀਹ ਹਜ਼ਾਰ ਪਾਠ ਕਰਨ ਨਾਲ ਹੀ ਮਨ ਦੇ ਪਾਪ ਕਰਮ ਵਲ ਜਾਣ ਤੋਂ ਰੁਕਣ ਦੀ ਗੱਲ ਕਰ ਰਹੇ ਹਨ। ਗੁਰਮਤਿ ਵਿੱਚ ਤੰਤਰ ਵਿਧੀ ਅਨੁਸਾਰ ਗੁਰਬਾਣੀ ਦੇ ਪਾਠ ਦਾ ਕੋਈ ਵਿਧੀ-ਵਿਧਾਨ ਨਹੀਂ ਹੈ। ਜੇਕਰ ਕਿਧਰੇ ਇਸ ਵਿਧੀ ਨਾਲ ਬਾਣੀ ਨੂੰ ਪੜ੍ਹਿਆ ਜਾ ਰਿਹਾ ਹੈ ਤਾਂ ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਕਿ ਗੁਰਮਤਿ ਸਾਹਿਤ ਵਿੱਚ ਇਸ ਨੂੰ ਪ੍ਰਵਾਨ ਕੀਤਾ ਹੋਇਆ ਹੈ। ਜੇ ਕਿਸੇ ਸਿੱਖ ਜਾਂ ਸੰਸਥਾ ਵਲੋਂ ਗੁਰਮਤਿ ਦੇ ਆਸ਼ੇ ਦੇ ਵਿਰੁੱਧ ਕੋਈ ਕਰਮ ਹੋ ਰਿਹਾ ਹੈ ਤਾਂ ਸਾਡੇ ਲਈ ਉਹ ਪ੍ਰੇਰਨਾ ਸਰੋਤ ਨਹੀਂ ਹੈ, ਅਤੇ ਨਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰਮਤਿ ਨਾਲ ਇਸ ਦਾ ਕੋਈ ਸਬੰਧ ਹੈ। ਸਿੱਖ ਲਈ ਪ੍ਰੇਰਨਾ ਸ੍ਰੋਤ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਨੇ ਇਨ੍ਹਾਂ ਤੋਂ ਹੀ ਸੇਧ ਲੈਣੀ ਹੈ।
ਗੁਰਬਾਣੀ ਦੀ ਵਿਚਾਰ ਕਰਨ ਨਾਲ ਮਨੁੱਖ ਦਾ ਮਨ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗਦਾ ਹੈ। ਜਾਗੇ ਹੋਏ ਮਨੁੱਖ ਹੀ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਕੇ, ਇਸ ਮਨੋਰਥ ਦੀ ਪ੍ਰਾਪਤੀ ਲਈ ਹੰਭਲਾ ਮਾਰਦੇ ਹਨ। ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਮਨੁੱਖ ਇਹ ਨਿਰਣਾ ਕਰਨੋਂ ਅਸਮਰਥ ਹੁੰਦਾ ਹੈ ਕਿ ਕੇਹੜਾ ਪਾਪ ਕਰਮ ਹੈ ਅਤੇ ਕੇਹੜਾ ਨਹੀਂ। ਗੁਰਬਾਣੀ ਦਾ ਪਾਠ ਅਤੇ ਵਿਚਾਰ ਆਦਿ ਇਸ ਲਈ ਹੀ ਕਰਨਾ ਹੈ ਕਿ ਅਸੀਂ ਗੁਰੂ ਦੀ ਮਤ ਨੂੰ ਸਮਝ ਕੇ ਇਸ ਨੂੰ ਧਾਰਨ ਕਰ ਸਕੀਏ। ਆਪਣੇ ਸੁੱਤੇ ਹੋਏ ਮਨ ਨੂੰ ਜਗਾ ਸਕੀਏ। ਗੁਰਬਾਣੀ ਅਨੁਸਾਰ ਆਪਣੇ ਆਚਰਣ ਨੂੰ ਢਾਲਣਾ ਹੀ ਮਨ ਨੂੰ ਪਾਪਾਂ ਵਲੋਂ ਰੋਕਣਾ ਹੈ। ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣ ਵਾਲੇ ਨੇ ਗੁਰੂ ਦੀ ਇਸ ਸਿਖਿਆ ਨੂੰ ਹਮੇਸ਼ਾਂ ਹੀ ਪੱਲੇ ਬੰਨ੍ਹਿਆ ਹੁੰਦਾ ਹੈ ਕਿ ‘ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ’।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਇਆ ਦੇ ਮੋਹ ਵਿੱਚ ਪੈ ਕੇ ਭਰਮ ਦਾ ਸ਼ਿਕਾਰ ਹੋਏ ਮਨ ਨੂੰ ਸਮਝਾਉਣ ਦੀ ਜੁਗਤੀ ਬਾਰੇ ਇਉਂ ਕਿਹਾ ਹੈ:-
ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ॥ (ਪੰਨਾ 561) ਅਰਥ: ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਅਕਲ ਸਿੱਖਦਾ ਹੈ, ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ।
ਇਸ ਲਈ ਬਾਣੀ ਵਿੱਚ ਮਨੁੱਖ ਨੂੰ ਆਪਣੇ ਭੁੱਲੇ ਹੋਏ ਮਨ ਨੂੰ ਗੁਰ-ਸ਼ਬਦ ਦੁਆਰਾ ਹੀ ਸਮਝਾਉਣ ਦੀ ਪ੍ਰੇਰਨਾ ਕੀਤੀ ਹੋਈ ਹੈ:- ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ॥ ਪੰਨਾ 23) ਅਰਥ: ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ।
ਗੁਰ ਸ਼ਬਦ ਨਾਲ ਮਨ ਨੂੰ ਸਮਝਾਉਣ ਤੋਂ ਭਾਵ ਹੈ ਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ। ਗੁਰਬਾਣੀ ਨੂੰ ਕੇਵਲ ਪੜ੍ਹਨ/ਸੁਨਣ ਜਾਂ ਵਿਚਾਰਨ ਨਾਲ ਹੀ ਮਨ ਨਹੀਂ ਸਮਝਦਾ। ਮਨ ਨੂੰ ਤਾਂ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਇਆਂ ਹੀ ਸਮਝਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਗੱਲ ਨੂੰ ਇਉਂ ਦਰਸਾਇਆ ਗਿਆ ਹੈ:-
ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥ ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥ ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ (ਪੰਨਾ 791)
ਅਰਥ: ਜਿਵੇਂ ਜਦੋਂ ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਵੇਦ ਆਦਿਕ ਧਰਮ-ਪੁਸਤਕਾਂ ਦੀ ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ; ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ ਚੜ੍ਹਿਆ ਹੋਇਆ ਨਹੀਂ ਜਾਪਦਾ, ਤਿਵੇਂ ਜਿੱਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ। ਵੇਦ ਆਦਿਕ ਧਰਮ-ਪੁਸਤਕਾਂ ਦੇ ਨਿਰੇ ਪਾਠ ਤਾਂ ਦੁਨਿਆਵੀ ਵਿਹਾਰ ਸਮਝੋ, ਵਿਦਵਾਨ ਲੋਕ ਇਨ੍ਹਾਂ ਨੂੰ ਪੜ੍ਹ ਪੜ੍ਹ ਕੇ ਇਨ੍ਹਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ; ਜਦ ਤਕ ਮਤਿ ਨਹੀਂ ਬਦਲਦੀ ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ ਲੁਕਾਈ ਖ਼ੁਆਰ ਹੀ ਹੁੰਦੀ ਹੈ; ਹੇ ਨਾਨਕ! ਉਹ ਮਨੁੱਖ ਹੀ ਪਾਪਾਂ ਦੇ ਹਨੇਰੇ ਤੋਂ ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ।
ਇਸ ਲਈ ਪਾਪ ਕਰਮ ਵਲੋਂ ਮਨੁੱਖ ਦਾ ਮਨ ਤਾਂ ਹੀ ਰੁਕੇਗਾ ਜੇਕਰ ਮਨੁੱਖ ਗੁਰੂ ਦੀ ਮਤ ਲਵੇਗਾ। ਜੇਕਰ ਕੋਈ ਵਿਅਕਤੀ ਬਾਣੀ ਨੂੰ ਕੇਵਲ ਪੜ੍ਹ/ਸੁਣ ਹੀ ਰਿਹਾ ਹੈ ਪਰੰਤੂ ਇਸ ਉੱਤੇ ਅਮਲ ਨਹੀਂ ਕਰ ਰਿਹਾ, ਉਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰਮਾਨ ਹੈ:-
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥ 1॥ ਰਹਾਉ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥ ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥ 1॥ ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥ ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥ 2॥ ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥ ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥ 3॥ (ਪੰਨਾ (ਪੰਨਾ 1253)
ਅਰਥ: ਹੇ ਭਾਈ! ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁੱਝ ਭੀ ਨਹੀਂ; ਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ। 1. ਰਹਾਉ।
ਹੇ ਭਾਈ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ, ਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ। 1.
(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ, ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿੱਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ। 2.
ਹੇ ਪਰਮਾਨੰਦ! (ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ, ਤੇ ਸਤਸੰਗ ਵਿੱਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ)। 3.
ਜਿੱਥੋਂ ਤੱਕ ‘ਹੋਰ ਪਾਪ ਕਰਨ ਤੋਂ ਬਚ ਜਾਂਦਾ ਹੈ’ ਦਾ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਸਬੰਧੀ ਵੀ ਇਹੀ ਆਖਿਆ ਹੈ ਕਿ ਗੁਰੂ ਦੀ ਮਤ ਧਾਰਨ ਕੀਤਿਆਂ ਹੀ ਇਸ ਮਨ ਨੂੰ ਪਾਪਾਂ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਗੁਰ-ਸ਼ਬਦ ਦਾ ਕੁੰਡਾ ਮਨੁੱਖ ਦੇ ਸਿਰ ਤੇ ਨਾ ਹੋਵੇ ਤਾਂ ਇਸ ਅਮੋੜ ਮਨ ਨੂੰ ਪਾਪ ਕਰਮ ਤੋਂ ਰੋਕਣਾ ਕਠਨ ਹੈ:-
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥ ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ॥ (ਪੰਨਾ 516) ਅਰਥ: ਮਨ ਮਾਨੋਂ ਹਾਥੀ ਹੈ; ਜੇ ਸਤਿਗੁਰੂ ਇਸ ਦਾ ਮਹਾਵਤ ਬਣੇ, ਤੇ ਗੁਰੂ ਦੀ ਦਿੱਤੀ ਮਤਿ ਇਸ ਦੇ ਸਿਰ ਤੇ ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ। ਪਰ, ਹੇ ਨਾਨਕ! ਕੁੰਡੇ ਤੋਂ ਬਿਨਾਂ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ।
ਜਿੱਥੋਂ ਤੱਕ ਲੇਖਕ ਦੇ “ਬੁੱਧ ਨਿਰਮਲ ਹੋ ਜਾਂਦੀ ਹੈ” ਦਾ ਪ੍ਰਸ਼ਨ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖ ਨੂੰ ਨਿਰਮਲ ਬੁੱਧ ਹਾਸਲ ਕਰਨ ਦਾ ਤਰੀਕਾ ਇਉਂ ਸਮਝਾਇਆ ਗਿਆ ਹੈ:-
ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ॥ ਪੰਨਾ 992) ਅਰਥ: ਪ੍ਰਭੂ ਦੀ ਡੂੰਘੀ ਸਾਂਝ-ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ। ਪ੍ਰਭੂ-ਮਾਲਕ ਜਦ ਤਕ ਮਨ ਵਿੱਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿੱਚ ਵਿਕਾਰਾਂ ਵਲੋਂ) ਕੋਈ ਰੋਕ ਨਹੀਂ ਪੈਂਦੀ।
ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ॥ (ਪੰਨਾ 639) ਅਰਥ: ਹੇ ਭਾਈ! ਸਾਧ ਸੰਗਤਿ ਵਿੱਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਪ੍ਰਭੂ ਦੇ ਨਾਮ ਵਿੱਚ ਮਨ ਦਾ ਨਿਵਾਸ ਹੋ ਜਾਂਦਾ ਹੈ। ਸਾਧ ਸੰਗਤਿ ਦੀ ਬਰਕਤਿ ਨਾਲ ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ, ਹਿਰਦੇ ਦੇ ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ।
ਸੋ, ਸਾਨੂੰ ‘ਮਨ ਨੂੰ ਪਾਪਾਂ ਵਲੋਂ ਰੋਕਣ’ ਅਤੇ ‘ਬੁੱਧ ਨਿਰਮਲ’ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਜੁਗਤ ਨੂੰ ਹੀ ਅਪਣਾਉਣ ਦੀ ਲੋੜ ਹੈ ਨਾ ਕਿ ਇਸ ਪੁਸਤਕ ਦੇ ਕਰਤਾ ਦੀ ਦਰਸਾਈ ਹੋਈ ਵਿਧੀ ਨੂੰ। ਚੂੰਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਨਾ ਤਾਂ ਕਿਸੇ ਦਾ ਮਨ ਪਾਪ ਕਰਮ ਤੋਂ ਰੁਕਿਆ ਹੈ ਅਤੇ ਨਾ ਹੀ ਮਨ ਨੂੰ ਰੋਕਿਆ ਜਾ ਸਕਦਾ ਹੈ।
ਜਪੁ ਜੀ ਦੀ ਇਸ ਪਉੜੀ ਦਾ ਮੂਲ ਪਾਠ ਅਤੇ ਅਰਥ ਇਸ ਤਰ੍ਹਾਂ ਹਨ:-
ਸੁਣਿਐ ਈਸਰੁ ਬਰਮਾ ਇੰਦੁ॥ ਸੁਣਿਐ ਮੁਖਿ ਸਾਲਾਹਣ ਮੰਦੁ॥ ਸੁਣਿਐ ਜੋਗ ਜੁਗਤਿ ਤਨਿ ਭੇਦ॥ ਸੁਣਿਐ ਸਾਸਤ ਸਿਮ੍ਰਿਤਿ ਵੇਦ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ 9॥ (ਪੰਨਾ 3)
ਅਰਥ: ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ `ਤੇ ਅੱਪੜ ਜਾਂਦਾ ਹੈ, ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿੱਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ, ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿੱਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿੱਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ)। 9.
ਜਸਬੀਰ ਸਿੰਘ ਵੈਨਕੂਵਰ




.