.

ਕਰਾਮਾਤ

ਕਰਾਮਾਤ, ਮੌਜਜ਼ਾ ਜਾਂ ਰਿਧੀਆਂ ਸਿਧੀਆਂ ਉਸ ਸ਼ਕਤੀ ਦਾ ਨਾਮ ਸਮਝਿਆ ਜਾਂਦਾ ਹੈ ਜਿਸ ਰਾਹੀਂ ਕਿਸੇ ਅਨਹੋਣੀ ਗਲ ਨੂੰ ਪ੍ਰਤੱਖ ਕਰਕੇ ਵਿਖਾਲਣ ਦੀ ਕੋਸ਼ਿਸ਼ ਕੀਤੀ ਜਾਵੇ। ਕਈ ਵਾਰ ਜਾਦੂਗਰੀ (ਹੱਥ ਦੀ ਸਫਾਈ) ਨੂੰ ਹੀ ਕਰਾਮਾਤ ਸਮਝਿਆ ਜਾਂਦਾ ਹੈ ਜਿਵੇਂ ਸਾਂਈ ਬਾਬੇ ਦੀ ਸੋਨਾ ਬਨਾਉਣ ਵਾਲੀ ਕਰਾਮਾਤ ਨੂੰ ਟੈਲੀਵੀਯਨ ਕੈਮਿਰਿਆਂ ਰਾਹੀਂ ਇੱਕ ਸਾਧਾਰਨ ਜਾਦੂਗਰੀ ਹੀ ਸਾਬਤ ਕਰਿ ਦਿਤਾ ਗਿਆ ਸੀ। ਡਾ: ਅਬਰਾਹਮ ਕੌਵੂਰ, ਜੋ ਦੁਨੀਆਂ ਵਿੱਚ (ਅਲੌਕਿਕ (ਜੰਤ੍ਰ, ਮੰਤ੍ਰ ਤੇ ਤੰਤ੍ਰ) ਸ਼ਕਤੀਆਂ ਦੀ ਖੋਜ ਵਿੱਚ ਮੰਨੇ ਪ੍ਰਮੰਨੇ ਸਾਂਇਸਦਾਨ ਹਨ, ਆਪਣੀ ਕਿਤਾਬ “ਬੀ ਗੌਨ ਗੌਡਮੈਨ” ਵਿੱਚ ਲਿਖਦੇ ਹਨ ਕਿ ਉਹਨਾ ਨੇ ਦੁਨੀਆਂ ਭਰ ਵਿੱਚ ਅਖਬਾਰਾਂ ਤੇ ਇਸ਼ਤਿਹਾਰਾਂ ਰਾਹੀਂ, ਇੱਕ ਚਨੌਤੀ ਦਿਤੀ ਸੀ ਕਿ ਜੋ ਕੋਈ ਵੀ ਉਹਨਾ ਸਾਹਮਣੇ ਕਰਾਮਾਤ ਕਰਿ ਕੇ ਵਖਾਲੇਗਾ ਉਸਨੂੰ ਇੱਕ ਲੱਖ ਰੁਪਈਆ ਇਨਾਮ ਦਿੱਤਾ ਜਾਵੇਗਾ। ਇਹ ਚਨੌਤੀ 1963 ਵਿੱਚ ਦੁਨੀਆਂ ਭਰ ਦੇ ਮਸ਼ਹੂਰ ਅਖਬਾਰਾਂ ਤੇ ਇਸ਼ਤਿਹਾਰਾਂ ਵਿੱਚ ਛਪਣ ਦੇ ਬਾਵਜੂਦ ਅਜੇ ਤਕ ਕੋਈ ਵੀ ਇਨਾਮ ਹਾਸਿਲ ਕਰਨ ਲਈ ਅਗੇ ਨਹੀ ਅਇਆ। ਇਹ ਚਨੌਤੀ ਇੰਡੀਆ ਭਰ ਦੇ ਉੱਘੇ ਜੋਤਸ਼ੀਆਂ, ਸਾਧਾਂ, ਸੰਤਾਂ, ਪੀਰਾਂ ਫਕੀਰਾਂ ਤੇ ਬਾਬਿਆਂ ਨੂੰ ਵੀ ਖਾਸ ਕਰਕੇ ਪਹੁੰਚਾਈ ਗਈ ਪਰ ਅਜ ਤਕ ਕੋਈ ਵੀ ਪਰਖ ਦੀ ਕਸਵੱਟੀ ਤੇ ਚੜਨ ਲਈ ਹਿੰਮਤ ਨਾ ਜਤਾ ਸਕਿਆ। ਸਿੱਟਾ ਕਢਦਿਆਂ ਉਹਨਾ ਲਿਖਿਆ:

1. ਜੋ ਆਪਣੀ ਕਰਾਮਾਤ ਨੂੰ ਪਰਖ ਦੀ ਕਸਵੱਟੀ ਤੇ ਨਹੀ ਝੜਾਉਂਦਾ ਉਹ ਧੋਖੇਬਾਜ਼ ਹੈ।

2. ਜਿਸ ਵਿੱਚ ਕਰਾਮਾਤ ਦੀ ਖੋਜ ਕਰਨ ਦਾ ਹੌਸਲਾ ਨਹੀ ਉਹ ਪਿਠ-ਲਗੂ ਹੈ।

3. ਜੋ ਬਿਨਾ ਖੋਜ (ਪੜਚੋਲ) ਦੇ ਕਰਾਮਾਤ ਨੂੰ ਮੰਨੀ ਜਾਵੇ ਉਹ ਨਿਰਾ ਪਾਗਲ ਹੈ।

ਪੁਰਾਨੇ ਧਰਮ ਗ੍ਰੰਥ, ਧਾਰਮਕ ਪੁਰਸ਼ਾਂ ਦੀ ਹਥ ਲਿਖਤ ਨਾ ਹੋਣ ਕਰਕੇ, ਬਹੁਤ ਰਲਾਵਟਾਂ ਦੇ ਸ਼ਿਕਾਰ ਹੋ ਗਏ। ਉਹਨਾ ਵਿੱਚ ਕਰਾਮਾਤ ਨੂੰ ਧਰਮੀ ਪੁਰਸ਼ਾਂ ਦਾ ਧਰਮ-ਸ਼ਿੰਗਾਰ ਤੇ ਵਡਿਆਈ ਕਰਕੇ ਪਰਚਾਰਿਆ ਗਿਆ। ਉਹਨਾ ਦੇ ਨਾਮ ਤੇ ਅਨੇਕਾਂ ਕਰਾਮਾਤ ਭਰੀਆਂ ਕਥਾ ਕਹਾਣੀਆਂ ਲਿਖੀਆਂ ਗਈਆਂ ਜੋ ਸਚ ਦੀ ਕਸਵੱਟੀ ਤੇ ਪੂਰੀਆਂ ਨਹੀ ਉਤਰਦੀਆਂ। ਕਿਸੇ ਵਾਪਰੀ ਘੱਟਨਾਂ ਨੂੰ ਅਗਰ ਛੇ ਮਹੀਨਿਆਂ ਪਿਛੋਂ ਸੁਣਿਆ ਜਾਵੇ ਤਾਂ ਉਸਦੀ ਰੂਪ ਰੇਖਾ ਹੀ ਬਦਲ ਚੁਕੀ ਹੁੰਦੀ ਹੈ ਪਰ ਜੋ ਧਰਮ ਗ੍ਰੰਥ ਸਦੀਆਂ ਪੁਰਾਨੇ ਹਨ ਉਹਨਾ ਵਿੱਚ ਤਾਂ ਰਲਾਵਟ ਦੀ ਬਹੁਤ ਸੰਭਾਵਨਾ ਹੈ ਤੇ ਇਹੀ ਕਾਰਨ ਹੈ ਕਿ ਕਰਮਾਤਾਂ ਨਾਲ ਭਰਪੂਰ ਪੁਰਾਤਨ ਕਥਾ ਕਹਾਣੀਆਂ ਸਚ ਦੀ ਕਸਵੱਟੀ ਤੇ ਪੂਰੀਆਂ ਨਹੀ ਉਤਰਦੀਆਂ। ਦੁਨੀਆਂ ਭਰ ਵਿੱਚ ਸ਼ਾਈਦ ਇੱਕ ਸਿਖ ਧਰਮ ਹੀ ਐਸਾ ਹੈ ਜਿਸਨੂੰ ਆਪਣੇ ਰਹਿਬਰਾਂ ਦੀ ਰਚਨਾ (ਗੁਰੂ ਗ੍ਰੰਥ ਸਾਹਿਬ), ਬਿਨਾ ਕਿਸੇ ਰਲਾਵਟ ਦੇ ਹਾਸਲ ਹੋਣ ਦਾ ਮਾਣ ਹੈ, ਪਰ ਕਿਤਨੇ ਅਫਸੋਸ ਦੀ ਗਲ ਹੈ ਕਿ ਇੱਕ ਬੇਮਿਸਾਲ ਅਨਮੋਲ ਰਤਨ, ਗਿਆਨ ਦਾ ਭੰਡਾਰ ਕੋਲ ਹੁੰਦਿਆਂ ਫਿਰ ਵੀ ਸਿਖ ਜਗਤ ਕਰਾਮਾਤ ਦੀ ਲਪੇਟ ਤੋਂ ਨਾ ਬਚ ਸਕਿਆ। ਜਿਸ ਗੁਰੂ ਦੀ ਰਚਨਾ ਕਰਾਮਾਤ ਨੂੰ ਖੰਡਨ ਕਰਦੀ ਹੈ ਓਸੇ ਗੁਰੂ ਦੀ ਬੁਕਲ ਵਿੱਚ ਬੈਠ ਕੇ ਕਰਾਮਾਤ ਭਰੀਆਂ ਕਥਾ ਕਹਾਣੀਆਂ ਸੁਣਨ ਸੁਨਾਉਣ ਨੂੰ ਗੁਰੂ ਦੀ ਵਡਿਆਈ ਸਮਝਿਆ ਜਾ ਰਿਹਾ ਹੈ। ਕੀ ਇਹ ਗੁਰੂ ਦਾ ਆਦਰ ਹੈ ਜਾਂ ਨਿਰਾਦਰ? ਇਹ ਭੁਲ ਹੀ ਅਗਿਆਨਤਾ ਦਾ ਸਬੂਤ ਹੈ। ਹਥ ਵਿੱਚ ਦੀਵਾ ਲੈ ਕੇ ਖੂਹ ਵਿੱਚ ਡਿਗਣਾ ਕਿਥੇ ਦੀ ਸਮਝਦਾਰੀ ਹੈ? ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ (ਕਬੀਰ-1376)। ਅਜੇ ਤਾਂਈ ਇਹ ਵੀ ਸਮਝ ਨਹੀ ਆਈ ਕਿ ਗੁਰੂ ਦੇ ਬਚਨਾਂ ਦੀ ਵਿਰੋਧਤਾ ਉਹਨਾਂ ਦੀ ਨਿਰਾਦਰੀ ਹੈ, ਵਡਿਆਈ ਨਹੀ। ਗੁਰੂ ਦੀ ਵਡਿਆਈ ਕਰਨ ਲਗੇ ਸੁਲਤਾਨ ਨੂੰ ਮੀਆਂ ਜੀ ਹੀ ਬਣਾ ਦਿੰਦੇ ਹਾਂ। ਤੂੰ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥ (ਮ: 1-795)। ਪੜਨ ਤੇ ਸੁਣਨ ਵਿੱਚ ਆਇਆ ਹੈ ਕਿ ਧਰਮੀ ਪੁਰਸ਼ ਆਪ ਕਰਾਮਾਤ ਨਹੀ ਸਨ ਵਖਾਂਦੇ, ਪਰ ਇਹ ਕਰਾਮਾਤਾਂ ਸੁਤੇ ਸਿਧ ਆਪਣੇ ਆਪ ਹੀ ਵਰਤ ਜਾਂਦੀਆਂ ਸਨ। ਜੋ ਕਰਾਮਾਤ ਆਪਣੇ ਆਪ ਸੁਤੇ ਸਿਧ ਵਰਤ ਜਾਵੇ ਉਹ ਫਿਰ ਧਰਮੀ ਪੁਰਸ਼ਾਂ ਨਾਲ ਸੰਬੰਧਤ ਨਹੀ ਕੀਤੀ ਜਾ ਸਕਦੀ। ਕਿਸੇ ਵੀ ਧਰਮੀ ਪੁਰਸ਼ ਨੇ ਆਪਣੀ ਗੌਰਵਤਾ ਜਾਂ ਸਚਾਈ ਨੂੰ ਪ੍ਰਗਟ ਕਰਨ ਲਈ ਕਰਾਮਾਤ ਦਾ ਸਹਾਰਾ ਨਹੀ ਲਿਆ ਬਲਿਕੇ ਸਬਦ (ਗੁਰਗਿਆਨ) ਦੁਆਰਾ ਹੀ ਸਚ (ਧਰਮ) ਨੂੰ ਪ੍ਰਚਾਰਿਆ ਹੈ। ਅਨੇਕ ਤਰਾਂ ਦੇ ਠੱਗਾਂ, ਚੋਰਾਂ, ਧਾੜਵੀਆਂ, ਰਾਖਸ਼ਾਂ ਤੇ ਪਾਪੀਆਂ ਨੂੰ ਗਿਆਨ ਦੀ ਖੜਗ ਨਾਲ ਹੀ ਸੋਧਿਆ। ਇਹ ਗਲ ਜੁਦੀ ਹੈ ਕਿ ਦੁਨੀਆਂ ਨੇ ਉਹਨਾ ਦੇ ਕਰਤਵਾਂ ਨੂੰ ਇੱਕ ਕਰਾਮਾਤ ਦਾ ਰੂਪ ਦੇ ਦਿੱਤਾ। ਕਰਾਮਾਤ ਨੂੰ ਗੁਰਬਾਣੀ ਦੇ ਝਰੋਖੇ ਵਿਚੋਂ ਵੇਖਣ ਤੋਂ ਪਹਿਲਾਂ ਰੱਬ ਦੇ ਕੁੱਝ ਗੁਣਾਂ ਨੂੰ ਵਿਚਾਰਨਾ ਲਾਭਦਾਇਕ ਹੋਵੇਗਾ:-

1. ਦਦਾ ਦਾਤਾ ਏਕੁ ਹੈ ਸਭ ਕਉ ਦੇਵਣਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ (ਮ: 5-257)। ਭਾਵ:- ਇਕੋ ਇੱਕ ਪਰਮਾਤਮਾ ਹੀ ਦਾਤਾ ਹੈ ਜੋ ਸਭ ਨੂੰ ਦੇਣ ਦੇ ਸਮਰੱਥ ਹੈ। ਉਹਦੇ ਭੰਡਾਰ ਅਨਗਿਣਤ ਤੇ ਅਮੁਕ ਹਨ।

2. ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ॥ ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ॥ (ਮ: 1-1286)। ਭਾਵ:- ਪਰਮਾਤਮਾ ਅਪਹੁੰਚ ਤੇ ਸਭ ਦਾ ਮਾਲਕ ਹੈ, ਉਹ ਸਦਾ ਥਿਰ, ਅਦ੍ਰਿਸ਼ਟ ਤੇ ਬੇਅੰਤ ਹੈ। ਇਕੋ ਇੱਕ ਉਹ ਆਪ ਹੀ ਦਾਤਾ ਹੈ ਤੇ ਬਾਕੀ ਸਭ ਉਸਤੋਂ ਮੰਗ ਰਹੇ ਹਨ। ਇਕੋ ਇੱਕ ਉਹ ਆਪ ਹੀ ਦੇਣ ਦੇ ਸਮਰੱਥ ਹੈ।

ਹੁਣ ਗੁਰਬਾਣੀ ਦੇ ਕਥਨ ਅਨੁਸਾਰ ਇਕੋ ਇੱਕ ਪਰਮਾਤਮਾ ਹੀ ਸਭ ਨੂੰ ਦੇਣ ਦੇ ਸਮਰੱਥ ਹੈ, ਬਾਕੀ ਸਭ ਉਸਦੇ ਦਰ ਤੇ ਮੰਗਤੇ ਹੀ ਹਨ, ਤਾਂ ਫਿਰ ਹੋਰ ਕਉਣ ਦੂਸਰਾ ਉਸਦਾ ਸਰੀਕ ਹੋ ਸਕਦਾ ਹੈ? ਰੱਬ ਤੋਂ ਲੈ ਕੇ ਕਿਸੇ ਹੋਰ ਨੂੰ ਦੇਣ ਦਾ ਢਕਵੰਜ ਕਰਨਾ, ਧੋਖਾ ਹੈ, ਕੀ ਪਰਮਾਤਮਾ ਸਿੱਧਾ ਆਪ ਉਸਨੂੰ ਨਹੀ ਦੇ ਸਕਦਾ? ਵਿਚੋਲੇ ਦੀ ਕੀ ਜ਼ਰੂਰਤ ਪੈ ਗਈ? ਵਿਚੋਲਾ ਬਣਨਾ ਤਾਂ ਉਸਦਾ ਸਰੀਕ ਬਣਨ ਦੇ ਤੁਲ ਹੈ। ਪਰ ਉਸਦਾ ਤਾਂ ਕੋਈ ਸਰੀਕ ਨਹੀ: ਤੇਰਾ ਸਰੀਕੁ ਕੋ ਨਹੀ ਜਿਸਨੋ ਲਵੈ ਲਾਇ ਸੁਣਾਇਆ॥ ਤੁਧੁ ਜੇਵਡੁ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸਚੁ ਮੇਰੈ ਮਨਿ ਭਾਇਆ॥ (ਮ: 4-301)। ਭਾਵ: ਸੰਸਾਰ ਵਿੱਚ ਤੇਰਾ ਸਰੀਕ ਕੋਈ ਨਹੀ ਜੋ ਤੇਰੇ ਵਰਗਾ ਹੋਵੇ। ਤੇਰੇ ਜੇਡਾ ਤੂੰ ਆਪ ਹੀ ਹੈ ਤੇ ਤੂੰ ਹੀ ਮੇਰੇ ਮਨ ਨੂੰ ਪਿਆਰਾ ਲਗਦਾ ਹੈਂ। ਇਸ ਲਈ ਇਹ ਸਪਸ਼ਟ ਹੈ ਕਿ ਦੇਣ ਵਾਲਾ ਇਕੋ ਇੱਕ ਪਰਮਾਤਮਾ ਹੈ ਤੇ ਉਹਦਾ ਕੋਈ ਸਰੀਕ ਨਹੀ ਫਿਰ ਇਹ ਅਖੌਤੀ ਸਾਧ, ਸੰਤ ਤੇ ਬਾਬੇ ਕਿਸੇ ਦੀਆਂ ਮਨੋਕਾਮਨਾਂ ਕਿਵੇਂ ਪੂਰੀਆਂ ਕਰਿ ਸਕਦੇ ਹਨ? ਜੋ ਆਪ ਮੰਗਤਾ ਹੈ, ਉਹ ਦੂਜੇ ਨੂੰ ਕੀ ਦੇ ਸਕਦਾ ਹੈ? ਇਹਨਾ ਨੂੰ ਵਿਚੋਲੇ ਬਣਨ ਦਾ ਅਧਿਕਾਰ ਕਿਸ ਨੇ ਦੇ ਦਿੱਤਾ? ਇਹ ਧੋਖੇ, ਫਰੇਬ ਤੇ ਠੱਗੀ ਤੋਂ ਬਿਨਾ ਹੋਰ ਕੁਛ ਨਹੀ। ਜਿਸਨੂੰ ਵੀ ਪਰਮਾਤਮਾ ਨੇ ਦਾਤ ਦੇਣੀ ਹੈ, ਉਸਨੂੰ ਉਹ ਆਪ ਹੀ ਦਿੰਦਾ ਹੈ। ਨਾ ਕਿਸੇ ਨੂੰ ਪੁਛਦਾ ਦਸਦਾ ਹੈ, ਨਾ ਕਿਸੇ ਦੀ ਸਲਾਹ ਲੈਂਦਾ ਹੈ ਤੇ ਨਾ ਹੀ ਕਿਸੇ ਨੂੰ ਵਿਚੋਲਾ ਬਣਾਉਂਦਾ ਹੈ। ਬੀਓੁ ਪੂਛਿ ਨ ਮਸਲਤਿ ਧਰੈ ਜੋ ਕਿਛੁ ਕਰੈ ਸੁ ਆਪਹਿ ਕਰੈ॥ 863 ਕੈਸੀ ਹੈਰਾਨਗੀ ਹੈ? ਪਰਮਾਤਮਾ ਤੋਂ ਬਿਨਾ ਕੋਈ ਹੋਰ ਦਾਤਾ ਨਹੀ, ਕੋਈ ਉਸਦਾ ਸਰੀਕ ਨਹੀ, ਕਿਸੇ ਨੂੰ ਉਹ ਪੁਛਦਾ ਦਸਦਾ ਨਹੀ, ਕਿਸੇ ਦੀ ਉਹ ਸਲਾਹ ਨਹੀ ਲੈਂਦਾ, ਜੋ ਕਰਦਾ ਹੈ ਉਹ ਆਪ ਹੀ ਕਰਦਾ ਹੈ ਤਾਂ ਫਿਰ ਇਹ ਅਖੌਤੀ ਸਾਧ, ਸੰਤ ਤੇ ਬਾਬੇ ਕੀ ਉਸਤੋਂ ਵਡ੍ਹੇ ਹਨ ਜੋ ਕਿਸੇ ਕਰਾਮਾਤ ਰਾਹੀਂ ਉਸਦੀ ਕਰਨੀ ਨੂੰ ਜਾਣ ਲੈਂਦੇ ਹਨ ਤੇ ਵਿਚੋਲੇ ਬਣ ਕੇ ਲੋਕਾਂ ਦੀਆਂ ਮਨੋਕਾਮਨਾ ਪੂਰਨ ਕਰਦੇ ਹਨ? ਅਗਰ ਇਹ ਕਿਸੇ ਕਰਾਮਾਤ ਜਾਂ ਰਿਧੀਆਂ ਸਿਧੀਆਂ ਦੇ ਮਾਲਕ ਹੁੰਦੇ ਤਾਂ ਦੂਸਰਿਆਂ ਦੀ ਕਮਾਈ ਤੇ ਕਿਉਂ ਪਲਦੇ? ਇਹਨਾ ਦੇ ਫੋਕੇ ਕਰਾਮਾਤ ਦੇ ਦ੍ਹਾਵੇ ਨਿਰੀ ਧੋਖੇਬਾਜ਼ੀ ਹੈ। ਕਰਤੇ ਦੀ ਕਰਣੀ ਨੂੰ ਜਾਣਿਆ ਹੀ ਨਹੀ ਜਾ ਸਕਦਾ ਤੇ ਹੁੰਦਾ ਵੀ ਉਹੀ ਹੈ ਜੋ ਉਸਨੂੰ ਭਾਉਂਦਾ ਹੈ। ਕਰਤੇ ਕੀ ਮਿਤ ਨ ਜਾਨੈ ਕੀਆ॥ ਨਾਨਕ ਜੋ ਤਿਸ ਭਾਵੈ ਸੋ ਵਰਤੀਆ॥ (ਮ: 5-284)। ਇਹ ਸਚਾਈ ਦੇ ਹੁੰਦਿਆਂ ਭਵਿਖ ਬਾਣੀ ਕਿਵੇਂ ਹੋ ਸਕਦੀ ਹੈ? ਕਿਹੜਾ ਕਰਾਮਾਤੀ ਉਸ ਕਰਤੇ ਦੀ ਕਰਣੀ ਨੂੰ ਜਾਣ ਸਕਦਾ ਹੈ? ਇਹੀ ਕਾਰਨ ਹੈ ਕਿ ਕੋਈ ਵੀ ਧਰਮੀ ਪੁਰਸ਼ ਭਵਿਖ ਬਾਣੀ ਨਹੀ ਕਰੇਗਾ। ਅਗਰ ਕੌੜਾ ਘੁਟ ਕਰਕੇ ਇਹ ਮੰਨ ਵੀ ਲਿਆ ਜਾਵੇ ਕਿ ਜਪਾਂ, ਤਪਾਂ ਤੇ ਹੱਠਾਂ ਦੁਆਰਾ ਰਿਧੀਆਂ ਸਿਧੀਆਂ ਜਾਂ ਕਰਾਮਾਤ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਇਸ ਕਰਾਮਾਤ ਦੀ ਵਰਤੋਂ ਤਾਂ:-

1. ਰੱਬ ਦੇ ਭਾਣੇ ਦੀ ਬਗਾਵਤ ਹੈ। (ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ 601)

2. ਰੱਬ ਦੀ ਹੁਕਮ ਅਦੂਲੀ ਹੈ। (ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ॥ 510)

ਰੱਬ ਦੇ ਅਭੁਲ ਤੇ ਅੰਤਰਜਾਮੀ ਹੋਣ ਤੇ ਸ਼ੰਕਾ ਹੈ। (ਪਾਰਬ੍ਰਹਮ ਅਪਰੰਪਰ ਸੁਆਮੀ॥ ਸਗਲ ਘਟਾ ਕੇ ਅੰਤਰਜਾਮੀ॥ 192)

3. ਰੱਬ ਦਾ ਸਰੀਕ ਬਣਨ ਦੀ ਕੋਸ਼ਿਸ਼ ਹੈ। (ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਲੇਵੈ ਦੇਇ॥ ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥ 53)

4. ਰੱਬ ਮਿਲਾਪ ਵਿੱਚ ਵਡ੍ਹੀ ਰੁਕਾਵਟ ਹੈ। (ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥ 593)

ਇਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਕਰਾਮਾਤ ਨੂੰ ਕਬੂਲਿਆ ਨਹੀ ਗਿਆ। ਕਰਾਮਾਤ ਰੱਬ ਦੇ ਰਾਹ ਦਾ ਰੋੜਾ ਹੋਣ ਕਰਕੇ ਧਰਮ ਵਿੱਚ ਪ੍ਰਵਾਨ ਨਹੀ। ਗੁਰਬਾਣੀ ਦਾ ਹੋਰ ਵੀ ਅਟੱਲ ਫੈਸਲਾ ਹੈ:-

1. ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ॥ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰਿ ਹੋਇ॥ (ਮ: 3-1413) ਭਾਵ:- ਧੁਰ ਦਰਗਾਹ ਦੇ ਲਿਖੇ (ਹੁਕਮ) ਨੂੰ ਮੇਟਿਆ ਨਹੀ ਜਾ ਸਕਦਾ ਤੇ ਸਭ ਕਿਛ ਲਿਖੇ (ਹੁਕਮ) ਅਨੁਸਾਰ ਹੀ ਹੁੰਦਾ ਹੈ ਪਰ ਇਸ ਗਿਆਨ ਦੀ ਸੂਝ ਓਸੇ ਨੂੰ ਹੀ ਹੁੰਦੀ ਹੈ ਜਿਸਤੇ ਉਸਦੀ ਕ੍ਰਿਪਾ ਹੋਵੇ।

2. ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥ ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ॥ (ਮ: 1-937)। ਭਾਵ:- ਪਰਮਾਤਮਾ ਦਾ ਲਿਖਿਆ ਲੇਖ (ਹੁਕਮ) ਅਮਿੱਟ ਹੈ ਪਰ ਜੇ ਉਹ ਆਪਣੀ ਕਿਰਪਾ ਕਰਕੇ ਆਪ ਹੀ ਅੰਦਰ ਆ ਵਸੇ ਤਾਂ ਹੁਕਮ ਵਿੱਚ ਚਲਣ ਦੀ ਸਮਰੱਥਾ ਆ ਜਾਂਦੀ ਹੈ। ਅਗਰ ਉਸਦਾ ਹੁਕਮ ਅਟੱਲ ਹੈ, ਟਾਲਿਆ ਨਹੀ ਜਾ ਸਕਦਾ ਤਾਂ ਕੌਣ ਅਤੇ ਕਿਹੜੀ ਕਰਾਮਾਤ ਨਾਲ ਉਸਦੇ ਹੁਕਮ ਨੂੰ ਬਦਲ ਸਕਦਾ ਹੈ? ਹੁਕਮ ਨੂੰ ਬਦਲਨ ਦਾ ਮਤਲਬ ਤਾਂ ਉਸਨੂੰ ਭੁੱਲੜ ਸਿੱਧ ਕਰਨ ਦੇ ਤੁਲ ਹੋਵੇਗਾ। ਉਸਦੇ ਹੁਕਮ ਨੂੰ ਬਦਲਨ ਦਾ ਦ੍ਹਾਵਾ ਇੱਕ ਫਰੇਬ ਜਾਂ ਧੋਖੇ ਤੋਂ ਵੱਧ ਹੋਰ ਕੁਛ ਬੀ ਨਹੀ ਹੈ। ਜਿਥੇ ਕਰਾਮਾਤ ਹੈ ਉਥੇ ਨਾਮ ਨਹੀ ਤੇ ਜਿਥੇ ਨਾਮ ਨਹੀ ਉਥੇ ਰਾਮ ਨਹੀ। ਇਹ ਕਰਾਮਾਤ ਤੇ ਨਾਮ ਆਪਾ ਵਿਰੋਧੀ ਹਨ। ਐਸੇ ਗੁਰ ਪ੍ਰਮਾਣਾ ਦੇ ਹੁੰਦਿਆ, ਕਰਾਮਾਤ ਨੂੰ ਗੁਰੂਆਂ ਦੀਆਂ ਕਥਾ ਕਹਾਣੀਆਂ ਨਾਲ ਜੋੜਨਾ ਉਹਨਾ ਦੀ ਵਡਿਆਈ ਨਹੀ ਨਿਰਾਦਰੀ ਹੈ। ਗੁਰਮਤ ਵਿੱਚ ਨਾਮ (ਹੁਕਮ, ਗਿਆਨ) ਦੀ ਪ੍ਰਾਪਤੀ ਹੀ ਸਭ ਤੋਂ ਵਡ੍ਹੀ ਕਰਾਮਾਤ ਜਾਂ ਰਿਧੀ ਸਿਧੀ ਹੈ।

(1. ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ (ਮ: 3-650)। ਭਾਵ:- ਜਿਸ ਨੂੰ ਚਿੰਤਾ ਰਹਿਤ ਦਾਤੇ ਨੇ ਨਾਮ ਦੀ ਦਾਤ ਦਿਤੀ ਹੈ ਇਹੀ ਇੱਕ ਵਡ੍ਹੀ ਸਿਧੀ ਜਾਂ ਕਰਾਮਾਤ ਹੈ। ਗੁਰੂ ਦੀ ਮਤ ਤੇ ਚਲਣ ਵਾਲੇ (ਗੁਰਮੁਖਿ) ਦੇ ਮਨਿ ਵਿੱਚ ਨਾਮ (ਹੁਕਮ) ਦਾ ਵਾਸਾ ਹੋ ਜਾਣਾ ਹੀ ਵਡ੍ਹੀ ਕਰਾਮਾਤ ਹੈ। (2.) ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮ ਜੀਤਾ॥ ਬਿਨਵੰਤ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ॥ (ਮ: 5-543) ਭਾਵ:- ਜਿਨ੍ਹਾ ਨੇ ਨਾਮ ਜਪ ਕੇ (ਗੁਰੂ ਦੇ ਹੁਕਮ ਵਿੱਚ ਚਲ ਕੇ) ਆਪਣੇ ਮਨ ਨੂੰ ਨਿਰਮਲ ਕਰਿ ਲਿਆ, ਸਾਧ ਲਿਆ, ਉਹਨਾ ਨੂੰ ਮਾਨੋ ਸਭ ਕਰਾਮਾਤਾਂ ਤੇ ਦੁਨੀਆਂ ਦੇ ਨੌ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਇਸ ਲਈ ਕਰਾਮਾਤ ਨੂੰ ਗੁਰਮਤਿ ਵਿੱਚ ਕੋਈ ਪ੍ਰਵਾਨਗੀ ਨਹੀ ਕਿਉਂਕਿ ਇਹ ਨਾਮ ਦੀ ਵਿਰੋਧਤਾ ਹੈ। ਕਰਤਾ ਆਪ ਅਭੁਲ ਹੈ, ਕਦੇ ਵੀ ਨਹੀ ਭੁਲਦਾ, ਇਸ ਲਈ ਉਸਨੂੰ ਕੋਈ ਵੀ ਕੰਮ ਦੁਬਾਰਾ ਨਹੀ ਕਰਨਾ ਪੈਂਦਾ। ਉਹ ਸਭ ਕੁਛ ਪੂਰਾ ਹੀ ਕਰਦਾ ਹੈ, ਵਧ ਘਟ ਦੀ ਗੁੰਜਾਇਸ਼ ਨਹੀ ਛਡਦਾ, ਕਿਸੇ ਸੁਧਾਰ ਦੀ ਜ਼ਰੂਰਤ ਨਹੀ ਛਡਦਾ। ਗੁਰ ਫੁਰਮਾਨ ਹੈ:-

1. ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ॥ ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ॥ (301)

2. ਨਹੀ ਹੋਤ ਕਛੁ ਦੋਊਬਾਰਾ॥ ਕਰਨੈਹਾਰੁ ਨ ਭੁਲਨਹਾਰਾ॥ (253)।

3. ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧ ਕਿਛੁ ਨਾਹੀ॥ ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਹਿ ਸਮਾਹੀ॥ 1412

ਅਗਰ, ਉਹ ਆਪ ਪੂਰਾ ਹੈ, ਉਸਦਾ ਹਰ ਕੰਮ ਪੂਰਾ ਹੈ, ਉਸਨੂੰ ਕੁਛ ਦੁਬਾਰਾ ਕਰਨ ਦੀ ਲੋੜ ਨਹੀ ਤੇ ਉਹ ਕਦੇ ਭੁਲ ਨਹੀ ਕਰਦਾ ਤਾਂ ਕਿਸੇ ਅਖੌਤੀ ਕਰਾਮਾਤ ਰਾਹੀਂ ਉਸਦੇ ਕੀਤੇ ਨੂੰ ਸੁਧਾਰਨ ਜਾਂ ਟਾਲਣ ਦੀ ਕੋਸ਼ਿਸ਼ ਤਾਂ ਨਿਰੇ ਪਖੰਡ, ਧੋਖੇ ਜਾਂ ਫਰੇਬ ਤੋਂ ਵਧ ਕੀ ਹੋ ਸਕਦਾ ਹੈ?

ਙਣਿ ਘਾਲੇ ਸਭ ਦਿਵਸ ਸਾਸ ਨਹ ਬੂਢਨ ਘਟਨ ਤਿਲੁ ਸਾਰ॥ ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ॥ (ਮ: 5-254)। ਭਾਵ:- ਸਾਰੀ ਉਮਰ ਦੇ ਦਿਨ ਅਤੇ ਸਾਹ ਪਰਮਾਤਮਾ ਗਿਣ ਕੇ ਹੀ ਭੇਜਦਾ ਹੈ ਤੇ ਉਹਨਾ ਵਿੱਚ ਜ਼ਰਾ ਵੀ ਵਾਧਾ ਘਾਟਾ ਨਹੀ ਹੋ ਸਕਦਾ ਇਸ ਲਈ ਉਹ ਮਨੁਖ ਮੂਰਖ ਹਨ ਜੋ ਦਿਤੀ ਉਮਰ ਨੂੰ ਵੱਧ ਜਾਂ ਘੱਟ ਕਰਨਾ ਲੋੜਦੇ ਹਨ। ਇਸ ਅਟੱਲ ਹੁਕਮ ਨੂੰ ਬਦਲਨ ਦੀ ਕੋਸ਼ਿਸ਼ ਪਰਮਾਤਮਾ ਨਾਲ ਸਿਧੀ ਟੱਕਰ ਹੋਵੇਗੀ ਜੋ ਧਰਮ ਵਿੱਚ ਕਦੇ ਪ੍ਰਵਾਨ ਨਹੀ ਹੋ ਸਕਦੀ। ਮਰਿਆ ਮਨੁਖ ਕਦੇ ਵੀ ਕਿਸੇ ਕਰਾਮਾਤ ਨਾਲ ਜੀਵਤ ਨਹੀ ਹੋ ਸਕਦਾ (ਜੇ ਹੋ ਗਿਆ ਤਾਂ ਉਹ ਮਰਿਆ ਨਹੀ ਹੋ ਸਕਦਾ)। ਜਾਣ ਵਾਲਾ ਕਦੇ ਨਹੀ ਪਰਤਿਆ, ਇਹ ਕੁਦਰਤਿ ਦਾ ਅਟੱਲ ਅਸੂਲ ਹੈ। ਇਸ ਲਈ ਮਿਰਤਕ ਨੂੰ ਜੀਵਤ ਕਰਨ ਦਾ ਢੌਂਗ ਕਰਨ ਵਾਲਾ ਕਦੇ ਧਰਮੀ ਨਹੀ ਹੋ ਸਕਦਾ। ਇਹ ਕੁਦਰਤਿ (ਤੇ ਕਾਦਰ) ਦੇ ਨਿਯਮਾਂ ਦੀ ਉਲੰਘਣਾ ਹੈ। ਅਨੇਕ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੇ ਜੀਵਨ ਬਾਰੇ ਪੜ੍ਹਦਿਆਂ ਜਦੋਂ ਕਰਾਮਾਤਾਂ ਦਾ ਜ਼ਿਕਰ ਆਉਂਦਾ ਹੈ ਤਾਂ ਇਹ ਕਰਮ ਗੁਰਮਤਿ ਵਿਰੁਧ ਹੋਣ ਕਰਕੇ ਉਹਨਾ ਦੇ ਧਰਮੀ ਪੁਰਸ਼ ਹੋਣ ਤੇ ਚਿਨ ਲਗ ਜਾਂਦਾ ਹੈ। ਜੇ ਕਿਸੇ ਨੂੰ ਅਜੇ ਤਕ ਇਹ ਪਤਾ ਨਹੀ ਲਗਾ ਕਿ ਕਰਾਮਾਤ ਤੇ ਧਰਮ ਆਪਾ ਵਿਰੋਧੀ ਹਨ ਤਾਂ ਉਹ ਧਰਮੀ ਪੁਰਸ਼ ਹੋ ਹੀ ਕਿਵੇਂ ਸਕਦਾ ਹੈ? ਧਰਮੀ ਪੁਰਸ਼ ਦਾ ਸ਼ਿੰਗਾਰ “ਹੁਕਮ ਰਜਾਈ ਚਲਣਾ” ਹੀ ਹੁੰਦਾ ਹੈ। ਉਹ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਹੁੰਦਾ ਹੈ। ਉਸਦੀ ਨਿਸ਼ਾਨੀ ਹੈ:-

1. ਜੋ ਕਿਛੁ ਕੀਉ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ॥ ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ॥ 496 ਭਾਵ:- ਜੋ ਕੁਛ ਪਰਮਾਤਮਾ ਕਰਦਾ ਹੈ ਉਸਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੀ ਅਸਲੀ ਭਗਤੀ ਹੈ। ਉਸਨੂੰ ਮਿਤ੍ਰ ਤੇ ਵੈਰੀ ਨੂੰ ਇਕੋ ਸਮਾਨ ਵੇਖਦਾ ਹੈ। ਇਹੀ ਧਰਮ ਦਾ ਤੱਤ ਤੇ ਨਿਸ਼ਾਨੀ ਹੈ। ਅਗਰ ਕੋਈ ਪਰਮਾਤਮਾ ਦੇ ਹੁਕਮ ਨੂੰ ਮੰਨਣ ਦੀ ਬਜਾਏ ਉਸਨੂੰ ਬਦਲਨ ਜਾਂ ਟਾਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਧਰਮੀ ਕਿਵੇਂ ਹੋ ਸਕਦਾ ਹੈ?

2. ਹਰਿ ਜਨੁ ਉਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮਨਿ ਵਸਾਈ॥ 479 ਭਾਵ:- ਜੋ ਪਰਮਾਤਮਾ ਦਾ ਸੇਵਕ ਹੈ ਉਹ ਉਸਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਨੇਕ ਭਗਤ ਸਦਾਉਂਦਾ ਹੈ। ਪ੍ਰਭੂ ਦੀ ਰਜ਼ਾ ਨੂੰ ਸਤ ਕਰਕੇ ਮਨ ਵਸਾਉਂਦਾ ਹੈ। ਪਰਮਾਤਮਾ ਦੀ ਰਜ਼ਾ ਨੂੰ ਕਰਾਮਾਤ ਨਾਲ ਬਦਲਨ ਦਾ ਢੌਂਗ ਕਰਨ ਵਾਲਾ ਭਗਤ ਕਿਵੇਂ ਹੋ ਸਕਦਾ ਹੈ

3. ਜਨੁ ਕਉ ਪ੍ਰਭ ਆਪਣੇ ਕਾ ਤਾਣੁ॥ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪ੍ਰਵਾਣੁ॥ 677 ਭਾਵ:- ਪ੍ਰਭੂ ਦੇ ਸੇਵਕ ਨੂੰ ਉਸਦਾ ਆਸਰਾ ਹੁੰਦਾ ਹੈ, ਤੇ ਜੋ ਪ੍ਰਭੂ ਕਰਦਾ ਕਰਾਉਂਦਾ ਹੈ ਉਹ ਸੇਵਕ ਨੂੰ ਪ੍ਰਵਾਨ ਹੁੰਦਾ ਹੈ।

ਫਿਰ ਜਿਹੜਾ ਉਸਦੇ ਭਾਣੇ ਨੂੰ ਬਦਲਣ ਜਾਂ ਟਾਲਣ ਦੀ ਕੋਸ਼ਿਸ਼ ਕਰੇ ਉਹ ਸੇਵਕ ਕਿਵੇਂ? ਗੁਰ ਪ੍ਰਮਾਣਾ ਤੋਂ ਸਪਸ਼ਟ ਹੈ ਕਿ ਕਰਾਮਾਤ ਤੇ ਧਰਮ ਆਪਾ ਵਿਰੋਧੀ ਹਨ। ਕਰਾਮਾਤ ਨੂੰ ਗੁਰੂ ਸਾਹਿਬਾਨਾ ਜਾਂ ਭਗਤਾਂ ਦੀਆਂ ਕਥਾ ਕਹਾਣੀਆਂ ਨਾਲ ਜੋੜਨਾ ਗੁਰਮਤਿ ਵਿਰੁੱਧ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.