.

ਸਾਧ ਭਲੇ ਅਣਨ੍ਹਾਤਿਆਂ

ਧਰਮ ਦੀ ਦੁਨੀਆਂ ਵਿੱਚ ਤੀਰਥ ਉਸ ਪਵਿਤ੍ਰ ਅਸਥਾਨ ਨੂੰ ਆਖਦੇ ਹਨ ਜਿਥੇ ਜਾ ਕੇ ਮਨੁਖ ਆਪਣੇ ਮਨ ਦੇ ਪਾਪਾਂ ਦੀ ਮੈਲ ਨੂੰ ਧੋ ਸਕਦਾ ਹੈ। ਇਥੇ ਇੱਕ ਬੜੀ ਵਡੀ ਭੁਲ ਹੋ ਗਈ ਜਾਪਦੀ ਹੈ, ਕਿਉਂਕਿ ਮਨ ਕੋਈ ਠੋਸ ਵਸਤੂ ਨਹੀ ਇਸ ਲਈ ਇਸ ਨੂੰ ਪਾਣੀ ਨਾਲ ਨਹੀ ਬਲਿਕੇ ਗਿਆਨ ਨਾਲ ਹੀ ਧੋਤਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਇੱਕ ਸਮੇ ਇਹਨਾ ਅਸਥਾਨਾ ਤੇ ਕਿਸੇ ਮਹਾਨ ਪੁਰਸ਼ ਦੀ ਰਿਹਾਇਸ਼ ਰਹੀ ਹੋਵੇ, ਜਿਸਦੇ ਅੰਦਰ ਪਰਮਾਤਮਾ ਦੇ ਗਿਆਨ ਦਾ ਪਰਕਾਸ਼ ਹੋਇਆ ਹੋਵੇ, ਸੱਚ ਦਾ ਚਸ਼ਮਾ ਫੁੱਟਾ ਹੋਵੇ, ਅੰਮ੍ਰਿਤ (ਗਿਆਨ) ਦੀ ਵਰਖਾ ਹੋਈ ਹੋਵੇ, ਜਾਗਤ ਜੋਤ ਜਲੀ ਹੋਵੇ, ਪਰ ਸਮਾ ਪਾ ਕੇ ਜਦੋਂ ਅੰਮ੍ਰਿਤ ਦਾ ਚਸ਼ਮਾ ਬੰਦ ਹੋ ਗਿਆ, ਜਾਗਤ ਜੋਤ ਬੁਝ ਗਈ ਤਾਂ ਫਿਰ ਉਹ ਅਸਥਾਨ ਤੀਰਥ ਨਹੀ ਰਹਿ ਜਾਂਦਾ। ਤੀਰਥ ਤਾਂ ਕੇਵਲ ਉਦੋਂ ਤਕ ਹੀ ਸੀ ਜਦੋਂ ਤਕ ਉਥੇ ਅੰਮ੍ਰਿਤ ਦਾ ਕੁੰਡ (ਗਿਆਨ) ਮੌਜੂਦ ਸੀ, ਪਿਛੋਂ ਤਾਂ ਉਹ ਅਸਥਾਨ ਇੱਕ ਆਮ ਅਸਥਾਨ ਵਾਙੂੰ ਹੀ ਰਹਿ ਜਾਂਦਾ ਹੈ। ਇਸ ਲਈ ਮਹੱਦਤਾ ਅਸਥਾਨ ਦੀ ਨਹੀ, ਬਲਿਕੇ ਗਿਆਨ ਦੀ ਹੈ। ਮਨ ਦੀ ਮੈਲ ਅਸਥਾਨ (ਦੇ ਪਾਣੀ) ਨਾਲ ਨਹੀ ਬਲਿਕੇ ਗਿਆਨ ਨਾਲ ਧੋਤੀ ਜਾਣੀ ਹੈ ਤੇ ਇਹ ਗਿਆਨ ਭਾਵੇਂ ਕਿਸੇ ਵੀ ਅਸਥਾਨ ਤੇ ਹੋ ਸਕਦਾ ਹੈ। ਜਿਥੇ ਵੀ ਇਸ ਗਿਆਨ ਦੀ ਵਰਖਾ ਹੋਵੇਗੀ ਉਹੀ ਅਸਥਾਨ ਪਵਿਤ੍ਰ ਤੀਰਥ ਕਹਿਲਾਵੇਗਾ ਚਾਹੇ ਉਹ ਕੋਈ ਰੇਗਸਥਾਨ ਹੀ ਕਿਉਂ ਨਾ ਹੋਵੇ। ਧਰਮ ਦੀ ਦੁਨੀਆਂ ਵਿੱਚ ਤੀਰਥ, ਦਰਿਆ ਦਾ ਕਿਨਾਰਾ ਨਹੀ, ਬਲਿਕੇ ਗਿਆਨ (ਗੁਰੂ) ਹੈ। (ਗੁਰ ਸਚੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਓ॥ ਮ: 1 … 17)। ਅਖੌਤੀ ਤੀਰਥਾਂ ਤੇ ਪਾਣੀ ਨਾਲ ਕੀਤਾ ਇਸ਼ਨਾਨ ਅਸਲੀ “ਤੀਰਥ ਇਸ਼ਨਾਨ” ਨਹੀ ਬਲਿਕੇ ਕਿਸੇ ਵੀ ਅਸਥਾਨ ਤੇ ਲਿਆ ਗਿਆ ਗਿਆਨ “ਤੀਰਥ ਇਸ਼ਨਾਨ” ਹੈ। ਅਸਥਾਨ ਦੀ ਮਹੱਦਤਾ ਨਹੀ, ਗਿਆਨ ਦੀ ਮਹੱਦਤਾ ਹੈ।

ਹਰ ਧਰਮ ਵਿੱਚ ਤੀਰਥਾਂ ਦੀ ਯਾਤਰਾ ਦਾ ਬੜਾ ਮਹਾਤਮ ਦਰਸਾਇਆ ਜਾਂਦਾ ਹੈ ਤੇ ਹਜ਼ਾਰਾਂ ਲੋਕ ਅਨੇਕਾਂ ਮੁਸੀਬਤਾਂ ਝੱਲ ਕੇ ਵੀ ਤੀਰਥਾਂ ਦੇ ਦਰਸ਼ਨਾ ਨੂੰ ਜਾਂਦੇ ਵੇਖੇ ਜਾ ਸਕਦੇ ਹਨ। ਗੁਸਤਾਖੀ ਮੁਆਫ, ਅਜੋਕੇ ਸਮੇ ਵਿੱਚ ਤੀਰਥ ਯਾਤਰਾ ਦਾ ਰੱਬੀ ਗਿਆਨ ਨਾਲ ਦੂਰ ਦਾ ਵੀ ਵਾਸਤਾ ਨਹੀ। ਅਜ ਇਹ ਕੇਵਲ ਮਨ ਦਾ ਮਨੋਰੰਜਨ, ਸੈਰ ਸਪੱਟਾ ਜਾਂ ਹਵਾਬਦਲੀ ਹੀ ਰਹਿ ਗਿਆ ਹੈ। ਜਿੱਥੇ ਇੱਕ ਸਮੇ ਇਹ ਤੀਰਥ ਗਿਆਨ ਦੇ ਸੋਮੇ ਸਨ ਉਥੇ ਅਜ ਇਹ ਕੇਵਲ ਫੋਕੀਆਂ ਰੀਤਾਂ, ਰਸਮਾਂ ਤੇ ਕਰਮ ਕਾਂਡਾਂ ਦੇ ਅੱਡੇ ਬਣ ਕੇ ਰਹਿ ਗਏ ਜਿਥੇ ਗਿਆਨ ਦੀ ਗਲ ਕਰਨੀ ਵੀ ਗੁਨਾਹ ਹੈ। ਯਕੀਨ ਨਾ ਆਵੇ ਤਾਂ ਤਾਜ਼ੇ ਆਏ ਤੀਰਥ ਯਾਤਰੂ ਨੂੰ ਪੁਛ ਵੇਖਣਾ। ਉਹ ਆਪਣੀ ਯਾਤਰਾ ਦੇ ਮਿੰਟ ਮਿੰਟ ਦਾ ਹਾਲ ਸੁਣਾਂਦੇ ਥਕਦੇ ਨਹੀ, ਕਿਵੇਂ, ਕਿਥੇ ਤੇ ਕਿੰਨਾ ਦਾਨ ਕੀਤਾ, ਪਾਠ ਕੀਤੇ, ਇਸ਼ਨਾਨ ਕੀਤੇ, ਕੀਰਤਨ ਸੁਣੇ ਆਦਿਕ … ਪਰ ਕਿਥੋ, ਕਿਵੇਂ ਤੇ ਕਿੰਨਾ ਗਿਆਨ ਹਾਸਲ ਕੀਤਾ, ਇਹ ਉਹਨਾਂ ਦੇ ਪ੍ਰਸੰਗ ਵਿੱਚ ਕਿਤੇ ਨਹੀ ਆਉਂਦਾ ਕਿਉਂਕਿ ਇਹ ਤੀਰਥ ਯਾਤਰਾ ਦਾ ਮਨੋਰਥ ਹੀ ਨਹੀ ਸੀ। ਤੀਰਥਾਂ ਤੇ ਜਾ ਕੇ ਪਾਠ ਕਰਨ ਦਾ ਮਜ਼ਾ ਹੀ ਕੁੱਝ ਹੋਰ ਹੈ। ਘਰੇ ਪਾਠ ਦਾ ਉਹ ਮਜ਼ਾ ਨਹੀ ਕਿਉਂਕਿ ਕੋਈ ਵੇਖ ਕੇ ਸ਼ਲਾਘਾ ਕਰਨ ਵਾਲਾ ਨਹੀ ਪਰ ਉਥੇ ਵੇਖਣ ਵਾਲੇ ਅਨੇਕਾਂ ਤੇ ਵਿੱਚ ਵਿੱਚ ਜਾਨਣ ਤੇ ਸਾਲਾਹੁਣ ਵਾਲੇ ਵੀ ਮਿਲ ਜਾਂਦੇ ਹਨ। ਗੁਰੂ ਦੀ ਸਿਖਿਆ ਤੋਂ ਸਦਾ ਅਨਜਾਣ ਰਹੇ ਹਾਂ:- ਨਾਵਣ ਚਲੇ ਤੀਰਥੀ ਮਨ ਖੋਟੈ ਤਨਿ ਚੋਰ॥ ਇਕੁ ਭਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ (ਮ: 1 … 789)। ਜਿਥੇ ਜਾ ਕੇ ਮਨ ਦੀ ਮੈਲ (ਖੋਟ) ਨੂੰ ਧੋਣਾ ਸੀ ਉਥੋਂ ਹੀ ਮਨ ਤੇ ਹੋਰ ਦੂਜੀ (ਹੳਮੈ ਦੀ) ਮੈਲ ਝ੍ਹੜਾ ਲਈ। ਤੀਰਥ ਤੇ ਜਾ ਕੇ ਲਾਭ ਦੀ ਜਗਾ ਨੁਕਸਾਨ ਹੀ ਕਰਾ ਲਿਆ। ਧਰਮ ਕੋਈ ਦਿਖਾਵਾ ਜਾਂ ਲੋਕ ਪਚਾਰਾ ਨਹੀ:- ਅੰਤਰਿ ਮੈਲੁ ਜੇ ਤੀਰਥ ਨ੍ਹਾਵੈ ਤਿਸੁ ਬੈਕੁੰਠ ਨ ਜਾਨਾ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮ ਅਯਾਨਾ॥ (ਕਬੀਰ 484)।

ਹਰ ਤੀਰਥ ਦੀ ਪ੍ਰਸਿੱਧੀ ਉਥੇ ਦੇ ਪੁਜਾਰੀ ਮਨ ਘੜਤ ਤੇ ਗੁਰਮਤ ਵਿਰੁਧ ਕਹਾਣੀਆਂ ਸੁਣਾ ਕੇ ਯਾਤਰੀਆਂ ਨੂੰ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਲ ਪਰੇਰਦੇ ਰਹਿੰਦੇ ਹਨ ਕਿਉਂਕਿ ਉਹਨਾ ਦੀ ਉਪਜੀਵਕਾ ਯਾਤਰੀਆਂ ਦੇ ਦਾਨ ਪੁੰਨ ਤੇ ਹੀ ਨਿਰਭਰ ਹੈ। ਤੀਰਥ ਯਾਤਰਾ ਦਾ ਮਨੋਰਥ ਸਾਹਮਣੇ ਆ ਜਾਂਦਾ ਹੈ ਜਦੋਂ ਇਹ ਸਵਾਲ ਪੁਛਿਆ ਜਾਵੇ ਕਿ ਜੋ ਕਰਮ ਧਰਮ ਇਤਨੀ ਮਾਇਆ ਤੇ ਵਕਤ ਖਰਚ ਕੇ ਇਤਨੀ ਦੂਰ ਜਾ ਕੇ ਕਰਨਾ ਹੈ ਕੀ ਉਹ ਇਥੇ ਨੇੜੇ ਦੇ ਗੁਰੂ ਘਰਾਂ ਵਿੱਚ ਨਹੀ ਹੋ ਸਕਦਾ? ਕੀ ਤੀਰਥਾਂ ਤੇ ਕੋਈ ਅਲੱਗ ਗੁਰੂ ਬੈਠਾ ਹੈ ਜੋ ਇਥੇ ਨਹੀ? ਗੁਰਗਿਆਨ ਤਾਂ ਇਹ ਕਹਿੰਦਾ ਹੈ:- ਬੇਦ ਪੁਰਾਨ ਸਭ ਦੇਖੇ ਜੋਇ॥ ਊਹਾ ਤਉ ਜਾਈਐ ਜਉ ਈਹਾ ਨ ਹੋਇ॥ (ਰਾਮਾਨੰਦ1195) ਤੀਰਥਾਂ ਤੇ ਜਾਣ ਦੀ ਲੋੜ ਤਾਂ ਤਦ ਹੀ ਪਵੇ ਜੇ ਉਸਦਾ ਗਿਆਨ ਇਥੇ ਨਾ ਹੋਵੇ ਪਰ ਜੇ ਜਾਣ ਦਾ ਮਨੋਰਥ ਹੀ ਕੁੱਝ ਹੋਰ (ਸੈਰ ਸਪੱਟਾ, ਹਵਾ ਬਦਲੀ ਜਾਂ ਮਨੋਰੰਜਨ) ਹੈ ਤਾਂ ਉਸਨੂੰ ਤੀਰਥ ਯਾਤਰਾ (ਕਰਮ ਧਰਮ) ਦਾ ਨਾਮ ਦੇਣਾ ਇੱਕ ਵਡਾ ਭੁਲੇਖਾ ਤੇ ਧੋਖਾ ਹੈ। ਧਰਮ ਦੀ ਦੁਨੀਆਂ ਵਿੱਚ ਗਿਆਨ ਹੀ ਤੀਰਥ ਹੈ ਜਿਸ ਵਿੱਚ ਇਸ਼ਨਾਨ ਕਰਕੇ ਅੰਦਰੂਨੀ ਮਨ ਦੀ ਅੰਦਰੂਨੀ ਮੈਲ ਉਤਰ ਸਕਦੀ ਹੈ:- ਗੁਰ ਫੁਰਮਾਨ ਹੈ: ਦੇਹੀ ਧੋਇ ਨ ਉਤਰੇ ਮੈਲੁ॥ ਹਉਮੈ ਬਿਆਪੈ ਦੁਬਿਧਾ ਫੈਲੁ॥ ਮ: 5 … 893 ਭਾਵ:- ਸਰੀਰ ਨੂੰ ਧੋਣ ਨਾਲ ਸਰੀਰ ਦੀ ਦਿਸਦੀ ਮੈਲ ਤਾਂ ਧੋਤੀ ਜਾ ਸਕਦੀ ਹੈ ਪਰ ਮਨ ਦੀ ਨਿਰ-ਆਕਾਰ ਮੈਲ ਨਹੀ ਧੋਤੀ ਜਾ ਸਕਦੀ। ਤੀਰਥ ਇਸ਼ਨਾਨ ਕਰਕੇ ਅੰਦਰੋਂ ਬਾਹਰੋਂ ਸਾਫ ਹੋਣ ਦੀ ਹਉਮੈ ਜ਼ਰੂਰ ਫੇਲ ਜਾਂਦੀ ਹੈ। ਅਨਿਕ ਜਲਾ ਜੇ ਧੋਵੈ ਦੇਹੀ॥ ਮੈਲੁ ਨ ਉਤਰੈ ਸੁਧੁ ਨ ਤੇਹੀ॥ (ਮ: 5 … 199)। ਭਾਵ: ਬੇਅੰਤ ਪਾਣੀਆਂ ਨਾਲ ਧੋਤਿਆਂ ਵੀ ਮਨ ਦੀ ਮੈਲ ਨਹੀ ਉਤਰਨੀ ਤੇ ਨਾ ਹੀ ਮਨ ਨੇ ਪਵਿਤ੍ਰ ਹੋਣਾ ਹੈ।

ਜਿਥੇ ਇਹ ਸਪਸ਼ਟ ਹੈ ਕਿ ਬਾਹਰਲੇ ਪਾਣੀ ਨਾਲ ਅੰਦਰੂਨੀ ਮਨ ਨਹੀ ਧੋਤਾ ਜਾਣਾ ਉਥੇ ਇਹ ਵੀ ਸਪਸ਼ਟ ਹੈ ਕਿ ਇਸ਼ਨਾਨ ਦੇਹੀ ਦੀ ਪਵਿਤ੍ਰਤਾ ਲਈ ਤਾਂ ਭਾਵੇਂ ਜ਼ਰੂਰੀ ਹੈ ਪਰ ਮਨ ਦੀ ਪਵਿਤ੍ਰਤਾ ਨਾਲ ਇਸਦਾ ਕੋਈ ਸੰਬੰਧ ਨਹੀ। ਸਰੀਰਕ ਇਸ਼ਨਾਨ ਕੋਈ ਧਾਰਮਕ ਕਿਰਿਆ ਨਹੀ। ਇਸ ਲਈ ਇਹ ਜ਼ਰੂਰੀ ਨਹੀ ਕਿ ਨਿਤ ਸਵੇਰੇ ਨਾਉਣ ਵਾਲਾ, ਨਾ ਨਾਉਣ ਵਾਲੇ ਨਾਲੋਂ ਧਾਰਮਕ ਤੌਰ ਤੇ ਉਤਮ ਹੈ। ਧਾਰਮਕਤਾ ਸਰੀਰ ਦੀ ਪਵਿਤ੍ਰਤਾ ਤੇ ਨਹੀ ਬਲਿਕੇ ਮਨ ਦੀ ਪਵਿਤ੍ਰਤਾ ਤੇ ਨਿਰਭਰ ਹੈ।

1. ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬਿਚਾਰ ਅੰਤਰਿ ਗਿਆਨੁ ਹੈ॥ (ਮ: 1 … 687)। ਭਾਵ: ਪਰਮਾਤਮਾ ਦਾ ਨਾਮ (ਹੁਕਮ, ਸਬਦ, ਮਤ, ਗਿਆਨ ਆਦਿ) ਹੀ ਤੀਰਥ ਹੈ। ਗੁਰਬਾਣੀ (ਗਿਆਨ) ਤੀਰਥ ਹੈ ਤੇ ਗੁਰਬਾਣੀ ਤੇ ਚਲਣਾ ਤੀਰਥ ਇਸ਼ਨਾਨ ਹੈ।

2. ਤੀਰਥੁ ਹਮਰਾ ਹਰਿ ਕੋ ਨਾਮੁ॥ ਗੁਰ ਉਪਦੇਸਿਆ ਤਤ ਗਿਆਨੁ॥ ਮ: 5. . 1142 ਭਾਵ: ਗੁਰੂ ਨੇ ਆਤਮਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਕਿ ਪਰਮਾਤਮਾ ਦਾ ਨਾਮ (ਹੁਕਮ, ਗੁਰਬਾਣੀ, ਗਿਆਨ) ਹੀ ਸਾਡਾ ਤੀਰਥ ਹੈ।

3. ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸ ਗੁਰੁ ਹੋਇ॥ (ਮ; 1 … 1328)। ਭਾਵ: ਗੁਰੂ (ਗੁਰਬਾਣੀ ਗਿਆਨ) ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀ ਹੈ॥ ਉਹ ਗੁਰੂ (ਗੁਰਬਾਣੀ) ਹੀ ਸੰਤੋਖ ਰੂਪ ਸਰੋਵਰ ਹੈ।

4. ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤਸਰ ਤੀਰਥਿ ਨਾਇ॥ (ਮ: 3 … 587) ਭਾਵ: ਮਨੁਖ ਦੇ ਅੰਦਰ ਹੀ ਗਿਆਨ ਦਾ ਤੀਰਥ ਹੈ, ਇਹ ਸਮਝ ਸਤਿਗੁਰ ਨੇ ਬਖਸ਼ੀ ਹੈ। ਜਿਸਨੂੰ ਇਹ ਸੋਝੀ ਹੋ ਜਾਂਦੀ ਹੈ, ਉਹ ਫਿਰ ਨਾਮ (ਹੁਕਮ, ਗਿਆਨ) ਦੇ ਸਰੋਵਰ ਵਿੱਚ (ਅੰਮ੍ਰਿਤਸਰ) ਇਸ਼ਨਾਨ ਕਰਦਾ ਹੈ ਤੇ ਮਨ ਨੂੰ (ਮੈਲ ਰਹਿਤ) ਪਵਿਤ੍ਰ ਕਰ ਲੈਂਦਾ ਹੈ।

5. ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ॥ ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤ ਨਾਤੈ ਮਲੁ ਜਾਏ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ॥ ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ॥ (ਮ: 3 … 753)। ਭਾਵ: ਜੋ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸਨੂੰ ਸੂਝ ਬਖਸ਼ਦਾ ਹੈ ਕਿ ਸਚੇ ਸਰੋਵਰ (ਗੁਰੂ ਦੇ ਸਬਦ) ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਗੁਰਸਬਦ ਵਿੱਚ ਇਸ਼ਨਾਨ ਹੀ ਅਠਾਟ ਤੀਰਥਾਂ ਦਾ ਇਸ਼ਨਾਨ ਹੈ ਜਿਸ ਦੁਆਰਾ ਮਨ ਦੀ ਮੈਲ ਧੋਤੀ ਜਾਣੀ ਹੈ। ਗੁਰੂ ਦਾ ਸਬਦ ਹੀ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ ਤੇ ਉਸ ਵਿੱਚ ਨਾਤਿਆਂ ਫਿਰ ਮਨ ਦੀ ਮੈਲ ਨਹੀ ਲਗਦੀ। ਗੁਰੂ ਦੇ ਸਬਦ ਅਨੁਸਾਰ ਚਲਣਾ ਹੀ ਪਰਮਾਤਮਾ ਦੀ ਸਿਫਤ ਸਾਲਾਹ ਹੈ।

ਇਹਨਾ ਗੁਰਵਾਕਾਂ ਤੋਂ ਸਪਸ਼ਟ ਹੈ ਕਿ ਮਨ ਦੀ ਪਵਿਤ੍ਰਤਾ ਗੁਰਸਬਦ (ਗੁਰਬਾਣੀ) ਦੁਆਰਾ ਹੀ ਹੋਵੇਗੀ। ਗੁਰਬਾਣੀ ਅਨੁਸਾਰ ਚਲ ਕੇ ਹੀ ਮਨ ਹਉਮੈ ਰਹਿਤ ਤੇ ਪਵਿਤ੍ਰ ਹੋਵੇਗਾ। ਭਗਤ ਕਬੀਰ ਜੀ ਫੁਰਮਾਂਦੇ ਹਨ:- (ਕਬੀਰ … 656) ਹ੍ਰਿਦੇ ਕਪਟੁ ਮੁਖ ਗਿਆਨੀ॥ (ਮਨ ਤਾਂ ਮੈਲਾ ਹੈ ਪਰ ਮੂਹੋਂ ਗਿਆਨ ਘੋਟਦਾ ਹੈ) ਝੂਠੇ ਕਹਾ ਬਿਲੋਵਸਿ ਪਾਨੀ॥ (ਹੇ ਝੂਠੇ ਐਵੇਂ ਪਾਣੀ ਕਿਉ ਰਿੜਕੀ ਜਾਨਾ ਏ) ਕਾਂਇਆ ਮਾਂਜਸਿ ਕਉਨ ਗੁਨਾ॥ (ਬਾਹਰੋਂ ਦੇਹੀ ਧੋਣ ਦਾ ਕੀ ਲਾਭ ਜੇ) ਜਉ ਘਟਿ ਭਤਿਰ ਹੈ ਮਲਨਾ॥ ਰਹਾਉ॥ (ਮਨ ਵਿੱਚ ਤਾਂ ਵਿਕਾਰਾਂ ਦੀ ਮੈਲ ਹੈ) ਲਉਕੀ ਅਠਸਠਿ ਤੀਰਥ ਨ੍ਹਾਈ॥ (ਤੂੰਬੀ ਅਠਾਟ ਤੀਰਥਾਂ ਦਾ ਇਸ਼ਨਾਨ ਕਰਕੇ ਵੀ) ਕਉਰਾਪਨੁ ਤਊ ਨ ਜਾਈ॥ (ਆਪਣੀ ਕੁੜੱਤਨ ਨਹੀ ਛਡਦੀ) ਕਹਿ ਕਬੀਰ ਬੀਚਾਰੀ॥ (ਕਬੀਰ ਸੋਚ ਵਿਚਾਰ ਕਰਕੇ ਅਰਦਾਸ ਕਰਦਾ ਹੈ ਕਿ) ਭਵਸਾਗਰੁ ਤਾਰਿ ਮੁਰਾਰੀ॥ (ਹੇ ਪ੍ਰਭੂ, ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਿ ਦੇ)

ਭਗਤ ਕਬੀਰ ਜੀ ਇਥੇ ਹੀ ਬਸ ਨਹੀ ਕਰਦੇ, ਪੂਰਾ ਨਿਰਨਾ ਕਰਦੇ ਲਿਖਦੇ ਹਨ:-

ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ॥ ਪੂਜਹੁ ਰਾਮੁ ਏਕ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤਿ ਨਿਤਿ ਮੈਡੁਕ ਨਾਵਹਿ॥ ਜੈਸੇ ਮੈਡੁਕ ਤੈਸੇ ਓਇ ਨਰ ਫਿਰ ਫਿਰ ਜੋਨੀ ਆਵੈ॥ (ਕਬੀਰ … 484)। ਭਾਵ: ਜੇ ਮਨ ਤਾਂ ਮੈਲਾ ਹੈ ਤਾਂ ਤੀਰਥਾਂ ਤੇ ਇਸ਼ਨਾਨ ਕਰਕੇ ਸਵਰਗ ਨਹੀ ਜਾਇਆ ਜਾਣਾ। ਲੋਕ ਵਖਾਵੇ ਨਾਲ ਕੁਛ ਨਹੀ ਹੋਣਾ ਕਿਉਂਕਿ ਪਰਮਾਤਮਾ ਅਨਜਾਣ ਨਹੀ। ਇੱਕ ਪਰਮਾਤਮਾ ਦੀ ਹੀ ਪੂਜਾ ਕਰੋ। ਗੁਰ ਉਪਦੇਸ਼ ਤੇ ਚਲਣਾ ਹੀ ਗੁਰੂ ਦੀ ਸੇਵਾ, ਗੁਰੂ ਦੀ ਪੂਜਾ ਤੇ ਅਸਲੀ ਤੀਰਥ ਇਸ਼ਨਾਨ ਹੈ। ਜੇ ਪਾਣੀ ਦੇ ਇਸ਼ਨਾਨ ਨਾਲ ਹੀ ਮੁਕਤੀ ਹੁੰਦੀ ਹੋਵੇ ਤਾਂ ਮੈਂਡਕ ਤਾਂ ਉਥੇ ਰੋਜ਼ ਨ੍ਹਾਉਂਦੇ ਹਨ। ਜਿਵੇਂ ਮੈਂਡਕਾਂ ਦਾ ਨ੍ਹਾਉਣਾ ਨਿਸਫਲ ਹੈ ਤਿਵੇਂ ਮਨੁਖ ਦਾ ਤੀਰਥ ਇਸ਼ਨਾਨ ਵੀ ਨਿਸਫਲ ਹੈ। ਜਿਵੇਂ ਮੈਂਡਕ ਜੂਨਾ ਵਿੱਚ ਭਟਕਦਾ ਹੈ ਤਿਵੇਂ ਮਨੁਖ ਵੀ ਏਸੇ ਤਰਾਂ ਭਟਕਦਾ ਹੈ। ਸਪਸ਼ਟ ਹੈ ਕਿ ਗੁਰਉਪਦੇਸ਼ (ਗੁਰਬਾਣੀ, ਗਿਆਨ) ਤੇ ਚਲੇ ਬਿਨਾ ਤੀਰਥਾਂ ਤੇ ਕੀਤੇ ਇਸ਼ਨਾਨ, ਦਾਨ, ਪਾਠ, ਪੂਜਾ ਆਦਿਕ ਸਭ ਨਿਸਫਲ ਹਨ। ਸਤਿਗੁਰ ਪੁਰਖੁ ਨ ਮਨਿਉ ਸਬਦਿ ਨ ਲਗੋ ਪਿਆਰੁ॥ ਇਸਨਾਨ ਦਾਨ ਜੇਤਾ ਕਰਹਿ ਦੂਜੈ ਭਾਇ ਖੁਆਰੁ॥ (ਮ: 3 … 34)। ਭਾਵ:- ਜਿਨਾ ਮਨੁਖਾਂ ਨੇ ਸਤਿਗੁਰ ਦੇ ਬਚਨਾ ਨੂੰ ਨਹੀ ਮੰਨਿਆ, ਗੁਰਸਬਦ ਨਾਲ ਪ੍ਰੇਮ ਨਹੀ ਪਾਇਆ, ਉਹ ਜਿਨੇ ਮਰਜ਼ੀ ਤੀਰਥ ਇਸ਼ਨਾਨ ਜਾਂ ਦਾਨ ਪੁੰਨ ਕਰੀ ਜਾਣ, ਉਹ ਮਾਇਆ ਦੇ ਕਾਰਨ ਖੁਆਰ ਹੀ ਹੁੰਦੇ ਹਨ। ਗੁਰੂ ਦੇ ਸਬਦ ਦੁਆਰਾ ਮਨ ਦੀ ਸਾਧਨਾ ਬਿਨਾ ਕੀਤਾ ਹਰ ਕਰਮ ਧਰਮ ਨਿਸਫਲ ਹੈ।

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥ ਮ: 1 … 789)। ਭਾਵ: ਤੁੰਮੀ ਨੂੰ ਬਾਹਰੋਂ ਧੋਣ ਨਾਲ ਉਸਦੇ ਅੰਦਰਲੀ ਕੁੜੱਤਨ ਨਹੀ ਜਾ ਸਕਦੀ। ਇਸ ਲਈ ਭਲੇ ਮਨੁਖ (ਜਿਨਾ ਦੇ ਮਨ ਪਵਿਤ੍ਰ ਹਨ) ਉਹ ਤੀਰਥ ਇਸ਼ਨਾਨ ਤੋਂ ਬਿਨਾ ਹੀ ਭਲੇ ਹਨ ਤੇ ਚੋਰ (ਮੈਲੇ ਮਨ ਵਾਲੇ) ਤੀਰਥਾਂ ਤੇ ਇਸ਼ਨਾਨ ਕਰਕੇ ਵੀ ਚੋਰ ਹੀ ਰਹਿੰਦੇ ਹਨ।।

ਤੀਰਥਿ ਨਾਤਾ ਕਿਅ ਕਰੇ ਮਨ ਮਹਿ ਮੈਲੁ ਗੁਮਾਨ॥ ਗੁਰੁ ਬਿਨੁ ਕਿਨ ਸਮਝਾਈਐ ਮਨੁ ਰਾਜਾ ਸੁਲਤਾਨੁ॥ (ਮ: 1 … 60)। ਭਾਵ: ਜਿਨੀ ਦੇਰ ਮਨ ਵਿੱਚ ਹਉਮੈ ਦੀ ਮੈਲੁ ਹੈ ਉਨੀ ਦੇਰ ਤੀਰਥ ਇਸ਼ਨਾਨ ਨੇ ਕੁੱਝ ਨਹੀ ਸਵਾਰਨਾ। ਦੇਹੀ ਦੇ ਰਾਜੇ, ਮਨ, ਨੂੰ ਗੁਰੂ ਦੀ ਸਿਖਿਆ ਬਿਨਾ ਸਮਝਾਇਆ ਨਹੀ ਜਾ ਸਕਦਾਹੁਣ ਤਾਂ ਸ਼ੰਕੇ ਦੀ ਕੋਈ ਗੁੰਜਾਇਸ਼ ਨਹੀ ਰਹਿਣੀ ਚਾਹੀਦੀ ਕਿ ਮਨ ਨੂੰ ਪਵਿਤ੍ਰਤਾ ਕੀਤੇ ਬਿਨਾ, ਬਾਕੀ ਸਭ ਕਰਮ ਧਰਮ, ਰੀਤਾਂ ਰਸਮਾਂ, ਤੇ ਕਰਮ ਕਾਂਡ ਨਿਸਫਲ ਹੀ ਹਨ ਤੇ ਮਨ ਦੀ ਪਵਿਤ੍ਰਤਾ ਗੁਰਸਬਦ ਬਿਨਾ ਨਹੀ ਹੋ ਸਕਦੀ। ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (558)

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯ. ਕੇ.




.