.

ਅੱਖੀਂ ਡਿੱਠਾ ਕੰਨੀ ਸੁਣਿਆਂ ਛੇ ਦਹਾਕਿਆਂ ਦਾ ਕੌੜਾ ਸੱਚ
(ਕਿਸ਼ਤ ਪੰਜਵੀਂ)

1987 ਤੋਂ 1992 ਤੱਕ ਪੰਜਾਬ ਵਿੱਚ ਰਾਸ਼ਟ੍ਰਪਤੀ ਰਾਜ ਰਿਹਾ। ‘ਆਪ੍ਰੇਸ਼ਨ ਬਲੈਕ ਥੰਡਰ 2’ ਵੀ ਇਸੇ ਸਮੇ ਦੌਰਾਨ (1988 ਵਿੱਚ) ਹੋਇਆ ਸੀ। 1992 ਤੋਂ 1997 ਤੱਕ ਕਾਂਗ੍ਰਸ ਦੇ ਤਿੰਨ ਮੁੱਖ-ਮੰਤ੍ਰੀਆਂ (ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਤੇ ਰਾਜਿੰਦਰ ਕੌਰ ਭੱਠਲ) ਦੀ ਸਰਕਾਰ ਰਹੀ। ਇਸ ਦਹਾਕੇ ਦੌਰਾਨ ਖਾੜਕੂਆਂ ਵੱਲੋਂ ਹਿੰਸਕ ਵਾਰਦਾਤਾਂ ਹੁੰਦੀਆਂ ਰਹੀਆਂ ਅਤੇ ਸਰਕਾਰ ਨੂੰ ਪੰਜਾਬ ਦੀ ਜਨਤਾ, ਖ਼ਾਸ ਕਰਕੇ ਸਿੱਖਾਂ, ਉੱਤੇ ਅੱਤਿਆਚਾਰ ਢਾਉਣ ਦਾ ਬਹਾਨਾ ਵੀ ਮਿਲਦਾ ਰਿਹਾ। ਇਸ ਅਮਾਨਵੀ ਅੱਤਿਆਚਾਰ ਵਿਰੁੱਧ ਅਕਾਲੀ ਨੇਤਾਵਾਂ ਨੇ ਕਦੇ ਵੀ ਡੱਟ ਕੇ ਆਵਾਜ਼ ਨਹੀਂ ਉਠਾਈ ਕਿਉਂਕਿ ਉਨ੍ਹਾਂ ਨੂੰ ਹਿੰਦੂਆਂ ਦੀਆਂ ਵੋਟਾਂ ਖੁਸ ਜਾਣ ਦਾ ਡਰ ਸੀ।

‘ਧਰਮ-ਯੁੱਧ ਮੋਰਚੇ’ ਦੇ ਸਮੇ ਤੋਂ 1995 ਤੱਕ ਸੁਆਰਥੀ ਸਿੱਖ ਨੇਤਾ ਤਕਰੀਬਨ ਰੂਹ-ਪੋਸ਼ ਹੀ ਰਹੇ। ਇਸ ਦਾ ਮੂਲ ਕਾਰਣ ਇਹ ਸੀ ਕਿ ਉਹ ਆਪਣੀਆਂ ਪੰਥ-ਵਿਰੋਧੀ ਕਰਤੂਤਾਂ ਬਦਲੇ ਗਰਮ-ਦਲੀਏ ਸਿੰਘਾਂ ਹੱਥੋਂ ਝਟਕਾਏ ਜਾਣ ਤੋਂ ਡਰਦੇ ਸਨ। ਦੂਜਾ, ਉਹ ਗੱਦੀਆਂ ਹੱਥਿਆਉਣ ਲਈ ਉਚਿੱਤ ਅਵਸਰ ਦੀ ਤਾੜ ਵਿੱਚ ਸਨ। ਬਾਦਲ ਅਤੇ ਉਸ ਦੇ ਮੌਕਾਪਰਸਤ ਸਾਥੀ ਇਸ ਪੱਖੋਂ ਸੱਭ ਤੋਂ ਵੱਧ ਚੰਟ ਸਾਬਤ ਹੋਏ। ਬਾਦਲ ਅਤੇ ਟੌਹੜੇ ਦਾ ਸ਼ਰੀਕਾ ਭਾਵੇਂ ਬਹੁਤ ਪੁਰਾਣਾ ਸੀ ਪਰੰਤੂ ਨਿਉਲੇ ਤੇ ਸੱਪ ਦਾ ਯੁੱਧ ਹੁਣ ਅਰੰਭ ਹੋਇਆ ਸੀ, ਕਦੀ ਨਿਉਲਾ ਉੱਪਰ ਅਤੇ ਕਦੇ ਸੱਪ। 1997 ਦੀਆਂ ਚੋਣਾਂ ਲਈ ਦੋਨਾਂ ਵਿਚਾਲੇ ਥੁੜ-ਚਿਰਾ ਯੁੱਧ-ਵਿਰਾਮ ਹੋਇਆ। 1997 ਵਿੱਚ ਬਾਦਲ ਦੀ, ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ, ਅਕਾਲੀ ਸਰਕਾਰ ਬਣੀ। ਮੁੱਖ-ਮੰਤ੍ਰੀ ਦਾ ਸਿੰਘਾਸਨ ਸੰਭਾਲਦਿਆਂ ਹੀ ਉਸ ਨੇ ਅੱਖਾਂ ਫੇਰ ਲਈਆਂ ਅਤੇ ਵਿਰੋਧੀ ਧੜਿਆਂ ਨਾਲ ਕਿੜ ਕੱਢਣੀ ਆਰੰਭ ਦਿੱਤੀ। ਬਰਨਾਲਾ, ਟੌਹੜਾ, ਰਵਿਇੰਦਰ ਸਿੰਘ ਤੇ ਤਲਵੰਡੀ ਆਦਿ ਨੂੰ ਖੂੰਜੇ ਲਾਉਣ ਵਿੱਚ ਉਹ ਸਫ਼ਲ ਰਿਹਾ। 1999 ਵਿੱਚ ਟੌਹੜੇ ਤੋਂ ਗੱਦੀ ਖੋਹ ਕੇ ਜਗੀਰ ਕੌਰ ਨੂੰ ਸ਼ਿਰੋ: ਗੁ: ਪ੍ਰ: ਕਮੇਟੀ ਦਾ ਪ੍ਰਧਾਨ ਬਣਾਇਆ। ਤਲਵੰਡੀ ਕਿਸੇ ਕਾਨੂੰਨੀ ਕੁੜਿਕੀ ਵਿੱਚ ਫਸਿਆ ਹੋਣ ਕਾਰਣ ਬਾਦਲ ਨਾਲ ਜਾ ਰਲਿਆ ਅਤੇ ਇਨਾਮ ਵਜੋਂ ਬਾਦਲ ਨੇ ਉਸ ਨੂੰ 2000 ਵਿੱਚ ਐਸ: ਜੀ; ਪੀ: ਸੀ: ਦਾ ਪ੍ਰਧਾਨ ਨਿਯੁਕਤ ਕੀਤਾ। ਇਉਂ ਬਾਦਲ ਦਾ ਇਸ ਕਮੇਟੀ ਉੱਤੇ ਵੀ ਕਾਬਜ਼ ਹੋਣ ਦਾ ਵੀਹ ਸਾਲ ਪੁਰਾਣਾਂ ਸੁਪਨਾ ਸਾਕਾਰ ਹੋ ਗਿਆ। ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਕਈ ਗੋਬਰ-ਗਣੇਸ਼ ਅਕਾਲੀ ਨੇਤਾ ਥਾਲੀ ਦੇ ਬੈਂਗਣ ਦੀ ਤਰ੍ਹਾਂ ਰਿੜ੍ਹ ਕੇ ਬਾਦਲ ਦੇ ਖੇਮੇ ਵਿੱਚ ਆ ਡਿੱਗੇ। ਦੋਹਾਂ ਸੰਸਥਾਵਾਂ (ਅਕਾਲੀ ਦਲ ਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ) ਉੱਪਰ ਕਾਬਜ਼ ਹੋਣ ਉਪਰੰਤ ਬਾਦਲ ਧੜੇ ਦਾ ਅਸਲੀ ਰੂਪ ਨਿੱਖਰ ਕੇ ਸਾਹਮਣੇ ਆ ਗਿਆ। ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਕੀਤੇ ਵਾਅਦੇ ਹਮੇਸ਼ਾ ਦੀ ਤਰ੍ਹਾਂ ਝੂਠੇ ਸਾਬਤ ਹੋਏ ਜਦ ਉਸ ਨੇ ਉਨ੍ਹਾਂ (ਵੋਟਰਾਂ) ਨਾਲ ਮਤਰੇਆਂ ਵਾਲਾ ਸਲੂਕ ਕੀਤਾ। ਖ਼ਾਲਸਿਤਾਨੀਆਂ ਦੇ ਪਰਿਵਾਰਾਂ ਤੇ ਦੰਗਾ-ਪੀੜਤਾਂ ਦੀ ਲੋੜੀਂਦੀ ਸਹਾਇਤਾ ਕਰਨ ਦੀ ਬਜਾਏ ਬਾਦਲ ਦੀ ਸਰਕਾਰ ਨੇ ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਪੁਲਿਸ ਅਫ਼ਸਰਾਂ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਤਰੱਕੀਆਂ ਤੇ ਹੋਰ ਕਈ ਤਰ੍ਹਾਂ ਦੇ ਪੁਰਸਕਾਰਾਂ/ਇਨਾਮਾਂ ਨਾਲ ਨਿਵਾਜਿਆ। ਪੰਥ ਦੇ ਗ਼ੱਦਾਰ ਨੇਤਾਵਾਂ ਨੂੰ ਸੰਚਾਲਕਾਂ, ਪ੍ਰਧਾਨਗੀਆਂ ਤੇ ਸਭਾਪਤੀਆਂ ਦੀਆਂ ਕੁਰਸੀਆਂ ਉੱਤੇ ਬਿਠਾ ਕੇ ਆਪਣੀ ਮੁੱਠੀ ਵਿੱਚ ਕਰ ਲਿਆ। ਭ੍ਰਿਸ਼ਟਾਚਾਰ ਸਿਖਰ `ਤੇ ਪਹੁੰਚ ਗਿਆ। ਸਾਧਾਰਨ ਕਰਮਚਾਰੀ ਤੋਂ ਲੈ ਕੇ ਪੀ: ਪੀ: ਐਸ: ਸੀ:
(Punjab Public Service Commission) ਤੱਕ ਦੀਆਂ ਅਸਾਮੀਆਂ ਨੀਲਾਮ ਹੋਣ ਲੱਗੀਆਂ। ਕ੍ਰਿਤੀਆਂ ਦੀ ਕਮਾਈ ਨੂੰ ਬੇਇਮਾਨੀ ਤੇ ਰਿਸ਼ਵਤ ਦੀ ਡਾਇਣ ਨਿਗਲ ਗਈ। ਲੋਕ-ਭਲਾਈ ਦੇ ਵਿਭਾਗ (ਵਿੱਦਿਆ ਤੇ ਚਿਕਤਸਾ ਆਦਿ) ਵਾਪਾਰ ਬਣ ਗਏ। ਅਰਬਾਂ ਦੀ ਸਰਕਾਰੀ ਜਾਇਦਾਦ ਕੌਡੀਆਂ ਦੇ ਭਾਅ ਸੱਤਾਧਾਰੀਆਂ ਨੇ ਹਥਿਆ ਲਈ, ਜਾਂ ਡੇਰੇਦਾਰਾਂ/ਬਾਬਿਆਂ ਨੇ ਦੱਬ ਲਈ। ਬਾਦਲ ਅਤੇ ਉਸ ਦੇ ਸਾਥੀਆਂ ਦੇ ਰਵਈਏ ਤੋਂ ਤੰਗ ਆ ਕੇ ਟੌਹੜੇ ਨੇ ਆਪਣੇ ਸਾਥੀਆਂ ਸਮੇਤ 1999 ਵਿੱਚ ਅਲੱਗ ‘ਸਰਬ-ਹਿੰਦ ਅਕਾਲੀ ਦਲ’, ਬਣਾ ਲਿਆ। ਦੋਹਾਂ ਮਹਾਂਰਥੀਆਂ ਦੀ ਫੁੱਟ ਕਾਰਣ ਪੰਜਾਬ ਦੀ ਸਿੱਖ ਜਨਤਾ ਉੱਤੇ ਨਿਰਾਸ਼ਾ-ਜਨਕ ਅਸਰ ਹੋਇਆ। ਇਸ ਤੋਂ ਬਿਨਾਂ ਬਾਦਲ ਤੇ ਟੌਹੜੇ ਦੀ ਤਾਨਾਂ ਸ਼ਾਹੀ ਦੇ ਪ੍ਰਤਿਕਰਮ ਵਜੋਂ ਪਹਿਲਾਂ ਹੀ ਕਈ ਅਕਾਲੀ ਦਲ (ਰਵਿਇੰਦਰ ਸਿੰਘ ਦਾ ‘ਅਕਾਲੀ ਦਲ 1920’, ਸਿਮਰਨਜੀਤ ਸਿੰਘ ਮਾਨ ਦਾ ‘ਅਕਾਲੀ ਦਲ ਅੰਮਿਰਤਸਰ’, ਸੁਰਜੀਤ ਸਿੰਘ ਬਰਨਾਲਾ ਤੇ ਹਰਚੰਦ ਸਿੰਘ ਲੌਂਗੋਵਾਲ ਦਾ ‘ਅਕਾਲੀ ਦਲ ਲੌਂਗੋਵਾਲ’, ਅਤੇ ‘ਹਰਿਅਣਾ ਸਟੇਟ ਅਕਾਲੀ ਦਲ’ ਆਦਿ) ਹੋਂਦ ਵਿੱਚ ਆ ਚੁੱਕੇ ਸਨ। ਇਸ ਫੁੱਟ ਦੇ ਫਲਸ੍ਵਰੂਪ, ਕਈ ਸਿੱਖ ਵੋਟਰ ਨਿਰਾਸ ਹੋ ਕੇ ਕਾਂਗਰਸ ਵਿੱਚ ਜਾ ਰਲੇ; ਅਤੇ ਇੰਜ, ਸਿੱਖ ਕੌਮ ਆਪਣੇ ਕਪਟੀ ਤੇ ਮਤਲਬੀ ਅਗੂਆਂ ਦੇ ਘਟੀਆ ਕਿਰਦਾਰ ਕਾਰਣ ਹੋਰ ਕਮਜ਼ੋਰ ਪੈ ਗਈ। ਕਾਂਗਰਸ ਜ਼ੋਰ ਫੜ ਗਈ, ਅਤੇ, 2002 ਵਿੱਚ, ਅਮਰਿੰਦਰ ਸਿੰਘ ਅਕਾਲੀਆਂ (ਬਾਦਲ) ਤੋਂ ਗੱਦੀ ਜਿੱਤ ਕੇ ਪੰਜਾਬ ਦਾ ਕਾਂਗਰਸੀ ਮੁੱਖ-ਮੰਤ੍ਰੀ ਬਣਿਆ।

ਗੱਦੀ ਖੁਸ ਜਾਣ ਕਾਰਣ ਗੱਦੀ ਦੇ ਗ਼ੁਲਾਮ ਬਾਦਲ ਧੜੇ ਦੀ ਨੀਂਦ ਹਰਾਮ ਹੋ ਗਈ। 2003 ਵਿੱਚ ਘਾਗ ਬਾਦਲ ਨੇ ਇੱਕ ਵਾਰ ਫ਼ੇਰ ਸੱਤਾ ਦੇ ਭੁੱਖੇ ਟੌਹੜੇ ਨਾਲ ਹੱਥ ਮਿਲਾ ਲਿਆ। ਟੌਹੜੇ ਨੂੰ ਆਪਣੀ ਖੁਸੀ ਹੋਈ ਗੱਦੀ ਵਾਪਸ ਮਿਲ ਗਈ ਅਤੇ ਬਾਦਲ ਨੂੰ ਆਪਣੀ ਗੱਦੀ ਹਥਿਆਉਣ ਲਈ ਲੋੜੀਂਦਾ ਸਹਿਯੋਗ। ਟੌਹੜਾ 2003 ਵਿੱਚ, ਸਮਝੌਤੇ ਉਪਰੰਤ, ਫਿਰ ਐਸ: ਜੀ: ਪੀ: ਸੀ: ਦਾ ਪ੍ਰਧਾਨ ਬਣ ਗਿਆ ਅਤੇ ਬਾਦਲ ਦਾ ਪੰਜਾਬ ਦੀ ਗੱਦੀ ਦੀ ਪੁਨਰ-ਪ੍ਰਾਪਤੀ ਦਾ ਸੱਪਨਾ ਪੂਰਾ ਹੋਣ ਦੇ ਆਸਾਰ ਪੈਦਾ ਹੋ ਗਏ। ਟੌਹੜਾ 2004 ਵਿੱਚ ਚਲ ਵੱਸਿਆ ਅਤੇ ਬਾਦਲ ਨੇ ਜਾਗੀਰ ਕੌਰ ਨੂੰ ਦੁਬਾਰਾ ਕਮੇਟੀ ਦੀ ਪ੍ਰਧਾਨ ਨਿਯੁਕਤ ਕਰਕੇ ਸੁੱਖ ਦਾ ਸਾਹ ਲਿਆ। ਕਾਨੂੰਨੀ ਸ਼ਿਕੰਜੇ ਵਿੱਚ ਫਸੇ ਹੋਣ ਕਾਰਣ, ਤਲਵੰਡੀ ਤੇ ਜਗੀਰ ਕੌਰ ਬਾਦਲ-ਧੜੇ ਤੋਂ ਬਾਹਰ ਨਹੀਂ ਸਨ ਜਾ ਸਕਦੇ, ਇਸ ਲਈ ਬਾਦਲ ਨੇ ਇਨ੍ਹਾਂ ਦੋਨਾਂ ਨੂੰ ਨਜ਼ਰਅੰਦਾਜ਼ ਕਰਕੇ ਜੀ-ਹਜ਼ੂਰੀਏ ਅਵਤਾਰ ਸਿੰਘ ਮੱਕੜ ਨੂੰ ਸ਼ਿਰੋ: ਗੁ: ਪ੍ਰ: ਕਮੇਟੀ ਦਾ ਪ੍ਰਧਾਨ ਸਥਾਪਿਤ ਕੀਤਾ ਜੋ ਹੁਣ ਤੱਕ ਬਾਦਲ-ਧੜੇ ਦਾ ਹੁਕਮ ਬਜਾ ਰਿਹਾ ਹੈ।

ਟੌਹੜੇ ਧੜੇ ਦੇ ਲਗ ਪਗ ਸਾਰੇ ਨੇਤਾ ਅਕਾਲੀ ਦਲ (ਬਾਦਲ) ਨਾਲ ਆ ਰਲੇ ਤੇ ਇਉਂ ਬਾਕੀ ਦੇ ਅਕਾਲੀ ਦਲ, ਬਾਦਲ ਧੜੇ ਅੱਗੇ ਫਿੱਕੇ ਪੈ ਗਏ। ਨਤੀਜੇ ਵਜੋਂ ਬਾਦਲ 2007 ਵਿੱਚ ਇੱਕ ਵਾਰ ਫ਼ਿਰ, ਬੀ: ਜੇ: ਪੀ: ਦੀ ਭਾਈਵਾਲੀ ਨਾਲ, ਮੁੱਖ-ਮੰਤ੍ਰੀ ਬਣਿਆਂ। ਸਿੱਖਾਂ ਦੇ ਇਸ ਅਖਾਉਤੀ ਰਾਜ ਵਿੱਚ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ, ਦੀ ਹਾਲਤ ਵਧੇਰੇ ਖਸਤਾ ਹੋ ਗਈ ਹੈ। ਪਰਿਵਾਰਵਾਦੀ ਸਿਧਾਂਤ ਦੇ ਪ੍ਰਭਾਵਾਧੀਨ ਬਾਦਲ-ਬਰਾਦਰੀ ਪੰਜਾਬ ਦੀ ਰਾਜਨੀਤੀ ਉੱਤੇ ਮਾਰੂ ਵੇਲ ਵਾਂਗ ਛਾ ਗਈ। ਲੱਖਾਂ ਵੋਟਾਂ ਦੇ ਮਾਲਿਕ ਡੇਰਿਆਂ ਦੇ ਅਖਾਉਤੀ ਗੁਰੂ, ਸੰਤ, ਬਾਬੇ ਤੇ ਮਹੰਤ ਆਦਿ ਅਕਾਲੀ ਸਰਕਾਰ ਦੀ ਸਰਪਰਸਤੀ ਵਿੱਚ ਲੋਕਾਂ ਨੂੰ ਲੁੱਟੀ ਜਾ ਰਹੇ ਹਨ ਤੇ ਅਕਹਿ ਕੁਕਰਮ ਕਮਾ ਰਹੇ ਹਨ। ਸਰਕਾਰ ਜਨਤਾ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਦੀ ਹੋਈ ਇਨ੍ਹਾਂ ਲੋਟੂਆਂ ਦਾ ਪੱਖ ਪੂਰ ਰਹੀ ਹੈ। ਪੂਜਾ ਦਾ ਧਾਨ ਨੇਤਾਵਾਂ ਦੀਆਂ ਨਿੱਜੀ ਤੇ ਸਿਆਸੀ ਲੋੜਾਂ ਲਈ ਵਰਤਿਆ ਜਾ ਰਿਹਾ ਹੈ। ਆਮ ਜਨਤਾ, ਖ਼ਾਸ ਕਰਕੇ ਕ੍ਰਿਤੀ, ਕਿਰਸਾਨ ਤੇ ਹੇਠਲੇ ਦਰਜੇ ਦੇ ਕਰਮਚਾਰੀ ਆਦਿ ਮੰਦਹਾਲੀ ਦੇ ਮਾਰੇ ਲਗਾਤਾਰ ਹੜਤਾਲਾਂ, ਧਰਨਿਆਂ, ਚੱਕਾ-ਜਾਮ, ਘੇਰਾਓ, ਭੁੱਖ-ਹੜਤਾਲਾਂ, ਮਰਨ-ਬਰਤ ਤੇ ਮੁਜ਼ਾਹਰਿਆਂ ਆਦਿ ਵਿੱਚ ਉਲਝੇ ਹੋਏ ਹੋਣ ਕਾਰਣ ਬੱਚੇ/ਪਰਿਵਾਰ ਪਾਲਣ ਤੋਂ ਅਸਮਰੱਥ ਹਨ। ਜੀਵਨ ਦੇ ਹਰ ਖੇੱਤਰ ਵਿੱਚ ਭ੍ਰਸ਼ਟਾਚਾਰ ਦਾ ਬੋਲਬਾਲਾ ਹੈ। ਜਨ-ਸਾਧਾਰਨ ਦੀ ਕੋਈ ਸੁਣਵਾਈ ਨਹੀਂ। ਲਿਹਾਜ਼ ਤੇ ਰਿਸ਼ਵਤ ਦੀਆਂ ਡੈਣਾਂ ਯੋਗ੍ਯਤਾ ਨੂੰ ਨਿਗਲੀ ਜਾ ਰਹੀਆਂ ਹਨ। ਅੱਜ, ਸਮਾਚਾਰ ਪੱਤ੍ਰ ਦਿਲ-ਢਾਹੂ ਖ਼ਬਰਾਂ ਨਾਲ ਹੀ ਭਰੇ ਹੁੰਦੇ ਹਨ; ਇੱਕ ਵੀ ਸਮਾਚਾਰ ਅਜਿਹਾ ਨਹੀਂ ਹੁੰਦਾ ਜਿਸ ਨੂੰ ਪੜ੍ਹ ਕੇ ਪਾਠਕ ਦਾ ਮਨ ਚੜ੍ਹਦੀ ਕਲਾ ਵੱਲ ਜਾਵੇ!

ਪੰਥ ਦੀਆਂ ਚਾਰ ਮੁੱਖ ਸੰਸਥਾਵਾਂ ਹਨ: ਪਹਿਲੀ, ਸਿਆਸੀ ਪਾਰਟੀ ਸ਼ਿਰੋਮਣੀ ਅਕਾਲੀ ਦਲ, ਜਿਸ ਦੇ ਨੇਤਾਵਾਂ ਦਾ ਫ਼ਰਜ਼ ਹੈ ਕਿ ਉਹ ਜਨਤਾ ਨੂੰ ਜਾਇਜ਼ ਹੱਕ ਦਿਵਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨ। ਦੂਜੀ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਜਿਸ ਦਾ ਕਰਤੱਵ ਹੈ ਕਿ ਉਹ ਧਰਮ-ਸਥਾਨਾਂ ਦਾ ਗੁਰਮੱਤਿ ਅਨੁਸਾਰ ਈਮਾਨਦਾਰੀ ਨਾਲ ਪ੍ਰਬੰਧ ਕਰੇ ਅਤੇ ਗੁਰ-ਧਾਮਾ ਦੀ ਪਾਵਨਤਾ ਨੂੰ ਬਰਕਰਾਰ ਰੱਖੇ। ਤੀਜੀ, ਜਥੇਦਾਰ ਅਤੇ ਪੰਜ ਪਿਆਰੇ ਜਿਨ੍ਹਾਂ ਦਾ ਫ਼ਰਜ਼ ਹੈ ਕਿ ਉਹ ਗੁਰ-ਸਿਧਾਂਤਾਂ ਤੋਂ ਸੇਧ ਲੈ ਕੇ ਆਪਣੇ ਆਪ ਨੂੰ ਤੇ ਕੌਮ ਨੂੰ ਜਥੇਬੰਦ ਕਰਦੇ ਹੋਏ ਰਾਹਿ-ਰਾਸਤ `ਤੇ ਰੱਖਣ। ਅਤੇ, ਚੌਥੀ, ਪੁਜਾਰੀ-ਸ਼੍ਰੇਣੀ ਜਿਸ ਦਾ ਪਰਮ ਧਰਮ ਹੈ ਕਿ ਉਹ ਗੁਰਮੱਤਿ ਦਾ ਗਿਆਨ ਪ੍ਰਾਪਤ ਕਰਕੇ ਗੁਰ-ਸਿਧਾਂਤਾਂ ਦਾ ਸੱਚਾ, ਸ਼ੁੱਧ ਤੇ ਨਿਸ਼ਕਾਮ ਪ੍ਰਚਾਰ ਤੇ ਪ੍ਰਸਾਰ ਕਰੇ। ਪਰੰਤੂ, ਇਹ ਇੱਕ ਵਿਸ਼ੈਲਾ ਸੱਚ ਹੈ ਕਿ ਆਪਣਾ ਆਪਣਾ ਫ਼ਰਜ਼ ਨਿਭਾਉਣ ਦੀ ਬਜਾਏ ਚਾਰੇ ਵਰਗਾਂ ਦੇ ਇਹ ਨੇਤਾ ਰਲ ਕੇ ਹਰ ਖੇੱਤ੍ਰ ਵਿੱਚ ਕੌਮ ਨਾਲ ਬੇਵਫ਼ਾਈ ਕਰਦੇ ਆ ਰਹੇ ਹਨ। ਅਕਾਲੀਆਂ ਨੂੰ ਕੌਮ ਨਾਲੋਂ ਕੁਰਸੀ ਪਿਆਰੀ ਹੈ; ਇਸ ਕੁਰਸੀ ਦੀ ਖ਼ਾਤਿਰ ਉਹ ਨਿਰਲੱਜ ਹੋ ਕੇ ਪੰਥ ਨੂੰ ਵਿਨਾਸ਼ ਵੱਲ ਲਈ ਜਾ ਰਹੇ ਹਨ। ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਗੋਲਕ ਪ੍ਰਬੰਧਕ ਕਮੇਟੀਆਂ ਬਣ ਕੇ ਰਹਿ ਗਈਆਂ ਹਨ। ਸਿਆਸਤਦਾਨਾਂ ਦੇ ਆਪਣੇ ਸਵਾਰਥ ਲਈ ਨਿਯੁਕਤ ਕੀਤੇ ਅਧਰਮਸ਼ੀਲ ਜਥੇਦਾਰ ਕਠਪੁਤਲੀਆਂ ਤੋਂ ਵੱਧ ਕੁੱਝ ਨਹੀਂ। ਕੌਮ ਦਾ ਏਕੀਕਰਣ ਕਰਨ ਦੀ ਬਜਾਏ ਇਹ ਜਥੇਦਾਰ ਪੰਥ ਵਿੱਚ ਫੁੱਟ ਪਾਉਣ ਦਾ ਕਾਰਣ ਬਣ ਰਹੇ ਹਨ। ਅਨੁਸ਼ਾਸਨ-ਹੀਣੇ ਤੇ ਗੁਰੁ ਤੋਂ ਬੇਮੁੱਖ ਇਹ ਜਥੇਦਾਰ ਆਪਣੇ ਕਾਰਜ-ਕਾਲ ਵਿੱਚ, ਚੱਮ ਦੀਆਂ ਚਲਾ ਕੇ ਚਲਦੇ ਬਣਦੇ ਹਨ। ਗੁਰਮੱਤਿ-ਗਿਆਨ-ਹੀਣੇ ਮਨਮੱਤੀ ਪੁਜਾਰੀ ਗੁਰ-ਗਿਆਨ ਦਾ ਪ੍ਰਚਾਰ ਕਰਨ ਦੀ ਬਜਾਏ ਝੂਠੀਆਂ ਮਨ-ਘੜਤ ਕਹਾਣੀਆਂ ਸੁਣਾ ਕੇ ਤੇ ਕਰਮਕਾਂਡਾਂ ਦੀ ਅਫੀਮ ਚਟਾ ਕੇ ਲੋਕਾਂ ਨੂੰ ਲੁੱਟੀ ਜਾ ਰਹੇ ਹਨ। ਇੱਸ ਲੁੱਟ ਵਿੱਚ ਉਪਰੋਕਤ ਚਾਰੇ ਭਾਈਵਾਲ ਹਨ।

1947 ਤੋਂ 2010 ਤੱਕ, 63 ਸਾਲਾਂ ਵਿੱਚ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ, ਨੇ ਗੱਦੀ ਦੇ ਸੌਦਾਈ, ਮਾਇਆ-ਮੁਰੀਦ ਤੇ ਹਉਮੈ ਦੇ ਰੋਗੀ ਨੇਤਾਵਾਂ ਦੇ ਮਗਰ ਲੱਗ ਕੇ ਕੀ ਪਾਇਆ? ਇਸ ਦਾ ਸਹੀ ਜਵਾਬ ਹੈ: ਕੁੱਛ ਵੀ ਨਹੀਂ! ! ਪਰ, ਗਵਾਇਆ ਬਹੁਤ ਕੁੱਛ:-
ਸੁਹਣਾਂ ਸੁਹਾਵਨਾਂ ਹੱਸਦਾ ਖੇਡਦਾ ਪੰਜਾਬ ਪਿੰਗਲਾ ਕਰ ਦਿੱਤਾ ਗਿਆ, ਅਤੇ ਇਸ ਦੀ ਮਾਨਵਵਾਦੀ ਨਰੋਈ ਪੰਜਾਬੀਯਤ ਲਗਪਗ ਲੋਪ ਹੀ ਹੋ ਗਈ ਹੈ; ਮਾਂ-ਬੋਲੀ ਪੰਜਾਬੀ ਦੇ ਦੰਭੀ ਖ਼ੈਰਖ਼ਵਾਹਾਂ ਨੇ, ਸੁਆਰਥ ਦੇ ਛੱਜ ਵਿੱਚ ਪਾ ਕੇ ਇਸ ਨੂੰ ਅਜਿਹਾ ਛੱਟਿਆ ਕਿ ਇਸ ਦਾ ਹੁਲੀਆ ਹੀ ਵਿਗਾੜ ਕੇ ਰੱਖ ਦਿੱਤਾ, ਅਤੇ ਇਸ ਦਾ ਭਵਿੱਖ ਵੀ ਧੁੰਦਲਾ ਨਜ਼ਰ ਆਉਂਦਾ ਹੈ। ਪੰਜਾਬ ਦੀ ਸ਼ਾਨ ਚੰਡੀਗੜ੍ਹ, ਹਮੇਸ਼ਾ ਲਈ ਪੰਜਾਬ ਦਾ ਨਾ ਰਿਹਾ। ਪੰਜਾਬ ਦੇ ਪਾਣੀ ਸਦਾ ਵਾਸਤੇ ਗਵਾਂਢੀ ਪ੍ਰਾਂਤਾਂ ਦੇ ਹੋ ਗਏ, ਨਤੀਜੇ ਵਜੋਂ ਪੰਜਾਬ ਦੇ ਕਿਰਸਾਨਾਂ ਨੂੰ ਧਰਤੀ ਹੇਠਲੇ ਪਾਣੀ ਉੱਤੇ ਨਿਰਭਰ ਹੋਣਾਂ ਪਿਆ, ਅਤੇ ਇਹ ਪਾਣੀ ਵੀ ਮੁੱਕਦਾ ਜਾ ਰਿਹਾ ਹੈ। ਇਸ ਤੋਂ ਬਿਨਾਂ ਕਿਰਸਾਨਾਂ ਦਾ ਟਯੂਬ-ਵੈੱਲਾਂ ਤੇ ਬਿਜਲੀ ਦਾ ਜੋ ਖ਼ਰਚਾ ਹੋਇਆ ਤੇ ਹੋ ਰਿਹਾ ਹੈ, ਉਹ ਕ੍ਰੋੜਾਂ ਅਰਬਾਂ ਦਾ ਹੈ ਜਿਸ ਦਾ ਪੇਂਡੂਆਂ ਦੀ ਆਰਥਕਤਾ ਉੱਤੇ ਅਜਿਹਾ ਭੈੜਾ ਪ੍ਰਭਾਵ ਪਿਆ ਕਿ ਕਿਰਸਾਨ ਖ਼ੁਦ-ਕੁਸ਼ੀਆਂ ਕਰਨ `ਤੇ ਮਜਬੂਰ ਹੋ ਰਹੇ ਹਨ। ਸਿੰਚਾਈ ਤੇ ਬਿਜਲੀ ਦਾ ਮੁੱਖ ਸ੍ਰੋਤ ਭਾਖੜਾ ਤੇ ਇਸ ਤੋਂ ਬਣਿਆਂ ਗੋਬਿੰਦ-ਸਾਗਰ ਵੀ ਪੰਜਾਬ ਦੇ ਨਾ ਰਹੇ। ਬਿਆਸ ਤੇ ਸੱਤਲੁਜ ਦੇ ਪਾਣੀਆਂ ਨਾਲ ਬਣਾਏ ਗਏ ਪਾਵਰ-ਪਲਾਂਟ (ਭਾਖੜਾ ਤੇ ਸਲਾਪੱੜ ਆਦਿ) ਵੀ ਪੰਜਾਬੋਂ ਬਾਹਰ ਰਹਿ ਗਏ। ਭ੍ਰਸ਼ਟਤਾ ਤੇ ਹਰਾਮਖ਼ੋਰੀ ਪਰਵਾਣਿਤ ਪ੍ਰਣਾਲੀ ਬਣਾ ਦਿੱਤੀ ਗਈ ਹੈ। ਮਨੁੱਖਤਾ ਦੇ ਗੁਰੂ (ਗ੍ਰੰਥ) ਨੂੰ ਇੱਕ ਖ਼ਾਸ ਭੇਖ ਦਾ ਗੁਰੂ ਬਣਾ ਕੇ ਗੁਰੂਆਂ ਦੁਆਰਾ ਤ੍ਰਿਸਕਾਰੇ ਭੇਖ-ਧਾਰੀਆਂ ਨੇ ਇਸ ਉੱਪਰ ਕਬਜ਼ਾ ਕਰ ਰੱਖਿਆ ਹੈ, ਅਤੇ ਪੰਡਿਤਾਂ ਦੀ ਤਰ੍ਹਾਂ ਸੱਚੇ ਜਗਿਆਸੂਆਂ ਨੂੰ ਇਸ ਦੇ ਨੇੜੇ ਹੀ ਨਹੀਂ ਆਉਣ ਦਿੰਦੇ। ਗੁਰ-ਸਥਾਨਾਂ ਨੂੰ ਵਣਜ-ਸਥਾਨ ਬਣਾ ਕੇ ਓਥੇ ਕਰਮਕਾਂਡਾਂ ਦਾ ਵਣਜ ਨਿਰਲੱਜ ਹੋ ਕੇ ਕੀਤਾ ਜਾ ਰਿਹਾ ਹੈ। ਕਰਮਕਾਂਡੀ ਵਪਾਰ ਤੋਂ ਹੋਣ ਵਾਲੀ ਅੰਨ੍ਹੀ ਕਮਾਈ ਨਾਲ ਕੌਮ ਦੇ ਪੀੜਤ ਪਰਿਵਾਰਾਂ ਦੀ ਯੋਗ ਸਹਾਇਤਾ ਕਰਨ ਦੀ ਬਜਾਏ, ਉਪਰੋਕਤ ਚਾਰੇ ਆਪਣੇ ਘਰ ਤੇ ਗੋਗੜਾਂ ਭਰਨ ਵਿੱਚ ਮਸਤ ਹਨ। 80ਵਿਆਂ ਤੇ 90ਵਿਆਂ ਦੇ ਦੁਖਾਂਤਾਂ ਸਦਕਾ ਬਰਬਾਦ ਹੋਏ ਸਿੱਖ ਪਰਿਵਾਰਾਂ ਨੂੰ ਅੱਜ ਤੱਕ ਨਾ ਤਾਂ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਲੋੜੀਂਦੀ ਰਾਹਤ! ਪਰ, ਸ਼ਰਮ ਦੀ ਗੱਲ ਹੈ ਕਿ ਜਿੱਥੇ ਅਕਾਲੀ ਨੇਤਾ ਅੱਜ 26 ਸਾਲ ਬਾਅਦ ਵੀ ਬਿਆਨਬਾਜ਼ੀ ਦੀ ਮਰ੍ਹਮ ਲਾਉਣ ਦਾ ਝੂਠਾ ਵਾਅਦਾ ਕਰ ਰਹੇ ਹਨ ਓਥੇ ਐਸ: ਜੀ: ਪੀ: ਸੀ: ਦੇ ਪ੍ਰਧਾਨ ਮੱਕੜ ਨੇ ਝੱਗਾ ਚੱਕ ਕੇ ਦਿਖਾ ਦਿੱਤਾ ਹੈ ਕਿ ਕਮੇਟੀ ਕੋਲ ਫ਼ੰਡਜ਼ ਦੀ ਘਾਟ ਹੈ ਇਸ ਲਈ ਅਰਬਾਂ ਦੀ ਆਮਦਨ ਵਾਲੀ ਇਹ ਕਮੇਟੀ ਪੀੜਤਾਂ ਦੀ ਕੋਈ ਵੀ ਸਹਾਇਤਾ ਕਰਨ ਤੋਂ ਅਸਮਰੱਥ ਹੈ! ! ਅਜਿਹੇ ਕਠੋਰ-ਚਿੱਤ ਕਪਟੀ ਨੇਤਾਵਾਂ ਦੇ ਮਗਰ ਲੱਗੀ ਕੌਮ ਦਾ ਰੱਬ ਹੀ ਰਾਖਾ ਹੋ ਸਕਦਾ ਹੈ!

ਗੁਰਇੰਦਰ ਸਿੰਘ ਪਾਲ

(ਨੋਟ:- ਲੇਖਕ ਨੇ ਅਨਾਤਮਿਕਤਾ ਤੇ ਵਾਸਤਵਿਕਤਾ/ਯਥਾਰਥਕਤਾ ਦਾ ਪੱਲਾ ਨਾ ਛੱਡਦੇ ਹੋਏ, ਕਿਸੇ ਵੀ ਕਿਸਮ ਦੇ ਬਾਹਰੀ ਪ੍ਰਭਾਵ, ਮਨ ਦੇ ਝੁਕਾਓ ਤੇ ਪੱਖ-ਪਾਤ ਤੋਂ ਅਭਿੱਜ ਰਹਿ ਕੇ ਸੱਚਾਈ ਨਾਲ ਇਹ ਲੇਖ ਲਿੱਖਣ ਦਾ ਨਿਮਾਣਾਂ ਜਿਹਾ ਯਤਨ ਕੀਤਾ ਹੈ। ਇਸ ਦੇ ਬਾਵਜੂਦ ਵੀ ਜੇ ਕੋਈ ਕੋਤਾਹੀ ਹੋ ਗਈ ਹੋਵੇ ਤਾਂ ਲੇਖਕ ਖਿਮਾਂ ਦਾ ਜਾਚਕ ਹੈ। ਸੁਹਿਰਦ ਪਾਠਕਾਂ/ਲੇਖਕਾਂ ਨੂੰ ਜੇ ਕੋਈ ਕੋਤਾਹੀ ਨਜ਼ਰ ਆਵੇ ਤਾਂ ਜ਼ਰੂਰ ਦੱਸਣ ਤਾਂ ਜੋ ਗ਼ਲਤੀ ਸੁਧਾਰੀ ਜਾ ਸਕੇ! ਪਾਠਕਾਂ ਦੇ ਦਲੀਲ-ਯੁਕਤ ਸਾਰਥਕ ਸੁਝਾਵਾਂ ਨਾਲ ਲੇਖ ਵਿੱਚ ਲੋੜੀਂਦੀ ਘਾਟ-ਵਾਧ ਵੀ ਕੀਤੀ ਜਾ ਸਕਦੀ ਹੈ। ਧੰਨਵਾਦ!)
.