.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 07)

ਲੇਖਕ ਜਪੁ ਜੀ ਦੀ ਛੇਵੀਂ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ:-
“ਇਸ ਪਉੜੀ ਦਾ ਪਾਠ ਐਤਵਾਰ ਮਧਯਾਨ ਸਮੇਂ ਤੋਂ ਆਰੰਭ ਕਰਕੇ ਇਕੀ ਦਿਨਾਂ ਵਿੱਚ ਸਤ ਹਜ਼ਾਰ ਕਰਨਾ, ਸਰਬੱਤ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇ ਅਤੇ ਪਾਪ ਦੂਰ ਹੋਵਣ।”
ਲੇਖਕ ਇਸ ਪਉੜੀ ਦੇ ਇੱਕੀ ਦਿਨਾਂ ਵਿੱਚ ਸੱਤ ਹਜ਼ਾਰ ਪਾਠ ਕਰਨ ਨਾਲ ਹੀ ਸਰਬੱਤ ਤੀਰਥਾਂ ਦੇ ਇਸ਼ਨਾਨ ਦਾ ਫਲ਼ ਪ੍ਰਾਪਤ ਹੋਣ ਦੇ ਨਾਲ ਪਾਪ ਦੂਰ ਹੋਵਣ ਦੀ ਗੱਲ ਕਰ ਰਿਹਾ ਹੈ। ਲੇਖਕ ਦਾ ਤੀਰਥ ਇਸ਼ਨਾਨ ਦੇ ਮਹਾਤਮ ਤੋਂ ਭਾਵ ਨਿਰਸੰਦੇਹ ਅਨ ਮਤਾਂ ਵਿੱਚ ਤੀਰਥ ਯਾਤਰਾ ਅਤੇ ਤੀਰਥ ਇਸ਼ਨਾਨ ਸਬੰਧੀ ਧਾਰਨਾ ਤੋਂ ਹੀ ਹੈ। ਚੂੰਕਿ ਅਨ ਮਤ ਵਿੱਚ ਕੁੱਝ ਸਥਾਨਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਵਿੱਚ ਇਨ੍ਹਾਂ ਸਥਾਨਾਂ ਦੀ ਯਾਤਰਾ ਦਾ ਬਹੁਤ ਮਹੱਤਵ ਹੈ। (ਨੋਟ: ਗੁਰਮਤਿ ਵਿੱਚ ਭਾਂਵੇਂ ਕਿਸੇ ਸਥਾਨ ਬਾਰੇ ਅਜਿਹੀ ਧਾਰਨਾ ਨਹੀਂ ਹੈ ਪਰੰਤੂ ਸਾਡੇ ਵਿੱਚ ਵੀ ਅਨ ਧਰਮ ਵਾਲਿਆਂ ਵਾਂਗ ਇਤਿਹਾਸਕ ਸਥਾਨਾਂ ਬਾਰੇ ਇਸ ਤਰ੍ਹਾਂ ਦੀ ਹੀ ਧਾਰਨਾ ਪਾਈ ਜਾਂਦੀ ਹੈ। ਇਹ ਧਾਰਨਾ ਗੁਰੂ ਆਸ਼ੇ ਦੇ ਅਨੁਕੂਲ ਨਹੀਂ ਹੈ। ਇਸ ਸਬੰਧੀ ਅਸੀਂ ਵੱਖਰੇ ਤੌਰ `ਤੇ ਕਿਸੇ ਵੇਲੇ ਚਰਚਾ ਕਰਾਂਗੇ।) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੀਰਥ ਯਾਤਰਾ ਅਤੇ ਤੀਰਥ ਇਸ਼ਨਾਨ ਸਬੰਧੀ ਪ੍ਰਚਲਤ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਲਈ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੀਰਥ ਇਸ਼ਨਾਨ ਨਾਲ ਜੁੜੀ ਹੋਈ ਕਿਸੇ ਵੀ ਮਨੌਤ ਨੂੰ ਪਰਵਾਣ ਨਹੀਂ ਕੀਤਾ ਗਿਆ ਹੈ। ਤੀਰਥ ਇਸ਼ਨਾਨ ਕਰਕੇ ਪਾਪਾਂ ਤੋਂ ਮੁਕਤ ਹੋਣ ਦੇ ਪ੍ਰਚਲਤ ਖ਼ਿਆਲ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰਮਾਨ ਹੈ ਕਿ “ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥” (ਪੰਨਾ 384) ਅਰਥ: ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ।
ਮਲੀਨ ਮਨ ਵਾਲਾ ਮਨੁੱਖ ਭਾਵੇਂ ਨਿਤ ਹੀ ਤੀਰਥਾਂ `ਤੇ ਇਸ਼ਨਾਨ ਕਰੇ ਤਾਂ ਵੀ ਮਨ ਦੀ ਸ਼ੁੱਧੀ ਹਾਸਲ ਨਹੀਂ ਹੁੰਦੀ:- ਹਉਮੈ ਮੈਲਾ ਇਹੁ ਸੰਸਾਰਾ॥ ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ॥ (ਪੰਨਾ 230) ਅਰਥ: ਹੇ ਭਾਈ! ਗੁਰੂ ਨੂੰ ਮਿਲਣ ਤੋਂ ਬਿਨਾਂ ਇਹ ਜਗਤ (ਭਾਵ, ਦੁਨੀਆ ਦਾ ਇਹ ਮਨੁੱਖ) ਹਉਮੈ ਦੇ ਵਿਕਾਰ ਨਾਲ ਮਲੀਨ ਮਨ ਹੋ ਜਾਂਦਾ ਹੈ, ਸਦਾ ਤੀਰਥ ਉਤੇ ਇਸ਼ਨਾਨ ਭੀ ਕਰਦਾ ਹੈ ਪਰ ਇਸ ਤਰ੍ਹਾਂ ਇਸ ਦੇ ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ।
ਇਹੋ ਜੇਹੇ ਤੀਰਥ ਇਸ਼ਨਾਨ ਕਰਨ ਨਾਲ ਤਾਂ ਸਗੋਂ ਮਨੁੱਖ ਹੋਰ ਜ਼ਿਆਦਾ ਵਿਕਾਰਾਂ ਦੀ ਮੈਲ ਨਾਲ ਲਿਬੜ ਜਾਂਦਾ ਹੈ:- ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ (ਪੰਨਾ 789) ਅਰਥ: ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿੱਚ ਕਾਮਾਦਿਕ ਚੋਰ ਭੀ ਟਿਕੇ ਰਹੇ, ਤਾਂ ਨ੍ਹਾਉਣ ਨਾਲ ਇੱਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਕਈ ਪਰ ਮਨ ਵਿੱਚ ਅਹੰਕਾਰ ਆਦਿਕ ਦੀ ਦੂਣੀ ਮੈਲ ਹੋਰ ਚੜ੍ਹ ਗਈ, (ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਰਹੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸ ਭਾਵ ਕੌੜੱਤਣ ਟਿਕੀ ਰਹੀ।
ਇਸ ਲਈ ਭਲੇ ਮਨੁੱਖ ਇਨ੍ਹਾਂ ਤੀਰਥਾਂ ਉੱਤੇ ਇਸ਼ਨਾਨ ਕਰਨ ਤੋਂ ਬਿਨਾਂ ਹੀ ਭਲੇ ਹਨ ਅਤੇ ਚੋਰ ਆਦਿਕ ਵਿਕਾਰੀ ਤੀਰਥਾਂ ਉੱਤੇ ਨ੍ਹਾ ਕੇ ਵੀ ਚੋਰ ਹੀ ਹਨ:- ਸਾਧ ਭਲੇ ਅਣ ਨਾਤਿਆ ਚੋਰ ਸਿ ਚੋਰਾ ਚੋਰ॥ (ਪੰਨਾ 789)
ਗੁਰੂ ਗ੍ਰੰਥ ਸਾਹਿਬ ਵਿੱਚ ਤੀਰਥ ਇਸ਼ਨਾਨ ਦੇ ਮਹਾਤਮ ਦੀ ਪ੍ਰਚਲਤ ਮਨੌਤ ਦਾ ਖੰਡਨ ਕੀਤਾ ਹੋਇਆ ਹੈ:- ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥ ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ (ਪੰਨਾ 1348) ਅਰਥ: ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਰਹਿ ਕੇ ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰਕੇ ਆਖਦੇ ਹਨ ਕਿ ਸਾਡੇ ਸਾਰੇ ਪਾਪ ਲਹਿ ਗਏ ਹਨ, ਤੇ ਝਾਕਾ ਲਾਹ ਕੇ ਮੁੜ ਮੁੜ ਉਹੀ ਪਾਪ ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਨ੍ਹਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ ਅਪੜਾਏ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਤੀਰਥ ਇਸ਼ਨਾਨ ਦੀ ਮਹਿਮਾ ਦਾ ਗੁਣ-ਗਾਣ ਕਰਦਿਆਂ ਇਸ ਇਸ਼ਨਾਨ ਲਈ ਮਨੁੱਖ ਨੂੰ ਉਤਸ਼ਾਹਤ ਕੀਤਾ ਹੈ, ਉਹ ਕਿਸੇ ਵਿਸ਼ੇਸ਼ ਨਦੀ ਜਾਂ ਸਰੋਵਰ ਆਦਿ ਦੇ ਇਸ਼ਨਾਨ ਦਾ ਨਹੀਂ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ `ਚ ਉਸ ਤੀਰਥ ਇਸ਼ਨਾਨ ਦੇ ਸਰੂਪ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:-
(ੳ) ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ॥ (ਪੰਨਾ 587) ਅਰਥ: ਮਨੁੱਖ ਦੇ ਅੰਦਰ ਹੀ ਗਿਆਨ ਰੂਪ ਤੀਰਥ ਹੈ, ਜਿਸ ਮਨੁੱਖ ਨੂੰ ਸਤਿਗੁਰੂ ਨੇ ਇਸ ਤੀਰਥ ਦੀ ਸਮਝ ਬਖ਼ਸ਼ੀ ਹੈ ਉਹ ਮਨੁੱਖ ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ।
(ਅ) ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ॥ (ਪੰਨਾ 653) ਅਰਥ:-ਉਹੋ ਮਨੁੱਖ ਸਿਆਣੇ ਹਨ ਜੋ ਹਰੀ –ਨਾਮ ਸਿਮਰਦੇ ਹਨ, ਭਾਵ ਪ੍ਰਭੂ ਦੇ ਗੁਣਾਂ ਅਨੁਸਾਰ ਜੀਵਨ ਜਿਊਂਣ ਦਾ ਉੱਦਮ ਕਰਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ। ਭਾਵ, ਗੁਰੂ ਨੂੰ ਆਪਣਾ ਆਪ ਸਮਪਰਨ ਕਰਦੇ ਹਨ। ਹੇ ਨਾਨਕ! ਇਹੋ ਜੇਹੇ ਮਨੁੱਖ {ਨਾਮ ਸਿਮਰਨ ਵਾਲੇ} ਹਰੀ ਦੇ ਭਜਨ-ਰੂਪ ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ।
(ੲ) ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ . . ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ (ਪੰਨਾ 687) ਅਰਥ:-ਮੈਂ ਭੀ ਤੀਰਥ ਉੱਤੇ ਇਸ਼ਨਾਨ ਕਰਨ ਜਾਂਦਾ ਹਾਂ ਪਰ ਮੇਰੇ ਵਾਸਤੇ ਪ੍ਰਭੂ ਦਾ ਨਾਮ ਹੀ ਤੀਰਥ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮੇਰ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰ ਵਾਸਤੇ ਦਸ ਪਵਿੱਤ੍ਰ ਦਿਹਾੜੇ ਹੈ, ਮੇਰ ਵਾਸਤੇ ਗੰਗਾ ਦਾ ਜਨਮ-ਦਿਨ ਹੈ. . ਗੁਰੂ ਦਾ ਪਵਿੱਤ੍ਰ ਸ਼ਬਦ ਮਨੁੱਖ ਨੂੰ ਸਦਾ ਆਤਮਕ ਚਾਨਣ ਦੇਂਦਾ ਹੈ, ਇਹੀ ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ।
(ਸ) ਤੀਰਥਿ ਅਠਸਠਿ ਮਜਨੁ ਨਾਈ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ॥ 1॥ ਰਹਾਉ॥ (ਪੰਨਾ 1263) ਅਰਥ:-ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਤੀਰਥ ਵਿੱਚ ਕੀਤਾ ਹੋਇਆ ਆਤਮਕ ਇਸ਼ਨਾਨ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਿਸ ਮਨੁੱਖ ਦੀਆਂ ਅੱਖਾਂ ਵਿੱਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ; ਭਾਵ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਧੂੜ/ਉਪਦੇਸ਼ ਉਸ ਦੇ ਅੰਦਰੋਂ ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਰੋਕਤ ਤੀਰਥ ਇਸ਼ਨਾਨ ਦੀ ਮਹਿਮਾਂ ਹੀ ਦ੍ਰਿੜ ਕਰਵਾ ਕੇ ਮਨੁੱਖ ਨੂੰ ਇਹ ਸਮਝਾਇਆ ਹੈ ਕਿ ਜੇਕਰ ਤੂੰ ਇਹ ਇਸ਼ਨਾਨ ਕਰ ਲਵੇਂ ਤਾਂ ਇਸ ਵਿੱਚ ਅਠਾਹਠ ਤੀਰਥਾਂ ਦਾ ਮੰਨਿਆ ਹੋਇਆ ਫਲ ਵੀ ਆ ਜਾਂਦਾ ਹੈ। ਨਿਮਨ ਲਿਖਤ ਪੰਗਤੀਆਂ ਵਿੱਚ ਇਸ ਸੱਚ ਨੂੰ ਭਲੀ ਪ੍ਰਕਾਰ ਦਰਸਾਇਆ ਗਿਆ ਹੈ:-
(ੳ) ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ॥ ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ॥ 1 (ਪੰਨਾ 532) ਅਰਥ: ਹੇ ਭਾਈ! ਪ੍ਰਭੂ ਦੇ ਨਾਮ-ਰਸਾਇਣ ਵਿੱਚ ਮਸਤ ਮਨੁੱਖ ਬੈਠਿਆਂ ਹਰਿ ਨਾਮ ਉਚਾਰਦਾ ਹੈ, ਸੁੱਤਿਆਂ ਭੀ ਹਰਿ ਨਾਮ ਵਿੱਚ ਸੁਰਤਿ ਰੱਖਦਾ ਹੈ, ਉਹ ਮਨੁੱਖ ਹਰਿ ਨਾਮ ਰਸ ਨੂੰ ਆਤਮਕ ਜੀਵਨ ਦੀ ਖ਼ੁਰਾਕ ਬਣਾ ਕੇ ਖਾਂਦਾ ਰਹਿੰਦਾ ਹੈ। ਉਹ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿੱਚ ਇਸ਼ਨਾਨ ਕਰਦਾ ਹੈ (ਮਾਨੋਂ,) ਉਹ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ।
(ਅ) ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ॥ ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ॥ (ਪੰਨਾ 597) ਅਰਥ:-ਹੇ ਮਨ! ਸੰਤ ਜਨਾਂ ਦੀ ਸੰਗਤਿ ਵਿੱਚ ਮਿਲ (ਸਤਸੰਗ ਵਿੱਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ ਅਸਲ ਤੀਰਥ ਇਸ਼ਨਾਨ ਹੈ। ਜਿਸ ਮਨੁੱਖ ਨੂੰ ਗੁਰੂ ਦਾ ਦਰਸ਼ਨ ਹੋ ਜਾਂਦਾ ਹੈ ਉਸ ਨੂੰ ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ।
(ੲ) ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ॥ (ਪੰਨਾ 87) ਅਰਥ:-ਜੇ ਇੱਕ ਪਲਕ ਭਰ ਭੀ ਨਾਮ ਮਨ ਵਿੱਚ ਵੱਸ ਜਾਏ (ਭਾਵ, ਜੇ ਜੀਵ ਇੱਕ ਮਨ ਇੱਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋਂ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ।
(ਸ) ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ॥ ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ॥ ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ॥ 5॥ (ਪੰਨਾ 753) ਅਰਥ:-ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਤੀਰਥ ਗੁਰੂ ਦਾ ਸ਼ਬਦ ਹੀ ਹੈ। ਗੁਰੂ ਦੇ ਸ਼ਬਦ ਵਿੱਚ ਹੀ ਪ੍ਰਭੂ ਉਸ ਨੂੰ ਅਠਾਹਠ ਤੀਰਥ ਵਿਖਾ ਦੇਂਦਾ ਹੈ ਅਤੇ ਵਿਖਾ ਦੇਂਦਾ ਹੈ ਕਿ ਉਸ ਗੁਰੂ ਸ਼ਬਦ-ਤੀਰਥ ਵਿੱਚ ਨ੍ਹਾਤਿਆਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈਕਿ ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿੱਤ੍ਰ ਤੀਰਥ ਹੈ (ਉਸ ਵਿੱਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਤੀਰਥ ਮੈ ਨਹੀਂ ਚੰਬੋੜਦਾ। ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ ਸਾਲਾਹ ਪ੍ਰਾਪਤ ਕਰ ਲੈਂਦਾ ਹੈ।
ਇਨ੍ਹਾਂ ਫ਼ਰਮਾਨਾਂ ਦਾ ਇਹ ਕਦਾਚਿਤ ਭਾਵ ਨਹੀਂ ਹੈ ਕਿ ਬਾਣੀ ਵਿੱਚ ਇਨ੍ਹਾਂ ਕਥਿੱਤ ਤੀਰਥਾਂ ਦੇ ਇਸ਼ਨਾਨ ਦੇ ਮਹਾਤਮ ਨੂੰ ਮੰਨਿਆ ਹੈ। ਨਹੀਂ, ਹਰਗ਼ਿਜ਼ ਨਹੀਂ। ਲੋਕਾਂ ਨੂੰ ਕਿਸੇ ਪ੍ਰਚਲਤ ਮਨੌਤ ਤੋਂ ਉਪਰ ਉਠਾਉਣ ਲਈ ਬਾਣੀਕਾਰਾਂ ਨੇ ਅਜਿਹਾ ਢੰਗ ਆਮ ਹੀ ਵਰਤਿਆ ਹੋਇਆ ਹੈ।
ਉਪਰੋਕਤ ਫ਼ਰਮਾਨਾਂ ਤੋਂ ਇਹ ਗੱਲ ਭਲੀ ਪ੍ਰਕਾਰ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੀਰਥਾਂ ਇਸ਼ਨਾਨ ਦੇ ਮਹਾਤਮ ਦੀ ਪ੍ਰਚਲਤ ਧਾਰਨਾ ਨੂੰ ਸਵੀਕਾਰ ਹੀ ਨਹੀਂ ਕੀਤਾ ਹੋਇਆ ਹੈ। ਜਿਸ ਧਾਰਨਾ ਵਿੱਚ ਵਿਸ਼ਵਾਸ ਹੀ ਨਹੀਂ ਹੈ, ਉਸ ਦੇ ਫਲ ਦਾ ਕੀ ਅਰਥ?
ਜਿੱਥੋਂ ਤੱਕ ਲੇਖਕ ਦੀ ਇਸ ਲਿਖਤ ਦਾ ਸਵਾਲ ਹੈ ਕਿ ਇਸ ਪਉੜੀ ਦੇ ਗਿਣਤੀ-ਮਿਣਤੀ ਦੇ ਪਾਠ ਕਰਨ ਨਾਲ ਪਾਪ ਦੂਰ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਦੀ ਧਾਰਨਾ ਨੂੰ ਵੀ ਨਹੀਂ ਮੰਨਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਵਿਕਾਰਾਂ ਦੀ ਮੈਲ ਨੂੰ ਲਾਹੁਣ ਦੇ ਢੰਗ ਦੀ ਚਰਚਾ ਕਰਦਿਆਂ ਹੋਇਆਂ ਇੰਜ ਆਖਿਆ ਹੈ: ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਪੰਨਾ 4) ਅਰਥ: (ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
ਇਸ ਪਉੜੀ ਦਾ ਮੂਲ ਪਾਠ ਅਤੇ ਅਰਥ ਇਸ ਤਰ੍ਹਾਂ ਹਨ:-
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ ਅਰਥ:-ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪ੍ਰਭੂ ਖ਼ੁਸ਼ ਨਹੀਂ ਹੁੰਦਾ, ਤਾਂ ਮੈ ਤੀਰਥ ਉੱਤੇ ਇਸ਼ਨਾਨ ਕਰਕੇ ਕੀਹ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆਂ ਮੈਂ ਵੇਖਦਾ ਹਾਂ, ਇਸ ਵਿੱਚ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁੱਝ ਨਹੀਂ ਮਿਲਦਾ, ਕੋਈ ਕੁੱਝ ਨਹੀਂ ਲੈ ਸਕਦਾ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ ਅਰਥ:-ਜੇ ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਰਹ ਤੇ ਮੋਤੀ ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ।
ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ 6॥ ਅਰਥ:-ਤਾਂ ਤੇ ਹੇ ਸਤਿਗੁਰੂ! ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ ਮੈਨੂੰ ਇੱਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰੇ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ
ਭਾਵ: ਤੀਰਥ ਤੇ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਦੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿੱਚ ਜੁੜੇ। ਬੱਸ! ਉਸੇ ਮਨੁੱਖ ਦੀ ਮਤ ਵਿੱਚ ਹੁਲਾਰਾ ਆਉਂਦਾ ਹੈ।
ਇਸ ਪਉੜੀ ਵਿੱਚ ਤਾਂ ਸਗੋਂ ਤੀਰਥ ਇਸ਼ਨਾਨ ਨੂੰ ਨਿਰਾਰਥਕ ਦੱਸਿਆ ਹੈ। ਪਰ ਲੇਖਕ ਹੁਰੀਂ ਇਸ ਦੇ ਪਾਠ ਦੁਆਰਾ ਸਮੂਹ ਤੀਰਥਾਂ ਦੇ ਇਸ਼ਨਾਨ ਦੀ ਗੱਲ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਜਿਹੇ ਲੇਖਕਾਂ ਅਤੇ ਲਿਖਤਾਂ ਸਬੰਧੀ ਹੀ ਇਹ ਆਖਿਆ ਹੈ:-ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ॥ ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ॥ (ਪੰਨਾ 434) ਅਰਥ:-ਹੇ ਪੰਡਿਤ! ਤੇਰੇ ਆਪਣੇ ਮੱਥੇ ਉੱਤੇ ਜੋ ਮਾਇਆ ਵਾਲਾ ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਸੰਸਕਾਰ ਤੇਰੇ ਅੰਦਰ ਇਕੱਠੇ ਹੋਏ ਪਏ ਹਨ, ਉਨ੍ਹਾਂ ਦੇ ਅਧੀਨ ਤੂੰ ਨਿਰੀ ਮਾਇਆ ਦੀ ਖ਼ਾਤਰ ਉਮਰ ਗੁਜ਼ਾਰ ਰਿਹਾ ਹੈਂ, ਪਰ ਆਪਣੇ ਆਪ ਨੂੰ ਪੰਡਿਤ ਸਮਝਦਾ ਤੇ ਅਖਵਾਂਦਾ ਹੈ। ਪੰਡਿਤ ਦਾ ਇਹ ਕਰਤੱਬ ਨਹੀਂ ਕਿ ਉਸ ਨੂੰ ਆਪਣੇ ਆਤਮਕ ਜੀਵਨ ਦੀ ਰਤਾ ਭੀ ਸੂਝ ਨਾ ਹੋਵੇ। ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਛੱਡ, ਤੇ) ਹੋਰਨਾਂ ਚਾਟੜਿਆਂ ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ। ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ ਪਾਂਧੇ ਨੇ ਪਹਿਲਾਂ ਆਪਣੇ ਗਲ ਵਿੱਚ ਮਾਇਆ ਦੀ ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿੱਚ ਪਾ ਦੇਂਦਾ ਹੈ।
ਸਤਿਗੁਰੁ ਤੀਰਥ ਛਡਿ ਨਹਿਂ ਕੈ ਅਠਸਠਿ ਤੀਰਥਿ ਨ੍ਹਾਵਣ ਜਾਹੀ। (ਵਾਰ 15, ਪਉੜੀ 10)
ਜਸਬੀਰ ਸਿੰਘ ਵੈਨਕੂਵਰ




.