.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 06)

ਪਉੜੀ (ਪੰਜਵੀਂ) ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ 5॥
ਮਹਾਤਮ: ਇਸ ਪਉੜੀ ਦਾ ਪਾਠ ਸੋਮਵਾਰ ਤੋਂ ਆਰੰਭ ਕਰਕੇ ਸੈਂਤੀ ਦਿਨਾਂ ਵਿੱਚ ਦਸ ਹਜ਼ਾਰ ਕਰੇ ਤਾਂ ਵੈਰੀ ਦੀ ਹਾਨੀ ਹੋਵੇ, ਵੈਰੀ ਅਧੀਨ ਹੋ ਜਾਵੇ।
ਪੁਸਤਕ ਕਰਤਾ ਜਪੁ ਜੀ ਦੀ ਚੌਥੀ ਪਉੜੀ ਦੇ ਮਹਾਤਮ ਬਾਰੇ ਲਿਖਦੇ ਹਨ ਕਿ ਇਸ ਦੇ ਪੰਝੀ ਦਿਨ ਪੰਜ ਸੌ ਪਾਠ ਕਰਨ ਨਾਲ ਦੁਸ਼ਮਨ ਤੇ ਫ਼ਤਹਿ ਪਾ ਸਕੀਦੀ ਹੈ ਅਤੇ ਝਗੜੇ ਵਿੱਚ ਵੀ ਜਿੱਤ ਪ੍ਰਾਪਤ ਕਰ ਸਕੀਦੀ ਹੈ। ਪਰ ਇਸ ਪਉੜੀ (ਪੰਜਵੀਂ) ਦੇ ਮਹਾਤਮ ਸਬੰਧੀ ਲਿਖਦੇ ਹਨ ਕਿ ਵੈਰੀ ਦੀ ਹਾਨੀ ਹੋਵੇਗੀ ਅਤੇ ਉਹ ਅਧੀਨ ਹੋ ਜਾਵੇਗਾ। ਪਿਛਲੀ ਪਉੜੀ ਵਾਂਗ ਲੇਖਕ ਨੇ ਇਸ ਪਉੜੀ ਦਾ ਵੀ ਮਹਾਤਮ ਲਿਖਣ ਸਮੇਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਹ ਵੈਰੀਆਂ ਦੀ ਕੇਹੜੀ ਸ਼੍ਰੇਣੀ ਦਾ ਜ਼ਿਕਰ ਕਰ ਰਿਹਾ ਹੈ। ਚੂੰਕਿ ਵੈਰੀ ਇੱਕ ਤਰ੍ਹਾਂ ਦੇ ਨਹੀਂ, ਕਈ ਪ੍ਰਕਾਰ ਦੇ ਹਨ। ਉਦਾਹਰਣ ਵਜੋਂ ਮਨੁੱਖ ਦੇ ਆਪਣੇ ਵੈਰੀ, ਪਰਵਾਰ ਦੇ ਵੈਰੀ, ਪਾਰਟੀ ਦੇ ਵੈਰੀ, ਕੌਮ ਦੇ ਵੈਰੀ, ਧਰਮ ਦੇ ਵੈਰੀ, ਸਮਾਜ ਦੇ ਵੈਰੀ, ਦੇਸ਼ ਦੇ ਵੈਰੀ, ਮਨੁੱਖਤਾ ਦੇ ਵੈਰੀ ਅਤੇ ਵਾਤਾਵਰਨ ਦੇ ਵੈਰੀ ਆਦਿ। ਲੇਖਕ ਨੇ ਵੈਰੀ ਸ਼ਬਦ ਹੀ ਲਿਖਿਆ ਹੈ, ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਉਹ ਹਰੇਕ ਪ੍ਰਕਾਰ ਦੇ ਵੈਰੀ ਦੀ ਗੱਲ ਕਰ ਰਿਹਾ ਹੈ ਜਾਂ ਕਿਸੇ ਖ਼ਾਸ ਇੱਕ ਵੈਰੀ ਦੀ ਗੱਲ ਕਰ ਰਿਹਾ ਹੈ। ਲੇਖਕ ਜਿਸ ਢੰਗ ਨਾਲ ਗੁਰਬਾਣੀ ਨੂੰ ਪੜ੍ਹਨ ਅਤੇ ਇਸ ਦੇ ਮਹਾਤਮ ਦੀ ਗੱਲ ਕਰ ਰਿਹਾ ਹੈ, ਉਸ ਤੋਂ ਇਹੀ ਗੱਲ ਸਪਸ਼ਟ ਹੁੰਦੀ ਹੈ ਕਿ ਲੇਖਕ ਨੂੰ ਸਮਾਜ ਜਾਂ ਵਾਤਾਵਰਨ ਆਦਿ ਦੇ ਦੁਸ਼ਮਨਾਂ ਦੀ ਚਿੰਤਾ ਨਹੀਂ ਹੈ। ਨਿਰਸੰਦੇਹ, ਉਹ ਮਨੁੱਖ ਨੂੰ ਆਪਣੇ ਵਿਰੋਧੀਆਂ ਨੂੰ ਹਾਨੀ ਪਹੁੰਚਾਉਣ ਅਤੇ ਉਨ੍ਹਾਂ ਦੇ ਵੱਸ ਹੋਣ ਦੀ ਗੱਲ ਹੀ ਕਰ ਰਿਹਾ ਹੈ। ਇਸ ਲਈ ਅਸੀਂ ਵੈਰੀ ਸ਼ਬਦ ਤੋਂ ਭਾਵ ‘ਉਹ ਵਿਅਕਤੀ ਜਾਂ ਗਰੁੱਪ ਜੋ ਦੂਜੇ/ਦੂਜਿਆਂ ਨੂੰ ਘਿਰਣਾ ਕਰਦਾ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’ ਹੀ ਲੈਂਦੇ ਹੋਏ ਇਸ ਸਬੰਧੀ ਹੀ ਵਿਚਾਰ ਕਰ ਰਹੇ ਹਾਂ।
ਲੇਖਕ ਕੇਵਲ ਵੈਰੀ ਸ਼ਬਦ ਦੀ ਵਰਤੋਂ ਹੀ ਕਰ ਰਿਹਾ ਹੈ। ਇਸ ਲਈ ਇਹ ਸਪਸ਼ਟ ਨਹੀਂ ਹੁੰਦਾ ਕਿ ਹਰੇਕ ਮਨੁੱਖ ਹੀ ਆਪਣੇ ਵੈਰੀਆਂ ਨੂੰ ਇਸ ਪਉੜੀ ਦਾ ਪਾਠ ਕਰਕੇ ਹਾਨੀ ਪਹੁੰਚਾ ਕੇ ਅਧੀਨ ਕਰ ਸਕਦਾ ਹੈ ਜਾਂ ਕੋਈ ਵਿਸ਼ੇਸ਼ ਵਿਅਕਤੀ ਹੀ। ਚੂੰਕਿ ਜੇਕਰ ਕੋਈ ਦੁਸ਼ਟਾਤਮਾ ਕਿਸੇ ਧਰਮਾਤਮਾ ਨੂੰ ਆਪਣਾ ਵੈਰੀ ਸਮਝ ਕੇ ਉਸ ਨੂੰ ਹਾਨੀ ਪਹੁੰਚਾਉਣ ਲਈ ਇਸ ਪਉੜੀ ਦਾ ਪਾਠ ਕਰੇ, ਤਾਂ ਕੀ ਉਸ ਦੀ ਵੀ ਇਹ ਕਾਮਨਾ ਪੂਰੀ ਹੋ ਜਾਵੇਗੀ?
ਕ੍ਰਿਸ਼ਨ ਜੀ ਦੇ ਕਈ ਨਾਵਾਂ ਵਿੱਚ ਇੱਕ ਨਾਮ ‘ਮੁਰਾਰੀ’/‘ਮੁਰਾਰਿ’ ਵੀ ਹੈ। ਇਸ ਸ਼ਬਦ ਦਾ ਅਰਥ ਹੈ ਮੁਰ ਦੈਂਤ ਦਾ ਵੈਰੀ ਕ੍ਰਿਸ਼ਨ ਦੇਵ। ਮੁਰ ਨਾਮੀ ਦੈਂਤ ਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ, ਇਸ ਕਰਕੇ ਉਨ੍ਹਾਂ ਨੂੰ ਮੁਰਾਰੀ ਵੀ ਕਿਹਾ ਜਾਂਦਾ ਹੈ। (ਨੋਟ: ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਕਈ ਥਾਂਈ ਆਇਆ ਹੈ ਪਰ ਕ੍ਰਿਸ਼ਨ ਜੀ ਦੇ ਅਰਥਾਂ ਵਿੱਚ ਨਹੀਂ ਬਲਕਿ ਅਕਾਲ ਪੁਰਖ ਦੇ ਅਰਥਾਂ ਵਿੱਚ ਹੀ ਇਹ ਸ਼ਬਦ ਆਇਆ ਹੈ।) ਮੁਰ ਬਦੀ ਦਾ ਅਤੇ ਕ੍ਰਿਸ਼ਨ ਨੇਕੀ ਦਾ ਪ੍ਰਤੀਕ ਹਨ। ਜੇਕਰ ਇਨਸਾਨੀਅਤ ਤੋਂ ਗਿਰਿਆ ਹੋਇਆ ਮਨੁੱਖ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਵਾਲੇ ਪ੍ਰਾਣੀ ਨੂੰ ਆਪਣਾ ਵੈਰੀ ਸਮਝ ਕੇ, ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੇਗਾ ਤਾਂ ਕੀ ਜਪੁ ਜੀ ਦੀ ਇਹ ਪਉੜੀ ਉਸ ਦੀ ਇਸ ਨੀਚ ਖ਼ਾਹਿਸ਼ ਦੀ ਪੂਰਤੀ ਕਰਨ ਵਿੱਚ ਸਹਾਇਕ ਹੋਵੇਗੀ?
ਅਸੀਂ ਇਸ ਲੇਖ ਲੜੀ ਦੇ ਸ਼ੁਰੂ ਵਿੱਚ ਇਸ ਗੱਲ ਦੀ ਸੰਖੇਪ ਵਿੱਚ ਚਰਚਾ ਕਰ ਆਏ ਹਾਂ ਕਿ ਇਸ ਪੁਸਤਕ ਵਿੱਚ ਲਿਖੀਆਂ ਗੱਲਾਂ ਨੂੰ ਪ੍ਰਮਾਣਿਤ ਦਰਸਾਉਣ ਲਈ ਇਸ ਪੁਸਤਕ ਦੇ ਲੇਖਕ ਨੇ ਭਾਈ ਮਨੀ ਸਿੰਘ ਜੀ ਦਾ ਨਾਮ ਵਰਤਿਆ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ 24 ਜੂਨ 1734 ਈ: ਨੂੰ ਹੋਈ ਹੈ। ਭਾਈ ਮਨੀ ਸਿੰਘ ਜੀ ਪੰਥ ਵਿੱਚ ਬਹੁਤ ਹੀ ਹਰਮਨ ਪਿਆਰੇ ਸਨ। ਜੇਕਰ ਸੱਚ-ਮੁੱਚ ਹੀ ਇਸ ਪੁਸਤਕ ਦੇ ਲੇਖਕ ਭਾਈ ਮਨੀ ਸਿੰਘ ਜੀ ਹੁੰਦੇ, ਤਾਂ ਪੰਥ ਦਾ ਦਰਦ ਰੱਖਣ ਵਾਲੇ ਸੱਚੇ ਪੰਥ ਦਰਦੀ ਸਿੰਘਾਂ ਉੱਤੇ ਮੁਸੀਬਤਾਂ ਦੇ ਝੱਖੜ ਝੁਲਦੇ ਦੇਖ ਕੇ ਜ਼ਰੂਰ ਸਿੰਘਾਂ ਨੂੰ ਤਾਂਤ੍ਰਿਕ ਵਿਧੀ ਅਨੁਸਾਰ ਇਸ ਪਉੜੀ ਦਾ ਪਾਠ ਕਰਨ ਲਈ ਕਹਿੰਦੇ। ਭਾਈ ਮਨੀ ਸਿੰਘ ਜੀ ਹਜ਼ੂਰੀ ਸਿੰਘਾਂ ਵਿਚੋਂ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਜੋ ਭਾਣੇ ਵਰਤੇ ਸਨ, ਉਹ ਆਪ ਜੀ ਨੇ ਇਨ੍ਹਾਂ ਭਾਣਿਆਂ ਵਿਚੋਂ ਕਈਆਂ ਨੂੰ ਅੱਖੀਂ ਦੇਖਿਆ ਅਤੇ ਕਈਆਂ ਨੂੰ ਕੰਨੀਂ ਸੁਣਿਆ ਸੀ। ਜੇਕਰ ਤਾਂਤ੍ਰਿਕ ਵਿਧੀਆਂ ਨਾਲ ਵੈਰੀ ਨੂੰ ਹਾਨੀ ਪਹੁੰਚਾ ਕੇ ਉਸ ਨੂੰ ਅਧੀਨ ਕੀਤਾ ਜਾ ਸਕਦਾ ਹੁੰਦਾ ਤਾਂ ਭਾਈ ਸਾਹਿਬ ਜ਼ਰੂਰ ਖ਼ਾਲਸੇ ਨੂੰ ਇਸ ਵਿਧੀ ਬਾਰੇ ਦੱਸ ਕੇ, ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਵਾਲੇ ਵੈਰੀਆਂ ਨੂੰ ਹਾਨੀ ਪਹੁੰਚਾ ਕੇ, ਇਨ੍ਹਾਂ ਵੈਰੀਆਂ ਨੂੰ ਅਧੀਨ ਕਰ ਲੈਣ ਦੀ ਸਾਲਾਹ ਦੇਂਦੇ। ਸਿੰਘਾਂ ਨੂੰ ਤਾਂ ਕੇਵਲ ਅਕਾਲ ਪੁਰਖ ਦਾ ਹੀ ਆਸਰਾ ਸੀ ਅਤੇ ਸਿੰਘ ਬਾਣੀ ਪੜ੍ਹ ਸੁਣ ਵਿਚਾਰ ਕੇ ਹੀ ਅਜਿਹੀਆਂ ਪ੍ਰਸੱਿਥਤੀਆਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਵਿਚਰ ਰਹੇ ਸਨ। ਬਾਣੀ ਪੜ੍ਹਨ ਵਾਲਿਆਂ ਲਈ ਇਸ ਪਉੜੀ ਦੇ ਸੈਂਤੀ ਦਿਨ ਦਸ ਹਜ਼ਾਰ ਪਾਠ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਸੀ।
ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਖ਼ਾਲਸਾ ਪੰਥ ਦਾ ਨਾਮੋ- ਨਿਸ਼ਾਨ ਮਿਟਾਉਣ ਲਈ ਜ਼ਕਰੀਆਂ ਖ਼ਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੇਕਰ ਕੋਈ ਵਿਅਕਤੀ ਕਿਸੇ ਸਿੱਖ ਦਾ ਪਤਾ ਦੇਵੇਗਾ, ਉਸ ਨੂੰ ਦਸ ਰੁਪਏ, ਜੋ ਫੜਾ ਦੇਵੇਗਾ ਉਸ ਨੂੰ ਵੀਹ ਰੁਪਏ ਅਤੇ ਸਿਰ ਵੱਢ ਕੇ ਲਿਆਵੇਗਾ, ਉਸ ਨੂੰ ਪੰਜਾਹ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ: ਦੱਸਣ ਵਾਲੇ ਦਸ ਰੁਪੈ ਔਰ ਮਾਰਨ ਵਾਲੇ ਪਚਾਸ। ਯਹ ਲਾਲਚ ਤੁਰਕਨ ਦਯੋ ਤਬ ਬਨਿ ਸਿੰਘਨ ਭਯੋ ਨਾਸ। (ਸ੍ਰੀ ਗੁਰੂ ਪੰਥ ਪ੍ਰਕਾਸ-ਰਤਨ ਸਿੰਘ ਭੰਗੂ) ਅਤੇ ਭਾਈ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ: ਦੱਸੇ ਜੋ ਦਸ ਦਮੜੇ ਪਾਵੈ। ਪਾਇ ਬੀਸ ਦਿਖਰਾ ਪਕਰਾਵੈ। ਪਾਇ ਪਚਾਸ ਲਿਆਵੈ ਜੁ ਸੀਸ। ਮਿਲੈ ਜਾਗੀਰ ਕਾਮ ਵਡ ਥੀਸ। (ਪੰਥ ਪ੍ਰਕਾਸ਼)
ਅਜਿਹੀ ਪ੍ਰਸਥਿੱਤੀ ਵਿੱਚ ਸਿੰਘ ਤਾਂ ਲੁਕ ਛਿਪ ਕੇ ਚੋਰੀ ਛੁਪੇ ਭੁੱਖਣ-ਭਾਣੇ ਸਿਰ ਲੁਕਾਉਣ ਲਈ ਟਿਕਾਣਾ ਲੱਭਦੇ ਫਿਰਦੇ ਸਨ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਇਸ ਸਮੇਂ ਦੇ ਹਾਲਾਤਾਂ `ਤੇ ਰੌਸ਼ਨੀ ਪਾਉਂਦਾ ਹੋਇਆ ਲਿਖਦਾ ਹੈ, ‘ਸਿੰਘਨ ਪੈ ਗੜ੍ਹ ਨਹਿਂ ਹੁਤੇ ਜਿਤ ਕੀ ਓਟ ਲੜਾਹਿਂ। ਉਠ ਨਠ ਰੋਹੀ ਮਧ ਛਿਪਹਿੰ ਕੈ ਖੂਹਨ ਖੱਡਨ ਮਾਹਿੰ।’ ਇਸ ਤਰ੍ਹਾਂ ਦੇ ਹਾਲਾਤ ਵਿੱਚ ਵੀ ਕਿਸੇ ਸਿੱਖ ਨੂੰ ਵੈਰੀਆਂ ਨੂੰ ਹਾਨੀ ਪਹੁੰਚਾਉਣ ਲਈ, ਤਾਂਤ੍ਰਿਕ ਵਿਧੀ ਨਾਲ ਇਸ ਪਉੜੀ ਦਾ ਪਾਠ ਕਰਕੇ ਅਧੀਨ ਕਰਨ ਦਾ ਖ਼ਿਆਲ ਨਹੀਂ ਆਇਆ। ਚੂੰਕਿ ਸਿੰਘ ਇਸ ਤੱਥ ਤੋਂ ਭਲੀ ਪ੍ਰਕਾਰ ਜਾਣੂ ਸਨ ਕਿ ਇਸ ਤਰ੍ਹਾਂ ਨਾਲ ਵੈਰੀਆਂ ਨੂੰ ਹਾਨੀ ਨਹੀਂ ਪਹੁੰਚਾਈ ਜਾ ਸਕਦੀ। ਜੇਕਰ ਇਸ ਤਰ੍ਹਾਂ ਨਾਲ ਕਾਮਯਾਬੀ ਮਿਲਦੀ ਹੁੰਦੀ ਤਾਂ ਇੱਕ ਸਿੰਘ ਕੀ, ਖ਼ਾਲਸਾ ਪੰਥ ਦਾ ਹਰੇਕ ਮੈਂਬਰ ਇਸ ਪਉੜੀ ਦਾ ਪਾਠ ਕਰਕੇ ਖ਼ਾਲਸਾ ਪੰਥ ਦੀ ਹੋਂਦ ਲਈ ਖ਼ਤਰਾ ਬਣੇ ਹੋਏ ਵੈਰੀਆਂ ਨੂੰ ਨੁਕਸਾਨ ਪਹੁੰਚਾ ਕੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ। ਇਸ ਤਰ੍ਹਾਂ ਨਾਲ ਪੰਥ ਦੇ ਵੈਰੀਆਂ ਨੂੰ ਖ਼ਾਲਸਾ ਪੰਥ ਦਾ ਨੁਕਸਾਨ ਕਰਨ ਤੋਂ ਰੋਕ ਲੈਂਦੇ। ਪਰ ਖ਼ਾਲਸਾ ਪੰਥ ਦੇ ਕਿਸੇ ਵੀ ਮੈਂਬਰ ਨੇ ਕਦੀ ਵੀ ਅਜਿਹਾ ਨਹੀਂ ਕੀਤਾ, ਚੂੰਕਿ ਉਹ ਇਸ ਤੱਥ ਤੋਂ ਭਲੀ ਪ੍ਰਕਾਰ ਜਾਣੂ ਸੀ ਕਿ ਜੇਹੜੀਆਂ ਕੌਮਾਂ ਤਾਂਤ੍ਰਿਕ ਵਿਧੀਆਂ ਦੁਆਰਾ ਆਪਣੇ ਵੈਰੀਆਂ ਦੇ ਨਾਸ ਕਰਨ ਦੇ ਰਸਤੇ ਚਲਦੀਆਂ ਹਨ, ਉਹ ਛੇਤੀ ਹੀ ਆਪਣੀ ਸੁਤੰਤਰਤਾ ਗਵਾ ਕੇ ਆਪਣੇ ਗਲ ਵਿੱਚ ਗ਼ੁਲਾਮੀ ਦੀਆਂ ਜੰਜੀਰਾਂ ਪਵਾ ਲੈਂਦੀਆਂ ਹਨ। ਇਸ ਲਈ ਹੀ ਸਿੰਘ ਬਾਣੀ ਨੂੰ ਪਿਆਰ ਨਾਲ ਪੜ੍ਹ ਵਿਚਾਰ ਕੇ, ਇਸ ਤੋਂ ਆਤਮਕ ਬਲ ਹਾਸਲ ਕਰਦੇ ਰਹੇ ਪਰੰਤੂ ਤਾਂਤ੍ਰਿਕ ਵਿਧੀ ਨਾਲ ਬਾਣੀ ਨੂੰ ਪੜ੍ਹ ਕੇ ਵੈਰੀਆਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਨੂੰ ਆਪਣੇ ਵੱਸ ਕਰਨ ਲਈ ਇਸ ਦੀ ਵਰਤੋਂ ਬਾਰੇ ਕਦੀ ਸੋਚਿਆ ਵੀ ਨਹੀਂ ਸੀ।
ਚੂੰਕਿ ਅਸੀਂ ਆਮ ਤੌਰ `ਤੇ ਇਨ੍ਹਾਂ ਗੱਲਾਂ ਵਲ ਧਿਆਨ ਨਹੀਂ ਦੇਂਦੇ, ਇਸ ਲਈ ਹੀ ਸਿੱਖ ਪੰਥ ਦੇ ਦੋਖੀ ਸਮੇਂ ਸਮੇਂ ਅਜਿਹੀਆਂ ਲਿਖਤਾਂ ਦੁਆਰਾ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਸੱਚ ਨਾਲੋਂ ਤੋੜਨ ਲਈ ਜਤਨਸ਼ੀਲ ਰਹਿੰਦੇ ਹਨ। ਇਸ ਕੋਸ਼ਸ਼ ਵਿੱਚ ਲੱਗੇ ਹੋਏ ਵਿਅਕਤੀ/ਸੰਸਥਾਵਾਂ ਇਸ ਤੱਥ ਤੋਂ ਭਲੀ ਪ੍ਰਕਾਰ ਜਾਣੂ ਹਨ ਕਿ ਸਿੱਖ ਸੰਗਤਾਂ ਨੂੰ ਆਪਣੇ ਜਾਲ ਵਿੱਚ ਕਿਵੇਂ ਫਸਾਉਣਾ ਹੈ। ਸਾਡਾ ਵਿਰੋਧੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਸੰਗਤਾਂ ਨੂੰ ਆਪਣੇ ਵਲ ਸਹਿਜੇ ਹੀ ਅਕਰਸ਼ਤ ਕੀਤਾ ਜਾ ਸਕਦਾ ਹੈ। ਜਦ ਆਪਣੇ ਪਿਓ ਦਾਦੇ ਦੇ ਖ਼ਜ਼ਾਨੇ ਨੂੰ ਕੇਵਲ ਮੱਥਾ ਟੇਕਣ ਜਾਂ ਰਸਮੀ ਪਾਠ ਕਰਨ/ਕਰਾਉਣ ਤੱਕ ਹੀ ਸੀਮਤ ਸਿੱਖ, ਉਨ੍ਹਾਂ ਦੰਭੀਆਂ ਦੀਆਂ ਪਰਿਕਰਮਾਂ ਕਰਨ ਲੱਗ ਪੈਂਦਾ ਹੈ ਤਾਂ ਫਿਰ ਸਿੱਖ ਨੂੰ ਪਤਾ ਹੀ ਨਹੀਂ ਚਲਦਾ ਕਿ ਕਦ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ਕੇ ਉਸ ਵਿਅਕਤੀ ਦਾ ਗੁਣ ਗਾਉਣ ਲੱਗ ਪੈਂਦਾ ਹੈ। ਜੇਹੜਾ ਸਿੱਖ ਪਹਿਲੋਂ ਇਹ ਕਹਿੰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਤੋਂ ਸ੍ਰੇਸ਼ਟ ਹਨ ਉਹੀ ਸਿੱਖ ਹੁਣ ਬਾਹਾਂ ਉਲਾਰ ਉਲਾਰ ਕੇ ਇਹ ਆਖਣ ਲੱਗ ਪੈਂਦਾ ਹੈ ਕਿ ਉਨ੍ਹਾਂ ਦੇ ਬਾਬਾ ਜੀ ਸਭ ਤੋਂ ਸ੍ਰੇਸ਼ਟ ਹਨ, ਗੁਰੂ ਨਾਨਕ ਸਾਹਿਬ ਦਾ ਅਵਤਾਰ ਹਨ ਆਦਿ। ਜਿਸ ਦਿਨ ਖ਼ਾਲਸਾ ਪੰਥ ਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਕਿ ਅਜਿਹੇ ਲੋਕ ਸਾਨੂੰ ਆਪਣੀ ਫਾਹੀ ਵਿੱਚ ਫਸਾਉਣ ਲਈ ਕਿਸ ਤਰ੍ਹਾਂ ਨਾਲ ਗੁਰਬਾਣੀ ਰੂਪ ਚੋਗਾ ਸੁਟ ਕੇ ਸਾਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ, ਉਸ ਦਿਨ ਕੋਈ ਵੀ ਸਾਨੂੰ ਆਪਣੇ ਜਾਲ ਵਿੱਚ ਫਸਾਉਣ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਜਦ ਖ਼ਾਲਸਾ ਪੰਥ ਇਨ੍ਹਾਂ ਗੱਲਾਂ ਤੋਂ ਸੁਚੇਤ ਹੋ ਜਾਵੇਗਾ ਤਾਂ ਵੱਡੇ ਤੋਂ ਵੱਡਾ ਦੰਭੀ ਪਾਖੰਡੀ ਵੀ ਗੁਰਬਾਣੀ ਦੀ ਆੜ ਵਿੱਚ ਗੁਰਬਾਣੀ ਦੇ ਸੱਚ ਤੋਂ ਭਟਕਾਉਣ ਵਿੱਚ ਕਾਮਯਾਬ ਨਹੀਂ ਹੋ ਸਕੇਗਾ।
ਅੰਤ ਵਿੱਚ ਇਸ ਪਉੜੀ ਦਾ ਮੂਲ ਪਾਠ ਅਤੇ ਇਸ ਦੇ ਅਰਥ ਲਿਖ ਰਹੇ ਹਾਂ ਤਾਂ ਕਿ ਪਾਠਕ ਖ਼ੁਦ ਹੀ ਇਹ ਦੇਖ ਸਕਣ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਉੜੀ ਵਿੱਚ ਕੀ ਆਖਿਆ ਹੈ ਅਤੇ ਇਸ ਪੁਸਤਕ ਦਾ ਲੇਖਕ ਇਸ ਬਾਰੇ ਕੀ ਲਿਖਦਾ ਹੈ।
ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥
ਅਰਥ:- ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ (ਕਿਉਂਕਿ) ਉਹ ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।
ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥
ਅਰਥ:- ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕਰੀਏ।
ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
ਅਰਥ:- (ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸਦਾ ਪ੍ਰੇਮ ਟਿਕਾਈਏ। (ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ।
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
ਅਰਥ:- (ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ 5॥ (ਪੰਨਾ 2)
ਅਰਥ:- ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ। (ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇੱਕ ਸਮਝ ਦੇਹ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ।
ਜਸਬੀਰ ਸਿੰਘ ਵੈਨਕੂਵਰ




.