.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 05)

ਪਉੜੀ (ਚੌਥੀ) ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ 4॥
ਮਹਾਤਮ: ਇਸ ਪਉੜੀ ਦਾ ਪੰਜ ਸੌ ਪਾਠ ਰੋਜ਼ ਮੰਗਲਵਾਰ ਤੋਂ ਆਰੰਭ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੰਝੀ ਦਿਨ ਕਰੇ ਤਾਂ ਦੁਸ਼ਮਨ ਤੇ ਫਤਹ ਪਾਵੇ, ਝਗੜਾ ਜਿਤੇ।”
ਪੁਸਤਕ ਕਰਤਾ ਜਪੁ ਜੀ ਦੀ ਇਸ ਪਉੜੀ ਦੇ ਪੰਝੀ ਦਿਨ ਪੰਜ ਸੌ ਪਾਠ ਕਰਨ ਨਾਲ ਦੁਸ਼ਮਨ ਤੇ ਫ਼ਤਹਿ ਪਉਣ ਅਤੇ ਝਗੜਾ ਜਿਤਨ ਦੀ ਗੱਲ ਕਰ ਰਿਹਾ ਹੈ। ਲੇਖਕ ਨੇ ਸਪਸ਼ਟ ਰੂਪ ਵਿੱਚ ਇਸ ਗੱਲ ਦਾ ਤਾਂ ਜ਼ਿਕਰ ਨਹੀਂ ਕੀਤਾ ਕਿ, ਉਹ ਮਨੁੱਖ ਦੇ ਅੰਦਰਲੇ ਦੁਸ਼ਮਨਾਂ ਦੀ ਗੱਲ ਕਰ ਰਿਹਾ ਹੈ ਜਾਂ ਬਾਹਰਲੇ ਦੁਸ਼ਮਨਾਂ ਦੀ। ਪਰੰਤੂ ਲੇਖਕ ਜਿਸ ਢੰਗ ਨਾਲ ਗੁਰਬਾਣੀ ਦੀ ਤਾਂਤ੍ਰਿਕ ਵਿਧੀ ਨਾਲ ਜਪ/ਪਾਠ ਦਾ ਕਰਨ ਦੀ ਪ੍ਰੇਰਨਾ ਦੇ ਰਿਹਾ ਹੈ, ਉਸ ਤੋਂ ਇਹੀ ਸਪਸ਼ਟ ਹੁੰਦਾ ਹੈ ਕਿ ਲੇਖਕ ਦਾ ਭਾਵ ਅੰਦਰਲੇ ਨਹੀਂ ਬਲਕਿ ਬਾਹਰਲੇ ਦੁਸ਼ਮਨਾਂ ਤੋਂ ਹੀ ਹੈ। ਇਸ ਕਰਕੇ ਅਸੀਂ ‘ਦੁਸ਼ਮਨ `ਤੇ ਫ਼ਤਹਿ’ ਤੋਂ ਭਾਵ ਬਾਹਰਲੇ ਸ਼ਤਰੂਆਂ ਤੋਂ ਹੀ ਲੈਂਦੇ ਹੋਏ ਇਸ ਨੂੰ ਗੁਰਬਾਣੀ ਅਤੇ ਇਤਿਹਾਸ ਦੀ ਰੌਸ਼ਨੀ ਵਿੱਚ ਸਮਝਣ ਦਾ ਜਤਨ ਕਰਦੇ ਹਾਂ।
ਹਰੇਕ ਇਨਸਾਨ ਦਾ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਦੁਸ਼ਮਨ ਜ਼ਰੂਰ ਹੁੰਦਾ ਹੈ। ਕਿਸੇ ਵਿਅਕਤੀ ਦੇ ਜ਼ਿਆਦਾ ਦੁਸ਼ਮਨ ਹੁੰਦੇ ਹਨ ਕਿਸੇ ਦੇ ਘੱਟ, ਪਰ ਹੁੰਦੇ ਜ਼ਰੂਰ ਹਨ। ਜੇਕਰ ਕੋਈ ਪ੍ਰਾਣੀ ਕਿਸੇ ਨੂੰ ਆਪਣਾ ਦੁਸ਼ਮਨ ਨਾ ਵੀ ਸਮਝੇ, ਫਿਰ ਵੀ ਉਸ ਨਾਲ ਦੁਸ਼ਮਨੀ ਵਾਲਾ ਭਾਵ ਰੱਖਣ ਵਾਲੇ ਵਿਅਕਤੀ ਹੁੰਦੇ ਹਨ। ਉਦਾਹਰਣ ਵਜੋਂ ਗੁਰੂ ਅਰਜਨ ਸਾਹਿਬ ਫ਼ਰਮਾਂਉਂਦ ਹਨ: ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ (ਪੰਨਾ 671) ਪਰ ਜਦ ਅਸੀਂ ਇਤਿਹਾਸ ਵਲ ਨਿਗਾਹ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਸਤਿਗੁਰੂ ਜੀ ਦੇ ਦੁਸ਼ਮਨਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਚਲੀ ਗਈ। ਜਿਨ੍ਹਾਂ ਤਾਕਤਾਂ ਨੇ ਹਜ਼ੂਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ, ਉਹ ਗੁਰਦੇਵ ਦੇ ਮਿਤ੍ਰ ਤਾਂ ਨਹੀਂ ਆਖੇ ਜਾ ਸਕਦੇ। ਪਰੰਤੂ ਗੁਰੂ ਅਰਜਨ ਸਾਹਿਬ ਜੀ ਆਪਣੇ ਮੁਖ਼ਾਰਬਿੰਦ ਤੋਂ ਇਹ ਫ਼ਰਮਾਂਉਂਦੇ ਹਨ ਕਿ ਉਨ੍ਹਾਂ ਦਾ ਕੋਈ ਦੁਸ਼ਮਨ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਦੇ ਦੁਸ਼ਮਨ ਹਨ। ਇਸ ਦਾ ਭਾਵ ਇਤਨਾ ਕੁ ਹੀ ਹੈ ਕਿ ਹਜ਼ੂਰ ਕਿਸੇ ਨੂੰ ਆਪਣਾ ਦੁਸ਼ਮਨ ਨਹੀਂ ਸਮਝਦੇ ਸਨ। ਕੋਈ ਗੁਰਦੇਵ ਨੂੰ ਅਗਿਆਨਤਾ ਜਾਂ ਹੰਕਾਰ ਆਦਿ ਕਾਰਨ ਆਪਣਾ ਦੁਸ਼ਮਨ ਸਮਝ ਰਿਹਾ ਹੈ ਤਾਂ ਇਹ ਉਸ ਵਿਅਕਤੀ ਦੀ ਆਪਣੀ ਸੋਚ ਹੈ, ਪਰ ਸਤਿਗੁਰੂ ਅਜਿਹੇ ਮਨੁੱਖਾਂ ਨੂੰ ਵੀ ਆਪਣਾ ਦੁਸ਼ਮਨ ਨਹੀਂ ਮੰਨ ਰਹੇ।
ਇਸ ਲਈ ਦੁਸ਼ਮਨ ਤਾਂ ਹਰੇਕ ਵਿਅਕਤੀ ਦਾ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ, ਜਿਸ ਦੀਆਂ ਅੱਖਾਂ ਵਿੱਚ ਆਪਣੇ ਦੁਸ਼ਮਨ ਦੀ ਹਸਤੀ ਹਮੇਸ਼ਾਂ ਰੜਕਦੀ ਰਹਿੰਦੀ ਹੈ। ਜਿਸ ਤਰ੍ਹਾਂ ਦੁਸ਼ਮਨੀ ਵਾਲੇ ਭਾਵ ਨੂੰ ਮਨੁੱਖ ਕਈ ਤਰ੍ਹਾਂ ਨਾਲ ਪ੍ਰਗਟ ਕਰਦਾ ਹੈ, ਉਸੇ ਤਰ੍ਹਾਂ ਦੁਸ਼ਮਨ ਨੂੰ ਵੀ ਕਈ ਢੰਗਾਂ ਨਾਲ ਦਬਾਇਆ ਜਾਂਦਾ ਹੈ। ਇਸ ਵਿਸ਼ੇ ਨਾਲ ਜੁੜੇ ਹੋਏ ਸਾਰੇ ਪੱਖਾਂ ਦੀ ਵਿਸਤਾਰ ਸਹਿਤ ਚਰਚਾ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਇੱਕ ਪਹਿਲੂ ਦੀ ਹੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ। ਜੇਕਰ ਝੂਠ ਤੇ ਪਾਖੰਡ ਦੇ ਮੁਦਈ ਕਿਸੇ ਸੱਚ ਦੇ ਢੰਢੋਰਚੀ ਨੂੰ ਆਪਣਾ ਦੁਸ਼ਮਨ ਮੰਨ ਕੇ, ਸੱਚ `ਤੇ ਅਡੋਲਤਾ ਨਾਲ ਪਹਿਰਾ ਦੇਣ ਵਾਲੇ ਉੱਤੇ ਫ਼ਤਹਿ ਪਾਉਣ ਲਈ, ਇਸ ਪਉੜੀ ਦਾ ਪਾਠ ਕਰਨ ਲੱਗ ਪਵੇ ਤਾਂ ਕੀ ਐਸੇ ਪ੍ਰਾਣੀ ਨੂੰ ਸਫਲਤਾ ਮਿਲ ਜਾਵੇਗੀ? ਜੇਕਰ ਇਸ ਦਾ ਉੱਤਰ ਹਾਂ ਵਿੱਚ ਹੈ, ਤਾਂ ਕੀ ਫਿਰ ਸੱਚ ਦਾ ਢੰਢਰੋਚੀ ਸੱਚ ਦੇ ਮਾਰਗ ਨੂੰ ਅਲਵਿਦਾ ਆਖ ਦੇਵੇਗ? ਚੂੰਕਿ ਹੋਰ ਕਿਸੇ ਸੂਰਤ ਵਿੱਚ ਤਾਂ ਫ਼ਤਹਿ ਪਾਈ ਨਹੀਂ ਜਾ ਸਕਦੀ। ਜੇਕਰ ਸੱਚ ਦਾ ਢੰਢਰੋਚੀ ਸੱਚ ਦਾ ਪੱਲਾ ਛੱਡ ਦੇਂਦਾ ਹੈ ਤਾਂ ਫਿਰ ਉਹ ਸੱਚ ਦਾ ਖੋਜੀ ਨਹੀਂ ਆਖਿਆ ਜਾ ਸਕਦਾ। ਕੀ ਗੁਰਬਾਣੀ ਮਨੁੱਖ ਨੂੰ ਸੱਚ ਨਾਲ ਜੋੜਦੀ ਹੈ ਜਾਂ ਇਸ ਨਾਲੋਂ ਤੋੜਦੀ ਹੈ?
ਗੁਰੂ ਸਾਹਿਬਾਨ ਦੇ ਦੁਸ਼ਮਨਾਂ ਦੀ ਜੇਕਰ ਗਿਣਤੀ ਵੱਧਦੀ ਚਲੀ ਗਈ ਤਾਂ ਇਸ ਦਾ ਕਾਰਨ ਗੁਰੂ ਸਾਹਿਬਾਨ ਵਲੋਂ ਪ੍ਰਚਾਰੀ ਜਾ ਰਹੀ ਵਿਚਾਰਧਾਰਾ ਹੀ ਸੀ। ਜੀ ਹਾਂ, ਮਨੁੱਖਤਾ ਨੂੰ ਵਹਿਮਾਂ-ਭਰਮਾਂ `ਚੋਂ ਬਾਹਰ ਕਢਣ ਦੇ ਨਾਲ ਨਾਲ ਦ੍ਰਿੜ ਕਰਵਾਈ ਜਾ ਰਹੀ ਇਹ ਜੀਵਨ-ਜੁਗਤ ਵੀ ਸੀ, ਜਿਸ ਅਨੁਸਾਰ ਮਨੁੱਖ ਨੂੰ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” (ਪੰਨਾ 1427) ਦਾ ਉਪਦੇਸ਼ ਦ੍ਰਿੜ ਕਰਵਾਇਆ ਜਾ ਰਿਹਾ ਸੀ। ਅਜਿਹੇ ਪ੍ਰਚਾਰ ਦੀ ਬਦੌਲਤ ਹੀ ਗੁਰੂ ਸਾਹਿਬਾਨ ਦੇ ਵਿਰੋਧ ਵਿੱਚ ਇੱਕ ਪਾਸੇ ਧਾਰਮਕ ਆਗੂ ਖੜੇ ਸੀ ਅਤੇ ਦੂਜੇ ਪਾਸੇ ਹਕੂਮਤ। ਵਿਰੋਧ ਕਰਨ ਵਾਲੇ ਕਈ ਢੰਗਾਂ ਨਾਲ ਗੁਰੂ ਸਾਹਿਬ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਪਰ ਗੁਰੂ ਸਾਹਿਬਾਨ ਨੇ ਇਨ੍ਹਾਂ ਤਾਕਤਾਂ ਦੇ ਵਿਰੋਧ ਦੀ ਪਰਵਾਹ ਨਾ ਕਰਦਿਆਂ ਹੋਇਆਂ ਮਨੁੱਖਤਾ ਨੂੰ ਹਰੇਕ ਪੱਖੋਂ ਸੁਚੇਤ ਕਰਨ ਦਾ ਕੰਮ ਜਾਰੀ ਰੱਖਿਆ। ਇਸ ਲਈ ਕਾਰਜ ਲਈ ਭਾਂਵੇਂ ਗੁਰੂ ਸਾਹਿਬ ਨੂੰ ਭਾਰੀ ਮੁੱਲ ਤਾਰਨਾ ਪਿਆ ਪਰੰਤੂ ਇਨ੍ਹਾਂ ਨੇ ਇਨ੍ਹਾਂ ਗੱਲਾਂ ਦੀ ਰੱਤੀ ਭਰ ਵੀ ਪਰਵਾਹ ਨਹੀ ਕੀਤੀ।
ਜੇਕਰ ਕਿਸੇ ਸ਼ਬਦ ਦਾ ਕੁੱਝ ਦਿਨ ਪਾਠ ਕਰਨ ਨਾਲ ਹੀ ਦੁਸ਼ਮਨਾਂ ਉੱਤੇ ਫ਼ਤਹਿ ਪਾਈ ਜਾ ਸਕਦੀ ਹੁੰਦੀ ਤਾਂ ਗੁਰਦੇਵ ਅਜਿਹਾ ਆਪ ਹੀ ਨਹੀਂ ਸਗੋਂ ਸਿੱਖਾਂ ਨੂੰ ਵੀ ਇਹ ਜੁਗਤੀ ਦ੍ਰਿੜ ਕਰਵਾਉਂਦੇ। ਪਰ, ਨਹੀਂ ਗੁਰੂ ਸਾਹਿਬ ਵਲੋਂ ਅਜਿਹਾ ਕਦਮ ਨਹੀਂ ਉਠਾਇਆ ਗਿਆ ਅਤੇ ਨਾਹੀ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ। ਗੁਰੂ ਸਾਹਿਬਾਨ ਨੇ ਤਾਂ ਸਗੋਂ ਸੱਚ ਅਥਵਾ ਪ੍ਰੇਮ ਦੇ ਮਾਰਗ `ਚ ਕਦਮ ਰੱਖਣ ਵਾਲਿਆਂ ਨੂੰ ਪਹਿਲਾਂ ਹੀ ਸੁਚੇਤ ਕਰਦਿਆਂ ਹੋਇਆਂ ਸਪਸ਼ਟ ਕਰ ਦਿੱਤਾ ਸੀ ਕਿ ਇਹ ਮਾਰਗ ਫੁਲਾਂ ਦੀ ਸੇਜ ਨਹੀਂ, ਕੰਡਿਆਂ ਦੀ ਸੇਜ ਹੈ। ਇਸ ਉੱਤੇ ਚਲਣ ਵਾਲਿਆਂ ਨੂੰ ਇੱਕ ਨਹੀਂ ਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਗੁਰੂ ਸਾਹਿਬਾਨ ਦੇ ਇਸ ਉਪਦੇਸ਼ ਸਦਕਾ ਹੀ ਸਿੰਘਾਂ ਨੇ ਅਨੇਕਾਂ ਮੁਸੀਬਤਾਂ ਦਾ ਖਿੜੇ ਮੱਥੇ ਸਾਹਮਣਾ ਕੀਤਾ।
ਜੇਕਰ ਗੁਰੂ ਸਾਹਿਬਾਨ ਵੀ ਆਮ ਧਾਰਮਿਕ ਆਗੂਆਂ ਵਾਂਗ ਮਨੁੱਖ ਨੂੰ ਇਹ ਹੀ ਉਪਦੇਸ਼ ਦੇਂਦੇ ਕਿ ਤੁਹਾਡੇ ਭਾਗਾਂ ਵਿੱਚ ਜੋ ਕੁੱਝ ਪਰਮਾਤਮਾ ਨੇ ਲਿਖਿਆ ਹੈ ਉਹੀ ਤੁਹਾਨੂੰ ਮਿਲ ਰਿਹਾ ਹੈ। ਆਪਣੇ ਜਮਾਂਦਰੂ ਹੱਕਾਂ ਲਈ ਅਵਾਜ਼ ਉਠਾਉਣ ਦੀ ਬਜਾਏ, ਜ਼ਾਲਮ ਦੇ ਜ਼ੁਲਮ ਨੂੰ ਚੁਪਚਾਪ ਸਹਿਣ ਕਰਨਾ ਰੱਬ ਦੇ ਭਾਣੇ ਨੂੰ ਮੰਨਣਾ ਹੈ ਤਾਂ ਗੁਰੂ ਸਾਹਿਬਾਨ ਨੂੰ ਇਤਨੇ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਨੇ ਗੁਰੂ ਸਾਹਿਬ ਦੇ ਰਸਤੇ ਵਿੱਚ ਜਿਸ ਤਰ੍ਹਾਂ ਰੁਕਾਵਟਾਂ ਖੜੀਆਂ ਕੀਤੀਆਂ, ਇਤਿਹਾਸ ਵਿੱਚ ਇਨ੍ਹਾਂ ਦਾ ਭਲੀ ਪ੍ਰਕਾਰ ਵਰਣਨ ਕੀਤਾ ਹੋਇਆ ਹੈ। ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਮਨੋਰਥ ਇਸ ਲਹਿਰ ਨੂੰ ਕੁਚਲ ਕੇ ਇਸ ਵਿਚਾਰਧਾਰਾ ਨੂੰ ਖ਼ਤਮ ਕਰਨ ਦਾ ਸੀ। ਅਜਿਹਾ ਨਹੀਂ ਕਿ ਗੁਰੂ ਸਾਹਿਬਾਨ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਚਲਿਆ ਕਿ ਇਹ ਵਿਰੋਧ ਕਰ ਰਹੀਆਂ ਤਾਕਤਾਂ ਕਿਉਂ ਵਿਰੋਧ ਕਰ ਰਹੀਆਂ ਹਨ। ਪਰ ਗੁਰੂ ਸਾਹਿਬਾਨ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਪ੍ਰਸੰਨ ਕਰਨ ਲਈ ਆਪਣੇ ਮਹਾਨ ਅਦਰਸ਼ਾਂ ਨੂੰ ਕਿਸੇ ਵੀ ਕੀਮਤ ਤੇ ਤਿਆਗਨ ਲਈ ਤਿਆਰ ਨਹੀਂ ਹੋਏ। ਜੇਕਰ ਗੁਰੂ ਸਾਹਿਬ ਆਪਣੇ ਉਚ ਅਦਰਸ਼ਾਂ ਨੂੰ ਛੱਡ ਦੇਂਦੇ ਤਾਂ ਕਿਸੇ ਤਰ੍ਹਾਂ ਦਾ ਵੀ ਵਿਰੋਧ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੋਣਾ।
ਪੁਸਤਕ ਕਰਤਾ ਜੋ ਦੁਸ਼ਮਨ ਤੇ ਫ਼ਤਹਿ ਪਾਉਣ ਦੀ ਜੁਗਤੀ ਦਰਸਾਂਉਂਦੇ ਹਨ ਉਹ ਤਾਂ ਬੜੀ ਹੀ ਸੌਖੀ ਹੈ। ਜੇਕਰ ਗੁਰੂ ਸਾਹਿਬ ਇਸ ਨੂੰ ਅਪਣਾ ਲੈਂਦੇ ਤਾਂ ਉਨ੍ਹਾਂ ਨੂੰ ਆਪਣੇ ਅਦਰਸ਼ ਵੀ ਤਿਆਗਨ ਦੀ ਲੋੜ ਨਾ ਪੈਂਦੀ ਅਤੇ ਦੁਸ਼ਮਨ ਤੇ ਵੀ ਫ਼ਤਹਿ ਪਾਈ ਜਾ ਸਕਦੀ। ਪਰੰਤੂ ਜੇਕਰ ਗੁਰੂ ਸਾਹਿਬਾਨ ਨਾ ਤਾਂ ਆਪ ਅਜਿਹਾ ਕਰਦੇ ਹਨ ਅਤੇ ਨਾ ਹੀ ਸਿੱਖਾਂ ਨੂੰ ਇਸ ਤਰ੍ਹਾਂ ਹਿਦਾਇਤ ਕਰਦੇ ਹਨ, ਤਾਂ ਸਾਡੀ ਸਮਝ ਵਿੱਚ ਇਹ ਗੱਲ ਆ ਜਾਣੀ ਚਾਹੀਦੀ ਹੈ ਕਿ ਕਿਸੇ ਸ਼ਬਦ ਜਾਂ ਪਉੜੀ ਦਾ ਵਿਧੀ ਪੂਰਵਕ ਪਾਠ ਕਰਨ ਨਾਲ ਅਜਿਹਾ ਚਮਤਕਾਰ ਨਹੀਂ ਵਾਪਰਦਾ। ਗੁਰਬਾਣੀ ਸਾਨੂੰ ਚੰਗੀ ਜੀਵਨ-ਜਾਚ ਸਮਝਾ ਕੇ ਚੰਗਾ ਇਨਸਾਨ ਬਣਾਉਂਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਤਾਂ ਮਨੁੱਖ ਨੂੰ ਇਸ ਪੱਖੋਂ ਸੁਚੇਤ ਕਰਦੇ ਹਨ ਕਿ ਜੇਹੜੇ ਲੋਕ ਇਸ ਤਰ੍ਹਾਂ ਦੇ ਵਹਿਮ-ਭਰਮ ਦਾ ਸ਼ਿਕਾਰ ਹੋ ਜਾਂਦੇ ਹਨ ਉਹ ਕਦੀ ਵੀ ਕਾਮਯਾਬੀ ਦਾ ਮੂੰਹ ਦੇਖਣ ਵਿੱਚ ਕਾਮਯਾਬ ਨਹੀਂ ਹੋ ਸਕਦੇ। ਗੁਰਦੇਵ ਆਪਣੇ ਸਮੇਂ ਦੇ ਲੋਧੀ ਹਾਕਮਾਂ ਦੀ ਉਦਾਹਰਣ ਦੇਂਦਿਆਂ ਆਖਦੇ ਹਨ ਕਿ ਜਦ ਬਾਬਰ ਦੇ ਹਮਲੇ ਦੀ ਭਿਣਕ ਦਿਲੀ ਦੇ ਸ਼ਹਿਨਸ਼ਾਹ ਦੇ ਕੰਨੀ ਪਈ ਤਾਂ ਉਸ ਨੇ ਬਹੁਤ ਸਾਰੇ ਜਾਦੂ ਟੂਣਿਆਂ ਦੀ ਸ਼ਕਤੀ ਨਾਲ ਸਭ ਕੁੱਝ ਕਰਨ ਦੇ ਦਾਅਵੇ ਕਰਨ ਵਾਲੇ ਅਨੇਕਾਂ ਪੀਰਾਂ ਨੂੰ ਇਕੱਠਿਆਂ ਕਰ ਲਿਆ। ਜਾਦੂ ਟੂਣਿਆਂ ਦੀ ਸ਼ਕਤੀ ਨਾਲ ਮੁਗਲ ਸੈਨਾ ਨੂੰ ਅੰਨਿਆਂ ਕਰਨ ਦਾ ਦਾਅਵਾ ਕਰਨ ਵਾਲਿਆਂ ਵਲੋਂ ਪੜ੍ਹੇ ਜਾ ਰਹੇ ਮੰਤਰਾਂ ਨਾਲ ਇੱਕ ਵੀ ਮੁਗਲ ਸੈਨਾ ਦਾ ਸਿਪਾਹੀ ਅੰਨਾ ਨਾ ਹੋਇਆ। ਸਿੱਟੇ ਵਜੋਂ ਬਾਬਰ ਹੱਥੋਂ ਲੋਧੀਆਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ: ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥ (ਪੰਨਾ 417) ਅਰਥ: ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਨਾ ਕਰ ਵਿਖਾਈ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਸਿੰਘਾਂ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਡੇਰੇ ਲਗਾਉਣ ਲਈ ਮਜਬੂਰ ਹੋਣਾ ਪਿਆ। ਜੇਕਰ ਜਪੁ ਜੀ ਦੀ ਇੱਕ ਪਉੜੀ ਦਾ ਹੀ ਪੰਝੀ ਦਿਨ ਪਾਠ ਕਰਨ ਨਾਲ ਮਸਲਾ ਹੋ ਸਕਦਾ ਹੁੰਦਾ ਤਾਂ ਸਿੰਘਾਂ ਲਈ ਇਹ ਕਰਨਾ ਕੋਈ ਮੁਸ਼ਕਲ ਨਹੀਂ ਸੀ। ਸਿੰਘਾਂ ਨੂੰ ਤਾਂ ਆਸਰਾ ਹੀ ਬਾਣੀ ਦਾ ਸੀ। ਗੁਰਬਾਣੀ ਹੀ ਤਾਂ ਉਨ੍ਹਾਂ ਦੇ ਆਤਮਕ ਬਲ ਦਾ ਆਧਾਰ ਸੀ, ਇਸ ਤੋਂ ਹੀ ਤਾਂ ਉਹ ਪ੍ਰੇਰਨਾ ਲੈਂਦੇ ਸਨ, ਉਠਦੇ ਬੈਠਦੇ ਬਾਣੀ ਹੀ ਤਾਂ ਪੜ੍ਹਦੇ ਰਹਿੰਦੇ ਸਨ।
ਜੇਕਰ ਲੇਖਕ ਦੀ ਇਸ ਲਿਖਤ ਵਿੱਚ ਰੰਚ-ਮਾਤਰ ਵੀ ਸਚਾਈ ਹੁੰਦੀ ਤਾਂ ਗੁਰੂ ਸਾਹਿਬਾਨ ਅਤੇ ਪੁਰਾਤਨ ਸਿੰਘ ਇਸ ਜੁਗਤੀ ਦੀ ਜ਼ਰੂਰ ਵਰਤੋਂ ਕਰਦੇ। ਜੇਕਰ ਪੰਝੀ ਦਿਨ ਕੁੱਝ ਘੰਟੇ ਹੀ ਇਸ ਪਉੜੀ ਦਾ ਪਾਠ ਕਰਨ ਨਾਲ ਦੁਸ਼ਮਨ ਉੱਤੇ ਫ਼ਤਹਿ ਪਾਈ ਜਾ ਸਕਦੀ ਹੁੰਦੀ ਤਾਂ ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਕਦੀ ਵੀ ਤਲਵਾਰ ਨਾ ਉਠਾਉਂਦੇ। ਚੂੰਕਿ ਬਿਨਾਂ ਤਲਵਾਰ ਉਠਾਇਆਂ ਹੀ ਦੁਸ਼ਮਨ ਨੂੰ ਜਿਤਿਆ ਜਾ ਸਕਦਾ ਸੀ। ਹਜ਼ਾਰਾਂ ਪ੍ਰਾਣੀਆਂ ਦਾ ਖੁਨ ਬਹਾਉਣ ਦਾ ਕੋਈ ਮਤਲਬ ਹੀ ਨਹੀਂ ਸੀ। ਸਮੁੱਚੀ ਮਨੁੱਖਤਾ ਦਾ ਹੀ ਭਲਾ ਚਾਹੁਣ ਵਾਲੇ ਗੁਰਦੇਵ ਬਿਨਾ ਖ਼ੂਨ-ਖਰਾਬੇ ਦੇ ਹੀ ਦੁਸ਼ਮਨ ਉੱਤੇ ਫ਼ਤਹਿ ਹਾਸਲ ਕਰਨ ਨੂੰ ਹੀ ਤਰਜੀਹ ਦੇਂਦੇ।
ਜਿੱਥੋਂ ਤੱਕ ਝਗੜਾ ਜਿੱਤਣ ਵਾਲੀ ਗੱਲ ਦਾ ਸਵਾਲ ਹੈ, ਇਸ ਬਾਰੇ ਵੀ ਲੇਖਕ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਝਗੜੇ ਦਾ ਭਾਵ ਲੇਖਕ ਦਾ ਕੋਰਟ ਵਿੱਚ ਚਲ ਰਹੇ ਮੁਕਦਮੇ ਤੋਂ ਹੈ ਜਾਂ ਸਾਧਾਰਨ ਘਰੇਲੂ ਲੜਾਈ ਝਗੜੇ ਤੋਂ। ਜੇਕਰ ਲੇਖਕ ਦਾ ਭਾਵ ਮੁਕਦਮੇ ਤੋਂ ਹੈ ਤਾਂ ਕੀ ਜਿਸ ਵਿਅਕਤੀ ਉੱਤੇ ਚੋਰੀ ਆਦਿ ਦਾ ਮੁਕਦਮਾ ਚਲ ਰਿਹਾ ਹੋਵੇ, ਉਸ ਨੂੰ ਵੀ ਕਾਮਯਾਬੀ ਹਾਸਲ ਹੋ ਜਾਵੇਗੀ? ਜੇਕਰ ਇਸ ਦਾ ਉੱਤਰ ਹਾਂ ਵਿੱਚ ਹੈ ਤਾਂ ਫਿਰ ਗੁਰਬਾਣੀ ਦੇ ਇਸ ਫ਼ਰਮਾਨ ਦਾ ਕੀ ਅਰਥ ਕਰਾਂਗੇ ਕਿ ਚੋਰੁ ਸਲਾਹੇ ਚੀਤੁ ਨ ਭੀਜੈ॥ ਜੇ ਬਦੀ ਕਰੇ ਤਾ ਤਸੂ ਨ ਛੀਜੈ॥ ਚੋਰ ਕੀ ਹਾਮਾ ਭਰੇ ਨ ਕੋਇ॥ (ਪੰਨਾ 662) ਅਰਥ: ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ), ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ। ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ। ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ।
ਜੇਕਰ ਇਸ ਤੋਂ ਭਾਵ ਘਰੇਲੂ ਝਗੜੇ ਤੋਂ ਹੈ ਤਾਂ ਇਹ ਝਗੜਾ ਗੁਰੂ ਪਰਵਾਰ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਸ ਘਰੇਲੂ ਝਗੜੇ ਨੂੰ ਮਿਟਾਉਣ ਲਈ ਗੁਰੂ ਕਿਆਂ ਨੇ ਹਰ ਸੰਭਵ ਕੋਸ਼ਸ਼ ਕੀਤੀ ਹੈ ਪਰ ਫਿਰ ਵੀ ਇਹ ਮਿਟ ਨਾ ਸਕਿਆ। ਗੁਰੂ ਸਾਹਿਬਾਨ ਨੇ ਇਸ ਝਗੜੇ ਨੂੰ ਮਿਟਾਉਨ ਲਈ ਝੂਠ ਤੋਂ ਸੱਚ ਕੁਰਬਾਨ ਨਹੀਂ ਕੀਤਾ। ਜੇਕਰ ਗੁਰਦੇਵ ਝੂਠ ਨਾਲ ਸਮਝੌਤਾ ਕਰ ਲੈਂਦੇ ਤਾਂ ਇਹ ਝਗੜਾ ਪਹਿਲੇ ਕਦਮ ਤੇ ਹੀ ਮੁੱਕ ਜਾਂਦਾ। ਉਦਾਹਰਣ ਦੇ ਤੌਰ `ਤੇ ਜੇਕਰ ਗੁਰੂ ਰਾਮਦਾਸ ਜੀ ਗੁਰਗੱਦੀ ਦੀ ਜ਼ੁਮੇਵਾਰੀ ਪ੍ਰਿਥੀਚੰਥ ਨੂੰ ਸੌਂਪ ਦੇਂਦੇ ਤਾਂ ਪ੍ਰਿਥੀ ਚੰਦ ਕਦੀ ਵੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਨਾ ਕਰਦਾ। ਪ੍ਰਿਥੀ ਚੰਦ ਦੇ ਵਿਰੋਧ ਦਾ ਕਾਰਨ ਕੇਵਲ ਇਹੀ ਹੈ ਕਿ ਉਸ ਨੂੰ ਗੁਰਗੱਦੀ ਨਹੀਂ ਸੀ ਮਿਲੀ। ਗੁਰੂ ਰਾਮਦਾਸ ਜੀ ਨੇ ਭਾਵੇਂ ਪ੍ਰਿਥੀ ਚੰਦ ਨੂੰ ਬੜਾ ਸਮਝਾਇਆ, ਪਰ ਪ੍ਰਿਥੀ ਚੰਦ ਨੇ ਇਕੋ ਹੀ ਰੱਟ ਲਗਾਈ ਰੱਖੀ ਕਿ ਵਡੇ ਪੁੱਤਰ ਹੋਣ ਦੇ ਨਾਤੇ ਗੁਰ ਗੱਦੀ `ਤੇ ਕੇਵਲ ਉਨ੍ਹਾਂ ਦਾ ਹੀ ਹੱਕ ਬਣਦਾ ਹੈ।
ਜੇਕਰ ਲੇਖਕ ਦੀ ਦਰਸਾਈ ਵਿਧੀ ਵਿੱਚ ਸਚਾਈ ਹੁੰਦੀ ਤਾਂ ਗੁਰੂ ਸਾਹਿਬ ਪ੍ਰਿਥੀ ਚੰਦ ਨੂੰ ਸਮਝਾਉਣ ਦੀ ਥਾਂ ਕੇਵਲ ਇਸ ਪਉੜੀ ਦਾ ਹੀ ਪਾਠ ਕਰਕੇ ਇਸ ਝਗੜੇ ਨੂੰ ਵਧਣੋਂ ਰੋਕ ਲੈਂਦੇ। ਪਰ ਨਹੀਂ, ਹਜ਼ੂਰ ਨੇ ਅਜਿਹਾ ਨਹੀਂ ਕੀਤਾ। ਚੂੰਕਿ ਹਜ਼ੂਰ ਰੱਬੀ ਨਿਯਮਾਵਲੀ ਤੋਂ ਭਲੀ ਪ੍ਰਕਾਰ ਜਾਣੂੰ ਸਨ, ਇਸ ਲਈ ਗੁਰਦੇਵ ਨੇ ਰੱਬੀ ਨਿਯਮਾਵਲੀ ਹੀ ਮਨੁੱਖ ਨੂੰ ਸਮਝਾਈ ਹੈ।
ਇਸ ਲਈ ਸਾਨੂੰ ਇਹੋ ਜੇਹੀਆਂ ਲਿਖਤਾਂ ਦਾ ਪੂਰਨ ਰੂਪ ਵਿੱਚ ਤਿਆਗ ਕਰਕੇ ਗੁਰਬਾਣੀ ਵਿੱਚ ਦਰਸਾਈ ਜੀਵਨ-ਜੁਗਤ ਨੂੰ ਅਪਣਾਉਣ ਦੀ ਲੋੜ ਹੈ। ਇਸ ਵਿੱਚ ਹੀ ਸਾਡੀ ਕਲਿਆਣ ਦਾ ਰਹੱਸ ਲੁਕਿਆ ਹੋਇਆ ਹੈ।
ਇਸ ਪਉੜੀ ਦਾ ਅਰਥ ਇਸ ਤਰ੍ਹਾਂ ਹੈ: ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥ ਅਰਥ: ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ। ਅਸੀ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ, ‘(ਹੇ ਹਰੀ! ਸਾਨੂੰ ਦਾਤਾਂ ਦੇਹ)’। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ ਅਰਥ: (ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ? ਅਸੀ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ 4॥ ਅਰਥ: ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। (ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ ‘ਸਿਫਤਿ’ -ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ। 4.
ਜਸਬੀਰ ਸਿੰਘ ਵੈਨਕੂਵਰ




.