.

ਗੁਰਮੁਖੀ ਦੀ ਵਿਲਖਣਤਾ ਅਤੇ

ਜ਼ਰੂਰੀ ਹੈ, ਸੰਸਾਰ ਭਰ `ਚ ਗੁਰਮੁਖੀ ਦੀ ਪੜ੍ਹਾਈ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮਤਿ ਐਜੂਕੇਸ਼ਨ ਸੈਂਟਰ, ਦਿੱਲੀ, ਮੈਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ:

ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਸ਼ਾਇਦ ਕਦੇ ਵੀ ਸੰਭਵ ਨਹੀਂ ਹੋਵੇਗਾ ਕਿ ਸੰਸਾਰ ਭਰ `ਚ ਸਰਕਾਰੀ ਪਧਰ `ਤੇ ਗੁਰਮੁਖੀ ਦੀ ਪੜ੍ਹਾਈ ਕਰਵਾਈ ਜਾਵੇ। ਇਸ ਦੇ ਨਾਲ ਇਹ ਵੀ ਸੱਚ ਹੈ ਕਿ ਗੁਰਬਾਣੀ ਪ੍ਰੇਮੀ ਤੇ ਖਾਸ ਕਰ ਸਿੱਖ ਅੱਜ ਸੰਸਾਰ ਭਰ `ਚ ਫੈਲ ਚੁੱਕਾ ਹੈ ਜਦਕਿ ਗੁਰਬਾਣੀ ਜੀਵਨ ਜੀਉਣ ਲਈ ਗੁਰਬਾਣੀ ਦਾ ਮੂਲ, ਗੁਰਮੁਖੀ ਭਾਸ਼ਾ ਨਾਲ ਹਰੇਕ ਦਾ ਜੁੜੇ ਹੋਣਾ ਜ਼ਰੂਰੀ ਹੈ। ਕਿਉਂਕਿ ਗੁਰਬਾਣੀ ਜੀਵਨ ਹੀ ਅਜਿਹਾ ਜੀਵਨ ਹੈ ਜੋ ਮਨੁੱਖ ਨੂੰ ਨਿਰੋਲ ਇਲਾਹੀ ਗੁਣਾਂ ਨਾਲ ਭਰਪੂਰ ਕਰਣ ਦੀ ਤਾਕਤ ਰਖਦਾ ਹੈ। ਇਨਸਾਨ ਅੰਦਰੋਂ-ਬਾਹਿਰੋਂ ਬਿਨਾ ਕਿਸੇ ਭੇਖ, ਆਡੰਬਰ ਤੇ ਕਰਮਕਾਂਡਾਂ ਦੇ ਸਹੀ ਅਰਥਾਂ `ਚ ਧਰਮੀ ਪੁਰਖ ਬਣ ਸਕਦਾ ਹੈ। ਬਲਕਿ ਇਸ ਤਰ੍ਹਾਂ ਤਾਂ ਸਮਾਂ ਪਾ ਕੇ, ਸੰਸਾਰ ਭਰ `ਚੋਂ ਅਉਗੁਣਾ, ਗੁਣਾਹਾਂ, ਜੁਰਮਾਂ ਦਾ ਸਫ਼ਾਇਆ ਵੀ ਹੋ ਸਕਦਾ ਹੈ।

ਗੁਰਮੁਖੀ ਭਾਸ਼ਾ ਦੀ ਵਿਲਖਣਤਾ- ਦਰਅਸਲ, ਜਿਹੜੀ ਵਿਲੱਖਣਤਾ ਗੁਰਮੁਖੀ (ਪੰਜਾਬੀ) ਦੀ ਪੈਂਤੀ ਅਖਰੀ `ਚ ਹੈ ਉਹ ਸੰਸਾਰ ਭਰ ਕਿਸੇ ਵੀ ਭਾਸ਼ਾ `ਚ ਨਹੀਂ। ਡਾਕਟਰੀ ਵਿਗਿਆਨ ਅਨੁਸਾਰ ਬੱਚਾ ਜਿਸ ਵੱਕਤ ਜਨਮ ਲੈਂਦਾ ਹੈ ਤਾਂ ਉਸ ਦੇ ਗਲੇ `ਚ ਆਵਾਜ਼ ਦੀ ਨਲੀ (Vocal Cord) ਹੁੰਦੀ ਹੈ। ‘ਵੋਕਲ ਕਾਰਡ’ ਕੇਵਲ ਪੰਜ ਸਾਲ ਦੀ ਉਮਰ ਤੱਕ ਜਿਨੀਂ ਖੁੱਲ੍ਹ ਜਾਵੇ, ਫ਼ਿਰ ਹੋਰ ਨਹੀਂ ਖੁਲਦੀ। ਗੁਰਮੁਖੀ ਦੀ ਪੈਂਤੀ ਅਖਰੀ `ਚ ਵੱਡਾ ਗੁਣ ਹੈ, ਇਸ ਦਾ ਉਚਾਰਣ ਢੰਗ। ਇਥੇ ਙ ਞ ਆਦਿ ਖ਼ਾਸ ਤੇ ਹਰੇਕ ਪੰਜ-ਪੰਜ ਵਿਸਰਗਾਂ ਦਾ ਉਚਾਰਣ ਜਿਵੇਂ ‘ਕ, ਖ, ਗ, ਘ, ਙ’ ਮਿਲਵੀਂ ਤੇ ਨਿਵੇਕਲੀ ਤਰਤੀਬ `ਚ ਦਿੱਤਾ ਹੈ। ਇਹ ਉੱਚਾਰਣ ਬੱਚੇ ਦੀ ਵੋਕਲ ਕਾਰਡ ਨੂੰ ਪੂਰਾ ਖੋਲ ਦਿੰਦਾ ਹੈ। ਇਹੀ ਕਾਰਨ ਹੈ ਕਿ ਜਨਮ ਤੋਂ ਗੁਰਮੁਖੀ ਪੜ੍ਹਣ ਵਾਲਾ ਬੱਚਾ, ਸੰਸਾਰ ਭਰ ਦੀਆਂ ਭਾਸ਼ਾਵਾਂ ਨੂੰ ਬੋਲਣ ਦੇ ਸਮ੍ਰੱਥ ਹੋ ਜਾਂਦਾ ਹੈ। ਜਦਕਿ ਇਹ ਗੁਣ ਸੰਸਾਰ ਦੀ ਕਿਸੇ ਵੀ ਹੋਰ ਭਾਸ਼ਾ `ਚ ਨਹੀਂ। ਜਿਵੇਂ, ਜਨਮ ਤੋਂ ਅੰਗ੍ਰੇਜ਼ੀ ਬੋਲਣ ਵਾਲਾ “ਤ, ਧ, ਢ, ਙ, ਞ, ੜ, ਭ” ਭਾਵ ਕਈ ਅੱਖਰ ਬੋਲ ਹੀ ਨਹੀਂ ਸਕਦਾ। ਇਸੇ ਕਾਰਨ ਅੰਗ੍ਰੇਜ਼ ਲੋਕ ਤ, ਧ, ਢ, ਭ, ੜ, ਙ, ਞ ਆਦਿ ਤੋਂ ਬਣੇ ਲਫਜ਼ਾਂ ਨੂੰ ਜ਼ੋਰ ਲਗਾ ਕੇ ਵੀ ਨਹੀਂ ਬੋਲ ਸਕਦੇ।

ਇਸੇ ਤਰ੍ਹਾਂ ਯੂ. ਪੀ ਦੇ ਲੋਕ ਬ੍ਹਾਈ, ਪਾਪਾ, ਬ੍ਹਾਪਾ ਤਾਂ ਬੋਲ ਲੈਂਦੇ ਹਨ ਪਰ ‘ਭ’ ਅੱਖਰ ਨਾਲ “ਭਾਈ, ਭਾਪਾ” ਜਾਂ ਗ਼, ਜ਼, ਫ਼, ਖ਼, ਸ਼ ਆਦਿ ਤੋਂ ਬਣੇ ਫ਼ਾਰਸੀ-ਅਰਬੀ ਨਾਲ ਸਬੰਧਤ ਅਨੇਕਾਂ ਲਫ਼ਜ਼ਾਂ ਦਾ ਸ਼ੁੱਧ ਉਚਾਰਣ ਕਰ ਹੀ ਨਹੀਂ ਸਕਦੇ। ਇਹੀ ਘਾਟ ਸੰਸਾਰ ਭਰ ਦੀਆਂ ਭਾਸ਼ਾਵਾਂ `ਚ ਵੱਖਰੇ-ਵਖਰੇ ਢੰਗ ਨਾਲ ਵੀ ਮਿਲੇਗੀ। ਇਸ ਦੇ ਉਲਟ ਜਿਸ ਬੱਚੇ ਨੇ ਆਰੰਭ `ਚ ਗੁਰਮੁਖੀ (ਪੰਜਾਬੀ) ਬੋਲ-ਪੜ੍ਹ ਲਈ ਹੈ ਉਹ ਸੰਸਾਰ ਭਰ ਦੀਆਂ ਭਾਸ਼ਾਵਾਂ ਬੋਲਣ ਦੇ ਸਮ੍ਰਥ ਹੋ ਜਾਂਦਾ ਹੈ। ਇਹ ਵੀ ਇੱਕ ਕਾਰਨ ਹੈ ਜੋ ‘ਸਾਹਿਬ ਸ੍ਰੀ ਗੁਰੂ ਗ੍ਰੰਥ ਜੀ’ ਅੰਦਰ, ਪਾਤਸ਼ਾਹ ਨੇ ਹਰੇਕ ਇਲਾਕੇ-ਵਰਗ ਦੀ ਬੋਲੀ ਨੂੰ ਗੁਰਮੁਖੀ `ਚ ਵਰਤ ਕੇ, ਉਸ ਨੂੰ ਪੂਰਾ ਮਾਨ-ਸਤਿਕਾਰ ਬਖ਼ਸ਼ਿਆ ਹੈ। ਉਹਨਾਂ ਭਾਸ਼ਾਵਾਂ `ਚੋਂ ਸ਼ਬਦਾਵਲੀ ਦੀ ਸਿਧੀ ਵਰਤੋਂ, ਜੇ ਨਹੀਂ ਤਾਂ ਬੜੇ ਸੁੰਦਰ ਢੰਗ ਨਾਲ, ਉਸ ਅੱਕਰ ਨੂੰ ਪੰਜਾਬੀ `ਚ ਬਦਲਵਾਂ ਰੂਪ ਦੇ ਕੇ ਵਰਤਿਆ ਹੈ।

ਗੁਰਬਾਣੀ ਗਿਆਨ ਤੇ ਗੁਰਮੁਖੀ ਭਾਸ਼ਾ-ਕਹਿਣ ਨੂੰ ਅੱਜ ਸਾਰਾ ਪੰਜਾਬ ਗੁਰਮੁਖੀ (ਪੰਜਾਬੀ) ਪੜ੍ਹਿਆ ਹੋਇਆ ਹੈ, ਫ਼ਿਰ ਵੀ ਜੀਵਨ-ਰਹਿਣੀ ਪੱਖੋਂ ਅੱਜ ਉਥੇ ਬਹੁਤੇ ਵਸਨੀਕਾਂ ਦੇ ਹਾਲਾਤ ਠੀਕ ਨਹੀਂ, ਤਾਂ ਕਿਉਂ? ਕਿਉਂਕਿ ਇਹ ਕੇਵਲ ਗੁਰਬਾਣੀ ਜੀਵਨ-ਜਾਚ ਹੀ ਹੈ ਜੋ ਮਨੁੱਖ ਨੂੰ ਬਦੋਬਦੀ ਗੁਰਮੁਖੀ ਦੀ ਪੜ੍ਹਾਈ ਵੱਲ ਖਿੱਚਦੀ ਹੈ। ਬਿਨਾ ਗੁਰਮਤਿ ਦੀ ਪੜ੍ਹਾਈ ਦੇ ਨਿਰਾ ਪੁਰਾ ਗੁਰਮੁਖੀ ਪੜ੍ਹਾ ਦੇਣਾ, ਕਿਸੇ ਅੰਦਰ ਗੁਰਮੁਖੀ ਦੀ ਪੜ੍ਹਾਈ ਲਈ ਉਤਸਾਹ ਪੈਦਾ ਨਹੀਂ ਕਰ ਸਕਦਾ ਹੈ ਤੇ ਨਾ ਹੀ ਕਿਸੇ ਅੰਦਰ, ਇਲਾਹੀ ਗੁਣਾਂ ਦੀ ਬਰਖਾ। ਇਹ ਸਮ੍ਰਥਾ ਕੇਵਲ ਗੁਰਮੁਖੀ ਦਾ ਮੂਲ, ਗੁਰਬਾਣੀ `ਚ ਹੀ ਹੈ ਜੋ ਮਨੁੱਖ ਅੰਦਰੋਂ ਅਉਗੁਣਾ ਦਾ ਨਾਸ ਕਰ ਸਕਦੀ ਹੈ ਤੇ ਉਸ ਦੇ ਜੀਵਨ ਅੰਦਰ ਗੁਣਾਂ ਦਾ ਵਾਸਾ।

ਬਿਮਾਰੀ ਕੇਵਲ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਨੂੰ- ਗੱਲ ਕਰਦੇ ਹਾਂ ਉਹਨਾਂ ਸਿੱਖਾਂ ਦੀ ਜਿੰਨ੍ਹਾਂ ਨੂੰ ਆਪਣੇ ਬੱਚਿਆਂ ਜਾਂ ਪ੍ਰਵਾਰ `ਚ ਪੰਜਾਬੀ ਬੋਲਣ `ਚ ਸ਼ਰਮ ਆਉਂਦੀ ਹੈ। ਇਸ ਤਰ੍ਹਾਂ ਜਿਹੜੇ ਲੋਕ ਗੁਰਮੁਖੀ ਵਰਗੀ ਸੰਸਾਰ ਪਧਰ ਦੀ ਅਨੇਕਾਂ ਰੱਬੀ ਗੁਣਾਂ ਸੁਸਜੱਤ ਆਪਣੀ ਮਾਤ੍ਰੀ ਭਾਸ਼ਾ ਦੀ ਅਵਹੇਲਣਾ ਕਰ ਕੇ, ਅੰਗ੍ਰੇਜ਼ੀ, ਹਿੰਦੀ ਜਾਂ ਕਿਸੇ ਵੀ ਭਾਸ਼ਾ ਨੂੰ ਪਹਿਲ ਦਿੰਦੇ ਹਨ। ਇਹ ਲੋਕ ਆਪਣੀ ਤੱਬਾਹੀ ਤਾਂ ਕਰਦੇ ਹੀ ਹਨ, ਨਾਲ ਆਪਣੇ ਬੱਚਿਆਂ ਦੇ ਭਵਿੱਖ ‘ਲਈ ਵੀ ਕੰਡੇ ਬੀਜਦੇ ਹਨ। ਯਕੀਨ ਨਾ ਹੋਵੇ ਤਾਂ ਅਮਰੀਕਾ, ਕੈਨੇਡਾ, ਥਾਈਲੈਂਡ ਆਦਿ ਦੇਸ਼ਾਂ `ਚ ਜਾ ਕੇ ਉਹਨਾਂ ਪੰਜਾਬੀਆਂ ਨੂੰ ਘੋਖ ਲਵੋ, ਜਿਨ੍ਹਾਂ ਆਪਣੇ ਬੱਚਿਆਂ ਨੂੰ ਅਰੰਭ ‘ਤੋਂ ਪੰਜਾਬੀ ਬੋਲਨ ਦੀ ਆਦਤ ਨਹੀਂ ਪਾਈ। ਉਪ੍ਰੰਤ ਜੇ ਹੁਣ ਉਹਨਾਂ ਨੂੰ ਪੰਜਾਬੀ ਸਿਖਾਣਾ ਚਾਹੁੰਦੇ ਹਨ, ਤਾਂ ਉਹਨਾਂ ਬੱਚਿਆਂ ਦੀ ਪੰਜਾਬੀ ਵੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸਬੰਧਤ ਦੇਸ਼ਾਂ ਦੀਆਂ ਭਾਸ਼ਾਵਾਂ। ਇਸ ਤਰ੍ਹਾਂ ਉਹਨਾਂ ਬੱਚਿਆਂ ਦੀ ਪੰਜਾਬੀ ਦਾ ਉਹਨਾਂ ਬੱਚਿਆਂ ਨੂੰ ਫ਼ਾਇਦਾ ਨਾ ਦੂਜਿਆਂ ਨੂੰ।

ਗੁਰਮਤਿ ਦੀ ਸਾਂਝ ਨਾਲ, ਅੰਰਭਕ ਪੰਜਾਬੀ ਕਲਾਸਾਂ- ਮਸਲਾ ਗੰਭੀਰ ਹੈ ਤੇ ਇਸ ਨੂੰ ਮੁੱਖ ਰਖਦੇ, ਹਥਲੇ ਗੁਰਮਤਿ ਪਾਠ ਰਾਹੀਂ ਸਮਸਿਆ ਦਾ ਵਿਸ਼ਲੇਸ਼ਨ ਕਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦਾ ਯੋਗ ਹੱਲ ਹੈ ਸਵੈ ਰੋਜ਼ਗਾਰ ਯੋਜਣਾ” (self employment) ਦੇ ਆਧਾਰ `ਤੇ ਆਰੰਭਕ ਪੰਜਾਬੀ-ਗੁਰਮਤਿ ਵਿਦਿਆ ਦੀਆਂ ਕਲਾਸਾਂ (Elementary Punjabi cum Gurmat Classes) ਦਾ ਪ੍ਰਬੰਧ ਕਰਣਾ। ਲੋੜ ਹੈ ਤਾਂ ਇਸ ਕਾਰਜ ਲਈ ਯੋਗ ਅਧਿਆਪਕ ਜੋ ਆਪ ਅੱਗੇ ਆਉਣ ਤਾਂ ਜ਼ਿਆਦਾ ਵਧੀਆ ਰਵੇਗਾ। ਇਹਨਾ ਕਲਾਸਾਂ ਦਾ ਕੁੱਲ ਸਮਾਂ ਵੱਧ ਤੋਂ ਵੱਧ ਚਾਰ ਜਾਂ ਛੇ ਮਹੀਨੇ ਪ੍ਰਤੀ ਸੈਸ਼ਨ ਹੋਣਾ ਚਾਹੀਦਾ ਹੈ। ਕਲਾਸ ਹਫਤੇ `ਚ ਪੰਜ ਦਿਨ ਤੇ ਰੋਜ਼ਾਨਾ ਡੇੜ੍ਹ ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਲਾਸਾਂ ਲੈਣ ਵਾਲੇ ਜਾਂ ਕਲਾਸਾਂ ਦਾ ਪ੍ਰਬੰਧ ਕਰਵਾਉਣ ਵਾਲੇ ਸੱਜਨ, ਬਾਕਾਇਦਾ ਦਾਖਲਾ ਫਾਰਮ ਭਰਵਾਉਣ ਤੇ ਚਾਰ-ਪੰਜ ਮਹੀਨੇ ਬਾਅਦ ਸਫ਼ਲ-ਅਸਫ਼ਲ ਦੇ ਆਧਾਰ `ਤੇ ਪ੍ਰੀਖਿਆ ਵੀ ਲਈ ਜਾਵੇ। ਪਰਚੇ ਬਨਾਉਣ, ਪਰਚੇ ਲੈਣ, ਪਰਚਿਆਂ ਦੇ ਨੰਬਰ ਲਗਾਉਣ `ਚ ਜੇਕਰ ਸਬੰਧਤ ਟੀਚਰ ਦਾ ਦਖਲ ਨਾ ਹੋਵੇ, ਤਾਂ ਨਤੀਜੇ ਹੋਰ ਵਧੀਆ ਆ ਸਕਦੇ ਹਨ। ਇਸ ਤਰ੍ਹਾਂ (੧) ਸਬੰਧਤ ਅਧਿਆਪਕ `ਤੇ ਕੋਈ ਉਂਗਲੀ ਵੀ ਨਹੀਂ ਕਰ ਸਕੇਗਾ (੨) ਸੰਗਤਾਂ ਵਿਚਾਲੇ ਅਧਿਆਕ ਦੀ ਯੋਗਤਾ ਵੀ ਆਪਣੇ ਆਪ ਉਭਰ ਕੇ ਸਾਹਮਣੇ ਆਵੇਗੀ। ਕਲਾਸ ਲਈ ਸਮਾਂ-ਸਥਾਨ, ਇਲਾਕੇ ਦੇ ਟੀਚਰ ਤੇ ਵਿਦਿਆਰਥੀਆਂ ਦੀ ਸਹਿਮਤੀ `ਤੇ ਨਿਰਭਰ ਹੋਣਾ ਹੈ। ਇਹ ਨਿਯਮ ਕੱਲ ਨੂੰ ਆਪ ਮੁਹਾਰੇ ਸੰਸਾਰ ਪੱਧਰ `ਤੇ ਪੰਥਕ ਲਹਿਰ ਬਣਦਾ ਜਾਵੇਗਾ।

ਵਿਦਿਆਰਥੀਆਂ ਦੀ ਉਮਰ-ਵਿਦਿਆਰਥੀਆਂ ਦੀ ਉਮਰ ਚਾਰ ਤੋਂ ਦਸ ਸਾਲ ਦੇ ਵਿੱਚ-ਵਿੱਚ ਹੋਵੇਗੀ ਤਾਂ ਨਤੀਜੇ ਵੀ ਵਧੀਆ ਹੋਣਗੇ। ਜਿਸ ਇਲਾਕੇ `ਚੋਂ ਘਟੋ-ਘਟ ਦਸ-ਵਿਦਿਆਰਥੀਆਂ ਦੇ ਫਾਰਮ ਆ ਜਾਣ ਉਥੇ ਕਲਾਸਾਂ ਲਈ ਯੋਗ ਸੱਜਨ ਆਪ ਅੱਗੇ ਆਉਣ ਤੇ ਅਰੰਭਕ ਗੁਰਮਤਿ ਗਿਆਨ ਸਹਿਤ ਗੁਰਮੁਖੀ ਅਧਿਆਪਕ ਵੱਜੋਂ ਕਲਾਸਾਂ ਦਾ ਪ੍ਰਬੰਧ ਕਰ ਲੈਣ। ਜੇ ਕਿਧਰੇ ਅਜਿਹਾ ਸੰਭਵ ਨਾ ਹੋਵੇ ਤਾਂ ਸਬੰਧਤ ਇਲਾਕੇ `ਚੋਂ ਦਰਦੀ ਸੱਜਨ ਅਗੇ ਵਧ ਕੇ ਅਜਿਹਾ ਪ੍ਰਬੰਧ ਕਰਵਾਉਣ। ਪ੍ਰੀਖਿਆ ਰੋਲ ਨੰਬਰ `ਤੇ ਆਧਾਰਤ ਤੇ ਸਫਲ ਵਿਦਿਆਰਥੀਆਂ ਨੂੰ ਪ੍ਰਮਾਣ ਪਤ੍ਰ ਤੇ ਇਨਾਮ ਆਦਿ ਵੀ ਦਿੱਤੇ ਜਾਣ। ਇਸ ਤਰ੍ਹਾਂ ਅਧਿਆਪਕ ਲਈ, ਇਹ ਆਪਣੇ ਆਪ `ਚ ‘ਸਵੈ ਰੋਜ਼ਗਾਰ ਸੇਵਾ (Self employment Sevice)ਬਣ ਜਾਵੇਗੀ। ਅਧਿਆਪਕ ਦੀ ਯੋਗਤਾ ਦਸ ਜਾਂ ਦਸ+ਦੋ ਦੇ ਨਾਲ ਨਾਲ, ਕਿਸੇ ਗੁਰਮਤਿ ਮਿਸ਼ਨਰੀ ਅਦਾਰੇ ਦਾ ਪੜ੍ਹਿਆ ਹੋਣਾ ਜ਼ਰੂਰੀ ਹੈ। ਅਧਿਆਪਕ ਲਈ ਜ਼ਰੂਰੀ ਹੋਵੇ ਕਿ ਉਹ ਸੱਜਨ ਗੁਰਮਤਿ ਜੀਵਨ ਵਾਲਾ, ਮਿੱਠ ਬੋਲੜਾ, ਮਿਲਣਸਾਰ, ਦਿਲ ਖਿੱਚਵੀਂ ਦਿਖ (Attractive Personality) ਵਾਲਾ ਹੋਵੇ।

ਅਧਿਆਪਕ ਵਜੋਂ ਅਜਿਹੇ ਸੱਜਨਾਂ ਰਾਹੀਂ ਲਈਆਂ ਜਾ ਰਹੀਆਂ ‘ਅਰੰਭਕ ਪੰਜਾਬੀ-ਗੁਰਮਤਿ ਕਲਾਸਾਂ’ (Elemenrty Punjabi cum Gurmat Classes) ਦੇ ਨਤੀਜਿਆਂ ਤੋਂ ਹੀ ਅਧਿਆਪਕ ਦੀ ਯੋਗਤਾ, ਮੇਹਣਤ ਤੇ ਤਰੱਕੀ ਵੀ ਆਪਣੇ ਆਪ ਹੁੰਦੀ ਜਾਵੇਗੀ। ਅਜਿਹੇ ਅਧਿਆਪਕ ਨੂੰ ਕਿਸੇ `ਤੇ ਆਸ਼੍ਰਤ ਹੋਣ ਦੀ ਵੀ ਲੋੜ ਨਹੀਂ ਪਵੇਗੀ। ਬਲਕਿ ਅਨੇਕਾਂ ਦਰਦੀ ਤੇ ਯੋਗ ਸੱਜਨ ਘਰਾਂ `ਚ ਬੈਠੇ-ਬੈਠੇ ਅਜਿਹੀਆਂ ਕਲਾਸਾਂ ਚਾਲੂ ਕਰਕੇ ‘ਸਵੈ ਰੋਜ਼ਗਾਰ’ ਵੀ ਕਰ ਸਕਦੇ ਹਨ।

ਅਧਿਆਪਕ ਦੀ ਰੋਟੀ, ਰੋਜ਼ੀ -ਕਲਾਸਾਂ `ਚ ਵਿਦਿਆਰਥੀਆਂ ਤੋਂ ਸਮੇਂ ਸਮੇਂ ਨਾਲ ਖਰਚਾ ਪੂਰਤੀ ਸੇਵਾ, ਜਾਂ ਸੰਗਤਾਂ ਵੱਲੋਂ ਪ੍ਰਾਪਤ ਮਾਇਕ ਆਦਿ ਸੇਵਾ ਰਾਹੀਂ, ਅਧਿਆਪਕ ਦੀ ਰੋਟੀ-ਰੋਜ਼ੀ ਦਾ ਚੰਗਾ-ਵਧੀਆ ਪ੍ਰਬੰਧ ਹੋਣਾ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਕੋਰਸ ਲਈ ਨੀਯਤ ਪੁਸਤਕਾਂ ਤੇ ਸਟੇਸ਼ਨਰੀ ਵੀ, ਦਾਖਲੇ ਸਮੇਂ ਸੇਵਾ-ਭੇਟਾ ਲੈ ਕੇ ਦੇ ਦਿੱਤੀ ਜਾਵੇ। ਪੁਸਤਕਾਂ `ਚ ਗੁਰਮੁਖੀ ਦਾ ‘ਬਾਲ ਉਪਦੇਸ਼’ ਤੇ ਤਿੰਨ-ਚਾਰ ਗੁਰਬਾਣੀ-ਗੁਰਮਤਿ ਤੇ ਸਿੱਖ ਇਤਿਹਾਸ ਨਾਲ ਸਬੰਧਤ ਪਰ ਸੁਖੈਣ ਪੁਸਤਕਾਂ ਦਾ ਹੋਣਾ ਜ਼ਰੂਰੀ ਹੈ।

ਗੁਰਬਾਣੀ ਕੀਰਤਨ ਦੀਆਂ ਅਰੰਭਕ ਕਲਾਸਾਂ- ਗੁਰਬਾਣੀ ਕੀਰਤਨ ਦਾ ਪ੍ਰਬੰਧ ਵੀ ਕਰ ਦਿੱਤਾ ਜਾਵੇ ਤਾਂ ਹੋਰ ਵੀ ਚੰਗਾ ਹੈ, ਅਜਿਹੀਆਂ ਕੀਰਤਨ ਕਲਾਸਾਂ ਲਈ ਦਾਖਲਾ ਕੇਵਲ ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਵੇ ਜਿਹੜੇ ਪਹਿਲਾਂ ‘ਅਰੰਭਕ ਗੁਰਮੁਖੀ-ਗੁਰਮਤਿ ਕਲਾਸਾਂ’ `ਚ ਦੋ ਮਹੀਨੇ ਜਾਂ ਇੱਕ ਸੈਸ਼ਨ ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਹੋਣ, ਸਿੱਧਾ ਵਿਦਿਆਰਥੀ ਲੈਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਰਵੇਗਾ।

ਬਹੁਤ ਵੱਡਾ ਹੱਲ ਹੈ ਅਜੋਕੇ ਪੇਚੀਦਾ ਮਸਲੇ ਦਾ- ਅਕਾਲਪੁਰਖ ਦੀ ਮਹਾਨ ਬਖਸ਼ਿਸ਼ ਸਦਕਾ, ਯਕੀਣ ਹੈ ਜੇਕਰ ‘ਅਰੰਭਕ ਪੰਜਾਬੀ ਤੇ ਗੁਰਮਤਿ ਪੜ੍ਹਾਈ’ ਦੀ ਇਹ ਸੇਧ ਕੁੱਝ ਸਮੇਂ ਬਾਅਦ ਸੰਸਾਰ ਪੱਧਰ `ਤੇ ਪੀੜ੍ਹੀ ਦਰ ਪੀੜ੍ਹੀ ਲਹਿਰ ਦਾ ਰੂਪ ਧਾਰਨ ਕਰ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੇਵਲ ਸਿੱਖ ਹੀ ਨਹੀਂ, ਗੈਰਸਿੱਖ ਵੀ ਪੰਜਾਬੀ ਤੇ ਗੁਰਮਤਿ ਪੱਖੋਂ ਸੋਝੀਵਾਨ ਹੋ ਜਾਣਗੇ। ਇਹ ਬਹਾਨਾ ਵੀ ਨਹੀਂ ਰਹੇਗਾ ਕਿ ‘ਸਾਡੇ ਸਕੂਲ `ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਬੱਚੇ ਕਿੱਥੋਂ ਸਿੱਖਣ’। ਇਸ ਤਰ੍ਹਾਂ ਅਨੇਕਾਂ ਨੂੰ ਆਪ ਮੁਹਾਰੇ ਰੁਜ਼ਗਾਰ ਤੇ ਪੰਥ ਅੰਦਰ ਇੱਜ਼ਤ ਮਾਨ ਵੀ ਪ੍ਰਾਪਤ ਹੋ ਜਾਵੇਗਾ। #060Gs10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਲਿਖਿਆ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ




.