.

ਸਿੱਖੀ ਦੀ ਕਾਰਜਸ਼ਾਲਾ

(Work Shop of Sikhism )

ਅਸਲ `ਚ ਦੋਸ਼ੀ ਮਾਪੇ ਹੀ ਹਨ-ਗੁਰਬਾਣੀ ਰਾਹੀਂ ਪ੍ਰਗਟ ਸਤਿਗੁਰਾਂ ਦੇ ਆਦੇਸ਼ ਜਦੋਂ ਮਾਪੇ ਹੀ ਨਹੀਂ ਮੰਨ ਰਹੇ ਤਾਂ ਉਹ ਇਸ ਦੇ ਲਈ ਔਲਾਦ ਨੂੰ ਕਿਉਂ ਤੇ ਕਿਵੇਂ ਦੋਸ਼ ਦੇ ਰਹੇ ਹਨ? ਅਜਿਹੇ ਹਾਲਾਤ `ਚ, ਮਾਪੇ ਔਲਾਦ ਕੋਲੋਂ ਗੁਰਬਾਣੀ ਅਨੁਸਾਰ ਚਲਣ ਲਈ ਉਮੀਦ ਰਖ ਵੀ ਕਿਵੇਂ ਸਕਦੇ ਹਨ? ਇਸ ਦੇ ਲਈ ਪਹਿਲਾਂ ਉਹ, ਪਹਿਲਾਂ ਆਪ ਆਪਣੇ ਪੀੜੇ ਹੇਠਾਂ ਸੋਟਾ ਮਾਰ ਕੇ ਤਾਂ ਦੇਖਣ।

“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਤੋਂ ਪ੍ਰਾਪਤ ਸਿੱਖ ਧਰਮ ਕੇਵਲ ਕਹਿਣ ਤੇ ਪ੍ਰਚਾਰਣ ਦੀ ਸੀਮਾ ਤੱਕ ਨਹੀਂ ਜਿਵੇਂ ਕਿ ਅੱਜ ਬਣਿਆ ਪਿਆ ਹੈ। “ਸਿਖੀ ਸਿਖਿਆ ਗੁਰ ਵੀਚਾਰਿ” (ਪੰ: ੪੬੫) ਭਾਵ ਸਿੱਖ ਧਰਮ ਕਥਣੀ ਤੇ ਕਰਣੀ ਦਾ ਧਰਮ ਹੈ ਅਤੇ ਕਰਣੀ ਵੀ ਗੁਰਬਾਣੀ ਸਿਖਿਆ ਅਨੁਸਾਰ।

ਉਪ੍ਰੰਤ ਜੇ ਤੁਸੀਂ ਜਾਣਦੇ ਹੋ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦਾ ਸਿੱਖ ਹੋਣ ਦੇ ਬਾਵਜੂਦ ਸਾਡੀ ਰਹਿਣੀ ਅੱਜ ਗੁਰਬਾਣੀ ਸੇਧ `ਚ ਨਹੀਂ ਚੱਲ ਰਹੀ ਤਾਂ ਤੁਸੀਂ ਰਹਿਣੀ `ਚ ਤਬਦੀਲੀ ਕਰਕੇ, ਆਪਣੀ ਅਸਲ ਰਹਿਣੀ ਨੂੰ ਵਰਤੋਂ `ਚ ਕਿਉਂ ਨਹੀਂ ਲਿਆਉਂਦੇ? ਸ਼ੱਕ ਨਹੀਂ, ਅੱਜ ਸਿੱਖ ਕੌਮ ਦਾ ਵੱਡਾ ਹਿੱਸਾ ਜਾਗਰੂਕ ਹੈ ਕਿ ਗੁਰਮੱਤ-ਗੁਰਬਾਣੀ ਸਿੱਖਿਆ ਅਨੁਸਾਰ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਭਾਵ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਸਿੱਖ ਜਾਂ ਸ਼੍ਰਧਾਲੂ ਨੇ ਆਪਣੇ ਘਰ ਪ੍ਰਵਾਰ `ਚ ਕੀ ਕਰਣਾ ਹੈ ਤੇ ਕੀ ਨਹੀਂ ਕਰਣਾ। ਗੁਰਬਾਣੀ ਅਨੁਸਾਰ ਸਿੱਖ ਲਈ ਜਾਇਜ਼ ਕੀ ਹੈ ਤੇ ਨਾਜਾਇਜ਼ ਕੀ?

ਫ਼ਿਰ ਵੀ ਜਦੋਂ ਅਜੋਕੇ ਮਾਪਿਆਂ ਦੀ ਕਰਣੀ ਵੱਲ ਝਾਕਦੇ ਹਾਂ ਤਾਂ ਉਨ੍ਹਾਂ ਦੀ ਕਿਸੇ ਵੀ ਪ੍ਰਵਾਰਕ ਖੁਸ਼ੀ-ਗ਼ਮੀ ਜਾਂ ਮੇਲਜੋਲ ਸਮੇਂ ਸਾਰੇ ਕੰਮ ਉਹ ਹੋ ਰਹੇ ਹੁੰਦੇ ਹਨ ਜਿਨ੍ਹਾਂ ਬਾਰੇ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਇਹ ਨਹੀਂ ਕਰਣੇ ਚਾਹੀਦੇ। ਕਿਉਂ ਨਹੀਂ ਕਰਣੇ ਚਾਹੀਦੇ ਕਿਉਂਕਿ ਅਜਿਹੇ ਕਰਮ ਗੁਰਬਾਣੀ ਤੇ ਗੁਰਮੱਤ ਅਨੁਸਾਰ ਨਹੀਂ ਹਨ।

“ਅਵਰ ਉਪਦੇਸੈ ਆਪਿ ਕਰੈ (ਪੰ: ੨੬੯) -ਹੋਰ ਤਾਂ ਹੋਰ, ਕਈ ਵਾਰ ਤਾਂ ਕੁੱਝ ਸੱਜਨ ਦੂਜਿਆਂ ਨੂੰ ਉਪਦੇਸ਼ ਵੀ ਕਰ ਰਹੇ ਹੁੰਦੇ ਹਨ ਤੇ ਗੱਲ ਬਾਤ ਸਮੇਂ ਆਪਣੇ ਮੂਹੋਂ ਕਹਿ ਰਹੇ ਹੁੰਦੇ ਹਨ ਕਿ ਸਿੱਖ ਨੂੰ ਇਹ ਕੰਮ ਨਹੀਂ ਕਰਣੇ ਚਾਹੀਦੇ। ਜਦ ਸਮਾਂ ਆਉਂਦਾ ਹੈ ਤਾਂ ਸਭ ਤੋਂ ਅੱਗੇ ਹੋ ਕੇ ਉਹ ਆਪ ਹੀ ਕਰਵਾ ਵੀ ਰਹੇ ਹੁੰਦੇ ਹਨ। ਜੇ ਇਨਾਂ ਨਹੀਂ ਤਾਂ ਵੀ, ਉਨ੍ਹਾਂ ਦੇ ਰਟੇ-ਰਟਾਏ ਲਫ਼ਜ਼ ਹੁੰਦੇ ਹਨ, “ਕੀ ਕਰੀਏ! ਅੱਜਕਲ ਦੇ ਬੱਚੇ ਨਹੀਂ ਮੰਣਦੇ” “ਛਡੋ ਭਾਈ ਸਾਹਿਬ! ਇਹ ਤਾਂ ਅੱਜਕਲ ਸਭ ਟੀ. ਵੀ. ਦਾ… ਪਛਮੀ ਸਭਿਅਤਾ ਦਾ … ਕਲਜੁਗ ਦਾ ਅਸਰ ਹੈ ਵਗੈਰਾ ਵਗੈਰਾ, ਇਸ ਲਈ ਅੱਜ ਸਾਡੀ ਸੁੰਣਦਾ ਹੀ ਕੋਣ ਹੈ?” ਹੋਰ ਨਹੀਂ ਤਾਂ “ਕੀ ਕਰੀਏ, ਲੋਕਾਚਾਰੀ ਵੀ ਤਾਂ ਕਰਣਾ/ਦੇਖਣਾ ਪੈਂਦਾ ਹੈ” ਆਦਿ

ਇਸ ਤੋਂ ਬਾਅਦ ਅਜਿਹੇ ਮਾਪੇ ਉਮੀਦ ਵੀ ਰਖਦੇ ਹਨ ਕਿ ਸਿੱਖੀ ਵਧੇ ਫੁਲੇ। ਜਦਕਿ ਸਿੱਖ ਹੋ ਕੇ ਤੇ ਅਖਵਾ ਕੇ, ਆਪ ਆਪਣੀ ਕਰਣੀ ਕਾਰਨ, ਸਤਿਗੁਰਾਂ ਦੇ ਆਦੇਸ਼ਾਂ ਦੇ ਉਲਟ ਚਲ ਰਹੇ ਹੁੰਦੇ ਹਨ। ਇਸ ਤਰ੍ਹਾਂ ਸਿੱਖੀ ਦੀ ਸੰਭਾਲ `ਚ ਅੱਜ ਸਭ ਤੋਂ ਵੱਡੀ ਰੁਕਾਵਟ, ਅਜਿਹੇ ਮਾਪੇ ਹੀ ਹੁੰਦੇ ਹਨ।

ਗੁਰਪੁਰਬ ਉਨ੍ਹਾਂ ਨੂੰ ਚੇਤੇ ਨਹੀਂ ਹੁੰਦੇ ਪਰ ਅਣਮੱਤੀ ਤਿਉਹਾਰ ਜਿਵੇ ਰਖੜੀ, ਲੋਹੜੀ, ਦਿਵਾਲੀ,

ਕਰਵਾਚੌਥ, ਗੁਗਾ ਪੂਜਾ, ਸੰਗ੍ਰਾਂਦਾਂ, ਮਸਿਆਵਾਂ, ਪੂਰਨਮਾਸ਼ੀਆਂ, ਸਰਾਧ, ਨਰਾਤੇ, ਮੰਗਲ, ਸਨੀਚਰ ਆਦਿ ਉਨ੍ਹਾਂ ਨੂੰ ਭੁਲਦੇ ਨਹੀਂ। ਜਦਕਿ ਅਜਿਹੇ ਤਿਉਹਾਰ ਤੇ ਥਿਤ-ਵਾਰ ਗੁਰਬਾਣੀ ਸਿਧਾਂਤ ਦੇ ਪੂਰੀ ਤਰ੍ਹਾਂ ਉਲਟ ਹਨ ਤੇ ਸਿੱਖੀ ਵਿਚਾਰਧਾਰਾ ਨਾਲ ਉੱਕਾ ਮੇਲ ਨਹੀਂ ਖਾਂਦੇ।

ਫ਼ਿਰ ਸੋਢੀ, ਬੇਦੀ, ਜੁਨੇਜਾ, ਤਨੇਜਾ, ਰਾਮਗੜ੍ਹੀਆ, ਖਰਬੰਦਾ, ਭਸੀਨ ਆਦਿ ਜਾਤ-ਗੋਤ ਦੀਆਂ ਪੂਛਲਾਂ ਵੀ ਮਾਪਿਆਂ ਕੋਲੋਂ ਹੀ ਬੱਚਿਆਂ ਕੋਲ ਜਾ ਰਹੀਆਂ ਹਨ, ਕਿਉਂਕਿ ਮਾਪੇ ਇਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ। ਇਸ ਤਰ੍ਹਾਂ ਔਲਾਦ ਤੋਂ ਬਾਅਦ ਫ਼ਿਰ ਅਗਲੀ ਔਲਾਦ ਕੋਲ ਵੀ।

ਪ੍ਰਵਾਰ `ਚ ਵਾਧਾ ਹੋਇਆ ਤਾਂ ਉਥੇ ਬੱਚੀ-ਬੱਚੇ `ਚ ਵਿਤਕਰਾ, ਯਾਰਵੇਂ, ਤੇਰ੍ਹਵੇਂ, ਚੌਕੇ ਚੜਾਉਣਾ, ਚਾਲੀਹੇ ਆਦਿ ਵਾਲੇ ਕਰਮ-ਭਰਮ, ਆਪਣੀ ਔਲਾਦ ਨੂੰ ਵਿਰਾਸਤ `ਚ ਆਪ ਦੇ ਰਹੇ ਹਨ। ਬੱਚੇ ਨੂੰ ਮਾੜੀ ਨਜ਼ਰ ਤੋਂ ਬਚਾਉਣ ਲਈ ਕਾਲਾ ਟਿੱਕਾ, ਕਲਾਈ `ਚ ਕਾਲਾ ਧਾਗਾ, ਕਮਰ `ਚ ਕਾਲੀ ਤਗੜੀ ਆਦਿ ਸਾਰੇ ਢਕਵੰਜ ਤੇ ਟਿਟੂ, ਬਿੱਟੂ, ਬੰਟੀ, ਬਿੱਲਾ ਆਦਿ ਵੀ ਦੂਜਿਆਂ ਦੀ ਨਕਲ `ਤੇ ਉਸੇ ਤਰ੍ਹਾਂ ਹੀ।

ਸਰਾਧਾਂ, ਨੌਰਾਤਿਆਂ ਦੇ ਦਿਨ, ਸਿੱਖ ਮਾਪੇ ਵੀ ਸਾਰੇ ਬ੍ਰਾਹਮਣੀ ਕਰਮ ਬੜੇ ਧਿਆਣ ਨਾਲ ਕਰਦੇ ਹਨ। ਕੰਜਕਾਂ ਬਿਠਾਉਂਦੇ ਹਨ, ਨਰਾਤਿਆਂ `ਚ ਅੰਡਾ-ਮੀਟ-ਪਿਆਜ਼-ਥੋਮ ਘਰ ਨਹੀਂ ਵਾੜਦੇ। ਸਰਾਧਾਂ ਦੇ ਦਿਨਾਂ `ਚ ਗੁਰਦੁਆਰੇ ਜਾ ਕੇ ਅਰਦਾਸਾਂ ਕਰਵਾਉਂਦੇ ਤੇ ਪਿਤ੍ਰਾ ਦੇ ਨਾਮ `ਤੇ ਘਰਾਂ `ਚ ਭਾਈ ਸਹਿਬਾਨ ਨੂੰ ਲੰਗਰ ਛਕਾਉਂਦੇ ਤੇ ਹੋਰ ਸੇਵਾ ਕਰਦੇ ਹਨ। ਅਜੋਕੇ ਸਿੱਖ ਮਾਪੇ ਆਪ, ਆਪਣੇ ਬਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੰਦੇ ਹਨ ਤਾ ਕਿ ਔਲਾਦ ਨੂੰ ਵੀ ਚੰਗੀ ਤਰ੍ਹਾਂ ਸਮਝਾ ਕੇ ਜਾਣ। ਕਲ ਬੱਚੇ ਵੀ ਤਾਂ ਕਿਹ ਸਕਣ ਕਿ ਇਹ ਕੰਮ ਤਾਂ ਸਾਡੇ ਡੈਡੀ-ਮੱਮੀ ਵੀ ਕਰਦੇ ਸਨ। ਸਾਡੇ ਪ੍ਰਵਾਰ `ਚ ਸਦਾ ਤੋਂ ਹੁੰਦਾ ਆਇਆ ਹੈ, ਇਸ ਲਈ ਅਸੀਂ ਵੀ ਕਰ ਰਹੇ ਹਾਂ। ਡੈਡੀ-ਮੱਮੀ ਗੁਰਦੁਆਰੇ ਮੱਥਾ ਟੇਕਣ ਵੀ ਰੋਜ਼ ਜਾਂਦੇ ਪਰ ਨਾਲ ਨਾਲ ਔਲਾਦ ਨੂੰ ਅਜਿਹੀਆਂ ਰਸਮਾ-ਰੀਤਾਂ ਲਈ ਟ੍ਰੇਨਿੰਗ ਵੀ ਆਪਣੇ ਜੀਊਂਦੇ ਜੀਅ ਦੇ ਕੇ ਜਾਂਦੇ ਹਨ।

ਪ੍ਰਵਾਰ `ਚ ਅਨੰਦ ਕਾਰਜ ਹੋਵੇ ਤਾਂ ਮਾਪਿਆਂ ਵਲੋਂ ਕਾਕਟੇਲ ਪਾਰਟੀ ਦਾ ਨਾ ਟਲਣ ਵਾਲਾ ਫ਼ੰਕਸ਼ਨ ਹੁੰਦਾ ਹੈ। ਇੱਕ-ਇੱਕ ਸਦਾ ਪਤ੍ਰ (invitation card) ਭਾਵੇਂ ਇੱਕ ਇੱਕ ਹਜ਼ਾਰ ਰੁਪਏ ਦਾ ਕਿਉਂ ਨਾ ਬਣੇ ਪਰ ਬਨਵਾਉਣਾ ਉਹ ਹੈ ਜੋ ਪਹਿਲਾਂ ਕਿਸੇ ਨਾ ਬਣਵਾਇਆ ਹੋਵੇ, ਇਸ ਤਰ੍ਹਾਂ ਵਧ ਚੜ੍ਹ ਕੇ ਦਿਖਾਵੇ ਦੇ ਕੰਮ ਵੀ ਬਹੁਤਾ ਕਰਕੇ ਅੱਜ ਸਿੱਖ ਮਾਪੇ ਹੀ ਕਰ ਰਹੇ ਹਨ। ਇਸ ਤੋਂ ਬਾਅਦ ਮਹਿੰਦੀ ਦੀ ਰਾਤ, ਚੂੜਾ, ਲਾਲ-ਗੁਲਾਬੀ ਪੱਗਾਂ ਤੇ ਚੁਣੀਆਂ, ਬੈਂਡ-ਵਾਜੇ, ਸ਼ਰਾਬਾਂ `ਚ ਧੁੱਤ ਹੋ ਕੇ ਸੜਕਾਂ ਤੇ ਨਚਣਾ, ਡਿਗਣਾ ਤੇ ਉਲਟੀਆਂ ਕਰਣੀਆਂ ਭਾਵ ਹਰੇਕ ਗੁਰਮੱਤ ਵਿਰੁਧ ਕੰਮ, ਬੇਸ਼ਰਮੀ ਨਾਲ ਮਾਪੇ ਆਪ ਕਰਦੇ ਹਨ। ਜਦਕਿ ਉਸ ਵੇਲੇ ਉਨ੍ਹਾ ਦੇ ਬੱਚੇ ਵੀ ਅਜਿਹੀਆਂ ਫ਼ੰਕਸ਼ਨਾਂ `ਚ ਨਾਲ ਹੀ ਪੂਰੀ ਟ੍ਰੇਨਿੰਗ ਲੈ ਰਹੇ ਹੁੰਦੇ ਹਨ। ਤਾ ਕਿ ਉਹ ਵੀ ਕਲ ਨੂੰ ਕਹਿ ਸਕਣ ਕਿ ਸਾਡੇ ਡੈਡੀ-ਮੰਮੀ ਵੀ ਸਿੱਖ ਸਨ। ਉਨ੍ਹਾਂ ਵੀ ਇਹ ਕੰਮ ਕੀਤੇ ਸਨ। ਉਹ ਲੋਕ ਗੁਰਬਾਣੀ ਵੀ ਬੜੀ ਪੜਦੇ ਸਨ, ਗੁਰਦੁਆਰੇ ਵੀ ਨਿਯਮ ਨਾਲ ਜਾਂਦੇ ਸਨ। ਇਸ ਲਈ ਜੇ ਉਹ ਸਾਰੇ ਕੰਮ ਕਰ ਸਕਦੇ ਸਨ ਤਾਂ ਅਸੀਂ ਕਿਉਂ ਨਹੀਂ? ਵਗ਼ੈਰਾ. .

ਪ੍ਰਵਾਰ `ਚ ਜੇ ਕੋਈ ਚਲਾਣਾ ਕਰ ਜਾਂਦਾ ਹੈ ਤਾਂ ਉਥੇ ਵੀ ਅਜਿਹਾ ਕੋਈ ਕੰਮ ਨਹੀਂ, ਜਿਹੜਾ ਅੱਜ ਗੁਰਮੱਤ ਵਿਰੁਧ ਬਹੁਤੇ ਸਿੱਖ ਮਾਪੇ, ਆਪ ਹੀ ਨਾ ਕਰ ਰਹੇ ਹੋਣ। ਫੁਲ ਚੁਨਣੇ, ਐਤ-ਬੁਧ, ਸਵੇਰ-ਸ਼ਾਮ ਦਾ ਪੂਰਾ ਪੂਰਾ ਖ਼ਿਆਲ, ਕਪਾਲ ਕਿਰਿਆ, ਪ੍ਰਾਣੀ ਦੀ ਪ੍ਰਕਰਮਾ, ਪਾਣੀ ਦੇ ਉਲਟੇ ਸਿਧੇ ਛੱਟੇ, ਭੋਗ ਸਮੇਂ ਰਜ਼ਾਈਆਂ, ਤਲਾਈਅ ਫ਼ਰੂਟ ਆਦਿ ਗੁਰਦੁਆਰੇ `ਚ, ਭਾਵ ਕੋਈ ਤੇ ਕਿਸੇ ਤਰ੍ਹਾਂ ਦਾ ਵਹਿਮ-ਭਰਮ ਤੇ ਬ੍ਰਾਹਮਣੀ ਕਰਮਕਾਂਡ ਉਹ ਛਡਣ ਨੂੰ ਤਿਆਰ ਨਹੀਂ।

ਉਸ ਤੋਂ ਬਾਅਦ ਜੇ ਗੱਲ ਹੋਵੇ ਤਾਂ ਮਾਸੂਮਿਅਤ ਭਰਿਆ ਉੱਤਰ ਹੋਵੇਗਾ, ਦੇਖੋ ਜੀ ਮੈਂ/ਅਸੀਂ ਤਾਂ ਸਭ ਗੁਰਮੱਤ ਅਨੁਸਾਰ ਚਾਹੁੰਦਾ/ਚਾਹੁੰਦੇ ਸਾਂ ਪਰ ਘਰ `ਚ ਬਾਕੀ ਨਹੀਂ ਮੰਣਦੇ। ਇਹ ਹੈ ਬਹੁਤਾ ਕਰਕੇ ਅਜੋਕੀ ਪੰਥਕ ਕਾਰਜਸ਼ਾਲਾ (Workshop) ਜਿੱਥੇ ਸਿੱਖੀ ਤਿਆਰ ਹੋ ਰਹੀ ਹੈ।

ਇਸ ਤਰ੍ਹਾਂ ਜਿਹੜਾ ਸਾਮਾਨ ਕਾਰਜਸ਼ਾਲਾ `ਚ ਤਿਆਰ ਹੋਵੇਗਾ ਆਖਿਰ ਬਾਹਿਰ ਵੀ ਤਾਂ ਉਹੀ ਜਾਵੇਗਾ। ਜਿਹੜਾ ਉਥੇ ਤਿਆਰ ਹੀ ਨਹੀਂ ਹੋ ਰਿਹਾ ਫ਼ਿਰ ਚਾਹੇ ਕਿਨਾਂ ਵਧੀਆ ਕਿਉਂ ਨਾ ਹੋਵੇ, ਜਾਵੇਗਾ ਕਿਥੋਂ। ਕਸੂਰ ਵਸਤ ਦਾ ਨਹੀਂ ਕਸੂਰ ਹੈ ਵਸਤ ਬਨਾਉਣ ਤੇ ਪਹੁੰਚਾਉਣ ਵਾਲੇ ਦਾ। ਕਸੂਰ ਗੁਰਬਾਣੀ ਸਿਧਾਂਤ ਦਾ ਨਹੀਂ, ਕਸੂਰ ਹੈ ਉਨ੍ਹਾਂ ਭਾਂਡਿਆਂ ਦਾ, ਜਿਨ੍ਹਾਂ ਰਾਹੀਂ ਇਹ ਉੱਤਮ ਵਸਤ ਔਲਾਦ ਤੇ ਸੰਸਾਰ ਤੱਕ ਪੁੱਜ ਰਹੀ ਹੈ।

ਇਹੀ ਹੈ ਸਿੱਖੀ ਦੀ ਉਹ ਵਿਰਾਸਤ ਤੇ ਖ਼ੁਰਾਕ ਜਿਹੜੀ ਬਹੁਤੇ ਸਿੱਖ ਮਾਪੇ ਅੱਜ ਖੁੱਲ ਕੇ ਆਪਣੀ ਔਲਾਦ ਨੂੰ ਦੇ ਕੇ ਜਾ ਰਹੇ ਹਨ। ਹਿਸਾਬ ਲਗਾ ਲਵੋ! ਸਿੱਖ ਧਰਮ ਦੇ ਪ੍ਰਸਾਰ `ਚ ਅਜਿਹੇ ਸਿੱਖ ਮਾਪੇ ਆਪ ਰੁਕਾਵਟ ਹਨ ਜਾਂ ਉਨ੍ਹਾਂ ਦੀ ਔਲਾਦ? #059Gs08.03s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮੱਤ ਪਾਠ ਜਾਂ ਰਚਨਾ ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮੱਤ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ Phone 011-26236119, 9811292808 Web site gurbaniguru.org




.