| . |
|
ਗੁਰਦੁਆਰਾ ਜਾਂ ਗੁਰੂਘਰ
(ਵਿਚਾਰਨ ਯੋਗ ਬੇਨਤੀ)
ਪਿਛਲੇ ਪੰਦਰਾਂ-ਵੀਹ ਕੁ ਸਾਲਾਂ ਤੋਂ ਕਈ ਸਜਣਾਂ ਨੂੰ ਮੈਂ ਗੁਰਦੁਆਰੇ ਜਾਂ
ਗੁਰਦਵਾਰੇ ਨੂੰ ਗੁਰੂਘਰ ਕਹਿੰਦੇ ਸੁਣ ਰਿਹਾ ਹਾਂ ਜੋ ਪਹਿਲਾਂ ਕਦੀ ਕਿਸੇ ਨੂੰ ਕਹਿੰਦੇ ਹੋਏ ਨਹੀਂ
ਸੀ ਸੁਣਿਆਂ। ਮੈਨੂੰ ਇਹ ਬਹੁਤ ਹੀ ਅਜੀਬ ਅਤੇ ਗੁਰਬਾਣੀ ਤੋਂ ਵਿਪਰੀਤ ਲਗ ਰਿਹਾ ਹੈ। ਇਸ ਲਈ ਮੈਂ ਇਸ
ਲਫਜ਼ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਇਸ ਦੀ ਪੁਸ਼ਟੀ ਕਰਨੀ ਚਾਹੀ ਕਿ ਕੀ ਇਹ ਠੀਕ ਹੈ ਜਾਂ
ਨਹੀਂ, ਪਰ ਅਚੰਭਾ ਇਹ ਕਿ ਗੁਰੂਘਰ ਦਾ ਲਫਜ਼ ਮੈਂ ਗੁਰਬਾਣੀ ਵਿੱਚੋਂ ਨਹੀਂ ਲਭ ਸਕਿਆ, ਹਾਂ ਗੁਰੂ
ਦੁਆਰੈ, ਗੁਰ ਦੁਆਰੈ, ਗੁਰਦੁਆਰੈ, ਗੁਰਦੁਆਰੁ, ਗੁਰੂ ਦੁਆਰੀ ਲਫਜ਼ ਗੁਰਬਾਣੀ ਵਿੱਚ ਦਰਜ਼ ਹਨ। ਇਸ ਤੋਂ
ਇਹ ਤਾਂ ਸਪਸ਼ਟ ਹੋ ਗਿਆ ਕਿ ਗੁਰਦੁਆਰੇ ਨੂੰ ਗੁਰੂਘਰ ਆਖਣਾ ਗੁਰਮੁਖਤਾਈ ਨਹੀਂ ਹਾਂ ਮਨਮੁੱਖਤਾਈ ਹੀ
ਹੋ ਸਕਦੀ ਹੈ।
ਸਿੱਖੀ ਦੇ ਸੰਸਥਾਪਕ ਪਹਿਲੇ ਗੁਰੂ ਪਾਤਸ਼ਾਹ ਜੀ ਨੇ ਤਾਂ ਹਰ ਥਾਂਹ ਜਿੱਥੇ ਵੀ
ਧਰਮ ਪ੍ਰਚਾਰ ਲਈ ਗਏ ਲੋਕਾਂ ਨੂੰ ਦਲੀਲਾਂ ਰਾਹੀਂ ਪ੍ਰਭਾਵਤ ਕਰਨ ਉਪ੍ਰੰਤ ਓਥੇ ਧਰਮਸਾਲਾ (ਧਰਮ ਦੀ
ਸਹੀ ਜਾਣਕਾਰੀ ਬਾਰੇ ਪੜ੍ਹਾਈ ਲਈ ਪਾਠਸ਼ਾਲਾ) ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਨੂੰ ਸਿੱਖ ਧਰਮ
ਵਿੱਚ ਸਿੱਖੀ ਭੇਖ ਹੇਠ ਬ੍ਰਾਹਮਣੀ ਘੁਸਪੈਠ ਨੇ ਅਤੇ ਬ੍ਰਾਹਮਣੀ ਮੱਤ ਦਾ ਅਸਰ ਕਬੂਲ ਕਰ ਚੁੱਕੇ
ਸਿੱਖਾਂ ਨੇ ਸਮੇਂ ਦੇ ਗੇੜ ਨਾਲ ਗੁਰਦੁਆਰੇ ਵਿੱਚ ਬਦਲ ਦਿੱਤਾ ਸੀ। ਏਥੇ ਹੀ ਬਸ ਨਹੀਂ ਦਰਬਾਰ ਸਹਿਬ
ਅਮ੍ਰਿਤਸਰ ਨੂੰ ਭੀ ਇਸ ਸੋਚ ਵਾਲਿਆਂ ਨੇ ਗੁਰੂ ਦੇ ਦਰਬਾਰ ਤੋਂ ਹਰਿਮੰਦਰ (ਹਰੀ ਦਾ ਮੰਦਰ, ਜੋ
ਗੁਰਬਿਲਾਸ ਪਾਤਸ਼ਾਹੀ ੬ਵੀਂ ਦੀ ਦੇਣ ਹੈ ਪਰ ਹੈ
ਹਰਿ ਮੰਦਰੁ ਏਹੁ ਜਗਤੁ ਹੈ॥ (ਪੰਨਾ
੧੩੪੬)) ਬਣਾ ਧਰਿਆ ਹੈ। ਹੁਣ ਜਦ
ਪਿਛਲੇ ਸਮੇਂ ਤੋਂ ਹਿੰਦੂਤਵੀ ਤਾਕਤਾਂ ਦੀ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਉੱਪਰ ਪਕੜ ਮਜ਼ਬੂਤ ਹੋ
ਰਹੀ ਹੈ ਤਾਂ ਗੁਰਦੁਆਰੇ ਨੂੰ ਇੱਕ ਖ਼ਾਸ ਪਾਲਸੀ ਅਧੀਨ ਗੁਰੂਘਰ ਵਿੱਚ ਬਦਲਣ ਲਈ ਉਪਰਾਲਿਆਂ ਵਿੱਚ
ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਾਡੇ ਅਣਭੋਲ ਸਾਧਾਰਨ ਸਿੱਖਾਂ ਤੋਂ ਇਲਾਵਾ, ਗੁਰਦੁਆਰਿਆਂ ਦੇ
ਪ੍ਰਬੰਧਕ, ਸਿੱਖ ਪ੍ਰਚਾਰਕ ਸ਼੍ਰੇਣੀ ਭੀ ਇਸ ਸਾਜ਼ਿਸ਼ ਦੇ ਸਹਿਜੇ ਹੀ ਸ਼ਿਕਾਰ ਹੋ ਰਹੇ ਹਨ ਜਿਸ ਨਾਲ
ਸਿੱਖੀ ਦੀ ਹਾਲਤ ਨਿਰਾਸ਼ਾਜਨਕ ਹੋ ਰਹੀ ਹੈ।
ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਗੁਰਦੁਆਰਾ ਲਫਜ਼ ਦੇ ਅਰਥ ਕੀ ਹਨ:
ਗੁਰਦੁਆਰਾ ਦੋ ਅੱਖਰਾਂ ਦਾ ਸੁਮੇਲ ਹੈ। ਗੁਰ+ਦੁਆਰਾ (ਜਾਂ ਦਵਾਰਾ)।
ਗੁਰ: ਲਫਜ਼ ਗੁਰ ਜਾਂ ਗੁਰੂ ਗੁਰਬਾਣੀ ਵਿੱਚ ਪਰਮੇਸ਼ਰ ਦੇ ਸੰਧਰਵ ਵਿੱਚ ਆਉਂਦਾ
ਹੈ, ਜੋ ਸ਼ਬਦ ਗੁਰੂ (ਅਕਾਲ ਪੁਰਖ ਦੀ ਉਸਤਤ ਦਾ ਜਾਮਨ) ਜਾਂ ਗਿਆਨ ਗੁਰੂ (ਇੱਕ ਰੱਬ ਪ੍ਰਤੀ ਦ੍ਰਿੜਤਾ
ਦਾ ਪ੍ਰਤੀਕ) ਨੂੰ ਦਰਸਾਉਂਦਾ ਹੈ ਜੋ ਸਰਬ ਵਿਆਪਕ, ਸਰਬ ਪ੍ਰਿਤਪਾਲਕ, ਸਦੀਵੀ ਸੱਚ ਅਤੇ ਜੰਮਣ ਮਰਨ
ਤੋਂ ਰਹਿਤ ਹੈ। ਸਤਿਗੁਰੁ
ਮੇਰਾ ਸਦਾ ਸਦਾ ਨ ਆਵੈ ਨ ਜਾਇ (ਪੰਨਾ ੭੫੮)।
ਆਓ ਹੁਣ ਗੁਰੂ ਬਾਰੇ ਸੰਖੇਪ ਵੀਚਾਰ ਕਰ ਲਈਏ। ਜਿਵੇਂ ਧੁਰ
ਕੀ ਬਾਣੀ ਦੇ ਆਰੰਭ ਵਿੱਚ ਮੰਗਲਾਚਰਨ ਅਤੇ ਹਰੇਕ ਬਾਣੀ ਦੇ ਸ਼ੁਰੂ ਵਿੱਚ - ੴ ਤੋਂ ਲੈ ਕੇ
ਗੁਰਪ੍ਰਸਾਦਿ ਤਿੱਕਰ ਪੂਰੇ ਸਰੂਪ ਤੋਂ ਲੈ ਕੇ ਵਖ ਵਖ ਸੰਕੋਚਵੇਂ ਰੂਪਾਂ ਵਿੱਚ ਅਨੇਕਾਂ ਵੇਰ ਆਇਆ
ਹੈ॥ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਗੁਰੂ ਦੀ ਕਿਰਪਾ? ਇਸ ਦਾ ਮਤਲਬ ਹੋਇਆ ਕਿ ਗੁਰੂ ਸਹਿਬ
ਗੁਰਬਾਣੀ ਉਚਾਰਨ, ਲਿਖਣ ਜਾਂ ਲਿਖਵਾਉਣ ਵੇਲੇ ਅਕਾਲ ਪੁਰਖੀ ਕਿਰਪਾ ਦੀ ਓਟ ਹੀ ਲੈ ਰਹੇ ਹਨ। ਗੁਰੂ
ਨਾਨਕ ਜੋਤ ਵਲੋਂ ਇਲਾਹੀ ਗਿਆਨ ਦਾ ਸੱਚ ਦੁਨਿਆਵੀ ਜੀਵਾਂ ਨੂੰ ਦੇਣ ਕਾਰਨ ਲੋਕ ਪ੍ਰੰਪਰਾਵਾਂ ਅਨੁਸਾਰ
ਸਤਿਕਾਰ ਵਜੋਂ ਉਹਨਾਂ ਨੂੰ ਗੁਰੂ ਆਖਣ ਦੀ ਰੀਤ ਤੁਰ ਪਈ (ਭਾਵੇਂ ਉਹਨਾਂ ਆਪਣੇ ਆਪ ਨੂੰ ਗੁਰੂ
ਅਖਵਾਉਣ ਦਾ ਦਾਅਵਾ ਨਹੀਂ ਸੀ ਕੀਤਾ) ਸਿੱਖ ਪੰਥ ਦੇ ਸਿਰਮੌਰ ਤੇ ਪਹਿਲੇ ਗੁਰਬਾਣੀ ਵਿਆਖਿਆਕਾਰ ਭਾਈ
ਗੁਰਦਾਸ ਜੀ ਦੀ ਉਗਾਹੀ ਕਿ ਜਾਹਰ ਪੀਰੁ ਜਗਤੁ ਗੁਰੁ ਬਾਬਾ ਅਤੇ ਗੁਰਬਾਣੀ ਵਿੱਚਲੇ ਸੰਕੇਤ ਗੁਰੂਆਂ
ਬਾਰੇ ਗੁਰੂ ਪਦ ਦੀ ਵਰਤੋਂ ਦੀ ਸ਼ਾਹਦੀ ਭਰਦੇ ਹਨ। ਜਿਸ ਕਾਰਨ ਸਾਰੀਆਂ ਹੀ ਨਾਨਕ ਜੋਤਾਂ ਨੂੰ
ਮਨੁੱਖਤਾ ਗੁਰੂ ਆਖ ਕੇ ਸਤਿਕਾਰ ਦੇ ਰਹੀ ਹੈ। ਇਲਾਹੀ ਕਲਾਮ ਨੂੰ ਸ਼ਬਦ ਗੁਰੂ ਵਜੋਂ ਪ੍ਰਚਾਰਨ ਵਾਲੀ
ਗੁਰੂ ਹਸਤੀ ਹੀ ਇਸ ਰੱਬੀ ਗਿਆਨ ਨੂੰ ਗੁਰਿਆਈ ਦੇਣ ਦੇ ਸਮਰੱਥ ਹੋੇ ਸਕਦੀ ਹੈ, ਇਸ ਲਈ ਗੁਰੂ ਨਾਨਕ
ਦੀ ਦਸਮੀਂ ਜੋਤ ਨੇ ਉਸ ਇਲਾਹੀ ਗਿਆਨ ਭਰਪੂਰ ਆਦਿ ਬੀੜ ਨੂੰ ਸੰਪੂਰਨ ਕਰਨ ਉਪ੍ਰੰਤ ਹਮੇਸ਼ਾਂ ਲਈ ਜਾਂ
ਸਦੀਵੀ ਗੁਰਿਆਈ ਦੀ ਬਖਸ਼ਿਸ਼ ਕਰਕੇ ਇਸ ਨੂੰ ਮਾਨਵਤਾ ਦੀ ਝੋਲੀ ਪਾਇਆ, ਜੋ ਹਰ ਗੁਰਦੁਆਰੇ ਦਾ ਮੂਲ ਅੰਗ
ਅਤੇ ਆਧਾਰ ਹੈ। ਪਰ ਅਸਲੀਅਤ ਵਿੱਚ ਇਹ ਧੁਰ ਕੀ ਬਾਣੀ ਜਾਂ ਰੱਬੀ ਕਲਾਮ ਪੂਰੀ ਮਾਨਵਤਾ ਲਈ ਹੈ ਨਾਂਹ
ਕਿ ਸਿਰਫ ਸਿੱਖ ਕੌਮ ਲਈ।
ਹੁਣ ਇਹ ਦੇਖਦੇ ਹਾਂ ਕਿ ਗੁਰੂ ਦਾ ਨਿਵਾਸ ਕਿਸ ਥਾਂਹ ਹੈ -
ਹਿਰਦੈ ਵਸਿਆ ਸਦਾ ਗੁਪਾਲੁ॥ (ਪੰਨਾ
੨੦੦)। ਹਿਰਦੈ ਕਮਲ ਮਹਿ ਹਰਿ ਕਾ ਬਾਸ॥ (ਪੰਨਾ ੩੪੪)।
ਸਾਫ ਹੋਇਆ ਕਿ ਰੱਬ ਜਾਣੀ ਸਭ ਦਾ ਗੁਰੂ ਹਰ ਇੱਕ ਦੇ ਹਿਰਦੇ
ਵਿੱਚ ਵਸਦਾ ਹੈ ਹਰ ਥਾਂਹ ਹਰ ਜ਼ਰ੍ਰੇ ਜ਼ਰ੍ਰੇ ਵਿੱਚ ਮੌਜ਼ੂਦ ਹੈ -
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ
ਸਮਾਇ॥ (ਪੰਨਾ ੫੩)। ਘਟ ਘਟ ਮੇ ਹਰਿ ਜੂ ਬਸੈ ਦੇ ਬਿਪਰੀਤ – (ਪੰਨਾ ੧੪੨੭)
ਜਾਣੀ ਇਹ ਪੂਰੀ ਕਾਇਨਾਤ ਜਾਂ ਸ੍ਰਿਸ਼ਟੀ ਓਸ ਦਾ ਘਰ ਹੈ। ਇਸ
ਲਈ ਇੱਕ ਇਮਾਰਤ ਨੂੰ ਓਸ ਪ੍ਰਭੂ ਦਾ ਘਰ ਆਖਣਾ ਕਦਈ ਵਾਜਵ ਨਹੀਂ ਸਗੋਂ ਗੁਰਬਾਣੀ ਦੀ ਘੋਰ ਬੇਅਦਬੀ
ਹੈ। ਇਹ ਭੀ ਵਿਚਾਰਨਯੋਗ ਹੈ ਕਿ ਗੁਰੂ ਗ੍ਰੰਥ ਸਹਿਬ ਜੀ ਵਿੱਚ ਦਰਜ਼ ਸ਼ਬਦ ਰੂਪੀ ਗਿਆਨ ਮਨੁੱਖ ਨੂੰ
ਅਧਿਅਤਮਕ ਸੇਧ ਦੇਣ ਵਾਸਤੇ ਹੈ (ਇਸ ਲਈ ਗੁਰਬਾਣੀ ਨੂੰ ਵਿਚਾਰਨਾ ਅਤਿਅੰਤ ਜ਼ਰੂਰੀ ਹੈ) ਨਾਂਹ ਕਿ ਇਸ
ਵਿੱਚ ਵਸੇਬੇ ਲਈ। ਅਗਰ ਅਸੀਂ ਸ਼ਬਦ ਦਾ ਵਾਸਾ ਗੁਰੂ ਗ੍ਰੰਥ ਸਹਿਬ ਵਿੱਚ ਮੰਨ ਲਿਆ ਤਾਂ ਉਹ ਇੱਕ ਬੁੱਤ
ਦੀ ਨਿਆਈਂ ਬਣ ਜਾਣਗੇ ਅਤੇ ਸ਼ਬਦ ਗੁਰੂ ਗਿਆਨ ਦੀ ਵਿਲੱਖਣਤਾ ਖਤਮ ਹੋ ਜਾਏਗੀ, ਜਿਸ ਤੋਂ ਗੁਰਬਾਣੀ
ਸਖ਼ਤੀ ਨਾਲ ਥਾਪਿਆ ਨ ਜਾਇ
ਕੀਤਾ ਨ ਹੋਇ
(ਪੰਨਾ ੨)
ਆਖ ਕੇ ਵਰਜਦੀ ਹੈ।
ਏਕੋ ਸੇਵੀ ਅਵਰੁ ਨ ਦੂਜਾ॥ (ਪੰਨਾ
੧੧੩੬) ਸਿੱਖ ਨੇ ਸਿਰਫ ਇੱਕ ਰੱਬ ਨੂੰ
ਪੂਜਣਾ ਹੈ ਇਸ ਤੋਂ ਇਲਾਵਾ ਹੋਰ ਦੂਜੇ ਨੂੰ ਨਹੀਂ ਕਿਉਂ ਕਿ ਇੱਕ ਤੋਂ ਬਿਨਾਂ ਦੂਜਾ ਤਾਂ ਬੁੱਤ ਹੀ
ਹੈ। ਇਸ ਵਾਸਤੇ ਸਿੱਖ ਨੇ ਗੁਰੂ ਗ੍ਰੰਥ ਸਹਿਬ ਜੀ ਦੀ ਪੂਜਾ ਨਹੀਂ ਕਰਨੀ ਇਸ ਵਿੱਚੋਂ ਸ਼ਬਦ ਰੂਪੀ
ਪਰਚੇ ਦੁਆਰਾ ਗਿਆਨ ਹਾਸਲ ਕਰਨਾ ਹੈ। ਗੁਰੂ ਗ੍ਰੰਥ ਸਹਿਬ ਦੀ ਪੂਜਾ ਕਰਨੀ ਅਗਿਆਨਤਾ ਭਰੀ ਗ਼ਲਤ ਧਾਰਨਾ
ਹੈ ਜੋ ਕਈ ਅਖੌਤੀ ਸੰਤ ਡੇਰੇਦਾਰ ਅਤੇ ਸੰਪਰਦਾਵਾਂ ਆਪਣੇ ਮਾਇਕ ਲਾਭਾਂ ਲਈ ਸਿੱਖ ਸੰਗਤਾਂ ਵਿੱਚ
ਫੈਲਾਅ ਰਹੇ ਹਨ ਜਿਸ ਤੋਂ ਸੁਚੇਤ ਹੋ ਕੇ ਬਚਣ ਦੀ ਲੋੜ ਹੈ ਇਸ ਨੂੰ ਕਹਿੰਦੇ ਹਨ
ਗਿਆਨ ਹੀਣੰ ਅਗਿਆਨ ਪੂਜਾ (ਪੰਨਾ
੧੪੧੨)। ਗੁਰੂ ਗ੍ਰੰਥ ਸਹਿਬ ਪ੍ਰਤੀ ਸਾਡਾ ਸਤਿਕਾਰ
ਸ਼ਬਦ ਗੁਰੂ ਗਿਆਨ ਦਾ ਸੋਮਾ ਹੋਣ ਕਾਰਨ ਹੈ ਸ਼ਬਦ ਰੂਪੀ ਦੇਹ ਕਰਕੇ
ਨਹੀਂ।
ਦੁਆਰਾ ਜਾਂ ਦਵਾਰਾ ਤੋਂ ਭਾਵ ਹੈ ਦਰ, ਰਾਹ, ਰਾਹੀਂ, ਮਾਅਰਫ਼ਤ, ਜ਼ਰੀਏ।
ਇਸ ਤਰਾਂ ਜਿਸ ਰਾਹੀਂ ਅਸੀਂ ਸੱਚਾ ਗਿਆਨ ਹਾਸਲ ਕਰਕੇ ਅਤੇ ਉਸ ਦੀ ਅਗਵਾਈ
ਵਿੱਚ ਅੰਤਮ (ultimate)
ਗੁਰੂ-ਪਰਮੇਸ਼ਰ- ਨੂੰ ਲਭਣ ਲਈ ਰਸਤੇ ਦੀ ਪ੍ਰਾਪਤੀ ਕਰ ਸਕਦੇ ਹਾਂ ਉਹ ਅਸਥਾਨ ਗੁਰਦੁਆਰਾ ਹੋਇਆ -ਗੁਰੂ
ਦੁਆਰੈ ਹੋਇ ਸੋਝੀ ਪਾਇਸੀ॥ (ਪੰਨਾ ੭੩੦) ਨਾਂਹ ਕਿ
ਗੁਰੂਘਰ।
ਗੁਰਬਾਣੀ ਵਿੱਚ ਘਰ ਨੂੰ ਚੂੰਕਿ ਮੰਦਰ ਆਖਿਆ ਗਿਆ ਹੈ
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਪੰਨਾ ੫੨੬)।
ਮੰਦਰ ਨੂੰ ਅੰਗਰੇਜ਼ੀ ਵਿੱਚ
temple ਆਖਦੇ ਹਨ ਜੋ ਹਿੰਦੂਆਂ ਵਲੋਂ ਕਿਸੇ
ਦੇਵੀ/ਦੇਵਤੇ ਦੀ ਮੂਰਤੀ/ਬੁੱਤ ਰੱਖ ਕੇ ਪੂਜਾ ਲਈ ਬਣਾਇਆ ਗਿਆ ਅਸਥਾਨ ਹੁੰਦਾ ਹੈ ਜਾਣੀ ਬੁੱਤ ਪੂਜਾ
ਦਾ ਘਰ। ਜਿਸ ਵਿੱਚ ਧੂਫ ਧੁਖਾਈ ਜਾਂਦੀ ਹੈ, ਆਰਤੀ ਕੀਤੀ ਜਾਂਦੀ ਹੈ, ਟੱਲ ਖੜਕਾਏ ਜਾਂਦੇ ਹਨ,
ਸਧੂਰੀ ਟਿੱਕੇ ਲਾਏ ਜਾਂਦੇ ਹਨ, ਬਲੀ ਦਿੱਤੀ ਜਾਂਦੀ ਹੈ ਅਤੇ ਕਈ ਹੋਰ ਤਰਾਂ ਦੇ ਕਰਮ ਕਾਂਡ ਕੀਤੇ
ਜਾਂਦੇ ਹਨ। ਇਸ ਤਰਾਂ ਜਿਹੜੇ ਲੋਕ ਗੁਰਦੁਆਰੇ ਨੂੰ ਖਿੱਚ ਧੂਹ ਕਰਕੇ ਅਣਜਾਣੇ ਵਿੱਚ ਗੁਰੂਘਰ ਆਖ ਰਹੇ
ਹਨ, ਉਹਨਾਂ ਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ ਤਾਂ ਕਿ ਸਿੱਖੀ ਦਾ ਨਿਰਾਲਾਪਣ ਕਾਇਮ ਰੱਖਿਆ ਜਾ
ਸਕੇ। ਪਰ ਜਿਹੜੇ ਲੋਕ
ਜਾਣ ਬੁਝ ਕੇ ਐਸਾ ਕਰ ਰਹੇ ਹਨ ਉਹ ਕਿਸੇ ਅਜੰਡੇ ਤਹਿਤ ਐਸਾ ਕਰਕੇ ਸਿੱਖਾਂ
ਦੇ ਨਿਆਰੇਪਣ ਨੂੰ ਢਾਅ ਲਾਉਣ ਵਾਲਾ ਆਪਣਾ ਫਰਜ਼ ਹੀ ਪੂਰਾ ਕਰ ਰਹੇ ਹਨ ਤਾਂ ਕਿ ਸਿੱਖਾਂ ਨੂੰ ਹਿੰਦੂ
ਸਾਬਤ ਕਰਨ ਲਈ ਰਾਹ ਪਧਰਾ ਕੀਤਾ ਜਾ ਸਕੇ। ਸਾਫ ਹੈ ਕਿ ਇਸ ਸੋਚ ਪਿੱਛੇ ਉਹਨਾਂ ਲੋਕਾਂ ਦਾ ਹੱਥ ਹੈ
ਜਿਹੜੇ ਹਰ ਆਏ ਦਿਨ ਸਿੱਖ ਹਿੰਦੂਆਂ ਦਾ ਹਿਸਾ ਹਨ ਦੀ ਬੇਸੁਰੀ ਬੀਨ ਵਜਾਅ ਰਹੇ ਹਨ। ਇਸ ਵਾਸਤੇ ਇਸ
ਕਿਸਮ ਦੇ ਲੋਕਾਂ ਤੋਂ ਗੁਰੂ ਕੇ ਸਭ ਸਿੱਖਾਂ ਨੂੰ ਸੁਚੇਤ ਹੋਣ ਦੀ ਅਤਿਅੰਤ ਅਤੇ ਫੌਰੀ ਲੋੜ ਹੈ।
ਇਸਦੇ ਉਲਟ ਗੁਰਦੁਆਰੇ ਵਿੱਚ ਕਿਸੇ ਵੀ ਕਿਸਮ ਦੀ ਮੂਰਤ ਜਾਂ ਮੂਰਤੀ ਨਹੀਂ ਹੁੰਦੀ ਸਿਰਫ ਗੁਰੂ ਗ੍ਰੰਥ
ਸਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਸੰਗਤ ਜੁੜਦੀ ਹੈ, ਕੀਰਤਨ ਹੁੰਦਾ ਹੈ, ਗੁਰਬਾਣੀ ਪੜ੍ਹੀ
ਅਤੇ ਵਿਚਾਰੀ ਜਾਂਦੀ ਹੈ ਜਿਸ ਤੋਂ ਸੇਧ ਲੈ ਕੇ ਆਪਣੇ ਜੀਵਨ ਜਾਚ ਦੀ ਨੁਹਾਰ ਗੁਰਮਤਿ ਅਨੁਸਾਰ ਢਾਲੀ
ਜਾਂਦੀ ਹੈ।
ਹਰ ਇੰਨਸਾਨ ਆਪਣਾ ਘਰ ਸਥਾਪਤ ਕਰਨ ਲਈ ਤਰਾਂ ਤਰਾਂ ਦੇ ਅ੍ਹੌਲ ਪ੍ਹੌਲ ਕਰਦਾ
ਹੈ, ਕਈ ਤਰਾਂ ਦੇ ਰਸਤੇ ਜਾਂ ਢੰਗ ਅਖਤਿਆਰ ਕਰਦਾ ਹੈ। ਜਿਵੇਂ ਉਸਦੀ ਦੀ ਮੰਜ਼ਲ ਹੋਵੇ। ਜਿਸ ਥਾਂਹ ਉਹ
ਟਿਕਾਅ ਜਾਂ ਵਿਸ਼ਰਾਮ ਕਰ ਸਕੇ। ਪਰ ਸਿੱਖ ਵਾਸਤੇ ਅਸਲ ਮੰਜ਼ਲ ਜਾਂ ਘਰ ਗੁਰਬਾਣੀ ਮੁਤਾਬਿਕ ਪਰਮੇਸ਼ਰ
ਨਾਲ ਮਿਲਾਪ ਹੈ - ਗੋਬਿੰਦ
ਮਿਲਣ ਕੀ ਇਹ ਤੇਰੀ ਬਰੀਆ (ਪੰਨਾ ੧੨)। ਸੋ ਘਰ
ਇੱਕ ਤਰਾਂ ਦਾ ਟਿਕਾ ਮੁਹਈਆ ਕਰਦਾ ਹੈ ਦੂਸਰੇ ਲਫਜਾਂ ਵਿੱਚ ਇਸ ਨੂੰ ਖੜੋਤ ਵੀ ਆਖ ਸਕਦੇ ਹਾਂ। ਪਰ
ਸਿੱਖ ਨੇ ਤਾਂ ਗੁਰਦੁਆਰੇ ਆ ਕੇ ਏਥੇ ਟਿਕਾ ਨਹੀਂ ਕਰਨਾ ਭਾਵ ਖੜੋਤ ਵਿੱਚ ਨਹੀਂ ਆਉਣਾ ਸਗੋਂ ਏਥੋਂ
ਸ਼ਬਦ ਗੁਰੂ ਦਾ ਗਿਆਨ ਰੂਪੀ ਪੱਲਾ ਫੜ ਕੇ ਅੱਗੇ (ਅਗਾਹਾ
ਕੂ ਤ੍ਰਾਘਿ ਪੰਨਾ ੧੦੯੬) ਪ੍ਰਮਾਤਮਾ ਦੇ ਰਸਤੇ ਦਾ
ਪਾਂਧੀ ਬਣਨਾ ਹੈ। ਇਸ ਤੋਂ ਇਹ ਸਾਬਤ ਹੋਇਆ ਕਿ ਗੁਰਦੁਆਰੇ ਨੂੰ ਗੁਰੂਘਰ ਜਾਣੀ ਠਹਿਰਾ ਜਾਂ ਖੜੋਤ ਦਾ
ਨਾਮ ਦੇਣਾ ਹਰਗਿਜ਼ ਦਰੁਸਤ ਨਹੀਂ।
ਇਹ ਭੀ ਦੇਖਣ ਅਤੇ ਸੁਣਨ ਵਿੱਚ ਅਇਆ ਹੈ ਕਿ ਕਈ ਗੁਰਦੁਆਰਿਆਂ ਨੂੰ ਮੰਦਰ ਦਾ
ਨਾਮ ਦਿੱਤਾ ਹੋਇਆ ਹੈ ਜਿਵੇਂ ਫਲਾਨਾ ਜਾਂ ਫਲਾਨਾ ਸਿੱਖ ਟੈਂਮਪਲ ਜੋ ਕਿ ਤਕਨੀਕੀ ਤੌਰ ਤੇ ਗ਼ਲਤ ਹੀ
ਨਹੀਂ ਸਿੱਖੀ ਦੀ ਵੱਖਰੀ ਪਹਿਚਾਣ ਦਾ ਕਤਲ ਹੈ, ਅਤੇ ਸਿੱਖਾਂ ਦੇ ਧਰਮ ਅਸਥਾਨ ਨੂੰ ਇੱਕ ਤਰਾਂ
ਹਿੰਦੂਮੰਦਰ ਦਰਸੌਣ ਦੀ ਕੋਝੀ ਤੇ ਕਮੀਨੀ ਚਾਲ ਹੈ ਜਿਸ ਵਿੱਚੋਂ ਸਿੱਖਾਂ ਨੂੰ ਹਿੰਦੂਆਂ ਦਾ ਹਿਸਾ
ਦਰਸੌਣ ਦੀ ਬਦਬੂਅ ਅਤੇ ਸੜ੍ਹਿਆਂਦ ਆਉਂਦੀ ਹੈ। ਜਿਸ ਇਮਾਰਤ ਵਿੱਚ ਗੁਰੂ ਗ੍ਰੰਥ ਸਹਿਬ ਜੀ ਦਾ
ਪ੍ਰਕਾਸ਼ ਹੋਵੇ, ਗੁਰਬਾਣੀ ਦੇ ਕੀਰਤਨ ਅਤੇ ਵਿਆਖਿਆ ਦੇ ਪ੍ਰਵਾਹ ਮਨ ਦੀ ਤ੍ਰਿਪਤੀ ਲਈ ਚਲਦੇ ਰਹਿਣ,
ਗੁਰੂ ਕਾ ਲੰਗਰ ਤਨ ਦੀ ਭੁਖ ਮਟਾਉਣ ਲਈ ਚਲਦਾ ਰਹੇ, ਦੂਰੋਂ ਦਿਖਾਈ ਦੇਣ ਵਾਲਾ ਖ਼ਾਲਸਾਈ ਨਿਸ਼ਾਨ ਸਹਿਬ
ਝੁਲਦਾ ਰਹੇ, ਉਸ ਨੂੰ ਮੂਲ ਰੂਪ ਵਿੱਚ ਗੁਰਦੁਆਰਾ ਹੀ ਕਿਹਾ ਜਾਂਦਾ ਹੈ ਨਾਂਹ ਕਿ ਗੁਰੂਘਰ। ਜੋ ਗੁਰੂ
ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਹੋਣ ਕਰਕੇ ਅਧਿਆਤਮਕ ਸੇਧ ਦੇਣ ਜਾਂ ਬ੍ਰਹਮ ਗਿਆਨ ਪ੍ਰਾਪਤੀ ਦਾ ਸੋਮਾ
ਹੈ। ਯਾਦ ਰਹੇ ਕਿ ਗੁਰੂ ਦਰਬਾਰ ਵਿੱਚ ਸ਼ਬਦ ਗੁਰੂ -ਗੁਰੂ ਗ੍ਰੰਥ ਸਹਿਬ ਜੀ- ਦੇ ਪ੍ਰਕਾਸ਼ ਤੋਂ ਸਿਵਾ
ਕਿਸੇ ਵੀ ਤਰਾਂ ਦੀ ਫੋਟੋ ਜਾਂ ਮੂਰਤੀ ਨਹੀਂ ਹੋਣੀ ਚਾਹੀਦੀ। ਕਿਉਂ ਕਿ ਗੁਰਬਾਣੀ ਦਾ ਸਿਧਾਂਤ ਬੁੱਤ
ਸ਼ਿਕਨ ਹੈ ਭਾਵ ਬੁੱਤ/ਮੂਰਤੀ ਪੂਜਾ ਦਾ ਖੰਡਨ ਕਰਨ ਵਾਲਾ ਤੀਸਰ ਪੰਥ -ਸਾਰੀ ਸ੍ਰਿਸ਼ਟੀ ਦਾ ਭਲਾ ਮੰਗਣ
ਵਾਲਾ- ਜੋ ਸਾਰੇ ਸਾਮੀ (ਯਹੂਦੀ, ਇਸਾਈ ਤੇ ਇਸਲਾਮ) ਧਰਮਾਂ ਅਤੇ ਹਿੰਦੂ ਮੱਤਾਂ (ਸਨਾਤਨ, ਵੈਸ਼ਨਵ,
ਸਾਕਤ, ਆਰੀਆ, ਜੈਨ, ਜੋਗੀ, ਸਿਧ ਆਦਿ) ਤੋਂ ਬਿਲਕੁਲ ਨਿਵੇਕਲਾ ਹੈ। ਇਸ ਕਰਕੇ ਗੁਰਦੁਆਰੇ ਨੂੰ
ਗੁਰੂਘਰ ਆਖਣਾ ਬਿਲਕੁਲ ਹੀ ਗ਼ਲਤ ਧਾਰਨਾ ਹੈ ਅਤੇ ਅਣਭੋਲ ਸਿੱਖਾਂ ਨੂੰ ਸਿੱਖ-ਦੋਖੀਆਂ ਵਲੋਂ ਗੁਮਰਾਹ
ਕਰਨ ਦੀ ਇਲੱਤੀ ਸੋਚ ਹੈ ਅਤੇ ਸਿੱਖੀ ਦੀ ਹੋਂਦ ਖਤਮ ਕਰਨ ਦੀ ਨਾਪਾਕ ਸਾਜ਼ਿਸ਼।
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ
ਥਾਉ॥ (ਪੰਨਾ ੧੨੮੮)।
ਨਿਰਭੈ ਸਿੰਘ
|
. |