.

ਜਨਮ ਮਰਣ ਦਾ ਵਿਸ਼ਾ

ਸਿੱਖ ਧਰਮ ਬਨਾਮ ਬ੍ਰਾਹਮਣ ਮੱਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ ੧੯੫੬

ਜਿਨ੍ਹਾਂ ਦੇ ਇਹ ਵਿਸ਼ਵਾਸ ਹਨ ਉਹ ਜੰਮ ਜੰਮ ਕਰਣ ਪਰ ਜਿਹੜੇ ਆਪਣੇ ਆਪ ਨੂੰ ‘ਗੁਰੂ ਕੀਆਂ ਸੰਗਤਾਂ’ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਮੰਣਦੇ ਹਨ ਉਹਨਾਂ ਦੀ ਸੇਵਾ `ਚ ਬੇਨਤੀ ਹੈ ਕਿ ਉਹ ਇਸ ਪੱਖੋਂ ਕੁੱਝ ਸੁਚੇਤ ਹੋ ਕੇ ਚਲਣ। ਗੁਰਬਾਣੀ `ਚ ਲਫ਼ਜ਼ ਨਰਕ-ਸੁਰਗ ਇੱਕ ਵਾਰ ਨਹੀਂ, ਅਨੇਕਾਂ ਵਾਰ ਆਇਆ ਹੈ ਪਰ ਕਿਸ, ਕਿਸ ਅਰਥ `ਚ? ਇਸ ਪੱਖੋਂ ਗੁਰਮਤਿ ਅਰਥਾਂ ਦਾ ਤੇ ਬ੍ਰਾਹਮਣ ਮੱਤ ਦੇ ਅਰਥਾਂ `ਚ ਦਿਨ ਤੇ ਰਾਤ ਦਾ ਫ਼ਰਕ ਹੈ ਜਿਸ ਨੂੰ ਸਮਝਣਾ ਜ਼ਰੂਰੀ ਹੈ।

ਬ੍ਰਾਹਮਣੀ ਵਿਚਾਰਧਾਰਾ ਮੁਤਾਬਕ ਮਨੁੱਖ, ਮਰਣ ਤੋਂ ਬਾਅਦ ਦੱਸੇ ਜਾਂਦੇ ਕਿਸੇ ਸੁਰਗ ਜਾਂ ਨਰਕ `ਚ ਜਾਂਦਾ ਹੈ। ਲਗਭਗ ਉਹੀ ਸੁਰਗ-ਨਰਕ ਜਿਸ ਨੂੰ ਦੂਜਿਆਂ ਨੇ ਵੀ ‘ਹੈਵਨ-ਹੈਲ’ ਜਾਂ ‘ਬਹਿਸ਼ਤ-ਦੋਜ਼ਖ’ ਆਦਿ ਕਿਹਾ ਹੈ। ਜਦਕਿ ਗੁਰਮਤਿ ਅਜਿਹੇ ਕਿਸੇ ਵੀ ਸੁਰਗ-ਨਰਕ, ‘ਹੈਵਨ-ਹੈਲ’ ਤੇ ‘ਬਹਿਸ਼ਤ-ਦੋਜ਼ਖ’ ਆਦਿ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ। ਬਲਕਿ ਗੁਰਮਤਿ ਇਸ ਪੱਖੋਂ, ਬ੍ਰਾਹਮਣ ਸਮੇਤ ਸੰਸਾਰ ਭਰ ਦੀ ਕਿਸੇ ਵੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਗੁਰਮਤਿ ਵਿਚਾਰਧਾਰਾ ਬਿਲਕੁਲ ਨਿਵੇਕਲੀ, ਦਲੀਲ ਭਰਪੂਰ ਤੇ ਭਿੰਨ ਹੈ। ਫ਼ਿਰ ਵੀ ਜਨਮ-ਮਰਣ ਦੇ ਵਿਸ਼ੇ ਤੱਕ ਸੀਮਿਤ ਹੋ ਕੇ, ਇਥੇ ਅਸਾਂ ਕੇਵਲ ਗੁਰਮਤਿ ਤੇ ਬ੍ਰਾਹਮਣ ਮੱਤ ਦੇ ਆਪਸੀ ਫ਼ਰਕ ਨੂੰ ਹੀ ਸਮਝਣਾ ਹੈ।

ਇਹ ਉਹ ਵਿਸ਼ਾ ਹੈ ਜਿਥੋਂ ਕਿ ਅੱਜ ‘ਗੁਰੂ ਕੀਆਂ ਸੰਗਤਾਂ’ ਬਹੁਤਾ ਕਰਕੇ ਗੁਮਰਾਹ ਹੋ ਰਹੀਆਂ ਹਨ। ਉਸ ਸਾਰੇ ਦਾ ਮੁੱਖ ਕਾਰਨ ਵੀ ਹੈ ਤੇ ਗੁਰੂ ਕੀਆਂ ਸੰਗਤਾਂ ਲਈ ਇਸ ਦਾ ਸਮਝਣਾ ਜ਼ਰੂਰੀ ਵੀ ਹੈ। ਇਸ ਲਈ, ਕਿਉਂਕਿ ਸਿੱਖ ਦਾ ਜਨਮ, ਬਹੁਤਾ ਕਰਕੇ ਬ੍ਰਾਹਮਣੀ ਘੇਰੇ `ਚ ਹੀ ਹੋਇਆ ਹੈ। ਉਪ੍ਰੰਤ ਜਦੌਂ ਜਦੋਂ ਵੀ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ `ਚ ਘਾਟ ਜਾਂ ਵਿਗਾੜ ਆਉਂਦਾ ਹੈ ਤਾਂ ਬਹੁਤੇ ਸਿੱਖ ਬਹੁਤ ਜਲਦੀ ਅਤੇ ਮੁੜ-ਤੁੜ ਕੇ ਬ੍ਰਾਹਮਣੀ ਵਿਸ਼ਵਾਸਾਂ `ਤੇ ਹੀ ਆਪਣੀ ਪਕੜ ਬਣਾ ਲੈਂਦੇ ਹਨ।

“ਹਉ ਵਿਚਿ ਨਰਕਿ ਸੁਰਗਿ ਅਵਤਾਰੁ” - ਬ੍ਰਾਹਮਣ ਅਨੁਸਾਰ ਇਨਸਾਨ ਮੌਤ ਤੋਂ ਬਾਅਦ, ਉਸ ਰਾਹੀਂ ਦੱਸੇ ਸੁਰਗ ਜਾਂ ਨਰਕ `ਚ ਜਾਂਦਾ ਹੈ। ਦੂਜੇ ਪਾਸੇ, ਗੁਰਮਤਿ ਅਨੁਸਾਰ ਮਨੁੱਖ, ਅਜਿਹੇ ਕਿਸੇ ਵੀ ਸੁਰਗ-ਨਰਕ `ਚ ਨਹੀਂ ਜਾਂਦਾ ਬਲਕਿ ਸੁਰਗ-ਨਰਕ `ਚ ਜਨਮ ਲੈਂਦਾ ਹੈ। ਸਪਸ਼ਟ ਹੈ ਕਿ ਗੁਰਮਤਿ ਦਾ ਸੁਰਗ-ਨਰਕ ਬ੍ਰਾਹਮਣੀ ਨਹੀਂ ਉਸ ਤੋਂ ਵੱਖਰੇ ਹਨ। ਗੁਰਮਤਿ ਅਨੁਸਾਰ ਤਾਂ ਉਸ ਸੁਰਗ-ਨਰਕ `ਚ ਵੀ ਸਾਰੇ ਨਹੀਂ, ਕੇਵਲ ਮਨਮੁਖ ਹੀ ਜਨਮ ਲੈਂਦੇ ਹਨ। “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਜਿਸ ਦਾ ਮਤਲਬ ਹੈ ਹਉਮੈ ਅਧੀਨ ਕੀਤੇ ਚੰਗੇ ਜਾਂ ਮਾੜੇ ਕਰਮਾ ਕਾਰਨ ਅਸਫ਼ਲ ਜੀਵਨ ਹੀ ਬਾਰ-ਬਾਰ ਦੇ ਜਨਮ-ਮਰਣ ਵਾਲੇ ਗੇੜ੍ਹ `ਚ ਪੈਂਦੇ ਹਨ। ਜਨਮ-ਮਰਣ ਦੇ ਗੇੜ੍ਹ `ਚ ਹੀ ਫ਼ਸੇ ਰਹਿੰਦੇ ਹਨ। ਗੁਰਮਤਿ ਅਨੁਸਾਰ ਗੁਰਮੁਖ ਭਾਵ ਸਫ਼ਲ ਜੀਵਨ ਤਾਂ ਕਰਤੇ `ਚ ਹੀ ਅਭੇਦ ਹੋ ਜਾਂਦੇ ਹਨ ਤੇ ਮੁੜ ਜਨਮ-ਮਰਣ ਦੇ ਗੇੜ੍ਹ `ਚ ਆਉਂਦੇ ਹੀ ਨਹੀਂ।

ਦੂਜੇ ਪਾਸੇ ਬ੍ਰਾਹਮਣ ਮੱਤ `ਚ, ਜੀਵਨ ਦੀ ਸਫ਼ਲਤਾ ਤੇ ਪ੍ਰਭੂ `ਚ ਅਭੇਦ ਹੋਣ ਵਾਲਾ ਵਿਸ਼ਾ ਹੈ ਹੀ ਨਹੀਂ। ਉਥੇ ਤਾਂ ਜਦ ਤੱਕ ਅਗਲਾ ਸਰੀਰ ਨਾ ਮਿਲੇ ਜੀਵ ਰੂਹਾਂ-ਬਦਰੂਹਾਂ ਤੇ ਭੂਤਾਂ ਪ੍ਰੇਤਾਂ ਦੀਆਂ ਜੂਨਾਂ `ਚ ਹੀ ਪਿਆ ਰਹਿੰਦਾ ਹੈ। ਜਦਕਿ ਗੁਰਮਤਿ ਇਹਨਾ ਜੂਨਾਂ ਦੀ ਹੋਂਦ `ਚ ਹੀ ਵਿਸ਼ਵਾਸ ਨਹੀਂ ਰਖਦੀ। ਇਸ ਤਰ੍ਹਾਂ, ਇਸ ਪੱਖੋਂ ਗੁਰਮਤਿ ਤੇ ਬ੍ਰਾਹਮਣ ਮੱਤ, ਦੋਨਾਂ `ਚ ਜ਼ਮੀਨ ਤੇ ਅਸਮਾਨ ਦਾ ਫ਼ਰਕ ਹੈ। ਗੁਰਮਤਿ `ਚ ਮਰਣ ਤੋਂ ਬਾਅਦ ਕਿਸੇ ਸੁਰਗ ਜਾਂ ਨਰਕ `ਚ ਜਾਣ ਦੀ ਗੱਲ ਹੈ ਹੀ ਨਹੀਂ। ਗੁਰਮਤਿ ਅਨੁਸਾਰ ਕੇਵਲ ਅਸਫ਼ਲ ਜੀਵਨ ਹੀ ਜਨਮਾਂ ਦੇ ਗੇੜ੍ਹ `ਚ ਪੈਂਦੇ ਹਨ ਸਫ਼ਲ ਜੀਵਨ ਨਹੀਂ। ਇਸ ਤਰ੍ਹਾਂ, ਮਨੁੱਖਾ ਜਨਮ ਲੈ ਕੇ ਵੀ ਮੁੜ ਜਨਮਾਂ ਦੇ ਗੇੜ੍ਹ `ਚ ਪੈਣਾ ਹੀ ਅਸਲ `ਚ ਨਰਕ ਦਾ ਵਾਸੀ ਹੋਣਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਰਤੇ ਦੇ ਨਿਆਂ `ਚ ਅੱਜ ਅਸੀਂ ਵੀ, ਨਰਕ ਹੀ ਭੁਗਤਾਅ ਰਹੇ ਹਾਂ। ਇਸ ਨਰਕ `ਚ ਜੀਵ ਆਪਣੇ ਕਰਮਾ ਅਨੁਸਾਰ ਮਨੁੱਖਾ ਜੂਨ ਸਮੇਤ ਅਉਖੇ ਜਾਂ ਸੌਖੇ ਭਿੰਨ ਭਿੰਨ ਸਰੀਰ ਭੋਗਦਾ ਹੈ। ਉਪ੍ਰੰਤ ਉਸ ਦਾ ਸੌਖੇ ਹੋਣਾ ਹੀ ਸੁਰਗਾਂ ਦਾ ਵਾਸੀ ਹੋਣਾ ਹੈ। ਇਸ ਦੇ ਉਲਟ, ਜਨਮ-ਮਰਣ ਦੇ ਗੇੜ੍ਹ `ਚ ਪਏ ਹੋ ਕੇ ਦੁਖਾਂ ਤੇ ਜ਼ਲਾਲਤ ਭਰੀ ਜ਼ਿੰਦਗੀ ਦਾ ਬਤੀਤ ਕਰਣਾ ਹੀ ਨਰਕ ‘ਤੋਂ ਵੀ ਵੱਡੇ ਨਰਕ ਦਾ ਭੋਗਣਾ ਹੈ।

ਗੁਰਮਤਿ ਅਨੁਸਾਰ ਸੁਰਗ/ਨਰਕ `ਚ ਜਾਣਾ ਨਹੀਂ, ਜਨਮ ਲੈਣਾ ਹੈ? “ਲੇਖਾ ਹੋਇ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ(ਬਾਣੀ ਜਪੁ) ਇਸ ਲਈ ਪ੍ਰਭੂ ਦੀ ਰਚਨਾ ਦਾ ਪਾਰਾਵਾਰ ਨਹੀਂ। ਫ਼ਿਰ ਵੀ ਜਿਸ ਸੰਸਾਰ `ਚ ਅਸੀਂ ਵਿਚਰ ਰਹੇ ਹਾਂ ਉਥੇ ਨਿੱਤ ਦੇਖਦੇ ਹਾਂ ਕਿ ਸਾਰਿਆਂ ਦਾ ਜੀਵਨ ਪੱਧਰ ਇਕੋ ਜਿਹਾ ਨਹੀਂ ਹੁੰਦਾ। ਉਹ ਵੀ ਹੁੰਦੇ ਹਨ ਜੋ ਅਰਬਾਂ-ਖਰਬਾਂ `ਚ ਖੇਡਦੇ ਹਨ ਤੇ ਉਹ ਵੀ ਹਨ ਜਿਹੜੇ ਦੂਜੇ ਡੰਗ ਦੀ ਰੋਟੀ ਤੋਂ ਵੀ ਅਵਾਜ਼ਾਰ ਹਨ। ਇੱਕ ਹਨ, ਜਿਨ੍ਹਾਂ ਨੂੰ ਬਿਨਾ ਮੇਹਣਤ, ਬੈਠੇ-ਬਿਠਾਏ ਸੰਸਾਰ ਦੇ ਸੁਖ-ਆਰਾਮ ਪ੍ਰਾਪਤ ਹਨ। ਦੂਜੇ ਹੁੰਦੇ ਹਨ, ਜੋ ਔਖੀ ਜ਼ਲਾਲਤ ਤੇ ਤਕਲੀਫ਼ਾਂ ਭਰੀ ਜ਼ਿੰਦਗੀ ਬਤੀਤ ਕਰਦੇ ਹਨ। ਇਹੀ ਗੱਲ ਹਰੇਕ ਜੂਨ `ਤੇ ਵੀ ਲਾਗੂ ਹੁੰਦੀ ਹੈ। ਇਸ ਸਾਰੇ ਦਾ ਮੂਲ ਇੱਕੋ ਹੈ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ)। ਇਸੇ ਤਰ੍ਹਾਂ “ਨਾਨਕ ਅੰਤ ਨ ਜਾਪਨੀੑ ਹਰਿ ਤਾ ਕੇ ਪਾਰਾਵਾਰ॥ ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ॥ ਇਕਨਾੑ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ (ਪੰ: ੪੭੫) ਤਾਂ ਫ਼ਿਰ ਇਹ ਸਭ ਕੀ ਹੈ? ਦੋਵੇਂ ਮਨੁੱਖ ਹਨ, ਫ਼ਿਰ ਵੀ “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨੀੑ ਦੁਧੁ ਸਮਾਈਐ ਇਕਿ ਚੁਲੈੑ ਰਹਨਿੑ ਚੜੇਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ” (ਪੰ: ੪੭੫) ਵਿਰੋਧੀ ਜੀਵਨ ਜੀਅ ਰਹੇ ਹਨ ਤਾਂ ਕਿਉਂ? ਫ਼ਿਰ ਕੇਵਲ ਇਹ ਦੋ ਵਿਰੋਧੀ ਜੀਵਨ ਹੀ ਨਹੀਂ ਬਲਕਿ ਇਹਨਾ ਦੁਖਾਂ-ਸੁਖਾਂ ਤੇ ਔਖੇ ਜਾਂ ਸੌਖੇ ਜੀਵਨ ਦੇ ਅੱਗੋਂ ਹੋਰ ਵੀ ਅਨੇਕਾਂ ਰੰਗ ਹਨ।

ਸਰੀਰਾਂ ਦੇ ਦੁਖ ਸੁਖ ਤੇ ਜੂਨੀਆਂ- ਔਖੀ ਜਾਂ ਸ਼ੌਖੀ ਜ਼ਿੰਦਗੀ ਵਾਲਾ ਫ਼ਰਕ ਕੇਵਲ ਮਨੁੱਖ ਜੂਨ `ਚ ਹੀ ਨਹੀਂ, ਬਲਕਿ ਹਰੇਕ ਜੂਨ `ਚ ਹੁੰਦਾ ਹੈ। ਮਿਸਾਲ ਵਜੋਂ, ਇੱਕ ਕੁੱਤਾ ਗੱਡੀਆਂ-ਜਹਾਜ਼ਾਂ ਦੀਆਂ ਸੈਰਾਂ ਕਰ ਰਿਹਾ ਹੈ, ਉਸ ਦੀ ਹਰ ਸਮੇਂ ਡਾਕਟਰੀ ਹੋ ਰਹੀ ਹੈ, ਉਸ ਨੂੰ ਸਮੇਂ ਨਾਲ ਖ਼ੁਰਾਕ ਮਿਲਦੀ ਹੈ। ਉਪ੍ਰੰਤ ਦੂਜਾ ਵੀ ਕੁੱਤਾ ਹੈ ਜੋ ਚਿੱਚੜਾਂ ਦਾ ਮਾਰਿਆ, ਪਾਣੀ ਤੇ ਰੋਟੀ ਦੇ ਟੁੱਕੜ ਲਈ ਵੀ ਪ੍ਰੇਸ਼ਾਨ, ਜ਼ਿੰਦਗੀ ਦੇ ਸੁਆਸ ਪੂਰੇ ਕਰਣ ਲਈ ਮਜਬੂਰ ਹੈ। ਇਸੇ ਤਰ੍ਹਾਂ ਇੱਕ ਪੌਦੇ ਦਾ ਬੀਜ ਅਜਿਹੀ ਜਗ੍ਹਾ ਤੇ ਪਿਆ ਹੈ ਕਿ ਜਿੱਥੇ ਉਸ ਨੂੰ ਸਮੇਂ ਨਾਲ ਧੁੱਪ, ਹਵਾ, ਖਾਦ, ਸਭ ਮਿਲ ਰਹੀ ਹੈ ਤੇ ਦੂਜਾ ਵੀ ਪੌਦਾ ਹੈ, ਜਿਸ ਨੂੰ ਨਾ ਧੁੱਪ ਮਿਲਦੀ ਹੈ, ਨਾ ਲੋੜੀਂਦੀ ਹਵਾ, ਨਾ ਖਾਦ। ਇਸ ਤਰ੍ਹਾਂ ਜੀਵਨ ਭਰ ਸੜ-ਸੁੱਕ ਕੇ ਮੁੱਕ ਜਾਂਦਾ ਹੈ, ਤਾਂ ਕਿਉਂ? ਦਰ ਅਸਲ ਇਹੀ ਹੈ ਗੁਰਬਾਣੀ ਅਨੁਸਾਰ ਜੀਵ ਦਾ ਸੁਰਗ ਜਾਂ ਨਰਕ `ਚ ਅਵਤਾਰ ਤੇ ਜਨਮ ਲੈਣਾ। ਉਂਜ ਇਹ ਵਿਸ਼ਾ ਗੁਰਮਤਿ ਪਾਠ ਨੰ: ੮੧ “ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ” `ਚ ਵੇਰਵੇ ਨਾਲ ਲਿਆ ਜਾ ਚੁੱਕਾ ਹੈ।

ਮਨੁੱਖਾ ਜਨਮ ਸਮੇਤ ਜੀਵ ਦਾ ਜਨਮ-ਮਰਣ ਦੇ ਗੇੜ੍ਹ `ਚ ਪਏ ਹੋਣਾ ਤੇ ਕੀਤੇ ਕਰਮਾਂ ਅਨੁਸਾਰ ਔਖੇ ਜਾਂ ਸੌਖੇ ਜਨਮ ਭੁਗਤਾਉਣੇ ਹੀ ਜਨਮ ਮਰਣ ਦਾ ਗੇੜ੍ਹ, ੳੇੁਪ੍ਰੰਤ ਨਰਕ ਜਾਂ ਸੁਰਗ ਦਾ ਵਾਸੀ ਹੋਣਾ ਹੈ। ਇਸ ਸਾਰੇ ਦਾ ਮੂਲ ਹੈ “ਜੋ ਮਰਿ ਜੰਮੇ ਸੁ ਕਚੁ ਨਿਕਚੁਅਥਵਾਹਾਰਿ ਗਏ ਸਿ ਠਗਣ ਵਾਲਿਆ” (ਪੰ: ੪੬੩) ਇਸ ਤਰ੍ਹਾਂ ਵਿਸ਼ੇ ਸਬੰਧੀ ਕੁੱਝ ਹੋਰ ਪ੍ਰਮਾਣ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ, ਸਗਲੇ ਬਿਰਥਾਰੇ॥ ਅਨਿਕ ਤਪਸਿਆ, ਕਰੇ ਅਹੰਕਾਰ॥ ਨਰਕ ਸੁਰਗ, ਫਿਰਿ ਫਿਰਿ ਅਵਤਾਰ” (ਪੰ: ੨੭੮) ਜਾਂ “ਮੇਰੀ ਮੇਰੀ ਧਾਰਿ ਬੰਧਨਿ ਬੰਧਿਆ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ” (ਪੰ: ੭੬੧) ਹੋਰ ਲਵੋ “ਹੋਮ ਜਗ ਤੀਰਥ ਕੀਏ, ਬਿਚਿ ਹਉਮੈ ਬਧੇ ਬਿਕਾਰ॥ ਨਰਕੁ ਸੁਰਗੁ ਦੁਇ ਭੁੰਚਨਾ, ਹੋਇ ਬਹੁਰਿ ਬਹੁਰਿ ਅਵਤਾਰ” (ਪੰ: ੨੬੧) ਭਾਵ ਮਨੁੱਖ ਸਮੇਤ ਜਨਮ-ਮਰਣ ਦੇ ਗੇੜ `ਚ ਫ਼ਸੇ ਹੋਣਾ। ਉਪ੍ਰੰਤ ਭਿੰਨ ਭਿੰਨ ਸਰੀਰਾਂ ਰਾਹੀਂ ਔਖੇ ਤੇ ਸੌਖੇ ਜਨਮ ਭੁਗਤਾਉਣਾ ਹੀ ਸੁਰਗ-ਨਰਕ ਦਾ ਵਾਸੀ ਹੋਣਾ ਹੈ।

ਮਨੁੱਖਾ ਜੀਵਨ ਦੇ ਦੋ ਪੱਖ- ਜਨਮ ਮਰਣ ਦੇ ਗੇੜ੍ਹ `ਚ ਹੁੰਦੇ ਹੋਏ ਵੀ ਮਨੁੱਖਾ ਜਨਮ ਦੀ ਵਿਸ਼ੇਸ਼ਤਾ ਹੈਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ(ਪੰ: ੧੨) ਭਾਵ ਇਸ ਜੀਵਨ ਦੇ ਵੀ ਦੋ ਪੱਖ ਹਨ- ਸਫ਼ਲ ਤੇ ਅਸਫ਼ਲ ਜੀਵਨ। ਜਦਕਿ, ਮਨੁੱਖਾ ਜੂਨ ਤੋਂ ਸਿਵਾ ਇਹ ਵਿਸ਼ਾ ਹੋਰ ਕਿਸੇ ਵੀ ਜੂਨ `ਤੇ ਲਾਗੂ ਨਹੀਂ ਹੁੰਦਾ। ਕੇਵਲ ਮਨੁੱਖ ਹੀ ਹੈ, ਜੋ ਸੰਸਾਰਕ ਤੌਰ `ਤੇ ਗ਼ਰੀਬ ਜਾਂ ਅਨਪੜ੍ਹ ਤਾਂ ਹੈ ਪਰ ਰਹਿਣੀ-ਸੁਭਾਅ ਕਰਕੇ ਪ੍ਰਭੂ `ਚ ਇੱਕ-ਮਿਕ ਹੋ ਸਕਦਾ ਹੈ। ਇਸ ਲਈ ਉਹ ਗ਼ਰੀਬ ਹੁੰਦਾ ਹੋਇਆ ਵੀ ਸਫ਼ਲ ਜੀਵਨ ਹੈ ਤੇ ਸਰੀਰਕ ਮੌਤ ਬਾਅਦ ਵੀ ਜਨਮ-ਮਰਣ ਦੇ ਗੇੜ੍ਹ `ਚ ਨਹੀਂ ਪੈਂਦਾ। ਦੂਜੇ ਪਾਸੇ, ਪੜ੍ਹਿਆ-ਲਿਖਿਆ, ਐਸ਼ੋ-ਆਰਾਮ ਦੀ ਜ਼ਿੰਦਗੀ, ਉੱਚੇ ਪਦਾਂ ਦਾ ਮਾਲਕ ਵੀ ਮਨੁੱਖ ਹੀ ਹੈ। ਫ਼ਿਰ ਵੀ ਜ਼ਰੂਰੀ ਨਹੀਂ ਕਿ ਉਹ ਪ੍ਰਭੂ ਪਿਆਰਾ ਵੀ ਜ਼ਰੂਰ ਹੋਵੇ। ਹੋ ਸਕਦਾ ਹੈ ਉਸ ਦੀ ਹਾਲਤ, “ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ॥ ਜਰੁ ਆਈ ਜੋਬਨਿ ਹਾਰਿਆ” (ਪੰ: ੪੭੨) ਵਾਲੀ ਹੋਵੇ। ਉਸ ਦਾ ਜੀਵਨ ਪ੍ਰਭੂ ਤੋਂ ਟੁੱਟਾ ਹੋਇਆ, ਮਨਮੱਤਾਂ, ਦੁਰਮੱਤਾਂ, ਹੂੜਮੱਤਾਂ, ਵਿਭਚਾਰ ਤੇ ਗੁਣਾਹਾਂ ਨਾਲ ਭਰਿਆ ਹੋਵੇ। ਜੇ ਇਨਾਂ ਨਹੀਂ, ਤਾਂ ਵੀ ਸੱਚ ਦੇ ਮਾਰਗ ਤੋਂ ਕੁਰਾਹੇ ਪਿਆ ਕਰਮਕਾਂਡੀ ਜੀਵਨ ਹੀ ਬਤੀਤ ਕਰ ਰਿਹਾ ਹੋਵੇ। ਗੁਰਮਤਿ ਅਨੁਸਾਰ ਅਜਿਹੇ ਮਨੁੱਖ, ਅਸਫ਼ਲ ਜੀਵਨ ਹੁੰਦੇ ਹਨ ਤੇ ਮੌਤ ਤੋਂ ਬਾਅਦ ਮੁੜ੍ਹ ਜਨਮ-ਮਰਣ ਦੇ ਗੇੜ੍ਹ `ਚ ਹੀ ਪੈਂਦੇ ਹਨ। ਕਿਉਂਕਿ ਉਸ ਦੇ ਨਿਆਂ `ਚ ਤਾਂ “ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ” (ਪੰ: ੪੭੫) ਵਾਲਾ ਹੀ ਲੇਖਾ ਹੈ।

ਜਦਕਿ ਬਾਕੀ ਜੂਨੀਆਂ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮੰਦੇ ਕਰਮਾਂ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ, ਇਸ ਤੋਂ ਵੱਧ ਨਹੀਂ। ਮਨੁੱਖ ਤੋਂ ਇਲਾਵਾ ਬਾਕੀ ਜੂਨੀਆਂ ਜੀਵਨ ਭਰ ਆਪਣੀਆਂ ਵੱਖ ਵੱਖ ਸਰੀਰ ਰੂਪ ਕੋਠਰੀਆਂ (Cells) `ਚ ਹੀ ਬੰਦ ਰਹਿੰਦੀਆਂ ਹਨ, ਟੱਸ ਤੋਂ ਮਸ ਨਹੀਂ ਹੋ ਸਕਦੀਆਂ।

ਮਨੁੱਖਾ ਜੂਨ ਦੇ ਸੁਰਗ ਤੇ ਨਰਕ ਵਾਲੇ ਇਨਾਂ ਦੋਨਾਂ ਪੱਖਾਂ ਨੂੰ ਸਪਸ਼ਟ ਕਰਣ ਲਈ ਗੁਰਬਾਣੀ `ਚ ਅਨੇਕਾਂ ਸ਼ਬਦ ਹਨ ਜਿਵੇਂ “ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥  ੩ ॥ ਕਹੁ ਨਾਨਕ ਜੋ ਲਾਇਆ ਨਾਮ॥ ਸਫਲ ਜਨਮੁ ਤਾ ਕਾ ਪਰਵਾਨ” (ਪੰ: ੩੮੯) ਜਾਂ “ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥ ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ” (ਪੰ: ੧੦੦੩)। ਮਨੁੱਖਾ ਜਨਮ ਦਾ ਹੋਰ ਪੱਖ ਵੀ ਹੈ ਜਿਸ ਦਾ ਹਥਲੇ ਵਿਸ਼ੇ ਨਾਲ ਬਹੁਤਾ ਸਬੰਧ ਨਹੀਂ ਜਿਵੇਂ “ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ” (ਪੰ: ੨੭੮) ਭਾਵ ਅਜਿਹੀ ਰਹਿਣੀ ਵਾਲਾ ਮਨੁੱਖ, ਮਨੁੱਖਾ ਜੂਨ `ਚ ਹੁੰਦਾ ਹੋਇਆ ਵੀ ਕੁੱਤੇ ਦੀ ਜੂਨ `ਚ ਹੀ ਪਿਆ ਹੁੰਦਾ ਹੈ।

ਗੁਰਮਤਿ ਅਨੁਸਾਰ ਮੁਕਤੀ ਨਹੀਂ, ਜੀਵਨ ਮੁਕਤ ਹੋਣਾ ਹੈ-ਗੁਰਬਾਣੀ ਅਨੁਸਾਰ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੈ ਕਿ ਪ੍ਰਭੂ ਦੀ ਸਿਫ਼ਤ ਸਲਾਹ (ਨਾਮ) ਰਾਹੀਂ; ਹਉਮੈ-ਵਿਕਾਰ ਰਹਿਤ, ਉੱਚੇ, ਆਦਰਸ਼ਕ, ਸਦਾਚਾਰਕ ਗੁਣਾਂ ਦੇ ਵਾਰਿਸ ਬਣੀਏ। ਇਸ ਤਰ੍ਹਾਂ ਜੀਵਨ ਰਹਿਣੀ ਨੂੰ ਪ੍ਰਭੂ ਦੀ ਬਖਸ਼ਿਸ਼ ਦਾ ਪਾਤ੍ਰ ਬਣਾ ਕੇ ਤ੍ਰਿਸ਼ਨਾ-ਭਟਕਣਾ-ਨਿਰਾਸ਼ਾ, ਵਿਕਾਰਾਂ, ਅਉਗਣਾਂ ਤੋਂ ਦੂਰ; ਸ਼ਾਂਤਮਈ, ਸੰਤੋਖੀ ਤੇ ਅਨੰਦਮਈ ਜੀਵਨ ਬਤੀਤ ਕਰੀਏ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਜੀਵਨ- ਮੁੱਕਤ, ਉੱਤਮ ਪਦਵੀ, ਸਚਿਆਰਾ ਆਦਿ ਪਦਾਂ ਨਾਲ ਨਿਵਾਜਿਆ ਹੈ। ਅਜਿਹੇ ਜੀਊੜੇ, ਸਰੀਰ `ਚ ਹੁੰਦਿਆਂ ਤੇ ਬਾਅਦ `ਚ ਵੀ ਆਤਮਕ ਤੌਰ `ਤੇ ਪ੍ਰਭੂ `ਚ ਅਭੇਦ ਹੁੰਦੇ ਹਨ। ਜੀਵਨ ਦੀ ਇਸੇ ਜੀਵਨ ਮੁੱਕਤ ਅਵਸਥਾ ਲਈ ਫ਼ੁਰਮਾਇਆ ਹੈ “ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਣੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ (ਪੰ: ੯੬੯) ਜਾਂ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: ੨੭੮) ਪੁਨਾ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” (ਬਾਣੀ ਜਪੁ)। ਗੁਰਬਾਣੀ ਅਨੁਸਾਰ ਜੀਵਨਮੁੱਕਤ ਮਨੁੱਖ ਦੀ ਮਾਨਸਿਕ ਅਵਸਥਾ ਹੁੰਦੀ ਹੈ ਕਿ ਪ੍ਰਭੂ ਦੇ ਸੱਚੇ ਮਾਰਗ `ਤੇ ਚੱਲਣ ਕਰਕੇ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ” (ਪੰ: ੮੪੬) ਇਸ ਤਰ੍ਹਾਂ ਅਜਿਹੇ ਪ੍ਰਫ਼ੁਲਤ ਜੀਵਨ ਚੋਂ ਸਾਰੀ ਕਠੋਰਤਾ, ਅਗਿਆਨਤਾ, ਵਿਕਾਰਾਂ ਦੀ ਮੈਲ ਵੀ ਧੁਲ ਜਾਂਦੀ ਹੈ।

“ਜੀਵਨ ਮੁਕਤੁ ਸੋ ਆਖੀਐ” -ਅਜਿਹੇ ਮਨੁੱਖ ਨੂੰ ਜੀਉਂਦੇ ਜੀਅ ਜ਼ੱਰੇ-ਜ਼ੱਰੇ `ਚ ਪ੍ਰਭੂ ਦੇ ਦਿਦਾਰੇ ਹੋਣ ਲਗਦੇ ਹਨ। ਜੀਵਨ ਦੀ ਇਸੇ ‘ਜੀਵਨ ਮੁੱਕਤ’ ਅਵਸਥਾ ਨੂੰ ਸਪਸ਼ਟ ਕਰਣ ਲਈ ਗੁਰਬਾਣੀ `ਚ ਬਹੁਤੇਰੇ ਫ਼ੁਰਮਾਨ ਹਨ ਜਿਵੇਂ “ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ, ਜਿਸੁ ਤੂੰ ਆਪਿ ਕਰਾਇਹਿ” (ਪੰ: ੭੪੯) ਜੀਵਨ ਦੀ ਅਜਿਹੀ ਉੱਚੀ ਅਵਸਥਾ `ਚ ਜੀਵ “ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥ ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀਂ ਬਿਓਗੁ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥ ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥ ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ (ਪੰ: ੨੭੫) ਇਸੇ ਤਰ੍ਹਾਂ “ਜੀਵਨ ਮੁਕਤੁ ਸੋ ਆਖੀਐ, ਜਿਸੁ ਵਿਚਹੁ ਹਉਮੈ ਜਾਇ” (ਪੰ: ੧੦੦੯) ਅਤੇ “ਗੁਰਮੁਖਿ ਨਾਮਿ ਰਤੇ ਸੇ ਉਧਰੇ, ਗੁਰ ਕਾ ਸਬਦੁ ਵੀਚਾਰਿ॥ ਜੀਵਨ ਮੁਕਤਿ ਹਰਿ ਨਾਮੁ ਧਿਆਇਆ, ਹਰਿ ਰਾਖਿਆ ਉਰਿ ਧਾਰਿ” (ਪੰ: ੧੨੫੯) ਪੁਨਾ “ਜੀਵਨ ਮੁਕਤਿ ਹਰਿ ਪਾਵੈ ਸੋਇ॥ ਹਰਿ ਗੁਣ ਗਾਵੈ ਮਤਿ ਊਤਮ ਹੋਇ” (ਪੰ: ੧੬੧) ਜਾਂ “ਅਨਦਿਨੁ ਜਾਗਿ ਰਹੇ ਲਿਵ ਲਾਈ॥ ਜੀਵਨ ਮੁਕਤਿ ਗਤਿ ਅੰਤਰਿ ਪਾਈ” (ਪੰ: ੯੦੪) ਆਦਿ। ਇਸ ਤਰ੍ਹਾਂ ਗੁਰਬਾਣੀ `ਚ ਉਸ ਬ੍ਰਾਹਮਣੀ ਸੁਰਗ (ਮੁਕਤੀ) ਵਾਲੀ ਵਿਚਾਰਧਾਰਾ ਨੂੰ ਉੱਕਾ ਕੋਈ ਥਾਂ ਨਹੀਂ।

“ਸੁਰਗ ਬਾਸੁ ਨ ਬਾਛੀਐ. .”-ਜਿਥੋਂ ਤੱਕ ਬ੍ਰਾਹਮਣੀ ‘ਸੁਰਗ-ਨਰਕ’ ਦੀ ਗੱਲ ਹੈ ਜਿਹੜੇ ਜੀਊੜੇ ਜੀਵਨ ਦੇ ਸੱਚੇ ਮਾਰਗ `ਤੇ ਚੱਲ ਪੈਂਦੇ ਹਨ ਉਹਨਾਂ ਦਾ ਉਸ ਬ੍ਰਾਹਮਣੀ ‘ਸੁਰਗ-ਨਰਕ’ ਬਾਰੇ ਸਪਸ਼ਟ ਫ਼ੈਸਲਾ ਹੁੰਦਾ ਹੈ “ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ…… ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ” (ਪੰ: ੯੬੯) ਅਤੇ “ਕਬੀਰ ਸੁਰਗ ਨਰਕ ਤੇ ਮੈ ਰਹਿਓ, ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ (ਪੰ: ੧੩੭੦)। ਬਲਕਿ ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ, ਮਨਹਿ ਨ ਕੀਜੈ ਆਸ (ਪੰ: ੩੩੭)। ਦਰਅਸਲ ਪ੍ਰਭੂ ਮਿਲਾਪ ਅਥਵਾ ‘ਜੀਵਨ ਮੁਕਤ’ ਲਈ ਹੀ ਮਨੁੱਖਾ ਜਨਮ ਮਿਲਿਆ ਹੁੰਦਾ ਹੈ। ਫ਼ਿਰ ੳੇੁਸ ਦਾ ਲਾਭ ਵੀ ਤਾਂ ਹੈ ਜੇ ਜੀਵਨ ਦੌਰਾਨ, ਸਾਧ ਸੰਗਤ `ਚ ਆ ਕੇ ਗੁਰਬਾਣੀ-ਗੁਰੂ ਦੇ ਸਿੱਖਿਆ ਰਾਹੀਂ’ ਆਪਣੇ ਜਨਮ ਦੀ ਸੰਭਾਲ ਕਰੀਏ। ਨਹੀਂ ਤਾਂ ਇਸ ਦੇ ਉਲਟ ਗੁਰਬਾਣੀ ਅਨੁਸਾਰ ਜੇਕਰ ਇਹ ਜਨਮ ‘ਅਕਾਰਥ’ ਤੇ ਬਿਰਥਾ ਕਰ ਲਿਆ ਤਾਂ ਮੁੜ ਜਨਮ-ਮਰਣ ਦੇ ਗੇੜ੍ਹਾਂ `ਚ ਹੀ ਪੈਣਾ ਪਵੇਗਾ।

ਬ੍ਰਾਹਮਣੀ ਸੁਰਗ ਤੇ ਨਰਕ ਬਾਰੇ- ਬ੍ਰਾਹਮਣੀ ਨਰਕ ਤੇ ਸੁਰਗ ਸਬੰਧੀ ਵੱਡੀ ਗੱਲ ਸਮਝਣ ਦੀ ਹੈ ਕਿ-ਸੁਰਗ ਤੇ ਨਰਕ ਜਿਨ੍ਹਾਂ ਦੀ ਹੋਂਦ ਬਾਰੇ ਹਜ਼ਾਰਾਂ ਸਾਲਾਂ ਤੋਂ ਲੋਕਾਂ ਦੇ ਮਨਾਂ `ਚ ਵਿਸ਼ਵਾਸ ਦਿੱਤਾ ਗਿਆ ਹੈ, ਗੁਰਬਾਣੀ ਅਜਿਹੇ ਕਿਸੇ ਵੀ ਸੁਰਗ ਜਾਂ ਨਰਕ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ। ਬ੍ਰਾਹਮਣ ਮੱਤ ਅਨੁਸਾਰ ਇਹ ਦੋ ਅਜਿਹੇ ਖਿੱਤੇ ਹਨ ਜਿੱਥੇ ਮਰਣ ਤੋਂ ਬਾਅਦ ਇਨਸਾਨ ਨੂੰ ਪਹੁੰਚਾਇਆ ਜਾਂਦਾ ਹੈ। ਬ੍ਰਾਹਮਣੀ ਵਿਚਾਰਾਧਾਰ ਅਨੁਸਾਰ ਵੀ “ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥ ਥਾਉ ਪਾਇਨਿ ਕੂੜਿਆਰ ਮੁਹ ਕਾਲੈੑ ਦੋਜਕਿ ਚਾਲਿਆਭਾਵ ਜਿਹੜੇ ਬ੍ਰਾਹਮਣ ਦੀ ਆਗਿਆ `ਚ ਚਲਦੇ ਤੇ (ਲੋੜਵੰਦਾਂ ਨੂੰ ਨਹੀਂ ਬਲਕਿ) ਬ੍ਰਾਹਮਣਾਂ ਨੂੰ, ਉਹਨਾਂ ਦੇ ਕਹੇ ਅਨੁਸਾਰ ਦਾਨ-ਪੁੰਨ, ਕਰਮਕਾਂਡ, ਯਗ-ਹਵਣ, ਤੀਰਥ ਰਟਣ ਆਦਿ ਕਰਦੇ ਹਨ। ਮਰਣ ਤੋਂ ਬਾਅਦ ਉਹਨਾਂ ਨੂੰ ਜਦੋਂ ਧਰਮਾਰਾਜ ਦੀ ਕਚਿਹਰੀ `ਚ ਪੇਸ਼ ਕੀਤਾ ਜਾਂਦਾ ਹੈ ਤਾਂ ਧਰਮਰਾਜ, ਉਹਨਾਂ ਨੂੰ ‘ਸੁਰਗ’ `ਚ ਭੇਜਦਾ ਹੈ। ਦੂਜੇ, ਜੋ ਬ੍ਰਾਹਮਣ ਦੇ ਕਹੇ ਨਹੀਂ ਚਲਦੇ ਤੇ ਹਵਣ-ਯਗ, ਦਾਨ-ਪੁੰਨ ਤੇ ਕਰਮਕਾਂਡ ਨਹੀਂ ਕਰਦੇ; ਉਹਨਾਂ ਦੇ ਅਜਿਹੇ ‘ਮਾੜੇ’ ਕਰਮਾਂ ਕਰਕੇ “ਮੁਹ ਕਾਲੈੑ ਦੋਜਕਿ ਚਾਲਿਆਉਹਨਾਂ ਨੂੰ ਭਿੰਨ ਭਿੰਨ ਨਰਕਾਂ `ਚ ਧੱਕ ਦਿੱਤਾ ਜਾਂਦਾ ਹੈ।

ਬ੍ਰਾਹਮਣ ਮੱਤ `ਚ ਨਰਕ ੮੬ ਦੱਸੇ ਹਨ, ਇਹਨਾ `ਚੋਂ ੮੬ ਵੇਂ ਨਰਕ ਨੂੰ, ਕੁੰਭੀ ਨਰਕ ਕਿਹਾ ਹੈ। ਇਸ ਨੂੰ ਨਰਕਾਂ `ਚੋਂ ਅਤੀ ਭਿਅੰਕਰ ਨਰਕ ਦੱਸਿਆ ਹੈ। ਇਹ ਵੀ ਦੱਸਿਆ ਹੈ, ਜੋ ਮਨੁੱਖ ਧੀਆਂ ਨੂੰ ਹੀ ਜਨਮ ਦਿੰਦਾ ਹੈ ਤੇ ਪੁੱਤਰ ਪੈਦਾ ਨਹੀਂ ਕਰਦਾ, ਉਹ ਸੁਭਾਅ ਤੇ ਜ਼ਿੰਦਗੀ ਦੌਰਾਨ ਭਾਵੇਂ ਕਿਨਾਂ ਵੱਡਾ ਦਾਨੀ, ਧਰਮਾਤਮਾ, ਪਰ-ਉਪਕਾਰੀ, ਸੁਸ਼ੀਲ ਕੁੱਝ ਵੀ ਰਿਹਾ ਹੋਵੇ, ਮਰਣ ਤੋਂ ਬਾਅਦ, ਕੁੰਭੀ ਨਰਕ `ਚ ਹੀ ਪਾਇਆ ਜਾਂਦਾ ਹੈ। ਅਜਿਹਾ ਮਨੁੱਖ ਇਸ ਭਿਆਨਕ ਕੁੰਭੀ ਨਰਕ ਤੋਂ ਨਹੀਂ ਬੱਚ ਸਕਦਾ। ਕਾਰਨ ਹੁੰਦਾ ਹੈ ਕਿ ਉਸ ਨੇ ਪੁੱਤਰ ਨੂੰ ਜਨਮ ਕਿਉਂ ਨਹੀਂ ਦਿੱਤਾ? ਉਪ੍ਰੰਤ ਪਿਤਾ ਨੂੰ ‘ਪੂੰ’ ਨਾਮਕ ਨਰਕ ਤੋਂ ਬਚਾਉਣ ਵਾਲਾ ਹੋਣ ਕਰਕੇ ਹੀ ਉਸ ਨੂੰ ਪੁਰਾਣਾਂ `ਚ ਪੁੱਤਰ ਕਿਹਾ ਹੈ। ਇਥੋਂ ਤੱਕ ਕਿ ‘ਨਿਯੋਗ’ ਸਿਧਾਂਤ ਵੀ ਦਿੱਤਾ ਹੈ, ਜੋ ਆਪਣੇ ਆਪ `ਚ ਵਿਭਚਾਰ ਨੂੰ ਖੁੱਲ੍ਹਾ ਸੱਦਾ ਹੈ। ਇਸ ਅਨੁਸਾਰ, ਲਗਭਗ (੧੧) ਯਾਰ੍ਹਾਂ ਰਿਸ਼ਤੇ ਗਿਣਵਾਏ ਹਨ। ਇਸ ਲਈ ਕਿ ਜੇ ਆਪਣੀ ਪਤਨੀ ਤੋਂ ਪੁੱਤਰ ਦਾ ਜਨਮ ਨਾ ਹੋਵੇ ਤਾਂ ਉਹਨਾਂ ਰਿਸ਼ਤਿਆਂ `ਚੋਂ ਕਿਸੇ ਵੀ ਰਿਸ਼ਤੇ ਦੀ ਇਸਤ੍ਰੀ ਨਾਲ, ਸਬੰਧ ਕਰਕੇ ਪੁੱਤਰ ਜ਼ਰੂਰ ਪੈਦਾ ਕਰੇ। ਇਸੇ ਵਿਚਾਰਾਧਾਰਾ ਅਧੀਨ, ਦੱਸੇ ਗਏ ਸਾਰੇ ਪਿਤ੍ਰੀ ਕਰਮਾਂ ਦਾ ਹੱਕ ਵੀ ਕੇਵਲ ‘ਪੁਤਰ’ ਨੂੰ ਹੀ ਹੈ; ਪਤਨੀ, ਪੁਤ੍ਰੀ, ਬਹੂ ਸਮੇਤ ਸੰਪੂਰਣ ਇਸਤ੍ਰੀ ਜਗਤ ਨੂੰ ਨਹੀਂ। ਇਸ ਤੋਂ ਅੱਗੇ ਜੇ ਕੋਈ ਪੁੱਤਰਾਂ ਤੋਂ ਵੱਧ ਪੋਤਿਆਂ; ਪੜ-ਪੌਤਿਆਂ ਵਾਲਾ ਹੋ ਕੇ ਮਰੇ ਤਾਂ ਉਥੇ ਬੇਬਾਣ ਦਾ ਨਿਯਮ ਹੈ। ਬੇਬਾਨ ਭਾਵ ਪ੍ਰਾਣੀ ਦੀ ਅਰਥੀ ਨੂੰ ਸਜਾਇਆ ਜਾਂਦਾ ਹੈ, ਉਸ ਤੋਂ ਫੁਲ, ਪੈਸੇ, ਮਖਾਣੇ ਆਦਿ ਵਾਰੇ ਜਾਂਦੇ ਹਨ; ਮਿੱਠੇ ਪਕਵਾਣ ਕੀਤੇ ਜਾਂਦੇ ਹਨ। ਇਹ ਸਭ ਇਸ ਖੁਸ਼ੀ `ਚ ਕਿਉਂਕਿ ਉਹ ਇਸੇ ਕਾਰਨ ਲਮੇਂ ਸਮੇਂ ਲਈ ‘ਸੁਰਗ’ `ਚ ਗਿਆ ਹੈ; ਉਥੇ ਇਸ ਨੂੰ ਬੁੱਢਾ ਮਰਣਾ ਵੀ ਕਿਹਾ ਹੈ।

ਇਥੋਂ ਤੱਕ ਕਿ ਸਤੀ ਪ੍ਰਥਾ, ਵਿਧਵਾ ਆਡੰਬਰ, ਮੌਤ ਤੋਂ ਬਾਅਦ ਸੁਹਾਗਣ ਦਾ ਸ਼ਿੰਗਾਰ ਤੇ ਹੋਰ ਬਹੁਤ ਕੁਝ, ‘ਗਰੁੜ ਪੁਰਾਣ’ ਦੀ ਹੀ ਦੇਣ ਹਨ। ਇਸੇ ਤਰ੍ਹਾਂ ਮਰਣੋਂ ਬਾਅਦ ਪ੍ਰਾਣੀ ਦੇ ਰਸਤੇ `ਚ ਆੳੇੁਣ ਵਾਲੇ ਘੁੱਪ ਹਨੇਰੇ, ਘਾਮ (ਨ ਸਹਿ ਸਕਣ ਵਾਲੀਆਂ ਧੁੱਪਾਂ), ਭੁੱਖ-ਪਿਆਸ ਤੇ ਰਸਤੇ `ਚ ਆਉਣ ਵਾਲੀਆਂ ਭਿੰਨ ਭਿੰਨ ਨਗਰੀਆਂ ਦੱਸੀਆਂ ਹਨ। ਇਸੇ ਲਈ ਹੀ ਪਿੰਡ-ਪੱਤਲ, ਦੀਵਾ-ਵੱਟੀ ਕਿਰਿਆ ਆਦਿ ਦੇ ਕਰਮ ਹਨ। ਦੱਸੇ ਗਏ ਪਿੱਤਰ-ਲੋਕ ਲਈ ਕੁਲ ਪੈਂਡਾ (ਪਤਾ ਨਹੀਂ ਕਿਥੋਂ ਨਾਪ ਕੇ) ੮੬, ੦੦੦ (ਛਿਆਸੀ ਹਜ਼ਾਰ ਜੋਜਨ) ਤੇ ਉਥੇ ਪੁੱਜਣ ਲਈ ਸਮਾਂ ੩੬੦ ਦਿਨ ਦਾ ਦੱਸਿਆ ਹੈ। ਇਹੀ ਕਾਰਨ ਹੈ ਕਿ ਮਰਣੋ-ਬਾਅਦ ਸਬੰਧੀਆਂ ਰਾਹੀਂ ਗਿਆਰ੍ਹਵੇਂ ਮਹੀਨੇ `ਚ (ਸਾਲ ਤੋਂ ਘੱਟਵੇਂ ਦਿਨ) ਵਰ੍ਹੀਨਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ੳੇੁਠਾਲੇ (ਕਿਰਿਆ) ਸਮੇਂ ਬ੍ਰਾਹਮਣ ਨੂੰ ਭਾਂਡੇ, ਬਿਸਤਰੇ, ਕੱਚਾ ਅੰਨ, ਪੱਕਾ ਅੰਨ, ਫਲ, ਲਵੇਰੀ ਗਉ, ਛਤਰੀ, ਜੁਤੀਆਂ ਅਦਿ ਤੇਰ੍ਹਾਂ ਪਦ ਦੇਣ ਤੋਂ ਇਲਾਵਾ ਬ੍ਰਾਹਮਣ ਨੂੰ ਦਾਨ ਦੱਛਣਾ ਤੇ ਭੋਜਣ ਆਦਿ ਵੀ ਕਰਵਾਉਣਾ ਹੁੰਦਾ ਹੈ। ਬ੍ਰਾਹਮਣ ਅਨੁਸਾਰ ਇਸ ਤਰ੍ਹਾਂ ਦਿੱਤੀਆਂ ਵਸਤਾਂ ਪਿਤ੍ਰਾਂ ਨੂੰ ਹੀ ਪੁੱਜਦੀਆਂ ਹਨ। ਉਸ ਅਨੁਸਾਰ ਇਹਨਾ ਨੂੰ ਉਥੇ ਪਿੱਤ੍ਰ ਆਪ ਪਹਿਚਾਣ ਲੈਂਦੇ ਹਨ ਕਿ ਕਿਹੜੀਆਂ ਵਸਤਾਂ ਕਿਸ ਪ੍ਰਵਾਰ ਨੇ ਭੇਜੀਆਂ ਹਨ।

ਗਊ ਇਸ ਲਈ ਦੱਸੀ ਹੈ ਕਿ ਪਿੱਤਰ-ਲੋਕ `ਚ ਪੁੱਜਣ ਤੋਂ ਪਹਿਲਾਂ, ਸੌ (੧੦੦) ਜੋਜਨ ਚੌੜੀ (ਪਾਣੀ ਦੀ ਨਹੀਂ) ਵਿਸ਼ਟਾ, ਗੰਦਗੀ, ਲਹੂ ਆਦਿ ਦੀ ਭਰੀ ਹੋਈ ਨਦੀ ਪਾਰ ਕਰਣੀ ਪੈਂਦੀ ਹੈ। ਇਸ ਨੂੰ ‘ਵੇਤਰਨੀ ਨਦੀ’ ਕਿਹਾ ਹੈ ਤੇ ਪ੍ਰਾਣੀ ਇਸ ਨਦੀ ਨੂੰ ਪਾਰ ਕਰ ਕੇ ਹੀ ਪਿਤ੍ਰ ਲੋਕ ਪੁੱਜ ਸਕਦਾ ਹੈ। ਇਥੇ ਪ੍ਰਾਣੀ ਉਸ ਦਿੱਤੀ ਹੋਈ ‘ਗਊ’ ਦੀ ਪੂੰਛ ਫ਼ੜ ਕੇ ਹੀ, ਇਹ ਨਦੀ ਪਾਰ ਕਰ ਸਕਦਾ ਹੈ, ਉਂਝ ਨਹੀਂ (ਉਸ ਗਊ ਦੀ ਸਵਾਰੀ ਸ਼ਾਇਦ ਇਸ ਲਈ ਨਹੀਂ ਕਿ ਉਸ ਅਨਸੁਾਰ, ਗਊ ਮਾਤਾ ਤੇ ਪੂਜਣਯੋਗ ਹੈ)। ਇਸ ਤਰ੍ਹਾਂ ਦੱਸੇ ਗਏ ਪਿੱਤਰ ਲੋਕ ਤੱਕ ਪਹੁੰਚਣ ਵਾਲੇ ਇਸ ਲੰਮੇ ਤੇ ਅਣਡਿੱਠੇ ਰਸਤਿਆਂ ਸਬੰਧੀ ਬੇਅੰਤ ਕਠਿਨਾਈਆਂ, ਭਿਅੰਕ੍ਰਤਾਂਵਾਂ ਦਾ ਵਰਨਣ, ਇਸ ਗਰੁੜ ਪੁਰਾਨ `ਚ ਮਿਲਦਾ ਹੈ। ਵਰ੍ਹੀਨੇ ਤੋਂ ਬਾਅਦ ਵੀ, ਸਾਲ ਦੇ ਸਾਲ, ਸਰਾਧਾਂ ਦੀ ਗੱਲ ਕਹੀ ਹੈ। ਦੱਸਿਆ ਹੈ ਕਿ ਇਹ ਸਭ ਕਰਣ ਨਾਲ ਹੀ, ਪਿਛੇ ਪ੍ਰਵਾਰਾਂ `ਚ ਕੁਸ਼ਲਤਾ ਬਣੀ ਰਹਿੰਦੀ ਹੈ। ਜੇ ਸ਼ਰਾਧ ਨਾ ਕੀਤੇ ਜਾਣ ਤਾਂ ਪ੍ਰਵਾਰਾਂ `ਚ ਐਕਸੀਡੈਂਟ, ਮੁਕੱਦਮੇਬਾਜ਼ੀਆਂ, ਮੌਤਾਂ ਆਦਿ ਹੁੰਦੀਆਂ ਹਨ। ਉਹਨਾਂ ਅਨੁਸਾਰ, ਜਦੋਂ ਪਿਤ੍ਰਾਂ ਨੂੰ ਸਮੇਂ ਨਾਲ ਵਸਤਾਂ ਨਹੀਂ ਪੁਜਦੀਆਂ ਤਾਂ ਪਿਤ੍ਰਾਂ ਲਈ ਪਿਤ੍ਰ ਲੋਕ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਉਹਨਾਂ ਨੂੰ ਪ੍ਰੇਤ ਜੂਨੀ ਭੋਗਣੀ ਪੈਂਦੀ ਹੈ ਜਿਸ ਦਾ ਗੁੱਸਾ ਪਿਤ੍ਰ, ਆਪਣੇ ਪ੍ਰਵਾਰਾਂ `ਤੇ ਕਢਦੇ ਹਨ।

“ਜੀਵਤ ਪਿਤਰ ਨ ਮਾਨੈ ਕੋਊ” -ਇਹਨਾ ਹੀ ਦਿੱਤੇ ਵਿਸ਼ਵਾਸਾਂ `ਤੇ ਉਟੰਕਣ ਕਰਦੇ ਹੋਏ ਗੁਰਬਾਣੀ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥ ੧॥ ਮੋ ਕਉ ਕੁਸਲੁ ਬਤਾਵਹੁ ਕੋਈ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ॥ ੧॥ ਰਹਾਉ॥ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥ ੨॥ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥ ਰਾਮ ਨਾਮ ਕੀ ਗਤਿ ਨਹੀਂ ਜਾਨੀ ਭੈ ਡੂਬੇ ਸੰਸਾਰੀ॥ ੩॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀਂ ਜਾਨਾ॥ ਕਹਤ ਕਬੀਰ ਅਕੁਲੁ ਨਹੀਂ ਚੇਤਿਆ ਬਿਖਿਆ ਸਿਉ ਲਪਟਾਨਾ॥ (ਪੰ: ੩੩੨) ਅਤੇ ਆਸਾ ਕੀ ਵਾਰ `ਚ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ “ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ” (ਪੰ: ੪੭੨) ਇਸ ਵਿਸ਼ੇ `ਤੇ ਗੁਰਬਾਣੀ `ਚ ਅਨੇਕਾਂ ਪ੍ਰਮਾਣ ਹੋਰ ਵੀ ਹਨ।

ਸਿਮ੍ਰਿਤੀਆਂ ਅਨੁਸਾਰ, ਸਰਾਧਾਂ ਦੇ ਭੋਜਨ- ਮਨੂ ਸਿਮ੍ਰਿਤੀ ਅ: ਤੇ ਵਿਸ਼ਨੂੰ ਸਿਮ੍ਰਿਤੀ ਅ: ੮੦ ਅਨੁਸਾਰ “ਸਰਾਧਾਂ `ਚ ਪਿੱਤਰਾਂ ਲਈ ਜੇਕਰ ਤਿਲ, ਚਾਵਲ, ਜੌਂ, ਮਾਂਹ ਤੇ ਸਾਗ ਸਬਜ਼ੀ ਦਿੱਤੀ ਜਾਵੇ ਤਾਂ ਪਿੱਤਰ ਇੱਕ ਮਹੀਨਾ ਰੱਜੇ ਰਹਿੰਦੇ ਹਨ। ਮੱਛੀ ਦੇ ਮਾਸ ਨਾਲ ਦੋ ਮਹੀਨੇ, ਪੰਛੀਆਂ ਦੇ ਮਾਸ ਨਾਲ ਪੰਜ ਮਹੀਨੇ, ਬੱਕਰੇ ਦੇ ਮਾਸ ਨਾਲ ਛੇ ਮਹੀਨੇ, ਚਿੱਤਲ ਦੇ ਮਾਸ ਨਾਲ ਸੱਤ ਮਹੀਨੇ, ਚਿੰਕਾਰੇ ਦੇ ਮਾਸ ਨਾਲ ਅੱਠ ਮਹੀਨੇ, ਲਾਲ ਮਿਰਗ ਦੇ ਮਾਸ ਨਾਲ ਨੌਂ ਮਹੀਨੇ, ਝੋਟੇ ਦੇ ਮਾਸ ਨਾਲ ਦਸ ਮਹੀਨੇ, ਕਛੁਏ ਤੇ ਸਹੇ (ਹਿਰਨ) ਦੇ ਮਾਸ ਨਾਲ ਪਿੱਤਰ ਯਾਰ੍ਹਾਂ ਮਹੀਨੇ ਰੱਜੇ ਰਹਿੰਦੇ ਹਨ……” ਬਾਰ੍ਹਵੇਂ ਮਹੀਨੇ ਤਾਂ ਸਰਾਧ ਦੋਬਾਰਾ ਆ ਹੀ ਜਾਣੇ ਹਨ। ਇਹਨਾ ਹੀ ਸਰਾਧਾਂ ਬਾਰੇ ਗੁਰ ਨਾਨਕ ਪਾਤਸ਼ਾਹ ਫ਼ੁਰਮਾਂਉਦੇ ਹਨ “ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰ” (ਪੰ: ੧੩੮)। ਉਂਝ ਇਹ ਸਾਰਾ ਵਿਸ਼ਾ ਗੁਰਮਤਿ ਪਾਠ ੧੧ ‘ਸਰਾਧ ਅਤੇ ਸਿੱਖ ਧਰਮ’ `ਚ ਲੈ ਚੁੱਕੇ ਹਾਂ, ਇਥੇ ਕੇਵਲ ਇਹੀ ਸਮਝਣਾ ਹੈ ਕਿ ਗੁਰਮਤਿ ਨੇ ਜਦੋਂ ਗਰੁੜ ਪੁਰਾਨ ਨੂੰ ਹੀ ਪ੍ਰਵਾਣ ਨਹੀਂ ਕੀਤਾ ਤਾਂ ਬਾਕੀ ਗੱਲਾਂ ਦੀ ਗੱਲ ਹੀ ਮੁੱਕ ਜਾਂਦੀ ਹੈ।

ਬ੍ਰਾਹਮਣੀ ਸੁਰਗ ਲੋਕ? - ਇਸ ਨੂੰ ਇੰਦ੍ਰ-ਲੋਕ, ਦੇਵ-ਲੋਕ, ਬੈਕੁੰਠ (ਬਿਸ਼ਨ ਲੋਕ) ਆਦਿ ਲਫ਼ਜ਼ਾਂ ਨਾਲ ਵੀ ਬਿਆਣਿਆ ਹੈ। ਦੱਸਿਆ ਹੈ ਕਿ ੳੇੁਥੇ ਦੇਵਤੇ ਤੇ ਉਹਨਾਂ ਦਾ ਰਾਜਾ ਇੰਦਰ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੇ ਜੀਉਂਦੇ ਜੀਅ ਬ੍ਰਾਹਮਣ ਦੇ ਦੱਸੇ ਅਨੰਤ ਕਰਮਕਾਂਡ, ਸੁੱਚਮਾਂ, ਤੀਰਥ ਸਨਾਨ, ਦਾਨ-ਪੁੰਨ ਆਦਿ ਕੀਤੇ ਹੁੰਦੇ ਹਨ, ਮਰਣ ਤੋਂ ਬਾਅਦ ਉਹਨਾਂ ਨੂੰ ਸੁਰਗ ਮਿਲਦਾ ਹੈ। ਸੁਰਗ `ਚ ਅਪਸ੍ਰਾਵਾਂ-ਗੰਧਰਵ-ਕਿੰਨਰ ਆਦਿ ਦੇ ਮੌਜ ਮੇਲੇ ਹੁੰਦੇ ਹਨ। ਬਲਕਿ ਇਸ ਤੋਂ ਬਾਅਦ ਉਥੇ ਮੌਤ ਵੀ ਨਹੀਂ ਹੁੰਦੀ। ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਉਥੇ ਰਾਜਾ ਇੰਦ੍ਰ ਦੇ ਬਾਗ਼ `ਚ ਮੰਦਾਰ, ਪਾਰਜਾਤ, ਕਲਪ ਤੇ ਹਰੀ ਚੰਦਨ; ਪੰਜ ਖਾਸ-ਖਾਸ ਜਾਤੀ ਦੇ ਰੁੱਖ ਹਨ। ਉਥੇ ਲਈ ਕਾਮਧੇਨ ਗਊ ਤੇ ਚਿੰਤਾਮਣਿ ਦੀ ਗੱਲ ਵੀ ਕਹੀ ਹੈ, ਇਹਨਾ ਤੋਂ ਹਰੇਕ ਕਾਮਨਾ ਦੀ ਪੂਰਤੀ ਹੁੰਦੀ ਹੈ ਤੇ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।

ਕੁਝ ਪੁਰਾਤਨ ਰਚਨਾਵਾਂ ਬਾਰੇ- ਮਨੁੱਖ ਦੀ ਮੌਤ ਤੇ ਜਨਮ ਮਰਣ ਦੇ ਬ੍ਰਾਹਮਣੀ ਵਿਸ਼ੇ ਦਾ ਵੱਡਾ ਸਬੰਧ ‘ਗਰੁੜ ਪੁਰਾਨ’ ਨਾਲ ਹੀ ਹੈ। ਉਂਝ ਹੋਰ ਬ੍ਰਾਹਮਣੀ ਰਚਨਾਵਾਂ ਵੀ ਬਹੁਤ ਹਨ ਜਿਵੇਂ ਚਾਰ ਵੇਦ, ਛੇ ਸ਼ਾਸਤਰ, ੧੮ ਪੁਰਾਨ, ੩੬ ਸਿਮ੍ਰਿਤੀਆਂ, ਅੱਠ ਉਪਨਿਸ਼ਦ ਆਦਿ। ਇਹਨਾ ਰਚਨਾਵਾਂ `ਚ ਬ੍ਰਾਹਮਣ ਰਾਹੀਂ ਪ੍ਰਗਟ ਬੇਅੰਤ ਕਰਮਕਾਂਡ ਤੇ ਵਹਿਮ-ਸਹਿਮ ਤੇ ਭਰਮ ਜਾਲ ਹਨ। ਅਨੇਕਾਂ ਪੱਖਾਂ ਤੋਂ ਬ੍ਰਾਹਮਣ ਨੂੰ ਦਾਨ-ਪੁੰਨ ਤੇ ਸੁੱਚ-ਭਿੱਟ, ਛੂਆ-ਛੂਤ, ਸਗਨ-ਅਪਸਗਨ ਤੇ ਰੀਤੀ-ਰਿਵਾਜ ਆਦਿ ਹਨ। ਦੂਜੇ ਪਾਸੇ, ਗੁਰਬਾਣੀ `ਚ ਬੇਅੰਤ ਸ਼ਬਦ ਹਨ ਜਿਵੇਂ “ਪਹਿਲਾ ਸੁਚਾ ਆਪਿ ਹੋਇ, ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ, ਕੋਇ ਨ ਭਿਟਿਓ ਜਾਇ॥ ਸੁਚਾ ਹੋਇ ਕੈ ਜੇਵਿਆ, ਲਗਾ ਪੜਣਿ ਸਲੋਕੁ. .” (ਪੰ: ੪੭੩) ਜਿਨ੍ਹਾਂ `ਚ ਗੁਰਮਤਿ ਨੇ ਇਸ ਸੰਪੂਰਣ ਵਿਚਾਰਧਾਰਾ ਦੀ ਵਿਆਖਿਆ ਕੀਤੀ ਤੇ ਇਸ ਨੂੰ ਨਕਾਰਿਆ ਹੈ।

“ਸੁਰਗ ਨਰਕ ਕਾ ਬੀਉ” -ਬ੍ਰਾਹਮਣ ਮੱਤ ਵੱਲੋਂ ਜਨਮ-ਮਰਣ ਦਾ ਆਧਾਰ ਜਿਹੜੇ ਸੁਰਗ-ਨਰਕ ਦੀ ਗੱਲ ਕੀਤੀ ਜਾਂਦੀ ਹੈ ਗਹਿਰਾਈ `ਚ ਜਾਉ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗਦੀ। “ਧਰਮੀ ਧਰਮੁ ਕਰਹਿ ਗਾਵਾਵਹਿ, ਮੰਗਹਿ ਮੋਖ ਦੁਆਰੁ” (ਪੰ: ੪੬੯) ਭਾਵ ਇੱਕ ਪਾਸੇ ਮੁੱਕਤੀ ਤੇ ਹੋਰ ਲੋਭ-ਲਾਲਚ-ਖਿੱਚਾਂ ਆਦਿ ਹੈ। ਇਸੇ ਤਰ੍ਹਾਂ “ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ” (ਪੰ: ੪੬੬) ਇਤਿਆਦਿ। ਇਸ ਦੇ ਨਾਲ ਹੀ ਹਰ ਸਮੇਂ ਮਨ `ਚ ਭਿਅੰਕਰ ਸਹਿਮ ਤੇ ਡਰ ਪਾਏ ਗਏ ਹਨ ਜਿਵੇਂ ਜੇ “ਇਹ ਨਾ ਕੀਤਾ ਤਾਂ ਇਹ ਹੋ ਜਾਵੇਗਾ’ ‘ਉਹ ਨਾ ਕੀਤਾ ਤਾਂ ਉਹ ਜਾਵੇਗਾ’। ਸਾਰੀ ਉਮਰ ਅਜਿਹੇ ਡੱਰ-ਸਹਿਮ ਕਿ ਬ੍ਰਾਹਮਣ ਦੇ ਕਹੇ ਮੁਤਾਬਕ ਫ਼ਲਾਣੀ ਭੇਟਾ ਨਾ ਕੀਤੀ, ਦਾਨ-ਪੁੰਨ ਨਾ ਕੀਤਾ, ਕਿਸੇ ਤਰ੍ਹਾਂ ਦੀ ਭੁੱਲ ਹੋ ਗਈ ਤਾਂ ਨਰਕਾਂ ਦੇ ਭਿਅੰਕਰ ਦੁਖ ਸਹਿਣੇ ਪੈਣਗੇ। ਮੌਤ ਤੋਂ ਬਾਅਦ ਇੱਕ ਪਾਸੇ ‘ਸੁਰਗ’ ਦੂਜੇ ਪਾਸੇ ‘ਨਰਕ’, ਮਤਲਬ ਦੋਨਾਂ ਦਾ ਇਕੋ ਹੀ ਹੈ। ਕੋਈ ਮਨੁੱਖ ਨਰਕਾਂ ਤੋਂ ਡਰ ਕੇ ਦੇਵੋ ਜਾਂ ਸੁਰਗਾਂ ਦੀ ਲੋਹ ਲੁਪਤਾ `ਚ। ਮੇਹਣਤ ਕੋਈ ਕਰੇ ਪਰ ਦਾਨ-ਪੁੰਨ, ਤੀਰਥਾਂ, ਯਗਾਂ-ਹਵਣਾ, ਕਰਮ ਕਾਂਡਾਂ ਤੇ ‘ੳੇ+ਪਾਅ ਦੇ ਪੱਜ’ ਪੁੱਜੇ ਗਾ ਬ੍ਰਾਹਮਣ ਕੋਲ ਹੀ; ਨਾ ਕਿ ਕਿਸੇ ਲੋੜਵੰਦ, ਮੋਹਤਾਜ, ਅਪੰਗ ਜਾਂ ਮਜਬੂਰ ਕੋਲ।

ਇਸ ਵਿਸ਼ੇ `ਤੇ ਗੁਰਬਾਣੀ `ਚ ਅਨੇਕਾਂ ਚੇਤਾਵਣੀਆਂ ਹਨ ਜਿਵੇਂ “ਪਡੀਆ ਕਵਨ ਕੁਮਤਿ ਤੁਮ ਲਾਗੇ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ’ (ਪੰ: ੧੧੦੨) ਅਤੇ “ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ ੧॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ ੧॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ” (ਪੰ: ੩੨੯) ਜਾਂ “ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ॥ ਦੇ ਦੇ ਲੈਣਾ, ਲੈ ਲੈ ਦੇਣਾ, ਨਰਕਿ ਸੁਰਗਿ ਅਵਤਾਰ” (ਪੰ: ੧੨੪੩) ਜਾਂ “ਬੇਦੁ ਪੁਕਾਰੇ ਪੁੰਨੁ ਪਾਪੁ, ਸੁਰਗ ਨਰਕ ਕਾ ਬੀਉ” (ਪੰ: ੧੨੪੩) ਅਜਿਹੇ ਵਿਸ਼ਵਾਸਾਂ ਬਾਰੇ ਗੁਰਬਾਣੀ ਇਥੋਂ ਤੱਕ ਸਾਫ਼ ਕਰਦੀ ਹੈ “ਸਾਸਤ੍ਰ ਬੇਦ, ਪਾਪ ਪੁੰਨ ਵੀਚਾਰ॥ ਨਰਕਿ ਸੁਰਗਿ, ਫਿਰਿ ਫਿਰਿ ਅਉਤਾਰ” (ਪੰ: ੩੮੫) ਹੋਰ “ਕਬੀਰ ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ” (ਪੰ: ੧੩੭੭) ਜਾਂ “ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ” (ਪੰ: ੭੯੧) ਜਾਂ “ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰੁ ਨ ਜਾਇ” (ਪੰ: ੭੨੭)। ਗੁਰਦੇਵ ਨੇ “ਵੇਦਾ ਮਹਿ ਨਾਮੁ ਉਤਮੁ, ਸੋ ਸੁਣਹਿ ਨਾਹੀ, ਫਿਰਹਿ ਜਿਉ ਬੇਤਾਲਿਆ” (ਪੰ: ੯੧੯) ਭਾਵ ਵੇਦਾਂ ਦੀ ਇੱਕੋ ਹੀ ਸੇਧ ਪ੍ਰਵਾਣ ਕੀਤੀ ਹੈ ਅਤੇ ਉਹ ਹੈ ‘ਪ੍ਰਭੂ ਦੀ ਸਿਫ਼ਤ-ਸਲਾਹ’ (ਨਾਮੁ ਉਤਮ) ਵਾਲੀ ਦੇਣ। ਜਦਕਿ ਇਹ ਅਸਲ ਗੱਲ ਉਸ ਨੂੰ ਰਾਸ ਹੀ ਨਹੀਂ ਆਉਂਦੀ। ਇਸ ਤੋਂ ਵੱਧ ਦੇਖਿਆ ਜਾਵੇ ਤਾਂ ਬਹੁਤਾ ਕਰਕੇ ਅੱਜ ਸਾਡੇ ਭਾਈ, ਗ੍ਰੰਥੀ, ਰਾਗੀ, ਢਾਡੀ ਤੇ ਪ੍ਰਚਾਰਕ ਆਦਿ ਵੀ ਸੰਗਤਾਂ ਨੂੰ ਗੁਰਬਾਣੀ ਵਾਲੇ ਸੱਚ ਤੋਂ ਤੋੜ ਕੇ ਇਹੀ ਕੁੱਝ ਹੀ ਰਹੇ ਹਨ।

ਪਾਰਜਾਤ-ਕਲਪ ਬਿਰਖ, ਚਿੰਤਾਮਣਿ, ਕਾਮਧੇਨ ਆਦਿ- ਗੁਰਬਾਣੀ ਨੇ ਜਦੋਂ ਅਜਿਹੇ ਕਿਸੇ ਸੁਰਗ, ਨਰਕ ਜਾਂ ਬੈਕੁੰਠ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕੀਤਾ ਤਾਂ ਉਸ `ਚ ਦੱਸੇ ਪਾਰਜਾਤ-ਕਲਪ ਬਿਰਖ, ਕਾਮਧੇਨ (ਗਊ) ਆਦਿ ਦੀ ਗੱਲ ਆਪਣੇ ਆਪ ਹੀ ਮੁੱਕ ਜਾਂਦੀ ਹੈ; ਫ਼ਿਰ ਕਿਸੇ ਸਿੱਖ ਵੱਲੋਂ ਉਹਨਾਂ ਦੀ ਕਾਮਨਾ ਕਾਹਦੀ? ਬੇਸ਼ੱਕ, ਸੁਰਗ ਤੇ ਨਰਕ ਸਮੇਤ ਇਹ ਸਾਰੀ ਸ਼ਬਦਾਵਲੀ ਗੁਰਬਾਣੀ `ਚ ਬਹੁਤ ਵਾਰ ਆਈ ਹੈ ਪਰ ਕਿਨਾਂ ਅਰਥਾਂ `ਚ? ਦੇਖਣਾ ਹੈ ਕਿ ਜਦੋਂ ਇਹੀ ਸ਼ਬਦਾਵਲੀ ਬ੍ਰਾਹਮਣੀ ਅਰਥਾਂ `ਚ ਆਈ ਹੈ ਤਾਂ ਉਸ ਨੂੰ ਕੱਟਿਆ ਹੈ। ਫ਼ਿਰ ਪ੍ਰਕਰਣ ਅਨੁਸਾਰ ਇਹਨਾ ਹੀ ਲਫ਼ਜ਼ਾਂ ਨੂੰ ਸਾਧਸੰਗਤ ਤੇ ਕਰਤੇ ਦੀ ਸਿਫ਼ਤ ਸਲਾਹ ਲਈ ਵੀ ਵਰਤਿਆ ਹੈ ਜਿਵੇਂ “ਤਹ ਬੈਕੁੰਠੁ ਜਹ ਨਾਮੁ ਉਚਰਹਿ” (ਪੰ: ੮੯੦) ਜਾਂ “ਤਹਾ ਬੈਕੁੰਠੁ ਜਹ ਕੀਰਤਨ (ਸਿਫ਼ਤ ਸਲਾਹ) ਤੇਰਾ, ਤੂੰ ਆਪੇ ਸਰਧਾ ਲਾਇਹਿ” (ਪੰ: ੭੪੯) ਇਸੇ ਤਰ੍ਹਾਂਪਾਰਜਾਤ ਘਰਿ ਆਗਨਿ ਮੇਰੈ, ਪੁਹਪ ਪਤ੍ਰ ਤਤੁ ਡਾਲਾ॥ ਸਰਬ ਜੋਤਿ ਨਿਰੰਜਨ ਸੰਭੂ, ਛੋਡਹੁ ਬਹੁਤੁ ਜੰਜਾਲਾ” (ਪੰ: ੫੦੩) ਅਤੇਪਾਰਜਾਤੁ ਲੋੜਹਿ ਮਨ ਪਿਆਰੇ॥ ਕਾਮਧੇਨੁ ਸੋਹੀ ਦਰਬਾਰੇ॥ ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ, ਨਾਮੁ ਕਮਾਇ ਰਸਾਇਣਾ” (ਪੰ: ੧੦੭੮) ਪੁਨਾਪਾਰਜਾਤੁ ਇਹੁ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ (ਪੰ: ੨੬੭) “ਚਿੰਤਾਮਣਿ (ਅਕਾਲਪੁਰਖ) ਕਰੁਣਾ ਮਏ॥  ੧ ॥ ਰਹਾਉ॥ ਦੀਨ ਦਇਆਲਾ ਪਾਰਬ੍ਰਹਮ॥ ਜਾ ਕੈ ਸਿਮਰਣਿ ਸੁਖ ਭਏ (ਪੰ: ੨੧੨) ਆਦਿ ਬਹੁਤੇਰੇ ਗੁਰਬਾਣੀ ਪ੍ਰਮਾਣ ਹਨ, ਇਥੇ ਸ਼ਬਦਾਵਲੀ ਉਹੀ ਹੈ ਤੇ ਪ੍ਰਕਰਣ ਅਨੁਸਾਰ ਅਰਥ ਭਿੰਨ ਭਿੰਨ ਹਨ।

ਗੁਰੂ ਕੀਆਂ ਸੰਗਤਾਂ ਅਤੇ ਅੰਤਮ ਸੰਸਕਾਰ- ਜਦੋਂ ਸਪਸ਼ਟ ਹੋ ਗਿਆ ਕਿ ਬ੍ਰਾਹਮਣ ਮੱਤ ਜਾਂ ਗਰੁੜ ਪੁਰਾਣ ਆਧਾਰਤ ਵਿਚਾਰਧਾਰਾ ਨੂੰ ਗੁਰਮਤਿ ਨੇ ਉੱਕਾ ਪ੍ਰਵਾਣ ਹੀ ਨਹੀਂ ਕੀਤਾ ਤਾਂ ਉਸ ਆਧਾਰ `ਤੇ ਚਲਦੇ ਅਨੇਕਾਂ ਕਰਮਕਾਂਡ-ਵਿਸ਼ਵਾਸ, ਜਿਵੇਂ “ਪ੍ਰਾਣੀ ਦਾ ਸਸਕਾਰ ਜ਼ਰੂਰੀ, ਫ਼੍ਹੂਹੜੀ, ਦੱਭ ਵਿਛਾਉਣੀ, ਮੰਜੇ-ਬਿਸਤਰੇ ਤੋਂ ਉਤਾਰ ਕੇ ਜ਼ਮੀਨ `ਤੇ ਪਾਉਣਾ, ਚੱਲਣ ਤੋਂ ਪਹਿਲਾਂ ਜ਼ਰਰੀ ਸਨਾਨ ਤੇ ਉਚੇਚੇ ਨਵੇਂ ਬਿਨਾ ਸੀਤੇ ਬਸਤ੍ਰ ਪੁਆਉਣੇ, ਅਰਥੀ ਨੂੰ ਮੌਲੀ, ਕਾਲੇ ਤਿਲ, ਬੇਬਾਣ ਕੱਢਣੇ, ਰੋਣ-ਪਿੱਟਣ-ਢਾਹਾਂ-ਸਿਆਪੇ, ਦੀਵਾ-ਵੱਟੀ, ਗੰਗਾ ਜਲ-ਤੁਲਸੀ, ਹੱਥੋਂ ਮਨਸਾਉਣਾ, ਸ਼ਮਸ਼ਾਨ ਭੂਮੀ `ਚ ਬਨਾਏ ਥੱੜ੍ਹੇ `ਤੇ ਪਾਉਣਾ, ਘੜਾ ਭੰਨਣਾ, ਪਿੰਡ-ਪੱਤਲ, ਸਸਕਾਰ ਸਥਾਨ `ਤੇ ਲਿਜਾਂਦੇ ਅਰਥੀ ਦੀ ਸਰ੍ਹਾਂਦੀ-ਪੁਆਂਦੀ ਤੱਕਣੀ, ਰੱਸੀਆਂ ਕੱਟਣ ਬਾਰੇ ਵਹਿਮ, ਪ੍ਰਾਣੀ ਨੂੰ ਚਵਰ, ਪ੍ਰਕਰਮਾ, ਕਪਾਲ ਕਿਰਿਆ (ਸਿਰ `ਚ ਡੰਡਾ ਮਾਰਨਾ), ਵਾਪਸੀ ਵੇਲੇ ਅਚਾਰਜੀ ਰਾਹੀਂ ਦਿੱਤਾ ਘਾਹ ਤੋੜਣਾ, ਪਾਣੀ ਦੇ ਉਲਟੇ-ਸਿੱਧੇ ਛੱਟੇ ਜਾਂ ਉਚੇਚਾ ਸਨਾਨ, ਅਸਥੀਆਂ (ਫੁੱਲ) ਚੁੰਨਣੀਆਂ, ਉਸ ਲਈ ਸੂਰਜ ਨਿਕਲਣ ਦਾ ਸਮਾਂ, ਐਤ-ਬੁੱਧ ਆਦਿ ਦਾ ਭਰਮ, ਚੌਥਾ, ਕਿਰਿਆ, ਰਸਮ ਪਗੜੀ, ਵਰ੍ਹੀਨਾ (ਯਾਹਰਵੇ ਮਹੀਨੇ), ਸਰਾਧ ਆਦਿ ਗੁਰਮਤਿ `ਚ ਅਜਿਹਾ ਕੁੱਝ ਵੀ ਪ੍ਰਵਾਣ ਨਹੀਂ। ਹਰੇਕ ਗੁਰੂ ਨਾਨਕ ਨਾਮ ਲੇਵਾ ਨੇ ਇਹ ਸਭ ਨਹੀਂ ਕਰਨਾ। ਗੁਰਮਤਿ ਅਨੁਸਾਰ ਅਜਿਹੇ ਸਾਰੇ ਕਰਮਕਾਂਡਾਂ ਦਾ ਪ੍ਰਾਣੀ ਜਾਂ ਪ੍ਰਵਾਰ ਨਾਲ ਉੱਕਾ ਸਬੰਧ ਨਹੀਂ ਹੈ। (ਹੋਰ ਵੇਰਵੇ ਲਈ ਗੁਰਮਤਿ ਪਾਠ ਨੰਬਰਵਾਰ ੨੬, ੧੨੯, ੨੫੩ “ਮਿਰਤਕ ਸੰਸਕਾਰ”, “ਬਾਣੀ ‘ਅਲਾਹਣੀਆ’ ਵਾਲੀ ਪੰਥ ਨੂੰ ਦੇਣ”, “ਬਾਣੀ ‘ਸਦੁ’ ਅਰਥਾਂ ਸਹਿਤ ਬਨਾਮ ਗੁਰੂ ਕੀਆਂ ਸੰਗਤਾਂ” ) ਸੰਗਤਾਂ ਲਈ ਪ੍ਰਾਪਤ ਹਨ ਜੀ।

ਗੁਰੂ ਦਰ `ਤੇ ਪ੍ਰਵਾਣ ਨਹੀਂ-ਗੁਰਬਾਣੀ ਅਨੁਸਾਰ ਪੱਕਾ ਕਰਕੇ ਸਮਝਣਾ ਹੈ ਕਿ ਬ੍ਰਾਹਮਣੀ ਜਨਮ-ਮਰਣ ਦੇ ਮੂਲ ਸੁਰਗ-ਨਰਕ ਦਾ, ਪ੍ਰਭੂ ਦੀ ਸੰਪੂਰਣ ਰਚਨਾ `ਚ ਕੋਈ ਤੇ ਕਿਧਰੇ ਵੀ ਵਜੂਦ ਹੈ ਹੀ ਨਹੀਂ, ਜਿਸ ਦੀ ਕਿ ਹਜ਼ਾਰਾਂ ਸਾਲਾਂ ਤੋਂ ਦੁਹਾਈ ਦਿੱਤੀ ਜਾ ਰਹੀ ਹੈ। ਫ਼ਿਰ ਇਹਨਾ ਦਾ ਹੀ ਵਿਸਤਾਰ ਹਨ ਜਮਲੋਕ, ਦੇਵਲੋਕ, ਇੰਦ੍ਰਲੋਕ, ਜਮਰਾਜ, ਧਰਮਰਾਜ, ਪਿੱਤ੍ਰ-ਲੋਕ, ਮਰਣੋਂ ਬਾਅਦ ਉਸ ਰਾਹੀਂ ਦੱਸੇ ਲਮੇਂ ਚੌੜੇ ਰਸਤਿਆਂ, ਨਗਰੀਆਂ, ਪੁਰੀਆਂ, ਬੇਤਰਨੀ ਨਦੀ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ ਆਦਿ। ਇਸ ਤਰ੍ਹਾਂ ਗਰੁੜ ਪੁਰਾਣ ਆਦਿ ਨਾਲ ਸਬੰਧਤ ਅਜਿਹੀ ਹਰੇਕ ਗੱਲ ਨੂੰ ਗੁਰਮਤਿ ਨੇ ਨਕਾਰਿਆ ਹੈ। ਬਹਿਸ਼ਤ-ਦੋਜ਼ਖ, ਹੈਵਨ-ਹੈਲ ਦੀਆਂ ਥਿਉਰੀਆਂ ਨੂੰ ਵੀ ਪ੍ਰਵਾਣ ਨਹੀਂ ਕੀਤਾ। ਇਸ ਲਈ ਗੁਰੂਦਰ `ਤੇ ‘ਮੁਕਤੀ’ ਦਾ ਮਤਲਬ ਉਹ ਨਹੀਂ ਜਿਹੜਾ ਮਰਣ ਤੋਂ ਬਾਅਦ, ਕਿਸੇ ਅਜਿਹੇ ‘ਸੁਰਗ’ `ਚ ਜਾਣ ਦੀ ਕਾਮਨਾ ਕੀਤੀ ਜਾਵੇ ਜਾਂ ਕਿਸੇ ਅਜਿਹੇ ਨਰਕ ਤੋਂ ਡਰ ਕੇ ਭਾਂਡੇ, ਬਿਸਤਰੇ ਅਦਿ ਦਿੱਤੇ ਜਾਣ। ਉਪ੍ਰੰਤ ਸਰਾਧਾਂ ਦੇ ਦਿਨਾਂ `ਚ ਭਾਈ ਸਾਹਿਬਾਨ ਨੂੰ ਵੀ ਲੰਗਰ ਛਕਾਉਣ ਤੇ ਕਪੜੇ ਦੇਣ ਦੇ ਕਰਮ ਕੀਤੇ ਜਾਣ।

“ਸਚ ਖੰਡਿ ਵਸੈ ਨਿਰੰਕਾਰੁ” - ਤਾਂ ਤੇ ਜਦੋਂ ਗੁਰਸਿੱਖ ਦੇ ਚਲਾਣੇ ਉਪ੍ਰੰਤ ਕੁੱਝ ਸੱਜਨ, ਭਾਈ ਸਹਿਬਾਨ, ਜਾਂ ਪ੍ਰਚਾਰਕ ਆਦਿ ਅਰਦਾਸ ਸਮੇਂ ‘ਸੁਰਗਬਾਸ’, “ਇਸ ਨੂੰ ਸੁਰਗਾਂ ਦਾ ਵਾਸਾ ਬਖਸ਼ਣਾ” “ਵਿੱਛੜੀ ਆਤਮਾ ਨੂੰ ਸਚਖੰਡ `ਚ ਨਿਵਾਸ ਬਖਸ਼ਣਾ” ਸ਼ਬਦਾਵਲੀ ਵਰਤਦੇ ਹਨ ਤਾਂ ਕਿਉਂ? ਦੇਖ ਚੁੱਕੇ ਹਾਂ ਕਿ ਗੁਰਬਾਣੀ ਅਨੁਸਾਰ ਕਰਤਾਰ ਦੀ ਰਚਨਾ `ਚ ਨਾ ਕੋਈ ਅਜਿਹਾ ‘ਸੁਰਗ ਹੈ, ਨਾ ਨਰਕ’ ਤੇ ਨਾ ‘ਸਚਖੰਡ’ ਇਸ ਲਈ ਅਜਿਹੀ ਸ਼ਬਦਾਵਲੀ ਮੂਲੋਂ ਹੀ ਗ਼ਲਤ ਤੇ ਗੁਰਬਾਣੀ ਸੋਝੀ ਪੱਖੋਂ ਅਗਿਆਨਤ ਵੱਸ ਹੈ।

ਸਮਝਣਾ ਹੈ ਕਿ ਗੁਰਬਾਣੀ ਅਨੁਸਾਰ ਸਚਖੰਡ ਜਾਂ ਬੇਗ਼ਮ ਪੁਰਾ ਕਰਤਾਰ ਦੀ ਰਚਨਾ `ਚ ਕਿਸੇ ਇਲਾਕੇ ਜਾਂ ਦੇਸ਼ ਦਾ ਨਾਮ ਨਹੀਂ ਬਲਕਿ “ਸਚ ਖੰਡਿ ਵਸੈ ਨਿਰੰਕਾਰੁ” (ਬਾਣੀ ਜਪੁ) ਜਾਂ “ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀਂ ਤਿਹਿ ਠਾਉ…ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ…” (ਪੰ: ੩੪੫) ਇਹ ਜੀਵਨ ਦੀ ਉਹ ਅਵਸਥਾ ਹੈ, ਜਦੋਂ ਕੇਵਲ ਇਕੋ ਕਰਤੇ ਦੀ ਪਛਾਣ ਆ ਜਾਂਦੀ ਹੈ। ਜਦੋਂ ਜੀਵਨ ਦੀ ਅਵਸਥਾ ਹੀ “ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ” (ਪੰ: ੮੪੬) ਬਣ ਜਾਂਦੀ ਹੈ।

ਹਾਂ, ਕਿਸੇ ਦੇ ਚਲਾਣੇ ਬਾਅਦ ਉਸ ਦੇ ਸਤਿਕਾਰ, ਪਿਆਰ, ਯਾਦ `ਚ ਪ੍ਰਵਾਰ-ਸਬੰਧੀਆਂ ਵਲੋਂ ਗੁਰਦੁਆਰੇ ਲਈ ਲੋੜੀਂਦੀਆਂ ਵਸਤਾਂ, ਮਾਇਆ ਆਦਿ ਸੇਵਾ ਕਰਣੀ ਜਾਂ ਲੋੜਵੰਦਾਂ ਦੀ ਮਦਦ ਕਰਣੀ, ਚੰਗੀ ਗੱਲ ਹੈਂ। ਇਸ ਦੇ ਉਲਟ, ਜੇ ਗਰੁੜ ਪੁਰਾਣ ਦੀਆਂ ਲੀਹਾਂ `ਤੇ ਹੀ ਭਾਂਡੇ, ਬਿਸਤਰੇ, ਫ਼ਰੂਟ, ਅਨਾਜ ਆਦਿ (ਮੰਦਿਰ ਦੇ ਬਦਲੇ) ਗੁਰਦੁਆਰੇ ਪਹੁੰਚਾਉਣੇ; ਪ੍ਰਬੰਧਕਾਂ ਰਾਹੀਂ ਉਹਨਾਂ ਨੂੰ ਪ੍ਰਵਾਣ ਕਰਣਾ, ਅਰਦਾਸੀਏ ਸੱਜਨ ਰਾਹੀਂ ਅਰਦਾਸ `ਚ ਕਹਿਣਾ “ਕੀਤੇ ਪਾਠ, ਕੀਤੇ ਕੀਰਤਨ-ਕਥਾ’ ਤੇ ਦਿੱਤੀਆਂ ਵਸਤਾਂ ਦਾ ਸਾਰਾ ਮਹਾਤਮ, ਵਿੱਛੜੀ ਆਤਮਾ ਨੂੰ ਪੁੱਜੇ- “ਗੁਰੂ ਸਾਹਿਬ ਦੀ ਹਜ਼ੂਰੀ `ਚ ਚਿੱਟਾ ਝੂਠ, ਪ੍ਰਵਾਰ ਦੀ ਚਾਪਲੂਸੀ, ਨਿਰੋਲ ਮਨਮੱਤ ਤੇ ਗੁਰਬਾਣੀ ਸੋਝੀ ਪੱਖੋਂ ਅਗਿਆਨਤਾ ਦਾ ਸੂਚਕ ਹੈ। #254s07.RJ1.02s10Rd#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 254

ਜਨਮ ਮਰਣ ਦਾ ਵਿਸ਼ਾ

ਸਿੱਖ ਧਰਮ ਬਨਾਮ ਬ੍ਰਾਹਮਣ ਮੱਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.