.

ਬਾਣੀ ‘ਸਦੁ’ ਅਰਥਾਂ ਸਹਿਤ

ਬਨਾਮ

ਗੁਰੂ ਕੀਆਂ ਸੰਗਤਾਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਅੱਜ ਕੀ ਹੋ ਰਿਹਾ ਹੈ? ਜਦੋਂ ਕੋਈ ਸੱਜਨ ਚਲਾਣਾ ਕਰਦਾ ਹੈ, ਪਿਰਤ ਬਣ ਚੁੱਕੀ ਹੈ ਕਿ ਸੰਗਤਾਂ ਸਸਕਾਰ ਉਪ੍ਰੰਤ ਗੁਰਦੁਆਰੇ ਜਾ ਕੇ ‘ਸੱਦ’ ਜਾਂ ‘ਅਲਾਹਣੀਆਂ’ ਦਾ ਪਾਠ ਸੁਣਦੀਆਂ ਤੇ ਘਰਾਂ ਨੂੰ ਪਰਤ ਜਾਂਦੀਆਂ ਹਨ। ਜਦਕਿ ਗੁਰਬਾਣੀ ਪ੍ਰਚਾਰ ਤੇ ਗੁਰਦੁਆਰਾ ਪ੍ਰਬੰਧ `ਚ ਆ ਚੁੱਕੇ ਵਿਗਾੜ ਕਾਰਨ ਅਜਿਹੇ ਸਮਿਆਂ `ਤੇ ਘਰਾਂ `ਚ ਤੇ ਗੁਰਦੁਆਰਿਆ `ਚ ਵੀ ਗੁਰਮੱਤ ਵਿਰੁਧ ਸਾਰੇ ਬ੍ਰਾਹਮਣੀ ਕਰਮ ਹੀ ਕੀਤੇ ਤੇ ਕਰਵਾਏ ਜਾ ਰਹੇ ਹਨ। ਕਾਰਨ, ਇੱਕ ਤਾਂ ਇਸ ਲਈ ਕਿ ਬਹੁਤਾ ਕਰਕੇ ਅੱਜ ਸੰਗਤਾਂ ਗੁਰਬਾਣੀ ਅਰਥ ਬੋਧ ਤੋਂ ਅਨਜਾਣ ਹਨ ਤੇ ਦੂਜਾ ਇਸ ਲਈ ਕਿ ਨਾ ਉਥੇ ਉਨ੍ਹਾਂ ਨੂੰ ਕੋਈ ਦੱਸਣ ਤੇ ਰੋਕਣ ਵਾਲਾ ਹੀ ਹੁੰਦਾ ਹੈ। ਇਸੇ ਦਾ ਨਤੀਜਾ, ਅੱਜ ਹਰ ਪੱਖੋਂ ਸਿੱਖੀ ਤੇ ਗੁਰਮੱਤ ਤੋਂ ਅਨਜਾਣ, ਪੂਰੀ ਤਰ੍ਹਾਂ ਬ੍ਰਾਹਮਣੀ ਜਕੜ `ਚ ਫ਼ਸੀ ਹੋਈ ਸਿੱਖ ਪਨੀਰੀ ਹੀ ਨਹੀਂ, ਬਲਕਿ ਪਨੀਰੀ ਤੋਂ ਬਾਅਦ ਪਨੀਰੀ ਧੜਾਧੜ ਪਤਿਤਪੁਣੇ ਤੇ ਅਨਮੱਤਾਂ ਵੱਲ ਵਧ ਰਹੀ ਹੈ।

ਘਟੋ ਘਟ ਜੋ ਗੁਰੂ ਨਾਨਕ ਦੇ ਅਖਵਾਉਂਦੇ ਹਨ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਸੱਜਨ ਘਟੋ ਗਟ, ਇਸ ਬਾਣੀ ਦੇ ਅਰਥਾਂ ਨੂੰ ਪਹਿਲ਼ਾਂ ਆਪ ਸਮਝਣ, ਉਪ੍ਰੰਤ ਪ੍ਰਵਾਰ ਸਮੇਤ ਆਪਣੀ ਸੰਭਾਲ ਕਰਣ। ਇਸ ਤੋਂ ਵੱਡਾ ਦੁਖ ਉਸ ਸਮੇਂ ਹੁੰਦਾ ਹੈ ਜਦੋ ਕੁੱਝ ਸੱਜਨ ਜੋ ਇਸ ਬਾਣੀ ਦੇ ਅਰਥਾਂ ਨੂੰ ਜਾਣਦੇ ਹੋਏ ਵੀ, ਜਾਣ-ਬੁਝ ਕੇ ਲੋਕਾਚਾਰੀ ਦੇ ਨਾਮ `ਤੇ, ਬ੍ਰਾਹਮਣ ਭਗਤ ਹੀ ਬਣੇ ਰਹਿੰਦੇ ਹਨ। ਅਜਿਹੇ ਸੱਜਨਾਂ ਲਈ ਤਾਂ ਸ਼ਾਇਦ ਇਹ ਕਹਿਣਾ ਵੀ ਅੱਤ ਕਥਨੀ ਨਹੀਂ ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ” (ਪੰ: 1376)

‘ਬਾਣੀ ਸਦੁ ਬਾਰੇ’ - ਇਹ ਬਾਣੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ 1430 ਪੰਨਿਆਂ ਵਾਲੀ ਬੀੜ `ਚ ਪੰਨਾ 923 `ਤੇ ‘ਰਾਮਕਲੀ ਸਦੁ’ ਦੇ ਸਿਰਲੇਖ ਹੇਠ ਦਰਜ ਹੈ। ਰਾਮਕਲ਼ੀ, ਰਾਗ ਦਾ ਨਾਮ ਹੈ ਤੇ ‘ਸਦੁ’ ਤੋਂ ਭਾਵ ਗੁਰੂ ਅਮਰਦਾਸ ਜੀ ਨੂੰ ਅਕਾਲਪੁਰਖ ਵਲੋਂ ਸੱਦਾ। ਤੀਜੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਸਮੇਂ ਵੱਡਾ ਇਕੱਠ ਕੀਤਾ। ਇਸ ਸਮਾਗਮ `ਚ ਆਪ ਦੇ ਸਾਰੇ ਸਬੰਧੀ, ਦੂਰ ਦੂਰ ਤੱਕ ਫੈਲ ਚੁੱਕੀਆਂ ਗੁਰੂ ਕੀਆਂ ਸੰਗਤਾਂ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਪ੍ਰਵਾਰਾਂ ਨਾਲ ਸਬੰਧਤ ਸੱਜਨ ਵੀ ਸ਼ਾਮਲ ਹੋਏ। ਇਸ ਸਮੇਂ ਗੁਰਦੇਵ ਨੇ ਅਜਿਹੇ ਸਮੇਂ ਲਈ ਕੁੱਝ ਆਦੇਸ਼ ਤੇ ਗੁਰਮੱਤ ਰੀਤੀ ਸਮਝਾਈ। ਉਂਝ ਤਾਂ ਇਹ ਸਾਰੇ ਆਦੇਸ਼ ਵਿਲੋਕਿਤਰੇ ਢੰਗ ਨਾਲ ਪਹਿਲੇ ਜਾਮੇ ਦੀ ਬਾਣੀ `ਚ ਵੀ ਮੌਜੂਦ ਸਨ। ਫ਼ਿਰ ਵੀ ਚੂੰਕਿ ਸਿੱਖ ਅਥਵਾ ਗੁਰਮੱਤ ਵਿਚਾਰਧਾਰਾ ਦਾ ਜਨਮ ਹੀ ਬਹੁਤਾ ਕਰਕੇ ਬ੍ਰਾਹਮਣੀ ਵਾਤਾਵਰਣ `ਚ ਹੋਇਆ ਹੈ ਤੇ ਗੁਰਮੱਤ ਰਹਿਣੀ ਉਸ ਤੋਂ 100% ਭਿੰਨ ਬਲਕਿ ਪੂਰੀ ਤਰ੍ਹਾਂ ਵਿਰੁਧ ਹੈ, ਇਸ ਲਈ ਵਿਸ਼ੇ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਸ਼ਾਇਦ ਇਸੇ ਲਈ ਗੁਰਦੇਵ ਨੇ ਇਸ ਵਿਸ਼ੇ ਨੂੰ ਗੁਰੂ ਕੀਆਂ ਸੰਗਤਾਂ ਲਈ ਵਸੀਅਤ ਦੇ ਰੂਪ `ਚ ਉਚੇਚਾ ਦੇਣਾ ਵੀ ਜ਼ਰੂਰੀ ਸਮਝਿਆ। ਮੂਲ ਰੂਪ `ਚ ਇਹ ਆਦੇਸ਼ ਵਾਰਤਕ ਸਨ, ਇਨ੍ਹਾਂ ਨੂੰ ਸਤਿਗੁਰਾਂ ਦੇ ਪੜਪੋਤੇ, ਭਗਤ ਸੁੰਦਰ ਜੀ ਨੇ ਕਾਵਿ ਰੂਪ ਦਿੱਤਾ ਤੇ ਪੰਜਵੇਂ ਪਾਤਸ਼ਾਹ ਨੇ ‘ਆਦਿ ਬੀੜ’ ਦੀ ਸੰਪਾਦਨਾ ਸਮੇਂ ਇਨ੍ਹਾਂ ਨੂੰ ਗੁਰਬਾਣੀ ਦਾ ਅਣਿਖੜਵਾਂ ਅੰਗ ਬਣਾ ਦਿੱਤਾ।

ਬਾਣੀ ਸਦੁ ਬਣਤਰ ਤੇ ਵਿਚਾਰ-ਬਾਣੀ ਸਦੁ ਦੀਆਂ ਕੁਲ ਛੇ ਪਉੜੀਆਂ ਹਨ। ਸੰਗਤਾਂ ਦੀ ਜਾਣਕਾਰੀ ਲਈ ਇਸ ਦੀ ਪਉੜੀ ਵਾਰ ਸੰਖੇਪ ਵਿਚਾਰ। ਇਹ ਇਸ ਲਈ ਕਿ ਸਾਨੂੰ ਪਤਾ ਲਗ ਸਕੇ ਕਿ ਗੁਰੂ ਕੀਆਂ ਸੰਗਤਾਂ ਅੱਜ ਪੜ੍ਹ-ੁਸੁਣ ਕੀ ਰਹੀਆਂ ਹਨ? ਤੇ ਕਰ ਕੀ ਰਹੀਆਂ ਹਨ?

ਪਉੜੀ ਨੰ: 1- ਅਕਾਲਪੁਰਖ ਜੋ ਸੰਸਾਰ `ਚ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਤੇ ਸਾਰੀ ਰਚਨਾ `ਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ। ਗੁਰੂ ਅਮਰਦਾਸ ਜੀ ਸਦਾ ਉਸ ਦੇ ਸ਼ਬਦ `ਚ ਹੀ ਲੀਨ ਰਹੇ। ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਤੋਂ ਬਿਨਾ ਹੋਰ ਕਿਸੇ ਨੂੰ ਉਸ ਦੇ ਤੁੱਲ ਨਹੀਂ ਸਨ ਜਾਣਦੇ। ਕੇਵਲ ਉਸੇ ਦਾ ਗੁਣ-ਗਾਣ ਕਰਦੇ, ਇਸ ਤਰ੍ਹਾਂ ਗੁਰੂ ਨਾਨਕ ਤੇ ਗੁਰੂ ਅੰਗਦ ਜੀ ਦੀ ਕਿਰਪਾ ਨਾਲ ਉਹ ਬਹੁਤ ਉੱਚੇ ਦਰਜੇ ਨੂੰ ਪ੍ਰਾਪਤ ਹੋਏ। ਗੁਰੂ ਅਮਰਦਾਸ, ਜੋ ਸਦਾ ਅਕਾਲਪੁਰਖ ਦੇ ਨਾਮ `ਚ ਲੀਨ ਰਹਿੰਦੇ ਸਨ, ਜਗਤ `ਚ ਰਹਿੰਦਿਆਂ ਹੋਇਆਂ ਹੀ ਉਨ੍ਹਾਂ ਨੇ ਉਸ ਅਮਰ, ਅਟੱਲ, ਅਤੋਲ ਠਾਕੁਰ ਨੂੰ ਆਪਣੀ ਭਗਤੀ ਨਾਲ ਪ੍ਰਾਪਤ ਕਰ ਲਿਆ ਸੀ। ਇਸ ਤਰ੍ਹਾਂ ਚੱਲਣ ਲਈ ਇਹ ਸੱਦਾ (ਬੁਲਾਵਾ) ਵੀ ਉਨ੍ਹਾਂ ਨੂੰ ਅਕਾਲਪੁਰਖ ਵੱਲੋਂ ਹੀ ਆਇਆ ਸੀ। ੧।

ਪਉੜੀ ਨੰ: 2- ਗੁਰੂ ਅਮਰਦਾਸ ਜੀ ਨੂੰ ਅਕਾਲਪੁਰਖ ਦੀ ਰਜ਼ਾ ਪਿਆਰੀ ਲੱਗੀ ਤੇ ਸਤਿਗੁਰੂ ਜੀ, ਉਸ ਕੋਲ ਜਾਣ ਨੂੰ ਤਿਆਰ ਹੋ ਗਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਹੇ ਕਰਤਾਰ ਜੀ! ਮੇਰੀ ਅਰਦਾਸ ਹੈ ਕਿ ਤੁਸੀਂ ਮੇਰੀ ਲਾਜ ਰੱਖ ਲਵੋ। ਹੇ ਕਰਤਾਪੁਰਖ ਜੀ! ਮੇਰੀ ਇਹ ਅਰਦਾਸ ਵੀ ਹੈ ਕਿ ਆਪਣੇ ਸੇਵਕਾਂ ਦੀ ਸਦਾ ਲਾਜ ਰੱਖੋ ਤੇ ਮਾਇਆ ਤੋਂ ਨਿਰਲੇਪ ਰਖਣ ਵਾਲਾ ਉਨ੍ਹਾਂ ਨੂੰ ਆਪਣਾ ਨਾਮ ਬਖ਼ਸ਼ੋ ਜੀ। ਉਹ ਨਾਮ, ਜਿਹੜਾ ਜੀਵ ਨੂੰ ਜਨਮ-ਮਰਣ ਦੇ ਗੇੜ ਤੋਂ ਬਚਾਉਣ ਵਾਲਾ ਤੇ ਚੱਲਣ ਵੇਲੇ ਸਾਥੀ ਵੀ ਬਣਦਾ ਹੈ। ਸਤਿਗੁਰਾਂ ਦੀ ਇਹ ਅਰਦਾਸ, ਅਕਾਲਪੁਰਖ ਨੇ ਸੁਣ ਲਈ ਤੇ ਆਪਣੀ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਤੇ ਕਿਹਾ, ‘ਸ਼ਾਬਾਸ਼ (ਅਮਰਦਾਸ)! ਤੂੰ ਧੰਨ ਹੈਂ, ਤੂੰ ਧੰਨ ਹੈਂ’। ੨।

ਪਉੜੀ ਨੰ: 3- ਉਪ੍ਰੰਤ ਗੁਰਦੇਵ ਨੇ ਫ਼ੁਰਮਾਇਆ ‘ਹੇ ਮੇਰੇ ਸਿੱਖੋ, ਪੁੱਤ੍ਰੋ ਤੇ ਭਰਾਵੋ! ਸੁਣੋ, “ਅਕਾਲਪੁਰਖ ਨੂੰ ਇਹ ਚੰਗਾ ਲੱਗਾ ਤੇ ਉਸ ਨੇ ਮੈਨੂੰ ਹੁਕਮ ਕੀਤਾ ਹੈ ਕਿ ‘ਮੇਰੇ ਕੋਲ ਆਉ’। ਕਰਤਾਰ ਦੀ ਰਜ਼ਾ ਗੁਰੂ ਜੀ ਨੂੰ ਮਿੱਠੀ ਲੱਗੀ ਤੇ ਕਿਹਾ ਕਿ “ਪ੍ਰਭੂ ਮੈਨੂੰ ਸ਼ਾਬਾਸ਼ ਦੇ ਰਿਹਾ ਹੈ”। ਆਪ ਨੇ ਫ਼ੁਰਮਾਇਆ ਕਿ ਉਹੀ ਮਨੁੱਖ, ਭਗਤ ਤੇ ਸਤਿਗੁਰੂ ਵੀ ਹੈ, ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲਗੇ। ਅਜਿਹੇ ਮਨੁੱਖ ਅੰਦਰ ਇੱਕ-ਰਸ ਆਨੰਦ ਦੇ ਵਾਜੇ ਵੱਜਦੇ ਹਨ। ਕਰਤਾਰ ਉਸ ਨੂੰ ਆਪਣੇ ਗਲ ਨਾਲ ਲਾਉਂਦਾ ਹੈ। ਤਾਂ ਤੇ “ਤੁਸੀਂ ਜੋ ਮੇਰੇ ਪੁੱਤ, ਭਰਾ ਤੇ ਮੇਰਾ ਪ੍ਰਵਾਰ ਹੋ! ਮਨ ਕਰਕੇ ਪੱਕਾ ਕਰ ਲਵੋ ਕਿ ਧੁਰੋਂ ਆਇਆ ਪ੍ਰਵਾਣਾ ਨਹੀਂ ਟਲਦਾ; ਇਸ ਲਈ ਗੁਰੂ, ਅਕਾਲਪੁਰਖ ਕੋਲ ਹੀ ਜਾ ਰਿਹਾ ਹੈ”। ੩।

ਪਉੜੀ ਨੰ: 4- ਗੁਰੂ ਅਮਰਦਾਸ ਜੀ ਨੇ ਆਪਣੀ ਇਛਾ ਨਾਲ ਸਾਰੇ ਪ੍ਰਵਾਰ ਨੂੰ ਸੱਦਾ ਭੇਜਿਆ ਤੇ ਕਿਹਾ ‘ਮੇਰੇ ਪਿਛੋਂ ਕੋਈ ਰੋਏ ਗਾ ਨਹੀਂ ਅਤੇ ਰੋਣ ਵਾਲਾ ਮੈਨੂੰ ਚੰਗਾ ਨਹੀਂ ਲੱਗੇ ਗਾ। ਕਿਉਂਕਿ ਜਿਸ ਨੂੰ ਆਪਣੇ ਮਿਤ੍ਰ ਦੀ ਤਰੱਕੀ ਚੰਗੀ ਲਗਦੀ ਹੈ, ਜਦੋਂ ਉਸ ਮਿਤ੍ਰ ਨੂੰ ਆਦਰ ਮਿਲਦਾ ਹੈ ਤਾਂ ਮਿੱਤਰ ਇਸ `ਤੇ ਖੁਸ਼ ਹੁੰਦਾ ਹੈ। ਤੁਸੀਂ ਮੇਰੇ ਪੁਤਰੋ ਤੇ ਭਰਾਵੋ! ਵਿਚਾਰ ਕੇ ਦੇਖ ਲਵੋ ਕਿ ਇਹ ਤਾਂ ਕਰਤਾਰ ਆਪ, ਗੁਰੂ ਨੂੰ ਸਿਰੋਪਾ ਦੇ ਰਿਹਾ ਹੈ, ਇਸ ਲਈ ਤੁਸੀਂ ਵੀ ਖ਼ੁਸ਼ ਹੋਵੋ”। ਇਸ ਤਰ੍ਹਾਂ ਉਪਦੇਸ਼ ਦੇ ਕੇ, ਗੁਰੂ ਅਮਰਦਾਸ ਜੀ ਨੇ ਸਰੀਰ `ਚ ਹੁੰਦਿਆਂ ਹੀ ਗੁਰਿਆਈ ਬਖਸ਼ ਦਿੱਤੀ। ਉਨ੍ਹਾਂ ਨੇ ਤੇ ਸਾਰੇ ਸਿੱਖਾਂ, ਸਬੰਧੀਆਂ, ਮਿੱਤਰਾਂ, ਪੁੱਤਰਾਂ, ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ। ੪।

ਪਉੜੀ ਨੰ: 5- ਜੋਤੀ ਜੋਤਿ ਸਮਾਉਣ ਸਮੇਂ ਗੁਰੂ ਅਮਰਦਾਸ ਜੀ ਨੇ ਕਿਹਾ “ਹੇ ਭਾਈ! ‘ਮੇਰੇ ਪਿੱਛੋਂ ਨਿਰਬਾਣ (ਮਨ ਤੇ ਰਸਨਾ ਤੋਂ ਇੱਕ ਹੋ ਕੇ) ਕੀਰਤਨ ਕਰਿਓ। ਤੁਸਾਂ ਅਕਾਲਪੁਰਖ ਦੇ ਪੰਡਿਤਾਂ  (ਸਾਧ ਸੰਗਤ) ਨੂੰ ਜੋੜਣਾ ਹੈ ਤੇ ਹਰੀ ਦੇ ਪੁਰਾਣ (ਪ੍ਰਭੂ ਜੱਸ) ਦੀਆਂ ਹੀ ਬਾਤਾਂ ਵੀ ਕਰਣੀਆਂ ਹਨ। ਇਸ ਤਰ੍ਹਾਂ ਕੇਵਲ ਅਕਾਲਪੁਰਖ ਦੀਆਂ ਸਿਫ਼ਤਾਂ ਹੀ ਕਰਣੀਆਂ ਤੇ ਸੁਨਣੀਆਂ ਹਨ। ਪ੍ਰਭੂ ਦੇ ਰੰਗ `ਚ ਰੰਗੇ ਹੋਣਾ ਹੀ ਤੁਹਾਡੇ ਵੱਲੋਂ ਬੇਬਾਣ ਕੱਢਣਾ ਹੋਵੇਗਾ ਤੇ ਉਹੀ ਬੇਬਾਣ ਪ੍ਰਭੂ ਨੂੰ ਵੀ ਚੰਗਾ ਲਗੇ ਗਾ। ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ (ਅਸਥੀਆਂ) ਆਦਿ ਸਾਰੇ ਕੰਮ, ਮੈਂ ਸਾਧਸੰਗਤ (ਹਰਿਸਰ) ਤੋਂ ਕੁਰਬਾਣ ਕਰਦਾ ਹਾਂ ਭਾਵ ਇਹ ਕਰਮ ਨਹੀਂ ਕਰਣੇ। ਗੁਰੂ ਅਮਰਦਾਸ ਜੀ ਨੇ ਮਨੁੱਖ ਮਾਤ੍ਰ ਦੀ ਹਮੇਸ਼ਾਂ ਲਈ ਰਹਿਨੁਮਈ ਕਰਣ ਵਾਲੇ ਗੁਰਬਾਣੀ ਦੇ ਖਜ਼ਾਨੇ ਸਮੇਤ ਸੋਢੀ ਕੁਲ ਦੇ ਰਾਮਦਾਸ ਜੀ ਨੂੰ ਗੁਰਿਆਈ ਵਾਲੀ ਜ਼ਿੰਮੇਵਾਰੀ (ਤਿਲਕ) ਸੋਂਪ ਦਿੱਤੀ। ਸੁੰਦਰ ਜੀ ਕਹਿੰਦੇ ਹਨ, ਗੁਰੂ ਜੀ ਨੇ ਸਪਸ਼ਟ ਕਿਹਾ ਕਿ ਇਹ ਮੈਂ ਉਹੀ ਕੁੱਝ ਕੀਤਾ ਹੈ ਜੋ ਅਕਾਲਪੁਰਖ ਨੂੰ ਚੰਗਾ ਲਗਿਆ ਹੈ। ੫।

ਪਉੜੀ ਨੰ: 6- ਅੰਤਮ ਪਉੜੀ `ਚ ਸੁੰਦਰ ਜੀ ਦਸਦੇ ਹਨ, ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਹੁਣ ਸਾਰੀ ਸੰਗਤ ਗੁਰੂ ਰਾਮਦਾਸ ਦੇ ਚਰਨੀਂ ਲੱਗੇ, ਤਾਂ ਸਿੱਖਾਂ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਲਿਆ। ਸਭ ਤੋਂ ਪਹਿਲਾਂ, ਗੁਰੂ ਅਮਰਦਾਸ ਜੀ ਦੇ ਸਪੁੱਤ੍ਰ ਬਾਬਾ ਮੋਹਰੀ ਜੀ ਨੇ ਰਾਮਦਾਸ ਜੀ ਦੇ ਚਰਨਾਂ `ਤੇ ਮੱਥਾ ਟੇਕਿਆ। ਉਹ ਗੁਰੂ ਰਾਮਦਾਸ, ਜਿਨ੍ਹਾਂ ਅੰਦਰ ਗੁਰੂ ਅਮਰਦਾਸ ਜੀ ਨੇ ਆਪਣੀ ਆਤਮਕ ਜੋਤ ਟਿਕਾਅ ਦਿੱਤੀ ਸੀ। ਇਸ ਤਰ੍ਹਾਂ ਸਾਰੀ ਲੋਕਾਈ ਗੁਰੂ ਰਾਮਦਾਸ ਜੀ ਦੇ ਚਰਨਾਂ `ਚ ਆ ਗਈ। ਜੇ ਕਿਸੇ ਨੂੰ ਕੋਈ ਸ਼ਿਕਾਇਤ ਸੀ ਤੇ ਪਹਿਲਾਂ ਨਹੀਂ ਸੀ ਨਿਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਆਪ ਗੁਰੂ ਰਾਮਦਾਸ ਜੀ ਦੀ ਚਰਨੀ ਲਗਾ ਦਿੱਤਾ। ਸੁੰਦਰ ਜੀ ਕਹਿੰਦੇ ਹਨ, ਹੇ ਸਤਸੰਗੀਓ ਸੁਣੋ! ਅਕਾਲਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ ਇਹੀ ਚੰਗਾ ਲੱਗਾ ਜੋ ਉਨ੍ਹਾਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਵਾਲੀ ਵਡਿਆਈ ਬਖ਼ਸ਼ੀ; ਅਸਲ `ਚ ਧੁਰੋਂ ਅਕਾਲਪੁਰਖ ਦਾ ਵੀ ਇਹੀ ਹੁਕਮ ਸੀ। ਇਸ ਲਈ ਸਾਰਾ ਜਗਤ ਇਸ ਗੁਰੂ-ਪਦਵੀ ਦੇ ਅਜੋਕੇ ਮਾਲਿਕ, ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਗਿਆ। ੬। ੧।

ਬਾਣੀ ‘ਸਦ ਦਾ ਮੂਲ ਪਾਠ: “ਰਾਮਕਲੀ ਸਦੁ ੴ ਸਤਿਗੁਰ ਪ੍ਰਸਾਦਿ॥ ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥ ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ॥ ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ॥   ॥ ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥ ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ॥ ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ॥ ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ॥ ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ॥ ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ॥   ॥ ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ॥ ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ॥ ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ॥ ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ॥ ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ॥   ॥ ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ॥ ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ॥ ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ॥ ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥   ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥ ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥   ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ॥ ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ॥ ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ॥     ॥”

ਪੰਜਵੀਂ ਪਉੜੀ ਬਾਰੇ ਵਿਸ਼ੇਸ਼- ਗੁਰਬਾਣੀ ਅਰਥ ਬੋਧ ਤੇ ਗੁਰਬਾਣੀ ਵਿਚਾਰਧਾਰਾ ਦੀ ਗਹਿਰਾਈ `ਚ ਗਏ ਬਿਨਾ ਸਾਡੇ ਬਹੁਤੇ ਵਿਦਵਾਨਾਂ ਤੇ ਬੁਲਾਰਿਆਂ ਨੇ ਖਾਸ ਤੌਰ ਤੇ ਇਸ ਬਾਣੀ ਦੀ ਪੰਜਵੀ ਪਉੜੀ ਬਾਰੇ ਵੱਡੇ ਭੁਲੇਖੇ ਖਾਧੇ ਹਨ। ਇਸੇ ਕਰਕੇ ਉਹ ਸੱਜਨ ਪਉੜੀ ਨੂੰ ਗ਼ਲਤ ਤੇ ਗੁਰਮੱਤ ਵਿਰੋਧੀ ਅਰਥਾਂ `ਚ ਦੇ ਕੇ ਸੰਗਤਾਂ ਨੂੰ ਵੀ ਕੁਰਾਹੇ ਪਾ ਰਹੇ ਹਨ। ਇਹ ਮਾਨ ਪੰਥ ਦੀ ਚਲਦੀ-ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੂੰ ਜਾਂਦਾ ਹੈ ਜਿਨ੍ਹਾਂ ‘ਗੁਰੂ ਗ੍ਰੰਥ ਦਰਪਣ’ ਰਾਹੀਂ ਅਨੇਕਾਂ ਭੁਲੇਖੇ ਕੱਢੇ ਅਤੇ ਲਗਾਤਾਰ ਗੁਰਬਾਣੀ ਦੇ ਕਈ ਅੰਗਾਂ ਦੇ ਹੋ ਰਹੇ ਗ਼ਲਤ ਅਰਥਾਂ ਨੂੰ ਵੰਗਾਰਿਆ, ਉਸੇ ਗਿਣਤੀ `ਚ ਸਬੰਧਤ ਪਉੜੀ ਵੀ ਆਉਂਦੀ ਹੈ।

ਉਪ੍ਰੰਤ, ਜੇ ਥੋੜੇ ਲਫ਼ਜ਼ਾਂ `ਚ ਪਉੜੀ ਦੇ ਭਾਵ ਨੂੰ ਬਿਆਨ ਕਰਣਾ ਹੋਵੇ ਤਾਂ ਇਸ ਦਾ ਅਰਥ-ਭਾਵ ਹੈ ਕਿ ਅਜਿਹੇ ਸਮਿਆਂ `ਤੇ ਗੁਰੂ ਕੀਆਂ ਸੰਗਤਾਂ ਨੇ ਜੁੜ ਬੈਠਣਾ ਹੈ। ਇਸ ਸਮੇਂ ਸੰਗਤਾਂ ਨੇ ਕੀ ਕਰਣਾ ਹੈ ਤੇ ਕੀ ਨਹੀਂ ਕਰਣਾ ਇਸ ਵਿਸ਼ੇ ਸਬੰਧੀ ਸੇਧ, ਕੇਵਲ ਗੁਰਬਾਣੀ-ਗੁਰੂ ਤੋਂ ਹੀ ਲੈਣੀ ਹੈ; ਬ੍ਰਾਹਮਣੀ ਤੇ ਅਨਮੱਤੀ ਕਰਮ ਨਹੀਂ ਕਰਣੇ। ਇਸ ਤਰ੍ਹਾਂ ਇਸ ਪਉੜੀ `ਚ ਕੀਰਤਨ, ਕਥਾ, ਪੁਰਾਣ, ਬੇਬਾਣ ਆਦਿ ਸਭ ਦਾ ਮਤਲਬ ਕੇਵਲ ਗੁਰਬਾਣੀ ਦੇ ਦਾਇਰੇ `ਚ ਰਹਿ ਕੇ ਹਰੀ ਜੱਸ ਕਰਣਾ ਹੈ। ਇਸ ਪਉੜੀ `ਚ ਸਪਸ਼ਟ ਆਦੇਸ਼ ਕੀਤਾ ਗਿਆ ਹੈ ਕਿ ਕਿਸੇ ਪੰਡਤ (ਅਚਾਰਜੀ) ਨੂੰ ਨਹੀਂ ਬੁਲਾਉਣਾ, ਗਰੁੜ ਪੁਰਾਣ ਦੀ ਕਥਾ ਨਹੀਂ ਕਰਾਉਣੀ। ਚਿਤਾ ਚੋਂ ਫੁਲ (ਅਸਥੀਆਂ) ਚੁਣ ਕੇ ਗੰਗਾ-ਹਰਿਦੁਆਰ ਆਦਿ ਨਹੀਂ ਪਹੁੰਚਾਉਣੇ। ਪੋਤੇ-ਪੜਪੋਤਿਆਂ ਆਦਿ ਵਾਲੇ ਹੋਣ `ਤੇ ਜੋ ਬੇਬਾਣ ਕਢਣ ਵਾਲਾ ਬ੍ਰਾਹਮਣੀ ਕਰਮ ਹੈ, ਨਹੀਂ ਕਰਣਾ। ਇਸੇ ਤਰ੍ਹਾਂ ਪਿੰਡ, ਪੱਤਲ, ਕਿਰਿਆ, ਦੀਵਾ ਆਦਿ ਕੋਈ ਕਰਮਕਾਂਡ ਨਹੀਂ ਕਰਣਾ। ਇਹ ਤੇ ਅਜਿਹੇ ਸਾਰੇ ਬ੍ਰਾਹਮਣੀ ਤੇ ਅਨਮਤੀ ਕਰਮ ਸਾਧਸੰਗਤ ਤੋਂ ਕੁਰਬਾਨ ਕਰ ਦੇਣੇ ਹਨ, ਭਾਵ ਨਹੀਂ ਕਰਣੇ।

ਵਿਦਵਾਨ ਗੁਮਰਾਹ ਕਿੱਥੇ ਹਨ? - ਇਸ ਬਾਣੀ ਦੇ `ਚੋਂ ਪੰਜਵੀ ਪਉੜੀ ਦੇ ਦਰਸ਼ਨ ਕਰੋ! ਇਥੇ ‘ਕੇਸੋ ਗੋਪਾਲ ਪੰਡਿਤ’, ‘ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ’, ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ’ ; ਬਸ ਇਹੀ ਕੁੱਝ ਸ਼ਬਦਾਵਲੀ ਹੈ ਜਿਥੋਂ ਸਾਡੇ ਕੁੱਝ ਵਿਦਵਾਨ ਗੁਮਰਾਹ ਹੁੰਦੇ ਹਨ ਤੇ ਇਸੇ ਤੋਂ ਸੰਗਤਾਂ ਦਾ ਵੱਡਾ ਨੁਕਸਾਨ ਵੀ ਹੋ ਰਿਹਾ ਹੈ। ਗਹਿਰਾਈ `ਚ ਜਾਵੋ ਤਾਂ ਉਨ੍ਹਾਂ ਦੇ ਗੁਮਰਾਹ ਹੋਣ ਦਾ ਕਾਰਨ ਵੀ ਉਨ੍ਹਾਂ ਦੀ ਬਾਣੀ ਸਬੰਧੀ ਵਿਆਕਰਣਕ ਸੋਝੀ ਦੀ ਘਾਟ ਸਾਬਤ ਹੁੰਦੀ ਹੈ। ਇਸ ਲਈ ਇਥੇ --

੧.’ਪੰਡਿਤ’ ਲਫ਼ਜ਼, ਵਿਆਕਰਣ ਅਨੁਸਾਰ ਬਹੁ-ਵਚਨ ਹੈ, ਇਕ-ਵਚਨ ਨਹੀਂ। ਜੇ ਇੱਕ ਪੰਡਤ ਭਾਵ ਅਚਾਰਜੀ ਦੀ ਗੱਲ ਹੁੰਦੀ ਤਾਂ ਇਕ-ਵਚਨ ਲਈ ਪੰਡਿਤ ਦੇ ‘ਤ’ ਹੇਠਾਂ ‘-’ ਹੋਣਾ ਸੀ। ਜਦਕਿ ਬ੍ਰਾਹਮਣ ਮੱਤ ਅਨੁਸਾਰ ਪੰਡਿਤ (ਅਚਾਰਜੀ) ਇੱਕ ਹੀ ਹੁੰਦਾ ਹੈ ਬਹੁਤੇ ਨਹੀਂ।

੨.’ਕਥਾ ਪੜਹਿ’ `ਚ ਕਿਰਿਆ (Verb) ‘ਪੜਹਿ’ ਬਹੁਵਚਨ ਹੈ, ਇੱਕ ਵਚਨ ਨਹੀਂ। ਜੇ ਕਿਸੇ ‘ਇੱਕ ਅਚਾਰਜੀ’ ਨੇ ਕਥਾ ਕਰਣੀ (ਪੜ੍ਹਣੀ) ਹੁੰਦੀ ਤਾਂ ਲਫ਼ਜ਼ ਪੜਹਿ’ ਨਹੀਂ, ਇਸ ਦਾ ਇੱਕ ਵਚਨ ‘ਪੜੈ’ ਹੋਣਾ ਸੀ।

੩. ਉਪ੍ਰੰਤ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ’ ਭਾਵ ‘ਹਰੀ’ ਪੁਰਾਣ ਦੀ ਕਥਾ ਕਿਹਾ ਹੈ, ਨਾ ਕਿ ਗਰੁੜ ਪੁਰਾਣ ਦੀ। ਜਿਸ ਦੇ ਅਰਥ ਹਨ ਪ੍ਰਭੂ ਦੀ ਸਿਫ਼ਤ ਸਲਾਹ। ਉਂਝ ਵੀ ਬ੍ਰਾਹਮਣ ਦੇ ਕੁਲ ੧੮ ਪੁਰਾਨਾਂ `ਚੋਂ ਹਰੀ ਪੁਰਾਨ ਨਾਮ ਵਾਲਾ ਕੋਈ ਪੁਰਾਨ ਹੈ ਹੀ ਨਹੀਂ।

੪.’ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ’ `ਚ ‘ਪਾਵਏ’ ਵਰਤਮਾਨ ਕਾਲ ਹੈ ਜਿਸ ਦੇ ਅਰਥ ਹਨ ਪਾਉਂਦਾ ਹਾਂ। ਇਸ ਦੇ ਉਲਟ ਜੇ ਬ੍ਰਾਹਮਣੀ ਜਾਂ ਗਰੁੜ ਪੁਰਾਣ ਵਿਚਲੇ ਕਰਮਕਾਂਡਾਂ ਦੀ ਗੱਲ ਹੁੰਦੀ ਤਾਂ ਕਿਰਿਆ ਵਰਤਮਾਨ ਨਹੀਂ, ਭਵਿਖਤ ਦੀ ਹੋਣੀ ਸੀ। ਇਥੇ ‘ਪਾਉਂਦਾ ਹਾਂ’ ਦੀ ਬਜਾਏ ਹੋਣਾ ਸੀ ‘ਪਾ ਦੇਣੇ’।

੫.’ਹਰਿਸਰ’ ਵੇਦਾਂ-ਸ਼ਾਸਤ੍ਰਾਂ-ਪੁਰਾਣਾਂ ਭਾਵ ਕਿਸੇ ਬ੍ਰਾਹਮਣੀ ਜਾਂ ਪੁਰਾਤਨ ਰਚਨਾਵਾਂ `ਚ ਹਰਦੁਆਰ ਲਈ ‘ਹਰਿਸਰ’ ਲਫ਼ਜ਼ ਕਿਧਰੇ ਵੀ ਨਹੀਂ ਆਇਆ। ਇਥੇ ਇਹ ਲਫ਼ਜ਼ ‘ਸਾਧਸੰਗਤ’ ਲਈ ਹੈ। ਠੀਕ ਉਸੇ ਤਰ੍ਹਾਂ ਜਿਵੇਂ ਗੁਰਬਾਣੀ `ਚ ‘ਅੰਮ੍ਰਿਤਸਰ’, ‘ਰਾਮਸਰ’, ‘ਵਿਵੇਕਸਰ’, ‘ਸੰਤੋਖਸਰ’, ‘ਕੌਲਸਰ’ ਆਦਿ। ਬਾਣੀ ਚ’ ਇਹ ਲਫ਼ਜ਼ ਸਰੋਵਰ ਜਾਂ ਸਾਧਸੰਗਤ ਲਈ ਹੀ ਆਏ ਹਨ।

੬.’ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ’ ਦੇ ਅਰਥ ਹਨ, ਮੈਂ ਇਹ ਸਾਰੇ ਕਰਮ ਸਾਧਸੰਗਤ ਤੋਂ ਕੁਰਬਾਣ ਕਰਦਾ ਹਾਂ, ਨਾ ਕਿ ਪਾ ਦੇਣੇ। ਇਸ ਲਈ ਲੋੜ ਹੈ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਲਈ ਗੁਰਬਾਣੀ ਵਿਆਕਣ ਤੇ ਸਿਧਾਂਤਾਂ ਬਾਰੇ ਵੀ ਜਾਗ੍ਰਤ ਹੋਵੀਏ।

“ਗੰਗ ਬਨਾਰਸਿ ਸਿਫਤਿ ਤੁਮਾਰੀ. .”- ਪਹਿਲੇ ਪਾਤਸ਼ਾਹ ‘ਗਿਆ’ ਦੇ ਸਥਾਨ `ਤੇ ਗਏ ਤਾਂ ਉਨ੍ਹਾਂ ਉਥੇ ਲੋਕਾਈ ਨੂੰ ਅਜਿਹੇ ਕਰਮਕਾਂਡਾਂ ਤੋਂ ਵਰਜਿਆ। ਉਸ ਸਮੇਂ ਆਪ ਨੇ ਸ਼ਬਦ ਉਚਾਰਿਆ ਆਸਾ ਮਹਲਾ ੧॥” ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ॥ ੧॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ, ਏਕ ਰਤੀ ਲੇ ਭਾਹਿ॥ ੧॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ, ਏਹੁ ਮੇਰਾ ਆਧਾਰੁ॥ ੨॥ ਗੰਗ ਬਨਾਰਸਿ ਸਿਫਤਿ ਤੁਮਾਰੀ, ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ, ਜਾਂ ਅਹਿਨਿਸਿ ਲਾਗੈ ਭਾਉ॥ ੩॥ ਇੱਕ ਲੋਕੀ ਹੋਰੁ ਛਮਿਛਰੀ, ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ, ਕਬਹੂੰ ਨਿਖੂਟਸਿ ਨਾਹਿ॥ ੪॥” (ਪੰ: 358) ਸ਼ਬਦ `ਚ ਗੁਰਦੇਵ ਨੇ ਫ਼ੁਰਮਾਇਆ ‘ਪਿੰਡ, ਪਤਲ, ਕਿਰਿਆ, ਦੀਵਾ, ਗੰਗਾਂ `ਚ ਅਸਥੀਆਂ, ਬਨਾਰਸ ਜਾ ਕੇ ਮਰਨਾ, ਵਰ੍ਹੀਨੇ-ਸਰਾਧਾਂ ਰਾਹੀਂ ਬ੍ਰਾਹਮਣਾਂ ਨੂੰ ਦਾਨ-ਦਛਣਾ ਤੇ ਭੋਜਨ; ਪ੍ਰਭੂ ਦੀ ਸਿਫ਼ਤ ਸਲਾਹ ਦੇ ਮੁਕਾਬਲੇ ਇਨ੍ਹਾਂ ਕੰਮਾਂ ਦਾ ਕੋਈ ਮੁੱਲ ਨਹੀਂ। ਲੋੜ ਹੈ ਤਾਂ ‘ਨਾਵੈ ਆਤਮ ਰਾੳ’ ਭਾਵ ਮਨੁੱਖ ਨੇ ਆਪਣੀ ਆਤਮਾ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਸਨਾਨ ਕਰਵਾਉਣਾ ਹੈ ਭਾਵ ਅਜਿਹੇ ਸਮੇਂ ਕੇਵਲ ਗੁਰਬਾਣੀ ਦੀਆਂ ਵਿਚਾਰਾਂ ਹੀ ਕਰਣੀਆਂ ਹਨ।

ਕੇਸੋ ਗੋਪਾਲ ਪੰਡਿਤ” - ਦੇਖਣਾ ਹੈ ਕਿ “ਪਿੰਡੁ ਪਤਲਿ ਮੇਰੀ ਕੇਸਉ” (ਪੰ: 358) `ਚ ਵੀ ਪਹਿਲੇ ਪਾਤਸ਼ਾਹ ਨੇ ਅਕਾਲਪੁਰਖ ਲਈ ਲਫ਼ਜ਼ ‘ਕੇਸਉ’ ਵਰਤਿਆ ਹੈ। ਇਸੇ ਤਰ੍ਹਾਂ ਗੋਪਾਲ’ ਲਫ਼ਜ਼ ਵੀ ਬਾਣੀ `ਚ ਅਨੇਕਾਂ ਵਾਰੀ ਕਰਤਾਰ ਲਈ ਆਇਆ ਹੈ। ਜਿਵੇਂ ਕਬੀਰ ਕੇਸੋ ਕੇਸੋ ਕੂਕੀਐ’ (ਪੰ: 1376) ਜਾਂ ਕੇਸਵਾ ਬਚਉਨੀ ਅਈਏ ਮਈਏ, ਏਕ ਆਨ ਜੀਉ” (ਪੰ: 693) ਤੇ ਗੋਪਾਲ ਤੇਰਾ ਆਰਤਾ’ (ਪੰ: 695) ਜਾਂ ਗੋਪਾਲ ਗੁਣ ਨਿਧਿ ਸਦਾ ਸੰਗੇ” (ਪੰ: 1278)। ਉਪ੍ਰੰਤ ਬਾਣੀ ਸਦੁ `ਚ ਵੀ ‘ਕੇਸੋ ਗੋਪਾਲ ਪੰਡਿਤ” ਦੇ ਅਰਥ ਹਨ ‘ਅਕਾਲਪੁਰਖ ਦੇ ਪੰਡਿਤ ਭਾਵ ਸਾਧਸੰਗਤ। ਇਥੇ ਇਹ ਸ਼ਬਦ ਕਿਸੇ ਇੱਕ ਪੰਡਿਤ ਜਾਂ ਅਚਾਰਜੀ ਦਾ ਨਾਮ ਜਾਂ ਉਸ ਨੂੰ ਸੱਦਣ ਦੀ ਗੱਲ ਨਹੀਂ।

“ਰਾਮਦਾਸ ਸੋਢੀ ਤਿਲਕੁ ਦੀਆ. .”- ਅਰਥ ਹਨ ਸੋਢੀ ਕੁਲ ਦੇ ਰਾਮਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ। ਗੁਰਗੱਦੀ ਕਿਵੇਂ ਸੋਂਪੀ, ਉਸ ਦਾ ਵੇਰਵਾ ਹੈ ‘ਗੁਰ ਸਬਦੁ ਸਚੁ ਨੀਸਾਣੁ ਜੀਉ’ ਭਾਵ ਮਨੁੱਖ ਮਾਤ੍ਰ ਦੀ ਰਾਹਦਾਰੀ ਕਰਣ ਵਾਲੇ ਗੁਰਬਾਣੀ ਦੇ ਖਜ਼ਾਨੇ ਨਾਲ।

ਇਥੇ ਵੀ ਸਾਡੇ ਕੁੱਝ ਪ੍ਰਚਾਰਕਾਂ ਆਦਿ ਨੇ ਅਧਮੂਲ ਮਚਾ ਰਖਿਆ ਹੈ। ਇਥੇ ਤਿਲਕ ਦੇ ਅਰਥ ਮੱਥੇ `ਤੇ ਲਗਤਉਣ ਵਾਲਾ ਬ੍ਰਾਹਮਣੀ ਤਿਲਕ ਨਹੀਂ। ਤਿਲਕ’ ਦੇ ਅਰਥ ਹਨ ਜ਼ਿੰਮੇਵਾਰੀ ਤੇ ਵੇਰਵਾ ਹੈ ‘ਗੁਰ ਸਬਦੁ ਸਚੁ ਨੀਸਾਣੁ ਜੀਉ’। ਇਸੇ ਤਰ੍ਹਾਂ ਸੱਤੇ ਬਲਵੰਡ ਦੀ ਵਾਰ `ਚ ਦੂਜੇ ਪਾਤਸ਼ਾਹ ਨੂੰ ਗੁਰਗੱਦੀ ਸੌਂਪਣ ਦਾ ਵੀ ਜ਼ਿਕਰ ਇਸ ਤਰ੍ਹਾਂ ਹੈ ਗੁਰਿ ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ (ਜ਼ਿੰਮੇਵਾਰੀ) ਦਿਤੋਸੁ ਜੀਵਦੈ” (ਪ: 966) ਅਤੇ, “ਥਾਪਿਆ ਲਹਿਣਾ ਜੀਂਵਦੇ, ਗੁਰਿਆਈ ਸਿਰ ਛਤ੍ਰ ਫਿਰਾਯਾ॥ ਜੋਤੀ ਜੋਤ ਮਿਲਾਇ ਕੈ, ਸਤਿਗੁਰ ਨਾਨਕ ਰੂਪ ਵਟਾਯਾ” (ਭਾ: ਗੁ: 1/45)

ਜਦਕਿ ਬ੍ਰਾਹਮਣੀ ਤਿਲਕ ਦਾ ਤਾਂ ਗੁਰਬਾਣੀ `ਚ ਅਨੇਕਾਂ ਥਾਵੇਂ ਭਰਵਾਂ ਵਿਰੋਧ ਹੈ ਜਿਵੇਂ ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ” (ਪੰ: ੬੭੪) ਜਾਂ ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥ ਨਾਮੁ ਤੇਰਾ ਅੰਭੁਲਾ, ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ” (ਪੰ: ੬੯੪) ਹੋਰ ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ” (ਪੰ: ੧੨੪੫) ਉਪ੍ਰੰਤ ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾ” (ਪੰ: ੧੧੫੮) ਇਸੇ ਤਰ੍ਹਾਂ ਏਕ ਦਿਵਸ ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥ ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ” (ਪੰ: ੧੧੯੫) ਆਦਿ। ਫ਼ਿਰ ਇਨਾਂ ਹੀ ਨਹੀਂ ਇਸ ਦੇ ਨਾਲ ਨਾਰੀਅਲ ਤੇ ਟੱਕਾ ਜਾਂ ਪੰਜ ਪੈਸੇ ਵੀ ਹੋਰ ਜੋੜੇ ਜਾਂਦੇ ਹਨ। ਜਦਕਿ ਨਾਰੀਅਲ ਤੇ ਟੱਕੇ ਦਾ ਤਾਂ, ਅਜਿਹੇ ਸਂਮਿਆਂ `ਤੇ ਗੁਰਬਾਣੀ `ਚ ਕਿਧਰੇ ਇਸ਼ਾਰਾ ਮਾਤ੍ਰ ਵੀ ਨਹੀਂ। ਤਾਂ ਇਹੀ ਬ੍ਰਾਹਮਣੀ ਤੇ ਗੁਰਮੱਤ ਵਿਰੋਧੀ ਤਿਲਕ, ਗੁਰਗੱਦੀ ਸੋਂਪਣਾ ਸਮੇਂ ਨਿਵੇਂ?

ਅੰਤਮ ਸੰਸਕਾਰ ਅਤੇ ਸਿੱਖ ਰੀਤੀ-ਗੁਰਮੱਤ ਅਨੁਸਾਰ ਜੀਵ ਸੰਸਾਰ `ਚ ਆਉਂਦਾ ਵੀ ਕਰਤਾਰ ਦੇ ਭਾਨੇ `ਚ ਹੈ ਤੇ ਜਾਂਦਾ ਵੀ ਉਸੇ ਦੇ ਹੁਕਮ `ਚ ਹੈ। ਜਿਹੜੇ ਵਡਭਾਗੀ ਸਾਧਸੰਗਤ `ਚ ਆ ਕੇ ਗੁਰਬਾਣੀ-ਗੁਰੂ ਦੀ ਸਿੱਖਿਆ ਨਾਲ ਜੀਵਣ ਨੂੰ ਗੁਣਵਾਨ ਬਣਾਉਂਦੇ ਹਨ। ਉਨ੍ਹਾਂ ਦਾ ਜੀਵਨ ਉੱਚਾ-ਸੁੱਚਾ, ਸਦਾਚਾਰਕ ਤੇ ਆਦਰਸ਼ਕ ਬਣ ਜਾਂਦਾ ਹੈ। ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ। ਜਦਕਿ ਮਨਮੁਖ, ਜਨਮ ਜ਼ਾਇਆ ਕਰਕੇ ਮੁੜ ਜਨਮਾਂ ਦੇ ਗੇੜ `ਚ ਪੈਂਦੇ ਹਨ। “ਕਿਥਹੁ ਆਇਆ, ਕਹ ਗਇਆ, ਕਿਹੁ ਨ ਸੀਓ, ਕਿਹੁ ਸੀ” (ਪੰ: 1287) ਅਨੁਸਾਰ ਮਨੁੱਖ ਨੂੰ ਨਾ ਪਤਾ ਹੈ, ਜਨਮ ਤੋਂ ਪਹਿਲਾਂ ਕਿੱਥੇ ਸੀ ਤੇ ਨਾ ਪਤਾ ਹੈ ਸਰੀਰ ਤਿਆਗਣ ਬਾਅਦ ਜਾਣਾ ਕਿੱਥੇ ਹੈ। ਸੰਸਾਰ ਦੇ ਸਾਰੇ ਰਿਸ਼ਤੇ-ਨਾਤੇ ਸਾਡੇ ਜੀਵਨ ਨੂੰ ਸੌਖਾ ਚਲਾਉਣ ਲਈ, ਪ੍ਰਭੂ ਵਲੋਂ ‘ਦਾਤ’ ਹੁੰਦੇ ਹਨ। ਜਨਮ ਸਮੇਂ ਰਿਸ਼ਤੇ, ਜੁੜਦੇ ਵੀ ਅਚਾਨਕ ਹਨ ਤੇ ਮੌਤ `ਤੇ ਟੁੱਟਦੇ ਵੀ ਅਚਾਨਕ ਹਨ। ਗੁਰਮੁਖ, ਗੁਰਬਾਣੀ ਆਗਿਆ `ਚ, ਇਸ ਖੇਡ ਨੂੰ ਖਿੜੇ ਮੱਥੇ ਪ੍ਰਵਾਣ ਕਰਦਾ ਹਨ।

ਗੁਰਬਾਣੀ ਅਨੁਸਾਰ, ਪ੍ਰਭੂ ਨੇ ਮਨੁੱਖਾ ਜਨਮ ਇਸੇ ਲਈ ਬਖਸ਼ਿਆ ਹੈ ਕਿ ਸਾਧ ਸੰਗਤ `ਚ ਆ ਕੇ ਗੁਰਬਾਣੀ-ਗੁਰੂ ਦੀ ਸਿਖਿਆ ਰਾਹੀਂ, ਜੀਵਨ ਅੰਦਰ ਰੱਬੀ ਗੁਣ ਪੈਦਾ ਕੀਤੇ ਜਾਣ। ਮਨੁੱਖ ਵਿਕਾਰਾਂ, ਵਹਿਮਾਂ-ਸਹਿਮਾਂ-ਭਰਮਾਂ-ਧਾਰਮਿਕ ਠਗੀਆਂ, ਮਾਨਸਿਕ ਤਨਾਵ, ਭਟਕਣਾ, ਤ੍ਰਿਸ਼ਨਾ, ਨਿਰਾਸ਼ਾ, ਚਿੰਤਾ, ਆਦਿ ਤੋਂ ਮੁਕਤ ਹੋ ਜਾਵੇ। ਜੀਵਨ ਸੰਤੋਖੀ, ਸੌਖਾ, ਅਨੰਦਮਈ, ਟਿਕਾਅ ਵਾਲਾ ਬਣ ਜਾਵੇ, ਜੀਵਨਮੁੱਕਤ ਹੋ ਜਾਵੇ ਤੇ ਮੌਤ ਤੋਂ ਬਾਅਦ ਜਨਮਾਂ ਦੇ ਗੇੜ੍ਹ `ਚ ਨਾ ਪਵੇ।

ਗੁਰਮੱਤ ਅਨੁਸਾਰ ਗੁਜ਼ਰੇ ਪ੍ਰਾਣੀ ਦੀ ਸੰਭਾਲ: ਪ੍ਰਾਣੀ ਨੂੰ ਮੰਜੇ-ਬਿਸਤਰੇ ਆਦਿ ਤੋਂ ਉਤਾਰ ਕੇ ਭੁੰਜੇ ਪਾਉਣ ਦੀ ਲੋੜ ਨਹੀਂ। ਉਸ ਨੇੜੇ ਸ਼ਬਦ-ਕੀਰਤਨ, ਗੁਰਬਾਣੀ ਦੀਆਂ ਵਿਚਾਰਾਂ ਜਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਣਾ ਹੈ। ਸਸਕਾਰ ਲਈ ਚੱਲਣ ਸਮੇਂ ਲੋੜ ਹੋਵੇ ਤਾਂ ਪ੍ਰਾਣੀ ਨੂੰ ਇਸ਼ਨਾਨ ਕਰਵਾ ਕੇ ਸੁਅੱਛ ਕਪੜੇ ਪੁਆਏ ਜਾਣ। ਇਸ਼ਨਾਨ ਤੇ ਨਵੇਂ ਕਪੜੇ ਜ਼ਰੂਰੀ ਨਹੀਂ ਹਨ। ਸ਼ਮਸ਼ਾਨ ਘਾਟ ਤੱਕ ਜਾਂਦੇ ਰਸਤੇ `ਚ ਸ਼ਬਦ-ਕੀਰਤਨ ਹੀ ਕਰਣਾ ਹੈ। ਚਿਤਾ ਤਿਆਰ ਹੋਣ ਤੱਕ ਮਿਲ ਕੇ ਬਾਣੀ ‘ਜਪੁ’ ਦਾ ਪਾਠ ਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਣਾ ਹੈ। ਉਪ੍ਰੰਤ ਅਰਦਾਸਾ ਸੋਧ ਕੇ ਚਿਤਾ ਨੂੰ ਅਗਨਭੇਟ ਕਰਣਾ ਹੈ। ਇਸਤ੍ਰੀ ਹੋਵੇ ਜਾਂ ਪੁਰਖ, ਕੋਈ ਵੀ ਸੱਜਨ, ਚਿਤਾ ਨੂੰ ਅਗਨਭੇਟ ਕਰ ਸਕਦਾ ਹੈ

ਚਿਤਾ ਦੇ ਪੂਰੀ ਤਰ੍ਹਾਂ ਜਲ ਉਠਣ ਤੱਕ ਨੇੜੇ ਸ਼ਬਦ-ਕੀਰਤਨ ਤੇ ਗੁਰਮੱਤ ਵਿਚਾਰਾਂ ਕਰਣੀਆਂ ਹਨ। ਅੰਤ ‘ਸੋਹਿਲੇ’ ਦਾ ਪਾਠ ਤੇ ਅਰਦਾਸਾ ਸੋਧਿਆ ਜਾਵੇ। ਫਿਰ, ਨੇੜੇ ਦੇ ਗੁਰਦੁਆਰੇ `ਚ ਜਾ ਕੇ ਬਾਣੀ ‘ਸੱਦ’ ਜਾਂ ‘ਅਲਾਹਣੀਆਂ’ ਦੇ ਪਾਠ ਤੋਂ ਬਾਅਦ ਕੜਾਹ ਪ੍ਰਸ਼ਾਦਿ ਦੀ ਦੇਗ਼ ਵਰਤਾਈ ਜਾਏ। ਅੰਗੀਠੇ ਠੰਡਾ ਹੋਣ ਦੇ ਅੰਦਾਜ਼ੇ ਨਾਲ, ਸਸਕਾਰ ਤੋਂ ਤੀਜੇ-ਚੌਥੇ ਦਿਨ (ਬਿਨਾ ਦਿਨ-ਵਾਰ, ਸਵੇਰ ਸ਼ਾਮ ਦਾ ਭਰਮ ਕੀਤੇਂ) ਅਸਥੀਆਂ ਸਮੇਤ ਸਾਰੇ ਅੰਗੀਠੇ ਨੂੰ ਇਕੱਠਾ ਕਰਕੇ ਨੇੜੇ ਜਲ-ਪ੍ਰਵਾਹ ਕਰ ਦਿੱਤਾ ਜਾਵੇ। ਜੇਕਰ ਚਲਦਾ ਪਾਨੀ ਨੇੜੇ ਨਾ ਹੋਵੇ ਤਾਂ ਗੱਢਾ ਖੋਦ ਕੇ ਦਬਾਅ ਦਿੱਤਾ ਜਾਵੇ। ਚਿਤਾ ਦੀ ਗਰਮੀ ਤੋਂ ਕਿਸੇ ਨੂੰ ਨੁਕਸਾਨ ਨਾ ਪੁੱਜੇ, ਅੰਗੀਠਾ ਇਕਤ੍ਰ ਕਰਣ ਸਮੇਂ ਲੋੜ ਅਨੁਸਾਰ ਸਾਦੇ ਪਾਨੀ ਦਾ ਛਿੜਕਾਅ ਕਰ ਲਿਆ ਜਾਵੇ (ਕੱਚੀ ਲੱਸੀ ਨਹੀਂ)। ਸਸਕਾਰ ਵਾਲੀ ਜਗ੍ਹਾ `ਤੇ ਗੁਜ਼ਰੇ ਪ੍ਰਾਣੀ ਦੀ ਯਾਦਗਾਰ ਜਾਂ ਸਮਾਧ ਆਦਿ ਨਹੀਂ ਬਨਾਉਣੀ

ਬਿਜਲੀ ਦੇ ਸ਼ਮਸ਼ਾਨ ਘਾਟ `ਤੇ ਸਸਕਾਰ ਬਾਅਦ, ਕਿਸੇ ਉਪਰਲੇ ਕੰਮ ਦੀ ਵੀ ਲੋੜ ਨਹੀਂ। ਕੇਵਲ ਦੋ-ਤਿੰਨ ਘੰਟੇ ਬਾਅਦ ਛੋਟੀ ਥੈਲੀ `ਚ ਰਾਖ ਪ੍ਰਾਪਤ ਕਰਕੇ ਨੇੜੇ ਜਲਪ੍ਰਵਾਹ ਕਰ ਦੇਣੀ ਹੈ। ਲੋੜ ਅਨੁਸਾਰ ਪ੍ਰਾਣੀ ਨੂੰ ਦਫ਼ਨਾਇਆ ਜਾਂ ਜਲਪ੍ਰਵਾਹ ਵੀ ਕੀਤਾ ਜਾ ਸਕਦਾ ਹੈ, ਗੁਰਮੱਤ `ਚ ਇਸ ਦੇ ਲਈ ਉੱਕਾ ਭਰਮ ਨਹੀਂ। ਧਿਆਣ ਰਹੇ, ਸਿੱਖ ਧਰਮ `ਚ ‘ਮਿਰਤਕ ਰੀਤੀ, ਹਿੰਦੂ ਅਥਵਾ ਬ੍ਰਾਹਮਣ ਰੀਤੀ ਤੋਂ ਬਿਲਕੁਲ ਭਿੰਨ ਹੈ। ਇਸ ਲਈ ਸਿੱਖ ਨੇ ਅਚਾਰਜੀ ਕੋਲੋਂ ਪੁੱਛ ਕੇ ਜਾਂ ਲੋਕਾਚਾਰੀ ਬਿਲਕੁਲ ਕੁੱਝ ਨਹੀਂ ਕਰਣਾ। ਸਿੱਖ ਧਰਮ `ਚ ਸਸਕਾਰ ਦਾ ਨਿਯਮ, ਮਿਰਤਕ ਦੇਹ ਦੀ ਸਭ ਤੋਂ ਚੰਗੀ ਸੰਭਾਲ ਦੇ ਤੌਰ `ਤੇ ਹੈ, ਕਿਸੇ ਕਰਮਕਾਂਡ ਵਜੋਂ ਨਹੀਂ। ਵਿਦੇਸ਼ਾਂ `ਚ ਹੈਣ ਹੀ ਬਿਜਲੀ ਦੇ ਸ਼ਮਸ਼ਾਨ ਘਾਟ, ਉਥੇ ਲਕੜਾਂ ਦਾ ਨਿਯਮ ਤਾਂ ਹੈ ਹੀ ਨਹੀਂ।

ਗ੍ਰਹਿ ਵਿਖੇ ਭੌਗ ਤੱਕ ਨਿਤਾਪ੍ਰਤੀ ਸਹਿਜ ਪਾਠ ਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਾਇਆ ਜਾਵੇ। ਸਹੂਲਿਅਤ ਅਨੁਸਾਰ ਅੰਤਮ ਅਰਦਾਸ ਦਾ ਦਿਨ ਪੱਕਾ ਕੀਤਾ ਜਾਵੇ ਤੇ ਇਸ ਦੇ ਲਈ ਦਿਨਾਂ ਦੀ ਗਿਣਤੀ ਜਾਂ ਕਿਸੇ ਦਿਨ-ਵਾਰ ਦਾ ਭਰਮ ਨਹੀਂ ਕਰਣਾ। ਭੋਗ ਦੇ ਦਿਨ ਸ਼ਬਦ ਕੀਰਤਨ ਤੇ ਗੁਰਮੱਤ ਵਿਚਾਰਾਂ ਹੋਣੀਆਂ ਹਨ। ਅੰਤਮ ਅਰਦਾਸ ਦੋ ਪੱਖਾਂ `ਤੇ ਹੋਣੀ ਹੈ, ਇਹ ਦੋ ਪੱਖ ਹਨ “ਗੁਜ਼ਰੇ ਪ੍ਰਣੀ ਨੂੰ ਆਪਣੇ ਚਰਨਾਂ `ਚ ਨਿਵਾਸ ਬਖਸ਼ੋ ਤੇ ਪਿੱਛੇ ਪ੍ਰਵਾਰ-ਸਬੰਧੀਆਂ-ਮਿੱਤਰਾਂ ਨੂੰ ਭਾਨਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੋ ਜੀ”। ਇਸ ਨੂੰ ਸ਼੍ਰਧਾਂਜਲੀ ਸਭਾ ਨਹੀਂ ਬਨਾਉਣਾ, ਰਸਮ ਪਗੜੀ ਵੀ ਸਿੱਖ ਧਰਮ ਦਾ ਨਿਯਮ ਨਹੀਂ। ਗੁਰਮੱਤ ਅਨੁਸਾਰ ‘ਰਸਮ ਭੋਗ’ ਹੀ ਅੰਤਮ ਅਰਦਾਸ ਹੈ। ਇਸ ਤੋਂ ਬਾਅਦ ਵਰੀਨਾ-ਸਰਾਧ ਆਦਿ ਨਹੀਂ ਕਰਨੇ। ਉਂਜ ਸਤਿਕਾਰ ਜਾਂ ਜਜ਼ਬਾਤੀ ਤੌਰ `ਤੇ, ਉਸ ਯਾਦ `ਚ ਹਰੇਕ ਸਾਲ ਵੀ ਗੁਰਮੱਤ ਸਮਾਗਮ ਕੀਤਾ ਜਾ ਸਕਦਾ ਹੈ ਪਰ ਯਾਰ੍ਹਵੇਂ ਮਹੀਨੇ ਵਾਲੇ ਭਰਮ `ਚ ਨਹੀਂ ਪੈਣਾ।

ਕਰਤੇ ਦੇ ਨਿਆਂ `ਚ ਜੀਵ ਨੇ ਜੀਵਨ `ਚ ਕੀ ਖਟਿਆ ਤੇ ਕੀ ਗਵਾਇਆ ਹੈ, ਲੇਖਾ ਨਾਲੋ ਨਾਲ ਤੇ ਪਲ-ਪਲ ਦਾ ਹੁੰਦਾ ਰਹਿੰਦਾ ਹੈ। ਫ਼ਿਰ ਵੀ ਪ੍ਰਾਣੀ ਨਮਿਤ ਪ੍ਰਵਾਰ ਵਾਲਿਆਂ ਵੱਲੋਂ ਅਰਦਾਸ “ਗੁਜ਼ਰੇ ਪ੍ਰਣੀ ਨੂੰ ਆਪਣੇ ਚਰਨਾਂ `ਚ ਨਿਵਾਸ ਬਖਸ਼ੋ ਜੀ” ਗੁਰਮੱਤ ਵਿਰੁਧ ਨਹੀਂ ਇਸ ਦਾ ਮਨੁੱਖ ਨੂੰ ਹੱਕ ਵੀ ਹੈ ਤੇ ਇਨਸਾਨੀ ਜਜ਼ਬਾਤ ਵੀ ਹਨ। ਗੁਰੂ ਕੀਆਂ ਸੰਗਤਾਂ ਨੇ ਨਿਰੋਲ ਗੁਰਬਾਣੀ ਦੀ ਆਗਿਆ `ਚ ਹੀ ਸੁਚੇਤ ਹੋ ਕੇ ਚੱਲਣਾ ਹੈ। ਨਹੀਂ ਤਾਂ ਸਾਡੀ ਹਾਲਤ ਵੀ ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥” (ਪੰ: 1376) ਵਾਲੀ ਹੀ ਹੈ। ਗੁਰਸਿੱਖ ਲਈ ਹਰ ਸਮੇਂ ਚੇਤਾਵਨੀ ਹੈ ਤਿਆਗੇØ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀੳ” : (ਪੰ: 736)

ਭੋਗ ਵਾਲੇ ਦਿਨ ਗੁਰਦੁਆਰੇ ਜਾਂ ਲੋੜਵੰਦਾਂ ਲਈ ਕੁੱਝ ਵੀ ਦਿੱਤਾ ਜਾ ਸਕਦਾ ਹੈ। ਗੁਜ਼ਰੇ ਪ੍ਰਾਣੀ ਲਈ ਇਹ ਕੇਵਲ ਪ੍ਰਵਾਰਕ ਜਜ਼ਬਾਤ ਜਾਂ ਮਨੁੱਖੀ ਫ਼ਰਜ਼ ਹੈ। ਪ੍ਰਾਣੀ ਦੀ ਸਦਗਤੀ ਨਾਲ ਇਸ ਦਾ ਜਾਂ ਕੀਤੇ ਪਾਠ ਆਦਿ ਦਾ ਸਬੰਧ ਨਹੀਂ। ਗੁਰਮੱਤ ਅਨੁਸਾਰ ਤਾਂ “ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ(ਪੰ: ੪੭੨) ਭਾਵ ਪ੍ਰਾਣੀ ਰਾਹੀਂ ਜੀਵਨ `ਚ ਕੀਤੀ ਆਪਣੀ ਕਮਾਈ ਨੇ ਹੀ ਕੰਮ ਆਉਣਾ ਹੈ। ਕਿਸੇ ਰਾਹੀਂ ਦਿੱਤੇ ਪਦਾਰਥ ਜਿਵੇਂ ਭਾਂਡੇ-ਬਿਸਤਰੇ-ਫਲ ਆਦਿ ਗਰੁੜ ਪੁਰਾਨ ਵਿਚਲੇ ਤੇਰ੍ਹਾਂ ਪਦਾਂ ਦੀ ਹੀ ਰਹਿੰਦ ਖੂੰਹਦ ਹਨ ਤੇ ਨਿਰੋਲ ਬ੍ਰਾਹਮਣੀ ਕਰਮਕਾਂਡ ਹਨ, ਸੰਗਤਾਂ ਨੇ ਨਹੀਂ ਕਰਣੇ।

ਅੰਤਮ ਅਰਦਾਸ ਸਮੇਂ, ਪ੍ਰਾਣੀ ਦੀ ਫੋਟੋ ਰੱਖਣ ਦਾ ਰਿਵਾਜ, ਗੁਰੂ ਦਰ ਤੇ ਜ਼ਿਆਦਾ ਪੁਰਾਨਾ ਨਹੀਂ। ਇਸ ਦਾ ਮੂਲ ਅਜਿਹੇ ਸਮਿਆਂ `ਤੇ ਅਨੇਕਾਂ ਸੱਜਨ ਮਿੱਤਰ ਕੇਵਲ ਲੋਕਾ-ਚਾਰੀ ਹੀ ਪੁੱਜਦੇ ਹਨ ਤੇ ਗੁਜ਼ਰੇ ਪ੍ਰਾਣੀ ਤੋਂ ਬਹੁਤਾ ਜਾਣੂ ਨਹੀਂ ਹੁੰਦੇ। ਉਥੇ ਫੋਟੋ, ਅਜਿਹੇ ਲੋਕਾਂ ਵਾਸਤੇ ਕੇਵਲ ਸੂਚਨਾਂ ਮਾਤਰ ਹੀ ਹੁੰਦੀ ਹੈ ਤੇ ਇਥੋਂ ਤੀਕ ਹੈ ਵੀ ਠੀਕ। ਫ਼ਿਰ ਵੀ ਫ਼ੋਟੋ ਬਾਹਿਰ ਕਿਸੇ ਯੋਗ ਸਥਾਨ `ਤੇ ਹੋਵੇ ਪਰ ਹਜ਼ੂਰੀ `ਚ ਨਾ ਹੋਵੇ। ਸੁਪਨੇ ਵੀ ਮਨੁੱਖ ਦੇ ਨਿਜੀ ਮਨੋਵੇਗ ਹੁੰਦੇ ਹਨ ਜੋ ਸਮੇਂ ਨਾਲ ਆਪਣੇ ਆਪ ਮੁੱਕ ਜਾਂਦੇ ਹਨ, ਉਨ੍ਹਾਂ ਲਈ ਵੀ ਕਿਸੇ ਭਰਮ `ਚ ਨਹੀਂ ਪੈਣਾ।

ਚਲਾਣੇ ਉਪ੍ਰੰਤ ਸਮਗ੍ਰੀ? ਆਮ ਤੌਰ `ਤੇ ਉਸ ਸਮੇਂ ਘਬਰਾਹਟ `ਚ ਫ਼ਸੇ ਲੋਕ ਬ੍ਰਾਹਮਣੀ ਵਿਸ਼ਵਾਸਾਂ ਅਧੀਨ ਬਹੁਤ ਸਰੀਆਂ ਵਾਧੂ ਵਸਤਾਂ ਖਰੀਦ ਲਿਆਉਂਦੇ ਹਨ ਜਿਨ੍ਹਾਂ ਦਾ ਸਿੱਖ ਧਰਮ ਨਾਲ ਉੱਕਾ ਸਬੰਧ ਨਹੀਂ ਬਲਕਿ ਗੁਰਬਾਣੀ ਆਸ਼ੇ ਦੇ ਬਿਲਕੁਲ ਉਲਟ ਵੀ ਹੁੰਦੀਆਂ ਹਨ। ਉਸ ਸਮੇਂ ਕੇਵਲ ਇਨ੍ਹਾਂ ਵਸਤਾਂ ਦੀ ਹੀ ਲੋੜ ਹੁੰਦੀ ਹੈ (1) ਸੂਤਲੀ- ਇਹ ਕੇਵਲ ਮਿਰਤਕ ਸਰੀਰ ਨੂੰ ਬੰਨ੍ਹਣ ਲਈ ਅਤੇ ਇਸ ਦੇ ਨਾਲ ਮੌਲੀ ਨਹੀਂ ਲੈਣੀ। ਮੌਲੀ ਨਿਰੋਲ ਦੇਵੀ ਪੂਜਾ ਨਾਲ ਸਬੰਧਤ ਵਸਤ ਹੈ (2) ਕੱਫਨ ਲਈ ਕਪੜਾ-ਇਸ `ਚ ਸਿਲਾਈ ਆਦਿ ਲਈ ਭਰਮ ਨਹੀਂ ਕਰਣਾ (3) ਦੇਸੀ ਘਿੳ, ਸਮਗ੍ਰੀ ਤੇ ਮੁਸ਼ਕ-ਕਾਫ਼ੂਰ- ਚਿਤਾ ਨੂੰ ਪ੍ਰਜਵਲਤ ਕਰਨ ਤੇ ਵਾਤਾਵਰਣ ਨੂੰ ਸਰੀਰ ਦੇ ਸੜਣ ਦੀ ਬਦਬੂ ਤੋਂ ਬਚਾਉਣ ਲਈ ਹਨ (4) ਮਾਚਿਸ-ਚਿਤਾ ਜਲਾਉਣ ਲਈ (5) ਚਾਕੂ ਕੈਂਚੀ ਆਦਿ- ਅਰਥੀ ਦੀ ਸੂਤਲੀ-ਰੱਸੀ ਕੱਟਣ ਲਈ, ਕੱਟਣ-ਤੋੜਣ `ਚ ਭਰਮ-ਵਹਿਮ ਨਹੀਂ ਕਰਣਾ (6) ਕਛਹਿਰਾ ਆਦਿ ਕਕਾਰ- ਲੋੜ ਅਨੁਸਾਰ- ਬਾਕੀ ਮੌਲੀ, ਧੂਪ, ਕਾਲੇ ਤਿੱਲ, ਕਿਉੜਾ, ਮਖਾਣੇ, ਸੁਹਾਗਣ ਲਈ ਸਿੰਗਾਰ ਆਦਿ ਵਸਤਾਂ ਨਾ ਖਰੀਦਣੀਆਂ ਤੇ ਵਰਤਣੀਆਂ ਹੀ ਹਨ। ਬਿਜਲੀ ਦੇ ਸ਼ਮਸ਼ਾਨ ਵਾਸਤੇ ਕਾਲਮ ਨੰ: 3,4 ਦੀ ਵੀ ਲੋੜ ਨਹੀਂ। ਅੰਗੀਠੇ ਦੀ ਸੰਭਾਲ ਵਾਲੇ ਦਿਨ- ਸਮੁਚੀ ਰਾਖ ਵਾਸਤੇ ਕੇਵਲ ਇੱਕ ਦੋ ਛੋਟੀਆਂ ਥੈਲੀਆਂ ਹੀ ਲੈਣੀਆਂ ਹਨ। ਗੁਰੂ ਕੀਆਂ ਸੰਗਤਾਂ ਲਈ ਅਚਾਰਜੀ ਦੀ ਦਿੱਤੀ ਬਾਕੀ ਸਾਰੀ ਲਿਸਟ ਬੇਕਾਰ ਹੁੰਦੀ ਹੈ ਤੇ ਲੈ ਜਾਣਾ ਵੀ ਕੁੱਝ ਨਹੀਂ।

ਜੋ ਕੰਮ ਸਿੱਖ ਨੇ ਨਹੀਂ ਕਰਨੇ- “ਗੁਰ ਪਰਸਾਦੀ ਭ੍ਰਮੁ ਭਉ ਭਾਗੈ” (ਪੰ1260) ਅਤੇ “ਗੁਰ ਪਰਸਾਦਿ ਭਰਮ ਕਾ ਨਾਸੁ” (ਪੰ 294) ਅਚਾਰਜੀ ਦੇ ਕਹੇ `ਤੇ ਜਾਂ ਉਸ ਕੋਲੋਂ ਪੁੱਛ ਕੇ ਕੋਈ ਕੰਮ ਨਹੀਂ ਕਰਣਾ। ਕੇਵਲ ਗੁਰਬਾਣੀ ਦੀ ਆਗਿਆ `ਚ ਚੱਲਣਾ ਹੈ। ਪ੍ਰਾਣੀ ਜੇ ਕਰ ਮੰਜੇ-ਬਿਸਤਰੇ ਤੇ ਚਲਾਣਾ ਕਰ ਜਾਵੇ ਤਾਂ ਜਾਣ ਤੱਕ ਓਥੇ ਹੀ ਰਹਿਣ ਦਿੱਤਾ ਜਾਵੇ। ਲੋੜ ਅਨੁਸਾਰ ਜਗ੍ਹਾ ਖਾਲੀ ਕੀਤੀ ਜਾ ਸਕਦੀ ਹੈ। ਗੁਜ਼ਰੇ ਪ੍ਰਾਣੀ ਦਾ ਇਸ਼ਨਾਨ ਤੇ ੳੇੁਸ ਨੂੰ ਨਵੇਂ ਕਪੜੇ ਜ਼ਰੂਰੀ ਨਹੀਂ, ਇਹ ਕੇਵਲ ਬ੍ਰਾਹਮਣੀ ਕਰਮ ਹੈ; ਕਪੜੇ ਕੇਵਲ ਸਾਫ਼ ਸੁਥਰੇ ਹੋਣੇ ਜ਼ਰੂਰੀ ਹਨ। ਅਰਥੀ ਬੰਨਣ ਲਈ ਮੌਲੀ ਨਹੀਂ, ਸਾਦੀਆਂ ਰਸੀਆਂ ਹੀ ਵਰਤਣੀਆਂ ਹਨ। ਚਰਣਾਮ੍ਰਿਤ ਮੰਨ ਕੇ ਕਿਸੇ ਗੁਰਦੁਆਰੇ ਦੇ ਸਰੋਵਰ ਜਾਂ ਗੰਗਾ ਆਦਿ ਦਾ ਜਲ ਮੂੰਹ `ਚ ਨਹੀਂ ਪਾਉਣਾ। ਤੁਲਸੀ ਦੀ ਵਰਤੋਂ ਨਹੀਂ ਕਰਨੀ। ਦੀਵਾ ਵੱਟੀ, ਹੱਥੋਂ ਮਨਸਵਾਉਣਾਂ, ਪਿੰਡ-ਪੱਤਲ ਆਦਿ ਮਨ੍ਹਾਂ ਹਨ। ਫੂਹੜੀ, ਰੋਣ-ਪਿਟਣ-ਸਿਆਪਾ, ਢਾਹਾਂ ਮਾਰਨੀਆਂ, ਅੱਧ ਮਾਰਗੀ-ਘੜਾ ਭੰਨਣ ਆਦਿ ਦੇ ਕੰਮ ਮਨ੍ਹਾਂ ਹਨ। ਸ਼ਮਸ਼ਾਨ `ਚ ਲਿਜਾਂਦੇ ਸਰ੍ਹਾਂਦੀ-ਪੁਆਂਦੀ ਦਾ ਭਰਮ ਨਹੀਂ ਕਰਣਾ। ਅਰਥੀ ਨੂੰ ਚੌਰ ਜਾਂ ਉਸ ਦੀ ਪ੍ਰਕ੍ਰਮਾਂ ਦਾ ਵੀ ਨਿਯਮ ਨਹੀਂ। ਬਜ਼ੁਰਗ ਹੋਣ ਦੀ ਸੂਰਤ `ਚ ਅਰਥੀ ਸਜਾਉਣੀ, ਉਸ ਤੋਂ ਫੁੱਲ, ਮਖ਼ਾਨੇ, ਪੈਸੇ ਵਾਰਨੇ ਤੇ ਬੇਬਾਣ ਕਢਣ ਦਾ ਵੀ ਨਿਯਮ ਨਹੀਂ। ਸੁਹਾਗਣ ਨੂੰ ਸਜਾਉਣਾ, ਵਿਧਵਾ ਆਡੰਬਰ ਪੂਰੀ ਤਰ੍ਹਾਂ ਮਨ੍ਹਾਂ ਹਨ। ਛੋਟਾ ਬੱਚਾ ਹੋਣ ਦੀ ਸੂਰਤ `ਚ ਵੀ ਸਸਕਾਰ ਦਾ ਹੀ ਨਿਯਮ ਹੈ। ਬੁੱਢਾ ਮਰਣਾ ਵੀ ਨਹੀਂ ਕਰਣਾ। ਗੁਰਮੱਤ ਅਨੁਸਾਰ ਵਿਧਵਾ ਦਾ ਅਨੰਦਕਾਰਜ ਵੀ ਹੋ ਸਕਦਾ ਹੈ।

ਬਾਅਦ `ਚ, ਤੀਲੇ ਤੋੜਣੇ, ਪ੍ਰਾਣੀ ਦੇ ਸਿਰ `ਚ ਡੰਡਾ ਮਾਰਣਾ (ਕਪਾਲ ਕਿਰਿਆ), ਪਾਣੀ ਦੇ ਉਲਟੇ ਸਿੱਧੇ ਛੱਟੇ, ਉਚੇਚਾ ਇਸ਼ਨਾਨ, ਗੁਰਮੱਤ ਨਹੀਂ ਹਨ। ਅੰਗੀਠਾ ਸੰਭਾਲਣ ਲਈ ਸਵੇਰ-ਸ਼ਾਮ, ਸੰਗ੍ਰਾਂਦ, ਮੱਸਿਆ, ਇਤਵਾਰ-ਬੁਧ, ਗੁਰਪੁਰਬ ਆਦਿ ਦਾ ਭਰਮ ਨਹੀਂ ਕਰਣਾ। ਫੁਲ (ਅਸਥੀਆਂ) ਚੁੰਣਨੇ ਜਾਂ ਕੀਰਤਪੁਰ, ਕਰਤਾਰਪੁਰ, ਹਰਦੁਆਰ ਆਦਿ ਲਿਜਾਣੇ ਮਨ੍ਹਾਂ ਹਨ। ਅੰਗੀਠੇ ਉਪਰ ਜਾਂ ਆਸ ਪਾਸ ਫੁੱਲ ਚੜ੍ਹਾਉਣੇ, ਧੂਪ ਧੁਖਾਣਾ, ਚਿਤਾ `ਤੇ ਕੱਚੀ ਲੱਸੀ ਦੇ ਛੱਟੇ, ਗੁਰਮੱਤ ਅਨੁਸਾਰ ਪਾਖੰਡ ਕਰਮ ਹਨ ਤੇ ਨਹੀਂ ਕਰਣੇ। ਸਸਕਾਰ ਸਥਾਨ `ਤੇ ਸਮਾਧ ਜਾਂ ਯਾਦਗਾਰ ਬਨਾਉੇਣੀ ਵੀ ਗੁਰਮੱਤ ਵਿਰੋਧੀ ਕਰਮ ਹੈ।

ਸਿੱਖ ਰੀਤੀ ਬਨਾਮ ਬ੍ਰਾਹਮਣੀ ਕਰਮਕਾਂਡ- ਹਿੰਦੂ ਧਰਮ `ਚ ਗੁਜ਼ਰੇ ਪ੍ਰਾਣੀ ਦੀ ਸਦਗਤੀ ਤੇ ਭੂਤਾਂ ਪ੍ਰੇਤਾਂ ਦੇ ਬਹੁਤੇਰੇ ਵਹਿਮ-ਭਰਮ ਪੈਦਾ ਕਰ ਕੇ, ਅਨੇਕਾਂ ਕਰਮਕਾਂਡ ਰਚੇ ਹੋਏ ਹਨ। ਸਾਰਿਆਂ ਦਾ ਆਧਾਰ ਸੁਰਗ, ਨਰਕ, ਜਮਲੋਕ, ਧਰਮਰਾਜ, ਸ਼ਿਵਪੁਰੀ ਪਿੱਤਰ ਲੋਕ, ਸੂਰਜ ਲੋਕ, ਵੈਤਰਨੀ ਨਦੀ ਆਦਿ ਹਨ। ਗੁਰਬਾਣੀ ਅਨੁਸਾਰ ਇਹ ਕੇਵਲ ਬ੍ਰਾਹਮਣੀ ਤਾਣਾ-ਬਾਣਾ ਹੈ ਤੇ ਬ੍ਰਾਹਮਣ ਦੀ ਰੋਟੀ-ਰੋਜ਼ੀ ਦਾ ਮਸਲਾ ਹੈ। ਪ੍ਰਭੂ ਨੇ ਮਨੁੱਖਾ ਜਨਮ ਬਖਸ਼ਿਆ ਹੀ ਇਸ ਲਈ ਹੈ ਕਿ ਜੀਊਂਦੇ ਜੀਅ ਬਾਣੀ ਸਿਖਿਆ ਰਾਹੀਂ ਜੀਵਨ ਅੰਦਰ ਰੱਬੀ ਗੁਣ ਪੈਦਾ ਕਰ ਕੇ, ਜੀਵਨ ਨੂੰ ਸਦਾਚਾਰਕ ਤੇ ਉਚੇਰਾ ਬਨਾਇਆ ਜਾਵੇ। ਨਿਰੋਲ ਗੁਰਬਾਣੀ ਤੋਂ ਹੀ ਸਮਝਣਾ ਹੈ ਤੇ ਧਾਰਮਕ ਠੱਗੀਆਂ ਦਾ ਸ਼ਿਕਾਰ ਨਹੀਂ ਹੋਣਾ। #130s01.03s10Rd#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 253

ਬਾਣੀ ‘ਸਦੁ’ ਅਰਥਾਂ ਸਹਿਤ ਬਨਾਮ

ਗੁਰੂ ਕੀਆਂ ਸੰਗਤਾਂ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.