.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਤਰਲਿਆਂ ਨਾਲ ਰੱਬ ਨਹੀਂ ਮਿਲਦਾ

ਵੀਰ ਅਮਰਜੀਤ ਸਿੰਘ ਚੰਦੀ ਦੁਆਰਾ ਲਿਖਿਆ ਹੋਇਆ ‘ੴ’ ਲੇਖ ਬਹੁਤ ਭਾਵ ਪੂਰਤ ਹੈ। ਇਸ ਲੇਖ ਦੀਆਂ ਅਖੀਰਲੀਆਂ ਸਤਰਾਂ ਵਿੱਚ ਬਹੁਤ ਹੀ ਕੀਮਤੀ ਸੁਨੇਹਾ ਹੈ ਜੋ ਸਾਡੀ ਸਮਝ ਨੂੰ ਵਿਸ਼ਾਲ ਕਰਦਾ ਹੈ “ਜੇ ਇਹ ਅੱਖਰ ਸਾਡੀ ਸਮਝ ਵਿੱਚ ਨਹੀਂ ਆਉਦਾ ਤਾਂ ਇਸ ਵਿਚ, ਇਸ ਅੱਖਰ ਦਾ ਜਾਂ ਬਾਬੇ ਨਾਨਕ ਦਾ ਕੀ ਕਸੂਰ ਹੈ? ਇਸ ਵਿੱਚ ਸਾਡਾ ਵੀ ਕੋਈ ਕਸੂਰ ਨਹੀਂ ਗਿਣਿਆ ਜਾ ਸਕਦਾ, ਅਸੀਂ ਅਲਪ-ਬੁੱਧੀ ਜੀਵ ਹਾਂ, ਜੇ ਸਾਨੂੰ ਗੁਰਬਾਣੀ ਦੀਆਂ ਦੋ-ਚਾਰ ਗੱਲਾਂ ਦਾ ਪਤਾ ਹੋਵੇਗਾ ਤਾਂ ਅਸੀਂ ਹਜ਼ਾਰਾਂ ਗੱਲਾਂ ਵਲੋਂ ਅਣਜਾਣ ਵੀ ਹੋਵਾਂਗੇ। ਜੇ ਬੰਦੇ ਨੂੰ ਕਿਸੇ ਚੀਜ਼ ਦੀ ਸਮਝ ਨਾ ਆਵੇ ਤਾਂ ਉਸ ਨੂੰ ਸਮਝਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਜੇ ਫਿਰ ਵੀ ਸਮਝ ਨਾ ਆਵੇ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਮੇਰੀ ਸਮਝ ਵਿੱਚ ਨਹੀਂ ਆ ਰਿਹਾ, ਨਾ ਕਿ ਉਸ ਨੂੰ ਅਪਣੀ ਮਨਮਤ ਅਨੁਸਾਰ ਵਿਗਾੜ ਕੇ ਦੂਸਰਿਆਂ ਨੂੰ ਪਰੋਸ ਦੇਣਾ ਚਾਹੀਦਾ ਹੈ’। ਪਰਮਾਤਮਾਂ ਦੇ ਸਬੰਧ ਵਿੱਚ ਗੁਰਬਾਣੀ ਪੜ੍ਹਨ ਵਿਚਾਰਨ ਤੋਂ ਬਿਨਾਂ ਹੀ ਅਸੀਂ ਕਈ ਪਰਕਾਰ ਦੇ ਖ਼ਿਆਲ ਬਣਾਏ ਹੋਏ ਹਨ। ਕੋਈ ਕਹਿੰਦਾ ਹੈ ਉਸ ਦੀ ਲਾਈਟ ਦਿਸਦੀ ਹੈ। ਕੋਈ ਕਹਿੰਦਾ ਹੈ ਕਿ ਫਲਾਣੇ ਆਦਮੀ ਨਾਲ ਰੱਬ ਜੀ ਗੱਲਾਂ ਕਰਕੇ ਗਏ ਹਨ। ਕੋਈ ਕਹਿੰਦਾ ਹੈ ਚਲੀਹੇ ਕੱਟਣ ਨਾਲ ਰੱਬ ਜੀ ਬਹੁਤ ਖੁਸ਼ ਹੁੰਦੇ ਹਨ। ਰੱਬ ਜੀ ਨੂੰ ਪਾਉਣ ਲਈ ਜਿੰਨੀਆਂ ਵੀ ਮਨ ਘੜਤ ਧਾਰਨਾਵਾਂ ਬਣੀਆਂ ਹਨ ਉਹਨਾਂ ਸਾਰੀਆਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਰਦ ਕੀਤਾ ਹੈ। ਰਾਮਕਲੀ ਰਾਗ ਦੀ ਵਾਰ ਵਿਚੋਂ ਇੱਕ ਪਉੜੀ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ ਜਿਸਦਾ ਮੂਲ ਪਾਠ ਹੇਠਾਂ ਅੰਕਤ ਹੈ—
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ॥
ਨਾ ਤੂ ਆਵਹਿ ਵਸਿ ਬੇਦ ਪੜਾਵਣੇ॥
ਨਾ ਤੂ ਆਵਹਿ ਵਸਿ ਤੀਰਥਿ ਨਾਈਐ॥
ਨਾ ਤੂ ਆਵਹਿ ਵਸਿ ਧਰਤੀ ਧਾਈਐ॥
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ॥
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥ 10॥
ਪੰਨਾ ੯੬੨

ਵੀਰ ਸੁਰਿੰਦਰ ਸਿੰਘ ਜੀ ਕਲੋਨਾ ਵਾਲਿਆਂ ਨੇ ਗੱਲ ਸੁਣਾਈ ਕਿ ‘ਮੈਂ ਇੱਕ ਘਰ ਵਿੱਚ ਗਿਆ ਜਿੱਥੇ ਨਾਮ ਧਰੀਕ ਬਾਬੇ ਠਹਿਰੇ ਹੋਏ ਸਨ। ਇੱਕ ਆਦਮੀ ਤਰਲੇ ਲੈ ਕੇ ਵੈਰਾਗ ਵਿੱਚ ਐਸਾ ਨਾਮ ਜੱਪ ਰਿਹਾ ਸੀ ਕਿ ਉਸ ਦਾ ਦਾੜਾ ਉਸ ਦੀਆਂ ਆਪਣੀਆਂ ਲ਼ਾਲ਼ਾਂ ਤੇ ਨੱਕ ਨਾਲ ਭਰਿਆ ਪਿਆ ਸੀ। ਕਹਿੰਦੇ, ਮੇਰਾ ਮਨ ਬਹੁਤ ਖਰਾਬ ਹੋਇਆ ਕਿ ਆਪਣੇ ਆਪ ਨੂੰ ਲਿਬੇੜ ਕੇ ਜਾਂ ਤਰਲੇ ਲੈਣ ਨਾਲ ਹੀ ਰੱਬ ਜੀ ਖੁਸ਼ ਹੁੰਦੇ ਹਨ ਤਾਂ ਇਹ ਰਸਤਾ ਤਾਂ ਫਿਰ ਬਹੁਤ ਕਠਨ ਹੈ। ਕਹਿੰਦੇ, ਕਿ ਮੈਂ ਸੁਭਾਵਕ ਹੀ ਕਹਿ ਬੈਠਾ ਕਿ ਇਹ ਕਿਸ ਤਰ੍ਹਾਂ ਦਾ ਨਾਮ ਸਿਮਰਨ ਹੈ, ਤਾਂ ਅੱਗੋਂ ਸਾਧ ਭਗਤ ਉੱਖੜੀ ਕੁਹਾੜੀ ਵਾਂਗ ਪੈ ਗਿਆ ਤੇ ਕਹਿਣ ਲੱਗਾ ਤੈਨੂੰ ਪਤਾ ਹੈ ਇਹਦੀ ਊਪਰ ਲਿਵ ਲੱਗੀ ਹੋਈ ਹੈ। ਏਸੇ ਤਰ੍ਹਾਂ ਹੀ ਇੱਕ ਵੀਰ ਮੁੱਖ ਵਾਕ ਦੇ ਅਰਥ ਕਰਦਿਆਂ ਨੱਕ ਦੇ ਸੁੜਕੜੇ ਮਾਰ ਮਾਰ ਕੇ ਰੋ ਰਿਹਾ ਸੀ। ਗ੍ਰੰਥੀ ਸਿੰਘ ਉਸ ਦੀ ਤਾਰੀਫ਼ ਕਰਦਿਆਂ ਕਹਿ ਰਿਹਾ ਸੀ ਕਿ ਭਾਈ ਐਸਾ ਵੈਰਾਗ ਭਾਗਾਂ ਵਾਲਿਆਂ ਨੂੰ ਹੀ ਆਉਂਦਾ ਹੈ। ਕੀ ਤਰਲੇ ਲਿਆਂ ਰੱਬ ਜੀ ਨੂੰ ਅਸੀਂ ਆਪਣੇ ਵੱਸ ਵਿੱਚ ਕਰ ਸਕਦੇ ਹਾਂ? ਕੀ ਤਰਲਿਆਂ ਵਾਲੀਆਂ ਅਰਦਾਸਾਂ ਨਾਲ ਰੱਬ ਜੀ ਆਪਣਾ ਨਿਯਮ ਬਦਲ ਲੈਣਗੇ? ਭਾਰਤ ਦੇ ਹਰ ਧਾਰਮਕ ਅਸਥਾਨ `ਤੇ ਮੰਗਤਿਆਂ ਭੀੜਾਂ ਦੇਖੀਆਂ ਜਾ ਸਕਦੀਆਂ ਹਨ। ਇਹ ਭੀੜਾਂ ਹਰ ਵੇਲੇ ਤਰਲੇ ਲੈਂਦੀਆਂ ਦਿਸਦੀਆਂ ਹਨ ਪਰ ਭਗਵਾਨ ਇਹਨਾਂ `ਤੇ ਕਦੇ ਵੀ ਰੀਝਿਆ ਨਹੀਂ ਹੈ। ਇਹ ਵਿਚਾਰੇ ਉਸੇ ਤਰ੍ਹਾਂ ਦੇ ਹੀ ਹਨ ਜਿਸ ਤਰ੍ਹਾਂ ਦੇ ਪਹਿਲਾਂ ਗਰੀਬੀ ਵਿੱਚ ਲਿਬੜੇ ਪਏ ਸਨ। ਸਵੈ ਮਾਣ ਨਾਲ ਜ਼ਿੰਦਗੀ ਜਿਊਣ ਦੇ ਰਾਹ `ਤੇ ਤੁਰਨਾ ਇਹਨਾਂ ਨੂੰ ਅੱਜ ਤੀਕ ਨਹੀਂ ਆਇਆ ਤੇ ਪੁਰਾਣੀਆਂ ਜੁੱਲੀਆਂ ਵਿੱਚ ਉਂਘਲਾਈ ਜਾ ਰਹੇ ਹਨ।
ਮਨੁੱਖ ਦੀ ਆਮ ਧਾਰਨਾ ਰਹੀ ਹੈ ਕਿ ਰੱਬ ਜੀ ਦੀ ਭਗਤੀ ਕੀਤਿਆਂ ਜਾਂ ਸਰੀਰ ਨੂੰ ਤਸੀਹੇ ਦਿੱਤਿਆਂ ਉਹ ਸਾਡੇ ਕੰਟਰੋਲ ਵਿੱਚ ਆ ਜਾਂਦਾ ਹੈ ਤੇ ਉਸ ਪਾਸੋਂ ਆਪਣੀ ਮਰਜ਼ੀ ਦੇ ਕੰਮ ਕਰਾਏ ਜਾ ਸਕਦੇ। ਦੂਸਰਾ ਜੇ ਰੱਬ ਜੀ ਸਾਡੇ ਵੱਸ ਵਿੱਚ ਨਹੀਂ ਵੀ ਆ ਸਕਦਾ ਤਾਂ ਕਈ ਅਜੇਹੇ ਮਹਾਂਪੁਰਸ਼ ਹਨ ਜਿੰਨਾਂ ਨੇ ਰੱਬ ਜੀ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ, ਉਹ ਮਹਾਂਪੁਰਸ਼ ਰੱਬ ਜੀ ਪਾਸ ਸਾਡੀ ਸਿਫ਼ਰਾਸ਼ ਕਰ ਦੇਣ ਤਾਂ ਸਾਡੀ ਵਿਗੜੀ ਤਗਦੀਰ ਸੰਵਰ ਸਕਦੀ ਹੈ। ਗੁਰਬਾਣੀ ਤਰਲਿਆਂ ਵਾਲੇ ਅਜੇਹੇ ਥੋਥੇ ਵਿਚਾਰ ਨੂੰ ਨਿਕਾਰਦੀ ਹੈ, ‘ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ’॥ ਤਰਲਿਆਂ ਨਾਲ ਕਿਸੇ ਵੀ ਚੀਜ਼ ਦੀ ਪ੍ਰਾਪਤੀ ਨਹੀਂ ਹੈ। ਜ਼ਿੰਦਗੀ ਵਿੱਚ ਤਰਲੇ ਲੈਣ ਵਾਲਾ ਸਵੈਮਾਣ, ਅਣਖ਼ ਤੇ ਆਪਣੀ ਗੈਰਤ ਗਵਾ ਲੈਂਦਾ ਹੈ। ਤਰਲਿਆਂ ਵਾਲੀ ਆਦਤ ਕੰਮਚੋਰ ਤੇ ਪਿਛਾਂਹ ਖਿੱਚੂ ਵਿਚਾਰਾਂ ਵਾਲੀ ਬਣਾ ਦੇਂਦੀ ਹੈ। ਤਰਲਿਆਂ ਨਾਲ ਸਵੈ ਉਸਾਰੀ ਰੁਕਦੀ ਹੈ, ਅਗਿਆਨਤਾ ਜਨਮ ਲੈਂਦੀ ਹੈ। ਜਨੀ ਕਿ ਤਰਲਿਆਂ ਨਾਲ ਰੱਬੀ ਗਿਆਨ ਜਾਂ ਆਤਮਕ ਸੂਝ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਰਲੇ ਲੈਣ ਵਾਲੀਆਂ ਕੌਮਾਂ ਗੁਲਾਮ ਹੋ ਜਾਂਦੀਆਂ ਹਨ ਤੇ ਉਹ ਆਪਣੇ ਫੈਸਲੇ ਆਪ ਨਹੀਂ ਕਰ ਸਕਦੀਆਂ।
ਗੁਰਮਤ ਵਿੱਚ ਪਹਿਲੀ ਸਟੇਜ ਪੜ੍ਹਨ ਜਾਂ ਸੁਣਨ ਦੀ, ਤੇ ਦੂਜੀ ਵਿਚਾਰਨ ਦੀ ਆਉਂਦੀ ਹੈ। ਇਹਨਾਂ ਦੋਹਾਂ ਅਵਸਥਾਂਵਾਂ ਵਿਚੋਂ ਤੀਸਰੀ ਅਮਲ ਕਰਨ ਦੀ ਆਉਂਦੀ ਹੈ। ਹੋਇਆ ਇਹ ਕਿ ਅਸੀਂ ਕੇਵਲ ਗੁਰਬਾਣੀ ਪੜ੍ਹਨ `ਤੇ ਹੀ ਸਾਰਾ ਜ਼ੋਰ ਲਗਾ ਦਿੱਤਾ ਹੈ। ਗੁਰਬਾਣੀ ਵਿਚਾਰ ਬਾਰੇ ਸਾਧ ਲਾਣਾ ਇਹ ਗੱਲ ਪਰਚਾਰਨ ਵਿੱਚ ਕਾਮਯਾਬ ਹੋ ਗਿਆ ਹੈ ਕਿ ਜੀ ਸਤਿਗੁਰਾਂ ਦੀ ਬਾਣੀ ਦੇ ਅਰਥ ਕੋਈ ਨਹੀਂ ਕਰ ਸਕਦਾ। ਜੇ ਗੁਰਬਾਣੀ ਅਰਥਾਂ ਦੀ ਜ਼ਰੂਰਤ ਹੁੰਦੀ ਤਾਂ ਗੁਰੂ ਜੀ ਆਪ ਹੀ ਅਰਥ ਕਰ ਜਾਂਦੇ। ਇਸ ਲਈ ਕੇਵਲ ਪਾਠ ਪੜ੍ਹਨ ਨਾਲ ਹੀ ਸਾਡੀ ਮੁਕਤੀ ਹੋ ਜਾਏਗੀ ਤੇ ਕੇਵਲ ਪਾਠ ਪੜ੍ਹ ਕੇ ਜੋ ਅਸੀਂ ਮੰਗਾਂਗੇ ਉਹ ਹੀ ਸਾਨੂੰ ਮਿਲ ਜਾਏਗਾ। ਅਜੇਹੀ ਧਾਰਨਾ ਨੂੰ ਗੁਰੂ ਜੀ ਇਕਵੱਢਿਓਂ ਰੱਦ ਕਰਦੇ ਹਨ— ‘ਨਾ ਤੂ ਆਵਹਿ ਵਸਿ ਬੇਦ ਪੜਾਵਣੇ’ ਮਨੁੱਖ ਇਹ ਭਰਮ ਪਾਲ ਲਏ ਕਿ ਮੈਂ ਵੇਦਾਂ ਦਾ ਪਾਠ ਸੁਣ ਲਿਆ ਹੈ ਹੁਣ ਮੇਰੇ ਲਈ ਸਵਰਗ ਦਾ ਦਰਵਾਜ਼ਾ ਖੁਲ੍ਹ ਜਾਏਗਾ ਸਵਾਏ ਅੰਧ ਵਿਸ਼ਵਾਸ ਦੇ ਹੋਰ ਕੁੱਝ ਵੀ ਨਹੀਂ ਹੈ। ਆਪ ਵੇਦ ਪੜ੍ਹਨੇ ਜਾਂ ਕਿਸੇ ਪਾਸੋਂ ਸੁਣਨੇ ਕੋਈ ਬਹੁਤਾ ਕਲਿਆਣਕਾਰੀ ਕਰਮ ਨਹੀਂ ਹੈ। ਸਤਿਗੁਰਾਂ ਦੀ ਬਾਣੀ ਵੀ ਕੇਵਲ ਅਸੀਂ ਪੜ੍ਹਨ ਤੀਕ ਹੀ ਸੀਮਤ ਹੋ ਗਏ ਹਾਂ। ਹਰ ਗੁਰਪੁਰਬ `ਤੇ ਹਰ ਗੁਰਦੁਆਰਾ ਅਖੰਡਪਾਠ ਰੱਖਣ ਨੂੰ ਗੁਰ-ਮਰਯਾਦਾ ਸਮਝ ਬੈਠਾ ਹੈ। ਪਰਮਾਤਮਾ ਜਾਂ ਰੱਬੀ ਗਿਆਨ ਨਿਰਾ ਪੜ੍ਹਨ ਨਾਲ ਨਹੀਂ ਆ ਸਕਦਾ ਜਿਨਾਂ ਚਿਰ ਵਿਚਾਰ ਦੀ ਭਾਵਨਾ ਨੂੰ ਉਜਾਗਰ ਨਹੀਂ ਕਰਦੇ। ਸ਼ਰਾ ਦੇ ਪਾਠਾਂ ਨਾਲ ਮਨੁੱਖੀ ਕਿਰਦਾਰ ਦੀ ਉਸਾਰੀ ਨਹੀਂ ਹੋ ਸਕਦੀ।
ਜਿਸ ਤਰ੍ਹਾਂ ਭਾਰਤ ਦੇ ਧਾਰਮਕ ਤੀਰਥ ਕੇਵਲ ਪੁਜਾਰੀਆਂ ਤੇ ਪ੍ਰਬੰਧਕਾਂ ਦੀ ਉਪਜੀਵਕਾ ਤੀਕ ਹੀ ਸੀਮਤ ਹੋ ਕੇ ਰਹਿ ਗਏ ਹਨ। ਏਸੇ ਤਰ੍ਹਾਂ ਸਾਡੇ ਗੁਰਦੁਆਰੇ ਵੀ ਗੋਲਕਾਂ ਤੀਕ ਸੁੰਘੜ ਕੇ ਰਹਿ ਗਏ ਹਨ। ਤੀਰਥ ਯਤਾਰਾਵਾਂ `ਤੇ ਮੱਚੀ ਭਗਦੜ ਵਿੱਚ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਪੁਜਾਰੀ ਇਹ ਗੱਲ ਸਮਝਾਉਣ ਵਿੱਚ ਸਫਲ ਹੋ ਗਿਆ ਹੈ ਕਿ ਤੀਰਥ ਯਾਤਰਾ ਨਾਲ ਤੁਹਾਡਾ ਅਗਲਾ ਜੀਵਨ ਸੁਖਦਾਇਕ ਹੋ ਜਾਏਗਾ। ਪੰਜਾਬ ਵਿੱਚ ਟਰਾਲੀਆਂ ਦੀਆਂ ਟਰਾਲੀਆਂ ਭਰ ਭਰ ਕੇ ਤੀਰਥ ਯਾਤਰਾ `ਤੇ ਜਾ ਕੇ ਧਾਰਮਕ ਅਸਥਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਕਰਦੇ ਹਨ। ਯਾਤਰੂ ਇਹ ਸਮਝ ਬੈਠਾ ਹੈ ਕਿ ਮੈਨੂੰ ਗਿਆਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ, ਬਸ ਪਾਣੀ ਵਿੱਚ ਡੁੱਬਕੀ ਲਾਈ ਅਗਲੇ ਜੀਵਨ ਵਿੱਚ ਸਵਰਗ ਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਇਸ ਖੋਖਲੇ ਵਿਚਾਰ ਨੂੰ ਮੂਲੋਂ ਰੱਦ ਕਰਦੀ ਹੈ— ‘ਨਾ ਤੂ ਆਵਹਿ ਵਸਿ ਤੀਰਥਿ ਨਾਈਐ’॥ ਰੱਬੀ ਗਿਆਨ ਕੇਵਲ ਤੀਰਥਾਂ `ਤੇ ਫੇਰਾ ਮਾਰਨ ਜਾਂ ਪਾਣੀ ਵਿੱਚ ਡੁੱਬਕੀ ਮਾਰਨ ਨਾਲ ਨਹੀਂ ਮਿਲਣਾ। ਅਸੀਂ ਇਸ ਨੂੰ ਬੜਾ ਵੱਡਾ ਕਰਮ ਸਮਝੀਂ ਬੈਠੇ ਹਾਂ। ਸਿੱਖ ਤੀਰਥ ਯਾਤਰਾ ਵਿੱਚ ਬੁਰੀ ਤਰ੍ਹਾਂ ਫਸ ਗਿਆ ਹੈ। ਕਿਹੜਾ ਗੁਰਦੁਆਰਾ ਹੈ ਜਿੱਥੇ ਇਹ ਅਪੀਲ ਨਹੀਂ ਕੀਤੀ ਜਾਂਦੀ ਕਿ ਭਾਈ ਹੇਮਕੁੰਟ ਦੀ ਯਾਤਰਾ ਨਾਲ ਸਾਡਾ ਜੀਵਨ ਸਫਲ ਹੋ ਜਾਏਗਾ। ਤੀਰਥ ਯਾਤਰਾ `ਤੇ ਵੇਖੋ ਵੇਖੀ ਅਸੀਂ ਜਾ ਰਹੇ ਹਾਂ। ਰੱਬ ਦੀ ਪ੍ਰਾਪਤੀ ਜੋ ਰੱਬੀ ਗੁਣਾਂ ਵਿੱਚ ਪ੍ਰਗਟ ਹੁੰਦੇ ਹਨ ਉਹ ਕੇਵਲ ਤੀਰਥਾਂ ਦੀ ਖ਼ਾਕ ਛਾਣਿਆਂ ਨਹੀਂ ਮਿਲਣੇ।
ਮਨੁੱਖੀ ਵਿਕਾਸ ਹੋਣ ਦੇ ਬਾਵਜੂਦ ਵੀ ਧਰਮ ਵਿੱਚ ਵਿਕਾਸ ਨਹੀਂ ਹੋਇਆ। ਰੂੜੀਵਾਦੀ ਘਸੀਆਂ ਪਿੱਟੀਆਂ ਰੀਤਾਂ ਨਿਬਾਹੁੰਣ ਵਿੱਚ ਹੀ ਧਰਮ ਨੂੰ ਸਰਬ ਸ੍ਰਿਸ਼ੇਟ ਸਮਝੀ ਬੈਠੇ ਹਾਂ। ਇੱਥੋਂ ਤੀਕ ਕਿ ਵਿਹਲੜ ਰਮਤੇ ਸਾਧੂਆਂ ਦੀ ਬਹੁਤ ਪੂਜਾ ਕੀਤੀ ਜਾਂਦੀ ਹੈ ਕਿ ਇਹ ਵਿਚਾਰੇ ਦੇਖੋ ਮਨੁੱਖਤਾ ਦਾ ਕਿੰਨਾ ਭਲਾ ਕਰ ਰਹੇ ਹਨ। ਇਹਨਾਂ ਵਿਚਾਰਿਆਂ ਨੇ ਨਾ ਤਾਂ ਆਪ ਵਿਆਹ ਕਰਾਇਆ ਹੈ ਤੇ ਨਾ ਹੀ ਇਹਨਾਂ ਨੂੰ ਸੰਸਾਰੀ ਲੋਕਾਂ ਨਾਲ ਬਹੁਤਾ ਵਾਹ ਵਾਸਤਾ ਹੁੰਦਾ ਹੈ। ਹਾਂ ਮੈਲ਼ ਗੰਦਗੀ ਵਾਧੂ ਦੀ ਚੁੱਕੀ ਫਿਰਦੇ ਰੇਲਵੇ ਸਟੇਸ਼ਨਾਂ ਜਾਂ ਆਮ ਤੁਰੇ ਫਿਰਦੇ ਦਿਸਦੇ ਹਨ। ਗੁਰਬਾਣੀ ਵਿਚਾਰਧਾਰਾ ਨੇ ਇਸ ਅਵਾਗਉਣ ਵਿੱਚ ਤੁਰੇ ਫਿਰਦੇ ਵਿਹਲੜਾਂ ਸਾਧਾਂ ਨੂੰ ਫਿਟਕਾਰਿਆ ਹੀ ਹੈ— ‘ਨਾ ਤੂ ਆਵਹਿ ਵਸਿ ਧਰਤੀ ਧਾਈਐ’ ਇਹਨਾਂ ਨੇ ਆਪਣੇ ਹੱਕ ਵਾਲੀਆਂ ਦਲੀਲਾਂ ਦੇ ਕੇ ਆਮ ਲੁਕਾਈ ਨੂੰ ਪੂਰਾ ਪ੍ਰਭਾਵਤ ਕੀਤਾ ਹੋਇਆ ਹੈ ਕਿ ਸਾਰੇ ਜਹਾਨ ਦੀ ਸੁੱਖ ਸ਼ਾਤੀ ਸਾਡੇ ਧਰਤੀ `ਤੇ ਤੁਰਨ ਫਿਰਨ ਨਾਲ ਹੀ ਹੋ ਰਹੀ ਹੈ। ਜੇ ਅਸੀਂ ਨਾ ਤੁਰ ਫਿਰ ਕੇ ਨਾਮ ਦਾ ਹੋਕਾ ਦਈਏ ਤਾਂ ਧਰਤੀ ਪਰਲੋ ਆ ਜਾਏਗੀ। ਗੁਰੂ ਸਾਹਿਬ ਜੀ ਦਾ ਪ੍ਰਤੱਖ ਪ੍ਰਮਾਣ ਹੈ ਕਿ ਧਰਤੀ `ਤੇ ਤੁਰੇ ਫਿਰਨ ਨਾਲ ਜੀਵਨ ਦੀ ਕੋਈ ਪ੍ਰਾਪਤੀ ਨਹੀਂ ਹੈ।
ਸਿੱਖੀ ਵਿੱਚ ਜਿਸ ਨੇ ਵੀ ਚੋਲ਼ਾ ਪਾ ਲਿਆ ਹੈ ਉਹ ਹੀ ਆਪਣੇ ਆਪ ਨੂੰ ਬਹੁਤ ਵੱਡਾ ਸਿਆਣਾ ਤੇ ਆਪਣੇ ਆਪ ਨੂੰ ਚਲਾਕ ਉਸਤਾਦ ਗਿਣਦਾ ਹੈ। ਜਿਹੜਾ ਵੀ ਸਿਧਾਂਤ ਨੂੰ ਛੱਡ ਨੇ ਆਪਣੀਆਂ ਘੜੁੱਤਾਂ ਛੱਡਦਾ ਹੈ ਉਹ ਵੱਡਾ ਸਿਆਣਾ ਸਮਝਿਆ ਜਾਂਦਾ ਰਿਹਾ ਹੈ—” ਨਾ ਤੂ ਆਵਹਿ ਵਸਿ ਕਿਤੈ ਸਿਆਣਪੈ’ ਸਿਆਣਾ ਹੋਣ ਕੋਈ ਮਾੜੀ ਗੱਲ ਨਹੀਂ ਹੈ। ਗੁਰਬਾਣੀ ਦੀ ਸਾਰੀ ਵਿਚਾਰ ਤਾਂ ਸਾਨੂੰ ਸਿਆਣਾ ਹੀ ਬਣਾਉਂਦੀ ਹੈ। ਪਰ ਧਰਮ ਵਿੱਚ ਅੰਨ੍ਹੀ ਸ਼ਰਧਾ ਵਾਲੀ ਸਿਆਣਪ ਲਈ ਕੋਈ ਥਾਂ ਨਹੀਂ ਹੈ। ਮੰਨ ਲਓ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਹੈ। ਮਰਯਾਦਾ ਵਿੱਚ ਲਿਖਿਆ ਹੈ ਕਿ ਉਸ ਦੀ ਸਾਰੀ ਰਾਖ ਵੱਗਦੇ ਪਾਣੀ ਵਿੱਚ ਰੋੜ ਦਿਓ ਜਾਂ ਜ਼ਮੀਨ ਵਿੱਚ ਦੱਬ ਦਿਓ। ਏੱਥੇ ਹੁਣ ਕੋਈ ਆਦਮੀ ਆਪਣੀ ਸਿਆਣਪ ਦੱਸਣ ਦਾ ਯਤਨ ਕਰੇ ਕਿ ਭਾਈ ਫੁੱਲ ਕੇਵਲ ਹਰਦੁਆਰ ਪਾਇਆਂ ਹੀ ਬੰਦੇ ਦੀ ਮੁਕਤੀ ਹੋਣੀ ਹੈ ਤਾਂ ਅਜੇਹੀ ਥੋਥੀ ਵਿਚਾਰ ਸਿਆਣਪ ਕਿਸੇ ਕੰਮ ਦੀ ਨਹੀਂ ਹੈ। ਧਾਰਮਕ ਆਗੂਆਂ ਨੇ ਧਰਮ ਦੀ ਦੁਨੀਆਂ ਵਿੱਚ ਦਾਨ ਦੀ ਪ੍ਰਥਾ ਨੂੰ ਚਾਲੂ ਕਰਕੇ ਆਮ ਕਿਰਤੀ ਦੀ ਕਿਰਤ ਨੂੰ ਲੁਟਿਆ ਹੈ। ਪ੍ਰਬੰਧਕ ਤੇ ਪੁਜਾਰੀ ਇਸ ਲੁਟ ਵਿੱਚ ਦੋਨੋਂ ਭਾਗੀਦਾਰ ਹਨ। ਸਭ ਧਾਰਮਕ ਸਥਾਨਾਂ `ਤੇ ਦਾਨੀਆਂ ਦੇ ਦਾਨ ਦੀਆਂ ਪਲੇਟਾਂ ਲਗਾ ਲਗਾ ਕੇ ਸਵਰਗ ਵਿੱਚ ਸੀਟ ਰਿਜਰਵ ਕਰਾਉਣ ਦਾ ਪੂਰਾ ਪੂਰਾ ਭਰੋਸਾ ਦਿਵਾਇਆ ਗਿਆ ਹੈ। ਗੁਰਬਾਣੀ ਸਿਧਾਂਤ ਅਜੇਹੇ ਦਿੱਤੇ ਹੋਏ ਦਾਨ ਦੀ ਨਿਖੇਧੀ ਕਰਦੀ ਹੈ— ‘ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ’ ਇੱਕ ਸਕੂਲ ਵਿੱਚ ਬੱਚਿਆਂ ਦੇ ਪਾਣੀ ਪੀਣ ਲਈ ਕਿਸੇ ਦਾਨੀ ਵਲੋਂ ਵਾਟਰ ਕੂਲਰ ਲਵਾਇਆ ਹੋਇਆ ਸੀ। ਉਸ `ਤੇ ਲਿਖਿਆ ਹੋਇਆ ਸੀ ਫਲਾਣੇ ਪਰਵਾਰ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਵਾਟਰ ਕੂਲਰ ਦਾਨ ਕੀਤਾ ਗਿਆ। ਹੁਣ ਪਾਣੀ ਪੀਣ ਵਾਲੇ ਵਿਦਿਆਰਥੀ ਤਾਂ ਏਹੀ ਕਹਿਣਗੇ ਬੜਾ ਚੰਗਾ ਹੋਇਆ ਇਹਨਾਂ ਦਾ ਬੁੜਾ ਮਰ ਗਿਆ ਤੇ ਸਾਨੂੰ ਠੰਡਾ ਪਾਣੀ ਪੀਣ ਲਈ ਮਿਲਿਆ। ਕਿਸੇ ਲੋੜਵੰਦ ਜਾਂ ਸਮਾਜ ਲਈ ਚੰਗੇ ਉਦਮ ਕਰਨੇ ਮਾੜੀ ਗੱਲ ਨਹੀਂ ਪਰ ਜੇ ਇਹ ਕਹੇ ਕਿ ਮੈਂ ਦਾਨ ਦਿੱਤਾ ਹੈ ਹੁਣ ਮੈਨੂੰ ਰੱਬ ਜੀ ਮਿਲ ਜਾਣਗੇ ਤਾਂ ਗੁਰਬਾਣੀ ਇਸ ਵਿਚਾਰ ਨਾਲ ਕਦੇ ਵੀ ਸਹਿਮਤ ਨਹੀਂ ਹੈ।
ਸਾਰਾ ਕੁੱਝ ਪਰਮਾਤਮਾ ਦੇ ਵੱਸ ਵਿੱਚ ਹੈ ਭਾਵ ਰਬ ਜੀ ਦੀ ਸਦੀਵ ਕਾਲ ਨਿਯਮਾਵਲੀ ਬਿਨਾ ਰੋਕ ਟੋਕ ਦੇ ਚੱਲ ਰਹੀ ਹੈ। ਉਸ ਰੱਬੀ ਕਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ ਨਿਕਲਦੇ ਹਨ। ਦੂਸਰਾ ਗੁਰਬਾਣੀ ਜੀਵਨ ਜਾਚ ਦਾ ਖ਼ਜ਼ਾਨਾ ਹੈ ਜਿਸ ਰਾਂਹੀ ਰੱਬੀ ਹੁਕਮ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਉਣੇ ਹਨ। ਅਸੀਂ ਜੀਵਨ ਜਾਚ ਸਿੱਖਣ ਦੀ ਬਜਾਏ ਪੂਜਾ, ਬੰਦਗੀ ਤੇ ਅਰਦਾਸਾਂ ਰਾਂਹੀ ਆਪਣੀ ਮਰਜ਼ੀ ਦੇ ਨਤੀਜੇ ਕੱਢਣੇ ਚਾਹੁੰਦੇ ਹਾਂ। ਅਜੇਹੀ ਅਵਸਥਾ ਨੂੰ ਗੁਰਬਾਣੀ ਗਿਆਨ ਪੂਰੀ ਤਰ੍ਹਾਂ ਰਦ ਕਰਦਾ ਹੈ ਹੋਇਆ ਇਹ ਸਮਝਾਉਂਦਾ ਹੈ ਕਿ ਰੱਬੀ ਜੀ ਦੀ ਸਦੀਵ-ਕਾਲ ਨਿਯਮਾਵਲੀ ਇੱਕ ਬੱਝਵੇਂ ਨਿਯਮ ਵਿੱਚ ਚੱਲਦੀ ਹੈ—ਜਿਸ ਨੂੰ ‘ਸਭੁ ਕੋ ਤੇਰੈ ਵਸਿ ਅਗਮ ਅਗੋਚਰਾ’ ਕਿਹਾ ਹੈ।
ਨਿਰਭਉ ਤੇ ਨਿਰਵੈਰ ਦੇ ਨੁਕਤਿਆਂ ਨੂੰ ਸਮਝਦਾ ਹੈ ਓੱਥੇ ਖੁਲ੍ਹੇ ਰੁਪ ਵਿੱਚ ਰੱਬ ਵੱਸਦਾ ਹੈ। ਉਂਝ ਅਸੀਂ ਸਮਝ ਲਿਆ ਹੈ ਕਿ ਜਿਹੜਾ ਵਿੰਗਾ ਟੇਢਾ ਮੂੰਹ ਕਰਕੇ ਸਮਾਧੀਆਂ ਲਗਾਉਂਦਾ, ਤਰਲੇ ਲੈਂਦਾ, ਲੋਕ ਦਿਖਾਵੇ ਦਾ ਦਾਨ ਪੁੰਨ ਕਰਦਾ, ਤੀਰਥਾਂ `ਤੇ ਇਸ਼ਨਾਨ ਕਰਦਾ ਜਾਂ ਚਲਾਕੀਆਂ ਕਰਦਾ ਫਿਰਦਾ ਹੈ ਰੱਬ ਜੀ ਉਸ ਦੇ ਵੱਸ ਵਿੱਚ ਆ ਜਾਂਦਾ ਹੈ ਤੇ ਉਹ ਆਪਣੀ ਮਰਜ਼ੀ ਨਾਲ ਰੱਬ ਜੀ ਪਾਸੋਂ ਕੰਮ ਕਰਾਉਂਦਾ ਹੈ। ਅਸਲ ਵਿੱਚ ਜਿਹੜਾ ਗੁਰਬਾਣੀ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਢਾਲਦਾ ਹੈ, ਰੱਬ ਜੀ ਓੱਥੇ ਵੱਸਦਾ ਹੈ— ‘ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ’ ਭਗਤ ਦੇ ਵੱਸ ਵਿੱਚ ਨਹੀਂ ਹੁੰਦਾ ਸਗੋਂ ਭਗਤ ਵਿੱਚ ਉਹ ਵੱਸਦਾ ਹੈ। ਅਜੇਹੇ ਭਗਤ ਦੀ ਪ੍ਰੋੜਤਾ ਫ਼ਰੀਦ ਜੀ ਆਪਣੀ ਬਾਣੀ ਵਿੱਚ ਕਰਦੇ ਹਨ—
ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥
ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥
ਪੰਨਾ ੧੩੮੪

ਭਗਤ ਅਕਲ ਦੀ ਵਰਤੋਂ ਕਰਦਾ ਹੈ ਪਰ ਕਿਸੇ `ਤੇ ਬਿਨਾ ਮਤਲਵ ਅਕਲ ਝਾੜਦਾ ਨਹੀਂ ਹੈ। ਭਗਤ ਪਾਸ ਤਾਕਤ ਹੈ ਪਰ ਕਿਸੇ ਨੂੰ ਆਪਣੇ ਡੌਲ਼ੇ ਨਹੀਂ ਦਿਖਾਲਦਾ। ਵੰਡ ਕੇ ਛੱਕਣ ਦੀ ਸਦਾ ਭਾਵਨਾ ਰੱਖਦਾ ਹੈ। ਅਜੇਹੇ ਗਿਆਨਵਾਨ ਪੁਰਸ਼ ਨੂੰ ਗੁਰਬਾਣੀ ਭਗਤ ਕਹਿੰਦੀ ਹੈ। ਇਸ ਤਰ੍ਹਾਂ ਦਾ ਭਗਤ ਰੱਬ ਨੂੰ ਆਪਣੇ ਵੱਸ ਨਹੀਂ ਕਰਦਾ ਸਗੋਂ ਰੱਬ ਅਨੁਸਾਰੀ ਹੋ ਕੇ ਚੱਲਦਾ ਹੈ। ਜਨੀ ਕੇ ਭਗਤਾਂ ਵਿੱਚ ਆਤਮਕ ਸੂਝ ਦਾ ਝਰਨਾ ਫੁੱਟ ਪੈਂਦਾ ਹੈ।




.