.

ਮਸਲਾ ਗੁਰਦੁਆਰਾ ਚੋਣਾਂ ਦਾ

ਗੁਰਦੁਅਰਾ ਪ੍ਰਬੰਧ ਸ਼ੁਰੂ ਤੋਂ ਹੀ ਗਲਤ ਹੱਥਾਂ ਵਿੱਚ ਰਿਹਾ ਹੈ ਗੁਰੂ ਰਾਮਦਾਸ ਤੇ ਗੁਰੁ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਦੀ ਤਿਆਰੀ ਕੀਤੀ ਪਰ ਅੱਗੇ ਪੰਜ ਗੁਰੂ ਸਾਹਿਬਾਨਾਂ ਨੂੰ ਦਰਬਾਰ ਸਾਹਿਬ ਹੀ ਨਾ ਆਉਣ ਦਿੱਤਾ ਗਿਆ। ਤੇ ਦਰਬਾਰ ਸਾਹਿਬ ਦਾ ਕਬਜਾ ਗਲਤ ਹੱਥਾਂ ਵਿੱਚ ਹੀ ਬਣਿਆ ਰਿਹਾ। ਨਨਕਾਣਾ ਸਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਤੇ ਬਣਿਆ ਹੈ ਇਸ ਅਸਥਾਨ ਤੇ ਵੀ ਨਰਾਇਣ ਦਾਸ (ਮਹੰਤ ਨਰੈਣੂ) ਵਰਗੇ ਹੀ ਕਾਬਜ ਉਨ੍ਹਾਂ ਲੋਕਾਂ ਦਾ ਕਬਜਾ ਰਿਹਾ ਜਿਨ੍ਹਾਂ ਨੇ ਕਬਜੇ ਛਡਣ ਤੋਂ ਪਹਿਲਾਂ ਸਿੱਖਾਂ ਨੂੰ ਜਿੰਦਾ ਸਾੜਿਆ ਤੇ ਆਪਣੇ ਬਦਮਾਸ਼ਾਂ ਤੋ ਸਿੱਖਾਂ ਨੂੰ ਮਰਵਾਇਆ। ਇਹੀ ਇਤਿਹਾਸ ਬਾਕੀ ਗੁਰਦੁਆਰਿਆਂ ਦਾ ਵੀ ਰਿਹਾ ਹੈ।
ਸੋ ਗੁਰਦੁਆਰਾ ਐਕਟ ਬਣਨ ਮਗਰੋ ਸਿੱਖਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਅੱਗੇ ਗੁਰਦੁਆਰਾ ਪ੍ਰੰਬਧ ਸਿੱਖਾਂ ਕੋਲ ਹੀ ਰਹੇਗਾ ਤੇ ਸਾਰੇ ਫੈਂਸਲੇ ਸਿੱਖ ਹੀ ਕਰਨਗੇ ਪਰ ਇਹ ਭੁਲੇਖਾ ਵੀ ਜਲਦੀ ਹੀ ਨਛਰ ਹੋ ਗਿਆ ਕਿ ਵੋਟ ਪ੍ਰਣਾਲੀ ਨੇ, ਗੁਰਦੁਆਰਾ ਪ੍ਰੰਬਧ, ਸਿੱਖਾਂ ਕੋਲੋ ਖੋਹ ਕੇ, ਸਿਆਸੀ ਪਰਟੀਆ ਤੇ ਸਿਆਸੀ ਲੀਡਰਾਂ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜਦ ਵੀ ਹਕੂਮਤ ਸਭਾਲੀ, ਉਦੋ ਤੋਂ, ਉਨ੍ਹਾਂ ਦੇ ਬਦਲੇ ਹੋਏ ਰਵੀਏ ਨੂੰ ਵੇਖ ਕੇ ਸਿੱਖਾਂ ਦੀ ਸੋਚ ਵਿੱਚ ਵੀ ਤਬਦੀਲੀ ਆਉਣਾ ਜਰੂਰੀ ਹੈ। ਹਕੂਮਤ ਦੀ ਗੱਦੀ ਤੇ ਬੈਠਣ ਵਾਲੇ ਅਕਾਲੀਆਂ ਦੇ ਮੂੰਹ ਵਿਚੋਂ ਪੰਥਕ ਸ਼ਬਦ ਨਿਕਲਣਾ ਹੀ ਬੰਦ ਹੋ ਗਿਆ ਹੈ। ਤੇ ਉਹ ਆਪਣੇ ਆਪ ਨੂੰ ਸੈਕੂਲਰ (ਧਰਮ ਨਿਰਪੱਖ) ਸਾਬਤ ਕਰਨ ਵਿੱਚ ਜਿਆਦਾ ਦਿਲਚਸਪੀ ਲੈਣ ਲਗ ਪਏ ਹਨ। ਉਹ ਸਿੱਖ ਮੰਗਾਂ ਉਮੰਗਾਂ ਬਾਰੇ ਵੀ ‘ਫਸੀ ਦੇ ਫਟਕਣ’ ਵਾਂਗ ਕਦੇ-2 ਆਪਣੇ ਖੰਭ ਹਿਲਾ ਸਕਦੇ ਹਨ। ਪਰ ਅਫਸੋਸ ਅੱਧੀ ਸਦੀ ਵਿੱਚ ਉਨ੍ਹਾਂ ਮੰਗਾਂ ਉਮੰਗਾਂ ਬਾਰੇ ਕਿਸੇ ਇੱਕ ਦੀ ਵੀ ਪ੍ਰਾਪਤੀ ਨਹੀ ਹੋਈ ਤੇ ਨਾ ਹੀ ਇਸ ਗੱਲ੍ਹ ਦੀ ਪੰਥਕ ਸਰਕਾਰ ਨੂੰ ਕੋਈ ਚਿੰਤਾ ਹੈ। ਹਾਂ ਪੰਥਕ ਸ਼ਬਦ ਸਾਨੂੰ ਭੁਲੇਖਾ ਪਾਉਣ ਲਈ ਉਹਨਾਂ ਦੀ ਜੁਬਾਨ ਤੇ ਕਦੇ-2 ਪੰਥਕ ਸ਼ਬਦ ਆ ਜਾਂਦਾ ਹੈ। ਤਾਂ ਇਸ ਦਾ ਕਾਰਨ ਇਹ ਕਿ ਉਹ ਅਰਬਾਂ ਰੁਪਏ ਦੀਆਂ ਗੋਲਕਾਂ ਨੂੰ ਹਰਗਿਜ਼ ਵੀ ਛਡਣਾ ਨਹੀ ਚਾਹੁੰਦੇ ਕਿਉਕਿ ਇਹ ਗੋਲਕਾਂ ਦਾ ਪੈਸਾ ਗੁਰਦੁਆਰਾ ਚੋਣਾਂ ਦੇ ਨਾਲ ਹੋਰ ਵੀ ਚੋਣਾ ਜਿਤਣ ਲਈ ਉਹਨਾਂ ਦੀ ਮਦਦ ਕਰਦਾ ਹੈ। ਅਫਸੋਸ ਇਸਦੀ ਮਦਦ ਨਾਲ ਨਾਂ ਤਾਂ ਉਹਨਾਂ ਨੇ ਧਰਮ ਪ੍ਰਚਾਰ ਕਰਨਾ ਹੈ ਤੇ ਨਾ ਹੀ ਸਿੱਖ ਕੌਮ ਦੇ ਭਲੇ ਦਾ ਕੰਮ ਤੇ ਨਾ ਹੀ ਕਿਸੇ ਗਰੀਬ ਦੀ ਮਦਦ ਕਰਨੀ ਹੈ। ਪਰ ਸਿਆਸ ਚੋਣਾਂ ਲੜਨ ਤੇ ਟੁੱਕੜ ਬੁੱਚ ਲੋਕਾਂ ਨੂੰ ਆਪਣੀਆ ਵੋਟਾਂ ਬਣਾਈ ਰਖਣ ਵਿੱਚ ਉਹਨਾਂ ਨੂੰ ਇਹ ਗੋਲਕਾਂ ਕਾਫੀ ਮਦਦ ਕਰਦੀਆਂ ਹਨ। ਗੁਰਦੁਆਰਿਆਂ ਦੀ ਸਟੇਜ ਅਤੇ ਗੋਲਕ ਤੋਂ ਬਿਨਾਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾ ਜਿਤਣ ਲਈ, ਹੁਣ ਨਾਲੋ ਸੋ ਗੁਣਾ ਜਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਬਸ ਇਹ ਹੀ ਇੱਕ ਕਾਰਨ ਹੈ ਜੋ ‘ਸੈਕੂਲਰ’ ਹਾਕਮ ਅਕਾਲੀਆਂ ਨੂੰ ਗੁਰਦੁਆਰਾ ਚੋਣਾਂ ਸਮੇ, ਅੱਜ ਵੀ ਪੰਥਕ ਗੀਤ ਗਾਉਣਾ ਪੈ ਰਿਹਾ ਹੈ ਵਰਨਾ ਉਝ ਉਹਨਾਂ ਲਈ ਇਹ ਗੀਤ ਬੀਤੇ ਸਮੇ ਦੀ ਯਾਦ ਬਣਕਿ ਹੀ ਰਹਿ ਗਿਆ ਹੈ। ਇਥੇ ਇੱਕ ਗੱਲ੍ਹ ਹੋਰ ਵੀ ਵੀਚਾਰਨ ਵਾਲੀ ਹੈ ਕਿ ਅਕਾਲੀ ਪਾਰਟੀ ਤੋ ਬਾਗੀ ਧੜੇ ਵੀ ਆਪਣੀ ਸ਼ਾਖ ਨਹੀ ਬਣਾ ਸਕੇ ਇਸਦਾ ਕਾਰਨ ਜਾਂ ਤਾਂ ਇਹ ਲੋਕ ਜਾਣਬੁਝ ਕਿ ਇੱਕ ਸਟੇਜ ਤੇ ਨਹੀ ਖੜੇ ਹੋਣਾ ਚਾਹੁੰਦੇ ਜਾਂ ਫਿਰ ਇਹਨਾਂ ਕੋਲ ਕੋਈ ਵੀ ਪਲਾਨਿੰਗ ਨਹੀ ਹੈ। ਪਰ ਇਹ ਸਭ ਕੁੱਝ ਸਿੱਖ ਵਿਰੋਧੀ ਧੜੇ ਲਈ ਬਹੁਤ ਹੀ ਖੁਸ਼ਕਿਸਮਤੀ ਹੈ। ਇਹੀ ਕਾਰਣ ਹੈ ਕਿ ਹਰ ਵਾਰ ਆਮ ਵਰਗ ਨੂੰ ਕੌੜਾ ਘੁਟ ਭਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਹ ਪਹਿਲਾਂ ਦੀ ਤਰ੍ਹਾਂ ਇਸ ਧੜੇ ਨੂੰ ਚੁਣ ਲੈਂਦੇ ਹਨ।
ਇਹੀ ਕਾਰਣ ਹੈ ਕਿ ਸਾਰਿਆਂ ਨੂੰ ਪਿਛੇ ਕਰਕੇ ਆਈ ਹੋਈ ਕੋਈ ਵੀ ਪਾਰਟੀ ਹੋਵੇ ਉਸਨੇ ਆਪਣੀ ਮਨਮਰਜ਼ੀ ਤਾਂ ਫਿਰ ਕਰਨੀਆਂ ਹੀ ਹਨ। ਤਾਂ ਹੀ ਹਾਕਮ ਪਾਰਟੀ ਫਿਰ ਗੋਲਕਾਂ ਨੂੰ ਆਪਣੇ ਨਿਜ਼ੀ ਮੁਫਾਦਾਂ ਲਈ ਤੇ ਉਸ ਥਾਂ ਤੇ ਕਾਬਜ਼ ਲੋਕਾਂ ਦਾ ਵੀ ਨਜ਼ਾਇਜ ਫਾਇਦਾ ਉਠਾਉਦੇ ਹਨ। ਇਸ ਕਰਕੇ ਲਗਾਤਾਰ ਧਾਰਮਿਕ ਥਾਂ ਤੇ ਕਾਬਜ਼ ਇਹ ਲੋਕ ਸਤਾਧਾਰੀ ਪਾਰਟੀ ਦਾ ਕਰੂਪ ਚੇਹਰਾ ਇਹ ਲੋਕ ਆਪਣੀ ਸ਼ਾਖ ਬਣਾਈ ਰੱਖਣ ਲਈ ਲੁਕਾ ਦਿੰਦੇ ਹਨ। ਭਾਵੇਂ ਹਾਕਮ ਪਾਰਟੀ ਦੇ ਕਿਸੇ ਵੀ ਮਨੁੱਖ ਨੂੰ ਮਾਤਾ ਖੀਵੀ ਜੀ ਦਾ ਵਾਰਡ ਨਾਲ ਸਨਮਾਨ ਕੀਤਾ ਜਾਵੇ ਉਹ ਭਾਵੇ ਪਤਿਤ ਹੀ ਕਿਉਂ ਨਾ ਹੋਵੇ? ਉਹਨਾਂ ਦਾ ਇਹ ਔਗੁਣ ਲੁਕਾਉਣ ਲਈ ਕਈ ਹੱਥ ਕੰਡੇ ਅਪਣਾਉਦੇ ਹਨ।
ਇਸ ਵਾਰ ਸਿਖਾਂ ਨੂੰ ਕੋਈ ਨਵਾਂ ਬਦਲ ਲਭ ਸਕੇਗਾ ਜਾਂ ਨਹੀ ਇਸ ਸਵਾਲ ਦਾ ਜਵਾਬ ਦੇਣਾ ਹਾਲੇ ਔਖਾ ਹੈ ਪਰ ਇਹ ਜਰੂਰ ਸੱਚ ਹੈ ਤਬਦੀਲੀ ਦੀ ਰਾਹ ਜਿੰਨੀ ਇਸ ਵਾਰ ਪ੍ਰਬਲ ਹੈ ਪਹਿਲ਼ਾਂ ਕਦੇ ਵੀ ਮਹਿਸੂਸ ਨਹੀ ਕੀਤੀ ਗਈ ਸੀ। ਹਾਈ ਕੋਰਟ ਦੇ ਫੈਂਸਲੇ ਨੇ ਸਿਖ ਅਤੇ ਸਿਖ ਵੋਟਰ ਦੇ “ਅਰਥ” ਕਿਉਂਕਿ ਕੇਸਾਧਾਰੀ ਕਰ ਦਿੱਤੇ ਹਨ, ਇਸ ਲਈ ਸਤਾਧਾਰੀ ਲੀਡਰ ਦੀ ਘਬਰਾਹਟ ਬਹੁਤ ਵਧ ਗਈ ਹੈ। ਬੀਤੇ ਸਮੇ ਉਹ ਗੈਰ ਸਿੱਖਾਂ ਦੀਆਂ ਵੋਟਾਂ ਵੀ ਬਣਵਾ ਤੇ ਪਵਾ ਲਿਆ ਕਰਦੇ ਸਨ, ਇਹ ਗੱਲ੍ਹ ਇਸ ਵਾਰ ਸੰਭਵ ਨਹੀ ਹੋ ਸਕਣੀ।
ਪਰ ਇਸੇ ਸਦੰਰਭ ਵਿੱਚ ਇੱਕ ਸਤਾਧਾਰੀ ਆਗੂ ਦੀ ਗੱਲ੍ਹ ਸ਼ਰੇਆਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਬਣਾਉ ਬਈ ਵੱਧ-2 ਮੋਨੇ ਤੇ ਹਿੰਦੂਆਂ ਦੀਆਂ ਵੋਟਾਂ ਵੀ ਬਣਾਉ। ਕਿੰਨੀਆਂ ਕੂ ਵੋਟਾਂ ਰਦ ਕਰਵਾ ਲੈਣਗੇ ਸਾਡੇ ਵਿਰੋਧੀ? ਬਾਕੀ ਅਸੀ ਵੇਖ ਲਵਾਂਗੇ।
ਇਸ ਸਥਿਤੀ ਤੋ ਬਚਣ ਦਾ ਸੱਭ ਤੋਂ ਉਤਮ ਤਰੀਕਾ ਤਾਂ ਇਹ ਹੀ ਹੈ ਕਿ ਰਾਜਸੀ ਪਾਰਟੀਆਂ (ਖਾਸ ਕਰਕੇ ਜਿਨ੍ਹਾਂ ਨੇ ਚੋਣ ਕਮਿਸ਼ਨ ਅੱਗੇ ‘ਸੈਕੂਲਰ’ ਹੋਣ ਦਾ ਹਲਫੀਆ ਬਿਆਨ ਦਿੱਤਾ ਹੈ) ਉਸਨੂੰ ਗੁਰਦੁਆਰਾ ਚੋਣਾਂ ਤੋ ਪੂਰੀ ਤਰ੍ਹਾਂ ਬਾਹਰ ਰੱਖਿਆ ਜਾਏ ਅਤੇ ਜਿਹੜੇ ਸਿਖ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀਂ ਗੁਰੂ ਨਹੀ ਮੰਨਦੇ ਉਹਨਾਂ ਨੂੰ ਵੀ ਇਸ ਧਾਰਮਿਕ ਚੋਣਾਂ ਵਿੱਚ ਹਿਸਾ ਲੈਣ ਤੋ ਰੋਕ ਦਿੱਤਾ ਜਾਵੇ। ਅੱਗੇ ਤਾਂ ਸਿੱਖਾਂ ਦਾ ਹਰ ਸੰਘਰਸ਼ ਸ੍ਰੋਮਣੀ ਅਕਾਲੀ ਦਲ ਵਲੋਂ ਹੀ ਸ਼ੁਰੂ ਕੀਤਾ ਜਾਂਦਾ ਸੀ। ਪਰ ਇਹ ਮਹੱਤਵਪੂਰਨ ਮੰਗਾਂ ਉਹ ਮੰਗਾਂ ਹਨ ਜਿਨ੍ਹਾਂ ਦੀ ਵਿਰੋਧਤਾ ਸਤਾਧਾਰੀ ਪਾਰਟੀ ਹੀ ਸਭ ਤੋ ਅੱਗੇ ਹੋ ਕਿ ਕਰਾਗਾ। ਇਸ ਹਾਲਾਤ ਵਿੱਚ ਸਿਖਾਂ ਨੂੰ ਆਪ ਹੀ ਕੋਈ ਬਦਲ ਲਭਣਾ ਪਵੇਗਾ।
ਪਰ ਜੇ ਇਹ ਸਭ ਕੁਝ, ਵੇਲੇ ਸਿਰ ਅਰਥਾਤ ਚੋਣਾਂ ਤੋਂ ਪਹਿਲਾਂ ਨਾ ਹੋ ਸਕਿਆ ਤਾਂ ਫਿਰ ਕੀ ਹੋਵੇਗਾ? ਇਹੀ ਹੋਵੇਗਾ ਜੇ ਇਸ ਵਾਰ ਵੀ, ਖਾਲਸ ਸਿੱਖਾਂ ਨੂੰ ਜਾਂ ਧਰਮੀ ਸਿੱਖਾਂ ਨੂੰ ਗੁਰਦੁਆਰਾ ਪ੍ਰੰਬਧ ਉਤੇ ਕਾਬਜ਼ ਹੋਣੋ ਰੋਕਣ ਲਈ, ਸਿਆਸੀ ਲੋਕ ਕਾਮਯਾਬ ਹੋ ਗਏ ਅਤੇ ‘ਨਕਲੀ ਵੋਟਰਾਂ ਦੇ’ ਸਹਾਰੇ ਚੋਣ ਜਿਤ ਗਏ ਤਾਂ ਹੋਰ ਕੁੱਝ ਹੋਵੇ ਜਾਂ ਨਾ ਪਰ ਦੂਜਾ ਗੁਰਦੁਆਰਾ ਇਨਕਲਾਬ ਜਰੂਰ ਆ ਕਿ ਰਹੇਗਾ। ਪਹਿਲੇ ਗੁਰਦੁਆਰਾ ਇਨਕਲਾਬ (ਸੁਧਾਰ ਲਹਿਰ) ਵਿੱਚ ਵੀ ਬਹੁਤ ਖੂਨ ਖਰਾਬਾ ਹੋਇਆ ਸੀ ਪਰ ਇਸ ਵਾਰ ਕਿਤੇ ਜਿਆਦਾ ਖੂਨ ਖਰਾਬਾ ਹੋ ਸਕਦਾ ਹੈ। ਨਾ ਵੀ ਹੋਵੇ ਤਾਂ ਵੀ ਨਕਲੀ ਢੰਗ-ਤਰੀਕਿਆਂ ਨਾਲ ਕਾਬਜ ਹੋਣ ਵਾਲੇ ਲੋਕ ਆਉਣ ਵਾਲੀ ਭਲਕ ਦੇ ‘ਮਹੰਤ ਨਰੈਣੂ’ ਜਰੂਰ ਬਣ ਜਾਣਗੇ। ਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਸਿੱਖ ਮਨਾਂ ਉੱਤੋਂ ਹਮੇਸ਼ਾਂ ਲਈ ਉਤਰ ਜਾਏਗਾ। ਇਥੇ ਗੱਲ੍ਹ ਜਰੂਰ ਸ਼ਪਸਟ ਕਰ ਦੇਵਾਂ ਇੱਕ ਚੋਣ ਜਿਤਣਾ ਹੀ ਕਿਸੇ ਦਲ ਦਾ ਟੀਚਾ ਨਹੀ ਹੋਣਾ ਚਾਹਦਿਾ ਲੋਕਾਂ ਦੇ ਸਹੀ ਪ੍ਰਤੀਨਿਧ ਦੀ ਪ੍ਰਕਿਰਿਆ ਨੂੰ ਚਲਦੇ ਰੱਖਣਾ ਤੇ ਲੋਕਾਂ ਦਾ ਵਿਸ਼ਵਾਸ਼ ਬਹਾਲ ਕਰੀ ਰਖਣਾ ਹੀ ਅੰਤਮ ਤੋਰ ਤੇ ਹਰ ਸਿਆਸੀ ਦਲ ਲਾਹੇਵੰਦ ਹੋ ਸਕਦਾ ਹੈ। ਸਿੱਖਾਂ ਦਾ ਸਬਰ ਪਹਿਲਾਂ ਵੀ ਬਹੁਤ ਜਿਆਦਾ ਅਜ਼ਮਾਇਆ ਜਾ ਚੁੱਕਾ ਹੈ ਤੇ ਇਸ ਨੂੰ ਹੋਰ ਨਹੀ ਅਜ਼ਮਾਉਣਾ ਚਾਹੀਦਾ। ਜੇ ਸਿੱਖਾਂ ਦਾ ਹੱਕ ਮਾਰਨ ਦੀ ਕੋਸ਼ਿਸ਼ ਇਸ ਵਾਰ ਵੀ ਕੀਤੀ ਗਈ ਤਾਂ ਨਤੀਜ਼ੇ ਯਕੀਨਨ ਬਹੁਤ ਹੀ ਮਾੜੇ ਨਿਕਲਣਗੇ ਤੇ ਗਲਤੀ ਕਰਨ ਵਾਲੀ ਧਿਰ ਮੁੜ ਸਿੱਖਾਂ ਦੀ ਕਦੇ ਅਗਵਾਈ ਨਹੀ ਕਰ ਸਕੇਗੀ।
ਬੇਅੰਤ ਸਿੰਘ ਖਾਨੇਵਾਲ
ਫੋਨ ਨੰ. +91-98555-62648




.