.

ਗੁਰਸਿੱਖ ਦੀ ਪ੍ਰੀਭਾਸ਼ਾ

ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਥੋੜਾ ਵੀ ਵਿਚਾਰਿਆ ਹੈ ਉਹ ਸਿੱਖ ਦੀ ਪ੍ਰੀਭਾਸ਼ਾ ਨੂੰ ਅਵੱਸ਼ ਜਾਣ ਸਕੇਗਾ ਪਰ ਬੜੇ ਅਫਸੋਸ ਦੀ ਗਲ ਹੈ ਕਿ ਧਰਮ ਦੇ ਆਗੂ ਕਹਾਉਣ ਵਾਲੇ ਇਸ ਤੋਂ ਅਨਜਾਣ ਹੀ ਲਗਦੇ ਹਨ। ਸਿੱਖ ਦੀ ਪ੍ਰੀਭਾਸ਼ਾ ਨੂੰ ਬਾਹਰਲੀ ਦਿੱਖ ਤੇ ਹੀ ਨਿਰਭਰ ਕਰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਗੁਰ ਪ੍ਰਮਾਣਾਂ ਦੇ ਹੁੰਦਿਆਂ ਵੀ ਉਹ ਸਿੱਖ ਦੀ ਸਹੀ ਪ੍ਰੀਭਾਸ਼ਾ ਦੇਣ ਤੋਂ ਅਸਮਰੱਥ ਹਨ। ਚਿੰਤਾ ਤਾਂ ਉਦੋਂ ਖੜੀ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪ੍ਰੀਭਾਸ਼ਾ ਕਿਸੇ ਹੋਰ ਗ੍ਰੰਥ ਜਾਂ ਕਿਤਾਬ ਤੇ ਨਿਰਭਰ ਕੀਤੀ ਜਾਂਦੀ ਹੈ। ਇਹ ਤਾਂ ਗੁਰੂ ਦੀ ਸਿੱਧੀ ਵਿਰੋਧਤਾ ਹੈ। ਸਲਾਮੁ ਜਬਾਬੁ ਦੋਵੈ ਕਰੇ ਮੁਢਹੁ ਘੁਥਾ ਜਾਇ॥ (ਮ: 2-474) ਗੁਰੂ ਨੂੰ ਮੱਥਾ ਵੀ ਟੇਕੀ ਜਾਣਾ ਤੇ ਉਹਦੀ ਗਲ ਵੀ ਨਾ ਮੰਨਣੀ, ਇਹ ਤਾਂ ਬਿਸਮਿੱਲਾ ਹੀ ਗਲਤ ਹੈ। ਗੁਰੂ ਦਾ ਫੁਰਮਾਨ ਹੈ:- ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਮ: 3-601)। ਭਾਵ: ਉਹੀ ਮਨੁੱਖ ਗੁਰੂ ਦਾ ਸਿੱਖ, ਮਿੱਤ੍ਰ ਜਾਂ ਰਿਸ਼ਤੇਦਾਰ ਹੈ ਜੋ ਗੁਰੂ ਦੀ ਰਜ਼ਾ (ਗੁਰਬਾਣੀ) ਅਨੁਸਾਰ ਤੁਰਦਾ ਹੈ। ਗੁਰ ਪ੍ਰਮਾਣ ਹੋਰ ਅਨੇਕਾਂ ਹਨ, ਪਰ ਇਸ ਤੋਂ ਵੱਧ ਹੋਰ ਦੀ ਜ਼ਰੂਰਤ ਕਿਉਂ ਪਵੇ? ਕੀ ਇਹ ਪ੍ਰੀਭਾਸ਼ਾ ਅਧੂਰੀ ਹੈ ਜਾਂ ਸਮਝ ਨਹੀ ਆਉਂਦੀ, ਕੀ ਇਸ ਦੇ ਅਰਥ ਗਲਤ ਹਨ ਜਾਂ ਫਿਰ ਇਹ ਕਬੂਲ ਹੀ ਨਹੀ? ਗੁਰੂ ਦਾ ਭਾਣਾ ਗੁਰੂਸਿਖਿਆ, ਗੁਰਗਿਆਨ, ਗੁਰਸਬਦ, ਗੁਰਬਚਨ, ਗੁਰਮਤਿ ਜਾਂ ਗੁਰਬਾਣੀ ਹੈ, ਇਸ ਲਈ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਤੇ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਦਾ ਹੈ, ਗੁਰਸਿਖਿਆ ਅਨੁਸਾਰ ਚਲਦਾ ਹੈ ਉਹੀ ਗੁਰੂ ਦਾ ਸਿੱਖ ਹੈ॥ ਗੁਰਬਾਣੀ ਵਿੱਚ ਕਿਸੇ ਵੀ ਬਾਹਰਲੇ ਪਹਿਰਾਵੇ ਨੂੰ ਨਿਯੁਕਤ ਨਹੀ ਕੀਤਾ ਗਿਆ ਕਿਉਂਕਿ ਬਾਹਰਲੀ ਕਿਸੇ ਵੀ ਦਿੱਖ ਦਾ ਧਰਮ ਨਾਲ ਕੋਈ ਵਾਸਤਾ ਨਹੀ। ਬਾਹਰਲਾ ਪਹਿਰਾਵਾ ਜਾਂ ਦਿੱਖ ਤਾਂ ਹਰ ਦੇਸ ਦੀ ਮੌਸਮ ਤੇ ਰਹੁ ਰੀਤੀਆਂ ਅਨੁਸਾਰ ਵਖੋ ਵਖਰੀ ਹੈ ਪਰ ਧਰਮ ਕਿਉਂਕਿ ਮਨ ਦੀ ਸਾਧਨਾ ਦਾ ਕੰਮ ਹੈ ਇਸ ਲਈ ਇਹ ਸਭ ਲਈ ਇਕੋ ਜਿਹਾ ਹੋਣਾ ਜ਼ਰੂਰੀ ਹੈ। ਬਾਹਰਲੇ ਪਹਿਰਾਵੇ ਜਾਂ ਦਿੱਖ ਨੂੰ ਛੱਡ ਕੇ ਮਨ ਦੀ ਸਿੱਧੀ ਨਾਲ ਹੀ ਮਨੁਖਤਾ ਦੀ ਏਕਤਾ ਨੂੰ ਕਾਇਮ ਰਖਿਆ ਜਾ ਸਕਦਾ ਹੈ ਤੇ ਇਹੀ ਸਾਰੇ ਪ੍ਰਸਿੱਧ ਧਰਮੀ ਪੁਰਖਾਂ ਦਾ ਯਤਨ ਰਿਹਾ ਹੈ। ਧਰਮ ਏਕਤਾ ਪੈਦਾ ਕਰੇਗਾ (ਜੇ ਨਹੀ ਕਰਦਾ, ਤਾਂ ਉਹ ਧਰਮ ਨਹੀ ਹੋ ਸਕਦਾ) ਤੇ ਸੰਪ੍ਰਦਾਵਾਂ ਵਖਰੇਵਾਂ ਪੈਦਾ ਕਰਨਗੀਆਂ। ਗੁਰਬਾਣੀ ਫੁਰਮਾਨ ਹੈ:- ਮੰਨੈ ਮਗ ਨ ਚਲੈ ਪੰਥ॥ (ਜਪ)। ਭਾਵ:- ਜਿਸ ਮਨੁਖ ਦਾ ਮਨ (ਗੁਰਗਿਆਨ ਦੁਆਰਾ) ਪਰਮਾਤਮਾ ਨਾਲ ਰੀਝ ਜਾਵੇ, ਸਾਂਝ ਪੈ ਜਾਵੇ, ਉਹ ਮਨੁਖ ਫੇਰ ਦੁਨੀਆਂ ਦੇ ਵੱਖੋ ਵੱਖਰੇ ਮਜ਼ਬਾਂ ਦੇ ਰਸਤਿਆਂ ਤੇ ਨਹੀ ਚਲਦਾ। ਨਾ ਹਮ ਹਿੰਦੂ ਨਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (ਮ: 5-1136)। ਉਹ ਸਭਨਾ ਵਿੱਚ ਪਰਮਾਤਮਾ ਨੂੰ ਵਸਦਾ ਜਾਣਕੇ ਸਭ ਨਾਲ ਪਿਆਰ ਕਰੇਗਾ। ਜਿਸਦੇ ਹਿਰਦੇ ਵਿੱਚ ਸਭਨਾ ਨਾਲ ਪਿਆਰ ਤੇ ਸਤਿਕਾਰ ਨਹੀ ਉਹ ਧਰਮ ਦੇ ਨੇੜੇ ਵੀ ਨਹੀ ਤੇ ਯਕੀਨਨ ਸਿੱਖ ਵੀ ਨਹੀ। ਬਾਹਰਲਾ ਪਹਿਰਾਵਾ ਜਾਂ ਦਿੱਖ ਧਰਮ ਨਹੀ, ਅੰਦਰੂਨੀ ਮਨ ਦੀ ਸਾਧਨਾ ਹੀ ਧਰਮ ਹੈ:-

(1) ਅਗਰ ਪਾਹੁਲਧਾਰੀ (ਬਾਹਰਲੇ ਪਹਿਰਾਵੇ ਵਿੱਚ ਪੂਰਨ) ਹੁੰਦਿਆਂ ਵੀ ਅਮਲ ਬੁਰੇ ਹਨ, ਕਰਨੀ ਬੁਰੀ ਹੈ, ਤਾਂ ਕੀ ਉਹ ਵੀ ਗੁਰੂ ਕਾ ਸਿੱਖ ਮੰਨਿਆ ਜਾਵੇਗਾ? ਬਾਹਰੋਂ ਪਹਿਰਾਵਾ ਤੇ ਦਿੱਖ ਤਾਂ ਭਾਵੇਂ ਆਪਣੀ ਮਨੌਤ ਅਨੁਸਾਰ ਪੂਰੀ ਹੈ ਪਰ ਗੁਰੂ ਬਚਨ ਉਸਨੂੰ ਸਿੱਖ ਹੋਣ ਦੀ ਪਰਵਾਨਗੀ ਨਹੀ ਦਿੰਦੇ। ਸੂਤੁ ਪਾਇ ਕਰੇ ਬੁਰਅਿਾਈ॥ ਨਾਤਾ ਧੋਤਾ ਥਾਇ ਨ ਪਾਈ॥ ਮ: 1-951)। ਸਪਸ਼ਟ ਹੈ ਕਿ ਮਨ ਦੀ ਸੁਧਾਈ ਦੀ ਹੀ ਮਹੱਤਾ ਹੈ, ਕਿਸੇ ਬਾਹਰਲੀ ਦਿੱਖ ਦੀ ਨਹੀ।

(2) ਅਗਰ ਬਾਹਰਲਾ ਪਹਿਰਾਵਾ ਤੇ ਦਿੱਖ ਤਾਂ ਪੂਰੀ ਹੈ, ਪਰ ਗੈਰ ਪਹਿਰਾਵੇ ਤੇ ਦਿੱਖ ਵਾਲੇ ਨੂੰ ਪਤਿਤ ਤੇ ਨਿਗੁਰਾ ਕਹਿ ਕੇ ਨਫਰਤ ਤੇ ਘਿਰਨਾ ਦੀ ਨਜ਼ਰ ਨਾਲ ਵੇਖਣ ਵਾਲੇ ਨੂੰ ਵੀ ਕੀ ਸਿੱਖ ਹੀ ਮੰਨਿਆ ਜਾ ਸਕਦਾ ਹੈ? ਇਹਨਾ ਗੁਰ ਫੁਰਮਾਨਾਂ ਦਾ ਫੇਰ ਕੀ ਹੋਵੇਗਾ? ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ (ਮ: 5-671)। ਕਿਸੇ ਬਾਹਰਲੀ ਦਿੱਖ ਦੇ ਕਾਰਨ ਕਿਸੇ ਨੂੰ ਸਿੱਖੀ ਚੋਂ ਛੇਕਣਾ ਕਿਤੇ ਗੁਰੂ ਦੀ ਵਿਰੋਧਤਾ ਤਾਂ ਨਹੀ? ਸਿੱਖੀ ਨੂੰ ਬਾਹਰਲੀ ਦਿੱਖ ਤੇ ਆਧਾਰਤ ਕਰਨਾ ਕਿਤੇ ਗੁਰ ਸਿਖਿਆ ਤੋਂ ਉਲਟ ਜਾਣਾ ਤਾਂ ਨਹੀ? ਅਜ ਪਹਿਰਾਵਾ ਜਾਂ ਦਿੱਖ ਹੀ ਆਪਸ ਵਿੱਚ ਵਿਰੋਧਤਾ ਦਾ ਕਾਰਨ ਬਣ ਬੈਠਾ ਹੈ। ਬਾਹਰੋਂ ਪੂਰੀ ਦਿੱਖ ਤੇ ਪਹਿਰਾਵੇ ਵਾਲੇ ਹੀ ਗੁਰੂ ਵਿਰੋਧੀ ਕਰਮ ਕਰੀ ਜਾ ਰਹੇ ਹਨ।

(3) ਅਗਰ ਬਾਹਰੋਂ ਪੂਰੀ ਦਿੱਖ ਵਾਲੇ ਵੀ (ਅਗਿਆਨਤਾ ਕਾਰਨ) ਉਹੀ ਰੀਤਾਂ ਰਸਮਾਂ ਤੇ ਕਰਮ ਕਾਂਡ ਕਰੀ ਕਰਾਈ ਜਾਂਦੇ ਹਨ ਜਿਨ੍ਹਾਂ ਤੋਂ ਗੁਰੂ ਵਰਜਦਾ ਹੈ, ਕੀ ਉਹਨਾਂ ਨੂੰ ਵੀ ਗੁਰਸਿੱਖ ਹੀ ਮੰਨਿਆ ਜਾਵੇ? ਗੁਰੂ ਹੁਕਮ ਤਾਂ ਇਹ ਹੈ:- ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ॥ ਬਿਰਥਾ ਜਨਮੁ ਗਵਾਇਆ॥ (ਕਬੀਰ ਜੀਓ: 793)। ਜਿਸ ਗਿਆਨ ਨੇ ਕਰਮ ਕਾਂਡਾਂ ਤੋਂ ਮੁਕਤ ਕਰਨਾ ਸੀ ਉਸਨੂੰ ਰਟਿਆ ਵੀ ਜਾ ਰਿਹਾ ਹੈ ਤੇ ਕਰਮ ਕਾਂਡ ਵੀ ਕੀਤੇ ਜਾ ਰਹੇ ਹਨ। ਕੀ ਐਸਾ ਕਰਨ ਕਰਾਉਣ ਵਾਲੇ ਵੀ ਗੁਰਸਿੱਖ ਹਨ? ਅਨਿਕ ਕਰਮ ਕੀਏ ਬਹੁਤੇਰੇ॥ ਜੋ ਕੀਜੈ ਸੋ ਬੰਧਨੁ ਪੈਰੇ॥ ਕੁਰੁਤਾ ਬੀਜੁ ਬੀਜੈ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ॥ (ਮ: 5-1075)।

ਐਸੇ ਹੋਰ ਵੀ ਕਈ ਪ੍ਰਸ਼ਨ ਉਠਦੇ ਹਨ। ਪਰ ਇਸ ਤੋਂ ਉਲਟ ਅਗਰ ਕੋਈ ਗੈਰ ਪਾਹੁਲਧਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨ ਕੇ, ਉਹਦੀ ਸਿਖਿਆ ਤੇ ਚਲ ਕੇ ਸ਼ੁਭ ਅਮਲਾਂ ਲਈ ਯਤਨਸ਼ੀਲ ਹੈ, ਤਾਂ ਕੀ ਉਹ ਸਿੱਖ ਕਹਾਉਣ ਦਾ ਅਧਿਕਾਰੀ ਨਹੀ? ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਉਹਨਾ ਨੂੰ ਗੁਰੂ ਮੰਨਣ ਵਾਲੇ ਕੀ ਸਭ ਪਾਹੁਲਧਾਰੀ ਸਨ? ਜੋ ਪਾਹੁਲਧਾਰੀ ਨਹੀ ਸਨ ਕੀ ਗੁਰੂ ਉਹਨਾ ਨੂੰ ਹੁਕਮਨਾਮੇ ਰਾਹੀਂ ਸਿੱਖੀ ਤੋਂ ਛੇਕ ਦਿੰਦਾ ਸੀ? ਉਹਨਾ ਤੋਂ ਆਪਣੀਆਂ ਸੇਵਾਵਾਂ ਦਾ ਹੱਕ ਖੋ ਲੈਂਦਾ ਸੀ? ਕੀ ਗੁਰੂ ਵੀ ਪੱਖਪਾਤੀ ਹੋ ਸਕਦਾ ਹੈ (ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ॥ 589)? ਧਰਮ ਆਗੂਆਂ ਦੀ ਥੋਪੀ ਹੋਈ ਸਿੱਖ ਦੀ ਮੌਜੂਦਾ ਪ੍ਰੀਭਾਸ਼ਾ ਪੱਖਪਾਤੀ ਤੇ ਗੁਰਮਤਿ ਵਿਰੋਧੀ ਹੈ ਤੇ ਸਿੱਖੀ ਭਾਈਚਾਰੇ ਵਿੱਚ ਦਰਾੜਾਂ ਪਾਉਣ ਦੀ ਜ਼ੁਮੇਵਾਰ ਹੈ। ਪੜ੍ਹਿਆ ਸੁਣਿਆ ਤਾਂ ਇਹ ਹੈ ਕਿ ਗੁਰੂ ਦੇ ਸਿੱਖਾਂ ਦੇ ਸ਼ੁਭ ਕਰਮ, ਸਹਿਨਸ਼ੀਲਤਾ, ਹਮਦਰਦੀ, ਬਹਾਦਰੀ, ਨਿਡਰਤਾ, ਨਿਰਵੈਰਤਾ, ਪਿਆਰ, ਸਤਿਕਾਰ ਤੇ ਗੁਰਗਿਆਨ ਭਰਪੂਰ ਪੱਕੇ ਇਰਾਦਿਆਂ ਨੂੰ ਵੇਖ ਕੇ ਲੋਕ ਅਕਸਰ ਪੁਛਦੇ ਸਨ ਕਿ ਭਾਈ ਤੂੰ ਗੁਰੂ ਦਾ ਸਿੱਖ ਤਾਂ ਨਹੀ? ਜ਼ਾਹਰ ਹੈ ਕਿ ਬਾਹਰਲੀ ਦਿੱਖ ਦੀ ਨਹੀ ਸ਼ੁਭ ਅਮਲਾਂ ਦੀ ਹੀ ਮਹਾਨਤਾ ਸੀ। ਅਜ ਦਿੱਖ ਤਾਂ ਪੂਰੀ ਹੈ ਪਰ ਸ਼ੁਭ ਅਮਲ ਅਲੋਪ ਹੋ ਗਏ ਹਨ। ਸ਼ੁਭ ਅਮਲਾਂ ਬਿਨਾ ਦਿੱਖ ਕਿਸ ਕੰਮ? ਸ਼ੁਭ ਅਮਲਾਂ (ਗੁਣਾਂ) ਵਾਲਾ, ਕਿਸੇ ਵੀ ਦਿੱਖ ਵਿੱਚ ਹੁੰਦਿਆਂ, ਗੁਰੂ ਦਾ ਸਿੱਖ ਹੀ ਹੋਵੇਗਾ। ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ॥ ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੁਰਿ॥ (ਮ: 3-27)। ਜੋ ਗੁਣ ਸੰਗ੍ਰਹੈ ਤਿਨ ਬਲਿਹਾਰੇ ਜਾਉ॥ ਦਰਿ ਸਾਚੈ ਸਾਚੇ ਗੁਣ ਗਾਉ॥ (ਮ: 3-361)। ਬਿਨ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ॥ (ਮ: 1-20)। ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥ (ਫਰੀਦ 1383)। ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ॥ ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ॥ ਮ: 1-1238. ਗੁਰਬਾਣੀ ਬਾਹਰਲੀ ਦਿੱਖ ਨੂੰ ਛਡ ਕੇ ਅੰਦਰੂਨੀ ਗੁਣਾਂ, (ਸ਼ੁਭ ਅਮਲਾਂ) ਤੇ ਜ਼ੋਰ ਇਸ ਲਈ ਦਿੰਦੀ ਹੈ ਕਿਉਂਕਿ ਇਸ ਨਾਲ ਆਪਸ ਵਿੱਚ ਵੈਰ ਵਿਰੋਧਤਾ ਮਿਟ ਸਕਦੀ ਹੈ, ਗੁਰਸਿੱਖੀ ਵਿੱਚ ਪਿਆਰ, ਸਤਿਕਾਰ, ਏਕਤਾ ਤੇ ਭਾਈਚਾਰਾ ਵਧ ਫੁਲ ਸਕਦਾ ਹੈ। ਗੁਰੂ ਤਾਂ ਸਮੂਹ ਲੁਕਾਈ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥ (ਮ: 5-611)। ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਕਬੀਰ 1349)। ਐਸੇ ਗੁਰਬਚਨਾ ਦੇ ਹੁੰਦਿਆਂ, ਬਾਹਰਲੀ ਦਿੱਖ ਦੇ ਆਧਾਰ ਤੇ ਵੰਡੀਆਂ ਪਾਉਣੀਆਂ ਕਿਤੇ ਗੁਰੂ ਵਿਰੋਧਤਾ ਤਾਂ ਨਹੀ? ਨਦਰੀ ਆਵੈ ਤਿਸੁ ਸਿਉ ਮੋਹੁ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ॥ (ਮ: 5-801)। ਬਾਹਰਲੀ ਦਿੱਖ, ਬਿਨਾ ਸ਼ੱਕ, ਨਜ਼ਰ ਆਉਣ ਵਾਲੀ ਵਸਤੂ ਹੈ। ਨਜ਼ਰ ਆਉਣ ਵਾਲੀ ਵਸਤੂ ਦਾ ਮੋਹ ਪਰਮਾਤਮਾ (ਜਾਂ ਗੁਰੂ) ਨਾਲ ਸਾਂਝ ਨਹੀ ਪੈਣ ਦੇਵੇਗਾ। ਗੁਰੂ ਨਾਲ ਸਾਂਝ ਪੈਣ ਬਿਨਾ ਅਸਲੀ ਸਿੱਖੀ ਕਿਵੇਂ ਪੈਦਾ ਹੋ ਸਕਦੀ ਹੈ? ? ?

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.

(ਸੰਪਾਦਕੀ ਟਿੱਪਣੀ:- ਗੁਰਬਾਣੀ ਬਾਹਰਲੀ ਦਿੱਖ ਨੂੰ ਨਹੀਂ ਬਾਹਰਲੇ ਭੇਖ ਨੂੰ ਮਾਣਤਾ ਨਹੀਂ ਦਿੰਦੀ। ਭੇਖ ਉਹ ਹੁੰਦਾ ਹੈ ਜੋ ਕਿ ਕਿਸੇ ਖਾਸ ਲਿਬਾਸ ਨੂੰ ਪਹਿਨ ਕੇ ਜਾਂ ਖਾਸ ਸ਼ਕਲ ਬਣਾ ਕੇ ਆਪਣੇ ਆਪ ਨੂੰ ਧਰਮੀ ਅਤੇ ਰੱਬ ਦੇ ਨੇੜੇ ਹੋਣ ਦਾ ਭਰਮ ਪਾਲਦਾ ਹੈ। ਜਿਵੇਂ ਕਿ ਕੋਈ ਟਿੰਡ ਘੜਾ ਕੇ ਜਾਂ ਲੰਮੀਆਂ ਜਟਾਂ ਵਧਾ ਕੇ ਕੋਈ ਲੰਮੇ ਚੋਲੇ ਵਾਲਾ ਖਾਸ ਲਿਬਾਸ ਪਹਿਨ ਲਵੇ ਅਤੇ ਜਾਂ ਫਿਰ ਲੰਮਾ ਚੋਲਾ ਪਾ ਕੇ, ਲੱਤਾਂ ਨੱਗੀਆਂ ਰੱਖ ਕੇ, ਗੱਲ ਪੱਗ ਬੰਨ ਕੇ, ਦੋ ਤਿੰਨ ਮਾਲਾ ਗਲ੍ਹਾਂ ਵਿੱਚ ਅਤੇ ਦੋ ਤਿੰਨ ਬਹਾਂ ਵਿੱਚ ਪਾਈ ਫਿਰੇ। ਕੁਦਰਤੀਂ ਕੇਸਾਂ ਦੀ ਸੰਭਾਲ ਕਰਨਾ ਭੇਖ ਨਹੀਂ ਸਗੋਂ “ਹੁਕਮਿ ਰਜਾਈ ਚਲਣਾ, ਨਾਨਕ, ਲਿਖਿਆ ਨਾਲਿ।।” ਤੇ ਅਮਲ ਕਰਨਾ ਹੈ, ਕਿਉਂਕਿ, “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਿਹਾ ਜਾਈ॥” ਦੇ ਅਨੁਸਾਰ ਸਾਰੇ ਜੀਵਾਂ ਦੇ ਅਕਾਰ ਉਸ ਦੇ ਹੁਕਮ ਅਨੁਸਾਰ ਹੀ ਹੋਂਦ ਵਿੱਚ ਆਉਂਦੇ ਹਨ। ਇੱਕ ਪਾਸੇ ਅਕਾਲ ਪੁਰਖ ਨੂੰ ਮੰਨਣਾ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਉਸ ਨਾਲੋਂ ਜ਼ਿਆਦਾ ਸਿਆਣਾ ਸਮਝਣਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਹਾਂ, ਕੇਸਾਂ ਤੋਂ ਬਿਨਾ ਬਾਕੀ ਕਕਾਰ ਇੱਕ ਫੌਜੀ ਵਰਦੀ ਦਾ ਹਿੱਸਾ ਹਨ ਅਤੇ ਇਹਨਾ ਦਾ ਅਧਿਆਤਮਕਤਾ ਨਾਲ ਕੋਈ ਸੰਬੰਧ ਨਹੀਂ ਹੈ। ਪਰ ਅਫਸੋਸ ਕਿ ਬਹੁਤੇ ਸਿੱਖ ਤਾਂ ਇਹ ਹੀ ਸੋਚਦੇ ਹਨ ਕਿ ਇਹ ਕਿਰਪਾਨ ਤੇ ਕਛਿਹਰਾ ਸਰੀਰ ਤੋਂ ਵੱਖ ਨਾ ਹੋ ਜਾਣ ਪਰ ਗੁਰਬਾਣੀ ਦੀ ਕਿਸੇ ਪੰਗਤੀ ਤੇ ਅਮਲ ਹੋਵੇ ਤੇ ਭਾਵੇਂ ਨਾ। ਪਰ ਇਸ ਦੇ ਉਲਟ ਕਈ ਐਸੇ ਹਨ ਜੋ ਕਿ ਸਾਰਾ ਕੁੱਝ ਤਿਆਗ ਕੇ ਕੇਵਲ ਮਨ ਦੀ ਸਿੱਖੀ ਦੀ ਗੱਲ ਹੀ ਕਰਦੇ ਹਨ। ਸਾਡੇ ਖਿਆਲ ਮੁਤਾਬਕ ਇਹ ਦੋਨੋਂ ਹੀ ਗਲਤ ਹਨ)




.