.

ਗੁਰੂ ਗ੍ਰੰਥ ਸਾਹਿਬ ਵਿੱਚ ਨਸ਼ਿਆਂ ਦਾ ਸੰਕਲਪ

ਨਸ਼ੇ ਮਨੁੱਖ ਦੇ ਬਲ ਬੁੱਧ ਨੂੰ ਨਾਸ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੇ ਸਰੀਰਕ ਅਤੇ ਆਤਮਕ ਰੋਗਾਂ ਦੇ ਜਨਮ ਦਾਤੇ ਵੀ ਹਨ। ਇਨ੍ਹਾਂ ਨਸ਼ਿਆਂ ਦਾ ਸੇਵਨ ਕਰਨ ਵਾਲਾ ਵਿਅਕਤੀ ਕੇਵਲ ਆਪਣਾ ਹੀ ਨਹੀਂ ਸਗੋਂ ਆਪਣੇ ਪਰਵਾਰ ਅਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਨਸ਼ਿਆਂ ਦੇ ਮਾਰੂ ਅਸਰ ਤੋਂ ਸੁਚੇਤ ਕਰਕੇ ਇਨ੍ਹਾਂ ਦਾ ਤਿਆਗ ਕਰਨ ਦੀ ਪ੍ਰੇਰਨਾ ਦਿੱਤੀ ਹੈ। ਗੁਰਬਾਣੀ ਦੀ ਰੌਸ਼ਨੀ ਵਿੱਚ ਹੀ ਰਹਿਤ ਮਰਯਾਦਾ ਵਿੱਚ ਇਹ ਹਿਦਾਇਤ ਕੀਤੀ ਗਈ ਹੈ ਕਿ, “ਸਿੱਖ ਭੰਗ, ਅਫ਼ੀਮ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਕੇਵਲ ਪ੍ਰਸ਼ਾਦੇ ਦਾ ਹੀ ਰੱਖੇ।” ਆਤਮਕ ਤਲ `ਤੇ ਜਿਉਂਣ ਲਈ ਇਨ੍ਹਾਂ ਨਸ਼ਿਆਂ ਦਾ ਤਿਆਗ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਨਸ਼ਿਆਂ ਨੂੰ ਹਰੇਕ ਤਰ੍ਹਾਂ ਦੇ ਨੁਕਸਾਨ ਪਹੁਚਾਉਣ ਵਾਲੇ ਮੰਨਿਆ ਗਿਆ ਹੈ, ਉਨ੍ਹਾਂ ਵਿਚੋਂ ਕੁੱਝ ਕੁ ਦਾ ਵਰਣਨ ਕਰ ਰਹੇ ਹਾਂ।
(ੳ) ਸ਼ਰਾਬ/ਸੁਰਾ: ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554) ਅਰਥ: ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਹ ਵਿੱਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚਲੇ ਨਹੀਂ ਪੀਣਾ ਚਾਹੀਦਾ।
(ਅ) ਦੁਰਮਤਿ/ਖੋਟੀ ਮੱਤ ਰੂਪ ਸ਼ਰਾਬ: ਦੁਰਮਤਿ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਾਬ ਕਿਹਾ ਗਿਆ ਹੈ। ਇਸ ਸ਼ਰਾਬ ਦੀ ਵਰਤੋਂ ਕਰਨ ਵਾਲੇ ਪ੍ਰਾਣੀ (ਭਾਵ, ਖੋਟੀ ਮੱਤ ਦੇ ਧਾਰਨੀ) ਦੁਰਾਚਾਰੀ ਹੋ ਜਾਂਦੇ ਹਨ: ਦੁਰਮਤਿ ਮਦ ਜੋ ਪੀਵਤੇ ਬਿਖਲੀ ਪਤਿ ਕਮਲੀ॥ (ਪੰਨਾ 399) ਅਰਥ: (ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ।
(ੲ) ਕਾਮ ਰੂਪੀ ਸ਼ਰਾਬ: ਇਹ ਵੀ ਇੱਕ ਅਜਿਹਾ ਮਾਰੂ ਨਸ਼ਾ ਹੈ ਜੇਹੜਾ ਮਨੁੱਖ ਅੰਦਰੋਂ ਮਨੁੱਖਤਾ ਨੂੰ ਮਾਰ ਮੁਕਾਉਣ ਦਾ ਕਾਰਨ ਬਣਦਾ ਹੈ। ਇਸ ਦੇ ਭਿਆਨਕ ਰੂਪ ਦਾ ਵਰਣਨ ਕਰਦਿਆਂ ਗੁਰਦੇਵ ਫ਼ਰਮਾਉਂਦੇ ਹਨ: ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ (ਪੰਨਾ 553) ਅਰਥ: ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ, ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ, ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ।
ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਸਾਹਿਬ ਇਸ ਨਸ਼ੇ ਵਲੋਂ ਆਪਣੇ ਸ਼ਰਧਾਲੂਆਂ ਦਾ ਜੋ ਹਸ਼ਰ ਕੀਤਾ ਜਾਂਦਾ ਹੈ, ਉਸ ਦਾ ਜ਼ਿਕਰ ਕਰਦਿਆਂ ਇਸ ਨਸ਼ੇ ਨੂੰ ਸੰਬੋਧਨ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ: ਜੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ਯੰ ਜਪ ਤਪ ਸੀਲ ਬਿਦਾਰਣਹ ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥ (ਪੰਨਾ 1358) ਅਰਥ:- ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਕੇ) ਨਰਕ ਵਿੱਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿੱਚ ਭਟਕਾਣ ਵਾਲਾ ਹੈਂ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ। ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸ਼ੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ। ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿੱਚ ਤੂੰ ਪਹੁੰਚ ਜਾਂਦਾ ਹੈਂ।
(ਸ) ਕ੍ਰੋਧ ਰੂਪੀ ਸ਼ਰਾਬ: ਇਹ ਭਿਆਨਕ ਨਸ਼ਾ ਮਨੁੱਖ ਅੰਦਰੋਂ ਦਇਆ ਆਦਿ ਵਾਲੇ ਭਾਵ ਨੂੰ ਜੜੋਂ ਉਖਾੜ ਕੇ ਪਰ੍ਹਾਂ ਸੁੱਟ ਦੇਂਦਾ ਹੈ। ਹਜ਼ੂਰ ਇਸ ਨਸ਼ੇ ਨੂੰ ਮੁਖ਼ਾਤਬ ਕਰਦਿਆਂ ਇਸ ਦੀ ਫਿਤਰਤ ਦੀ ਚਰਚਾ ਕਰਦਿਆਂ ਇੰਜ ਕਹਿੰਦੇ ਹਨ: ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥ ਬਿਖਯੰਤ ਜੀਵੰ ਵਸ੍ਯ੍ਯੰ ਕਰੋਤਿ ਨਿਰਤ੍ਯ੍ਯੰ ਕਰੋਤਿ ਜਥਾ ਮਰਕਟਹ ॥ ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ॥ ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਯ੍ਯਾ ਕਰੋਤਿ ॥ (ਪੰਨਾ 1358) ਅਰਥ:- ਹੇ ਝਗੜੇ ਦੇ ਮੁੱਢ ਕ੍ਰੋਧ! (ਤੇਰੇ ਅੰਦਰ) ਕਦੇ ਦਇਆ ਨਹੀਂ ਉਪਜਦੀ। ਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈਂ। ਤੇਰੇ ਵੱਸ ਵਿੱਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ। ਤੇਰੀ ਸੰਗਤ ਵਿੱਚ ਜੀਵ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦੇਂਦੇ ਹਨ।
ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰੱਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ)।
ਅਖੌਤੀ ਉੱਚ ਜਾਤੀਏ ਕੱਿਥਤ ਨੀਵੀਂ ਜਾਤ ਵਾਲਿਆਂ ਦਾ ਪਰਛਾਵਾਂ ਵੀ ਆਪਣੇ ਉੱਤੇ ਨਹੀਂ ਸੀ ਪੈਣ ਦੇਂਦੇ ਪਰੰਤੂ ਗੁਰਬਾਣੀ ਉਨ੍ਹਾਂ ਮਨੁੱਖਾਂ ਤੋਂ ਪ੍ਰੇਹਜ਼ ਕਰਨ ਦੀ ਤਾਕੀਦ ਕਰਦੀ ਹੈ ਜਿਨ੍ਹਾਂ ਨੇ ਕ੍ਰੋਧ ਰੂਪੀ ਸ਼ਰਾਬ ਪੀਤੀ ਹੋਈ ਹੈ: ਓਨਾ ਪਾਸਿ ਦੁਆਸਿ ਨ ਭਿਟੀਐ ਜਿਨਾ ਅੰਤਰਿ ਕ੍ਰੋਧੁ ਚੰਡਾਲ॥ (ਪੰਨਾ 40) ਅਰਥ: (ਹੇ ਭਾਈ! ਨਾਮ ਤੋਂ ਸੱਖਣੇ) ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ ਉਹਨਾਂ ਦੇ ਕਦੇ ਨੇੜੇ ਨਹੀਂ ਢੁੱਕਣਾ ਚਾਹੀਦਾ।
(ਹ) ਅਹੰਕਾਰ ਰੂਪੀ ਸ਼ਰਾਬ: ਇਹ ਨਸ਼ਾ ਵੀ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦੇਂਦਾ; ਮਨੁੱਖੀ ਪਦਵੀ ਤੋਂ ਹੇਠਾਂ ਡੇਗ ਦੇਂਦਾ ਹੈ: ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਅਰਥ: ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ, ਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ। ਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ) ।
ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਨ ਵਾਲੇ ਇਸ ਨਸ਼ੇ ਦੇ ਸਬੰਧ ਵਿੱਚ ਸਤਿਗੁਰੂ ਫ਼ਰਮਾਉਂਦੇ ਹਨ: ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥ ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ ॥ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥ ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥ (ਪੰਨਾ 1358)
ਅਰਥ:- ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ। ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤ੍ਰਾਂ ਦਾ ਤਿਆਗ ਕਰਾ ਕੇ ਵੈਰੀ ਪੱਕੇ ਕਰਾਈ ਜਾਂਦਾ ਹੈਂ। (ਤੇਰੇ ਵੱਸ ਵਿੱਚ ਹੋ ਕੇ) ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਥੱਕ ਜਾਂਦੇ ਹਨ, ਅਨੇਕਾਂ ਦੁੱਖ ਸੁਖ ਭੋਗਦੇ ਹਨ, ਭਟਕਣਾ ਵਿੱਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ ਹਨ, ਅਤੇ ਬੜੇ ਭਿਆਨਕ ਲਾ-ਇਲਾਜ ਰੋਗਾਂ ਵਿੱਚ ਫਸੇ ਹੋਏ ਹਨ।
(ਕ) ਮਾਇਆ ਦੇ ਮੋਹ ਨਸ਼ਾ: ਇਹ ਵੀ ਇੱਕ ਅਜਿਹਾ ਨਸ਼ਾ ਹੈ ਜਿਸ ਦੇ ਪ੍ਰਭਾਵ `ਚ ਮਨੁੱਖ ਦੈਵੀ ਗੁਣਾਂ ਨੂੰ ਤਿਲਾਂਜਲੀ ਦੇ ਦੇਂਦਾ ਹੈ: ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ॥ (ਪੰਨਾ 925) ਅਰਥ: ਮੂਰਖ ਜੀਵ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਹੇ ਭਾਈ! ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ।
(ਖ) ਜੋਬਨੁ ਧਨੁ ਪ੍ਰਭਤਾ ਦਾ ਨਸ਼ਾ: ਇਨ੍ਹਾਂ ਦਾ ਨਸ਼ਾ ਇਨਸਾਨ ਨੂੰ ਇਨਸਾਨੀਅਤ ਤੋਂ ਹੇਠਾਂ ਡੇਗਣ ਦਾ ਕਾਰਨ ਬਣ ਜਾਂਦਾ ਹੈ: ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ॥ (ਪੰਨਾ 685) ਅਰਥ: ਜਵਾਨੀ, ਧਨ, ਤਾਕਤ ਦੇ ਨਸ਼ੇ ਵਿੱਚ ਜਗਤ ਦਿਨ ਝੱਲਾ ਹੋਇਆ ਰਹਿੰਦਾ ਹੈ।
ਇਨ੍ਹਾਂ ਨਸ਼ਿਆਂ ਵਿੱਚ ਚੂਰ ਹੋ ਕੇ ਮਨੁੱਖ ਆਪਣਾ ਹੋਸ਼–ਹਵਾਸ ਗਵਾ ਬੈਠਦਾ ਹੈ। ਚੂੰਕਿ ਸਚਿਆਰ ਬਣਨ ਲਈ ਇਸ ਤਰ੍ਹਾਂ ਦੇ ਹਰੇਕ ਨਸ਼ੇ ਨੂੰ ਤਿਆਗਨਾ ਜ਼ਰੂਰੀ ਹੈ, ਇਸ ਲਈ ਬਾਣੀ ਵਿੱਚ ਮਨੁੱਖ ਨੂੰ ਇਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕੀਤੀ ਗਈ ਹੈ।
ਆਮ ਤੌਰ `ਤੇ ਸ਼ਰਾਬ ਅਫੀਮ ਆਦਿ ਦੇ ਸੇਵਨ ਕਰਨ ਵਾਲੇ ਨੂੰ ਹੀ ਨਸ਼ਈ ਆਖਿਆ ਜਾਂਦਾ ਹੈ। ਗੁਰਬਾਣੀ ਵਿੱਚ ਵਰਣਨ ਉਪਰੋਕਤ ਨਸ਼ਿਆਂ ਤੋਂ ਪ੍ਰੇਹਜ਼ ਕਰਨ ਦੀ ਅਸੀਂ ਘੱਟ ਹੀ ਚਰਚਾ ਕਰਦੇ ਹਾਂ। ਸਿੱਟੇ ਵਜੋਂ ਇਨ੍ਹਾਂ ਨਸ਼ਿਆਂ ਦਾ ਸੇਵਨ ਕਰਨ ਵਾਲੇ, ਇਨ੍ਹਾਂ ਨਸ਼ਿਆਂ ਦੇ ਲੋਰ ਵਿੱਚ ਦਿਨ-ਦਿਹਾੜੇ ਹੀ ਦਨਦਨਾਉਂਦੇ ਹੋਏ ਹਰੇਕ ਖੇਤਰ ਵਿੱਚ ਮਨੁੱਖਤਾ ਦਾ ਘਾਣ ਕਰ ਰਹੇ ਹਨ। ਇਨ੍ਹਾਂ ਨਸ਼ਈਆਂ ਲਈ ਅਸੀਂ ਕਿਸੇ ਤਰ੍ਹਾਂ ਦੇ ਕੋਈ ਬੰਧੇਜ ਆਦਿ ਕਾਇਮ ਨਹੀਂ ਕਰ ਸਕੇ। ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਜਿੱਨਾ ਨੁਕਸਾਨ ਪਰਵਾਰ, ਕੌਮ, ਦੇਸ਼, ਮਨੁੱਖਤਾ ਦਾ, ਇਨ੍ਹਾਂ ਨਸ਼ਿਆਂ ਦੇ ਪਿਆਕੜਾਂ ਨੇ ਕੀਤਾ ਹੈ ਉਤਨਾ ਸ਼ਰਾਬੀਆਂ ਨੇ ਨਹੀਂ। ਸ਼ਰਾਬੀਆਂ ਨੇ ਤਾਂ ਆਪਣਾ ਆਤਮਕ ਨੁਕਸਾਨ ਕਰਨ ਦੇ ਨਾਲ ਆਪਣੀ ਸਿਹਤ, ਪੈਸਾ, ਪਰਵਾਰ ਜਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਆਦਿ ਚਲਾਉਂਦਿਆਂ ਜਾਂ ਲੜਾਈ ਝਗੜਾ ਕਰਦਿਆਂ ਆਪਣੀ ਜਾਂ ਦੂਜਿਆਂ ਦੀ ਜਾਨ ਲਈ/ਗਵਾਈ ਹੋਵੇਗੀ ਪਰ ਇਨ੍ਹਾਂ ਨਸ਼ਈਆਂ ਨੇ ਤਾਂ ਹਰ ਖੇਤਰ, ਰਾਜਨੀਤਕ, ਸਮਾਜਕ ਅਤੇ ਧਾਰਮਿਕ ਵਿੱਚ ਮਨੁੱਖਤਾ ਦਾ ਘਾਣ ਕੀਤਾ ਹੈ ਅਤੇ ਕਰ ਰਹੇ ਹਨ। ਦੁਨੀਆਂ ਦੇ ਇਤਿਹਾਸ ਵਲ ਨਜ਼ਰ ਮਾਰਿਆਂ ਇਨ੍ਹਾਂ ਨਸ਼ਈਆਂ ਦੀ ਬਦੌਲਤ ਹੋਏ ਨੁਕਸਾਨ ਦਾ ਸਹਜੇ ਹੀ ਜਾਇਜ਼ਾ ਲਿਆ ਜਾ ਸਕਦਾ ਹੈ। ਸ਼ਰਾਬ ਆਦਿ ਦਾ ਨਸ਼ਾ ਤਾਂ ਥੋਹੜੇ ਸਮੇਂ ਬਾਅਦ ਉਤਰ ਜਾਂਦਾ ਹੈ ਪਰ ਇਨ੍ਹਾਂ ਦਾ ਨਸ਼ਾ ਕਰਨ ਵਾਲਿਆਂ ਦਾ ਨਸ਼ਾਂ ਤਾਂ ਥੋਹੜੀ ਕੀਤਿਆਂ ਕਦੀ ਵੀ ਨਹੀਂ ਉਤਰਦਾ; ਦਿਨ ਰਾਤ ਇਸ ਦੇ ਨਸ਼ੇ ਵਿੱਚ ਹੀ ਚੂਰ ਰਹਿੰਦੇ ਹਨ।
ਉਪਰੋਕਤ ਸਰੀਰਕ ਅਤੇ ਆਤਮਕ ਆਦਿ ਨੁਕਸਾਨ ਕਰਨ ਵਾਲੀ ਸ਼ਰਾਬ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਇੱਕ ਹੋਰ ਸ਼ਰਾਬ ਦਾ ਵਰਣਨ ਕੀਤਾ ਗਿਆ ਹੈ। ਇਹ ਸ਼ਰਾਬ ਕਿਸੇ ਤਰ੍ਹਾਂ ਦਾ ਨੁਕਸਾਨ ਕਰਨ ਵਾਲੀ ਨਹੀਂ ਸਗੋਂ ਮਨੁੱਖ ਨੂੰ ਸਹੀ ਅਰਥਾਂ ਵਿੱਚ ਮਨੁੱਖ ਬਣਾਉਣ ਵਾਲੀ ਹੈ। ਇਹ ਮਨੁੱਖ ਦੇ ਹੋਸ਼-ਹਵਾਸ ਗਵਾਉਣ ਵਾਲੀ ਨਹੀਂ ਬਲਕਿ ਇਸ ਨੂੰ ਹੋਸ਼-ਹਵਾਸ ਵਿੱਚ ਜਿਊਂਣ ਦਾ ਬਲ ਬਖ਼ਸ਼ਣ ਵਾਲੀ ਹੈ। ਇਸ ਦੀ ਖ਼ੁਮਾਰੀ ਕੁੱਝ ਘੰਟੇ ਹੀ ਨਹੀਂ ਸਗੋਂ ਦਿਨ ਰਾਤ ਹੀ ਚੜ੍ਹੀ ਰਹਿੰਦੀ ਹੈ। ਇਹ ਮੈ/ਸ਼ਰਾਬ ਹੈ ਨਾਮ ਦੀ, ਆਪਣੇ ਆਪ ਨੂੰ ਪਛਾਣਨ ਦੀ। ਇਹ ਨਸ਼ਾ ਇਨਸਾਨ ਨੂੰ ਸਹੀ ਅਰਥਾਂ ਵਿੱਚ ਇਨਸਾਨ ਬਣਾਉਂਦਾ ਹੈ; ਇਸ ਨਸ਼ੇ ਦਾ ਸੇਵਨ ਕਰਨ ਵਾਲਾ ਆਪ ਵੀ ਆਤਮਕ ਅਨੰਦ ਮਾਣਦਾ ਹੈ ਅਤੇ ਦੂਜਿਆਂ ਦਾ ਜੀਵਨ ਸੁਖੀ ਬਣਾਉਣ ਲਈ ਆਪਣ ਯੋਗਦਾਨ ਪਾਉਂਦਾ ਹੈ। ਇਸ ਨਸ਼ੇ ਵਿੱਚ ਮਖ਼ਮੂਰ ਪ੍ਰਾਣੀਆਂ ਨੂੰ ਭਾਵੇਂ ਆਰਿਆਂ ਨਾਲ ਚੀਰਿਆ ਗਿਆ, ਦੇਗਾਂ ਵਿੱਚ ਉਬਾਲਿਆ ਗਿਆ, ਬੰਦ ਬੰਦ ਕਟਿਆ ਗਿਆ, ਚਰਖੜੀਆਂ `ਤੇ ਚਾੜਿਆ ਗਿਆ, ਖੋਪਰੀਆਂ ਲਾਹੀਆਂ ਗਈਆਂ, ਇਹੋ ਜੇਹੇ ਅਨੇਕਾਂ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ ਪਰੰਤੂ ਉਨ੍ਹਾਂ ਦਾ ਇਹ ਨਸ਼ਾ ਨਹੀਂ ਲੱਥਾ; ਉਨ੍ਹਾਂ ਨੇ ਮਨੁੱਖਤਾ ਤੋਂ ਮੂੰਹ ਨਹੀਂ ਮੋੜਿਆ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨਸ਼ੇ ਦਾ ਰੂਪ ਅਤੇ ਤਿਆਰ ਕਰਨ ਦੀ ਵਿਧੀ ਸੰਖੇਪ ਵਿੱਚ ਹੇਠ ਲਿਖੇ ਅਨੁਸਾਰ ਹੈ।
(ੳ) ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥ (ਪੰਨਾ 553) ਅਰਥ: ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ। ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ- (ਇਹ ਸਾਰੀ) ਖ਼ੁਰਾਕ ਬਣਾ; ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।੧।
(ਅ) ਇਸ ਆਪਾ ਰੂਪੀ ਸ਼ਰਾਬ ਦੇ ਸੇਵਨ ਨਾਲ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਸਕੀਦਾ ਹੈ: ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ (ਪੰਨਾ 553) ਅਰਥ: (ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਤੇ ਉਸ ਦੀ ਧਾਰ (ਭਾਵ, ਜਿਸ ਦੀ ਧਾਰ) ਅਮਰ ਕਰਨ ਵਾਲੀ ਹੋਵੇ, ਸਤਸੰਗਤਿ ਨਾਲ ਮੇਲ ਹੋਵੇ (ਭਾਵ, ਮਜਲਸ ਸਤਸੰਗਤਿ ਹੋਵੇ), ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਕਟੋਰੀ ਹੋਵੇ, (ਤਾਂ ਹੀ ਮਨੁੱਖ) (ਇਸ ਸ਼ਰਾਬ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਕਰਦੇ ਹਨ।
ਇਸ ਮੈ ਬਾਰੇ ਹਜ਼ੂਰ ਕਹਿੰਦੇ ਹਨ ਕਿ ਇਹ ਪ੍ਰਭੂ ਦੀ ਮੇਹਰ ਸਦਕਾ ਹੀ ਪ੍ਰਾਪਤ ਕਰ ਸਕੀਦੀ ਹੈ। ਜਿਸ ਨੂੰ ਇਹ ਹਾਸਲ ਹੋ ਜਾਵੇ ਉਹ ਹਮੇਸ਼ਾਂ ਹੀ ਅਕਾਲ ਪੁਰਖ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ, ਇਹ ਮਸਤੀ ਕਦੀ ਲਹਿੰਦੀ ਨਹੀਂ ਹੈ। ਇਸ ਰਸ ਨੂੰ ਪੀਣ ਵਾਲੇ ਹੀ ਸੱਚੇ ਅਮਲੀ ਹਨ: ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥ ਅਰਥ: ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿੱਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ।
ਇਹ ਨਸ਼ਾ ਪ੍ਰਭੂ ਕਿਰਪਾ, ਭਾਵ ਗੁਰਬਾਣੀ ਅਨੁਸਾਰ ਆਪਣੇ ਆਚਰਣ ਨੂੰ ਢਾਲਣ ਨਾਲ ਮਨੁੱਖ ਨੂੰ ਮਿਲਦਾ ਹੈ: ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥ ਅਰਥ: ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ 'ਨਾਮ'-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ, ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ।
ਜਸਬੀਰ ਸਿੰਘ ਵੈਨਕੂਵਰ




.