.

ਸਹਜਧਾਰੀ ਸ਼ਬਦ ਦੀ ਵਿਆਖਿਆ ਦਾ ਮਸਲਾ

(ਇਹ ਲੇਖ ਸ. ਇੰਦਰ ਜੀਤ ਸਿੰਘ ਕਾਨਪੁਰ ਜੀ ਦੇ ਉਸ ਪੱਤਰ ਅਤੇ ਲੇਖ ਦੇ ਜੁਆਬ ਵਿੱਚ ਹੈ ਜੋ ਇਸ ਲੇਖਕ ਦੇ ਸਿਖਮਾਰਗ ਤੇ ਛਪੇ ਲੇਖ਼ “ਸਹਜਧਾਰੀ” ਸ਼ਬਦ ਦੀ ਉਤਪਤੀ ਅਤੇ ਇਸ ਦੀ ਵਰਤੋਂ ਦਾ ਮਸਲਾ ਦੇ ਪ੍ਰਤੀਕਰਮ ਵਜੋਂ ਖਾਲਸਾਨਿਊਜ਼ ਵੈਬਸਾਈਟ ਉਤੇ ਕ੍ਰਮਵਾਰ ਸਤੰਬਰ 1 ਅਤੇ ਸਤੰਬਰ 2 ਨੂੰ ਛਪੇ ਹਨ। ---- ਲੇਖਕ)

ਇਸ ਲੇਖਕ ਦਾ ਮੰਤਵ ਭਾਈ ਕਾਹਨ ਸਿੰਘ ਨਾਭਾ ਦੀ ਵਿਦਵਤਾ ਤੇ ਕਿੰਤੂ ਕਰਨਾ ਹਰਗਿਜ਼ ਨਹੀਂ। ਕਿਸੇ ਵਿਦਵਾਨ ਦੇ ਕਿਸੇ ਮੱਤ ਨਾਲ ਸਹਿਮਤ ਨਾਂ ਹੋਣਾ ਜਾਂ ਉਸ ਦੀ ਪਹੁੰਚ ਦੇ ਕਿਸੇ ਵਿਸ਼ੇਸ਼ ਪਹਿਲੂ ਨੂੰ ਉਜਾਗਰ ਕਰ ਦੇਣਾ ਉਸ ਦੀ ਵਿਦਵਤਾ ਤੇ ਕਿੰਤੂ ਕਰਨਾ ਨਹੀਂ ਹੁੰਦਾ। ਇਹ ਉਸ ਵੱਲੋਂ ਕੀਤੇ ਕੰਮ ਨੂੰ ਅੱਗੇ ਵੱਲ ਤੋਰਨਾ ਹੁੰਦਾ ਹੈ। ਸ਼ੋਧ-ਕਾਰਜ ਦੀ ਇਹੋ ਵਿਧੀ ਹੈ। ਭਾਈ ਕਾਹਨ ਸਿੰਘ ਨਾਭਾ ਦਾ ਸਿੱਖ ਧਰਮ, ਸਿੱਖ ਇਤਹਾਸ ਅਤੇ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਕੀਤਾ ਗਿਆ ਖੋਜ-ਕਾਰਜ ਲਾਸਾਨੀ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪ੍ਰੰਤੂ ਇਹ ਮੰਨ ਲੈਣਾ ਕਿ ਕਦੀ ਉਸ ਦੀ ਕਿਸੇ ਲੱਭਤ, ਧਾਰਨਾ ਜਾਂ ਵਿਆਖਿਆ ਨਾਲ ਅਸਹਿਮਤ ਹੀ ਨਹੀਂ ਹੋਇਆ ਜਾ ਸਕਦਾ, ਤਰਕਸੰਗਤ ਧਾਰਨਾ ਨਹੀਂ। ਖੋਜ-ਕਾਰਜ ਨੇ ਸਦਾ ਅੱਗੇ ਵੱਲ ਵਧਣਾ ਹੁੰਦਾ ਹੈ।

ਸਮੇਂ-ਸਮੇਂ ਤੇ ਸਿੱਖ ਕੌਮ ਵਿੱਚ ਭਿੰਨ-ਭਿੰਨ ਵਰਗ ਹੋਂਦ ਵਿੱਚ ਆਉਂਦੇ ਗਏ ਹਨ ਜੋ ਹੇਠ ਦਿੱਤੇ ਅਨੁਸਾਰ ਹਨ:

ੳ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਰੂਪ ਦੇ ਕੇ ਖਾਲਸਾ ਬਣਾਇਆ ਸੀ। ਖਾਲਸਾ ਰੂਪ ਵਿੱਚ ਸਾਰੇ ਸਿੱਖ ਅੰਮ੍ਰਿਤਧਾਰੀ ਹੀ ਹੋਇਆ ਕਰਦੇ ਸਨ।

ਅ. ਇਸ ਦੇ ਸਮਾਨਅੰਤਰ ਹਿੰਦੂ ਵਰਗ ਵਿੱਚੋਂ ਕੁੱਝ ਲੋਕ ਅਜਿਹੇ ਸਨ ਜੋ ਸਿੱਖ ਗੁਰੂਆਂ ਪ੍ਰਤੀ ਸਤਿਕਾਰ ਰਖਦੇ ਸਨ, ਸਿੱਖ ਗੁਰੂਆਂ ਦੀਆਂ ਸਿਖਿਆਵਾਂ ਤੇ ਅਮਲ ਕਰਦੇ ਸਨ ਅਤੇ ਸ੍ਰੀ ਗ੍ਰੰਥ ਸਾਹਿਬ ਨੂੰ ਆਪਣੀ ਇਕੋ-ਇਕ ਧਾਰਮਿਕ ਪੁਸਤਕ ਮੰਨਦੇ ਸਨ ਪਰੰਤੂ ਉਹ ਕੇਸ ਨਹੀਂ ਰੱਖਦੇ ਸਨ ਅਤੇ ਗ੍ਰੰਥ ਸਾਹਿਬ ਨੂੰ ਗੁਰੂ ਵੀ ਨਹੀਂ ਮੰਨਦੇ ਸਨ। ਸਿੱਖਾਂ ਵੱਲੋਂ ਅਜਿਹੇ ਹਿੰਦੂ ਵਿਅਕਤੀ ‘ਸਹਜਧਾਰੀ’ ਕਹਿ ਕੇ ਸਤਿਕਾਰੇ ਜਾਂਦੇ ਸਨ। ਇਹ ਸਹਜਧਾਰੀ ਸੱਜਣ ਆਪਣੇ ਆਪ ਨੂੰ ਨਾਨਕ-ਪੰਥੀ ਵੀ ਅਖਵਾਉਂਦੇ ਸਨ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ (ਜਿਲਦ) ਵਿੱਚ ‘ਸਹਿਜਧਾਰੀ ਸਿੱਖ’ ਦੀ ਐਂਟਰੀ ਦੇ ਤਹਿਤ ਲਿਖਦਾ ਹੈ: “ਜਿਹੜੇ ਸੱਜਨ ਕੇਸ ਕੰਘਾ ਆਦਿਕ ਪੰਜ ਕਕੇ ਧਾਰਨ ਨਹੀਂ ਕਰਦੇ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਅਤੇ ਸਿੱਖ ਧਰਮ ਦੀਆਂ ਰੀਤਾਂ, ਅਚਾਰ ਤੇ ਜੀਵਨ ਵਿਧੀ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹਨਾਂ ਨੂੰ ‘ਸਹਿਜਧਾਰੀ’ ਕਿਹਾ ਜਾਂਦਾ ਹੈ।” ਵਣਜਾਰਾ ਬੇਦੀ ਇਸੇ ਐਂਟਰੀ ਥੱਲੇ ਦਿੱਤੀ ਵਿਆਖਿਆ ਵਿੱਚ ਲਿਖਦਾ ਹੈ, “ਸਹਿਜਧਾਰੀ ਦੇ ਟਾਕਰੇ ਉਤੇ ਜਿੰਨਾਂ ਨੇ ਕੇਸ ਰੱਖੇ ਹੋਣ ਉਨਾਂ ਨੂੰ ਕੇਸਧਾਰੀ ਅਤੇ ਜਿਨਾਂ ਨੇ ਅੰਮ੍ਰਿਤ ਛਕਿਆ ਹੋਵੇ ਉਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ।”

ੲ. ਮਿਸਲਾਂ ਦੇ ਸਮੇਂ ਤੋਂ ਜਦੋਂ ਸਿੱਖਾਂ ਨੂੰ ਰਾਜ-ਭਾਗ ਪਰਾਪਤ ਹੋਣਾਂ ਸ਼ੁਰੂ ਹੋ ਗਿਆ ਤਾਂ ਸਿੱਖਾਂ ਵਿੱਚ ਪਤਿਤਪੁਣਾ ਵੀ ਆਉਣ ਲਗ ਪਿਆ ਜੋ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਚਰਮ-ਸੀਮਾਂ ਤੇ ਪਹੁੰਚ ਗਿਆ। ਇਸ ਸਮੇਂ ਤਕ ਸਿੱਖਾਂ ਵਿੱਚ ਇੱਕ ਅਜਿਹਾ ਵਰਗ ਵੀ ਪੈਦਾ ਹੋ ਗਿਆ ਜੋ ਕੇਸਧਾਰੀ ਤਾਂ ਸੀ ਪਰ ਖੰਡ-ਬਾਟੇ ਦੀ ਪਹੁਲ ਨਹੀਂ ਸੀ ਛਕਦਾ। ਉਨ੍ਹੀਵੀਂ ਸਦੀ ਵਿੱਚ ਅੰਗਰੇਜ਼ੀ ਸ਼ਾਸਨ ਸਮੇਂ ਗੈਰ-ਅੰਮ੍ਰਿਤਧਾਰੀ ਸਿੱਖਾਂ ਦੇ ਇਸ ਵਰਗ ਨੂੰ ਉਪਰੋਕਤ ਅ. ਤੇ ਦੱਸੇ ਵਰਗ ਵਾਲਾ ਹੀ ਨਾਮ ਦੇ ਕੇ ‘ਸਹਜਧਾਰੀ ਸਿੱਖ’ ਕਿਹਾ ਜਾਣ ਲੱਗਾ ਪਰੰਤੂ ਇਹ ਵਰਗ ਉਪਰੋਕਤ ਅ. ਤੇ ਦੱਸੇ ਵਰਗ ‘ਸਹਜਧਾਰੀ’ ਤੋਂ ਭਿੰਨ ਸਮਝਿਆ ਜਾਣਾ ਚਾਹੀਦਾ ਹੈ।

ਸ. ਉਪਰੋਕਤ ਤੋਂ ਇਲਾਵਾ ਕਈ ਹੋਰ ਵਰਗ ਜਿਵੇਂ ਨਿਰਮਲੇ, ਉਦਾਸੀ, ਨਾਮਧਾਰੀ, ਨਿਹੰਗ ਆਦਿਕ ਵੀ ਆਪਣੀ ਵੱਖਰੀ ਹੋਂਦ ਜਤਾਉਂਦੇ ਆ ਰਹੇ ਹਨ।

ਹ. ਅਜੋਕੇ ਸਮੇਂ ਵਿੱਚ ਕਈ ਸੰਤਾਂ-ਸਾਧਾਂ ਨੇ ਆਪਣੇ ਵੱਖ-ਵੱਖ ਡੇਰੇ ਸਥਾਪਤ ਕਰਕੇ ਸਿੱਖੀ ਦੇ ਨਾਮ ਥੱਲੇ ਅਤੇ ਸਿੱਖੀ ਦੇ ਸਮਾਨਅੰਤਰ ਆਪਣੇ-ਆਪਣੇ ਸੰਪਰਦਾਇ ਚਲਾਏ ਹੋਏ ਹਨ।

1947 ਵਿੱਚ ਦੇਸ਼ ਅਤੇ ਪੰਜਾਬ ਦੀ ਹੋਈ ਵੰਡ ਦੇ ਕਾਰਨ ਵਾਪਰੀ ਉੱਥਲ-ਪੁੱਥਲ ਕਰਕੇ ਅਤੇ ਇਸ ਪਿੱਛੋਂ ਹਿੰਦੂਵਾਦ ਦੇ ਵਧੇ ਪਰਚਾਰ ਕਾਰਨ ਅ. ਵਾਲਾ ਵਰਗ (ਸਹਜਧਾਰੀ) ਤਾਂ ਬਹੁਤ ਹੀ ਸੁੰਗੜ ਗਿਆ ਹੈ। ਫਿਰ ਵੀ ਟਾਵੇਂ-ਟਾਵੇਂ ਸਹਜਧਾਰੀ ਹਾਲੇ ਵੀ ਮਿਲ ਸਕਦੇ ਹਨ। ਸ. ਅਤੇ ਹ. ਵਾਲੇ ਤਕਰੀਬਨ ਸਾਰੇ ਸੰਪਰਦਾਇ ਸਿੱਖੀ ਦੇ ਵਿਰੋਧ ਵਿੱਚ ਕੰਮ ਕਰਦੇ ਹਨ ਅਤੇ ਉਹ ਬੇ ਰੋਕ-ਟੋਕ ਆਪਣਾ ਕਾਰਜ ਨਿਭਾਈ ਜਾ ਰਹੇ ਹਨ। ਸਿੱਖਾਂ ਲਈ ਹੁਣ ੳ. ਅਤੇ ੲ. ਵਾਲੇ ਦੋ ਵਰਗ ਹੀ ਮਹੱਤਵ ਰਖਦੇ ਹਨ, ਭਾਵ ਅੰਮ੍ਰਿਤਧਾਰੀ ਅਤੇ ਗੈਰ-ਅੰਮ੍ਰਿਤਧਾਰੀ। ਇਹਨਾਂ ਤੋਂ ਇਲਾਵਾ ਇੱਕ ਹੋਰ ਵਿਸ਼ੇਸ਼ ਵਰਗ ਵੀ ਪੈਦਾ ਹੋ ਗਿਆ ਹੈ ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜੋ ਸਿੱਖ ਪਰਿਵਾਰਾਂ ਦੀ ਸੰਤਾਨ ਹਨ ਪਰੰਤੂ ਕੇਸ ਕਟਵਾਈ ਫਿਰਦੇ ਹਨ। ਅਜ-ਕਲ ਦੇਸ਼-ਵਿਦੇਸ਼ ਵਿੱਚ ਇਸ ਵਰਗ ਦੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਇਹ ਲੋਕ ਵੀ ਆਪਣੇ ਆਪ ਨੂੰ ‘ਸਹਜਧਾਰੀ ਸਿੱਖ’ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਕਿਸਮ ਦੇ ਲੋਕਾਂ ਨੇ ਆਪਣੀ ਇੱਕ ਸੰਸਥਾ ਵੀ ਬਣਾਈ ਹੋਈ ਹੈ ਜਿਸ ਦਾ ਨਾਮ ਸਹਜਧਾਰੀ ਸਿੱਖ ਸ਼ਭਾ ਹੈ ਅਤੇ ਇਸ ਦਾ ਪਰਧਾਨ ਡਾ. ਪਰਮਜੀਤ ਸਿੰਘ ਰਾਣੂ ਹੈ।

ਕਿਉਂਕਿ ਇੰਦਰ ਜੀਤ ਸਿੰਘ ਕਾਨਪੁਰ ਜੀ ਨੇ ਭਾਈ ਕਾਹਨ ਸਿੰਘ ਨਾਭਾ ਵੱਲੋਂ ‘ਮਹਾਨ-ਕੋਸ਼’ ਵਿੱਚ ਦਿੱਤੀ ‘ਸਹਜਧਾਰੀ’ ਸ਼ਬਦ ਦੀ ਵਿਆਖਿਆ ਨੂੰ ਮੁੱਖ ਮੁੱਦਾ ਬਣਾਇਆ ਹੈ, ਇਥੇ ਭਾਈ ਨਾਭਾ ਵੱਲੋਂ ਦਿੱਤੀ ਗਈ ਵਿਆਖਿਆ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋ ਜਾਂਦਾ ਹੈ। ਪਹਿਲੀ ਗੱਲ ਜੋ ਧਿਆਨ ਦੇਣ ਵਾਲੀ ਹੈ ‘ਮਹਾਨ-ਕੋਸ਼’ ਵਿੱਚ ਐਂਟਰੀ ‘ਸਹਿਜਧਾਰੀ ‘ਸ਼ਬਦ ਥੱਲੇ ਹੈ। ਦੂਸਰਾ, ਇਸ ਸ਼ਬਦ ਦੀ ਵਿਆਖਿਆ ਦੇ ਤਿੰਨ ਹਿੱਸੇ ਜੋ ਟਿੱਪਣੀਆਂ ਸਮੇਤ ਹੇਠਾਂ ਦਿੱਤੇ ਜਾ ਰਹੇ ਹਨ:

1. ਵਿਸ਼ੇਸ਼ਣ: ਸ਼ਹਜ (ਗਯਾਨ) ਧਾਰਣ ਕਰਨ ਵਾਲਾ, ਵਿਦਵਾਨ।

ਟਿੱਪਣੀ: ਇਹ ਸ਼ਬਦ-ਕੋਸ਼ੀ ਅਰਥ ਹੈ। ਚੱਲ ਰਹੇ ਵਿਵਾਦ ਸਬੰਧੀ ਇਸ ਬਾਰੇ ਕੋਈ ਗੱਲ ਨਹੀਂ ਹੋ ਸਕਦੀ।

2. ਵਿਸ਼ੇਸ਼ਣ-ਸੁਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ।

ਟਿੱਪਣੀ: ਇਹ ਵਿਆਖਿਆ ਵੀ ਸ਼ਬਦ-ਕੋਸ਼ੀ ਅਰਥ ਹੀ ਸਮਝੀ ਜਾਣੀ ਚਾਹੀਦੀ ਹੈ ਭਾਵੇਂ ਕਿ ਇੰਜ ਵੀ ਭਾਸਦਾ ਹੈ ਕਿ ਇਹ ੲ. ਵਰਗ ਨੂੰ ਸਾਹਮਣੇ ਰੱਖ ਕੇ ਕੀਤੀ ਗਈ ਹੋੇ।

3. ਸੰਗਯਾ-ਸਿੱਖਾਂ ਦਾ ਇੱਕ ਅੰਗ, ਜੋ ਖੰਡੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਣ ਦੀ ਰਹਿਤ ਨਹੀਂ ਰਖਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਅਪਣਾ ਹੋਰ ਧਰਮਸੂਚਕ ਨਹੀਂ ਮੰਨਦਾ।

ਟਿੱਪਣੀ: ਇਥੇ ‘ਸਹਜਧਾਰੀ’ ਸਬਦ ਸੰਗਯਾ ਦੇ ਤੌਰ ਤੇ ਵਰਤਿਆ ਗਿਆ ਹੈ ਅਤੇ ਇਸ ਦੇ ਨਾਲ ‘ਸਿੱਖ’ ਸ਼ਬਦ ਨਹੀਂ ਵਰਤਿਆ ਗਿਆ। ਇਸ ਤਰ੍ਹਾਂ ਇਹ ਵਿਆਖਿਆ ‘ਸਹਜਧਾਰੀ’ ਦੀ ਹੈ, ‘ਸਹਜਧਾਰੀ ਸਿੱਖ’ ਦੀ ਨਹੀਂ। ਇਥੇ ‘ਸਹਜਧਾਰੀ’ ਨੂੰ ਇੱਕ ਵਰਗ ਦੇ ਤੌਰ ਤੇ ਦਰਸਾਇਆ ਗਿਆ ਹੈ ਜਦੋਂ ਕਿ 1. ਅਤੇ 2. ਵਿੱਚ ‘ਸਹਜਧਾਰੀ’ ਨੂੰ ਇੱਕ ਵਿਅਕਤੀ ਦੇ ਤੌਰ ਤੇ ਦਰਸਾਇਆ ਗਿਆ ਹੈ। ਇਸ ਤੋਂ ਅੱਗੇ ‘ਸਹਜਧਾਰੀ’ ਨੂੰ ‘ਸਿੱਖਾਂ ਦਾ ਇੱਕ ਅੰਗ’ ਵਜੋਂ ਬਿਆਨਿਆ ਗਿਆ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਥੇ ਇੱਕ ਵਿਸ਼ੇਸ਼ ਵਰਗ ਦੀ ਗੱਲ ਹੋ ਰਹੀ ਹੈ ਜੋ ਨਿਸਚੇ ਹੀ ਅ. ਵਾਲਾ ਹੀ ਹੈ ਅਤੇ ਇਸ ਨੂੰ ਸਿੱਖ ਭਾਈਚਾਰੇ ਦੇ ਹਿੱਸੇ ਵਜੋਂ ਵੀ ਦਰਸਾਇਆ ਜਾ ਰਿਹਾ ਹੈ।

ਵਿਆਖਿਆ ਵਿੱਚ ‘ਧਰਮਸੂਚਕ’ ਸ਼ਬਦ ਦੀ ਵਰਤੋਂ ਅਸਪਸ਼ਟਤਾ ਦਾ ਅੰਸ਼ ਪੈਦਾ ਕਰਦੀ ਹੈ। ਸਿੱਖ ਭਾਵੇਂ ਅੰਮ੍ਰਿਤਧਾਰੀ ਹੋਵੇ ਭਾਵੇਂ ਗੈਰ-ਅੰਮ੍ਰਿਤਧਾਰੀ, ਉਸ ਲਈ ਸ੍ਰੀ ਗ੍ਰੰਥ ਸਾਹਿਬ ਕੇਵਲ ਧਰਮਸੂਚਕ ਨਹੀਂ। ਸੂਚਕ ਦਾ ਅਰਥ ਹੁੰਦਾ ਹੈ ‘ਚਿੰਨ’। ਸਿੱਖਾਂ ਲਈ ਸ੍ਰੀ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦਾ ਸੰਦੇਸ਼ ਸ਼ਬਦ-ਗੁਰੂ ਦਾ ਰੁਤਬਾ ਰੱਖਦਾ ਹੈ। ਇਸ ਲਈ ਸਿੱਖਾਂ ਲਈ ਸ੍ਰੀ ਗ੍ਰੰਥ ਸਾਹਿਬ ਕੇਵਲ ਇੱਕ ‘ਧਰਮਸੂਚਕ’ ਕਰਕੇ ਨਹੀਂ ਦਰਸਾਇਆ ਜਾ ਸਕਦਾ। ਸ੍ਰੀ ਗ੍ਰੰਥ ਸਾਹਿਬ ਕੇਵਲ ਅ. ਵਰਗ ਦੇ ਲੋਕਾਂ ਲਈ ਹੀ ਇੱਕ ‘ਧਰਮਸੂਚਕ’ ਹੈ ਕਿਉਂਕਿ ਉਹ ਸ਼ਬਦ-ਗੁਰੂ ਦੇ ਸੰਕਲਪ ਨੂੰ ਨਹੀਂ ਮੰਨਦੇ ਅਤੇ ਸ੍ਰੀ ਗ੍ਰੰਥ ਸਾਹਿਬ ਨੂੰ ਇੱਕ ਧਾਰਮਿਕ ਪੁਸਤਕ ਵਜੋਂ ਹੀ ਸਤਿਕਾਰ ਦਿੰਦੇ ਹਨ।

ਹੇਠਾਂ ਫੁਟ-ਨੋਟ ਵਿੱਚ ਇਹ ਲਿਖਿਆ ਗਿਆ ਹੈ ਕਿ “ਪੰਜਾਬ ਅਤੇ ਸਿੰਧ ਵਿੱਚ ਸਹਿਜਧਾਰੀ ਬਹੁਤ ਗਿਣਤੀ ਵਿੱਚ ਹਨ। ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਅਤੇ ਬੁਧੀਵਾਨ ਹਨ, …। “ਜ਼ਾਹਰ ਹੈ ਕਿ ਇਥੇ ਅ. (ਸਹਜਧਾਰੀ) ਵਰਗ ਦੇ ਲੋਕਾਂ ਦੀ ਗੱਲ ਹੋ ਰਹੀ ਹੈ। ਫੁਟ-ਨੋਟ ਵਿੱਚ ‘ਸਹਜਧਾਰੀਆਂ’ ਨੂੰ ਨਫਰਤ ਨਾ ਕੀਤੇ ਜਾਣ ਦੀ ਨਸੀਹਤ ਵੀ ਇਸੇ ਵਰਗ ਦੇ ਸੰਦਰਭ ਵਿੱਚ ਕੀਤੀ ਗਈ ਹੈ।

ਭਾਈ ਨਾਭਾ ਵੱਲੋਂ ਦਿੱਤੀ ਹੋਈ ‘ਸਹਜਧਾਰੀ’ ਦੀ ਪ੍ਰੀਭਾਸ਼ਾ ਦੀ ਕਮੀ ਇਹ ਹੈ ਕਿ ਇਸ ਵਿੱਚ ਸਿੱਖਾਂ ਦੇ ਉਪਰੋਕਤ ਅ. ਅਤੇ ੲ. ਵਾਲੇ ਦੋ ਵਰਗਾਂ ਵਿੱਚ ਸਪਸ਼ਟ ਅੰਤਰ ਜ਼ਾਹਰ ਨਹੀਂ ਕੀਤਾ ਗਿਆ, ਸਗੋਂ ਦੋਵਾਂ ਨੂੰ ਰਲ-ਗੱਢ ਕੀਤਾ ਗਿਆ ਹੈ ਅਤੇ ਕੇਸ ਰੱਖਣ ਜਾਂ ਨਾਂ ਰੱਖਣ ਬਾਰੇ ਇਹ ਵਿਆਖਿਆ ਚੁੱਪ ਹੀ ਨਹੀਂ ਸਗੋਂ ਅਸਪਸ਼ਟ ਵੀ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ਕੇਸ ਰੱਖਣ ਜਾਂ ਨਾ ਰੱਖਣ ਬਾਰੇ ਸਾਫ ਗੱਲ ਕੀਤੀ ਹੈ। ਉਪਰੋਕਤ ਸਾਰੇ ਕੁੱਝ ਤੋਂ ਜ਼ਾਹਰ ਹੈ ਕਿ ਭਾਈ ਕਾਹਨ ਸਿੰਘ ਨਾਭਾ ਵੱਲੋਂ ਦਿੱਤੀ ਵਿਆਖਿਆ ਦੇ ਮੁਕਾਬਲੇ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਵੱਲੋਂ ਦਿੱਤੀ ਵਿਆਖਿਆ ਵਧੇਰੇ ਸਪਸ਼ਟ ਹੈ ਭਾਵੇਂ ਕਿ ਉਸ ਨੇ ਵੀ ਅ. ਵਾਲੇ ‘ਸਹਜਧਾਰੀ’ ਵਰਗ ਨੂੰ ਸਿੱਖ ਭਾਈਚਾਰੇ ਦਾ ਹਿੱਸਾ ਹੀ ਕਰਾਰ ਦਿੱਤਾ ਹੈ ਜੋ ਕਿ ਇਤਰਾਜ਼ਯੋਗ ਹੈ।

ਇੰਦਰ ਜੀਤ ਸਿੰਘ ਕਾਨਪੁਰ ਜੀ ਭਾਈ ਕਾਹਨ ਸਿੰਘ ਨਾਭਾ ਵੱਲੋਂ ਵਰਤੀ ਸੰਗਯਾ ‘ਸਹਜਧਾਰੀ’ ਨੂੰ ਆਪਣੇ ਤੌਰ ਤੇ ਹੀ ਵਿਸ਼ੇਸ਼ਣ ‘ਸਹਜਧਾਰੀ’ ਵਿੱਚ ਬਦਲ ਕੇ ‘ਸਿੱਖ’ ਨਾਲ ਜੋੜਨਾਂ ਚਾਹੁੰਦੇ ਹਨ ਜੋ ਤਰਕਸੰਗਤ ਨਹੀਂ। ਵਿਚਾਰ-ਅਧੀਨ ਸੰਦਰਭ ਵਿੱਚ ਸੰਗਯਾ ‘ਸਹਜਧਾਰੀ’ ਦਾ ਅਰਥ ਹੈ ‘ਵਿਚਾਰਵਾਨ ਅਤੇ ਗਿਆਨਵਾਨ ਲੋਕ’ ਅਤੇ ਨਿਸਚੇ ਹੀ ਇਹ ਅ. ਵਾਲੇ ਵਰਗ ਵੱਲ ਸੰਕੇਤ ਹੈ। ਵਿਸ਼ੇਸ਼ਣ ‘ਸਹਜਧਾਰੀ’ ਨਾਲ ‘ਸਿੱਖ’ ਲਗਾ ਕੇ ‘ਸਹਜਧਾਰੀ ਸਿੱਖ’ ਦੀ ‘ਮਹਾਨ-ਕੋਸ਼’ ਵਿੱਚ ਕੋਈ ਐਂਟਰੀ ਸ਼ਾਮਲ ਨਹੀਂ ਕੀਤੀ ਗਈ। ਇਸ ਸਥਿਤੀ ਵਿੱਚ ਵਿਆਕਰਣ ਅਤੇ ਕੋਸ਼ਕਾਰੀ ਦੇ ਤਕਨੀਕੀ ਪਹਿਲੂ ਸਮਝਣ ਦੀ ਲੋੜ ਹੈ। ਦੂਸਰੇ ਪਾਸੇ ਜੇਕਰ ਕਾਨਪੁਰ ਜੀ ਦੀ ਗੱਲ ਮੰਨ ਕੇ ਇਹ ਸੋਚ ਵੀ ਲਿਆ ਜਾਵੇ ਕਿ ਭਾਈ ਨਾਭਾ ਨੇ ਵਿਆਖਿਆ ਦੇ ਭਾਗ 3. ਵਿੱਚ ਕੇਵਲ ੲ. ਵਰਗ ਦੀ ਹੀ ਗੱਲ ਕੀਤੀ ਹੈ ਤਾਂ ਭਾਈ ਨਾਭਾ ਦੀ ਅ. ਵਰਗ ਬਾਰੇ ਧਾਰਨਾ ਕਿਥੇ ਵਿਅਕਤ ਕੀਤੀ ਹੋਈ ਮਿਲਦੀ ਹੈ ਕਿਉਂਕਿ ਅ. ਵਰਗ ਦਾ ਮੌਜੂਦ ਹੋਣਾ ਵੀ ਇੱਕ ਇਤਹਾਸਕ ਸਚਾਈ ਹੈ। ਜੇਕਰ ਉਹ ਇਸ ਬਾਰੇ ਚੁੱਪ ਹੈ ਤਾਂ ਕਿਉਂ।

‘ਮਹਾਨ-ਕੋਸ਼’ ਵਿੱਚ ਭਾਈ ਕਾਹਨ ਸਿੰਘ ਨਾਭਾ ਸਦਾ ਇਸ ਨੀਤੀ ਤੇ ਚਲਿੱਆ ਹੈ ਕਿ ਵਿਵਾਦ ਦਾ ਸਾਹਮਣਾ ਨਾ ਕੀਤਾ ਜਾਏ। ਉਦਾਹਰਣ ਦੇ ਤੌਰ ਤੇ ‘ਮਹਾਨ-ਕੋਸ਼’ ਵਿੱਚ ‘ਰਾਗਮਾਲਾ’ ਸ਼ਬਦ ਦੀ ਐਂਟਰੀ ਦੀ ਵਿਆਖਿਆ ਕਰਨ ਵੇਲੇ ਉਹ ਇਹ ਤਾਂ ਦੱਸਦਾ ਹੈ ਕਿ ਇਹ ਆਲਮ ਕਵਿ ਦੀ ਰਚਨਾ ‘ਮਾਧਵਾਨਲ ਸੰਗੀਤ’ ਦੇ ਛੰਦ 63 ਤੋਂ ਛੰਦ 72 ਦਾ ਹਿੰਦੀ ਅਨੁਵਾਦ ਹੈ ਪਰੰਤੂ ਉਹ ਇਹ ਸਪਸ਼ਟ ਨਹੀਂ ਕਰਦਾ ਕਿ ਰਾਗਮਾਲਾ ਸ੍ਰੀ ਗ੍ਰੰਥ ਸਾਹਿਬ ਦਾ ਹਿੱਸਾ ਬਣਦੀ ਹੈ ਕਿ ਨਹੀਂ। ‘ਮਹਾਨ-ਕੋਸ਼’ ਵਿੱਚ ‘ਗ੍ਰੰਥ ਸਾਹਿਬ ਸ੍ਰੀ ਗੁਰੂ’ ਐਂਟਰੀ ਹੇਠ ਤਿੰਨ ਪਰਮੁਖ ਬੀੜਾਂ ਦਾ ਵੇਰਵਾ ਦਿੰਦਾ ਹੈ ਪਰੰਤੂ ਰਾਗਮਾਲਾ ਬਾਰੇ ਉਹ ਚੁੱਪ ਹੈ ਭਾਵੇਂ ਕਿ ਉਸ ਦੇ ਸਮੇਂ (1917-18 ਵਿਚ) ਰਾਗਮਾਲਾ ਬਾਰੇ ਵਿਵਾਦ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਅਤੇ ਉਹ ਆਪ ਵੀ ਇਸ ਵਿੱਚ ਹਿੱਸਾ ਲੈ ਰਿਹਾ ਸੀ। ਭਾਈ ਗੁਰਦਾਸ ਵਾਲੀ ਬੀੜ ਬਾਰੇ ਉਹ ਕਹਿੰਦਾ ਹੈ ਕਿ ਇਹ ਹੁਣ ਕਰਤਾਰਪੁਰ ਵਿੱਚ ਹੈ। ਕਰਤਾਰਪੁਰੀ ਬੀੜ ਬਾਰੇ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਵਿੱਚ ਵਾਧੂ ਸ਼ਬਦਾਂ ਅਤੇ ਹੋਰ ਲਿਖਤਾਂ ਸਮੇਤ ਰਾਗਮਾਲਾ ਵੀ ਸ਼ਾਮਲ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਈ ਬੀੜ ਵਿੱਚ ਮੌਜੂਦ ਨਹੀਂ ਸਨ। ਇਸ ਸਬੰਧੀ ਦਸਤਾਵੇਜ਼ੀ ਸਬੂਤ ਭਾਈ ਨਾਭਾ ਦਾ ਆਪਣਾ ਪੱਤਰ ਹੈ ਜੋ ਕਿ ਅਖਬਾਰ ‘ਖਾਲਸਾ ਸਮਾਚਾਰ’ ਦੇ 23. 01. 1918 ਅੰਕ ਵਿੱਚ ਛਪਿਆ ਹੋਇਆ ਹੈ ਅਤੇ ਇਸ ਪੱਤਰ ਵਿੱਚ ਉਸ ਨੇ ਕਰਤਾਰਪੁਰੀ ਬੀੜ ਵਿੱਚ ਮੌਜੂਦ ਰਾਗਮਾਲਾ ਸਮੇਤ ਸਾਰੀਆਂ ਫਾਲਤੂ ਬਾਣੀਆਂ ਅਤੇ ਲਿਖਤਾਂ ਦਾ ਜ਼ਿਕਰ ਕਰਦੇ ਹੋਏ ਨਿਰਨਾ ਦਿੱਤਾ ਹੈ ਕਿ “ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ 973ਵੇਂ ਪਤ੍ਰੇ ਪੁਰ ‘ਮੁੰਦਾਵਣੀ’ ਹੈ, ਅਰ 974ਵਾਂ ਪਤ੍ਰਾ (ਜਿਸ ਪੁਰ ਅੰਗ 974 ਮੌਜੂਦ ਹੈ) ਕੋਰਾ ਪਿਆ ਹੈ। ਏਸ ਤੋਂ ਸਾਫ ਪਾਯਾ ਜਾਂਦਾ ਹੈ ਕਿ ਗੁਰੂ ਬਾਬੇ ਦੇ ਸਾਰੇ ਪਤ੍ਰੇ 974 ਦੀ ਗਿਣਤੀ ਤੋਂ ਬਾਹਰ ਜੋ ਕੁੱਝ ਹੈ ਓਹ ਗੁਰੂ ਬਾਬੇ ਦਾ ਅੰਗ ਨਹੀਂ। “(ਹਵਾਲਾ: ਪਿਆਰ ਸਿੰਘ ਰਚਿਤ ‘ਗਾਥਾ ਸ੍ਰੀ ਆਦਿ ਗ੍ਰੰਥ’, ਪੰਨਾ 507)। ਫਿਰ ਉਹ ‘ਮਹਾਨ-ਕੋਸ਼’ ਵਿੱਚ ਬੀੜਾਂ ਦਾ ਵੇਰਵਾ ਦੇਣ ਵੇਲੇ ਰਾਗਮਾਲਾ ਦੇ ਸ੍ਰੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਜਾਂ ਨਾਂ ਸ਼ਾਮਲ ਹੋਣ ਬਾਰੇ ਚੁੱਪ ਕਿਉਂ ਹੈ। ਉਸ ਨੇ ਕਰਤਾਰਪੁਰੀ ਬੀੜ ਚੰਗੀ ਤਰ੍ਹਾਂ ਵੇਖੀ ਪਰਸੀ ਹੋਈ ਹੈ ਅਤੇ ਇਸ ਦੀਆਂ ਕੁੱਝ ਖਾਮੀਆਂ ਦਾ ਜ਼ਿਕਰ ਉਸ ਨੇ ‘ਮਹਾਨ-ਕੋਸ਼’ ਵਿੱਚ ਕੀਤਾ ਵੀ ਹੈ, ਫਿਰ ਉਹ ਇਸ ਦੇ ਨਕਲੀ ਹੋਣ ਬਾਰੇ ਚੁੱਪ ਕਿਉਂ ਹੈ। ‘ਮਹਾਨ ਕੋਸ਼’ ਵਿੱਚ ਇਸ ਤਰ੍ਹਾਂ ਦੀਆਂ ਰੋਲਘਚੋਲਾ ਪੈਦਾ ਕਰਨ ਵਾਲੀਆਂ ਹੋਰ ਵੀ ਕਈ ਉਦਾਹਰਣਾਂ ਹਨ ਪਰੰਤੂ ਇਸ ਵਿਸਥਾਰ ਵਿੱਚ ਜਾਣ ਨਾਲ ਚਲ ਰਹੀ ਵਿਚਾਰ-ਚਰਚਾ ਤੋਂ ਲਾਂਭੇ ਹੋ ਜਾਣ ਦਾ ਡਰ ਹੈ। ਵਿਵਾਦ ਵਾਲੇ ਮੁੱਦੇ ਤੇ ਨਿਰਨਾਇਕ ਵਿਆਖਿਆ ਦੇਣ ਤੋਂ ਡਰਨ ਦੀ ਪ੍ਰੀਵਿਰਤੀ ਕਰ ਕੇ ਹੀ ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ-ਕੋਸ਼’ ਵਿੱਚ ਦਿੱਤੀ ‘ਸਹਜਧਾਰੀ’ ਦੀ ਵਿਆਖਿਆ ਵਿੱਚ ਪੂਰੀ ਸਪਸ਼ਟਤਾ ਨਹੀਂ ਲਿਆਂਦੀ।

ਸਿੱਖਾਂ ਵਲੋਂ, ਅਤੇ ਖਾਸ ਕਰਕੇ ਸਿੱਖ ਵਿਦਵਾਨਾਂ ਵੱਲੋਂ ਸੱਚ ਨੂੰ ਨਾਂ ਮੰਨਣਾਂ ਅਤੇ ਸੱਚ ਨੂੰ ਸਪਸ਼ਟ ਕਰਕੇ ਪੇਸ਼ ਨਾ ਕਰਨ ਦੀ ਸਥਿਤੀ ਵਿੱਚੋਂ ਹੀ ਸਿੱਖ ਕੌਮ ਦੀਆਂ ਸਾਰੀਆਂ ਸਮਸਿਆਵਾਂ ਉਪਜਦੀਆਂ ਹਨ। ਇੰਦਰ ਜੀਤ ਸਿੰਘ ਕਾਨਪੁਰ ਜੀ ਨੇ ਆਪਣੇ ਲੇਖ ਵਿੱਚ ਜੋ ਵੀ ਸਿੱਟੇ (1. ਤੋਂ 4. ਤਕ) ਕੱਢੇ ਹਨ ਉਹ ਅ. ਵਰਗ ਦੇ ਲੋਕਾਂ ਦੀ ਹੋਂਦ ਨੂੰ ਮੂਲੋਂ ਹੀ ਅੱਖੋਂ ਪਰੋਖੇ ਕਰ ਕੇ ਕੱਢੇ ਹਨ ਜੋ ਕਿ ਇਤਹਾਸ ਨਾਲ ਕੀਤੀ ਗਈ ਇੱਕ ਬੇਇਨਸਾਫੀ ਹੈ। ਸਗੋਂ ਉਹਨਾਂ ਨੇ ਇਸ ਵਰਗ ਦੇ ਲੋਕਾਂ ਨੂੰ ਆਰੀਆ ਸਮਾਜੀ ਕਾਰਕੁਨਾਂ ਅਤੇ ਅਜੋਕੇ ਰਾਸ਼ਟਰੀ ਸਿੱਖ ਸੰਗਤ ਵਰਗੇ ਲੋਕਾਂ ਨਾਲ ਰਲ-ਗੱਢ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਖੁਲ੍ਹੇ ਤੌਰ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇੱਕ ਅੰਗ ਬਨਾਉਣ ਦੀਆਂ ਕਾਰਵਾਈਆਂ ਵਿੱਚ ਸੰਮਿਲਤ ਹਨ। ਪਰੰਤੂ ਅ. ਵਰਗ ਦੇ ਸਹਜਧਾਰੀ ਲੋਕ ਸਿੱਖ ਧਰਮ ਪ੍ਰਤੀ ਦਿਲੋਂ ਸ਼ਰਧਾ ਰਖਦੇ ਆ ਰਹੇ ਹਨ ਅਤੇ ਉਹਨਾਂ ਨੂੰ ਉਪਰੋਕਤ ਦੱਸੀਆਂ ਜਥੇਬੰਦੀਆਂ ਨਾਲ ਜੋੜਨਾਂ ਇਤਹਾਸਕ ਤੱਥਾਂ ਤੋਂ ਮੂੰਹ ਮੋੜਨ ਵਾਲੀ ਗੱਲ ਹੈ। ਉਂਜ ਵਾਲ-ਕਟੇ ਹਿੰਦੂ ਵਰਗ (ਭਾਵੇਂ ਉਹ ਸ੍ਰੀ ਗ੍ਰੰਥ ਸਾਹਿਬ ਦਾ ਅਤੇ ਸਿੱਖ ਧਰਮ ਦਾ ਸੱਚੇ ਮਨੋਂ ਸਤਿਕਾਰ ਵੀ ਕਰਦੇ ਹੋਣ) ਨੂੰ ਸਿੱਖ ਭਾਈਚਾਰੇ ਵਿਚੋਂ ਬਾਹਰ ਰੱਖ ਕੇ ਕਾਨਪੁਰ ਜੀ ਨੇ ਇਸ ਲੇਖਕ ਦੇ ਮੱਤ ਦੀ ਪਰੋੜਤਾ ਹੀ ਕੀਤੀ ਹੈ।

ਭਾਈ ਨਾਭਾ ਵੱਲੋਂ ਸਥਿਤੀ ਸਪਸ਼ਟ ਨਾ ਕਰਨ ਕਰਕੇ ਅਤੇ ਉਸ ਦੇ ਸਮੇਂ ੲ. ਵਰਗ ਵੀ ਹੋਂਦ ਵਿੱਚ ਆ ਚੁੱਕਾ ਹੋਣ ਕਰਕੇ ‘ਸਹਜਧਾਰੀ’ ਸ਼ਬਦ ਸਿੱਖ ਗੁਰਦੁਆਰਾ ਐਕਟ 1925 ਵਿੱਚ ਸ਼ਾਮਲ ਕਰ ਦਿੱਤਾ ਗਿਆ। ਇਸ ਐਕਟ ਵਿੱਚ ‘ਸਹਜਧਾਰੀ’ ਦੀ ਵਿਆਖਿਆ ਉਹੀ ਹੈ ਜੋ ਕਾਨਪੁਰੀ ਜੀ ਨੇ ਦਰਸਾਈ ਹੈ। ਪਰੰਤੂ ਇਸ ਵਿਚੋਂ ਜੋ ਖਤਰਾ ਉਭਰਦਾ ਹੈ ਉਹ ਸਹਜਧਾਰੀ ਸਿੱਖ ਸਭਾ ਦੀ ਉਸ ਮੰਗ ਵਿਚੋਂ ਝਲਕਦਾ ਹੈ ਜਿਸ ਅਨੁਸਾਰ ਉਹ ਉਹਨਾਂ ਗੈਰ-ਕੇਸਧਾਰੀ ਲੋਕਾਂ ਲਈ ਵੀ ‘ਸਹਜਧਾਰੀ’ ਦਾ ਰੁਤਬਾ ਚਾਹੁੰਦੇ ਹਨ ਜੋ ਕਿ ਸਿੱਖ ਪਰਿਵਾਰਾਂ ਦੀ ਔਲਾਦ ਹਨ। ਇਹ ਮੰਗ ਤਰਲੋਚਨ ਸਿੰਘ ਸਾਬਕਾ ਐਮ. ਪੀ. ਵੀ ਕਰ ਚੁੱਕਾ ਹੈ (ਵੇਖੋ, ਪੰਜਾਬੀ ਟ੍ਰਿਬਿਊਨ, ਮਿਤੀ 22 ਜੁਲਾਈ 2010)। ਤਰਕ ਦੇ ਅਧਾਰ ਤੇ ਤਾਂ ਉਹਨਾਂ ਦੀ ਇਹ ਮੰਗ ਜਾਇਜ਼ ਲਗਦੀ ਹੈ ਕਿਉਂਕਿ ਜੇ ਦੋ ਕੱਕਾਰਾਂ (ਕੱਛ ਅਤੇ ਕਿਰਪਾਣ) ਤੋਂ ਛੋਟ ਮਿਲ ਸਕਦੀ ਹੈ ਤਾਂ ਇੱਕ ਹੋਰ ਕੱਕਾਰ (ਕੇਸ) ਤੋਂ ਛੋਟ ਕਿਉਂ ਨਹੀਂ ਮਿਲ ਸਕਦੀ ਜਦ ਕਿ ਇਸ ਸੁਆਲ ਦਾ ਜੁਆਬ ਕਿਸੇ ਕੋਲ ਨਹੀਂ ਕਿ ਦੋ ਕੱਕਾਰਾਂ ਦੀ ਛੋਟ ਕਿਸ ਦੇ ਆਦੇਸ਼ ਨਾਲ ਦਿੱਤੀ ਗਈ ਹੈ। ਹੁਣ ਕਿਉਂਕਿ ‘ਸਹਜਧਾਰੀ’ ਸ਼ਬਦ ਸਿੱਖ ਗੁਰਦੁਆਰਾ ਐਕਟ 1925 ਦਾ ਹਿੱਸਾ ਬਣ ਚੁੱਕਾ ਹੈ, ਇਸ ਐਕਟ ਦਾ ਸੰਸ਼ੋਧਨ (Amendment) ਕਦੀ ਵੀ ਹੋ ਸਕਦਾ ਹੈ ਅਤੇ ਉਸ ਸਥਿਤੀ ਵਿੱਚ ੳ. ਅਤੇ ੲ. ਵਰਗਾਂ ਦੇ ਸਿੱਖ ਕੁੱਝ ਵੀ ਨਹੀਂ ਕਰ ਸਕਣਗੇ। ਜੇਕਰ ਇਹ ਸੰਸ਼ੋਧਨ ਤੀਸਰੇ ਕੱਕਾਰ (ਕੇਸ) ਦੀ ਛੋਟ ਦਿਵਾਉਣ ਵਾਸਤੇ ਹੋਇਆ ਤਾਂ ਸਿੱਖਾਂ ਦੀ ਸਥਿਤੀ ਕੀ ਹੋਵੇਗੀ। ਦੂਸਰੇ ਪਾਸੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਵੀ ਦਿੱਤਾ ਹੋਇਆ ਹੈ ਕਿ ਇਹ ਅਦਾਲਤ ਕਿਸੇ ਵੀ ਧਰਮ ਦੇ ਕਿਸੇ ਪਹਿਲੂ ਸਬੰਧੀ ਵਿਵਾਦ ਉਤਪੰਨ ਹੋਣ ਤੇ ਆਪਣਾ ਦਖਲ ਦੇ ਕੇ ਫੈਸਲਾ ਸੁਣਾ ਸਕਦੀ ਹੈ। ਹੁਣ ਕਾਨਪੁਰ ਜੀ ਵਰਗੇ ਸਿੱਖ ਸੱਜਣ ਕੰਧ ਤੇ ਲਿਖਿਆ ਪੜ੍ਹ ਲੈਣ। ਸਿੱਖ ਕੌਮ ਲਈ ਇਹ ਘਾਤਕ ਸਥਿਤੀ ੲ. ਵਰਗ ਨੂੰ ਮੱਲੋਜ਼ੋਰੀ ‘ਸਹਜਧਾਰੀ’ ਕਹਿ ਕੇ ਸਿੱਖ ਗੁਰਦੁਆਰਾ ਐਕਟ 1925 ਦਾ ਹਿੱਸਾ ਬਨਾਉਣ ਨਾਲ ਉਪਜੀ ਹੈ।

ਹੁਣ ਸਿੱਖ ਕੌਮ ਫੈਸਲਾ ਕਰੇ ਕਿ ਸਿਖ ਵਿਰੋਧੀ ਕੌਣ ਹੈ, ਇਸ ਅਣਸੁਖਾਵੀਂ ਸਥਿਤੀ ਨੂੰ ਬਰਕਰਾਰ ਰੱਖਣ ਦੀ ਸਲਾਹ ਦੇ ਕੇ ਸਿੱਖ ਕੌਮ ਨੂੰ ਖਤਰੇ ਦੇ ਰਾਹ ਤੇ ਤੋਰਨ ਵਾਲਾ ਜਾਂ ਇਸ ਸਥਿਤੀ ਵਿੱਚ ਸੁਧਾਰ ਲਿਆ ਕੇ ਆਉਣ ਵਾਲੇ ਖਤਰੇ ਤੋਂ ਬਚਣ ਦੀ ਸਲਾਹ ਦੇਣ ਵਾਲਾ। ਸਿੱਖ ਅਖਵਾਉਣ ਲਈ ਕੇਸਧਾਰੀ ਹੋਣਾ ਲਾਜ਼ਮੀ ਹੈ। ਇਸ ਲਈ ਸਿੱਖਾਂ ਦੇ ਦੋ ਹੀ ਵਰਗ ਹੋ ਸਕਦੇ ਹਨ, ਅੰਮ੍ਰਿਤਧਾਰੀ ਅਤੇ ਗੈਰ-ਅੰਮ੍ਰਿਤਧਾਰੀ। ਇਸ ਲਈ ‘ਸਹਜਧਾਰੀ’ ਸ਼ਬਦ ਨੂੰ ਵਿੱਚ ਲਿਆਉਣ ਦੀ ਲੋੜ ਹੀ ਨਹੀਂ ਉਠਦੀ। ਖਤਰੇ ਤੋਂ ਬਚਣ ਲਈ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੰਸ਼ੋਧਨ ਕਰਵਾ ਕੇ ਇਸ ਵਿੱਚੋਂ ‘ਸਹਜਧਾਰੀ’ ਸ਼ਬਦ ਕਢਵਾਉਣ ਦੀ ਲੋੜ ਹੈ ਨਾ ਕਿ ਇਸ ਸ਼ਬਦ ਨਾਲ ਚਿਪਕੇ ਰਹਿਣ ਦੀ। ਇੰਦਰ ਜੀਤ ਸਿੰਘ ਕਾਨਪੁਰ ਜੀ ਨੂੰ ਬੇਨਤੀ ਹੈ ਕਿ ਉਹ ਲੇਖਕ ਦੇ ਪਹਿਲੇ ਲੇਖ ਨੂੰ ਦੁਬਾਰਾ ਧਿਆਨ ਨਾਲ ਪੜ੍ਹਨ। ਲੇਖਕ ਦਾ ਮਨਸ਼ਾ ਵੀ ਉਹੀ ਹੈ ਜੋ ਉਨ੍ਹਾਂ ਦਾ ਹੈ, ਪਰੰਤੂ ਰਸਤਾ ਜ਼ਰਾ ਫਰਕ ਵਾਲਾ ਹੈ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ੍ਹ।
.