.

ਗੁਰਬਾਣੀ ‘ਚ ਜੂਨੀਆਂ ਵਾਲਾ ਵਿਸ਼ਾ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗੁਰਬਾਣੀ `ਚ ਜੂਨਾਂ ਦੇ ਮੁੱਖ ਦੋ ਰੂਪ ਹਨ- (੧) ਪਹਿਲਾ-ਮਨੁੱਖਾ ਸਰੀਰ ਮਿਲਣ ਤੋਂ ਪਹਿਲਾਂ ਜੂਨੀਆਂ ਭੁਗਤਾਉਣਾਂ। ਉਪ੍ਰੰਤ ਜੇ ਪ੍ਰਾਪਤ ਜਨਮ ਵੀ ਬਿਰਥਾ ਜਾਵੇ ਤਾਂ ਫ਼ਿਰ ਤੋਂ ਜੂਨਾਂ ਦਾ ਗੇੜ੍ਹ। (੨) ਦੂਜਾ-ਮਨੁੱਖ ਸਰੀਰ `ਚ ਹੁੰਦੇ ਹੋਏ ਭਿੰਨ ਭਿੰਨ ਜੂਨੀਆਂ `ਚ ਵਾਸਾ।

ਵਿਸ਼ੇਸ਼-ਜਦ ਕਦੇ ਗੁਰਬਾਣੀ `ਚੋਂ ਜੂਨੀਆਂ ਦੇ ਵਿਸ਼ੇ ਨੂੰ ਸਮਝਣ ਦਾ ਯਤਣ ਕਰੀਏ ਤਾਂ ਪੱਕੇ ਤੌਰ `ਤੇ ਸਮਝਣਾ ਹੈ ਕਿ ਇਹ ਵਿਸ਼ਾ ਦਸ ਪਾਤਸ਼ਾਹੀਆਂ `ਤੇ ਲਾਗੂ ਨਹੀਂ ਹੁੰਦਾ। ਸ਼ੱਕ ਨਹੀਂ, ਦਸ ਪਾਤਸ਼ਾਹੀਆਂ ਵੀ ਸਾਡੀ ਤਰ੍ਹਾਂ ਮਨੁੱਖਾ ਸਰੀਰ `ਚ ਪ੍ਰਗਟ ਹੋਈਆਂ। ਗੁਰਬਾਣੀ ਨੂੰ ਗਹਿਰਾਈ ਤੋਂ ਵਿਚਾਰਿਆਂ ਸਪਸ਼ਟ ਹੋ ਜਾਂਦਾ ਕਿ ਦਸੋਂ ਪਾਤਸ਼ਾਹੀਆਂ ਵਿਸ਼ੇਸ਼ ਪ੍ਰੋਗਰਾਮ ਅਧੀਨ ਧੁਰੋਂ ਥਾਪੀਆਂ ਹੋਈਆਂ ਸਨ। ਇਸ ਲਈ ਜਨਮ-ਮਰਣ ਦੇ ਵਿਸ਼ੇ ਨਾਲ ਉਹਨਾਂ ਦਾ ਸਬੰਧ ਨਹੀਂ। ਅੱਜ ਸੰਸਾਰ ਨੂੰਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਜੁਗੋ ਜੁਗ ਅਟੱਲ ਜੋ ਸਤਿਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਲਾਸਾਨੀ ਹਸਤੀ ਪ੍ਰਾਪਤ ਹੈ, ਗੁਰੂ ਜਾਮੇ ਇਸ ਦੇ ਲਈ ਕੇਵਲ ਸਾਧਨ ਮਾਤ੍ਰ ਸਨ। ਵੇਰਵੇ ਲਈ ਗੁਰਮਤਿ ਪਾਠ ੧੭੯ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਪ੍ਰਾਪਤ ਹੈ ਜੀ।

ਮਨੁੱਖਾ ਜਨਮ? - ਗੁਰਬਾਣੀ ਅਨੁਸਾਰ ਮਨੁੱਖਾ ਜਨਮ, ਪ੍ਰਭੂ ਨਾਲੋਂ ਆਤਮਕ ਵਿਛੋੜੇ ਤੋਂ ਅਰੰਭ ਹੋ ਕੇ ਆਤਮਕ ਮਿਲਾਪ `ਤੇ ਹੀ ਸਮਾਪਤ ਹੁੰਦਾ ਹੈ। ਇਸ ਦੇ ਲਈ ਗੁਰਬਾਣੀ `ਚ ਬੇਅੰਤ ਫ਼ੁਰਮਾਣ ਹਨ ਜਿਵੇਂ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮)। ਮਨੁੱਖਾ ਜੂਨ ਉਸ ਰੱਬੀ ਯਾਤ੍ਰਾ ਦੇ ਮਾਰਗ `ਚ ਕੇਵਲ ਇੱਕ ਪੜਾਅ, ਰੈਣ ਬਸੇਰਾ, ਧਰਮਸਾਲ ਤੇ ਪ੍ਰਭੂ ਮਿਲਾਪ ਲਈ ਬਰੀਆ, ਮੌਕਾ, ਅਵਸਰ ਹੀ ਹੈ। ਗੁਰਬਾਣੀ ਤੇ ਸਾਧਸੰਗਤ ਰਾਹੀਂ ਪ੍ਰਭੂ ਗੁਣਾਂ ਨੂੰ ਜੀਵਨ `ਚ ਧਾਰਨ ਕਰ ਕੇ ਹੀ, ਜਨਮ ਨੂੰ ਪ੍ਰਭੂ ਰੰਗ `ਚ ਰੰਗਿਆਂ ਜਾ ਸਕਦਾ ਹੈ। ਇਸੇ ਤੋਂ ਮਨੁੱਖ ਜੀਉਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਤੇ “ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) ਵਾਲੀ ਗੱਲ ਬਣਦੀ ਹੈ, ਉਂਝ ਨਹੀਂ। ਅਜਿਹੇ ਸਫ਼ਲ ਜੀਵਨ ਨੂੰ ਹੀ ਗੁਰਬਾਣੀ `ਚ ਜੀਵਨ ਮੁਕਤ, ਸਚਿਆਰਾ, ਗੁਰਮੁਖ ਆਦਿ ਵੀ ਕਿਹਾ ਹੈ। ਅਜਿਹੇ ਜੀਵਨ ਲਈ ਹੀ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੭੯) ਕਿਹਾ ਹੈ ਤੇ ਅਜਿਹਾ ਮਨੁੱਖ, ਸਰੀਰ ਤਿਆਗਣ ਬਾਅਦ ਮੁੜ ਜਨਮਾਂ ਦੇ ਗੇੜ੍ਹ `ਚ ਨਹੀਂ ਪੈਂਦਾ। ਜੀਵ ਰਾਹੀਂ ਅਜਿਹੀ ਸਫ਼ਲਤਾ ਨੂੰ ਪ੍ਰਾਪਤ ਕਰ ਲੈਣਾ ਹੋਰ ਕਿਸੇ ਵੀ ਜੂਨ `ਚ ਸੰਭਵ ਨਹੀਂ ਤੇ ਇਹੀ ਹੈ ਗੁਰਬਾਣੀ ਰਚਨਾ ਦਾ ਮੂਲ ਪ੍ਰਯੋਜਣ।

ਇਸ ਤਰ੍ਹਾਂ ਮਨੁੱਖਾ ਜੂਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਕੀਤੇ ਬਿਨਾ, ਜੀਵ ਉਦੋਂ ਤੱਕ ਜਨਮ ਮਰਨ ਦੇ ਗੇੜ `ਚ ਹੀ ਰਹਿੰਦਾ ਹੈ ਜਦੋਂ ਤੱਕ ਕਿਸੇ ਮਨੁੱਖਾ ਜਨਮ ਸਮੇਂ, ਕਰਤੇ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਜੀਵਨ ਦੀ ਇਸ ਯਾਤ੍ਰਾ ਨੂੰ ਸਫ਼ਲ ਹੀ ਨਹੀਂ ਕਰ ਲੈਂਦਾ। ਗੁਰਮਤਿ ਅਨੁਸਾਰ ‘ਨਰਕ’, ਜੀਵ ਦਾ ਜਨਮ-ਮਰਨ ਦੇ ਗੇੜ੍ਹ `ਚ ਪਏ ਹੋਣਾ ਹੈ। ਫ਼ਿਰ ਇਸ ਨਰਕ ਦੌਰਾਨ ਜੂਨ, ਚਾਹੇ ਮਨੁੱਖ ਦੀ ਹੋਵੇ ਜਾਂ ਕੋਈ ਵੀ। ਠੀਕ ਇਸੇ ਤਰ੍ਹਾਂ ਜਿਵੇਂ ਅੱਜ ਅਸੀਂ ਜੋ ਮਨੁੱਖਾ ਜੂਨ ਭੁਗਤਾਅ ਰਹੇ ਹਾਂ ਤੇ ਗੁਰਮਤਿ ਅਨੁਸਾਰ ਇਸ ਸਮੇਂ ਅਸੀਂ ਨਰਕ ਦੇ ਹੀ ਵਾਸੀ ਹਾਂ।

ਦੂਜੇ ਪਾਸੇ ਗੁਰਮਤਿ `ਚ ਕਿਸੇ ਵੀ ਬ੍ਰਾਹਮਣੀ ਸੁਰਗ-ਨਰਕ, ਇੰਦਰ ਲੋਕ, ਸ਼ਿਵਪੁਰੀ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ, ਧਰਮਰਾਜ, ਜਮਰਾਜ, ਚਿਤ੍ਰਗੁਪਤ, ਪਿਤ੍ਰ ਲੋਕ, ਬ੍ਰਹਮ ਪੁਰੀ, ਬਿਸ਼ਨ ਪੁਰੀ, ਦੇਵ ਲੋਕ ਆਦਿ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਇਹਨਾ ਬ੍ਰਾਹਮਣੀ ਵਿਸ਼ਵਾਸਾਂ ਦੇ ਆਧਾਰ `ਤੇ ਘੜੇ ਹੋਏ ਸਰਾਧ, ਮਸਿਆ, ਸੰਗ੍ਰਾਂਦ, ਪੂਰਨਮਾਸ਼ੀਆਂ ਅਦਿ ਥਿਤ-ਵਾਰ ਤੇ ਹੋਰ ਬੇਅੰਤ ਕਰਮਕਾਂਡਾਂ-ਵਹਿਮਾਂ-ਭਰਮਾਂ ਨਾਲ ਵੀ ਗੁਰਮਤਿ ਦਾ ਕੁੱਝ ਸਬੰਧ ਨਹੀਂ।

“ਸਭੁ ਕੋ ਮੀਤੁ ਹਮ ਆਪਨ ਕੀਨਾ” (੬੭੧) - ਸ਼ੱਕ ਨਹੀਂ ਗੁਰਬਾਣੀ, ਸੰਪੂਰਣ ਮਨੁੱਖ ਮਾਤ੍ਰ ਭਾਵ ਹਰੇਕ ਦੇ ਜੀਵਨ ਨੂੰ ਉੱਚਾ, ਆਦਰਸ਼ਕ ਤੇ ਸਦਾਚਾਰਕ ਇਨਸਾਨ ਬਨਾਉਂਦੀ ਹੈ। ਉਪ੍ਰੰਤ ਗੁਰਬਾਣੀ `ਚ ਹੀ ਸਫ਼ਲ ਤੇ ਬਿਰਥਾ ਜਨਮ, ਮਨਮੁਖ ਤੇ ਗੁਰਮੁਖ ਵਾਲੀ ਗੱਲ ਵੀ ਨਾਲੋ ਨਾਲ ਚੱਲਦੀ ਹੈ। ਇਥੇ ਕਿਧਰੇ ਦਾਅਵਾ ਵੀ ਨਹੀਂ ਕਿ ਸੰਸਾਰ ਦਾ ਹਰੇਕ ਮਨੁੱਖ, ਜੀਵਨ ਦੀ ਇਸ ਉੱਚਤੱਮ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਮੁੜ ਜਨਮ ਮਰਨ ਦੇ ਗੇੜ੍ਹ `ਚ ਨਹੀਂ ਪੈਂਦਾ। ਗੁਰਬਾਣੀ `ਚ ਵੀ ਸਫ਼ਲ ਜੀਵਨ ਵਾਲਿਆਂ ਦੀ ਗਿਣਤੀ ਵਿਰਲੇ ਹੀ ਕਹੀ ਹੈ।

ਗੁਰ ਕੀ ਮਤਿ ਤੂੰ ਲੇਹਿ ਇਆਨੇ- (ਪੰ: ੨੮੮) ਬਿਰਥਾ ਹੱਠ ਨਾ ਕਰੀਏ ਤੇ ਗੁਰਬਾਣੀ ਆਦੇਸ਼ਾਂ ਨੂੰ ਸਮ੍ਰਪਿਤ ਹੋ ਕੇ ਸਮਝੀਏ ਤਾਂ ਸਮਝਦੇ ਦੇਰ ਨਹੀਂ ਲਗੇਗੀ ਕਿ ਗੁਰਮਤਿ `ਚ ਜਨਮ-ਮਰਣ ਦਾ ਵਿਸ਼ਾ ਹੀ ਇੱਕ ਮੁੱਖ ਵਿਸ਼ਾ ਹੈ ਜੋ ਬਿਲਕੁਲ ਸਾਫ਼, ਸਪਸ਼ਟ ਤੇ ਬ੍ਰਾਹਮਣੀ ਵਿਚਾਰਧਾਰਾ ਤੋਂ ਬਿਲਕੁਲ ਭਿੰਨ, ਨਿਵੇਕਲਾ, ਨਿਰਾਲਾ ਤੇ ਇਕੋ ਇੱਕ ਹੈ। ਇਸ ਤੋਂ ਬਾਅਦ ਗੁਰਬਾਣੀ ਦਾ ਹੀ ਦੂਜਾ ਪੱਖ ਹੈ, ਮਨੁੱਖ ਦਾ ਜੀਊਂਦੇ ਜੀਅ, ਭਿੰਨ ਭਿੰਨ ਜੂਨੀਆਂ `ਚ ਵਿਚਰਦੇ ਹੋਣਾ ਤੇ ਇਹ ਵਿਸ਼ਾ ਬਲਕਿ ਆਪਣੇ ਆਪ `ਚ ਬਹੁਤ ਵਿਰਾਟ ਤੇ ਇਸ ਦੇ ਕਈ ਰੂਪ ਹਨ। ਲੋੜ ਹੈ ਦੋਨਾਂ ਪੱਖਾਂ ਨੂੰ ਵੱਖ ਵੱਖ ਕਰ ਕੇ ਸਮਝਣ ਦੀ। ਨਾ ਕਿ ਦੋਨਾਂ ਨੂੰ ਖ਼ਲਤ-ਮਲਤ ਕਰਕੇ ਆਪ ਵੀ ਗੁਮਰਾਹ ਹੋਵੀਏ ਤੇ ਦੂਜਿਆਂ ਦੇ ਜੀਵਨ ਨਾਲ ਵੀ ਖਿਲਵਾੜ ਕਰੀਏ। ਗੁਰਬਾਣੀ `ਚੋਂ ਜੂਨੀਆਂ ਵਾਲੇ ਦੋਨਾਂ ਪੱਖਾਂ ਨੂੰ ਜੇ ਕਰ ਇਮਾਨਦਾਰੀ ਨਾਲ ਨਿਖੇੜ ਕੇ ਅਤੇ ਪ੍ਰਕਰਣ ਅਨੁਸਾਰ ਸਮਝਾਂਗੇ ਤਾਂ ਭੁਲੇਖਾ ਰਵੇਗਾ ਹੀ ਨਹੀਂ। ਇਹਨਾ ਨੂੰ ਵੱਖ-ਵੱਖ ਪਛਾਨਣ ਲਈ ਹੀ ਅਸਾਂ ਇਥੇ ਇਹਨਾ ਨੂੰ ਦੋ ਭਾਗਾਂ `ਚ ਵੰਡਿਆ ਹੈ।

(੧) ਗੁਰਬਾਣੀ ਅਨੁਸਾਰ ਮਨੁੱਖਾ ਜੂਨ ਮਿਲਣ ਤੋਂ ਪਹਿਲਾਂ ਭਿੰਨ ਭਿੰਨ ਜੂਨਾਂ ਅਤੇ ਜੇ ਪ੍ਰਾਪਤ ਜਨਮ ਨੂੰ ਵੀ ਬਿਰਥਾ ਕਰਾਂਗੇ ਤਾਂ ਫ਼ਿਰ ਤੋਂ ਜੂਨਾਂ ਦੇ ਗੇੜ੍ਹ- ਇਸ ਪਹਿਲੇ ਹਿੱਸੇ `ਚ ਅਸੀਂ ਕੁੱਝ ਅਜਿਹੇ ਪ੍ਰਮਾਣ ਲੈ ਰਹੇ ਹਾਂ ਜੋ ਸਾਬਿਤ ਕਰਦੇ ਹਨ ਕਿ ਹਰੇਕ ਮਨੁੱਖ ਦਾ ਜੀਵਨ ਪਿਛਲੇ ਜਨਮਾਂ ਨਾਲ ਤੇ ਮਨਮੁਖਾਂ ਦਾ ਹੋਰ ਅਗਲੇ ਜਨਮਾਂ ਨਾਲ ਵੀ ਜੁੜਿਆ ਹੈ। ਦਰ ਅਸਲ ਗੁਰਬਾਣੀ `ਚ ਮਨੁੱਖਾ ਸਰੀਰ ਨੂੰ ਜੀਵ ਦੀ ਯਾਤ੍ਰਾ ਲਈ ਕੇਵਲ ਪੜਾਅ ਤੇ ਰੈਣ ਬਸੇਰਾ ਹੀ ਕਿਹਾ ਹੈ। ਗੁਰਬਾਣੀ ਅਨੁਸਾਰ ਮਨੁੱਖਾ ਜਨਮ ਹੀ ਪ੍ਰਭੂ ਮਿਲਾਪ ਲਈ ਇਕੋ ਇੱਕ ਵੇਲਾ, ਅਵਸਰ, ਬਰੀਆ ਹੈ। ਫ਼ਿਰ ਵੀ ਜਨਮ-ਮਰਨ ਦੇ ਗੇੜ੍ਹ `ਚੋਂ ਉਹੀ ਨਿਕਲਦੇ ਹਨ ਜਿਨ੍ਹਾਂ ਨੇ ਮਨੁੱਖਾ ਜਨਮ ਨੂੰ ਸਫ਼ਲ ਕੀਤਾ, ਜਦਕਿ ਬਾਕੀ ਜੂੰਨੀਆਂ `ਚ ਅਜਿਹਾ ਸੰਭਵ ਹੀ ਨਹੀਂ। ਮਨਮੁਖ ਫ਼ਿਰ ਤੋਂ ਜੂਨਾਂ ਦੇ ਗੇੜ੍ਹ `ਚ ਹੀ ਪੈਂਦੇ ਹਨ, ਪ੍ਰੌੜਤਾ `ਚ ਕੁੱਝ ਪ੍ਰਮਾਣ:

(i) ਚਿਰੰਕਾਲ ਇਹ ਦੇਹ ਸੰਜਰੀਆ- ਜੂਨਾਂ ਵਾਲਾ ਗੁਰਬਾਣੀ ਦਾ ਇਹ ਪ੍ਰਮੁੱਖ ਤੇ ਨਿਵੇਕਲਾ ਵਿਸ਼ਾ ਹੈ ਜੋ ਸੰਸਾਰ ਤੱਲ `ਤੇ ਕਿਸੇ ਨਾਲ ਮੇਲ ਨਹੀਂ ਖਾਂਦਾ। ਹਰੇਕ ਵਿਚਾਰਧਾਰਾ ਤੋਂ ਅੱਡ ਹੋ ਕੇ ਸਮਝਣ ਨਾਲ ਹੀ ਇਸ ਦਾ ਨਿਆਰਾ ਪਣ ਸਮਝ `ਚ ਆ ਸਕਦਾ ਹੈ, ੳੁਸ ਬਿਨਾ ਨਹੀਂ। ਗੁਰਬਾਣੀ ਅਨੁਸਾਰ ਕੇਵਲ ਕਰਤਾਰ ਹੀ ਜਾਣਦਾ ਹੈ ਕਿ ਮਨੁੱਖ ਸੰਸਾਰ `ਚ ਆਉਣ ਤੋਂ ਪਹਿਲਾਂ, ਕਿਤਣੀਆਂ ਤੇ ਕਿਹੜੀਆਂ ਜੂਨਾਂ ਭੋਗ ਕੇ ਆਇਆ ਹੈ। ਇਹ ਵੀ ਕਰਤੇ ਦੀ ਬਖ਼ਸ਼ਿਸ਼ ਹੁੰਦੀ ਹੈ ਜਦੋਂ ਉਹਨਾਂ ਜੂਨਾਂ ਚੋਂ ਕੱਢ ਕੇ ਫ਼ਿਰ ਤੋਂ ਮਨੁੱਖਾ ਜੂਨੀ ਵਾਲਾ ਅਵਸਰ ਮਿਲਦਾ ਹੈ। ਚਿਰੰਕਾਲ ਇਹ ਦੇਹ ਸੰਜਰੀਆਦਾ ਮਤਲਬ ਹੀ ਇਹੀ ਹੈ ਕਿ ਲੰਮੇਂ ਸਮੇਂ ਬਾਅਦ ਮਨੁੱਖਾ ਸਰੀਰ ਮਿਲਿਆ, ਨਹੀਂ ਤਾਂ ਇਸ ਤੋਂ ਪਹਿਲਾਂ ਅਨੇਕਾਂ ਸਰੀਰ ਭੋਗੇ ਹਨ।

() “ਕਈ ਜਨਮ ਭਏ ਕੀਟ ਪਤੰਗਾ” - ਕਿਹੜੇ ਸਰੀਰ ਭੋਗੇ ਹਨ? “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥   ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ, ਲਖ ਚਉਰਾਸੀਹ ਜੋਨਿ ਭ੍ਰਮਾਇਆ” (ਪੰ: ੧੭੬) ਬਲਕਿ ਗੁਰਦੇਵ ਇਸ ਛੁਟਕਾਰੇ ਦਾ ਢੰਗ ਵੀ ਦੱਸ ਰਹੇ ਹਨ ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ”

(i)ਮਿਲੁ ਜਗਦੀਸ ਮਿਲਨ ਕੀ ਬਰੀਆ” -ਇਸੇ ਸ਼ਬਦ `ਚ ਮਿਲੁ ਜਗਦੀਸ ਮਿਲਨ ਕੀ ਬਰੀਆ” ਜਦਕਿ ‘ਬਰੀਆ’ ਭਾਵ ਵਾਰੀ ਤੋਂ ਸਪਸ਼ਟ ਹੈ ਕਿ ਇਸ ਤੋਂ ਪਹਿਲਾਂ ਵੀ ਜਨਮ ਭੋਗੇ ਪਰ ਉਹ ਜੂਨਾਂ ਮਿਲਾਪ ਲਈ ਨਹੀਂ ਸਨ। ਇਸੇ ਤਰ੍ਹਾਂ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਤੇ ਹੋਰ ਵੀ ਬਹੁਤ ਥਾਵੇਂ ਜਿਵੇਂ, “ਜੋ ਜੋ ਜੂਨੀ ਆਇਓ, ਤਿਹ ਤਿਹ ਉਰਝਾਇਓ, ਮਾਣਸ ਜਨਮੁ ਸੰਜੋਗਿ ਪਾਇਆ” (ਪੰ: ੬੮੬) ਧਿਆਣ ਰਹੇ! ਇਥੇ ਵੀ “ਮਾਣਸ ਜਨਮੁ ਸੰਜੋਗਿ ਪਾਇਆ” ਗੁਰਬਾਣੀ ਦੇ ਇਸੇ ਸਿਧਾਂਤ ਨੂੰ ਪ੍ਰਗਟ ਕਰ ਰਿਹਾ ਹੈ ਭਾਵ ਜਨਮ ਤਾਂ ਬਹੁਤੇਰੇ ਮਿਲਦੇ ਰਹੇ ਪਰ ਮਨੁੱਖਾ ਜਨਮ ਵਾਲਾ ਸੰਜੋਗ ਨਹੀਂ ਬਣਿਆ।

(iv) “ਜਬ ਹਮ ਰਾਮ ਗਰਭ ਹੋਇ ਆਏ” - ਇਸੇ ਤਰ੍ਹਾਂ “ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ॥   ॥ ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ, ਗਰਭ ਹੋਇ ਆਏ॥   ॥ ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥   ॥ ਸਾਕਤ ਮਰਹਿ ਸੰਤ ਸਭਿ ਜੀਵਹਿ॥ ਰਾਮ ਰਸਾਇਨੁ ਰਸਨਾ ਪੀਵਹਿ॥   ॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ॥ ਹਾਰਿ ਪਰੇ ਅਬ ਪੂਰਾ ਦੀਜੈ  (ਪੰ: ੩੨੫) ਸਪਸ਼ਟ ਹੈ ਇਥੇ ਵੀ, ਮਨੁੱਖਾ ਜਨਮ ਮਿਲਣ ਤੋਂ ਪਹਿਲਾਂ ਵੀ ਮਨੁੱਖਾ ਜੂਨ ਸਹਿਤ ਭਾਂਤ ਭਾਂਤ ਦੀਆਂ ਜੂਨਾਂ ਤਾਂ ਮਿਲੀਆਂ ਪਰ ਸਫ਼ਲ ਨਹੀਂ ਸਨ। ਇਸ ਲਈ ਪ੍ਰਭੂ! ਹੁਣ ਜਦੋਂ ਤੂੰ ਮੈਨੂੰ ਸੋਝੀ ਵੀ ਦਿੱਤੀ ਹੈ ਤਾਂ ਬਖ਼ਸ਼ਿਸ਼ ਕਰ ਕਿ ਹੁਣ ਫ਼ਿਰ ਤੋਂ ਜਨਮਾਂ `ਚ ਨਾ ਆਂਵਾਂ।

ਇਸੇ ਲੜੀ `-(v) “ਬਹੁਰਿ ਹਮ ਕਾਹੇ ਆਵਹਿਗੇ॥ ਆਵਨ ਜਾਨਾ ਹੁਕਮੁ ਤਿਸੈ ਕਾ, ਹੁਕਮੈ ਬੁਝਿ ਸਮਾਵਹਿਗੇ (ਪੰ: ੧੧੦੩) ਭਾਵ ਪ੍ਰਭੂ ਦੀ ਰਜ਼ਾ ` ਜੀਵਨ ਜੀਊਣਾ ਹੀ ਇਕੋ ਇੱਕ ਤਰੀਕਾ ਹੈ ਜਨਮਾਂ ਦੇ ਗੇੜ੍ਹ ਚੋਂ ਨਿਕਲਣ ਲਈ (vi) “ਕਹੈ ਕਬੀਰੁ ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ” (ਪੰ: ੧੧੦੩) ਭਾਵ ਐ ਪ੍ਰਭੂ! ਬਖ਼ਸ਼ਿਸ਼ ਕਰ ਕਿ ਇਹ ਜਨਮ ਹੀ ਮੇਰਾ ਆਖਰੀ ਜਨਮ ਹੋਵੇ ਤੇ ਮੁੜ ਜਨਮਾਂ `ਚ ਨਾ ਪਵਾਂ। (v) “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ, ਦੇਹੁ ਦਰਸੁ ਹਰਿ ਰਾਇਆ” (ਪੰ: ੨੦੭) ਭਾਵ, ਹੇ ਪ੍ਰਭੂ! ਹੁਣ ਮੈਨੂੰ ਵਿਛੋੜ ਕੇ ਨਾ ਰੱਖ ਤੇ ਆਪਣਾ ਮਿਲਾਪ ਬਖ਼ਸ਼ ਤੇ ਇਸੇ ਤਰ੍ਹਾਂ ਅਨੇਕਾਂ ਸ਼ਬਦ।

“ਭ੍ਰਮਤ ਫਿਰਤ ਬਹੁ ਜਨਮ. .”- ਗੁਰਬਾਣੀ `ਚ ਭਿੰਨ ਭਿੰਨ ਜੂਨਾਂ ਭੋਗਣ ਸਬੰਧੀ ਬਹੁਤ ਸ਼ਬਦ ਹਨ ਜੋ ਪ੍ਰਾਪਤ ਮਨੁੱਖਾ ਸਰੀਰ ਮਿਲਣ ਤੋਂ ਪਹਿਲਾਂ ਦੇ ਜਨਮਾਂ ਦੀ ਸੂਚਨਾ ਵੀ ਦਿੰਦੇ ਹਨ। ਫ਼ਿਰ ਇਹਨਾ ਦਾ ਹੀ ਦੂਜਾ ਪੱਖ ਹੈ, ਜਦੋਂ ਇਸ ਜਨਮ `ਚ ਹੁੰਦਾ ਹੋਇਆ ਵੀ ਉਸ ਪਲ ਤੱਕ ਸੁਭਾਅ ਤੇ ਰਹਿਣੀ ਕਰ ਕੇ ਮਨੁੱਖ ਭਿੰਨ ਭਿੰਨ ਜੂਨਾਂ ਹੀ ਭੋਗਦਾ ਹੈ; ਜਦਂ ਤੱਕ “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (ਪੰ: ੯੪੦) ਸਤਿਗੁਰੂ ਦੀ ਸ਼ਰਣ `ਚ ਆ ਕੇ ਜੀਵਨ ਦੀ ਸੰਭਾਲ ਵੱਲ ਨਹੀਂ ਮੁੜਦਾ। “ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀਂ ਧੀਰੇ” (ਪੰ: ੪੮੭) “ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ” (ਪੰ: ੧੩੩) “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦) “ਹਉ ਆਇਆ ਦੂਰਹੁ ਚਲਿ ਕੈ, ਮੈ ਤਕੀ ਤਉ ਸਰਣਾਇ ਜੀਉ” (ਪੰ: ੭੬੩) “ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ” (ਪੰ: ੨੮੯) ਬੇਅੰਤ ਸ਼ਬਦ ਇਸ ਲੜੀ `ਚ ਵੀ ਹਨ।

ਮਨਮੁਖ ਅਤੇ ਜੂਨਾਂ ਦੇ ਗੇੜ੍ਹੇ-ਬੇਅੰਤ ਸ਼ਬਦ ਹਨ ਜੋ ਸਪਸ਼ਟ ਕਰਦੇ ਹਨ ਕਿ ਮਨਮੁਖ ਮੌਤ ਤੋਂ ਬਾਅਦ ਵੀ ਜਨਮਾਂ ਦੇ ਗੇੜ `ਚ ਹੀ ਪੈਂਦਾ ਹੈ। ਫ਼ੁਰਮਾਨ ਹੈ “ਮਾਇਆ ਜਾਲੁ ਪਸਾਰਿਆ, ਭੀਤਰਿ ਚੋਗ ਬਣਾਇ॥ ਤ੍ਰਿਸਨਾ ਪੰਖੀ ਫਾਸਿਆ, ਨਿਕਸੁ ਨ ਪਾਏ ਮਾਇ॥ ਜਿਨਿ ਕੀਤਾ ਤਿਸਹਿ ਨ ਜਾਣਈ, ਫਿਰਿ ਫਿਰਿ ਆਵੈ ਜਾਇ” (ਪੰ: ੫੦) ਜਾਂ “ਅਨਿਕ ਰਸਾ ਖਾਏ ਜੈਸੇ ਢੋਰ॥ ਮੋਹ ਕੀ ਜੇਵਰੀ ਬਾਧਿਓ ਚੋਰ॥   ॥ ਮਿਰਤਕ ਦੇਹ ਸਾਧਸੰਗ ਬਿਹੂਨਾ॥ ਆਵਤ ਜਾਤ ਜੋਨੀ ਦੁਖ ਖੀਨਾ” (ਪੰ: ੧੯੦) ਭਾਵ ਸਾਧਸੰਗ ਵਿਹੂਣਾ ਮਨੁੱਖ, ਇਸ ਸਰੀਰ `ਚ ਹੁੰਦਿਆਂ ਵੀ ਆਤਮਕ ਤੌਰ `ਤੇ ਮੁਰਦਾ ਹੁੰਦਾ ਹੈ ਤੇ ਸਰੀਰ ਤਿਆਗਣ ਬਾਅਦ ਵੀ ਜਨਮਾਂ ਦੇ ਗੇੜ੍ਹ `ਚ ਹੀ ਪੈਂਦਾ ਹੈ।

ਇਸੇ ਤਰ੍ਹਾਂ “ਉਪਜੈ ਪਚੈ ਹਰਿ ਬੂਝੈ ਨਾਹੀ॥ ਅਨਦਿਨੁ ਦੂਜੈ ਭਾਇ ਫਿਰਾਹੀ॥ ਮਨਮੁਖ ਜਨਮੁ ਗਇਆ ਹੈ ਬਿਰਥਾ, ਅੰਤਿ ਗਇਆ ਪਛੁਤਾਵਣਿਆ” (ਪੰ: ੧੨੭) ਇਸ ਤਰ੍ਹਾਂ ਜਦੋਂ ਅੰਤਿ ਗਇਆ ਭਾਵ ਜਦੋਂ ਸਰੀਰ ਹੀ ਮੁੱਕ ਗਿਆ ਤਾਂ ਬਾਅਦ ` ਪਛਤਾਉਣ ਦਾ ਸਬੰਧ ਕਿਸ ਨਾਲ ਹੈ? ਜੇ ਗੁਰੂ ਦੇ ਨਿਰਮਲ ਭਉ ` ਰਹਿ ਕੇ ਇਸ ਪੱਖੋਂ ਗੁਰਬਾਣੀ ਸੱਚ ਨੂੰ ਸਮਝਾਂ ਗੇ ਤਾਂ ਗੱਲ ਸਮਝ ` ਜਾਵੇਗੀ। ਉਪ੍ਰੰਤ “ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ, ਬਹੁ ਜੋਨਿ ਭਰਮਾਦਿ” (ਪੰ: ੮੧੦) ਇਥੇ ਵੀ ਪਾਤਸ਼ਾਹ ਜਿਸ ਸਰੀਰ ਨੂੰ ਖਿਨ ਭੰਗਨ ਕਹਿ ਰਹੇ ਹਨ, ਉਸੇ ਲਈ ਚੇਤਾਅ ਰਹੇ ਹਨ ਕਿ ਮਨੁਖਾ ਜਨਮ ਦੀ ਜ਼ਾਇਆ ਨਾ ਕਰ ਕਿਉਂਕਿ ਇਹ ਅਉਸਰ ਤੇ ਚੂਕਿਆ’ ਭਾਵ ਜੇ ਪ੍ਰਾਪਤ ਜਨਮ ਵਾਲਾ ਸਮਾਂ ਵੀ ਗੁਆ ਦਿੱਤਾ ਤਾਂ ਬਹੁ ਜੋਨਿ ਭਰਮਾਦਿ” ਬੇਅੰਤ ਜੂਨਾਂ ` ਹੀ ਭਟਕਣਾ ਪਵੇਗਾ। ਇਸ ਤੋਂ ਬਾਅਦ ਵੀ ਜੇ ਕੋਈ ਸੱਜਨ ਇਸੇ ਹੱਠ `ਤੇ ਕਾਇਮ ਰਵੇ ਕਿ ਇਹ ਸਰੀਰ ਹੀ ਸਭਕੁਝ ਹੈ ਤੇ ਇਸ ਦਾ ਅੱਗਾ ਪਿਛਾ ਕੁੱਝ ਨਹੀਂ ਤਾਂ ਕਰਤਾ ਹੀ ਸੁਮੱਤ ਬਖ਼ਸ਼ੇ।

“ਚਿਰੰਕਾਲ ਪਾਈ ਦ੍ਰੁਲਭ ਦੇਹ” - ਜਿਹੜੇ ਹੱਠ ਕਰਦੇ, ਇਹ ਸਰੀਰ ਹੀ ਸਭਕੁਝ ਹੈ, ਇਸ ਦਾ ਅੱਗਾ-ਪਿਛਾ ਹੈ ਹੀ ਕੁੱਝ ਨਹੀਂ; ਗੁਰਬਾਣੀ ਅਨੁਸਾਰ ਜਨਮ-ਮਰਨ ਵਿਸ਼ਾ ਹੀ ਨਹੀਂ। ਉਹ ਵਿਚਾਰਣ ਕਿ ਜੇ ਉਹਨਾਂ ਦਾ ਕਿਹਾ ਹੀ ਸੱਚ ਹੈ ਤਾਂ ਗੁਰਬਾਣੀ `ਚ ਇਸ ਸਰੀਰ ਲਈ “ਚਿਰੰਕਾਲ ਪਾਈ ਦ੍ਰੁਲਭ ਦੇਹ” ਵਰਗੇ ਸ਼ਬਦਾਂ ਦੇ ਕੀ ਅਰਥ ਹਨ? ਜਦਕਿ “ਚਿਰੰਕਾਲ” ਦੇ ਅਰਥ ਹਨ ਲੰਮੇਂ ਸਮੇਂ ਬਾਅਦ ਦ੍ਰੁਲਭ ਭਾਵ ਬੜੀ ਮੂਸ਼ਕਲ ਨਾਲ ਮਿਲਣ ਵਾਲੀ ‘ਦੇਹ(ਮਨੁੱਖਾ ਸਰੀਰ)। ਇਹ ਆਪਣੇ ਆਪ `ਚ ਸਪਸ਼ਟ ਹੈ ਕਿ ਵਿਚਲੇ ਸਮੇਂ `ਚ ਦੂਜੇ ਸਰੀਰ ਹੀ ਮਿਲੇ। ਗੁਰਬਾਣੀ `ਚ ਮਨੁੱਖਾ ਸਰੀਰ ਨੂੰ ਦ੍ਰੁਲਭ ਦੱਸਣ ਵਾਲੇ ਬਹੁਤ ਸ਼ਬਦ ਹਨ ਜਿਵੇਂ ੧.”ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ” (ਪੰ: ੨੨੦)। ੨.”ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ ਫਿਰਿ ਇਆ ਅਉਸਰੁ ਚਰੈ ਨ ਹਾਥਾ(ਪੰ: ੨੫੮) ੩.”ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ॥ ਨਾਨਕ ਤਾ ਕੀ ਭਗਤਿ ਕਰੇਹ” (ਪੰ: ੨੭੦)। ੪.”ਰਾਮ ਨਾਮ ਤਤੁ ਕਰਹੁ ਬੀਚਾਰੁ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ” (ਪੰ: ੨੯੩)। ੫.”ਚਿਰੰਕਾਲ ਪਾਈ ਦ੍ਰੁਲਭ ਦੇਹ॥ ਨਾਮ ਬਿਹੂਣੀ ਹੋਈ ਹੈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ” (ਪੰ: ੮੯੦) ੬.”ਦੁਲਭ ਦੇਹ ਸਵਾਰਿ॥ ਜਾਹਿ ਨ ਦਰਗਹ ਹਾਰਿ॥ ਹਲਤਿ ਪਲਤਿ ਤੁਧੁ ਹੋਇ ਵਡਿਆਈ॥ ਅੰਤ ਕੀ ਬੇਲਾ ਲਏ ਛਡਾਈ” (ਪੰ: ੮੯੫) ੭.”ਦੁਲਭ ਦੇਹ ਆਈ ਪਰਵਾਨੁ॥ ਸਫਲ ਹੋਈ ਜਪਿ ਹਰਿ ਹਰਿ ਨਾਮੁ” (ਪੰ: ੧੧੪੮) “ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ” (ਪੰ: ੧੪੨੭) ੮.”ਜਨਮ ਮਰਨ ਤਾ ਕਾ ਦੂਖੁ ਨਿਵਾਰੈ॥ ਦੁਲਭ ਦੇਹ ਤਤਕਾਲ ਉਧਾਰੈ” (ਪੰ: ੨੯੬) ਇਸੇ ਤਰ੍ਹਾਂ ਕੇਵਲ ਲਫ਼ਜ਼ਾਂ ਦਾ ਬਦਲ ਨਾਲ ਜਿਵੇਂ

.”ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ” (ਪੰ: ੬੩੧) ੯.”ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀਂ ਪਾਈ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ” (ਪੰ: ੬੩੨)। ੧੦.”ਫਿਰਤ ਫਿਰਤ ਮਾਨੁਖੁ ਭਇਆ, ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ” (ਪੰ: ੮੧੦) ਇਸ ਤਰ੍ਹਾਂ ਵੀ ਕਿਹਾ ਹੈ ਜਿਵੇਂ “ਮਾਨਸ ਦੇਹ ਬਹੁਰਿ ਨਹ ਪਾਵੈ, ਕਛੂ ਉਪਾਉ ਮੁਕਤਿ ਕਾ ਕਰੁ ਰੇ॥ ਨਾਨਕ ਕਹਤ ਗਾਇ ਕਰੁਨਾ ਮੈ, ਭਵਸਾਗਰ ਕੈ ਪਾਰਿ ਉਤਰੁ ਰੇ” (ਪੰ: ੨੨੦) ਆਦਿ।

“ਦੇਹੀ ਜਾਤਿ ਨ ਆਗੈ ਜਾਏ” -ਇਥੇ ਹੀ ਬੱਸ ਨਹੀਂ, ਗੁਰਬਾਣੀ `ਚ ਸਰੀਰ ਤਿਆਗਣ ਬਾਅਦ ਪ੍ਰਭੂ ਵੱਲੋਂ ਨਿਆਂ ਦਾ ਵੀ ਅਨੇਕਾਂ ਵਾਰ ਜ਼ਿਕਰ ਹੈ ਜਿਵੇਂ “ਕਰਉ ਬੇਨੰਤੀ ਸੁਣਹੁ ਮੇਰੇ, ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ(ਪੰ: ੧੩) ਹੋਰ “ਇਹੁ ਜਨਮਪਦਾਰਥੁ ਪਾਇ ਕੈ, ਹਰਿ ਨਾਮੁ ਨ ਚੇਤੈ ਲਿਵ ਲਾਇ॥ ਪਗਿ ਖਿਸਿਐ ਰਹਣਾ ਨਹੀਂ, ਆਗੈ ਠਉਰੁ ਨ ਪਾਇ॥ ਓਹ ਵੇਲਾ ਹਥਿ ਨ ਆਵਈ, ਅੰਤਿ ਗਇਆ ਪਛੁਤਾਇ(ਪੰ: ੨੮)। ਬਲਕਿ “ਦੇਹੀ ਜਾਤਿ ਨ ਆਗੈ ਜਾਏ॥ ਜਿਥੈ ਲੇਖਾ ਮੰਗੀਐ, ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੈ, ਐਥੈ ਓਥੈ ਨਾਮਿ ਸਮਾਵਣਿਆ” (ਪੰ: ੧੧੨) ਇਥੇ ਗੱਲ ਹੀ ਮੌਤ ਤੋਂ ਬਾਅਦ ਦੀ ਹੈ ਕਿ ਜਿਸ ਵੇਲੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ, ਉਸ ਵੇਲੇ ਨਾ ਤੇਰੇ ਸਰੀਰ ਨੇ ਨਾਲ ਜਾਣਾ ਹੈ ਤੇ ਨਾ ਜਾਤ ਪਾਤ ਵਾਲੇ ਹੰਕਾਰ ਨੇ, ਉਪ੍ਰੰਤ ਅਜਿਹੇ ਹੋਰ ਬੇਅੰਤ ਸ਼ਬਦ।

“ਜੈਸੀ ਕਲਮ ਵੁੜੀ ਹੈ ਮਸਤਕਿ, ਤੈਸੀ ਜੀਅੜੇ ਪਾਸਿ” -ਇਥੋਂ ਤੱਕ ਕਿ ਜੈਸੀ ਕਲਮ ਵੁੜੀ ਹੈ ਮਸਤਕਿ, ਤੈਸੀ ਜੀਅੜੇ ਪਾਸਿ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ, ਹੁਕਮਿ ਪਇਆ ਗਰਭਾਸਿ (ਪੰ: ੭੪) ਭਾਵ ਜੀਵ ਸੰਸਾਰ `ਚ ਆਉਂਦਾ ਹੈ ਤਾਂ ਆਪਣੇ ਕਰਮਾਂ ਦੇ ਲੇਖ ਨਾਲ ਲੈ ਕੇ। ਇਸੇ ਤਰ੍ਹਾਂ “ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ, ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ” (ਪੰ: ੫੮੨) ਧਿਆਣ ਰਹੇ “ਨਾਂਗੜਾ ਆਇਆ ਜਗ ਮਹਿ” ਦੇ ਅਰਥ ਹਨ, ਜਦੋਂ ਇਸ ਨੂੰ ਪਹਿਲਾਂ ਮਨੁੱਖ ਦਾ ਜਨਮ ਮਿਲਿਆ, ਤਾਂ ਵੀ ਇਸ ਨੇ ਨਹੀਂ ਸੰਭਾਲਿਆ ਤੇ ਜੂਨਾਂ ਭੁਗਤੀਆਂ। ਇਸ ਜਨਮ `ਚ ਵੀ “ਨਾ ਮਰਜਾਦੁ ਆਇਆ, ਕਲਿ ਭੀਤਰਿ ਨਾਂਗੋ ਬੰਧਿ ਚਲਾਇਆ” ਇਸ ਨੂੰ ਜੀਵਨ ਨੂੰ ਸੱਚ ਦੀ ਮਰਿਆਦਾ `ਚ ਨਹੀਂ ਬੰਨਿਆਂ ਤੇ ਖਾਲੀ ਹੱਥ (ਨੰਗਾ, ਜੀਵਨ ਦੀ ਕਮਾਈ ਤੋਂ ਸਖਣਾ) ਹੋਣ ਕਾਰਨ ਫ਼ਿਰ ਤੋਂ ਜੂਨਾਂ `ਚ ਹੀ ਪੈਣਾ ਪੈ ਰਿਹਾ ਹੈ।

ਗੁਰਮਤਿ ਅਨੁਸਾਰ ਜੂਨੀਆਂ? ਫਲ, ਫੁਲ, ਜੜੀ ਬੂਟੀਆਂ, ਝਾੜੀਆਂ, ਬੇਅੰਤ ਖਣਿਜ, ਪਰਬਤ, ਹਵਾ-ਪਾਣੀ-ਧਰਤੀ ਦੇ ਬੇਅੰਤ ਕਿਸਮਾਂ ਦੇ ਜੀਵ। ਇਹ ਸਭ ਜੂਨੀਆਂ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਮਨੁੱਖਾ ਜਨਮ ਦੇ ਨਿਹਫਲ (ਬਿਰਥਾ) ਹੋਣ ਦਾ ਹੀ ਨਤੀਜਾ ਹੁੰਦੀਆਂ ਹਨ। ਇਸ ਜਨਮ ਤੋਂ ਪਹਿਲਾਂ ਬਿਤਾਏ ਜਾ ਚੁੱਕੇ ਮਨੁੱਖਾ ਜਨਮ ਸਮੇਂ ਹਉਮੈ-ਵਿਕਾਰਾਂ ਅਧੀਨ “ਕਈ ਜਨਮ ਭਏ ਕੀਟ ਪਤੰਗਾ. .”ਕਈ ਜਨਮ ਭਏ ਕੀਟ ਪਤੰਗਾ … “(ਪੰ: ੧੭੬) ਜਾਂ “ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ” (ਪੰ: ੩੨੫) ਅਨੁਸਾਰ ਮਨੁੱਖ ਦੇ ਆਪਣੇ ਕੀਤੇ ਚੰਗੇ-ਮਾੜੇ ਕਰਮਾਂਸੰਸਕਾਰਾਂ ਦਾ ਹੀ ਲੇਖਾ-ਜੋਖਾ ਹੁੰਦੀਆਂ ਹਨ।

(੨) ਮਨੁੱਖਾ ਜਨਮ `ਚ ਹੁੰਦੇ ਹੋਏ ਵੀ ਭਿੰਨ ਭਿੰਨ ਜੂਨੀਆਂ `ਚ ਭਟਕਦੇ ਹੋਣਾ। ਗੁਰਬਾਣੀ `ਚ ਇਸ ਦੇ ਬਹੁਤੇਰੇ ਰੂਪ ਹਨ ਪਰ ਇਥੇ ਕੁਝ:

(i) “ਨਾਗੋ ਆਇਓ ਨਾਗ ਸਿਧਾਸੀ” - ਦੂਜੀਆਂ ਜੂਨਾਂ `ਚ ਭਟਕਣਾ ਤਾਂ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਜਨਮ ਦਾ ਕਾਰਨ ਹੀ “ਬਾਬਾ ਨਾਂਗੜਾ ਆਇਆ ਜਗ ਮਹਿ” (ਪੰ: ੫੮੨) ਹੁੰਦਾ ਹੈ। ਇਸੇ ਲਈ ਸੰਸਾਰ ਭਰ `ਚ ਇਕੋ ਸਮੇਂ ਜੇ ਸੌ ਬੱਚਾ ਜਨਮ ਲੈਂਦਾ ਹੈ ਤਾਂ ਵੀ ਹਰੇਕ ਦਾ ਸੁਭਾਅ ਵੱਖ ਵੱਖ ਹੁੰਦਾ ਹੈ। ਕਾਰਨ, ਉਸ ਰਾਹੀਂ ਪਿਛਲੇ ਜਨਮਾਂ `ਚ ਭੁਗਤਾਈਆਂ ਜਾ ਚੁੱਕੀਆਂ ਜੂਨੀਆਂ ਦੀਆਂ ਭਿੰਨ ਭਿੰਨ ਯਾਦਾਂ ਤੇ ਪ੍ਰਭਾਵ ਉਪ੍ਰੰਤ ਪਿਛਲੇ ਜਨਮਾਂ ਦੇ ਸੰਸਕਾਰ ਹੁੰਦੇ ਹਨ। ਜਦ ਤੱਕ ਬੱਚਾ ਇਸ ਜਨਮ ਦੇ ਆਹਰ `ਚ ਨਹੀਂ ਆਉਂਦਾ, ਪਿੱਛਲੀਆਂ ਯਾਦਾਂ `ਚ ਹੀ ਆਹਰੇ ਲੱਗਾ ਰਹਿੰਦਾ ਹੈ। ਇਸੇ ਲਈ ਕਦੇ ਹਸਦਾ-ਮੁਸਕਰਾਉਂਦਾ ਹੈ, ਕਦੇ ਰੋਂਦਾ ਹੈ ਤੇ ਕਦੇ ਡਰਦਾ ਹੈ। ਕਿਉਂਕਿ ਮਨੁੱਖ ਦੀ ਸੁਰਤ ਜਦੋਂ ਤਕ ਨਵੇਂ ਜਨਮ `ਚ ਪ੍ਰਵੇਸ਼ ਨਹੀਂ ਕਰਦੀ ਉਦੋਂ ਤੱਕ ਅਕਾਲਪੁਰਖ ਉਸ ਨੂੰ ਪਿਛਲੀਆਂ ਯਾਦਾਂ `ਚ ਹੀ ਉਲਝਾਈ ਰਖਦਾ ਹੈ। ਬਲਕਿ ਕਈ ਵਾਰ ਤਾਂ ਭੁਗਤ ਚੁੱਕੀਆਂ ਜੂਨਾਂ ਦੇ ਸੁਭਾਅ, ਸਾਰੀ ਸਾਰੀ ਉਮਰ ਵੀ ਪਿਛਾ ਨਹੀਂ ਛਡਦੇ।

ਫ਼ੁਰਮਾਨ ਹੈ “ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ॥ ਨਾਗੋ ਆਇਓ, ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ” (ਪੰ: ੨੦੬) ਭਾਵ ਐ ਮਨੁੱਖ! ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਅੰਤ ਸਮੇਂ ਉਸ `ਚੋਂ ਰਤਾ ਵੀ ਤੇਰੇ ਨਾਲ ਨਹੀਂ ਜਾਂਦੀ। ਤੂੰ ਸੰਸਾਰ `ਚ ਨੰਗਾ ਆਇਆ ਸੀ ਤੇ ਇਸ ਤਰੀਕੇ ਤੂੰ ਇਥੋਂ ਨੰਗਾ ਹੀ ਜਾਏਂਗਾ ਭਾਵ ਜੀਵਨ ਨੂੰ ਨਾ ਕਮਾਉਣ ਕਾਰਨ. ਫ਼ਿਰ ਜਨਮਾਂ ਦੇ ਗੇੜ੍ਹ `ਚ ਹੀ ਪਵੇਂਗਾ।

() “ਅੰਤਿ ਕਾਲਿ ਜੋ ਲਛਮੀ ਸਿਮਰੈ. .” ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਜਦੋਂ ਸਦੀਆਂ ਤੋਂ ਪ੍ਰਚਾਰੇ ਨਰਕਾਂ-ਸੁਰਗਾਂ ਤੇ ਜੂਨਾਂ ਆਦਿ ਦੀ ਗੱਲ ਆਉਂਦੀ ਹੈ ਤਾਂ ਗੁਰਬਾਣੀ `ਚ ਉਸ਼ਟ ਲਸ਼ਟਿਕਾ ਪ੍ਰਮਾਣ ਵਰਤ ਕੇ ਉਹਨਾਂ ਨੂੰ ਕਟਿਆ ਹੈ। ਉਪ੍ਰੰਤ ਉਸੇ ਨੂੰ ਪ੍ਰਾਪਤ ਮਨੁੱਖਾ ਸਰੀਰ ਨਾਲ ਸਬੰਧਤ ਕਰ ਕੇ ਗੁਰਮਤਿ ਸਿਧਾਂਤ ਪ੍ਰਗਟ ਕੀਤਾ ਹੈ ਜਿਵੇਂ “ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ… (ਪੂਰਾ ਸ਼ਬਦ) “(ਪੰ: ੫੨੬)।

(i)ਫੀਲੁ ਰਬਾਬੀ ਬਲਦੁ ਪਖਾਵਜ” - ਮਨੁੱਖਾ ਸਰੀਰ `ਚ ਹੁੰਦੇ ਹੋਏ ਵੀ ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ. . (ਪੂਰਾ ਸ਼ਬਦ) “(ਪੰ: ੪੭੭) ਅਨੁਸਾਰ ਮਨੁੱਖ ਹਾਥੀ, ਬੈਲ, ਕਊਆ, ਗਧਾ, ਭੈਂਸ, ਘੀਸ ਆਦਿ ਦੀਆਂ ਜੂਨਾਂ ਦੇ ਸੁਭਾਅ `ਚ ਹੀ ਜੀਅ ਰਿਹਾ ਹੁੰਦਾ ਹੈ।

(iv) ਗੁਰਬਾਣੀ `ਚ ਮਨੁੱਖਾ ਸਰੀਰ ਨਾਲ ਸਬੰਧਤ ਦੂਜੀਆਂ ਜੂਨਾਂ ਵਾਲਾ ਵਿਸ਼ਾ ਇਸ ਤਰ੍ਹਾਂ ਵੀ ਹੈ ਜਿਵੇਂ “ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ” (ਪੰ: ੯੧) ਭਾਵ ਇਕੋ ਮਨੁੱਖ ਦੇ ਜੀਵਨ ਵਿਚੋਂ ਦੋ ਵਿਰੋਧੀ ਸੁਭਾਵਾਂ ਵਾਲੀ ਬਿਰਤੀ ਨੂੰ ਬਿਆਨ ਕਰਕੇ, ਗੁਰਬਾਣੀ ਵਾਲੇ ਸੱਚ ਨੂੰ ਉਜਾਗਰ ਕੀਤਾ ਹੈ।

(v) ਗੁਰਬਾਣੀ `ਚ ਦੂਜੀਆਂ ਜੂਨਾਂ ਦੇ ਗੁਣਾਂ-ਦੋਸ਼ਾਂ ਦੀ ਮਿਸਾਲ ਦੇ ਕੇ, ਜੀਵਨ ਦੇ ਸੱਚ ਤੇ ਗੁਰਮਤਿ ਸਿਧਾਂਤ ਨੂੰ ਪ੍ਰਗਟ ਕਰਣ ਲਈ ਵੀ ਵਰਤਿਆ ਹੈ ਜਿਵੇਂ “ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ” (ਪੰ: ੧੪੩) ਇਸੇ ਤਰ੍ਹਾਂ ਦੂਜੀਆਂ ਜੂਨਾਂ ਵੀ।

(vi) “ਕਰਤੂਤਿ ਪਸੂ ਕੀ” -ਗੁਰਬਾਣੀ `ਚ ਮਨੁੱਖ ਦੀ ਵਿਗੜੀ ਹੋਈ ਰਹਿਣੀ ਨੂੰ ਦੂਜੀਆਂ ਜੂਨਾਂ ਨਾਲ ਬਰਾਬਰੀ ਦੇ ਕੇ ਵੀ ਮਨੁੱਖ ਨੂੰ ਸੁਚੇਤ ਕੀਤਾ ਹੈ ਜਿਵੇਂ “ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ” (ਪੰ: ੨੬੭) ਜਾਂ “ਜੋ ਨ ਸੁਨਹਿ ਜਸੁ ਪਰਮਾਨੰਦਾ॥ ਪਸੁ, ਪੰਖੀ, ਤ੍ਰਿਗਦ ਜੋਨਿ ਤੇ ਮੰਦਾ” (ਪੰ: ੧੮੮)।

(v) ਗੁਰੂ ਨਿੰਦਕ ਤੇ ਦੂਜੀਆਂ ਜੂਨੀਆਂ-ਜਦੋਂ ਮਨੁੱਖ ਗੁਰੂ-ਗੁਰਬਾਣੀ ਲਈ ਵੀ ਊਲ-ਜਲੂਲ ਬਕਦਾ ਹੈ। ਅਜਿਹੇ ਸੁਭਾਅ ਵਾਲੇ ਲਈ ਵੀ ਗੁਰਬਾਣੀ `ਚ ਦੂਜੀਆਂ ਜੂਨਾਂ ਨਾਲ ਤੁਲਨਾ ਕਰ ਕੇ ਸਪਸ਼ਟ ਕੀਤਾ ਹੈ ਜਿਵੇਂ “ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ …… ਸੁ ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ” (ਪੰ: ੩੦੯) ਜਾਂ “ਭਾਈ ਏਹੁ ਤਪਾ ਨ ਹੋਵੀ, ਬਗੁਲਾ ਹੈ; ਬਹਿ ਸਾਧ ਜਨਾ ਵੀਚਾਰਿਆ” (ਪੰ: ੩੧੫) ਹੋਰ “ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ॥ ਭਰਮੇ ਭੂਲਾ ਦੁਖੁ ਘਣੋ, ਜਮੁ ਮਾਰਿ ਕਰੈ ਖੁਲਹਾਨੁ” (ਪੰ: ੨੧)

(vi) ਨਾਮ ਵਿਹੂਣੇ ਮਨੁੱਖ ਲਈ -ਗੁਰਬਾਣੀ `ਚ ਮਨੁੱਖ ਨਾਲ ਸਬੰਧਤ ਕਰ ਕੇ ਦੂਜੀਆਂ ਜੂਨਾਂ ਦਾ ਜ਼ਿਕਰ ਇਸ ਤਰ੍ਹਾਂ ਵੀ ਹੈ ਜਿਵੇਂ “ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ, ਜਿਨਿ ਏਹ ਸਿਰੀ” (ਪੰ: ੮੯੦) ਅਤੇ “ਗੁਰਮਤੀ ਦਧਿ ਮਥੀਐ, ਅੰਮ੍ਰਿਤੁ ਪਾਈਐ ਨਾਮੁ ਨਿਧਾਨਾ॥ ਮਨਮੁਖ ਤਤੁ ਨ ਜਾਣਨੀ, ਪਸੂ ਮਾਹਿ ਸਮਾਨਾ” (ਪੰ: ੧੦੦੯) ਹੋਰ “ਬਿਨੁ ਬੂਝੇ ਪਸੂ ਕੀ ਨਿਆਈ, ਭ੍ਰਮਿ ਮੋਹਿ ਬਿਆਪਿਓ ਮਾਇਆ” (ਪੰ: ੧੩੦੦) ਪੁਨਾ “ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ, ਸੂਕਰਹ, ਗਰਧਭਹ, ਕਾਕਹ, ਸਰਪਨਹ ਤੁਲਿ ਖਲਹ” (ਪੰ: ੧੩੫੬) ਹੋਰ “ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ॥ ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ॥  ੬੮ ॥ (ਪੰ: ੧੩੬੮)

(ix) ਰੂਪਕ ਅਲੰਕਾਰ ਵਰਤ ਕੇ- ਮਨੁੱਖ ਲਈ ਹੀ ਰੂਪਕ ਅਲੰਕਾਰ ਵਰਤ ਕੇ ਦੂਜੀਆਂ ਜੂਨਾਂ ਜਿਵੇਂ “ਐਸੋ ਅਚਰਜੁ ਦੇਖਿਓ ਕਬੀਰ॥ ਦਧਿ ਕੈ ਭੋਲੈ ਬਿਰੋਲੈ ਨੀਰੁ॥   ॥ ਰਹਾਉ॥ ਹਰੀ ਅੰਗੂਰੀ ਗਦਹਾ ਚਰੈ॥ ਨਿਤ ਉਠਿ ਹਾਸੈ ਹੀਗੈ ਮਰੈ॥   ॥ ਮਾਤਾ ਭੈਸਾ ਅੰਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ॥   ॥ ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥   ॥ ਰਾਮ ਰਮਤ ਮਤਿ ਪਰਗਟੀ ਆਈ॥ ਕਹੁ ਕਬੀਰ ਗੁਰਿ ਸੋਝੀ ਪਾਈ॥   ॥ (ਪੰ: ੩੨੬)

(x) ਕੇਵਲ ਮਿਸਾਲ ਵਜੋਂ- ਮਨੁੱਖ ਨੂੰ ਸਿਧੇ ਰਾਹ ਪਾਉਣ ਲਈ ਦੂਜੀਆਂ ਜੂਨਾਂ ਦੀ ਰਹਿਣੀ-ਕਰਣੀ ਦੀਆਂ ਕੇਵਲ ਮਿਸਾਲਾਂ ਜਿਵੇਂ “ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਮਛੁਲੀ ਨੀਰ॥ ਜਿਉ ਅਧਿਕਉ ਤਿਉ ਸੁਖੁ ਘਣੋ, ਮਨਿ ਤਨਿ ਸਾਂਤਿ ਸਰੀਰ॥ ਬਿਨੁ ਜਲ ਘੜੀ ਨ ਜੀਵਈ, ਪ੍ਰਭੁ ਜਾਣੈ ਅਭ ਪੀਰ॥   ॥ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਚਾਤ੍ਰਿਕ ਮੇਹ॥ ਸਰ ਭਰਿ ਥਲ ਹਰੀਆਵਲੇ, ਇੱਕ ਬੂੰਦ ਨ ਪਵਈ ਕੇਹ॥ ਕਰਮਿ ਮਿਲੈ ਸੋ ਪਾਈਐ, ਕਿਰਤੁ ਪਇਆ ਸਿਰਿ ਦੇਹ॥ …… ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਚਕਵੀ ਸੂਰ॥ ਖਿਨੁ ਪਲੁ ਨੀਦ ਨ ਸੋਵਈ, ਜਾਣੈ ਦੂਰਿ ਹਜੂਰਿ॥ ਮਨਮੁਖਿ ਸੋਝੀ ਨਾ ਪਵੈ, ਗੁਰਮੁਖਿ ਸਦਾ ਹਜੂਰਿ॥   ॥ (ਪੰ: ੬੦)

(xi) ਧਾਵੈ ਦਹ ਦਿਸ ਜਾਇ” - ਜਿਵੇਂ ਰਸੀ ਨੂੰ ਕੱਟ ਕੱਟ ਕੇ ਚੂਹਾ ਮੁਕਾਅ ਦਿੰਦਾ ਹੈ, ਮਖੀ ਗੁੜ ਨੂੰ ਚਿਪਕੀ ਮਰ ਜਾਂਦੀ ਹੈ। ਇਸੇ ਤਰ੍ਹਾਂ ਦਿਨ-ਰਾਤ ਮਾਇਆ ਦੀ ਦੌੜ `ਚ ਮਨੁੱਖ ਦੀ ਉਮਰ ਮੁੱਕ ਜਾਂਦੀ ਹੈ ਫ਼ੁਰਮਾਨ ਹੈ “ਦਿਨਸੁ ਚੜੈ ਫਿਰਿ ਆਥਵੈ, ਰੈਣਿ ਸਬਾਈ ਜਾਇ॥ ਆਵ ਘਟੈ ਨਰੁ ਨਾ ਬੁਝੈ, ਨਿਤਿ ਮੂਸਾ ਲਾਜੁ ਟੁਕਾਇ॥ ਗੁੜੁ ਮਿਠਾ ਮਾਇਆ ਪਸਰਿਆ, ਮਨਮੁਖੁ ਲਗਿ ਮਾਖੀ ਪਚੈ ਪਚਾਇ” (ਪੰ: ੪੧) ਹੋਰ “ਜਿਉ ਕੂਕਰੁ ਹਰਕਾਇਆ, ਧਾਵੈ ਦਹ ਦਿਸ ਜਾਇ” (ਪੰ: ੫੦) ਇਥੇ ਚੂਹੇ, ਮਖੀ, ਕੁੱਤੇ ਦੀਆਂ ਮਿਸਾਲਾਂ ਮਨੁੱਖ ਲਈ ਹਨ ਤਾ ਕਿ ਮਨੁੱਖ ਜੀਵਨ ਦੀ ਸੰਭਾਲ ਕਰੇ ਤੇ ਅਮੁਲੇ ਜਨਮ ਨੂੰ ਗੁਣਵਾਣ ਬਨਾਏ; ਇਸ ਨੂੰ ਜ਼ਾਇਆ ਨਾ ਕਰੇ।

(x) ਵਿਕਾਰੀ ਮਨੁੱਖ ਤੇ ਦੂਜੀਆਂ ਜੂਨਾਂ-ਫ਼ੁਰਮਾਨ ਹੈ “ਉਦਿਆਨ ਬਸਨੰ ਸੰਸਾਰੰ, ਸ੍ਵਾਨ ਸਿਆਲ ਖਰਹ॥ ਬਿਖਮ ਸਥਾਨ ਮਨ ਮੋਹ ਮਦਿਰੰ, ਮਹਾਂ ਅਸਾਧ ਪੰਚ ਤਸਕਰਹ॥ ਹੀਤ ਮੋਹ ਭੈ ਭਰਮ ਭ੍ਰਮਣੰ, ਅਹੰ ਫਾਂਸ ਤੀਖ੍ਯ੍ਯਣ ਕਠਿਨਹ॥ ਪਾਵਕ ਤੋਅ ਅਸਾਧ ਘੋਰੰ, ਅਗਮ ਤੀਰ ਨਹ ਲੰਘਨਹ” ਭਾਵ ਮਨੁੱਖ ਹਰ ਸਮੇਂ ਵਿਕਾਰਾਂ, ਅਉਗੁਣਾ ਤੇ ਮੋਹ ਮਾਇਆ `ਚ ਫ਼ਸਿਆ ਜੀਵਨ ਇਸ ਤਰ੍ਹਾਂ ਜ਼ਾਇਆ ਕਰ ਦਿੰਦਾ ਹੈ ਜਿਵੇਂ ਜੰਗਲ ਦੀਆਂ ਪਗਡੰਡੀਆਂ `ਚ ਭਟਕਿਆ ਮਨੁੱਖ। ਇਸ ਲਈ ਗੁਰਦੇਵ ਸਮਝਾਉਂਦੇ ਹਨ “ਭਜੁ ਸਾਧਸੰਗਿ ਗ+ਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ” (ਪੰ: ੧੩੫੮) ਭਾਵ ਇਸ ਦਾ ਇਲਾਜ ਹੈ, ਸਾਧਸੰਗਤ `ਚ ਆ ਕੇ ਗੁਰੂ ਦੀ ਮੱਤ `ਤੇ ਚਲਣਾ ਤੇ ਜੀਵਨ ਦਾ ਪ੍ਰਭੂ ਚਰਨਾਂ `ਚ ਸਮਰਪਣ ਕਰਣਾ। ਪੁਨਾ “ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ॥ ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ” (ਪੰ: ੧੨੬੦) ਭਾਵ ਮਨੁੱਖ ਮੋਹ ਮਾਇਆ, ਵਿਕਾਰਾਂ `ਚ ਫ਼ਸ ਕੇ ਆਪਣਾ ਜੀਵਨ, ਅਜਗਰ ਦੇ ਸਰੀਰ ਵਾਂਗ ਭਾਰਾ ਕਰ ਲੈਂਦਾ ਹੈ, ਅਤੇ ਇਲਾਜ ਹੈ ਸ਼ਬਦ ਰੂਪੀ ਗਰੁੜ ਨਾਲ ਜੀਵਨ ਅੰਦਰੋਂ ਹਉਮੈ ਨੂੰ ਮਾਰਣਾ।

ਜਦਕਿ ਗੁਰਬਾਣੀ `ਚ ਮਨੁੱਖਾ ਜਨਮ ਤੇ ਦੂਜੀਆਂ ਜੂਨਾਂ ਨਾਲ ਸਬੰਧਤ ਹੋਰ ਵੀ ਬਹੁਤ ਪੱਖਾਂ ਤੋਂ ਇਲਾਵਾ ਗੁਰਦੇਵ ਨੇ ਕਾਦਿਰ ਦੀ ਕੁਦਰਤ, ਉਸ ਦੀ ਬੇਅੰਤਤਾ ਤੇ ਸੁਹਪਣ ਨੂੰ ਬਿਆਨ ਕਰਣ ਲਈ ਵੀ ਦੂਜੀਆਂ ਜੂਨੀਆਂ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਇਹਨਾ ਦੋ ਭਾਗਾਂ `ਚ ਅੱਗੇ ਪਿਛੇ ਕਰਕੇ (੧) ਮਨੁੱਖ ਦੇ ਅਗਲੇ ਪਿਛਲੇ ਜਨਮ ਤੇ ਦੂਜੀਆਂ ਜੂਨਾਂ (੨) ਮੌਜੂਦਾ ਮਨੁੱਖਾ ਜਨਮ ਤੇ ਦੂਜੀਆਂ ਜੂਨਾਂ। ਇਸੇ `ਚ ਤੀਜਾ ਪੱਖ ਵੀ ਨਿਭਾਇਆ ਹੈ ਭਾਵ ਗੁਰਬਾਣੀ ਅਨੁਸਾਰ ਚੱਲ ਕੇ ਸਫ਼ਲ ਜੀਵਨ ਦੀ ਪ੍ਰਾਪਤੀ, ਜਿਸ ਤੋਂ ਮਨੁੱਖ ਜਨਮ-ਮਰਨ ਦਾ ਗੇੜ `ਚ ਪੈਂਦਾ ਹੀ ਨਹੀਂ। ਇਸ ਸਾਰੇ ਨੂੰ ਸਮਝਣ ਤੋਂ ਬਾਅਦ ਵੀ ਕਹਿਣਾ ਕਿ ਗੁਰਮਤਿ ਜਨਮ ਮਰਣ ਨੂੰ ਮੰਣਦੀ ਹੀ ਨਹੀਂ, ਜਾਂ ਗੁਰਮਤਿ ਅਨੁਸਾਰ ਜਨਮ ਮਰਣ ਦਾ ਵਿਸ਼ਾ ਹੈ ਹੀ ਨਹੀਂ, ਇਸ ਤਰ੍ਹਾਂ ਹੈ ਜਿਵੇਂ ਦਿਨ ਨੂੰ ਰਾਤ ਕਹਿਣਾ ਤੇ ਫ਼ਿਰ ਉਸ `ਤੇ ਵੀ ਅੜੀ ਕਰਣਾ। #205s010.02s010#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 205

ਗੁਰਬਾਣੀ `ਚ ਜੂਨੀਆਂ ਵਾਲਾ ਵਿਸ਼ਾ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.