.

“ਸਹਜਧਾਰੀ” ਸ਼ਬਦ ਦੀ ਉਤਪਤੀ ਅਤੇ ਇਸ ਦੀ ਵਰਤੋਂ ਦਾ ਮਸਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਨੇੜੇ ਆਉਣ ਨਾਲ “ਸਹਜਧਾਰੀ” ਸ਼ਬਦ ਇੱਕ ਵਾਰ ਫਿਰ ਗੰਭੀਰ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। 2008-09 ਈਸਵੀ ਵਿੱਚ ਵੀ” ਸਹਜਧਾਰੀ” ਸ਼ਬਦ ਦੀ ਵਿਆਖਿਆ ਦੇ ਮਸਲੇ ਨੂੰ ਲੈ ਕੇ ਕਾਫੀ ਤਕੜਾ ਵਿਵਾਦ ਭਖਿਆ ਸੀ। ਉਸ ਵੇਲੇ ਇਹ ਵਿਵਾਦ ਉਸ ਹਲਫਨਾਮੇ ਤੋਂ ਉਪਜਿਆ ਸੀ ਜੋ ਸੰਨ 2008 ਈਸਵੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਅੰਮ੍ਰਿਤਸਰ ਸਥਿਤ ਇੱਕ ਵਿਦਿਅਕ ਅਦਾਰੇ ਵਿੱਚ ਦਾਖਲੇ ਤੋਂ ਨਾਂਹ ਹੋਣ ਤੇ ਇੱਕ ਵਿਦਿਆਰਥਣ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਏ ਜਾਣ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਇਸੇ ਅਦਾਲਤ ਵਿੱਚ ਦਾਖਲ ਕੀਤਾ ਸੀ। ਹਾਈ ਕੋਰਟ ਵੱਲੋਂ ਇਸ ਕੇਸ ਸਬੰਧੀ ਦਿੱਤੇ ਫੈਸਲੇ ਤੋਂ ਬਾਦ ਇਹ ਵਿਵਾਦ ਮੱਠਾ ਪੈ ਗਿਆ ਸੀ ਪਰੰਤੂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਪਾਉਣ ਦੇ ਹੱਕ ਸਬੰਧੀ ਰੌਲੇ-ਰੱਪੇ ਨੇ ਹੁਣ ਫੇਰ ਇਸ ਵਿਵਾਦ ਨੂੰ ਗਰਮਾ ਦਿੱਤਾ ਹੈ।
ਅਸਲ ਵਿੱਚ “ਸਹਜਧਾਰੀ” ਸ਼ਬਦ ਸਿੱਖਾਂ ਤੇ ਲਾਗੂ ਕਰਨ ਲਈ ਨਹੀਂ ਬਣਿਆਂ ਸੀ। ਮੂਲ ਰੂਪ ਵਿੱਚ ਇਹ ਸ਼ਬਦ ਪੰਜਾਬ ਵਿੱਚ ਕੇਵਲ ਹਿੰਦੂ ਫਿਰਕੇ ਦੇ ਇੱਕ ਹਿੱਸੇ ਵਾਸਤੇ ਹੀ ਹੋਂਦ ਵਿੱਚ ਆਇਆ ਸੀ। ਸਿੱਖਾਂ ਦੀ ਧਾਰਮਿਕ ਪੁਸਤਕ ਸ੍ਰੀ ਗ੍ਰੰਥ ਸਾਹਿਬ ਵਿੱਚ ‘ਸਹਜ` ਸ਼ਬਦ ਦੀ ਵਰਤੋਂ ਅਨੇਕਾਂ ਵਾਰ ਹੋਈ ਮਿਲਦੀ ਹੈ ਪਰੰਤੂ ‘ਸਹਜਧਾਰੀ` ਸ਼ਬਦ ਦੀ ਵਰਤੋਂ ਇੱਕ ਵਾਰ ਵੀ ਨਹੀਂ ਹੋਈ। ਗੁਰਬਾਣੀ ਵਿੱਚ ਅਤੇ ਪੰਜਾਬੀ ਭਾਸ਼ਾ ਦੀ ਆਮ ਵਰਤੋਂ ਵਿੱਚ ‘ਸਹਜ` ਸ਼ਬਦ ਦੇ ਤਿੰਨ ਰੂਪ ਸਾਕਾਰ ਹੁੰਦੇ ਹਨ; ਵਿਸ਼ੇਸ਼ਣ ਰੂਪ, ਕਿਰਿਆ-ਵਿਸ਼ੇਸ਼ਣ ਰੂਪ ਅਤੇ ਨਾਂਵ ਰੂਪ।
‘ਸਹਜ` ਸ਼ਬਦ ਦੇ ਵਿਸ਼ੇਸ਼ਣ ਰੂਪ ਦੇ ਅਰਥ ਹਨ ਕੁਦਰਤੀ ਜਾਂ ਸੁਭਾਵਕ ਤੌਰ ਤੇ ਹੋਂਦ ਵਿੱਚ ਆਉਣ ਵਾਲਾ ਜਿਸ ਤਰ੍ਹਾਂ ਹੇਠ ਦਿੱਤੇ ਵਾਕ ਵਿੱਚ ਹੈ:
“ਉਸ ਦਾ ਆਪਣੇ ਬੱਚੇ ਦੀ ਮੌਤ ਖਬਰ ਸੁਣ ਕੇ ਰੋਣ ਲਗ ਜਾਣਾ ਸਹਜ ਪ੍ਰਤੀਕਰਮ ਸੀ।”
ਗੁਰਬਾਣੀ ਵਿਚੋਂ ‘ਸਹਜ` ਸ਼ਬਦ ਦੇ ਵਿਸ਼ੇਸ਼ਣ ਰੂਪ ਦੀ ਵਰਤੋਂ ਦੀ ਇੱਕ ਉਦਾਹਰਣ ਹੇਠ ਦਿੱਤੇ ਅਨੁਸਾਰ ਹੈ:
ਮਨੁ ਤਨੁ ਦੇ ਲੈ ਸਹਜਿ ਸੁਭਾਇ।। (ਸ੍ਰੀ ਗ੍ਰੰਥ ਸਾਹਿਬ, ਪੰਨਾਂ 153)
‘ਸਹਜ` ਸ਼ਬਦ ਦੇ ਕਿਰਿਆ-ਵਿਸ਼ੇਸ਼ਣ ਰੂਪ ਦੇ ਅਰਥ ਹਨ ਨਿਰਯਤਨ, ਭਾਵ ਜੋ ਵਿਸ਼ੇਸ਼ ਤਰੱਦਦ ਜਾਂ ਯਤਨਾਂ ਨਾਲ ਘੜਿਆ ਜਾਂ ਨਿਭਾਇਆ ਨਹੀਂ ਗਿਆ, ਜਿਸ ਤਰ੍ਹਾਂ ਹੇਠ ਦਿੱਤੇ ਵਾਕ ਵਿੱਚ ਹੈ:
“ਬਸ, ਸਿੱਧਾ ਹੀ ਤੁਰਿਆ ਜਾ, ਸਹਜ ਹੀ ਸਟੇਸ਼ਨ ਤੇ ਪਹੁੰਚ ਜਾਵੇਂਗਾ।”
ਆਮ ਬੋਲ-ਚਾਲ ਵਿੱਚ ਕਿਰਿਆ-ਵਿਸ਼ੇਸ਼ਣ ‘ਸਹਜ` ਦੇ ਅਰਥ ‘ਸੌਖਿਆਂ ਹੀ` ਜਾਂ ‘ਹੌਲੀ-ਹੌਲੀ` ਤੋਂ ਵੀ ਕਢ ਲਏ ਜਾਂਦੇ ਹਨ। ਇਹ ਦੋਵੇਂ ਅਰਥ ‘ਨਿਰਯਤਨ` ਦੇ ਹੀ ਬਦਲੇ ਹੋਏ ਰੂਪ ਹਨ। ਬਹੁਤੀ ਵਾਰ ‘ਸਹਜ` ਨੂੰ ‘ਸਹਜੇ` ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਜਿਵੇਂ
“ਮੈਂ ਸਵਾਲ ਸਹਜੇ ਹਲ ਕਰ ਲਿਆ।” ਜਾਂ “ਜ਼ਰਾ ਸਹਜੇ ਲਿਖ, ਕੋਈ ਗਲਤੀ ਨਾ ਹੋ ਜਾਵੇ।”
ਗੁਰਬਾਣੀ ਵਿਚੋਂ ‘ਸਹਜ` ਸ਼ਬਦ ਦੇ ਕਿਰਿਆ-ਵਿਸ਼ੇਸ਼ਣ ਰੂਪ ਦੀ ਵਰਤੋਂ ਦੀ ਇੱਕ ਉਦਾਹਰਣ ਹੇਠ ਦਿੱਤੇ ਅਨੁਸਾਰ ਹੈ:
“ਸਹਜੇ ਹੀ ਹਰਿ ਨਾਮ ਸਮਾਇਆ।। 3. । (ਸ੍ਰੀ ਗ੍ਰੰਥ ਸਾਹਿਬ, ਪੰਨਾਂ 11)
‘ਸਹਜ` ਸ਼ਬਦ ਦੇ ਨਾਂਵ ਰੂਪ ਦੇ ਅਰਥ ਹਨ ਸੂਝ, ਵਿਵੇਕ ਜਾਂ ਤਰਕ, ਜਿਸ ਤਰ੍ਹਾਂ ਹੇਠ ਦਿੱਤੇ ਵਾਕ ਵਿੱਚ ਹੈ:
“ਇਸ ਸਮਸਿੱਆ ਦਾ ਹਲ ਸਹਜ ਰਾਹੀਂ ਹੀ ਸੰਭਵ ਹੋ ਸਕਦਾ ਹੈ। “
ਗੁਰਬਾਣੀ ਵਿਚੋਂ ‘ਸਹਜ` ਸ਼ਬਦ ਦੇ ਨਾਂਵ ਰੂਪ ਦੀ ਵਰਤੋਂ ਦੀ ਇੱਕ ਉਦਾਹਰਣ ਹੇਠ ਦਿੱਤੇ ਅਨੁਸਾਰ ਹੈ:
ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ।। (ਸ੍ਰੀ ਗ੍ਰੰਥ ਸਾਹਿਬ, ਪੰਨਾਂ 253)
ਗੁਰਬਾਣੀ ਵਿੱਚ ਆਮ ਕਰਕੇ ‘ਸਹਜ` ਸ਼ਬਦ ਦੇ ਨਾਂਵ ਰੂਪ ਦੇ ਅਰਥ ਸੂਝ, ਵਿਵੇਕ ਅਤੇ ਤਰਕ ਦੇ ਨਾਲ-ਨਾਲ ਗਿਆਨ ਅਤੇ ਅਨੰਦ ਤੋਂ ਵੀ ਲਏ ਗਏ ਹਨ।
ਦੂਸਰੇ ਪਾਸੇ ਪੰਜਾਬੀ ਵਿਆਕਰਣ ਦੇ ਨਿਯਮਾਂ ਅਨੁਸਾਰ ਕਿਸੇ ਵਿਸ਼ੇਸ਼ਣ ਦੇ ਨਾਲ ‘ਧਾਰੀ` ਜੋੜ ਕੇ ਸੰਯੁਕਤ ਸ਼ਬਦ-ਰੂਪ ਨਹੀਂ ਬਣਾਇਆ ਜਾ ਸਕਦਾ। ਉਦਾਹਰਣ ਦੇ ਤੌਰ ਤੇ ‘ਸੁਭਾਵਕ` ਤੋਂ ‘ਸੁਭਾਵਕਧਾਰੀ` ਨਹੀਂ ਬਣ ਸਕਦਾ ਪਰੰਤੂ ‘ਸੁਭਾਵਕ` ਦੇ ਨਾਂਵ ਰੂਪ `ਸੁਭਾਵਕਤਾ` ਤੋਂ ‘ਸੁਭਾਵਕਤਾਧਾਰੀ` ਜ਼ਰੂਰ ਬਣ ਸਕਦਾ ਹੈ। ਇਸੇ ਤਰ੍ਹਾਂ ਪੰਜਾਬੀ ਵਿਆਕਰਣ ਦੇ ਨਿਯਮਾਂ ਅਨੁਸਾਰ ਕਿਸੇ ਕਿਰਿਆ-ਵਿਸ਼ੇਸ਼ਣ ਦੇ ਨਾਲ ‘ਧਾਰੀ` ਜੋੜ ਕੇ ਸੰਯੁਕਤ ਸ਼ਬਦ-ਰੂਪ ਨਹੀਂ ਬਣਾਇਆ ਜਾ ਸਕਦਾ। ਉਦਾਹਰਣ ਦੇ ਤੌਰ ‘ਸੁਭਾਵਕੀ` ਤੋਂ ‘ਸੁਭਾਵਕੀਧਾਰੀ` ਨਹੀਂ ਬਣ ਸਕਦਾ। ਪਹਿਲਾਂ ਵਾਂਗ ਹੀ ਇਸ ਸ਼ਬਦ ਦਾ ਨਾਂਵ ਰੂਪ `ਸੁਭਾਵਕਤਾ` ਜਾਂ ‘ਸੁਭਾਵਕੀਪਣ` ਬਣਾ ਕੇ ਹੀ ਉਸ ਨਾਲ ‘ਧਾਰੀ` ਜੋੜਿਆ ਜਾ ਸਕਦਾ ਹੈ। ਪੰਜਾਬੀ ਵਿਆਕਰਣ ਦੇ ਨਿਯਮਾਂ ਅਨੁਸਾਰ ਕੇਵਲ ਕਿਸੇ ਨਾਂਵ ਰੂਪ ਨਾਲ ਹੀ ‘ਧਾਰੀ` ਸ਼ਬਦ ਜੋੜ ਕੇ ਸੰਯੁਕਤ ਸ਼ਬਦ-ਰੂਪ ਬਣਾਇਆ ਜਾ ਸਕਦਾ ਹੈ ਜਿਵੇਂ ਖੱਦਰਧਾਰੀ, ਨਾਮਧਾਰੀ, ਬੰਦੂਕਧਾਰੀ, ਨਿੱਕਰਧਾਰੀ, ਨਫਰਤਧਾਰੀ ਆਦਿਕ।
ਇਸ ਤਰ੍ਹਾਂ ਜੇਕਰ ‘ਸਹਜ` ਸ਼ਬਦ ਦੀ ਵਰਤੋਂ ਵਿਸ਼ੇਸ਼ਣ ਰੂਪ ਜਾਂ ਕਿਰਿਆ-ਵਿਸ਼ੇਸ਼ਣ ਰੂਪ ਦੇ ਤੌਰ ਤੇ ਹੋ ਰਹੀ ਹੈ ਤਾਂ ਇਸ ਨਾਲ ‘ਧਾਰੀ` ਸ਼ਬਦ ਜੁੜ ਹੀ ਨਹੀਂ ਸਕਦਾ। ਪਹਿਲਾਂ ਇਸ ਸ਼ਬਦ ਦੇ ਵਿਸ਼ੇਸ਼ਣ ਰੂਪ ਜਾਂ ਕਿਰਿਆ-ਵਿਸ਼ੇਸ਼ਣ ਰੂਪ ਤੋਂ ਨਾਂਵ ਰੂਪ ‘ਸਹਜਤਾ` ਜਾਂ ‘ਸਹਜਪਣ` ਨਾਲ ਬਣਾਏ ਜਾਣਗੇ ਅਤੇ ਫਿਰ ਉਹਨਾਂ ਨਾਲ `ਧਾਰੀ` ਜੋੜ ਕੇ ‘ਸਹਜਤਾਧਾਰੀ` ਅਤੇ ‘ਸਹਜਪਣਧਾਰੀ` ਸ਼ਬਦ ਬਣ ਸਕਦੇ ਹਨ। ਪੰਜਾਬੀ ਵਿਆਕਰਣ ਦੇ ਨਿਯਮਾਂ ਅਨੁਸਾਰ ਜੇਕਰ ‘ਸਹਜ` ਨੂੰ ਨਾਂਵ ਰੂਪ ਦੇ ਤੌਰ ਤੇ ਵਰਤਿਆ ਜਾਂਦਾ ਹੈ ਤਾਂ ਇਸ ਨਾਲ ‘ਧਾਰੀ` ਜੋੜ ਕੇ ‘ਸਹਜਧਾਰੀ` ਬਣ ਸਕਦਾ ਹੈ ਪਰੰਤੂ ਇਸ ਸੰਯੁਕਤ ਸ਼ਬਦ-ਰੂਪ ਦੇ ਅਰਥ ਹੋਣਗੇ ਵਿਵੇਕਸ਼ੀਲ, ਵਿਚਾਰਵਾਨ, ਵਿਦਵਾਨ, ਬੁੱਧੀਜੀਵੀ, ਤਰਕਸ਼ੀਲ, ਗਿਆਨਵਾਨ ਅਤੇ ਅਨੰਦਿਤ। ਇਹਨਾਂ ਅਰਥਾਂ ਨੂੰ ਲਈਏ ਤਾਂ ਗੁਰਬਾਣੀ ਦੁਨੀਆਂ ਦੇ ਹਰੇਕ ਵਿਅਕਤੀ ਨੂੰ ਸਹਜਧਾਰੀ ਬਣਨ ਦੀ ਸਿਖਿਆ ਦਿੰਦੀ ਹੈ ਅਤੇ ਇਸ ਲਈ ਸਿੱਖ ਹੋਣਾ ਜ਼ਰੂਰੀ ਵੀ ਨਹੀਂ।
ਇਤਹਾਸਕ ਪੱਖੋਂ ਪੜਚੋਲ ਕਰਨ ਤੇ ਪਤਾ ਲਗਦਾ ਹੈ ਕਿ ਕਿਸੇ ਸਮੇਂ ਪੰਜਾਬ ਅਤੇ ਸਿੰਧ ਸੂਬਿਆਂ ਦੇ ਵਸਨੀਕ ਹਿੰਦੂ ਵਰਗ ਨਾਲ ਸਬੰਧ ਰੱਖਣ ਵਾਲੇ ਅਨੇਕਾਂ ਲੋਕਾਂ ਨੇ ਗੀਤਾ, ਮਹਾਂਭਾਰਤ, ਰਮਾਇਣ ਅਤੇ ਵੇਦ-ਪੁਰਾਣ ਵਰਗੀਆਂ ਪਰੰਪਰਾਗਤ ਹਿੰਦੂ ਧਾਰਮਿਕ ਪੁਸਤਕਾਂ ਦੀ ਥਾਂ ਤੇ ਸਿੱਖਾਂ ਦੇ ਸ੍ਰੀ ਗ੍ਰੰਥ ਸਾਹਿਬ ਦਾ ਇਕੋ-ਇਕ ਧਾਰਮਿਕ ਪੁਸਤਕ ਦੇ ਤੌਰ ਤੇ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਿੱਖ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨੂੰ ਪੂਰਨ ਤੌਰ ਤੇ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾ ਲਿਆ ਹੋਇਆ ਸੀ। ਇਸ ਦਾ ਵੱਡਾ ਕਾਰਨ ਇਹ ਸੀ ਕਿ ਗੁਰਬਾਣੀ ਆਮ ਵਰਤੋਂ ਦੀ ਭਾਸ਼ਾ ਵਿੱਚ ਰਚੀ ਹੋਣ ਕਰਕੇ ਅਸਾਨੀ ਨਾਲ ਸਮਝ ਆ ਜਾਂਦੀ ਸੀ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਪੂਰੀ ਤਰ੍ਹਾਂ ਵਿਵੇਕ ਅਤੇ ਤਰਕ ਤੇ ਅਧਾਰਿਤ ਸਨ। ਸਿੱਖਾਂ ਵੱਲੋਂ ਅਜਿਹੇ ਹਿੰਦੂ ਸ਼ਰਧਾਲੂਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਅਤੇ ਉਹਨਾਂ ਦਾ ਸੱਚੇ-ਸੁੱਚੇ ਵਿਵੇਕਸ਼ੀਲ, ਵਿਚਾਰਵਾਨ, ਗਿਆਨਵਾਨ ਅਤੇ ਸ਼ਾਂਤ-ਚਿੱਤ ਵਿਅਕਤੀਆਂ ਦੇ ਤੌਰ ਤੇ ਸਨਮਾਨ ਕਰਦੇ ਹੋਏ ਉਹਨਾਂ ਨੂੰ “ਸਹਜਧਾਰੀ” ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਸੀ। ਪਰੰਤੂ ਇਹਨਾਂ ਸਤਿਕਾਰਿਤ ਹਿੰਦੂ ਸ਼ਰਧਾਲੂਆਂ ਨੂੰ ਕਦੀ ਵੀ ਸਿੱਖ ਧਰਮ ਦਾ ਅੰਗ ਨਹੀਂ ਸਮਝਿਆ ਗਿਆ ਸੀ ਕਿਉਂਕਿ ਉਹ ਸ੍ਰੀ ਗ੍ਰੰਥ ਸਾਹਿਬ ਨੂੰ ਧਾਰਮਿਕ ਪੁਸਤਕ ਵਜੋਂ ਤਾਂ ਮਾਨਤਾ ਦਿੰਦੇ ਸਨ ਅਤੇ ਆਪਣੇ ਅਮਲੀ ਜੀਵਨ ਨੂੰ ਵੀ ਸਿੱਖ ਧਰਮ ਦੀਆਂ ਸਿਖਿਆਵਾਂ ਮੁਤਾਬਿਕ ਚਲਾਉਂਦੇ ਸਨ ਪਰ ਉਹ ਬਾਕੀ ਗੁਰੂ ਸਾਹਿਬਾਨ ਵਾਂਗ ਸ਼ਬਦ-ਗੁਰੂ ਨੂੰ ਵੀ ਆਪਣਾ ਗੁਰੂ ਨਹੀਂ ਮੰਨਦੇ ਸਨ ਅਤੇ ਨਾ ਹੀ ਉਹ ਕੇਸਧਾਰੀ ਹੋਣਾ ਜ਼ਰੂਰੀ ਸਮਝਦੇ ਸਨ। ਦੂਸਰੇ ਪਾਸੇ 1947 ਤੋਂ ਬਾਦ ਕੋਈ ਟਾਵਾਂ-ਟਾਵਾਂ ਹੀ ਅਜਿਹਾ ਹਿੰਦੂ ਸ਼ਰਧਾਲੂ ਨਜ਼ਰ ਆਵੇਗਾ ਜਿਸਨੂੰ “ਸਹਜਧਾਰੀ” ਕਹਿ ਕੇ ਸਨਮਾਨਿਤ ਕੀਤਾ ਜਾ ਸਕੇ।
ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ “ਸਹਜਧਾਰੀ` ਸ਼ਬਦ ਦੀ ਵਿਆਖਿਆ ਕਰਨ ਵੇਲੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ ਭਾਵੇਂ ਕਿ ਉਸ ਨੇ ‘ਸਹਜ` ਸ਼ਬਦ ਨੂੰ ਨਿਰੁਕਤੀ ਅਤੇ ਵਿਆਕਰਣ ਪੱਖੋਂ ਚੰਗੀ ਤਰ੍ਹਾਂ ਸਪਸ਼ਟ ਕੀਤਾ ਹੈ। ਭਾਈ ਜੀ ਨੇ ਗਲਤੀ ਨਾਲ “ਸਹਜਧਾਰੀ” ਕਹਿਲਾਉਂਦੇ ਵਿਅਕਤੀਆਂ ਨੂੰ ਸਿੱਖ ਧਰਮ ਦੇ ਇੱਕ ਅੰਗ ਵਜੋਂ ਦਰਸਾ ਦਿੱਤਾ ਹੈ ਜੋ ਕਿ ਸਹੀ ਨਹੀਂ ਹੈ। ਸ਼ਾਇਦ ਭਾਈ ਜੀ ਵਰਗਿਆਂ ਦੀ ਅਜਿਹੀ ਧਾਰਨਾ ਹੀ 1925 ਵਿੱਚ ਬਣੇ ਸਿੱਖ ਗੁਰਦੁਆਰਾ ਐਕਟ ਵਿੱਚ “ਸਹਜਧਾਰੀ” ਸ਼ਬਦ ਨੂੰ ਸਿੱਖ ਧਰਮ ਨਾਲ ਜੋੜਨ ਦਾ ਸਬੱਬ ਬਣ ਗਈ ਹੋਵੇ।
ਸਿੱਖ ਗੁਰਦੁਆਰਾ ਐਕਟ1925 ਅਨੁਸਾਰ ਕਿਸੇ ਵਿਅਕਤੀ ਨੂੰ ‘ਸਹਜਧਾਰੀ` ਸਿੱਖ ਦੇ ਤੌਰ ਤੇ ਮਾਨਤਾ ਲੈਣ ਲਈ ਹੇਠ ਲਿਖੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ:
1. ਉਹ ਵਿਅਕਤੀ ਸਿੱਖ ਧਰਮ ਦੀ ਰਹਿਤ ਮਰਿਯਾਦਾ ਅਨੁਸਾਰ ਰਸਮਾਂ ਨਿਭਾਉਂਦਾ ਹੋਵੇ।
2. ਉਹ ਵਿਅਕਤੀ ਤੰਬਾਕੂ ਜਾਂ ਕੁੱਠੇ ਦਾ ਕਿਸੇ ਵੀ ਰੂਪ ਵਿੱਚ ਸੇਵਨ ਨਾ ਕਰਦਾ ਹੋਵੇ।
3. ਉਹ ਵਿਅਕਤੀ ਪਤਿਤ ਨਾ ਹੋਵੇ।
4. ਉਹ ਵਿਅਕਤੀ ਮੂਲਮੰਤਰ ( ‘ਜਪੁ` ਦੇ ਅਰੰਭ ਤੋਂ “ਗੁਰ ਪ੍ਰਸਾਦਿ” ਤਕ) ਦਾ ਜ਼ਬਾਨੀ ਪਾਠ ਕਰ ਸਕਦਾ ਹੋਵੇ।
ਸਪਸ਼ਟ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਦੀਆਂ ਸਬੰਧਤ ਧਾਰਾਵਾਂ ਅਨੁਸਾਰ ਬਾਕੀ ਗੱਲਾਂ ਦੇ ਨਾਲ-ਨਾਲ ‘ਸਹਜਧਾਰੀ` ਸਿੱਖ ਪਤਿਤ ਨਹੀਂ ਹੋਣਾ ਚਾਹੀਦਾ। ਇਹ ਸਰਵਪਰਵਾਨਿਤ ਤੱਥ ਹੈ ਕਿ ਸਿੱਖ ਧਰਮ ਦੇ ਸੰਦਰਭ ਵਿੱਚ ਪਤਿਤ ਉਹ ਹੁੰਦਾ ਹੈ ਜੋ ਨਿਰਧਾਰਤ ਕੁਰਹਿਤਾਂ ਵਿਚੋਂ ਕਿਸੇ ਨਾ ਕਿਸੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਇਹਨਾਂ ਵਿੱਚੋਂ ਇੱਕ ਬੱਜਰ ਕੁਰਹਿਤ ਹੈ ਕੁਦਰਤ ਵੱਲੋਂ ਬਖਸ਼ੇ ਹੋਏ ਕੇਸਾਂ ਨੂੰ ਕਟਵਾ ਲੈਣਾਂ ਜਾਂ ਆਪਣੇ ਕੇਸਾਂ ਦੇ ਕੁਦਰਤੀ ਸਰੂਪ ਨਾਲ ਕਿਸੇ ਹੋਰ ਤਰ੍ਹਾਂ ਦੀ ਛੇੜ-ਛਾੜ ਕਰਨਾ। ਇਸ ਤਰ੍ਹਾਂ ਭਾਵੇਂ ‘ਸਹਜਧਾਰੀ` ਸਿੱਖ ਉਤੇ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਤਾਂ ਨਹੀਂ ਲਗਾਈ ਗਈ ਪਰੰਤੂ ‘ਪਤਿਤ ਨਾ ਹੋਵੇ` ਦੀ ਸ਼ਰਤ ਅਧੀਨ ਉਸ ਲਈ ਕੇਸਧਾਰੀ ਹੋਣਾ ਲਾਜ਼ਮੀ ਹੋ ਜਾਂਦਾ ਹੈ।
ਧਿਆਨ ਨਾਲ ਵੇਖਿਆ ਜਾਵੇ ਤਾਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਤਰਮੀਮ ਦੀ ਜ਼ਰੂਰਤ ਹੈ। ਸਿੱਖ ਵਿਅਕਤੀ ਨੇ ਪਤਿਤ ਤਾਂ ਹੋਣਾ ਹੀ ਨਹੀਂ ਅਤੇ ਇਸ ਕਰਕੇ ਉਸ ਨੇ ਕੇਸਧਾਰੀ ਹੋਣਾ ਹੀ ਹੈ ਭਾਵੇਂ ਉਹ ਅੰਮ੍ਰਿਤਧਾਰੀ ਹੈ ਜਾਂ ਗੈਰ-ਅੰਮ੍ਰਿਤਧਾਰੀ। ਫਿਰ ‘ਸਹਜਧਾਰੀ` ਨੂੰ ਵਿੱਚ ਲਿਆਉਣ ਦੀ ਕੀ ਲੋੜ ਪੈ ਗਈ ਸੀ। ਉਂਜ ਵੀ ਜਿਵੇਂ ਕਿ ਅਸੀਂ ਉਪਰ ਵੇਖ ਆਏ ਹਾਂ ‘ਸਹਜਧਾਰੀ` ਸਬਦ ਹਿੰਦੂ ਫਿਰਕੇ ਦੇ ਕੁੱਝ ਵਿਅਕਤੀਆਂ ਲਈ ਵਰਤੋਂ ਵਿੱਚ ਆਇਆ ਸੀ। ਸਿੱਖਾਂ ਵਿਚੋਂ ਕੋਈ ਵੀ ਵਰਗ ਵੱਖਰੇ ਤੌਰ ਤੇ ‘ਸਹਜਧਾਰੀ` ਕਰਕੇ ਨਹੀਂ ਦਰਸਾਇਆ ਜਾ ਸਕਦਾ।
ਸਿੱਖ ਗੁਰਦੁਆਰਾ ਐਕਟ 1925 ਵਿੱਚ ਹੋਈ ‘ਸਹਜਧਾਰੀ` ਸ਼ਬਦ ਦੀ ਦੁਰਵਰਤੋਂ ਨੇ ਹੀ ਪਿਛਲੇ ਸਮੇਂ ਵਿੱਚ ਪੈਦਾ ਹੋਏ ‘ਸਹਜਧਾਰੀ ਸਿੱਖ` ਸਬੰਧੀ ਵਿਵਾਦ ਨੂੰ ਜਨਮ ਦਿੱਤਾ ਸੀ। ਸੰਨ 2008 ਈਸਵੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਹਲਫਨਾਮਾ ਦਾਖਲ ਕੀਤਾ ਜਿਸ ਦਾ ਜ਼ਿਕਰ ਉਪਰ ਲੇਖ ਦੇ ਅਰੰਭ ਵਿੱਚ ਕੀਤਾ ਗਿਆ ਹੈ। ਇਸ ਹਲਫਨਾਮੇ ਵਿੱਚ ‘ਸਹਜਧਾਰੀ` ਸ਼ਬਦ ਬਾਰੇ ਸਪਸ਼ਟੀਕਰਨ ਦਿੱਤਾ ਹੋਇਆ ਹੈ ਜਿਸ ਕਰਕੇ ਇਸ ਹਲਫਨਾਮੇ ਦੀ ਤਿੱਖੀ ਆਲੋਚਨਾ ਹੋਈ। ਇਹ ਸਪਸ਼ਟੀਕਰਨ ਨੂੰ ਕਥਿਤ ਤੌਰ ਨਾ ਸਿਰਫ ਸਬੰਧਤ ਵਿਦਿਆਰਥਣ ਦੀ ਮਦਦ ਕਰਨ ਦੇ ਮਨਸ਼ੇ ਨਾਲ ਘਸੋੜਿਆ ਗਿਆ ਸੀ ਸਗੋਂ ਭਾਰਤ ਦੀ ਇੱਕ ਉਚ ਅਦਾਲਤ ਵਿੱਚ ਦਾਖਲ ਕੀਤੇ ਗਏ ਹਲਫਨਾਮੇ ਰਾਹੀਂ ਕਥਿਤ ਤੌਰ ਤੇ ‘ਸਿੱਖ` ਦੀ ਪ੍ਰੀਭਾਸ਼ਾ ਵਿੱਚ ਇੱਕ ਵੱਡੀ ਤਬਦੀਲੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਪਰੰਤੂ ਇਸ ਸਪਸ਼ਟੀਕਰਨ ਵਿੱਚ ਗੰਭੀਰ ਅਸੰਗਤੀਆਂ ਨਜ਼ਰੀਂ ਪੈਂਦੀਆਂ ਹਨ ਜੋ ਹੇਠ ਦਿੱਤੇ ਅਨੁਸਾਰ ਹਨ:
1. ਸਪਸ਼ਟੀਕਰਨ ਵਿੱਚ ਸਹਜਧਾਰੀ ਨੰ ਇੱਕ ਸਿੱਖ ਦੇ ਤੌਰ ਤੇ ਦਰਸਾਇਆ ਗਿਆ ਹੈ ਪਰ ਉਹ ਅਜਿਹਾ ਵਿਅਕਤੀ ਹੈ ਜਿਸ ਨੇ ਅਜੇ ਸਿੱਖੀ ਵੱਲ ਜਾਣ ਵਾਲੇ ਰਸਤੇ ਤੇ ਪੈਰ ਧਰਿਆ ਹੀ ਹੈ।
ਜ਼ਾਹਰ ਹੈ ਕਿ ਇਥੇ ਦਰਸਾਇਆ ਗਿਆ ਵਿਅਕਤੀ ਹਾਲੇ ਸਿੱਖੀ ਦੇ ਘੇਰੇ ਤੋਂ ਬਾਹਰ ਹੀ ਹੈ ਅਤੇ ਉਸ ਨੂੰ ‘ਸਿੱਖ` ਕਹਿਣਾ ਅਤਕਥਨੀ ਹੀ ਹੋਵੇਗੀ।
2. ਸਪਸ਼ਟੀਕਰਨ ਅਨੁਸਾਰ ਸਹਜਧਾਰੀ ਵਿਅਕਤੀ ਗੈਰ-ਸਿੱਖ ਪਰਿਵਾਰ ਦਾ ਜੰਮਪਲ ਹੈ, ਸਿੱਖੀ ਦੇ ਖੇਤਰ ਵਿੱਚ ਅਨਜਾਣ ਹੈ ਅਤੇ ਉਸ ਵਿੱਚ ਹੌਲੀ-ਹੌਲੀ ਸਿੱਖੀ ਧਾਰਨ ਕਰ ਲੈਣ ਦੀ ਚੇਸ਼ਟਾ ਹੁੰਦੀ ਹੈ।
ਇਥੇ ਵੀ ਸਪਸ਼ਟ ਹੈ ਕਿ ਸਹਜਧਾਰੀ ਵਿਅਕਤੀ ਨੇ ਹਾਲੇ ਸਿੱਖ ਧਰਮ ਤੋਂ ਬਾਹਰ ਹੀ ਹੁੰਦਾ ਹੈ ਅਤੇ ਉਸ ਨੇ ਇਹ ਧਰਮ ਧਾਰਨ ਨਹੀਂ ਕੀਤਾ ਹੁੰਦਾ।
3. ਸਪਸ਼ਟੀਕਰਨ ਵਿਚੋਂ ‘ਪਤਿਤ` ਹੋ ਜਾਣ ਵਾਲੀ ਸ਼ਰਤ ਨੂੰ ਬੜੀ ਹੀ ਚਲਾਕੀ ਨਾਲ ਇਸ ਮਨਸ਼ਾ ਨਾਲ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ ਕਿ ‘ਸਹਜਧਾਰੀ` ਵਿਅਕਤੀ ਨੂੰ ਪੱਕਾ ਕੇਸਧਾਰੀ ਨਾ ਹੋਣ ਦੀ ਸੂਰਤ ਵਿੱਚ ਵੀ ਕੇਸਧਾਰੀ ਦੇ ਬਰਾਬਰ ਹੀ ਸਿੱਖ ਭਾਈਚਾਰੇ ਦਾ ਅੰਗ ਮੰਨ ਲਿਆ ਜਾਵੇ।

ਬਾਦ ਵਿੱਚ ਆਲੋਚਕਾਂ ਦੇ ਦਬਾਅ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰੋਕਤ ਦੱਸੇ ਹਲਫਨਾਮੇ ਵਿੱਚ ਤਰਮੀਮ ਕਰਦੇ ਹੋਏ ਹਾਈ ਕੋਰਟ ਵਿੱਚ ਇੱਕ ਸੋਧਿਆ ਹੋਇਆ ਹਲਫਨਾਮਾ ਦਾਖਲ ਕਰ ਦਿੱਤਾ ਜਿਸ ਤਹਿਤ ਸਹਜਧਾਰੀ ਸਿੱਖ ਲਈ ਕੇਸਧਾਰੀ ਹੋਣਾ ਲਾਜ਼ਮੀ ਕਰਾਰ ਦਿੱਤਾ ਗਿਆ ਭਾਵੇਂ ਕਿ ਉਸ ਨੇ ਹਾਲੇ ਅੰਮ੍ਰਿਤ ਨਹੀਂ ਵੀ ਛਕਿਆ ਹੋਇਆ। ਸੋਧੇ ਹੋਏ ਹਲਫਨਾਮੇ ਦੇ ਅਧਾਰ ਤੇ ਮਾਨ ਯੋਗ ਪੰਜਾਬ ੳਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਸਿੱਖ ਵਿਅਕਤੀ ਲਈ ਕੇਸਧਾਰੀ ਹੋਣਾ ਲਾਜ਼ਮੀ ਹੋਵੇਗਾ। ਸਪਸ਼ਟ ਰੂਪ ਵਿੱਚ ‘ਸਹਜਧਾਰੀ ਸਿੱਖ` ਦੀ ਪ੍ਰੀਭਾਸ਼ਾ ਬਦਲ ਦਿੱਤੀ ਗਈ ਹੈ ਕਿਉਂਕਿ ਹੁਣ ਸਹਜਧਾਰੀ ਲਈ ਵੀ ਕੇਸਧਾਰੀ ਹੋਣਾ ਜ਼ਰੂਰੀ ਹੈ ਭਾਵੇਂ ਕਿ ਉਸ ਨੇ ਹਾਲੇ ਖੰਡੇ-ਬਾਟੇ ਦੀ ਪਹੁਲ ਪ੍ਰਾਪਤ ਨਹੀਂ ਕੀਤੀ। ਪਰੰਤੂ ਪਰਨਾਲਾ ਉਥੇ ਦਾ ੳਥੇ ਹੀ ਹੈ ਕਿਉਂਕਿ ਹਾਈ ਕੋਰਟ ਦਾ ਇਹ ਫੈਸਲਾ ਸਿੱਖ ਗੁਰਦੁਆਰਾ ਐਕਟ 1925 ਦਾ ਅਨੁਸਾਰੀ ਹੀ ਹੈ ਅਤੇ, ਜਿਵੇਂ ਕਿ ਅਸੀਂ ਉਪਰ ਵੇਖ ਆਏ ਹਾ, ਕਿ ਸਬੰਧਿਤ ਐਕਟ ਵਿੱਚ ‘ਸਹਜਧਾਰੀ` ਸ਼ਬਦ ਐਵੇਂ ਹੀ ਘਸੋੜਿਆ ਹੋਇਆ ਹੈ।
‘ਸਹਜਧਾਰੀ` ਸ਼ਬਦ ਨੂੰ ਸਿੱਖ ਗੁਰਦੁਆਰਾ ਐਕਟ 1925 ਰਾਹੀਂ ਸਿੱਖ ਧਰਮ ਨਾਲ ਜੋੜ ਦੇਣ ਕਰਕੇ ਹੀ ਸਹਜਧਾਰੀ ਸਿੱਖ ਸਭਾ ਵਾਲੇ ਉਹਨਾਂ ਵਿਅਕਤੀਆਂ ਨੂੰ ਸਿੱਖ ਭਾਈਚਾਰੇ ਦਾ ਹਿੱਸਾ ਮੰਨ ਲੈਣ ਤੇ ਜ਼ੋਰ ਦੇ ਰਹੇ ਹਨ ਜੋ ਸਿੱਖ ਗੁਰੂਆਂ ਪ੍ਰਤੀ ਸ਼ਰਧਾ ਰਖਦੇ ਹਨ ਅਤੇ ਸਿੱਖ ਗੁਰੂਆਂ ਦੀ ਸਿਖਿਆ ਉਤੇ ਅਮਲ ਵੀ ਕਰਦੇ ਹਨ ਪਰੰਤੂ ਉਹ ਕੇਸਧਾਰੀ ਹੋਣ ਦੀ ਸ਼ਰਤ ਨਹੀਂ ਮੰਨਣਾ ਚਾਹੁੰਦੇ। ਸਹਜਧਾਰੀ ਸਿੱਖ ਸਭਾ ਵਾਲਿਆਂ ਅਨੁਸਾਰ ਪਤਿਤ ਹੋਣ ਦਾ ਡਰ ਕੇਵਲ ਅੰਮ੍ਰਿਤਧਾਰੀ ਨੂੰ ਹੀ ਹੋ ਸਕਦਾ ਹੈ, ਭਾਵ ਵਾਲ ਵੀ ਕਟਵਾ ਲਵੋ, ਮਨਮਰਜ਼ੀ ਦਾ ਖਾਓ-ਪੀਓ ਵੀ, ਐਸ਼ ਵੀ ਕਰੋ ਅਤੇ ਸਿੱਖ ਵੀ ਕਹਿਲਾਈ ਜਾਓ ਕਿਉਂਕਿ ਆਪਾਂ ਤਾਂ ਪਤਿਤ ਹੋਣਾ ਹੀ ਨਹੀਂ। ਸਪਸ਼ਟ ਹੈ ਕਿ ਸਹਜਧਾਰੀ ਸਿੱਖ ਸਭਾ ਵਾਲਿਆਂ ਦਾ ਮੱਤ ਬਿਲਕੁਲ ਤਰਕਹੀਣ ਹੈ ਅਤੇ ਇਹ ਸਿੱਖ ਗੁਰਦੁਆਰਾ ਐਕਟ 1925 ਵਿੱਚ ਬੇਮਤਲਬ ਹੀ ‘ਸਹਜਧਾਰੀ` ਸ਼ਬਦ ਨੂੰ ਸ਼ਾਮਲ ਕੀਤੇ ਜਾਣ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਕਾਰਵਾਈ ਹੈ।
ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਅਜ-ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖਾ ਰਹੀ ਹੈ, ਇਹ ਸ਼ਕ ਪੈਦਾ ਹੋਣਾ ਸੁਭਾਵਕ ਹੀ ਹੈ ਕਿ ਮਾਨ ਯੋਗ ਪੰਜਾਬ ੳਤੇ ਹਰਿਆਣਾ ਹਾਈ ਕੋਰਟ ਵਿੱਚ ਜੋ ਉਪਰੋਕਤ ਦਸਿੱਆ ਗਿਆ ਹਲਫਨਾਮਾਂ ਪਹਿਲਾਂ ਦਾਖਲ ਕੀਤਾ ਗਿਆ ਸੀ ਉਸ ਵਿਚਲਾ ਸਪਸ਼ਟੀਕਰਨ ਸਹਜਧਾਰੀ ਸਿੱਖ ਸਭਾ ਵਾਲਿਆਂ ਦੇ ਪਰਭਾਵ ਹੇਠਾਂ ਆ ਕੇ ਹੀ ਤਿਆਰ ਕੀਤਾ ਗਿਆ ਸੀ। ਹੁਣ ਸਹਜਧਾਰੀ ਸਿੱਖ ਸਭਾ ਦੇ ਪਰਧਾਨ ਡਾ. ਪਰਮਜੀਤ ਸਿੰਘ ਰਾਣੂ ਨੇ ਨਵਾਂ ਸ਼ੋਸ਼ਾ ਛਡਿਆ ਹੈ ਕਿ ਇਹ ਦਸਿਆ ਜਾਵੇ ਕਿ ਸਿੱਖਾਂ ਦੀ ਧਾਰਮਿਕ ਪੁਸਤਕ ਸ੍ਰੀ ਗ੍ਰੰਥ ਸਾਹਿਬ ਵਿੱਚ ਕਿਥੇ ਲਿਖਿਆ ਹੋਇਆ ਹੈ ਕਿ ਇੱਕ ਸਿੱਖ ਵਿਅਕਤੀ ਲਈ ਕੇਸ ਰੱਖਣੇ ਜ਼ਰੂਰੀ ਹਨ ਅਤੇ ਸਿੱਖ ਪਰਿਵਾਰਾਂ ਵਿੱਚ ਜਨਮ ਲੈਣ ਵਾਲਿਆਂ ਨੂੰ ਸਿੱਖ ਮੰਨਣ ਤੋਂ ਕਿਵੇਂ ਇਨਕਾਰੀ ਹੋਇਆ ਜਾ ਸਕਦਾ ਹੈ? ਕਈ ਸਿੱਖ ਵਿਦਵਾਨ ਮੀਡੀਆ ਰਾਹੀਂ ਡਾ. ਰਾਣੂ ਦੇ ਇਹਨਾਂ ਸਵਾਲਾਂ ਦਾ ਜਵਾਬ ਦੇ ਚੁੱਕੇ ਹਨ। ਉਹਨਾਂ ਨੇ ਡਾ. ਰਾਣੂ ਨੂੰ ਇਹਨਾਂ ਨੁਕਤਿਆਂ ਸਬੰਧੀ ਖੁੱਲੀ ਬਹਿਸ ਲਈ ਵੀ ਵੰਗਾਰਿਆ ਹੈ ਪਰੰਤੂ ਡਾ. ਰਾਣੂ ਹਾਲੇ ਤਕ ਖੁਲ੍ਹੀ ਬਹਿਸ ਲਈ ਅੱਗੇ ਨਹੀਂ ਆਏ। ਇਸ ਤਰ੍ਹਾਂ ਹੁਣ ਤਾਂ ਸਥਿਤੀ ਇਹ ਆ ਗਈ ਹੈ ਕਿ ਕੇਵਲ ਅੰਮ੍ਰਿਤਧਾਰੀ ਨੂੰ ਹੀ ਸਿੱਖ ਮੰਨਿਆਂ ਜਾਵੇ, ਕਿਸੇ ਹੋਰ ਨੂੰ ਨਹੀਂ।
ਮਸਲੇ ਦਾ ਸਦੀਵੀ ਹਲ ਸਿੱਖ ਗੁਰਦੁਆਰਾ ਐਕਟ 1925 ਵਿਚੋਂ ‘ਸਹਜਧਾਰੀ` ਸ਼ਬਦ ਹਟਾ ਦੇਣ ਨਾਲ ਹੀ ਨਿਕਲ ਸਕਦਾ ਹੈ ਤਾਂ ਕਿ ਕਿਸੇ ਧਿਰ ਨੂੰ ਇਸ ਵੇਲੇ ਦੀ ਸਥਿਤੀ ਵਿਚੋਂ ਨਾਜਾਇਜ਼ ਲਾਭ ਉਠਾਉਣ ਦਾ ਮੌਕਾ ਨਾ ਮਿਲੇ। ਇਸ ਲਈ ਇਸ ਐਕਟ ਵਿੱਚ ਲੋੜੀਂਦੀ ਸੋਧ ਕਰਵਾਉਣ ਲਈ ਹਰ ਹੁੰਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।
ਫੋਨ: 9317910734
.