.

ਬਾਬਾ ਡਾਂਗ ਪੀਰ
ਗੁਰਸ਼ਰਨ ਸਿੰਘ ਕਸੇਲ

ਤਕਰੀਬਨ 42ਕੁ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸਾਂ। ਸਾਡੇ ਇੱਕ ਹੈਡਮਾਸਟਰ ਜੀ ਹੁੰਦੇ ਸਨ ਜਿੰਨਾਂ ਦਾ ਨਾਂਅ ਮਾਸਟਰ ਤੁਲਸੀ ਦਾਸ ਸੀ। ਉਹ ਬਹੁਤ ਮੇਹਨਤੀ ਅਧਿਆਪਕ ਸਨ ਅਤੇ ਸਕੂਲ ਦਾ ਕੰਮ ਨਾਂ ਕਰਨ ਵਾਲਿਆਂ ਨੂੰ ਮਾਰਦੇ ਵੀ ਬਹੁਤ ਸਨ। ਉਹ ਭੜ੍ਹਾਈ ਕਰਵਾਉਣ ਦੇ ਨਾਲ ਨਾਲ ਚੰਗੇ ਇੰਨਸਾਨ ਬਣਨ ਅਤੇ ਕਰਮਕਾਂਡਾਂ ਤੇ ਅੰਧਵਿਸ਼ਵਾਸਾਂ ਵਿੱਚ ਫਸਣ ਤੋਂ ਵੀ ਸੁਚੇਤ ਕਰਦੇ ਰਹਿੰਦੇ ਸਨ। ਇੱਕ ਦਿਨ ਉਹ ਮੜੀਆਂ, ਕਬਰਾਂ ਅਤੇ ਸਮਾਧਾਂ ਨੂੰ ਮੱਥਾ ਤੇ ਨੱਕ ਰਗੜਨ ਵਾਲੇ ਲੋਕਾਂ ਦੀ ਗੱਲ ਕਰ ਰਹੇ ਸਨ ਤਾਂ ਉਹਨਾਂ ਇੱਕ ਅਜਿਹੀ ਬਣੀ ਸਮਾਧ ਦੀ ਗੱਲ ਸੁਣਾਈ ਜਿਹੜੀ ਮੈਂਨੂੰ ਬਹੁਤ ਵਾਰੀ ਯਾਦ ਆਉਂਦੀ ਹੈ।
ਉਹਨਾਂ ਨੇ ਦੱਸਿਆ, ਇੱਕ ਔਰਤ ਕਿਸੇ ਪਿੰਡੋਂ ਤੁਰੀ ਆ ਰਹੀ ਸੀ। ਉਸ ਰਸਤੇ ਰਾਹੀਂ ਹੋਰ ਵੀ ਕਾਫ਼ੀ ਲੋਕ ਆ ਰਹੇ ਸਨ। ਉਸ ਔਰਤ ਨੂੰ ਕੁੱਝ ਚਿਰ ਤੋਂ ਪਸ਼ਾਬ ਜ਼ੋਰ ਪਾ ਰਿਹਾ ਸੀ ਪਰ ਲੋਕਾਂ ਦੀ ਆਵਾਜਾਈ ਕਾਰਨ ਉਸਨੂੰ ਇਕਾਂਤ ਨਹੀਂ ਸੀ ਮਿਲ ਰਹੀ। ਉਸ ਔਰਤ ਨੇ ਘਗਰਾ ਪਾਇਆ ਹੋਇਆ ਸੀ। ਉਹ ਪਸ਼ਾਬ ਦੇ ਜ਼ੋਰ ਕਾਰਨ ਹਾਰ ਕੇ, ਰਸਤੇ ਦੇ ਕੰਢੇ ਤੇ ਬੈਠਕੇ ਪਸ਼ਾਬ ਕਰਨ ਲੱਗ ਪਈ।
ਉਹ ਅਜੇ ਪਸ਼ਾਬ ਕਰ ਹੀ ਰਹੀ ਸੀ ਕਿ ਉਸਨੇ ਵੇਖਿਆ ਕਿ ਥੋੜੀ ਹੀ ਦੂਰੀ ਤੇ ਪਿੱਛੋਂ ਇੱਕ ਆਦਮੀ ਆ ਰਿਹਾ ਸੀ। ਉਸ ਔਰਤ ਨੇ ਸੋਚਿਆ ਕਿ ਜੇ ਮੈਂ ਇੰਜ਼ ਹੀ ਉਠ ਬੈਠੀ ਤਾਂ ਮਾੜੀ ਗੱਲ ਹੈ ਉਸ ਆਦਮੀ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪਸ਼ਾਬ ਕਰ ਰਹੀ ਸਾਂ। ਉਸਨੇ ਉਥੇ ਬੈਠੇ ਬੈਠੇ ਹੀ ਥੋੜ੍ਹਾ ਜਿਹਾ ਪਿੱਛਾਂਹ ਹੋ ਕੇ ਆਪਣੇ ਪਿਸ਼ਾਬ ਵਾਲੀ ਥਾਂ ਉਤੇ ਦੋਵੇ ਹੱਥਾਂ ਨਾਲ ਆਸੇ ਪਾਸੇ ਤੋਂ ਮਿੱਟੀ-ਘਟਾ ਇੱਕਠਾ ਕਰਕੇ ਪਾਉਣਾ ਸ਼ੁਰੂ ਕਰ ਦਿੱਤਾ। ਏਨੇ ਚਿਰ ਨੂੰ ਲਾਗੇ ਆਉਣ ਵਾਲਾ ਰਾਹਗੀਰ ਵੀ ਉਸ ਕੋਲ ਪਾਹੁੰਚ ਗਿਆ। ਉਸ ਰਾਹਗੀਰ ਨੇ ਮਿੱਟੀ-ਘਟਾ ਇੱਕਠਾ ਕਰ ਰਹੀ ਔਰਤ ਨੂੰ ਕਿਹਾ, ਕਿ ਇਹ ਤੂੰ ਕੀ ਕਰ ਰਹੀ ਹੈ? ਉਸ ਔਰਤ ਨੇ ਬੜੀ ਚੁਸਤੀ ਨਾਲ ਜਵਾਬ ਦਿੱਤਾ, ਵੀਰਾ, ਇਥੇ ਬਹੁਤ ਸਮਾਂ ਪਹਿਲਾਂ ਬਹੁਤ ਜਾਹਰੇ “ਬਾਬੇ ਮੂਤਰ ਸ਼ਾਹ” ਦੀ ਸਮਾਧ ਹੁੰਦੀ ਸੀ, ਪਰ ਉਸਨੂੰ ਲੋਕਾਂ ਨੇ ਭੰਨ ਤੋੜ ਦਿੱਤਾ ਹੈ। ਹੁਣ ਉਸ ਸਮਾਧ ਦਾ ਨਾਮੋ ਨਿਸ਼ਾਂਨ ਵੀ ਨਹੀਂ ਰਹਿ ਗਿਆ। ਇਸ ਲਈ ਮੈਂ ਇਥੇ ਮਿੱਟੀ –ਘਟਾ ਇੱਕਠਾ ਕਰਕੇ ਢੇਰੀ ਬਣਾ ਰਹੀ ਹਾਂ ਤਾਂ ਜੋ ਉਸਦੀ ਨਿਸ਼ਾਨੀ ਬਣੀ ਰਹੇ।
ਇਹ ਗੱਲ ਸੁਣਕੇ ਉਹ ਰਾਹਗੀਰ ਵੀ ਉਸ ਨਾਲ ਮਿੱਟੀ ਇੱਕਠੀ ਕਰਨ ਲੱਗ ਪਿਆ। ਏਨੇ ਚਿਰ ਨੂੰ ਉਥੇ ਕੁੱਝ ਹੋਰ ਆਦਮੀ ਆ ਗਏ ਅਤੇ ਉਹਨਾਂ ਨੇ ਆਸੇ ਪਾਸੇ ਤੋਂ ਕਾਫੀ ਮਿੱਟੀ ਪੁਟਕੇ ਵੱਡੀ ਢੇਰੀ ਬਣਾ ਦਿਤੀ। ਮਾਸਟਰ ਜੀ ਦੱਸਦੇ ਸਨ ਕਿ ਕੁੱਝ ਚਿਰ ਪਿੱਛੋਂ ਕਿਸੇ ਹੋਰ ਸ਼ਰਧਾਲੂ ਨੇ ਉਸ ਸਮਾਧ ਨੂੰ ਪਕੀਆਂ ਇੱਟਾਂ ਨਾਲ ਬਣਾ ਦਿਤਾ ਸੀ। ਉਹ ਕਹਿੰਦੇ ਮੇਰੇ ਵੇਖਦੇ ਵੇਖਦੇ ਉਸ ਸਮਾਧ ਦੀ ਕਾਫ਼ੀ ਮਾਨਤਾ ਹੋਣ ਲੱਗ ਪਈ ਸੀ।
ਮਾਸਟਰ ਜੀ ਦੀ ਸੁਣਾਈ ਇਹ ਗੱਲ ਜਦੋਂ ਮੈਂਨੂੰ ਯਾਦ ਆਉਂਦੀ ਸੀ ਤਾਂ ਮੈਂ ਸੋਚਦਾ ਹੁੰਦਾ ਸੀ ਕਿ ਸ਼ਾਇਦ ਇਹ ਗੱਲ ਮਾਸਟਰ ਜੀ ਨੇ ਸਾਨੂੰ ਮਜ਼ਾਕ ਨਾਲ ਹੀ ਸੁਣਾਈ ਹੈ। ਭਲਾ ਕੋਈ ਏਨਾ ਅੰਧਵਿਸ਼ਵਾਸੀ ਤੇ ਕਰਮਕਾਂਢੀ ਵੀ ਹੋਵੇਗਾ? ਪਰ ਹੁਣ ਮੈਂਨੂੰ ਉਹਨਾਂ ਦੀ ਗੱਲ ਤੇ ਯਕੀਨ ਆ ਗਿਆ ਹੈ ਕਿਉਂਕਿ ਅਜਿਹੀ ਹੀ ਇੱਕ ਜਗ੍ਹਾ ਮੇਰੀ ਜਾਣਕਾਰੀ ਵਿੱਚ ਵੀ ਹੈ ਜਿਥੇ ਪਹਿਲਾਂ ਕੁੱਝ ਨਹੀਂ ਸੀ।

ਸਾਡਾ ਪਿੰਡ ਕਸੇਲ ਜੋ ਇਸ ਵੇਲੇ ਅੰਮ੍ਰਿਤਸਰ ਜਿਲ੍ਹੇ ਨਾਲੋਂ ਲਾਹ ਕੇ ਤਰਨ ਤਾਰਨ ਨਾਲ ਜੋੜ ਦਿਤਾ ਗਿਆ ਹੈ। ਇਸ ਦੀ ਜਮੀਨ ਇੱਕ ਪਾਸੇ ਮਾਣਕਪੁਰਾ, ਗੰਡੀਵਿੰਡ ਤੇ ਚੀਚਾ ਪਿੰਡਾਂ ਨਾਲ ਵੀ ਲਗਦੀ ਹੈ, ਉਥੇ ਇੱਕ ਪਾਸੇ ਤੋਂ ਜੰਗਲਾਤ ਮਹਿਕਮੇ ਦੀ ਕਾਫ਼ੀ ਜਮੀਨ ਸ਼ੁਰੂ ਹੁੰਦੀ ਹੈ। ਮੈਂ ਉਥੇ ਛੋਟੇ ਹੁੰਦਿਆ ਆਪਣੇ ਵਾਗੀਆਂ ਨਾਲ ਮਾਲ ਚਾਰਨ ਵੀ ਜਾਂਦਾ ਰਿਹਾ ਹਾਂ ਅਤੇ ਬਾਦ ਵਿੱਚ ਅਸੀਂ ਉਥੇ ਸ਼ਿਕਾਰ ਵੀ ਖੇਡਦੇ ਰਹੇ ਹਾਂ। ਉਥੇ ਤਕਰੀਬਨ 1980 ਕੁ ਦੇ ਲਾਗੇ ਸਾਨੂੰ ਸੁਣਨ ਨੂੰ ਮਿਲਦਾ ਸੀ ਕਿ ਰਖ ਵਾਲੇ ਕੱਲਰ ਵਿੱਚ “ਬਾਬਾ ਡਾਂਗ ਪੀਰ” ਬਣਾਇਆ ਹੈ। ਉਥੇ ਇੱਕ ਲੱਕੜ ਦੀ ਛੇ ਕੁ ਫੁੱਟ ਦੀ ਡਾਂਗ ਗੱਡੀ ਸੀ, ਫਿਰ ਉਸਦੇ ਉਤੇ ਹਰੇ ਰੰਗ ਦਾ ਪਾਟਾ ਜਿਹਾ ਕਪੜਾ ਬੰਨ੍ਹ ਦਿਤਾ ਸੀ। ਇਹ ਡਾਂਗ ਪੀਰ ਕੋਣ ਹੈ, ਇਸ ਦੀ ਹੋਂਦ ਵੀ “ਬਾਬੇ ਮੂਤਰ ਸ਼ਾਹ” ਦੀ ਸਮਾਧ ਨਾਲ ਮਿਲਦੀ ਜੁਲਦੀ ਹੈ।
ਬਾਬੇ ਡਾਂਗ ਪੀਰ ਵਾਲੀ ਜਾਗ੍ਹਾ ਦੀ ਹੋਂਦ ਇੰਜ਼ ਹੋਈ ਹੈ। ਉਸ ਕੱਲਰ ਵਿੱਚ ਸਾਡੇ ਪਿੰਡ ਦੇ ਵਾਗੀ ਮਾਲ ਚਾਰਨ ਜਾਂਦੇ ਹੁੰਦੇ ਸਨ। ਉਥੇ ਜਮੀਨ ਕਾਫ਼ੀ ਦੂਰ ਦੂਰ ਤੱਕ ਖਾਲੀ ਹੁੰਦੀ ਸੀ। ਵਾਗੀਆਂ ਦੇ ਡੰਗਰ ਦੂਰ ਚਲੇ ਜਾਂਦੇ ਸਨ ਇਸ ਕਰਕੇ ਕਈ ਵਾਗੀ ਉਹਨਾ ਬਾਰੇ ਫਿਕਰ ਮੰਦ ਹੁੰਦੇ ਸਨ। ਇਹ ਸਾਰੇ ਵਾਗੀ ਇੱਕ ਥਾਂ ਬੈਠਕੇ ਤਾਸ਼ ਖੇਡਦੇ ਹੁੰਦੇ ਸਨ। ਜਦੋਂ ਕਿਸੇ ਵਾਗੀ ਨੇ ਤਾਸ਼ ਛੱਡਕੇ ਆਪਣੇ ਡੰਗਰ ਮੋੜਨ ਜਾਣ ਦੀ ਗੱਲ ਕਰਨੀ ਤਾਂ ਕੁੱਝ ਸ਼ਰਾਰਤੀ ਵਗੀਆਂ ਨੇ ਕਹਿਣਾ ਕਿ “ਆਪੇ ਡਾਂਗ ਪੀਰ” ਡੰਗਰਾਂ ਦਾ ਖਿਆਲ ਰੱਖੇਗਾ ਤੂੰ ਬੈਠਾ ਤਾਸ਼ ਖੇਡ”। ਉਥੇ ਇੱਕ ਨਿੱਕਾ ਜਿਹਾ ਟੋਆ ਪੁਟਕੇ ਉਸ ਵਿੱਚ ਇੱਕ ਮਾਲ ਚਾਰਨ ਵਾਲੀ ਡਾਂਗ ਗੱਡ ਦੇਣੀ। ਇਥੋਂ ਹੋਈ ਹੈ ਉਸ “ਬਾਬਾ ਡਾਂਗ ਪੀਰ” ਦੀ ਸਮਾਧ ਦੀ ਸ਼ੁਰੂਆਤ। ਫਿਰ ਚੱਵੀ -ਪੰਚੀ ਕੁ ਸਾਲ ਪਹਿਲਾਂ ਸਣੁਨ ਵਿੱਚ ਆਉਂਦਾ ਸੀ ਕਿ ਕਈ ਲੋਕ ਸ਼ਰਾਬ ਕੱਢਣ ਵਾਲੇ ਆਪਣੀ ਸ਼ਰਾਬ ਚੰਗੀ ਜਾਂ ਬਹੁਤੀ ਨਿਕਲਣ ਦੀ ਸੁੱਖਣਾ ਉਸ ਥਾਂ ਤੇ ਸੁੱਖਦੇ ਸਨ ਅਤੇ ਉਥੇ ਡਾਂਗ ਕੋਲ ਇੱਕ ਦੋ ਬੋਤਲਾ ਛੱਡ ਆਉਂਦੇ ਸਨ ਜੋ ਦੂਸਰੇ ਪਿਆਕਲ ਉਥੋਂ ਚੁੱਕ ਕੇ ਲੈ ਜਾਂਦੇ ਸਨ।
ਕੁਝ ਦਿਨ ਹੋਏ ਸਾਡੇ ਪਿੰਡੋਂ ਮੇਰਾ ਇੱਕ ਦੋਸਤ ਆਇਆ ਸੀ। ਉਸਨੇ ਦੱਸਿਆ ਕਿ ਹੁਣ “ਬਾਬੇ ਡਾਂਗ ਪੀਰ” ਦੀ ਸਮਾਧ ਤੇ ਅੰਮ੍ਰਿਤਧਾਰੀ ਬੀਬੀਆਂ ਤੱਕ ਵੀ ਮੱਥਾ ਟੇਕਣ ਤੇ ਆਪਣੀ ਸੁੱਖਣਾ ਸੁੱਖਣ ਜਾਂਦੀਆਂ ਹਨ। ਇਹ ਗੱਲਾਂ ਸੁਣਕੇ ਮੈਂਨੂੰ ਮਾਸਟਰ ਜੀ ਦੀ ਸੁਣਾਈ 42-43 ਸਾਲ ਪਹਿਲਾਂ ਦੀ ਗੱਲ ਅਤੇ ਅੱਜ ਦੇ ਲੋਕਾਂ ਨੂੰ ਮਾਨਸਕ ਤੌਰ ਤੇ ਇਨੇ ਡਰਪੋਕ ਹੋਣ ਦੇ ਕਾਰਨ ਵਹਿਮਾ ਭਰਮਾ ਵਿੱਚ ਫੱਸੇ ਹੋਣ ਵਿੱਚ ਕੋਈ ਫ਼ਰਕ ਨਹੀਂ ਲੱਗਾ। ਅੱਜ ਕਹਿਣ ਸੁਣਨ ਨੂੰ ਭਾਂਵੇਂ ਅਸੀਂ ਸਿੱਖ ਅਖਵਾਉਣ ਵਾਲੇ “ਸ਼ਬਦ ਗੁਰੂ” ਨੂੰ ਜਾਨੀ ਕਿ ਸੱਚ ਦੇ ਗਿਆਨ ਨੂੰ ਮੰਨਣ ਵਾਲੇ ਹਾਂ, ਪਰ ਸਾਡੀ ਕੌਮ ਦੀ ਬਹੁਗਿਣਤੀ ਦੀ ਹਾਲਤ ਤਾਂ ਉਪਰੋਕਤ ਦਿਤੀ ਜਗ੍ਹਾ ਦੀ ਹੋ ਰਹੀ ਮਾਨਤਾ ਤੋਂ ਇਹ ਲੱਗਦਾ ਹੈ ਕਿ ਅੱਜ ਸਿੱਖ ਅਖਵਾਉਣ ਵਾਲੇ ਵੀ ਕਿਸੇ ਸਾਧ ਬਾਬੇ ਜਾਂ ਮੜੀਆਂ ਮਸਾਣਾ ਤੇ ਮੱਥੇ ਟੇਕਣ ਅਤੇ ਨੱਕ ਰੱਗੜਨ ਲੱਗੇ ਜ਼ਰਾ ਵੀ ਆਪਣੇ ਦਿਮਾਗ ਵਿੱਚ ਵਿਚਾਰ ਨਹੀਂ ਕਰਦੇ, ਸਗੋਂ ਸਾਡੇ ਵਿੱਚ ਵੀ ਭੇਡ ਚਾਲ ਹੀ ਭਾਰੂ ਹੈ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਜਾਂ ਪੜ੍ਹਨਾ ਸਿਰਫ ਇੱਕ ਰਸਮੀ ਤੌਰ ਤੇ ਹੀ ਇਹ ਸੱਭ ਕੁੱਝ ਕਰਦੇ ਹਾਂ। ਜੋ ਸਿੱਖ ਕੌਮ ਦੀ ਅੱਜ ਹਾਲਤ ਹੈ ਇਸ ਤੋਂ ਤਾਂ ਇਹ ਹੀ ਲੱਗਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਤੇ ਯਕੀਨ ਨਹੀਂ ਕਰਦੇ ਤਾਂ ਹੀ ਤਾਂ ਅਸੀਂ ਦਰ- ਦਰ ਤੇ ਭਟਕਦੇ ਫਿਰਦੇ ਹਾਂ। ਗੁਰਬਾਣੀ ਤਾਂ ਸਾਨੂੰ ਸਮਝਾਉਂਦੀ ਹੈ: ਕਹਤ ਕਬੀਰ, ਸੁਨਹੁ ਰੇ ਪ੍ਰਾਨੀ, ਛੋਡਹੁ ਮਨ ਕੇ ਭਰਮਾ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ, ਪਰਹੁ ਏਕ ਕੀ ਸਰਨਾ॥ (ਪੰਨਾ 682)
ਕਾਸ਼! ਅਸੀਂ ਗੁਰਬਾਣੀ ਨੂੰ ਸਮਝਣ ਅਤੇ ਉਸ ਅਨੁਸਾਰ ਜੀਵਨ ਜੀਣ ਦਾ ਯਤਨ ਕਰੀਏ!




.