.

ਸੇਵਾਦਾਰ ਦਾ ਹੁਕਮਨਾਮਾ

(ਸ. ਦਰਸ਼ਨ ਸਿੰਘ ਖਾਲਸਾ ਜੀ ਦੇ ਸਿੱਖਮਾਰਗ ਵੈਬਸਾਈਟ ਤੇ ਆਏ 12. 07. 2010 ਦੇ ਪੱਤਰ ਵਿੱਚ ਗ੍ਰੰਥ ਸਾਹਿਬ ਦੇ ਅਧਿਐਨ ਸਬੰਧੀ ਵਿਚਾਰਵਾਨਾਂ ਦੀ ਭੂਮਿਕਾ ਬਾਰੇ ਅਹਿਮ ਮੁੱਦਾ ਉਠਾਇਆ ਗਿਆ ਹੈ। ਇਹ ਲੇਖ ਖਾਲਸਾ ਜੀ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨੂੰ ਵਿਸ਼ਾ ਬਣਾ ਕੇ ਲਿਖਿਆ ਗਿਆ ਹੈ। --- ਲੇਖਕ)

ਸਮੇਤ ਸ. ਦਰਸ਼ਨ ਸਿੰਘ ਖਾਲਸਾ ਜੀ ਦੇ ਬਹੁਤੇ ਸਿੱਖ ਵਿਚਾਰਵਾਨਾਂ ਦੀ ਸੋਚ ਦੀ ਤਰਾਸਦੀ ਇਹ ਹੈ ਕਿ ਉਹ ਗ੍ਰੰਥ ਸਾਹਿਬ ਦੇ ਗੁਰੂ ਰੂਪ ਭਾਵ ਸ਼ਬਦ-ਗੁਰੂ ਦੇ ਸੰਕਲਪ ਅਤੇ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਭਾਵ ਇਸਦੇ ਪਾਠ ( text ) ਵਿਚਲੇ ਫਰਕ ਨੂੰ ਨਹੀਂ ਪਛਾਣਦੇ। ਇਸ ਕਰਕੇ ਉਹ ਆਪ ਵੀ ਭੰਬਲਭੂਸੇ ਵਿੱਚ ਫਸੇ ਹੋਏ ਹਨ ਅਤੇ ਕੌਮ ਨੂੰ ਵੀ ਖਾਹ-ਮੁਖਾਹ ਹੀ ਉਲਝਣ ਵਿੱਚ ਪਾ ਰਹੇ ਹਨ।

ਸ. ਦਰਸ਼ਨ ਸਿੰਘ ਖਾਲਸਾ ਜੀ ਦੀ ਦੇ ਆਪਣੇ ਹੀ ਲਫਜ਼ਾਂ ਵਿੱਚ “ਗੁਰਬਾਣੀ ਸਮਝਣ ਵੀਚਾਰਨ ਅਤੇ ਜੀਵਨ ਵਿੱਚ ਧਾਰਨ ਕਰਨ ਦਾ ਵਿਸ਼ਾ ਹੈ ਕਿਉਂਕਿ ਗੁਰਬਾਣੀ ਸਿੱਖ ਦੀ ਜੀਵਨ ਜੁਗਤ ਹੈ”। ਸਪਸ਼ਟ ਹੈ ਕਿ ਖਾਲਸਾ ਜੀ ਇਥੇ ਮਨੁੱਖੀ ਜੀਵਨ-ਜੁਗਤ ਲਈ ਸੇਧ ਦੇਣ ਵਾਲੇ ਗੁਰਬਾਣੀ ਦੇ ਸੰਦੇਸ਼ ਦੀ ਗੱਲ ਕਰ ਰਹੇ ਹਨ। ਗੁਰਬਾਣੀ ਦਾ ਅਜਿਹਾ ਸੰਦੇਸ਼ ਹੀ ਸਿੱਖਾਂ ਦਾ ਗੁਰੂ ਹੈ ਜਿਸ ਨੂੰ ਅਸੀਂ ਸ਼ਬਦ-ਗੁਰੂ ਵੀ ਕਹਿ ਲੈਂਦੇ ਹਾਂ। ਪਰੰਤੂ ਗ੍ਰੰਥ ਸਾਹਿਬ ਦਾ ਪੁਸਤਕ ਰੂਪ ਕਿਆਸਣਾ ਇੱਕ ਵੱਖਰੀ ਗੱਲ ਹੈ। ਅਸਲ ਵਿੱਚ ਅਸੀਂ ਸਾਰਿਆਂ ਨੇ ਗੁਰਬਾਣੀ ਵਿੱਚੋਂ ਮਿਲਦੇ ਜੀਵਨ-ਜੁਗਤ ਬਣਨ ਵਾਲੇ ਸੰਦੇਸ਼ ਦੇ ਨਾਲ-ਨਾਲ ਵੱਖਰੇ ਤੌਰ ਤੇ ਗ੍ਰੰਥ ਸਾਹਿਬ ਦਾ ਪੁਸਤਕ ਰੂਪ ਵੀ ਸਵੀਕਾਰ ਕੀਤਾ ਹੋਇਆ ਹੈ। ਇਸ ਸਬੰਧੀ ਕੁੱਝ ਉਦਾਹਰਣਾਂ ਹੇਠਾਂ ਪੇਸ਼ ਹਨ:

1. ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇਂ ਪੁਸਤਕ ਦੇ ਹੀ ਪੰਨੇਂ ਹੁੰਦੇ ਹਨ ਅਤੇ ਇਹਨਾਂ ਨੂੰ ਜੋੜ ਕੇ ਬਣੀਆਂ ਜਿਲਦਾਂ ਹੋਰਨਾਂ ਪੁਸਤਕਾਂ ਵਾਂਗ ਪੁਸਤਕਾਂ ਹੀ ਹੁੰਦੀਆਂ ਹਨ। ਕਿਸੇ ਗੁਰੂ ਦੀਆਂ ਕਾਪੀਆਂ ਨਹੀਂ ਬਣਦੀਆਂ। ਵੇਚੀਆਂ ਤਾਂ ਪੁਸਤਕਾਂ ਦੀਆਂ ਕਾਪੀਆਂ ਹੀ ਜਾਂਦੀਆਂ ਹਨ। ਗੁਰੂਆਂ ਦੇ ਕਲੋਨ ਬਣਾ ਕੇ ਵੇਚਣ ਦਾ ਧੰਦਾ ਹਾਲੇ ਸ਼ੁਰੂ ਨਹੀਂ ਹੋਇਆ।

2. ਗੁਰੂ ਕਾਲ ਤਕ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਗ੍ਰੰਥ ਸਾਹਿਬ (ਸ੍ਰੀ ਆਦਿ ਗ੍ਰੰਥ) ਦਾ ਪਰਕਾਸ਼ ਸੀ। ਬਾਦ ਵਿੱਚ ਮੰਦਰ ਨੁਮਾ ਗੁਰਦੁਆਰੇ ਬਣਾ ਕੇ ਉਹਨਾਂ ਵਿੱਚ “ਪੂਜਾ” ਕਰਨ ਹਿਤ ਮੂਰਤੀਆਂ ਵਾਂਗ ਗ੍ਰੰਥ ਸਾਹਿਬ ਦੇ ਪੁਸਤਕ ਸਰੂਪ ਸਜਾ ਦਿੱਤੇ ਗਏ।

3.”ਪਰਗਟ ਗੁਰਾ ਕੀ ਦੇਹ” ਕੇਵਲ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦੀ ਹੀ ਗੱਲ ਹੈ। ਇਸ “ਦੇਹ” ਦੀ ਪੂਜਾ ਜਾਂ ਤਾਂ ਮੂਰਤੀ ਪੂਜਾ ਹੈ ਜਾਂ ਫਿਰ ਦੇਹਧਾਰੀ ਗੁਰੂ ਦੀ ਪੂਜਾ। ਸਿੱਖ ਧਰਮ ਵਿੱਚ ਦੋਹਾਂ ਦੀ ਮਨਾਹੀ ਹੈ।

4. ਲਾਇਬਰੇਰੀਆਂ (ਜਨਤਕ ਜਾਂ ਘਰੇਲੂ) ਦੀਆਂ ਸ਼ੈਲਫਾਂ ਤੇ ਪਈਆਂ, ਇੰਟਰਨੈਟ ਵਿੱਚ ਉਪਲਭਧ ਜਾਂ ਕਿਸੇ ਗੁਰਦੁਆਰੇ ਦੀ ਅਲਮਾਰੀ ਵਿੱਚ ਰੱਖੀਆਂ ਗ੍ਰੰਥ ਸਾਹਿਬ ਦੀਆਂ ਕਾਪੀਆਂ ਪੁਸਤਕ ਰੂਪ ਹਨ, ਗੁਰੂ ਰੂਪ ਨਹੀਂ।

5. ਕਿਸੇ ਵਿਦਵਾਨ ਦੇ ਹੱਥ ਵਿੱਚ ਪੜ੍ਹਨ ਜਾਂ ਖੋਜ-ਕਾਰਜ ਹਿਤ ਫੜ੍ਹੀ ਹੋਈ ਗ੍ਰੰਥ ਸਾਹਿਬ ਦੀ ਕਾਪੀ ਪੁਸਤਕ ਹੀ ਹੈ। ਇਹ ਵਿਦਵਾਨ ਗੈਰ-ਸਿੱਖ ਵੀ ਹੋ ਸਕਦਾ ਹੈ।

6. ਗ੍ਰੰਥ ਸਾਹਿਬ ਦਾ ਤਰਜਮਾ ਜਾਂ ਸਟੀਕ ਪੁਸਤਕ ਦਾ ਤਰਜਮਾ ਜਾਂ ਸਟੀਕ ਹੈ। ਕਿਸੇ ਗੁਰੂ ਦਾ ਤਰਜਮਾ ਜਾਂ ਸਟੀਕ ਤਿਆਰ ਨਹੀਂ ਕੀਤਾ ਜਾ ਸਕਦਾ।

7. ਗ੍ਰੰਥ ਸਾਹਿਬ ਸਬੰਧੀ ਕੋਈ ਸੈਮੀਨਾਰ ਪੁਸਤਕ ਦੇ ਕਿਸੇ ਹਿੱਸੇ ਜਾਂ ਵਿਸ਼ੇ ਸਬੰਧੀ ਸੈਮੀਨਾਰ ਹੀ ਹੋਵੇਗਾ। ਕਿਸੇ ਜਾਗਤ-ਜੋਤ ਅਤੇ ਜੁਗੋ-ਜੁਗ ਅਟੱਲ ਗੁਰੂ ਸਬੰਧੀ ਕੋਈ ਸੈਮੀਨਾਰ ਨਹੀਂ ਹੋ ਸਕਦਾ।

8. ਗ੍ਰੰਥ ਸਾਹਿਬ ਨੂੰ ਕਿਸੇ ਮੀਟਿੰਗ/ਕਾਨਫਰੰਸ ਵਾਲੀ ਜਗਹ ਤੇ ਲਿਜਾਣਾ ਵੀ ਪੁਸਤਕ ਰੂਪ ਨੂੰ ਉਸ ਜਗਹ ਤੇ ਸਜਾਉਣਾ ਹੁੰਦਾ ਹੈ। ਭਲਾ ਗੁਰੂ ਜੀ ਅਜਿਹੀਆਂ ਥਾਵਾਂ ਤੇ ਜਾਣਾ ਕਿਉਂ ਪਸੰਦ ਕਰਨਗੇ?

9. ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਵੈਨਾਂ, ਟਰੱਕਾਂ ਜਾਂ ਹਵਾਈ ਜਹਾਜਾਂ ਦੇ ਕੰਟੇਨਰਾਂ ਰਾਹੀਂ ਦੂਸਰੇ ਥਾਵਾਂ ਤੇ ਪਹੁੰਚਾਏ ਜਾਂਦੇ ਹਨ ਉਹ ਪੁਸਤਕਾਂ ਦੀਆਂ ਕਾਪੀਆਂ ਹੀ ਹੁੰਦੀਆਂ ਹਨ। ਕਿਹੜਾ ਗੁਰੂ ਇਸ ਢੰਗ ਦਾ ਸਫਰ ਕਰਨਾ ਪਸੰਦ ਕਰੇਗਾ?

10. ਜਦੋਂ ਗ੍ਰੰਥ ਸਾਹਿਬ ਨੂੰ ਰੁਮਾਲੇ ਵਿੱਚ ਲਪੇਟ ਕੇ ਅਤੇ ਕਿਸੇ ਇੱਕ ਗੁਰਮੁਖ ਵੱਲੋਂ ਸਿਰ ਤੇ ਟਿਕਾ ਕੇ ਗੁਰਦੁਆਰੇ ਤੋਂ ਕਿਸੇ ਹੋਰ ਥਾਂ ਤੇ ਲਿਜਾਇਆ ਜਾਂ ਵਾਪਸ ਲਿਆਇਆ ਜਾਂਦਾ ਹੈ ਤਾਂ ਉਹ ਪੁਸਤਕ ਰੂਪ ਹੀ ਹੁੰਦਾ ਹੈ।

11. ਜਦੋਂ ਗ੍ਰੰਥ ਸਾਹਿਬ ਨੂੰ ਕਿਸੇ ਜਲੂਸ ਜਾਂ ਨਗਰ ਕੀਰਤਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਉਥੇ ਪੁਸਤਕ ਰੂਪ ਨੂੰ ਹੀ ਪਾਲਕੀ ਵਿੱਚ ਸਜਾਇਆ ਗਿਆ ਹੁੰਦਾ ਹੈ। ਗੁਰੂ ਸਾਹਿਬ ਤਾਂ ਕਦੀ ਵੀ ਇਸ ਤਰ੍ਹਾਂ ਗਲੀਆਂ ਬਜ਼ਾਰਾਂ ਦੇ ਚੱਕਰ ਨਹੀਂ ਕੱਟਦੇ ਫਿਰਨਗੇ।

12. ਕਿੰਨੇ ਹੀ ਗੁਰਦੁਆਰੇ ਹਨ ਜੋ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰਕੇ ਬਣਾਏ ਹੋਏ ਹਨ। ਅਜਿਹਾ ਕੁਕਰਮ ਨਿਸ਼ਾਨ ਸਾਹਿਬ ਗੱਡਣ ਪਿੱਛੋਂ ਸਭ ਤੋਂ ਪਹਿਲਾਂ ਗ੍ਰੰਥ ਸਾਹਿਬ ਦਾ “ਪਰਕਾਸ਼” ਕਰ ਕੇ ਹੀ ਕੀਤਾ ਜਾਂਦਾ ਹੈ।

ਜ਼ਾਹਰ ਹੈ ਕਿ ਇਥੇ ਗ੍ਰੰਥ ਸਾਹਿਬ ਨੂੰ ਪੁਸਤਕ ਰੂਪ ਹੀ ਮੰਨਿਆਂ ਜਾਂਦਾ ਹੈ ਕਿਉਂਕਿ ਨਾਂ ਤਾਂ ਗੁਰੂ ਜੀ ਦੀ ਹਾਜ਼ਰੀ ਵਿੱਚ ਅਜਿਹੀ ਬੇਈਮਾਨੀ ਵਾਲੀ ਹਰਕਤ ਹੋ ਸਕਦੀ ਹੈ ਅਤੇ ਨਾ ਹੀ ਗੁਰੂ ਜੀ ਇਸ ਦੇ ਭਾਈਵਾਲ ਬਣ ਸਕਦੇ ਹਨ।

13. ਕੀਰਤਨ ਰਾਹੀਂ ਜਾਂ ਤਰ੍ਹਾਂ-ਤਰ੍ਹਾਂ ਦੇ ਪਾਠ ਕਰਕੇ ਆਪਣੀਆਂ ਸਧਾਰਨ ਲੋੜਾਂ ਤੋਂ ਵਧੇਰੇ ਧਨ ਕਮਾਉਣਾ ਗੁਰਬਾਣੀ ਨੂੰ ਵੇਚਣ ਦੇ ਤੁੱਲ ਹੈ। ਵਿਕਰੀ ਦੀ ਚੀਜ਼ ਤਾਂ ਪੁਸਤਕ (ਜਿਸ ਵਿੱਚ ਕੀਰਤਨ ਜਾਂ ਪਾਠ ਕਰਨ ਵਾਲੀ ਰਚਨਾ ਮੌਜੂਦ ਹੈ) ਨੂੰ ਬਣਾਇਆ ਜਾ ਸਕਦਾ ਹੈ, ਗੁਰੂ ਨੂੰ ਨਹੀਂ।

14. ਜਦੋਂ ਅਸੀਂ ਕਹਿੰਦੇ ਹਾਂ ਕਿ ਗ੍ਰੰਥ ਸਾਹਿਬ ਸਾਰੇ ਧਰਮਾਂ ਦਾ ਸਾਂਝਾ ਜਾਂ ਸੈਕੂਲਰ ਗ੍ਰੰਥ ਹੈ ਤਾਂ ਅਸੀਂ ਪੁਸਤਕ ਰੂਪ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ, ਗੁਰੂ ਦੀ ਨਹੀਂ। ਗੁਰੂ ਤਾਂ ਕਿਸੇ ਵਿਸ਼ੇਸ਼ ਧਰਮ ਦੇ ਪੈਰੋਕਾਰਾਂ ਜਾਂ ਵਿਸ਼ੇਸ਼ ਸਮੂਹ ਦਾ ਹੀ ਹੋ ਸਕਦਾ ਹੈ, ਸਾਰੇ ਧਰਮਾਂ ਦਾ ਸਾਂਝਾ ਜਾਂ ਸੈਕੂਲਰ ਨਹੀਂ।

15. ਜਦੋਂ ਅਸੀਂ ਕਹਿੰਦੇ ਹਾਂ ਕਿ ਗ੍ਰੰਥ ਸਾਹਿਬ ਵਿੱਚ ਅੱਡ-ਅੱਡ ਧਰਮਾਂ, ਜਾਤਾਂ ਅਤੇ ਇਲਾਕਿਆਂ ਦੇ ਸੰਤਾਂ – ਭਗਤਾਂ ਦੀ ਰਚਨਾ ਦਰਜ ਹੈ ਤਾਂ ਅਸੀਂ ਪੁਸਤਕ ਰੂਪ ਦੀ ਗੱਲ ਕਰ ਰਹੇ ਹੁੰਦੇ ਹਾਂ। ਕਿਸੇ ਗੁਰੂ ਬਾਰੇ ਅਜਿਹੀ ਗੱਲ ਕਰਨੀ ਬਿਲਕੁਲ ਵੀ ਤਰਕਸੰਗਤ ਨਹੀਂ ਭਾਸਦੀ। ਧਰਮਾਂ, ਜਾਤਾਂ ਅਤੇ ਇਲਾਕਾਈ ਵਖਰੇਵੇਂ ਦੀ ਗੱਲ ਕਰਨਾ ਉਂਜ ਹੀ ਸਿੱਖ ਗੁਰੂ ਸਾਹਿਬਾਨ ਦੀ ਸਿਖਿਆ ਮੁਤਾਬਿਕ ਨਹੀਂ।

16. ਗ੍ਰੰਥ ਸਾਹਿਬ ਸਬੰਧੀ ਸਾਰੀਆਂ ਦੀਆਂ ਸਾਰੀਆਂ ਧਾਰਮਿਕ ਰਹੁ-ਰੀਤਾਂ ਕਰਮ-ਕਾਂਡ ਹੀ ਹਨ ਜੋ ਸਿੱਖ ਗੁਰੂ ਸਾਹਿਬਾਨ ਦੀ ਸਿਖਿਆ ਦੇ ਐਨ ਉਲਟ ਹਨ। ਇਹ ਰਹੁ-ਰੀਤਾਂ ਮੂਰਤੀ ਜਾਂ ਪੱਥਰ ਪੂਜਾ ਦੇ ਸਮਾਨ ਹਨ। ਭਾਵ ਇਥੇ ਮੂਰਤੀ ਅਤੇ ਪੱਥਰ ਦੀ ਜਗਹ ਪੁਸਤਕ ਨੇ ਲੈ ਲਈ ਹੈ।

ਸ. ਦਰਸ਼ਨ ਸਿੰਘ ਖਾਲਸਾ ਜੀ ਵੱਲੋਂ ਸਿੱਖਮਾਰਗ ਵੈਬਸਾਈਟ ਤੇ ਦਿੱਤਾ ਗਿਆ ਇਹ ਵਿਚਾਰ ਕਿ ਕੌਮ ਦੇ ਵਿਚਾਰਵਾਨਾਂ ਵੱਲੋਂ “ਜੁਗੋ ਜੁਗ ਅਟੱਲ ਇੱਕੋ ਇੱਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਾਰੇ ਇਤਹਾਸਕ ਪੜਚੋਲ” ਕੀਤੀ ਗਈ ਹੈ, ਸਹੀ ਨਹੀਂ। ਵਿਚਾਰਵਾਨਾਂ ਵੱਲੋਂ ਆਮ ਚਲਦੀ ਪੜਚੋਲ ਗੁਰੂ ਜੀ ਦੀ “ਹੋਂਦ” ਬਾਰੇ ਨਹੀਂ ਬਲਕਿ ਗ੍ਰੰਥ ਸਾਹਿਬ ਦੇ “ਪੁਸਤਕ ਰੂਪ” ਦੀ ਇਤਹਾਸਕ ਸਥਿਤੀ ਬਾਰੇ ਹੈ। “ਬਾਣੀ ਗੁਰੂ ਹੈ” ਇਸ ਨੂੰ ਤਾਂ ਹਰ ਵਿਚਾਰਵਾਨ ਮੰਨਦਾ ਹੈ, ਨਾ ਹੀ ਇਸ ਬਾਰੇ ਕੋਈ ਕਿੰਤੂ ਹੀ ਕਰਦਾ ਹੈ। ਪਰੰਤੂ ਬਾਣੀ ਕਦੋਂ ਗੁਰੂ ਹੈ ਅਤੇ ਬਾਣੀ ਕਦੋਂ ਪੁਸਤਕ ਹੈ, ਹਰ ਸਿੱਖ ਲਈ ਇਹ ਫਰਕ ਜਾਣਨਾ ਅਤਿਅੰਤ ਜ਼ਰੂਰੀ ਹੈ।

ਸਪਸ਼ਟ ਹੈ ਕਿ ਗੁਰਬਾਣੀ ਸਿਧਾਂਤ ਦੀ ਗਹਿਰਾਈ ਮਾਣਨਾਂ ਅਲੱਗ ਗੱਲ ਹੈ ਅਤੇ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦੀ ਗੱਲ ਕਰਨਾ ਅਲੱਗ। ਗ੍ਰੰਥ ਸਾਹਿਬ ਪ੍ਰਤੀ ਉਪੱਰ ਦੱਸੀਆਂ 16 ਸਥਿਤੀਆਂ ਵਿੱਚ ਤਾਂ ਗੁਰੂ ਜੀ ਦੀ “ਹੋਂਦ” ਸੁਰਖਿਅਤ ਰਹਿੰਦੀ ਹੈ ਅਤੇ ਰਾਗਮਾਲਾ ਨੂੰ ਗ੍ਰੰਥ ਸਾਹਿਬ ਦਾ ਹਿੱਸਾ ਨਾਂ ਮੰਨਣ ਨਾਲ ਗੁਰੂ ਜੀ ਦੀ “ਹੋਂਦ” ਦਾ ਕੁੱਝ ਨਹੀਂ ਵਿਗੜਦਾ। ਪਰੰਤੂ ਗ੍ਰੰਥ ਸਾਹਿਬ ਵਿਚਲੇ ਮੰਗਲਾਚਰਨ, ਮੂਲਮੰਤਰ ਜਾਂ ਅਧੂਰੇ ਸ਼ਬਦਾਂ ਬਾਰੇ ਗੱਲ ਕਰਨ ਨਾਲ ਗੁਰੂ ਜੀ ਦੀ “ਹੋਂਦ” ਨੂੰ ਖਤਰਾ ਪੈਦਾ ਹੋ ਜਾਂਦਾ ਹੈ ਅਤੇ ਕਰਤਾਰਪੁਰੀ ਬੀੜ ਨੂੰ ਨਕਲੀ ਸਾਬਤ ਕਰ ਦੇਣ ਨਾਲ ਗੁਰੂ ਜੀ ਦੀ “ਹੋਂਦ” ਡੋਲ ਜਾਂਦੀ ਹੈ। ਫਿਰ ਅਸੀਂ ਆਪਣੇ ਗੁਰੂ ਨੂੰ “ਜੁਗੋ-ਜੁਗ ਅਟੱਲ” ਕਿਉਂ ਕਹਿੰਦੇ ਹਾਂ? ਕੀ ਇਹ ਸਾਡੇ ਵੱਲੋਂ ਦੋਹਰੇ ਮਾਪ-ਦੰਡ ਅਪਣਾਏ ਜਾਣ ਦਾ ਪਰਤੱਖ ਪਰਮਾਣ ਨਹੀਂ! !

ਸਿੱਖੀ ਦਾ ਇੱਕੋ-ਇੱਕ ਸਹਾਰਾ ਹੈ ‘ਸੱਚ’ ਅਤੇ ਇਸ ਸਬੰਧੀ ਗੁਰਬਾਣੀ ਦਾ ਆਦੇਸ਼ ਹੈ

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥

ਕੀ ਦੂਹਰੇ ਮਾਪ-ਦੰਡ ਅਪਣਾ ਕੇ ਅਸੀਂ ਆਪਣੇ “ਗੁਰੂ” ਦੇ ਉਪਰੋਕਤ ਆਦੇਸ਼ ਪ੍ਰਤੀ ਅਵੱਗਿਆ ਦਾ ਪ੍ਰਗਟਾਵਾ ਨਹੀਂ ਕਰ ਰਹੇ ਹੁੰਦੇ? ਜੇਕਰ ਸਿੱਖ ਇਤਹਾਸ ਅਤੇ ਗ੍ਰੰਥ ਸਾਹਿਬ ਵਿੱਚ ਦਰਜ ਰਚਨਾਵਾਂ ਦੀ ਪੜਚੋਲ ਦਾ ਹੱਕ ਹਰ ਕਿਸੇ ਨੂੰ ਨਹੀਂ (ਜਿਵੇਂ ਕਿ ਸ. ਦਰਸ਼ਨ ਸਿੰਘ ਖਾਲਸਾ ਜੀ ਆਪਣੇ ਪੱਤਰ ਵਿੱਚ ਕਹਿੰਦੇ ਹਨ) ਤਾਂ ਉਹ ਵਿਸ਼ੇਸ਼ ਵਿਅਕਤੀ ਕੌਣ ਹਨ ਜਿਹਨਾਂ ਨੂੰ ਇਹ ਹੱਕ ਪਰਾਪਤ ਹੈ? ਅਤੇ ਉਹਨਾਂ ਵਿਸ਼ੇਸ਼ ਵਿਅਕਤੀਆਂ ਦੀ ਚੋਣ ਬਾਰੇ ਫੈਸਲਾ ਕਰਨ ਦਾ ਹੱਕ ਕਿਸ ਨੂੰ ਹੈ? ਚੋਣ ਅਧਿਕਾਰੀ ਕਿਸ ਨੇ ਨਿਯੁਕਤ ਕਰਨੇ ਹਨ? ਚੋਣ ਅਧਿਕਾਰੀ ਨਿਯੁਕਤ ਕਰਨ ਦਾ ਹੱਕ ਕੌਣ ਦੇ ਸਕਦਾ ਹੈ? ਕਿਉਂ ਨਹੀਂ ਅਸੀਂ ਹਰ ਇੱਕ ਨੂੰ ਆਪਣੇ ਵਿਚਾਰ ਪਰਗਟ ਕਰਨ ਦੀ ਖੁਲ੍ਹ ਦੇਣਾ ਚਾਹੁੰਦੇ? ਅਜਿਹਾ ਲਗਦਾ ਹੈ ਕਿ ਅਸੀਂ ਗੁਰਬਾਣੀ ਦੇ ਇਸ ਆਦੇਸ਼ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ:

ਜਬ ਲਗ ਦੁਨੀਆਂ ਰਹੀਐ ਕੁਛ ਸੁਣੀਐ ਕੁਛ ਕਹੀਐ।।

ਅਸੀਂ ਸ਼ੰਕਿਆਂ ਦਾ ਸਾਹਮਣਾ ਕਿਉਂ ਨਹੀਂ ਕਰਨਾ ਚਾਹੁੰਦੇ? ਅਸੀਂ ਰੋਸ ਕਿਉਂ ਕਰਦੇ ਹਾਂ? ਲ਼ਗਦਾ ਹੈ ਅਸੀਂ ਗੁਰਬਾਣੀ ਦੇ ਇਸ ਆਦੇਸ਼ ਨੂੰ ਵੀ ਨਹੀਂ ਮੰਨਦੇ:

ਰੋਸ ਨਾ ਕੀਜੈ ਉਤਰ ਦੀਜੈ।।

ਖੁਦ ਗੁਰਬਾਣੀ ਦਾ ਆਦੇਸ਼ ਨਾ ਮੰਨਣ ਵਾਲਿਆਂ ਨੂੰ ਬਿਲਕੁਲ ਹੀ ਹੱਕ ਨਹੀਂ ਜਾਦਾ ਕਿ ਉਹ ਦੂਸਰਿਆਂ ਨੂੰ ਗੁਰਬਾਣੀ ਅਨੁਸਾਰ ਚੱਲਣ ਦੀ ਨਸੀਹਤ ਕਰਨ।

ਸ. ਦਰਸ਼ਨ ਸਿੰਘ ਖਾਲਸਾ ਜੀ ਨੇ ਵਿਚਾਰਵਾਨਾਂ ਵੱਲੋਂ ਉਠਾਏ ਜਾਂਦੇ ਨੁਕਤਿਆਂ ਦੀ ਜੋ ਸੂਚੀ ਦਿੱਤੀ ਹੈ ਉਹ ਕ੍ਰਮਵਾਰ ਹੇਠਾ ਦਿੱਤੀ ਜਾ ਰਹੀ ਹੈ ਅਤੇ ਨਾਲ-ਨਾਲ ਇਸ ਲੇਖਕ ਵੱਲੋਂ ਸੰਖੇਪ ਵਿੱਚ ਸਥਿਤੀ ਸਪਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ:

1. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਵਿੱਚ ਕਿਹੜੀ ਬਾਣੀ ਲਿਖਵਾਈ ਕਿਹੜੀ ਨਹੀਂ?

ਇਹ ਸ਼ੰਕਾ ਹੀ ਹੈ। ਇਸ ਦਾ ਜੁਆਬ ਦਿੱਤਾ ਜਾ ਸਕਦਾ ਹੈ।

2. ਭਗਤਾਂ ਦੀ ਬਾਣੀ ਗੁਰੂ ਕਿਵੇਂ ਹੋ ਸਕਦੀ ਹੈ?

ਇਹ ਸ਼ੰਕਾ ਹੀ ਹੈ। ਇਸ ਦਾ ਜੁਆਬ ਦਿੱਤਾ ਜਾ ਸਕਦਾ ਹੈ।

3. ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਈ ਹੋਈ ਪੋਥੀ ਗੁੰਮ ਹੋ ਗਈ ਹੈ।

ਇਹ ਸਚਾਈ ਹੈ। ਸ੍ਰੀ ਆਦਿ ਗ੍ਰੰਥ ਦੀ ਅਸਲੀ ਬੀੜ ਉਪਲਭਧ ਨਹੀਂ। ਕਰਤਾਰਪੁਰੀ ਬੀੜ ਇੱਕ ਨਕਲੀ ਬੀੜ ਹੈ। ਇਹ ਬੀੜ ਅਸਲੀ ਸ੍ਰੀ ਆਦਿ ਗ੍ਰੰਥ (ਅਸਲੀ ਨਾਮ ਪੋਥੀ ਸਾਹਿਬ) ਨਹੀਂ ਜਿਵੇਂ ਕਿ ਪਰਚਾਰਿਆ ਜਾਂਦਾ ਹੈ। ਸ਼ੰਕੇ ਦੀ ਨਵਿਰਤੀ ਲਈ ਕਰਤਾਰਪੁਰ (ਜਲੰਧਰ ਨੇੜੇ) ਜਾ ਕੇ ਸੋਢੀ ਪਰਿਵਾਰ ਕੋਲ ਪਈ ਇਹ ਬੀੜ ਵੇਖੀ ਤੇ ਪਰਖੀ ਜਾ ਸਕਦੀ ਹੈ।

4. ਮੱਖਣ ਸ਼ਾਹ ਲੁਬਾਣੇ ਨੇ ਸ੍ਰੀ ਆਦਿ ਗ੍ਰੰਥ ਨੂੰ ਦਰਿਆ ਵਿੱਚ ਰੋੜ੍ਹ ਦਿੱਤਾ।

ਲੰਬੇ ਸਮੇਂ ਤੋਂ ਸ੍ਰੀ ਆਦਿ ਗ੍ਰੰਥ ਦੀ ਅਸਲੀ ਬੀੜ ਉਪਲਭਧ ਨਹੀਂ, ਇਹ ਇੱਕ ਸੱਚਾਈ ਹੈ। ਪਰੰਤੂ ਬੀੜ ਦੇ ਦਰਿਆ ਵਿੱਚ ਰੋੜ੍ਹਨ ਦੀ ਕਹਾਣੀ ਗਲਤ ਵੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਸੋਢੀ ਨਿਰੰਜਨ ਰਾਇ ਜੀ ਦੇ ਸਮੇਂ ਇਹ ਮਨਘੜਤ ਕਹਾਣੀ ਬਣਾ ਲਈ ਗਈ ਹੋਵੇ ਤਾਂ ਕਿ ਸੋਢੀਆਂ ਵੱਲੋਂ ਪਰਚਾਰੀ ਗਈ ਦਰਿਆ ਦੇ ਵਿੱਚੋਂ ਬੀੜ ਦੇ ਆਪਣੇ ਆਪ ਪਰਗਟ ਹੋਣ ਵਾਲੀ ਕਹਾਣੀ ਨੂੰ ਮਾਨਤਾ ਦਿਵਾਈ ਜਾ ਸਕੇ।

5. ਦਮਦਮਾ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਦੇ ਹੱਥੋਂ ਤਿਆਰ ਹੋਈ ਬੀੜ ਨਕਲੀ ਬੀੜ ਤੇ ਅਧਾਰਿਤ ਹੈ।

ਲੰਬੇ ਸਮੇਂ ਤੋਂ ਦਮਦਮੀ ਬੀੜ ਤਾਂ ਉਪਲਭਧ ਨਹੀਂ। ਇਹ ਬੀੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪ ਲਿਖਵਾਈ ਗਈ ਦੱਸੀ ਜਾਂਦੀ ਹੈ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਬੀੜ ਅਠਾਰ੍ਹਵੀਂ ਸਦੀ ਵਿੱਚ ਜੰਗਾਂ-ਯੁਧਾਂ ਵਿੱਚ ਨਸ਼ਟ ਹੋ ਗਈ ਸੀ। ਇਸ ਬੀੜ ਦੇ ਕਿਸੇ ਨਕਲੀ ਬੀੜ ਤੇ ਅਧਾਰਿਤ ਹੋਣ ਦਾ ਦਾਵਾ ਕਿਸੇ ਨੇ ਨਹੀਂ ਕੀਤਾ।

6. ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੀ ਗਈ ਬੀੜ ਨਕਲੀ ਬੀੜ ਤੇ ਅਧਾਰਿਤ ਹੈ।

ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੰਗਾਂ-ਯੁਧਾਂ ਵਿੱਚ ਦਮਦਮੀ ਬੀੜ ਦੇ ਨਸ਼ਟ ਹੋ ਜਾਣ ਉਪਰੰਤ ਅਤੇ ਸ੍ਰੀ ਆਦਿ ਗ੍ਰੰਥ ਉਪਲਭਧ ਨਾ ਹੋਣ ਕਰਕੇ ਬਾਬਾ ਦੀਪ ਸਿੰਘ ਨੇ ਵੀ ਆਪਣੇ ਉਦੱਮ ਨਾਲ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਸੀ। ਪਰੰਤੂ ਉਹ ਬੀੜ ਕਿਤੇ ਵੀ ਉਪਲਭਧ ਨਹੀਂ। ਸਿੱਖ ਪੰਥ ਲਈ ਸਿਰ-ਧੜ ਦੀ ਬਾਜ਼ੀ ਲਾਉਣ ਵਾਲਾ ਯੋਧਾ ਕਿਸੇ ਨਕਲੀ ਬੀੜ ਤੋਂ ਨਵੀਂ ਬੀੜ ਤਿਆਰ ਕਰਨ ਦੀ ਗਲਤੀ ਕਿਵੇਂ ਕਰ ਸਕਦਾ ਹੈ? ਇਹ ਦਾਵਾ ਕੌਣ ਕਰ ਸਕਦਾ ਹੈ ਕਿ ਬਾਬਾ ਦੀਪ ਸਿੰਘ ਵਾਲੀ ਬੀੜ ਕਿਸੇ ਨਕਲੀ ਬੀੜ ਤੇ ਅਧਾਰਿਤ ਸੀ?

7. ਅਜੋਕੇ ਸਮੇਂ ਵਿੱਚ ਪਰਚਲਤ ਬੀੜ ਨਕਲੀ ਬੀੜ ਤੇ ਅਧਾਰਿਤ ਹੈ।

ਅਜੋਕੇ ਸਮੇਂ ਵਿੱਚ ਪਰਚਲਤ ਬੀੜ ਜੋ ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪਵਾਈ ਹੋਈ ਹੈ ਉਹ ਉਹਨਾਂ ਹੱਥ-ਲਿਖਤ ਬੀੜਾਂ ਤੇ ਅਧਾਰਿਤ ਹੈ ਜੋ ਉਨ੍ਹੀਵੀ ਸਦੀ ਈਸਵੀ ਵਿੱਚ ਸੋਧ ਕੇ ਤਿਆਰ ਕੀਤੀਆਂ ਗਈਆਂ ਅਤੇ ਬਾਦ ਵਿੱਚ ਛਾਪੇਖਾਨੇ ਵਿੱਚ ਤਿਆਰ ਹੋਣ ਲੱਗੀਆਂ। ਪ੍ਰਮਾਣਿਕ ਤਿੰਨੇਂ ਬੀੜਾਂ - ਸ੍ਰੀ ਆਦਿ ਗ੍ਰੰਥ, ਦਮਦਮੀ ਬੀੜ ਅਤੇ ਬਾਬਾ ਦੀਪ ਸਿੰਘ ਜੀ ਦੀ ਬੀੜ - ਦੀ ਗੈਰਮੌਜੂਦਗੀ ਵਿੱਚ ਉਪਲਭਧ ਹੱਥ-ਲਿਖਤ ਬੀੜਾਂ, ਪੋਥੀਆਂ ਅਤੇ ਗੁਟਕਿਆਂ ਦੇ ਅਧਾਰ ਤੇ ਬਣੀਆਂ ਇਹਨਾਂ ਬੀੜਾਂ ਵਿੱਚ ਕੁੱਝ ਵਾਧੇ-ਘਾਟੇ ਜ਼ਰੂਰ ਹੋਏ ਹਨ। ਜਾਣੇ ਅਣਜਾਣੇ ਇਹ ਬੀੜਾਂ ਕਰਤਾਰਪੁਰੀ ਬੀੜ ਅਤੇ ਭਾਈ ਬੰਨੋਂ ਵਾਲੀ ਬੀੜ ਨਾਲ ਵੀ ਸੋਧੀਆਂ ਗਈਆਂ ਹਨ। ਇਸ ਅਧਾਰ ਤੇ ਬਣੀ ਅਜੋਕੀ ਪਰਚਲਤ ਬੀੜ ਵੀ ਕੁੱਝ ਵਾਧੇ-ਘਾਟੇ ਸਮੇਟੀ ਬੈਠੀ ਹੈ ਅਤੇ ਰਾਗਮਾਲਾ ਦੀ ਮੌਜੂਦਗੀ ਇਸ ਦੀ ਪਰਤੱਖ ਉਦਾਹਰਣ ਹੈ। ਮੰਗਲਾਚਰਨ, ਮੂਲਮੰਤਰ ਅਤੇ ਕੁੱਝ ਅਧੂਰੇ ਸ਼ਬਦਾਂ ਦੀ ਵੀ ਗੱਲ ਕੀਤੀ ਜਾਂਦੀ ਹੈ। ਜੇਕਰ ਕੋਈ ਭਲਾ ਪੁਰਸ਼ ਸਾਡਾ ਧਿਆਨ ਇਸ ਪਾਸੇ ਵੱਲ ਦੁਆਉਂਦਾ ਹੈ ਤਾਂ ਸਾਨੂੰ ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਅਸੀਂ ਹਾਂ ਕਿ ਗੁਰਬਾਣੀ ਦੇ ਆਦੇਸ਼ ਦੇ ਐਨ ਉਲਟ “ਰੋਸ” ਕਰਨ ਲੱਗ ਪੈਂਦੇ ਹਾਂ।

8. ਕਿਸੇ ਵਿਅਕਤੀ ਵਿਸ਼ੇਸ਼ (ਜੋ “ਸੰਪਾਦਕ” ਦੇ ਤੌਰ ਤੇ ਜਾਣਿਆਂ ਜਾਂਦਾ ਹੈ) ਨੇ ਦਾਵਾ ਕੀਤਾ ਹੈ ਕਿ ਉਹ ਅਸਲੀ ਬੀੜ ਜਾਂ ਅਸਲੀ ਪੋਥੀ ਲਭ ਲਿਆਵੇਗਾ।

ਚੰਗੀ ਗੱਲ ਹੈ, ਜੇ ਕੋਈ ਅਜਿਹਾ ਕਾਰਨਾਮਾ ਕਰ ਵਿਖਾਵੇ ਤਾਂ ਸਾਰੀ ਸਿੱਖ ਕੌਮ ਉਸ ਦੀ ਰਿਣੀ ਹੋ ਜਾਵੇਗੀ। ਜੇਕਰ ਉਸਦੀ ਖੋਜ ਵਿੱਚ ਕੋਈ ਖੋਟ ਨਿਕਲਿਆ ਤਾਂ ਉਹ ਆਪੇ ਕੌਮ ਕੋਲੋਂ ਕੁੱਟ ਖਾਵੇਗਾ।

9. ਹਜ਼ੂਰ ਸਾਹਿਬ ਦੇ “ਸੇਵਾਦਾਰ” ਨੇ ਦਾਵਾ ਕੀਤਾ ਹੈ ਕਿ ਅਸਲੀ ਬੀੜ ਉਸਦੇ ਪਾਸ ਹੈ।

ਬੜੀ ਹੀ ਚੰਗੀ ਖਬਰ ਹੈ। ਸਿੱਖ ਕੌਮ ਨੂੰ ਉਹ ਬੀੜ ਪਰਾਪਤ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਵਿਖਾਉਣਾ ਚਾਹੀਦਾ ਹੈ।

ਉਪਰੋਕਤ ਵਿੱਚ ਕੇਵਲ ਦੋ ਹੀ ਸ਼ੰਕੇ ਲਭੇ ਹਨ ਜਿਹਨਾਂ ਦੇ ਜਵਾਬ ਲਭ ਲੈਣੇ ਚਾਹੀਦੇ ਹਨ। ਇਸ ਕਾਰਜ ਲਈ ਸੁਹਿਰਦ ਵਿਦਵਾਨਾਂ ਤੋਂ ਮਦਦ ਪਰਾਪਤ ਕਰਨੀ ਪਵੇਗੀ। ਬਾਕੀ ਸਾਰੇ ਦੇ ਸਾਰੇ ਤੱਥ ਹਨ ਜਿਹਨਾਂ ਬਾਰੇ ਲੇਖਕ ਵੱਲੋਂ ਆਪਣੀ ਤੁੱਛ ਬੁੱਧੀ ਅਨੁਸਾਰ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੋਈ ਹੋਰ ਵਧੇਰੇ ਗਿਆਨਵਾਨ ਵਿਦਵਾਨ (ਅਤੇ ਅੱਜ ਸਿੱਖ ਕੌਮ ਵਿੱਚ ਇਹੋ ਜਿਹੇ ਵਿਦਵਾਨਾਂ ਦੀ ਕੋਈ ਕਮੀ ਨਹੀਂ) ਇਸ ਤੋਂ ਵਧੇਰੇ ਢੁੱਕਵਾਂ ਸਪਸ਼ਟੀਕਰਨ ਵੀ ਪੇਸ਼ ਕਰ ਸਕਦਾ ਹੈ। ਪਰੰਤੂ ਕਬੂਤਰ ਵਾਗ ਅਸਲੀਅਤ ਵੱਲੋਂ ਅੱਖਾਂ ਮੀਟ ਲੈਣ ਦੀ ਸਲਾਹ ਨੇਕ ਸਲਾਹ ਨਹੀਂ ਕਹੀ ਜਾ ਸਕਦੀ। ਜੇਕਰ ਅਸੀਂ ਜਾਣਦੇ ਹੋਏ ਵੀ ਮੰਨਣਾ ਨਹੀਂ ਚਾਹੁੰਦੇ ਤਾਂ ‘ਹੁਕਮਨਾਮਿਆਂ’ ਦੀ ਤਰਜ਼ ਤੇ ਸਲਾਹਾਂ ਦੇ ਕੇ ਅਸੀਂ ਸ਼ਬਦ-ਗੁਰੂ ਦੀਆਂ ਨਜ਼ਰਾਂ ਵਿੱਚ ਦੰਭੀ ਹੋਣ ਦੇ ਦੋਸ਼ੀ ਹਾਂ।

ਸ. ਦਰਸ਼ਨ ਸਿੰਘ ਖਾਲਸਾ ਜੀ ਵਿਚਾਰਵਾਨਾਂ ਤੇ ਦੋਸ਼ ਮੜ੍ਹਦੇ ਹਨ ਕਿ ਉਹਨਾਂ ਨੇ “ਆਪਣੇ ਤੌਰ ਤੇ ਜਾਂ ਸੰਵਾਦਿਤ ਤੌਰ ਤੇ ਹਰ ਗੱਲ ਕਹਿਣ ਦਾ ਮਨ ਬਣਾ ਲਿਆ ਹੈ …. ।” ਵਿਚਾਰਵਾਨਾਂ ਨੇ ਜੋ ਮਸਲੇ ਹੁਣ ਤੀਕਰ ਗੁਰਬਾਣੀ ਸਬੰਧੀ ਧਿਆਨ ਵਿੱਚ ਲਿਆਂਦੇ ਹਨ ਉਹਨਾਂ ਦੀ ਸੂਚੀ ਤਾਂ ਉਪਰ ਆ ਗਈ ਹੈ। ਕੁੱਝ ਹੋਰ ਵੀ ਸ਼ੰਕੇ -- ਗੁਰੂ ਸਾਹਿਬਾਨ ਅਤੇ ਇਤਹਾਸਕ ਸ਼ਖਸੀਅਤਾਂ ਦੇ ਜੀਵਨ ਬਾਰੇ, ਖਾਲਸਾ ਸਜਾਉਣ ਦੇ ਘਟਨਾਂਕ੍ਰਮ ਬਾਰੇ, ਰਹਿਤਨਾਮਿਆਂ ਬਾਰੇ ਆਦਿਕ -- ਖਾਲਸਾ ਜੀ ਨੇ ਗਿਣਾਏ ਹਨ। ਜੇ ਕਰ ਭਵਿਖ ਵਿੱਚ ਵਿਚਾਰਵਾਨ (ਭਾਵੇਂ ਉਹ ਵਿਦਵਾਨ ਸੁਹਿਰਦ ਹਨ ਜਾਂ ਦੁਸ਼ਮਣ ਵੱਲੋਂ ਖੜੇ ਕੀਤੇ ਹੋਏ) ਹੋਰ ਮਸਲੇ ਖੜ੍ਹੇ ਕਰਦੇ ਹਨ ਤਾਂ ਉਹਨਾਂ ਦਾ ਵੀ ਸੁਆਗਤ ਹੋਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਦਾ ਹੀ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਅਵਾਜ਼ ਉਠਾਈ ਹੈ। ਅਸੀਂ ਉਹਨਾਂ ਦੇ ਪੈਰੋਕਾਰ ਅਖਵਾਉਂਦੇ ਹੋਏ ਦੂਸਰਿਆਂ ਨੂੰ ਪਰਾਪਤ ਵਿਚਾਰ ਪਰਗਟ ਕਰਨ ਦੇ ਮਨੁੱਖੀ ਅਧਿਕਾਰ ਉਤੇ ਪਾਬੰਦੀ ਕਿਉਂ ਲਗਾਉਣਾ ਚਾਹੁੰਦੇ ਹਾਂ? ਦੂਸ਼ਣਬਾਜ਼ੀ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਆਪਣੇ ਆਪ ਨੂੰ ਇਤਨੇ ਕੁ ਸਮਰੱਥ ਬਣਾ ਲਈਏ ਕਿ ਅਸੀਂ ਆਪਣੇ ਅਤੇ ਪਰਾਏ ਦੇ ਫਰਕ ਨੂੰ ਪਛਾਣ ਸਕੀਏ ਅਤੇ ਸੁਚੱਜੀ ਦਲੀਲਬਾਜ਼ੀ ਰਾਹੀਂ ਹਰ ਕਿਸੇ ਦੀ ਪੂਰੀ ਸੰਤੁਸ਼ਟੀ ਕਰਵਾ ਸਕੀਏ।

ਅੱਜ ਸਿੱਖਾਂ ਵਿੱਚ ਐਸੇ ਸੁਹਿਰਦ ਅਤੇ ਯੋਗ ਵਿਦਵਾਨ ਮੌਜੂਦ ਹਨ ਜੋ ਊਲ-ਜਲੂਲ ਸ਼ੰਕਿਆਂ ਦਾ ਸਹਿਜੇ ਹੀ ਜਵਾਬ ਦੇ ਸਕਦੇ ਹਨ। ਅਜਿਹੇ ਵਿਦਵਾਨ ਖੁਲ੍ਹੀ ਵਿਚਾਰ-ਚਰਚਾ ਦੇ ਮਾਹੌਲ ਨੇ ਹੀ ਪੈਦਾ ਕੀਤੇ ਹਨ। ਇਕੱਲਿਆਂ ਸੋਚ-ਸੋਚ ਕੇ ਬੁੱਧੀ ਦਾ ਯੋਗ ਵਿਕਾਸ ਨਹੀਂ ਹੁੰਦਾ। ਵਿਚਾਰਾਂ ਦੇ ਆਦਾਨ-ਪਰਦਾਨ ਰਾਹੀਂ ਬੁੱਧੀ ਪ੍ਰਚੰਡ ਹੁੰਦੀ ਹੈ, ਗਿਆਨ ਵਿੱਚ ਵਾਧਾ ਹੁੰਦਾ ਹੈ, ਦਲੀਲਬਾਜ਼ੀ ਦਾ ਹੁਨਰ ਪਨਪਦਾ ਹੈ ਅਤੇ ਭਾਸ਼ਾ ਤੇ ਪਕੜ ਮਜ਼ਬੂਤ ਹੁੰਦੀ ਹੈ। ਇਹ ਗੁਣ ਕੌਮ ਦੇ ਸੁਹਿਰਦ ਵਿਦਵਾਨਾ ਵਿੱਚ ਹੋਣੇ ਜ਼ਰੂਰੀ ਹਨ ਤਾਂ ਜੋ ਦੁਸ਼ਮਣੀ ਦੀ ਭਾਵਨਾਂ ਨਾਲ ਸ਼ੰਕੇ ਖੜੇ ਕਰਨ ਵਾਲਿਆਂ ਨੂੰ ਭਾਂਜ ਦਿੱਤੀ ਜਾ ਸਕੇ। ਅਜ ਕਲਮਾਂ ਦੇ ਯੁੱਧ ਦਾ ਜ਼ਮਾਨਾ ਹੈ। ਸਾਨੂੰ ਆਪਣੀਆਂ ਕਲਮਾਂ ਨੂੰ ਮਾਹਿਰ ਅਤੇ ਮਜ਼ਬੂਤ ਬਣਾ ਕੇ ਰਖਣਾ ਚਾਹੀਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਖੁਲ੍ਹੀ ਵਿਚਾਰ-ਚਰਚਾ ਨੂੰ ਉਤਸਾਹਿਤ ਕਰੀਏ ਜਿਵੇਂ ਕਿ ਦੱਸਵੇਂ ਗੁਰੂ ਜੀ ਗੱਤਕੇ ਰਾਹੀਂ ਅਤੇ ਹੋਲੇ-ਮਹੱਲੇ ਰਾਹੀਂ ਸਿੱਖਾਂ ਨੂੰ ਜੰਗ ਦੀ ਸਿਖਲਾਈ ਦਿੰਦੇ ਸਨ। ਆਪਣੇ ਵਿਦਵਾਨਾਂ ਅਤੇ ਵਿਚਾਰਵਾਨਾਂ ਨੂੰ ਚੁੱਪ ਕੀਤੇ ਰਹਿਣ ਲਈ ਮਜਬੂਰ ਕਰਨਾ ਕੌਮ ਦੇ ਬਿਲਕੁਲ ਵੀ ਹਿਤ ਵਿੱਚ ਨਹੀਂ। ਚੰਗੇ ਉਪਰਾਲੇ ਹੁੰਦੇ ਹੀ ਰਹਿਣੇ ਚਾਹੀਦੇ ਹਨ, ਨਾਲ ਹੀ ਦੁਸ਼ਮਣ ਵੱਲੋਂ ਹੋਣ ਵਾਲੇ ਵਾਰ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਸ ਦਾ ਮੁਕਾਬਲਾ ਕਰਨ ਦੀ ਤਿਆਰੀ ਵੀ ਹੁੰਦੀ ਰਹਿਣੀ ਚਾਹੀਦੀ ਹੈ। ਇੱਕ ਚੰਗੀ ਸਿਖਲਾਈ ਪਰਾਪਤ ਸਿਪਾਹੀ ਹੀ ਦੁਸ਼ਮਣ ਦੇ ਭੈੜੇ ਮਨਸੂਬਿਆਂ ਨੂੰ ਮਾਤ ਦੇ ਸਕਦਾ ਹੈ।

ਜੋ ਤਰਕ ਸ. ਦਰਸ਼ਨ ਸਿੰਘ ਖਾਲਸਾ ਜੀ ਨੇ ਵਿਚਾਰ-ਚਰਚਾ ਸਬੰਧੀ ਪੇਸ਼ ਕੀਤਾ ਹੈ ਉਹ ਇਸ ਪਰਕਾਰ ਹੈ:

1. ਬਾਣੀ ਗੁਰੂ ਹੈ। 2. ਗੁਰੂ ਰੱਬ ਹੈ।

3. ਰੱਬ ਤੇ ਬਹਿਸ ਨਹੀਂ ਹੋ ਸਕਦੀ ਕਿਉਂਕਿ ਰੱਬ “ਸਦਾ ਸਲਾਮਿਤ “ਹੈ।

ਉਪਰੋਕਤ ਦਿੱਤੇ ਤਰਕ ਮੁਤਾਬਿਕ ਜੇਕਰ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਪਾਠ ( text ) ਬਾਰੇ ਕੋਈ ਆਪਣਾ ਸ਼ੰਕਾ ਜ਼ਾਹਿਰ ਕਰਦਾ ਹੈ (ਕਿਉਂਕਿ ਦਰਸ਼ਨ ਸਿੰਘ ਖਾਲਸਾ ਜੀ ਮੁਤਾਬਿਕ ਗ੍ਰੰਥ ਸਾਹਿਬ ਦਾ ਪੁਸਤਕ ਰੂਪ ਹੀ ਗੁਰੂ ਹੈ ਅਤੇ ਗੁਰੂ ਰੱਬ ਹੈ) ਤਾਂ ਅਜਿਹੇ ਸ਼ੰਕੇ ਦਾ ਨੁਕਸਾਨ ਤਾਂ ਰੱਬ ਨੂੰ ਹੋਏਗਾ, ਸਿੱਖ ਕੌਮ ਦੇ ਭਵਿਖ ਨੂੰ ਕਿਵੇਂ ਨੁਕਸਾਨ ਪਹੁੰਚੇਗਾ? ਪਰੰਤੂ ਇਸੇ ਤਰਕ ਮੁਤਾਬਿਕ ਰੱਬ “ਸਦਾ ਸਲਾਮਿਤ” ਹੈ। ਰੱਬ ਤਾਂ ਸਰਬਸ਼ਕਤੀਮਾਨ ਵੀ ਹੈ। ਭਲਾ ਰੱਬ ਦਾ ਨੁਕਸਾਨ ਕੋਈ ਕਿਵੇਂ ਹੋ ਸਕਦਾ ਹੈ? ਇਹੋ ਜਿਹੇ ਤਰਕ ਦਾ ਸਿੱਖ ਕੌਮ ਨੂੰ ਕਦੀ ਕੋਈ ਲਾਭ ਨਹੀਂ ਪਹੁੰਚਣ ਲੱਗਾ।

ਸਿੱਖ ਕੌਮ ਦੇ ਭਵਿਖ ਦਾ ਨੁਕਸਾਨ ਤਾਂ ਸਿੱਖਾਂ ਦੇ ਹੱਥੋਂ ਹੀ ਹੋਵੇਗਾ-- ਗੁਰਬਾਣੀ ਦੇ ਆਦੇਸ਼ ਪ੍ਰਤੀ ਅਵੱਗਿਆ ਵਿਖਾਉਣ ਵਾਲਿਆਂ ਦੇ ਹੱਥੋਂ, ਹਉਮੇ ਪਾਲਣ ਵਾਲਿਆਂ ਦੇ ਹੱਥੋਂ ਅਤੇ ਦੰਭ ਕਰਨ ਵਾਲਿਆਂ ਦੇ ਹੱਥੋਂ। ਇਤਹਾਸ ਨੂੰ “ਗੁਰਬਾਣੀ ਦੇ ਫਿਲਟਰ” ਵਿੱਚੋਂ ਜ਼ਰੂਰ ਲੰਘਾਇਆ ਜਾਵੇ ਪਰੰਤੂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਦੇ ਕਿਰਦਾਰ ਨੂੰ ਵੀ ਇਸੇ ਫਿਲਟਰ ਵਿੱਚੋਂ ਲੰਘਾ ਕੇ ਵੇਖੋ, ਕਿੰਨੀਂ ਨਿਰਾਸ਼ਾ ਪੱਲੇ ਪੈਂਦੀ ਹੈ।

ਸ. ਦਰਸ਼ਨ ਸਿੰਘ ਖਾਲਸਾ ਜੀ ਦਾ ਕਥਨ ਹੈ “ਸਾਡਾ ਇਤਹਾਸ ਕਈ ਆਪਣੀਆਂ (ਣਿਆਂ) ਅਤੇ ਬੇਗਾਨੀਆਂ (ਨਿਆਂ) ਦੀਆਂ ਕਲਮਾਂ ਦੀ ਪੈਦਾਇਸ਼ ਹੈ”। ਇਸ ਸਥਿਤੀ ਵਿੱਚ ਤਾਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਆਪਸੀ ਵਿਚਾਰ-ਚਰਚਾ ਰਾਹੀਂ ਅਤੇ ਸਰਵਸੰਮਤੀ ਰਾਹੀਂ ਆਪਣੇ ਇਤਹਾਸ ਦੀ ਸਹੀ ਤਸਵੀਰ ਸਿਰਜ ਲਈ ਜਾਵੇ। ਖੋਜ ਕਦੀ ਰੁਕਦੀ ਨਹੀਂ ਅਤੇ ਨਾ ਹੀ ਇਸ ਨੂੰ ਰੋਕਣ ਦੀ ਕੋਸ਼ਿਸ਼ ਹੀ ਕਰਨੀ ਚਾਹੀਦੀ ਹੈ। ਇਤਹਾਸ ਦੇ ਸਰੋਤ ਇੱਕ ਨਹੀਂ ਹੁੰਦੇ, ਇਹ ਸਹੀ ਹੈ। ਇਸ ਤੋਂ ਬਿਨਾਂ, ਉਪਲਭਧ ਇਤਹਾਸਕ ਜਾਣਕਾਰੀ ਤੇ ਹੋਰ ਵੀ ਪਰਭਾਵ ਪਏ ਹੁੰਦੇ ਹਨ। ਇਸੇ ਲਈ ਤਾਂ ਸਮੇਂ-ਸਮੇਂ ਖੋਜ ਰਾਹੀਂ ਤੱਥਾਂ ਦਾ ਮੁਲਾਂਕਣ ਕਰਨਾ ਪੈਂਦਾ ਹੈ ਅਤੇ ਸਿੱਟੇ ਜੱਗ-ਜਾਹਰ ਕਰਨੇ ਪੈਂਦੇ ਹਨ। ਅੱਜ ਯੁਗ ਪਾਰਦਰਸ਼ਤਾ ( transparency ) ਦਾ ਹੈ, ਤੱਥਾਂ ਨੂੰ ਪਰਦੇ ਪਿੱਛੇ ਲੁਕਾਉਣ ਦਾ ਨਹੀਂ। ਗੁਰਬਾਣੀ ਦੀ ਕਸਵੱਟੀ ਇਹ ਹੈ ਕਿ ਹਉਮੇਂ ਅਤੇ ਸਵਾਰਥ ਤੋਂ ਉਪੱਰ ਉਠ ਕੇ ਸੱਚ ਦੀ ਖੋਜ ਕੀਤੀ ਜਾਵੇ ਜੋ ਸਰਬੱਤ ਦੇ ਭਲੇ ਲਈ ਕੰਮ ਆਵੇ। ਸ਼ਬਦ-ਗ੍ਰੁਰੂ ਤਾਂ ਉਂਜ ਹੀ ਇਤਹਾਸ ਦੀ ਕਸਵੱਟੀ ਤੋਂ ਬਹੁਤ ਉਪੱਰ ਹੈ। ਸਾਨੂੰ ਡਰਨ ਦੀ ਲੋੜ ਨਹੀਂ। ਚੰਗੇ ਭਾਗਾਂ ਨੂੰ ਅਜ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦੇ ਪਾਠ ( text ) ਸਬੰਧੀ ਕੋਈ ਬਹੁਤੇ ਜਾਂ ਗੰਭੀਰ ਸ਼ੰਕੇ ਹੈਨ ਵੀ ਨਹੀਂ। ਜੋ ਕੁੱਝ ਹੈ ਵਿਸ਼ੇਸ਼ ਇਤਹਾਸਕ ਪ੍ਰਸਥਿਤੀਆਂ ਵਿੱਚ ਕੌਮ ਦੀ ਮਜ਼ਬੂਰੀ ਕਰ ਕੇ ਵਾਪਰਿਆ ਹੋਇਆ ਹੈ। ਨੁਕਸਾਨ ਦੀ ਭਰਪਾਈ (damage control) ਦਾ ਬਹੁਤਾ ਕੰਮ ਤਾਂ ਉਨ੍ਹੀਵੀਂ ਸਦੀ ਵਿੱਚ ਕਰ ਦਿੱਤਾ ਗਿਆ ਸੀ। ਬਾਕੀ ਦਾ ਪੂਰਾ ਕਰਨਾ ਨਵੀਆਂ ਪੀੜ੍ਹੀਆਂ ਦੀ ਜ਼ੁੰਮੇਵਾਰੀ ਬਣਦੀ ਹੈ। ਅਸੀਂ ਆਪਣੇ ਤੋਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਮੂੰਹ ਵਿਖਾਉਣਾ ਹੈ। ਸਾਨੂੰ ਆਪਣੇ ਫਰਜ਼ ਪ੍ਰਤੀ ਅਵੇਸਲੇ ਨਹੀਂ ਹੋਣਾ ਚਾਹੀਦਾ। ਇਸ ਫਰਜ਼ ਦੀ ਅਦਾਇਗੀ ਲਈ ਸੁਹਿਰਦ ਵਿਦਵਾਨਾਂ ਨੂੰ ਉਤਸਾਹਿਤ ਕਰਨ ਦੀ ਲੋੜ ਹੈ ਅਤੇ ਕੌਮ ਦੀ ਸਰਵਸੰਮਤੀ ਦਾ ਕੋਈ ਵਸੀਲਾ ਬਣਾ ਕੇ ਬਿਨਾਂ ਹੋਰ ਦੇਰੀ ਕੀਤੇ ਢੁੱਕਵੇਂ ਫੈਸਲੇ ਲੈ ਲੈਣੇ ਚਾਹੀਦੇ ਹਨ। ਨਵੇਂ ਅਤੇ ਵਿਗਿਆਨਕ ਯੁਗ ਵਿੱਚ ਸਾਡੀ ਧਾਰਮਿਕ ਪੁਸਤਕ ਦਾ ਸਹੀ ਪਰਭਾਵ ਹੀ ਸੰਸਾਰ ਦੇ ਸਾਹਮਣੇ ਸਾਡੇ ਧਰਮ ਦੀ ਸਹੀ ਤਸਵੀਰ ਪੇਸ਼ ਕਰ ਸਕਦਾ ਹੈ। ਸ਼ਬਦ-ਗੁਰੂ ਭਾਵ ਬੁਰਬਾਣੀ ਦਾ ਸੰਦੇਸ਼ ਸਾਡੀ ਆਪਣੀ ਜੀਵਨ-ਜੁਗਤ ਸਿਰਜਣ ਲਈ ਜ਼ਰੂਰੀ ਹੈ ਪਰ ਸਾਡੀ ਧਾਰਮਿਕ ਪੁਸਤਕ ਦਾ ਪਰਭਾਵੀ ਸਰੂਪ ਹੀ ਸੰਸਾਰ ਦੇ ਸਾਹਮਣੇ ਸਾਡੇ ਧਰਮ ਦੀ ਪ੍ਰਮਾਣਿਕ ਤਸਵੀਰ ਪੇਸ਼ ਕਰ ਸਕਦਾ ਹੈ।

ਗੁਰੂ ਜੀ ਦੀ ਹੋਂਦ ਨੂੰ ਜਾਂ ਸਿੱਖੀ ਨੂੰ ਖਤਰਾ, ਸ਼ੰਕੇ ਖੜੇ ਕਰਨ ਵਾਲਿਆਂ ਤੋਂ ਨਹੀਂ ਸਗੋਂ ਉਹਨਾਂ “ਸਿੱਖਾਂ” ਤੋਂ ਹੈ ਜੋ ਸੱਚ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਅਤੇ ‘ਪ੍ਰਮਾਣਿਕਤਾ’ ਦਾ ਘਸੁੰਨ ਵਿਖਾ ਕੇ ਸੁਹਿਰਦ ਵਿਚਾਰਵਾਨਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੇ ਹਨ। ਜੇਕਰ ਸਾਡਾ ਗੁਰੂ ਜੁਗੋ-ਜੁਗ ਅਟੱਲ ਹੈ ਤਾਂ ਉਸ ਦੀ “ਹੋਂਦ” ਜਾਂ “ਅਸਲੀਅਤ” ਨੂੰ ਖਤਰਾ ਕਿਵੇਂ ਹੋ ਸਕਦਾ ਹੈ? ਗੁਰਬਾਣੀ ਦੇ ਸੰਦੇਸ਼, ਜੋ ਸਾਡਾ ਸ਼ਬਦ-ਗੁਰੂ ਹੈ; ਨੂੰ “ਪ੍ਰਮਾਣਿਕਤਾ” ਦੇ ਸਰਟੀਫੀਕੇਟ ਦੀ ਲੋੜ ਹੀ ਨਹੀਂ। ਉਹ ਤਾਂ ਪਹਿਲਾਂ ਹੀ ਪ੍ਰਮਾਣਿਕ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖ ਕਹਾਉਂਦੇ ਲੋਕਾਂ ਵਿੱਚੋਂ ਹੀ ਕੁੱਝ ਸੱਜਣ ਗੁਰੂ ਜੀ ਦੀ “ਹੋਂਦ” ਨੂੰ ਪੇਸ਼ ਖਤਰੇ ਦੀ ਗੱਲ ਕਰਕੇ ਆਪਣੀ ਅੰਦਰੂਨੀ ਅਸੁਰਖਿਅਤਾ ਦੀ ਭਾਵਨਾਂ ਜ਼ਾਹਰ ਕਰ ਰਹੇ ਹੁੰਦੇ ਹਨ ਅਤੇ ਗੁਮਰਾਹ ਸਾਰੀ ਕੌਮ ਨੂੰ ਕਰ ਰਹੇ ਹੁੰਦੇ ਹਨ। ਅਸਲ ਵਿੱਚ ਉਹ ਆਪ ਉਚ-ਕੋਟੀ ਦੇ ਵਿਦਵਾਨ ਜਾਂ ਉਚ-ਅਹੁਦੇ ( status ) ਵਾਲੇ ਹੋਣ ਦਾ ਭਰਮ ਪਾਲੀ ਬੈਠੇ ਹੁੰਦੇ ਹਨ। ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇ ਕਿਸੇ ਹੋਰ ਵਿਚਾਰਵਾਨ ਅੱਗੇ ਆ ਗਿਆ ਤਾਂ ਉਹਨਾਂ ਦੀ ਆਪਣੀ ਹੈਸੀਅਤ ਘਟ ਜਾਵੇਗੀ। ਇਸ ਲਈ ਉਹ ਹਰ ਹੀਲੇ ਦੂਸਰਿਆਂ ਦਾ ਮੂੰਹ ਬੰਦ ਹੀ ਰੱਖਣਾ ਚਾਹੁੰਦੇ ਹਨ।

ਆਮ ਸਿੱਖ ਤਾਂ ਸ਼ੰਕਿਆਂ ਦੇ ਬਾਰੇ ਬਹੁਤਾ ਸੰਜੀਦਾ ਹੀ ਨਹੀਂ। ਸ. ਦਰਸ਼ਨ ਸਿੰਘ ਖਾਲਸਾ ਜੀ ਜੋ ਆਪਣੇ ਆਪ ਨੂੰ “ਸ੍ਰੀ ਗੁਰੂ ਗ੍ਰੰਥ ਜੀ ਨੂੰ ਸਮਰਪਿਤ ਜੀਅ” ਸਮਝਦੇ ਹਨ, ਨੂੰ ਚਾਹੀਦਾ ਹੈ ਕਿ ਭੈ ( panic) ਪੈਦਾ ਕਰਕੇ ਕਿਸੇ ਵਿਚਾਰ-ਚਰਚਾ ਨੂੰ ਰੋਕਣ ਦੇ ਉਪਰਾਲੇ ਕਰਨ ਨਾਲੋਂ ਉਹ ਆਪ ਪਹਿਲਾਂ ਸ਼ਬਦ ਗੁਰੂ ਦੇ ਸੰਕਲਪ ਭਾਵ ਗੁਰਬਾਣੀ ਦੇ ਸੰਦੇਸ਼ ਅਤੇ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਭਾਵ ਇਸ ਦੇ ਪਾਠ ( text ) ਵਿਚਲਾ ਫਰਕ ਪਛਾਣ ਲੈਣ। ਫਿਰ ਨਾਂ ਤਾਂ ਉਹਨਾਂ ਨੂੰ ਗੁਰੂ ਜੀ ਦੀ ਹੋਂਦ, ਪ੍ਰਮਾਣਿਕਤਾ ਜਾਂ ਅਸਲੀਅਤ ਪ੍ਰਤੀ ਕੋਈ ਖਤਰਾ ਨਜ਼ਰ ਆਵੇਗਾ ਅਤੇ ਨਾ ਹੀ ਉਹਨਾਂ ਨੂੰ ਸ਼ੰਕਿਆਂ ਅਤੇ ਭਰਮਾਂ ਦਾ ਡਰ ਸਤਾਵੇਗਾ।

ਅੰਤਿਕਾ

ਸ਼ਭਨਾਂ ਨੂੰ ਇਸ ਗੱਲ ਦਾ ਪਤਾ ਹੀ ਹੈ ਕਿ ਸ. ਦਰਸ਼ਨ ਸਿੰਘ ਖਾਲਸਾ ਜੀ ਸ੍ਰੀ ਅਕਾਲ ਤਖਤ ਦੇ “ਜਥੇਦਾਰ” ਦੀ ਉੱਚ-ਪਦਵੀ ਤੇ ਬਿਰਾਜਮਾਨ ਰਹਿ ਚੁੱਕੇ ਹਨ (ਭਾਵੇਂ ਕਿ ਸਬੰਧਿਤ ਗੁਰਦੁਆਰਾ ਐਕਟ ਮੁਤਾਬਿਕ ਸ੍ਰੀ ਅਕਾਲ ਤਖਤ ਉਤੇ ਅਸਾਮੀ ‘ਗ੍ਰੰਥੀ’ ਦੀ ਹੈ, ਨਾ ਹੀ “ਜਥੇਦਾਰ” ਦੀ ਅਤੇ ਨਾ ਹੀ “ਮੁੱਖ ਸੇਵਾਦਾਰ” ਦੀ)। ਲ਼ੰਬੇ ਸਮੇਂ ਤੋਂ ਇਹ ਉੱਚ-ਪਦਵੀ ਹੋਰਨਾਂ ਸ਼ਖਸੀਅਤਾਂ ਦੇ ਕਬਜ਼ੇ ਹੇਠ ਚਲੀ ਆ ਰਹੀ ਹੈ। ਇਸ ਲਈ ਖਾਲਸਾ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਆਪਣੇ ਬਾਰੇ ਜੋ ਸੱਚ ਹੈ ਉਹ ਹੀ ਲਿਖਿਆ ਕਰਨ। ਚੰਗਾ ਤਾਂ ਇਹ ਹੀ ਹੋਵੇ ਜੇਕਰ ਉਹ “ਮੁੱਖ ਸੇਵਾਦਾਰ” ਦਾ ਲਕਬ ਆਪਣੇ ਨਾਮ ਨਾਲੋਂ ਉਤਾਰਦੇ ਹੋਏ ਸਿੱਖ ਕੌਮ ਦੀ ਮੁੱਖ-ਧਾਰਾ ਵਿੱਚ ਮੁੜ ਤੋਂ ਸ਼ਾਮਲ ਹੋ ਜਾਣ ਅਤੇ ਸਿੱਖ ਕੌਮ ਦੇ ਮਸਲਿਆਂ ਬਾਰੇ ਗੱਲ ਕਰਦੇ ਸਮੇਂ ਇੱਕ ਸਧਾਰਨ ਸਿੱਖ ਵਾਂਗ ਵਿਚਰਦੇ ਹੋਏ ਲਪੇਟਵੀਂ ਭਾਸ਼ਾ ਵਿੱਚ ਹੁਕਮਨਾਮੇ ਜਾਰੀ ਕਰਨ ਤੋਂ ਗੁਰੇਜ਼ ਕਰਿਆ ਕਰਨ।

--- 0 ---

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।




.