.

ੴ ਸਤਿਗੁਰ ਪ੍ਰਸਾਦਿ॥

ਸਲੋਕ ਸੇਖ ਫਰੀਦ ਕੇ

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥ ਜਿੰਦੁ ਵਹੁਟੀ ਮਰਣੁ, ਵਰੁ ਲੈ ਜਾਸੀ ਪਰਣਾਇ॥ ਆਪਣ ਹਥੀ ਜੋਲਿ ਕੈ, ਕੈ ਗਲਿ ਲਗੈ ਧਾਇ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ॥ ਫਰੀਦਾ ਕਿੜੀ ਪਵੰਦੀਈ, ਖੜਾ ਨ ਆਪੁ ਮੁਹਾਇ॥ 1॥ {ਪੰਨਾ 1377}

ਪਦ ਅਰਥ: — ਜਿਤੁ—ਜਿਸ ਵਿਚ। ਜਿਤੁ ਦਿਹਾੜੈ—ਜਿਸ ਦਿਨ ਵਿਚ, ਜਿਸ ਦਿਨ। ਧਨ—ਇਸਤ੍ਰੀ। ਵਰੀ—ਚੁਣੀ ਜਾਇਗੀ, ਵਿਆਹੀ ਜਾਇਗੀ। ਸਾਹੇ— (ਉਸ ਦਾ) ਨੀਯਤ ਸਮਾ। ਮਲਕੁ—ਮਲਕੁਤ ਮੌਤ, (ਮੌਤ ਦਾ) ਫ਼ਰਿਸਤਾ। ਕੂੰ—ਨੂੰ। ਨ ਚਲਨੀ—ਨਹੀਂ ਟਲ ਸਕਦੇ। ਜਿੰਦੁ ਕੂੰ—ਜਿੰਦ ਨੂੰ। ਮਰਣੁ—ਮੌਤ। ਵਰੁ—ਲਾੜਾ। ਪਰਣਾਇ—ਵਿਆਹ ਕੇ। ਜੋਲਿ ਕੈ—ਤੋਰ ਕੇ। ਕੈ ਗਲਿ—ਕਿਸ ਦੇ ਗਲ ਵਿਚ? ਧਾਇ—ਦੌੜ ਕੇ। ਵਾਲਹੁ—ਵਾਲ ਤੋਂ। ਪੁਰਸਲਾਤ—ਪੁਲ ਸਿਰਾਤ। ਕੰਨੀ—ਕੰਨਾਂ ਨਾਲ। ਕਿੜੀ ਪਵੰਦੀਈ—ਵਾਜਾਂ ਪੈਂਦਿਆਂ। ਕਿੜੀ—ਵਾਜ। ਆਪੁ—ਆਪਣੇ ਆਪ ਨੂੰ। ਨ ਮੁਹਾਇ—ਨਾ ਠੱਗਾ, ਧੋਖੇ ਵਿੱਚ ਨਾ ਪਾ, ਨਾ ਲੁਟਾ।

ਫਰੀਦਜੀ ਦੇ ਸਾਰੇ ਸਲੋਕ ਮਨੁਖ ਨੂੰ ਚੜਦੀ ਕਲਾ ਵਾਲੇ ਪਾਸੇ ਲੈਕੇ ਜਾਂਦੇ ਹਨ। ਸੋ ਪਹਿਲਾ ਸਲੋਕ ਵੀ ਚੜਦੀ ਕਲਾ ਦਾ ਪ੍ਰਤੀਕ ਹੈ। ਜਿਸ ਦਿਨ, ਧਨ- (ਇਸਤਰੀ) ਦਾ ਵਿਵਾਹ ਹੋਣਾ ਤਹਿ ਹੋਂਦਾ ਹੈ, ਮੂੰਡੇ ਵਾਲੇ ਵਰੀ- ਇੱਕ ਕਪੜਾ ਕੁੜੀ ਨੂੰ ਭੇਟ ਕਰਦੇ ਹਨ, ਇਸੀ ਤਰਹਾਂ, ਜਿਸ ਦਿਨ ਮਨ ਸਤਿਗੁਰਿ ਦੀ ਮਤ ਲੈ ਲੈਂਦਾ ਹੈ, ਤਾਂ ਸਚ ਦੇ ਗਿਆਨ ਦਾ ਵਰੀ ਰੂਪ ਕਪੜਾ ਇਸਦੀ ਮਤ ਉਤੇ ਆ ਜਾਂਦਾ ਹੈ। ਇਸ ਤਰਹਾਂ ਆਤਮਕ ਜੀਵਨ ਜੀਣ ਵਾਸਤੇ, ਪਰਮਾਤਮਾ ਦੇ ਗੁਣਾਂ ਦੀ ਸੂਝ ਹੋ ਜਾਣੀ ਇਸ ਤਰਹਾਂ ਹੈ ਮਾਨੋ ਆਤਮਕ ਜੀਵਨ ਜੀਣ ਵਾਸਤੇ ਸਾਹੇ ਲਿਖ ਲਏ, ਉਹਨਾਂ ਕਦਮਾਂ ਦੀ ਸਮਝ ਆ ਗਈ। ਮਲਕੁ-ਫਰਿਸ਼ਤਾ, ਰਾਜਾ, (ਸਤਿਗੁਰਿ) ਜੇੜਾ ਕਿਧਰੇ ਸਤਵੇਂ ਅਸਮਾਨ ਤੇ ਸੁਣੀਦਾ ਸੀ, ਇੱਕ ਦਮ ਸਾਮਣੇ ਨਜ਼ਰ ਆਉਣ ਲਗ ਪੈਂਦਾ ਹੈ (ਮੁਹੁ ਦੇਖਾਲੇ ਆਇ)। ਮਨ ਨੇ ਸਚ ਦਾ ਗਿਆਨ ਲੈ ਲਿਆ ਹੈ ਜਿਸ ਕਾਰਣ, ਜਿੰਦ ਨਮਰਤਾ ਵਿੱਚ ਆਕੇ ਜੀਣਾ ਸਿਖ ਲੈਂਦੀ ਹੈ, ਅਤੇ ਆਪਣੇ ਮਨ ਦੇ ਖਿਆਲਾਂ ਦੇ ਅਧਾਰਿਤ ਬਣਾਏ ਹੋਏ ਅਹੰਕਾਰੀ ਹਡੀ ਰੂਪ ਕਿਲੇ, ਕੜ ਕੜ ਕਰਕੇ ਟੁਟ ਜਾਂਦੇ ਹਨ। ਹੁਣ ਮਨ ਜਿੰਦ ਨੂੰ ਅਹੰਕਾਰੀ ਖਿਆਲਾਂ ਤੇ ਮੁੜ ਕੇ, ਨਾ ਚਲਣ ਵਾਸਤੇ ਸਮਝਾਂਦੀ ਹੈ, ਭਾਵ ਮਨ ਪਰਮਾਤਮਾ ਦੇ ਗੁਣ ਲੈਕੇ ਜੀਣਾ ਸਿਖ ਜਾਂਦਾ ਹੈ। ਇਸ ਤਰਹਾਂ ਜੀਵ ਇਸਤਰੀ ਵਿਕਾਰਾਂ ਤੌਂ ਮਰਕੇ ਜੀਣਾ ਸਿਖ ਜਾਂਦੀ ਹੈ, ਅਤੇ ਵਰ ਰੂਪ ਪਰਮਾਤਮਾ ਦੇ ਗੁਣ ਜੀਵਇਸਤਰੀ ਨੂੰ ਆਪਣੀ ਗਲਵਕੜੀ ਵਿੱਚ ਲੈ ਲ਼ੈਦੇ ਹਨ (ਵਰ ਲੈ ਜਾਸੀ ਪਰਣਾਇ)। ਇਸ ਤਰਹਾਂ ਮਨ ਆਪਣੇ ਹਥਾਂ ਨਾਲ ਮਨ ਦੇ ਅਹੰਕਾਰੀ ਖਿਆਲਾਂ ਨੂੰ ਟੋਰ ਕੇ ਫਿਰ ਮਨ ਦੀ ਉਸ ਪਹਿਲੇ ਵਾਲੀ ਹਾਲਤ ਨੂੰ ਚੇਤੇ ਨਹੀ ਕਰਦਾ, ਉਹਨਾ ਦੇ ਜਾਣ ਦਾ ਕੋਈ ਅਫਸੋਸ ਨਹੀ ਕਰਦਾ। ਮਨ ਦੀ ਐਸੀ ਉਚੀ ਅਵਸਥਾ ਵਿੱਚ ਸਚ ਦਾ ਗਿਆਨ ਲੈਕੇ ਜੀਣਾ ਸੌਖਾ ਨਜ਼ਰ ਆੳਂਦਾ ਹੈ, ਜਿਸ ਪੁਰਸਲਾਤ ਨੂੰ ਮਨ ਦੇ ਟਿਕਾਵ ਨੂੰ ਲੋਕੀ ਵਾਲੳਂ ਨਿਕਾ ਰਸਤਾ ਸਮਝਕੇ ਔਖਾ ਬਣਾਈ ਬੈਠੇ ਹਨ, ਐਸੀ ਕੋਈ ਅਵਾਜ ਕੰਨਾ ਵਿੱਚ ਨਹੀ ਪੈਂਦੀ। ਫਰਦਿਜੀ ਅਖਿਰਲੀ ਤੁਕ ਵਿੱਚ ਅਪਣੇ ਮਨ ਦੀ ਅਵਸਥਾ ਦਸ ਰਹੇ ਨੇ ਕੇ, ਹੁਣਮੇਰੇ ਕੰਨ ਪਹਿਲਿਆਂ ਅਵਾਜਾਂ ਨਹੀ ਸੁਣਦੇ, ਵਿਕਾਰਾਂ ਦੇ ਟਾਕਰੇ ਤੇ ਮਨ ਸਤਰਕ ਖੜਾ ਹੈ, ਅਪਣੇ ਆਪ ਨੂੰ ਕਿਸੀ ਨਿਕੇ ਨਿਕੇ ਲਾਲਚੀ ਖਿਆਲਾਂ ਵਾਸਤੇ, ਠਗਣ ਨਹੀ ਦੇਂਦਾ। 1.

ਫਰੀਦਾ ਦਰ ਦਰਵੇਸੀ ਗਾਖੜੀ, ਚਲਾਂ ਦੁਨੀਆਂ ਭਤਿ॥ ਬੰਨਿੑ ਉਠਾਈ ਪੋਟਲੀ ਕਿਥੈ ਵੰਞਾ ਘਤਿ॥ 2॥ {ਪੰਨਾ 1377-1378}

ਪਦ ਅਰਥ: — ਗਾਖੜੀ—ਔਖੀ। ਦਰਵੇਸੀ—ਫ਼ਕੀਰੀ। ਦਰ— (ਪਰਮਾਤਮਾ ਦੇ) ਦਰ ਦੀ। ਭਤਿ—ਭਾਂਤਿ, ਵਾਂਗ। ਬੰਨਿੑ— (ਅੱਖਰ ‘ਨ’ ਦੇ ਹੇਠ ਅੱਧਾ ‘ਹ’ ਹੈ) ਬੰਨ੍ਹ ਕੇ। ਵੰਞਾ—ਜਾਵਾਂ। ਘਤਿ—ਸੁੱਟ ਕੇ। ਪੋਟਲੀ—ਨਿੱਕੀ ਜਿਹੀ ਗੰਢ।

ਦਰ ਦਰਵੇਸੀ ਭਾਵ ਰਬਜੀ ਦੇ ਦਰ ਤੇ ਜੀਵਨ ਜੀਣਾ, ਸਚ ਦਾ ਗਿਆਨ ਲੈਕੇ, ਜੀਵਨ ਰੂਪ ਕਦਮਾਂ ਤੇ ਟੁਰਨਾ, ਗੁਰੁ ਦੇ ਆਸ਼ੇ ਮੁਤਾਬਿਕ ਜੀਵਨ ਜੀਣਾ, ਐਸਾ ਜੀਵਨ ਜੀਣਾ ਮੇਰੇ ਲਈ ਔਖਾ ਹੋ ਜਾਂਦਾ ਹੈ, ਜਦ ਮਨ ਆਪਣੇ ਖਿਆਲਾਂ ਦੇ ਸਹਾਰੇ ਇੱਕ ਮਨੋਤ ਘੜ ਲੈਂਦਾ ਹੈ, ਲੋਕਾਚਾਰ ਦੀ, ਲੋਕਲਾਜ ਦੀ, ਇਹ ਨਾ ਕੀਤਾ ਤਾਂ ਲੋਕੀ ਕੀ ਕਹਿਣਗੇ, ਕੇਵਲ ਨੱਕ ਰਖਣ ਦੀ ਖਾਤਿਰ, ਦੁਨਿਆ ਜਿਸ ਬਹਾਵ ਵਿੱਚ ਬਹਿ ਰਹੀ ਹੈ, ਬਹੀ ਜਾਣਾ। ਜਦ ਤਕ ਮਨੁਖ ਸਚ ਦਾ ਗਿਆਨ ਲੈਕੇ ਇਸ ਮਨ ਦੇ ਖਿਆਲਾਂ ਦੀ ਪੋਟਲੀ ਨੂੰ ਮਨ ਤੋਂ ਲਾਹ ਕੇ ਸੁਟ ਨਹੀ ਦੇਂਦਾ, ਤਦ ਤਕ ਦਰਵੇਸੀ ਵਾਲਾ ਦਰ ਔਖਾ ਲਗਦਾ ਹੈ। ਮਨੁਖ ਦੇ ਇਹਨਾਂ ਮਨ ਦੇ ਖਿਆਲਾਂ ਨੇ ਸਚ ਵਾਲਾ ਜੀਣਾ ਔਖਾ ਕਰਕੇ ਰਖਿਆ ਹੈ। 2.

ਕਿਝੁ ਨ ਬੁਝੈ, ਕਿਝੁ ਨ ਸੁਝੈ, ਦੁਨੀਆ ਗੁਝੀ ਭਾਹਿ॥ ਸਾਂਈਂ ਮੇਰੈ ਚੰਗਾ ਕੀਤਾ, ਨਾਹੀ ਤ ਹੰਭੀ ਦਝਾਂ ਆਹਿ॥ 3॥ {ਪੰਨਾ 1378}

ਪਦ ਅਰਥ: — ਕਿਝੁ—ਕੁਝ ਭੀ। ਬੁਝੈ—ਸਮਝ ਆਉਂਦੀ, ਪਤਾ ਲੱਗਦਾ। ਦੁਨੀਆ—ਦੁਨੀਆ ਦਾ ਮੋਹ। ਗੁਝੀ—ਲੁਕਾਵੀਂ। ਭਾਹਿ—ਅੱਗ। ਸਾਂਈ ਮੇਰੈ—ਮੇਰੇ ਸਾਂਈ ਨੇ। ਹੰਭੀ—ਹਉਂ ਭੀ, ਮੈਂ ਭੀ। ਦਝਾਂ ਆਹਿ—ਸੜ ਜਾਂਦਾ ਹੈ।

ਮੇਰਾ ਇਹ ਜਗਤ, ਗਿਆਨ ਇੰਦਰੇ, ਕਰਮ ਇੰਦਰੇ, ਮਨ, ਮਤ ਬੁਧ, ਇਹ ਸਬ ਮੋਹ ਦੀ, ਲਭ ਦੀ, ਲੋਕਾਚਾਰ ਵਾਲੀ ਲੁਕਮੀ ਅੱਗ ਵਿੱਚ ਸੜ ਜਾਂਦੇ ਹਨ, ਜਦ ਮਨ ਨੂੰ ਸਤਿਗੁਰਿ ਦੀ ਸਮਝ ਨਹੀ ਰਹਿਂਦੀ। ਮਨ ਆਪਣੇ ਹੀ ਖਿਆਲਾਂ ਤੇ ਵਿਸ਼ਵਾਸ ਕਰ ਬੈਠਦਾ ਹੈ, ਪਰਮਾਤਮਾ ਦੇ ਗੁਣਾਂ ਦੀ ਸੂਝ ਬੂਝ ਰਖ ਕੇ ਜੀਵਨ ਦੇ ਕਦਮਾਂ ਤੇ ਨਹੀ ਟੁਰਦਾ। ਫਰੀਦਜੀ ਅਪਣੇ ਮਨ ਦੀ ਅਵਸਥਾ ਬਿਆਨ ਕਰ ਰਹੇ ਨੇ ਕੇ ਮੇਰਾ ਮਨ ਪਰਮਾਤਮਾ ਦੇ ਗੁਣਾ ਦੀ ਕਿਰਪਾ ਸਦਕੇ, ਸਚ ਦਾ ਗਿਆਨ ਲੈਕੇ ਜੀਂਦਾ ਹੈ, ਨਹੀ ਤਾਂ ਮੇਰਾ ਵੀ ਉਹੀ ਹਾਲ ਹੋਣਾ ਸੀ, ਜੇ ਲੁਕਮੀ ਅੱਗ ਦੀ ਸਮਝ ਨਾ ਆਉਂਦੀ। 4.

ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਮਲਿ ਬੁਕੁ ਭਰੀ॥ ਜੇ ਜਾਣਾ ਸਹੁ, ਨੰਢੜਾ ਤਾਂ ਥੋੜਾ ਮਾਣੁ ਕਰੀ॥ 4॥ {ਪੰਨਾ 1378}

ਪਦ ਅਰਥ: — ਤਿਲ— (ਭਾਵ), ਸੁਆਸ, ਗੁਣ। ਥੋੜੜੇ—ਬਹੁਤ ਥੋੜ੍ਹੇ। ਸੰਮਲਿ—ਸੰਭਲ ਕੇ, ਸੋਚ-ਸਮਝ ਕੇ। ਸਹੁ—ਖਸਮ-ਪ੍ਰਭੂ। ਨੰਢੜਾ—ਨਿੱਕਾ ਜਿਹਾ ਨੱਢਾ, ਨਿੱਕਾ ਜਿਹਾ ਬਾਲ, (ਭਾਵ, ਬਾਲ-ਸੁਭਾਉ ਵਾਲਾ)

ਫਰੀਦਜੀ ਇਸ ਸਲੋਕ ਵਿੱਚ ਆਪਣੀ ਪਰਚੋਲ, ਆਪਣੇ ਜੀਵਨ ਨੂੰ ਰਬੀ ਗੁਣਾਂ ਨਾਲ Compare ਕਰਣ ਦੀ ਗਲ ਕਰ ਰਹੇ ਹਨ, ਇਸ ਤਰਹਾਂ ਕਰਣ ਨਾਲ, ਜੇ ਮਨ ਨੂੰ, ਗੁਣਾਂ ਦੀ ਘਾਟ ਦੀ ਸਮਝ ਆ ਜਾਂਦੀ ਹੈ, ਤਾਂ ਅੰਦਰ ਹੀ ਇੱਕ ਰਸ ਵਸਦੇ ਰਬਜੀ ਦੇ ਗੁਣਾਂ ਦੀ ਸੰਭਾਲ ਕਰ ਲੈਂਦਾ ਹੈ। ਜੇ ਰਬਜੀ ਦੇ ਗੁਣਾਂ ਦੀ ਸੂਝ ਹੋ ਜਾਂਦੀ ਹੈ, ਤਾਂ ਮਨ ਅਪਣੀ ਚਤੁਰਾਈ, ਮਾਣ ਤਿਆਗ ਕੇ, ਨਿਕੇ ਜਹੇ ਬਾਲਕ ਵਰਗੀ ਮਤ ਲੈ ਕੇ ਗੁਰੂ ਅਗੇ ਸਮਰਪਿਤ ਹੋ ਜਾਂਦਾ ਹੈ, ਅਤੇ ਜੈਸਾ ਜੀਵਨ ਗੁਰੁ ਜੀਣ ਵਾਸਤੇ ਦਸਦਾ ਹੈ ਉਸ ਜੀਵਨ ਦਾ ਧਾਰਨੀ ਬਣ ਜਾਂਦਾ ਹੈ। 5.

ਜੇ ਜਾਣਾ ਲੜੁ ਛਿਜਣਾ, ਪੀਡੀ ਪਾਈਂ ਗੰਢਿ॥ ਤੈ ਜੇਵਡੁ ਮੈ ਨਾਹਿ ਕੋ, ਸਭੁ ਜਗੁ ਡਿਠਾ ਹੰਢਿ॥ 5॥ {ਪੰਨਾ 1378}

ਪਦ ਅਰਥ: — ਲੜੁ—ਪੱਲਾ। ਛਿਜਣਾ—ਟੁੱਟ ਜਾਣਾ ਹੈ। ਪੀਡੀ—ਪੱਕੀ। ਤੈ ਜੇਵਡੁ—ਤੇਰੇ ਜੇਡਾ। ਹੰਢਿ—ਫਿਰ ਕੇ।

ਫਰੀਦਜੀ ਦਾ ਇਹ ਸਲੋਕ ਉਤਲੇ ਸਲੋਕ ਦੀ ਲੜੀ ਹੈ। ਜਦ ਮਨੁਖ ਆਪਣੀ ਪਰਚੋਲ ਕਰਦਾ ਹੈ, ਮਨੁਖ ਜੇੜਾ ਜੀਵਨ ਜੀ ਰਿਹਾ ਹੈ, ਉਸ ਜੀਵਨ ਨੂੰ ਗੁਰਮਤਿ ਦੀ ਕਸਵਟੀ ਤੇ ਪਰਖਦਾ ਹੈ, ਤਾਂ ਜੀਵਨ ਰੂਪ ਕਦਮਾਂ ਤੇ ਕਿਨਾ ਖਿਆਲਾਂ ਕਾਰਣ, ਕਿਸ ਸੁਭਾਵ ਕਾਰਣ ਇਸਦੇ ਹਥੋਂ ਸਚ ਦਾ ਪੱਲਾ ਛੁਟ ਜਾਂਦਾ ਹੈ, ਕਿਸ ਕਾਰਣ ਇਸਦਾ ਆਤਮਕ ਜੀਵਨ ਛਿਜ ਜਾਂਦਾ ਹੈ ਦੀ ਸੂਝ ਹੋ ਜਾਂਦੀ ਹੈ। ਸਬ ਕਾਰਣਾਂ ਦੀ ਇਸ ਕਚੀ ਗੰਡ ਨੂੰ, ਗੁਰੁ ਦੇ ਉਪਦੇਸ਼ ਲੈਕੇ, ਮਨ ਪੱਕੀ ਗੰਡ ਬਨ ਲੈਦਾ ਹੈ। ਇਸ ਤਰਹਾਂ ਜੇ ਮਨ ਸਚ ਦਾ ਗਿਆਨ ਲੈ ਲੈਂਦਾ ਹੇ, ਫਿਰ ਬਾਹਰਲੇ ਹੋਰ ਹੋਰ ਕਰਮ ਕਾਂਡਾ ਵਾਸਤੇ ਭਟਕਦਾ ਨਹੀ। ਕੇਵਲ ਪਰਮਾਤਮਾ ਦੇ ਗੁਣ ਲੈਕੇ ਜੀਣਾ ਸਿਖ ਜਾਂਦਾ ਹੈ। 5.

ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾਂ ਕਰਿ ਦੇਖੁ॥ 6॥ {ਪੰਨਾ 1378}

ਪਦ ਅਰਥ: — ਅਕਲਿ ਲਤੀਫੁ—ਲਤੀਫ਼ ਅਕਲ ਵਾਲਾ, ਬਰੀਕ ਸਮਝ ਵਾਲਾ। ਕਾਲੇ ਲੇਖੁ—ਕਾਲੇ ਕਰਮਾਂ ਦਾ ਲੇਖਾ, ਹੋਰਨਾਂ ਦੇ ਮੰਦੇ ਕਰਮਾਂ ਦਾ ਲੇਖਾ-ਪੜਚੋਲ। ਗਿਰੀਵਾਨ—ਬੁੱਕਲ।

(ਮਨ ਤੂੰ ਜੋਤਿ ਸਰੂਪ ਹੈ) ਮਨ ਰਬਜੀ ਦੀ ਅੰਸ਼ ਹੈ, ਇਸ ਲਈ ਬੜੀ ਬਰੀਕ ਨਜ਼ਰ ਰਖਦਾ ਹੈ, ਬਿਬੇਕ ਸਦਾ ਇਸ ਦੇ ਨਾਲ ਇੱਕ ਰਸ ਵਸਦਾ ਹੈ, ਲੇਕਿਨ ਮਨ ਆਪਣੀ ਚਤੁਰਾਈ, ਆਪਣੇ ਹੀ ਮਿੱਥੇ ਹੋਏ ਖਿਆਲਾਂ ਕਾਰਣ, ਆਪਣੀ ਪਰਚੋਲ, ਅਤੇ ਅਪਣੇ ਮੂਲ ਦੀ ਕਦੀ ਵੀ ਭਾਲ ਨਹੀ ਕਰਦਾ। ਮਨ ਸਦਾ ਹੋਰਨਾਂ ਵਿੱਚ ਦੋਸ਼ ਲਭਦਾ ਰਹਿਂਦਾ ਹੈ, ਤਾਂ ਜੇ ਅਪਣੇ ਅਵਗੁਣਾਂ ਤੇ ਪੜਦਾ ਪਾ ਸਕੇ। ਇਸ ਤਰਹਾਂ ਮਨ ਆਪਣੇ ਹਿਰਦੇ ਵਾਲੀ ਸਲੇਟ ਤੇ ਕਾਲੇ ਲੇਖ ਲਿਖ ਲੈਂਦਾ ਹੈ। ਮਨੁਖ ਜਦ ਸਚ ਦਾ ਗਿਆਨ ਲੈ ਲੈਂਦਾ ਹੈ, ਤਾਂ ਆਪਣੀ ਪਰਚੋਲ ਕਰਕੇ ਆਪਣੇ ਅਵਗੁਣ ਲਭਦਾ ਹੈ, ਗੁਰੁ ਦੇ ਉਪਦੇਸ਼ ਲੈਕੇ ਨਮਰਤਾ ਵਿੱਚ ਜੀਣਾ ਸਿਖ ਜਾਂਦਾ ਹੈ ਅਤੇ ਆਪਣੇ ਅਵਗੁਣ ਗਿਆਨ ਦੇ ਸਦਕੇ ਥਾਪ (Fix) ਕਰਣ ਦੇ ਸਮਰਥ ਹੋ ਜਾਂਦਾ ਹੈ। 6.

ਫਰੀਦਾ ਜੋ ਤੈ ਮਾਰਨਿ ਮੁਕੀਆਂ, ਤਿਨਾੑ ਨ ਮਾਰੇ ਘੁੰਮਿ॥ ਆਪਨੜੈ ਘਰਿ ਜਾਈਐ, ਪੈਰ ਤਿਨਾੑ ਦੇ ਚੁੰਮਿ॥ 7॥ {ਪੰਨਾ 1378}

ਪਦ ਅਰਥ: — ਤੈ—ਤੈਨੂੰ। ਤਿਨਾੑ- ਮਾਰੇ—ਮਾਰਿ। ਨ ਮਾਰੇ—ਨਾਹ ਮਾਰ। ਘੁੰਮਿ—ਘੁੰਮ ਕੇ, ਪਰਤ ਕੇ। ਆਪਨੜੈ ਘਰਿ—ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਸ਼ਾਂਤ ਅਵਸਥਾ ਵਿਚ। ਚੁੰਮਿ—ਚੁੰਮ ਕੇ। ਜਾਈਐ—ਅੱਪੜ ਜਾਈਦਾ ਹੈ।

ਮਨ ਸਚ ਦਾ ਗਿਆਨ ਨਹੀ ਲੈਂਦਾ, ਅਤੇ ਆਪਣੇ ਮਨ ਦੇ ਖਿਆਲਾਂ ਦੇ ਆਸਰੇ ਰਬਜੀ ਦੇ ਨਿਯਮਾਂ ਦੇ ਖਿਲਾਫ ਜੀਵਨ ਰੂਪ ਕਦਮਾਂ ਤੇ ਚਲਦਾ ਹੈ, ਹਰ ਕਦਮ ਤੇ ਡਿਗਦਾ ਰਹਿਂਦਾ ਹੈ, ਇਸਦੇ ਹਰ ਕਦਮ ਤੇ ਇਸਦੀ ਅੰਦਰ ਦੀ ਆਵਾਜ ਇਸ ਨੂੰ ਮੁੱਕੇ ਮਾਰਦੀ ਹੈ, ਮਨ ਆਤਮਕ ਤੌਰ ਤੇ ਦੁਖੀ ਰਹਿਂਦਾ ਹੈ। ਜੇ ਮਨ ਸਚ ਦਾ ਗਿਆਨ ਲੈਕੇ, ਇਸ ਜੀਵਨ ਤੋਂ ਪਰਤ ਕੇ ਮਨ ਦੇ ਇਹਨਾਂ ਖਿਆਲਾਂ ਨੂੰ ਮਾਰ ਲੈਂਦਾ ਹੈ, (ਘੁਮਿ ਕੇ ਮਾਰਦਾ ਹੈ) ਭਾਵ ਸਤਿਗੁਰ ਦੀ ਮਤ ਨੂੰ (wisdom)ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਇਸ ਤਰਹਾਂ ਮਨ ਗੁਰੂ ਦੇ ਦੱਸੇ ਹੋਏ ਪੈਰਾਂ ਨੂੰ ਭਾਵ ਨਕਸ਼ੇ ਕਦਮਾਂ ਤੇ ਟੁਰਕੇ (ਚੁਮਕੇ) ਆਪਣੇ ਨਿਜ ਘਰ ਰਬੀ ਗੁਣਾਂ ਨਾਲ ਜੀਣਾ ਸਿਖ ਜਾਂਦਾ ਹੈ। 7.

ਫਰੀਦਾ ਜਾਂ ਤਉ ਖਟਣ ਵੇਲ, ਤਾਂ ਤੂ ਰਤਾ ਦੁਨੀ ਸਿਉ॥ ਮਰਗ ਸਵਾਈ ਨੀੑਹਿ, ਜਾਂ ਭਰਿਆ ਤਾਂ ਲਦਿਆ॥ 8॥ {ਪੰਨਾ 1378}

ਪਦ ਅਰਥ: —ਜਾਂ- ਜਦ ਕੇ। ਤਉ—ਤੇਰਾ। ਖਟਣ –ਕਮਾਣਾ। ਵੇਲ-ਵੇਲਾ, ਬੇਲ। ਤਾਂ-ਤਦ। ਰਤਾ—ਰੱਤਾ, ਰੰਗਿਆ ਹੋਇਆ, ਮਸਤ। ਸਿਉ—ਨਾਲ। ਮਰਗ—ਮੌਤ। ਸਵਾਈ—ਵਧਦੀ ਗਈ, ਪੱਕੀ ਹੁੰਦੀ ਗਈ। ਜਾਂ—ਜਦੋਂ। ਭਰਿਆ— (ਪਾਈ) ਭਰੀ ਗਈ। ਨੀੑਹਿ— ਨੀਂਹ, (Foundation)[ਲਦਿਆ-ਤੁਰ ਪਿਆ।

ਫਰੀਦਜੀ ਇਸ ਸਲੋਕ ਵਿੱਚ ਮਨ ਨੂੰ ਕਹਿ ਰਹੇ ਨੇ, ਮਨ ਕੋਲ ਲਾਭ ਕਮਾਣ ਦਾ ਵੇਲਾ, ਅਤੇ ਖਟਣ ਦੀ (ਬੇਲ) ਸਦਾ ਚੜਦੀਕਲਾ ਵਿੱਚ ਰਖਣ ਵਾਲੇ, ਪਰਮਾਤਮਾ ਦੇ ਗੁਣ ਨਾਲ ਵਸਦੇ ਹਨ ਲੇਕਿਨ ਮਨ ਦੁਨਿਆਦਾਰੀ ਵਿੱਚ ਮਸਤ ਹੈ, ਮਨ ਆਪਣੇ ਹੀ ਖਿਆਲਾਂ ਵਾਲੇ ਜੀਵਨ ਵਿੱਚ ਮਸਤ ਹੋਣ ਕਾਰਣ, ਆਪਣੇ ਅਤਮਕ ਜੀਵਨ ਦਾ ਘਾਤ ਕਰ ਲੈਂਦਾ ਹੈ। ਜੇ ਮਨ ਸਤਿਗੁਰ ਦੀ ਮਤ ਲੈ ਲੈਂਦਾ ਹੈ ਤਾਂ ਇਹਨਾਂ ਖਿਆਲਾਂ ਤੋਂ ਮਰ ਕੇ, (ਮਰਗ) ਆਤਮਕ ਜੀਵਨ ਦੀ ਨੀਹ ਸਵਾਈ, ਭਾਵ ਪੱਕੀ ਕਰ ਲੈਂਦਾ ਹੈ। ਹਿਰਦਾ ਰਬਜੀ ਦੇ ਗੁਣਾਂ ਨਾਲ ਭਰ ਜਾਂਦਾ ਹੈ, ਆਤਮਕ ਗੁਣਾਂ ਦੀ ਸਮਝ ਅਤੇ ਉਹਨਾ ਕਦਮਾਂ ਤੇ ਟੁਰਣ ਦੀ ਸੂਝ ਹੋ ਜਾਂਦੀ ਹੈ। 8.

ਦੇਖੁ ਫਰੀਦਾ ਜੁ ਥੀਆ, ਦਾੜੀ ਹੋਈ ਭੂਰ॥ ਅਗਹੁ ਨੇੜਾ ਆਇਆ, ਪਿਛਾ ਰਹਿਆ ਦੂਰਿ॥ 9॥ {ਪੰਨਾ 1378}

ਪਦ ਅਰਥ: — ਥੀਆ—ਹੋ ਗਿਆ ਹੈ। ਜੁ—ਜੋ ਕੁਝ। ਭੂਰ—ਚਿੱਟੀ। ਅਗਹੁ—ਅਗੇ ਆਣ ਵਾਲਾ ਸਮਾ, ਭਵਿਖ।। ਪਿਛਾ—ਪਿਛਲਾ ਪਾਸਾ, ਜੇੜਾ ਸਮਾ ਬੀਤ ਚੁਕਾ ਹੈ। ਦਾੜੀ ਹੋਈ ਭੁਰ-ਤਜੁਰਬਾ ਆ ਜਾਣਾ), (experience)

ਇਸ ਸਲੋਕ ਵਿੱਚ ਫਰੀਦਜੀ ਨੇ ਮਨ ਦੀ ਇੱਕ ਅਵਸਥਾ ਬਿਆਨ ਕੀਤੀ ਹੈ, ਜੇੜਾ ਮਨ ਸਤਿਗੁਰਿ ਦੀ ਮਤ ਲੈ ਲੈਂਦਾ ਹੈ, ਉਹ ਮਨੁਖ ਆਤਮਕ ਜੀਵਨ ਦਾ ਤਜੁਰਬਾ ਹਾਸਿਲ ਕਰ ਲੈਂਦਾ ਹੈ। ਫਿਰ ਐਸੇ ਮਨੁਖ ਨੂੰ ਆਪਣੀ ਮੰਜਿਲ, ਨਿਜ ਘਰ, ਮਨ ਦਾ ਟਿਕਾਵ, ਸਚ ਨਾਲ ਜੀਣਾ, ਸਾਹਮਣੇ ਬਿਲਕੁਲ ਨੇੜੇ ਨਜ਼ਰ ਆਉSਦਾ ਹੈ, ਅਤੇ ਪਿੱਛਾ ਭਾਵ ਇਸਤੋਂ ਪਹਿਲਾਂ ਮਨ ਜੇੜਾ ਆਪਣੇ ਖਿਆਲਾਂ ਵਾਲਾ ਜੀਵਨ ਬਣਾ ਕੇ ਬੈਠਾ ਸੀ, ਕਿਤੇ ਦੂਰ ਰਹਿ ਜਾਂਦਾ ਹੈ। 9.

ਦੇਖੁ ਫਰੀਦਾ ਜਿ ਥੀਆ, ਸਕਰ ਹੋਈ, ਵਿਸੁ॥ ਸਾਂਈ ਬਾਝਹੁ ਆਪਣੇ, ਵੇਦਣ ਕਹੀਐ ਕਿਸੁ॥ 10॥ {ਪੰਨਾ 1378}

ਪਦ ਅਰਥ: — ਜਿ ਥੀਆ—ਜੋ ਕੁੱਝ ਹੋਇਆ ਹੈ। ਸਕਰ—ਮਿੱਠੇ ਪਦਾਰਥ। ਵਿਸੁ—ਜ਼ਹਿਰ, ਦੁਖਦਾਈ। ਵੇਦਣ—ਪੀੜ, ਦੁੱਖੜਾ।

ਇਹ ਸਲੋਕ ਉਤਲੇ ਸਲੋਕ ਦੀ ਲੜੀ ਹੈ। ਜਦ ਮਨੁਖ ਰਬਜੀ ਦੇ ਨਿਯਮਾਂ ਮੁਤਾਬਿਕ ਜੀਣ ਲਗ ਪੈਂਦਾ ਹੈ, ਮਨ ਟਿਕ ਜਾਂਦਾ ਹੈ, ਤਦ ਮਨ ਵਿੱਚ ਉਠਣ ਵਾਲੇ ਭੈੜੇ ਖਿਆਲ ਜੇੜੇ ਵਿਸ਼ ਹਨ ਹੁਣ ਉਹ ਗੁਣਾਂ ਦੇ ਸਦਕੇ ਸ਼ਕਰ ਬਣ ਜਾਂਦੇ ਹਨ, ਮਿੱਠੇ ਹੋ ਜਾਂਦੇ ਨੇ, ਕੋਝੇ ਕਮ, ਕੌੜੇ ਬੋਲ ਚੇਤੇ ਨਹੀ ਆੳਂਦੇ, ਜੀਵਨ ਵਿੱਚ ਮਿਠਾਸ ਆ ਜਾਂਦੀ ਹੈ। ਐਸਾ ਮਨੁਖ ਫਿਰ ਆਪਣੀ ਤਕਲੀਫ, ਵੇਦਣ, ਦੂਰ ਕਰਣ ਲਈ, ਕਿਸੀ ਵੀ ਬਾਹਰਲੇ ਕਰਮ ਕਾਂਡ ਤੇ ਭਰੋਸਾ ਨਹੀ ਰਖਦਾ, ਕੇਵਲ ਆਪਣੇ ਸਾਂਈ, ਰਬਜੀ ਦੇ ਗੁਣਾਂ ਉਪਰ ਅੱਟਲ ਵਿਸ਼ਵਾਸ ਰਖਦਾ ਹੈ। 10.

ਫਰੀਦਾ ਅਖੀ ਦੇਖਿ ਪਤੀਣੀਆਂ, ਸੁਣਿ ਸੁਣਿ ਰੀਣੇ ਕੰਨ॥ ਸਾਖ ਪਕੰਦੀ ਆਈਆ, ਹੋਰ ਕਰੇਂਦੀ ਵੰਨ॥ 11॥ {ਪੰਨਾ 1378}

ਪਦ ਅਰਥ: — ਪਤੀਣੀਆਂ—ਪਤਲੀਆਂ ਪੈ ਗਈਆਂ ਹਨ, ਬਰੀਕ ਨਜ਼ਰ ਵਾਲੀਆਂ। ਰੀਣੇ—ਖ਼ਾਲੀ, ਬੋਲੇ। ਸਾਖ—ਟਹਿਣੀ, ਸਰੀਰ। ਪਕੰਦੀ ਆਈਆ—ਪੱਕ ਗਈ ਹੈ। ਵੰਨ—ਰੰਗ।

ਜਿਸ ਮਨੁਖ ਦਾ ਪਰਮਾਤਮਾ ਦੀ ਨਿਯਮਾਵਲੀ ਤੇ ਵਿਸ਼ਵਾਸ ਪੱਕਾ ਹੋ ਜਾਂਦਾ ਹੈ, ਫਿਰ ਉਸਦੀ ਦਿਖ, ਵਿੱਚ ਫਰਕ ਪੈ ਜਾਂਦਾ ਹੈ। ਨਜ਼ਰਿਆ, ਬਹੁਤ ਬਰੀਕ ਨਜ਼ਰ ਵਾਲਾ ਹੋ ਜਾਂਦਾ ਹੈ, ਚੰਗੇ ਮੰਦੇ ਦੀ ਪਹਿਚਾਣ ਕਰਣ ਲਗ ਪੈਂਦਾ ਹੈ। ਕੰਨ ਕਿਸੀ ਵੀ ਭੈੜੇ ਬੋਲ ਨੂੰ ਸੁਨਣ ਤੋਂ, ਬੋਲੇ, ਭਹਿਰੇ ਹੋ ਜਾਂਦੇ ਹਨ, ਭਾਵ ਕਿਸੀ ਦੀ ਨਿਂਦਾ, ਆਦ ਨਹੀ ਸੁਣਦੇ। ਇਸ ਤਰਹਾਂ ਮਨੁਖ ਦੇ ਸ਼ਰੀਰ ਰੂਪ ਪੇੜ ਦੀ ਇੱਕ ਇੱਕ ਸਾਖ, ਟਹਿਣੀ (ਗਿਆਨ ਇੰਦਰੇ ਅਤੇ ਕਰਮ ਇੰਦਰੇ) ਪੱਕ ਜਾਂਦੇ ਹਨ ਭਾਵ ਗਿਆਨ ਲੈਕੇ ਜੀਣਾ ਸਿਖ ਜਾਂਦੇ ਹਨ, ਅਤੇ ਮਨੁਖ ਦੇ ਜੀਵਨ ਵਿੱਚ ਆਤਮਕ ਗੁਣਾਂ ਦਾ ਨਿਤ ਨਵਾ ਰੰਗ ਚੜਦਾ ਰਹਿੰਦਾ ਹੈ। 11.

ਫਰੀਦਾ ਕਾਲੀਂ ਜਿਨੀ ਨ ਰਾਵਿਆ, ਧਉਲੀ ਰਾਵੈ, ਕੋਇ॥ ਕਰਿ ਸਾਂਈ ਸਿਉ ਪਿਰਹੜੀ, ਰੰਗੁ ਨਵੇਲਾ ਹੋਇ॥ 12॥

ਪਦ ਅਰਥ: — ਕਾਲੀਂ—ਅਵਗੁਣ, ਅਵਿਦਿਆ ਵਾਲੀ ਅਵਸਥਾ ਵਿੱਚ ਕੀਤੇ ਹੋਏ ਕਮ। ਰਾਵਿਆ—ਮਾਣਿਆ। ਧਉਲੀ—ਧਉਲੇ ਆਇਆਂ, ਗੁਣ, ਗਿਆਨ ਲੈਕੇ ਕੀਤੇ ਹੋਏ ਕਮ। ਕੋਇ—ਕੋਈ ਵਿਰਲਾ। ਪਿਰਹੜੀ—ਪਿਆਰ। ਨਵੇਲਾ—ਨਵਾਂ। ਰੰਗ—ਪਿਆਰ।

ਜਿਸ ਮਨੁਖ ਨੇ ਸਚ ਦਾ ਗਿਆਨ ਲੈ ਲਿਆ, ਫਿਰ ਇਸ ਗਿਆਨ ਦੇ ਸਦਕੇ, ਮਨ ਦੁਚਿਤੇ ਖਿਆਲ ਗ੍ਰਹਣ ਨਹੀ ਕਰਦਾ, ਅਤੇ ਨਾ ਹੀ ਅਗਿਆਨਤਾ ਵਸ ਇਹਨਾ ਖਿਆਲਾਂ ਨੂੰ ਹੰਡਾਦਾ ਹੈ, ਕੇਵਲ ਰਬੀ ਗੁਣਾਂ ਨੂੰ ਹੰਡਾਦਾ ਹੈ, ਫਿਰ ਉਸਦੇ ਜੀਵਨ ਵਿੱਚ ਇਹਨਾ ਗੁਣਾਂ ਕਰਕੇ ਜੋ ਪ੍ਰਗਟਾਵਾ ਹੋਂਦਾ ਹੈ, ਉਸ ਪ੍ਰਗਟਾਵੇ ਦੇ ਸਦਕੇ, ਵਿਰਲਾ ਅਖਵਾਂਦਾ ਹੈ। ਮਨ ਦੀ ਇਹ ਅਵਸਥਾ ਸਾਂਈ, ਰਬਜੀ ਦੇ ਗੁਣਾਂ ਨਾਲ ਡੂੰਗਾ ਪਿਆਰ ਪਾਣ ਕਰਕੇ ਹੋਂਦੀ ਹੈ, ਅਤੇ ਉਸਦੇ ਆਣ ਵਾਲੇ ਜੀਵਨ ਵਿਚ, ਇਹਨਾਂ ਗੁਣਾਂ ਦੀ ਬਦੋਲਤ ਨਿਤ ਨਵਾ ਰੰਗ ਚੜਦਾ ਹੈ, ਭਾਵ ਮਨ ਸਦਾ ਚੜਦੀ ਕਲਾ ਵਿੱਚ ਰਂਿਹਂਦਾ ਹੈ। 12.

ਮ: 3॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ, ਜੇ ਕੋ ਚਿਤਿ ਕਰੇ॥ ਆਪਣਾ ਲਾਇਆ, ਪਿਰਮੁ ਨ ਲਗਈ, ਜੇ ਲੋਚੈ ਸਭੁ ਕੋਇ॥ ਏਹੁ ਪਿਰਮੁ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ॥ 13॥ {ਪੰਨਾ 1378}

ਪਦ ਅਰਥ: — ਚਿਤਿ—ਚਿੱਤ ਵਿਚ। ਚਿਤਿ ਕਰੇ—ਚਿੱਤ ਵਿੱਚ ਟਿਕਾਏ, ਬੰਦਗੀ ਕਰੇ। ਪਿਰਮੁ—ਪਿਆਰ। ਸਭ ਕੋਇ—ਹਰੇਕ ਜੀਵ। ਜੈ—ਜਿਸ ਨੂੰ। ਤੈ—ਤਿਸ ਨੂੰ।

ਨੋਟ: — ਇਹ ਸ਼ਲੋਕ ਉਪਰਲੇ ਹੀ ਸ਼ਲੋਕ ਦੀ ਵਿਆਖਿਆ ਹੈ। ਗੁਰੁ ਅਮਰਦਾਸ ਪਾਤਸ਼ਾਹਨੇ ਉਚਾਰਿਆ ਹੈ।

ਫਰੀਦਜੀ ਦੇ ਸਲੋਕ ਦੀ ਸੌਖੀ ਵਿਆਖਿਆ ਵਾਸਤੇ ਇਹ ਸਲੋਕ ਗੁਰੂ ਸਾਹਿਬ ਨੇ ਉਚਰਿਤ ਕੀਤਾ ਹੈ। ਗੁਰੂ ਸਾਹਿਬ ਸਮਝਾ ਰਹੇ ਨੇ, ਭਾਂਵੇ ਮਨੁਖ ਅਗਿਆਨਤਾ ਵਸ (ਕਾਲੀ) ਵਿਕਾਰਾਂ ਨੂੰ ਹੰਡਾ ਰਿਹਾ ਹੈ, ਭਾਂਵੇ ਸਤਿਗੁਰਿ ਦੀ ਮਤ ਲੈਕੇ (ਧਉਲੀ) ਗੁਣਾਂ ਵਾਲਾ ਜੀਵਨ ਜੀ ਰਿਹਾ ਹੈ, ਸਾਹਿਬ ਸਦਾ ਹੈ, ਭਾਵ ਰਬਜੀ ਦੀ ਗਿਆਨ ਜੋਤ ਸਬ ਦੇ ਹਿਰਦੇ ਵਿੱਚ ਇੱਕ ਰਸ ਚਲ ਰਹੀ ਹੈ, ਅਤੇ ਸਦਾ ਨਾਲ ਵਸੀ ਹੋਈ ਹੈ। ਲੇਕਿਨ ਇਸ ਗਿਆਨ ਰੂਪ ਜੋਤ ਦੀ ਸੂਝ ਉਸੀ ਨੂੰ ਹੋਂਦੀ ਹੈ, ਜੇੜਾ ਗੁਣ ਰੂਪ ਜੋਤ ਨੂੰ ਆਪਣੀ ਸੁਰਤ ਵਿੱਚ ਚੇਤੇ ਰਖਦਾ ਹੈ। ਲੇਕਿਨ ਮਨੁਖ ਆਪਣਾ ਲਾਇਆ ਜੀਵਨ ਜੀ ਰਿਹਾ ਹੋਂਦਾ ਹੈ, ਭਾਵ ਆਪਣੇ ਮਨ ਦੇ ਰਚੇ ਖਿਆਲਾਂ ਪਿਛੇ ਲਗਾ ਰਹਿਂਦਾ ਹੈ, ਪਰਮਾਤਮਾ ਦੇ ਗੁਣਾਂ ਨਾਲ ਪਿਆਰ ਨਹੀ ਪਾਂਦਾ, ਜਦ ਕੇ ਹਰ ਮਨੁਖ ਰਬਜੀ ਦੇ ਪਿਆਰ ਦੀ ਤਾਂਘ, ਖਿਚ ਰਖਦਾ ਹੈ। ਸਚ ਦੇ ਗਿਆਨ ਦੀ ਵਰਖਾ ਸਦਾ ਇੱਕ ਰਸ ਹੋ ਰਹੀ ਹੈ, ਹੁਣ ਮਨੁਖ ਤੇ ਹੈ, ਉਹ ਆਪਣਾ ਮਤ ਰੂਪ ਪਾਤਰ ਸਿਧਾ ਯਾ ਫਿਰ ਪੁੱਠਾ ਰਖਦਾ ਹੈ, ਆਪਣੇ ਪਾਤਰ ਨੂੰ ਕਿਤਨਾ ਕੁ ਵਿਸ਼ਾਲ ਰਖਦਾ ਹੈ। 13.

ਫਰੀਦਾ ਜਿਨੑ ਲੋਇਣ ਜਗੁ ਮੋਹਿਆ, ਸੇ ਲੋਇਣ ਮੈ ਡਿਠੁ॥ ਕਜਲ ਰੇਖ ਨ ਸਹਦਿਆ, ਸੇ ਪੰਖੀ ਸੂਇ ਬਹਿਠੁ॥ 14॥ {ਪੰਨਾ 1378}

ਪਦ ਅਰਥ: — ਲੋਇਣ—ਅੱਖਾਂ। ਸੂਇ—ਬੱਚੇ। ਬਹਿਠੁ—ਬੈਠਣ ਦੀ ਥਾਂ। ਡਿਠੁ-ਦੇਖਿਆ। ਪੰਖੀ-ਪਰਾਂ ਨਾਲ ਉਡਣ ਵਾਲਾ ਪੰਛੀ।

ਫਰੀਦਜੀ ਇਸ ਸਲੋਕ ਵਿੱਚ ਮਨ ਦੀ ਆਤਮਕ ਅੱਖਾਂ ਦੀ, ਆਤਮਕ ਨਜ਼ਰੀਏ ਦੀ ਗਲ ਕਰ ਰਹੇ ਹਨ। ਜਦ ਤੋਂ ਮਨ ਨੇ ਸਚ ਦਾ ਗਿਆਨ ਲੈ ਲਿਆ ਹੈ, ਉਸ ਗਿਆਨ ਦੀ ਬਰਕਤ ਨਾਲ ਮੇਰੀ, ਦਿਖ ਦੀ ਮੈਨੂੰ ਸਮਝ ਆ ਗਈ ਹੈ, ਕਿਸ ਨਜ਼ਰੀਏ ਕਰਕੇ ਮੇਰਾ ਜਗਤ ਭਾਵ ਜੀਵਨ (ਆਤਮਕ ਜੀਵਨ) ਲੁਟਿਆ ਜਾ ਰਿਹਾ ਸੀ। ਹੁਣ ਮੇਰੀਆਂ ਅੱਖਾਂ ਨਿਕੇ ਜਏ ਮਾੜੇ ਖਿਆਲ ਵਾਲੀ ਕਜਲ ਵਰਗੀ ਕਾਲੀ ਰੇਖ ਵੀ ਨਹੀ ਸਹਿਂਦਿਆਂ, ਕਿਉਂ ਕੇ ਮੇਰੀ ਹਿਰਦਾ ਰੂਪ ਧਰਤੀ ਉਤੇ ਹੁਣ ਗਿਆਨ ਦੀ ਬਰਕਤ ਨਾਲ ਪੰਖੀ ਦੀ ਉਚੀ ਉਡਾਰੀ ਵਰਗੀ ਉਚੀ ਸੋਚ ਨੇ ਜਨਮ ਲੈ ਲਿਆ ਹੈ, ਮੇਰੇ ਹਿਰਦੇ ਉਤੇ ਬੈਠਣ ਦੀ ਥਾਂ ਬਣਾ ਲਈ ਹੈ। 14.

ਫਰੀਦਾ ਕੂਕੇਦਿਆ ਚਾਂਗੇਦਿਆ, ਮਤੀ ਦੇਦਿਆ ਨਿਤ॥ ਜੋ ਸੈਤਾਨਿ ਵੰਞਾਇਆ, ਸੇ ਕਿਤ ਫੇਰਹਿ ਚਿਤ॥ 15॥ {ਪੰਨਾ 1378}

ਪਦ ਅਰਥ: — ਸੈਤਾਨਿ—ਸ਼ੈਤਾਨ ਨੇ, ਮਾੜੇ ਖਿਆਲਾਂ ਨੇ, (ਭਾਵ, ਮਨ ਦੇ) (ਫਰੀਦ ਜੀ ਇਸਲਾਮੀ ਖ਼ਿਆਲ ਅਨੁਸਾਰ ਸ਼ੈਤਾਨ ਨੂੰ ਬਦੀ ਦਾ ਪਰੇਰਕ ਕਹਿ ਰਹੇ ਹਨ)। ਕੂਕੇਦਿਆ ਚਾਂਗੇਦਿਆ—ਮੁੜ ਮੁੜ ਪੁਕਾਰ ਪੁਕਾਰ ਕੇ। ਸੇ—ਉਹ ਖਿਆਲ। ਵੰਞਾਇਆ—ਵਿਗਾੜਿਆ, ਤਬਾ ਕੀਤਾ।

ਰਬਜੀ ਦੇ ਗੁਣ ਸਤਿਗੁਰਿ ਜੇੜਾ ਪੁਕਾਰ ਪੁਕਾਰ ਕੇ ਨਿਤ ਸਦੇ ਦੇ ਕੇ ਗੁਣਾਂ ਦੀ ਵਰਖਾ ਕਰ ਰਿਹਾ ਹੈ, ਨਿਤ ਨਵੀ ਤੋਂ ਨਵੀ ਮਤ ਦੇ ਰਿਹਾ ਹੈ ਜਿਸਦੇ ਸਦਕੇ ਮੈਨੂੰ ਸਤਿਗੁਰਿ ਦੀ ਸਮਝ ਆ ਗਈ ਹੈ। ਹੁਣ ਮਨ ਨੇ ਸ਼ੈਤਾਨ ਰੂਪ ਖਿਆਲਾਂ ਨੂੰ ਬਾਹਰ ਕਡ ਦਿਤਾ ਹੈ, ਮਨ ਵਿੱਚ ਕਿਸੀ ਮਾੜੇ ਖਿਆਲ ਵਾਸਤੇ ਜਗਹ ਨਹੀ ਰਹੀ। ਮਾੜੇ ਖਿਆਲ ਜੇੜੇ ਮੇਰੇ ਜਗਤ (ਆਤਮਕ ਜੀਵਨ) ਨੂੰ ਲੁਟੀ ਜਾ ਰਹੇ ਸੀ, ਹੁਣ ਕਦੀ ਵੀ ਚਿਤ ਚੇਤੇ ਨਹੀ ਅਉਂਦੇ। 15.

ਫਰੀਦਾ ਥੀਉ ਪਵਾਹੀ ਦਭੁ॥ ਜੇ ਸਾਂਈ ਲੋੜਹਿ ਸਭੁ॥ ਇਕੁ ਛਿਜਹਿ ਬਿਆ ਲਤਾੜੀਅਹਿ॥ ਤਾਂ ਸਾਈ ਦੈ ਦਰਿ ਵਾੜੀਅਹਿ॥ 16॥ {ਪੰਨਾ 1378}

ਪਦ ਅਰਥ: — ਥੀਉ—ਹੋ ਜਾ, ਬਣ ਜਾ। ਪਵਾਹੀ—ਪਹੇ ਦੀ, ਰਸਤੇ ਦੀ। ਦਭੁ—ਕੁਸ਼ਾ, ਘਾਹ। ਜੇ ਲੋੜਹਿ—ਜੇ ਤੂੰ ਲੱਭਦਾ ਹੈਂ। ਸਭੁ—ਹਰ ਥਾਂ, ਸਭ ਵਿਚ। ਇਕੁ—ਇੱਕ ਨੂੰ, ਕਿਸੇ ਇੱਕ ਅਵਗੁਣ ਨੂੰ। ਛਿਜਹਿ— ਤੋੜਦੇ ਹਨ। ਬਿਆ—ਕਈ ਹੋਰ। ਲਤਾੜੀਅਹਿ—ਲਤਾੜੇ ਜਾਂਦੇ ਹਨ। ਸਾਈ ਦੈ ਦਰਿ—ਮਾਲਕ ਦੇ ਦਰ ਤੇ। ਵਾੜੀਅਹਿ—ਤੂੰ ਵਾੜਿਆ ਜਾਏਂਗਾ, (ਭਾਵ,) ਕਬੂਲ ਹੋਵੇਂਗਾ।

ਇਸ ਸਲੋਕ ਵਿੱਚ ਨਮਰਤਾ ਦਾ ਪੱਖ ਉਜਾਗਰ ਹੋਂਦਾ ਹੈ। ਜੇ ਮਨ ਸਤਿਗੁਰਿ ਦੀ ਮਤ ਲੈਕੇ, ਗੁਰੂ ਦੇ ਉਪਦੇਸ਼ਾਂ ਦੀ ਧੂਰ, ਭਾਵ ਗੁਰੂ ਦੀ ਸਿਖਿਆਂ ਨੂੰ ਆਪਣੇ ਜੀਵਨ ਦੇ ਨਕਸ਼ੇ ਕਦਮ ਬਣਾ ਲੈਂਦਾ ਹੈ, ਤਾਂ ਸਬ ਵਿਚ, ਭਾਵ ਆਪਣੇ ਹੀ ਸ਼ਰੀਰ ਰੂਪ ਜਗਤ ਵਿੱਚ (ਗਿਆਨ ਇੰਦਰੇ, ਕਰਮ ਇੰਦਰੇ, ਮਨ ਮਤ ਬੁਧਿ) ਸਬ ਵਿੱਚ ਸਤਿਗੁਰਿ ਦੀ ਵਸਦੀ ਜੋਤ ਦੀ ਸਮਝ ਹੋ ਜਾਂਦੀ ਹੈ। ਨਹੀ ਤਾਂ ਮਨ ਆਪਣੀ ਇੱਕ ਹਉਮੈ ਕਾਰਣ ਸਤਿਗੁਰਿ ਦੀ ਮਤ ਨਹੀ ਲੈ ਪਾਂਦਾ, ਜਦ ਮਨ ਕੇਵਲ ਇੱਕ ਅਪਣੀ ਹਉਮੈ ਨੂੰ ਤੋੜਦਾ ਹੈ, ਫਿਰ ਹੋਰ (ਬਿਆ) ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਸਬ ਆਪ ਹੀ ਲਤਾੜੇ ਜਾਂਦੇ ਹਨ। ਇਸ ਤਰਹਾਂ ਮਨ ਨਿਜ ਘਰ, ਹਿਰਦੇ ਵਿਚ, ਰਬਜੀ ਦੀ ਦਰਗਾਹ ਤੇ ਕਬੂਲ ਹੋ ਜਾਂਦਾ ਹੈ। 16.

ਫਰੀਦਾ ਖਾਕੁ, ਨ ਨਿੰਦੀਐ, ਖਾਕੂ ਜੇਡੁ ਨ ਕੋਇ॥ ਜੀਵਦਿਆ ਪੈਰਾ ਤਲੈ, ਮੁਇਆ ਉਪਰਿ ਹੋਇ॥ 17॥ {ਪੰਨਾ 1378}

ਪਦ ਅਰਥ: — ਖਾਕੁ—ਮਿੱਟੀ। ਜੇਡੁ—ਜੇਡਾ, ਵਰਗਾ।

ਇਹ ਸਲੋਕ ਉਤਲੇ ਸਲੋਕ ਨੂੰ ਹੋਰ ਖੋਲਦਾ ਹੈ। ਜਦ ਮਨ ਗੁਰੁ ਦੇ ਉਪਦੇਸ਼ਾਂ ਦਾ ਤੱਤ, ਨਮਰਤਾ ਸਿਖਾਣ ਵਾਲੇ, ਗੁਰੁ ਦੇ ਉਪਦੇਸ ਰੂਪ ਚਰਨਾ ਦੀ ਧੂਰ (ਖਾਕ) ਨੂੰ ਆਪਣੇ ਮਸਤਕ ਲਾਂਦਾ ਹੈ, ਭਾਵ ਸੁਰਤ ਵਿੱਚ ਟਿਕਾਂਦਾ ਹੈ, ਫਿਰ ਨਮਰਤਾ ਵਾਲੇ ਰਬਜੀ ਦੇ ਇਸ ਗੁਣ ਵਿੱਚ ਦੋਸ਼ ਨਹੀ ਕਡਦਾ, ਮਨ ਨੂੰ ਫਿਰ ਇਸ ਗੁਣ ਵਰਗਾ ਹੋਰ ਕੋਈ ਨਜ਼ਰ ਨਹੀ ਆਉਂਦਾ। ਜੀਵਨ ਵਿੱਚ ਇਹਨਾ ਉਪਦੇਸ਼ਾ ਤੇ ਟੁਰ ਕੇ, ਇਹਨਾ ਉਪਦੇਸ਼ਾਂ ਨੂੰ ਹੀ ਜੀਵਨ ਦੇ ਨਕਸ਼ੇ ਕਦਮ ਬਣਾ ਲੈਂਦਾ ਹੈ (ਜਿਵਦਿਆ ਪੈਰਾ ਤਲੇ), ਅਪਣੇ ਜੀਵਨ ਵਿੱਚ ਮਨ ਦੇ ਹੋਛੇ ਖਿਆਲਾਂ ਤੋਂ ਮਰ ਕੇ (ਵਿਕਾਰਾਂ ਵਲੋਂ ਮਰ ਕੇ), ਗੁਰੁ ਦੇ ਉਪਦੇਸ਼ ਸੁਰਤਿ ਵਿੱਚ ਟਿਕਾ ਲੈਂਦਾ ਹੈ (ਮੁਇਆ ਉਪਰਿ ਹੋਇ), । 17.

ਫਰੀਦਾ ਜਾ ਲਬੁ ਤਾ ਨੇਹੁ ਕਿਆ, ਲਬੁ ਤ ਕੂੜਾ ਨੇਹੁ॥ ਕਿਚਰੁ ਝਤਿ ਲਘਾਈਐ, ਛਪਰਿ ਤੁਟੈ ਮੇਹੁ॥ 18॥ {ਪੰਨਾ 1378}

ਪਦ ਅਰਥ: — ਨੇਹੁ ਕਿਆ—ਕਾਹਦਾ ਪਿਆਰ? (ਭਾਵ, ਅਸਲ ਪਿਆਰ ਨਹੀਂ)। ਕੂੜਾ—ਝੂਠਾ। ਕਿਚਰੁ—ਕਿਤਨਾ ਚਿਰ? ਝਤਿ—ਸਮਾ। ਛਪਰਿ—ਛੱਪਰ ਉਤੇ। ਛਪਰਿ ਤੂਟੇ—ਟੁੱਟੇ ਹੋਏ ਛੱਪਰ ਉਤੇ। ਮੇਹੁ—ਮੀਂਹ

ਪਰਮਾਤਮਾ ਦੇ ਪਿਆਰ ਦੀ, ਗੁਣਾਂ ਦੀ, ਇੱਕ ਰਸ ਵਰਖਾ ਹੋ ਰਹੀ ਹੈ, ਜੇ ਮਨੁਖ ਆਪਣਾ ਮਤ ਰੂਪ ਪਾਤਰ ਸਿਧਾ, ਅਤੇ ਖਾਲੀ ਰਖਦਾ ਹੈ ਤਾਂ ਰਬਜੀ ਦਾ ਸੰਤੋਖ ਵਾਲਾ ਗੁਣ ਲੈ ਲੈਂਦਾ ਹੈ, ਤਾਂ ਰਬਜੀ ਦੇ ਗੁਣਾਂ ਨਾਲ ਪਿਆਰ ਟਿਕਿਆ ਰਹਿਂਦਾ ਹੈ। ਲੇਕਿਨ ਮਨ ਜਦ ਵੀ ਗੁਰੂ ਕੋਲ ਸਤਿਗੁਰਿ ਦੀ ਮਤ ਲੈਣ ਜਾਂਦਾ ਹੈ, ਲਾਲਚ ਨਾਲ ਭਰਿਆ ਹੋਂਦਾ ਹੈ, ਮਨ ਅਪਣੇ ਹੀ ਲਾਲਚੀ ਖਿਆਲਾਂ ਦੇ ਛੱਪਰ ਥੱਲੇ, ਖਲੋਕੇ ਰਬਜੀ ਦਾ ਪਿਆਰ ਲੱਭਦਾ ਹੈ, ਜੇੜਾ ਕਦੀ ਵੀ ਟੁਟ ਸਕਦਾ ਹੈ, ਨਿਤ ਨਵੀ ਮੰਗ ਜਨਮ ਲੈਂਦੀ ਹੈ, ਨਿਤ ਨਵੀ ਆਸ਼ਾ ਪੈਦਾ ਹੌਂਦੀ ਹੈ, ਜਦ ਕੁਛ ਵੀ ਮਨ ਮਾਫਿਕ ਨਹੀ ਹੋਂਦਾ, ਪਿਆਰ ਟੁਟ ਜਾਂਦਾ ਹੈ,

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥ 19॥ {ਪੰਨਾ 1378}

ਪਦ ਅਰਥ: — ਜੰਗਲੁ ਜੰਗਲੁ—ਹਰੇਕ ਜੰਗਲ। ਕਿਆ ਭਵਹਿ—ਗਾਹਣ ਦਾ ਕੀਹ ਲਾਭ? ਵਣਿ—ਵਣ ਵਿਚ, ਜੰਗਲ ਵਿਚ। ਕਿਆ ਮੋੜੇਹਿ—ਕਿਉਂ ਲਤਾੜਦਾ ਹੈਂ? ਵਸੀ—ਵੱਸਦਾ ਹੈ। ਹਿਆਲੀਐ—ਹਿਰਦੇ ਵਿਚ। ਕਿਆ ਢੂਢੇਹਿ—ਭਾਲਣ ਦਾ ਕੀਹ ਲਾਭ?

ਇਸ ਸਲੋਕ ਦੇ ਲਫਜ਼ੀ ਅਰਥ ਏਹ ਬਣਦੇ ਹਨ, ਕੇ ਪਰਮਾਤਮਾ ਮਨੁਖ ਦੇ ਹਿਰਦੇ ਵਿੱਚ ਵਸਦਾ ਹੈ, ਮਨੁਖ ਬਾਹਰ ਜੰਗਲਾਂ ਵਿੱਚ ਹੀ ਲਭਦਾ ਹੈ, ਜਿਸ ਕਾਰਣ ਦੁਖ ਵੀ ਸਹਿਂਦਾ ਹੈ। ਇਸ ਸਲੋਕ ਨੂੰ ਅਸੀ ਆਪਣੇ ਜੀਵਨ ਤੇ ਇਸ ਤਰਹਾਂ ਢੁਕਾਵਾਂਗੇ, ਜਦ ਮਨ ਸਤਿਗੁਰਿ ਦੀ ਮਤ ਨਹੀ ਲੈਂਦਾ, ਅਤੇ ਆਪਣੇ ਖਿਆਲਾਂ ਦੇ ਸਹਾਰੇ ਜੀਵਨ ਜੀਂਦਾ ਹੈ, ਤਾਂ ਜੀਵਨ ਨੂੰ ਜੰਗਲ ਬਣਾ ਲੈਂਦਾ ਹੈ। ਜਿਸ ਤਰਹਾਂ ਜੰਗਲ ਵਿੱਚ ਕੁਛ ਵੀ ਤਰਤੀਬ ਵਿੱਚ ਨਹੀ ਹੋਂਦਾ, ਉਸੀ ਤਰਹਾਂ ਮਨੁਖ ਦਾ ਜੀਵਨ ਵੀ ਬੇਤਰਤੀਬ ਹੋ ਜਾਂਦਾ ਹੈ, ਜੀਵਨ ਦੀ ਸਹੀ ਦਿਸ਼ਾ ਨਹੀ ਲਭਦੀ, ਗੁਆਚਿਆ ਰਹਿਂਦਾ ਹੈ, ਕੋਈ ਰਸਤਾ ਨਜ਼ਰ ਨਹੀ ਆੳਂਦਾ, ਆਪਣੇ ਮਨ ਦੇ ਬੀਜੇ ਹੋਏ ਕੰਡਿਆਂ ਤੇ ਚਲਦਾ ਰਹਿਂਦਾ ਹੈ। ਜੇ ਮਨ ਸਤਿਗੁਰਿ ਦੀ ਮਤ ਲੈ ਲੈਂਦਾ ਹੈ, ਤਾਂ ਹਿਰਦੇ ਵਿੱਚ ਵਸਦੇ ਰਬਜੀ ਦੇ ਗੁਣਾਂ ਦੇ ਸਦਕੇ, ਇਸ ਜੰਗਲ ਨੂੰ ਤਰਤੀਬਵਾਰ ਬਣਾ ਲੈਂਦਾ ਹੈ, ਅਤੇ ਇੱਕ ਇੱਕ ਪਤੇ ਦੀ ਟਾਹਣੀ ਦੀ (ਗਿਆਨ ਇੰਦਰੇ, ਕਰਮ ਇੰਦਰੇ, ਮਨ, ਮਤ, ਬੁਧਿ) ਸਬ ਦੀ ਕਦਰ ਜਾਣ ਜਾਂਦਾ ਹੈ, ਅਤੇ ਇਸ ਜੰਗਲ ਨੂੰ, ਸਤਿਗੁਰਿ ਦੀ ਮਤ ਸਦਕੇ ਸੋਹਣਾ ਬਗੀਚਾ ਬਣਾ ਲੈਂਦਾ ਹੈ। 19.

ਫਰੀਦਾ ਇਨੀ ਨਿਕੀ ਜੰਘੀਐ, ਥਲ ਡੂੰਗਰ ਭਵਿਓਮਿੑ॥ ਅਜੁ ਫਰੀਦੈ ਕੂਜੜਾ, ਸੈ ਕੋਹਾਂ ਥੀਓਮਿ॥ 20॥ {ਪੰਨਾ 1378}

ਪਦ ਅਰਥ: — ਇਨੀ ਜੰਘੀਐ—ਇਹਨਾਂ ਲੱਤਾਂ ਨਾਲ। ਡੂਗਰ—ਡੁੱਗਰ, ਪਹਾੜ। ਭਵਿਓਮਿੑ—ਮੈਂ ਲਭਿਆ, ਮੈਂ ਭਉਂ ਆਇਆ (ਅੱਖਰ ‘ਮ’ ਦੇ ਹੇਠ ਅੱਧਾ ‘ਹ’ ਹੈ)। ਫਰੀਦੈ ਥੀਓਮਿ—ਮੈਂ ਫਰੀਦ ਨੂੰ ਹੋ ਗਿਆ ਹੈ। ਕੂਜੜਾ—ਇਕ ਨਿੱਕਾ ਜਿਹਾ ਲੋਟਾ, ਚੇਤਨ ਸਤਾ ਰੂਪ ਜਲ, ਮਿਸ਼ਰੀ ਦਾ ਕੂਜਾ।।

ਨਿਕੀ ਜੰਘੀਆਂ, ਭਾਵ ਨਿਕੇ ਕਦਮ ਛੋਟੀ ਸੋਚ ਵਾਲੇ ਕਦਮ, ਵੇਲੇ ਕਮ, ਜਿਸਦਾ ਆਤਮਕ ਜੀਵਨ ਨੂੰ ਕੋਈ ਲਾਭ ਨਹੀ ਹੌਂਦਾ, ਜਦ ਮਨ ਐਸੇ ਖਿਆਲਾਂ ਦੇ ਸਹਾਰੇ ਜੀ ਰਿਹਾ ਹੋਂਦਾ ਹੈ, ਇਸਨੂੰ ਜੀਵਨ ਦਾ ਸਰਲ (ਥਲ) ਰਸਤਾ ਵੀ ਔਖਾ, ਪਹਾੜੀ (ਡੂੰਗਰ) ਵਰਗਾ ਨਜ਼ਰ ਆੳਂਦਾ ਹੈ। ਅਜੁ, ਜਦ ਮਨੁਖ ਅਪਣੇ ਜੀਵਨ ਵਿੱਚ ਝਾਤੀ ਮਾਰਦਾ ਹੈ, ਆਪਣੀ ਪਰਚੋਲ ਕਰਦਾ ਹੈ, ਤਾਂ ਚੇਤਨ ਸਤਾ ਰੂਪ ਜਲ ਆਤਮਕ ਜੀਵਨ ਦੀ ਪੂੰਜੀ (ਕੂਜੜਾ), ਸੈਂਕੜੇ ਕੋਹ, ਭਾਵ ਬਹੁਤ ਦੂਰ ਨਜ਼ਰ ਆਉਂਦਾ ਹੈ। 20.

ਫਰੀਦਾ ਰਾਤੀ ਵਡੀਆਂ, ਧੁਖਿ ਧੁਖਿ ਉਠਨਿ ਪਾਸ॥ ਧਿਗੁ ਤਿਨਾੑ ਦਾ ਜੀਵਿਆ, ਜਿਨਾੑ ਵਿਡਾਣੀ ਆਸ॥ 21॥ {ਪੰਨਾ 1379}

ਪਦ ਅਰਥ: — ਧੁਖਿ ਉਠਨਿ—ਧੁਖ ਉੱਠਦੇ ਹਨ, ਅੰਬ ਜਾਂਦੇ ਹਨ। ਪਾਸ—ਸਰੀਰ ਦੇ ਪਾਸੇ। ਵਿਡਾਣੀ—ਬਿਗਾਨੀ। (ਲਫ਼ਜ਼ ‘ਜਿਨ੍ਹਾਂ ਅਤੇ ‘ਤਿਨ੍ਹਾਂ’ ਦੇ ਅੱਖਰ ‘ਨ’ ਦੇ ਨਾਲ ‘ਹ’ ਹੈ)। ਵਡੀਆਂ—ਲੰਮੀਆਂ। ਧ੍ਰਿਗੁ—ਫਿਟਕਾਰ-ਜੋਗ।

ਫਰੀਦਜੀ ਇਸ ਸਲੋਕ ਵਿੱਚ ਮਨ ਦੀ ਅਵਿਦਿਆ ਵਾਲੀ ਹਾਲਤ ਬਿਆਨ ਕਰ ਰਹੇ ਨੇ। ਜਦ ਮਨ ਸਚ ਦਾ ਗਿਆਨ ਨਹੀ ਲੈਂਦਾ ਅਤੇ ਅਵਿਦਿਆ ਵਾਲੀ ਅਵਸਥਾ (ਰਾਤੀ) ਵਿੱਚ ਖਚਿਤ ਹੋ ਜਾਂਦਾ ਹੈ, ਤਦ ਸ਼ਰੀਰ ਦਾ ਇੱਕ ਇੱਕ ਅੰਗ (ਗਿਆਨ ਇੰਦਰੇ, ਕਰਮ ਇੰਦਰੇ) ਵਿਕਾਰਾਂ ਦੀ ਅੱਗ ਕਾਰਣ ਧੁੱਖ ਉਠਦੇ ਹਨ, ਸਬ ਆਪਣੀ ਮਰਜੀ ਕਰਦੇ ਹਨ। ਇਸ ਤਰਹਾਂ ਮਨੁਖ ਦਾ ਜੀਵਨ ਫਿਟਕਾਰ ਜੋਗ ਬਣ ਜਾਂਦਾ ਹੈ, ਜਦ ਤ੍ਰਿਸ਼ਨਾ ਅਤੇ ਲੋਭ ਵਾਲੇ ਪਰਾਏ ਦਰ ਤੇ ਜੀਵਨ ਦੀ ਝੂਠੀ ਆਸ ਲਗਾ ਬੈਠਦਾ ਹੈ। 21.

ਫਰੀਦਾ ਜੇ ਮੈ ਹੋਦਾ ਵਾਰਿਆ, ਮਿਤਾ ਆਇੜਿਆਂ॥ ਹੇੜਾ ਜਲੈ ਮਜੀਠ ਜਿਉ, ਉਪਰਿ ਅੰਗਾਰਾ॥ 22॥ {ਪੰਨਾ 1379}

ਪਦ ਅਰਥ: — ਵਾਰਿਆ ਹੋਦਾ—ਕੁਰਬਾਨ, ਸਦਕੇ, ਲੁਕਾਇਆ ਹੁੰਦਾ। ਮਿਤਾ ਆਇੜਿਆਂ—ਆਏ ਮਿੱਤ੍ਰਾਂ ਤੋਂ। ਹੇੜਾ—ਸਰੀਰ, ਮਾਸ। ਮਜੀਠ ਜਿਉ—ਮਜੀਠ ਵਾਂਗ। ਜਲੈ—ਸੜਦਾ ਹੈ। ਉਪਰਿ-ਉੱਤੇ, ਅਨੁਸਾਰ, ਮੁਤਾਬਿਕ। ਅੰਗਾਰਾ-ਅੰਗਿਆਰ ਪੈਣਾ।

ਹਰ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਰੂਪ ਸਜਣ, ਮਿਤਰ ਵਸਦੇ ਹਨ। ਫਰੀਦਜੀ ਇਸ ਸਲੋਕ ਵਿੱਚ ਗੁਣ ਰੂਪ ਮਿਤਰਾਂ ਦੀ ਗਲ ਕਰ ਰਹੇ ਨੇ। ਜੇ ਤਾਂ ਮਨ ਇਹਨਾਂ ਮਿਤਰਾਂ ਤੋਂ ਵਾਰਨੇ ਜਾਂਦਾ ਹੈ, ਇਹਨਾਂ ਮਿਤਰਾਂ ਤੋਂ ਕੁਰਬਾਨ ਜਾਂਦਾ ਹੈ, ਭਾਵ ਸਤਿਗੁਰਿ ਦੀ ਮਤ ਲੈ ਲੈਂਦਾ ਹੈ, ਤਾਂ ਤਨ (ਹੇੜਾ) ਇਹਨਾਂ ਗੁਣਾਂ ਦੀ, ਉਧੱਮ ਵਾਲੀ ਅੱਗ ਵਿੱਚ ਜੀਵਨ ਦੇ ਸੁਵਾਸਾਂ ਨੂੰ ਅੰਗਿਆਰ ਮੁਤਾਬਿਕ ਕੁਰਬਾਨ ਕਰ ਦੇਂਦਾ ਹੈ, ਅਤੇ ਜੀਵਨ ਮਨੋਰਥ ਪਾ ਲੈਂਦਾ ਹੈ। 22.

ਫਰੀਦਾ ਲੋੜੈ ਦਾਖ ਬਿਜਉਰੀਆਂ, ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ॥ 23॥ {ਪੰਨਾ 1379}

ਪਦ ਅਰਥ: — ਬਿਜਉਰੀਆਂ—ਬਿਜੌਰ ਦੇ ਇਲਾਕੇ ਦੀ (ਇਹ ਇਲਾਕਾ ਪਠਾਣੀ ਦੇਸ ਵਿੱਚ ਮਾਲਾਕੰਦ ਸ੍ਵਾਤ ਤੋਂ ਪਰੇ ਹੈ)। ਦਾਖੁ—ਛੋਟਾ ਅੰਗੂਰ। ਕਿਕਰਿ—ਕਿਕਰੀਆਂ। ਹੰਢੈ—ਫਿਰਦਾ ਹੈ। ਪੈਧਾ ਲੋੜੈ—ਪਹਿਨਣਾ ਚਾਹੁੰਦਾ ਹੈ।

‘ਜੇਹਾ ਬੀਜੈ ਸੋ ਲੁਣੈ” ਭਾਵ ਜੋ ਕਿਛ ਹਿਰਦਾ ਰੂਪ ਧਰਤੀ ਉਤੇ ਬੀਜਦੇ ਹਾਂ, ਉਹੀ ਬਾਹਰ ਪਰਗਟ ਹੋਂਦਾ ਹੈ। ਫਰੀਦਜੀ ਨੇ ਇਸ ਸਲੋਕ ਵਿੱਚ ਦੋ ਉਧਾਰਣ ਦੇ ਕੇ ਇਸ ਗਲ ਨੂੰ ਸਮਝਾਇਆ ਹੈ। ਇੱਕ ਤਾਂ ਕਿਰਸਾਨ ਦਾ, ਜੇ ਕਰ ਕਿਰਸਾਨ ਕਿਕਰ ਦਾ ਬੀਜ ਪਾਕੇ ਬਿਜੳਰਿਆਂ ਦੀ ਆਸ਼ਾ ਰਖੇ, ਹੋ ਨਹੀ ਸਕਦਾ। ਦੂਜਾ ਉਧਾਰਣ ਉਨ ਕਤਕੇ ਕਪੜਾ ਤਿਆਰ ਕੀਤਾ ਜਾਵੇ ਅਤੇ ਪਹਿਨਣ ਵਕਤ ਰੇਸ਼ਮ ਦੀ ਇੱਛਾ ਰਖੇ ਹੋ ਨਹੀ ਸਕਦਾ। ਇਹਨਾਂ ਦੋਨਾਂ ਉਧਾਰਣਾਂ ਤੋਂ ਇੱਕ ਸੇਧ ਲੈਣੀ ਹੈ, ਮਨ ਜਿਸ ਤਰਹਾਂ ਦੇ ਖਿਆਲ ਲੈਂਦਾ ਹੈ, ਵੈਸਾ ਹੀ ਪ੍ਰਗਟਾਵਾ ਨਜ਼ਰ ਆਂਦਾ ਹੈ। 23.

ਫਰੀਦਾ ਗਲੀਏ ਚਿਕੜੁ, ਦੂਰਿ ਘਰੁ, ਨਾਲਿ ਪਿਆਰੇ ਨੇਹੁ॥ ਚਲਾ ਤ ਭਿਜੈ ਕੰਬਲੀ, ਰਹਾਂ ਤ ਤੁਟੈ ਨੇਹੁ॥ 24॥ {ਪੰਨਾ 1379}

ਪਦ ਅਰਥ: — ਰਹਾਂ—ਜੇ ਮੈਂ ਰਹਿ ਪਵਾਂ, (ਭਾਵ,) ਜੇ ਮੈਂ ਨਾਹ ਜਾਵਾਂ। ਤ—ਤਾਂ। ਤੁਟੈ—ਟੁੱਟਦਾ ਹੈ। ਨੇਹੁ—ਪਿਆਰ।

ਮਨੁਖ ਦੇ ਜੀਵਨ ਦਾ ਇੱਕ ਇੱਕ ਕਦਮ ਉਹ ਗਲੀਆਂ ਹਨ ਜਿਨਾਂ ਵਿਚੋਂ ਲੰਘ ਕੇ ਮਨੁਖ ਨੂੰ ਨਿਜ ਘਰ ਭਾਵ ਹਿਰਦਾ ਰੂਪ ਦਰਗਾਹ ਤੇ ਕਬੂਲ ਹੋਣਾ ਹੈ। ਲੇਕਿਨ ਸਤਿਗੁਰਿ ਦੀ ਮਤ ਨਾ ਲੈਣ ਕਰਕੇ ਮਨ ਮੋਹ ਅਤੇ ਲੋਭ ਰੂਪ ਚਿਕੜ ਜੀਵਨ ਰੂਪ ਕਦਮਾਂ ਤੇ ਪਾ ਲੈਂਦਾ ਹੈ, ਜਿਸ ਕਾਰਣ ਨਿਜ ਘਰ, ਜੀਵਨ ਦਾ ਮਨੋਰਥ ਦੂਰ ਨਜ਼ਰ ਆਉਂਦਾ ਹੈ। ਲੇਕਿਨ ਪਿਆਰੇ ਪਰਮਾਤਮਾ ਦਾ ਪਿਆਰ ਪਾਣ ਦੀ ਖਿਚ ਕਾਯਮ ਹੈ। ਫਰੀਦਜੀ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਜੇ ਇਸ ਦਲ ਦਲ ਵਿੱਚ ਟੁਰਨਾ ਜਾਰੀ ਰਖਦਾ ਹਾਂ ਤਾਂ ਮੇਰਾ ਕਿਰਦਾਰ ਰੂਪ ਕਪੜਾ (ਕੰਬਲੀ) ਖਰਾਬ ਹੋ ਜਾਂਦਾ ਹੈ, ਜੇ ਕਰ ਇਸ ਡਰ ਕਰਕੇ ਅੱਗੇ ਨਹੀ ਟੁਰਦਾ ਤਾਂ ਰਬਜੀ ਨਾਲ ਪਿਆਰ ਟੁਟਦਾ ਨਜ਼ਰ ਆਉਂਦਾ ਹੈ। 24.

ਭਿਜਉ ਸਿਜਉ ਕੰਬਲੀ, ਅਲਹ ਵਰਸਉ ਮੇਹੁ॥ ਜਾਇ ਮਿਲਾ ਤਿਨਾ ਸਜਣਾ, ਤੁਟਉ ਨਾਹੀ ਨੇਹੁ॥ 25॥ {ਪੰਨਾ 1379}

ਪਦ ਅਰਥ: — ਅਲਹ—ਅੱਲਾਹ ਕਰ ਕੇ, ਰੱਬ ਕਰ ਕੇ। ਭਿਜਉ—ਬੇਸ਼ਕ ਭਿੱਜੇ। ਸਿਜਉ-ਰਮ ਜਾਵੇ, ਸਿਜ ਜਾਵੇ।

ਸਚ ਦੇ ਗਿਆਨ ਦੀ ਵਰਖਾ, (ਰਬਜੀ ਦੇ ਗੁਣਾਂ ਦੀ ਵਰਖਾ) ਸਦਾ ਇੱਕ ਰਸ ਹੋ ਰਹੀ ਹੈ। ਜੇ ਮਨ ਸਚ ਦੇ ਗਿਆਨ ਦੀ ਵਰਖਾ ਮਨ ਰੂਪ ਪਾਤਰ ਸਿਧਾ ਰਖ ਕੇ ਲੈ ਲੈਂਦਾ ਹੈ, ਤਾਂ ਹਿਰਦਾ ਰਬਜੀ ਦੇ ਗੁਣਾਂ ਨਾਲ ਭਿਜ ਜਾਂਦਾ ਹੈ, ਕਿਰਦਾਰ ਰੂਪ ਕਪੜਾ ਗੁਣਾ ਵਿੱਚ ਸਿਜ ਜਾਂਦਾ ਹੈ, ਰਮ ਜਾਂਦਾ ਹੈ। ਹੁਣ ਮਨ ਚੜਦੀ ਕਲਾ ਵਿੱਚ ਟਿਕ ਕੇ ਸਚ ਦੇ ਗਿਆਨ ਸਦਕੇ ਪਰਮਾਤਮਾ ਦੇ ਗੁਣ ਰੂਪ ਸਜਣਾਂ ਨਾਲ ਪਿਆਰ ਪਾ ਲੈਂਦਾ ਹੈ, ਫਿਰ ਇਹ ਪਿਆਰ ਕਦੀ ਵੀ ਤੁਟਦਾ ਨਹੀ। 25.

ਫਰੀਦਾ ਮੈ ਭੋਲਾਵਾ ਪਗ ਦਾ, ਮਤੁ ਮੈਲੀ ਹੋਇ ਜਾਇ॥ ਗਹਿਲਾ, ਰੂਹੁ ਨ ਜਾਣਈ, ਸਿਰੁ ਭੀ ਮਿਟੀ ਖਾਇ॥ 26॥

ਪਦ ਅਰਥ: — ਮੈ—ਮੈਨੂੰ। ਭੋਲਾਵਾ—ਭੁਲੇਖਾ, ਧੋਖਾ, ਵਹਿਮ, ਫ਼ਿਕਰ। ਪਗ-ਪੈਰ। ਮਤੁ—ਮਤਾਂ, ਕਿਤੇ ਨ, ਸਲਾਹ, ਮਾਤਾ, ਪੂਜਾ। ਮੁ ਹੋ ਜਾਇ- ਕਿਤੇ ਹੋ ਨ ਜਾਏ। ਗਹਿਲਾ—ਬੇਪਰਵਾਹ, ਗ਼ਾਫ਼ਿਲ। ਜਾਣਈ—ਜਾਣਦਾ।

ਮਨ, ਅੰਤਰ ਹਿਰਦੇ ਵਸਦੀ ਗਿਆਨ ਜੋਤ ਦੀ ਸੂਝ ਨਹੀ ਰਖਦਾ ਅਤੇ ਗ਼ਾਫਿਲ ਹੋਕੇ, ਜੀਵਨ ਰੂਪ ਕਦਮਾਂ ਤੇ ਟੁਰਦਾ ਹੈ, ਤਾਂ ਸਹੀ ਕਦਮਾਂ ਤੋਂ ਥਿੜਕ ਜਾਂਦਾ ਹੈ, ਇਸਨੂੰ ਜਵਿਨ ਰੂਪ ਕਦਮਾਂ ਦਾ ਭੁਲੇਖਾ ਹੋ ਜਾਂਦਾ ਹੈ। ਜਿਸ ਕਾਰਣ ਸੁਰਤਿ ਵਿੱਚ ਮਾੜੇ ਖਿਆਲ ਵਸ ਜਾਂਦੇ ਹਨ ਮਾਤਾ ਰੂਪ ਮਤ ਮੈਲੀ ਹੋ ਜਾਂਦੀ ਹੈ। ਜਦ ਮਨੁਖ ਇਹਨਾਂ ਖਿਆਲਾਂ ਨੂੰ ਜੀਵਨ ਰੂਪ ਕਦਮਾਂ (ਪਗ) ਤੇ ਵਰਤੋਂ ਕਰਦਾ ਹੈ, ਜੀਵਨ ਮਨੋਰਥ ਵਲੋਂ ਧੋਖਾ ਖਾ ਬੈਠਦਾ ਹੈ, ਅਤੇ ਇਹਨਾਂ ਖਿਆਲਾਂ ਵਿੱਚ ਮਸਤ ਰਹਿਣ ਕਰਕੇ, ਇਸੀ ਨਸ਼ੇ ਵਿੱਚ ਸਾਰੇ ਦਾ ਸਾਰਾ ਸੋਚ ਮੰਡਲ ਭਾਵ ਸੁਰਤਿ ਮੈਲੀ ਕਰ ਲਂਦਾ ਹੈ (ਸਿਰੁ ਭੀ ਮਿਟੀ ਖਾਇ)। 26.

ਫਰੀਦਾ ਸਕਰ ਖੰਡੁ ਨਿਵਾਤ ਗੁੜੁ, ਮਾਖਿਓੁ ਮਾਂਝਾ ਦੁਧੁ॥ ਸਭੇ ਵਸਤੂ ਮਿਠੀਆਂ, ਰਬ ਨ ਪੁਜਨਿ ਤੁਧੁ॥ 27॥ {ਪੰਨਾ 1379}

ਪਦ ਅਰਥ: — ਨਿਵਾਤ—ਮਿਸਰੀ। ਸਕਰ-ਮਿੱਠਾ ਪਦਾਰਥ। ਨਿਵਾਤ-ਮਿਸ਼ਰੀ। ਮਾਖਿਉ-ਸ਼ਹਿਦ।

ਫਰੀਦਜੀ ਨੇ ਇਸ ਸਲੋਕ ਵਿੱਚ ਦੁਨਿਆਵੀ ਪੰਜ ਪਦਾਰਥਾਂ (ਚੀਨੀ, ਮਿਸ਼ਰੀ, ਸ਼ਹਿਦ, ਅਤੇ ਮਾਂਝਾ ਦੁਧ) ਇਹਨਾਂ ਦਾ ਉਧਾਰਣ ਦਿਤਾ ਹੈ, ਏਹ ਸਾਰੇ ਪਦਾਰਥ ਅਤ ਮਿੱਠੇ ਹਨ, ਇਹਨਾਂ ਦੀ ਵਰਤੋਂ ਕਰਣ ਨਾਲ ਕੇਵਲ ਜ਼ੁਬਾਨ ਤਕ ਹੀ ਮਿਠਾਸ ਪਤਾ ਲਗਦੀ ਹੈ, ਯਾ ਫਿਰ ਸ਼ਰੀਰ ਨੂੰ ਅਸਰ ਕਰ ਸਕਦੀ ਹੈ, ਪਰ ਇਸ ਕਰਕੇ ਮਨੁਖ ਦੇ ਗੁਣਾਂ ਵਿੱਚ ਕੋਈ ਤਬਦੀਲੀ ਨਹੀ ਆਉਂਦੀ। ਜੀਵਨ ਵਿੱਚ ਮਿਠਾਸ ਲਿਆਣ ਵਾਸਤੇ, ਜੀਵਨ ਦਾ ਮਿਆਰ ਉਚਾ ਕਰਣ ਵਾਸਤੇ ਕੇਵਲ ਸਤਿਗੁਰਿ ਦੀ ਮਤ, ਰਬਜੀ ਦੇ ਗੁਣ ਹਨ, ਜਿਨਾਂ ਕਰਕੇ ਜੀਵਨ ਵਿੱਚ ਮਿਠਾਸ ਅਤੇ ਆਤਮਕ ਗੁਣਾਂ ਦੀ ਸੂਝ ਆ ਸਕਦੀ ਹੈ। 27.

ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣੁ ਮੇਰੀ ਭੁਖ॥ ਜਿਨਾ ਖਾਧੀ ਚੋਪੜੀ, ਘਣੇ ਸਹਨਿਗੇ ਦੁਖ॥ 28॥ {ਪੰਨਾ 1379}

ਪਦ ਅਰਥ: — ਕਾਠ ਕੀ ਰੋਟੀ—ਕਾਠ ਵਾਂਗ ਸੁੱਕੀ ਰੋਟੀ, ਰੁੱਖੀ-ਮਿੱਸੀ ਰੋਟੀ। ਲਾਵਣੁ—ਭਾਜੀ, ਸਲੂਣਾ। ਘਣੇ—ਬੜੇ। ਚੋਪੜੀ—ਚੰਗੀ-ਚੋਖੀ, ਸੁਆਦਲੀ (ਰੋਟੀ)।

ਫਰੀਦਜੀ ਨੇ ਇਸ ਸਲੋਕ ਵਿੱਚ ਆਪਣੇ ਮਨ ਤੇ ਢੁਕਾ ਕੇ ਸਾਡੇ ਸਬ ਦੇ ਮਨ ਦੀ ਹਾਲਤ ਦੱਸੀ ਹੈ। ਰੋਟੀ, ਭਾਵ ਖੁਰਾਕ, ਸ਼ਰੀਰ ਅਤੇ ਮਨ ਦੋਨਾ ਨੂੰ ਰੋਟੀ ਦੀ ਲੋੜ ਹੈ। ਜੇ ਮਨ ਸਤਿਗੁਰਿ ਦੀ ਮਤ ਨਹੀ ਲੈ ਰਿਹਾ, ਤੇ ਕਾਠ ਵਾਂਗ ਸੁਕੀ ਰੋਟੀ ਖਾ ਰਿਹਾ ਹੈ, ਭਾਵ ਸੁਕੇ, ਮਾੜੇ ਖਿਆਲ ਲੈ ਰਿਹਾ ਹੈ, ਅਤੇ ਚਸਕਾ ਵਧਾਣ ਵਾਸਤੇ, ਲਭ ਅਤੇ ਲੋਭ ਦੀ ਭੁਖ ਸਲੂਣੇ ਦਾ ਕਮ ਕਰ ਰਹੀ ਹੈ, ਤਾਂ ਆਤਮਕ ਤੋਰ ਤੇ ਦੁਖੀ ਹੈ। ਜੇ ਮਨ ਇਸ ਪਰਕਾਰ ਜੀਵਨ ਵਿੱਚ ਖਚਿਤ ਹੈ, ਚੋਪੜੀ ਰੋਟੀ, ਭਾਵ ਚੌਖੀ ਰੋਟੀ ਖਾ ਰਿਹਾ ਹੈ, ਕੇਵਲ ਮਾੜੇ ਖਿਆਲਾਂ ਵਿੱਚ ਖਚਿਤ ਹੈ, ਤਾਂ ਆਪਣੇ ਆਤਮਕ ਦੁਖਾਂ ਵਿੱਚ ਵਾਧਾ ਹੀ ਕਰ ਰਿਹਾ ਹੈ। 28.

ਰੁਖੀ ਸੁਖੀ ਖਾਇ ਕੈ, ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਈ ਚੋਪੜੀ, ਨਾ ਤਰਸਾਏ ਜੀਉ॥ 29॥ {ਪੰਨਾ 1379}

ਜਦ ਮਨ ਸਚ ਦਾ ਗਿਆਨ ਲੈਕੇ, ਹਿਰਦੇ ਵਿੱਚ (ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਉ), ਭਾਵ ਸੰਤੋਖ ਦਾ ਸੁਭਾਵ ਟਿਕਾ ਲੈਂਦਾ ਹੈ, ਫਿਰ ਮਨ ਪਰਾਏ ਧਨ ਤੇ ਯਾ ਪਰਾਏ ਰੂਪ ਤੇ ਨਜ਼ਰ ਨਹੀ ਰਖਦਾ। ਦੂਸਰਾ ਪੱਖ ਮਨ ਸਤਿਗੁਰਿ ਦੀ ਮਤ ਲੈਕੇ ਤ੍ਰਿਸ਼ਨਾ ਅਤੇ ਆਸ਼ਾਂ ਦੇ ਪਰਾਏ ਦਰ ਤੇ ਜੀਣਾ ਛਡ ਕੇ ਨਿਜ ਘਰ (ਰੁਖੀ ਸੁਖੀ ਖਾਇ ਕੈ, ਠੰਡਾ ਪਾਣੀ ਪੀਉ) ਵਾਲੇ ਸੰਤੋਖੀ ਸੁਭਾਵ ਵਾਲੇ ਦਰ ਤੇ ਜੀਵਨ ਜੀਣ ਲਗ ਪੈਂਦਾ ਹੈ। 29.

ਅਜੁ ਨ ਸੁਤੀ ਕੰਤ ਸਿਉ, ਅੰਗੁ ਮੁੜੇ ਮੁੜਿ ਜਾਇ॥ ਜਾਇ ਪੁਛਹੁ ਡੋਹਾਗਣੀ, ਤੁਮ ਕਿਉ ਰੈਣਿ ਵਿਹਾਇ॥ 30॥ {ਪੰਨਾ 1379}

ਪਦ ਅਰਥ: — ਸਿਉ—ਨਾਲ। ਅੰਗੁ—ਸਰੀਰ, ਜਿਸਮ। ਮੁੜਿ ਜਾਇ—ਟੁੱਟ ਰਿਹਾ ਹੈ, ਦਿਸ਼ਾ ਬਦਲਣੀ। ਮੁੜੇ ਮੁੜਿ ਜਾਇ—ਮੁੜ ਮੁੜ ਜਾਂਦਾ ਹੈ, ਵਾਰ ਵਾਰ ਦਿਸ਼ਾ ਬਦਲਨੀ। ਡੋਹਾਗਣੀ—ਦੁਹਾਗਣ, ਛੁੱਟੜ, ਪਤੀ ਤੋਂ ਵਿਛੁੜੀ ਹੋਈ, ਭਾਗ-ਹੀਣ, ਮੰਦ-ਭਾਗਣ। ਰੈਣਿ—ਰਾਤ (ਭਾਵ, ਸਾਰੀ ਜ਼ਿੰਦਗੀ-ਰੂਪ ਰਾਤ)। ਜਾਇ-ਜਾਵੇ, ਜਾ ਸਕਦਾ, ਜਨਮ ਲੈਣਾ ਉਤਪਤੀ ਹੋਣੀ। ਪੁਛਹੁ-ਪੁਛ ਗਿਛ ਕਰਨੀ। ਕਿਉ-ਕਿਂਵੇ, ਕਾਦੇ ਲਈ।

ਮਨੁਖ ਦਾ ਅੰਗ, ਜਿਸਮ (ਗਿ. ਇਂ. ਅਤੇ ਕ. ਇਂ.) ਆਪਣੀ ਸਹੀ ਦਿਸ਼ਾ ਭੁਲ ਜਾਂਦੇ ਹਨ, ਮੁੜ ਮੁੜ ਦਿਸ਼ਾ ਬਦਲਦੇ (ਭੈਡੇ ਪਾਸੇ ਜਾਂਦੇ ਹਨ) ਹਨ ਜਦ ਮਨ ਕੋਲ ਸਚ ਦਾ ਗਿਆਨ ਨਹੀ ਹੋਂਦਾ, ਆਪਣੇ ਹਿਰਦਾ ਰੂਪ ਸੇਜ ਤੇ ਗੁਣ ਸਰੂਪ ਪਰਮਾਤਮਾ ਨਾਲ ਇਸਦਾ ਮਿਲਾਪ, ਇੱਕ ਮਿਕਤਾ ਨਹੀ ਹੋਂਦੀ, ਭਾਵ ਅਜ ਨ ਸੁਤੀ ਕੰਤ ਸਿਉ ਵਾਲੀ ਅਵਸਥਾ। ਮਨ ਦੀ ਇਸ ਅਵਸਥਾ ਵਿੱਚ ਮਾੜੇ ਖਿਆਲ ਜਨਮ ਲੈ ਲੈਂਦੇ ਹਨ, ਇਸ ਤਰਹਾਂ ਮੰਦਭਾਗਣ ਜੀਵ ਇਸਤਰੀ ਜੀਵਨ ਰੂਪ ਰਾਤ ਪ੍ਰਭੂ ਰੂਪ ਪਤੀ ਦੇ ਮਿਲਾਪ ਤੋਂ ਬਿਨਾ ਵਿਅਰਥ ਗਵਾ ਲੈਂਦੀ ਹੈ। 30.

ਫੁੱਲਬੀਰ ਸਿੰਘ




.