.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਨੁੱਖ ਧਰਮੀ, ਬਿਰਤੀ ਗ਼ੁਲਾਮ

ਤਾਕਤਵਰ, ਹੈਂਕੜਬਾਜ ਰਾਜਨੀਤਿਕ ਮਨੁੱਖ, ਧਰਮੀ ਪੁਜਾਰੀਆਂ ਨੂੰ ਆਪਣੇ ਲਾਭ ਅਨੁਸਾਰ ਹਮੇਸ਼ਾਂ ਚਲਾਉਂਦਾ ਆਇਆ ਹੈ। ਧਰਮ ਦੇ ਕਾਇਦੇ ਕਨੂੰਨ ਉਸੇ ਤਰ੍ਹਾਂ ਹੀ ਬਣਾਉਂਦਾ ਹੈ ਜਿਸ ਨਾਲ ਉਸ ਨੂੰ ਮੁਕੰਮਲ ਫਾਇਦਾ ਹੁੰਦਾ ਹੋਵੇ। ਰਾਜਨੀਤਿਕ ਲੋਕਾਂ ਦੇ ਜ਼ੁਲਮਾਂ ਦੀ ਦਾਸਤਾਂ ਨੂੰ ਧਰਮੀ ਪੁਜਾਰੀ ਪਰਦੇ ਹੇਠ ਹੀ ਰੱਖਣ ਦੇ ਯਤਨ ਵਿੱਚ ਹੁੰਦੇ ਹਨ। ਲੋਕਾਂ `ਤੇ ਰਾਜ ਕਰਨ ਵਾਲੇ ਰਾਜਨੀਤਿਕ ਨੇਤਾ ਜਨ ਆਪਣੀ ਹੇਰਾ ਫੇਰੀ ਦੀ ਕਮਾਈ ਨੂੰ ਧਰਮ ਦੇ ਪੁਜਾਰੀਆਂ ਦੁਆਰਾ ਸਹੀ ਠਹਿਰਾਉਂਦੇ ਹਨ। ਜਨ ਸਧਾਰਨ ਆਦਮੀ, ਅਜੇਹੇ ਧਰਮਾ ਦਾ ਬੁਰਕਾ ਪਾਈ ਕੁਰੱਪਟ ਲੋਕਾਂ ਦੇ ਵਿਰੋਧ ਵਿਚ, ਜੇ ਆਪਣੀ ਅਵਾਜ਼ ਨੂੰ ਲਾਮਬੰਦ ਕਰਨ ਦਾ ਯਤਨ ਕਰਦੇ ਹਨ ਤਾਂ ਧਾਰਮਕਿ ਅਸਥਾਨਾਂ `ਤੇ ਬੈਠੇ ਲੋਕ ਫਟ ਕਹਿ ਦੇਂਦੇ ਹਨ ਕਿ ਭਾਈ ਇਹਨਾਂ ਦੇ ਵਿਰੁੱਧ ਤੂਹਾਨੂੰ ਕੁੱਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਰੱਬ ਊੱਪਰ ਬੈਠਾ ਇਹਨਾਂ ਦੇ ਕਾਲ਼ੇ ਕਾਰਨਾਮਿਆਂ ਨੂੰ ਚੰਗੀ ਤਰ੍ਹਾਂ ਦੇਖ ਰਿਹਾ ਹੈ। ਇਹਨਾਂ ਨੂੰ ਬਣਦੀ ਸਜਾਅ ਰੱਬ ਦੇਵੇਗਾ ਤੁਸੀਂ ਸਾਊ ਪੁੱਤ ਵਾਂਗ ਰੱਬ ਦਾ ਭਾਣਾ ਮੰਨੋ। ਕਦੇ ਵੀ ਲੋਕ ਇਹਨਾਂ ਕਾਲ਼ਾਬਜ਼ਾਰੀਆਂ ਦੇ ਵਿਰੋਧ ਵਿੱਚ ਖੜੇ ਨਹੀਂ ਹੁੰਦੇ ਕਿਉਂਕਿ ਪੁਜਾਰੀ ਨੇ ਪੱਕਾ ਯਕੀਨ ਕਰਾ ਦਿੱਤਾ ਹੈ ਕਿ ਮਰਨ ਦੇ ਉਪਰੰਤ ਇਹ ਆਪੇ ਹੀ ਦੁੱਖ ਭੋਗਣਗੇ। ਆਪਣੇ ਪਾਪਾਂ ਦੀ ਸਜਾਅ ਆਪ ਪਉਣਗੇ, ਤੁਸੀਂ ਇਹਨਾ ਦਾ ਵਿਰੋਧ ਕਰਕੇ ਕਾਹਨੂੰ ਪਾਪਾਂ ਦੇ ਭਾਗੀ ਬਣਦੇ ਹੋ। ਧਰਮੀ ਪੁਜਾਰੀ ਕਹਿੰਦਾ ਹੈ ਕਿ ਇਹਨਾਂ ਦੀ ਸਹਾਇਤਾ ਨਾਲ ਹੀ ਧਾਰਮਕ ਅਸਥਾਨ ਚੱਲਦੇ ਹਨ। ਇਹ ਤੇ ਗੁਰੂ ਨਾਨਕ ਸਾਹਿਬ ਜੀ ਹੀ ਕਹਿ ਸਕਦੇ ਹਨ—
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ 2॥
ਪੰਨਾ ੧੨੮੮

ਦੂਸਰਾ ਗੁਰੂ ਅਮਰਦਾਸ ਜੀ ਹੀ ਕਹਿ ਸਕਦੇ ਹਨ ਕਿ ਅਕਬਰ ਬਾਦਸ਼ਾਹ ਤੁਹਾਡੀ ਸਰਕਾਰੀ ਸਹਾਇਤਾ ਦੀ ਸਾਨੂੰ ਲੋੜ ਨਹੀਂ ਹੈ। ਹਾਂ ਜੇ ਕੁੱਝ ਕਰ ਸਕਦੈਂ, ਤਾਂ ਘੱਟੋ ਘੱਟ ਸ਼ਰਈ ਟੈਕਸ ਜੋ ਗੈਰ ਮੁਸਲਮਾਨਾਂ ਉੱਤੇ ਲਗਾਇਆ ਹੋਇਆ ਈ ਉਸ ਨੂੰ ਬੰਦ ਕਰਦੇ।
ਦੂਜੀ ਪਰਕਾਰ ਦੇ ਉਹ ਕਾਲ਼ਾ-ਬਜ਼ਾਰੀਏ, ਟੈਕਸ ਚੋਰੀਏ, ਜ਼ਖੀਰੇਬਾਜ਼ ਵਪਾਰੀ ਤੇ ਵੱਢੀਖੋਰੀਏ ਅਫ਼ਸਰ ਹਨ ਜੋ ਰਾਜਨੀਤਿਕ ਖੇਡ ਤਾਂ ਨਹੀਂ ਖੇਢਦੇ ਪਰ ਪੈਸੈ ਦੇ ਜ਼ੋਰ ਨਾਲ ਧਰਮੀ ਹੋਣ ਦੀ ਸਿਫਤ ਪੁਜਾਰੀਆਂ ਦੇ ਮੂੰਹੋਂ ਸੁਣਨ ਦੇ ਆਦੀ ਹੁੰਦੇ ਹਨ। ਗੁਰਦੁਆਰਿਆਂ, ਮੰਦਰਾਂ ਵਿੱਚ ਅਜੇਹੇ ਧਰਮੀਆਂ ਦੇ ਪੱਥਰਾਂ `ਤੇ ਨਾਂ ਖੁਰਚ ਖੁਰਚ ਕੇ ਲਿਖੇ ਮਿਲਦੇ ਹਨ। ਅਜੇਹੇ ਲੋਕ ਧਰਮ ਵਿੱਚ ਸਭ ਤੋਂ ਵੱਧ ਅੰਧਵਿਸ਼ਵਾਸ ਤੇ ਸਮਾਜਕ ਕੁਰੀਤੀਆਂ ਨੂੰ ਜਨਮ ਦੇਂਦੇ ਹਨ। ਇਹ ਲੋਕ ਸਮਝਦੇ ਹਨ ਕਿ ਹਰਾਮ ਦੀ ਕਮਾਈ ਵਿਚੋਂ ਕੀਤੇ ਦਾਨ ਨਾਲ ਅਸੀਂ ਪੱਕੇ ਧਰਮੀ ਹੋ ਜਾਵਾਂਗੇ ਤੇ ਪੁਜਾਰੀ ਸਾਡੇ ਟੁੱਕੜਿਆਂ `ਤੇ ਪਲ਼ਣ ਕਰਕੇ ਹਰ ਸਭਾ ਸੁਸਾਇਟੀ ਵਿੱਚ ਕਹੇਗਾ ਕਿ ਇਹ ਤੇ ਜੀ ਬਹੁਤ ਧਰਮੀ ਕਰਮੀ ਹਨ ਇਹਨਾਂ ਦੇ ਪਿਤਾ ਜੀ ਵੀ ਬਹੁਤ ਧਰਮ ਕਰਮ ਕਰਦੇ ਰਹਿੰਦੇ ਸਨ। ਟੈਕਸਾਂ ਦੀ ਚੋਰੀ ਤੇ ਸਰਕਾਰੀ ਨੌਕਰੀ ਕਰਦਿਆਂ ਪ੍ਰਪਾਤ ਕੀਤੀ ਕਮਾਈ ਦੀ ਵੱਢੀ ਵਿਚੋਂ ਕੀਤਾ ਹੋਇਆ ਲੰਗਰ ਧਰਮ-ਕਰਮ ਅਖਵਾਉਂਦਾ ਹੈ। ਅਜੇਹੇ ਲੋਕਾਂ ਨੇ ਬਹੁਤ ਵੱਡਾ ਭੁਲੇਖਾ ਪਾਲ਼ਿਆ ਹੋਇਆ ਹੈ ਕਿ ਧਾਰਮਕ ਅਸਥਾਨਾਂ ਉੱਤੇ ਰਹਿਣ ਵਾਲਾ ਪੁਜਾਰੀ ਹੀ ਸਾਨੂੰ ਸਮਾਜਿਕ ਭਾਈਚਾਰੇ ਵਿੱਚ ਵੱਡਾ ਧਰਮੀ ਹੋਣ ਦਾ ਸਰਟੀਫੀਕੇਟ ਦੇ ਸਕਦਾ ਹੈ। ਪੂਰੇ ਨਸ਼ਈ, ਵਿਭਚਾਰੀ ਤੇ ਇਖ਼ਲਾਕ ਤੋਂ ਗਿਰੇ ਹੋਏ ਮਨੁੱਖ ਨੂੰ ਧਾਰਮਕ ਅਸਥਾਨ `ਤੇ ਰਹਿਣ ਵਾਲਾ ਪੁਜਾਰੀ ਹੀ ਕੂਫ਼ਰ ਦੀਆਂ ਪੰਡਾਂ ਬੰਨਦਿਆਂ ਬੜੀ ਬੇਸ਼ਮੀ ਨਾਲ ਕਹੇਗਾ ਜੀ ਇਹਨਾਂ ਦੇ ਮਰਣ ਨਾਲ ਪਰਵਾਰ ਨੂੰ ਤੇ ਬਹੁਤ ਵੱਡਾ ਘਾਟਾ ਪਿਆ ਹੀ ਹੈ, ਸਮਾਜ ਤੇ ਦੇਸ਼ ਨੂੰ ਵੀ ਇਹਨਾਂ ਦੇ ਮਰਣ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਵਾਹ ਅਕਲ ਦੇ ਅੰਨ੍ਹੇ ਪੁਜਾਰੀ ਤੇਰੀ ਅਕਲ ਨੂੰ ਸਿਜਦਾ ਈ, ਧਾਰਮਕ ਅਸਥਾਨ ਤੇ ਬੈਠ ਕੇ ਵੀ ਲੋਕਾਂ ਨੂੰ ਪੂਰਾ ਮੂਰਖ ਬਣਾ ਰਿਹਾ ਏਂ। ਅਜੇਹੀ ਵਿਗੜੀ ਹੋਈ ਤਾਣੀ ਦੇਖ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ---
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ 1॥
ਸਲੋਕ ਮ: ੧ ਪੰਨਾ ੪੭੨

ਤੀਜਾ ਧਰਮੀ ਪੁਜਾਰੀ ਉੱਤੇ ਪ੍ਰਬੰਧਕਾਂ ਨੂੰ ਇੱਕ ਧੇਲੇ ਜਿੰਨਾ ਵੀ ਕੋਈ ਯਕੀਨ ਨਹੀਂ ਹੈ। ਉਹ ਹਰ ਵੇਲੇ ਆਪਣੇ ਟੁਕੜਿਆਂ `ਤੇ ਪਲ਼ਣ ਵਾਲੇ ਪੁਜਾਰੀ ਨੂੰ ਸ਼ੱਕ ਦੀ ਨਿਗਾਹ ਨਾਲ ਚੋਰ ਹੀ ਦੇਖਦੇ ਹਨ। ਜਿਸ ਦਾ ਸਾਫ਼ ਉੱਤਰ ਸਾਡੇ ਸਭ ਦੇ ਸਾਹਮਣੇ ਹੈ ਕਿ ਹਰੇਕ ਧਾਰਮਕ ਅਸਥਾਨ `ਤੇ ਗੋਲਕ ਨਾਲੋਂ ਭਾਰੇ ਤਾਲੇ ਮਾਰੇ ਹੋਏ ਹਨ। ਹਰੇਕ ਭਾਈ ਜੀਆਂ ਨੂੰ ਰਸੀਦ ਬੁੱਕਾਂ ਚੁਕਾਈਆਂ ਹੁੰਦੀਆਂ ਹਨ। ਜੇ ਯਕੀਨ ਹੋਵੇ ਤਾਂ ਬਿਨਾਂ ਰਸੀਦ ਬੁੱਕ ਤੋਂ ਵੀ ਪੈਸੇ ਜਮ੍ਹਾਂ ਹੋ ਸਕਦੇ ਹਨ। ਅਮੀਰਕਾ ਦੇ ਇੱਕ ਸਿਰਕਰਦਾ ਗੁਰਦੁਆਰੇ ਦੀ ਹਾਲਤ ਅਜੀਬ ਕਿਸਮ ਦੀ ਦੇਖੀ। ਮ੍ਰਿਤਕ ਸਮਗਾਮ ਵਿੱਚ ਸ਼ਾਮਲ ਹੋਈਆਂ ਸੰਗਤਾਂ ਅਜੇ ਗੁਰਦੁਆਰਾ ਹਾਲ ਵਿੱਚ ਹੀ ਬੈਠੀਆਂ ਹੋਈਆਂ ਸਨ ਕਿ ਪ੍ਰਬੰਧਕ ਗੋਲਕ ਖੋਲ੍ਹ ਕੇ ਇਹ ਸਭ ਦੇ ਸਾਹਮਣੇ ਹੀ ਕਹੀ ਜਾ ਰਹੇ ਸੀ ਦੇਖੋ ਅੱਜ ਕਿੰਨਾ ਚੜ੍ਹਾਵਾ ਆਇਆ ਹੈ। ਮਹਾਂਰਾਜ ਜੀ ਦੀ ਬੜੀ ਬਖਸ਼ਿਸ ਹੋਈ ਹੈ। ਏਦਾਂ ਦੇ ਪ੍ਰੋਗਰਾਮ ਤਾਂ ਰੋਜ਼ ਹੀ ਹੋਣੇ ਚਾਹੀਦੇ ਹਨ। ਕੈਸੀ ਅਜੀਬ ਕਹਾਣੀ ਹੈ ਧਰਮੀ ਮਨੁੱਖ ਆਪਣੇ ਵੀਜ਼ੇ ਲਈ ਤਰਲੇ ਮਾਰ ਰਿਹਾ ਹੈ ਪਰ ਦੂਸਰੇ ਦੇ ਵੀਜ਼ੇ ਲਈ ਅਰਦਾਸਾਂ ਕਰ ਰਿਹਾ ਹੈ। ਸਾਰੀ ਜ਼ਿੰਦਗੀ ਧਰਮੀ ਮਨੁੱਖ ਦੂਜਿਆ ਦੀਆਂ ਜੇਬਾਂ ਵਲ ਦੇਖ ਕੇ ਗ਼ੁਜ਼ਾਰਾ ਕਰ ਰਿਹਾ ਹੈ ਪਰ ਦੂਸਰਿਆਂ ਦੇ ਕਾਰੋਬਾਰ ਦੇ ਵਾਧੇ ਲਈ ਹਰ ਰੋਜ਼ ਅਰਦਾਸਾਂ ਕਰ ਰਿਹਾ ਹੈ। ਕੀ ਧਰਮੀ ਪੁਜਾਰੀ ਆਪਣੇ ਲਈ ਨਹੀਂ ਅਰਦਾਸ ਕਰ ਸਕਦਾ ਕਿ ਮੈਨੂੰ ਵੀ ਕੋਈ ਚੰਗੀ ਜੇਹੀ ਬਜਾਜੀ ਦੀ ਦੁਕਾਨ ਮਿਲ ਜਾਏ। ਵਪਾਰੀ ਬੰਦਾ ਕਦੇ ਵੀ ਆਪਣੇ ਬੱਚੇ ਨੂੰ ਪੁਜਾਰੀ ਨਹੀਂ ਬਣਨ ਦਵੇਗਾ।
ਧਰਮੀ ਪੁਜਾਰੀਆਂ ਨੇ ਇੱਕ ਬਹੁਤ ਵੱਡਾ ਪਾਖੰਡ ਰਚਿਆ ਹੋਇਆ ਹੈ ਕਿ ਅਸੀਂ ਕਿਸੇ ਦੇ ਹੱਥ ਦਾ ਬਣਿਆ ਹੋਇਆ ਭੋਜਨ ਨਹੀਂ ਛੱਕਦੇ। ਜਿੰਨ੍ਹਾਂ ਲੋਕਾਂ ਨੂੰ ਮਾੜਾ ਆਖਦੇ ਹਨ ਉਹਨਾਂ ਪਾਸੋਂ ਮਾਇਆ ਦੇ ਗ਼ਫ਼ੇ ਜ਼ਰੂਰ ਸਵੀਕਾਰ ਕਰ ਲਏ ਜਾਂਦੇ ਹਨ। ਐਸੇ ਪਾਖੰਡੀ ਧਰਮੀਆਂ ਦੀ ਮਾਨਸਕ ਗ਼ੁਲਾਮੀ ਸਬੰਧੀ ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਫਰਮਾਉਂਦੇ ਹਨ----
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥
ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥
ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥
ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥
ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥
ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥
ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ, ਸਚੁ ਪਾਈਐ॥ 2॥
ਸਲੋਕ ਮ: ੧ ਪੰਨਾ ੪੭੧

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਹਾਕਮ, ਕਾਜ਼ੀ ਤੇ ਪੰਡਤ ਦੀ ਗੱਲ ਕੀਤੀ ਹੈ ਪਰ ਉਹਨਾਂ ਦਾ ਰੂਪ ਅੱਜ ਸਿੱਖ ਧਰਮ ਵਿਚੋਂ ਆਮ ਦੇਖਿਆ ਜਾ ਸਕਦਾ ਹੈ। ਮੁਸਲਮਾਨ ਹਾਕਮ ਤੇ ਕਾਜ਼ੀ ਅੰਦਰਖਾਤੇ ਵੱਢੀਆਂ ਲੈ ਰਹੇ ਹਨ ਤੇ ਧਰਮ ਦੇ ਨਾਂ ਹੇਠ ਪੰਜ ਨਿਮਾਜ਼ਾਂ ਵੀ ਪੜ੍ਹਦੇ ਹਨ। ਇਹਨਾਂ ਹਾਕਮਾਂ ਦੇ ਖਤ੍ਰੀ ਮੁਣਸ਼ੀ ਗ਼ਰੀਬ ਜੰਤਾ ਦਾ ਸ਼ਰੇ-ਆਮ ਖੂਨ ਨਿਚੜੋਦੇ ਦਿਸਦੇ ਹਨ ਪਰ ਇਹ ਵੀ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹੋਏ ਵੱਡਾ ਸਾਰਾ ਤਿਲਕ ਤੇ ਜਨੇਊ ਵੀ ਗਲ਼ ਵਿੱਚ ਲਟਕਾਈ ਫਿਰਦੇ ਨਜ਼ਰ ਆਉਂਦੇ ਹਨ। ਸਭ ਤੋਂ ਵੱਡਾ ਧਰਮੀ ਹੋਣ ਦਾ ਦਾਅਵਾ ਕਰਨ ਵਾਲਾ ਬ੍ਰਹਾਮਣ ਦੇਵਤਾ ਇਹਨਾਂ ਕੋਲੋਂ ਚਹੋਂ ਛਿੱਲੜਾਂ ਦੀ ਖਾਤਰ ਇਹਨਾਂ ਜ਼ਾਲਮ ਧਰਮੀਆਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀ ਉਸਤਤ ਦਾ ਸੰਖ ਪੂਰ ਰਿਹਾ ਹੈ। ਮੁਫਤ ਵਿੱਚ ਮਿਲੇ ਮਲ਼ਾਈ ਦਾਰ ਮਾਲ ਖਾਣ ਵਾਲਾ ਬ੍ਰਹਾਮਣ ਇਹਨਾਂ ਦੇ ਕੀਤੇ ਹੋਏ ਜ਼ੁਲਮਾਂ ਤੇ ਧਰਮ ਦੀ ਪੱਟੀ ਬੰਨਦਾ ਦਿਸਦਾ ਹੈ। ਜਿਹੜੇ ਝੂਠ ਬੋਲ ਕੇ ਰੋਜ਼ੀ ਕਮਾਉਂਦੇ ਹਨ, ਹਾਕਮਾਂ ਦੀ ਜ਼ਾਲਮੀ ਕਮਾਈ ਤੇ ਵਪਾਰੀਆਂ ਦਾ ਝੂਠ ਬੋਲ ਕੇ ਕੀਤੇ ਵਪਾਰ ਵਿਚੋਂ ਇਕੱਠੀ ਕੀਤੀ ਹੋਈ ਮਾਇਆ ਨਾਲ ਧਰਮੀ ਪੁਜਾਰੀ ਨੂੰ ਟੁੱਕੜ ਪਹੁੰਚਦਾ ਹੋ ਜਾਂਦਾ ਹੈ। ਜ਼ਾਲਮ ਹਾਕਮ, ਝੂਠਾ ਵਪਾਰੀ ਤੇ ਝੂਠੇ ਪੁਜਾਰੀ ਨੇ ਆਪਣੀ ਚੇਤੰਤਾ ਵਿਚੋਂ ਸ਼ਰਮ-ਹਯਾ ਤੇ ਧਰਮ ਦੀਆਂ ਕਦਰਾਂ ਨੂੰ ਬਿਲਕੁਲ ਤਿਲਾਂਜਲੀ ਦੇ ਦਿੱਤੀ ਹੋਈ ਹੈ। ਪੁਜਾਰੀ ਬਿਰਤੀ ਦੀ ਜੜੀਂ ਤੇਲ ਦੇਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਵਾਹ ਓਏ ਧਰਮੀ ਪੁਜਾਰੀਆ ਸਦਕੇ ਜਾਵਾਂ ਤੇਰੀ ਉਸਤਾਦੀ ਦੇ, ਪਹਿਰਾਵੇ ਵਿੱਚ ਗੇਰੂਏ ਰੰਗ ਦੀ ਧੋਤੀ, ਮੱਥੇ ਤੇ ਚੌੜਾ ਤਿਲਕ ਤੇ ਗਲ਼ ਜਨੇਊ ਪਾਈ ਬੈਠਾ ਏਂ ਪਰ ਜਗਤ ਨੂੰ ਲੁੱਟਣ ਲਈ ਖੁੰਢੀ ਛੁਰੀ ਨਾਲ ਮਨੁੱਖਤਾ ਨੂੰ ਹਲਾਲ ਕਰ ਰਿਹਾ ਏਂ। ਅਸ਼ਕੇ ਤੇਰੇ ਧਰਮੀ ਹੋਣ ਦੇ ਦਾਅਵੇ ਨੂੰ।
ਤੇਰੀ ਮਾਨਸਕ ਗ਼ੁਲਾਮੀ ਦੀ ਸਿੱਖਰ ਓਦੋਂ ਦੇਖੀ ਜਾਂਦੀ ਹੈ ਜਦੋਂ ਆਪਣਾ ਪਹਿਰਾਵਾ ਉਤਾਰ ਕੇ ਰਾਜਸੀ ਸਤਾ ਵਲੋਂ ਨਿਰਧਾਰਤ ਕੀਤਾ ਹੋਇਆ ਪਹਿਰਾਵਾ ਪਾ ਕੇ ਉਹਨਾਂ ਦੇ ਘਰਾਂ ਵਿੱਚ ਜਾਂਦੈ। ਐ ਧਰਮੀ ਪੁਜਾਰੀ ਤੇਰੀ ਅਕ੍ਰਿਤਘਣਤਾ ਦੀ ਵੀ ਕੋਈ ਮਿਸਾਲ ਨਹੀਂ ਮਿਲਦੀ। ਸੱਚ ਦੇ ਨਾਂ ਦਾ ਪਰਚਾਰ ਕਰਨੇ ਵਾਲੇ ਬੰਦਿਆਂ ਗ਼ੁਲਾਮੀ ਦੀਆਂ ਸਾਰੀਆਂ ਹੱਦਾਂ ਬੰਨੇ ਟੱਪਦਿਆਂ ਆਪਣੇ ਪੇਟ ਦੀ ਪੂਰਤੀ ਲਈ ਉਹਨਾਂ ਦੇ ਪਹਿਰਾਵੇ ਨਾਲ ਸਮਝਾਉਤਾ ਕਰਦਿਆਂ ਉਹਨਾਂ ਦੇ ਘਰਾਂ ਵਿੱਚ ਬੈਠ ਕੇ ਉਹਨਾਂ ਦੇ ਹੱਥਾਂ ਦਾ ਬਣਿਆ ਹੋਇਆ ਖਾਣਾ ਖਾ ਕੇ ਲੋਕਾਂ ਨੂੰ ਕਹੀ ਜਾਂਦੈਂ ਭਈ ਇਹ ਬਹੁਤ ਮਲੇਸ਼ ਜੇ, ਇਹਨਾਂ ਨਾਲ ਕੋਈ ਮੇਲ ਜੋਲ ਨਾ ਰੱਖਿਆ ਜੇ। ਸਦਕੇ ਜਾਈਏ ਤੇਰੀ ਦਿਆਨਤਦਾਰੀ ਦੇ। ਫਿਰ ਤੂੰ ਇਹ ਵੀ ਕਹੀ ਜਾਂਦੈਂ ਕਿ ਮਾਸ ਖਾਣ ਵਾਲਾ ਭਿਆਨਕ ਨਰਕਾਂ ਦਾ ਭਾਗੀ ਬਣੇਗਾ ਪਰ ਓੱਥੇ ਬੈਠ ਕੇ ਹੀ ਮਾਸ ਖਾਈ ਜਾ ਰਿਹਾ ਏਂ ਤੇ ਉਹਨਾਂ ਪਾਸੋਂ ਦਾਨ ਵੀ ਲਈ ਜਾ ਰਿਹਾ ਏਂ। ਤੇਰਾ ਕੈਸਾ ਇਨਸਾਫ਼ ਹੈ? ਜੇ ਵਾਕਿਆ ਹੀ ਉਹ ਨਰਕਾਂ ਨੂੰ ਜਾ ਰਹੇ ਹਨ ਤਾਂ ਤੂੰ ਉਹਨਾਂ ਪਾਸੋਂ ਦਾਨ ਕਿਉਂ ਲੈ ਰਿਹਾ ਏਂ? ਕੈਸੀ ਅਜੀਬ ਕਹਾਣੀ ਹੈ ਦਾਨ ਦੇਣ ਵਾਲਾ ਨਰਕ ਵਿੱਚ ਜਾਂਦਾ ਹੈ ਤੇ ਦਾਨ ਲੈਣ ਵਾਲਾ ਸਵਰਗਾਂ ਵਿੱਚ ਜਾਂਦਾ ਹੈ—
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥
ਪੰਨਾ ੧੨੯੦
ਐ ਧਰਮੀ ਪੁਜਾਰੀ ਤੇਰੇ ਵਰਗਾ ਨੀਚ ਮਨੁੱਖ ਸ਼ਾਇਦ ਹੀ ਕੋਈ ਦੁਨੀਆਂ ਵਿੱਚ ਹੋਵੇ। ਦੂਜਿਆਂ ਨੂੰ ਮਲੇਸ਼ ਦੱਸਣ ਵਾਲਾ ਸ਼ੱਖ਼ਸ਼ ਉਹਨਾਂ ਪਾਸੋਂ ਧੰਨ ਦੌਲਤ ਪ੍ਰਾਪਤ ਕਰਕੇ ਆਪਣੇ ਘਰ ਆ ਕੇ ਕਹੀ ਜਾਂਦੈਂ ਕਿ ਮੇਰੇ ਚੌਂਕੇ `ਤੇ ਕੋਈ ਨੀਵੀਂ ਜਾਤ ਵਾਲਾ ਇਨਸਾਨ ਨਹੀਂ ਚੜ੍ਹ ਸਕਦਾ ਕਿਉਂਕਿ ਇਹਨਾਂ ਦੇ ਪ੍ਰਛਾਵੇਂ ਨਾਲ ਮੇਰਾ ਚੌਂਕਾ ਭਿੱਟਿਆ ਜਾਏਗਾ ਤੇ ਸਾਡੀ ਰੋਟੀ ਵੀ ਭਿੱਟੀ ਜਾਏਗੀ। ਹੈਕਨਾ ਤੇਰੀ ਅੰਦਰਲੀ ਕਾਲ਼ੀ ਕਰਤੂਤ ਦੇ ਕਾਲ਼ੇ ਕਾਰਨਾਮੇ। ਆਪ ਸਾਰੀਆਂ ਕਮੀਨਗੀਆਂ ਕਰੀ ਜਾ ਰਿਹਾ ਏਂ। ਇਸ ਲਈ ਤੇਰਾ ਮਨ ਤੇ ਤਨ ਅੰਦਰੋਂ ਬਾਹਰੋਂ ਜੂਠਾ ਹੋਇਆ ਪਿਆ ਏ ਪਰ ਮੂੰਹ ਨਾਲ ਚੁਲ਼ੀਆਂ ਭਰ ਕੇ ਸੁੱਚਾ ਹੋਣ ਦਾ ਦਾਅਵਾ ਕਰ ਰਿਹਾ ਏਂ। ਇੱਕ ਗੱਲ ਨੂੰ ਯਾਦ ਰੱਖੀ! ਕਰਤਾਰੀ ਗੁਣਾਂ ਦੀ ਵਰਤੋਂ ਕਰਨ ਦੇ ਨਾਲ ਹੀ ਮਨ ਵਿੱਚ ਪਵਿੱਤ੍ਰਤਾ ਆ ਸਕਦੀ ਹੈ। ਆਪਣੀ ਆਤਮਾ ਨੂੰ ਗ਼ੁਲਾਮ ਨਾ ਬਣਾ।
ਅਜੋਕੇ ਸਮੇਂ ਅੰਦਰ ਸਿੱਖ ਧਰਮ ਵਿੱਚ ਵੀ ਬ੍ਰਾਹਮਣੀ ਸੋਚ ਨੇ ਚੰਗੀ ਤਰ੍ਹਾਂ ਪੈਰ ਪਸਾਰ ਲਏ ਹਨ। ਅੱਜ ਬ੍ਰਾਹਮਣੀ ਵਿਚਾਰਧਾਰਾ ਦੀ ਅਮਰਵੇਲ ਨੇ ਨਾਨਕਈ ਫਲਸਫ਼ੇ ਨੂੰ ਪੂਰੀ ਤਰ੍ਹਾਂ ਜੱਕੜ ਲਿਆ ਹੋਇਆ ਹੈ। ਥਾਂ ਥਾ ਪੁਜਾਰੀ, ਸਾਧਲਾਣਾ, ਡੇਰਾਵਾਦੀ ਤੇ ਆਪਣੇ ਆਪ ਨੂੰ ਆਪੇ ਹੀ ਸਿਰਮੋਰ ਕਹਿਣ ਵਾਲੇ ਸਾਡੇ ਜੱਥੇਦਾਰਾਂ ਨੇ ਬ੍ਰਾਹਮਣੀ ਕਰਮ-ਕਾਂਡ ਦਾ ਗ਼ਲੇਫ ਚੰਗੀ ਤਰ੍ਹਾਂ ਸਿੱਖ ਕੌਮ `ਤੇ ਚਾੜ ਦਿੱਤਾ ਹੈ।
ਇਕ ਸਮਾਂ ਸੀ ਜਦੋਂ ਜੱਥੇਦਾਰ, ਸਿੰਘ ਸਾਬ੍ਹ ਥਾਂ-ਪੁਰ-ਥਾਂ ਜਾ ਕੇ ਗੁਰਬਾਣੀ ਫਲਸਫ਼ੇ ਦੀ ਵਿਆਖਿਆ ਕਰਦੇ ਸੀ। ਅੱਜ ਸੁਰੱਖਿਆ ਕਰਮੀਆਂ ਨਾਲ ਘੁੰਮਣਾ ਪੈ ਰਹੇ ਜੱਥੇਦਾਰਾਂ ਤੇ ਸਾਧਾਂ ਨੂੰ ਸਿੱਖ ਫਲਸਫ਼ਾ ਰੋਲ਼ਦਿਆਂ ਦੇਖਿਆ ਜਾ ਸਕਦਾ ਹੈ। ਓਦੋਂ ਕਿਹਾ ਜਾਂਦਾ ਸੀ ਕਿ ਸਾਡੇ ਚੌਂਕੇ `ਤੇ ਕੋਈ ਨਾ ਆਏ ਪਰ ਅੱਜ ਕਿਹਾ ਜਾ ਰਿਹਾ ਹੈ ਇਹ ਸਾਡੀ ਜੱਥੇਬੰਦੀ ਦਾ ਆਦਮੀ ਨਹੀਂ ਹੈ ਇਸ ਲਈ ਏਦ੍ਹੇ ਨੇੜੇ ਬੈਠਣ ਨਾਲ ਸਾਡੀ ਸੁੱਚਮਤਾ ਖਤਮ ਹੁੰਦੀ ਹੈ। ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾ ਰਹੇ ਡੇਰਿਆਂ ਉੱਤੇ ਆਪਣੀ ਹਾਜ਼ਰੀ ਲਗਾਉਣੀ ਇਹ ਕਦੇ ਵੀ ਨਹੀਂ ਭੁੱਲਦੇ। ਪੰਜਾਬ ਵਿੱਚ ਜਿੱਥੇ ਮੁਰਦੇ ਸਾੜੇ ਜਾਂਦੇ ਹਨ ਉਹਨਾਂ ਨੂੰ ਮੜੀਆਂ ਜਾਂ ਸ਼ਮਸ਼ਾਨ ਘਾਟ ਕਿਹਾ ਜਾਂਦਾ ਹੈ ਪਰ ਜਿੱਥੇ ਸਾਧ ਫੂਕਿਆ ਜਾਂਦਾ ਹੈ ਉਸ ਥਾਂ ਨੂੰ ਇਹ ਅਗੰਠਾ ਸਾਹਿਬ ਕਹੀ ਜਾਂਦੇ ਹਨ। ਸਾਡੇ ਧਾਰਮਕ ਆਗੂ ਆਪਣੀ ਹਾਜ਼ਰੀ ਲਗਾਉਣੀ ਕਦੇ ਵੀ ਨਹੀਂ ਭੁੱਲਦੇ, ਕਿਉਂਕਿ ਰਾਜਨੀਤਿਕ ਆਗੂਆਂ ਨੇ ਇਹਨਾਂ ਡੇਰਿਆਂ ਤੋਂ ਵੋਟਾ ਲੈਣੀਆਂ ਹੁੰਦੀਆਂ ਹਨ। ਸਿੱਖ ਸਿਧਾਂਤ ਦੇ ਵਿਰੁੱਧ ਕੋਈ ਸੰਪਟ ਪਾਠ ਕਰਾ ਰਿਹਾ ਹੈ ਤਾਂ ਜੱਥੇਦਾਰ ਪਹੁੰਚ ਕੇ ਆਪਣੇ ਪ੍ਰਵਚਨਾ ਰਾਂਹੀ ਸਿੱਖ ਕੌਮ ਦੀ ਸਭ ਤੋਂ ਵੱਡੀ ਸੇਵਾ ਦਾ ਖ਼ਿਤਾਬ ਦੇ ਆਉਂਦੇ ਹਨ।
ਬਹੁਤ ਘੱਟ ਗੁਰਦੁਆਰੇ ਹਨ ਜਿੱਥੇ ਗੁਰ-ਸਿਧਾਂਤ ਦੀ ਵਿਚਾਰ ਹੁੰਦੀ ਹੈ ਨਹੀਂ ਤਾਂ ਕਿਸੇ ਗੁਰਦੁਆਰੇ ਚਲੇ ਜਾਓ ਹਰ ਥਾਂ `ਤੇ ਸ਼ਰੇਆਮ ਬ੍ਰਹਾਮਣੀ ਕਰਮ-ਕਾਂਡ ਦੀ ਕਥਾ ਵਿਚਾਰ ਹੋ ਰਹੀ ਦਿਸਦੀ ਹੈ।
ਅੱਜ ਧਰਮੀ ਪੁਜਾਰੀ ਆਤਮਕ ਤੌਰ ਤੇ ਪੂਰੀ ਤਰ੍ਹਾਂ ਗ਼ੁਲਾਮ ਹੋ ਚੁੱਕਿਆ ਹੈ। ਬਹੁਤੀ ਥਾਵਾਂ `ਤੇ ਰਾਜਨੀਤਿਕ ਲੋਕ ਪੁਜਾਰੀਆਂ ਨੂੰ ਆਪਣੇ ਅਨੁਸਾਰ ਚਲਾ ਰਿਹਾ ਹੈ ਜਾਂ ਧਨਾਢ ਲੋਕ ਧਰਮੀ ਪੁਜਾਰੀਆਂ ਪਾਸੋਂ ਆਪਣੀਆਂ ਸਿਫਤਾਂ ਦੇ ਪੁੱਲ਼ ਬਨਾ ਰਹੇ ਹਨ। ਜਦੋਂ ਧਰਮੀ ਪੁਜਾਰੀ ਇਹਨਾਂ ਤੋਂ ਆਕੀ ਹੁੰਦਾ ਹੈ ਓਦੋਂ ਕੋਈ ਨਵਾਂ ਹੋਰ ਪੁਜਾਰੀ ਲਿਆ ਖੜਾ ਕਰ ਦਿੱਤਾ ਜਾਂਦਾ ਹੈ ਤੇ ਪਹਿਲੇ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।
ਰਾਤ ਨੂੰ ਧਰਮੀ ਆਗੂ ਦਾ ਇਲਾਹੀ ਫਰਮਾਣ ਹੁੰਦਾ ਹੈ ਕਿ ਸਵੇਰੇ ਸੌਦਾ ਸਾਧ ਦੇ ਵਿਰੋਧ ਵਿੱਚ ਚੰਡੀਗੜ੍ਹ ਜਾਣਾ ਹੈ। ਸਵੇਰੇ ਸੁੱਤੇ ਉੱਠਦਿਆਂ ਹੀ ਰਾਜਨੀਤਿਕ ਆਗੂ ਦਾ ਫੂਨ ਆ ਜਾਂਦਾ ਹੈ ਕਿ ਖ਼ਬਰਦਾਰ ਜੇ ਚੰਡੀਗੜ੍ਹ ਆਉਣ ਦਾ ਸੁਪਨਾ ਲਿਆ। ਧਾਰਮਕ ਆਗੂ ਜੀ ਹਜ਼ੂਰੀ ਕਰਦਿਆਂ ਕਹਿੰਦਾ ਹੈ ਕਿ ਮੇਰੇ ਮਾਲਕ! ਮੇਰੀ ਕੀ ਹਸਤੀ ਹੈ ਕਿ ਚੰਡੀਗੜ੍ਹ ਆਵਾਂ। ਲੋਕਾਂ ਨੂੰ ਸਾਂਤ ਕਰਾਉਣ ਲਈ ਧਰਮੀ ਆਗੂ ਆਪਣੇ ਮੁਖਾਰਬਿੰਦ ਤੋਂ ਆਪਣੇ ਪ੍ਰਵਚਨਾਂ ਰਾਂਹੀ ਕਹਿੰਦਾ ਹੈ ਕਿ ਭਾਈ ਸਰਕਾਰ ਸਾਡੇ ਅੱਗੇ ਝੁੱਕ ਗਈ ਹੈ ਸਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਉਹਨਾਂ ਦੇ ਅਫਸਰ ਹੀ ਸਾਡੇ ਪਾਸ ਆ ਰਹੇ ਹਨ। ਭੋਲ਼ੇ ਲੋਕ ਆਪਣੀ ਜਿੱਤ ਸਮਝ ਕੇ ਜੈਕਾਰੇ ਲਗਾਉਂਦੇ ਘਰਾਂ ਨੂੰ ਚਾਲੇ ਪਾ ਦੇਂਦੇ ਹਨ।
ਹੇ ਰਾਜਨੀਤੀ ਤੇਰੇ ਰੰਗ ਨਿਆਰੇ, ਧਰਮੀ ਆਗੂ ਨੱਚਣ ਸਾਰੇ।




.