.

ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦ
ਅਤੇ ਗੁਰਮਤਿ ਸੇਧਾਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਇਸ ਗੁਰਮਤਿ ਪਾਠ `ਚ, ਬਾਬਰ ਦੇ ਹਮਲੇ ਨਾਲ ਸਬੰਧਤ ਕੁੱਝ ਵਿਸ਼ੇ ਤੇ ਗੁਰਮਤਿ ਸੇਧਾਂ:
(੧) ਸਮਾਜ ਦੇ ਮੁੱਖ ਤਿੰਨ ਵਰਗ ਕਿਹੜੇ ਕਿਹੜੇ ਹਨ? (੨) “ਖਸਮੈ ਸਾ ਪੁਰਸਾਈ” (੩) “ਜਮੁ ਕਰਿ ਮੁਗਲੁ ਚੜਾਇਆ” ? (੪) “ਖੁਰਾਸਾਨ ਖਸਮਾਨਾ ਕੀਆ. .” (੫) “ਜੇ ਸਕਤਾ ਸਕਤੇ ਕਉ ਮਾਰੇ” (੬) “ਅਗੋ ਦੇ ਜੇ ਚੇਤੀਐ” (੭) “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” (੮) “ਅੰਮ੍ਰਿਤਸਰੁ ਸਿਫਤੀ ਦਾ ਘਰੁ” ? (੯) ਬਾਬਰਵਾਣੀ ਨਹੀਂ, ਬਾਬਰ ਦੇ ਹਮਲੇ ਸਬੰਧੀ (੧੦) ਇਤਿਹਾਸ ਨਹੀਂ, ਇਤਿਹਾਸਕ ਹਵਾਲਾ (੧੧) “ਆਵਨਿ ਅਠਤਰੈ ਜਾਨਿ ਸਤਾਨਵੈ. .” (੧੨) “ਏਤੀ ਮਾਰ ਪਈ ਕਰਲਾਣੇ. .” (੧੩) ਪਾਪ ਕੀ ਜੰਞ ਲੈ ਕਾਬਲਹੁ ਧਾਇਆ….
++++++++++++++++
ਸੰਮਤ ੧੫੭੮ (ਸੰਨ ੧੫੨੧) `ਚ ਬਾਬਰ ਨੇ ਭਾਰਤ ਤੇ ਤੀਜਾ ਤੇ ਆਖ਼ਿਰੀ ਹਮਲਾ ਕੀਤਾ। ਇਹ ਹਮਲਾ ਬਹੁਤ ਭਿਅੰਕਰ ਹਮਲਾ ਸੀ। ਇਸ ਹਮਲੇ `ਚ ਜਾਨ-ਮਾਲ ਦੀ ਭਾਰੀ ਤੱਬਾਹੀ ਹੋਈ। ਹਮਲੇ ਉਪ੍ਰੰਤ ਭਾਰਤ `ਚ ਅਫ਼ਗ਼ਾਨੀਆਂ ਦੇ ਰਾਜ ਦਾ ਅੰਤ ਹੋ ਗਿਆ ਤੇ ਮੁਗ਼ਲ ਰਾਜ ਸਥਾਪਤ ਹੋਇਆ। ਇਸ ਤਰ੍ਹਾਂ ਬਾਬਰ, ਇਸ ਮੁਗ਼ਲ ਰਾਜ ਦਾ ਪਹਿਲਾ ਬਾਦਸ਼ਾਹ ਸੀ। ਹਮਲੇ ਨਾਲ ਸਬੰਧਤ ਗੁਰਬਾਣੀ `ਚ ਚਾਰ ਸ਼ਬਦ ਆਏ ਹਨ ਜੋ ਨੰਬਰਵਾਰ ਇਸ ਤਰ੍ਹਾਂ ਹਨ:
੧. “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: ੭੨੨)
੨. “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ. .” (ਪੰ: ੩੬੦)
੩. “ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ … “(ਪੰ: ੪੧੭)
੪. “ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ….” (ਪੰ: ੪੧੭)।

ਸਮਾਜ ਦੇ ਮੁੱਖ ਤਿੰਨ ਵਰਗ? - ਗੁਰਬਾਣੀ ਜੀਵਨ-ਜਾਚ ਦਾ ਖਜ਼ਾਨਾ ਹੈ ਤੇ ਗੁਰਦੇਵ ਇਹਨਾ ਸ਼ਬਦਾਂ ਰਾਹੀਂ ਜ਼ਿੰਦਗੀ ਦੇ ਕਿਸੇ ਅਮੁਲੇ ਤੇ ਜੁਗੋ ਜੁਗ ਅਟੱਲ ਸਿਧਾਂਤ ਨੂੰ ਹੀ ਪ੍ਰਗਟ ਕੀਤਾ ਹੁੰਦਾ ਹੈ। ਇਹਨਾ ਸ਼ਬਦਾਂ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਮਨੁੱਖ ਸਮਾਜ `ਚ ਮੁੱਖ ਤਿੰਨ ਵਰਗ ਹੁੰਦੇ ਹਨ- (੧) ਰਾਜਸੀ ਵਰਗ (੨) ਧਾਰਮਕ ਆਗੂ (੩) ਪਰਜਾ। ਇਸ ਤਰ੍ਹਾਂ ਜਦੋਂ ਜਦੋਂ ਇਹ ਤਿੰਨੇ ਵਰਗ, ਆਪਣੇ ਮਨੁੱਖੀ ਫ਼ਰਜ਼ਾਂ ਨੂੰ ਭੁਲਾਅ ਕੇ ਸੱਚ ਦੇ ਜੀਵਨ ਤੋਂ ਕੁਰਾਹੇ ਪੈ ਜਾਂਦੇ ਹਨ। ਕਰਤੇ ਨੂੰ ਵਿਸਾਰ ਕੇ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ, ਆਪਹੁਦਰੀਆਂ `ਚ ਡੁੱਬ ਜਾਂਦੇ ਹਨ। ਬਲਕਿ ਇਹਨਾ `ਚੋਂ ਹੀ ਕੁੱਝ ਲੋਕ ਤਾਂ ਗੁਣਾਹਾਂ-ਜੁਰਮਾਂ ਦੀ ਹੱਦ ਤੱਕ ਵੀ ਚਲੇ ਜਾਂਦੇ ਹਨ। ਤਾਂ ਕਰਤਾ ਕੋਈ ਨਾ ਕੋਈ ਖੇਡ ਵਰਤਾਅ ਦਿੰਦਾ ਹੈ ਜਿਸ ਤੋਂ ਇਹਨਾ ਤਿੰਨਾ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਜਾਂਦੀ ਹੈ।
“ਖਸਮੈ ਸਾ ਪੁਰਸਾਈ” - ਅਜਿਹੇ ਹਾਲਾਤ `ਚ ਜਦੋ ਉਪ੍ਰੋਕਤ ਤਿੰਨੇ ਵਰਗ ਕੁਰਾਹੇ ਪੈ ਜਾਂਦੇ ਹਨ ਤਾਂ ਇਹਨਾ ਤਿੰਨਾਂ ਵਰਗਾਂ `ਚ ਫੈਲੇ ਹੋਏ ਦੋ ਤਰ੍ਹਾਂ ਦੇ ਲੋਕ ਹੋਰ ਵੀ ਹੁੰਦੇ ਹਨ। (੧) ਪ੍ਰਭੂ ਪਿਆਰੇ ਜੋ ਮਨੁੱਖਾ ਜਨਮ ਦੀ ਅਮੁਲਤਾ ਨੂੰ ਪਹਿਚਾਣਦੇ ਹਨ। (੨) ਸਮਾਜ ਪੱਖੋਂ ਮਜ਼ਲੂਮ, ਪਛੜੇ ਤੇ ਦਲਿਤ ਲੋਕ।। ਇਸ ਨੂੰ ਸਮੂਚੇ ਤੌਰ `ਤੇ ਚੌਥਾ ਵਰਗ ਵੀ ਕਿਹਾ ਜਾ ਸਕਦਾ ਹੈ। ਅਜਿਹੇ ਵਿਗੜੇ ਹਾਲਾਤ `ਚ ਇਸ ਚੌਥੇ ਵਰਗ ਦਾ ਜੀਵਨ ਦੂਭਰ ਹੋ ਜਾਂਦਾ ਹੈ। ਇਸ `ਤੇ, ਫ਼ੁਰਮਾਣ ਹੈ “ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ” (ਪੰ: 360) ਭਾਵ ਜਦੋਂ ਗਊਆਂ ਦੇ ਇੱਜੜ `ਤੇ ਸ਼ੇਰ ਹਮਲਾ ਕਰ ਦੇਵੇ ਤਾਂ ਗਊਆਂ ਦੇ ਮਾਲਿਕ ਦਾ ਫ਼ਰਜ਼ ਹੁੰਦਾ ਹੈ ਕਿ ਗਊਆਂ ਦੀ ਰਾਖੀ ਕਰੇ। ਇਸੇ ਤਰ੍ਹਾਂ ਅਜਿਹੇ ਵਿਗੜੇ ਸਮਾਜਕ ਹਾਲਾਤ `ਚ ਅਕਾਲਪੁਰਖ ਵੀ ਕੋਈ ਨਾ ਕੋਈ ਖੇਡ ਵਰਤਾ ਦਿੰਦਾ ਹੈ। ਅਜਿਹੀ ਖੇਡ ਜਿਸ ਤੋਂ ਤਿੰਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ ਤੇ ਚੌਥੇ ਵਰਗ ਦੀ ਰਾਖੀ ਹੋ ਜਾਂਦੀ ਹੈ। ਪ੍ਰਭੂ ਦੇ ਇਸੇ ਜੁਗੋ ਜੁਗ ਅਟੱਲ ਸਿਧਾਂਤ ਨੂੰ ਹੀ ਗੁਰਦੇਵ ਨੇ ਇਥੇ ਬਾਬਰ ਦੇ ਹਮਲੇ ਰਾਹੀਂ ਪ੍ਰਗਟ ਕੀਤਾ ਹੈ। ਇਸ ਲਈ ਲੋੜ ਹੈ ਬਾਬਰ ਦੇ ਹਮਲੇ ਨਾਲ ਸਬੰਧਤ ਇਹਨਾ ਸ਼ਬਦਾਂ ਚੋਂ ਇਸ ਇਲਾਹੀ ਸਿਧਾਂਤ ਨੂੰ ਪਹਿਚਾਨਣ ਦੀ।
“ਜਮੁ ਕਰਿ ਮੁਗਲੁ ਚੜਾਇਆ” ? - ਇਥੇ “ਜਮੁ ਕਰਿ ਮੁਗਲੁ ਚੜਾਇਆ” ਵਾਲੀ ਸ਼ਬਦਾਵਲੀ `ਚ ਵੀ ਗੁਰਦੇਵ ਬਾਬਰ ਦੀ ਤਾਰੀਫ਼ ਜਾਂ ਬਦਖੌਈ ਨਹੀਂ ਕਰ ਰਹੇ ਬਲਕਿ ਤੱਬਾਹੀ ਪਿਛੇ ਵਰਤ ਰਹੀ ਕਰਤੇ ਦੀ ਖੇਡ ਨੂੰ ਉਜਾਗਰ ਕਰ ਰਹੇ ਹਨ। ਦਰਅਸਲ ਇਸ ਪੰਕਤੀ ਨੂੰ ਲੈ ਕੇ ਸਾਡੇ ਬਹੁਤੇ ਵਿਦਵਾਨਾਂ, ਲਿਖਾਰੀਆਂ ਤੇ ਨਾਮਵਰ ਗੁੱਡੀ ਚੜ੍ਹੇ ਕਥਾਵਾਚਕਾਂ ਤੱਕ ਨੇ ਵੀ ਵੱਡਾ ਟੱਪਲਾ ਖਾਧਾ ਹੈ। ਇਥੋਂ ਤੱਕ ਕਿਹਾ ਹੈ ਕਿ ਬਾਬਰ ਤਾਂ ਹੈ ਹੀ ਜੰਮ ਸੀ। ਉਸ ਦੀ ਸਾਰੀ ਫੌਜ ਹੀ ਦੁਸ਼ਟਾਂ ਦੀ ਬਰਾਤ ਸੀ ਤੇ ਹੋਰ ਬਹੁਤ ਕੁਝ।
ਦਰਅਸਲ ਇਹਨਾ ਸ਼ਬਦਾਂ ਰਾਹੀਂ ਗੁਰਦੇਵ ਦੱਸ ਰਹੇ ਹਨ ਕਿ ਮਨੁੱਖ ਸਮਾਜ ਦੇ ਅਸਲ `ਚ ਤਿੰਨ ਵਰਗ ਹਨ (੧) ਰਾਜਸੀ ਆਗੂ (੨) ਧਾਰਮਕ ਆਗੂ (੩) ਪਰਜਾ। ਇਸ ਤਰ੍ਹਾਂ ਜਦੋਂ ਸਮਾਜ ਦੇ ਉਪ੍ਰੋਕਤ ਤਿੰਨੇ ਵਰਗ ਕੁਰਾਹੇ ਪੈ ਜਾਂਦੇ ਹਨ ਤਾਂ –ਕਰਤਾਰ ਇੱਕ ਤਾਂ ਇਹਨਾ ਤਿੰਨਾ ਵਰਗਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਿੰਦਾ ਹੈ ਅਤੇ ਇਸ ਦੇ ਨਾਲ ਨਾਲ ਹੀ ਉਹਨਾਂ ਪ੍ਰਭੂ ਪਿਆਰਿਆਂ ਤੇ ਮਜ਼ਲੂਮਾਂ (ਚੌਥੇ ਵਰਗ) ਦੀ ਵੀ ਰਾਖੀ ਕਰਦਾ ਹੈ ਜਿਨ੍ਹਾਂ ਦਾ ਜੀਵਨ ਇਹਨਾ ਤਿੰਨਾਂ ਦੇ ਕੁਰਾਹੇ ਪੈਣ ਕਾਰਨ ਦੂਭਰ ਹੋ ਚੁੱਕਾ ਹੁੰਦਾ ਹੈ। ਇਹਨਾ ਸ਼ਬਦਾਂ ਰਾਹੀਂ ਵੀ ਉਸ ਸਮੇਂ ਪੈਦਾ ਹੋ ਚੁੱਕੇ ਅਜਿਹੇ ਹਾਲਾਤ `ਚ ਅਕਾਲਪੁਰਖ ਵਲੋਂ ਵਰਤੀ ਗਈ ਬਾਬਰ ਦੇ ਹਮਲੇ ਵਾਲੀ ਖੇਡ ਦਾ ਹੀ ਜ਼ਿਕਰ ਹੈ।
“ਖੁਰਾਸਾਨ ਖਸਮਾਨਾ ਕੀਆ. .”- ਦਰਅਸਲ ਜਿਵੇਂ ਕਿ ਦੇਖ ਚੁੱਕੇ ਹਾਂ “ਖੁਰਾਸਾਨ ਖਸਮਾਨਾ ਕੀਆ. .” (ਪੰ: ੩੬੦) ਸ਼ਬਦ ਅੰਦਰ ਇਹ ਪੂਰੀ ਪੰਕਤੀ ਹੈ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ” ਇਸ ਤਰ੍ਹਾਂ ਜਿਨ੍ਹਾਂ ਅਰਥ ਭਾਵਾਂ `ਚ “ਜਮੁ ਕਰਿ ਮੁਗਲੁ ਚੜਾਇਆ” ਨੂੰ ਲਿਆ ਜਾ ਰਿਹਾ ਹੈ, ਕੁੱਝ ਵਿਦਵਾਨਾ ਤੇ ਕਥਾਕਾਰਾਂ ਤੇ ਲਿਖਾਰੀਆਂ ਪਾਸੋਂ ਉਹੀ ਗ਼ਲਤੀ ਇਥੇ ਵੀ ਕੀਤੀ ਜਾ ਰਹੀ ਹੈ। ਇਸ ਲਈ ਜਦੋਂ ਸਾਨੂੰ ਇਸ ਬਾਰੇ ਸਪਸ਼ਟ ਹੋ ਚੁੱਕਾ ਹੈ ਕਿ ਜਮੁ “ਕਰਿ ਮੁਗਲੁ ਚੜਾਇਆ” ਦਾ ਅਰਥ ਭਾਵ ਕੀ ਹੈ ਤਾਂ ਇਸ ਦਾ ਵੀ ਅਰਥ ਭਾਵ ਉਹੀ ਹੈ ਫ਼ਰਕ ਹੈ ਤਾਂ ਕੇਵਲ ਸ਼ਬਦਾਵਲੀ ਦਾ। ਇਸ ਲਈ ਇਥੇ ਉਸ ਨੂੰ ਦੌਰਾਉਣ ਦੀ ਲੋੜ ਨਹੀਂ।
“ਜੇ ਸਕਤਾ ਸਕਤੇ ਕਉ ਮਾਰੇ” - ਦਰ ਅਸਲ ਉਸ ਸਮੇਂ ਅਫ਼ਗਾਨ ਹਾਕਮ, ਦੂਜੇ ਨੰਬਰ `ਤੇ ਉਸ ਵੱਕਤ ਦੇ ਧਾਰਮਿਕ ਆਗੂ ਤੇ ਤੀਜੀ ਆਮ ਲੌਕਾਈ। ਇਹਨਾ ਤਿੰਨਾਂ ਹੀ ਧਿਰਾਂ ਚੋਂ ਕਿਸੇ ਇੱਕ ਨੂੰ ਵੀ ਆਪਣੇ ਮਨੁੱਖਾ ਜਨਮ ਦੀ ਕੀਮਤ ਚੇਤੇ ਨਹੀਂ ਸੀ ਰਹਿ ਗਈ। ਕਰਤੇ ਨੂੰ ਵਿਸਾਰ ਕੇ ਸਾਰੇ ਹੀ ਆਪਣੇ ਆਪਣੇ ਢੰਗ ਨਾਲ, ਜੀਵਨ ਦੇ ਪੁੱਠੇ ਰਾਹ ਪਏ ਸਨ। “ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ” (ਪੰ: ੩੬੦) ਅਨੁਸਾਰ ਇਹ, ਰਤਨਾ ਤੋਂ ਮੰਹਿਗਾ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਇਸ ਦੀ ਪਛਾਣ ਨਹੀਂ ਸਨ ਕਰ ਰਹੇ। ਹਰ ਸਮੇਂ “… ਸਾਦ ਕਰੇ ਮਨਿ ਭਾਣੇ” `ਚ ਮਖ਼ਮੂਰ ਤੇ ਮਨਮਾਨੀਆਂ ਕਰ ਰਹੇ ਸਨ। ਉਹਨਾਂ ਨੂੰ ਚੇਤੇ ਰਖਣਾ ਚਾਹੀਦਾ ਸੀ ਕਿ ਪ੍ਰਭੂ ਦੀ ਦਰਗਾਹ `ਚ ਮਨੁੱਖਾ ਜੀਵਨ ਦੀ ਅਜਿਹੀ ਵਿਗਾੜੀ ਜਾ ਚੁੱਕੀ ਅਵਸਥਾ `ਚ, ਉਹਨਾਂ ਦੀ ਹਾਲਤ “ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ” (ਪੰ: ੩੬੦) ਵਾਲੀ ਬਣੀ ਪਈ ਸੀ। ਸੱਚ ਧਰਮ ਤੋਂ ਕੋਹਾਂ ਦੂਰ, ਇਹਨਾ ਦਾ ਪ੍ਰਭੂ ਦਰ `ਤੇ ਕੌਡੀ ਮੁੱਲ ਨਹੀਂ ਸੀ ਰਹਿ ਚੁੱਕਾ। ਪ੍ਰਭੂ ਦੇ ਨਿਆਂ `ਚ, ਉਹਨਾਂ ਦੇ ਜੀਵਨ ਦਾ ਮੁਲ ਇੱਕ ਮਾਮੂਲੀ ਜਿਹੇ ਕੀੜੇ ਤੋਂ ਵੱਧ ਨਹੀਂ ਸੀ ਰਿਹਾ।
ਦੂਜੇ ਪਾਸੇ ਸੀ ਬਾਬਰ ਜੋ ਰਾਜਪਾਟ ਹਥਿਆਉਣ ਲਈ ਵੱਡਾ ਲੁਟੇਰਾ ਤੇ ਤਾਕਤ ਦੇ ਨਸ਼ੇ ਮਖ਼ਮੂਰ, ਖੁਰਾਸਾਨ ਤੋਂ ਹਮਲਾਵਰ ਹੋ ਕੇ ਆ ਰਿਹਾ ਹੈ। ਬਾਬਰ ਵੀ ਸਾਰੀਆਂ ਮਨੁੱਖੀ ਕੱਦਰਾਂ ਕੀਮਤਾਂ ਛਿਕੇ ਟੰਗ ਕੇ ਭੂਤਰਿਆ ਪਿਆ ਸੀ। ਉਹ ਵੀ ‘ਅਲਾ ਤਾਅਲਾ’ ਦੇ ਖੌਫ਼ ਨੂੰ ਭੁਲਾਅ ਕੇ ਜ਼ੁਲਮ ਦਾ ਤੁਫ਼ਾਨ ਬਣਿਆ ਪਿਆ ਸੀ। ਇਸ ਤਰ੍ਹਾਂ ਇਹ ਜੰਗ ਦੋਵੇਂ ਪਾਸੇ ਪ੍ਰਭੁ ਨੂੰ ਭੁੱਲ ਚੁੱਕੇ ਪਰ ਆਪਣੀ-ਆਪਣੀ ਤਾਕਤ ਦੇ ਨਸ਼ੇ `ਚ ਅੰਨੇ ਹੋ ਚੁੱਕੀਆਂ ਦੋ ਧਿਰਾਂ ਵਿਚਕਾਰ ਸੀ।
ਇਸ ਤਰ੍ਹਾਂ ਇਥੇ ਗੁਰਦੇਵ “ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ” (ਪੰ: ੩੬੦) ਵਾਲੇ ਇਲਾਹੀ ਸੱਚ ਨੂੰ ਪ੍ਰਗਟ ਕਰ ਰਹੇ ਹਨ ਕਿ ਜਦੋਂ ਇੱਕ ਤਾਕਤ `ਚ ਅੰਨਾਂ, ਦੂਜੇ ਤਾਕਤ `ਚ ਅੰਨੇ ਨੂੰ ਮਾਰੇ, ਤਾਂ ਉਸ `ਚ ਰੋਸ ਕਿਉਂ? ਗੁਰਦੇਵ ਸਪਸ਼ਟ ਕਰ ਰਹੇ ਹਨ ਕਿ ਅਜਿਹੇ ਹਾਲਾਤ `ਚ ਕਰਤਾਰ ਨੇ ਆਪਣੇ ਪਿਆਰਿਆਂ ਦੀ ਰਾਖੀ ਅਤੇ ਕੁਰਾਹੇ ਪੈ ਚੁੱਕੇ ਤਿੰਨਾਂ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਦੇਣ ਲਈ ਹੀ, ਖੁਰਾਸਾਨ ਤੋਂ ਬਾਬਰ ਨੂੰ ਇਹਨਾ ਦੀ ਮੌਤ ਬਨਾ ਕੇ ਭੇਜ ਦਿੱਤਾ। ਇਹ ਤਾਂ ਕਰਤੇ ਵੱਲੋਂ ਇਸ ਦੇ ਲਈ ਖੇਡ ਮਾਤ੍ਰ ਤੇ ਵੱਕਤੀ ਕਾਰਨ ਹੀ ਘੜਿਆ ਗਿਆ ਸੀ। ਇਸ ਲਈ “ਤਾ ਮਨਿ ਰੋਸੁ ਨ ਹੋਈ” ਭਾਵ ਇਸ ਤਬਾਹੀ ਲਈ ਦੁਖ ਕਿਸ ਗੱਲ ਦਾ ਤੇ ਉਲ੍ਹਾਮਾ ਕਿਸ ਨੂੰ? ਕਿਉਂਕਿ ਇਹ ਸਭ ਤਾਂ ਪ੍ਰਭੂ ਦੇ ਸੱਚ ਨਿਆਂ `ਚ ਹੀ ਹੋ ਰਿਹਾ ਸੀ, ਉਸ ਤੋਂ ਬਾਹਿਰ ਕੁੱਝ ਨਹੀਂ ਸੀ।
ਦਰ ਅਸਲ ਭਾਰਤ `ਚ ਲੰਮੇ ਸਮੇਂ ਤੋਂ ਵਿਸ਼ਵਾਸ ਦਿੱਤਾ ਗਿਆ ਹੈ ਕਿ “ਜਦੋਂ ਜਦੋਂ ਪਾਪ ਵੱਧਦਾ ਹੈ ਪ੍ਰਮਾਤਮਾ ਜਨਮ ਲੈ ਕੇ ਸੰਸਾਰ `ਚ ਆਉਂਦਾ ਹੈ” ਸ੍ਰੀ ਕਿਸ਼ਨ ਤੇ ਸ੍ਰੀ ਰਾਮ ਦੀਆਂ ਕਥਾਵਾਂ ਇਸੇ ਵਿਸ਼ਵਾਸ ਦੀ ਪ੍ਰੌੜਤਾ `ਚ ਹਨ। ਜਦਕਿ ਗੁਰਮਤਿ ਦਾ ਰੱਬ ਤਾਂ ਹੈ ਹੀ ਜ਼ਰੇ-ਜ਼ਰੇ `ਚ ਵਿਆਪਕ, ਰੂਪ ਰੰਗ ਤੋਂ ਨਿਆਰਾ ਤੇ ਅਜੂਨੀ। ਗੁਰਬਾਣੀ ਅਨੁਸਾਰ ਅਕਾਲਪੁਰਖ ਕੇਵਲ ਕੋਈ ਨਾ ਕੋਈ ਖੇਡ ਹੀ ਵਰਤਾਉਂਦਾ ਹੈ ਜਿਸ ਤੋਂ ਕਿਸੇ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਜਾਂਦੀ ਹੈ। ਪ੍ਰਮਾਤਮਾ ਕਦੇ ਵੀ ਜਨਮ ਧਾਰ ਧਾਰ ਕੇ, ਉਸ ਤਰ੍ਹਾਂ ਭਾਵ ਪੁਰਾਤਨ ਵਿਸ਼ਵਾਸਾਂ ਅਨੁਸਾਰ ਅਵਤਾਰ ਧਾਰ ਕੇ ਧਰਤੀ `ਤੇ ਨਹਂੀਂ ਆਉਂਦਾ।

“ਅਗੋ ਦੇ ਜੇ ਚੇਤੀਐ” - ਗੁਰਬਾਣੀ ਜੀਵਨ-ਜਾਚ ਦਾ ਖਜ਼ਾਨਾ ਹੈ, ਤਾਂ ਤੇ ਲੋੜ ਹੈ ਕਿ ਪਾਤਸ਼ਾਹ ਰਾਹੀਂ ਇਥੇ ਦਿੱਤੀ ਚੇਤਾਵਣੀ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: 417) ਨੂੰ ਵੀ ਸਮਝਣ ਦੀ। ਗੁਰਦੇਵ ਚੇਤਾਵਣੀ ਦੇ ਰਹੇ ਹਨ। ਮਨੁੱਖ ਚਾਹੇ ਸਮਾਜ ਦੇ ਰਾਜਸੀ, ਧਾਰਮਿਕ ਜਾਂ ਸਾਧਾਰਣ ਪ੍ਰਜਾ; ਭਾਵ ਤਿੰਨਾਂ `ਚੋਂ ਕਿਸੇ ਵੀ ਵਰਗ `ਚ ਵਿਚਰ ਰਿਹਾ ਹੋਵੇ। ਜੇ ਹਰੇਕ ਇਨਸਾਨ ਮਨੁੱਖਾ ਜਨਮ ਦੀਆਂ ਕੱਦਰਾਂ-ਕੀਮਤਾਂ ਨੂੰ ਪਹਿਚਾਣ ਕੇ ਤੇ ਗੁਰੂ-ਗੁਰਬਾਣੀ ਤੋਂ ਸੇਧ ਲੈ ਕੇ ਜੀਵਨ `ਚ ਵਿਚਰੇ ਤਾਂ ਅਜਿਹੀਆਂ ਤੱਬਾਹੀਆਂ ਤੋਂ ਸਦਾ ਲਈ ਬੱਚਿਆ ਜਾ ਸਕਦਾ ਹੈ। ਉਹ ਤਬਾਹੀਆਂ ਜਿਹੜੀਆਂ ਕਿ ਬਾਬਰ ਦੇ ਹਮਲੇ ਨਾਲ ਹੋਈਆਂ ਤੇ ਜਿਨ੍ਹਾਂ ਦਾ ਵੇਰਵਾ ਇਹਨਾ ਸ਼ਬਦਾਂ `ਚ ਹੈ।
“ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” - ਸਬੰਧਤ ਸ਼ਬਦਾਂ ਦੇ ਅਰਥਾਂ ਨੂੰ ਸਮਝਿਆਂ ਹੀ ਸਮਝ ਆ ਸਕਦੀ ਹੈ ਕਿ ਇਸ ਹਮਲੇ ਨਾਲ ਜੋ ਜਾਨ-ਮਾਲ ਦੀ ਬੇਸ਼ੁਮਾਰ ਤੱਬਾਹੀ ਹੋਈ ਉਹ ਸਚਮੁਚ ਹੀ ਲੂੰ-ਕੰਡੇ ਖੜੇ ਕਰ ਦੇਣ ਵਾਲੀ ਸੀ। ਇਸ ਦੇ ਨਾਲ ਨਾਲ ਗੁਰਦੇਵ ਨੇ ਇਹਨਾ ਸ਼ਬਦਾਂ `ਚ, ਇਸ ਗੱਲ ਨੂੰ ਵੀ ਪੱਕਾ ਕੀਤਾ ਹੈ ਕਿ ਇਹ ਤੱਬਾਹੀ ਵੀ ਕਰਤਾਰ ਦੇ ਹੁਕਮ ਤੇ ਉਸ ਦੇ ਨਿਆਂ `ਚ ਹੀ ਹੋਈ ਹੈ ਤੇ ਹੋਣੀ ਹੀ ਸੀ। ਸਬੰਧਤ ਚਾਰ ਸ਼ਬਦਾਂ ਤੋਂ ਇਲਾਵਾ ਗੁਰਦੇਵ ਨੇ ਲਾਹੌਰ-ਸੈਦਪੁਰ ਦੀ ਇਸ ਤੱਬਾਹੀ ਤੇ ਭਿਅੰਕਰਤਾ ਨੂੰ ਆਪਣੇ ਸਲੋਕਾਂ `ਚ ਵੀ ਬਿਆਣਿਆਂ ਹੈ। ਫ਼ੁਰਮਾਉਂਦੇ ਹਨ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ॥” (ਪੰ: ੧੪੧੨) ਭਾਵ ਬਾਬਰ ਦੇ ਹਮਲੇ ਸਮੇਂ ਲਾਹੌਰ ਸ਼ਹਿਰ `ਚ ਲਗਾਤਾਰ ਸਵਾ ਪਹਿਰ ਜੋ ਕਤਲੋਗ਼ਾਰਤ ਤੇ ਤੱਬਾਹੀ ਦਾ ਨੰਗਾ ਨਾਚ ਹੋਇਆ, ਉਹ ਮਨੁੱਖੀ ਸੁਭਾਅ ਦੀ ਕਰੂਪਤਾ ਦੀ ਹੀ ਭਿਅੰਕਰ ਤਸਵੀਰ ਸੀ।
“ਅੰਮ੍ਰਿਤਸਰੁ ਸਿਫਤੀ ਦਾ ਘਰੁ” ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਦਰਸ਼ਨ ਕਰੋ! ਪਹਿਲੇ ਪਾਤਸ਼ਾਹ ਦੇ ਸਲੋਕ ਨੰ: ੨੭ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” ਦੇ ਨਾਲ ਹੀ ਅਗਲਾ ਸਲੋਕ ਨੰ: ੨੮ ਹੈ “ਮਹਲਾ ੩॥ ਲਾਹੌਰ ਸਹਰੁ, ਅੰਮ੍ਰਿਤਸਰੁ ਸਿਫਤੀ ਦਾ ਘਰੁ॥ ੨੮ ॥”। ਸਲੋਕ `ਚ ਤੀਜੇ ਪਾਤਸ਼ਾਹ ਫ਼ੁਰਮਾਅ ਰਹੇ ਹਨ। ਸ਼ੱਕ ਨਹੀਂ ਕਿ ਲਾਹੌਰ (ਐਮਨਾਬਾਦ) `ਚ ਲਗਾਤਾਰ ਸਵਾ ਪਹਿਰ ਤੱਕ ਚੱਲੀ ਕਤਲੋਗ਼ਾਰਤ ਤੇ ਤੱਬਾਹੀ ਭਿਅੰਕਰ ਸੀ। ਇਸ ਦੇ ਬਾਵਜੂਦ, ਜਦੋਂ ਇਸੇ ਲਾਹੌਰ `ਚ ਨਾਮ ਅੰਮ੍ਰਿਤ ਦੀ ਬਰਖਾ ਹੋਣ ਲੱਗ ਪਈ ਤਾਂ ਲਾਹੌਰ “ਜਹਰੁ ਕਹਰੁ” ਨਾ ਰਹਿ ਕੇ ‘ਸਿਫ਼ਤੀ ਦਾ ਘਰੁ’ ਬਣ ਗਿਆ। ਸਮਝਣਾ ਇਹ ਗੁਰਮਤਿ ਦਾ ਇਹ ਸਿਧਾਂਤ ਵੀ ਕੇਵਲ ਲਾਹੌਰ `ਤੇ ਹੀ ਲਾਗੂ ਨਹੀਂ ਹੁੰਦਾ ਬਲਕਿ ਹਰੇਕ ਸਥਾਨ `ਤੇ ਨਗਰੀ `ਤੇ ਇਕੋ ਜਿਹਾ ਲਾਗੂ ਹੁੰਦਾ ਹੈ।
ਗੁਰਮਤਿ ਅਨੁਸਾਰ “ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ” (ਪੰ: ੪੫੦) ਅਨੁਸਾਰ ਸਥਾਨ ਚਾਹੇ ਕੋਈ ਵੀ ਹੋਵੇ, ਆਪਣੇ ਆਪ `ਚ ਚੰਗਾ ਜਾਂ ਮਾੜਾ ਨਹੀਂ ਹੁੰਦਾ। ਚੰਗੀ ਜਾਂ ਮਾੜੀ ਤਾਂ ਉਸ ਸਥਾਨ ਦੀ ਸੁਵਰਤੋਂ ਜਾਂ ਕੁਵਰਤੋਂ ਹੀ ਹੁੰਦੀ ਹੈ।
ਲੋੜ ਇਹ ਹੈ ਕਿ ਪ੍ਰਭੂ ਨੇ ਜਿਸ ਧਰਤੀ `ਤੇ ਰਹਿਣ ਲਈ ਸਾਨੂੰ ਜੀਵਨ ਬਖ਼ਸ਼ਿਆ ਹੈ ਉਸ ਧਰਤੀ ਨੂੰ ਪ੍ਰਭੂ ਰੰਗ `ਚ ਰੰਗ ਕੇ ਸੁਆਰਣ ਦੀ। ਇਸ ਤਰੀਕੇ ਸੰਸਾਰ ਭਰ ਦੀ ਹਰੇਕ ਧਰਤੀ “ਜਹਰੁ ਕਹਰੁ” ਨਾ ਰਹਿ ਕੇ ‘ਸਿਫ਼ਤੀ ਦਾ ਘਰੁ’ ਬਣ ਸਕਦੀ ਹੈ। (ਵਿਦਵਾਨਾ ਅਨੁਸਾਰ ਲਾਹੌਰ ਲਈ ਵਿਸ਼ੇਸ਼ ਕਰ ਇਸ਼ਾਰਾ ਉਥੇ ਚੌਥੇ ਪਾਤਸ਼ਾਹ ਦੇ ਆਗਮਨ ਤੋਂ ਹੈ)
ਦੇਖਣਾ ਇਹ ਵੀ ਹੈ ਕਿ ਅੱਜ ਇਸੇ ਸਲੋਕ ਨੰ: ੨੮ ਦਾ ਕੁੱਝ ਭਾਗ “ਅੰਮ੍ਰਿਤਸਰੁ ਸਿਫਤੀ ਦਾ ਘਰੁ” ਲੈ ਕੇ ਅੰਮ੍ਰਿਤਸਰ ਦੀ ਨਗਰੀ ਲਈ ਵਰਤਿਆ ਜਾ ਰਿਹਾ ਹੈ। ਦਰਅਸਲ ਅਜਿਹਾ ਕਰਣਾ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦਾ। ਉਂਝ ਸਿੱਖ ਧਰਮ ਦਾ ਕੇਂਦ੍ਰੀ ਸਥਾਨ ਹੋਣ ਦੇ ਨਾਤੇ, ਅੰਮ੍ਰਿਤਸਰ ਦੀ ਨਗਰੀ ਦਾ ਜੋ ਮਹੱਤਵ ਹੈ ਉਸ ਨੂੰ ਵੀ ਅਖੋਂ ਉਹਲੇ ਨਹੀਂ ਕੀਤਾ ਜਾ ਸਕਦਾ; ਫ਼ਿਰ ਵੀ ਉਹ ਇੱਕ ਵੱਖਰਾ ਵਿਸ਼ਾ ਹੈ ਅਤੇ ਵਿਸ਼ੇਸ਼ ਧਿਆਨ ਮੰਗਦਾ ਹੈ।
ਬਾਬਰਵਾਣੀ ਨਹੀਂ, ਬਾਬਰ ਦੇ ਹਮਲੇ ਸਬੰਧੀ- ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦਾਂ `ਚੋਂ ਇੱਕ ਸ਼ਬਦ `ਚ ਪੰਕਤੀ ਹੈ “ਬਾਬਰਵਾਣੀ ਫਿਰਿ ਗਈ, ਕੁਇਰੁ ਨ ਰੋਟੀ ਖਾਇ” (ਪੰ: ੪੧੭)। ਦਰਅਸਲ ਸ਼ਬਦ ਵਿਚਲੀ ਇਸ ਪੰਕਤੀ `ਚੋਂ ਹੀ ਇੱਕ ਲਫ਼ਜ਼ ‘ਬਾਬਰਵਾਣੀ’ ਚੁੱਕ ਕੇ, ਬਿਨਾ ਵਿਚਾਰੇ ਇਹਨਾ ਸ਼ਬਦਾਂ ਲਈ ਲਫ਼ਜ਼ ਪ੍ਰਚਲਤ ਹੋ ਗਿਆ “ਬਾਬਰਵਾਣੀ ਦੇ ਸ਼ਬਦ” ਜੋ ਕਿਸੇ ਤਰ੍ਹਾਂ ਵੀ ਯੋਗ ਨਹੀਂ। ਗੁਰੂ ਸਾਹਿਬ ਨੇ ਨਾ ਤਾਂ ਕੋਈ ਸ਼ਬਦ ਬਾਬਰ ਨੂੰ ਸਮ੍ਰਪਤ ਕੀਤਾ ਹੈ ਤੇ ਨਾ ਹੀ ਗੁਰਬਾਣੀ `ਚ ਬਾਬਰ ਦੀ ਕੋਈ ਰਚਨਾ ਹੀ ਮੌਜੂਦ ਹੈ। ਸਾਨੂੰ ਇਸ ਪ੍ਰਚਲਣ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਦਰਅਸਲ ਲਫ਼ਜ਼ ਹੋਣਾ ਚਾਹੀਦਾ ਹੈ “ਬਾਬਰ ਦੇ ਹਮਲੇ ਨਾਲ ਸਬੰਧਤ (ਚਾਰ) ਸ਼ਬਦ”।
ਇਤਿਹਾਸ ਨਹੀਂ, ਇਤਿਹਾਸਕ ਹਵਾਲਾ- ਧਿਆਣ ਰਹੇ, ਬਾਬਰ ਦੇ ਹਮਲੇ ਨਾਲ ਸਬੰਧਤ ਚਾਰ ਸ਼ਬਦਾਂ `ਚ, ਪਾਤਸ਼ਾਹ ਰਾਹੀਂ ਇਤਿਹਾਸ ਦੀ ਜੋ ਝੱਲਕ ਦਿੱਤੀ ਗਈ ਹੈ ਉਸ ਦਾ ਮੱਕਸਦ ਗੁਰਦੇਵ ਰਾਹੀਂ ਇਤਿਹਾਸ ਦੇਣਾ ਨਹੀਂ ਬਲਕਿ ਇਤਿਹਾਸਕ ਹਵਾਲਾ ਦੇ ਕੇ, ਗੁਰਬਾਣੀ ਦੇ ਸਿਧਾਂਤ ਨੂੰ ਉਜਾਗਰ ਕਰਣਾ ਹੈ। ਉਹ ਸਿਧਾਂਤ ਜਿਸ ਦਾ ਜ਼ਿਕਰ ਕਰ ਚੁੱਕੇ ਹਾਂ। ਇਸ ਦੇਣ ਨੂੰ ‘ਗੁਰਬਾਣੀ `ਚ ਇਤਿਹਾਸ ਕਹਿ ਕੇ ਪ੍ਰਚਾਰਣਾ, ਗੁਰਬਾਣੀ ਆਧਾਰ `ਤੇ ਕਿਸੇ ਤਰ੍ਹਾਂ ਵੀ ਯੋਗ ਨਹੀਂ। ਗੁਰਬਾਣੀ ਇਤਿਹਾਸ ਕੋਈ ਨਹੀਂ ਹੈ ਬਲਕਿ ਜੀਵਨ ਜਾਚ ਦਾ ਖਜ਼ਾਨਾ ਹੈ। ਕਈ ਵਾਰੀ ਸਾਡੀ ਅਜਿਹੀ ਸੋਚਣੀ ਹੀ ਸਾਨੂੰ ਗੁਰਬਾਣੀ ਅੰਮ੍ਰਿਤ ਤੋਂ ਲਾਂਭੇ ਲੈ ਜਾਣ ਦਾ ਕਾਰਨ ਬਣ ਜਾਂਦੀ ਹੈ।
ਗੁਰਬਾਣੀ ਰਚਨਾ ਦੇ ਕਿਸੇ ਵੀ ਭਾਗ `ਚ ਜਦੋਂ ਪਾਤਸ਼ਾਹ ਇਸ ਤਰੀਕੇ ਸਾਡੇ ਅੰਦਰ ਕਿਸੇ ਵੀ ਗੁਰਮਤਿ ਸਿਧਾਂਤ ਨੂੰ ਉਜਾਗਰ ਕਰਣਾ ਚਾਹੁੰਦੇ ਹਨ, ਉਸ ਨੂੰ ਇਤਿਹਾਸ ਜਾਂ ਮਿਥਿਹਾਸ ਮੰਨ ਲੈਣ ਤੇ ਉਸ `ਚ ਰੁਝ ਜਾਣ ਨਾਲ, ਉਹ ਅਸਲ ਸਿਧਾਂਤਕ ਗੱਲ ਤਾਂ ਪਿਛੇ ਹੀ ਰਹਿ ਜਾਵੇਗੀ। ਕਿਉਂਕਿ ਅਜਿਹਾ ਕਰਣ ਨਾਲ ਸਾਡਾ ਧਿਆਣ ਹੋਰ ਪਾਸੇ ਹੀ ਭਟਕਦਾ ਰਵੇਗਾ। ਉਥੇ ਦਿੱਤੀ ਜਾ ਰਹੀ ਸਿਧਾਂਤਕ ਸੇਧ ਸਾਡੀ ਪੱਕੜ `ਚ ਹੀ ਨਹੀਂ ਆ ਸਕੇਗੀ।
ਠੀਕ ਉਸੇ ਤਰ੍ਹਾਂ, ਜਿਸ ਤਰ੍ਹਾਂ ਬਹੁਤਾ ਕਰਕੇ ਸਬੰਧਤ ਸ਼ਬਦਾਂ ਦੇ ਸਬੰਧ `ਚ ਅੱਜ ਸਾਡੇ ਨਾਲ ਹੋ ਰਿਹਾ ਹੈ। ਗੁਰਬਾਣੀ `ਚ ਇਹੀ ਨਹੀਂ ਬਲਕਿ ਹੋਰ ਵੀ ਕਈ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਹਨ। ਉਹ ਹਵਾਲੇ ਕਿਸੇ ਗੁਰਮਤਿ ਸਿਧਾਂਤ ਨੂੰ ਸਾਡੇ ਤੱਕ ਪਹੁਚਾਉਣ ਲਈ ਹਨ ਜਾਂ ਫ਼ਿਰ ਮਿਸਾਲ ਵਜੋਂ ਹਨ। ਇਤਿਹਾਸ ਜਾਂ ਕਿਸੇ ਮਿਥਿਹਾਸਕ ਘਟਨਾਵਾਂ ਦੇ ਵੇਰਵੇ ਨੂੰ ਦੇਣ ਲਈ ਨਹੀਂ ਹਨ।
“ਆਵਨਿ ਅਠਤਰੈ ਜਾਨਿ ਸਤਾਨਵੈ. .” ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦਾਂ `ਚ ਗੁਰਦੇਵ ਨੇ ਇੱਕ ਹੋਰ ਜੁਗੋ ਜੁਗ ਅਟੱਲ ਇਲਾਹੀ ਸਿਧਾਂਤ ਨੂੰ ਵੀ ਪ੍ਰਗਟ ਕੀਤਾ ਹੈ। ਗੁਰਦੇਵ ਦਸਦੇ ਹਨ ਕਿ ਸੰਸਾਰ `ਚ ਜੱਦ ਕਦੇ ਵੀ ਕੋਈ ਜਰਵਾਨਾ, ਹਾਕਮ, ਜ਼ਾਲਮ ਜਾਂ ਹੰਕਾਰਿਆ ਮਨੁੱਖ-ਜਿਸ ਰਾਹੀਂ ਕੀਤੇ ਜਾ ਰਹੇ ਧੱਕੇ, ਜ਼ੁਲਮ ਤੋਂ ਲੋਕਾਂ `ਚ ਹਾ ਹਾ ਕਾਰ ਮੱਚ ਜਾਵੇ, ਦਹਿਸ਼ਤ ਪੈਦਾ ਹੋ ਜਾਵੇ। ਪ੍ਰਭਾਵਤ ਲੋਕਾਂ ਦਾ ਵਿਸ਼ਵਾਸ ਬਣ ਆਵੇ ਕਿ ਇਹ ਜ਼ੁਲਮ ਹੁਣ ਕਦੇ ਮੁਕੱਣ ਵਾਲਾ ਹੀ ਨਹੀਂ। ਲੋਕਾਈ ਮੰਨ ਬੈਠੇ ਕਿ ਬਣ ਚੁੱਕੇ ਹਾਲਾਤ ਕਦੇ ਬਦਲਣ ਗੇ ਹੀ ਨਹੀਂ।
ਗੁਰਦੇਵ ਸਪਸ਼ਟ ਕਰਦੇ ਹਨ ਕਿ ਦਰਅਸਲ, ਕਰਤੇ ਦੀ ਰਚਨਾ `ਚ ਅਜਿਹਾ ਕਦੇ ਵੀ ਨਹੀਂ ਹੁੰਦਾ। ਇਥੇ ਤਾਂ “ਜੇ ਕੋ ਨਾਉ ਧਰਾਏ ਵਡਾ, ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ” (ਪੰ: ੩੬੦) ਭਾਵ ਚਾਹੇ ਕੋਈ ਕਿਨਾਂ ਵੱਡਾ ਵੀ ਬਹੁਬਲੀ ਤੇ ਜ਼ਾਲਮ ਸੁਭਾਅ ਵਾਲਾ ਕਿਉਂ ਨਾ ਹੋਵੇ ਪਰ ਸਾਰਿਆਂ ਤੋਂ ਉਪਰ ਤੇ ਸਭ ਤੋਂ ਵੱਡੀ ਤਾਕਤ ਅਕਾਲਪੁਰਖ ਆਪ ਹੀ ਹੈ। ਇਸ ਤਰ੍ਹਾਂ ਅਜਿਹੇ ਸਮੇਂ ਵੀ ਕਰਤਾਰ ਕਿਸੇ ਹੋਰ ਨੂੰ, ਉਸ ਤੋਂ ਵੱਧ ਤਾਕਤ ਬਖਸ਼ ਦਿੰਦਾ ਹੈ, ਜਿਸ ਤੋਂ ਹੰਕਾਰੀ ਅਥਵਾ ਜਰਵਾਨਿਆਂ ਦਾ ਹੰਕਾਰ ਵੀ ਟੁੱਟ ਜਾਂਦਾ ਹੈ।
ਕਰਤਾ ਉਥੇ ਤੇ ਉਸ ਸਮੇਂ ਵੀ, ਉਸ ਤਬਦੀਲੀ ਲਈ ਵੀ ਕੋਈ ਨਾ ਕੋਈ ਰਸਤਾ ਬਣਾ ਦਿੰਦਾ ਹੈ। ਉਹ ਰਸਤਾ ਜਿਸ ਤੋਂ ਹੰਕਾਰੀ ਦਾ ਹੰਕਾਰ ਟੁੱਟ ਜਾਵੇ ਤੇ ਪ੍ਰਭਾਵਿਤ ਲੋਕਾਂ `ਚੋਂ ਸਹਿਮ ਤੇ ਦਹਿਸ਼ਤ ਖ਼ਤਮ ਹੋ ਜਾਵੇ। ਇਹੀ ਗੱਲ ਇਥੇ ਵੀ ਹੈ, ਸੰਮਤ ੧੫੭੮ `ਚ ਬਾਬਰ ਦਾ ਹਮਲਾ ਹੋਇਆ ਜਿਸਦਾ ਸਬੰਧਤ ਚਾਰ ਸ਼ਬਦਾਂ `ਚ ਵੇਰਵਾ ਮੌਜੂਦ ਹੈ। ਸਪਸ਼ਟ ਹੈ ਕਿ ਉਸ ਹਮਲੇ `ਚ ਭਾਰੀ ਤਬਾਹੀ ਤੇ ਕਤਲੋਗ਼ਾਰਤ ਹੋਈ। ਲੋਕਾਈ `ਚ ਇਨੀਂ ਵੱਧ ਦਹਿਸ਼ਤ ਪੈਦਾ ਹੋ ਗਈ ਜਿਵੇਂ ਕਿ ਇਹ ਰਾਜ ਸੱਤਾ ਤੇ ਹਾਲਾਤ ਹੁਣ ਕਦੇ ਬਦਲਣ ਗੇ ਹੀ ਨਹੀਂ।
ਇਸੇ ਤੋਂ ਗੁਰਦੇਵ ਭਵਿਖ ਬਾਣੀ ਕਰ ਰਹੇ ਹਨ। ਫ਼ੁਰਮਾਨ ਹੈ “ਆਵਨਿ ਅਠਤਰੈ ਜਾਨਿ ਸਤਾਨਵੈ, ਹੋਰੁ ਭੀ ਉਠਸੀ ਮਰਦ ਕਾ ਚੇਲਾ” (ਪੰ: ੭੨੨) ਫ਼ੁਰਮਾਉਂਦੇ ਹਨ, ਭਾਵੇਂ ਕਿ ਹਮਲਾ ਬਹੁਤ ਭਿਅੰਕਰ ਹੈ ਪਰ ਬਾਬਰ ਦਾ ਇਹ ਹਮਲਾ ਜੋ ਸੰਮਤ ੧੫੭੮ `ਚ ਹੋਇਆ ਹੈ। ਉਪ੍ਰੰਤ ਸੰਮਤ ੧੫੯੭ `ਚ ਇੱਕ ਅਜਿਹਾ ਮਨੁੱਖ ਵੀ ਆਵੇਗਾ, ਜਿਸ ਤੋਂ ਬਾਬਰਕਿਆਂ ਨੂੰ ਵੀ ਭਾਂਜ ਮਿਲ ਜਾਵੇਗੀ।
ਇਸ ਤਰ੍ਹਾਂ ਇਹ ਸੀ ਸੰਮਤ ੧੫੯੭ `ਚ ਸ਼ੇਰ ਸ਼ਾਹ ਸੂਰੀ ਦਾ ਹਮਲਾ ਜਿਸ ਤੋਂ ਹਿਮਾਯੂ ਨੂੰ ਭਾਂਜ ਹੋਈ। ਇਸ ਤੋਂ ਇੱਕ ਵਾਰੀ ਦਹਿਸ਼ਤ ਦਾ ਭਰਿਆ ਹੋਇਆ ਬਾਬਰਕਿਆਂ ਦੇ ਰਾਜ ਦਾ ਇੱਕ ਵਾਰੀ ਤਾਂ ਅੰਤ ਹੋ ਗਿਆ ਤੇ ਹਾਲਾਤ `ਚ ਵੀ ਇੱਕ ਵਾਰੀ ਫ਼ਿਰ ਤੋਂ ਤਬਦੀਲੀ ਆ ਗਈ।
“ਏਤੀ ਮਾਰ ਪਈ ਕਰਲਾਣੇ. .”- ਪਹਿਲਾਂ ਇਹ ਦੇਖਣ ਹੈ ਕਿ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ” ਸਬੰਧਤ ਸ਼ਬਦਾਂ `ਚੋਂ ਪੰਕਤੀ ਲਈ ਕਿਥੋਂ ਗਈ ਹੈ? ਇਹ ਸ਼ਬਦ ਹੈ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ” ਅਤੇ ਸ਼ਬਦ ਦਾ ਰਹਾਉ ਦਾ ਬੰਦ ਹੈ “ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧ ॥ ਰਹਾਉ॥” ਇਸ ਤਰ੍ਹਾਂ ਇਥੇ ਰਹਾਉ ਦੇ ਬੰਦ `ਚ ਹੀ ਗੁਰਦੇਵ ਕਹਿ ਰਹੇ ਹਨ ਕਿ ‘ਹੇ ਕਰਤੇ! ਤੂੰ ਤਾਂ ਸਾਰਿਆਂ ਦਾ ਹੈ। ਇਸ ਲਈ ਜਦੋਂ ਕੋਈ ਤਾਕਤ ਦੇ ਨਸ਼ੇ `ਚ ਅੰਨਾਂ ਮਨੁੱਖ, ਕਿਸੇ ਦੂਜੇ ਤਾਕਤ `ਚ ਅੰਨੇ ਹੋ ਚੁੱਕੇ ਮਨੁੱਖ `ਤੇ ਹਮਲਾ ਕਰ ਦੇਵੇ ਤਾਂ ਮਨ `ਚ ਇਸ ਦਾ ਮਲਾਲ ਨਹੀਂ ਹੋਣਾ ਚਾਹੀਦਾ।
ਹੁਣ ਰਹਾਉ ਦੇ ਇਸ ਬੰਦ ਨਾਲ ਮਿਲਾ ਕੇ ਇਸ ਪੰਕਤੀ ਦੇ ਅਰਥ ਕੀਤੇ ਜਾਣ ਤਾਂ ਅਰਥ ਹੋਣਗੇ “ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ” (ਪੰ: ੩੬੦) ਭਾਵ ਇਹੀ ਕਾਰਨ ਸਨ ਕਿ ਇਨੀਂ ਵੱਧ ਤਬਾਹੀ ਤੇ ਕਤਲੋਗ਼ਾਰਤ ਹੋਈ ਪਰ ਪ੍ਰਮਾਤਮਾ ਨੂੰ ਤਰਸ ਨਹੀਂ ਆਇਆ। ਇਥੇ ਹੀ ਬੱਸ ਨਹੀਂ ਪੂਰੇ ਬੰਦ `ਚ ਵੀ ਇਹੀ ਵਿਸ਼ਾ ਚਲ ਰਿਹਾ ਹੈ ਕਿ ਪ੍ਰਭੂ ਨੇ ਖੁਰਾਸਾਨ ਤੋਂ ਹਮਲਾਆਵਰਾਂ ਨੂੰ ਮਾਨੋ ਇਹਨਾ ਦੇ ਖਸਮ ਬਣਾ ਕੇ ਭੇਜ ਦਿੱਤਾ। ਇਹ ਤਾਂ ਕਰਤੇ ਦਾ ਮੁੱਢਕਦੀਮੀ ਸੁਭਾਅ ਹੈ ਕਿ ਪ੍ਰਭੂ ਆਪਣੇ `ਤੇ ਦੋਸ਼ ਨਹੀਂ ਲੈਂਦਾ। ਇਥੇ ਉਸ ਨੇ ਖੁਰਾਸਾਨ ਦੇ ਨਿਵਾਸੀ ਮੁਗ਼ਲਾਂ ਨੂੰ, ਇਹਨਾ ਕੁਰਾਹੇ ਪਇਆਂ ਦੀ ਮੌਤ ਬਣਾ ਕੇ ਭੇਜ ਦਿੱਤਾ। ਇਹ ਕੁਰਾਹੇ ਪਏ ਕੌਣ ਸਨ, ਵਿਚਾਰ ਕੇ ਪੜ੍ਹਿਆ ਜਾਵੇ ਤੇ ਸਬੰਧਤ ਚਾਰਾਂ ਹੀ ਸ਼ਬਦਾਂ `ਚ ਇਸ ਦਾ ਪੂਰਾ ਹੀ ਵੇਰਵਾ ਭਰਿਆ ਪਿਆ ਹੈ ਅਤੇ ਇਹ ਚਾਰੋਂ ਸ਼ਬਦ ਇੱਕੋ ਲੜੀ `ਚ ਹਨ ਅਤੇ ਬਾਬਰ ਦੇ ਹਮਲੇ ਵਾਲੀ ਇਕੋ ਹੀ ਘਟਣਾ ਨਾਲ ਸਬੰਧਤ ਹਨ।
ਏਥੇ ਹੀ ਬੱਸ ਨਹੀਂ ਇਹਨਾ ਚਾਰਾਂ ਸ਼ਬਦਾਂ `ਚ ਗੁਰਦੇਵ ਨੇ ਇਸ ਗੱਲ ਦੀ ਭਰਵੀਂ ਪ੍ਰੌੜਤਾ ਵੀ ਕੀਤੀ ਹੈ ਕਿ ਇਹ ਜੋ ਕੁੱਝ ਵੀ ਤੱਬਾਹੀ ਹੋਈ ਹੈ ਉਹ ਸਾਰੀ ਕਰਤੇ ਦੇ ਨਿਆਂ `ਚ ਹੀ ਹੋਈ ਹੈ। ਜਿਵੇਂ
(੧) ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ
ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ
ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ਪੰ: ੭੨੨
(੨) “ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ” ਪੰ: ੩੬੦
(੩) ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ- ਪੰ: ੪੧੭ (੪) ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ- ਪੰ: ੪੧੭
(੫) ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ
(੬) ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ- ਪੰ: ੪੧੭
(੭) ਇਹੁ ਜਗੁ ਤੇਰਾ ਤੂ ਗੋਸਾਈ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ- ਪੰ: ੪੧੭
(੮) ਜਿਨੑ ਕੀ ਚੀਰੀ ਦਰਗਹ ਪਾਟੀ ਤਿਨਾੑ ਮਰਣਾ ਭਾਈ- ਪੰ: ੪੧੭
(੯) ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ

ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ- ਪੰ: ੪੧੭।
ਦਰਅਸਲ ਇਸ ਪੰਕਤੀ ਦੇ ਵੇਰਵੇ ਜਾਣ ਦੀ ਲੋੜ ਇਸ ਲਈ ਪਈ ਕਿਉਂਕਿ ਸਾਡੇ ਹੀ ਬਹੁਤੇ ਲਿਖਾਰੀ ਤੇ ਕਥਾਵਾਚਕ ਆਦਿ ਇਸ ਪੰਕਤੀ ਦੇ ਅਰਥ ਕਰ ਰਹੇ ਹਨ ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਅਕਾਲਪੁਰਖ ਨੂ ਉਲ੍ਹਾਮਾ ਦੇ ਰਹੇ ਹਨ ਕਿ “ਹੇ ਪ੍ਰਭੂ! ਇਨੀਂ ਜ਼ਬਰਦਸਤ ਤੱਬਾਹੀ ਹੋਈ ਪਰ ਤੈਨੂੰ ਫ਼ਿਰ ਵੀ ਤਰਸ ਨਹੀਂ ਆਇਆ ਤਾਂ ਕਿਉਂ?”
ਪਹਿਲੀ ਗੱਲ ਕਿ ਇਸ ਪੰਕਤੀ ਦੇ ਅਰਥ ਉਹ ਨਹੀਂ ਹਨ ਜੋ ਕੀਤੇ ਜਾ ਰਹੇ ਹਨ। ਇਸ ਦੇ ਅਰਥ ਹੀ ਹਨ ਕਿ “ਹੇ ਪ੍ਰਭੂ! ਉਹ ਕੀ ਕਾਰਨ ਹਨ ਕਿ ਇਨੀਂ ਤੱਬਾਹੀ ਹੋਣ ਦੇ ਬਾਵਜੂਦ ਤੈਨੂੰ ਤਰਸ ਨਹੀਂ ਆਇਆ”।
ਉਪ੍ਰੰਤ ਇਹ ਤਰਸ ਕਿਉਂ ਨਹੀਂ ਆਇਆ? ਇਸੇ ਸੱਚ ਦੀ ਵਿਆਖਿਆ ਤਾਂ ਗੁਰਦੇਵ ਨੇ ਸਬੰਧਤ ਚਾਰਾਂ ਹੀ ਸ਼ਬਦਾਂ `ਚ ਕਰ ਦਿੱਤੀ ਹੈ। ਵੇਰਵਾ ਵੀ ਦੇ ਚੁੱਕੇ ਹਾਂ। ਲੋੜ ਹੈ ਤਾਂ ਗਹੁ ਨਾਲ ਇਹਨਾ ਚਾਰਾਂ ਸ਼ਬਦਾਂ ਦੇ ਅਰਥ ਵਿਚਾਰ ਦੀ।
ਦੂਜਾ ਇਹ ਕਹਿਣਾ ਕਿ ਇਥੇ ਪਾਤਸ਼ਾਹ ਨੇ ਅਕਾਲਪੁਰਖ ਨੂੰ ਉਲ੍ਹਾਮਾ ਦਿਤਾ ਹੈ ਕਿ ਉਸ ਨੂੰ ਤਰਸ ਕਿਉਂ ਨਹੀਂ ਆਇਆ? ਮੂਲੋਂ ਹੀ ਗ਼ਲਤ ਤੇ ਗੁਰਮਤਿ ਸਿਧਾਂਤ ਦੇ ਉਲਟ ਹੈ। ਅਜਿਹਾ ਕਹਿਣਾ ਹੀ ‘ਪ੍ਰਭੂ ਦੀ ਰਜ਼ਾ `ਚ ਦਖ਼ਲ ਦੇਣ ਬਰਾਬਰ ਹੈ। ਇਸ ਤੋਂ ਬਾਅਦ ਅਜਿਹਾ ਕਹਿਣਾ ਪ੍ਰਭੂ ਨੂੰ ਭੁਲਣਹਾਰ ਸਾਬਤ ਕਰਣਾ ਵੀ ਹੈ ਜੋ ਗੁਰਬਾਣੀ ਅਨੁਸਾਰ ਤਿੰਨ ਕਾਲ ਵੀ ਸੰਭਵ ਨਹੀਂ। ਗੁਰਬਾਣੀ ਅਨੁਸਾਰ ਤਾਂ
“ਜੋ ਕਿਛੁ ਵਰਤੈ, ਸਭ ਤੇਰੀ ਰਜਾਇ” (ਪੰ: ੧੩੨੮) ਅਤੇ ਉਸ ਤੋਂ ਬਾਅਦ
“ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ” (ਪੰ: ੬੧)
“ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ ਆਪਿ ਨ ਭੁਲੈ” (ਪੰ: ੧੩੪੪) ਇਥੇ ਹੀ ਬੱਸ ਨਹੀਂ ਬਲਕਿ “ਉਲਾਹਨੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀਓ” (ਪੰ: ੯੭੮)।
ਸੋਚਣ ਦਾ ਵਿਸ਼ਾ ਹੈ ਕਿ ਸੰਸਾਰ ਨੂੰ ਇਨਾਂ ਉੱਚਾ ਸੁੱਚਾ ਤੇ ਕਰਤੇ ਦੀ ਰਜ਼ਾ `ਚ ਜੀਊਣ ਵਾਲਾ ਜੀਵਨ ਬਖ਼ਸ਼ਣ ਵਾਲੇ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ, ਕੀ ਖ਼ੁਦ ਹੀ ਪ੍ਰਭੂ ਨੂੰ ਉਲਾਹਣਾ ਦੇਣ ਗੇ? ਕਦਾਚਿੱਤ ਨਹੀਂ।
ਲੋੜ ਹੈ ਤਾਂ ਇਥੇ ਕੇਵਲ ਇੱਕ ਪੰਕਤੀ ਦੇ ਨਹੀਂ ਬਲਕਿ ਪਹਿਲਾਂ ਤਾਂ ਉਸੇ ਸ਼ਬਦ `ਚੋਂ ਰਹਾਉ ਦੇ ਬੰਦ ਨੂੰ ਵਿਚਾਰਣ ਦੀ। ਦੂਜਾ ਇਸੇ ਹੀ ਵਿਸ਼ੇ `ਤੇ ਸਬੰਧਤ ਚਾਰਾਂ ਸ਼ਬਦਾਂ `ਚੋਂ ਲੜੀਵਾਰ ਬਾਕੀ ਦੇ ਰਹਾਉ ਵਾਲੇ ਬੰਦਾਂ ਨੂੰ ਵੀ ਵਿਚਾਰਣ ਤੇ ਸਮਝਣ ਦੀ।
“ਪਾਪ ਕੀ ਜੰਞ ਲੈ ਕਾਬਲਹੁ ਧਾਇਆ…” - ਇਹਨਾ ਸ਼ਬਦੋਂ `ਚੋ ਇਹ ਵੀ ਇੱਕ ਪੰਕਤੀ ਹੈ ਜਿੱਥੇ ਸਾਡੇ ਬਹੁਤੇ ਵਿਦਵਾਨਾ, ਲਿਖਰੀਆਂ ਤੇ ਬੁਲਾਰਿਆਂ ਆਦਿ ਨੇ ਕਾਫ਼ੀ ਟਪਲਾ ਖਾਧਾ ਹੈ। ਬਾਬਰ ਤੇ ਉਸ ਦੀਆਂ ਫ਼ੌਜਾਂ ਨੂੰ ਦੁਸ਼ਟ ਤੇ ਦੁਸ਼ਟਾਂ ਦੀ ਜੰਜ ਆਦਿ ਦੀ ਸ਼ਬਦਾਵਲੀ ਦੇ ਕੇ ਬਿਆਣਿਆ ਹੈ। ਇਸ ਤੋਂ ਵਧ ਫ਼ਿਰ ਉਤਨੀ ਹੀ ਸੀਮਾਂ `ਚ ਗੱਲ ਨਹੀਂ ਕੀਤੀ ਤੇ ਬਦੋ ਬਦੀ ਇਹ ਵੀ ਸਾਬਤ ਕਰਣ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤੀਆਂ ਬਰਾਤਾਂ ਤੇ ਲਾੜੇ ਹੁੰਦੇ ਹੀ ਦੁਸ਼ਟ ਹਨ ਇਤਆਦ।
ਦਰਅਸਲ, ਇਥੇ ਇਸ ਸ਼ਬਦ `ਚ ਲਾੜੇ ਤੇ ਬਰਾਤ ਵਾਲਾ ਵਿਸ਼ਾ ਹੈ ਹੀ ਨਹੀਂ ਕੇਵਲ ਸਮਝਣ ਦਾ ਫ਼ਰਕ ਹੈ, ਇਸ ਇਥੇ ਲਈ ਉਸ ਵੇਰਵੇ `ਚ ਜਾਣ ਦੀ ਲੋੜ ਹੀ ਨਹੀਂ। ਇਥੇ ਜੋ ਅਸਲ ਗੱਲ ਹੈ ਉਹ ਕੇਵਲ ਇਤਨੀ ਹੈ ਕਿ ਗੁਰੂ ਸਾਹਿਬ ਕੇਵਲ ਪ੍ਰਕਰਣ ਅਨਸੁਾਰ ਰੱਬੀ ਸੱਚ ਨੂੰ ਸਮਝਾ ਰਹੇ ਹਨ। ਫ਼ੁਰਮਾਅ ਰਹੇ ਹਨ ਕੇ ਇੱਕ ਪਾਸੇ ਤਾਂ ਹਾ ਹਾ ਕਾਰ ਮਚੀ ਪਈ ਹੈ ਕਿ ਬਾਬਾਰ ਦੇ ਹਮਲਾ ਹੋਣ ਵਾਲਾ ਹੈ, ਲੋਕਾਈ ਉਸ ਤੋਂ ਘਬਰਾਈ ਪਈ ਹੈ। ਦੂਜੇ ਪਾਸੇ ਧਾਰਮਿਕ ਆਗੂ ਭਾਵ ਬ੍ਰਾਹਮਣ ਤੇ ਮੌਲਾਣੇ-ਕਾਜ਼ੀ ਆਦਿ ਜਿਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਲੋਕਾਈ ਦਾ ਮਨੋਬਲ ਨੂੰ ਉੱਚਾ ਕਰਣ। ਲੋਕਾਈ `ਚ ਅਣਖ-ਗ਼ੈਰਤ ਪੈਦਾ ਕਰਕੇ, ਸਮੇਂ ਅਨੁਸਾਰ ਜੋ ਹੋ ਸਕਦਾ ਹੋਵੇ, ਉਹਨਾਂ ਦੀ ਸੰਭਾਲ ਕਰਣ। ਇਸ ਦੇ ਉਲਟ, ਉਹ ਲੋਕ ਤਾਂ ਇਸ ਘਬਰਾਹਟ ਦੇ ਸਮੇਂ ਵੀ ਤਾਰੇ ਡੁੱਬੇ-ਚੜ੍ਹੇ ਤੇ ਰਾਸ਼ੀਫ਼ਲਾਂ, ਕੁੰਡਲਣੀਆਂ ਆਦਿ ਦੇ ਚੱਕਰ ਪਾ ਕੇ ਆਪਣੀ ਲੁੱਟ-ਖੋਹ ਤੇ ਦਾਨ-ਦਛਣਾ ਵਾਲਾ ਬਜ਼ਾਰ ਗਰਮ ਕਰੀ ਬੈਠੇ ਹਨ।
ਦਰਅਸਲ ਸਬੰਧਤ ਪੰਕਤੀਆਂ, ਭਵਿਖ ਬਾਣੀ ਹਨ ਤੇ ਆਉਣ ਵਾਲੇ ਸਮੇਂ `ਤੇ ਬਾਬਰ ਹਥੋਂ ਵਾਪਰਣ ਵਾਲੇ ਹਾਲਾਤ ਲਈ, ਉਹਨਾਂ ਧਾਰਮਿਕ ਲੋਕਾਂ ਬਲਕਿ ਵੱਕਤ ਦੇ ਠੱਗਾਂ ਲਈ ਇੱਕ ਵੰਗਾਰ ਹੈ। ਉਪ੍ਰੰਤ ਇਹ ਵੰਗਾਰ ਵੀ ਉਹਨਾਂ ਕਾਦੀਆਂ-ਬ੍ਰਾਹਮਣਾਂ ਰਾਹੀਂ ਕੀਤੇ ਜਾ ਰਹੇ ਵਤੀਰੇ ਦੇ ਪ੍ਰਕਰਣ ਨੂੰ ਆਧਾਰ ਬਣਾ ਕੇ ਹੀ ਹੈ ਉਸ ਤੋਂ ਵੱਖ ਨਹੀਂ ਜਿਵੇਂ “ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੜੈ ਸੈਤਾਨੁ ਵੇ ਲਾਲੋ” (ਪੰ: 722)। ਇਸ ਤਰ੍ਹਾਂ ਸ਼ਬਦ ਦੀਆਂ ਇਹਨਾ ਪੰਕਤੀਆਂ `ਚ ਨਾ ਹੀ ਸਿਧੇ ਅਰਥਾਂ `ਚ ਬਾਬਰ ਨੂੰ ਲਾੜਾ ਕਿਹਾ ਹੈ ਤੇ ਨਾ ਹੀ ਉਸ ਦੀਆਂ ਫ਼ੋਜਾਂ ਨੂੰ ਭਾਰਤੀਆਂ ਲਈ ਬਰਾਤ। ਇਥੇ ਤਾਂ ਗੁਰਦੇਵ ਨੇ ਵੱਕਤ ਦੇ ਹਿਸਾਬ ਨਾਲ ਕੇਵਲ ਪ੍ਰਕਰਣ ਹੀ ਵਰਤਿਆ ਹੈ ਜਿਸ ਨੂੰ ਸਮਝਣ ਦੀ ਲੋੜ ਹੈ।
#203s10.02.010#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No 203
ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦ
ਅਤੇ ਗੁਰਮਤਿ ਸੇਧਾਂ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.org




.