.

ਕੀ ਗੁਰੂ ਤੇਗਬਹਾਦਰ ਜੀ ਨੇ ਬਾਬਾ ਬਕਾਲੇ ਵਿਖੇ 26 ਸਾਲ 9 ਮਹੀਨੇ ਤਪ ਕੀਤਾ ਸੀ?

ਜਦ ਅਸੀਂ ਇਤਿਹਾਸਕ ਗੁਰੁਦਆਰਿਆਂ ਵਲ ਨਿਗਾਹ ਮਾਰਦੇ ਹਾਂ, ਤਾਂ ਇਹ ਦੇਖਣ ਵਿੱਚ ਆਉਂਦਾ ਹੈ ਕਿ ਇਨ੍ਹਾਂ ਵਿੱਚ ਕਈ ਗੁਰਦੁਆਰਾ ਸਾਹਿਬ ਅਜਿਹੇ ਹਨ, ਜਿਨ੍ਹਾਂ ਦਾ ਇਤਿਹਾਸ ਵਿੱਚ ਕਿਧਰੇ ਵੀ ਵਰਣਨ ਨਹੀਂ ਮਿਲਦਾ। ਕੁੱਝ ਅਜਿਹੇ ਹਨ ਜਿਨ੍ਹਾਂ ਦਾ ਜੋ ਇਤਿਹਾਸ ਦੱਸਿਆ ਜਾ ਰਿਹਾ ਹੈ, ਉਹ ਗੁਰਬਾਣੀ ਦੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ। ਇੱਥੇ ਅਸੀਂ ਸੰਖੇਪ ਵਿੱਚ ਉਨ੍ਹਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚੋਂ, ਜਿਹੜੇ ਨਿਰਸੰਦੇਹ ਇਤਿਹਾਸਕ ਹਨ ਪਰ ਉਨ੍ਹਾਂ ਦਾ ਜੋ ਇਤਿਹਾਸ ਦੱਸਿਆ ਜਾ ਰਿਹਾ ਹੈ, ਉਹ ਗੁਰਬਾਣੀ ਦੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ, ਚੋਂ ਕੇਵਲ ਇੱਕ ਦਾ ਹੀ ਵਰਣਨ ਕਰ ਰਹੇ ਹਾਂ। ਇਹ ਇਤਿਹਾਸਕ ਗੁਰਦੁਆਰਾ ਸਾਹਿਬ ‘ਭੋਰਾ ਸਾਹਿਬ’। ਇਹ ਗੁਰਦੁਆਰਾ ਬਾਬੇ ਬਕਾਲੇ ਵਿੱਚ ਹੈ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਦੱਸਿਆ ਜਾ ਰਿਹਾ ਹੈ ਕਿ ਇੱਥੇ ਗੁਰੂ ਤੇਗਬਹਾਦਰ ਸਾਹਿਬ ਨੇ 26 ਸਾਲ 9 ਮਹੀਨੇ ਅਤੇ 13 ਦਿਨ ਭੌਰੇ ਵਿੱਚ ਬੈਠ ਕੇ ਤਪ ਕੀਤਾ ਸੀ।
ਪਰੰਤੂ ਜਦ ਅਸੀਂ ਇਤਿਹਾਸ ਵਲ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਸਿੱਧ ਨਹੀਂ ਹੁੰਦੀ ਕਿ ਗੁਰੂ ਤੇਗਬਹਾਦਰ ਸਾਹਿਬ ਬਕਾਲੇ ਵਿਖੇ ਲਗਾਤਾਰ ਇਤਨਾ ਸਮਾਂ ਰਹੇ ਹਨ। ਦੂਜਾ ਭੋਰੇ ਵਿੱਚ ਬੈਠ ਕੇ ਤਪ ਕਰਨ ਦੀ ਗੱਲ ਬਾਣੀ ਦੀ ਕਸੌਟੀ `ਤੇ ਵੀ ਪੂਰੀ ਨਹੀਂ ਉਤਰਦੀ। ਇਸ ਸਬੰਧ ਵਿੱਚ ਕੁੱਝ ਹੋਰ ਲਿਖਣ ਤੋਂ ਪਹਿਲਾਂ ਸੰਖੇਪ ਵਿੱਚ ‘ਤਪ’ ਬਾਰੇ ਪ੍ਰਚਲਤ ਧਾਰਨਾ ਦਾ ਜ਼ਿਕਰ ਕਰ ਰਹੇ ਹਾਂ। ‘ਤਪ’ ਸ਼ਬਦ ਦਾ ਮੂਲ ਅਰਥ ਸੀ ਉਹ ਪ੍ਰਕਾਸ਼ ਜੇਹੜਾ ਸੂਰਜ ਜਾਂ ਅੱਗ ਰਾਂਹੀ ਪ੍ਰਗਟ ਹੁੰਦਾ ਹੈ। ਪਰੰਤੂ ਸਹਿਜੇ ਸਹਿਜੇ ਇਸ ਦਾ ਇੱਕ ਰੂੜ ਅਰਥ ਹੀ ਵਿਕਸਤ ਹੋ ਗਿਆ ਅਤੇ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਅਥਵਾ ਆਤਮਕ ਅਤੇ ਸਰੀਰਕ ਅਨੁਸ਼ਾਸ਼ਨ (ਜ਼ਬਤ) ਲਈ ਉਠਾਏ ਜਾਣ ਵਾਲੇ ਸਰੀਰਕ ਕਸ਼ਟ ਨੂੰ ਤਪ ਆਖਿਆ ਜਾਣ ਲੱਗ ਪਿਆ। ਧਰਤੀ ਉੱਤੇ ਸੌਣ, ਅਲਪ ਅਹਾਰੀ ਹੋਣ, ਜਟਾ-ਜੂਟ ਰਹਿਣ ਆਦਿ ਕਰਮ ਕਰਨ ਤਕ ਹੀ ਸੀਮਤ ਰਹਿਣ ਵਾਲੇ ਨੂੰ ਸਾਧਾਰਨ ਤੱਪਸਵੀ ਅਤੇ ਗਰਮੀ ਦੀ ਰੁੱਤ ਵਿੱਚ ਪੰਚ ਅਗਨੀ, ਸਰਦੀਆਂ ਦੇ ਦਿਨਾਂ ਵਿੱਚ ਠੰਡੇ ਪਾਣੀ ਵਿੱਚ ਖੜੇ ਰਹਿਣਾ, ਭਿੱਖਿਆ ਮੰਗ ਕੇ ਖਾਣਾ, ਨਗਰ ਤੋਂ ਦੂਰ ਰਹਿਣਾ, ਸਰੀਰ ਦੇ ਸਾਰਿਆਂ ਸੁਖਾਂ ਦਾ ਤਿਆਗ ਕਰਕੇ ਸਰੀਰ ਨੂੰ ਕਸ਼ਟ ਦੇਣਾ, ਹੱਥਾਂ ਨੂੰ ਉਪਰ ਉਠਾ ਰੱਖਣਾ, ਇੱਕ ਪੈਰ `ਤੇ ਖੜੇ ਰਹਿਣਾ, ਜਾਗਦੇ ਰਹਿਣਾ, ਮੋਨ ਵਰਤ ਰੱਖਣਾ ਆਦਿ ਕਰਮ ਕਰਨ ਵਾਲੇ ਨੂੰ ਉਗਰ ਤਪ ਕਰਨ ਵਾਲਾ ਤਪੱਸਵੀ ਕਿਹਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹੋ ਜਿਹੇ ਤਪਾਂ ਦੀ, ਕਿਸੇ ਵੀ ਰੂਪ ਵਿਚ, ਕਿਸੇ ਤਰ੍ਹਾਂ ਦੀ ਵੀ, ਅਹਿਮੀਅਤ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਸਗੋਂ ਮਨੁੱਖ ਨੂੰ ਇਹੋ ਜਿਹੇ ਤਪਾਂ ਤੋਂ ਉਪਰ ਉੱਠ ਕੇ ਪ੍ਰਭੂ ਦੀ ਸਿਫ਼ਤਿ ਸਾਲਾਹ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ: ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ॥ 1॥ ਰਹਾਉ॥ (ਪੰਨਾ 973) ਅਰਥ: ਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ। ਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। 1. ਰਹਾਉ।
ਇਸ ਸ਼ਬਦ ਦੀਆਂ ਬਾਕੀ ਪੰਗਤੀਆਂ ਵਿੱਚ ਇਸ ਕਪਟ ਦਾ ਵਰਣਨ ਕੀਤਾ ਗਿਆ ਹੈ:-ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ॥ 1॥ . . ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨਾੑਈਐ ਗੋਮਤੀ ਸਹਸ ਗਊ ਦਾਨੁ ਕੀਜੈ॥ ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ॥ 2॥ ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ॥ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ॥ 3॥ ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿੑ ਲੀਜੈ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ॥ 4॥ (ਪੰਨਾ 973)
ਅਥਵਾ:-ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥ (ਪੰਨਾ 1384)

ਗੁਰੂ ਗ੍ਰੰਥ ਸਾਹਿਬ ਵਿੱਚ ਨਿਰਾਰਥਕ ਤਪਾਂ ਤੋਂ ਮਨੁੱਖ ਨੂੰ ਵਰਜਦਿਆਂ ਹੋਇਆਂ ਸਾਰਥਕ ਤਪ ਕਰਨ ਦੀ ਪ੍ਰੇਰਨਾ ਕੀਤੀ ਹੈ। ਗੁਰਬਾਣੀ ਵਿੱਚ ਸਾਰਥਕ ਤਪ ਦਾ ਸਰੂਪ ਹੈ:-
ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥ ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥ ਦਰਿ ਸਾਚੈ ਦੀਸੈ ਸਚਿਆਰੁ ॥ (ਪੰਨਾ 423) (ਅਰਥ: ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਸਭ ਤੋਂ ਸ੍ਰੇਸ਼ਟ ਤਪ ਹੈ। ਸਾਰੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ (ਗੁਰੂ ਦੀ ਕਿਰਪਾ ਨਾਲ ਹੀ) ਮਨ ਵਿੱਚ ਆ ਵੱਸਦਾ ਹੈ, ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ। (ਨੋਟ: ਗੁਰੂ ਦੀ ਸੇਵਾ ਤੋਂ ਭਾਵ ਹੈ ਗੁਰੂ ਦੀ ਦੱਸੀ ਜੀਵਨ-ਜਾਚ ਨੂੰ ਸਮਝਕੇ ਇਸ ਨੂੰ ਅਪਣਾਉਣ ਤੋਂ ਹੈ; ਅਤੇ ਸਾਰੇ ਦੁੱਖ ਦੂਰ ਹੋਣ ਤੋਂ ਭਾਵ ਹੈ ਗੁਰੂ ਦੇ ਗਿਆਨ ਦੇ ਪ੍ਰਕਾਸ਼ ਦੀ ਬਰਕਤ ਨਾਲ ਅਗਿਆਨਤਾ ਦੇ ਅੰਧੇਰੇ ਦੇ ਦੂਰ ਹੋਣ ਨਾਲ ਆਤਮਕ ਕਲੇਸ਼ਾਂ ਤੋਂ ਖ਼ਲਾਸੀ ਹੋਣ ਤੋਂ ਹੈ।)
ਇਹ ਗੁਰਮਤਿ ਦਾ ਤਪ ਹੈ। ਗੁਰੂ ਗਰੰਥ ਸਾਹਿਬ ਵਿੱਚ ਇਹੋ ਜਿਹਾ ਤਪ ਸਾਧਨ ਵਾਲੇ ਤੱਪਸਵੀ ਨੂੰ ਸਾਲਾਹਿਆ ਗਿਆ ਹੈ। ਇਸ ਲਈ ਗੁਰਮਤਿ ਵਿੱਚ “ਨਿਰਾਰਥਕ ਸ਼ਰੀਰ ਤਪਾਉਣਾ ਉੱਤਮ ਤਪ ਨਹੀਂ, ਮਨ ਅਤੇ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਵਰਜਣਾ, ਪਰੋਪਕਾਰ ਲਈ ਕਸ਼ਟ ਉਠਾਉਣਾ ਮਹਾਨ ਤਪ ਹੈ।” (ਭਾਈ ਕਾਨ੍ਹ ਸਿੰਘ ਨਾਭਾ) (ਨੋਟ: ਭਾਈ ਸਾਹਿਬ ਨਿਰਾਰਥਕ ਅਤੇ ਸਾਰਥਕ ਤਪ ਦਾ ਅੰਤਰ ਦਰਸਾਉਂਦੇ ਹੋਏ ਲਿੱਖਦੇ ਹਨ “ਪੰਚਾਗਨੀ ਤਪਣ ਵਾਲੇ ਨਾਲ ਜੇਠ ਹਾੜ ਵਿੱਚ ਹਲਵਾਹ ਦਾ, ਜਲਧਾਰਾ ਲੈਣ ਵਾਲੇ ਤਪੀਏ ਨਾਲ ਪੋਹ ਮਾਘ ਵਿੱਚ ਨਹਿਰ ਦਾ ਪਾਣੀ ਲਾਣ ਵਾਲੇ ਜ਼ਿਮੀਦਾਰ ਦਾ ਮੁਕਾਬਲਾ ਕਰੋ, ਫੇਰ ਪਤਾ ਲਗੇਗਾ ਕਿ ਨਿਰਾਰਥਕ ਤਪ ਕੇਹੜਾ ਅਤੇ ਸਾਰਥਕ ਤਪ ਕੇਹੜਾ ਹੈ।” )
ਸੋ, ਸਰੀਰ ਨੂੰ ਕਈ ਢੰਗਾਂ ਨਾਲ ਸਤਾਉਣਾ, ਠੰਡੇ ਪਾਣੀ ਵਿੱਚ ਖੜ੍ਹੇ ਹੋਣਾ, ਇੱਕ ਲੱਤ `ਤੇ ਖੜ੍ਹੇ ਰਹਿਣਾ, ਮੋਨ ਵਰਤ ਰੱਖਣਾ ਆਦਿ ਕਥਿੱਤ ਤਪਾਂ ਦਾ ਗੁਰਮਤਿ ਵਿੱਚ ਕੋਈ ਸਥਾਨ ਨਹੀਂ ਹੈ।
ਗੁਰੂ ਤੇਗਬਹਾਦਰ ਜੀ ਜਦੋਂ ਬਾਬਾ ਬਕਾਲੇ ਆਏ ਸਨ ਤਾਂ ਆਪ ਜੀ ਦੀ ਪਤਨੀ ਅਤੇ ਮਾਤਾ ਜੀ ਵੀ ਨਾਲ ਹੀ ਆਏ ਸਨ। ਕੀ ਗੁਰੂ ਸਾਹਿਬ ਆਪਣੀਆਂ ਪਰਵਾਰਿਕ ਜ਼ੁਮੇਵਾਰੀਆਂ ਤੋਂ ਵੀ ਮੂੰਹ ਮੋੜ ਕੇ ਭੋਰੇ ਵਿੱਚ ਲੁਕ ਕੇ ਤਪ ਕਰਨ ਲੱਗ ਪਏ ਸਨ? ਇਸ ਤਪ ਵਾਲੀ ਸਾਖੀ ਤੋਂ ਫਿਰ ਆਮ ਸਿੱਖ ਨੂੰ ਕੀ ਪ੍ਰੇਰਨਾ ਮਿਲਦੀ ਹੈ। ਕੀ ਸਿੱਖ ਆਪਣੀਆਂ ਪਰਵਾਰਿਕ ਜ਼ੁਮੇਵਾਰੀਆਂ ਨੂੰ ਨਿਭਾਉਣ ਦੀ ਥਾਂ ਕਿਸੇ ਭੋਰੇ ਵਿੱਚ ਬੈਠ ਕੇ ਤਪ ਸਾਧਨ ਲੱਗ ਪਵੇ? ਗੁਰਬਾਣੀ ਤਾਂ ਮਨੁੱਖ ਨੂੰ ਅਸਲ ਜੀਵਨ-ਜੁਗਤ ਸਮਝਾਉਦਿਆਂ ਹੋਇਆਂ ਕਹਿੰਦੀ ਹੈ: ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ 522) ਅਰਥ: ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ।
ਪਰੰਪਰਿਕ ਤਪ ਬਾਰੇ ਤਾਂ ਬਾਣੀ ਦਾ ਫ਼ਰਮਾਨ ਹੈ: ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ॥ (ਪੰਨਾ 526) ਅਰਥ: (ਹੇ ਭਾਈ!) ਕਿਉਂ (ਗਿਣੇ ਮਿਥੇ) ਜਪ ਕਰਦੇ ਹੋ? ਕਿਉਂ ਤਪ ਸਾਧਦੇ ਹੋ? ਕਾਹਦੇ ਲਈ ਪਾਣੀ ਰਿੜਕਦੇ ਹੋ? (ਹਠ ਨਾਲ ਕੀਤੇ ਹੋਏ ਇਹ ਸਾਧਨ ਤਾਂ ਪਾਣੀ ਰਿੜਕਣ ਸਮਾਨ ਹਨ)।
ਇਤਿਹਾਸ ਵਿੱਚ ਗੁਰੂ ਸਾਹਿਬ ਜੀ ਵਲੋਂ ਬਾਬੇ ਬਕਾਲੇ ਰਿਹਾਇਸ਼ ਰੱਖਣ ਸਮੇਂ ਸ਼ਿਕਾਰ ਖੇਡਣ ਦੇ ਨਾਲ ਨਾਲ ਕਈ ਥਾਂਈ ਯਾਤਰਾ ਕਰਨ ਦਾ ਵਰਣਨ ਵੀ ਮਿਲਦਾ ਹੈ। ਆਪ ਜੀ ਦਾ ਬਾਬਾ ਬਕਾਲੇ ਤੋਂ ਕੀਰਤਪੁਰ ਆਉਣ ਅਤੇ ਫਿਰ 1656 ਈ: ਨੂੰ ਵਰਖਾ ਰੁੱਤ ਤੋਂ ਬਾਅਦ ਕੀਰਤਪੁਰ ਤੋਂ ਹੀ ਯਾਤਰਾ ਲਈ ਰਵਾਨਾ ਹੋਣ ਦਾ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਗੁਰਦੇਵ ਰੋਪੜ ਤੇ ਬਨੂਰ ਥਾਣੀਂ ਹੁੰਦੇ ਹੋਏ ਸਰਦੀਆਂ ਦੀ ਰੁੱਤੇ ਕੁਰਕਸ਼ੇਤਰ ਪੁੱਜੇ ਸਨ। 29 ਮਾਰਚ 1657 ਈ: ਨੂੰ ਆਪ ਹਰਦੁਆਰ ਵਿਖੇ ਸੀ। ਕੁੱਝ ਮਹੀਨੇ ਹਰਦੁਆਰ ਠਹਿਰਨ ਉਪਰੰਤ ਆਪ ਪ੍ਰਵਾਰ ਸਮੇਤ ਗੜ੍ਹ ਮੁਕਤੇਸ਼ਵਰ, ਮਥੁਰਾ ਤੇ ਆਗਰਾ ਰਾਹੀ ਪ੍ਰਯਾਗ ਲਈ ਰਵਾਨਾ ਹੋਏ ਅਤੇ ਸੰਨ 1661 ਈ: ਦੇ ਸ਼ੁਰੂ ਵਿੱਚ ਪ੍ਰਯਾਗ ਪਹੁੰਚੇ ਸਨ। ਗੁਰੂ ਤੇਗ ਬਹਾਦਰ ਜੀ ਦਾ ਜਨਮ ਇੱਕ ਅਪਰੈਲ 1621 ਨੂੰ ਹੋਇਆ ਸੀ ਅਤੇ 1644 ਈ: ਨੂੰ ਬਕਾਲੇ ਆਏ ਸਨ। 1665 ਈ: ਆਪ ਗੁਰੂ ਨਾਨਕ ਸਾਹਿਬ ਦੇ ਸਿੰਘਾਸਣ `ਤੇ ਬੈਠੇ ਸਨ। ਇਸ ਪਿੱਛੋਂ ਆਪ ਜ਼ਿਆਦਾ ਦੇਰ ਬਾਕਾਲੇ ਵਿਖੇ ਨਹੀਂ ਸਨ ਰੁਕੇ। ਗੱਲ ਕੀ, ਬਕਾਲੇ ਵਿਖੇ ਗੁਰਦੇਵ ਦੀ ਰਿਹਾਇਸ਼ ਦਾ ਸਮਾ ਕਿਸੇ ਵੀ ਤਰ੍ਹਾਂ ਪੌਣੇ ਕੁ ਸਤਾਈ ਸਾਲ ਨਹੀਂ ਬਣਦਾ। ਕੋਈ ਲੇਖਕ 20 ਸਾਲ ਲਿਖਦਾ ਹੈ ਅਤੇ ਕੋਈ 25-26 ਸਾਲ। ਪਰ ‘ਸਿੱਖ ਤਵਾਰੀਖ’ ਦਾ ਲੇਖਕ 12 ਸਾਲ ਲਿਖਦਾ ਹੈ। (ਹੋਰ ਵਿਸਤਾਰ ਲਈ ਦੇਖੋ ‘ਸਿੱਖ ਤਵਾਰੀਖ਼’ -ਡਾਕਟਰ ਹਰਜਿੰਦਰ ਸਿੰਘ ਦਿਲਗੀਰ) ਜੇਕਰ ਸਤਿਗੁਰੂ ਜੀ ਇਤਨਾ (ਪੋਣੇ ਕੁ ਸਤਾਈ ਸਾਲ) ਸਮਾ ਬਕਾਲੇ ਰਹੇ ਵੀ ਹੋਣ ਤਾਂ ਵੀ ਤਪ ਵਾਲੀ ਗੱਲ ਨਿਰਮੂਲ ਹੀ ਆਖੀ ਜਾ ਸਕਦੀ ਹੈ। ਚੂੰਕਿ ਅਜਿਹੇ ਤਪ ਗੁਰਮਤਿ ਦੀ ਰਹਿਣੀ ਦਾ ਅੰਗ ਨਹੀਂ ਹਨ।
ਸੋ, ਇਹ ਗੱਲ ਇਤਿਹਾਸਕ ਤੌਰ `ਤੇ ਵੀ ਗ਼ਲਤ ਹੈ ਕਿ ਗੁਰੂ ਤੇਗ ਬਹਾਦਰ ਜੀ 26 ਸਾਲ ਨੌ ਮਹੀਨੇ ਅਤੇ 13 ਦਿਨ ਬਕਾਲੇ ਵਿਖੇ ਰਹੇ। ਭੋਰੇ ਵਿੱਚ ਲੁਕ ਕੇ ਤਪੱਸਿਆ ਵਾਲੀ ਗੱਲ ਵੀ ਸਿਧਾਂਤਕ ਪਖੋਂ ਗ਼ਲਤ ਹੈ। ਜਿਸ ਤਰ੍ਹਾਂ ਹੋਰ ਅਨੇਕਾਂ ਗੁਰੂ ਸਾਹਿਬਾਨ ਨਾਲ ਸਬੰਧਤ ਸਥਾਨ ਬਣਾ ਕੇ ਉਹਨਾਂ ਸਬੰਧੀ ਕਈ ਤਰ੍ਹਾਂ ਦੀਆਂ ਗੁਰਮਤਿ ਵਿਰੋਧੀ ਕਹਾਣੀਆਂ ਘੜ ਕੇ ਪਰਚਾਰੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਬਾਬਾ ਬਕਾਲੇ ਵਿਖੇ ਇਸ ਭੋਰੇ ਬਾਰੇ ਵੀ ਪਰਚਾਰਿਆ ਜਾ ਰਿਹਾ ਹੈ। ਗੁਰੂ ਸਾਹਿਬਾਨ ਦੇ ਸਮੇਂ ਇਹ ਸਥਾਨ ਇਸ ਰੂਪ ਵਿੱਚ ਹੋਂਦ ਵਿੱਚ ਨਹੀਂ ਸਨ ਆਏ; ਬਾਅਦ ਵਿੱਚ ਇਨ੍ਹਾਂ ਨੂੰ ਅਜੇਹਾ ਰੂਪ ਦੇਕੇ ਪਰਚਾਰ ਪ੍ਰਾਰੰਭ ਹੋਇਆ।
ਸੋ, ਗੁਰੂ ਤੇਗ ਬਹਾਦਰ ਮਹਾਰਾਜ ਬਾਰੇ ਪ੍ਰਚਾਰੀ ਜਾ ਰਹੀ ਇਸ ਗੱਲ ਵਿੱਚ ਕੋਈ ਸਚਾਈ ਨਹੀਂ ਹੈ ਕਿ ਆਪ ਜੀ ਨੇ 26 ਸਾਲ 9 ਮਹੀਨੇ ਅਤੇ 13 ਦਿਨ ਭੋਰੇ ਵਿੱਚ ਬੈਠ ਕੇ ਤਪ ਕੀਤਾ ਹੈ। ਚੂੰਕਿ ਇਹੋ ਜਿਹੇ ਤਪ ਕਰਨੇ ਗੁਰੂ ਗਰੰਥ ਸਾਹਿਬ ਜੀ ਦੀ ਜੀਵਨ-ਜਾਚ ਦੇ ਅਨੁਕੂਲ ਨਹੀਂ ਹਨ। ਹਾਂ, ਗੁਰੂ ਸਾਹਿਬ ਆਪਣੇ ਪਰਵਾਰ ਸਹਿਤ ਬਾਬਾ ਬਕਾਲੇ ਵਿਖੇ ਕਾਫ਼ੀ ਸਮਾਂ ਰਹੇ ਹਨ, ਇਸ ਗੱਲ ਵਿੱਚ ਤਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ ਹੈ।
ਜਸਬੀਰ ਸਿੰਘ ਵੈਨਕੂਵਰ




.