.

ਗ੍ਰੰਥ ਸਾਹਿਬ ਦੇ ਨਵੇਂ ਨਾਮ ਦਾ ਸੁਝਾਅ!

(ਇਹ ਲੇਖ ਸ. ਹਰਦੇਵ ਸਿੰਘ ਜੰਮੂ ਜੀ ਦੇ ਮਿਤੀ 29. 06. 2010 ਦੇ ਪੱਤਰ ਵਿੱਚ ਦਿੱਤੇ ਉਹਨਾਂ ਦੇ ਵਿਚਾਰਾਂ ਦੇ ਪ੍ਰਤੀਕਰਮ ਦੇ ਤੌਰ ਤੇ ਭੇਜਿਆ ਗਿਆ ਹੈ। ਕਿਉਂਕਿ ਪੱਤਰ ਵਿੱਚ ਦਿੱਤੇ ਵਿਚਾਰ ਬਹੁਤ ਹੀ ਗੰਭੀਰ ਮਸਲਿਆਂ ਵੱਲ ਇਸ਼ਾਰਾ ਕਰਦੇ ਹਨ, ਪ੍ਰਤੀਕਰਮ ਨੂੰ ਲੇਖ ਦਾ ਰੂਪ ਦੇਣਾ ਪਿਆ। ਪੱਤਰ ਵਿੱਚ ਦਿੱਤੇ ਗਏ ਸਾਰੇ ਵਿਚਾਰਾਂ ਨੂੰ ਦੁਬਾਰਾ ਪਾਠਕਾਂ ਸਾਹਮਣੇ ਰੱਖਦੇ ਹੋਏ ਹਰ ਇੱਕ ਦਾ ਉਤੱਰ ਅਲੱਗ-ਅਲੱਗ ਅਤੇ ਕ੍ਰਮਵਾਰ ਦਿੱਤਾ ਗਿਆ ਹੈ। --- ਲੇਖਕ)

ਵਿਚਾਰ

ਅਸੀਂ ਸਾਰੇ ਬਾਣੀ ਦੇ ਮੌਜੂਦਾ ਬਾਣੀ ਸਵਰੂਪ ਨੂੰ ਗੁਰੂ ਪ੍ਰਵਾਣ ਕਰਦੇ ਇਹ ਸਵੀਕਾਰ ਕਰਦੇ ਹਾਂ ਕਿ ਇਹੀ ਬਾਣੀ (ਮੂੰਦਾਵਣੀ ਤਕ) ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਪਾਸੋਂ ਉਚਾਰੀ ਅਤੇ ਲਿਖੀ ਗਈ ਸੀ।

ਉਤੱਰ

ਇਹ ਠੀਕ ਹੈ ਕਿ ਸਾਰੇ ਸਿੱਖ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਅੱਗੇ ਨਤਮਸਤਕ ਹੁੰਦੇ ਹਨ ਪਰੰਤੂ ਅਗਿਆਨਤਾ ਵੱਸ ਅਸੀਂ ਪੁਸਤਕ ਰੂਪ ਅਤੇ ਸ਼ਬਦ ਗੁਰੂ ਵਿਚਲਾ ਫਰਕ ਨਹੀਂ ਪਛਾਣਦੇ।

ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ 31 ਹੋਰ ਸੰਤਾਂ-ਭਗਤਾਂ ਦੀ ਬਾਣੀ ਵੀ ਸ਼ਾਮਲ ਹੈ ਅਤੇ ਇਸ ਸਮੁੱਚੀ ਰਚਨਾ ਨੂੰ ਗੁਰਬਾਣੀ ਦਾ ਦਰਜਾ ਪਰਾਪਤ ਹੈ ਜਿਸ ਦਾ ਸੰਦੇਸ਼ (ਸ਼ਬਦ ਗੁਰੂ) ਸਿੱਖਾਂ ਦਾ ਗਿਆਰ੍ਹਵਾਂ ਗੁਰੂ ਸਾਹਿਬ ਹੈ। ਮੌਜੂਦਾ ਸਰੂਪ ਪੁਸਤਕ ਰੂਪ ਵੱਲ ਇਸ਼ਾਰਾ ਕਰਦਾ ਹੈ ਜਦ ਕਿ ਬਾਣੀ ਦਾ ਸੰਦੇਸ਼ ਪਰਾਭੌਤਿਕ (metaphysical) ਹੋਣ ਕਰਕੇ ਪੁਸਤਕ ਰੂਪ ਤੋਂ ਪਰ੍ਹੇ ਹੈ।

ਵਿਚਾਰ

ਅਕਾਦਮਿਕ ਪੱਧਰ ਤੇ ਗੁਰਬਾਣੀ ਲਿਖਤਾਂ ਦੇ ਪੁਸਤਕ ਸਵਰੂਪਾਂ ਨੂੰ ਕਰਤਾਰਪੁਰੀ ਬੀੜ, ਜਾਂ ਦਮਦਮੀ ਬੀੜ ਕਿਹਾ ਜਾਂਦਾ ਹੈ।

ਉਤੱਰ

ਕਰਤਾਰਪੁਰੀ ਬੀੜ ਸਿੱਖਾਂ ਦਾ ਕੋਈ ਪ੍ਰਮਾਣਿਕ ਗ੍ਰੰਥ ਨਹੀਂ। ਨਾ ਹੀ ਇਹ ਕੋਈ ਐਸਾ ਪੁਸਤਕ ਰੂਪ ਹੈ ਜੋ ਜਨਤਕ ਤੌਰ ਤੇ ਉਪਲਭਧ ਹੋਵੇ। ਅਸਲ ਵਿੱਚ ਇਹ ਇੱਕ ਨਕਲੀ ਗ੍ਰੰਥ ਹੈ ਜੋ ਕਰਤਾਰਪੁਰ ਦੇ ਸੋਢੀ ਪਰਿਵਾਰ (ਧਰਿ ਮੱਲ ਜੀ ਦੇ ਵੰਸ਼ਜਾਂ) ਵੱਲੋਂ ਧੋਖੇ ਨਾਲ ਸ਼੍ਰੀ ਆਦਿ ਗ੍ਰੰਥ ਦੇ ਨਾਮ ਤੇ ਪਿਛਲੇ ਢਾਈ ਸੌ ਸਾਲ ਦੇ ਅਰਸੇ ਤੋਂ ਪਰਚਾਰਿਆ ਜਾਂਦਾ ਆ ਰਿਹਾ ਹੈ।

ਦਮਦਮੀ ਬੀੜ ਦੱਸਵੇਂ ਗੁਰੁ ਸਾਹਿਬ ਵੱਲੋਂ ਤਿਆਰ ਕਰਵਾਈ ਗਈ ਸੀ। ਪਰੰਤੂ ਇਹ ਬੀੜ ਅਠਾਰ੍ਹਵੀ ਸਦੀ ਵਿੱਚ ਸਿੱਖਾਂ ਨਾਲ ਹੋਏ ਜੰਗਾਂ–ਯੁੱਧਾਂ ਦੌਰਾਨ ਨਸ਼ਟ ਹੋ ਗਈ ਦੱਸੀ ਜਾਂਦੀ ਹੈ।

ਵਿਚਾਰ

ਇਹ ਨਾਮ ਬੀੜਾਂ ਦੇ ਪੁਸਤਕ ਸਵਰੂਪਾਂ ਦੀ ਪਛਾਣ ਲਈ ਵਰਤੇ ਜਾਂਦੇ ਹਨ ਤਾਂ ਕਿ ਇਹ ਪਤਾ ਚਲ ਸਕੇ ਕਿ ਕੋਈ ਲੇਖਕ ਜਾਂ ਖੋਜੀ ਕਿਸ ਪੁਸਤਕ ਸਵਰੂਪ ਦੇ ਹਵਾਲੇ ਪ੍ਰਤੀ ਗਲ ਕਰ ਰਿਹਾ ਹੈ।

ਉਤੱਰ

ਸ਼੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ ਤਾਂ ਪ੍ਰਮਾਣਿਕ ਗ੍ਰੰਥ ਸਨ ਭਾਵੇਂ ਕਿ ਹੁਣ ਇਹ ਦੋਵੇਂ ਸਰੂਪ ਉਪਲਭਧ ਨਹੀਂ। ਕਰਤਾਰਪੁਰੀ ਬੀੜ ਇੱਕ ਨਕਲੀ ਗ੍ਰੰਥ ਹੈ ਅਤੇ ਕੁੱਝ ਲੋਕਾਂ ਵੱਲੋਂ ਅਗਿਆਨਤਾ ਵੱਸ ਇਸ ਗ੍ਰੰਥ ਵਿਚੋਂ ਲਏ ਗਏ ਹਵਾਲਿਆਂ ਕਰਕੇ ਹੀ ਰਾਗਮਾਲਾ ਸਮੇਤ ਕੁੱਝ ਫਾਲਤੂ ਬਾਣੀਆਂ ਅਜੋਕੇ ਸਰੂਪ ਵਿੱਚ ਸ਼ਾਮਲ ਹੋ ਗਈਆਂ ਹਨ।

ਵਿਚਾਰ

ਦਰਅਸਲ ਇਹ ਨਾਮ ਕੇਵਲ ਕਿਸੇ ਜਗ੍ਹਾ ਕਿਸੇ ਬੀੜ ਦੀ ਮੌਜੂਦਗੀ ਕਾਰਨ ਵਰਤੇ ਗਏ ਸੀ ਅਤੇ ਵਰਤੇ ਜਾਂਦੇ ਹਨ।

ਉਤੱਰ

ਦਮਦਮੀ ਬੀੜ ਦਾ ਨਾਮ ਤਾਂ ਇਸ ਦੇ ਤਿਆਰ ਕੀਤੇ ਜਾਣ ਵਾਲੀ ਜਗਹ ਕਰਕੇ ਪਿਆ ਸੀ ਭਾਵੇਂ ਇਹ ਜਗਹ ਅਨੰਦਪੁਰ ਸਾਹਿਬ ਵਾਲਾ ਦਮਦਮਾ ਸੀ ਜਾਂ ਤਲਵੰਡੀ ਸਾਬੋ ਵਾਲਾ।

ਕਰਤਾਰਪੁਰੀ ਬੀੜ ਦਾ ਨਾਮ ਸੋਢੀ ਪਰਿਵਾਰ ਵੱਲੋਂ ਜਗੀਰਾਂ ਅਤੇ ਚੜ੍ਹਾਵੇ ਦੇ ਲਾਲਚ ਹੇਠ ਸ੍ਰੀ ਆਦਿ ਗ੍ਰੰਥ ਦੇ ਨਾਮ ਹੇਠ ਇੱਕ ਜਾਅਲੀ ਬੀੜ ਤਿਆਰ ਕਰਕੇ ਜਲੰਧਰ ਨੇੜੇ ਦੇ ਕਰਤਾਰਪੁਰ ਵਿਖੇ ਰੱਖ ਕੇ ਕਾਰੋਬਾਰ ਕਰਨ ਕਰਕੇ ਪਿਆ ਹੋਇਆ ਹੈ।

ਵਿਚਾਰ

ਗੁਰੂ ਅਰਜਨ ਜੀ ਨੇ ‘ਆਦਿ ਗ੍ਰੰਥ ‘ਵਿੱਚ ਬਾਣੀ ਲਿਖ ਕੇ ਉਸਦਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ।

ਉਤੱਰ

ਸ੍ਰੀ ਗੁਰੁ ਅਰਜਨ ਦੇਵ ਜੀ ਨੇ ਜੋ ਸੰਕਲਨ ਤਿਆਰ ਕਰਵਾਇਆ ਸੀ ਉਸਦਾ ਨਾਮ ਪੋਥੀ ਸਾਹਿਬ ਰਖਿਆ ਗਿਆ। ਬਾਦ ਵਿੱਚ ਇਸ ਨੂੰ ਆਦਿ ਗ੍ਰੰਥ ਕਿਹਾ ਜਾਣ ਲੱਗਾ। ਗੁਰੁ ਜੀ ਨੇ ਸ੍ਰੀ ਆਦਿ ਗ੍ਰੰਥ ਵਿੱਚ ਬਾਣੀ ਲਿਖੀ ਨਹੀਂ ਸੀ ਬਲਕਿ ਭਾਈ ਗੁਰਦਾਸ ਜੀ ਦੇ ਹੱਥੀਂ ਬਾਣੀ ਲਿਖਵਾ ਕੇ ਸ੍ਰੀ ਆਦਿ ਗ੍ਰੰਥ ਤਿਆਰ ਕਰਵਾਇਆ ਸੀ। ਸ੍ਰੀ ਆਦਿ ਗ੍ਰੰਥ (ਜਿਸਦਾ ਪਹਿਲਾ ਨਾਮ ਪੋਥੀ ਸਾਹਿਬ ਸੀ) ਦਾ ਪਰਕਾਸ਼ ਦਰਬਾਰ ਸਾਹਿਬ ਵਿੱਚ ਹੀ ਹੋਇਆ। ਇਹ ਬੀੜ ਕਰਤਾਰਪੁਰ ਕਿਵੇਂ ਅਤੇ ਕਿਉਂ ਪਹੁੰਚੀ ਹੋਵੇਗੀ, ਇਹ ਇੱਕ ਭੇਦ ਹੈ।

ਸ੍ਰੀ ਆਦਿ ਗ੍ਰੰਥ ਤਾਂ 1665 ਈਸਵੀ ਦੇ ਲਗ-ਭਗ ਨਸ਼ਟ ਹੋ ਗਿਆ ਸੀ। ਕਰਤਾਰਪੁਰੀ ਬੀੜ ਉਸ ਨਕਲੀ ਗ੍ਰੰਥ ਦਾ ਨਾਮ ਹੈ ਜੋ ਸੋਢੀ ਨਿਰੰਜਨ ਰਾਇ ਜੀ ਦੇ ਸਮੇਂ 1750 ਈਸਵੀ ਦੇ ਲਗ-ਭਗ ਤਿਆਰ ਕੀਤਾ ਗਿਆ ਅਤੇ ਸ੍ਰੀ ਆਦਿ ਗ੍ਰੰਥ ਦੇ ਨਾਮ ਹੇਠ ਠੇਲ੍ਹਿਆ ਗਿਆ।

ਵਿਚਾਰ

ਇਹ ਬੀੜ ਹਾਲਾਤਾਂ ਕਾਰਣ ਕਰਤਾਰਪੁਰ ਪਹੁੰਚੀ ਇਸ ਦੀ ਪਛਾਣ ਕਰਤਾਰਪੁਰ ਵਾਲੀ ਬੀੜ ਕਹਿ ਕੇ ਕੀਤੀ ਜਾਣ ਲਗੀ।

ਉਤੱਰ

ਇਹ ਸੋਚਣਾ ਬਣਦਾ ਹੈ ਕਿ ਸ੍ਰੀ ਆਦਿ ਗ੍ਰੰਥ ਦੀ ਬੀੜ ਦਾ ਪਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 1604 ਈਸਵੀ ਵਿੱਚ ਕਰਵਾਇਆ ਸੀ ਪਰੰਤੂ ਇਹ ਬੀੜ ਕਿਹੜੇ ਹਾਲਾਤ ਕਰਕੇ ਕਰਤਾਰਪੁਰ ਚਲੀ ਗਈ। ਬਾਬਾ ਬੁੱਢਾ ਜੀ ਲਗ-ਭਗ 25 ਸਾਲ ਦਰਬਾਰ ਸਾਹਿਬ ਵਿੱਚ ਗ੍ਰੰਥੀ ਰਹੇ। ਫਿਰ ਭਾਈ ਗੁਰਦਾਸ ਜੀ ਕਰੀਬ ਪੰਜ ਸਾਲਾਂ ਲਈ ਦਰਬਾਰ ਸਾਹਿਬ ਵਿੱਚ ਗ੍ਰੰਥੀ ਰਹੇ ਦੱਸੇ ਜਾਂਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਜੀ 1635 ਤੋਂ ਲੈ ਕੇ ਜੋਤੀ ਜੋਤ ਸਮਾਉਣ ਦੇ ਸਮੇਂ ਤਕ ਕੀਰਤਪੁਰ ਸਾਹਿਬ ਵਿੱਚ ਹੀ ਰਹੇ। ਧੀਰਮੱਲ ਜੀ ਨੇ 1644 ਈਸਵੀ ਵਿੱਚ ਆਪਣੇ ਛੋਟੇ ਭਰਾ ਹਰ ਰਾਇ ਜੀ ਨੂੰ ਸਤਵੇਂ ਗੁਰੂ ਦੇ ਤੌਰ ਤੇ ਗੁਰਗੱਦੀ ਦਿੱਤੇ ਜਾਣ ਤੋਂ ਨਰਾਜ਼ ਹੋ ਕੇ ਸ੍ਰੀ ਆਦਿ ਗ੍ਰੰਥ ਦੀ ਬੀੜ ਆਪਣੇ ਕਬਜ਼ੇ ਵਿੱਚ ਕਰ ਲਈ ਅਤੇ ਉਸ ਨੂੰ ਕਰਤਾਰਪੁਰ ਲੈ ਆਂਦਾ। ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਇਸ ਬੀੜ ਦੀ ਮੰਗ ਕਰਨ ਤੇ ਵੀ ਜਦ ਧਰਿਮੱਲ ਜੀ ਨੇ ਇਹ ਬੀੜ ਗੁਰੂ ਘਰ ਨੂੰ ਸੌਂਪਣ ਤੋਂ ਨਾਂਹ ਕਰ ਦਿੱਤੀ ਤਾਂ ਸਿੱਖ ਰੋਹ ਵਿੱਚ ਆ ਕੇ ਇਹ ਬੀੜ ਉਸ ਤੋਂ ਖੋਹ ਕੇ ਨੌਵੇਂ ਗੁਰੁ ਜੀ ਪਾਸ ਲੈ ਆਏ। ਪਰੰਤੂ ਨੌਵੇਂ ਗੁਰੂ ਜੀ ਨੇ ਇਹ ਬੀੜ ਲੈਣ ਤੋਂ ਇਸ ਕਰਕੇ ਨਾਂਹ ਕਰ ਦਿੱਤੀ ਕਿ ਇਹ ਜ਼ਬਰਦਸਤੀ ਨਹੀਂ ਲਿਆਉਣੀ ਚਾਹੀਦੀ ਸੀ। ਨਾਲ ਹੀ ਗੁਰੂ ਜੀ ਨੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਇਹ ਬੀੜ ਧੀਰਮੱਲ ਜੀ ਨੂੰ ਵਾਪਸ ਕਰ ਦਿੱਤੀ ਜਾਵੇ। ਇਸ ਉਪਰੰਤ ਸਿੱਖਾਂ ਨੇ ਇਹ ਬੀੜ ਬਿਆਸ ਦਰਿਆ ਦੀ ਰੇਤ ਵਿੱਚ ਦੱਬ ਦਿੱਤੀ ਅਤੇ ਧਰਿਮੱਲ ਜੀ ਨੂੰ ਇਤਲਾਹ ਕਰ ਦਿੱਤੀ ਕਿ ਉਹ ਬੀੜ ਨੂੰ ਲੱਭ ਲਵੇ। ਪਰੰਤੂ ਇਹ ਬੀੜ ਧੀਰਮੱਲ ਜਾਂ ਉਸਦੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਹੱਥ ਨਾ ਆਈ। ਬਹੁਤ ਸਮਾਂ ਪਿੱਛੋਂ ਇਹ ਕਹਾਣੀ ਬਣਾ ਕੇ ਕਿ ਸ੍ਰੀ ਆਦਿ ਗ੍ਰੰਥ ਦੀ ਬੀੜ ਬਿਆਸ ਦਰਿਆ ਵਿੱਚੋਂ ਕਰਾਮਾਤੀ ਢੰਗ ਨਾਲ ਪਰਗਟ ਹੋ ਗਈ ਹੈ ਇੱਕ ਨਕਲੀ ਬੀੜ ਸ੍ਰੀ ਆਦਿ ਗ੍ਰੰਥ ਦੇ ਨਾਮ ਤੇ ਕਰਤਾਰਪੁਰ ਵਿਖੇ ਰੱਖ ਲਈ। ਜੇ ਕਰ ਕੋਈ ਵਿਆਕਤੀ ਉਪਰੋਕਤ ਦੱਸੀ ਕਹਾਣੀ ਤੇ ਵਿਸ਼ਵਾਸ ਨਾ ਵੀ ਕਰਨਾ ਚਾਹੇ ਤਾਂ ਉਹ ਕਰਤਾਰਪੁਰ ਜਾ ਕੇ ਉਥੇ ਸ੍ਰੀ ਆਦਿ ਗ੍ਰੰਥ ਦੇ ਨਾਮ ਹੇਠ ਰੱਖੀ ਬੀੜ ਦਾ ਮੁਆਇਨਾ ਕਰ ਸਕਦਾ ਹੈ। ਹੱਥ ਕੰਗਣ ਨੂੰ ਆਰਸੀ ਕੀ। ਕਿਉਂਕਿ ਸੋਢੀ ਪਰਿਵਾਰ ਵੱਲੋਂ ਕਰਤਾਰਪੁਰੀ ਬੀੜ ਨੂੰ ਜਨਤਕ ਨਹੀਂ ਕੀਤਾ ਜਾਂਦਾ ਇਸ ਗੱਲ ਦਾ ਪਰਤੱਖ ਪਰਮਾਣ ਹੈ ਕਿ ਇਹ ਬੀੜ ਅਸਲੀ ਸ੍ਰੀ ਆਦਿ ਗ੍ਰੰਥ ਨਹੀਂ। ਉਂਜ ਵੀ ਸਿੱਖ ਪੰਥ ਨੂੰ ਹੱਕ ਬਣਦਾ ਹੈ (ਅਤੇ ਇਹ ਉਸਦਾ ਫਰਜ਼ ਵੀ ਬਣਦਾ ਹੈ) ਕਿ ਉਹ ਕਰਤਾਰਪੁਰੀ ਬੀੜ ਦੇ ਭੇਦ ਤੋ ਪਰਦਾ ਹਟਾਉਣ ਦੀ ਮੰਗ ਕਰੇ।

ਵਿਚਾਰ

ਹੁਣ ਜਿਥੋਂ ਤਕ ਪੁਸਤਕ ਸਵਰੂਪ ਨੂੰ ਛੱਡ ‘ਗੁਰਬਾਣੀ’ ਦੀ ਗੱਲ ਹੈ ਤਾਂ ਸਾਡੇ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ‘ਆਦਿ ਗੁਰੁ ਗ੍ਰੰਥ ਸਾਹਿਬ ਜੀ’ ਹੀ ਹੈ।

ਉਤੱਰ

ਇਹ ਚੰਗੀ ਗਲ ਹੈ ਕਿ ਪੁਸਤਕ ਰੂਪ ਅਲੱਗ ਤੌਰ ਤੇ ਕਿਆਸਿਆ ਜਾਵੇ ਅਤੇ ਸ਼ਬਦ ਗੁਰੂ ਭਾਵ ਗੁਰਬਾਣੀ ਦਾ ਸੰਦੇਸ਼ ਅਲੱਗ ਤੌਰ ਤੇ। ਪਰੰਤੂ ਇਹ ਦਲੀਲ ਬਖੇੜਾ ਖੜਾ ਕਰਨ ਵਾਲੀ ਹੈ ਕਿ ਗ੍ਰੰਥ ਸਾਹਿਬ ਨੂੰ ‘ਆਦਿ ਗੁਰੂ ਗ੍ਰੰਥ ਸਾਹਿਬ’ ਕਿਹਾ ਜਾਵੇ। ਅਸੀਂ ਤਾਂ ਪਹਿਲਾਂ ਹੀ ਭੰਬਲਭੂਸੇ ਵਿੱਚ ਪਏ ਹੋਏ ਆਪਣੇ ਧਾਰਮਿਕ ਗ੍ਰੰਥ (ਭਾਵ ਪੁਸਤਕ ਰੂਪ) ਅਤੇ ਸ਼ਬਦ ਗੁਰੂ (ਗੁਰਬਾਣੀ ਦੇ ਸੰਦੇਸ਼) ਵਿੱਚ ਫਰਕ ਨਹੀਂ ਸਮਝਦੇ ਜਿਸ ਕਰਕੇ ਪੁਸਤਕ ਰੂਪ ਨੂੰ ਵੀ ਸ੍ਰੀ “ਗੁਰੁ” ਗੰਥ ਸਾਹਿਬ ਕਰਕੇ ਸੰਬੋਧਨ ਕਰਦੇ ਰਹਿਦੇ ਹਾਂ ਜਦੋਂ ਕਿ ਪੁਸਤਕ ਰੂਪ ਨੂੰ ਕੇਵਲ ਗ੍ਰੰਥ ਸਾਹਿਬ ਕਰਕੇ ਹੀ ਸੰਬੋਧਨ ਕਰਨਾ ਬਣਦਾ ਹੈ। ਹੁਣ ਇੱਕ ਹੋਰ ਸ਼ਬਦ “ਆਦਿ” ਨਾਲ ਜੋੜ ਦੇਣ ਨਾਲ ਸਥਿਤੀ ਹੋਰ ਵੀ ਅਸਪਸ਼ਟ ਹੋ ਜਾਵੇਗੀ।

“ਆਦਿ” ਦਾ ਅਰਥ ਹੈ ਮੁਢੱਲਾ, ਪ੍ਰਾਚੀਨ। ਇਹ ਸ਼ਬਦ ਉਸ ਗ੍ਰੰਥ ਲਈ ਪਰਚਲਤ ਹੋਇਆ ਜੋ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੇ ਹੱਥੀਂ ਲਿਖਵਾ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਸੁਸ਼ੋਭਤ ਕੀਤਾ। ਇਸ ਗ੍ਰੰਥ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ ਪਰੰਤੁ ਸਮਾਂ ਪਾ ਕੇ ਅਤੇ ਅਨੇਕਾਂ ਹੋਰ ਹੱਥ-ਲਿਖਤ ਬੀੜਾਂ ਦੇ ਹੋਂਦ ਵਿੱਚ ਆ ਜਾਣ ਤੇ ਮੁਢੱਲੇ ਅਤੇ ਸਭ ਤੋਂ ਪੁਰਾਣੇ ਗ੍ਰੰਥ ਪੋਥੀ ਸਾਹਿਬ ਦਾ ਨਾਮ ਬਦਲ ਕੇ ਸ੍ਰੀ ਆਦਿ ਗ੍ਰੰਥ ਪਰਚਲਤ ਹੋ ਗਿਆ। ਇਸ ਗ੍ਰੰਥ ਦੀ ਆਪਣੀ ਪਛਾਣ ਹੈ (ਭਾਵੇਂ ਕਾਫੀ ਸਮੇਂ ਤੋਂ ਲੈ ਕੇ ਇਹ ਉਪਲਭਧ ਵੀ ਨਹੀਂ) ਅਤੇ ਇਸ ਦੀ ਦਮਦਮੀ ਬੀੜ ਤੋਂ ਭਿੰਨਤਾ ਵੀ ਕਾਇਮ ਰੱਖੇ ਜਾਣ ਦੀ ਲੋੜ ਹੈ। ਇਸ ਲਈ ਸ਼ਬਦ “ਆਦਿ” ਨੂੰ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਅਜੋਕੀ ਬੀੜ (ਜੋ ਸ੍ਰੀ ਆਦਿ ਗ੍ਰੰਥ ਤੋਂ ਵੀ ਭਿੰਨ ਹੈ ਅਤੇ ਦਮਦਮੀ ਬੀੜ ਤੋਂ ਵੀ) ਨਾਲ ਲਗਾ ਕੇ ਪਰਯੋਗ ਨਹੀ ਕੀਤਾ ਜਾ ਸਕਦਾ ਜਿਵੇਂ ਕਿ ਹਰਦੇਵ ਸਿੰਘ ਜੰਮੂ ਜੀ ਨੇ ਸੁਝਾਇਆ ਹੈ।

ਵਿਚਾਰ

ਸ਼ਾਡੇ ਲਈ ਅਪਣੇ ਗੁਰੂ ਬਾਰੇ ਇਹ ਸੰਬੋਧਨ ਉਚਿਤ ਅਤੇ ਢੁੱਕਵਾਂ ਸੰਬੋਧਨ ਹੈ।

ਉਤੱਰ

ਸਿੱਖਾਂ ਲਈ ਆਪਣੇ ਗਿਆਰ੍ਹਵੇਂ ਗੁਰੂ ਬਾਰੇ ਉਚਿਤ ਅਤੇ ਢੁਕੱਵਾਂ ਸੰਬੋਧਨ ‘ਸ਼ਬਦ ਗੁਰੂ’ ਹੈ ਨਾ ਕਿ ‘ਆਦਿ ਗੁਰੂ ਗ੍ਰੰਥ ਸਾਹਿਬ ਜੀ’। ਪੁਸਤਕ ਰੂਪ ਨੂੰ ਕੇਵਲ ‘ਗ੍ਰੰਥ ਸਾਹਿਬ’ ਕਹਿਕੇ ਸੰਬੋਧਨ ਕਰਨਾ ਹੀ ਠੀਕ ਹੈ।

ਵਿਚਾਰ

ਇਹ ਸੰਬੋਧਨ ਇਸ ਗਲ ਦੀ ਵਿਆਖਿਆ ਕਰਦਾ ਹੈ ਕਿ ਉਹ ‘ਆਦਿ ਗ੍ਰੰਥ’ ਹੀ ਸਾਡਾ ਗੁਰੂ ਹੈ ਜਿਸ ਦੀ ਬਾਣੀ ਦਾ ਸੰਕਲਣ ਅਤੇ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ।

ਉਤੱਰ

ਸੰਕਲਨ ਅਤੇ ਸੰਪਾਦਨ ਕਿਸੇ ਪੁਸਤਕ ਰੂਪ ਦਾ ਕੀਤਾ ਜਾਂਦਾ ਹੈ ਗੁਰੂ ਰੂਪ ਦਾ ਨਹੀਂ। ‘ਸ੍ਰੀ ਆਦਿ ਗ੍ਰੰਥ’ ਜਿਸ ਦਾ ਸੰਕਲਨ ਅਤੇ ਸੰਪਾਦਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਸਿੱਖਾਂ ਦਾ ਗਿਆਰ੍ਹਵਾਂ ਗੁਰੂ ਨਹੀਂ। ਇਸ ਦੇ ਦੋ ਕਾਰਨ ਹਨ।

1. ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਆਦਿ ਗ੍ਰੰਥ’ ਤਿਆਰ ਕਰਵਾਇਆ ਸੀ ਉਸ ਵਕਤ ਹਾਲੇ ਗ੍ਰੰਥ ਨੂੰ ਗੁਰੂ ਕਰ ਕੇ ਚਿਤਵਣ ਦਾ ਸੰਕਲਪ ਹੋਂਦ ਵਿੱਚ ਹੀ ਨਹੀਂ ਸੀ ਆਇਆ। ਇਹ ਸੰਕਲਪ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਉਸ ਵਕਤ ਦਿੱਤਾ ਜਦੋਂ ਉਹਨਾਂ ਨੇ ਗਿਆਰ੍ਹਵੇਂ ਗੁਰੂ ਦੀ ਗੁਰਗੱਦੀ ਸੌਂਪਣ ਵੇਲੇ ਕੋਈੇ ਵਿਅਕਤੀ ਗੁਰੂ ਥਾਪਣ ਦੀ ਬਜਾਏ ਗੁਰਬਾਣੀ ਦੇ ਸੰਦੇਸ਼ ਦੀ ਗੁਰੂ ਦੇ ਤੌਰ ਤੇ ਚੋਣ ਕੀਤੀ।

2. ਗਿਆਰ੍ਹਵੇਂ ਗੁਰੁ ਜੀ ਨੂੰ ਗੁਰਗੱਦੀ ਸੌਂਪਣ ਵੇਲੇ ਜਿਸ ਗ੍ਰੰਥ ਦੀ ਬਾਣੀ ਦਸਵੇਂ ਗੁਰੁ ਜੀ ਦੇ ਸਾਹਮਣੇ ਸੀ ਉਹ ਦਮਦਮੀ ਬੀੜ ਸੀ ਨਾ ਕਿ ਸ੍ਰੀ ਆਦਿ ਗ੍ਰੰਥ।

ਵਿਚਾਰ

ਜਿਸ ਦੀ ਬਾਣੀ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਗੁਰੁ ਤੇਗ ਬਹਾਦਰ ਜੀ ਬਾਣੀ ਦਰਜ ਕੀਤੀ ਸੀ ਅਤੇ ਜਿਸ ਦਾ ਪ੍ਰਚਲਤ/ਪ੍ਰਵਾਣਿਤ ਬਾਣੀ ਸਰੂਪ ਅਜ ਅਸੀਂ ਗੁਰੂ ਵਜੋਂ ਸਵੀਕਾਰਦੇ ਹਾਂ।

ਉਤੱਰ

ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦਾ ਜੋ ਸਰੂਪ ਅਜ ਪਰਚਲਤ ਹੈ ਉਹ ਨਾਂ ਤਾਂ ਸ੍ਰੀ ਆਦਿ ਗ੍ਰੰਥ ਹੈ ਅਤੇ ਨਾ ਹੀ ਦਮਦਮੀ ਬੀੜ। ਗੁਰੂ ਵਜੋਂ ਅਸੀਂ ਗੁਰਬਾਣੀ ਦੇ ਸੰਦੇਸ਼ ਨੂੰ ਸਤਿਕਾਰਦੇ ਹਾਂ ਜਿਸ ਨੂੰ ਸ਼ਬਦ ਗੁਰੂ ਦੇ ਤੌਰ ਤੇ ਸੰਬੋਧਿਤ ਹੁੰਦੇ ਹਾਂ ਅਤੇ ਇਹੀ ਸਾਡਾ ਗਿਆਰ੍ਹਵਾਂ ਗੁਰੂ ਸਾਹਿਬ ਹੈ।

ਵਿਚਾਰ

ਕਰਤਾਰਪੁਰੀ ਬੀੜ ਜਾਂ ਦਮਦਮੀ ਬੀੜ ਸੰਬੋਧਨ ਪੁਸਤਕ ਸਰੂਪਾਂ ਦੀ ਪਛਾਣ ਅਤੇ ਪ੍ਰਮਾਣਿਕਤਾ ਦੇ ਸੰਧਰਭ ਵਿੱਚ ਠੀਕ ਹਨ ਪਰ ਦਸਵੇਂ ਪਾਤਸ਼ਾਹ ਜੀ ਦੀ ਤਾਕੀਦ, ਗੁਰਬਾਣੀ ਅਤੇ ਸਿਧਾਂਤਕ ਪੱਖੋਂ ਇੱਕ ਸ਼ਬਦ ਗੁਰੂ ਦੇ ਸੰਧਰਭ ਵਿੱਚ ਇਨ੍ਹਾਂ ਰਚਨਾਵਾਂ ਦੀ ਬਾਣੀ ਦਾ ਨਾਮ ‘ਆਦਿ ਗੁਰੁ ਗ੍ਰੰਥ ਸਾਹਿਬ ਜੀ’ ਬਣਦਾ ਹੈ। ਸਤਿਕਾਰ ਵਜੋਂ ਅਸੀਂ ਇਸ ਨੂੰ ‘ਸ੍ਰੀ ਆਦਿ ਗੁਰੁ ਗ੍ਰੰਥ ਸਾਹਿਬ’ ਵੀ ਕਹਿ ਸਕਦੇ ਹਾਂ।

ਉਤੱਰ

ਕਰਤਾਰਪੁਰੀ ਬੀੜ ਇੱਕ ਜਾਅਲੀ ਗ੍ਰੰਥ ਹੈ, ਇਹ ਸ੍ਰੀ ਆਦਿ ਗ੍ਰੰਥ ਹੈ ਹੀ ਨਹੀਂ। ਪ੍ਰਮਾਣਿਕਤਾ ਸਬੰਧੀ ਇਸ ਵਿਚੋਂ ਕੋਈ ਹਵਾਲਾ ਦੇਣਾ ਲਾਹੇਵੰਦ ਨਹੀਂ ਹੋ ਸਕਦਾ। ਦਮਦਮੀ ਬੀੜ ਉਪਲਭਧ ਹੀ ਨਹੀਂ। ਇਸ ਵਿਚੋਂ ਕੋਈ ਕੀ ਹਵਾਲਾ ਦੇਵੇਗਾ? ਦੱਸਵੇਂ ਗੁਰੁ ਜੀ ਨੇ ਗੁਰਬਾਣੀ ਦੇ ਸੰਦੇਸ਼ ਨੂੰ ਹੀ ਗੁਰਿਆਈ ਸੌਂਪੀ ਹੈ ਅਤੇ ਇਹ ਸੰਦੇਸ਼ ਜੋ ਜੁਗੋ-ਜੁਗ ਅਟੱਲ ਹੈ ਗ੍ਰੰਥ ਸਾਹਿਬ ਦੇ ਅਜੋਕੇ ਸਰੂਪ ਵਿਚੋਂ ਭਲੀ-ਭਾਂਤ ਉਜਾਗਰ ਹੋ ਜਾਂਦਾ ਹੈ ਭਾਵੇਂ ਕਿ ਅਜੋਕਾ ਪਰਚਲਤ ਸਰੂਪ ਨਾ ਤਾਂ ਸ੍ਰੀ ਆਦਿ ਗ੍ਰੰਥ ਦੇ ਅਨੁਸਾਰੀ ਹੈ ਅਤੇ ਨਾ ਹੀ ਦਮਦਮੀ ਬੀੜ ਦੇ। ਇਸ ਲਈ ਸ਼ਬਦ ਗੁਰੂ ਲਈ “ਆਦਿ” ਸ਼ਬਦ ਦੀ ਵਰਤੋਂ ਬਿਲਕੁਲ ਹੀ ਜਾਇਜ਼ ਨਹੀਂ।

ਨੋਟ:- ਪੱਤਰ ਦੇ ਅਗਲੇ ਹਿੱਸੇ (8 ਸਤਰਾਂ) ਦਾ ਉਤੱਰ ਉਪੱਰ ਹੀ ਆ ਗਿਆ ਹੈ।

ਸ. ਹਰਦੇਵ ਸਿੰਘ ਜੰਮੂ ਜੀ ਦਾ ਆਪਣੇ ਪੱਤਰ ਵਿੱਚ ਦਿੱਤੇ ਵਿਚਾਰਾਂ ਰਾਹੀਂ ਗ੍ਰੰਥ ਸਾਹਿਬ ਦਾ ਨਵਾਂ ਨਾਮ ਸੁਝਾਉਣ ਦਾ ਅਤੇ ਇਸ ਰਾਹੀਂ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਅਤੇ ਸ਼ਬਦ ਗੁਰੂ ਦੇ ਸੰਕਲਪ ਨੂੰ ਰਲ-ਗੱਢ ਕਰੀ ਰੱਖਣ ਦਾ ਅਸਲੀ ਮਨੋਰਥ ਕਰਤਾਰਪੁਰੀ ਬੀੜ ਨੂੰ ਸ੍ਰੀ ਆਦਿ ਗ੍ਰੰਥ ਦੇ ਤੌਰ ਤੇ ਪੇਸ਼ ਅਤੇ ਪੱਕਾ ਕਰਨ ਦਾ ਹੀ ਪਰਤੀਤ ਹੁੰਦਾ ਹੈ। ਅਜਿਹੀ ਕੋਸ਼ਿਸ਼ ਉਹਨਾਂ ਵੱਲੋਂ ਮੈਗਜ਼ੀਨ ‘ਸਿੱਖ ਫੁਲਵਾੜੀ ‘ਦੇ ਜੁਲਾਈ 2010 ਦੇ ਅੰਕ ਵਿੱਚ ਛਪੇ ਉਹਨਾਂ ਦੇ ਇੱਕ ਲੇਖ ਵਿੱਚ ਵੀ ਕੀਤੀ ਗਈ ਮਿਲਦੀ ਹੈ {ਸ. ਹਰਦੇਵ ਸਿੰਘ ਜੰਮੂ ਜੀ ਨੂੰ ਸਨਿਮਰ ਬੇਨਤੀ ਹੈ ਕਿ ੳਹੁ ਸਿੱਖ ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਆਪਣੀ ਇਸ ਪਹੁੰਚ ਉਤੇ ਨਜ਼ਰਿਸਾਨੀ ਕਰਨ ਦੀ ਕਿਰਪਾਲਤਾ ਕਰਨ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਫੋਨ: 09317910734
.