.

ਗੈਰ-ਸਿੱਖਾਂ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਲਈ ਪ੍ਰਾਜੈਕਟ
‘ਸਭਸੈ ਊਪਰਿ ਗੁਰ ਸਬਦੁ ਬੀਚਾਰੁ’
ਸਰਬਜੀਤ ਸਿੰਘ
ਸੰਪਾਦਕ-ਇੰਡੀਆ ਅਵੇਅਰਨੈੱਸ
ਫੋਨ: 9871683322

ਸਿੱਖ, ਆਪਣੀ ਕੌਮ ਦੇ ਸੰਸਥਾਪਕ ਗੁਰੂ ਸਾਹਿਬਾਨ ਦੀ ‘ਮਹਾਨਤਾ’ ਬਾਰੇ ਗੁਰਦੁਆਰਿਆਂ ਦੀਆਂ ਸਟੇਜਾਂ `ਤੇ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਗੁਰੂ ਸਾਹਿਬਾਨ ਦੀ ਸੰਸਾਰਕ ਯਾਤਰਾ, ਦੇਸ਼/ਸਮਾਜ ਨੂੰ ਉਨ੍ਹਾਂ ਦੀ ਦੇਣ, ਉਨ੍ਹਾਂ ਦੀ ਮਹਾਨ ਵਿਚਾਰਧਾਰਾ ਤੇ ਅਸੂਲਾਂ ਬਾਰੇ ਗੈਰ-ਸਿੱਖਾਂ ਨੂੰ ਤਾਂ ਕੀ, ਸਿੱਖਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੰਦੇ। ਨਤੀਜਤਨ, ਸਿੱਖ ਸਮਾਜ ਦੀ ਨਵੀਂ ਪੀੜ੍ਹੀ ਆਪਣੇ ਧਰਮ ਤੇ ਵਿਰਾਸਤ ਤੋਂ ਬਹੁਤ ਦੂਰ ਜਾ ਚੁੱਕੀ ਹੈ ਤੇ ਸਿੱਖੀ ਅਸੂਲਾਂ ਤੇ ਖਿਲਾਫ਼ ਨਸ਼ਿਆਂ, ਚਰਿੱਤਰਹੀਣਤਾ ਤੇ ਕੇਸਾਂ ਦੀ ਬੇਅਬਦੀ ਆਦਿਕ ਵਿਕਾਰਾਂ ਤੋਂ ਪੀੜਤ ਹੈ। ਗੈਰ-ਸਿੱਖਾਂ ਨੂੰ ਸਿੱਖੀ ਅਸੂਲਾਂ ਬਾਰੇ ਕੋਈ ਜਾਣਕਾਰੀ ਨਾ ਹੋਣ ਕਾਰਨ ਸਿੱਖਾਂ ਨੂੰ ਸਿਰਫ਼ ਸਮਾਜ ਵਿੱਚ ਅਤਿ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਬਲਕਿ ਉਨ੍ਹਾਂ ਨੂੰ ਸ਼ੱਕ ਅਤੇ ਮਜ਼ਾਕ ਦੀ ਨਿਗਾਹ ਨਾਲ ਵੀ ਵੇਖਿਆ ਜਾਂਦਾ ਹੈ। ਦੂਜੇ ਪਾਸੇ, ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੀ ਲੋਕਾਂ ਸਾਹਮਣੇ ਵਿਆਖਿਆ ਕਰਕੇ ਸੁਣਾ ਦੇਣ ਵਾਲੇ ਡੇਰੇਦਾਰ ਬਾਬੇ ਆਪਣੀਆਂ ਅਲੱਗ-ਅਲੱਗ ਸੰਪਰਦਾਵਾਂ ਚਲਾਉਣ ਅਤੇ ਲੱਖਾਂ ਲੋਕਾਂ ਨੂੰ ਆਪਣੇ ਮਗਰ ਲਗਾਉਣ ਵਿੱਚ ਕਾਮਯਾਬ ਹੋ ਗਏ ਹਨ।
ਡੇਰੇਦਾਰਾਂ ਦੀ ਤੇਜ਼ੀ ਨਾਲ ਵੱਧ ਰਹੀ ਤਾਕਤ ਬਾਰੇ ਸਿੱਖਾਂ ਵੱਲੋਂ ਕੁੱਝ ਫ਼ਿਕਰ ਤਾਂ ਪ੍ਰਗਟਾਈ ਜਾਂਦੀ ਹੈ ਪਰ ਇਸ ਰੁਝਾਨ ਦਾ ਮੁਕਾਬਲਾ ਕਰਨ ਵਾਸਤੇ ਕੋਈ ਨੀਤੀ ਨਹੀਂ ਘੜੀ ਜਾਂਦੀ। ਸਿੱਖਾਂ ਦਾ ਸਾਰਾ ਜ਼ੋਰ ਗੁਰਦੁਆਰਿਆਂ ਵਿੱਚ ਸੰਗਮਰਮਰ, ਸੋਨੇ ਦੀਆਂ ਪਾਲਕੀਆਂ ਅਤੇ ਏਅਰ-ਕੰਡੀਸ਼ਨਰ ਲਗਾਉਣ; ਅਨਗਿਣਤ ਕੀਰਤਨ ਦਰਬਾਰ ਤੇ ਨਗਰ ਕੀਰਤਨ ਆਯੋਜਿਤ ਕਰਦੇ ਰਹਿਣ, ਢੋਲਕੀਆਂ-ਛੈਣੇ ਕੁੱਟਣ, ਵੱਖ-ਵੱਖ ਢੰਗ-ਤਰੀਕਿਆਂ ਨਾਲ ਵਾਹਿਗੁਰੂ-ਵਾਹਿਗੁਰੂ ਕੂਕਣ ਅਤੇ ਰੰਗ-ਬਿਰੰਗੇ ਲੰਗਰ ਲਗਾ ਕੇ ਰੱਜੇ-ਪੁੱਜੇ ਲੋਕਾਂ ਨੂੰ ਹੋਰ ਰਜਾਉਣ `ਤੇ ਹੀ ਲੱਗਾ ਰਹਿੰਦਾ ਹੈ। ਖ਼ਾਲਸਾ ਸਕੂਲਾਂ ਵਿੱਚ ‘ਡਿਵਨਿਟੀ’ (ਧਰਮ) ਦਾ ਵਿਸ਼ਾ, ਮਾਤਰ ਇੱਕ ਰਸਮ ਰਹਿ ਗਈ ਹੈ ਅਤੇ ਇਸ ਵਿੱਚ ਜਪੁਜੀ ਸਾਹਿਬ ਨੂੰ ਬਿਨ੍ਹਾਂ ਅਰਥ-ਵਿਚਾਰ ਦੇ ਪੜ੍ਹਾਉਣ ਵਿੱਚ ਹੀ ਕਈ ਸਾਲ ਲੰਘਾ ਦਿੱਤੇ ਜਾਂਦੇ ਹਨ। ਕੁੱਝ ਗਿਣਤੀ ਦੇ ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰ ਦੇ ਨਾਂ `ਤੇ ਲਗਾਈਆਂ ਜਾਂਦੀਆਂ ਕਲਾਸਾਂ ਵਿੱਚ ਵੀ ਬੱਚਿਆਂ ਨੂੰ ਗੁਰਮਤਿ ਦੇ ਅਸੂਲਾਂ ਦੀ ਜਾਣਕਾਰੀ (ਬਹੁਤੇ ਮਾਮਲਿਆਂ ਵਿੱਚ ਅਧਿਆਪਕਾਂ ਨੂੰ ਖ਼ੁਦ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਨਹੀਂ ਹੁੰਦੀ) ਦੇਣ ਦੀ ਬਜਾਏ ਉਨ੍ਹਾਂ ਨੂੰ ਵਾਜਾ-ਤਬਲਾ ਸਿਖਾਉਣ, ਜਪੁਜੀ ਸਾਹਿਬ ਜਾਂ ਹੋਰਨਾਂ ਰਚਨਾਵਾਂ ਦਾ ਪਾਠ ਸਿਖਾਉਣ, ਅਰਦਾਸ ਕਰਨੀ ਆਦਿਕ ਰਸਮਾਂ ਵਿੱਚ ਮਾਹਿਰ ਬਣਾਉਣ `ਤੇ ਜ਼ੋਰ ਦਿੱਤਾ ਜਾਂਦਾ ਹੈ। ਪੂਰੇ ਭਾਰਤ, ਬਲਕਿ ਸ਼ਾਇਦ ਪੂਰੀ ਦੁਨੀਆ, ਵਿੱਚ ਵੀ ਅਜਿਹਾ ਕੋਈ ਗੁਰਦੁਆਰਾ ਨਹੀਂ ਹੈ ਜਿਥੋਂ ਗੁਰਮਤਿ ਸਿਧਾਂਤਾਂ ਨੂੰ ਜਾਣਨ ਦਾ ਇਛੁੱਕ ਕੋਈ ਸਿੱਖ ਜਾਂ ਗੈਰ-ਸਿੱਖ ਆਪਣੇ ਸਵਾਲਾਂ, ਆਪਣੀ ਜਿਗਿਆਸਾਵਾਂ ਦੇ ਜਵਾਬ ਪ੍ਰਾਪਤ ਕਰ ਸਕੇ ਜਾਂ ਜਿਥੋਂ ਜਗਿਆਸੂਆਂ ਨੂੰ ਸਿੱਖੀ ਬਾਰੇ ਯੋਜਨਾਬੱਧ (systematic) ਢੰਗ ਨਾਲ ਜਾਣਕਾਰੀ ਦਿੱਤੀ ਜਾਂਦੀ ਹੋਵੇ। ਬਲਕਿ ਸੱਚ ਤਾਂ ਇਹ ਹੈ ਕਿ ਸਿੱਖਾਂ ਨੇ ਸਿੱਖੀ ਪ੍ਰਚਾਰ ਦਾ ਕੋਈ ਸਿਸਟਮ ਹੀ ਵਿਕਸਿਤ ਨਹੀਂ ਕੀਤਾ (ਯਕੀਨ ਨਾ ਹੋਵੇ, ਤਾਂ ਕਿਸੇ ਵੀ ‘ਪ੍ਰਚਾਰਕ’ ਨੂੰ ਇਹ ਸਵਾਲ ਪੁੱਛ ਕੇ ਵੇਖ ਲਵੋ ਕਿ ਕਿਸੇ ਗੈਰ-ਸਿੱਖ ਨੂੰ ਸਿੱਖ ਫਲਸਫਾ ਸਮਝਾਉਣਾ ਹੋਵੇ, ਤਾਂ ਇਸਦੀ ਸ਼ੁਰੂਆਤ ਕਿਥੋਂ ਕੀਤੀ ਜਾਣੀ ਚਾਹੀਦੀ ਹੈ)।
ਦੂਜੇ ਪਾਸੇ, ਲਗਭਗ ਹਰ ਧਰਮ ਦਾ ਪ੍ਰਚਾਰ ਤੰਤਰ ਸਿੱਖਾਂ ਨਾਲੋਂ ਬਿਹਤਰ ਹੈ। ਇਸਾਈਆਂ ਵੱਲੋਂ ਕੀਤੇ ਜਾਂਦੇ ਪ੍ਰਚਾਰ ਬਾਰੇ ਤਾਂ ਕਿਸੇ ਨੂੰ ਕੁੱਝ ਦੱਸਣ ਦੀ ਲੋੜ ਹੀ ਨਹੀਂ। ਇਸਾਈ ਆਪਣੇ ਉੱਚ-ਪੱਧਰੀ ਹਸਪਤਾਲਾਂ, ਸਕੂਲਾਂ, ਕਾਲਜਾਂ ਆਦਿਕ ਰਾਹੀਂ ਤਾਂ ਲੋਕਾਂ `ਤੇ ਪ੍ਰਭਾਵ ਪਾਉਂਦੇ ਹੀ ਹਨ, ਉਹ ਈਸਾ ਮਸੀਹ ਤੇ ਇਸਾਈਅਤ ਦੇ ਅਸੂਲਾਂ ਬਾਰੇ ਦੁਨੀਆ ਦੀ ਲਗਭਗ ਹਰ ਭਾਸ਼ਾ ਵਿੱਚ ਆਪਣੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕਰਦੇ ਹਨ, ਜੋ ਬਹੁਤ ਸਸਤੀਆਂ ਜਾਂ ਬਿਲਕੁਲ ਮੁਫ਼ਤ ਵੰਡੀਆਂ ਜਾਂਦੀਆਂ ਹਨ। ਹਿੰਦੂ ਸਮਾਜ ਵੀ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਵੱਖ-ਵੱਖ ਡੇਰਿਆਂ/ਸੰਸਥਾਵਾਂ/ਪ੍ਰਚਾਰਕਾਂ (ਜਿਵੇਂ ਆਰ. ਐਸ. ਐਸ. , ਵਿਸ਼ਵ ਹਿੰਦੂ ਪਰਿਸ਼ਦ, ਆਰਟ ਆਫ਼ ਲਿਵਿੰਗ, ਆਸਾ ਰਾਮ ਬਾਪੂ ਆਦਿਕ) ਦਾ ਉਪਯੋਗ ਕਰ ਰਿਹਾ ਹੈ। ਸਵਾਮੀ ਰਾਮਦੇਵ ਨੇ ਤਾਂ ਸਰੀਰ ਤੰਦਰੁਸਤ ਕਰਨ (ਯੋਗਾ) ਦੇ ਬਹਾਨੇ ਬ੍ਰਾਹਮਣਵਾਦ ਦਾ ਪ੍ਰਚਾਰ ਅਰੰਭਿਆ ਹੋਇਆ ਹੈ। ਮੁਸਲਿਮ, ਜੈਨੀ, ਬੋਧੀ ਪ੍ਰਚਾਰਕ ਸੰਸਥਾਵਾਂ ਵੀ ਆਪੋ-ਆਪਣੀ ਸਮਰੱਥਾ ਅਨੁਸਾਰ ਆਪਣੇ ਧਰਮ ਦੇ ਅਸੂਲਾਂ/ਸੰਸਥਾਪਕਾਂ ਦੀ ਮਹਾਨਤਾ ਦਾ ਪ੍ਰਚਾਰ ਕਰ ਰਹੀਆਂ ਹਨ। ਇਥੋਂ ਤੱਕ ‘ਬਹਾਈ’ ਨਾਮ ਦੇ ਇੱਕ ਧਰਮ (ਜਿਸਦਾ ਬਹੁਤੇ ਲੋਕਾਂ ਨੇ ਜਿਸ ਧਰਮ ਦਾ ਨਾਂ ਵੀ ਨਹੀਂ ਸੁਣਿਆ ਹੁੰਦਾ), ਜਿਸਦੇ ਪੈਰੋਕਾਰਾਂ ਦੀ ਗਿਣਤੀ ਬਹੁਤ ਹੀ ਘੱਟ ਹੈ, ਨੇ ਵੀ ਭਾਰਤ (ਨਵੀਂ ਦਿੱਲੀ) ਵਿੱਚ ਬਣਾਏ ਗਏ ਆਪਣੇ ਇਕ-ਮਾਤਰ ਮੰਦਰ ਵਿੱਚ ਆਪਣੇ ਧਰਮ ਬਾਰੇ ਮੁਢਲੀ ਜਾਣਕਾਰੀ ਦੇਣ ਵਾਲਾ ਕਿਤਾਬਚਾ ਹਰ ਭਾਰਤੀ ਭਾਸ਼ਾ (ਪੰਜਾਬੀ ਸਮੇਤ) ਵੱਡੀ ਗਿਣਤੀ ਵਿੱਚ ਛਪਵਾਇਆ ਹੋਇਆ ਹੈ, ਜੋ ਇਸ ਕਮਲ ਮੰਦਰ (ਲੋਟਸ ਟੈਂਪਲ) ਦੀ ਬੜੀ ਮਨਮੋਹਕ ਬਿਲਡਿੰਗ ਦੀ ਖਿੱਚ ਤੋਂ ਪ੍ਰਭਾਵ ਹੋ ਕੇ ਆਏ ਸੈਲਾਨੀਆਂ ਨੂੰ ਮੁਫ਼ਤ ਵੰਡਿਆ ਜਾਂਦਾ ਹੈ।
ਸਿੱਖਾਂ ਨੂੰ ਹੋਰਨਾਂ ਧਰਮਾਂ ਦੇ ਮੁਕਾਬਲੇ ਆਪਣੀ ਅਤਿ ਤਰਸਯੋਗ ਤੇ ਅਗਿਆਨਤਾ ਵਾਲੀ ਅਵਸਥਾ ਬਾਰੇ ਜਾਗਰੁਕ ਕਰਨ ਅਤੇ ਗੁਰੂ ਨਾਨਕ ਵਿਚਾਰਧਾਰਾ ਨੂੰ ਖ਼ੁਦ ਅਪਣਾਉਣ ਤੇ ਦੁਨੀਆ ਭਰ ਵਿੱਚ ਪ੍ਰਚਾਰਿਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ‘ਸਿੱਖ ਅਵੇਅਰਨੈੱਸ ਗਰੁੱਪ’ ਨੇ ਮਹੀਨਵਾਰੀ ਰਸਾਲੇ ‘ਇੰਡੀਆ ਅਵੇਅਰਨੈੱਸ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਰਸਾਲੇ ਵਿੱਚ ਸਿੱਖ ਸਮਾਜ ਨੂੰ ਧਾਰਮਕ, ਸਮਾਜਕ ਤੇ ਸਿਆਸੀ ਤੌਰ `ਤੇ ਪ੍ਰਭਾਵਿਤ ਕਰ ਰਹੀਆਂ ਧਿਰਾਂ ਜਿਵੇਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਅਕਾਲੀ ਦਲ ਬਾਦਲ, ਅਕਾਲੀ ਦਲ ਦਿੱਲੀ, ਛੋਟੇ-ਮੋਟੇ ਅਕਾਲੀ ਦਲ, ਵੱਖ-ਵੱਖ ਡੇਰੇਦਾਰਾਂ ਅਤੇ ਅਖੌਤੀ ਪੰਥਕ ਅਖ਼ਬਾਰ ਦੇ ਸੰਪਾਦਕ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਬਾਰੇ ਤੱਥ-ਭਰਪੂਰ ਜਾਣਕਾਰੀ ਦੇ ਕੇ ਸਿੱਖ ਸੰਗਤਾਂ ਨੂੰ ਸਮਝਾਇਆ ਜਾਂਦਾ ਰਿਹਾ ਹੈ ਕਿ ਉਹ ਆਪਣੀ ਕੌਮ ਦੀ ਭਲਾਈ ਵਾਸਤੇ ਉਕਤ ਧਿਰਾਂ `ਤੇ ਨਿਰਭਰ ਨਾ ਰਹਿਣ ਬਲਕਿ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ” ਦੇ ਮਹਾਂਵਾਕ ਅਨੁਸਾਰ ਖ਼ੁਦ ਹੀ ਸਿੱਖੀ ਪ੍ਰਚਾਰ ਕਰਨ ਲਈ ਸਰਗਰਮ ਹੋਣ।
ਪਰ ਵੱਖ-ਵੱਖ ਕਾਰਨਾਂ ਜਾਂ ਕਮੀਆਂ ਕਰਕੇ ਸਿੱਖ ਸੰਸਥਾਵਾਂ ਜਾਂ ਗੁਰਦੁਆਰੇ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਕੰਨੀ ਕਤਰਾਉਂਦੇ ਹਨ। ਸਿੱਖਾਂ ਦੀ ਹਰ ਸੰਸਥਾ, ਜੱਥਾ, ਪਾਰਟੀ, ਡੇਰਾ, ਗੁਰਦੁਆਰਾ ਕਮੇਟੀ ਪੰਥ-ਦਰਦੀ ਹੋਣ ਦਾ ਦਾਅਵਾ ਕਰਦੀ ਹੈ ਅਤੇ ਖ਼ੁਦ ਨੂੰ ਦੂਜਿਆਂ ਨਾਲੋਂ ਵਧੀਆ ਸਿੱਖ ਵਜੋਂ ਪੇਸ਼ ਕਰਦੀ ਹੈ, ਪਰ ਸਿੱਖਾਂ ਜਾਂ ਗੈਰ-ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ (ਗੁਰਮਤਿ ਸਿਧਾਂਤਾਂ) ਦੀ ਸਟੀਕ ਜਾਣਕਾਰੀ ਦੇਣ ਲਈ ਅਮਲੀ ਤੌਰ `ਤੇ ਸਰਗਰਮ ਜਥੇਬੰਦੀਆਂ ਦੀ ਗਿਣਤੀ ਉਂਗਲਾਂ `ਤੇ ਕੀਤੀ ਜਾ ਸਕਦੀ ਹੈ। ਸਿੱਖ ਸੰਸਥਾਵਾਂ ਵੱਲੋਂ ਧਰਮ ਪ੍ਰਚਾਰ ਦੀ ਆਪਣੀ ਅਹਿਮ ਜ਼ਿੰਮੇਵਾਰੀ ਤੋਂ ਕਿਨਾਰਾ ਕਰਕੇ ਸਿਰਫ਼ ਸਸਤੀ ਸ਼ੋਹਰਤ ਖੱਟਣ ਵਾਲੇ ਸਟੰਟ (ਜਿਵੇਂ ਮਹਿੰਗੇ ਬਜਟ ਵਾਲੇ ਕੀਰਤਨ ਦਰਬਾਰ ਆਯੋਜਿਤ ਕਰਵਾਉਣਾ, ਨਗਰ ਕੀਰਤਨਾਂ ਵਿੱਚ ਨਵੀਆਂ-ਨਵੀਆਂ ਵੈਰਾਇਟੀਆਂ ਦੇ ਲੰਗਰ ਲਗਾਉਣਾ, ਗੁਰਦੁਆਰਿਆਂ ਵਿੱਚ ਸੰਗਮਰਮਰ ਜਾਂ ਏ. ਸੀ. ਲਗਾਉਣਾ ਆਦਿਕ) ਕਰਨ ਤੱਕ ਸੀਮਤ ਰਹਿੰਦੇ ਹਨ। ਉਨ੍ਹਾਂ ਨੂੰ ਸਿੱਖਾਂ ਦੇ ਧਾਰਮਕ ਆਗੂਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਅਪਣਾਈਆਂ ਜਾ ਰਹੀਆਂ ਕੌਮਘਾਤੀ ਨੀਤੀਆਂ ਬਾਰੇ ਸਮਝਾਉਣ ਦੇ ਬਾਵਜੂਦ ਉਹ ਕੁੱਝ ਕਰਨ ਲਈ ਤਿਆਰ ਨਹੀਂ ਹੁੰਦੇ ਬਲਕਿ ਕਹਿੰਦੇ ਹਨ ਕਿ “ਸਾਡੀ ਸੰਸਥਾ ਵਿੱਚ ਕੋਈ ਪਾਲਿਟਿਕਸ ਨਹੀਂ ਹੁੰਦੀ” ਜਾਂ ਇਹ ਕਿ “ਜਿਹੜਾ ਗਲਤ ਕੰਮ ਕਰੇਗਾ, ਗੁਰੂ ਸਾਹਿਬ ਖ਼ੁਦ ਉਸ ਨੂੰ ਸਜ਼ਾ ਦੇਣਗੇ - ਅਸੀਂ ਕਿਉਂ ਨਾਮ ਸਿਮਰਨ/ਕੀਰਤਨ ਛੱਡ ਕੇ ਹੋਰਨਾਂ ਉਲਝਣਾਂ ਵਿੱਚ ਪਈਏ! !”
ਇਸਲਈ ਸਿੱਖ ਅਵੇਅਰਨੈੱਸ ਗਰੁੱਪ ਨੇ ਇਸ ਦਿਸ਼ਾ ਵਿੱਚ ਪਹਿਲ ਕਰਦਿਆਂ ‘ਸਭਸੈ ਊਪਰਿ ਗੁਰ ਸਬਦੁ ਬੀਚਾਰੁ’ ਨਾਂ ਦਾ ਸਿੱਖ ਪ੍ਰਚਾਰ ਪ੍ਰਾਜੈਕਟ ਅਰੰਭ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਾਜੈਕਟ ਅਧੀਨ ਗੈਰ-ਸਿੱਖਾਂ ਨੂੰ ਪਹਿਲਾਂ ਕੁੱਝ ਵਿਦੇਸ਼ੀ ਭਾਸ਼ਾਵਾਂ ਜਿਵੇਂ ਫ੍ਰੈਂਚ, ਜਰਮਨ, ਇਟਾਲੀਅਨ, ਸਪੈਨਿਸ਼ ਅਤੇ ਭਾਰਤੀ ਭਾਸ਼ਾਵਾਂ ਜਿਵੇਂ ਤਮਿਲ, ਤੇਲਗੂ, ਕੰਨੜ ਆਦਿ ਭਾਸ਼ਾਵਾਂ ਵਿੱਚ ਸਿੱਖੀ ਅਸੂਲਾਂ ਅਤੇ ਇਤਿਹਾਸ ਬਾਰੇ ਕਿਤਾਬਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸਦੇ ਇਲਾਵਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅਤੇ ਸਰਲ ਸ਼ਬਦਾਵਲੀ ਵਿੱਚ ਉਨ੍ਹਾਂ ਦੇ ਭਾਵ-ਅਰਥ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਪੇਸ਼ ਕਰਨ ਵਾਲੀ ਇੱਕ ਸੀ. ਡੀ. ਤਿਆਰ ਕਰਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵੰਡੀ ਜਾਏਗੀ, ਤਾਂ ਕਿ ਉਹ ਖ਼ੁਦ ਗੁਰਬਾਣੀ ਪੜ੍ਹ ਕੇ ਨਾ ਸਿਰਫ਼ ਆਤਮਕ ਅਨੰਦ ਮਾਣ ਸਕਣ ਬਲਕਿ ਗੁਰਮਤਿ ਦੇ ਉੱਚੇ-ਸੁੱਚੇ ਅਸੂਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਹੋਣ। ਇਸਦੇ ਇਲਾਵਾ ਸਿੱਖੀ ਅਸੂਲਾਂ ਤੇ ਇਤਿਹਾਸ ਬਾਰੇ ਮੁਕੰਮਲ ਜਾਣਕਾਰੀ ਦਿੰਦੀ ਇੱਕ ਵਿਸ਼ੇਸ਼ ਵੈਬਸਾਈਟ ਵੀ ਤਿਆਰ ਕੀਤੀ ਜਾਏਗੀ। ਜਿਹੜੇ ਲੋਕ ਇਸ ਵੈਬਸਾਈਟ `ਤੇ ਪ੍ਰਕਾਸ਼ਿਤ ਸਮੱਗਰੀ ਨੂੰ ਪੜ੍ਹ ਕੇ ਕੋਈ ਸਵਾਲ ਜਾਂ ਸ਼ੰਕਾ ਭੇਜਣਗੇ, ਉਨ੍ਹਾਂ ਦੀਆਂ ਜਗਿਆਸਾਵਾਂ ਦੇ ਉੱਤਰ ਦੇਣ ਲਈ ਵਿਦਵਾਨਾਂ ਦੇ ਵਿਸ਼ੇਸ਼ ਪੈਨਲ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਮੁਹਾਰਤ ਰੱਖਣ ਵਾਲੇ ਅਨੁਵਾਦਕਾਂ ਦੀ ਸਹਾਇਤਾ ਲਈ ਜਾਏਗੀ।
ਇਸ ਪ੍ਰਾਜੈਕਟ ਵਿੱਚ ਉਕਤ ਪੁਸਤਕਾਂ/ ਸੀ. ਡੀਆਂ/ਵੈਬਸਾਈਟਾਂ ਰਾਹੀਂ ਗੈਰ-ਸਿੱਖ ਪਾਠਕਾਂ ਨੂੰ ਗੁਰਮਤਿ ਦੇ ਮੁਢਲੇ ਅਸੂਲਾਂ ਜਿਵੇਂ ਇੱਕ ਨਿਰਾਕਾਰ ਪਰਮਾਤਮਾ ਦੀ ਅਰਾਧਨਾ ਕਰਨਾ; ਮੂਰਤੀ-ਪੂਜਾ, ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਾ ਕਰਨਾ; ਤਪ ਸਾਧਨੇ, ਤੀਰਥਾਂ `ਤੇ ਇਸ਼ਨਾਨ ਕਰਨਾ, ਧਰਮ ਗ੍ਰੰਥਾਂ ਦੇ ਪਾਠ ਤੋਤਿਆਂ ਦੀ ਕਰਨਾ ਆਦਿਕ ਫਿਜ਼ੂਲ ਕਰਮ-ਕਾਂਡ; ਆਤਮਕ ਵਿਕਾਰਾਂ `ਤੇ ਕਾਬੂ ਪਾਉਣਾ; ਪਰਮਾਤਮਾ ਦੇ ਗੁਣਾਂ ਨੂੰ ਹਮੇਸ਼ਾ ਯਾਦ ਰੱਖਣਾ ਆਦਿਕ ਬਾਰੇ ਜਾਣਾਕਰੀ ਇਸ ਸੁਚੱਜੇ ਤੇ ਮਿੱਠੇ ਢੰਗ ਨਾਲ ਪੇਸ਼ ਕੀਤੀ ਜਾਵੇਗੀ ਕਿ ਪਾਠਕ ਨੂੰ ਸਿੱਖ ਧਰਮ ਦੀ ਉੱਚਤਾ, ਵਿਗਿਆਨਕਤਾ ਤੇ ਤਰਕਸ਼ੀਲਤਾ ਵੀ ਸਪਸ਼ਟ ਹੋ ਜਾਏ ਤੇ ਪੁਸਤਕ ਪੜ੍ਹਦਿਆਂ ਉਸ ਨੂੰ ਆਪਣੇ ਧਰਮ ਦਾ ਅਪਮਾਨ ਵੀ ਮਹਿਸੂਸ ਨਾ ਹੋਵੇ (ਤੇ ਬ੍ਰਾਹਮਣਵਾਦੀ ਸੰਸਥਾਵਾਂ ਜਾਂ ਖੁਫੀਆ ਏਜੰਸੀਆਂ ਇਸ ਪ੍ਰਚਾਰ ਮੁਹਿੰਮ ਨੂੰ ਰੋਕਣ ਲਈ ਕੋਈ ਬਹਾਨਾ ਨਾ ਲੱਭ ਸਕਣ)। ਪ੍ਰਚਾਰ-ਸਮੱਗਰੀ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮੌਜੂਦਾ ਸਮੇਂ ਦੇ ਸਿੱਖ ਇਤਿਹਾਸ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਜਾਏਗੀ ਤਾਂਕਿ ਪਾਠਕਾਂ ਨੂੰ ਭਾਰਤੀ ਸਮਾਜ ਪ੍ਰਤੀ ਗੁਰੂ ਸਾਹਿਬਾਨ, ਸਿੱਖ ਜਰਨੈਲਾਂ ਅਤੇ ਆਮ ਸਿੱਖ ਸੰਗਤਾਂ ਦੇ ਯੋਗਦਾਨ ਬਾਰੇ ਪਤਾ ਲੱਗ ਸਕੇ। ਭਾਰਤ ਦੇ ਅਜ਼ਾਦੀ ਅੰਦੋਲਨ ਅਤੇ ਅਜ਼ਾਦ ਭਾਰਤ ਦੇ ਵਿਕਾਸ ਤੇ ਖ਼ੁਦਮੁਖ਼ਤਿਆਰੀ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ। ਪਾਠਕਾਂ ਨੂੰ ਕੇਸਾਂ ਦੀ ਵਿਗਿਆਨਕ ਮਹੱਤਤਾ, ਦਸਤਾਰ ਬੰਨ੍ਹਣ ਦੇ ਲਾਭ, ਲੰਗਰ ਆਦਿਕ ਸਿੱਖ ਧਾਰਮਕ-ਸਮਾਜਕ ਰਸਮਾਂ ਪਿੱਛੇ ਕੰਮ ਕਰਦੇ ਮਹਾਨ ਫਲਸਫੇ ਅਤੇ ਗੁਰਦੁਆਰੇ ਦੀ ਮਰਿਆਦਾ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ। ਇਸ ਸਭ ਦੇ ਇਲਾਵਾ, ਪ੍ਰਚਾਰ-ਸਮੱਗਰੀ ਵਿੱਚ ਸਿੱਖ ਸਮਾਜ ਬਾਰੇ ਪ੍ਰਚਲਿਤ ਕੁੱਝ ਗਲਤ ਧਾਰਨਾਵਾਂ (ਜਿਵੇਂ ਅੰਮ੍ਰਿਤਧਾਰੀ ਸਿੱਖ ਵੱਖਵਾਦੀ ਹੁੰਦੇ ਹਨ, ਕ੍ਰਿਪਾਨ ਜਾਂ ਕੇਸਾਂ ਦੀ ਅਜੋਕੇ ਸਮੇਂ ਕੋਈ ਲੋੜ ਨਹੀਂ, 12 ਵਜੇ ਸਿੱਖਾਂ ਦੇ ਦਿਮਾਗ ਵਿੱਚ ਕੁੱਝ ਤਬਦੀਲੀ ਆ ਜਾਂਦੀ ਹੈ ਆਦਿਕ) ਦਾ ਸਪਸ਼ਟੀਕਰਨ ਵੀ ਦਿੱਤਾ ਜਾਏਗਾ।
ਇਸ ਸਭ ਕਾਰਜ ਦਾ ਵਡੇਰਾ ਮਕਸਦ ਤਾਂ ਗੁਰਮਤਿ ਪ੍ਰਚਾਰ ਹੀ ਹੋਵੇਗਾ, ਪਰ ਇਸ ਨਾਲ ਕਈ ਹੋਰ ਮਸਕਦ ਵੀ ਹੱਲ ਹੋਣਗੇ। ਇਨ੍ਹਾਂ ਵਿੱਚੋਂ ਇੱਕ ਫੌਰੀ ਮਕਸਦ ਤਾਂ ਕਾਮਨਵੈਲਥ ਖੇਡਾਂ ਦੌਰਾਨ ਸਿੱਖੀ ਪ੍ਰਚਾਰ ਦਾ ਹੋਵੇਗਾ। ਗੌਰਲਬਤ ਹੈ ਕਿ ਭਾਰਤ ਸਰਕਾਰ ਵੱਲੋਂ ਦਿੱਲੀ ਵਿੱਚ 1 ਤੋਂ 15 ਅਕਤੂਬਰ ਤੱਕ ਕਾਮਨਵੈਲਥ ਖੇਡਾਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੌਰਾਨ 1 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀਆਂ ਦੇ ਦਿੱਲੀ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਦੌਰਾਨ ਸੈਲਾਨੀਆਂ ਨੂੰ ਵੱਧ ਤੋਂ ਵੱਧ ਹਿੰਦੂਵਾਦ ਵੱਲ ਪ੍ਰੇਰਿਤ ਕਰਨ ਅਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਵਜੋਂ ਪੇਸ਼ ਕਰਨ ਲਈ ਹਿੰਦੂਵਾਦੀ ਸੰਗਠਨਾਂ ਨੇ ਬਹੁਤ ਸਾਲ ਪਹਿਲਾਂ ਹੀ ਯੋਜਨਾਵਾਂ ਬਣਾ ਲਈਆਂ ਸਨ। ਇਸ ਯੋਜਨਾ ਦੇ ਮੁੱਖ ਕੇਂਦਰ ਬਿੰਦੂ ਵਜੋਂ ਦਿੱਲੀ ਵਿੱਚ ਯਮੁਨਾ ਕਿਨਾਰੇ ਕਾਮਨਵੈਲਥ ਖੇਡਾਂ ਦੇ ਮੁੱਖ ਕੰਪਲੈਕਸ ਦੇ ਐਨ ਸਾਹਮਣੇ ਬਹੁਤ ਵੱਡਾ ਅਕਸ਼ਰਧਾਮ ਮੰਦਰ ਬਣਾ ਦਿੱਤਾ ਗਿਆ (ਜਦਕਿ ਸੁਪਰੀਮ ਕੋਰਟ ਦੇ ਹੁਕਮ ਮੁਤਾਬਿਕ ਯਮੁਨਾ ਦੇ ਕਿਨਾਰੇ ਕਿਸੇ ਤਰ੍ਹਾਂ ਦੀ ਨਵੀਂ ਉਸਾਰੀ ਕਰਨਾ ਗੈਰ-ਕਾਨੂੰਨੀ ਹੈ। ਕੁੱਝ ਸਾਲ ਪਹਿਲਾਂ ਦਿੱਲੀ ਦੇ ਇਤਿਹਾਸਕ ਗੁ: ਮਜਨੂੰ ਟਿੱਲਾ ਸਾਹਿਬ ਵਿਖੇ ਉਸਾਰੇ ਗਏ ਕੁੱਝ ਨਵੇਂ ਕਮਰੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਇਸੇ ਅਧਾਰ `ਤੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਦਕਿ ਅਕਸ਼ਰਧਾਮ ਮੰਦਰ ਨੂੰ ਬਣਨ ਤੋਂ ਰੋਕਣ ਜਾਂ ਬਣਨ ਉਪਰੰਤ ਤੋੜਨ ਦੀ ਕਦੀ ਕੋਈ ਕਾਰਵਾਈ ਨਹੀਂ ਹੋਈ। ਖੈਰ, ਭਾਰਤ ਵਿੱਚ ਕਾਨੂੰਨ ਤਾਂ ਸਿਰਫ਼ ਘੱਟ-ਗਿਣਤੀਆਂ ਅਤੇ ਕਮਜ਼ੋਰ ਵਰਗਾਂ ਨੂੰ ਦਬਾ ਕੇ ਰੱਖਣ ਵਾਸਤੇ ਹੀ ਹੁੰਦੇ ਹਨ।) ਖੇਡਾਂ ਦੇਖਣ ਆਏ ਸੈਲਾਨੀ ਕੁਦਰਤੀ ਤੌਰ `ਤੇ ਖੇਡ ਕੰਪਲੈਕਸ ਦੇ ਸਾਹਮਣੇ ਕਾਇਮ ਵਿਸ਼ਾਲ ਮੰਦਰ ਨੂੰ ਵੇਖਣ ਵੀ ਜ਼ਰੂਰ ਆਉਣਗੇ ਅਤੇ ਉਨ੍ਹਾਂ ਨੂੰ ਹਿੰਦੂਵਾਦ ਦੀ ‘ਮਹਾਨਤਾ’ ਬਾਰੇ ਪ੍ਰਭਾਵਿਤ ਕਰਨ ਲਈ ਮੰਦਰ ਪ੍ਰਬੰਧਕਾਂ ਵੱਲੋਂ ਅਤਿ ਆਧੁਨਿਕ ਤਕਨੀਕਾਂ ਅਤੇ ਆਡੀਟੋਰੀਅਮ ਸਥਾਪਿਤ ਕੀਤੇ ਗਏ ਹਨ।
ਦਿੱਲੀ ਸਰਕਾਰ ਵੱਲੋਂ ਕਾਮਨਵੈਲਥ ਖੇਡਾਂ ਵਿੱਚ ਭਾਗ ਲੈਣ ਆਏ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸਰਕਾਰ ਦੇ ਖਰਚੇ `ਤੇ ਦਿੱਲੀ ਦੀ ਸੈਰ ਵੀ ਕਰਵਾਈ ਜਾਏਗੀ, ਜਿਸ ਵਿੱਚ ਚਾਂਦਨੀ ਚੌਕ ਦਾ ਨਾ-ਮਾਲੂਮ ਜਿਹਾ ‘ਲਾਲ ਮੰਦਰ’ ਤੱਕ ਸ਼ਾਮਲ ਕੀਤਾ ਗਿਆ ਹੈ। ਪਰ ਇਸ ਦਿੱਲੀ ਯਾਤਰਾ ਵਿੱਚ ਸ਼ਾਮਲ ਕੀਤੇ ਗਏ ਸਮਾਰਕਾਂ ਵਿੱਚ ਕਿਸੇ ਵੀ ਗੁਰਦੁਆਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸਲਈ ਪਹਿਲਾਂ ਤਾਂ ਖੇਡਾਂ ਦੇ ਸਿਲਸਿਲੇ ਵਿੱਚ ਆਏ ਸੈਲਾਨੀਆਂ ਦਾ ਦਿੱਲੀ ਦੇ ਗੁਰਦੁਆਰਿਆਂ ਵਿੱਚ ਪਹੁੰਚਣਾ ਹੀ ਮੁਸ਼ਕਲ ਹੈ। ਫਿਰ, ਇਹ ਤੱਥ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਦਿੱਲੀ ਕਮੇਟੀ (ਜਾਂ ਸ਼੍ਰੋਮਣੀ ਕਮੇਟੀ) ਦੇ ਪ੍ਰਬੰਧ ਵਾਲੇ ਕਿਸੇ ਇਤਿਹਾਸਕ ਗੁਰਦੁਆਰੇ ਵਿੱਚ ਜਾਣ ਵਾਲੇ ਸੈਲਾਨੀ (ਜਿਸਨੇ ਗੁਰਦੁਆਰੇ ਬਾਰੇ ਆਪਣੇ ਸ੍ਰੋਤਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੋਵੇ) ਨੂੰ ਸਿੱਖੀ ਬਾਰੇ ਜਾਣਕਾਰੀ ਦਿੰਦਾ ਕੋਈ ਕਿਤਾਬਚਾ ਤੱਕ ਨਹੀਂ ਮਿਲਦਾ - ਆਧੁਨਿਕ ਢੰਗ ਨਾਲ ਪ੍ਰਚਾਰ ਤਾਂ ਬੜੇ ਦੂਰ ਦੀ ਗੱਲ ਹੈ। ਹੋਟਲਾਂ/ਟ੍ਰੈਵਲ ਏਜੰਟਾਂ ਦੇ ਗਾਈਡਾਂ ਦੀ ਮਦਦ ਨਾਲ ਗੁਰਦੁਆਰਾ ਵੇਖਣ ਆਏ ਸੈਲਾਨੀਆਂ ਨੂੰ ਬ੍ਰਾਹਮਣਵਾਦੀ ਗਾਈਡਾਂ ਵੱਲੋਂ ਬਹੁਤ ਗੁੰਮਰਾਹ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਗੁ: ਬੰਗਲਾ ਸਾਹਿਬ ਆਏ ਸਿੱਖੀ ਸਿਧਾਂਤਾਂ ਤੋਂ ਅਨਜਾਣ ਸੈਲਾਨੀਆਂ ਨੂੰ ਗਾਈਡ ਇਹ ਕਹਿ ਕੇ ਗੁੰਮਰਾਹ ਕਰਦੇ ਹਨ ਕਿ ਗੁ: ਸਾਹਿਬ ਵਿੱਚ ਕਾਇਮ ਸਰੋਵਰ ਨੂੰ ਸਿੱਖ ‘ਪਵਿੱਤਰ’ ਸਮਝ ਕੇ ਇਸ ਵਿੱਚ ਇਸ਼ਨਾਨ ਕਰਦੇ ਹਨ। ਜਦਕਿ ਸੱਚਾਈ ਇਹ ਹੈ ਕਿ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਰਵਾਇਤ ਦਾ ਮਕਸਦ ਬ੍ਰਾਹਮਣਵਾਦੀ ਜਾਤ-ਪਾਤੀ ਪ੍ਰਣਾਲੀ (ਜਿਸ ਵਿੱਚ ਹਰ ਜਾਤ ਦੇ ਲੋਕਾਂ ਦੇ ਵਰਤਣ ਵਾਸਤੇ ਅਲੱਗ-ਅਲੱਗ ਖੂਹ/ਤਲਾਬ ਤਿਆਰ ਕੀਤੇ ਜਾਂਦੇ ਹਨ) ਖਿਲਾਫ਼ ਬਗਾਵਤ ਕਰਨ ਅਤੇ ਇਸਨੂੰ ਮੰਨਣ ਤੋਂ ਇਨਕਾਰੀ ਹੋਣ ਦਾ ਅਮਲੀ ਸੰਕੇਤ ਹੈ। ਅਜਿਹੇ ਵਿੱਚ ਸਿੱਖ ਅਵੇਅਰਨੈੱਸ ਗਰੁੱਪ ਵੱਲੋਂ ਅੰਗਰੇਜ਼ੀ ਅਤੇ ਹੋਰਨਾਂ ਮੁੱਖ ਵਿਦੇਸ਼ੀ ਭਾਸ਼ਾਵਾਂ ਵਿੱਚ ਤਿਆਰ ਕੀਤੀ ਜਾ ਰਹੀ ਪੁਸਤਕ ਸੈਲਾਨੀਆਂ ਨੂੰ ਸਿੱਖ ਸਿਧਾਂਤ ਅਤੇ ਸਭਿਆਚਾਰ ਨੂੰ ਸਮਝਣ ਵਿੱਚ ਮਦਦ ਕਰੇਗੀ ਅਤੇ ਬ੍ਰਾਹਮਦਵਾਦੀ ਗਾਈਡਾਂ ਵੱਲੋਂ ਸੈਲਾਨੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨੂੰ ਠੱਲ ਪਾਏਗੀ।
ਅਜੋਕੇ ਸਮੇਂ ਵਿੱਚ ਹਿੰਦੀ ਟੀ. ਵੀ. ਚੈਨਲਾਂ `ਤੇ ਸਾਰੇ ਕਿਸ਼ਤਵਾਰ (ਸੀਰੀਅਲ) ਪ੍ਰੋਗਰਾਮ ਦਿਖਾਏ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਿੱਖਾਂ ਦੀ ਪੇਸ਼ਕਾਰੀ ਬਹੁਤ ਹੀ ਗਲਤ ਢੰਗ ਨਾਲ ਕੀਤੀ ਜਾਂਦੀ ਹੈ। ਜਿਵੇਂ ਅੰਮ੍ਰਿਤਧਾਰੀ ਮਾਪਿਆਂ ਦੀ ਲੜਕੀ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਹਿੰਦੂ ਲੜਕੇ ਨਾਲ ਵਿਆਹ ਕਰਵਾਉਂਦੇ ਦਿਖਾਣਾ, ਕੇਸਾਧਾਰੀ ਸਿੱਖਾਂ ਨੂੰ ਜੋਕਰਾਂ ਵਰਗਾ ਬਰਤਾਵ ਕਰਦਿਆਂ ਵਿਖਾਉਣਾ, ਨੌਜੁਆਨਾਂ ਨੂੰ ਦਾੜ੍ਹੀ-ਕਤਰੇ ਜਾਂ ਕਲੀਨ-ਸ਼ੇਵਨ ਰੂਪ ਵਿੱਚ ਵੀ ਆਦਰਸ਼ ਸਿੱਖ ਵਜੋਂ ਪੇਸ਼ ਕਰਨਾ, ਸਿੱਖ ਪਾਤਰਾਂ ਵੱਲੋਂ ਮੰਦਰਾਂ ਵਿੱਚ ਜਾ ਕੇ ਦੇਵੀ-ਦੇਵਤਿਆਂ ਦੀ ਪੂਜਾ ਕਰਨਾ, ਸਿੱਖ ਬੀਬੀਆਂ ਵੱਲੋਂ ਵਰਤ ਰੱਖਣਾ, ਮੰਗਲ-ਸੂਤਰ ਪਹਿਣਨਾ, ਮੰਗ ਵਿੱਚ ਸਿੰਦੂਰ ਲਗਾਉਣਾ ਆਦਿਕ। ਸਿੱਖ ਅਵੇਅਰਨੈੱਸ ਗਰੁੱਪ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਪੁਸਤਕਾਂ ਇਨ੍ਹਾਂ ਧਾਰਨਾਵਾਂ ਦਾ ਖੰਡਨ ਕਰਦਿਆਂ ਸਪਸ਼ਟ ਕਰੇਗੀ ਕਿ ਸਿੱਖ ਇੱਕ ਨਿਵੇਕਲਾ ਤੇ ਬ੍ਰਾਹਮਣਵਾਦੀ ਵਿਚਾਰਧਾਰਾ/ਕਰਮ-ਕਾਂਡਾਂ ਦਾ ਖੰਡਨ ਵਾਲਾ ਧਰਮ ਹੈ।
ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਸਾਰੇ ਡੇਰੇਦਾਰ ਹਨ ਜਿਹੜੇ ਦਿੱਖ ਪੱਖੋਂ ਸਿੱਖ ਪ੍ਰਤੀਤ ਹੁੰਦੇ ਹਨ, ਆਪਣੇ ਪ੍ਰਵਚਨਾਂ ਵਿੱਚ ਗੁਰਬਾਣੀ ਦੀਆਂ ਤੁਕਾਂ ਦੀਆਂ ਮਿਸਾਲਾਂ ਵੀ ਦਿੰਦੇ ਹਨ ਪਰ ਉਨ੍ਹਾਂ ਦਾ ਮਕਸਦ ਸਿੱਖਾਂ ਨੂੰ ਹੌਲੀ-ਹੌਲੀ ਹਿੰਦੂਵਾਦ ਵਿੱਚ ਜਜ਼ਬ ਕਰਨ ਦਾ ਹੁੰਦਾ ਹੈ। ਰਾਧਾ ਸੁਆਮੀ, ਸਿਰਸੇ ਵਾਲਾ ਰਾਮ ਰਹੀਮ, ਆਸ਼ੂਤੋਸ਼, ਪਿਆਰਾ ਸਿੰਘ ਭਨਿਆਰਾ ਆਦਿਕ ਇਨ੍ਹਾਂ ਵਿਚੋਂ ਕੁੱਝ ਜਾਣੇ-ਪਛਾਣੇ ਨਾਮ ਹਨ। ਅਜਿਹੇ ਡੇਰੇਦਾਰ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਆਪਣੇ ਪਿੱਛੇ ਲਗਾ ਪਾਉਂਦੇ ਹਨ, ਜਿਹੜੇ ਗੁਰਮਤਿ ਸਿਧਾਂਤਾਂ ਅਤੇ ਗੁਰਬਾਣੀ ਦੇ ਉਪਦੇਸ਼ਾਂ ਤੋਂ ਅਨਜਾਣ ਹੋਣ ਅਤੇ ਦੁਨਿਆਵੀ ਔਕੜਾਂ ਦਾ ਮੁਕਾਬਲਾ ਕਰਨ ਲਈ ਮਾਨਸਿਕ ਤੌਰ `ਤੇ ਕਮਜ਼ੋਰ (ਅੰਧਵਿਸ਼ਵਾਸੀ) ਹੋਣ - ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਸਮਝਣ, ਗੁਰਬਾਣੀ ਤੋਂ ਆਤਮਕ ਆਨੰਦ ਮਾਨਣ ਵਾਲਾ ਵਿਅਕਤੀ ਕਦੇ ਇਨ੍ਹਾਂ ਡੇਰੇਦਾਰਾਂ ਦਾ ਪਿਛਲੱਗੂ ਨਹੀਂ ਬਣਦਾ। ਇਸਲਈ ਗੁਰਮਤਿ ਅਸੂਲਾਂ ਦੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਲੰਬੇ ਸਮੇਂ ਵਿੱਚ ਡੇਰਾਵਾਦ ਦਾ ਪ੍ਰਭਾਵ ਘਟਾਉਣ ਵਿੱਚ ਵੀ ਸਹਾਈ ਹੋਣਗੀਆਂ। ਇਸਦੇ ਇਲਾਵਾ, ਤਾਂਤਰਿਕਾਂ ਅਤੇ ਡੇਰੇਦਾਰਾਂ ਨੂੰ ਗੈਬੀ ਸ਼ਕਤੀਆਂ ਦਾ ਮਾਲਕ ਸਮਝ ਕੇ ਉਨ੍ਹਾਂ ਦੇ ਪਿਛਲੱਗੂ ਬਣਨ ਅਤੇ ਆਪਣੀ ਜ਼ਿੰਦਗੀ ਖ਼ਰਾਬ ਕਰਨ ਵਾਲੇ ਪਾਠਕ ਵੀ ਗੁਰਮਤਿ ਅਸੂਲਾਂ ਅਤੇ ਰੱਬੀ ਗੁਣਾਂ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਵਧੇਰੇ ਵਿਗਿਆਨਕ, ਤਰਕਸ਼ੀਲ ਅਤੇ ਸੁਖਾਲੀ ਬਣਾਉਣ ਦੀ ਰਾਹ `ਤੇ ਪੈ ਸਕਣਗੇ।
ਇਸ ਸਾਹਿਤ ਰਾਹੀਂ ਸਿੱਖ ਧਰਮ ਦੇ ਸਰਬ-ਮਨੁੱਖਤਾ ਦੀ ਭਲਾਈ ਕਰਨ ਵਾਲੇ ਸਿਧਾਂਤਾਂ/ਰਸਮੋ-ਰਿਵਾਜਾਂ ਦਾ ਜ਼ਿਕਰ ਕਰਕੇ ਗੈਰ-ਸਿੱਖਾਂ ਨੂੰ ਸਿੱਖਾਂ ਦੀ ਅਗਾਂਹਵੱਧੂ, ਮਿਲਨਸਾਰ ਤੇ ਧਰਮ-ਨਿਰਪੱਖ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਏਗਾ। ਸਿੱਖਾਂ ਤੇ ਹੋਰਨਾਂ ਧਰਮਾਂ ਵਿਚਕਾਰ ਸਾਂਝੇ ਨੁਕਤਿਆਂ ਨੂੰ ਪੇਸ਼ ਕੀਤਾ ਜਾਏਗਾ। ਮਿਸਾਲ ਵਜੋਂ, ਹਿੰਦੂ (ਕੱਟੜਪੰਥੀ ਸਵਰਣਾਂ ਨੂੰ ਛੱਡ ਕੇ) ਅਸਾਨੀ ਨਾਲ ਕਿਸੇ ਵੀ ਹੋਰ ਸਭਿਆਚਾਰ ਨੂੰ ਅਪਣਾ ਲੈਂਦੇ ਹਨ ਤੇ ਖ਼ੁਦ ਨੂੰ ਇੱਕ ਸਹਿਣਸ਼ੀਲ ਤੇ ਖੁੱਲੇ ਦਿਲ ਵਾਲੀ ਕੌਮ ਵਜੋਂ ਪ੍ਰਚਾਰਦੇ ਹਨ (ਉਹ ਕਿੰਨੇ ਕੁ ਸਹਿਣਸ਼ੀਲ ਹੁੰਦੇ ਹਨ, ਇਹ ਇੱਕ ਵੱਖਰਾ ਵਿਸ਼ਾ ਹੈ)। ਹੋਰਨਾਂ ਦੇਸ਼ਾਂ/ਸਭਿਆਚਾਰਾਂ ਦੇ ਲੋਕਾਂ ਨਾਲ ਘੁਲ-ਮਿਲ ਜਾਣ ਅਤੇ ਖੁੱਲਦਿਲੀ ਵਾਲੇ ਗੁਣ ਸਿੱਖਾਂ ਵਿੱਚ ਬਹੁਤਾਤ ਵਿੱਚ ਹਨ। ਇਸੇ ਤਰ੍ਹਾਂ, ਸਿੱਖਾਂ ਤੇ ਇਸਲਾਮ ਵਿੱਚ ਵੀ ਕਾਫੀ ਕੁੱਝ ਸਾਂਝਾ ਹੈ। ਦੋਵੇਂ ਧਰਮ ਇੱਕ ਨਿਰਾਕਾਰ ਪਰਮਾਤਮਾ ਦੀ ਅਰਾਧਨਾ ਦਾ ਉਪਦੇਸ਼ ਕਰਦੇ ਹਨ। ਸਿੱਖਾਂ ਅਤੇ ਮੁਸਲਮਾਨਾਂ ਦੀ ਦਿੱਖ (ਖ਼ਾਸਕਰ ਇਰਾਨੀ ਮੁਸਲਮਾਨਾਂ ਦੀ) ਕਾਫੀ ਮਿਲਦੀ-ਜੁਲਦੀ ਹੁੰਦੀ ਹੈ। ਮੁਸਲਮਾਨਾਂ ਦਾ ਨਮਾਜ਼ ਪੜ੍ਹਨ ਦਾ ਢੰਗ ਅਤੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਢੰਗ ਵੀ ਮਿਲਦਾ-ਜੁਲਦਾ ਹੁੰਦਾ ਹੈ। ਬਹੁਤ ਸਾਰੇ ਮੁਸਲਿਮ ਸ਼ਰਧਾਲੂਆਂ ਨੇ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਤੱਕ ਦੀ ਭਰਪੂਰ ਮਦਦ ਕੀਤੀ ਸੀ (ਇਹ ਗੱਲ ਅਲੱਗ ਹੈ ਕਿ ਗੁਰਦੁਆਰਿਆਂ ਦੀਆਂ ਸਟੇਜਾਂ `ਤੇ ਸਿਰਫ਼ ਵਕਤ ਦੇ ਮੁਸਲਿਮ ਹਾਕਮਾਂ ਵੱਲੋਂ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਦੀਆਂ ਸਾਖੀਆਂ ਹੀ ਨਮਕ-ਮਿਰਚ ਲਗਾ ਕੇ ਸੁਣਾਈਆਂ ਜਾਂਦੀਆਂ ਹਨ)। ਇਸਾਈਆਂ ਦੀ ਗੱਲ ਕਰੀਏ ਤਾਂ ਇਸਾਈਆਂ ਦੀ ਤਰ੍ਹਾਂ ਅਸਲ ਸਿੱਖ (ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣਂਮੰਨਣ ਵਾਲੇ) ਵੀ ਕਰਮ-ਕਾਂਡਾਂ ਤੋਂ ਕੋਹਾਂ ਦੂਰ ਰਹਿੰਦੇ ਹਨ। ਇਸਾਈਆਂ ਦੀ ਤਰ੍ਹਾਂ ਸਿੱਖ ਵੀ ਆਪਣੀ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਘੱਟ-ਗਿਣਤੀ ਤਬਕਿਆਂ ਦਾ ਜਬਰੀ ਧਰਮ-ਪਰਿਵਰਤਨ ਕਰਨ ਜਾਂ ਉਨ੍ਹਾਂ ਦਾ ਸ਼ੋਸ਼ਣ ਕਰਨ ਤੋਂ ਪਰਹੇਜ਼ ਕਰਦੇ ਹਨ। ਇਸਾਈਆਂ ਦੀ ਹੀ ਤਰ੍ਹਾਂ ਸਿੱਖ ਕਿਸੇ ਖ਼ਾਸ ਧਾਰਮਕ ਲਿਬਾਸ ਤੱਕ ਸੀਮਤ ਨਹੀਂ ਰਹਿੰਦੇ ਬਲਕਿ ਵਕਤ/ਮੌਸਮ/ਕਿੱਤੇ ਮੁਤਾਬਿਕ ਆਪਣਾ ਪਹਿਰਾਵਾ ਢਾਲ ਲੈਂਦੇ ਹਨ।
ਅਜਿਹੇ ਤੱਥਾਂ ਬਾਰੇ ਚਰਚਾ ਕਰਨ ਅਤੇ ਉਕਤ ਧਰਮਾਂ ਨਾਲ ਸਿੱਖਾਂ ਦੀ ਸਾਂਝ ਬਾਰੇ ਜਾਣਕਾਰੀ ਦੇਣ ਨਾਲ ਇਨ੍ਹਾਂ ਧਰਮਾਂ ਦੇ ਲੋਕਾਂ ਦਾ ਰਵਈਆ ਸਿੱਖਾਂ ਪ੍ਰਤੀ ਦੋਸਤਾਨਾ ਹੋ ਸਕਦਾ ਹੈ। ਇਸ ਨਾਲ ਮੀਡੀਆ/ ਫਿਰਕੂ ਹਿੰਦੂਤਵੀ ਸੰਗਠਨਾਂ ਵੱਲੋਂ ਕੀਤੇ ਜਾਂਦੇ ਸਿੱਖ-ਵਿਰੋਧੀ ਪ੍ਰਚਾਰ ਕਾਰਨ ਸਿੱਖਾਂ ਖਿਲਾਫ਼ ਫੈਲਦੀ ਨਫ਼ਰਤ ਨੂੰ ਵੀ ਕੁੱਝ ਨਾ ਕੁੱਝ ਠੱਲ ਪਏਗੀ, ਜਿਸ ਨਾਲ ਔਕੜ ਵਿੱਚ ਫਸੇ ਸਿੱਖਾਂ ਨੂੰ, ਦੂਜੇ ਧਰਮਾਂ ਦੇ ਲੋਕਾਂ ਤੋਂ ਮਦਦ ਲੈਣ ਵਿੱਚ ਸਹਾਇਤਾ ਮਿਲੇਗੀ।
ਅਜਿਹਾ ਨਹੀਂ ਕਿ ਉੱਪਰ ਲਿਖੇ ਮੁਤਾਬਿਕ ਪੁਸਤਕਾਂ ਵੰਡਣ ਨਾਲ ਕੋਈ ਜਾਦੂਈ ਛੜੀ ਘੁੰਮਣ ਵਰਗਾ ਚਮਤਕਾਰ ਹੋ ਜਾਏਗਾ ਅਤੇ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਖ਼ੁਦ-ਬ-ਖ਼ੁਦ ਦੂਰ ਹੋ ਜਾਣਗੀਆਂ। ਪਰ ਅਜਿਹਾ ਜਰੂਰ ਹੈ ਕਿ ਜੇਕਰ ਮਿੱਥੀ ਵਿਉਂਤ ਮੁਤਾਬਿਕ ਪੜ੍ਹੇ-ਲਿਖੇ, ਵਿਚਾਰਸ਼ੀਲ ਲੋਕਾਂ ਤੱਕ ਵੱਡੀ ਪੱਧਰ `ਤੇ ਉਨ੍ਹਾਂ ਦੀ ਮਾਂ-ਬੋਲੀ ਵਿੱਚ ਸਿੱਖੀ ਪ੍ਰਚਾਰ ਦਾ ਅਜਿਹਾ ਸਾਹਿਤ ਪਹੁੰਚਾਇਆ ਜਾਂਦਾ ਹੈ, ਤਾਂ ਲੰਬੇ ਸਮੇਂ ਦਰਮਿਆਨ, ਹੌਲੀ-ਹੌਲੀ, ਗੈਰ-ਸਿੱਖਾਂ ਦੀ ਸਿੱਖਾਂ ਪ੍ਰਤੀ ਕਾਇਮ ਨਾਂਹ-ਪੱਖੀ ਵਿਚਾਰਧਾਰਾ ਵਿੱਚ ਤਬਦੀਲੀ ਜ਼ਰੂਰ ਆਏਗੀ।
ਇਹ ਵੀ ਸਪਸ਼ਟ ਹੈ ਕਿ ਏਨਾ ਵੱਡਾ ਪ੍ਰਾਜੈਕਟ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਬਲਕਿ ਇਸਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦੇ ਇੱਛੁਕ ਬਹੁਤ ਸਾਰੇ ਗੁਰਸਿੱਖਾਂ ਦੇ ਸਹਿਯੋਗ ਦੀ ਲੋੜ ਹੈ। ਇਸ ਕੜੀ ਵਿੱਚ ਸਭ ਤੋਂ ਪਹਿਲਾਂ ਸਹਿਯੋਗ ਉਨ੍ਹਾਂ ਸੱਜਣਾਂ ਦਾ ਲੋੜੀਂਦਾ ਹੈ, ਜਿਹੜੇ ਪੰਜਾਬੀ (ਜਾਂ ਅੰਗਰੇਜ਼ੀ) ਦੇ ਇਲਾਵਾ ਕਿਸੇ ਹੋਰ ਵਿਦੇਸ਼ੀ ਜਾਂ ਭਾਰਤੀ ਭਾਸ਼ਾ ਵਿੱਚ ਭਰਪੂਰ ਮੁਹਾਰਤ ਰੱਖਦੇ ਹੋਣ। ਅਜਿਹੇ ਸੱਜਣ, ਸੇਵਾ ਵਜੋਂ ਜਾਂ ਢੁਕਵੀਂ ਮਾਇਆ ਬਦਲੇ ਸਿੱਖੀ ਸਿਧਾਂਤ/ਇਤਿਹਾਸ ਬਾਰੇ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਇਨ੍ਹਾਂ ਪੁਸਤਕਾਂ ਦਾ ਸਟੀਕ ਅਨੁਵਾਦ ਕਰ ਦੇਣ, ਤਾਂ ਉਸ ਨਾਲ ਇਸ ਪ੍ਰਾਜੈਕਟ ਦੀ ਬੜੀ ਮਦਦ ਹੋ ਜਾਵੇਗੀ। ਇਸਦੇ ਇਲਾਵਾ, ਪੁਸਤਕਾਂ ਪੜ੍ਹਨ ਵਿੱਚ ਰੁਚੀ ਰੱਖਣ ਵਾਲੇ ਸੱਜਣ ਸਾਨੂੰ ਜਾਣਕਾਰੀ/ਸੁਝਾਅ ਦੇ ਸਕਦੇ ਹਨ ਕਿ ਗਰੁੱਪ ਵੱਲੋਂ ਖ਼ੁਦ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਦੇ ਇਲਾਵਾ, ਸਿੱਖੀ ਬਾਰੇ ਅਜਿਹੀਆਂ ਹੋਰ ਕਿਹੜੀਆਂ ਪੁਸਤਕਾਂ ਪਾਠਕਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਰਾਹੀਂ ਸਿੱਖ ਵਿਚਾਰਧਾਰਾ ਬਾਰੇ ਵਿਸਥਾਰ ਨਾਲ ਜਾਣਨ ਵਾਲੇ ਜਗਿਆਸੂਆਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਬਲਕਿ ਜੇਕਰ ਹੋ ਸਕੇ, ਤਾਂ ਉਨ੍ਹਾਂ ਨੂੰ ਅਜਿਹੀ ਪੁਸਤਕਾਂ ਦੀ ਇਕ-ਇਕ ਪ੍ਰਤੀ ਇੰਡੀਆ ਅਵੇਅਰਨੈੱਸ ਦੇ ਦਫ਼ਤਰ ਵਿੱਚ ਭੇਜਣ ਦੀ ਸੇਵਾ ਹੀ ਕਰ ਦੇਣੀ ਚਾਹੀਦੀ ਹੈ। ਬਹੁਤ ਸਾਰੇ ਲੋਕਾਂ ਨਾਲ ਮੇਲਜੋਲ ਰੱਖਣ ਦੀ ਕਿਰਤ ਕਰਨ ਵਾਲੇ ਸੱਜਣਾਂ ਜਿਵੇਂ ਡ੍ਰਾਈਵਰ, ਗਾਈਡ, ਟ੍ਰੈਵਲ ਏਜੰਟ, ਮਾਰਕੇਟਿੰਗ ਐਗਜ਼ੈਕਟਿਵ ਆਦਿ ਦਾ ਸਹਿਯੋਗ ਵੀ ਬਹੁਮੁੱਲਾ ਹੋਵੇਗਾ ਕਿਉਂਕਿ ਉਹ ਇਨ੍ਹਾਂ ਪੁਸਤਕਾਂ ਨੂੰ ਸੰਜੀਦਾ ਪਾਠਕਾਂ ਤੱਕ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ। ਕਾਲਜਾਂ/ ਯੂਨੀਵਰਸਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਇਹ ਪੁਸਤਕਾਂ ਘਰ-ਘਰ ਪਹੁੰਚਾਉਣ ਵਿੱਚ ਬੜੀ ਮਦਦ ਕਰ ਸਕਦੇ ਹਨ। ਖ਼ਾਸਕਰ, ਕਾਮਨਵੈਲਥ ਖੇਡਾਂ ਦੌਰਾਨ ਤਾਂ ਅਜਿਹੇ ਵਲੰਟੀਅਰਾਂ ਦੀ ਬਹੁਤ ਜ਼ਿਆਦਾ ਲੋੜ ਪਏਗੀ।
ਇਨ੍ਹਾਂ ਸਭਨਾਂ ਦੇ ਇਲਾਵਾ ਮਾਇਕ ਮਦਦ ਕਰਨ ਵਾਲੇ ਸੱਜਣਾਂ ਦੇ ਸਹਿਯੋਗ ਤੇ ਅਹਿਮੀਅਤ ਦਾ ਅੰਦਾਜ਼ਾ ਤਾਂ ਹਰ ਕਿਸੇ ਨੂੰ ਹੋਵੇਗਾ ਹੀ। ਬਿਨ੍ਹਾਂ ਮਾਇਕ ਮਦਦ ਦੇ ਅਜਿਹਾ ਪ੍ਰਾਜੈਕਟ ਵੱਡੀ ਪੱਧਰ `ਤੇ ਨਹੀਂ ਚਲਾਇਆ ਜਾ ਸਕਦਾ, ਹਾਲਾਂਕਿ ਸਿੱਖ ਅਵੇਅਰਨੈੱਸ ਗਰੁੱਪ ਦਾ ਇਹ ਪੱਕਾ ਨਿਸ਼ਚਾ ਹੈ ਕਿ ਮਾਇਕ ਮਦਦ ਨਾ ਮਿਲਣ ਦੀ ਸੂਰਤ ਵਿੱਚ ਵੀ, ਹੌਲੀ-ਹੌਲੀ ਜਾਂ ਛੋਟੀ ਪੱਧਰ `ਤੇ ਹੀ ਸਹੀ, ਗੁਰਬਾਣੀ ਪ੍ਰਚਾਰ ਦੇ ਇਸ ਮਿਸ਼ਨ ਨੂੰ ਅਮਲ ਵਿੱਚ ਜ਼ਰੂਰ ਲਿਆਉਣਾ ਹੈ। ਪਰ ਮਾਇਕ ਸਹਿਯੋਗ ਦੇਣ ਵਾਲੇ ਸੱਜਣਾਂ ਨੂੰ ਇਹ ਧਿਆਨ ਜ਼ਰੂਰ ਰੱਖਣਾ ਹੋਵੇਗਾ ਕਿ ਸਿੱਖ ਅਵੇਅਰਨੈੱਸ ਗਰੁੱਪ ਦੀਆਂ ਨੀਤੀਆਂ ਬੜੀਆਂ ਸਿੱਧੀਆਂ, ਸਪਸ਼ਟ ਤੇ ਪਾਰਦਰਸ਼ੀ
(transparent) ਹੁੰਦੀਆਂ ਹਨ ਅਤੇ ਮਾਇਕ ਮਦਦ ਵਾਸਤੇ ਅਸੀਂ ਕਿਸੇ ਤਰ੍ਹਾਂ ਦੀ ਤਿਕੜਮ ਨਹੀਂ ਲੜਾਉਂਦੇ ਜਾਂ ਕੋਈ ਲਾਲਚ ਨਹੀਂ ਦਿੰਦੇ। ਇਸ ਵਾਸਤੇ ਕੋਈ ਵੀ ਸੱਜਣ ਸ਼ੋਹਰਤ ਖੱਟਣ, ਮਾਇਆ ਦੁਗਣੀ ਕਰਵਾਉਣ; ਕਾਰ, ਫ੍ਰਿਜ ਆਦਿਕ ਦਾ ਇਨਾਮ ਲੈਣ ਜਾਂ ਸਿੱਖ ਅਵੇਅਰਨੈੱਸ ਗਰੁੱਪ ਦੇ ਦਫ਼ਤਰ ਵਿੱਚ ਆਪਣੇ ਨਾਵਾਂ ਦੀਆਂ ਤਖ਼ਤੀਆਂ ਲਗਵਾਉਣ ਆਦਿਕ ਕਿਸੇ ਲਾਭ ਦੀ ਇੱਛਾ ਨਾਲ ਮਾਇਕ ਸੇਵਾ ਕਰਨ ਦੀ ਖੇਚਲ ਨਾ ਕਰੇ। ਸਾਨੂੰ ਸਿਰਫ਼ ਅਜਿਹੇ ਗੁਰਸਿੱਖਾਂ ਦਾ ਸਾਥ ਚਾਹੀਦਾ ਹੈ ਜਿਹੜੇ ਆਪਣੀ ਵਾਹ-ਵਾਹੀ ਕਰਵਾਏ ਬਿਨਾਂ ਜਾਂ ਮਾਇਆ ਦੇ ਢੇਰ ਵਾਪਸ ਪ੍ਰਾਪਤ ਕਰਨ ਦੀ ਮਨਸ਼ਾ ਨਾਲ ਨਹੀਂ ਬਲਕਿ ਸਿੱਖੀ ਪ੍ਰਚਾਰ ਨੂੰ ਆਪਣਾ ਮੁਢਲਾ ਫਰਜ਼ ਤੇ ਗੁਰੂ ਪ੍ਰਤੀ ਦੇਣਦਾਰੀ ਸਮਝ ਕੇ, ਸੰਜੀਦਗੀ ਨਾਲ ਅਜਿਹਾ ਕਰਨ ਲਈ ਤਤਪਰ ਹਰ ਧਿਰ ਦਾ (ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ) ਸਾਥ ਦੇਣ ਲਈ ਤਿਆਰ ਹੋਣ ਅਤੇ ਜਿਨ੍ਹਾਂ `ਤੇ ਕਿਸੇ ਵਿਸ਼ੇਸ਼ ਸੰਸਥਾ ਦੇ ਮੈਂਬਰ ਬਣਨ ਉਪਰੰਤ ਹੋਰਨਾਂ ਜਥੇਬੰਦੀਆਂ ਦੇ ਮੈਂਬਰ ਬਣਨ ਦੀ ਰੋਕ ਨਾ ਲੱਗੀ ਹੋਵੇ (ਜਾਂ ਉਨ੍ਹਾਂ ਵਿੱਚ ਇਸ ਰੋਕ ਦੀ ਪਰਵਾਹ ਨਾ ਕਰਨ ਦੀ ਹਿੰਮਤ ਹੋਵੇ)।
ਸਾਨੂੰ ਇਹ ਗੱਲ ਇਸ ਕਰਕੇ ਕਰਨੀ ਪੈ ਰਹੀ ਹੈ ਕਿਉਂਕਿ ਇੱਕ ਤਾਂ ਮੋਹਾਲੀ ਦੀ ਇੱਕ ਪੰਜਾਬੀ ਅਖ਼ਬਾਰ ਵੱਲੋਂ ਪਹਿਲਾਂ ਹੀ ਉਕਤ ਜ਼ਿਕਰ ਕੀਤੀ ਗਈ ਨੀਤੀ ਅਪਣਾ ਕੇ - ਜਾਂ ਸਿੱਧੇ ਲਫ਼ਜ਼ਾਂ ਵਿੱਚ ਕਹੀਏ ਤਾਂ - ਵਪਾਰ ਨੂੰ ਧਰਮ ਦੀ ਰੰਗਤ ਦੇ ਕੇ ਆਪਣੇ ਬਿਜ਼ਨਸ ਨੂੰ ਵਧਾਇਆ ਜਾ ਰਿਹਾ ਹੈ। ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਸਿੱਖੀ ਪ੍ਰਚਾਰ ਦੇ ਵੱਖ-ਵੱਖ ਪ੍ਰਾਜੈਕਟਾਂ (ਜੋ ਹਾਲਾਂ ਸ਼ੁਰੂ ਹੀ ਨਹੀਂ ਹੋਏ) ਵਾਸਤੇ ਮਾਇਆ ਪਾਰਦਰਸ਼ੀ ਢੰਗ ਨਾਲ ਇਕੱਤਰ ਕਰਨ ਦੀ ਬਜਾਏ ਕਦੇ ਤਾਂ ਸਿੱਖਾਂ ਵੱਲੋਂ ਬਿਲਕੁਲ ਮਾਇਕ ਮਦਦ ਨਾ ਆਉਣ ਦੇ ਤਾਅਨੇ ਮਾਰੇ ਜਾਂਦੇ ਹਨ ਅਤੇ ਕਦੇ ਅਚਾਨਕ ਕਰੋੜਾਂ ਰੁਪਏ ਇਕੱਤਰ ਹੋ ਜਾਣ ਦੇ ਐਲਾਨ ਕਰ ਦਿੱਤੇ ਜਾਂਦੇ ਹਨ। ਇਸਦੇ ਇਲਾਵਾ ਅਲੱਗ-ਅਲੱਗ ਪ੍ਰਾਜੈਕਟਾਂ ਵਾਸਤੇ ਆਉਂਦੀ ਮਾਇਆ ਨੂੰ ਇਕੋਂ ਅਕਾਊਂਟ ਵਿੱਚ ਜਮ੍ਹਾਂ ਕਰਵਾ ਕੇ ਜਵਾਬਦੇਹੀ (ਕਿ ਕਿਸ ਪ੍ਰਾਜੈਕਟ ਵਾਸਤੇ ਕਿੰਨੇ ਪੈਸੇ ਖਰਚ ਕੀਤੇ ਗਏ ਤੇ ਕਿਵੇਂ ਖਰਚ ਕੀਤੇ ਗਏ) ਦੀ ਸੰਭਾਵਨਾ ਹੀ ਖ਼ਤਮ ਕਰ ਦਿੱਤੀ ਗਈ ਹੈ।
ਪਰ ਸਿੱਖ ਅਵੇਅਰਨੈੱਸ ਗਰੁੱਪ ਵੱਲੋਂ ਪ੍ਰਾਜੈਕਟ ‘ਸਭਸੈ ਊਪਰਿ ਗੁਰ ਸਬਦੁ ਬੀਚਾਰੁ’ ਲਈ ਮਾਇਕ ਮਦਦ ਪ੍ਰਾਪਤ ਕਰਨ ਵਾਸਤੇ ਜੋ ਬੈਂਕ ਅਕਾਊਂਟ ਖੋਲ੍ਹਿਆ ਜਾਵੇਗਾ, ਉਸਦੀ ਰਕਮ ਸਿਰਫ਼ ਉਕਤ ਜ਼ਿਕਰ ਕੀਤੀ ਗਈ ਪ੍ਰਚਾਰ-ਸਮੱਗਰੀ ਤਿਆਰ ਕਰਨ ਵਾਸਤੇ ਹੀ ਵਰਤੀ ਜਾਵੇਗੀ - ਕਿਸੇ ਵੀ ਹੋਰ ਮਸਕਦ ਵਾਸਤੇ ਨਹੀਂ। ਅਕਾਊਂਟ ਦਾ ਹਿਸਾਬ-ਕਿਤਾਬ (ਪ੍ਰਾਪਤ ਹੋ ਰਹੀ ਮਾਇਆ ਅਤੇ ਆ ਰਹੇ ਖਰਚੇ) ਬਾਰੇ ਨੇਮਬੱਧ ਮਾਇਕ ਸਹਿਯੋਗ ਦੇਣ ਵਾਲੇ ਹਰ ਸੱਜਣ ਨੂੰ ਲਿਖਤੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਬੈਂਕ ਸਟੇਟਮੈਂਟ ਉਪਲਬਧ ਕਰਵਾ ਦਿੱਤੀ ਜਾਏਗੀ; ਤਾਂ ਜੋ ਕਿਸੇ ਵੀ ਸੱਜਣ ਨੂੰ ਅਜਿਹੀ ਕੋਈ ਸ਼ੰਕਾ ਨਾ ਰਹੇ ਕਿ ਪੰਥ-ਦਰਦੀਆਂ ਵੱਲੋਂ ਪ੍ਰਾਪਤ ਹੋ ਰਹੀ ਮਾਇਆ ਦੀ ਕਿਸੇ ਕਿਸਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਇਸ ਸਾਰੀ ਯੋਜਨਾ ਵਿੱਚ ਇੱਕ ਹੀ ਅੜਚਨ ਹੈ - ‘ਜਾਗ੍ਰਿਤ’ ਅਖਵਾਉਂਦੇ ਸਿੱਖਾਂ ਦੀ ਆਪੋ-ਆਪਣੀ ਢਾਈ ਪਾਅ ਖਿਚੜੀ ਅਲੱਗ-ਅਲੱਗ ਪਕਾਉਣ ਦੀ। ਜਾਗ੍ਰਿਤ ਕਹਿੰਦੇ-ਕਹਾਉਂਦੇ ਬਹੁਤੇ ਸਿੱਖਾਂ ਦੀ ਹਾਲਤ ਵੀ ਅਜਿਹੀ ਹੈ ਕਿ ਉਹ ਮਾੜੀ-ਮਾੜੀ ਗੱਲ `ਤੇ ਇਕ-ਦੂਜੇ ਤੋਂ ਨਰਾਜ਼ ਹੋ ਕੇ ਆਪਣਾ ਅਲਗ ਗੁੱਟ ਤਿਆਰ ਕਰ ਲੈਂਦੇ ਹਨ। ਬਹੁਤੇ ‘ਜਾਗ੍ਰਿਤ’ ਵਿਦਵਾਨ ਜਾਂ ਪ੍ਰਚਾਰਕ ਦੂਜੇ ਕਿਸੇ ਵਿਦਵਾਨ/ਪ੍ਰਚਾਰਕ ਨਾਲ ਸਾਂਝੇ ਕੌਮੀ ਮਿਸ਼ਨ ਵਾਸਤੇ ਵੀ ਰਲ ਕੇ ਚੱਲਣ ਪ੍ਰਤੀ ਸਹਿਮਤ ਨਹੀਂ ਹੁੰਦੇ। ਇਸਦੇ ਇਲਾਵਾ, ਮਾਇਕ ਮਦਦ ਕਰ ਸਕਣ ਵਾਲੇ ਹਰ ਕਥਿਤ ‘ਜਾਗ੍ਰਿਤ’ ਸਿੱਖ ਅੰਦਰ, ਪੰਥਕ ਮੀਡੀਆ ਨੂੰ ਆਪਣੀ ਨਿਜੀ ਸ਼ੋਹਰਤ ਵਾਸਤੇ ਵਰਤਣ ਦੀ ਦਬੀ-ਛੁਪੀ ਭਾਵਨਾ ਜਰੂਰ ਕੰਮ ਕਰ ਰਹੀ ਹੁੰਦੀ ਹੈ। ਇਸਲਈ ਜੇਕਰ ਕਿਸੇ ਕਥਿਤ ‘ਜਾਗ੍ਰਿਤ’ ਤੇ ਸਰਮਾਏਦਾਰ ਵਿਅਕਤੀ ਦਾ ਲੇਖ ਜਾਂ ਬਿਆਨ ਪ੍ਰਕਾਸ਼ਿਤ ਨਾ ਕਰੋ, ਉਸਦੀ ਉਸਤਤਿ ਵਿੱਚ ਲੇਖ ਨਾ ਲਿਖੋ, ਉਸਦਾ ਇੰਟਰਵਿਊ ਨਾ ਛਾਪੋ ਜਾਂ ਉਸਦੇ ਧੜੇ ਨਾਲ ਸਬੰਧਿਤ ਕਿਸੇ ਲੇਖਕ/ਸੰਪਾਦਕ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਦਾ ਜ਼ਿਕਰ ਕਰ ਦੇਵੋ, ਤਾਂ ਅਜਿਹੇ ਸੱਜਣ ਝਟ ਨਰਾਜ਼ ਹੋ ਜਾਂਦੇ ਹਨ ਅਤੇ ਸਾਂਝੇ ਕੌਮੀ ਮਿਸ਼ਨ ਨੂੰ ਲੀਰੋ-ਲੀਰ ਕਰਨ ਵਿੱਚ ਵੀ ਸੰਕੋਚ ਨਹੀਂ ਕਰਦੇ।
ਤੀਜਾ, ਬਹੁਤ ਸਾਰੇ ਲੋਕੀਂ ਮਿਸ਼ਨ ਦੇ ਟੀਚੇ ਅਤੇ ਖੁਫੀਆ ਏਜੰਸੀਆਂ ਦੀ ਸਿੱਖਾਂ ਨੂੰ ਆਪਸ ਵਿੱਚ ਪਾਟੋਧਾੜ ਕਰਵਾ ਕੇ ਫਿਜ਼ੂਲ ਕਾਰਵਾਈਆਂ ਵਿੱਚ ਉਲਝਾਈ ਰੱਖਣ ਦੀਆਂ ਨੀਤੀਆਂ ਨੂੰ ਸਮਝਣ ਦੀ ਬਜਾਏ, ਆਪਣੀਆਂ ਨਿਜੀ ‘ਸਲਾਹਾਂ’ ਜਾਂ ਨੀਤੀਆਂ ਨੂੰ ਹੀ ਹੋਰਨਾਂ ਲੋਕਾਂ `ਤੇ ਥੋਪਣ ਦੀ
(dominate) ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਿਸ ਨਾਲ ਮਿਸ਼ਨ ਲਈ ਕੰਮ ਕਰ ਰਹੇ ਲੋਕਾਂ ਵਿੱਚ ਇਕ-ਦੂਜੇ ਪ੍ਰਤੀ ਕੁੜੱਤਨ ਪੈ ਜਾਂਦੀ ਹੈ ਅਤੇ ਆਪਸੀ ਪਾਟੋਧਾੜ ਕਾਰਨ ਨਤੀਜਾ ਸਿਫ਼ਰ ਨਿਕਲਦਾ ਹੈ। ਪਿਛਲੇ ਦਿਨੀਂ ਪ੍ਰੋ: ਦਰਸ਼ਨ ਸਿੰਘ ਦੀ ਬਚਿੱਤਰ ਨਾਟਕ ਗ੍ਰੰਥ ਵਿਰੋਧੀ ਮੁਹਿੰਮ ਨੂੰ ਵੀ ਕੁੱਝ ਇਸੇ ਤਰੀਕੇ ਠੱਲ ਪਾਈ ਗਈ, ਜਦ ਕੁੱਝ ਲੋਕਾਂ ਨੇ ਜ਼ਬਰਦਸਤੀ ਪ੍ਰੋ: ਦਰਸ਼ਨ ਸਿੰਘ ਤੋਂ ਜਾਪੁ, ਸਵੈਯੇ ਆਦਿਕ ਰਚਨਾਵਾਂ ਦੀ ਵੀ ਖਿਲਾਫ਼ਤ ਕਰਵਾਉਣੀ ਚਾਹੀ। ਪ੍ਰੋ: ਦਰਸ਼ਨ ਸਿੰਘ ਵੱਲੋਂ ਅਜਿਹਾ ਨਾ ਕਰਨ `ਤੇ ਉਨ੍ਹਾਂ ਦੀਆਂ ਢਾਈ ਦਹਾਕੇ ਪਹਿਲਾਂ ਦੀ ਕਾਰਵਾਈ ਦੇ ਅਧਾਰ `ਤੇ ਉਨ੍ਹਾਂ ਨੂੰ ਗੁਰਮਤਿ-ਵਿਰੋਧੀ ਦਰਸਾਉਣ ਦੀ ਮੁਹਿੰਮ ਛੇੜ ਦਿੱਤੀ ਗਈ। ਇਸ ਨਾਲ ਬਚਿੱਤਰ ਨਾਟਕ ਗ੍ਰੰਥ ਦੇ ਵਿਰੋਧੀ ਪ੍ਰੋ: ਦਰਸ਼ਨ ਸਿੰਘ ਦੇ ਪੱਖ ਅਤੇ ਵਿਰੋਧ ਵਿੱਚ ਵੰਡੇ ਗਏ ਅਤੇ ਲਹਿਰ ਆਪਣੇ ਅਸਲ ਮਕਸਦ (ਬਚਿੱਤਰ ਨਾਟਕ ਗ੍ਰੰਥ ਦੀ ਅਸਲੀਅਤ ਬਾਰੇ ਜਾਗ੍ਰਿਤੀ ਲਿਆਉਣ) ਤੋਂ ਥਿੜਕ ਕੇ ਇਕ-ਦੂਜੇ ਲੇਖਕ/ ਵਿਦਵਾਨ ਖਿਲਾਫ਼ ਦੂਸ਼ਣਬਾਜ਼ੀ ਕਰਨ ਦੀ ਦਿਸ਼ਾ ਵਿੱਚ ਭਟਕ ਕੇ ਖ਼ਤਮ ਹੋ ਗਈ।
ਸਿੱਖ ਅਵੇਅਰਨੈੱਸ ਗਰੁੱਪ ਦਾ ਇਹ ਵੀ ਮੰਨਣਾ ਹੈ ਕਿ ਸੰਜੀਦਗੀ ਨਾਲ ਧਰਮ ਪ੍ਰਚਾਰ ਕਰਨ ਲਈ ਕਈ-ਕਈ ਏਕੜ ਜ਼ਮੀਨ `ਤੇ ਦਫ਼ਤਰ ਬਣਾਉਣ ਜਾਂ ਕਰੋੜਾਂ ਰੁਪਇਆਂ ਦੇ ਅਤਿ ਮਹਿੰਗੇ ਪ੍ਰਾਜੈਕਟ ਅਰੰਭਣ ਦੀ ਲੋੜ ਨਹੀਂ। ਕਰੋੜਾਂ ਰੁਪਇਆਂ ਦੀ ਲਾਗਤ ਨਾਲ ‘ਮਨੋਰੰਜਨ ਪਾਰਕਾਂ’ ਵਰਗੇ ਤਜ਼ਵੀਜ਼ਸ਼ੁਦਾ ਅਖੌਤੀ ਸਿੱਖੀ ਪ੍ਰਚਾਰ ਕੇਂਦਰ, ਸਿੱਖ ਫਲਸਫੇ ਦਾ ਪ੍ਰਚਾਰ ਕਰਨ ਦੀ ਬਜਾਏ, ਇਸਦੇ ਪ੍ਰਬੰਧਕਾਂ ਦੀ ਮਾਇਕ ਆਮਦਨੀ ਦਾ ਸਾਧਨ ਹੀ ਬਣ ਸਕਦੇ ਹਨ। ਫਿਰ, ਅਸਲ ਪ੍ਰਚਾਰ ਉਹ ਹੁੰਦਾ ਹੈ ਜਿਸ ਵਿੱਚ ਪ੍ਰਚਾਰਕ ਸ੍ਰੋਤਿਆਂ ਕੋਲ ਪਹੁੰਚੇ - ਨਾਕਿ ਸ੍ਰੋਤੇ ਜਾਂ ਜਗਿਆਸੂ ਪ੍ਰਚਾਰਕ ਕੋਲ ਪਹੁੰਚਣ (ਗੁਰੂ ਨਾਨਕ ਸਾਹਿਬ ਵੀ ਖ਼ੁਦ ਚੱਲ ਕੇ ਉਨ੍ਹਾਂ ਥਾਵਾਂ `ਤੇ ਪੁਜਦੇ ਅਤੇ ਗਿਆਨ ਵੰਡਦੇ ਸਨ, ਜਿਥੇ ਸਭ ਤੋਂ ਜ਼ਿਆਦਾ ਅਗਿਆਨਤਾ ਸੀ - ਉਨ੍ਹਾਂ ਕਈ ਏਕੜ ਜ਼ਮੀਨ ਵਾਲਾ ਕੋਈ ਵੱਡਾ ਕੇਂਦਰ ਬਣਾ ਕੇ ਅਗਿਆਨੀਆਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਨਹੀਂ ਦਿੱਤਾ ਸੀ)। ਸਿੱਖਾਂ ਦੇ ਗੁਰਦੁਆਰੇ ਵੀ ਇਸੇ ਵਾਸਤੇ ਪ੍ਰਚਾਰ ਕੇਂਦਰ ਨਹੀਂ ਬਣ ਸਕੇ ਕਿਉਂਕਿ ਇਨ੍ਹਾਂ ਵਿੱਚ ਕਾਰਜਰਤ ਗ੍ਰੰਥੀ ਮਾਤਰ ਇੱਕ ਪੁਜਾਰੀ ਵਜੋਂ ਗੁਰਦੁਆਰੇ ਆਉਣ ਵਾਲੇ ਵਿਅਕਤੀ ਸਾਹਮਣੇ ਪਾਠ, ਕੀਰਤਨ, ਅਰਦਾਸ ਆਦਿਕ ਰਸਮਾਂ ਪੂਰੀਆਂ ਕਰ ਦਿੰਦੇ ਹਨ। ਪਰ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਕਿ ਗੁਰਦੁਆਰੇ ਅਧੀਨ ਆਉਂਦੇ ਇਲਾਕੇ/ਪਿੰਡ ਵਿੱਚ ਕਿੰਨੇ ਕੁ ਸਿੱਖ ਸਿੱਖੀ ਆਦਰਸ਼ਾਂ ਨੂੰ ਤਿਲਾਂਜਲੀ ਦੇ ਕੇ ਨਸ਼ੇ ਕਰ ਰਹੇ ਹਨ, ਕੇਸਾਂ ਦੀ ਬੇਦਅਬੀ ਕਰ ਰਹੇ ਹਨ, ਡੇਰੇਦਾਰ ਸਾਧਾਂ ਦੇ ਪਿਛਲੱਗ ਬਣ ਰਹੇ ਹਨ ਜਾਂ ਬ੍ਰਾਹਮਣਵਾਦੀ ਰਸਮੋ-ਰਿਵਾਜਾਂ ਨੂੰ ਅਪਣਾ ਰਹੇ ਹਨ।
ਇਸਲਈ ਪੁਸਤਕਾਂ, ਸੀ. ਡੀਆਂ ਆਦਿਕ ਸਾਧਨਾਂ ਰਾਹੀਂ ਗੈਰ-ਸਿੱਖ ਜਗਿਆਸੂਆਂ ਤੱਕ ਖ਼ੁਦ ਪਹੁੰਚ ਕਰਕੇ ਹੀ ਸਿੱਖੀ ਪ੍ਰਚਾਰ ਦੀ ਕੋਈ ਆਸ ਕੀਤੀ ਜਾ ਸਕਦੀ ਹੈ। ਇਸ ਮਕਦਸ ਲਈ ਪ੍ਰਾਜੈਕਟ ਵਿੱਚ ਵੱਧ ਤੋਂ ਵੱਧ ਸਰਗਰਮ ਵਲੰਟੀਅਰ/ਪ੍ਰਚਾਰਕ ਸ਼ਾਮਲ ਕਰਨ ਵਾਸਤੇ ‘ਸਭਸੈ ਊਪਰਿ ਗੁਰ ਸਬਦੁ ਬੀਚਾਰੁ’ ਵਿੱਚ ਕਿਸੇ ਵੀ ਕਿਸਮ ਦਾ ਯੋਗਦਾਨ ਪਾਉਣ ਦੇ ਇਛੁੱਕ ਪੰਥ-ਦਰਦੀਆਂ ਤੋਂ ਕੋਈ ਮੈਂਬਰਸ਼ਿਪ ਫੀਸ ਨਹੀਂ ਲਈ ਜਾਏਗੀ। ਬਲਕਿ ਇਸ ਪ੍ਰਾਜੈਕਟ ਵਿੱਚ ਹਿੱਸਾ ਪਾਉਣ ਵਾਸਤੇ ਕਿਸੇ ਰਸਮੀ ਮੈਂਬਰਸ਼ਿਪ ਦੀ ਲੋੜ ਹੀ ਨਹੀਂ ਹੋਵੇਗੀ - ਕੋਈ ਵੀ ਸੱਜਣ ਆਪਣੀ ਯੋਗਤਾ, ਸਮਰੱਥਾ ਤੇ ਇੱਛਾ ਮੁਤਾਬਿਕ ਜੋ ਸਹਿਯੋਗ ਦੇਣਾ ਚਾਹੇਗਾ, ਉਸਦਾ ਸਵਾਗਤ ਹੋਵੇਗਾ। ਹਾਂ ਏਨਾ ਜ਼ਰੂਰ ਹੈ ਕਿ ਖੁਫੀਆ ਏਜੰਸੀਆਂ ਅਤੇ ਸਿੱਖ-ਵਿਰੋਧੀ ਸੰਗਠਨਾਂ ਦੇ ਏਜੰਟਾਂ ਵੱਲੋਂ ਕਿਸੇ ਕਿਸਮ ਦੀ ਸਾਜਿਸ਼ ਨੂੰ ਅੰਜਾਮ ਦੇਣ (ਜਿਵੇਂ ਪ੍ਰੋ: ਦਰਸ਼ਨ ਸਿੰਘ ਦੇ ਮਾਮਲੇ ਵਿੱਚ ਹੋਇਆ, ਬਲਕਿ ਸਿੱਖਾਂ ਦੀ ਹਰ ਮੁਹਿੰਮ/ਲਹਿਰ ਦੇ ਮਾਮਲੇ ਵਿੱਚ ਹੁੰਦਾ ਆ ਰਿਹਾ ਹੈ) ਤੋਂ ਰੋਕਣ ਲਈ ਲਹਿਰ ਨੂੰ ਗੁੰਮਰਾਹ ਕਰਨ ਦਾ ਜਤਨ ਕਰਨ ਵਾਲਿਆਂ ਦਾ ਅਗਾਊਂ ਪੂਰਾ ਬੰਦੋਬਸਤ ਕੀਤਾ ਜਾਵੇਗਾ, ਜਿਸ ਨਾਲ ਉਹ ਆਪਣੇ ਨਾਪਾਕ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ।)
ਇਕ ਵਾਰ ਇਸ ਮਿਸ਼ਨ ਨੇ ਆਪਣੇ ਅਰੰਭਕ ਪੜਾਅ ਨੂੰ ਪੂਰਾ ਕਰ ਲਿਆ (ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਪੁਸਤਕਾਂ/ਸੀ. ਡੀਆਂ/ਵੈਬਸਾਈਟ) ਤਿਆਰ ਹੋ ਗਈਆਂ, ਤਾਂ ਫਿਰ ਇਸ ਲਹਿਰ ਅਧੀਨ ਪ੍ਰਚਾਰ ਹਮੇਸ਼ਾ ਹੀ ਚਲਦਾ ਰਹੇਗਾ। ਹਾਂ, ਏਨਾ ਜ਼ਰੂਰ ਹੈ ਕਿ ਮਾਇਕ ਮਦਦ ਦੇ ਸਤਰ ਅਨੁਸਾਰ ਪ੍ਰਾਜੈਕਟ ਵਿੱਚ ਵਕਤੀ ਤੌਰ `ਤੇ ਤੇਜ਼ੀ ਜਾਂ ਢਿੱਲ ਆ ਜਾਵੇ। ਪਰ ਮਾਇਕ ਔਕੜਾਂ ਸਮੁੱਚੀ ਇਨਸਾਨੀਅਤ ਨੂੰ ਗੁਰੂ ਨਾਨਕ ਦੀ ਮਹਾਨ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਦੇ ਸਾਡੇ ਮਿਸ਼ਨ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਪਾਉਣ ਵਿੱਚ ਸਫਲ ਹੋਣਗੀਆਂ, ਅਜਿਹਾ ਸਾਨੂੰ ਨਹੀਂ ਜਾਪਦਾ ਕਿਉਂਕਿ ਇਮਾਨਦਾਰੀ, ਪਾਰਦਰਸ਼ਿਤਾ ਅਤੇ ਸੱਚੇ ਮਕਸਦ ਦੀ ਪੂਰਤੀ ਵਾਸਤੇ ਛੇੜੀ ਗਈ ਇਸ ਮੁਹਿੰਮ ਵਿੱਚ ਸਾਨੂੰ ਸਿੱਖਾਂ ਦੇ ਇਲਾਵਾ ਗੈਰ-ਸਿੱਖਾਂ ਦਾ ਸਮਰਥਨ ਮਿਲਣ ਦੀ ਪੂਰੀ ਸੰਭਾਵਨਾ ਹੈ। ਪਰ ਇਹ ਵੀ ਸੱਚ ਹੈ ਕਿ ਉੱਪਰ ਏਨੇ ਵਿਸਥਾਰ ਵਿੱਚ ਜ਼ਿਕਰ ਕੀਤੀਆਂ ਗਈਆਂ ਗੱਲਾਂ ਸਿਰਫ਼ ਯੋਜਨਾਵਾਂ ਹਨ - ਇਨ੍ਹਾਂ `ਤੇ ਅਮਲ ਤਾਂ ਉਸ ਨਿਰਾਕਾਰ ਪਰਮਾਤਮਾ ਦੀ ਬਖਸ਼ਿਸ਼ ਸਦਕਾ ਹੀ ਹੋ ਸਕੇਗਾ। ਵੇਖਣਾ ਹੁਣ ਇਹ ਹੈ ਕਿ ਗੁਰੂ ਨਾਨਕ ਦੀ ਬਜਾਏ ਆਪੋ-ਆਪਣੇ ਧੜਿਆਂ/ਆਗੂਆਂ/ਪ੍ਰਚਾਰਕਾਂ/ਸੰਪਾਦਕਾਂ ਦੇ ਵਫ਼ਾਦਾਰ ਬਣ ਚੁੱਕੇ ਸਿੱਖ ਇਸ ਪ੍ਰਾਜੈਕਟ ਪ੍ਰਤੀ ਕੀ ਰਵਈਆ ਅਪਣਾਉਂਦੇ ਹਨ।




.