.

“ਅਨਦਿਨੁ ਕੀਰਤਨੁ ਸਦਾ ਕਰਹਿ” (ਪ: ੫੯੩)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਪੰਥ ਦੀ ਅਜੋਕੀ ਤ੍ਰਾਸਦੀ” -ਇਸ ਨੂੰ ਪੰਥ ਦੀ ਤ੍ਰਾਸਦੀ ਹੀ ਕਹਿਣਾ ਪਵੇਗਾ ਜੋ ਕਿ ਅੱਜ ਪੰਥਕ ਤੌਰ `ਤੇ ਗੁਰਬਾਣੀ ਵਿਚਲੇ ਵੱਡਮੁੱਲੇ ਲਫ਼ਜ਼ ਕੀਰਤਨ ਦਾ ਅਰਥ, ਸੀਮਿਤ ਹੋ ਕੇ ਕੇਵਲ ਸਾਜ਼ਾਂ ਰਾਹੀਂ ਸ਼ਬਦ ਗਾਇਣ ਕਰਣਾ ਹੀ ਰਹਿ ਚੁੱਕਾ ਹੈ। ਸ਼ੱਕ ਨਹੀਂ, ਗੁਰਬਾਣੀ `ਚ ਕੀਰਤਨ ਦੀ ਵੱਡੀ ਮਹਾਣਤਾ ਬਿਆਣੀ ਹੈ। ਇਹ ਵੀ ਸੱਚ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਕੀਰਤਨ ਲਫ਼ਜ਼ ਘੱਟ ਤੋਂ ਘੱਟ ਆਪਣੇ ਮੂਲ ਰੂਪ `ਚ ਪਚਾਣਵੇਂ ਵਾਰੀ, ਬਲਕਿ ਇਹ ਲਫ਼ਜ਼ ਕੁੱਝ ਹੋਰ ਰੂਪਾਂ `ਚ ਵੀ ਆਇਆ ਹੈ ਜਿਵੇਂ ‘ਕੀਰਤਨੀਆ’ ਆਦਿ। ਇਸ ਦੇ ਬਾਵਜੂਦ ਗੁਰਬਾਣੀ `ਚ ਕਿਸੇ ਇੱਕ ਜਗ੍ਹਾ `ਤੇ ਵੀ ਅਜਿਹੀ ਸੇਧ ਜਾਂ ਹਿਦਾਇਤ ਨਹੀਂ ਜਿੱਥੇ ਕਿ ਕੀਰਤਨ ਦਾ ਅਰਥ ਹੀ ਗੁਰਬਾਣੀ ਨੂੰ ਕੇਵਲ ਸਾਜ਼ਾਂ ਰਾਹੀਂ ਗਾਇਣ ਕਰਣਾ ਹੀ ਕਿਹਾ ਹੋਵੇ। ਇਸ ਤੋਂ ਵੱਡਾ ਸੱਚ ਇਹ ਦੇਖਣਾ ਤੇ ਸਮਝਣਾ ਵੀ ਹੈ ਕਿ ਗੁਰਬਾਣੀ ਭਾਵ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਇਹ ਸ਼ਬਦ ਆਇਆ ਕਿਸ ਅਰਥ `ਚ ਹੈ? ਅਤੇ ਗੁਰਦੇਵ ਨੇ ਗੁਰਬਾਣੀ ਵਿਚਲੇ ਇਸ ਲਫ਼ਜ਼ ਰਾਹੀਂ ਸਾਨੂੰ ਸੇਧ ਕੀ ਦਿੱਤੀ ਹੈ?

ਅਸਲ `ਚ ਗੁਰਬਾਣੀ `ਚ ਜਿੱਥੇ-ਕਿੱਥੇ ਵੀ ਲਫ਼ਜ਼ ‘ਕੀਰਤਨ’ ਆਇਆ ਹੈ, ਉਸ ਦਾ ਇਕੋ ਹੀ ਅਰਥ ਹੈ “ਕਰਤੇ ਅਕਾਲਪੁਰਖ ਦੀ ਸਿਫ਼ਤ ਸਲਾਹ; ਫ਼ਿਰ ਭਾਵੇਂ ਇਹ ਸਿਫ਼ਤ ਸਲਾਹ ਕਥਾ ਰੂਪ `ਚ ਹੋਵੇ, ਸਾਜ਼ਾਂ ਰਾਹੀਂ ਸ਼ਬਦ ਗਾਇਣ ਕਰਕੇ, ਵਿਚਾਰ-ਵਿਟਾਂਦਰੇ ਰਾਹੀਂ, ਗੁਰਮੱਤ ਵਿਚਾਰਾਂ ਰਾਹੀਂ, ਗੁਰਬਾਣੀ ਦਾ ਪਾਠ ਕਰਕੇ ਜਾਂ ਕਿਸੇ ਵੀ ਰੂਪ `ਚ, ਉਸ ਸਾਰੇ ਲਈ ਗੁਰਬਾਣੀ `ਚ ਸਮੂਹਿਕ ਲਫ਼ਜ਼ ਕੀਰਤਨ ਤੇ ਇਸੇ ਲਈ ਹੋਰ ਲਫ਼ਜ਼ ਵੀ ਆਏ ਹਨ।

ਇਹ ਠੀਕ ਵੀ ਹੈ ਤੇ ਸਚਾਈ ਨੂੰ ਅਖੋਂ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ ਕਿ ਗੁਰਦੇਵ ਨੇ ਖੁਦ ਸੈਂਤੀ ਰਾਗਾਂ `ਚ ਗੁਰਬਾਣੀ ਦੀ ਰਚਨਾ ਕੀਤੀ। ਇਨ੍ਹਾਂ ਸੈਂਤੀ ਰਾਗਾਂ `ਚੋਂ ਇਕੱਤੀ ਮੁੱਖ ਤੇ ਛੇ ਸਹਾਇਕ ਰਾਗ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਅਰੰਭਕ ਤੇਰ੍ਹਾਂ ਪੰਨਿਆਂ ਦੀ ਬਾਣੀ ਰਾਗਾਂ ਤੋਂ ਮੁਕਤ ਹੈ ਤੇ ਹਰੇਕ ਮਨੁੱਖ ਲਈ, ਗੁਰਦੇਵ ਵੱਲੋਂ ਤਿੰਨ ਸੰਮਿਆਂ ਦੇ ਨਿਤਨੇਮ ਲਈ ਨਿਯਤ ਬਾਣੀਆਂ ਹਨ। ਇਨ੍ਹਾਂ ਤੇਰ੍ਹਾਂ ਪੰਨਿਆਂ `ਚ ਝਾਲਾਗੇ (ਅੰਮ੍ਰਿਤ ਵੇਲੇ) ਪੜ੍ਹਣ ਲਈ ਬਾਣੀ ਜਪੁ, ਸ਼ਾਮਾਂ ਲਈ ਨੌਂ ਸ਼ਬਦ (ਸੋਦਰ ਦੇ ਪੰਜ ਤੇ ਸੋ-ਪੁਰਖ ਦੇ ਚਾਰ) ਹਨ ਜਿਨ੍ਹਾਂ ਨੂੰ ਅੱਜ ਦੀ ਬੋਲੀ `ਚ ‘ਰਹਰਾਸਿ’ ਦੇ ਸ਼ਬਦ ਵੀ ਕਿਹਾ ਜਾਂਦਾ ਹੈ। ਕਿਉਂਕਿ ਸ਼ਬਦ ‘ਰਹਰਾਸਿ’ ਵੀ ਇਸੀ ਬਾਣੀ ਵਿਚਲੀ ਇੱਕ ਪੰਕਤੀ “ਹਰਿ ਕੀਰਤਿ ਹਮਰੀ ਰਹਰਾਸਿ” ਤੋਂ ਪ੍ਰਚਲਤ ਹੋਇਆ ਹੈ। ਇਸ ਤੋਂ ਬਾਅਦ, ਰਾਤ ਸੌਣ ਸਮੇਂ ਬਾਣੀ ਸੋਹਿਲਾ ਦੇ ਪੰਜ ਸ਼ਬਦ ਹਨ। ਉਪ੍ਰੰਤ, ਇਸ ਤੋਂ ਬਾਅਦ, ਭਾਵ ਪੰਨਾ ਨੰਬਰ ਚੋਦ੍ਹਾਂ ਤੋਂ ਸਾਰੀ ਗੁਰਬਾਣੀ ਰਚਨਾ, ਰਾਗਾਂ `ਚ ਹੈ। ਸਮਾਪਤੀ ਸਮੇਂ ਪੰਨਾ ੧੪੧੦ ਤੋਂ ਅਰੰਭ ਹੋ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਸਾਰੇ ਸਲੋਕ ਹੀ ਹਨ। ਫ਼ਿਰ ਵੀ, ਗੁਰਬਾਣੀ ਦਾ ਗਾਇਣ ਜ਼ਰੂਰੀ ਤੌਰ `ਤੇ ਸਾਜ਼ਾਂ ਰਾਹੀਂ ਹੋਵੇ ਅਤੇ ਗੁਰਦੇਵ ਨੇ ਗੁਰਬਾਣੀ ਗਾਇਣ ਦੇ ਇਸੇ ਢੰਗ ਨੂੰ ਹੀ, ਕੀਰਤਨ ਕਿਹਾ ਹੋਵੇ, ਗੁਰਬਾਣੀ `ਚੋਂ ਅਜਿਹਾ ਸਾਬਤ ਨਹੀਂ ਹੁੰਦਾ।

ਰਾਗਾਂ `ਚ ਗੁਰਬਾਣੀ ਅਤੇ ਗੁਰੂ ਜਾਮੇ- ਜੇਕਰ ਗੁਰਬਾਣੀ `ਚ ਵਰਤੇ ਗਏ ਰਾਗਾਂ ਬਾਰੇ ਧਿਆਣ ਕੀਤਾ ਜਾਵੇ ਤਾਂ ਕੁੱਝ ਗੱਲਾਂ ਪ੍ਰਤਖ ਹਨ। ਪਹਿਲੇ ਪਾਤਸ਼ਾਹ ਨੇ ਕੁਲ ਉਨੀਂ ਰਾਗਾਂ `ਚ ਬਾਣੀ ਰਚੀ ਤੇ ਉਨ੍ਹਾਂ ਰਾਗਾਂ `ਚ ਉਸ ਦਾ ਉਚਾਰਣ ਵੀ ਆਪ ਹੀ ਕੀਤਾ ਵੀ। ਉਪ੍ਰੰਤ ਦੂਜੇ ਪਾਤਸ਼ਾਹ ਦੇ ਕੁਲ ੬੩ ਸਲੋਕ ਹੀ ਹਨ। ਇਸ ਤੋਂ ਬਾਅਦ ਤੀਜੇ ਪਾਤਸ਼ਾਹ ਦੀ ਬਾਣੀ ਸਤਾਰ੍ਹਾਂ ਰਾਗਾਂ `ਚ ਹੈ। ਆਪ ਨੇ ਸਤਾਰ੍ਹਾਂ ਰਾਗ, ਉਨ੍ਹਾਂ ਉਨੀਂ ਰਾਗਾਂ `ਚੋਂ ਹੀ ਲਏ, ਜਿਨ੍ਹਾਂ ਦੀ ਵਰਤੋਂ ਪਹਿਲੇ ਪਾਤਸ਼ਾਹ ਨੇ ਕੀਤੀ ਸੀ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਨੇ ਤੀਹ ਰਾਗਾਂ `ਚ ਬਾਣੀ ਦੀ ਰਚਨਾ ਕੀਤੀ। ਇਨ੍ਹਾਂ `ਚੋਂ ਉਨ੍ਹੀਂ ਰਾਗ ਉਹੀ ਸਨ ਜੋ ਪਹਿਲੇ ਪਾਤਸ਼ਾਹ ਤੋਂ ਚਲਦੇ ਆ ਰਹੇ ਸਨ। ਉਸ ਤੋਂ ਇਲਾਵਾ ਛੇ ਰਾਗ ਭਗਤ ਬਾਣੀ `ਚੋਂ ਹੋਰ ਲਏ ਤੇ ਪੰਜ ਰਾਗ ਆਪਣੇ ਵੱਲੋਂ ਜੋੜ ਕੇ ਗੁਰਬਾਣੀ `ਚ ਰਾਗਾਂ ਦੀ ਕੁਲ ਗਿਣਤੀ ਤੀਹ ਕਰ ਦਿੱਤੀ। ਉਪ੍ਰੰਤ ਇਹੀ ਤੀਹ ਰਾਗ, ਪੰਜਵੇਂ ਪਾਤਸ਼ਾਹ ਨੇ ਵੀ ਆਪਣੀ ਰਚਨਾ `ਚ ਵਰਤੇ। ਇਸ ਤੋਂ ਬਾਅਦ ਜੈਜੈਵੰਤੀ, ਇੱਕ ਹੋਰ ਨਵਾਂ ਰਾਗ ਹੈ ਜੋ ਨੌਵੇਂ ਪਾਤਸ਼ਾਹ ਨੇ ਆਪਣੇ ਵੱਲੋਂ ਜੋੜ ਕੇ, ਗੁਰਬਾਣੀ `ਚ ਮੁੱਖ ਰਾਗਾਂ ਦੀ ਗਿਣਤੀ ਇਕੱਤੀ ਕਰ ਦਿੱਤੀ। ਇਥੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਪਹਿਲੇ ਪਾਤਸ਼ਾਹ ਨੇ ਪੰਦਰ੍ਹਾਂ ਭਗਤਾਂ ਦੀ ਬਾਣੀ ਜੋ ਆਪ ਇਕਤ੍ਰ ਕੀਤੀ ਸੀ, ਉਹ ਵੀ ਪਹਿਲਾਂ ਤੋਂ ਹੀ ਰਾਗਾਂ `ਚ ਹੀ ਸੀ।

ਗੁਰਬਾਣੀ ਉਚਾਰਣ ਲਈ ਸਾਜ਼ਾਂ ਦੀ ਵਰਤੋਂ- ਚੂੰਕਿ ਗੁਰਬਾਣੀ ਦੀ ਰਚਨਾ ਹੀ ਰਾਗਾਂ `ਚ ਹੈ, ਇਸ ਲਈ ਗੁਰਬਾਣੀ ਨੂੰ ਰਾਗਾਂ `ਚ ਗਾਇਣ ਲਈ ਸਾਜ਼ਾਂ ਦੀ ਲੋੜ ਦਾ ਹੋਣਾ ਵੀ ਸੁਭਾਵਕ ਹੈ। ਬੇਸ਼ੱਕ ਸਾਜ਼ਾਂ ਵਜੋਂ ਅਜੋਕਾ ਹਾਰਮੋਨਯਿਮ ਬਾਅਦ `ਚ ਆਇਆ, ਫ਼ਿਰ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਮੇਂ ਰਬਾਬ ਦੀ ਵਰਤੋਂ ਕੀਤੀ। ਉਪੰਤ ਪੰਜਵੇਂ ਪਾਤਸ਼ਾਹ ਨੇ ਸਾਰਿੰਦੇ ਤੇ ਦਸਵੇਂ ਪਾਤਸ਼ਾਹ ਨੇ ਤਾਉਸ ਦੀ ਵਰਤੋਂ ਵੀ ਕੀਤੀ। ਇਥੇ ਹੀ ਬੱਸ ਨਹੀਂ, ਪਾਤਸ਼ਾਹ ਨੇ, ਗੁਰਬਾਣੀ ਦੇ ਗਾਇਣ ਲਈ ਰਾਗਾਂ ਦੇ ਨਾਲ ਨਾਲ ਸਾਜ਼ਾਂ ਦੇ ਵਿਸ਼ੇ ਨੂੰ ਇਨਾਂ ਵੱਧ ਬਾਰੀਕੀ ਨਾਲ ਲਿਆ ਕਿ ਕਮਾਲ ਹੀ ਕਰ ਦਿੱਤੀ ਹੈ। ਇਸ ਦਾ ਵੱਡਾ ਸਬੂਤ, ਗੁਰਬਾਣੀ `ਚ ਪਾਤਸ਼ਾਹ ਨੇ ਇਸ ਪੱਖੋਂ ਸ਼ਬਦਾਂ ਦੀਆਂ ਮਾਤ੍ਰਾਵਾਂ ਉਪ੍ਰੰਤ ਮਾਤ੍ਰਵਾਂ ਦੇ ਨਾਪ-ਤੋਲ-ਤਾਲ `ਤੇ ਵੀ ਗਹਰਾਈ ਤੋਂ ਪੱਕੜ ਰੱਖੀ। ਇਸੇ ਲਈ ਰਾਗਾਂ ਤੇ ਰਚਨਾਵਾਂ ਦੇ ਸਿਰਲੇਖਾਂ ਦੇ ਨਾਲ ਨਾਲ ‘ਘਰ ਦਸਵਾਂ’ ‘ਘਰ ਬਾਰ੍ਹਵਾਂ’ ਘਰ ‘ਸਤਾਰ੍ਹਵਾਂ’ ਤੀਕ ਲਫਜ਼ ਵੀ ਦਿੱਤੇ ਹਨ, ਘਰ ਦੇ ਅਰਥ ਹਨ ਤਾਲ।

ਇੱਥੇ ਹੀ ਬੱਸ ਨਹੀਂ, ਲਫ਼ਜ਼ਾਂ ਦਾ ਵਜ਼ਨ ਪੂਰਾ ਕਰਣ ਲਈ ਗੁਰਦੇਵ ਨੇ ਲੋੜ ਅਨੁਸਾਰ ਲਫਜ਼ਾਂ ਨੂੰ ਦੋ ਵਿਰੋਧੀ ਮਾਤ੍ਰਾਵਾਂ ਦੇਣ ਵਾਲਾ ਇੱਕ ਨਵਾਂ ਢੰਗ ਵੀ ਵਰਤਿਆ। ਮਿਸਾਲ ਵੱਜੋਂ ਲਫਜ਼ ਹੈ ‘ਗੋਪਾਲ’, ਸਾਜ਼ਾਂ ਰਾਹੀਂ ਉਚਾਰਣ ਸਮੇਂ ਇਸ ਦਾ ਵਜ਼ਨ ਪੂਰਾ ਕਰਣ ਲਈ ਇਸ ਨੂੰ ਨਵਾਂ ਰੂਪ ਦੇ ਦਿੱਤਾ ‘ਗ+ਪਾਲ’। ਇੱਕ ਮਾਤ੍ਰਾ, ਕਾਵਿ ਦਾ ਵਜ਼ਨ ਪੂਰਾ ਕਰਣ ਲਈ ਤੇ ਦੂਜੀ ਲਫ਼ਜ਼ ਦੇ ਮੂਲ ਸਰੂਪ ਨੂੰ ਪ੍ਰਕਟ ਕਰਣ ਲਈ। ਜਦਕਿ ਇਨ੍ਹਾਂ ਦੋ ਵਿਰੋਧੀ ਮਾਤ੍ਰਾਵਾਂ ਦਾ ਇਕੱਠਾ ਉਚਾਰਣ ਹੀ ਸੰਭਵ ਨਹੀਂ। ਇਸੇ ਕਾਰਨ ਬਾਣੀ `ਚ ਅਨੇਕਾਂ ਲਫ਼ਜ਼ ਦੋ-ਮਾਤ੍ਰੇ ਹਨ ਜਿਵੇਂ “ਸ+ਇਨੇ ਕੀ ਸੂਈ… ਆਦਿ। ਹੋਰ ਤਾਂ ਹੋਰ ਰਾਗ ਵਿਦਿਆ ਦੇ ਮਾਹਿਰ ਗੁਰਦੇਵ ਨੇ ਇਸੇ ਤਰ੍ਹਾਂ ਕਈ ਵਾਰੀ ਇਕੋ ਲਫ਼ਜ਼ ਨੂੰ, ਉਚਾਰਣ ਦੀ ਲੋੜ ਅਨੁਸਾਰ ਭਿੰਨ ਭਿੰਨ ਰੂਪਾਂ `ਚ ਵੀ ਪ੍ਰਗਟ ਕਰ ਦਿੱਤਾ ਜਦਕਿ ਉਸ ਲਫ਼ਜ਼ ਦੇ ਮੂਲ ਅਰਥ ਉਹੀ ਰਹੇ; ਜਿਵੇਂ ਅਨਹਦ, ਅਨਾਹਦ, ਅਨਹਦਾ ਜਾਂ ਆਨੰਦ, ਆਨਦ, ਅਨੰਦ, ਅਨਦ ਆਦਿ। ਇਸੇ ਤਰ੍ਹਾਂ ਕਈ ਵਾਰੀ ਉਚਾਰਣ ਨੂੰ ਸਬੰਧਤ ਰਾਗ `ਚ ਉਸ ਦਾ ਵਜ਼ਨ ਪੂਰਾ ਰਖਣ ਲਈ ਲਫ਼ਜ਼ ਦਾ ਮੂਲ ਰੂਪ ਤੀਕ ਬਦਲ ਦਿੱਤਾ ਪਰ ਉਸ ਦੇ ਅਰਥ ਨਹੀਂ ਬਦਲਣ ਦਿੱਤੇ। ਇਸ ਲਈ ਜੇ ਕਰ ਗੁਰਬਾਣੀ ਨੂੰ ਰਾਗਾਂ `ਚ ਤੇ ਸਾਜ਼ਾਂ ਨਾਲ ਗਾਉੇਣਾ ਹੀ ਨਾ ਹੁੰਦਾ ਤਾਂ ਗੁਰਦੇਵ ਨੂੰ ਇਨੀਂ ਮਿਹਣਤ ਦੀ ਲੋੜ ਹੀ ਨਹੀਂ ਸੀ। ਗੁਰਦੇਵ, ਗੁਰਬਾਣੀ ਨੂੰ ਸੌਖੇ ਤਰੀਕੇ, ਖੁੱਲੇ ਕਾਵ `ਚ ਰਾਗ ਮੁੱਕਤ ਵੀ ਰਚ ਸਕਦੇ ਸਨ, ਜਿਵੇਂ ਕਿ ਅਰੰਭਕ ਤੇਰ੍ਹਾਂ ਪੰਨੇ; ਪਰ ਗੁਰਦੇਵ ਨੇ ਅਜਿਹਾ ਨਹੀਂ ਕੀਤਾ। ਕਿਉਂਕਿ ਗੁਰਬਾਣੀ ਦਾ ਰਾਗਾਂ ਆਦਿ `ਚ, ਸਾਜ਼ਾਂ ਨਾਲ ਗਾਇਣ ਕਰਣਾ ਵੀ ਗੁਰਦੇਵ ਵੱਲੋਂ ਕੀਰਤਨ ਦਾ ਜ਼ਰੂਰੀ ਢੰਗ ਹੈ। ਫ਼ਿਰ ਵੀ ਗੁਰਬਾਣੀ `ਚ ਲਫ਼ਜ਼ ਕੀਰਤਨ ਦਾ ਅਰਥ ਕੇਵਲ ਸਾਜ਼ਾਂ ਰਾਹੀਂ ਸ਼ਬਦ ਦਾ ਗਾਇਣ ਕਰਣਾ ਵੀ ਨਹੀਂ, ਇਸ ਦੇ ਅਰਥ ਵਿਰਾਟ ਹਨ।

ਸਾਜ਼ਾਂ ਰਾਹੀਂ ਕੀਰਤਨ ਦੇ ਚਾਰ ਮੁੱਖ ਕਾਰਨ-ਸਾਜ਼ਾਂ ਰਾਹੀਂ ਗੁਰਬਾਣੀ ਸ਼ਬਦ ਗਾਇਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜੋ ਸਤਿਗੁਰੂ ਜੀ ਆਪ ਹੀ ਜਾਣਦੇ ਹਨ। ਫ਼ਿਰ ਵੀ ਇਸ ਦੇ ਤਿੰਨ ਕਾਰਨ ਤਾਂ ਸਪਸ਼ਟ ਹੀ ਹਨ:

(੧) ਸੰਗੀਤ’ ਕਰਤੇ ਵੱਲੋਂ ਬਖਸ਼ੀਆਂ ਬੇਅੰਤ ਦਾਤਾਂ `ਚੋ ਵੱਡੀ ਉੱਤਮ ਦਾਤ ਹੈ। ਕੇਵਲ ਮਨੁੱਖਾਂ `ਚ ਹੀ ਲੈ ਲਿਆ ਜਾਵੇ ਤਾਂ ਕੱਲ ਦਾ ਜਨਮਿਆਂ, ਪੰਘੂੜੇ `ਚ ਪਿਆ, ਰੋ ਰਿਹਾ ਬੱਚਾ ਵੀ; ਤਾੜੀ-ਛਨਕਣੇ (ਝੁਨਝੁਣੇ) ਆਦਿ ਦੀ ਆਵਾਜ਼ ਨਾਲ, ਖਿਲਖਿਲਾ ਉੱਠਦਾ ਤੇ ਆਹਰੇ ਲੱਗ ਜਾਂਦਾ ਹੈ। ਘੰਡੇ ਹੇੜੇ ਦੀ ਆਵਾਜ਼ ਹਿਰਨ ਨੂੰ ਤੇ ਬੀਨ ਦੀ ਆਵਾਜ਼ ਦੀਆਂ ਲਹਿਰਾਂ ਸੱਪ ਨੂੰ ਵੀ ਮਸਤ ਕਰ ਦਿੰਦੀਆਂ ਹਨ। ਪ੍ਰਭੂ ਦੀ ਰਚਨਾ `ਚ ਹਰ ਸਮੇਂ ਹੋ ਰਿਹਾ ਮਿੱਠਾ-ਮਿੱਠਾ ਨਾਦ ਤੇ ਪੰਛੀਆਂ ਦੀ ਚਹਿਚਹਾਟ, ਪ੍ਰਭੂ ਪਿਆਰਿਆਂ ਦੇ ਮਨ ਨੂੰ ਧੂ ਪਾਉਂਦੀ ਹੈ। ਨਦੀਆਂ ਤੇ ਸਮੁੰਦ੍ਰ ਦੇ ਬਹਾਵ ਤੇ ਲਹਿਰਾ ਦੀ ਮਿੱਠੀ ਮਿਠੀ ਧੁੰਨ, ਸਾਧਾਰਣ ਮਨੁੱਖੀ ਮਨ ਨੂੰ ਵੀ ਅਨੂਠਾ ਰਸ ਪ੍ਰਦਾਨ ਕਰਦੀ ਹੈ।

(੨) ਮਨੁੱਖ ਦੇ ਜੀਵਨ ਦੀ ਸੰਗੀਤ ਤੇ ਰਾਗਾਂ ਵਾਲੀ ਇਸੇ ਲੋੜ ਨੂੰ ਗੁਰਦੇਵ ਨੇ ਗੁਰਬਾਣੀ `ਚ ਵਰਤਿਆ ਤਾ ਕਿ ਸੰਗਤਾਂ ਵਿਚਕਾਰ ਗੁਰੂ ਦੀ ਗੱਲ ਨੂੰ ਸੁਨਾਉਣ ਲਈ ਅਰੰਭਕ ਟਿਕਾਅ ਵਾਲਾ ਸੁਚੱਜਾ ਵਾਤਾਵਰਣ ਪੈਦਾ ਕੀਤਾ ਜਾ ਸਕੇ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਦਿਨ-ਰਾਤ ਦੇ ਚੌਵੀ ਘੰਟਿਆਂ ਦੀ ਕੁਦਰਤੀ ਵੰਡ `ਚ ਕੁੱਝ ਸਮੇਂ ਅਜਿਹੇ ਵੀ ਹੁੰਦੇ ਹਨ ਜਦੋਂ ਬੇਸ਼ੱਕ ਕਥਾ ਨਿਰੋਲ ਗੁਰਬਾਣੀ ਦੀ ਹੀ ਹੋ ਰਹੀ ਹੋਵੇ, ਫ਼ਿਰ ਵੀ ਵਿਚਾਰ ਲਈ ਟਿਕਾਉ ਵਾਲਾ ਸਮਾਂ ਨਹੀਂ ਬਝਦਾ। ਜਦਕਿ ਉਸੇ ਕੁਦਰਤੀ ਉਖਾੜ ਵਾਲੇ ਸਮੇਂ ਨੂੰ ਸਾਜ਼ਾ ਰਾਹੀਂ ਗੁਰਬਾਣੀ ਦਾ ਸ਼ਬਦ ਗਾਇਣ ਕਰਕੇ ਸੰਭਾਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਸੱਚ ਹੈ ਕਿ ਕੁਦਰਤੀ ਤੌਰ `ਤੇ ਵੀ ਕਰਤੇ ਵੱਲੋਂ ਹਰੇਕ ਰਾਗ ਸਵੇਰ, ਸ਼ਾਮ, ਦੋਪਿਹਰ, ਬਰਸਾਤ, ਬਸੰਤ ਆਦਿ ਭਿੰਨ ਭਿੰਨ ਸਮੇਂ ਦੀ ਵੰਡ ਨਾਲ ਜੁੜਿਆ ਹੁੰਦਾ ਹੈ ਜੋ ਆਪਣੇ ਆਪਣੇ ਸਮੇਂ ਨਾਲ ਹੀ ਮਨ ਨੂੰ ਹੁਲਾਰਾ ਦਿੰਦਾ ਹੈ।

(੩) ਇਹ ਮਾਨ ਵੀ ਗੁਰੂ ਸਾਹਿਬ ਨੂੰ ਹੀ ਜਾਂਦਾ ਹੈ, ਜਿਨ੍ਹਾਂ ਨੇ ਉਚੇਚੇ ਤੌਰ `ਤੇ ਗੁਰਬਾਣੀ ਦੀ ਰਚਨਾ ਤੇ ਉਸ ਦੀ ਵਰਤੋਂ ਵੀ ਰਾਗ ਵਿਦਿਆ `ਚ ਹੀ ਕੀਤੀ। ਇਸ ਤਰ੍ਹਾਂ, ਸਾਬਤ ਕਰ ਦਿੱਤਾ ਕਿ ਸੰਗੀਤ ਪ੍ਰਭੂ ਦੀ ਅਜਿਹੀ ਮਿਠੀ ਦਾਤ ਹੈ ਜਿਸ ਦੀ ਸੁਵਰਤੋਂ ਕਰਕੇ ਮਨੁੱਖ ਆਪਣੇ ਅਸਲੇ ਪ੍ਰਭੂ ਨਾਲ਼ ਸਹਿਜੇ ਹੀ ਇੱਕ-ਮਿਕ ਹੋ ਸਕਦਾ ਹੈ। ਇਸ ਤਰ੍ਹਾਂ ਜੇਕਰ ਸਾਡਾ ਮਨ ਗੁਰਮੱਤ ਵਿਚਾਰ-ਸੋਝੀ ਪੱਖੋਂ ਜਾਗਦਾ ਹੋਵੇ ਤਾਂ ਸਾਡੀ ਸੁਰਤ ਨੂੰ ਟਿਕਾਉਣ ਲਈ ਰਾਗ, ਆਪਣੇ ਆਪ `ਚ ਬਹੁਤ ਵੱਡਾ ਸਾਧਨ ਸਾਬਤ ਹੁੰਦੇ ਹਨ।

(੪) ਦੇਖਣਾ ਹੈ, ਜਿਸ ਰਾਗ ਵਿਦਿਆ ਨੂੰ ਗੁਰਦੇਵ ਨੇ ਗੁਰਬਾਣੀ ਰਾਹੀਂ ਪ੍ਰਭੂ ਕਰਤੇ ਦੀ ਸਿਫ਼ਤ ਸਲਾਹ ਵੱਲ ਮੋੜਿਆ ਜਦਕਿ ਰਾਗ ਵਿਦਿਆ ਤਾਂ ਉਹੀ ਹੈ ਜਿਸ ਨੂੰ ਲਮੇਂ ਸਮੇਂ ਤੋਂ ਇੱਕ ਪਾਸੇ ਮੁਸਲਮਾਨ, ਇਸ ਨੂੰ ਅਲ੍ਹਾ ਤਾਅਲਾ ਵਿਰੁਧ ਮੰਣਦੇ ਸਨ। ਉਨ੍ਹਾਂ ਅਨੁਸਾਰ ਸੰਗੀਤ ਕੇਵਲ ਮਹਿਫ਼ਲਾਂ-ਮੁਸ਼ਾਹਰਿਆਂ ਦੀ ਵਸਤ ਹੈ ਜਿਸ ਦਾ ਆਧਾਰ ਹੀ ਕੱਚੇ ਰਸ ਹਨ ਤੇ ਅਲ੍ਹਾ ਤੋਂ ਦੂਰ ਲਿਜਾਉਂਦੇ ਹਨ। ਦੂਜੇ ਪਾਸੇ, ਬ੍ਰਾਹਮਣ ਵਰਗ ਤਾਂ ਇਸ ਤੋਂ ਵੀ ਦੋ ਕਦਮ ਅੱਗੇ ਚਲਦਾ ਆ ਰਿਹਾ ਸੀ। ਉਹ ਤਾਂ ਆਪਣੀ ਕਾਮ ਭੁੱਖ ਨੂੰ ਵੀ ਸੰਗੀਤ ਦੀ ਟੇਕ ਲੈ ਕੇ, ਧਰਮ ਦੇ ਪਰਦੇ ਹੇਠ ਪੂਰਾ ਕਰ ਰਿਹਾ ਸੀ। ਇਸੇ ਤੋਂ ਅਖੌਤੀ ਦੇਵ ਲੋਕ ਜਾਂ ਇੰਦਰ ਦੇ ਦਰਬਾਰ `ਚ ਗੰਧ੍ਰਵ, ਕਿੰਨਰ, ਅਪਸ੍ਰਾਵਾਂ ਦਾ ਹੀ ਬੋਲਬਾਲਾ ਦਸਿਆ ਜਾਂਦਾ ਹੈ। ਲੰਮੇ ਸਮੇਂ ਤੋਂ ਮੰਦਿਰਾਂ `ਚ ਮੂਰਤੀਆਂ ਅੱਗੇ ਕੁਆਰੀਆਂ ਬੱਚੀਆਂ ਨੂੰ ਦੇਵਦਾਸੀਆਂ ਤੇ ਰਾਮਜ਼ਨੀਆਂ ਦੇ ਰੂਪ `ਚ ਨਚਾਉਣਾ ਤੇ ਸਿਹਜਾ ਨਾਰੀ ਭੂਮਿ ਦਾਨ” (ਪੰ: ੯੭੩) ਤੱਕ ਦੇ ਕੁਕਰਮ, ਕਿਸੇ ਹਦ ਤੱਕ ਤਾਂ ਅੱਜ ਵੀ ਜਾਰੀ ਹਨ।

ਇਸ ਤਰੀਕੇ ਪ੍ਰਭੂ ਦੀ ਉੱਤਮ ਦਾਤ, ਰਾਗ ਵਿਦਿਆ ਤੇ ਸੰਗੀਤ ਦੀ ਕੁਵਰਤੋਂ ਕਰਕੇ, ਬੇਅੰਤ ਕੁਆਰੀਆਂ ਤੇ ਜੰਮਦੀਆਂ ਬੱਚੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਆ ਰਿਹਾ ਹੈ, ਤੇ ਉਹ ਵੀ ਧਰਮ ਦੇ ਪਰਦੇ `ਚ। ਅੱਜ ਵੀ ਦੇਵੀ-ਦੇਵਤਾ, ਮੂਰਤੀ ਤੇ ਅਵਤਾਰ ਪੂਜਾ ਨਾਲ ਜੁੜੇ ਤੇ ਕਹੇ ਜਾਂਦੇ ਧਾਰਮਕ ਭਜਨਾਂ ਦੇ ਨਾਮ ਹੇਠ ਬੇਅੰਤ ਗੀਤ ਕੇਵਲ ਕਾਮ ਕ੍ਰੀੜਾ ਨੂੰ ਮੁੱਖ ਰੱਖ ਕੇ ਰਚੇ ਜਾਂਦੇ ਹਨ। ਉਪ੍ਰੰਤ ਉਹ ਭਜਨ ਤੇ ਗੀਤ ਵੀ ਮੂਰਤੀਆਂ-ਤਸਵੀਰਾਂ ਦੇ ਸਾਹਮਣੇ ਜੁਆਨ ਬੱਚੇ-ਬੱਚੀਆਂ ਦੀਆਂ ਟੋਲੀਆਂ ਬਣਾ ਕੇ ਗਵਾਏ ਜਾਂਦੇ ਹਨ। ਹੋਰ ਤਾਂ ਹੋਰ, ਲਮੇਂ ਸਮੇਂ ਤੋਂ ਤੇ ਅੱਜ ਵੀ ਭਾਰਤ `ਚ ਲਗਭਗ ੧੫੦ ਦੇ ਕਰੀਬ ਰਾਗਮਾਲਾਵਾਂ ਪ੍ਰਾਪਤ ਹਨ ਜੋ ਅਸ਼ਲੀਲ ਚਿਤ੍ਰਾਂ ਤੇ ਕਾਵਿ ਦੇ ਰੂਪ `ਚ ਹਨ। ਇਹ ਸਭ ਕੱਚੇ ਮਨੋਰੰਜਨ ਨੂੰ ਧਰਮ ਦੇ ਕਪੜੇ ਪੁਆਉਣਾ ਹੀ ਸੀ ਅਤੇ ਅੱਜ ਵੀ ਹੈ; ਕਿਉਂਕਿ ਰਾਗਮਾਲਾਵਾਂ ਦਾ ਆਧਾਰ ਹੀ ਰਾਗਾਂ ਦੀ ਵਰਤੋਂ ਹੈ।

ਰਾਗਿ ਨਾਦਿ ਮਨੁ ਦੂਜੈ ਭਾਇ- ਸਾਰੇ ਦੇ ਬਾਵਜੂਦ ਗੁਰਬਾਣੀ `ਚ ਬੇਅੰਤ ਸ਼ਬਦ ਹਨ ਜੋ ਸਪਸ਼ਟ ਕਰਦੇ ਹਨ ਕਿ ਪ੍ਰਭੂ ਦਰ `ਤੇ ਕਬੂਲ਼ ਹੋਣ ਤੇ ਮਨੁੱਖਾ ਜਨਮ ਦੀ ਸਫ਼ਲਤਾ ਲਈ ਰਾਗ, ਨਾਦ ਕੇਵਲ ਸਾਧਨ ਮਾਤ੍ਰ ਹਨ। ਰਾਗਾਂ ਦੀ ਵਰਤੋਂ ਕਰਕੇ ਵੀ ਜੇਕਰ ਜੀਵਨ, ਗੁਰਬਾਣੀ ਸੋਝੀ `ਚ ਤਿਆਰ ਨਹੀਂ ਹੋਇਆ ਤਾਂ ਅਜਿਹੇ ਜੀਵਨ ਲਈ ਇਨ੍ਹਾਂ ਰਾਗਾਂ ਦਾ ਕੁੱਝ ਵੀ ਮੁੱਲ ਨਹੀਂ। ਫ਼ੁਰਮਾਨ ਹੈ “ਰਾਗਿ ਨਾਦਿ ਮਨੁ ਦੂਜੈ ਭਾਇ॥ ਅੰਤਰਿ ਕਪਟੁ ਮਹਾ ਦੁਖੁ ਪਾਇ॥ ਸਤਿਗੁਰੁ ਭੇਟੈ ਸੋਝੀ ਪਾਇ॥ ਸਚੈ ਨਾਮਿ ਰਹੈ ਲਿਵ ਲਾਇ” (ਪੰ: ੧੩੪੨) ਭਾਵ ਰਾਗ ਨਾਦ ਤਾਂ ਬਹੁਤ ਗਾਏ ਜਾਂਦੇ ਹਨ ਪਰ ਜੀਵਨ ਦੀ ਸੰਭਾਲ, ਮਨ -ਸੁਰਤ ਨੂੰ ਰਾਗ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ `ਚ ਜੋੜ ਕੇ ਹੀ ਹੋਣੀ ਹੈ। ਜੇਕਰ ਮਨ ਕਿਧਰੇ ਹੋਰ ਉਡਾਰੀਆਂ ਮਾਰ ਰਿਹਾ ਹੈ ਤਾਂ ਜੀਵਨ ਸਫ਼ਲਤਾ ਵਾਲਾ ਮਕਸਦ ਹੱਲ ਨਹੀਂ ਹੋਵੇਗਾ। ਕਿਉਂਕਿ ਜੀਵਨ ਦੀ ਤਿਆਰੀ ਤਾਂ ਗੁਰਬਾਣੀ ਗੁਰੂ ਦੇ ਗਿਆਨ ਦੀ ਵਰਤੋਂ ਨਾਲ ਹੋਣੀ ਹੈ, ਜੇ ਕਰ ਗੁਰਬਾਣੀ ਗਿਆਨ ਹੀ ਸੋਝੀ `ਚ ਨਹੀਂ ਤਾਂ ਇਸੇ ਸ਼ਬਦ `ਚ ਗੁਰਦੇਵ ਇਥੋਂ ਤੱਕ ਫ਼ੁਰਮਾਉਂਦੇ ਹਨ “ਜਿਉ ਮਨੁ ਦੇਖਹਿ ਪਰ ਮਨੁ ਤੈਸਾ॥ ਜੈਸੀ ਮਨਸਾ ਤੈਸੀ ਦਸਾ॥ ਜੈਸਾ ਕਰਮੁ ਤੈਸੀ ਲਿਵ ਲਾਵੈ” (ਪੰ: ੧੩੪੨) ਕਿਉਂਕਿ ਜੀਵਨ ਦੀ ਅਸਲੀਅਤ ਤਾਂ “ਸਤਿਗੁਰੁ ਪੂਛਿ ਸਹਜ ਘਰੁ ਪਾਵੈ” (ਪੰ: ੧੩੪੨) ਤੋਂ ਬਨਣੀ ਹੈ ਉਸ ਬਿਨਾ ਨਹੀਂ। ਮਨ ਤਾਂ ਇਧਰ ਉਧਰ ਹੀ ਅਟਕਿਆ ਹੈ, ਬੇਸ਼ੱਕ ਮੁਖ ਤੋਂ ਗੁਰਬਾਣੀ ਦਾ ਹੀ ਗਾਇਣ ਹੋ ਰਿਹਾ ਹੈ।

ਇਸੇ ਤਰ੍ਹਾਂ ਗੁਰਬਾਣੀ `ਚ ਰਾਗਾਂ ਦੇ ਨਾਮ ਤੱਕ ਲੈ ਲੈ ਕੇ ਵੀ ਸੁਚੇਤ ਕੀਤਾ ਹੈ, ਕਿ ਗੁਰੂ ਕਾ ਸਿੱਖ ਕਿਧਰੇ ਗੁਰਬਾਣੀ ਦੀ ਅਸਲੀਅਤ ਭਾਵ ਗੁਰਬਾਣੀ ਗਿਆਨ ਤੋਂ ਪ੍ਰਪਤ ਹੋਣ ਵਾਲੇ ਜੀਵਨ ਦਾ ਪੱਖ ਵਿਸਾਰ ਕੇ, ਕੇਵਲ ਰਾਗਾਂ ਤੇ ਗੁਰਬਾਣੀ ਦੇ ਗਾਇਣ ਤੱਕ ਹੀ ਸੀਮਿਤ ਨਾ ਰਹਿ ਜਾਵੇ। ਇਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿਚਲੇ ਇਕੱਤੀ ਰਾਗਾਂ `ਚੋਂ ਪ੍ਰਥਮ ਸਥਾਨ ਸ੍ਰੀਰਾਗ ਨੂੰ ਹੀ ਪ੍ਰਾਪਤ ਹੋਇਆ ਹੈ। ਫ਼ਿਰ ਵੀ ਗੁਰਬਾਣੀ `ਚ ਉਚੇਚਾ ਇਸੇ ਰਾਗ ਦਾ ਨਾਮ ਤੱਕ ਲੈ ਕੇ ਗੁਰਦੇਵ ਫ਼ੁਰਮਾਉਂਦੇ ਹਨ “ਰਾਗਾ ਵਿਚਿ ਸ੍ਰੀਰਾਗੁ ਹੈ, ਜੇ ਸਚਿ ਧਰੇ ਪਿਆਰੁ॥ ਸਦਾ ਹਰਿ ਸਚੁ ਮਨਿ ਵਸੈ, ਨਿਹਚਲ ਮਤਿ ਅਪਾਰੁ॥ ਰਤਨੁ ਅਮੋਲਕੁ ਪਾਇਆ, ਗੁਰ ਕਾ ਸਬਦੁ ਬੀਚਾਰੁ” (ਪੰ: ੮੩) ਇਥੇ ਜੋ ਲਫ਼ਜ਼ ਖਾਸ ਧਿਆਨ ਮੰਗਦਾ ਹੈ- ਇਥੋਂ ਤੱਕ ਕਿ ਸ੍ਰੀਰਾਗ `ਚ ਗਾਇਣ ਕੀਤਾ ਸ਼ਬਦ ਵੀ ਤਾਂ ਹੀ ਸਫ਼ਲ ਹੈ ਜੇ ਉਸ ਦਾ ਗਾਇਣ ਕਲਾ ਜਾਂ ਦਿਖਾਵੇ ਆਦਿ ਤੱਕ ਹੀ ਸੀਮਿਤ ਨਾ ਰਹਿ ਜਾਵੇ ਤਾਂ। ਗੁਰਦੇਵ ਚੇਤਾਵਨੀ ਦੇ ਰਹੇ ਹਨ ਕਿ ਇਹ ਤਾਂ ਹੀ, ਜੇ ਗੁਰਬਾਣੀ ਗਾਇਣ ਕਰਣ ਦਾ ਮਕਸਦ “. . ਜੇ ਸਚਿ ਧਰੇ ਪਿਆਰੁ॥ ਸਦਾ ਹਰਿ ਸਚੁ ਮਨਿ ਵਸੈ …” ਵੀ ਨਾਲ ਜੁੜਿਆ ਹੋਵੇ। ਇਸ ਤਰ੍ਹਾਂ ਗੁਰਬਾਣੀ ਵਿਚਲੇ ਹੀਰੇ ਜਵਾਹਰਾਤ ਤਦੋਂ ਹੀ ਜੀਵਨ `ਚ ਉਤਰਣਗੇ ਜਦੋਂ ਮਾਨਸਿਕ ਅਵਸਥਾ ਵੀ “ਗੁਰ ਕਾ ਸਬਦੁ ਬੀਚਾਰੁ” ਵਾਲੀ ਹੋਵੇਗੀ, ਉਂਝ ਨਹੀਂ।

“ਬਿਲਾਵਲੁ ਤਬ ਹੀ ਕੀਜੀਐ” - ਫ਼ਿਰ ਗੁਰਦੇਵ ਵੱਲੋਂ ਇਹ ਚੇਤਾਵਣੀ ਕੇਵਲ ਸ੍ਰੀਰਾਗ ਤੱਕ ਹੀ ਸੀਮਿਤ ਨਹੀਂ ਬਲਕਿ ਹਰੇਕ ਰਾਗ ਜਾਂ ਬਿਨਾ ਰਾਗ ਦੇ ਬਾਣੀ ਦੇ ਗਾਇਣ, ਪੜ੍ਹਣ ਤੇ ਪਾਠ ਕਰਣ `ਤੇ ਵੀ ਇਕੋ ਜਿਹੀ ਲਾਗੂ ਹੁੰਦੀ ਹੈ। ਫ਼ੁਰਮਾਨ ਹੈ “ਬਿਲਾਵਲੁ ਤਬ ਹੀ ਕੀਜੀਐ, ਜਬ ਮੁਖਿ ਹੋਵੈ ਨਾਮੁ॥ ਰਾਗ ਨਾਦ ਸਬਦਿ ਸੋਹਣੇ, ਜਾ ਲਾਗੈ ਸਹਜਿ ਧਿਆਨੁ॥ ਰਾਗ ਨਾਦ ਛੋਡਿ ਹਰਿ ਸੇਵੀਐ, ਤਾ ਦਰਗਹ ਪਾਈਐ ਮਾਨੁ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ, ਚੂਕੈ ਮਨਿ ਅਭਿਮਾਨੁ” (ਪੰ: ੮੪੯)। ਇਸ ਲਈ, ਅੱਜ ਸਾਡੀ ਇਸੇ ਲਾਪਰਵਾਹੀ ਦਾ ਸਿੱਟਾ ਹੈ ਕਿ ਜੋ ਅੱਜ ਸਾਡੀ ਪੰਥਕ ਹਾਲਤ ਬਣੀ ਪਈ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਸਾਡੀ ਕੌਮ “ਦਿਨ ਦੁਗਣੀ, ਰਾਤ ਚੌਗਣੀ” ਤਰੱਕੀ ਕਰਣ ਦੀ ਬਜਾਏ, ਤੇਜ਼ੀ ਨਾਲ ਰਸਾਤਲ ਨੂੰ ਜਾ ਰਹੀ ਹੈ।

ਉਸ ਸਾਰੇ `ਚ ਬਹੁਤ ਵੱਡਾ ਕਾਰਨ ਹੈ, ਜੋ ਅੱਜ ਸਮੁਚਾ ਪੰਥ ਆਪਣੀ ਅਜਿਹੀ ਧਾਰਣਾ ਬਣਾ ਚੁੱਕਾ ਹੈ ਕਿ ਜੇ ਕਿਸੇ ਨੇ ਵਾਜੇ `ਤੇ ਦੋ ਸ਼ਬਦ ਪੜ੍ਹ ਲਏ ਤਾਂ ਉਹ ਵੱਡਾ ਸਿੱਖ ਬਲਕਿ ਸਿੱਖ ਧਰਮ ਦਾ ਪ੍ਰਚਾਰਕ ਤੱਕ ਹੋ ਗਿਆ ਤੇ ਇਸੇ ਤਰ੍ਹਾਂ ਬਣੇ ਹੋਏ ਵੀ ਹਨ। ਕਮਾਲ ਤਾਂ ਇਹ, ਉਹੀ ਸ਼ਬਦ ਕੋਈ ਕਾਲਾਕਾਰ ਰਾਗੀ ਜੱਥਾ ਪੜ੍ਹ ਰਿਹਾ ਹੈ ਤਾਂ ਉਸ ਦੀ ਸੇਵਾ-ਭੇਟਾ ਇਕਾਠ੍ਹ ਤੇ ਇਕ੍ਹਤਰ ਹਜ਼ਾਰ ਹੋ ਰਹੀ ਹੈ ਉਪ੍ਰੰਤ ਜੇ ਉਹੀ ਸ਼ਬਦ ਕੋਈ ਸਾਧਾਰਣ ਪੜ੍ਹ ਰਿਹਾ ਹੈ ਤਾਂ ਉਸ ਨੂੰ ਆਪਣੇ ਪ੍ਰਵਾਰਕ ਖਰਚੇ ਲਈ ਵੀ ਲਾਲੇ ਪਏ ਹਨ। ਜਦਕਿ ਗੁਰਬਾਣੀ ਸੋਝੀ, ਗੁਰਬਾਣੀ ਜੀਵਨ ਪੱਖੋਂ ਦੋਵੇਂ ਖਾਲੀ ਹਨ ਤੇ ਦੂਜੇ ਪਾਸੇ ਗੁਰੂ ਕੀਆਂ ਸੰਗਤਾਂ ਵੀ। ਇਸੇ ਪੰਥਕ ਗਿਰਾਵਟ ਦਾ ਨਤੀਜਾ ਹੈ ਜੋ ਅੱਜ ਉਹੀ ਸ਼ਬਦ ਜੇ ਕਿਸੇ ਫ਼ਿਲਮੀ ਕਲਾਕਾਰ, ਕਵਾਲ ਕੋਲੋਂ ਗਵਾ ਲਿਆ ਜਾਵੇ ਤਾਂ ਉਸ ਅੱਗੇ ਮਾਇਆ ਦੇ ਅੰਬਾਰ ਲੱਗ ਜਾਂਦੇ ਹਨ। ਇਹ ਸਭ ਇਸੇ ਲਈ ਹੋ ਰਿਹਾ ਹੈ ਕਿ ਅੱਜ ਸਾਨੂੰ ਹੀਰੇ ਤੇ ਕੱਚ `ਚ ਫ਼ਰਕ ਨਜ਼ਰ ਨਹੀਂ ਆ ਰਿਹਾ। ਸਾਡੇ ਅੰਦਰੋਂ ਗੁਰਬਾਣੀ ਗਿਆਨ ਤੇ ਸੋਝੀ ਖੰਬ ਲਾ ਕੇ ਉੱਡ ਚੁੱਕੀ ਹੈ; ਸਾਡੀ ਸਿੱਖੀ ਦੀ ਸੀਮਾ ਕੇਵਲ ਕਲਾ ਹੀ ਰਹਿ ਚੁੱਕੀ ਹੈ ਤੇ ਸਾਡੇ ਕੀਰਤਨ ਦਾ ਅਰਥ ਵੀ ਕੇਵਲ ਸਾਜ਼ਾਂ `ਤੇ ਗੁਰਬਾਣੀ ਦਾ ਗਾਇਣ; ਇਸ ਤੋਂ ਵਧ ਕੁੱਝ ਨਹੀਂ।

ਨ ਭੀਜੈ ਰਾਗੀ ਨਾਦੀ ਬੇਦਿ- ਗੁਰਬਾਣੀ `ਚ ਇੱਕ ਨਹੀਂ ਬੇਅੰਤ ਸ਼ਬਦ ਤਾਂ ਇਸੇ ਬਾਰੇ ਚੇਤਾਵਣੀ ਵਜੋਂ ਹਨ ਕਿ ਕਿਧਰੇ ਗੁਰੂ ਕੀਆਂ ਸੰਗਤਾਂ ਰਾਗ ਜਾਂ ਗੁਰਬਾਣੀ ਦੇ ਗਾਇਣ ਰਸ `ਚ ਹੀ ਨਾ ਗੁੰਮ ਹੋ ਜਾਣ। ਦੇਖਿਆ ਜਾਵੇ ਤਾਂ ਅੱਜ ੧੦੦% ਗੁਰੂ ਕੀਆਂ ਸੰਗਤਾਂ ਉਸੇ ਦਲ-ਦਲ `ਚ ਹੀ ਫ਼ੱਸ ਚੁੱਕੀਆਂ ਹਨ ਜਿਥੋਂ ਕਿ ਬਚਣ ਲਈ, ਗੁਰੂ ਪਾਤਸ਼ਾਹ ਗੁਰਬਾਣੀ `ਚ ਅਨੇਕਾਂ ਵਾਰੀ ਚੇਤਾਵਣੀ ਦੇ ਰਹੇ ਹਨ। ਪਾਤਸ਼ਾਹ ਬਾਰ ਬਾਰ ਚੇਤਾਅ ਰਹੇ ਹਨ ਕਿ ਅਕਾਲਪੁਰਖ ਨੂੰ ਇਨ੍ਹਾਂ ਰਾਗਾਂ ਨਾਦਾਂ ਦੀ ਲੋੜ ਹੀ ਨਹੀਂ। ਰਾਗ ਨਾਦ ਤਾਂ ਮਨੁੱਖ ਦੀ ਸੁਰਤ ਨੂੰ ਸੌਖਾ ਟਿਕਾਉਣ ਲਈ ਹਨ। ਫ਼ਿਰ ਜੇ ਕਰ ਮਨੁੱਖ ਦੀ ਸੁਰਤ, ਇਨ੍ਹਾਂ ਰਾਗਾਂ ਕਾਰਨ ਗੁਰੂ-ਗੁਰਬਾਣੀ ਦੀ ਸਿਖਿਆ ਤੇ ਜੀਵਨ ਜਾਚ ਲੈਣ ਦੀ ਬਜਾਏ ਸੰਸਾਰਿਕ ਮੋਹ-ਮਾਇਆ ਭਾਵ ਉਲਟੇ ਰਸਾਂ `ਚ ਹੀ ਖੱਚਤ ਹੋਈ ਹੈ ਤਾਂ ਇਹ ਇਉਂ ਹੈ ਜਿਵੇਂ ਗਾਉਣ ਵਾਲਾ ਰੱਬੀ ਗਿਆਨ ਦੇ ਗੀਤ ਨਹੀਂ ਗਾ ਰਿਹਾ ਬਲਕਿ ਗੁਰਬਾਣੀ ਅਨੁਸਾਰ ਤਾਂ ਰੋ ਹੀ ਰਿਹਾ ਹੈ। ਇਸ ਬਾਰੇ ਸਪਸ਼ਟ ਫ਼ੁਰਮਾਨ ਹਨ ਜਿਵੇਂ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ” (ਪੰ: ੪੫੦)। ਪ੍ਰਭੂ ਅਕਾਲਪੁਰਖ ਤਾਂ “ਨ ਭੀਜੈ ਰਾਗੀ ਨਾਦੀ ਬੇਦਿ॥ ਨ ਭੀਜੈ ਸੁਰਤੀ ਗਿਆਨੀ ਜੋਗਿ” (ਪੰ: ੧੨੩੭) ਕਿਉਂਕਿ “ਰਾਗੈ ਨਾਦੈ ਬਾਹਰਾ, ਇਨੀ ਹੁਕਮੁ ਨ ਬੂਝਿਆ ਜਾਇ॥ ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ, ਸਤਿਗੁਰ ਤੇ ਸੋਝੀ ਪਾਇ॥ ਸਭੁ ਕਿਛੁ ਤਿਸ ਤੇ ਹੋਇਆ, ਜਿਉ ਤਿਸੈ ਦੀ ਰਜਾਇ” (ਪੰ: ੧੪੨੩) ਨਾਲ ਉਸੇ ਹੀ ਸ਼ਬਦ `ਚ ਇਹ ਵੀ ਪੱਕਾ ਕਰ ਰਹੇ ਹਨ “ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ॥ ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ” (ਪੰ: ੧੪੨੩)। ਸਪਸ਼ਟ ਹੈ ਜੇ ਕਰ ਬਾਣੀ ਦਾ ਗਾਇਣ ਕਰਣ ਵਾਲਿਆਂ `ਚ ਹੀ ਗੁਰਬਾਣੀ ਸੋਝੀ, ਵਿਚਾਰ ਤੇ ਜੀਵਨ ਦੇ ਸੰਭਾਲ ਵਾਲੀ ਅਸਲੀਅਤ ਨਹੀਂ ਤਾਂ ਉਨ੍ਹਾਂ ਰਾਹੀਂ ਗੁਰਬਾਣੀ ਦਾ ਗਾਇਣ ਫ਼ਿਰ ਚਾਹੇ ਰਾਗਾਂ `ਚ ਹੋ ਰਿਹਾ ਹੈ ਜਾਂ ਰਾਗ ਮੁੱਕਤ, ਉਹ ਸਭ ਇਉਂ ਹੀ ਹੈ ਜਿਵੇਂ ਸਰੀਰ ਰੂਪ ਖਾਲੀ ਭਾਂਡੇ ਹੀ ਖੜਕ ਰਹੇ ਹੋਣ। ਅਸਲ `ਚ ਇਸ ਸਾਰੀ ਵਿਚਾਰ ਦਾ ਤੋੜ ਉਥੇ ਹੀ ਹੈ ਜਿੱਥੇ ਕਿ ਇਸ ਵਿਸ਼ੇ `ਤੇ ਜਿਹੜਾ ਗੁਰਬਾਣੀ ਪ੍ਰਮਾਣ ਪਹਿਲਾਂ ਵੀ ਵਰਤ ਚੁੱਕੇ ਹਾਂ ਜਿਵੇਂ “ਰਾਗਿ ਨਾਦਿ ਮਨੁ ਦੂਜੈ ਭਾਇ॥ ਅੰਤਰਿ ਕਪਟੁ, ਮਹਾ ਦੁਖੁ ਪਾਇ॥ ਸਤਿਗੁਰੁ ਭੇਟੈ ਸੋਝੀ ਪਾਇ॥ ਸਚੈ ਨਾਮਿ ਰਹੈ ਲਿਵ ਲਾਇ” (ਪੰ: ੧੩੪੨)

“ਗੁਰ ਕੀ ਮਤਿ ਤੂੰ ਲੇਹਿ ਇਆਨੇ” - ਫ਼ੈਸਲਾ ਹੈ “ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ” (ਪੰ: ੭੬੩) ਇਸ ਤੋਂ ਇਲਾਵਾ ਇਥੋਂ ਤੱਕ ਵੀ ਫ਼ੁਰਮਾਇਆ ਹੈ “ਸੋ ਸਿਖੁ ਸਖਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ” (ਪੰ: ੬੦੧)। ਸ਼ੱਕ ਨਹੀਂ ਕਿ ਇਸ ਗੁਰਮੱਤ ਪਾਠ ਦਾ ਜੋ ਮੁੱਖ ਵਿਸ਼ਾ ਚੱਲ ਰਿਹਾ ਹੈ ਉਹ “ਅਨਦਿਨੁ ਕੀਰਤਨੁ ਸਦਾ ਕਰਹਿ” ਹੀ ਹੈ। ਇਸ ਲਈ ਸੁਆਲ ਪੈਦਾ ਹੁੰਦਾ ਹੈ ਕਿ ਅਸੀਂ ਜੋ ਇਥੇ ਨਾਲ ਹੀ ਗੁਰੂ ਦੀ ਮੱਤ ਅਥਵਾ ਗੁਰਮੱਤ ਵਾਲੀ ਗੱਲ ਕਰ ਰਹੇ ਹਾਂ ਤਾਂ ਕਿਉਂ? ਦਰਅਸਲ ਅੱਗੇ ਚੱਲ ਕੇ ਹੋਰ ਵੀ ਖੁੱਲ ਕੇ ਵਿਚਾਰਾਂ ਗੇ ਕਿ ਅੱਜ ਗੁਰਬਾਣੀ ਵਿਚਲੇ ਕੀਰਤਨ ਲਫ਼ਜ਼ ਦਾ ਜੋ ਇਹ ਮਤਲਬ ਪ੍ਰਚਾਰ ਰਹੇ ਹਾਂ ਕਿ ਗੁਰਬਾਣੀ ਵਿਚਲੇ ਲਫ਼ਜ਼ ਕੀਰਤਨ ਦਾ ਅਰਥ ‘ਕੇਵਲ ਸਾਜ਼ਾਂ ਨਾਲ ਗੁਰਬਾਣੀ ਦਾ ਗਾਇਣ ਕਰਣਾ ਹੀ ਹੈ”, ਉੱਕਾ ਹੀ ਗ਼ਲਤ, ਬੇ-ਬੁਨਿਆਦ ਤੇ ਸੰਗਤਾਂ ਨੂੰ ਗੁਮਰਾਹ ਕਰਣਾ ਹੀ ਹੈ।

ਗੁਰਬਾਣੀ ਵਿਚਲੇ ਕੀਰਤਨ ਦੇ ਅਰਥ ਵਿਸ਼ਾਲ ਤੇ ਵਿਰਾਟ ਹਨ। ਗੁਰਬਾਣੀ ਵਿਚਲੇ ਲਫ਼ਜ਼ ਕੀਰਤਨ ਦੇ ਅਰਥ ਕਰਤੇ ਦੀ ਮਨ ਤੇ ਸੁਰਤ ਕਰਕੇ ‘ਸਿਫ਼ਤ ਸਲਾਹ’ ਕਰਣੀ ਹੀ ਹੈ। ਫ਼ਿਰ ੳੇੁਸ ‘ਸਿਫ਼ਤ ਸਲਾਹ’ ਲਈ ਢੰਗ ਚਾਹੇ ਕੁੱਝ ਵੀ ਕਿਉਂ ਨਾ ਹੋਵੇ; ਸਾਜ਼ਾਂ ਰਾਹੀਂ ਗੁਰਬਾਣੀ ਦਾ ਗਾਇਣ ਹੋਵੇ, ਗੁਰਬਾਣੀ ਦਾ ਵਿਚਾਰ-ਵਿਟਾਂਦਰਾ ਜਾਂ ਕੁੱਝ ਹੋਰ। ਇਸ ਲਈ ਗੁਰਬਾਣੀ `ਚ ਮੂਲ ਵਿਸ਼ਾ ਗੁਰੂ-ਗੁਰਬਾਣੀ ਤੋਂ ਜੀਵਨ ਜੀਊਣ ਦੀ ਜਾਚ ਜਾਂ ਸਿਖਿਆ ਲੈਣਾ ਹੀ ਹੈ ਅਤੇ ਉਸ ਤੋਂ ਬਿਨਾ ਸਾਰੇ ਢੰਗ ਖੋਖਲੇ ਹੀ ਹੁੰਦੇ ਹਨ। ਇਥੇ ਤਾਂ ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ” (ਪੰ: ੨੮)। ਇਸੇ ਲਈ ਫ਼ੁਰਮਾਇਆ ਹੈ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ” (ਪੰ: ੨੮੯) ਭਾਵ ਜਦੋਂ ਤੱਕ ਗੁਰੂ ਦੀ ਮੱਤ ਨੂੰ ਜੀਵਨ ਅੰਦਰ ਨਾ ਵਸਾਇਆ ਜਾਵੇ ਉਦੋਂ ਤੱਕ ਗੁਰਬਾਣੀ ਪੜ੍ਹਣ ਗਾਇਣ ਦਾ ਚਾਹੇ ਕੁੱਝ ਵੀ ਢੰਗ ਕਿਉਂ ਨਾ ਵਰਤਿਆ ਜਾਵੇ, ਉਹ ਕੇਵਲ ਆਪਣੇ ਅਮੁਲੇ ਜਨਮ ਨੂੰ ਤਬਾਹ ਕਰਨਾ ਹੀ ਹੈ।

“ਹਰਿ ਦਿਨੁ ਰੈਨਿ ਕੀਰਤਨੁ ਗਾਈਐ” - ਗੁਰਬਾਣੀ `ਚ ਲਫ਼ਜ਼ ਕੀਰਤਨ ਘੱਟ ਤੋਂ ਘੱਟ ਪਚਾਣਵੇਂ ਵਾਰੀ ਸਿਧੇ ਰੂਪ `ਚ ਤੇ ਬਦਲਵੇਂ ਰੂਪ `ਚ ਹੋਰ ਵੀ ਅਨੇਕਾਂ ਵਾਰੀ ਆਇਆ ਹੈ। ਖੂਬੀ ਇਹ, ਕਿਧਰੇ ਇੱਕ ਵਾਰੀ ਵੀ ਇਸ ਨਾਲ ਇਹ ਹਿਦਾਇਤ ਨਹੀਂ ਕਿ ਕੇਵਲ ਸਾਜ਼ਾਂ ਨਾਲ ਗੁਰਬਾਣੀ ਦਾ ਗਾਇਣ ਕਰਣਾ ਹੀ ਕੀਰਤਨ ਕਰਣਾ ਹੈ ਅਤੇ ਬਾਕੀ ਇਸ ਦੇ ਲਈ ਕੋਈ ਦੂਜਾ ਢੰਗ ਪ੍ਰਵਾਣ ਨਹੀਂ। ਇਸ ਦੇ ਬਾਵਜੂਦ ਪੰਥ ਅੰਦਰ ਜੋ ਅਜੋਕਾ ਪ੍ਰਚਲਣ ਹੈ, ਉਹ ਤਾਂ ਗੁਰਬਾਣੀ ਵਿਚਲੇ ਪਾਤਸ਼ਾਹ ਰਾਹੀਂ ਪ੍ਰਗਟ ਕੀਤੇ ਇਸ ਅਮੁਲੇ ਲਫ਼ਜ਼ ਦੇ ਇਤਨੇ ਸੀਮਿਤ ਅਰਥ ਲਏ ਜਾ ਰਹੇ ਹਨ ਜਿਨ੍ਹਾਂ `ਚੋਂ ਕਿ ਬਹੁਤੇ ਲੋਕਾਂ ਦੀਆਂ “ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ” (ਪੰ: ੪੬੫) ਵਾਲੀ ਸੋਚ ਹੀ ਆਪ ਮੁਹਾਰੇ ਪ੍ਰਗਟ ਹੋ ਕੇ ਬਾਹਿਰ ਆ ਰਹੀ ਹੈ।

ਭਲੋ ਭਲੋ ਰੇ ਕੀਰਤਨੀਆ” - ਮਿਸਾਲ ਵਜੋਂ ਅਜੋਕੇ ਸਮੇਂ “ਭਲੋ ਭਲੋ ਰੇ ਕੀਰਤਨੀਆ” (ਪੰ: ੮੮੫) ਵਾਲੀ ਅਧੀ-ਅਧੂਰੀ ਪੰਕਤੀ ਵਰਤ ਕੇ ਅਨੇਕਾਂ ਦੇ ਜੀਵਨ ਕੇਵਲ ਸਾਜ਼ਾਂ ਰਾਹੀਂ ਸ਼ਬਦ ਗਾਇਣ ਵਾਲੇ ਪਾਸੇ ਮੋੜੇ ਜਾ ਰਹੇ ਹਨ। ਇਸ ਦੇ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਇਨਾਮ ਵੀ ਦਿੱਤੇ ਜਾ ਰਹੇ ਹਨ। ਸੁਆਲ ਹੈ ਕਿ ਪੂਰਾ ਸ਼ਬਦ ਤਾਂ ਦੂਰ ਕੇਵਲ ਇਸ ਪੰਕਤੀ ਨਾਲ ਸਬੰਧਤ ਪੂਰੇ ਬੰਦ ਰਾਹੀਂ ਵੀ ਗੁਰਦੇਵ, ਮਨੁੱਖ ਲਈ ਕਿਸ ਜੀਵਨ ਨੂੰ ਪ੍ਰਗਟ ਕਰ ਰਹੇ ਤੇ ਕੀ ਸੇਧ ਦੇ ਰਹੇ ਹਨ, ਇਸ `ਤੇ ਕੌਣ ਪਹਿਰਾ ਦੇਵੇਗਾ। ਅਜਿਹੇ ਕੀਰਤਨ ਮੁਕਾਬਲਿਆਂ `ਚ ਹਿੱਸਾ ਲੈਣ ਵਾਲਿਆਂ ਦੀ ਇਸ ਪੱਖੋਂ ਕੌਣ ਸੰਭਾਲ ਕਰੇਗਾ ਜਿਸ ਦਾ ਇਸ ਪੂਰੇ ਬੰਦ `ਚ ਹੈ। ਪੂਰਾ ਬੰਦ ਹੈ “ਭਲੋ ਭਲੋ ਰੇ ਕੀਰਤਨੀਆ॥ ਰਾਮ ਰਮਾ ਰਾਮਾ ਗੁਨ ਗਾਉ॥ ਛੋਡਿ ਮਾਇਆ ਕੇ ਧੰਧ ਸੁਆਉ” (ਪੰ: ੮੮੫)। ਤਾਂ ਤੇ ਅਕਾਲਪੁਰਖ ਹੀ ਬਖ਼ਸ਼ਿਸ਼ ਕਰੇ ਤਾਂ ਇਨ੍ਹਾਂ ਮੁਕਾਬਲਿਆਂ `ਚ ਹਿੱਸਾ ਲੈਣ ਵਾਲਾ ਸ਼ਾਇਦ ਕੋਈ ਵਿਰਲਾ ਹੀ ਆਪਣੇ ਜੀਵਨ ਨੂੰ ਪੂਰੇ ਬੰਦ ਦੇ ਆਧਾਰ `ਤੇ ਸਫ਼ਲ ਕਰ ਲਵੇ ਤਾਂ ਤੇ ਗ਼ਨੀਮਤ। ਨਹੀਂ ਤਾਂ ਅੱਜ ਇਸ ਪੂਰੇ ਬੰਦ ਵਿਚੋਂ “ਭਲੋ ਭਲੋ ਰੇ ਕੀਰਤਨੀਆ” ਭਾਵ ਕੇਵਲ ਕੀਰਤਨ ਲਫ਼ਜ਼ ਦੀ ਵਰਤੋਂ ਕਰਕੇ ਲੋਕਾਈ “ਛੋਡਿ ਮਾਇਆ ਕੇ ਧੰਧ ਸੁਆਉ” ਵੱਲ ਨਹੀਂ ਵੱਧ ਰਹੀ ਹੈ ਬਲਕਿ ਮੋਹ ਮਾਇਆ `ਚ ਹੀ ਹੋਰ ਵਧੇਰੇ ਡੁੱਬ ਰਹੀ ਹੈ। ਇਨ੍ਹਾਂ ਮੁਕਾਬਲਿਆਂ ਆਦਿ ਬਾਰੇ ਇਹ ਸਚਾਈ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਫ਼ਿਰ ਵੀ…। ਇਸ ਲਈ ਇਹ ਕੇਵਲ ਇੱਕ ਮਿਸਾਲ ਹੈ ਜਦਕਿ ਪੰਥ ਅੰਦਰ ਅਜਿਹੇ ਮੁਕਾਬਲਿਆਂ ਦਾ ਵੀ ਜ਼ੋਰ ਹੈ ਤੇ ਇਨਾਮਾਂ ਆਦਿ ਵੀ ਹੋੜ ਆਈ ਪਈ ਹੈ ਪਰ ਇਸ ਕੀਰਤਨ ਤੇ ਕੀਰਤਨ ਮੁਕਾਬਲਿਆਂ ਦੀ ਸੀਮਾਂ ਮਾਇਆ ਕੇ ਧੰਦ ਹੀ ਹੈ ਹੈ, ਗੁਰਬਾਣੀ ਜੀਵਨ ਜਾਚ ਤੇ ਗੁਰਬਾਣੀ ਸੋਝੀ ਵਾਲੇ ਪਾਸੇ ਉੱਕਾ ਨਹੀਂ।

“ਕਲਜੁਗ ਮਹਿ ਕੀਰਤਨੁ ਪਰਧਾਨਾ” - ਇਹ ਵਿਸ਼ਾ ਅੱਜ ਕੇਵਲ ਗੁਰਬਾਣੀ ਸੰਗੀਤ ਦੇ ਨਾਮ `ਤੇ ਸ਼ਬਦ ਕੀਰਤਨ ਕਰਵਾਉਣ ਤੇ ਮੁਕਾਬਲਿਆਂ ਤੀਕ ਹੀ ਸੀਮਿਤ ਨਹੀਂ ਬਲਕਿ ਵੱਡੇ ਵੱਡੇ ਨਾਮ ਵਰ ਰਾਗੀ ਤੇ ਕੀਰਤਨੀ ਜੱਥਿਆਂ ਦਾ ਵੀ ਇਹੀ ਹਾਲ ਹੋਇਆ ਪਿਆ ਹੈ। ਵਿਰਲਿਆਂ ਨੂੰ ਛੱਡ ਕੇ ਕੀਰਤਨ ਦੇ ਨਾਮ `ਤੇ ਸੰਗਤਾਂ ਨੂੰ ਭਰਮਾਉਣ ਤੇ ਆਪਣੇ ਲਈ ਵਧ ਤੋਂ ਵਧ ਨੋਟਾਂ, ਡਾਲਰਾਂ, ਪੌਂਡਾਂ ਤੇ ਵਧ ਤੋਂ ਵਧ ਪ੍ਰੋਗ੍ਰਾਮਾ ਨੂੰ ਲੈਣ ਤੱਕ ਸੀਮਿਤ ਹੋਇਆ ਪਿਆ ਹੈ। ਨੇੜੇ ਜਾਉ ਤਾਂ ਹੈਰਾਨੀ ਹੁੰਦੀ ਹੈ ਜਦੋਂ ਉਨ੍ਹਾਂ ਨਾਮਵਰ ਰਾਗੀ ਤੇ ਕੀਰਤਨੀ ਜੱਥਿਆ `ਚੋਂ ਵੀ ਸਬੰਧਤ ਸ਼ਬਦਾਂ ਦੇ ਅਰਥ-ਬੋਧ ਤੀਕ ਦਾ ਬਹੁਤਾ ਪਤਾ ਤੱਕ ਨਹੀਂ ਹੁੰਦਾ। ਸੋਚਣ ਦਾ ਮੁਕਾਮ ਹੈ ਜਦੋਂ ਅਜਿਹੇ ਕੀਰਤਨ ਉਪ੍ਰੰਤ, ਗਾਇਣ ਕਰਣ ਵਾਲਿਆਂ ਨੂੰ ਹੀ ਗੁਰਬਾਣੀ ਦੇ ਅਰਥ-ਬੋਧ ਨਾਲ ਕੁੱਝ ਵਾਸਤਾ ਨਹੀਂ ਤਾਂ ਉਨ੍ਹਾਂ ਦੇ ਆਪਣੇ ਜੀਵਨ ਤੀਕ ਗੁਰਬਾਣੀ ਜਾਵੇਗੀ ਵੀ ਤਾਂ ਕਿਸ ਰਸਤੇ? ਜਦਕਿ ਉਨ੍ਹਾਂ ਦੇ ਪ੍ਰਵਾਰਾਂ ਤੇ ਸੰਗਤਾਂ ਦੇ ਜੀਵਨ ਦੀ ਗੱਲ ਤਾਂ ਉਸ ਤੋਂ ਬਹੁਤ ਦੂਰ ਚਲੀ ਜਾਂਦੀ ਹੈ।

ਸੁਆਲ ਹੇ ਕਿ ਇਥੇ ਤਾਂ ਦੌੜ ਹੀ ਸੰਗਤਾਂ ਨੂੰ ਭਰਮਾਉਣ ਤੱਕ ਸੀਮਿਤ ਹੋ ਚੁੱਕੀ ਹੈ। ਇਸ ਤਰ੍ਹਾਂ ਜਦੋਂ ਇਹ ਲੋੜ ਅਧੀ ਪੰਕਤੀ ਤੋਂ ਪੂਰੀ ਹੋਣੀ ਹੈ ਤਾਂ ਬਾਕੀ ਪੰਕਤੀ ਨੂੰ ਸਾਹਮਣੇ ਲਿਆਂਦਾ ਹੀ ਕਿਉਂ ਜਾਵੇ? ਕਿਉਂਕਿ ਸੂਝਵਾਣ ਸੰਗਤਾਂ ਕਿਧਰੇ ਉਸ ਤੋਂ ਸੁਚੇਤ ਹੀ ਨਾ ਹੋ ਜਾਣ। ਠੀਕ ਉਸੇ ਤਰ੍ਹਾਂ ਜਿਵੇਂ ਕਿ ਭਲੋ ਭਲੋ ਰੇ ਕੀਰਤਨੀਆ” (ਪੰ: ੮੮੫) `ਚ ਦੇਖ ਚੁੱਕੇ ਹਾਂ ਇਸੇ ਤਰ੍ਹਾਂ “ਕਲਜੁਗ ਮਹਿ ਕੀਰਤਨੁ ਪਰਧਾਨਾ” ਸਮੇਂ ਵੀ “ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ” (ਪ: ੧੦੭੫) ਨੂੰ ਵਰਤਣ ਤੋਂ ਪਰਹੇਜ਼ ਕੀਤਾ ਜਾਂਦ ਹੈ। ਇਸੇ ਤਰ੍ਹਾਂ ਕੁੱਝ ਪੰਕਤੀਆਂ ਇਸ ਪੱਖੋਂ ਕਿ ਕੀਰਤਨ ਦਾ ਅਰਥ ਹੀ ਕੇਵਲ ਸਾਜ਼ਾਂ ਰਾਹੀਂ ਗੁਰਬਾਣੀ ਦਾ ਗਾਇਣ ਕਰਣਾ ਹੈ ਇਤਨੀਆਂ ਵੱਧ ਮਸ਼ਹੂਰ ਕੀਤੀਆਂ ਜਾ ਚੁੱਕੀਆਂ ਹਨ ਕਿ ਬਹੁਤੀਆਂ ਸੰਗਤਾਂ ਦੀ ਸੋਚ ਹੀ ਉਥੋਂ ਤੀਕ ਸੁਕੜ ਚੁੱਕੀ ਹੈ ਕਿ ਕੀਰਤਨ ਦਾ ਅਰਥ ਹੀ ਕੇਵਲ ਸਾਜ਼ਾਂ ਰਾਹੀਂ ਸ਼ਬਦ ਗਾਇਣ ਹੈ। ਮਿਸਾਲ ਵਜੋਂ ਕੁੱਝ ਪੰਕਤੀਆਂ ਜਿਵੇਂ “ਤਹਾ ਬੈਕੁੰਠੁ ਜਹ ਕੀਰਤਨੁ ਤੇਰਾ” (ਪ: ੭੪੯) ਅਤੇ “ਕੀਰਤਨੁ ਨਿਰਮੋਲਕੁ ਹੀਰਾ॥ ਆਨੰਦ ਗੁਣੀ ਗਹੀਰਾ” (ਪ: ੧੦੭੫)। ਹਾਲਾਤ ਇਹ ਹੈ ਕਿ ਗੁਰਬਾਣੀ ਵਿਚਲੇ ਲਫ਼ਜ਼ ਕੀਰਤਨ ਦੇ ਅਰਥਾਂ ਨੂੰ ਸੰਕੋਚੇ ਜਾਣ ਦਾ ਹੀ ਨਤੀਜਾ ਹੈ ਜਿਸ ਤੋਂ ਕਿ ਪਹਿਲਾਂ ਹੀ ਕਬੀਰ ਸਾਹਿਬ ਇਸ ਤਰ੍ਹਾਂ ਬਿਆਣਿਆ ਹੈ, ਫ਼ੁਰਮਾਨ ਹੈ “ਲੋਗੁ ਜਾਨੈ ਇਹੁ ਗੀਤੁ ਹੈ” ਜਦ ਕਿ ਇਸ ਵਿਚੋਂ ਸਚਮੁਚ ਹੀ “ਇਹੁ ਤਉ ਬ੍ਰਹਮ ਬੀਚਾਰ” (ਪੰ: ੩੩੫) ਵਾਲੀ ਧਾਰਣਾ ਹੀ ਅਲੋਪ ਕੀਤੀ ਜਾ ਚੁੱਕੀ ਹੈ। ਨਾ ਗਾਇਣ ਕਰਣ ਵਾਲਿਆਂ ਨੂੰ “ਇਹੁ ਤਉ ਬ੍ਰਹਮ ਬੀਚਾਰ” (ਪੰ: ੩੩੫) ਵਾਲਾ ਚੇਤਾ ਰਹਿ ਚੁੱਕਾ ਹੈ ਕਿ ਤੇ ਨਾ ਹੀ ਸ੍ਰੋਤਿਆਂ ਨੂੰ ਉਸ ਪਾਸੇ ਮੋੜਿਆ ਜਾ ਰਿਹਾ ਹੈ।

“ਹਰਿ ਕੀਰਤਨੁ ਗਾਵਹੁ ਦਿਨੁ ਰਾਤੀ” - ਹੁਨ ਗੁਰਬਾਣੀ `ਚੋਂ ਹੀ ਕੁੱਝ ਅਜਿਹੇ ਪ੍ਰਮਾਣ ਲੈਂਦੇ ਹਾਂ ਜਿਥੋਂ ਸੌਖੀ ਸਮਝ ਆ ਸਕੇ ਕਿ ਗੁਰਬਾਣੀ `ਚ ਲਫ਼ਜ਼ ਕੀਰਤਨ ਦੇ ਅਰਥ ਇਨੇਂ ਸੀਮਤ ਨਹੀਂ ਜੋ ਅੱਜ ਅਸਾਂ ਬਣਾ ਦਿੱਤੇ ਤੇ ਪ੍ਰਚਲਤ ਕਰ ਦਿੱਤੇ ਹਨ। ਕੇਵਲ ਕੁੱਝ ਸਮੇਂ ਲਈ ਜਾਂ ਰਾਤ ਭਰ ਮਿਲ ਕੇ ਸਾਜ਼ਾਂ ਰਾਹੀਂ ਰੈਣ ਸਬਾਈ ਕਰ ਲੈਣਾ ਤੇ ਇਸ ਤਰ੍ਹਾਂ ਗੁਰਬਾਣੀ ਦੇ ਗਾਇਣ ਕਰ ਲੈਣ ਦਾ ਨਾਮ ਹੀ ਗੁਰਬਾਣੀ ਅਨੁਸਾਰ ਕੀਰਤਨ ਕਰਣਾ ਨਹੀਂ। ਬਲਕਿ ਗੁਰਬਾਣੀ ਅਨੁਸਾਰ ਤਾਂ ਸੁਆਸ ਸੁਆਸ ਪ੍ਰਭੂ ਦੇ ਗੁਣਾਂ ਦੇ ਗਾਇਣ ਕਰਣ ਨੂੰ ਕੀਰਤਨ ਕਿਹਾ ਹੈ ਜਿਵੇਂ “ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ” (ਪੰ: ੧੦੮) ਅਥਵਾ “ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋ ਰੀ” (ਪ: ੨੦੮) ਭਾਵ ਜਿਸ ਮਨੁੱਖ ਦੇ ਹਿਰਦੇ `ਚ ਕਰਤਾ ਵੱਸ ਜਾਂਦਾ ਹੈ ਉਹ ਦਿਨ ਰਾਤ ਤੇ ਚੌਵੀ ਘੰਟੇ ਪ੍ਰਭੂ ਦਾ ਕੀਰਤਨ ਹੀ ਕਰਦਾ ਹੈ। ਇਸੇ ਤਰ੍ਹਾਂ “ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ॥ ਕਹੁ ਨਾਨਕ ਜਿਸੁ ਸਤਿਗੁਰੁ ਪੂਰਾ” (ਪ: ੨੩੬) ਇਥੇ ਵੀ ਅਖੰਡ ਤੋਂ ਭਾਵ ਹੈ ਹਰ ਸਮੇਂ ਤੇ ਸੁਆਸ ਸੁਆਸ ਹਨ ਨਾ ਕਿ ਰਾਤ ਭਰ ਜਾਂ ਕੁੱਝ ਸਮੇਂ ਲਈ ਮਿਲ ਕਰ ਕੇ ਸਾਜ਼ਾਂ ਰਾਹੀਂ ਸ਼ਬਦ ਗਾਇਣ ਦਾ ਨਾਮ।

ਹੋਰ ਦੇਖਦੇ ਹਾਂ ਜਿਵੇਂ ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ” (ਪ: ੨੪੮) ਪੁਨਾ “ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ॥ ਗ੍ਰਿਹਸਤ ਮਹਿ ਸੋਈ ਨਿਰਬਾਨੁ” (ਪ: ੨੮੧) ਸਪਸ਼ਟ ਹੈ ਜਿਉਂ ਜਿਉਂ ਗੁਰਬਾਣੀ `ਚ ਇਸ ਪਾਸੇ ਸੁਰਤ ਨੂੰ ਲਗਾਈ ਜਾਵੇਗੀ, ਗੱਲ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ ਕਿ ਗੁਰਬਾਣੀ ਅਨੁਸਾਰ ਕੀਰਤਨ ਦਾ ਅਰਥ ਸੁਆਸ ਸੁਆਸ ਤੇ ਮਨ-ਬਚ-ਕਰਮ ਕਰਕੇ ਗੁਰਬਾਣੀ ਵਿਚਾਰਾਂ ਤੇ ਸਿਫ਼ਤ ਸਲਾਹ ਰਾਹੀਂ ਪ੍ਰਭੂ `ਚ ਚਿੱਤ ਜੋੜਣ ਦਾ ਨਾਮ ਹੈ। ਇਸ ਦੇ ਉਲਟ ਜੋ ਕੁੱਝ ਗੁਰਬਾਣੀ ਵਿਚਲੇ ਵੱਡੇ ਮਹਤਵ ਵਾਲੇ ਲਫ਼ਜ਼ ਕੀਰਤਨ ਦੇ ਜੋ ਅਰਥ ਤੇ ਵਰਤੋਂ ਅਸੀ ਅੱਜ ਕਰ ਰਹੇ ਹਾਂ। ਇਸ ਤਰ੍ਹਾਂ ਇੱਕ ਪਾਸੇ ਇਹ ਗੁਰਬਾਣੀ ਦੀ ਦਿਨ ਦੀਵੀਂ ਬੇਅਦਬੀ ਹੈ ਤੇ ਹੈ ਦੂਜੇ ਪਾਸੇ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਜੀਵਨ ਸੋਝੀ ਤੋਂ ਤੋੜਣ ਲਈ ਵੱਡਾ ਹਥਿਆਰ। ਪੰਥ ਨੂੰ ਇਸ ਅਤੀ ਕੋਮਲ ਵਿਸ਼ੇ ਵੱਲ ਵਿਸ਼ੇਸ਼ ਤੇ ਬਿਨਾ ਦੇਰ ਧਿਆਨ ਦੇਣ ਦੀ ਲੋੜ ਹੈ। #200s010.02s010#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ।

Including this Self Learning Gurmat Lesson No 200

ਅਨਦਿਨੁ ਕੀਰਤਨੁ ਸਦਾ ਕਰਹਿ” (ਪ: ੫੯੩)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.