.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ

ਸਮੇਂ ਅਨੁਸਾਰ ਹਰ ਬੋਲੀ ਵਿੱਚ ਕਈ ਨਵੇਂ ਸ਼ਬਦ ਆ ਜਾਂਦੇ ਹਨ। ਪੰਜਾਬੀ ਜ਼ਬਾਨ ਇੱਕ ਅਜੇਹੀ ਭਾਸ਼ਾ ਹੈ ਜਿਸ ਵਿੱਚ ਢੇਰ ਸਾਰੀ ਸ਼ਬਾਦਵਲੀ ਵੱਖ ਵੱਖ ਬੋਲੀਆਂ ਵਿਚੋਂ ਮਿਲਦੀ ਹੈ। ਅੰਗਰੇਜ਼ੀ ਦੇ ਕਈ ਸ਼ਬਦ ਪੰਜਾਬੀ ਜ਼ਬਾਨ ਵਿੱਚ ਪੂਰੀ ਤਰ੍ਹਾਂ ਹਜ਼ਮ ਹੋ ਗਏ ਹਨ। ਜਿਸ ਤਰ੍ਹਾਂ ਸਕੂਲ, ਪ੍ਰਿੰਸੀਪਲ, ਪੁਲੀਸ ਤੇ ਡਾਕਟਰ ਸ਼ਬਦ ਸਾਡੇ ਵਿੱਚ ਇੰਝ ਰਚ ਗਏ ਹਨ ਜਿਸ ਤਰ੍ਹਾਂ ਇਹ ਠੇਠ ਪੰਜਾਬੀ ਦੇ ਹੋਣ। ਕਈ ਬਾਹਰਲੀ ਭਾਸ਼ਾ ਦੇ ਸ਼ਬਦਾਂ ਨੂੰ ਵਿਗਾੜ ਕੇ ਵੀ ਅਸੀਂ ਆਪਣੇ ਸ਼ਬਦ ਬਣਾ ਲਏ ਹਨ। ਪੇਂਡੂ ਜ਼ਬਾਨ ਵਿੱਚ ਪੁਲੀਸ ਦਾ ਪੁਲਸ, ਲਾਈਟ ਦਾ ਲੈਟ ਤੇ ਫੌਂਡੇਸ਼ਨ ਦਾ ਫਡੀਸ਼ੀਨ ਬਣਾ ਲਿਆ ਹੈ। ਪੱਛਮੀ ਤੇ ਪੂਰਬੀ ਪੰਜਾਬ ਦੇ ਦੋ ਹਿੱਸੇ ਬਣ ਗਏ ਹਨ। ਪੱਛਮੀ ਪੰਜਾਬ ਵਿੱਚ ਪੰਜਾਬੀ ਜ਼ਬਾਨ ਉਰਦੂ ਤੇ ਫ਼ਾਰਸੀ ਸ਼ਬਦਾਂ ਨੂੰ ਆਪਣੇ ਵਿੱਚ ਸਮੋ ਲਿਆ ਹੈ ਜਦ ਕਿ ਪੂਰਬੀ ਪੰਜਾਬ ਵਿੱਚ ਸੰਸਕ੍ਰਿਤ ਸ਼ਬਦਾਲੀ ਨੇ ਆਪਣਾ ਰੰਗ ਦਿਖਾਇਆ ਹੈ। ਪੰਜਾਬੀ ਦੀਆਂ ਕਈ ਅਜੇਹੀਆਂ ਪੁਸਤਕਾਂ ਹੋਂਦ ਆਈਆਂ ਹਨ ਜਿੰਨ੍ਹਾਂ ਦੀ ਸ਼ਬਦਾਵਲੀ ਸਮਝਣੀ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਰਹੀ ਕਿਉਂਕਿ ਉਹਨਾਂ ਉੱਤੇ ਸੰਸਕ੍ਰਿਤ ਦਾ ਪੂਰਾ ਰੰਗ ਚੜ੍ਹਿਆ ਹੋਇਆ ਹੈ। ਪੁਸਤਕਾਂ ਦੀ ਔਖੀ ਸਬਦਾਵਲੀ ਨੂੰ ਵਿਦਵਤਾ ਦਾ ਨਾਂ ਦਿੱਤਾ ਗਿਆ ਹੈ। ਜੇ ਵਿਦਵਾਨ ਆਪਣੀ ਗੱਲ ਨੂੰ ਬਹੁਤ ਸੌਖੇ ਸ਼ਬਦਾਂ ਵਿੱਚ ਪੇਸ਼ ਕਰੇ ਤਾਂ ਆਮ ਲੋਕ ਵੀ ਉਸ ਦੀ ਗੱਲ ਸਮਝ ਸਕਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਸਾਨੂੰ ਵੱਖ ਵੱਖ ਭਾਸ਼ਾਵਾਂ ਦੀ ਸ਼ਬਦਾਵਲੀ ਸਹਿਜੇ ਹੀ ਮਿਲ ਜਾਂਦੀ ਹੈ। ਉਸ ਸ਼ਬਦਾਵਲੀ ਵਿੱਚ ਗੁਰੂ ਸਾਹਿਬ ਜੀ ਨੇ ਸਿਧਾਂਤ ਆਪਣਾ ਪਾਇਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਹਮ ਖ਼ਿਆਲੀ ਚਿੰਤਕਾਂ ਦੇ ਵਿਚਾਰਾਂ ਨੂੰ ਵੀ ਆਪਣੇ ਨਾਲ ਬਿਠਾਇਆ ਹੈ। ਕਈ ਵਾਰੀ ਅਸੀਂ ਕੇਵਲ ਅੱਖਰੀਂ ਅਰਥਾਂ `ਤੇ ਹੀ ਰੁਕ ਜਾਂਦੇ ਹਾਂ ਜਿਸ ਨਾਲ ਗੁਰਬਾਣੀ ਸਿਧਾਂਤ ਦੀ ਸਮਝ ਨਹੀਂ ਆਉਂਦੀ ਜਾਂ ਕਿਸੇ ਸਲੋਕ ਨੂੰ ਪੜ੍ਹ ਕੇ ਉਸ `ਤੇ ਸਾਖੀ ਸੁਣਾ ਕੇ ਦੇਂਦੇ ਹਾਂ। ਮਿਸਾਲ ਵਜੋਂ ਫਰੀਦ ਜੀ ਦਾ ਇੱਕ ਸਲੋਕ ਹੀ ਲੈ ਲੈਂਦੇ ਹਾਂ---

ਫਰੀਦਾ ਰੋਟੀ ਮੇਰੀ ਕਾਠ ਕੀ,॥

ਜਿਨਾ ਖਾਧੀ ਚੋਪੜੀ, ਘਣੇ ਸਹਨਿਗੇ ਦੁਖ॥ 28॥

ਸਲੋਕ ਫਰੀਦ ਜੀ ਦੇ ਪੰਨਾ ੧੩੭੯

ਅੱਖਰੀਂ ਅਰਥਾਂ ਦੇ ਹਿਸਾਬ ਨਾਲ ਹੀ ਫਰੀਦ ਜੀ ਦੇ ਜੀਵਨ `ਤੇ ਸਾਖੀ ਜੋੜ ਦਿੱਤੀ ਗਈ, ਕਿ ਜਦੋਂ ਫਰੀਦ ਜੀ ਜੰਗਲ਼ ਵਿੱਚ ਭਗਤੀ ਕਰਦੇ ਸਨ ਤਾਂ ਪੇਟ ਦੀ ਭੁੱਖ ਮਿਟਾਉਣ ਲਈ ਉਹ ਜੰਗਲ਼ ਵਿਚੋਂ ਦਰੱਖਤਾਂ ਦੇ ਫਲ਼ ਤੋੜ ਕੇ ਖਾ ਲੈਂਦੇ ਸਨ। ਭਗਤੀ ਪੂਰੀ ਕਰਕੇ ਜਦੋਂ ਫਰੀਦ ਜੀ ਘਰ ਆਏ ਤਾਂ ਉਹਨਾਂ ਦੀ ਮਾਂ ਨੇ ਕੇਸ ਵਾਉਂਦਿਆਂ ਜ਼ੋਰ ਜ਼ੋਰ ਦੀ ਵਾਲ ਖਿੱਚੇ। ਫਰੀਦ ਜੀ ਆਪਣੀ ਮਾਂ ਨੂੰ ਕਹਿਣ ਲੱਗੇ, ‘ਮਾਂ ਮੈਨੂੰ ਬਹੁਤ ਦਰਦ ਹੋ ਰਿਹਾ ਈ, ਮੇਰੇ ਕੇਸਾਂ ਨੂੰ ਹੌਲ਼ੀ ਹੌਲ਼ੀ ਵਾਅ’। ਮਾਂ ਨੇ ਕਿਹਾ, ਕਿ ‘ਪੁੱਤਰ ਤੂੰ ਵੀ ਤਾਂ ਜੰਗਲ਼ ਵਿਚੋਂ ਦਰੱਖਤਾਂ ਦੇ ਫਲ਼ ਤੋੜ ਕੇ ਖਾਂਦਾ ਰਿਹਾ ਏਂ ਉਹਨਾਂ ਨੂੰ ਵੀ ਤਾਂ ਦੁੱਖ ਹੋਇਆ ਸੀ’। ਲੰਬੇ ਚੋਲ਼ੇ ਵਾਲੇ ਬਾਬਾ ਜੀ ਦੇ ਅਲਾਹੀ ਪ੍ਰਵਚਨ ਸੁਣ ਕੇ ਸੰਗਤਾਂ ਗੱਦ ਗੱਦ ਹੋ ਰਹੀਆਂ ਸਨ। ਸਾਖੀ ਲਿਖਣ ਵਾਲੇ ਤੇ ਸਣਾਉਣ ਵਾਲੇ ਨੇ ਆਪਣੀ ਸੋਚ ਅਨੁਸਾਰ ਫਰੀਦ ਜੀ ਦੇ ਗਲ਼ ਵਿੱਚ ਕਾਠ ਦੀ ਰੋਟੀ ਪਵਾ ਦਿੱਤੀ। ਅਖੇ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਸੀ ਤਾਂ ਲੱਕੜ ਦੀ ਰੋਟੀ ਨੂੰ ਚਕ ਮਾਰ ਲੈਂਦੇ ਸਨ। ਇਸ ਤਰ੍ਹਾਂ ਉਹਨਾਂ ਦੀ ਬੰਦਗੀ ਪੂਰੀ ਹੋਈ। ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਸਾਖੀ ਗੈਰ ਕੁਦਰਤੀ ਹੈ ਪਰ ਸਾਧ ਲਾਣਾ ਅਜੇ ਵੀ ਮੰਨਣ ਲਈ ਤਿਆਰ ਨਹੀਂ ਹੈ।

ਇਸ ਸਲੋਕ ਦਾ ਭਾਵ ਅਰਥ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਜੋ ਰੋਟੀ ਮੇਰੀ ਕਾਠ ਕੀ ਹੈ। ਲੋੜ ਅਨੁਸਾਰ ਰੋਟੀ ਖਾਣੀ ਚਾਹੀਦੀ ਹੈ- ‘ਲਾਵਣੁ ਮੇਰੀ ਭੁਖ’ ਨਿਰੀ ਭੁੱਖ ਦੀ ਗੱਲ ਨਹੀਂ ਹੈ। ਇਸ ਵਿਚੋਂ ਹੋਰ ਵਧੀਆਂ ਹੋਈਆਂ ਖਾਹਸ਼ਾਂ ਨੂੰ ਰੋਕਣ ਦਾ ਸੰਕੇਤ ਵੀ ਨਿਕਲਦਾ ਹੈ। ਬੇ-ਲੋੜੀਆਂ ਲੋੜਾਂ ਜਦੋਂ ਮਨੁੱਖ ਵਧਾ ਲੈਂਦਾ ਹੈ ਤਾਂ ਉਹਨਾਂ ਦੀ ਪੂਰਤੀ ਲਈ ਇਖ਼ਲਾਕ ਤੋਂ ਗਿਰ ਕਿ ਕਰੱਪਸ਼ਨ ਵਲ ਨੂੰ ਵੱਧ ਜਾਂਦਾ ਹੈ। ਜਾਂ ਠੇਕੇਦਾਰੀ ਕਰਦਿਆਂ ਮਜ਼ਦੂਰ ਨੂੰ ਘੱਟ ਉਜਰਤ ਦੇਣ ਵਿੱਚ ਆਪਣਾ ਫਖਰ ਮਹਿਸੂਸ ਕਰਦਾ ਹੈ। ਜਿੰਨਾ ਚਿਰ ਉਸ ਦੀ ਕੁਰੱਪਸ਼ਨ ਪਰਦੇ ਵਿੱਚ ਰਹਿੰਦੀ ਹੈ ਉਹਨਾਂ ਚਿਰ ਤਾਂ ਉਹ ਚੋਪੜੀਆਂ ਖਾਂਦਾ ਹੈ। ਜਦੋਂ ਉਸ ਦੀ ਹੇਰਾ ਫੇਰੀ ਫੜੀ ਜਾਂਦੀ ਹੈ ਤਾਂ ਜੇਹਲ ਦੀਆਂ ਸਲੀਖਾਂ ਪਿੱਛੇ ਜੇਹਲ ਦੇ ਦੁੱਖ ਸਹਿਣ ਕਰਦਾ ਹੈ। ਰੋਟੀ ਕਾਠ ਕੀ ਦਾ ਅਰਥ ਹੈ ਸਖਤ ਮਿਹਨਤ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ‘ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ’॥

ਲਾਵਣੁ ਭੁਖ ਲੋੜ ਅਨੁਸਾਰ ਪੇਟ ਦੀ ਪੂਰਤੀ ਕਰਨੀ। ਵਿਆਹਾਂ ਸ਼ਾਦੀਆਂ ਵਿੱਚ ਦੇਖਿਆ ਜਾਏ ਤਾਂ ਪੇਟ ਦੀ ਪੂਰਤੀ ਲਈ ਰੋਟੀ ਨਹੀਂ ਖਾਧੀ ਜਾਂਦੀ, ਓੱਥੇ ਤਾਂ ਪੇਟ ਨੂੰ ਤੂੜਨ ਲਈ ਰਾਸ਼ਣ ਖਾਧਾ ਜਾਂਦਾ ਹੈ। ਚੋਪੜੀ ਦਾ ਅਰਥ ਕਿਸੇ ਦਾ ਹੱਕ ਖਾਣਾ ਜਾਂ ਕਿਸੇ ਦੀ ਕਮਾਈ `ਤੇ ਪਲਣਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਹੀ ਭਾਵ ਪੂਰਤ ਵਾਕ ਹੈ—

ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥

ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥

ਸਲੋਕ ਮ: ੧ ਪੰਨਾ ੧੪੧

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਵਾਕ ਆਉਂਦਾ ਹੈ ਕਿ ਜੇ ਕੋਈ ਮੈਨੂੰ ਮੇਰੇ ਪ੍ਰੀਤਮ ਦੀ ਕੋਈ ਗੱਲ ਸਣਾਉਂਦਾ ਹੈ ਤਾਂ ਮੈਂ ਉਸ ਅੱਗੇ ਆਪਣਾ ਸੀਸ ਵੱਢ ਕੇ ਉਸ ਦਾ ਮੂੜਾ ਬਣਾ ਦਿਆਂ, ਤੇ ਕਹਾਂ, ਲਓ ਜੀ ਇਸ `ਤੇ ਬੈਠੋ—

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥

ਵਡਹੰਸ ਮਹਲਾ ੧ ਪੰਨਾ ੫੫੮

ਇਹਨਾਂ ਵਾਕਾਂ ਦਾ ਭਾਵ ਅਰਥ ਹੀ ਲਿਆ ਜਾਏਗਾ ਕਿ ਮੈਂ ਆਪਾ ਭਾਵ ਦੂਰ ਕਰਕੇ ਸੇਵਾ ਕਰਾਂ। ਅੱਖਰੀਂ ਅਰਥ ਤਾਂ ਸੀਸ ਵੱਢਣ ਦੇ ਹੀ ਬਣਦੇ ਹਨ। ਇੱਕ ਹੋਰ ਵਾਕ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਨੇ ਆਪਣੇ ਸਤਿਗੁਰ ਅੱਗੇ ਸੀਸ ਨਹੀਂ ਵੇਚਿਆ ਉਹ ਬਦ-ਕਿਸਮਤੀ ਲੋਕ ਹਮੇਸ਼ਾਂ ਹੀ ਮਾਨਸਕ ਜਨਮ ਮਰਣ ਰੋਗ ਦੇ ਸ਼ਿਕਾਰ ਹੁੰਦੇ ਹਨ— ‘ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ’। ਅਸਲ ਵਿੱਚ ਤਾਂ ਸੀਸ ਉਹ ਹੀ ਸ਼ੋਭਨੀਕ ਹੈ ਜੋ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ—

ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ॥

ਪੰਨਾ ੫੪੦

ਕਬੀਰ ਜੀ ਦੇ ਇੱਕ ਵਾਕ ਸਬੰਧੀ ਵਿਚਾਰ ਕੀਤਾ ਜਾਂਦਾ ਹੈ, ਕਿ ਕਬੀਰ ਜੀ ਦੀ ਮਾਤਾ ਹਟਕੋਰੇ ਲੈ ਲੈ ਕੇ ਰੋਂਦੀ ਹੈ, ਕਿ ਮੇਰਾ ਬੇਟਾ ਆਪਣੀ ਕਿਰਤ ਛੱਡ ਕੇ ਰੱਬ ਜੀ ਦੀ ਭਗਤੀ ਵਲ ਲੱਗ ਗਿਆ ਹੈ। ਹੁਣ ਮੇਰੇ ਬੱਚੇ ਕੀ ਖਾਇਆ ਕਰਨਗੇ।

ਮੁਸਿ ਮੁਸਿ ਰੋਵੈ ਕਬੀਰ ਕੀ ਮਾਈ॥ ਏ ਬਾਰਿਕ ਕੈਸੇ ਜੀਵਹਿ ਰਘੁਰਾਈ॥

ਬਾਣੀ ਕਬੀਰ ਜੀ ਕੀ ਪੰਨਾ ੫੨੪

ਇਕ ਹੋਰ ਵਾਕ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਚੰਗਾ ਹੋਇਆ ਮੇਰੀ ਮਾਂ ਮਰ ਗਈ ਹੈ। ਮੈਂ ਸੌਖਾ ਹੋ ਗਿਆ ਹਾਂ—

ਮੁਈ ਮੇਰੀ ਮਾਈ, ਹਉ ਖਰਾ ਸੁਖਾਲਾ॥ ਪਹਿਰਉ ਨਹੀ ਦਗਲੀ, ਲਗੈ ਨ ਪਾਲਾ॥

ਪਨਾ ੪੭੬

ਇਕ ਸ਼ਬਦ ਤੋਂ ਦੂਜੇ ਸ਼ਬਦ ਨੂੰ ਸਮਝਣ ਵਿੱਚ ਸਹਾਇਤਾ ਮਿਲੀ ਹੈ ਕਿ ਸਰੀਰ ਦੇ ਤਲ਼ ਵਾਲੀ ਮਾਤਾ ਨਹੀਂ ਹੈ, ਇਹ ਤੇ ਭੈੜੀ ਮਤ ਨੂੰ ਮਾਂ ਕਿਹਾ ਗਿਆ ਹੈ। ਜੈਤਸਰੀ ਰਾਗ ਵਿੱਚ ਵੀ ਗੁਰੂ ਰਾਮਦਾਸ ਦਾ ਇੱਕ ਵਾਕ ਹੈ ਜਿਸ ਵਿੱਚ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਰੀਰ ਦੇ ਤਲ਼ ਵਾਲੀ ਮਾਂ ਨੂੰ ਕੁੱਝ ਕਿਹਾ ਹੋਵੇ—

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥

ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ॥

ਜੈਤਸਰੀ ਮਹਲਾ ੪ ਪੰਨਾ ੬੯੭

ਅੱਖਰੀਂ ਅਰਥਾਂ ਤਾਂ ਏਹੀ ਬਣਦੇ ਹਨ ਕਿ ਜਿਸ ਮਾਂ ਦੇ ਹਿਰਦੇ ਵਿੱਚ ਪਰਮਾਤਮਾਂ ਦਾ ਨਾਂ ਨਹੀਂ ਵੱਸਿਆ ਉਹ ਮਾਂ ਬਾਂਝ ਹੀ ਰਹੇ ਭਾਵ ਬੱਚੇ ਨੂੰ ਜਨਮ ਨਾ ਹੀ ਦੇਵੇ ਤਾਂ ਚੰਗਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਅਨੁਸਾਰ ਕੋਈ ਬੱਚਾ ਸੁਭਾਅ ਕਰਕੇ ਮਾੜਾ ਨਿਕਲ ਜਾਂਦਾ ਹੈ ਤਾਂ ਇਸ ਵਿੱਚ ਮਾਂ ਦੀ ਕੀ ਕਸੂਰ ਹੈ। ਪ੍ਰਿਥੀ ਚੰਦ ਮਾਂ ਭਾਨੀ ਦਾ ਬੇਟਾ ਹੈ ਪਰ ਇਤਿਹਾਸ ਵਿੱਚ ਉਸ ਦਾ ਰੋਲ ਸਿੱਖੀ ਸਿਧਾਂਤ ਦੇ ਵਿਰੋਧ ਵਿੱਚ ਹੀ ਰਿਹਾ ਹੈ। ਮਾਂ ਭਾਨੀ ਜੀ ਨੇ ਤੇ ਕਦੇ ਵੀ ਇਹ ਨਹੀਂ ਸੋਚਿਆ ਹੋਏਗਾ ਮੇਰਾ ਪ੍ਰਿਥੀ ਚੰਦ ਆਪਣੇ ਹੀ ਭਰਾ ਦੇ ਵਿਰੋਧ ਵਿੱਚ ਸਾਜ਼ਸਾਂ ਰਚੇਗਾ। ਫਿਰ ਇਹਨਾਂ ਤੁਕਾਂ ਦਾ ਭਾਵ ਅਰਥ ਅੰਦਰਲੀ ਮਤ ਕੀਤਾ ਜਾਏਗਾ। ਜਿਸ ਮਾਂ ਰੂਪੀ ਮਤ ਵਿੱਚ ਪਰਮਾਤਮਾ ਦੇ ਸ਼ੁਭ ਗੁਣਾਂ ਦਾ ਨਾਮ ਨਹੀਂ ਵੱਸਿਆ ਜਾਂ ਸੁਗਿਆਨ ਮਨ ਵਿੱਚ ਨਹੀਂ ਵੱਸਿਆ ਉਹ ਕੋਈ ਦਲੀਲ ਦੇਣ ਤੋਂ ਸੰਕੋਚ ਹੀ ਕਰੇ ਤਾਂ ਚੰਗਾ ਹੈ। ਹੁਣ ਸਿੱਖੀ ਵਿੱਚ ਸਾਧ ਲਾਣਾ ਦੇਖਿਆ ਜਾ ਸਕਦਾ ਹੈ। ਇਹਨਾਂ ਨੂੰ ਨਾ ਤਾਂ ਸਿੱਖ ਵਿਰਸੇ ਦਾ ਪਤਾ ਹੈ ਤੇ ਨਾ ਹੀ ਸਿੱਖ ਸਿਧਾਂਤ ਦਾ ਗਿਆਨ ਹੈ। ਪਰ ਦੋ ਚਾਰ ਚਿਮਟਿਆਂ ਵਾਲੇ ਰੱਖ ਕੇ ਗੀਤਾਂ ਦੀਆਂ ਧਾਰਨਾਂ ਲਾ ਕੇ ਬਿਨਾ ਸਿਰ ਪੈਰ ਦੇ ਇਤਿਹਾਸ ਸੁਣਾ ਕੇ ਸਿੱਖੀ ਸਿਧਾਂਤ ਦੀ ਜੜ੍ਹੀਂ ਤੇਲ ਦੇਣ ਵਿੱਚ ਆਪਣਾ ਪੂਰਾ ਪੂਰਾ ਜੋਗਦਾਨ ਪਾ ਰਹੇ ਹਨ। ਇਹਨਾਂ ਦਿਆਂ ਹਿਰਦਿਆਂ ਵਿੱਚ ਗੁਰੂ ਦੀ ਮਤ ਨਹੀਂ ਆਈ ਇਸ ਲਈ ਇਹਨਾਂ ਦੀ ਮਤ ਗੁਰ-ਗਿਆਨ ਦੇਣ ਤੋਂ ਅਸਮਰੱਥ ਹੈ। ਅਜੇਹੀ ਮਤ ਬਾਂਝ ਹੀ ਰਹੇ ਭਾਵ ਸਿੱਖੀ ਦਾ ਪਰਚਾਰ ਨਾ ਹੀ ਕਰਨ ਤਾਂ ਚੰਗਾ ਹੈ। ਸਰੀਰ ਵਿੱਚ ਤੇ ਗਿਆਨ ਇੰਦ੍ਰਿਆਂ ਵਿੱਚ ਭੋਰਾ ਵੀ ਨਾਮ ਨਹੀਂ ਹੈ। ਅੱਖਾਂ ਦੀ ਬੇ-ਸ਼ਰਮੀ ਛਪਉਣ ਲਈ ਕਾਲੀ ਐਨਕ ਲਾਈ ਹੁੰਦੀ ਹੈ। ਇਹਨਾਂ ਵਾਕਾਂ ਤੋਂ ਸਮਝ ਲੱਗਦੀ ਹੈ ਕਿ ਇਹ ਮਾਂ ਸ਼ਬਦ ਭੈੜੀ ਮਤ ਲਈ ਵਰਤਿਆ ਗਿਆ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਵਾਕ ਵਿੱਚ ਕਿਹਾ ਹੈ, ਕਿ ਹੇ ਪਰਮਾਤਮਾ! ਤੂੰ ਮੇਰਾ ਪਿਤਾ ਹੈਂ ਤੇ ਤੂੰ ਹੀ ਮੇਰਾ ਮਾਤਾ ਹੈਂ, ਤੂੰ ਮੇਰਾ ਰਿਸ਼ਤੇਦਾਰ ਤੇ ਭਰਾ ਵੀ ਏਂ।

ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥

ਮਾਝ ਮਹਲਾ ੫ ਪੰਨਾ ੧੦੩

ਅਖਰਾਂ ਦੇ ਅਰਥਾਂ ਨਾਲ ਸਰੀਰਕ ਤਲ ਵਾਲੇ ਮਾਤਾ ਪਿਤਾ ਬਣਦੇ ਹਨ ਜਦ ਕੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਨੁਸਾਰ ਪਰਮਾਤਮਾ ਦਾ ਕੋਈ ਰੰਗ-ਰੂਪ ਨਹੀਂ ਹੈ। ਇਸ ਦਾ ਭਾਵ ਅਰਥ ਹੋਇਆ ਕਿ ਸਾਨੂੰ ਗੁਣ ਰੂਪੀ ਮਾਤਾ ਪਿਤਾ ਲੱਭਣੇ ਪੈਣਗੇ। ਸਰੀਰਕ ਮਾਤਾ ਪਿਤਾ ਹਮੇਸ਼ਾਂ ਸਾਡੇ ਨਾਲ ਨਹੀਂ ਰਹਿ ਸਕਦੇ। ਮੰਨ ਲਓ ਜੇ ਕੋਈ ਬੱਚਾ ਕਨੇਡਾ ਪਹਿਲਾਂ ਆ ਗਿਆ ਤਾਂ ਮਾਤਾ ਪਿਤਾ ਨੂੰ ਕਈ ਸਾਲ ਲੱਗ ਜਾਂਦੇ ਹਨ ਕਨੇਡਾ ਆਉਣ ਲਈ। ਫਿਰ ਮਾਤਾ ਪਿਤਾ ਬੱਚੇ ਦੇ ਨਾਲ ਕਿਸ ਤਰ੍ਹਾਂ ਰਹੇ? ਜਦ ਕਿ ਸ਼ਬਦੀਂ ਅਰਥਾਂ ਅਨੁਸਾਰ ਮਾਤਾ ਪਿਤਾ ਹਰ ਥਾਂ `ਤੇ ਸਹਾਇਤਾ ਕਰਦੇ ਹਨ। ਮਾਤਾ ਪਿਤਾ ਤੇ ਭਰਾ ਦੇ ਅਰਥਾਂ ਨੂੰ ਦੇਖਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ ਇੱਕ ਸ਼ਬਦ ਦੀ ਵਿਚਾਰ ਕਰਨੀ ਪਏਗੀ ਜਿਸ ਵਿੱਚ ਮਾਤਾ ਪਿਤਾ ਤੇ ਭਰਾ ਸ਼ੁਭ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ ਜੇਹਾ ਕਿ—

ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥

ਗਉੜੀ ਮਹਲਾ ੧ ਪੰਨਾ ੧੫੧

ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਨੁਸਾਰ ਗੁਰੂ ਦੀ ਮਤ ਭਾਵ ਗੁਰ-ਗਿਆਨ ਜਾਂ ਗੁਰ-ਉਪਦੇਸ਼ ਸਾਡੀ ਆਤਮਾ, ਚੇਤੰਤਾ ਜਾਂ ਸਾਡੇ ਮਨ ਦੀ ਸੋਚ ਦੀ ਮਾਂ ਹੈ ਤੇ ਏਸੇ ਤਲ਼ `ਤੇ ਹੀ ਸੰਤੋਖ ਰੂਪੀ ਦੈਵੀ ਗੁਣ ਸਾਡਾ ਪਿਤਾ ਹੈ। ਦੁਨੀਆਂ ਦੀ ਸੇਵਾ ਕਰਨੀ ਆਤਮਕ ਤਲ਼ `ਤੇ ਸਾਡਾ ਭਰਾ ਹੈ ਜੋ ਹਰ ਸਮੇਂ ਹਰ ਥਾਂ `ਤੇ ਸਾਡੀ ਸਹਾਇਤਾ ਕਰਦੇ ਹਨ।

ਅਸੀਂ ਆਮ ਕਰਕੇ ਸੰਸਾਰਕ ਲੋੜਾਂ ਦੀ ਪੂਰਤੀ ਲਈ ਅਰਦਾਸਾਂ ਕਰਦੇ ਕਰਾਉਂਦੇ ਹਾਂ ਕਿ ਰੱਬ ਜੀ ਸਾਨੂੰ ਦੁੱਧ, ਘਿਓ ਦੀਆਂ ਛਹਿਬਰਾਂ ਲਗਾ ਦੇਵੇ। ਗੁਰੂ ਸਾਹਿਬ ਜੀ ਨੇ ਸਰੀਰਕ ਲੋੜਾਂ ਨਾਲੋਂ ਆਤਮਕ ਲੋੜਾਂ ਦੀ ਜ਼ਿਆਦਾ ਜ਼ਰੂਰਤ ਦੱਸਦਿਆਂ ਹੋਇਆਂ ਫਰਮਾਇਆ ਹੈ ਕਿ—

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ॥

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ॥

ਪ੍ਰਭਾਤੀ ਮਹਲਾ ੧ ਪੰਨਾ ੧੩੨੯

ਸਮਝਿਆ ਜਾ ਸਕਦਾ ਹੈ ਕਿ ਗੁਰਬਾਣੀ ਵਿੱਚ ਚਾਵਲ ਮੰਗਣ ਦੀ ਥਾਂ `ਤੇ ਸੰਜਮ ਤੇ ਉੱਚੇ ਕਿਰਦਾਰ ਦੀ ਜਾਚਨਾ ਕੀਤੀ ਗਈ ਹੈ। ਕਿਸੇ ਦੀ ਲੋੜ ਦੇਖ ਕੇ ਮਨ ਵਿੱਚ ਕੁੱਝ ਕਰਨ ਦੀ ਚਾਹਨਾ ਨੂੰ ਦਇਆ ਰੂਪੀ ਕਣਕ ਨਾਲ ਤਸ਼ਬੀਹ ਦਿੱਤੀ ਹੈ। ਸ਼ੁਭ ਕਰਮਾਂ ਦਾ ਦੁੱਧ ਤੇ ਸੰਤੋਖ ਵਰਗੇ ਦੈਵੀ ਗੁਣ ਨੂੰ ਘਿਓ ਕਿਹਾ ਹੈ। ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਵਿੱਚ ਵੱਖ ਉਦਾਹਰਣਾਂ ਤੇ ਪ੍ਰਤੀਕਾਂ ਰਾਂਹੀ ਅੰਦਰਲੇ ਸੁਭਾਅ ਵਿੱਚ ਰੱਬੀ ਗੁਣਾਂ ਨੂੰ ਭਰਨ ਲਈ ਤੇ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੋਂ ਕਰਨ ਲਈ ਕਿਹਾ ਹੈ।

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ॥

ਗਉੜੀ ਮਹਲਾ ੫ ਪੰਨਾ ੧੯੯




.