.

‘ਗਾਥਾ’ ਬਾਰੇ ਇੱਕ ਹੋਰ ਸਪਸ਼ਟੀਕਰਨ

(ਲੇਖ ਦਾ ਪ੍ਰਯੋਜਨ ਇਸ ਲੇਖਕ ਦੇ ਸਿੱਖਮਾਰਗ ਵੈਬਸਾਈਟ ਤੇ ਆ ਚੁਕੇ ਲੇਖ ‘ਗਾਥਾ ਸ੍ਰੀ ਆਦਿ ਗ੍ਰੰਥ -- ਇੱਕ ਸਪਸ਼ਟੀਕਰਨ’ ਸਬੰਧੀ ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ‘ਜਾਣਕਾਰੀ’ ਹਿਤ ਉਠਾਏ ਨੁਕਤਿਆਂ ਦਾ ਉਤੱਰ ਦੇਣਾ ਹੈ।)
ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ 588 ਸਫੇ ਦੱਸੇ ਗਏ ਸਨ 534 ਨਹੀਂ। ਪਿਆਰ ਸਿੰਘ ਨੇ ਗ੍ਰੰਥ ਸਾਹਿਬ ਦੇ ਮੌਜੂਦਾ ਸਵਰੂਪ ਬਾਰੇ ਜਾਣਕਾਰੀ ਪੁਸਤਕ ਦੇ ਪੰਨਾਂ 414 ਤੇ ਦਿੱਤੀ ਹੈ ਅਤੇ ਇਸ ਦਾ ਹਵਾਲਾ ਸਪਸ਼ਟੀਕਰਨ ਵਾਲੇ ਲੇਖ ਵਿੱਚ ਉਚੇਚੇ ਤੌਰ ਤੇ ਸ਼ਾਮਲ ਕਰ ਦਿੱਤਾ ਗਿਆ ਹੋਇਆ ਹੈ। ਇਸ ਸਬੰਧੀ ਵਿਸਥਾਰ ਪੁਸਤਕ ਦੇ ਬਾਕੀ ਪੰਨਿਆਂ ਤੇ ਵੀ ਫੈਲਿਆ ਹੋਇਆ ਹੈ ਪਰੰਤੂ ਇਹ ਸਾਰੀ ਜਾਣਕਾਰੀ ਤਾਂ ਪੁਸਤਕ ਪੜ੍ਹ ਕੇ ਹੀ ਪਰਾਪਤ ਕੀਤੀ ਜਾ ਸਕਦੀ ਹੈ।
ਗ੍ਰੰਥ ਸਾਹਿਬ ਦੇ ਪੁਸਤਕ ਰੂਪ ਅਤੇ ਸ਼ਬਦ ਗੁਰੂ ਬਾਰੇ ਦੋ ਵੱਖਰੇ ਸੰਕਲਪ ਧਾਰਨ ਕਰਨ ਬਾਰੇ ਲੇਖਕ ਵੱਲੋਂ ‘ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ’ ਸਿਰਲੇਖ ਵਾਲੇ ਲੇਖ ਵਿੱਚ ਵਿਸਥਾਰ ਨਾਲ ਗੱਲ ਕੀਤੀ ਗਈ ਸੀ ਜੋ ਸਿੱਖਮਾਰਗ ਵੈਬਸਾਈਟ ਤੇ ਆ ਚੁੱਕਾ ਹੋਇਆ ਹੈ। ਸਪਸ਼ਟੀਕਰਨ ਵਾਲੇ ਲੇਖ ਵਿੱਚ ਲੇਖਕ ਨੇ ਗ੍ਰੰਥ ਸਾਹਿਬ ਦੇ ਨਿਸਚਤ ਰੂਪ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ “ਦਰਸਾਉਣ” ਦੀ ਗੱਲ ਕੀਤੀ ਹੈ ਨਾ ਕਿ “ਸਾਬਤ ਕਰਨ” ਦੀ। ਲੇਖਕ ਵਲੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ “ਗੁਰੂ” ਗ੍ਰੰਥ ਸਾਹਿਬ ਬਾਰੇ ਪ੍ਰਮਾਣਿਕਤਾ ਦੀ ਗੱਲ ਕਰਨਾ ਤਰਕਸੰਗਤ ਨਹੀਂ ਕਿਉਂਕਿ ਜਦੋਂ ਕਿਸੇ ਨੂੰ ਗੁਰੂ ਮੰਨ ਲਿਆ ਜਾਂਦਾ ਹੈ ਤਾਂ ਉਸ ਦੀ ਪ੍ਰਮਾਣਿਕਤਾ ਨਹੀਂ ਪਰਖੀ ਜਾਂਦੀ। ਪੁਸਤਕ ਦੇ ਤੌਰ ਤੇ ਗ੍ਰੰਥ ਸਾਹਿਬ ਦਾ ਇੱਕ ਨਿਸਚਤ ਸਰੂਪ ਹੋਵੇ ਇਹ ਮੰਗ ਆਪਣੇ ਥਾ ਤੇ ਹੈ ਕਿਉਂਕਿ ਇਸ ਸਰੂਪ ਦੇ ਅਧਾਰ ਤੇ ਹੀ ਅਸੀਂ ਸੰਸਾਰ ਦੇ ਸਾਹਮਣੇ ਸਮੁੱਚੀ ਗੁਰਬਾਣੀ ਦੇ ਸੰਦੇਸ਼ ਨੂੰ ਭਲੀਭਾਂਤ ਪ੍ਰੀਭਾਸ਼ਿਤ ਕਰ ਸਕਦੇ ਹਾਂ। ਇਸੇ ਲੋੜ ਦੀ ਪੂਰਤੀ ਹਿਤ ਹੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਤਿਆਰ ਕਰਵਾਇਆ ਸੀ।
ਗ੍ਰੰਥ ਸਾਹਿਬ ਦੇ ਕਿਸੇ ਵਰਤਮਾਨ ਪੁਸਤਕ ਸਰੂਪ ਨੂੰ ਨਿਸਚਤ ਰੂਪ ਹੋਣ ਬਾਰੇ ਸਿਫਾਰਸ਼ ਕਰਨਾ ਪਿਆਰ ਸਿੰਘ ਦੇ ਖੋਜ ਕਾਰਜ ਦਾ ਹਿੱਸਾ ਨਹੀਂ ਸੀ। ਉਸ ਨੇ ਗ੍ਰੰਥ ਸਾਹਿਬ ਦੇ ਸਾਰੇ ਉਪਲਭਧ ਰੂਪਾਂ ਬਾਰੇ ਜਾਣਕਾਰੀ ਨੂੰ ਇੱਕ ਜਗਹ ਤੇ ਇਕੱਤਰ ਕਰ ਦਿੱਤਾ ਹੋਇਆ ਹੈ। ਹੁਣ ਇਹ ਦੂਸਰੇ ਵਿਦਵਾਨਾਂ ਤੇ ਨਿਰਭਰ ਹੈ ਕਿ ਉਹ ਉਸ ਪੁਸਤਕ ਦੀ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਉਸਦੇ ਰਿਵਿਊ ਪੇਸ਼ ਕਰਨ ਨਾ ਕਿ ਸਿੱਧਾ ਹੀ ਪਿਆਰ ਸਿੰਘ ਦੀ ਨੀਅਤ ਉਤੇ ਉਂਗਲੀਆਂ ਉਠਾਉਣ ਲੱਗ ਜਾਣ। ਪਿਆਰ ਸਿੰਘ ਦੇ ਖੋਜ ਕਾਰਜ ਵਿਚੋਂ ਇਹ ਤੱਥ ਉਭਰਕੇ ਸਾਹਮਣੇ ਆਉਂਦਾ ਹੈ ਕਿ ਨਾਂ ਤਾਂ ਸ੍ਰੀ ਆਦਿ ਗ੍ਰੰਥ ਮੌਜੂਦ ਹੈ, ਨਾ ਦਮਦਮੀ ਬੀੜ ਮੌਜੂਦ ਹੈ, ਨਾ ਬਾਬਾ ਦੀਪ ਸਿੰਘ ਦੀਆਂ ਲਿਖਵਾਈਆ ਬੀੜਾਂ ਵਿਚੋਂ ਕੋਈ ਉਪਲਭਧ ਹੈ, ਨਾ ਸ੍ਰੀ ਆਦਿ ਗ੍ਰੰਥ ਜਾਂ ਦਮਦਮੀ ਬੀੜ ਦਾ ਕੋਈ ਪ੍ਰਮਾਣਿਕ ਉਤਾਰਾ ਮੌਜੂਦ ਹੈ। ਇਸ ਸਾਰੀ ਸਥਿਤੀ ਲਈ ਇਤਹਾਸਿਕ ਕਾਰਨ ਜ਼ੁੰਮੇਵਾਰ ਹਨ। ਹੁਣ ਇਹ ਸਮੁੱਚੀ ਸਿੱਖ ਕੌਮ ਨੇ ਫੈਸਲਾ ਕਰਨਾ ਹੈ ਕਿ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦਾ ਨਿਸਚਤ ਅਤੇ ਪ੍ਰਮਾਣਿਕ ਸਰੂਪ ਕੀ ਹੋਵੇ। ਇਹ ਕਾਰਜ ਇਕੱਲੇ ਪਿਆਰ ਸਿੰਘ ਜਾਂ ਸ. ਹਰਦੇਵ ਸਿੰਘ ਜੰਮੂ ਜੀ ਦੇ ਵੱਸ ਦੀ ਗੱਲ ਨਹੀਂ। ਹੁਣ, 98% ਸਿੱਖ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ। ਜਿਵੇਂ ਕਿ ਪਿਆਰ ਸਿੰਘ ਨੇ ਆਪਣੀ ਪੁਸਤਕ ਦੇ 414 ਪੰਨੇ ਤੇ ਅਕਿਤ ਕੀਤਾ ਹੈ ਗ੍ਰੰਥ ਸਾਹਿਬ ਦੇ ਵਰਤਮਾਨ ਸਰੂਪ ਵਿੱਚ ਦਮਦਮੀ ਬੀੜ ਤੋਂ ਵਾਧੂ ਰਚਨਾਵਾਂ ਵੀ ਮੌਜੂਦ ਹਨ। ਇਸ ਸਾਰੇ ਤੋਂ ਤਾਂ ਸਪਸ਼ਟ ਹੀ ਹੈ ਕਿ ਅੱਜ ਦੀ ਤਾਰੀਖ ਵਿੱਚ ਵੀ ਸਾਡੇ ਕੋਲ ਗ੍ਰੰਥ ਸਾਹਿਬ ਦਾ ਨਿਸਚਤ ਸਰੂਪ ਮੌਜੂਦ ਨਹੀਂ। ਇਸ ਸਥਿਤੀ ਨਾਲ ਨਿਪਟਣ ਲਈ ਸਾਨੂੰ ਪਿਆਰ ਸਿੰਘ ਵਰਗੇ ਸਿਰੜੀ ਅਤੇ ਸੁਹਿਰਦ ਵਿਦਵਾਨਾਂ ਦੀ ਮਦਦ ਦੀ ਲੋੜ ਹੈ।
ਪ੍ਰੰਤੂ ਉਪਰੋਕਤ ਦਰਸਾਈ ਸਥਿਤੀ ਨਾਲ “ਗੁਰੂ” ਦੇ ਸੰਦੇਸ਼ ਦੀ ਪ੍ਰਮਾਣਿਕਤਾ ਨੂੰ ਕੋਈ ਫਰਕ ਨਹੀ ਪੈਂਦਾ। ਪਾਣੀ ਭਾਵੇਂ ਜ਼ਮੀਨ ਉਤੇ ਦਰਿਆ ਦੇ ਰੂਪ ਵਿੱਚ ਵਹੇ, ਭਾਵੇਂ ਸਮੁੰਦਰ ਵਿੱਚ ਜਵਾਰ ਭਾਟਾ ਦੀ ਸ਼ਕਲ ਅਖਤਿਆਰ ਕਰੇ ਤੇ ਭਾਵੇਂ ਅਸਮਾਨ ਵਿੱਚ ਬੱਦਲਾਂ ਦੇ ਰੂਪ ਵਿੱਚ ਉਡਾਰੀਆ ਮਾਰੇ ਇਸ ਨਾਲ ਪਾਣੀ ਦੀ ਪ੍ਰਮਾਣਿਕਤਾ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੇ ਪਾਸੇ, ਪਾਣੀ ਦੀ ਸਵੱਛਤਾ ਅਤੇ ਪ੍ਰਮਾਣਿਕਤਾ ਨੂੰ “ਦਰਸਾਉਣਾ” ਹੋਵੇ ਤਾਂ ਇਸ ਨੂੰ ਇੱਕ ਨਿਸਚਤ ਅਕਾਰ ਦੇ ਸਾਫ ਸ਼ੀਸ਼ੇ ਦੇ ਬਰਤਨ ਵਿੱਚ ਪਾਕੇ ਪੇਸ਼ ਕਰਨਾ ਹੀ ਵਾਜਬ ਰਹੇਗਾ। ਚੰਗਾ ਇਹੀ ਰਹੇਗਾ ਕਿ ਸ਼ਬਦ “ਪ੍ਰਮਾਣਿਕ” ਨੂੰ ਗ੍ਰੰਥ ਸਾਹਿਬ ਅਤੇ ਇਸ ਵਿੱਚ ਦਰਜ ਗੁਰਬਾਣੀ ਦੇ ਸੰਦਰਭ ਵਿੱਚ ਵਰਤਣ ਤੋਂ ਗੁਰੇਜ਼ ਹੀ ਕੀਤਾ ਜਾਵੇ। ਸ਼ਬਦ ਗੁਰੂ ਲਈ ਤਾਂ ਇਸ ਸ਼ਬਦ ਦੀ ਉਂਜ ਹੀ ਲੋੜ ਨਹੀਂ। ਗ੍ਰੰਥ ਸਾਹਿਬ ਦੇ ਪੁਸਤਕ ਰੂਪ ਲਈ “ਨਿਸਚਤ ਸਰੂਪ” ਅਤੇ “ਸਰਵਪ੍ਰਵਾਨਿਤ ਸਰੂਪ” ਸ਼ਬਦ ਵਰਤ ਲਏ ਜਾਣ। ਸਰਵਪ੍ਰਵਾਨਿਤ ਨਿਸਚਤ ਸਰੂਪ ਖੁਦ ਹੀ ਪ੍ਰਮਾਣਿਕ ਸਰੂਪ ਬਣ ਜਾਵੇਗਾ।
ਇਹ ਵਾਰ-ਵਾਰ ਸਪਸ਼ਟ ਕਰਨ ਦੀ ਕੋਸ਼ਸ਼ ਕੀਤੀ ਗਈ ਹੈ ਕਿ ਪਿਆਰ ਸਿੰਘ ਦੀ ਖੋਜ ਯੋਜਨਾ ਦਾ ਨਿਸ਼ਾਨਾ ਗ੍ਰੰਥ ਸਾਹਿਬ ਦੇ ਪ੍ਰਮਾਣਿਕ ਸਰੂਪ ਦੀ ਸਿਫਾਰਸ਼ ਕਰਨਾ ਨਹੀਂ ਸੀ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਚੁੱਪ ਧਾਰ ਲਈ। ਇਹ ਕਹਿਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਦਾਇਰੇ ਵਿੱਚ ਰਹਿ ਕੇ ਗੱਲ ਕੀਤੀ ਹੈ। ਜੇ ਕਰ ਖੋਜ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ ਤਾਂ ਕੋਈ ਹੋਰ ਵਿਅਕਤੀ ਜਾਂ ਇਦਾਰਾ ਇਹ ਕੰਮ ਆਪਣੇ ਹੱਥਾਂ ਵਿੱਚ ਲੈ ਸਕਦਾ ਹੈ। ਕਿਸੇ ਤੇ ਕੋਈ ਰੋਕ ਨਹੀਂ। ਪ੍ਰੰਤੂ ਇਹ ਨਹੀਂ ਹੋ ਸਕਦਾ ਕਿ ਅਜਿਹੇ ਖੋਜ-ਕਾਰਜ ਦੇ ਪ੍ਰਯੋਜਨ ਨੂੰ ਨਿਸਚਤ ਕਰਨ ਲਈ ਜਾਂ ਖੋਜ ਕਾਰਜ ਦੇ ਨਿਰਨੇ ਸੂਚੀਬੱਧ ਕਰਨ ਲਈ ਕਿਸੇ ਵਿਅਕਤੀ ਵਿਸ਼ੇਸ਼ ਦੀ ਮੰਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਹਰ ਵਿਦਵਾਨ ਨੂੰ ਆਪਣੀਆਂ ਸੀਮਾਵਾਂ ਦੇ ਅੰਦਰ ਰਹਿ ਕੇ ਹੀ ਗੱਲ ਕਰਨੀ ਚਾਹੀਦੀ ਹੈ। ਕਿਸੇ ਵਿਦਵਾਨ ਦਾ ਆਪਣੀ ਸੀਮਾਂ ਤੋਂ ਬਾਹਰ ਜਾਣਾ ਉਸ ਦੀ ਆਪਣੀ ਸੋਚ ਅਤੇ ਉਸ ਦੇ ਆਪਣੇ ਨਿਸ਼ਾਨਿਆਂ ਪ੍ਰਤੀ ਸ਼ੰਕੇ ਖੜੇ ਕਰਨ ਦਾ ਕਾਰਨ ਹੀ ਬਣਦਾ ਹੈ। ਪਿਆਰ ਸਿੰਘ ਨੇ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਕਿਤੇ ਵੀ ਰਦ ਨਹੀਂ ਕੀਤਾ (ਇਹ ਸਿਰਫ 414 ਸਫੇ ਦੀ ਗੱਲ ਨਹੀਂ) ਕਿਉਂਕਿ ਰਦ ਕਰਨਾ ਜਾਂ ਸਵੀਕਾਰ ਕਰਨਾ ਉਸਦੇ ਅਧਿਕਾਰ ਖੇਤਰ ਤੋਂ ਹੀ ਬਾਹਰ ਸੀ। ਉਸ ਦੇ ਖੋਜ-ਕਾਰਜ ਦਾ ਪ੍ਰਯੋਜਨ ਤਾਂ ਜਾਣਕਾਰੀ ਇਕੱਤਰ ਕਰਨਾ ਅਤੇ ਉਪਲਭਧ ਜਾਣਕਾਰੀ ਦੇ ਅਧਾਰ ਤੇ ਨਿਰਨੇ ਸੁਝਾਉਣਾ ਹੀ ਸੀ। ਉਸ ਤੋ ਕਿਸੇ ਜਾਤੀ ਰਾਇ ਦੀ ਉਮੀਦ ਹੀ ਨਹੀਂ ਸੀ ਕੀਤੀ ਜਾ ਸਕਦੀ। ਹਾਂ, ਉਹ ਵਿਦਵਾਨ ਵੀ ਸੀ ਅਤੇ ਇੱਕ ਸਿੱਖ ਵੀ। ਸਿੱਖ ਹੋਣ ਦੇ ਨਾਤੇ ਉਹ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਸਵੀਕਾਰ ਕਰਨ ਤੋਂ ਆਕੀ ਕਿਵੇਂ ਹੋ ਸਕਦਾ ਸੀ? ਲੇਖਕ ਵੱਲੋਂ ਸੰਖੇਪ ਜਾਣਕਾਰੀ ਸਪਸ਼ਟੀਕਰਨ ਵਾਲੇ ਲੇਖ ਵਿੱਚ ਮੁਹਈਆਂ ਕਰ ਦਿੱਤੀ ਗਈ ਸੀ। ਵਧੇਰੇ ਜਾਣਕਾਰੀ ਲਈ ਪੁਸਤਕ ਪੜ੍ਹੀ ਜਾ ਸਕਦੀ ਹੈ।
ਮੁਢਲੀਆਂ ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰਮੌਜੂਦਗੀ ਵਿੱਚ ਜੋ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਉਨ੍ਹੀਵੀਂ ਸਦੀ ਵਿੱਚ ਤਿਆਰ ਹੁੰਦੀਆਂ ਰਹੀਆਂ ਉਹਨਾਂ ਵਿਚੋਂ ਕੁੱਝ ਕੁ ਕਰਤਾਰਪੁਰੀ ਬੀੜ ਨਾਲ ਵੀ ਸੋਧੀਆ ਗਈਆਂ। ਇਸ ਤੱਥ ਨੂੰ ਪਿਆਰ ਸਿੰਘ ਵੀ ਮੰਨਦਾ ਹੈ। ਪਰੰਤੂ ਕਰਤਾਰਪੁਰੀ ਬੀੜ ਦੇ ਨਕਲੀ ਹੋਣ ਕਰਕੇ ਇਸ ਵਿਚਲੇ ਦੋਸ਼ ਹੱਥ-ਲਿਖਤ ਬੀੜਾਂ ਵਿੱਚ ਵੀ ਸ਼ਾਮਲ ਹੋ ਗਏ। ਇਹੀ ਵੱਡਾ ਕਾਰਨ ਹੈ ਕਿ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਵਿੱਚ ਰਾਗਮਾਲਾ ਦੇ ਨਾਲ-ਨਾਲ ਕੁੱਝ ਹੋਰ ਵਾਧੂ ਬਾਣੀਆਂ ਵੀ ਇਸ ਵਿੱਚ ਸ਼ਾਮਲ ਹਨ ਜਿਹਨਾਂ ਦਾ ਜ਼ਿਕਰ ਪਿਆਰ ਸਿੰਘ ਨੇ ਆਪਣੀ ਪੁਸਤਕ ਦੇ ਪੰਨਾਂ 414 ਤੇ ਕੀਤਾ ਹੈ। ਫਿਰ ਵੀ ਵਰਤਮਾਨ ਸਮੇਂ ਵਿੱਚ ਮੌਜੂਦਾ ਸਰੂਪ ਨੂੰ ਨਿਸਚਤ ਅਤੇ ਪ੍ਰਮਾਣਿਕ ਰੂਪ ਮੰਨਣਾ ਸਿੱਖ ਕੌਮ ਦੀ ਜ਼ਰੂਰਤ ਹੀ ਨਹੀਂ, ਮਜ਼ਬੂਰੀ ਵੀ ਹੈ। ਪਰ ਨਾਲ ਹੀ ਸਾਨੂੰ ਮੁਢਲੀਆਂ ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰਮੌਜੂਦਗੀ ਵਿੱਚ ਉਨ੍ਹੀਵੀਂ ਸਦੀ ਦੌਰਾਨ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਤਿਆਰ ਹੋਣ ਦੀ ਪ੍ਰੀਕਿਰਿਆ ਦਾ ਵੀ ਗਿਆਨ ਹੋਣਾ ਚਾਹੀਦਾ ਹੈ। ਜੇਕਰ ਅਜ 98% ਸਿੱਖ ਰਾਗਮਾਲਾ ਨੂੰ ਗੁਰਬਾਣੀ ਦਾ ਹਿੱਸਾ ਨਹੀਂ ਮੰਨਦੇ ਤਾਂ ਰਾਗਮਾਲਾ ਦੇ ਇੱਕ ਬਾਹਰੀ ਰਚਨਾਂ ਹੋਣ ਬਾਰੇ ਸਾਨੂੰ ਕਿਸ ਨੇ ਦੱਸਿਆ ਹੈ? ਯਕੀਨਨ ਇਹ ਜਾਣਕਾਰੀ ਵਿਦਵਾਨਾਂ ਦੀ ਖੋਜ ਰਾਹੀਂ ਹੀ ਪਰਾਪਤ ਹੋਈ ਹੈ। ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਨੇ ਅਗਿਆਨਤਾ ਵੱਸ ਕੋਈ ਗ੍ਰੰਥ ਕਰਤਾਰਪੁਰੀ ਬੀੜ ਨਾਲ ਸੋਧ ਲਿਆ ਹੋਵੇਗਾ ਤਾਂ ਇਹ ਉਸਦੀ ਗਲਤੀ ਹੀ ਸੀ ਅਤੇ ਅਜਿਹੀਆਂ ਗਲਤੀਆਂ ਦਾ ਸਿੱਟਾ ਹੀ ਹੈ ਕਿ ਰਾਗਮਾਲਾ ਵਰਗੀ ਰਚਨਾ ਅਜ ਵੀ ਗ੍ਰੰਥ ਸਾਹਬ ਦਾ ਹਿੱਸਾ ਬਣੀ ਹੋਈ ਹੈ। ਗ੍ਰੰਥ ਸਾਹਿਬ ਦੇ ਇਸ ਵੇਲੇ ਦੇ ਪ੍ਰਵਾਨਿਤ ਪੁਸਤਕ ਸਰੂਪ ਸਬੰਧੀ ਹੋਰ ਖੋਜ ਕੀਤੇ ਜਾਂਣ ਦੀ ਕਾਰਵਾਈ ਸ਼ੰਕੇ ਖੜੇ ਕਰਨ ਦੀ ਗੱਲ ਕਿਵੇਂ ਹੋ ਜਾਵੇਗੀ ਅਤੇ ਇਹ ਕੌਮੀ ਏਕਤਾ ਅਤੇ ਸਾਂਝੇ ਵਿਸ਼ਵਾਸ ਨੂੰ ਸੱਟ ਮਾਰਨ ਵਾਲਾ ਚਿੰਤਨ ਕਿਵੇਂ ਹੋ ਜਾਵੇਗਾ? ਇਹ ਸਮਝ ਵਿੱਚ ਨਹੀਂ ਆਉਂਦਾ। ਕੀ ਭਵਿਖ ਵਿੱਚ ਸਾਡੀਆਂ ਭੂਤ ਕਾਲ ਵਿੱਚ ਹੋਈਆਂ ਗਲਤੀਆਂ ਨੂੰ ਸੁਧਾਰਨ ਦੀਆਂ ਕੋਸ਼ਸ਼ਾਂ ਨਹੀਂ ਹੋਣੀਆਂ ਚਾਹੀਦੀਆਂ? ਜੇਕਰ ਸਿੱਖ ਧਰਮ ਨੇ ਨਵੀਨ ਧਰਮ ਅਖਵਾਉਣਾ ਹੈ ਤਾਂ ਪ੍ਰਮਾਣਿਕਤਾ ਦਾ ਡੰਡਾ ਵਿਖਾ ਕੇ ਖੋਜ-ਕਾਰਜ ਨੂੰ ਨਿਰਉਤਸਾਹਿਤ ਨਹੀਂ ਕੀਤਾ ਜਾ ਸਕਦਾ। ਜੇ ਅਜਿਹਾ ਹੁੰਦਾ ਹੈ ਤਾਂ ਇਹ ਡੰਡਾ ਬ੍ਰਾਹਮਣਵਾਦ ਦੇ ਪ੍ਰਤੀਕ ਤੋਂ ਵੱਧ ਕੇ ਹੋਰ ਕੁੱਝ ਨਹੀਂ।
ਸ੍ਰੀ ਆਦਿ ਗ੍ਰੰਥ ਦਾ ਤਿਆਰ ਕਰਨਾ ਸੰਸਾਰ ਭਰ ਦੇ ਸਾਹਿਤ ਵਿੱਚ ਇੱਕ ਉਚ ਪਾਏ ਦੀ ਸੰਪਾਦਨ ਕਿਰਿਆ ਦਾ ਨਮੂਨਾ ਹੈ ਵਿਸ਼ੇਸ਼ ਕਰਕੇ ਜਦੋਂ ਸੋਲ੍ਹਵੀਂ ਸਦੀ ਦੇ ਅੰਤ ਤੇ ਹਾਲੇ ਇਸ ਕਿਰਿਆ ਦਾ ਕਿਤੇ ਅਰੰਭ ਵੀ ਨਹੀਂ ਸੀ ਹੋਇਆ, ਇਸ ਦੀ ਗਵਾਹੀ ਪਿਆਰ ਸਿੰਘ ਦੇ ਮਨ ਵਿੱਚ ਸ੍ਰੀ ਆਦਿ ਗ੍ਰੰਥ ਦੀ ਬਣੀ ਤਸਵੀਰ ਹੀ ਨਹੀ ਸਗੋਂ ਸਾਰੀਆਂ ਪ੍ਰਾਚੀਨ ਉਪਲਭਧ ਬੀੜਾਂ ਵੀ ਭਰਦੀਆਂ ਹਨ ਅਤੇ ਗ੍ਰੰਥ ਸਾਹਿਬ ਦਾ ਅਜੋਕਾ ਸਰੂਪ ਵੀ ਭਰਦਾ ਹੈ। ਜੇ ਕੋਈ ਵਿਦਵਾਨ ਕਹਾਉਂਦਾ ਵਿਅਕਤੀ ਇਸ ਤੱਥ ਤੋਂ ਇਨਕਾਰੀ ਹੋਣਾ ਚਾਹੁੰਦਾ ਹੈ ਤਾਂ ਕੀ ਕੀਤਾ ਜਾ ਸਕਦਾ ਹੈ।
‘ਵਿਚਿੱਤਰ’ ਨਿਰਨਾ ਤਾਂ ੳਦੋਂ ਬਣਿਆਂ ਜਦੋਂ ਇਹ ਕਿਹਾ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੋਥੀਆਂ ਦੀ “ਨਕਲ” ਉਤਾਰਦੇ ਹੋਏ ਭਾਈ ਗੁਰਦਾਸ ਤੋਂ ਸ੍ਰੀ ਆਦਿ ਗ੍ਰੰਥ ਲਿਖਵਾਇਆ ਸੀ ਜਦੋਂ ਕਿ ਸਚਾਈ ਇਹ ਹੈ ਕਿ ਪੰਜਵੇਂ ਗੁਰੂ ਜੀ ਨੇ ਉਪਲਭਧ ਬਾਣੀ ਦੀ “ਸੰਪਾਦਨਾ” ਕਰਦੇ ਹੋਏ ਇਹ ਬਾਣੀ ਭਾਈ ਗੁਰਦਾਸ ਜੀ ਦੇ ਸਾਹਵੇਂ “ਉਚਾਰਕੇ” ਉਹਨਾਂ ਦੇ ਹੱਥੀਂ ਲਿਖਵਾਈ ਸੀ। ਇਸ ਨੂੰ ਡਿਕਟੇਸ਼ਨ ਦੀ ਵਿਧੀ ਕਰ ਕੇ ਜਾਣਿਆਂ ਜਾਂਦਾ ਹੈ। ੳਪਰੋਕਤ ਦੱਸੇ ‘ਵਿਚਿੱਤਰ’ ਨਿਰਨੇ ਪਿੱਛੇ ਭਾਵਨਾ ਇਹ ਸੀ ਕਿ ਇਹ ਸਾਬਤ ਕੀਤਾ ਜਾਵੇ ਕਿ ਜੇ ਕਰਤਾਰਪੁਰੀ ਬੀੜ ਇੱਕ ਉਤਾਰਾ ਵੀ ਹੋਵੇ ਤਾਂ ਕੀ ਹੈ, ਸ੍ਰੀ ਆਦਿ ਗ੍ਰੰਥ ਵੀ ਤਾਂ ਪੋਥੀਆਂ ਦਾ ਉਤਾਰਾ ਹੀ ਹੈ। ਕੀ ਇਤਨੇ ਨਿਮਨ ਪੱਧਰ ਦੇ ਮੰਤਵ ਨੂੰ ਹਾਸਲ ਕਰਨ ਖਾਤਰ ਸ੍ਰੀ ਆਦਿ ਗ੍ਰੰਥ ਨੂੰ ਉਤਾਰਾ ਸਾਬਤ ਕਰਨਾ ਪੰਜਵੇਂ ਗੁਰੂ ਸਾਹਿਬ ਅਤੇ ਸ੍ਰੀ ਆਦਿ ਗ੍ਰੰਥ ਦਾ ਅਪਮਾਨ ਕਰਨ ਦੀ ਕੋਸ਼ਸ਼ ਨਹੀਂ ਬਣਦੀ? ਬਾਦ ਵਿੱਚ ਸ਼ਬਦ “ਨਕਲ” ਦੀ ਜਗਹ ਤੇ “ਪ੍ਰਯੋਗ ਕਰਨ” ਅਤੇ “ਸੰਕਲਨ-ਸੰਪਾਦਨ” ਵਰਤ ਕੇ ਧੋਣਾ ਨਹੀਂ ਧੋਇਆ ਜਾ ਸਕਦਾ। ਸਿਰਸੇ ਵਾਲੇ ਸਾਧ ਦੀ ਉਦਾਹਰਨ “ਨਕਲ” ਦੇ ਸੰਕਲਪ ਨਾਲ ਜੁੜੀ ਹੋਈ ਹੈ। ਜੇ ਕਰਤਾਰਪੁਰੀ ਬੀੜ ਵਰਗੇ ਜਾਅਲੀ ਦਸਤਾਵੇਜ਼ ਨੂੰ ਸ੍ਰੀ ਆਦਿ ਗ੍ਰੰਥ ਦੀ “ਨਕਲ” ਦਾ ਦਰਜਾ ਦੇ ਕੇ ਸਤਿਕਾਰਤ ਬਣਾਇਆ ਜਾ ਸਕਦਾ ਹੈ ਤਾਂ ਸਾਧ ਵੀ ਦਸਵੇਂ ਗੁਰੂ ਵਰਗੇ ਮਹਾਂਪੁਰਸ਼ ਦੀ ਨਕਲ ਕਰਦਾ ਹੋਇਆ ਸਤਿਕਾਰ ਦਾ ਪਾਤਰ ਹੀ ਸਮਝਿਆ ਜਾਣਾ ਚਾਹੀਦਾ ਹੈ।
ਇਹ ਠੀਕ ਹੈ ਕਿ ਰੱਬੀ ਸ਼ਬਦ ਗਿਆਨ (= ਗੁਰਬਾਣੀ) ਗੁਰੂਘਰ ਦੀ ਮਨੁੱਖਤਾ ਲਈ ਬਹੁਤ ਵੱਡੀ ਦੇਣ ਹੈ। ਪਰ ਗੁਰੂ ਸਾਹਿਬਾਨ ਨੇ ਸਿੱਖੀ ਦੇ ਕਿਹੜੇ ਕਿਹੜੇ ਪ੍ਰਚਾਰ ਕੇਂਦਰ ਸਥਾਂਪਤ ਕੀਤੇ ਇਤਹਾਸ ਵਿੱਚ ਇਸ ਦਾ ਕੋਈ ਹਵਾਲਾ ਨਹੀਂ ਮਿਲਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਛਲੀ ਉਮਰੇ ਕਰਤਾਰਪੁਰ ਵਿਖੇ ਡੇਰਾ ਲਾਇਆ। ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਚਲੇ ਗਏ। ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਟਿਕਾਣਾ ਬਣਾਇਆ। ਸ੍ਰੀ ਗੁਰੂ ਰਾਮਦਾਸ ਜੀ ਗੁਰੂ ਕਾ ਚੱਕ ਆਣ ਬਿਰਾਜੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲਾਂ ਤਰਨਤਾਰਨ ਅਤੇ ਫਿਰ ਕਰਤਾਰਪੁਰ (ਜਲੰਧਰ ਨੇੜੇ)। ਇਸ ਵੇਲੇ ਤਕ ਸਿੱਖੀ ਦੇ ਹੋਰ ਕਿਹੜੇ ਪਰਚਾਰ ਕੇਂਦਰ ਸਨ? ਬਾਈ ਮੰਜੀਆਂ ਤਾਂ ਬਾਈ ਪਰਚਾਰਕਾਂ ਦੇ ਨਾਮ ਹਨ ਜੋ ਸ੍ਰੀ ਗੁਰੂ ਅਮਰਦਾਸ ਜੀ ਨੇ ਥਾਪੇ ਸਨ। ਤੀਸਰੇ ਗੁਰੂ ਸਾਹਿਬ ਨੇ ਧਰਮਸ਼ਾਲਾ (ਗੁਰਦਵਾਰੇ ਦਾ ਪਹਿਲਾ ਸਵਰੂਪ) ਦਾ ਸੰਕਲਪ ਵੀ ਦਿੱਤਾ ਪਰ ਇਹ ਧਰਮਸ਼ਾਲਾਵਾਂ ਵੀ ਕਿਥੇ ਕਿਥੇ ਸ਼ਥਾਪਤ ਹੋਈਆਂ ਸਨ ਇਸ ਦਾ ਕੋਈ ਹਵਾਲਾ ਨਹੀਂ ਮਿਲਦਾ। 1604 ਈਸਵੀ ਤੋਂ ਪਿੱਛੋਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਅਸਥਾਨ ਲਈ ਗ੍ਰੰਥ ਸਾਹਿਬ ਦਾ ਕੋਈ ਉਤਾਰਾ ਮੁਹਈਆ ਕਰਵਾਇਆ ਗਿਆ ਇਸ ਦਾ ਕੋਈ ਹਵਾਲਾ ਨਹੀਂ ਮਿਲਦਾ। ਉਹਨਾਂ ਸਮਿਆਂ ਵਿੱਚ ਗੁਰਬਾਣੀ ਕੰਠ ਕਰ ਲੈਣਾ ਕਿਸੇ ਸਿੱਖ ਦਾ ਮੁੱਖ ਕਾਰਜ ਅਤੇ ਫਰਜ਼ ਹੁੰਦਾ ਸੀ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੀ ਸਿਖਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ। ਪਰ ਇਹ ਉਪਰਾਲੇ ਮੁੱਢਲੇ ਤੌਰ ਤੇ ਸਾਖਰਤਾ (ਅੱਖਰ-ਗਿਆਨ) ਦਾ ਫੈਲਾ ਕਰਨ ਵਾਸਤੇ ਸਨ ਖਾਸ ਕਰਕੇ ਫਾਰਸੀ ਜਾਂ ਦੇਵਨਾਗਰੀ ਲਿਪੀਆਂ ਦੇ ਮੁਕਾਬਲੇ ਵਿੱਚ ਗੁਰਮੁਖੀ ਨੂੰ ਸਥਾਪਤ ਕਰਨ ਲਈ ਅਤੇ ਇਸ ਰਾਹੀਂ ਪੰਜਾਬ ਦੀ ਸਥਾਨਕ ਭਾਸ਼ਾ ਪੰਜਾਬੀ ਨੂੰ ਪੜ੍ਹਨ-ਲਿਖਣ ਦੀ ਭਾਸ਼ਾ ਬਨਾਉਣ ਲਈ। ਗੁਰੂ ਸਾਹਿਬ ਸਿੱਖਾਂ ਨੂੰ ਇੱਕ ਪੜ੍ਹੀ-ਲਿਖੀ ਕੌਮ ਬਨਾਉਣਾ ਚਾਹੁੰਦੇ ਸਨ। ਨਿਰਸੰਦੇਹ ਪੋਥੀਆਂ ਦੇ ਰੂਪ ਵਿੱਚ ਉਪਲਭਧ ਬਾਣੀ ਇਸ ਅੱਖਰ ਗਿਆਨ ਲਈ ਸਹਾਇਕ ਸਮੱਗਰੀ
(resource material) ਦੇ ਤੌਰ ਤੇ ਵਰਤੀ ਜਾਂਦੀ ਰਹੀ ਹੋਵੇਗੀ ਪ੍ਰੰਤੂ ਇਸ ਸਮੇਂ ਹਾਲੇ ਸ੍ਰੀ ਆਦਿ ਗ੍ਰੰਥ ਤਾਂ ਹੋਂਦ ਵਿੱਚ ਨਹੀਂ ਸੀ ਆਇਆ ਜਿਸ ਦੇ ਉਤਾਰੇ ਹੋ ਸਕਦੇ। ਸ੍ਰੀ ਆਦਿ ਗ੍ਰੰਥ (ਪਹਿਲਾ ਨਾਮ ਪੋਥੀ ਸਾਹਿਬ) ਮੁੱਢਲੇ ਤੌਰ ਤੇ ਉਸ ਸਮੇਂ ਤੇ ਬਾਣੀ ਵਿੱਚ ਕੀਤੇ ਜਾ ਰਹੇ ਕੱਚੀ ਬਾਣੀ ਦੇ ਰਲੇਵੇਂ ਦੇ ਰੁਝਾਨ ਨੂੰ ਠੱਲ ਪਾਉਂਦੇ ਹੋਏ ਸਮੱਚੀ ਗੁਰਬਾਣੀ ਦੇ ਸੰਦੇਸ਼ ਨੂੰ ਪ੍ਰੀਭਾਸਿਤ ਕਰਨ ਦੇ ਮਕਸਦ ਨਾਲ ਹੋਂਦ ਵਿੱਚ ਆਇਆ ਸੀ ਭਾਵੇਂ ਕਿ ਸੰਕਲਣ ਅਤੇ ਸੰਪਾਦਨ ਦੀ ਪ੍ਰੀਕਿਰਿਆ ਰਾਹੀਂ ਇਹ ਇੱਕ ਅਦੁਤੀ ਗ੍ਰੰਥ ਬਣ ਕੇ ਸਾਹਮਣੇ ਆਇਆ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਆਦਿ ਗ੍ਰੰਥ ਦੇ ਕਰਵਾਏ ਕਥਿਤ ਉਤਾਰਿਆਂ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ। ਕੋਈ ਵੀ ਐਸਾ ਉਤਾਰਾ ਉਪਲਭਧ ਨਹੀਂ। ਗੁਰੂਘਰ ਵੱਲੋ ਕਰਵਾਏ ਉਤਾਰਿਆਂ ਦੀ ਪ੍ਰੰਪਰਾ ਦਾ ਕਿਤੇ ਕੋਈ ਹਵਾਲਾ ਨਹੀਂ ਮਿਲਦਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੋਂ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਹਰਗੋਬਿੰਦਪੁਰ ਵਿਖੇ ਰਹਿੰਦੇ ਰਹੇ। ਗੁਰੂ ਹਰ ਰਾਇ ਜੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕੀਰਤਪੁਰ ਸਾਹਿਬ ਵਿਖੇ ਰਹੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ। ਇਹਨਾਂ ਸਾਰੇ ਕੇਂਦਰਾਂ ਵਿਚੋਂ ਕਿਸੇ ਲਈ ਵੀ ਗ੍ਰੰਥ ਸਾਹਿਬ ਦਾ ਗੁਰੂਘਰ ਵੱਲੋਂ ਕੋਈ ਉਤਾਰਾ ਕਰਕੇ ਰਖਵਾਏ ਜਾਣ ਦਾ ਕੋਈ ਹਵਾਲਾ ਨਹੀਂ ਮਿਲਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਆਦਿ ਗ੍ਰੰਥ ਦੇ ਕਰਵਾਏ ਉਤਾਰਿਆਂ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ। ਇਹੋ ਜਿਹਾ ਕੋਈ ਵੀ ਉਤਾਰਾ ਉਪਲਭਧ ਨਹੀਂ। ਹਾਂ, ਉਹਨਾਂ ਨੇ ਸ੍ਰੀ ਆਦਿ ਗ੍ਰੰਥ ਉਪਲਭਧ ਨਾ ਹੋਣ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਸ਼ਾਮਲ ਕਰਕੇ ਨਵੀਂ ਬੀੜ ਜ਼ਰੂਰ ਤਿਆਰ ਕਰਵਾਈ ਸੀ ਜਿਸਨੂੰ ਦਮਦਮੀ ਬੀੜ ਕਿਹਾ ਗਿਆ। ਇਸੇ ਬੀੜ ਨੂੰ ਸਾਹਮਣੇ ਰੱਖ ਕੇ 1708 ਈਸਵੀ ਵਿੱਚ ਦਸਵੇਂ ਗੁਰੂ ਜੀ ਨੇ ਨੰਦੇੜ ਵਿਖੇ ਗੁਰਬਾਣੀ ਨੂੰ ਗੁਰਗੱਦੀ ਸੌਂਪੀ। ਇਹ ਬੀੜ ਅਠਾਰਵੀਂ ਸਦੀ ਵਿੱਚ ਸਿੱਖਾਂ ਦੇ ਮੁਗਲਾਂ ਨਾਲ ਹੋਏ ਜੰਗਾਂ-ਯੁੱਧਾਂ ਵਿੱਚ ਨਸ਼ਟ ਹੋ ਗਈ। ਇਸ ਬੀੜ ਦੇ ਕੋਈ ਉਤਾਰੇ ਕਿਸੇ ਨੇ ਨਹੀਂ ਕਰਵਾਏ। ਉਨ੍ਹੀਵੀਂ ਸਦੀ ਵਿੱਚ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਤਿਆਰ ਹੋਣ ਦੀ ਪ੍ਰੀਕਿਰਿਆ ਨੂੰ ਇਸੇ ਪਰਿਪੇਖ ਵਿੱਚ ਵੇਖਣਾ ਬਣਦਾ ਹੈ।
ਇਹ ਫਿਰ ਦੁਹਰਾਉਣਾ ਪੈ ਰਿਹਾ ਹੈ ਕਿ ਲੇਖਕ ਦੇ ਮੁੱਢਲੇ ਲੇਖ ਦਾ ਮੁਖ ਪ੍ਰਯੋਜਨ ਸਿੱਖਾਂ ਦੇ ਸ੍ਰੀ ਅਕਾਲ ਤਖਤ ਉਤੇ ਕਾਬਜ਼ ਪੁਜਾਰੀ ਵਰਗ ਵੱਲੋਂ ਸੁਹਿਰਦ ਵਿਦਵਾਨਾਂ ਦੀ ਕੀਤੀ ਜਾ ਰਹੀ ਦੁਰਦਸ਼ਾ ਵੱਲ ਅਤੇ ਇਸ ਦੇ ਗੰਭੀਰ ਸਿੱਟਿਆਂ ਵੱਲ ਪਾਠਕਾਂ ਦਾ ਧਿਆਨ ਦੁਆੳਣਾ ਸੀ। ਪਿਆਰ ਸਿੰਘ ਨੇ ਕਰਤਾਰਪੁਰੀ ਬੀੜ ਦਾ ਵਿਰੋਧ ਨਹੀਂ ਕੀਤਾ ਸਗੋਂ ਇਸ ਬਾਰੇ ਸੱਚ ਨੂੰ ਉਜਾਗਰ ਕੀਤਾ ਹੈ। ਭਾਈ ਜੋਧ ਸਿੰਘ ਤੋਂ ਇਲਾਵਾ ਦੂਸਰੇ ਸਾਰੇ ਖੋਜੀ ਵਿਦਵਾਨਾਂ ਨੇ ਕਰਤਾਰਪੁਰੀ ਬੀੜ ਨੂੰ ਨਕਲੀ ਹੀ ਕਰਾਰ ਦਿੱਤਾ ਹੈ। ਭਾਈ ਜੋਧ ਸਿੰਘ ਉਹੀ ਹਨ ਜਿਹਨਾਂ ਦੇ ਸਿਰ ਗ੍ਰੰਥ ਸਾਹਿਬ ਦੇ ਅਜੋਕੇ ਸਰੂਪ ਵਿੱਚ ਰਾਗਮਾਲਾ ਸ਼ਾਮਲ ਕਰਵਾਉਣ ਦਾ ਭਾਂਡਾ ਫੁਟਦਾ ਹੈ।
ਇਸ ਲੇਖਕ ਦੇ ਲੇਖ ਦੇ ਸੰਦਰਭ ਵਿੱਚ ਪਾਠਕਾਂ ਨੂੰ ਸੁਚੇਤ ਕਰਨਾਂ ਕਿ ਉਹ “ਕੋਈ ਭੁਲੇਖਾ ਨਾ ਖਾਣ” ਅਸਿੱਧੇ ਤੌਰ ਤੇ ਇਲਜ਼ਾਮ-ਤਰਾਸ਼ੀ ਵਾਲੀ ਗੱਲ ਹੈ। ਇਹੋ ਜਿਹੀ ਇਲਜ਼ਾਮ-ਤਰਾਸ਼ੀ ਪੁਸਤਕ “ਗਾਥਾ ਸ੍ਰੀ ਆਦਿ ਗ੍ਰੰਥ” ਨੂੰ ਪੜ੍ਹੇ ਬਗੈਰ ਹੀ ਪਿਆਰ ਸਿੰਘ ਉਤੇ ਸਿੱਧੇ ਤੌਰ ਤੇ ਕਰ ਦਿੱਤੀ ਗਈ ਹੈ। ਪਿਆਰ ਸਿੰਘ ਬੜਾ ਹੀ ਸਾਊ ਅਤੇ ਸੰਤ-ਸੁਭਾ ਦਾ ਵਿਅਕਤੀ ਸੀ ਅਤੇ ਉਸ ਨੇ ਆਪਣੇ ਖੋਜ-ਯੋਜਨਾ ਦੇ ਦਾਇਰੇ ਵਿੱਚ ਰਹਿ ਕੇ ਆਪਣਾ ਕੰਮ ਸਫਲਤਾ ਨਾਲ ਸੰਪੂਰਨ ਕੀਤਾ ਹੈ। ਕਿਸੇ ਖੋਜਕਰਤਾ ਦੀ ਸੁਹਿਰਦਤਾ ਨਾਲ ਕੀਤੀ ਮਿਹਨਤ ਨੂੰ ਮਾਨਤਾ ਨਾ ਦੇ ਕੇ ਸਗੋਂ ਉਸ ਨੂੰ “ਖੇਡ” ਦਾ ਦਰਜਾ ਦਿੰਦੇ ਹੋਏ ਅਤੇ ਸਬੰਧਤ ਖੋਜ-ਕਾਰਜ ਦਾ ਅਧਿਐਨ ਕੀਤੇ ਬਗੈਰ ਹੀ ਖੋਜਕਰਤਾ ਉਤੇ ‘ਨਿਸ਼ਾਨੇ ਸਾਧਣ’, ‘ਭੁਲੇਖੇ ਖੜੇ ਕਰਨ’, ‘ਕੂਟਨੀਤਕ ਕੌਸ਼ਲ’ ਅਤੇ ‘ਸ਼ੰਕੇ ਪੈਦਾ ਕਰਨ’ ਵਰਗੇ ਹਲਕੇ ਇਲਜ਼ਾਮ ਲਗਾ ਕੇ ਜਾਤੀ ਹਮਲੇ ਕੀਤੇ ਜਾਣਾ ਨਾ ਤਾਂ ਵਿਦਵਤਾ ਹੈ ਅਤੇ ਨਾ ਹੀ ਸਿੱਖੀ ਦੀ ਸੇਵਾ। ਇਸ ਤਰ੍ਹਾਂ ਦੇ ਜਾਤੀ ਹਮਲੇ ਵਾਲੇ ਇਲਜ਼ਾਮ ਸੰਵਾਦ ਨੂੰ ਅਤੀ ਨੀਵੇਂ ਦਰਜੇ ਦੀ ਬਹਿਸ ਵਿੱਚ ਬਦਲ ਦਿੰਦੇ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
.