.

‘ਸਿੱਖ ਮਾਰਗ’
‘ਸਿੱਖ ਮਾਰਗ’, ਇਸ ਦੇ ਸੰਪਾਦਕ, ਲੇਖਕਾਂ ਤੇ ਪਾਠਕਾਂ ਬਾਰੇ, ਇਸ ਸਾਈਟ ਨਾਲ ਜੁੜਣ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ `ਤੇ, ਮੇਰੇ ਵਿਚਾਰ:-

ਪਿਛਲੇ ਸਾਲ, ਇਨ੍ਹੀਂ ਦਿਨੀਂ, ‘ਪ੍ਰਿਥਮ ਭਗਉਤੀ ਸਿਮਰਕੈ’ ਦੀ ਮਨਮਤੀ ਪਰੰਪਰਾ ਨੂੰ ਸਦੀਵੀ ਅਲਵਿਦਾ ਕਹਿਣ ਦੀ ਪਹਿਲ ਕਰਨ ਵਾਲੇ ਮਨਜੀਤ ਸਿੰਘ ਜੀ ਫ਼ਿਨਲੈਂਡ ਨੇ ‘ਸਿੱਖ ਮਾਰਗ’ ਦੀ ਦੱਸ ਪਾਈ ਸੀ। ਲਗ ਪਗ ਵਰ੍ਹਾ ਹੋ ਗਿਆ ਇਸ ਸਾਈਟ ਨੂੰ ਪੜ੍ਹਦਿਆਂ ਅਤੇ, ਥੋੜਾ ਬਹੁਤ ਲਿਖ ਕੇ, ਇਸ ਵਿੱਚ ਨਿਮਾਣਾ ਜਿਹਾ ਹਿੱਸਾ ਪਾਉਂਦਿਆਂ। ਇਸ ਸਮੇ ਦੌਰਾਨ, ਇਸ ਸਾਈਟ ਪ੍ਰਤਿ ਮੇਰੇ ਮਨ ਉੱਤੇ ਜੋ ਕੁੱਝ ਵੀ ਉੱਕਰਿਆ ਗਿਆ ਹੈ, ਉਹ ਪਾਠਕਾਂ/ਲੇਖਕਾਂ ਨਾਲ ਸਾਂਝਾ ਕਰਨ ਦਾ ਉਪਰਾਲਾ ਕਰਦਾ ਹਾਂ।
ਸੰਸਾਰ ਵਿੱਚ ਹਜ਼ਾਰਾਂ ਹੀ ਸਿੱਖ ਜਥੇਬੰਦੀਆਂ, ਸਾਈਟਾਂ, ਸਭਾਵਾਂ, ਸਮਾਚਾਰ ਪੱਤ੍ਰ ਅਤੇ ਟੀ: ਵੀ: ਸ਼ੋਅ ਆਦਿ ਹਨ, ਅਤੇ ਕਈ ਹੋਰ ਹੋਂਦ ਵਿੱਚ ਆ ਰਹੇ ਹਨ, ਜਿਨ੍ਹਾਂ ਨੂੰ, ਕਥਿਤ ਤੌਰ `ਤੇ, ‘ਪੰਥ’ ਦੀ ‘ਸੇਵਾ’ ਵਾਸਤੇ ਹੋਂਦ ਵਿੱਚ ਲਿਆਂਦਾ ਗਿਆ, ਅਤੇ ਲਿਆਂਦਾ ਜਾ ਰਿਹਾ ਹੈ। ‘ਸਿੱਖ ਮਾਰਗ’ ਇੱਕ ਅਨੂਠਾ ਤੇ ਨਿਰਾਲਾ ਵੈੱਬ ਸਾਈਟ ਹੈ। ਇਸ ਸਾਈਟ ਦਾ ਨਿਆਰਾਪਨ ਹੀ ਇਸ ਲਿਖਿਤ ਦਾ ਵਿਸ਼ਾ ਹੈ। ਇਹ ਨਿਆਰਾਪਨ, ਸਾਈਟ ਦੇ ਮਕਸਦ-ਮਨੋਰਥ ਤੋਂ ਲੈ ਕੇ ਇਸਦੀ ਮਨੋਹਰ ਰੂਪ-ਰੇਖਾ ਤੱਕ, ਬਹੁਪਖੀ ਹੈ।
ਬਹੁਤੇ ਸੰਪਾਦਕ/ਸੰਚਾਲਕ/ਸੰਸਥਾਵਾਂ/ਸਭਾਵਾਂ ਪੰਥ ਦੀ ਸੇਵਾ ਜਾਂ ਗੁਰਮੱਤਿ ਦੇ ਖਰੇ ਪ੍ਰਚਾਰ ਦਾ ਦਾਅਵਾ ਕਰਦੇ ਹਨ, ਪਰ, ਕਈ ਕਾਰਨਾਂ ਕਰਕੇ ਉਨ੍ਹਾਂ ਦੇ ਇਰਾਦਿਆਂ ਵਿੱਚ ਖੋਟ ਆ ਜਾਂਦੀ ਹੈ ਤੇ ਉਹ ਇਸ ਰਾਹ ਤੋਂ ਥਿੜਕ ਜਾਂਦੇ ਹਨ। ਪਰ, ‘ਸਿੱਖ ਮਾਰਗ’ ਦਾ ਸੰਪਾਦਕ ਜੋ ਟੀਚਾ ਮਿਥ ਕੇ ਤੁਰਿਆ ਸੀ, ਉਸ ਵੱਲ ਪੂਰੀ ਦ੍ਰਿੜਤਾ ਨਾਲ ਤੁਰਿਆ ਜਾ ਰਿਹਾ ਹੈ। ਉਸ ਦਾ ਉਦੇਸ਼ ਗੁਰਮੱਤਿ ਦੇ ਸੱਚ ਦਾ, ਸੱਚੀ ਸ਼੍ਰੱਧਾ, ਸਿਰੜਤਾ, ਨਿਡਰਤਾ ਤੇ ਈਮਾਨਦਾਰੀ ਨਾਲ, ਪ੍ਰਸਾਰਨ ਕਰਨਾਂ ਹੈ। ਸੰਸਾਰ ਦੇ ਕੋਨੇ ਕੋਨੇ ਵਿੱਚ ਵੱਸੀ ਗੁਰਬਾਣੀ ਦੀ ਸ਼੍ਰੱਧਾਲੂ, ਪਰ ਭੇਖੀ ਠੱਗਾਂ ਦੇ ਮਗਰ ਲੱਗ ਕੇ ਕੁਰਾਹੇ ਪਈ, ਸੰਗਤ ਨੂੰ ਗੁਰਬਾਣੀ ਰਚਯਤਿਆਂ ਦੇ ਰੌਸ਼ਨ ਕੀਤੇ ਸੱਚੇ ਰਾਹ ਤੋਂ ਜਾਣੂ ਕਰਾਕੇ ਸਦੀਆਂ ਪੁਰਾਣੇ ਮਨਮੁੱਖੀ ਕਰਮ-ਕਾਂਡਾਂ ਦੇ ਗੰਦੇ ਚਿੱਕੜ ਵਿੱਚੋਂ ਨਿਕਲਨ ਲਈ ਸਹਾਇਤਾ ਕਰਨਾ ਹੈ। ਦੂਸਰਾ, ਮਾਇਕ ਤ੍ਰਿਸ਼ਨਾ ਨਾਲ ਅੰਦਰੋਂ ਬਾਹਰੋਂ ਮੈਲੇ ਤੇ ਹਉਮੈ ਨਾਲ ਗਲੇ ਹੋਏ ਧਰਮ ਉੱਤੇ ਕਾਬਜ਼ ਹੋਏ ਹੋਏ ਧਰਮ-ਦ੍ਰੋਹੀ ਦਲ, ਜਥੇਦਾਰ, ਪ੍ਰਧਾਨ ਤੇ ਹੋਰ ਅਹੁਦੇਦਾਰ, ਡੇਰੇਦਾਰ, ਮਹੰਤ, ਬਾਬੇ, ਅਤੇ ਪੁਜਾਰੀ ਵਗ਼ੈਰਾ ਦੀਆਂ ਗੁਰਮੱਤਿ-ਵਿਰੋਧੀ ਕਾਲੀਆਂ ਕਰਤੂਤਾਂ ਨੂੰ ਜੱਗ ਜ਼ਾਹਿਰ ਕਰਨਾਂ, ਅਤੇ ਉਨ੍ਹਾਂ ਦਾ ਪਾਜ ਉਘਾੜ ਕੇ ਲੋਕਾਈ ਨੂੰ ਉਨ੍ਹਾਂ ਦੀ ਲੁੱਟ ਤੋਂ ਸਾਵਧਾਨ ਕਰਨਾ ਹੈ।
ਇਸ ਤੋਂ ਬਿਨਾਂ ‘ਸਿੱਖ ਮਾਰਗ’ ਅਤੇ ਇਸ ਦੇ ਸੰਪਾਦਕ ਤੇ ਲੇਖਕਾਂ ਦਾਂ ਇੱਕ ਅਹਿਮ ਮਕਸਦ ਇਹ ਵੀ ਹੈ ਕਿ ਸਦੀਆਂ ਤੋਂ ਗੁਮਰਾਹ ਕਰ ਰਹੀਆਂ, ਗੁਰੂਆਂ ਦੇ ਨਾਮ ਨਾਲ ਜੋੜੀਆਂ ਜਾਂਦੀਆਂ ਮਿਥਿਹਾਸਕ ਗੁਰਮੱਤਿ-ਵਿਰੋਧੀ, ਰਚਨਾਵਾਂ ਦਾ ਦਲੀਲ-ਯੁਕਤ ਖੰਡਨ ਕਰਕੇ ਮਨੁੱਖਤਾ ਨੂੰ ਕੁਰਾਹੇ ਪੈਣ ਤੋਂ ਬਚਾਉਣ ਦਾ ਸਿਰਤੋੜ ਯਤਨ ਕਰਨਾਂ ਹੈ। ‘ਸਿੱਖ ਮਾਰਗ’ ਪਹਿਲਾ ਸਾਈਟ ਹੈ ਜਿਸ `ਤੇ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜੇ ਗਏ ਗੁਰਮੱਤਿ-ਵਿਰੋਧੀ ਅਖਾਉਤੀ ਦਸਮ-ਗ੍ਰੰਥ/ਬਚਿੱਤਰ ਨਾਟਕ ਆਦਿ ਮਨਮਤੀ ਪੁਸਤਕਾਂ ਦੇ ਵਿਰੁੱਧ ਬੁਲੰਦ ਆਵਾਜ਼ ਉਠਾਈ ਗਈ ਸੀ। ਵਿਦਵਾਨ ਲੇਖਕਾਂ ਦੇ ਇਸ ਵਿਸ਼ੇ `ਤੇ ਲਿਖੇ ਗਏ ਸੱਭ ਤੋਂ ਵੱਧ ਲੇਖ ਇਸੇ ਸਾਈਟ `ਤੇ ਪਾਏ ਜਾ ਚੁੱਕੇ ਹਨ। ਅਤੇ, ਇਨ੍ਹਾਂ ਲਿਖਤਾਂ ਸਦਕਾ ਪਾਠਕਾਂ ਵਿੱਚ ਜੋ ਅਤਿਅੰਤ ਜਾਗ੍ਰਿਤੀ ਆਈ ਹੈ ਉਸ ਨੂੰ ਜੱਗ ਜਾਣਦਾ ਹੈ।
ਸੰਪਾਦਕ ਦੀ ਸ਼ਕਤੀ ਉਸ ਦੇ ਗੁਰ-ਸਿਧਾਂਤਾਂ ਨਾਲ ਮੇਲ ਖਾਂਦੇ ਨਿਯਮ ਅਤੇ ਇਨ੍ਹਾਂ ਨਿਯਮਾ ਦੀ ਸੱਚੇ ਦਿਲੋਂ ਪਾਲਣਾ ਕਰਨਾ ਹੈ। ਉਹ ਆਪਣੇ ਅਸੂਲਾਂ `ਤੇ ਅਟਲ ਖੜਾ ਹੈ। ਕੋਈ ਵੀ ਵਿਰੋਧੀ ਅਨ੍ਹੇਰੀ ਉਸ ਨੂੰ ਹਿਲਾ ਨਹੀਂ ਸਕੀ। ਉਹ, ਸੁਆਰਥੀ ਅਵਸਰਵਾਦੀਆਂ ਵਾਂਗ, ‘ਬਿਨ ਪੇਂਦੇ ਦੇ ਲੋਟਾ’ ਨਹੀਂ ਹੈ।
ਜਦ ਵੀ ਕੋਈ ਨਵੀਂ ਸੰਸਥਾ ਹੋਂਦ ਵਿੱਚ ਆਉਂਦੀ ਹੈ ਤਾਂ ਉਸ ਦੇ ਸੰਚਾਲਕਾਂ ਦੇ ਏਜੰਡੇ `ਤੇ ਪਹਿਲਾ ਮੁੱਦਾ ਹੁੰਦਾ ਹੈ, ਮਾਇਆ ਲਈ, ਗੁਰੁ/ਪੰਥ ਦਾ ਵਾਸਤਾ ਪਾ ਕੇ, ਅਪੀਲ ਕਰਨਾ। ਇੱਕ ਢੰਗ ਮੈਮਬਰਸ਼ਿਪ ਫ਼ੀਸ ਦਾ ਵੀ ਹੈ। ਇਸ ਤਰ੍ਹਾਂ ਇਕੱਠੀ ਕੀਤੀ ਮਾਇਆ ਦੇ ਸਦਉਪਯੋਗ ਜਾਂ ਦੁਰਉਪਯੋਗ (ਘਪਲੇ/ਗ਼ਬਨ) ਬਾਰੇ ਸੰਚਾਲਕਾਂ ਤੋਂ ਬਿਨਾਂ ਕਿਸੇ ਹੋਰ ਨੂੰ ਕੁੱਝ ਪਤਾ ਨਹੀਂ ਹੁੰਦਾ। ਇਸ ਦੇ ਉਲਟ ‘ਸਿੱਖ ਮਾਰਗ’ ਦੇ ਸੰਚਾਲਕ ਦੀ ਅਪੀਲ ਹੈ, “ਅਸੀਂ ‘ਸਿੱਖ ਮਾਰਗ’ ਲਈ ਨਾਂ ਤਾਂ ਕਦੀ ਕੋਈ ਪੈਸਾ ਮੰਗਿਆ ਹੈ ਅਤੇ ਨਾਂ ਹੀ ਮੰਗਣਾ ਹੈ”। ਸੰਪਾਦਕ, ਵੇਲੇ ਕੁਵੇਲੇ ਦੀਆਂ ਸ਼ਿਫ਼ਟਾਂ ਤੇ ਕ੍ਰਿਤ ਕਰਕੇ, ਜੋ ਕਮਾਉਂਦਾ ਹੈ ਉਸੇ ਵਿੱਚੋਂ ਇਸ ਸਾਈਟ ਦੇ ਖ਼ਰਚੇ ਦਾ ਬੋਝ ਆਪਣੇ ਕ੍ਰਿਤੀ ਮੋਢਿਆਂ `ਤੇ ਚੁੱਕੀ ਫ਼ਿਰਦਾ ਹੈ। ਇਸ ਨੂੰ ਨਿਸ਼ਕਾਮ ਸੇਵਾ ਅਤੇ ਪਰਮਾਰਥ ਕਹਿੰਦੇ ਹਨ, ਜੋ ਹੋਰ ਕਿੱਧਰੇ ਦਿਖਾਈ ਨਹੀਂ ਦਿੰਦੇ!
‘ਸਿੱਖ ਮਾਰਗ’ ਆਪਣੇ ਪੈਰਾਂ `ਤੇ ਇਸ ਦੇ ਸੰਪਾਦਕ ਤੇ ਲੇਖਕਾਂ ਦੇ ਸੁਆਰਥ-ਰਹਿਤ ਉੱਦਮ ਨਾਲ ਖਲੋਇਆ ਹੈ। ਕਈ ਹੋਰ ਸੰਸਥਾਵਾਂ ਆਪਣੇ ਪੈਰ ਜਮਾਉਣ ਲਈ ‘ਸਿੱਖ ਮਾਰਗ’ ਦਾ ਸਹਾਰਾ ਲੈਂਦੀਆਂ ਹਨ, ਅਤੇ ਇਸ ਦਾ ਸੰਪਾਦਕ ਖਿੜੇ ਮੱਥੇ ਇਹ ਸੇਵਾ ਵੀ ਕਰਦਾ ਹੈ।
‘ਸਿੱਖ ਮਾਰਗ’ ਦੇ ਸੰਪਾਦਕ ਦੀ ਸਹਿਨਸ਼ੀਲਤਾ ਵੀ ਪ੍ਰਸ਼ੰਸਨੀਯ ਹੈ। ਉਸ ਦਾ ਹਾਜ਼ਮਾ ਬੜਾ ਤੇਜ਼ ਹੈ। ਲੋਕਾਂ ਦੇ ਕਹੇ/ਲਿਖੇ ਬੇਲੋੜੇ ਖਰ੍ਹਵੇ ਤੇ ਕਰੂਰ ਸ਼ਬਦ ਉਹ ਪਚਾ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਉਹ ਅਜਿਹੀਆਂ ਸੰਪਾਦਕ-ਵਿਰੋਧੀ ਅਣਸੁਖਾਵੀਆਂ ਟਿੱਪਣੀਆਂ ‘ਸਿੱਖ ਮਾਰਗ’ `ਤੇ ਵੀ ਪਾ ਦਿੰਦਾ ਹੈ। ਇਹੋ ਜਿਹੀ ਜ਼ਿੰਦਾ- ਦਿਲੀ ਕਿਸੇ ਹੋਰ ਸੰਪਾਦਕ/ਸੰਚਾਲਕ ਦੇ ਕਿਰਦਾਰ ਵਿੱਚ ਨਜ਼ਰ ਨਹੀਂ ਅਉਂਦੀ।
ਸੱਚੀ ਸੇਵਾ ਓਹੀ ਵਿਅਕਤੀ ਕਰ ਸਕਦਾ ਹੈ ਜੋ ਹਉਮੈ-ਮੁਕਤ ਹੋਵੇ। ‘ਸਿੱਖ ਮਾਰਗ’ ਦਾ ਸੰਪਾਦਕ ਹਉਮੈ ਦੇ ਵਿਕਾਰ ਤੋਂ ਮੁਕਤ ਲੱਗਦਾ ਹੈ। ਉਸ ਨੂੰ, ਪਾਖੰਡੀਆਂ ਵਾਂਗ, ਆਪਣੀ ਫ਼ੋਟੋ-ਪ੍ਰਦਰਸ਼ਨੀਂ ਦਾ ਸ਼ੌਕ ਨਹੀਂ। ਉਹ ਸੰਸਾਰਕ ਸਿਰੋਪੇ, ਤੇ ਮਾਇਆ ਨਾਲ ਤੂੜੇ ਲਿਫ਼ਾਫ਼ੇ ਲੈਣ-ਦੇਣ ਦੇ ਪਾਪ ਤੋਂ ਵੀ ਮੁਕਤ ਹੈ। ਉਹ ਕਿਸੇ ਦੀ ਖ਼ੁਸ਼ਆਮਦ ਨਹੀਂ ਕਰਦਾ ਅਤੇ ਨਾਂ ਹੀ ਉਸ ਨੇ ਖ਼ੁਸ਼ਆਮਦੀ ਇਕੱਠੇ ਕੀਤੇ ਹੋਏ ਹਨ ਜੋ ਵੇਲੇ ਕੁਵੇਲੇ ਉਸ ਦੀ ਝੂਠੀ ਤਾਅਰੀਫ਼ ਕਰੀ ਜਾਣ, ਤੇ ਉਸ ਦੀਆਂ ਕੋਝੀਆਂ ਕਰਤੂਤਾਂ/ਕਮਜ਼ੋਰੀਆਂ `ਤੇ ਝੂਠ ਦਾ ਪਰਦਾ ਪਾਈ ਜਾਣ।
‘ਸਿੱਖ ਮਾਰਗ’ ਦਾ ਸੰਪਾਦਕ ਕਿਸੇ ਵੀ ਧੜੇ, ਵਿਦਵਾਨ, ਮਿੱਤ੍ਰ, ਸਨਬੰਧੀ ਆਦਿ ਦੇ ਸਿਧਾਂਤ-ਵਿਰੋਧੀ ਪ੍ਰਭਾਵ ਤੋਂ ਅਭਿੱਜ ਹੈ। ਉਸ ਨੇ ਕਿਸੇ ਸੰਸਥਾ, ਸਭਾ, ਗਰੁਪ, ਮੰਡਲੀ, ਸਿਆਸੀ ਪਾਰਟੀ ਜਾਂ ਜਥੇਬੰਦੀ ਆਦਿ ਦਾ ਅੰਗ ਬਣ ਕੇ ਆਪਣੀ ਸੁਤੰਤ੍ਰ ਸੋਚਣੀ ਦਾ ਖ਼ੂਨ ਨਹੀਂ ਕੀਤਾ। ਉਸ ਦਾ ਧੜਾ/ਨਾਤਾ ਕੇਵਲ ਗੁਰੂ (ਗ੍ਰੰਥ) ਅਤੇ ਅਕਾਲਪੁਰਖ ਨਾਲ ਹੈ। ਇਸੇ ਲਈ ਉਹ ਆਪਣੇ ਆਪ ਨੂੰ “ਨਾਨਕ ਦਾ ਧੂਤਰੂ” ਕਹਿੰਦਾ ਹੈ। ਨਾਨਕ ਦਾ ਵਫ਼ਾਦਾਰ ਧੂਤਰੁ ਹੋਣ ਕਾਰਣ ਉਹ ਨਿਰਛਲ ਹੈ ਤੇ ਨਾਨਕ ਦੇ ਨਕਸ਼ੇ ਕਦਮਾ `ਤੇ ਚਲਦਾ ਹੋਇਆ ਸੱਚ ਦਾ ‘ਠਾਹ ਸੋਟਾ’ ਮਾਰਨ ਦਾ ਆਦੀ ਹੈ, ਭਾਵੇਂ ਗੁਰਮੱਤਿ-ਵਿਰੋਧੀਆਂ ਦੇ ਗਿੱਟੇ ਲੱਗੇ ਭਾਵੇਂ ਗੋਡੇ। ਉਹ ਕਿਸੇ ਦਾ ਵੀ ਮੁਥਾਜ ਨਹੀਂ ਅਤੇ ਨਾਂ ਹੀ ਕਿਸੇ ਨੂੰ ਕੋਈ ਧੌਂਸ ਦਿੰਦਾ ਹੈ। ਆਪਣੇ ਅਸੂਲ ਉੱਤੇ ਅਟਲ ਖੜੇ ਰਹਿਣ ਲਈ ਉਹ ਵਿਦਵਾਨ ਲੇਖਕਾਂ ਤੇ ਧੜਿਆਂ ਦੀ ਨਾਰਾਜ਼ਗੀ ਵੀ ਕਬੂਲ ਕਰ ਲੈਂਦਾ ਹੈ।
‘ਸਿੱਖ ਮਾਰਗ’ ਦਾ ਵਿਚਾਰ-ਮੰਚ
(Forum) ਸੰਪਾਦਕ ਦੀ, ਗਿਆਨ ਦੀ ਖੋਜ ਵਿੱਚ ਬਿਹਬਲ ਮਨੁੱਖਤਾ ਅਤੇ ਇੱਕ ਅਕਾਲ-ਪੁਰਖ ਵਿੱਚ ਵਿਸ਼ਵਾਸ ਰੱਖਣ ਵਾਲੇ ਗੁਰਮੱਤਿ-ਹਿਤੈਸ਼ੀ ਲੇਖਕਾਂ/ਪਾਠਕਾਂ ਨੂੰ, ਅਨਮੋਲ ਦੇਣ ਹੈ। ਸੰਪਾਦਕ, ਬਿਨਾਂ ਕਿਸੇ ਭੇਦ-ਭਾਵ ਦੇ, ਹਰ ਲੇਖਕ ਨੂੰ ‘ਜੀ ਅਇਆਂ ਨੂੰ’ ਕਹਿੰਦਾ ਹੈ ਅਤੇ ਸਾਰੇ ਪਾਠਕਾਂ ਨੂੰ, ਬਿਨਾਂ ਕਿਸੇ ਭੇਦ ਭਾਵ ਦੇ, ਨਿੱਜੀ ਵਿਚਾਰ ਪ੍ਰਗਟ ਕਰਨ ਦਾ ਮੌਕਾ ਵੀ ਦਿੰਦਾ ਹੈ। ਆਪਣੇ ਨਿੱਜੀ ਤਕਰਾਰਾਂ ਵਿੱਚ ਉਲਝੇ ਹੋਏ, ਕਈ ਲੇਖਕ/ਸੰਪਾਦਕ ਤੇ ਉਨ੍ਹਾਂ ਦੇ ਸਮਰਥਕ ਇਸ ਸਾਈਟ ਨੂੰ ਕਸ਼ਮ-ਕਸ਼ ਦਾ ਅਖਾੜਾ ਬਣਾ ਕੇ ਕੁੱਕੜ-ਕੁਸ਼ਤੀ ਕਰਨ ਲੱਗ ਜਾਂਦੇ ਹਨ। ਪਾਠਕ ਤੰਗ ਆ ਜਾਂਦੇ ਹਨ, ਪਰ, ਸੰਪਾਦਕ ਇਹ ਕੌੜਾ ਘੁੱਟ ਵੀ ਲੰਘਾ ਜਾਂਦਾ ਹੈ।
‘ਸਿੱਖ ਮਾਰਗ’ ਦੀ ਇੱਕ ਹੋਰ ਵਿਲੱਖਣਤਾ ਇਸ ਦੀ, ਪਾਠਕਾਂ ਦੇ ਮਨ/ਆਤਮਾ ਤੇ ਅੱਖਾਂ ਨੂੰ ਭਾਉਣ ਵਾਲੀ, ਅਤਿ ਸੁੰਦਰ ਤੇ ਮਨੋਹਰ ਦੱਖ ਹੈ। ਇਸ ਦਾ ਵੈੱਬ ਡੀਜ਼ਾਈਨ ਬੇਹਦ ਖ਼ੂਬਸੂਰਤ ਹੈ ਅਤੇ ਗੁਰਮਤੀ ਲਿਖਿਤਾਂ ਦੇ ਅਨੁਕੂਲ ਵੀ। ਹੋਰ ਸਾਈਟਾਂ ਦੇ ਮੁਕਾਬਲੇ, ਇਸ ਸਾਈਟ ਨੂੰ ਪੜ੍ਹਨਾ, ਵਿਸ਼ੇਸ਼ ਕਰਕੇ ਬਜ਼ੁਰਗ ਅੱਖਾਂ ਲਈ, ਬਹੁਤ ਸੌਖਾ ਹੈ; ਅੱਖਾਂ ਅੰਭਦੀਆਂ ਨਹੀਂ।
‘ਸਿੱਖ ਮਾਰਗ’ ਦੀ ਸਫ਼ਲਤਾ ਦਾ ਰਾਜ਼ ਇਸ ਦੇ ਸੰਪਾਦਕ ਦੀ ਤਪੱਸਿਆ ਹੈ। ਉਹ ਪਿਛਲੇ ਚੌਦਾਂ ਸਾਲਾਂ ਤੋਂ (ਪਹਿਲੇ ਦੋ ਸਾਲ ਸਾਂਝੀ ਸਪੇਸ ਵਰਤਕੇ ਅਤੇ 1998 ਤੋਂ ‘ਸਿੱਖ ਮਾਰਗ’ ਦੇ ਬੈਨਰ ਥੱਲੇ) ਅਣਥੱਕ ਮਿਹਨਤ ਕਰ ਰਿਹਾ ਹੈ - ਹਫ਼ਤੇ ਦੇ ਪੰਦਰਾਂ ਪੰਦਰਾਂ ਘੰਟੇ ਅਤੇ ਕਈ ਵਾਰੀ ਇਸ ਤੋਂ ਵੀ ਵੱਧ! ਜੇ ਇਤਨੇ ਘੰਟੇ ਆਪਣੇ ਕੰਮ `ਤੇ ਓਵਰਟਾਈਮ ਦੇ ਲਾਏ ਹੁੰਦੇ ਤਾਂ ਹੁਣ ਤਕ ਉਹ ਹਜ਼ਾਰਾਂ ਡਾਲਰ ਵਧੇਰੇ ‘ਅਮੀਰ’ ਹੁੰਦਾ। ਦੂਸਰਾ, ਉਸ ਨੇ ਆਪਣਾ ਕੀਮਤੀ ਸਮਾਂ ਲਾ ਕੇ ਕਈ ਲੇਖਕਾਂ ਨੂੰ ਕੰਪਿਊਟਰ `ਤੇ ਟਾਈਪ ਕਰਨਾਂ ਸਿਖਾਇਆ ਹੈ। ਦਾਸ ਨੂੰ ਉਸ ਨੇਂ, ਬਿਨ ਕਹੇ, ਬਿਨਾਂ ਕਿਸੇ ਜਾਣ-ਪਹਿਚਾਨ ਜਾਂ ਸਿਫ਼ਾਰਸ਼ ਦੇ ਆਪਣੇ ਬਹੁਤ ਹੀ ਰੁਝੇਵੇਂ ਭਰੀ ਜਿੰਦਗੀ ਵਿਚੋਂ ਸਮਾਂ ਕੱਢ ਕੇ ਫ਼ੋਨ ਕਰਕੇ ਡੇਢ ਦੋ ਘੰਟੇ ਲਾ ਕੇ ਕੰਪਿਊਟਰ ਦੀ ਅਤੇ ਟਾਈਪਿੰਗ ਦੀ ਮੁੱਢਲੀ ਜਾਣਕਾਰੀ ਦਿੱਤੀ, ਅਤੇ ਇਸ ਸੰਬੰਧੀ ਬਹੁਮੁੱਲੀ ਪ੍ਰੇਰਣਾਂ ਵੀ। ਕੰਪਿਊਟਰ-ਸਾਇਂਸ/ਗਿਆਨ ਵੱਲੋਂ ਹੱਥ ਬੁਰੀ ਤਰ੍ਹਾਂ ਤੰਗ ਹੋਣ ਕਾਰਨ ਹੁਣ ਵੀ ਜਦ ਕੋਈ ਔਕੜ ਆਉਂਦੀ ਹੈ ਤਾਂ ਸੰਪਾਦਕ ਨੂੰ ਹੀ ਯਾਦ ਕਰਦਾ ਹਾਂ, ਜੋ ਬਿਨਾਂ ਕਿਸੇ ਹੀਲ ਹੁੱਜਤ ਦੇ ਲੋੜੀਂਦੀ ਸਹਾਇਤਾ ਕਰਦਾ ਹੈ। ਕਿਸੇ ਹੋਰ ਕੋਲੋਂ ਅਜਿਹੀ ਪਰਸੁਆਰਥੀ ਭਾਵਨਾਂ
(Gesture) ਦੀ ਉਮੀਦ ਕੀਤੀ ਜਾ ਸਕਦੀ ਹੈ? ? ?
‘ਸਿੱਖ ਮਾਰਗ’ ਦੇ ਲੇਖਕ:-
ਉਪਰੋਪਕਤ ਵਿਸ਼ੇਸ਼ ਗੁਣ ‘ਸਿੱਖ ਮਾਰਗ’ ਦੇ ਸੰਪਾਦਕ ਦੇ ਰਾਖਵੇਂ ਨਹੀਂ ਹਨ। ਜਿਨ੍ਹਾਂ ਲੇਖਕਾਂ ਦੇ ਲੇਖ ਇਸ ਸਾਈਟ `ਤੇ ਪਾਏ ਜਾਂਦੇ ਹਨ ਉਹ ਮਹਾਂ ਤਪੱਸਵੀ ਹਨ। ‘ਸਿੱਖ ਮਾਰਗ’ ਦੇ ਤਕਰੀਬਨ ਸਾਰੇ ਲੇਖਕ ਮਾਇਕ ਤ੍ਰਿਸ਼ਨਾਂ ਤੇ ਹਉਮੈ ਵਰਗੇ ਮਨ ਦੇ ਮਾਰੂ ਰੋਗਾਂ ਤੋਂ ਵੀ ਆਜ਼ਾਦ ਲੱਗਦੇ ਹਨ। ਉਨ੍ਹਾਂ ਦੀ ਬੇਗ਼ਰਜ਼ ਮੁਸ਼ੱਕਤ, ਸਿਰੜਤਾ, ਲਗਨ, ਸੱਚਾਈ, ਗੁਰਮੱਤਿ ਪ੍ਰਤਿ ਸੱਚੀ ਸ਼੍ਰੱਧਾ ਅਤੇ ਮਨੁੱਖਤਾ ਲਈ ਸੱਚਾ ਪਿਆਰ ਬੇਹਦ ਸਨਮਾਨ ਤੇ ਸ਼ਾਲਾਘਾ-ਯੋਗ ਹੈ। ‘ਸਿੱਖ ਮਾਰਗ’ ਦੇ ਲੇਖਕ ਅੰਧਵਿਸ਼ਵਾਸ ਦੀ ਮਾਰੂ ਛਾਂ ਤੋਂ ਮੁਕਤ, ਸੁਤੰਤਰ ਸੋਚ ਤੇ ਬਿਬੇਕ-ਬੁੱਧਿ ਵਾਲੇ, ਗੁਰਮੱਤਿ ਦੇ ਦਿਵਾਨੇ ਯੋਧੇ ਹਨ, ਜੋ ਆਪਣੀ ਕਲਮ ਦੀ ਕਿਰਪਾਨ ਨਾਲ ਧਰਮ-ਅਖਾੜੇ ਵਿੱਚ ਧਰਮ-ਵਿਰੋਧੀ ਕੂੜ-ਸ਼ਕਤੀਆਂ ਨਾਲ ਨਿਧੜਕ ਹੋ ਕੇ ਜੂਝ ਰਹੇ ਹਨ। ਸੰਪਾਦਕ ਨੇ ‘ਸਿੱਖ ਮਾਰਗ’ ਦੀ ਨੀਂਹ ਰੱਖੀ ਅਤੇ ਲੇਖਕਾਂ ਨੇਂ ਆਪਣੀ ਲਗਨ ਤੇ ਮਿਹਨਤ ਨਾਲ ਇਸ ਅਦੁੱਤੀ ਚਾਨਣ-ਮੁਨਾਰੇ ਦੀ ਉਸਾਰੀ ਵਿੱਚ ਸਹਿਯੋਗ ਦਿੱਤਾ। ਲੇਖਕ ‘ਸਿੱਖ ਮਾਰਗ’ ਦਾ ਢੋਆ
(Buttresses) ਹਨ।
ਮੇਰੀ ‘ਸਿੱਖ ਮਾਰਗ’ ਦੇ ਸੰਪਾਦਕ ਤੇ ਲੇਖਕਾਂ ਨਾਲ ਕੋਈ ਨਿੱਜੀ ਸਾਂਝ ਜਾਂ ਪਹਿਚਾਨ ਨਹੀਂ, ਅਤੇ ਨਾਂ ਹੀ ਮੈ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕਦੀ ਮਿਲਿਆ ਹਾਂ। ਪਰ, ਕਹਾਵਤ ਹੈ, ‘ਸ਼ੈਲੀ ਹੀ ਮਨੁੱਖ ਹੈ’
(Style is the man.) ਅਰਥਾਤ ਲਿਖਨ-ਢੰਗ ਤੋਂ ਲੇਖਕ ਦੀ ਪਹਿਚਾਨ ਹੋ ਜਾਂਦੀ ਹੈ। ਸੋ, ਉੱਪਰ ਲਿਖੇ, ਸੰਪਾਦਕ ਤੇ ਲੇਖਕਾਂ ਬਾਰੇ ਮੇਰੇ ਵਿਚਾਰ ਉਨ੍ਹਾਂ ਦੀਆਂ ਲਿਖਿਤਾਂ ਤੇ ਲਿਖਿਨ-ਢੰਗ ਉੱਤੇ ਆਧਾਰਿਤ ਹਨ, ਅਤੇ, ਮੇਰੀ ਸਮਝ ਮੁਤਾਬਿਕ, ਨਿਰਪੱਖ ਹਨ। ਇਸ ਦਾ ਮਤਲਬ ਇਹ ਨਹੀਂ ਕਿ ਜੋ ਕੁੱਝ ਦਾਸ ਨੇ ਲਿਖਿਆ ਹੈ, ਉਹ ਪੱਥਰ `ਤੇ ਲਕੀਰ ਹੈ। ਬੰਦਾ ਗ਼ਲਤੀਆਂ ਦਾ ਪੁਤਲਾ ਹੈ। ਸੰਭਵ ਹੈ ਕਿ ਸੰਪਾਦਕ ਅਤੇ ਲੇਖਕਾਂ (ਦਾਸ ਸਮੇਤ) ਵਿੱਚ ਕਈ ਊਣਤਾਈਆਂ ਹੋਣ, ਜਿਨ੍ਹਾਂ ਦਾ ਇਜ਼ਹਾਰ ਜਾਣੂ ਸੱਜਨ ਬਾ-ਖ਼ੁਸ਼ੀ ‘ਸਿੱਖ ਮਾਰਗ’ `ਤੇ ਕਰ ਸਕਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਸੰਪਾਦਕ ਉਨ੍ਹਾਂ ਊਣਤਈਆਂ ਨੂੰ ਖਿੜੇ ਮੱਥੇ ਸਾਈਟ `ਤੇ ਪਾਵੇਗਾ ਤਾਂ ਜੋ ਸੰਪਾਦਕ ਤੇ ਲੇਖਕ ਸ਼ੁਭਚਿੰਤਕਾਂ ਦੇ ਸੁਝਾਵਾਂ ਅਨੁਸਾਰ ਆਪਣੇ ਵਿੱਚ ਲੋੜੀਂਦਾ ਸੁਧਾਰ ਲਿਆ ਸਕਨ।
‘ਸਿੱਖ ਮਾਰਗ’ ਦੇ ਪਾਠਕ:-
‘ਸਿੱਖ ਮਾਰਗ’ ਦੀ ਲਾਸਾਨੀ ਕਾਮਯਾਬੀ ਦਾ ਸਿਹਰਾ ਇਸ ਦੇ ਪਾਠਕਾਂ ਦੇ ਸਿਰ ਵੀ ਹੈ। ਇਸ ਸਾਈਟ ਨੂੰ ਜੋ ਪ੍ਰਸਿੱਧੀ ਤੇ ਪਿਆਰ ਪ੍ਰਾਪਤ ਹੈ ਉਹ ਸਸਤੀ ਇਸ਼ਤਿਹਾਰਬਾਜ਼ੀ ਜਾਂ ਦੂਸਰੀਆਂ ਸੰਸਥਾਵਾਂ ਦਾ ਸਹਾਰਾ ਲੈ ਕੇ ਨਹੀਂ, ਸਗੋਂ ਇਸ ਦੇ ਸ਼ੁਭਚਿੰਤਕ ਪਾਠਕਾਂ ਨੇ ਮੂੰਹੋਂ ਮੂਹੀਂ ਇਸ ਸਾਈਟ ਨੂੰ ਜਗਤ-ਪ੍ਰਸਿੱਧ ਕੀਤਾ ਹੈ। ਅੱਜ ਇਸ ਸਾਈਟ ਨੂੰ ਸੰਸਾਰ ਦੇ ਕੋਨੇ ਕੋਨੇ ਵਿੱਚ ਅੱਸੀ ਦੇਸਾਂ ਵਿੱਚ ਵਸਦੇ ਗੁਰਮੱਤਿ ਦੇ ਲੱਖਾਂ ਪ੍ਰੇਮੀ ਪਾਠਕ ਪੜ੍ਹਦੇ ਹਨ। ਪਾਠਕਾਂ ਨੂੰ ਇਸ ਸਾਈਟ ਦੇ ਪੜ੍ਹਨ ਦਾ ਨਸ਼ਾ ਜਿਹਾ ਹੋ ਗਿਆ ਹੈ। ਇਸ ਸਾਈਟ ਨੂੰ ਪੜ੍ਹਨਾਂ ਉਨ੍ਹਾਂ ਦੇ ਨਿਤਨੇਮ ਦਾ ਹਿੱਸਾ ਬਣ ਚੁੱਕਿਆ ਹੈ। ਹਰ ਰੋਜ਼ ਇਸ ਦੇ ਅਪਡੇਟ ਹੋਣ ਦੇ ਨਿਸ਼ਚਿਤ ਸਮੇ `ਤੇ ਪਾਠਕ ਕੰਪਿਊਟਰ ਅੱਗੇ ਬੈਠ ਜਾਂਦੇ ਹਨ ਅਤੇ ਅਪਡੇਟ ਹੋਣ ਦੀ ਉਡੀਕ ਕਰਦੇ ਹਨ। ……
ਉਮੀਦ ਹੈ ਕਿ ‘ਸਿੱਖ ਮਾਰਗ’ ਨਾਮ ਦਾ ਚਾਨਣ-ਮੁਨਾਰਾ ਸੰਸਾਰ ਦੇ ਭਵਸਾਗਰ ਵਿੱਚ ਗੋਤੇ ਖਾ ਰਹੀ ਮਨੁੱਖਤਾ ਨੂੰ ਗੁਰਮੱਤਿ ਦਾ ਸੱਚਾ ਰਾਹ ਦਿਖਾਉਂਦਾ ਰਹੇ ਗਾ! ! ! ! !
(ਨੋਟ:- ‘ਸਿੱਖ ਮਾਰਗ’ ਦੇ ਸੰਪਾਦਕ ਤੇ ਲੇਖਕਾਂ ਦੇ ਨਾਮ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਉਨ੍ਹਾਂ ਦੇ ‘ਲੇਖ ਲੜੀਆਂ’ `ਤੇ ਪਏ ਲੇਖਾਂ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਪ੍ਰਾਪਤ ਕੀਤੀ ਜਾ ਸਕਦੀ ਹੈ।)
ਗੁਰਇੰਦਰ ਸਿੰਘ ਪਾਲ




.