.

ਸਾਮਵਾਦੀ ਅਥਵਾ ਕਮਿਉਨਿਜ਼ਮ ਪ੍ਰਭਾਵ `ਚ ਫ਼ਸ ਚੁੱਕੇ ਸਿੱਖ ਵਿਦਵਾਨਾ ਰਾਹੀਂ

ਗੁਰਬਾਣੀ ਦੀ ਹੋ ਰਹੀ ਘੋਰ ਬੇਅਦਬੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮੂਲ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਹੇਠ ਦਿੱਤੇ ਤਿੰਨ ਸ਼ਬਦਾਂ ਦੇ ਅਰਥਾਂ ਦੀ ਸੰਖੇਪ ਵਿਚਾਰ-

.”ਅੰਤਿ ਕਾਲਿ ਜੋ. .” (ਪੰ: ੫੨੬) ਬ੍ਰਾਹਮਣ ਮੱਤ ਅਨੁਸਾਰ ਵਿਸ਼ਵਾਸ ਦਿੱਤਾ ਗਿਆ ਹੈ ਕਿ ਇਨਸਾਨ ਦੀ ਮੌਤ ਸਮੇਂ ਜੋ ਉਸ ਦੀ ਸੋਚ ਜਾਂ ਜਿਸ ਪਾਸੇ ਉਸ ਦੀ ਸੁਰਤ ਹੁੰਦੀ ਹੈ, ਪ੍ਰਾਣੀ ਨੂੰ ਮੌਤ ਤੋਂ ਬਾਅਦ ਅਗਲੀ ਜੂਨੀ ਵੀ, ਉਸੇ ਅਨੁਸਾਰ ਮਿਲਦੀ ਹੈ। ਜਦਕਿ ਗੁਰਮਤਿ ਇਸ ਵਿਚਾਰ ਨੂੰ ਪੂਰੀ ਤਰ੍ਹਾਂ ਨਕਾਰਦੀ ਹੈ। ਗੁਰਮਤਿ ਅਨੁਸਾਰ ਜੀਵਨ ਦੀ ਸੰਭਾਲ ਤੇ ਇਸ ਨੂੰ ਸਿੱਧੇ ਰਾਹ ਪਾਉਣ ਲਈ ਹੀ ਪ੍ਰਭੂ ਵੱਲੋਂ ਮਨੁੱਖਾ ਸਰੀਰ ਮਿਲਦਾ ਹੈ। ਮਨੁੱਖਾ ਸਰੀਰ ਇਸ ਲਈ ਮਿਲਦਾ ਹੈ ਕਿ ਗੁਰੂ-ਗੁਰਬਾਣੀ ਦੀ ਆਗਿਆ ਤੇ ਸਾਧਸੰਗਤ ਦੇ ਸਹਿਯੋਗ ਨਾਲ, ਜੀਵਨ ਨੂੰ ਸਫ਼ਲ ਬਣਾਇਆ ਜਾਵੇ। ਜਿਸ ਤੋਂ ਜੀਵ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਵੇ, ਉਸੇ `ਚ ਸਮਾ ਜਾਵੇ। ਇਸ ਨੂੰ ਬਾਰ ਬਾਰ ਦੀਆਂ ਜੂਨਾਂ ਤੇ ਜਨਮ ਮਰਨ ਦੇ ਗੇੜ੍ਹ `ਚ ਪੈਣਾ ਹੀ ਨਾ ਪਵੇ।

ਗੁਰਮਤਿ ਅਨੁਸਾਰ ਤਾਂ “ਅੰਤਿ ਕਾਲਿ ਪਛੁਤਾਸੀ ਅੰਧੁਲੇ, ਜਾ ਜਮਿ ਪਕੜਿ ਚਲਾਇਆ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ, ਖਿਨ ਮਹਿ ਭਇਆ ਪਰਾਇਆ” (ਪੰ: ੭੬) ਭਾਵ ਜਦੋਂ ਅਚਾਣਕ ਮੌਤ ਨੇ ਆ ਘੇਰਣਾ ਹੈ ਤਾਂ ਉਸ ਵੇਲੇ ਮਨੁੱਖ ਦੀ ਬਿਰਤੀ ਵੀ ਉਥੇ ਹੀ ਹੋਵੇਗੀ, ਜਿਸ ਤਰ੍ਹਾਂ ਦੇ ਜੀਵਨ ਭਰ ਦੇ ਉਸ ਦੇ ਸੰਸਕਾਰ ਹਨ। ਇਸ ਲਈ ਜੇਕਰ ਅਮੁਲੇ ਮਨੁੱਖਾ ਜਨਮ ਦੀ ਸੰਭਾਲ ਹੀ ਨਾ ਕੀਤੀ ਹੋਵੇ ਤਾਂ ਅੰਤ ਸਮੇਂ ਪਛਤਾਉਣਾ ਹੀ ਪੈਂਦਾ ਹੈ। ਕਿਉਂਕਿ ਬਿਰਥਾ ਗੁਆਇਆ ਜਾ ਚੁੱਕਾ ਜਨਮ, ਅੰਤ ਸਮੇਂ ਅਚਾਣਕ ਨਹੀਂ ਸੰਭਾਲਿਆ ਜਾ ਸਕਦਾ।

ਜੀਵਨ ਦੀ ਸੰਭਾਲ ਲਈ ਹੀ ਕਰਤੇ ਨੇ ਪੂਰੀ ਉਮਰ ਬਖਸ਼ੀ ਹੁੰਦੀ ਹੈ। ਬੇਅੰਤ ਜੂਨਾਂ `ਚੋਂ ਕਢ ਕੇ ਮਨੁੱਖਾ ਜਨਮ ਬਖ਼ਸ਼ਿਆ ਹੁੰਦਾ ਹੈ। ਅਕਾਲਪੁਰਖ ਦੇ ਨਿਆਂ `ਚ ਤਾਂ ਜੀਵਨ ਦੇ ਸੁਆਸ-ਸੁਆਸ ਤੇ ਪਲ-ਪਲ ਦਾ ਲੇਖਾ ਆਪਣੇ ਆਪ ਹੋ ਰਿਹਾ ਹੁੰਦਾ ਹੈ। ਜੀਵਨ ਦੇ ਇੱਕ ਇੱਕ ਪਲ ਦਾ ਨਿਪਟਾਰਾ, ਨਾਲੋ ਨਾਲ ਹੁੰਦਾ ਹੈ। ਫ਼ੁਰਮਾਨ ਹੈ “ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੁ ਜੀਆ” (ਪੰ: ੧੧੧੦) ਅਤੇਘੜੀ ਮੁਹਤ ਕਾ ਲੇਖਾ ਲੇਵੈ, ਰਤੀਅਹੁ ਮਾਸਾ ਤੋਲ ਕਢਾਵਣਿਆ” (ਪੰ: ੧੨੭)। ਸਪਸ਼ਟ ਹੈ ਗੁਰਮਤਿ ਅਨੁਸਾਰ ਇਹ ਸੱਚ ਨਹੀਂ ਕਿ ਅੰਤ ਸਮੇਂ ਦੀ ਸੋਚ ਤੇ ਸੁਰਤ ਅਨੁਸਾਰ ਹੀ ਕਿਸੇ ਦਾ ਨਿਪਟਾਰ ਹੋਣਾ ਹੈ।

ਨਿਪਟਾਰਾ ਤਾਂ ਨਾਨਕ ਜਿਨਿ ਕਰਤੈ ਕਾਰਣੁ ਕੀਆ, ਸੋ ਜਾਣੈ ਕਰਤਾਰੁ(ਪੰ: ੪੬੬) ਅਤੇਨਾਨਕ ਏਵ ਨ ਜਾਪਈ, ਕਿਥੈ ਜਾਇ ਸਮਾਹਿ(ਪੰ: ੬੪੮) ਭਾਵ ਮੌਤ ਤੋਂ ਬਾਅਦ ਪ੍ਰਾਣੀ ਦਾ ਕੀ ਹੋਇਆ, ਅਕਾਲਪੁਰਖ ਹੀ ਜਾਣਦਾ ਹੈ, ਦੂਜਾ ਨਹੀਂ ਜਾਣ ਸਕਦਾ। ਕਿਉਂਕਿ ਇਹ ਵਿਸ਼ਾ ਹੈ ਹੀ ਪ੍ਰਭੂ ਦੇ ਆਪਣੇ ਨਿਆਂ ਦਾ, ਮਨੁੱਖ ਦੀ ਸੀਮਾ `ਚ ਹੈ ਹੀ ਨਹੀਂ।

ਉਪ੍ਰੋਕਤ “ਅੰਤਿ ਕਾਲਿ ਜੋ. .” (ਪੰ: ੫੨੬) ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ ਜੋ ਜਨਮ ਤੋਂ ਬ੍ਰਾਹਮਣ ਸਨ। ਸਫ਼ਲ ਅਵਸਥਾ `ਚ ਪੁੱਜਣ ਬਾਅਦ, ਭਗਤ ਜੀ ਨੇ ਇਥੇ ਉਹਨਾਂ ਬ੍ਰਾਹਮਣੀ ਵਿਸ਼ਵਾਸਾਂ ਨੂੰ ਕੱਟਿਆ ਹੈ, ਨਾ ਕਿ ਉਹਨਾਂ ਦੀ ਪ੍ਰੌੜਤਾ ਕੀਤੀ ਹੈ। ਸ਼ਬਦ `ਚ ਆਪ ਨੇ, ਬ੍ਰਾਹਮਣੀ ਵਿਚਾਰਧਾਰਾ ਨੂੰ ਕੱਟਣ ਤੇ ਗੁਰਮਤਿ ਸਿਧਾਂਤ ਨੂੰ ਪ੍ਰਗਟ ਕਰਣ ਲਈ ‘ਉਸ਼ਟ ਲਸ਼ਟਿਕਾ ਪ੍ਰਮਾਣ’ ਵਰਤਿਆ ਹੈ। ਆਪ ਨੇ ਬ੍ਰਾਹਮਣ ਦੀ ਬੋਲੀ `ਚ ਹੀ, ਰੱਬੀ ਸੱਚ ਨੂੰ ਸਮਝਾਇਆ ਹੈ। ਫ਼ੁਰਮਾਉਂਦੇ ਹਨ:

“ਐ ਭਾਈ! ਜਦੋਂ ਤੂੰ ਆਪ ਕਹਿੰਦਾ ਹੈ ਕਿ ਅੰਤ ਸਮੇਂ ਜਿਸ ਦੀ ਸੁਰਤ ਪੈਸੇ `ਚ ਹੋਵੇ, ਮਰਣ ਤੋਂ ਬਾਅਦ ਸੱਪ ਦੀ ਜੂਨ ਪੈਂਦਾ ਹੈ, ਜਿਸ ਦੀ ਸੁਰਤ ਇਸਤ੍ਰੀ ਭਾਵ ਵਿਭਚਾਰ `ਚ ਹੋਵੇ, ਵੇਸ਼ਿਆ ਦੀ ਜੂਨ ਪੈਂਦਾ ਹੈ; ਜਿਸ ਦੀ ਸੁਰਤ ਲੜਕੇ ਭਾਵ ਔਲਾਦ `ਚ ਹੋਵੇ ਸੂਰ ਦੀ ਜੂਨ ਪੈਂਦਾ ਹੈ; ਜਿਸ ਦੀ ਸੁਰਤ ਜਾਇਦਾਦਾਂ `ਚ ਹੋਵੇ, ਪ੍ਰੇਤ ਦੀ ਜੂਨ ਪੈਂਦਾ ਹੈ।

ਤਾਂ ਤੇ ਤੇਰੇ ਕਹੇ ਅਨੁਸਾਰ ਹੀ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ” (ਪੰ: ੫੨੬) ਭਾਵ ਅੰਤ ਸਮੇਂ ਜਿਸ ਦੀ ਸੁਰਤ ਪ੍ਰਭੂ `ਚ ਹੋਵੇਗੀ ਤਾਂ ਤੇ ਉਸ ਦਾ ਮਿਲਾਪ ਵੀ ਆਪਣੇ ਆਪ ਪ੍ਰਭੂ ਨਾਲ ਹੀ ਹੋ ਜਾਵੇਗਾ, ਪਰ:

ਇਸ ਦੇ ਨਾਲ ਚੇਤੇ ਰਖ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਜੀਵਨ ਭਰ ਤੇਰੇ ਸੰਸਕਾਰ ਵੀ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ਹੋਣਗੇ। ਕਿਉਂਕਿ ਅੰਤ ਸਮੇਂ ਮਨੁੱਖ ਦੀ ਸੁਰਤ ਉਥੇ ਹੁੰਦੀ ਹੈ ਜਿਸ ਤਰ੍ਹਾਂ ਉਸ ਦੇ ਜੀਵਨ ਭਰ ਸੰਸਕਾਰ ਪ੍ਰਪੱਕ ਹੋ ਚੁੱਕੇ ਹੁੰਦੇ ਹਨ।

ਭਗਤ ਜੀ ਰਾਹੀਂ ਤਾਂ ਇਸ ਸ਼ਬਦ `ਚ ਚੇਤਾਵਣੀ ਹੈ ਕਿ ਅੰਤ ਸਮੇਂ ਅਚਾਣਕ ਕੁੱਝ ਵੀ ਸੰਭਵ ਨਹੀਂ। ਲੋੜ ਹੈ ਮਨੁੱਖਾ ਜਨਮ ਦੇ ਸੁਆਸ-ਸੁਆਸ ਦੀ ਸੰਭਾਲ ਕੀਤੀ ਜਾਵੇ। ਭਗਤ ਜੀ ਰਾਹੀਂ ਇਸ ਪ੍ਰਥਾਇ ਇਥੇ ਦਿੱਤੀ ਚੇਤਾਵਣੀ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈਇਕੱਲੀ ਨਹੀਂ ਬਲਕਿ ਗੁਰਬਾਣੀ `ਚ ਅਜਿਹੇ ਪ੍ਰਮਾਣ ਹੋਰ ਵੀ ਬਹੁਤ ਹਨ। ਮਿਸਾਲ ਵਜੋਂ “ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ, ਸੰਤ ਸੰਗਿ ਨਿਤ ਰਹੀਐ” (ਪੰ: ੫੩੩) ਜਾਂ “ਜਾ ਕੋ ਨਾਮੁ ਲੈਤ ਤੂ ਸੁਖੀ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ, ਮਨ ਤਨ ਜੀਅਰੇ ਮੁਖੀ” (ਪੰ: ੬੧੭)।

ਇਥੇ ਤਾਂ ਪ੍ਰਭੂ ਚਰਨਾਂ `ਚ ਅਰਦਾਸ ਵੀ ਹੈ “ਸਾ ਬੁਧਿ ਦੀਜੈ, ਜਿਤੁ ਵਿਸਰਹਿ ਨਾਹੀ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥ ਸਾਸ ਸਾਸ ਤੇਰੇ ਗੁਣ ਗਾਵਾ, ਓਟ ਨਾਨਕ ਗੁਰ ਚਰਣਾ ਜੀਉ” (ਪੰ: ੧੦੦) ਤੇ “ਦਮਿ ਦਮਿ ਸਦਾ ਸਮਾਲਦਾ, ਦੰਮੁ ਨ ਬਿਰਥਾ ਜਾਇ”। ਇਸੇ ਦਾ ਨਤੀਜਾ ਹੋਵੇਗਾ “ਜਨਮ ਮਰਨ ਕਾ ਭਉ ਗਇਆ, ਜੀਵਨ ਪਦਵੀ ਪਾਇ” (ਪੰ: ੫੫੬)। ਇਸ ਤਰ੍ਹਾਂ ਗੁਰਬਾਣੀ `ਚ ਇੱਕ ਵੀ ਸ਼ਬਦ ਨਹੀਂ ਜਿੱਥੇ ਪ੍ਰਵਾਣਿਆ ਹੋਵੇ ਕਿ ਮਨੁੱਖ ਦੇ ਅੰਤ ਸਮੇਂ ਦੀ ਸੋਚ ਨਾਲ ਹੀ ਕਿਸੇ ਦੀ ਅਗਲੀ ਜੂਨ ਨ੍ਰਿਧਾਰਤ ਹੁੰਦੀ ਹੈ।

ਦਰ ਅਸਲ ਅਜਿਹੀ ਵਿਚਾਰਧਾਰਾ ਤੇ ਮੌਤ ਤੋਂ ਬਾਅਦ ਦੇ ਫ਼ੈਸਲੇ ਬ੍ਰਾਹਮਣ ਤੇ ਗਰੁੜ ਪੁਰਾਨ ਦੇ ਹੀ ਹਨ, ਗੁਰਮਤਿ ਦਾ ਇਹਨਾ ਨਾਲ ਕੁੱਝ ਲੈਣਾ ਦੇਣਾ ਨਹੀਂ। ਬਲਕਿ ਜੂਨਾਂ ਬਾਰੇ ਬ੍ਰਾਹਮਣੀ ਵਿਚਾਰਧਾਰਾ ਨੂੰ ਗੁਰਮਤਿ ਨੇ ਮੂਲੋਂ ਹੀ ਪ੍ਰਵਾਨ ਨਹੀਂ ਕੀਤਾ। ਜੂਨਾਂ ਬਾਰੇ ਗੁਰਮਤਿ ਵਿਚਾਰਧਾਰਾ ਨਿਵੇਕਲੀ ਤੇ ਭਿੰਨ ਹੈ ਤੇ ਉਸ ਦੀ ਸਮਝ ਵੀ ਗੁਰਬਾਣੀ ਚੋਂ ਆ ਸਕਦੀ ਹੈ, ਬਾਹਰੋਂ ਨਹੀਂ। ਇਸ ਦੇ ਉਲਟ ਗੁਰਮਤਿ ਨੂੰ ਸਮਝੇ ਬਿਨਾ ਇਹੀ ਕਹਿੰਦੇ ਜਾਣਾ ਕਿ ਗੁਰਮਤਿ `ਚ ਜਨਮ-ਮਰਨ ਦਾ ਸਿਧਾਂਤ ਹੈ ਹੀ ਨਹੀਂ, ਇਸ ਤਰ੍ਹਾਂ ਹੈ ਜਿਵੇਂ ਕੋਈ ਦਿਨ ਨੂੰ ਰਾਤ ਕਹੇ। ਇਹ ਗੱਲ ਵੱਖਰੀ ਹੈ ਕਿ ਗੁਰਮਤਿ ਅਨੁਸਾਰ ਸਫ਼ਲ ਤੇ ਸਚਿਆਰੇ ਜੀਵਨ ਉਪਰ ਜਨਮ ਮਰਨ ਦਾ ਸਿਧਾਂਤ ਲਾਗੂ ਨਹੀਂ ਹੁੰਦਾ। ਕਿਉਂਕਿ ਗੁਰਮੁਖ ਪਿਆਰੇ ਜੀਉਂਦੇ ਜੀਅ ਹੀ ਕਰਤੇ `ਚ ਅਭੇਦ ਹੋ ਜਾਂਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ ਜੂਨਾਂ `ਚ ਨਹੀਂ ਪੈਂਦੇ।

ਅਸਲ `ਚ ਭਗਤ ਜੀ ਦਾ ਅੰਤਿ ਕਾਲਿ. .” ਵਾਲਾ ਸਾਰਾ ਸ਼ਬਦ ਹੀ ਸਰੀਰਕ ਮੌਤ ਤੋਂ ਬਾਅਦ ਵਾਲੇ ਵਿਸ਼ੇ ਸਬੰਧੀ ਬ੍ਰਾਹਮਣੀ ਵਿਚਾਰਧਾਰਾ ਨਾਲ ਸਬੰਧਤ ਹਨ। ਸ਼ਬਦ `ਚ ਜੀਉਂਦੇ ਮਨੁੱਖ ਲਈ, ਭਗਤ ਜੀ ਰਾਹੀਂ ਆਪਣੇ ਵੱਲੋਂ ਵਰਤੇ ਰਹਾਉ ਦਾ ਤੇ ਅੰਤਮ ਬੰਦ ਹੀ ਹਨ ਜਿੱਥੇ ਭਗਤ ਜੀ ਗੁਰਮਤਿ ਸਿਧਾਂਤ ਦ੍ਰਿੜ ਕਰਵਾ ਰਹੇ ਹਨ। ਫ਼ਰਮਾਅ ਰਹੇ ਹਨ ਕਿ ਅੰਤ ਸਮੇਂ ਕਿਸੇ ਦੀ ਸੁਰਤ ਉਥੇ ਹੋਵੇਗੀ ਜਿਸ ਤਰ੍ਹਾਂ ਦੇ ਕਿਸੇ ਦੇ ਜੀਵਨ ਭਰ ਦੇ ਸੰਸਕਾਰ ਹੋਣਗੇ। ਇਸ ਸਬੰਧੀ ਹੋਰ ਵੇਰਵਾ ਗੁਰਮਤਿ ਪਾਠ ੧੮੦ “ਅੰਤਿ ਕਾਲਿ ਜੋ. .” `ਚ ਦੇਖਿਆ ਜਾ ਸਕਦਾ ਹੈ।

.”ਪਵਣੁ ਗੁਰੂ ਪਾਣੀ ਪਿਤਾ” -ਬਾਣੀ ਜਪੁ `ਚ ਦੋ ਸਲੋਕ ਆਏ ਹਨ। ਪਹਿਲਾ ਸਲੋਕ ਹੈ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥    ਅਤੇ ਦੂਜਾ ਤੇ ਅੰਤਮ ਸਲੋਕ ਹੈ ਸਲੋਕੁ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥    ਇਹ ਦੂਜਾ ਸਲੋਕ, ਬਾਣੀ ਜਪੁ ਦਾ ਹੀ ਨਿਚੋੜ ਹੈ।

ਸਲੋਕ `ਚ ਗੁਰਦੇਵ ਸਾਰੇ ਸੰਸਾਰ ਨੂੰ ਇੱਕ ਪ੍ਰਵਾਰ ਦੇ ਰੂਪ `ਚ ਪੇਸ਼ ਕਰਦੇ ਹਨ। ਜਿਵੇਂ ਕਿਸੇ ਪ੍ਰਵਾਰ `ਚ ਪਹਿਲਾ ਸਥਾਨ ਗੁਰੂ ਭਾਵ ਪ੍ਰਵਾਰਕ ਅਗਵਾਹੀ ਦਾ ਹੁੰਦਾ ਹੈ। ਪ੍ਰਵਾਰਕ ਜੀਵਨ ਠੀਕ ਰਸਤੇ ਚੱਲ ਰਿਹਾ ਜਾਂ ਗ਼ਲਤ, ਇਸ ਦਾ ਆਧਾਰ ਪ੍ਰਵਾਰਕ ਅਗਵਾਹੀ (ਗੁਰੂ) ਹੀ ਹੁੰਦੀ ਹੈ। ਯੋਗ ਅਗਵਾਹੀ ਹੋਵੇ ਤਾਂ ਪ੍ਰਵਾਰ ਦੀ ਸੰਭਾਲ ਹੋ ਜਾਂਦੀ ਹੈ; ਅਯੋਗ ਅਗਵਾਹੀ, ਪ੍ਰਵਾਰ ਨੂੰ ਤਬਾਹ ਕਰ ਦਿੰਦੀ ਹੈ। ਇਸ ਤੋਂ ਬਾਅਦ ਪ੍ਰਵਾਰ `ਚ ਹੁੰਦੇ ਹਨ ਮਾਤਾ, ਪਿਤਾ ਤੇ ਔਲਾਦ। ਉਪ੍ਰੰਤ ਔਲਾਦ ਦੀ ਪ੍ਰਵਰਿਸ਼ ਲਈ ਦਾਈ ਤੇ ਦਾਇਆ। ਦਾਈ ਬਚਿੱਆਂ ਨੂੰ ਸੁਆਂਦੀ ਹੈ, ਦਾਇਆ (ਖਿਡਾਵਾ) ਬੱਚਿਆਂ ਨੂੰ ਬਾਹਰ ਬਾਗ਼ ਆਦਿ `ਚ ਘੁਮਾਉਣ ਲਿਜਾਂਦਾ ਹੈ ਤੇ ਇਸ ਤਰ੍ਹਾਂ ਬੱਚਿਆਂ ਨੂੰ ਦਿਨ ਭਰ ਆਹਰੇ ਲਗਾਈ ਰਖਦਾ ਹੈ।

ਇਸੇ ਤਰ੍ਹਾਂ ਜੇ ਮੰਨ ਲਿਆ ਜਾਵੇ, ਕਰਤੇ ਦੀ ਰਚਨਾ `ਚ ‘ਪਵਣ (ਹਵਾ) ‘ਜੋ ਸੁਆਸ ਕ੍ਰਿਆ ਤੇ ਅਨੇਕਾਂ ਢੰਗਾਂ ਨਾਲ ਪ੍ਰਵਾਰ ਨੂੰ ਜੀਵਨ ਦੇ ਰਹੀ ਹੈ; ਸੰਸਾਰ ਰੂਪੀ ਪ੍ਰਵਾਰ ਲਈ ‘ਗੁਰੂ’ ਵਾਲਾ ਕੰਮ ਕਰ ਰਹੀ ਹੈ। ਪ੍ਰਵਾਰ `ਚ ਜਿਵੇਂ ਕੋਈ ਪਿਤਾ, ਪ੍ਰਵਾਰ ਦੀ ਹਰਿਆਵਲ ਨੂੰ ਕਾਇਮ ਰਖਦਾ ਤੇ ਉਪਰਲੀਆਂ ਲੋੜਾਂ ਪੂਰਾ ਕਰਦਾ ਹੈ। ਇਸੇ ਤਰ੍ਹਾਂ ਪਾਣੀ, ਸੰਸਾਰ ਰੂਪੀ ਪ੍ਰਵਾਰ `ਚ ਪਿਤਾ ਵਾਲੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਜਿਵੇਂ ਪ੍ਰਵਾਰ `ਚ ਬੱਚਿਆਂ ਨੂੰ ਜਨਮ ਦੇਣਾ, ਉਹਨਾਂ ਦਾ ਖਾਣ-ਪਾਣ ਤੇ ਪਾਲਣਾ ਵਾਲੀ ਜ਼ਿੰਮੇਵਾਰੀ ਮਾਤਾ ਨਿਭਾਉਂਦੀ ਹੈ। ਉਸੇ ਤਰ੍ਹਾਂ ਸੰਸਾਰ ਰੂਪੀ ਪ੍ਰਵਾਰ `ਚ ਇਹ ਜ਼ਿੰਮੇਵਾਰੀ ਮਾਨੋ ਧਰਤੀ ਨਿਭਾਅ ਰਹੀ ਹੈ।

ਇਸ ਤੋਂ ਬਾਅਦ ਵਿਸ਼ਾ ਹੈ ਰਾਤ ਸਮੇਂ ਬੱਚਿਆਂ ਨੂੰ ਸੁਆਉਣਾ ਤੇ ਦਿਨ `ਚ ਉਹਨਾਂ ਨੂੰ ਘੁਮਾਅ ਫ਼ਿਰਾਅ ਲਿਆਉਣਾ ਤੇ ਆਹਰੇ ਲਗਾਈ ਰਖਣਾ। ਇਸੇ ਤਰ੍ਹਾਂ ਪ੍ਰਭੂ ਦੀ ਬੇਅੰਤ ਰਚਨਾ `ਚ ਦਿਨ ਤੇ ਰਾਤ ਦਾਈ ਤੇ ਦਾਇਆ ਵਾਲੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਰਾਤ, ਮਨੁੱਖ ਨੂੰ ਸੁਆ ਦਿੰਦੀ ਹੈ ਤੇ ਦਿਨ, ਆਹਰੇ ਲਗਾਈ ਰਖਦਾ ਹੈ। ਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਬਤੀਤ ਹੁੰਦੀ ਹੈ।

ਕਿਵ ਸਚਿਆਰਾ ਹੋਈਐ’ - ਇਸ ਤੋਂ ਬਾਅਦ ਸਲੋਕ `ਚ ਗੁਰਦੇਵ ਬਾਣੀ ਜਪੁ ਦੇ ਕੇਂਦਰੀ ਭਾਵ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿਵੱਲ ਆਉਂਦੇ ਹਨ। ਫ਼ੁਰਮਾਉਂਦੇ ਹਨ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿਭਾਵ ਕਿਸ ਨੇ ਜੀਵਨ `ਚ ਕੀ ਕਮਾਈ ਕੀਤੀ ਹੈ? ਜਨਮ ਨੂੰ ਸੰਭਾਲਿਆ ਹੈ ਜਾਂ ਗਵਾਇਆ ਹੈ, ਜੀਵਨ ਚੋਂ ਕੂੜ ਦੀ ਪਾਲ ਤੋੜ ਸਕਿਆ ਹੈ ਜਾਂ ਨਹੀਂ; ਇਸ ਦਾ ਨਿਬੇੜਾ ਅਕਾਲਪੁਰਖ (ਧਰਮੁ) ਦੀ ਦਰਗਾਹ (ਨਿਆਂ) `ਚ ਹੁੰਦਾ ਹੈ। ਇਸ ਤਰ੍ਹਾਂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿਅਨੇਕਾਂ ਤਾਂ ਪ੍ਰਭੂ ਦਰ `ਤੇ ਕਬੂਲ ਹੋ ਜਾਂਦੇ ਹਨ ਤੇ ਅਨੇਕਾਂ ਜਨਮ ਬਿਰਥਾ ਕਰਕੇ ਜਾਂਦੇ ਤੇ ਫ਼ਿਰ ਤੋਂ ਜੂਨਾਂ (ਜਨਮ ਮਰਨ ਦੇ ਗੇੜ੍ਹ) `ਚ ਪਾ ਦਿੱਤੇ ਜਾਂਦੇ ਹਨ।

ਦੇਖਣਾ ਹੈ ਕਿ ਬਾਣੀ ਜਪੁ `ਚ ਵਿਸ਼ੇ ਦਾ ਆਰੰਭ ਮਨੁੱਖ ਨੂੰ ਸਚਿਆਰਾ ਬਨਾਉਣ ਤੋਂ ਹੋਇਆ ਸੀ। ਇਸ ਲਈ ਫ਼ੈਸਲਾ ਵੀ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿਨਾਲ ਹੋਇਆ ਹੈ ਭਾਵ ਜਿਹੜੇ ਪ੍ਰਭੂ ਦੀ ਸਿਫ਼ਤ ਸਲਾਹ ਰਾਹੀਂ ਜੀਵਨ ਦੀ ਕਮਾਈ ਕਰਦੇ ਹਨ, ਆਪਣੀ ਘਾਲਣਾ (ਮਿਹਣਤ) ਨੂੰ ਸਫ਼ਲ ਕਰਦੇ ਤੇ ਸਚਿਆਰੇ ਹੋ ਕੇ, ਕਰਤੇ `ਚ ਅਭੇਦ ਹੋ ਜਾਂਦੇ ਹਨ, ਮੁੜ ਜਨਮ-ਮਰਨ `ਚ ਨਹੀਂ ਆਉਂਦੇ। ਇਨਾਂ ਹੀ ਨਹੀਂ, ਅਜਿਹੇ ਸਚਿਆਰੇ ਪੁਰਖ ਆਪਣੇ ਜੀਵਨ ਦੀ ਸੰਭਾਲ ਤਾਂ ਕਰਦੇ ਹੀ ਹਨ, ਨਾਲ ਅਨੇਕਾਂ ਦੇ ਜੀਵਨ ਨੂੰ ਵੀ ਸਫ਼ਲ ਕਰਣ ਦਾ ਕਾਰਨ ਬਣਦੇ ਹਨ।

ਇਹ ਵੀ ਸਮਝਣਾ ਹੈ ਕਿ ਸਲੋਕ `ਚ ਪਵਣ-ਗੁਰੂ, ਪਾਣੀ-ਪਿਤਾ ਜਾਂ ਧਰਤੀ-ਮਾਤਾ, ਅਨਮੱਤੀ ਅਰਥਾਂ `ਚ ਨਹੀਂ ਹਨ। ਇਥੇ ਇਹ ਸਾਰੇ ਲਫ਼ਜ਼ ਵਿਸ਼ੇ ਨੂੰ ਸਮਝਾਉਣ ਲਈ ਕੇਵਲ ਮਿਸਾਲ ਵਜੋਂ ਹਨ। ਠੀਕ ਉਸੇ ਤਰ੍ਹਾਂ, ਜਿਵੇਂ ਕਿਸੇ ਦੇਸ਼, ਇਲਾਕੇ, ਇਮਾਰਤ ਆਦਿ ਦਾ ਨਕਸ਼ਾ ਬਨਾਉਣ ਲਈ ਮੰਨ ਲਿਆ ਜਾਂਦਾ ਹੈ “ਮੰਨ ਲੋ ਇੱਕ ਇੰਚ ਬਰਾਬਰ ਹੈ ਇੱਕ ਹਜ਼ਾਰ ਕਿਲੋਮੀਟਰ ਜਾਂ ਇਸੇ ਤਰ੍ਹਾਂ ਕੁੱਝ ਹੋਰ” ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਕ ਇੰਚ ਸਚਮੁਚ ਇੱਕ ਹਜ਼ਾਰ ਕਿਲੋ ਮੀਟਰ ਜੇਡਾ ਹੋ ਜਾਵੇਗਾ ਜਾਂ ਹੋ ਗਿਆ ਹੈ।

ਉਪ੍ਰੰਤ ਜੋ ਸਜਨ ਫ਼ਿਰ ਵੀ ਹੱਠ ਕਰਣ, ਉਹਨਾਂ ਨੂੰ ਵਿਚਾਰਣ ਦੀ ਲੋੜ ਹੈ, ਜੇ ਸਚਮੁਚ ਪਵਣ, ਪਾਣੀ, ਧਰਤੀ ਦੇ ਅਨਮੱਤੀ ਅਰਥ ਗੁਰੂ, ਪਿਤਾ ਤੇ ਮਾਤਾ ਹੀ ਹਨ; ਤਾਂ ਅਜਿਹੇ ਸੱਜਨ ਦਾਈ ਤੇ ਦਾਇਆ ਨੂੰ ਕਿਸ ਅਰਥ `ਚ ਲੈਣ ਗੇ। ਇਥੋਂ ਉਹਨਾਂ ਨੂੰ ਵੀ ਸੱਚਾਈ ਉਘੜ ਕੇ ਆਪਣੇ ਆਪ ਸਾਹਮਣੇ ਆ ਜਾਵੇਗਾ। ਸਮਝ ਆ ਜਾਵੇਗੀ, ਇਥੇ ਗੁਰਦੇਵ ਨੇ ਸਾਰੇ ਸੰਸਾਰ ਨੂੰ ਇੱਕ ਪ੍ਰਵਾਰ ਦੇ ਰੂਪ `ਚ ਪੇਸ਼ ਕਰਕੇ, ਇਸ `ਚੋਂ ਸਚਿਆਰੇ ਪੁਰਖਾਂ ਦੀ ਪਹਿਚਾਣ ਹੀ ਕਰਵਾਈ ਹੈ।

.”ਮਿਲੁ ਜਗਦੀਸ ਮਿਲਨ ਕੀ ਬਰੀਆ” - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੭੬ `ਤੇ ਗਉੜੀ ਗੁਆਰੇਰੀ ਰਾਗ `ਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧  ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥   ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥   ॥ ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥    ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥   

ਸ਼ਬਦ `ਚ ਰਹਾਉ ਦਾ ਬੰਦ ਜੋ ਕਿਸੇ ਵੀ ਸ਼ਬਦ ਦਾ ਕੇਂਦ੍ਰੀ ਭਾਵ ਹੁੰਦਾ ਹੈ, ਇਸ ਤਰ੍ਹਾਂ ਹੈ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥   ॥ ਰਹਾਉ॥ਪੰਜਵੇਂ ਪਾਤਸ਼ਾਹ ਮਨੁੱਖ ਨੂੰ ਹਲੂਣਾ ਦੇ ਰਹੇ ਹਨ ‘ਐ ਮਨੁੱਖ! “ਚਿਰੰਕਾਲ ਇਹ ਦੇਹ ਸੰਜਰੀਆਲੰਮੇ ਸਮੇਂ ਬਾਅਦ ਤੈਨੂੰ ਮਨੁੱਖਾ ਸਰੀਰ ਮਿਲਿਆ ਹੈ। ਤੈਨੂੰ ਇਹ ਸਰੀਰ ਇਸ ਲਈ ਮਿਲਿਆ ਹੈ ਕਿ ਕਰਤੇ ਨੇ ਤੈਨੂੰ ਅਨੇਕਾਂ ਜੂਨਾਂ `ਚੋਂ ਕਢ ਕੇ ਇੱਕ ਵਾਰੀ ਫ਼ਿਰ ਅਵਸਰ ਬਖ਼ਸ਼ਿਆ ਹੈ ਤਾ ਕਿ ਤੂੰ ਇਸ ਦਾ ਲਾਭ ਲੈ ਕੇ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਸਕੇਂ।

ਦੇਖਣਾ ਹੈ, ਜਿਨ੍ਹਾਂ ਸੱਜਨਾਂ ਦੀ ਸੋਚ `ਚ, ਜੂਨਾਂ ਤੋਂ ਮਤਲਬ ਹੀ ਬ੍ਰਾਹਮਣ ਮੱਤ ਤੇ ਗਰੁੜ ਪੁਰਾਨ ਹੈ ਉਹ ਕ੍ਰਿਪਾ ਕਰ ਕੇ ਜਾਗਣ ਤੇ ਜੂਨਾਂ ਦੇ ਵਿਸ਼ੇ ਨੂੰ ਗੁਰਬਾਣੀ-ਗੁਰਮਤਿ ਦੇ ਸੰਧਰਬ `ਚ ਸਮਝਣ। ਗੁਰਬਾਣੀ ਅਨੁਸਾਰ ਬ੍ਰਾਹਮਣੀ ਸੁਰਗ ਨਰਕ ਆਦਿ ਦੀ ਉੱਕਾ ਹੋਂਦ ਹੀ ਨਹੀਂ। ਗੁਰਬਾਣੀ ਅਨੁਸਾਰ ਨਰਕ ਤੇ ਜਨਮ-ਮਰਨ ਦਾ ਗੇੜ੍ਹ, ਅਸਲ `ਚ ਇਹੀ ਹੈ ਜਿਸ ਨੂੰ ਅਸੀਂ ਭੁਗਤਾਅ ਰਹੇ ਹਾਂ। ਇਹ ਅਕਾਲਪੁਰਖ ਦੀ ਬਖ਼ਸ਼ਿਸ਼ ਹੋਈ ਕਿ ਉਸ ਨੇ, ਸਾਨੂੰ ਅਨੰਤ ਜੂਨੀਆਂ `ਚ ਕੱਢ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ। ਇਸੇ ਪ੍ਰਾਪਤ ਮਨੁੱਖਾ ਜਨਮ ਲਈ ਗੁਰਦੇਵ ਹਲੂਣਾ ਦੇ ਰਹੇ ਹਨ, ਮਿਲੁ ਜਗਦੀਸ ਮਿਲਨ ਕੀ ਬਰੀਆਭਾਵ ਇਸ ਵਾਰੀ ਜੋ ਤੇਰੇ ਕੋਲ ਮਨੁੱਖਾ ਜਨਮ ਵਾਲੀ ਵਾਰੀ, ਮੌਕਾ ਅਥਵਾ ਅਵਸਰ ਆਇਆ ਹੈ ਤੂੰ ਇਸ ਦਾ ਲਾਭ ਲੈ ਤੇ ਅਸਲੇ ਪ੍ਰਭੂ `ਚ ਅਭੇਦ ਹੋ ਜਾ; ਸਚਿਆਰਾ ਬਣ ਤੇ ਜੀਵਨ ਮੁੱਕਤ ਹੋ ਜਾ। ਮਿਲ ਚੁੱਕੀ ਇਸ ਮਨੁੱਖਾ ਜਨਮ ਦੀ ਵਾਰੀ ਨੂੰ ਖੰਜਾ ਨਹੀਂ, ਬਿਰਥਾ ਨਾ ਕਰ, ਬਾਜ਼ੀ ਨੂੰ ਹਾਰ ਕੇ ਨਾ ਜਾ।

ਗੁਰਦੇਵ ਇਹ ਵੀ ਸਪਸ਼ਟ ਕਰ ਰਹੇ ਹਨ ਕਿ ਮਨੁੱਖਾ ਸਰੀਰ ਤੈਨੂੰ ਅਚਣਚੇਤ ਨਹੀਂ ਮਿਲਿਆ। ਚਿਰੰਕਾਲ ਇਹ ਦੇਹ ਸੰਜਰੀਆਇਹ ਮਨੁੱਖਾ ਸਰੀਰ ਤੈਨੂੰ ਲੰਮੇ ਸਮੇਂ ਬਾਅਦ ਤੇ ਅਨੇਕਾਂ ਸਰੀਰ (ਜੂਨਾਂ) ਭੁਗਤਾਉਣ ਬਾਅਦ ਮਿਲਿਆ ਹੈ। ਉਹ ਜੂਨੀਆਂ ਕਿਹੜੀਆਂ ਤੇ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਵੇਰਵਾ ਹੈ ਤੂੰ ਕਈ ਜਨਮ ਕੀੜੇ, ਪਤੰਗੇ ਬਣਦਾ ਰਿਹਾ, ਕਈ ਜਨਮ ਹਾਥੀ, ਮੱਛ, ਹਿਰਨ ਅਦਿ ਬਣਿਆ। ਕਈ ਜਨਮ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ `ਚ ਤੂੰ ਘੋੜੇ, ਬਲਦ ਆਦਿ ਬਣ ਕੇ ਜੋਇਆ ਗਿਆ। ੧। ਕਈ ਜਨਮਾਂ `ਚ ਤੈਨੂੰ ਪੱਥਰ ਤੇ ਚਟਾਨਾਂ ਬਣਾਇਆ ਗਿਆ, ਕਈ ਜਨਮ ਤੂੰ (ਮਾਤਾ ਦੇ) ਗਰਭ `ਚ ਹੀ ਖਤਮ ਹੁੰਦਾ ਰਿਹਾ। ਕਈ ਜਨਮਾਂ `ਚ ਤੈਨੂੰ (ਭਾਂਤ ਭਾਂਤ ਦੇ) ਰੁੱਖ ਬਣਾ ਕੇ ਪੈਦਾ ਕੀਤਾ ਗਿਆ। ਇਸ ਤਰ੍ਹਾਂ (ਮਨੁੱਖਾ ਜਨਮ ਮਿਲਣ ਤੋਂ ਪਹਿਲਾਂ) ਤੈਨੂੰ ਚੌਰਾਸੀ ਲੱਖ ਭਾਵ ਅਨੰਤ ਜੂਨਾਂ `ਚ ਘੁਮਾਇਆ ਗਿਆ। ੨।”

ਇਹੀ ਨਹੀਂ, ਸ਼ਬਦ ਦੇ ਤੀਜੇ ਬੰਦ `ਚ ਗੁਰਦੇਵ ਇਸ ਦਾ ਹੱਲ ਵੀ ਦਿੰਦੇ ਹਨ ਕਿ ਜਨਮਾਂ ਦੇ ਇਸ ਗੇੜ੍ਹ `ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ। ਫ਼ੁਰਮਾਣ ਹੈ “ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁਭਾਵ ਤੈਨੂੰ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੈ ਕਿ ਤੂੰ ਸਾਧ ਸੰਗਤ `ਚ ਜਾ ਕੇ, ਗੁਰੂ ਦੀ ਮੱਤ ਲੈ ਤੇ ਗੁਰੂ ਦੀ ਸਿਖਿਆ `ਤੇ ਚੱਲ। ਇਸ ਤਰ੍ਹਾਂ ਪ੍ਰਭੂ ਪ੍ਰਮਾਤਮਾ ਦੇ ਗੁਣ-ਗਾਣ ਕਰਕੇ ਹਉਮੈ, ਮੋਹ ਮਾਇਆ ਵਿਕਾਰਾਂ ਤੋਂ ਛੁਟਕਾਰਾ ਪਾ, ਜਿਸ ਤੋਂ ਤੂੰ ਜੀਵਨ ਮੁਕਤ ਹੋ ਜਾਵੇਂਗਾ ਅਤੇ ਪ੍ਰਭੂ ਦੀ ਦਰਗਾਹ `ਚ ਕਬੂਲ ਹੋ ਜਾਵੇਂਗਾ ਭਾਵ ਸਰੀਰ ਤਿਆਗਣ ਬਾਅਦ, ਤੈਨੂੰ ਮੁੜ ਜਨਮ-ਮਰਨ ਵਾਲੇ ਗੇੜ੍ਹ `ਚ ਨਹੀਂ ਆਉਣਾ ਪਵੇਗਾ। ੩।

ਸ਼ਬਦ ਦੇ ਅੰਤਮ ਬੰਦ `ਚ ਗੁਰਦੇਵ ਪ੍ਰਭੂ ਤੋਂ ਵਿਛੜੇ ਜੀਵ ਭਾਵ ਸਾਨੂੰ ਮਨੁੱਖਾਂ ਨੂੰ ਹਉਮੈ ਰਹਿਤ ਹੋ ਕੇ ਪ੍ਰਭੂ ਚਰਨਾਂ `ਚ ਅਰਦਾਸ ਕਰਣ ਦਾ ਢੰਗ ਵੀ ਸਿਖਾਅ ਰਹੇ ਹਨ। ਫ਼ੁਰਮਾਨ ਹੈ “ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥   ਭਾਵ ਐ ਭਾਈ! ਪ੍ਰਭੂ ਦੇ ਦਰ `ਤੇ ਤੇਰੀ ਹਉਮੈ ਨੇ ਕੰਮ ਨਹੀਂ ਆਉਣਾ। ਉਸ ਦੇ ਦਰ `ਤੇ ਕਬੂਲ ਹੋਣ ਲਈ ਆਪਣੇ ਅੰਦਰ ਨ੍ਰਿਮਾਣਤਾ ਪੈਦਾ ਕਰ। ਮਨੁੱਖਾ ਜਨਮ ਪਾਇਆ ਹੈ ਤਾਂ ਕਰਤੇ ਦੇ ਚਰਨਾਂ `ਚ ਅਰਦਾਸ ਕਰ, ਐ ਕਰਤੇ! ਸਭ ਕੁੱਝ ਕਰਣ ਕਰਾਵਣ ਤੂੰ ਹੀ ਹੈ। ਤੇਰੇ ਬਿਨਾ ਅਜਿਹੀ ਸਮ੍ਰਥਾ ਹੋਰ ਕਿਸੇ `ਚ ਨਹੀਂ। ਇਸ ਲਈ ਹੇ ਪ੍ਰਭੂ! ਤੈਨੂੰ ਵੀ ਤੇ ਤਾਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਆਪਣੇ ਚਰਨਾਂ ਨਾਲ ਮਿਲਾ ਲਵੇਂ। ਇਸ ਤਰ੍ਹਾਂ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ ਮਨੁੱਖ, ਪ੍ਰਭੂ ਦੇ ਗੁਣ ਵੀ ਤਾਂ ਹੀ ਗਾ ਸਕਦਾ ਹੈ ਜੇਕਰ ਜੀਵ ਉਪਰ, ਕਰਤਾ ਆਪ ਬਖ਼ਸ਼ਿਸ਼ ਕਰੇ, ਉਸ ਬਿਨਾ ਨਹੀਂ। ੪।

ਇਸੇ ਤਰ੍ਹਾਂ “ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ” (ਪੰ: ੬੩੧ੱ) ਅਤੇਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ(ਪੰ: ੧੨) ਪੁਨਾ ਜੋ ਜੋ ਜੂਨੀ ਆਇਓ, ਤਿਹ ਤਿਹ ਉਰਝਾਇਓ, ਮਾਣਸ ਜਨਮੁ ਸੰਜੋਗਿ ਪਾਇਆ॥ ਤਾ ਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ, ਕਰਿ ਕਿਰਪਾ ਮੇਲਹੁ ਹਰਿ ਰਾਇਆ” (ਪੰ: ੬੮੬) ਸਪਸ਼ਟ ਹੈ ਮਾਣਸ ਜਨਮੁ ਸੰਜੋਗਿ ਪਾਇਆ” `ਚ ਵੀ ਇਸੇ ਸੱਚ ਨੂੰ ਬਿਆਣਿਆ ਹੈ ਕਿ ਮਨੁੱਖ ਨੂੰ ਇਸ ਤੋਂ ਪਹਿਲਾਂ ਜਨਮ ਤਾਂ ਬਹੁਤੇਰੇ ਮਿਲੇ ਪਰ ਮਨੁੱਖਾ ਜਨਮ ਸੰਜੋਗ ਨਾਲ ਹੀ ਮਿਲਦਾ ਹੈ। ਹੋਰ ਤਾਂ ਹੋਰ ਇਹੀ ਵਿਸ਼ਾ ਮਨੁੱਖ ਵੱਲੋਂ ਪ੍ਰਭੂ ਚਰਨਾਂ `ਚ ਅਰਦਾਸ ਰੂਪ `ਚ ਵੀ ਹੈ ਜਿਵੇਂ “ਸਦ ਬਖਸਿੰਦੁ ਸਦਾ ਮਿਹਰਵਾਨਾ, ਸਭਨਾ ਦੇਇ ਅਧਾਰੀ॥ ਨਾਨਕ ਦਾਸ ਸੰਤ ਪਾਛੈ ਪਰਿਓ, ਰਾਖਿ ਲੇਹੁ ਇਹ ਬਾਰੀ (ਪੰ: ੭੧੩) ਜਾਂਅਨਿਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ, ਦੇਹੁ ਦਰਸੁ ਹਰਿ ਰਾਇਆ(ਪੰ: ੨੦੭) ਆਦਿ।

ਗੁਰਬਾਣੀ ਦੀ ਘੋਰ ਬੇਅਦਬੀ? ਵਿਸ਼ਾ ਖਾਸ ਧਿਆਨ ਮੰਗਦਾ ਹੈ। ਸਿੱਖ ਵਿਦਵਾਨਾ ਰਾਹੀਂ ਜੇਕਰ ਇਹ ਪ੍ਰਚਾਰਿਆ ਜਾਵੇ ਕਿ ਸੰਗਤਾਂ ਨੇ ਜੀਵਨ ਦੀ ਤਿਆਰੀ ਗੁਰਬਾਣੀ ਆਗਿਆ `ਚ ਕਰਣੀ ਹੈ ਤਾ ਕਿ ਸਾਡਾ ਲੋਕ ਵੀ ਸੁਹੇਲਾ ਹੋਵੇ ਤੇ ਸਰੀਰ ਤਿਆਗਣ ਬਾਅਦ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਸਾਡਾ ਜਨਮ ਸਹੀ ਅਰਥਾਂ ` “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿਹੋ ਨਿਬੜੇ। ਇਸ ਤਰੀਕੇ ਸਾਡਾ ਜੀਵਨ ਸਾਡੇ ਆਪਣੇ ਲਈ ਵੀ ਸੰਤੋਖ, ਸਦਾਚਾਰ, ਉੱਚ ਆਚਰਣ ਆਦਿ ਇਲਾਹੀ ਗੁਣਾਂ ਨਾਲ ਭਰਪੂਰ ਹੋਵੇਗਾ ਤੇ ਦੂਜਿਆਂ ਲਈ ਵੀ ਲਾਭਦਾਇਕ, ਪਰਉਪਰਕਾਰੀ ਸਾਬਤ ਹੋਵੇਗਾ। ਉਪ੍ਰੰਤ ਸਰੀਰ ਮੁੱਕਣ ਬਾਅਦ ਵੀ ਜਨਮਾਂ ਦੇ ਗੇੜ੍ਹ `ਚ ਨਹੀਂ ਪਵਾਂਗੇ। ਜੀਉਂਦੇ ਜੀਅ ਤੇ ਸਰੀਰ ਤਿਆਗਣ ਬਾਅਦ ਵੀ ਆਪਣੇ ਅਸਲੇ, ਪ੍ਰਭੂ `ਚ ਅਭੇਦ ਹੋ ਜਾਵਾਂਗੇ।

ਕਿਉਂਕਿ ਗੁਰਬਾਣੀ ਅਨੁਸਾਰ ਮਨਮੁਖ ਆਪਣਾ ਜਨਮ ਅਸਫ਼ਲ ਤੇ ਬਿਰਥਾ ਕਰਕੇ ਮੁੜ੍ਹ ਜੂਨਾਂ ਦੇ ਗੇੜ੍ਹ `ਚ ਪੈਂਦੇ ਹਨ ਜਦਕਿ ਗੁਰਮੁਖ ਜਨਮ ਸਫ਼ਲਾ ਕਰਕੇ ਜਾਂਦੇ ਤੇ ਮੁੜ੍ਹ ਜਨਮ-ਮਰਨ ਵਾਲੇ ਗੇੜ੍ਹ `ਚ ਨਹੀਂ ਆਉਂਦੇ। ਜੇ ਇਸ ਪੱਖੋਂ ਇਸ ਤਰ੍ਹਾਂ ਪ੍ਰਚਾਰ ਹੋਵੇ ਤਾਂ ਤੇ ਅਜਿਹਾ ਪ੍ਰਚਾਰ ਗੁਰਬਾਣੀ ਸਿਖਿਆ ਅਨੁਸਾਰ ਵੀ ਹੋਵੇਗਾ ਤੇ ਕੌਮ ਦੀ ਜਾਗ੍ਰਿਤੀ ਪੱਖੋਂ ਜ਼ਰੂਰੀ ਵੀ।

ਇਸ ਦੇ ਉਲਟ-ਅੱਜ ਕੁੱਝ ਸਿੱਖ ਵਿਦਵਾਨਾਂ ਰਾਹੀਂ ਹੀ ਪ੍ਰਚਾਰਦੇ ਜਾਣਾ ਕਿ ਗੁਰਬਾਣੀ ਅਨੁਸਾਰਸਰੀਰ ਦਾ ਅੱਗਾ ਪਿਛਾ ਹੈ ਹੀ ਨਹੀਂ। ਇਹ ਸਰੀਰ ਹੀ ਸਭ ਕੁੱਝ ਹੈ ਦਰਅਸਲ ਮੂਲ ਰੂਪ `ਚ ਇਹ ਵਿਚਾਰਧਾਰਾ ਸਾਮਵਾਦੀਆਂ (ਕਮਿਉਨਿਸਟਾਂ) ਦੀ ਹੈ ਜੋ ਅਕਾਲਪੁਰਖ ਦੀ ਹੋਂਦ ਤੋਂ ਹੀ ਇਨਕਾਰੀ ਤੇ ਨਾਸਤਿਕ ਹਨ; ਨਾ ਕਿ ਸਿੱਖ ਧਰਮ ਤੇ ਗੁਰਮਤਿ ਦੀ। ਇਸ ਤੋਂ ਵੱਡਾ ਖਤਰਾ ਉਸ ਵੇਲੇ ਹੋ ਜਾਂਦਾ ਹੈ ਜਦੋਂ ਇਹ ਪ੍ਰਚਾਰ ਵੀ ਗੁਰਬਾਣੀ ਨੂੰ ਹੀ ਵਰਤ ਕੇ ਤੇ ਗੁਰਬਾਣੀ ਦੇ ਮਨ-ਮਰਜ਼ੀ ਦੇ ਅਰਥ ਕਰਕੇ, ਗੁਰਬਾਣੀ ਵਿਰੁਧ ਹੀ ਹੋ ਰਿਹਾ ਹੁੰਦਾ ਹੈ। ਬਲਕਿ ਇਹ ਸਭ ਉਦੋਂ ਹੋ ਰਿਹਾ ਹੈ, ਜਦੋਂ ਕਿ ਬਹੁਤੀਆਂ ਸੰਗਤਾਂ ਤਾਂ ਪਹਿਲਾਂ ਤੋਂ ਹੀ ਗੁਰਬਾਣੀ ਗਿਆਨ ਤੋਂ ਕੋਹਾਂ ਦੂਰ ਹਨ। ਅਜਿਹਾ ਕਰਣਾ ਗੁਰਬਾਣੀ ਦੀ ਘੋਰ ਬੇਅਦਬੀ ਵੀ ਹੈ, ਸੰਗਤਾਂ ਨੂੰ ਕੁਰਾਹੇ ਪਾਉਣ ਵਾਲੀ ਖੇਡ ਵੀ ਅਤੇ ਹਰੇਕ ਜਗਰੂਕ ਸਿੱਖ ਵਾਸਤੇ ਵੰਗਾਰ ਵੀ।

ਜਨਮ-ਮਰਨ ਦਾ ਵਿਸ਼ਾ ਤੇ ਅਜੋਕੇ ਸਿੱਖ- ਜਨਮ-ਮਰਨ ਵਾਲਾ ਵਿਸ਼ਾ ਜਿਹੜਾ ਕਿ ਹਰੇਕ ਪ੍ਰਵਾਰ ਨਾਲ ਸਬੰਧਿਤ ਹੈ ਅੱਜ ਲਗਭਗ ਸੰਪੂਰਣ ਸਿੱਖ ਜਗਤ, ਇਸ ਬਾਰੇ ਗੁਰਮਤਿ ਪੱਖੋਂ ਪੂਰੀ ਤਰ੍ਹਾਂ ਉਖੜਿਆ ਪਿਆ ਹੈ।

ਇਸ ਸਬੰਧ `ਚ ਇੱਕ ਪਾਸੇ ਸਿੱਖ ਕੌਮ ਪੂਰੀ ਤਰ੍ਹਾਂ ਬ੍ਰਾਹਮਣੀ ਤੇ ਗਰੁੜ ਪੁਰਾਨ ਦੀ ਜਕੜ `ਚ ਆਈ ਹੋਈ ਹੈ। ਵਿਰਲਿਆਂ ਨੂੰ ਛੱਡ ਕੇ, ਅੱਜ ਸਿੱਖ ਪ੍ਰਵਾਰਾਂ `ਚ ਚਲਾਣੇ ਸਮੇਂ ਉਪਰਲੀਆਂ ਰਸਮਾਂ-ਵਿਸ਼ਵਾਸਾਂ ਸਮੇਤ, ਇਥੋਂ ਤੱਕ ਕਿ ਭੋਗ ਸਮੇਂ ਜਿੱਥੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਪ੍ਰਕਾਸ਼ ਵੀ ਹੋਇਆ ਹੁੰਦਾ ਹੈ; ਹਰੇਕ ਕੰਮ ਗੁਰਬਾਣੀ ਵਿਰੁਧ ਹੋ ਰਿਹਾ ਹੁੰਦਾ ਹੈ। ਉਥੇ ਜੋ ਹੋ ਰਿਹਾ ਹੁੰਦਾ ਹੈ, ਸਾਰੇ ਕਰਮ ਬ੍ਰਾਹਮਣੀ ਤੇ ਗਰੁੜ ਪੁਰਾਨ ਅਨੁਸਾਰ ਹੀ ਕੀਤੇ ਜਾ ਰਹੇ ਹੁੰਦੇ ਹਨ। ਇਸ ਤੋਂ ਵੱਡਾ ਦੁਖਾਂਤ ਕਿ ਉਹਨਾਂ ਇਹ ਸਾਰੇ ਕਰਮ ਕਰਵਾਉਣ ਵਾਲੇ ਵੀ ਸਾਡੇ ਹੀ ਭਾਈ, ਗ੍ਰੰਥੀ, ਰਾਗੀ ਜਨ, ਕਥਾਵਾਚਕ, ਪ੍ਰਬੰਧਕ ਤੇ ਆਗੂ ਹੁੰਦੇ ਹਨ, ਕੋਈ ਬਾਹਿਰ ਦੇ ਅਤੇ ਅਨਧਰਮੀ ਨਹੀਂ ਹੁੰਦੇ।

ਜਨਮ-ਮਰਣ ਦੇ ਵਿਸ਼ੇ `ਤੇ ਗੁਰਬਾਣੀ ਦੀ ਸਿਖਿਆ ਸੇਧ ਕੀ ਹੈ, ਗੁਰਮਤਿ ਅਨੁਸਾਰ ਕੀ ਕਰਣਾ ਹੈ ਤੇ ਕੀ ਨਹੀਂ ਕਰਣਾ; ਅਜਿਹੇ ਸਮੇਂ ਉਥੇ ਕੋਈ ਦੱਸਣ-ਸਮਝਾਉਣ ਵਾਲਾ ਨਹੀਂ ਹੁੰਦਾ। ਫ਼ਿਰ ਜੇ ਕਿਧਰੇ ਉਥੇ ਕੋਈ ਸਮਝਾਉਣ ਵਾਲਾ ਹੋਵੇ ਵੀ ਤਾਂ ਇਸ ਵੱਕਤ ਕੌਮ ਇਸ ਪੱਖੋਂ, ਇਤਨੀ ਵਧ ਬ੍ਰਾਹਮਣੀ ਤੇ ਗਰੁੜ ਪੁਰਾਨ ਦੀ ਜੱਕੜ `ਚ ਫ਼ਸੀ ਹੋਈ ਹੈ ਕਿ ਬਹੁਤੇ ਇਸ ਵਿਸ਼ੇ `ਤੇ ਗੁਰਮਤਿ ਦਾ ਸੱਚ ਸੁਨਣ ਨੂੰ ਵੀ ਤਿਆਰ ਨਹੀਂ ਹੁੰਦੇ ਤੇ ਸਮਾਜਕ-ਪ੍ਰਵਾਰਕ ਰਸਮਾਂ-ਰਿਵਾਜਾਂ ਦੇ ਨਾਮ ਹੇਠ ਸਭ ਕੁੱਝ ਕਰ ਗੁਜ਼ਰਦੇ ਹਨ।

ਦੂਜੇ ਪਾਸੇ, ਇਸ ਵਿਸ਼ੇ `ਤੇ ਕੌਮ `ਤੇ ਜੋ ਨਵਾਂ ਹਮਲਾ ਹੋ ਚੁੱਕਾ ਹੈ ਉਹ ਹਮਲਾ, ਬ੍ਰਾਹਮਣੀ ਤੇ ਗਰੁੜ ਪੁਰਾਨ ਵਾਲੀ ਬਣੀ ਹੋਈ ਜਕੜ ਤੋਂ ਵੀ ਖਤਰਨਾਕ ਹੈ। ਇਹ ਹੈ ਕਮਿਉਨਿਜ਼ਮ (ਸਾਮਵਾਦ) ਦਾ ਹਮਲਾ। ਕਮਿਉਨਿਜ਼ਮ ਅਨੁਸਾਰ ਮਨੁੱਖਾ ਸਰੀਰ ਹੀ ਸਭਕੁਝ ਹੈ ਤੇ ਇਸ ਦਾ ਅੱਗਾ ਪਿਛਾ ਕੁੱਝ ਹੈ ਹੀ ਨਹੀਂ। ਕਿਉਂਕਿ ਉਹ ਲੋਕ ਤਾਂ ਅਕਾਲਪੁਰਖ ਦੀ ਹੋਂਦ ਤੋਂ ਹੀ ਇਨਕਾਰੀ ਹਨ। ਇਸ ਲਈ ਉਥੇ ਗੁਰਮਤਿ ਦੇ ਮੂਲ ਵਿਸ਼ੇ ਅਕਾਲਪੁਰਖ ਦੀ ਬਖ਼ਸ਼ਿਸ਼, ਉਸ ਦੇ ਚਰਨਾਂ ` ਅਰਦਾਸ ਆਦਿ ਵਾਲੇ ਸਾਰੇ ਵਿਸ਼ੇ ਹੀ ਮੁੱਕ ਜਾਂਦੇ ਹਨ। ਜਦਕਿ ਸਿੱਖ ਧਰਮ ਦਾ ਤਾਂ ਆਰੰਭ ਹੀ ੴ ਅਤੇ ਉਸ ਦੀ ਬਖ਼ਸ਼ਿਸ਼ ਤੇ ਅਰਦਾਸ ਤੋਂ ਹੁੰਦਾ ਹੈ। ਇਸ ਲਈ ਸਿੱਖਾਂ `ਚ ਵੀ ਅਜਿਹਾ ਪ੍ਰਚਾਰ ਕਿਮਨੁੱਖਾ ਸਰੀਰ ਹੀ ਸਭਕੁਝ ਹੈ ਤੇ ਇਸ ਦਾ ਅੱਗਾ ਪਿਛਾ ਹੈ ਹੀ ਕੁੱਝ ਨਹੀਂਗੁਰਬਾਣੀ ਦੀ ਦਿਨ-ਦੀਵੀਂ ਅਵਗਿਆ ਵੀ ਹੈ ਤੇ ਬੇਅਦਬੀ ਵੀ।

ਇਸ ਤੋਂ ਵਧ ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਪੰਥ `ਚ ਅਜਿਹਾ ਪ੍ਰਚਾਰ ਵੀ ਖੁਲਮ-ਖੁਲ੍ਹਾ ਹੋ ਰਿਹਾ ਹੈ ਕਿਮਨੁੱਖਾ ਸਰੀਰ ਹੀ ਸਭਕੁਝ ਹੈ ਤੇ ਇਸ ਦਾ ਅੱਗਾ ਪਿਛਾ ਹੈ ਹੀ ਕੁੱਝ ਨਹੀਂ। ਉਪ੍ਰੰਤ ਪੰਥ `ਚ ਅਜਿਹਾ ਪ੍ਰਚਾਰ ਕੋਈ ਬਾਹਿਰ ਵਾਲੇ ਆ ਕੇ ਨਹੀਂ ਕਰ ਰਹੇ ਬਲਕਿ ਪ੍ਰਭਾਵਸ਼ਾਲੀ ਸਿੱਖੀ ਸਰੂਪ `ਚ ਵਿਚਰਦੇ ਹੋਏ, ਖੁਦ ਸਾਡੇ ਹੀ ਮੰਨੇ ਜਾਂਦੇ ਸਿੱਖ ਵਿਦਵਾਨ ਕਰ ਰਹੇ ਹਨ। ਸਾਧਾਰਣ ਸੰਗਤਾਂ ਦੀ ਤਾਂ ਗੱਲ ਹੀ ਵੱਖਰੀ ਹੈ, ਆਪਣੇ ਆਪ ਨੂੰ ਗੁਰਬਾਣੀ ਦਾ ਵਿਦਵਾਨ ਅਖਵਾਉਣ ਵਾਲਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਗੁਰਬਾਣੀ ਅਨੁਸਾਰ ਸਾਡਾ ਪਿਛੋਕੜ ਵੀ ਹੈ ਤੇ ਅੱਗਾ ਵੀ। ਇਸ ਵਿਸ਼ੇ `ਤੇ ਗੁਰਬਾਣੀ ਦੀ ਇਨੀਂ ਵੱਧ ਸਪਸ਼ਟ ਵਿਚਾਰਧਾਰਾ ਹੋਣ ਦੇ ਬਾਵਜੂਦ, ਅਕਾਲਪੁਰਖ ਹੀ ਜਾਣਦਾ ਹੈ ਕਿ ਸਾਡੇ ਇਹ ਵਿਦਵਾਨ, ਅਜਿਹਾ ਕਿਉਂ ਕਰ ਰਹੇ ਹਨ? ਅਣਜਾਣੇ `ਚ ਕਰ ਰਹੇ ਹਨ ਜਾਂ ਕਿਸੇ ਦੇ ਇਸ਼ਾਰੇ `ਤੇ ਕਰ ਰਹੇ ਹਨ?

ਉਹ ਲੋਕ ਗੁਰਬਾਣੀ ਨੂੰ ਕਿਵੇਂ ਵਰਤ ਰਹੇ ਹਨ, ਤੇ ਕਿਸ ਤਰ੍ਹਾਂ ਗੁਰਬਾਣੀ ਦੀ ਦਿਨ-ਦੀਵੀਂ ਬੇਅਦਬੀ ਹੋ ਰਹੀ ਹੈ, ਹੱਥਲਾ ਗੁਰਮਤਿ ਪਾਠ ਇਸੇ ਸਬੰਧ `ਚ ਕੇਵਲ ਇੱਕ ਮਿਸਾਲ ਹੈ। ਇਸੇ ਲਈ ਪਹਿਲਾਂ ਅਸਾਂ ਉਹਨਾਂ ਤਿੰਨਾ ਸ਼ਬਦਾਂ ਦੇ ਅਰਥ ਦੇ ਦਿੱਤੇ ਜੋ ਗੁਰਮਤਿ ਅਨੁਸਾਰ ਬਣਦੇ ਹਨ। ਇਸ ਤੋਂ ਬਾਅਦ ਉਹਨਾਂ ਹੀ ਤਿਨਾਂ ਸ਼ਬਦਾਂ ਦੇ ਸਾਮਵਾਦੀ ਤੇ ਕਮਿਉਨਿਜ਼ਮ ਪ੍ਰਭਾਵ `ਚ ਫ਼ਸ ਚੁੱਕੇ ਇੱਕ ਸਿੱਖ ਵਿਦਵਾਨ ਰਾਹੀਂ, ਖੁਲਮ-ਖੁੱਲਾ ਗੁਰਦੁਆਰਾ ਸਟੇਜ ਤੇ ਸੰਗਤਾਂ ਵਿਚਕਾਰ ਬੈਠ ਕੇ ਕੀਤੇ ਤੇ ਪ੍ਰਚਾਰੇ ਗਏ ਅਰਥ ਦੇ ਰਹੇ ਹਾਂ। ਹੁਣ ਨੰਬਰਵਾਰ ਉਹ ਤਿੰਨੇ ਸ਼ਬਦ, ਅਮੁੱਕੇ ਵਿਦਵਾਨ ਦੇ ਸ਼ਬਦਾਂ `:

.”ਅੰਤਿ ਕਾਲਿ ਜੋ. .” (ਪੰ: ੫੨੬) - ਸਬੰਧਤ ਵਿਦਵਾਨ ਨੇ ਇਸ ਸ਼ਬਦ ਦੇ ਅਰਥ ਇਉਂ ਕੀਤੇ ਸਨ। ਫ਼ੁਰਮਾਉਂਦੇ ਹਨ, ਇਸ ਸ਼ਬਦ ਦੇ ਅਰਥ ਵੀ ਗ਼ਲਤ ਕੀਤੇ ਜਾ ਰਹੇ ਹਨ, ਸ਼ਬਦ ਦਾ ਜੂਨਾਂ ਨਾਲ ਕੋਈ ਮਤਲਬ ਨਹੀਂ। ਉਹ ਤਾਂ ਭਗਤ ਜੀ ਚੂੰਕਿ ਖੁਦ ਬ੍ਰਾਹਮਣ ਕੁਲ ਚੋਂ ਸਨ, ਇਸ ਲਈ ਭਗਤ ਜੀ ਇਥੇ ਬ੍ਰਾਹਮਣੀ ਵਿਚਾਰਾਂ ਨੂੰ ਵਰਤ ਕੇ ਜੋ ਗੱਲਾਂ ਕਹਿ ਰਹੇ ਹਨ, ਪਰ ਉਹ ਇਸੇ ਜਨਮ ਲਈ ਹੀ ਕਿਹਾ ਹੈ ਕਿ:

ਉਹ ਮਨੁੱਖ, ਜਿਸ ਦੀ ਸੁਰਤ ਹੀ ਹਰ ਸਮੇਂ ਪੈਸੇ `ਚ ਹੋਵੇ, ਉਹ ਇਸ ਸਮੇਂ ਵੀ ਸੱਪ ਦੀ ਜੂਨ ਹੀ ਜੀਅ ਰਿਹਾ ਹੈ। ਜਿਸ ਦੀ ਸੁਰਤ ਇਸਤ੍ਰੀ ਭਾਵ ਵਿਭਚਾਰ `ਚ ਹੋਵੇ, ਉਹ ਇਸ ਸਮੇਂ ਵੀ ਵੇਸ਼ਿਆ ਦੀ ਜੂਨ ਜੀਅ ਰਿਹਾ ਹੈ। ਇਸੇ ਤਰ੍ਹਾਂ ਜਿਸ ਦੀ ਸੁਰਤ ਹਰ ਸਮੇਂ ਲੜਕੇ ਭਾਵ ਔਲਾਦ `ਚ ਹੋਵੇ, ਅਜਿਹਾ ਮਨੁੱਖ ਇਸ ਸਮੇਂ ਵੀ ਸੂਰ ਦੀ ਜੂਨ ਜੀਆ ਰਿਹਾ ਹੈ ਅਤੇ ਜਿਸ ਦੀ ਸੁਰਤ ਹਰ ਸਮੇਂ ਜਾਇਦਾਦਾਂ `ਚ ਹੋਵੇ, ਉਹ ਇਸ ਸਮੇਂ ਵੀ ਪ੍ਰੇਤ ਦੀ ਜੂਨ `ਚ ਪਿਆ ਹੋਇਆ ਹੈ।

ਇਸ ਤੋਂ ਬਾਅਦ ਵਿਦਵਾਨ ਜੀ, ਭਗਤ ਜੀ ਦੇ ਸ਼ਬਦ `ਚੋਂ ਰਹਾਉ ਵਾਲਾ ਬੰਦ ਲੈ ਕੇ ਫ਼ੁਰਮਾਉਂਦੇ ਹਨ। ਭਗਤ ਜੀ ਤਾਂ ਰਹਾਉ ਵਾਲੇ ਬੰਦ `ਚ ਸਾਫ਼ ਕਹਿ ਰਹੇ ਹਨ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ” ਭਾਵ ਮਨੁੱਖ ਨੂੰ ਆਪਣਾ ਚਿੱਤ ਹਰ ਸਮੇਂ ਕਰਤਾਰ `ਚ ਹੀ ਜੋੜਣਾ ਚਾਹੀਦਾ ਹੈ।

ਇਸ ਤਰ੍ਹਾਂ ਵਿਦਵਾਨ ਸੱਜਨ ਨੇ ਸ਼ਬਦ ਦੇ ਅਸਲ ਅਰਥਾਂ ਤੋਂ ਪਾਸੇ ਹੋ ਕੇ ਜੋ ਅਰਥਾਂ ਦਾ ਅਨਰਥ ਕੀਤਾ, ਉਸ ਦਾ ਸੰਖੇਪ ਤਾਂ ਅਸੀਂ ਦੇ ਚੁੱਕੇ ਹਾਂ। ਇਸ ਤੋਂ ਵਧ ਖੂਬੀ ਦੀ ਗੱਲ ਇਹ ਕਿ ਭਗਤ ਜੀ ਨੇ ਸ਼ਬਦਾਂ ਦਾ ਅੰਤਮ ਤੇ ਫ਼ੈਸਲਾਕੁਨ ਬੰਦ ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ, ਪੀਤੰਬਰੁ ਵਾ ਕੇ ਰਿਦੈ ਬਸੈ” ਨੂੰ ਵੀ ਸੰਗਤਾਂ ਦੇ ਧਿਆਨ ਤੋਂ ਉਹਲੇ ਹੀ ਰਖਿਆ। ਆਪ ਨੇ ਅਜਿਹਾ ਕਿਉਂ ਕੀਤਾ? ਇਸ ਦਾ ਅੰਦਾਜ਼ਾ ਸੂਝਵਾਨ ਸੰਗਤਾਂ ਸਹਿਲੇ ਹੀ ਲਗਾ ਸਕਦੀਆਂ ਹਨ।

.”ਪਵਣੁ ਗੁਰੂ ਪਾਣੀ ਪਿਤਾ” - ਵਿਦਵਾਨ ਜੀ ਨੇ ਇਸ ਸਲੋਕ ਦੇ ਅਰਥ ਵੀ ਕੀਤੇ। ਕਮਾਲ ਤਾਂ ਇਹ ਕਿ ਆਪ ਨੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿਵਾਲੇ ਸਲੋਕ ਦੇ ਅਰਥ ਵੀ ਕੇਵਲ “… ਖੇਲੈ ਸਗਲ ਜਗਤੁਤੀਕ ਹੀ ਕੀਤੇ, ਇਸ ਤੋਂ ਅੱਗੇ ਨਹੀਂ। ਉਪ੍ਰੰਤ ਇਥੋਂ ਤੀਕ ਆਪ ਨੇ ਜੋ ਵੀ ਅਰਥ ਕੀਤੇ, ਚਾਹੇ ਕੁੱਝ ਵੀ ਸਨ ਪਰ ਉਥੋਂ ਤੀਕ ਕੀਤੇ ਹੋਏ ਅਰਥ ਗੁਰਮਤਿ ਤੋਂ ਬਾਹਿਰ ਨਹੀਂ ਸਨ ਜਾਂਦੇ।

ਜਿੱਥੋਂ ਤੀਕ ਦਾਸ ਦੇ ਧਿਆਨ `ਚ ਹੈ “ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿਦੇ ਅਰਥ ਵੀ ਆਪਨੇ ਸੰਗਤਾਂ ਦੇ ਧਿਆਨ ਤੋਂ ਉਹਲੇ ਕਰ ਦਿੱਤੇ। ਜਦਕਿ ਇਥੇ ਜੋ ਲਫ਼ਜ਼ ‘ਧਰਮੁ’ ਹੈ ਉਹ ਕਿਸੇ ਬ੍ਰਾਹਮਣੀ ਧਰਮਰਾਜ ਵਾਸਤੇ ਨਹੀਂ ਬਲਕਿ ਅਕਾਲਪੁਰਖ ਲਈ ਹੀ ਹੈ। ਇਹ ਵੱਖਰੀ ਗੱਲ ਹੈ ਕਿ “ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿਤੋਂ ਅਰੰਭ ਹੋ ਕੇ ਸਾਰਾ ਵਿਸ਼ਾ ਹੀ ਜੂਨਾਂ ਤੇ ਪ੍ਰਭੂ ਦਰ `ਤੇ ਕਬੂਲ ਹੋਣ ਨਾਲ ਜੁੜਿਆ ਹੈ। ਓਥੇ ਤਾਂ ਸਾਫ਼ ਤੌਰ `ਤੇ ਇਸ ਮਨੁੱਖਾ ਜਨਮ ਤੋਂ ਬਾਅਦ ਦੀ ਗੱਲ ਹੀ ਚੱਲ ਰਹੀ ਹੈ ਜਿਹੜੀ ਕਿ ਉਹਨਾਂ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਨਾਲ ਮੇਲ ਨਹੀਂ ਸੀ ਖਾਂਦੀ ਅਤੇ ਉਹਨਾਂ ਨੂੰ ਰਾਸ ਨਹੀਂ ਸੀ ਆਉਂਦੀ।

.”ਕਈ ਜਨਮ ਭਏ ਕੀਟ ਪਤੰਗਾ” - ਵਿਦਵਾਨ ਜੀ ਨੇ ਇਹ ਸ਼ਬਦ ਲਿਆ ਤਾਂ ਜ਼ਰੂਰ, ਪਰ ਰਹਾਉ ਵਾਲੀ ਪੰਕਤੀ ਤੋਂ ਨਹੀਂ ਬਲਕਿ ਸ਼ਬਦ ਦੀ ਪਹਿਲੀ ਪੰਕਤੀ ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾਤੋਂ ਵਾਰਤਾ ਅਰੰਭ ਕੀਤੀ। ਆਪ ਨੇ ਇਥੇ ਵੀ ਕਮਾਲ ਕਰ ਦਿੱਤੀ ਜਦੋਂ ਆਪ ਨੇ ਫ਼ੁਰਮਾਇਆ, ਸੰਗਤਾਂ ਇਸ ਸ਼ਬਦ ਚੋਂ ਜੂਨਾਂ ਵਾਲੀਆਂ ਪੰਕਤੀਆਂ ਤਾਂ ਲੈ ਲੈਂਦੀਆਂ ਪਰ ਅਗਲੀ ਪੰਕਤੀ (ਵਿਦਵਾਨ ਜੀ ਦੇ ਲਫ਼ਜ਼ਾਂ `) “ਸਾਧਸੰਗਿ ਭਇਓ ਜਨਮੁ ਪਰਾਪਤਿਛੱਡ ਦਿੰਦੀਆ ਹਨ। ਖੂਬੀ ਇਹ ਕਿ ਜਿਸ ਪੰਕਤੀ ਦੀ ਵਿਦਵਾਨ ਜੀ ਗੱਲ ਕਰ ਰਹੇ ਹਨ, ਉਸ ਪੰਕਤੀ `ਚ ਨਹੀਂ ਬਲਕਿ ਪੂਰੇ ਬੰਦ ਦੇ ਅਰਥ ਵੀ ਸੰਗਤਾਂ ਲਈ ਦੇ ਚੁੱਕੇ ਹਨ; ਇਥੇ ਦੌਹਰਾਨ ਦੀ ਲੋੜ ਨਹੀਂ, ਸੰਗਤਾਂ ਉਹਨਾਂ ਅਰਥਾਂ ਨੂੰ ਦੇਖ ਲੈਣ। ਕਮਾਲ ਇਹ ਕਿ ਸ਼ਬਦ ਦਾ ਰਹਾਉ ਵਾਲਾ ਬੰਦਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥   ॥ ਰਹਾਉ॥ਜਿਸ ਤੋਂ ਸਾਰੇ ਸ਼ਬਦ ਦੇ ਅਰਥ ਮਿਲਣੇ ਹਨ, ਵਿਦਵਾਨ ਜੀ ਨੇ ਸੰਗਤਾਂ `ਚ ਉਜਾਗਰ ਹੀ ਨਹੀਂ ਕੀਤਾ। ਅਜਿਹਾ ਕਿਉਂ? ਹਿਸਾਬ ਲਗਾਉਂਦੇ ਦੇਰ ਨਹੀਂ ਲਗਦੀ।

ਇਹ ਵੇਰਵਾ ਜੋ ਇਹਨਾ ਤਿੰਨਾਂ ਸ਼ਬਦਾਂ ਦੀ ਮਿਸਾਲ ਦੇ ਕੇ ਸੰਗਤਾਂ ਤੀਕ ਪਹੁੰਚਾਇਆ ਜਾ ਰਿਹਾ ਹੈ ਦਰਅਸਲ ਇਹ ਕਥਾ ਟੈਲੀਕਾਸਟ ਹੋ ਕੇ, ਮੀਡੀਏ ਰਾਹੀਂ ਇਕੋ ਸਮੇਂ ਸੰਸਾਰ ਭਰ `ਚ ਪੁੱਜ ਰਹੀ ਸੀ। ਦੂਜੀ ਹੈਰਾਨੀ ਦੀ ਗੱਲ, ਕਿ ਉਸ ਸਮੇਂ ਵਿਦਵਾਨ ਜੀ ਦੇ ਜ਼ਿੰਮੇ ਜੋ ਕਥਾ ਲਈ ਸ਼ਬਦ ਸਨ, ਉਹਨਾਂ `ਚ ਜੂਨਾਂ ਦਾ ਵਿਸ਼ਾ ਹੈ ਹੀ ਨਹੀਂ ਸੀ। ਫ਼ਿਰ ਪਤਾ ਨਹੀਂ ਕਿਉਂ ਹਰੇਕ ਦਿਨ, ਵਿਦਵਾਨ ਜੀ ਇਸ ਵਿਸ਼ੇ ਨੂੰ ਉਚੇਚੇ ਛੇੜਦੇ ਰਹੇ, ਉਹ ਵੀ ਗੁਰਮਤਿ ਅਰਥਾਂ `ਚ ਨਹੀਂ ਬਲਕਿ ਜਿਵੇਂ ਦੇਖ ਚੁੱਕੇ ਹਾਂ ਭਾਵ ਨਿਰੋਲ ਆਪਣੇ ਢੰਗ ਨਾਲ ਇਹ ਸਾਬਤ ਕਰਣ ਲਈ ਕਿਗੁਰਬਾਣੀ ਅਨੁਸਾਰ ਜਨਮ-ਮਰਨ ਦਾ ਵਿਸ਼ਾ ਹੈ ਹੀ ਨਹੀਂ। ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਹੀ ਸਭਕੁਝ ਹੈ ਤੇ ਇਸ ਦਾ ਅੱਗਾ ਪਿਛਾ ਹੈ ਹੀ ਕੁੱਝ ਨਹੀਂ

ਇਹ ਤਾਂ ਕੇਵਲ ਇੱਕ ਮਿਸਾਲ ਹੈ ਜਦਕਿ ਇਸ ਵਿਸ਼ੇ `ਤੇ ਗੁਰਬਾਣੀ ਨਾਲ ਅਜਿਹਾ ਬਹੁਤ ਕੁੱਝ ਹੋ ਰਿਹਾ ਹੈ, ਲੋੜ ਹੈ ਤਾਂ ਪੰਥ ਨੂੰ ਇਸ ਪਾਸੇ ਧਿਆਨ ਦੇਣ ਦੀ।

ਜਨਮ ਮਰਣ ਦੇ ਵਿਸ਼ੇ `ਤੇ ਪਹਿਲਾਂ ਤੋਂ ਬ੍ਰਾਹਮਣੀ ਤੇ ਗਰੁੜ ਪੁਰਾਣ ਦੀ ਜਕੜ `ਚ ਫਸੀ ਹੋਈ ਗੁਰੂ ਕੀ ਸੰਗਤ ਕਦੋਂ ਉਭਰੇ ਅਤੇ ਗੁਰਮਤਿ ਦੀ ਸੱਚੀ-ਸੁੱਚੀ ਰਹਿਨੀ `ਚ ਕਦੋਂ ਆਵੇਗੀ; ਇਸ ਬਾਰੇ ਤਾਂ ਅੰਦਾਜ਼ਾ ਲਗਾਉਣਾ ਸੌਖਾ ਨਹੀਂ। ਜਦਕਿ ਇਸੇ ਜਨਮ-ਮਰਣ ਵਾਲੇ ਵਿਸ਼ੇ `ਤੇ ਸਾਮਵਾਦੀ ਅਥਵਾ ਕਮਿਉਨਿਜ਼ਮ ਪ੍ਰਭਾਵ `ਚ ਫ਼ਸ ਚੁੱਕੇ ਕੁੱਝ ਸਿੱਖ ਵਿਦਵਾਨਾ ਰਸਤੇ ਜੋ ਨਵਾਂ ਹਮਲਾ ਹੈ, ਇਸ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ। #199s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 199

ਸਾਮਵਾਦੀ ਅਥਵਾ ਕਮਿਉਨਿਜ਼ਮ ਪ੍ਰਭਾਵ `ਚ ਫ਼ਸ ਚੁੱਕੇ ਸਿੱਖ ਵਿਦਵਾਨਾ ਰਾਹੀਂ

ਗੁਰਬਾਣੀ ਦੀ ਹੋ ਰਹੀ ਘੋਰ ਬੇਅਦਬੀ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.