.

ਗਾਥਾ ਸ੍ਰੀ ਆਦਿ ਗ੍ਰੰਥ ---ਇਕ ਸਪਸ਼ਟੀਕਰਨ

(ਇਹ ਲੇਖ ਸਿੱਖ ਮਾਰਗ ਵੈਬਸਾਈਟ ਤੇ ਲੇਖਕ ਦੇ ਪਹਿਲਾਂ ਆ ਚੁੱਕੇ ਲੇਖ ‘ਵਿਦਵਾਨ ਪਿਆਰ ਸਿੰਘ ਨਾਲ ਹੋਈ ਬੀਤੀ’ ਸਬੰਧੀ ਸ. ਹਰਦੇਵ ਸਿੰਘ ਜੰਮੂ ਵਲੋਂ ਵੈਬਸਾਈਟ ਤੇ ਉਠਾਏ ਗਏ ਸਾਰੇ ਦੇ ਸਾਰੇ ਨੁਕਤਿਆਂ ਸਬੰਧੀ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਹੈ। --- ਲੇਖਕ)

ਜਿਵੇਂ ਕਿ ਲੇਖ ਵਿੱਚ ਦੱਸਿਆ ਹੀ ਗਿਆ ਸੀ, ਗੁਰੂ ਨਾਨਕ ਦੇਵ ਯੂਨੀਵਰਸਟੀ ਵੱਲੋਂ 1987 ਈ. ਵਿੱਚ ਗੁਰਬਾਣੀ ਦੀਆਂ ਪ੍ਰਾਚੀਨ ਹੱਥ-ਲਿਖਤ ਪੋਥੀਆਂ ਅਤੇ ਬੀੜਾਂ ਬਾਰੇ ਖੋਜ ਨੂੰ ਉਤਸਾਹਿਤ ਕਰਨ ਹਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਹਨ ਅਧਿਐਨ’ ਨਾਮ ਦੀ ਖੋਜ-ਯੋਜਨਾ ਤਿਆਰ ਕੀਤੀ ਗਈ ਅਤੇ ਇਸ ਨੂੰ ਸਫਲਤਾ ਪੂਰਵਕ ਨਿਭਾਉਣ ਦੀ ਜ਼ਿੰਮੇਵਾਰੀ ਪਿਆਰ ਸਿੰਘ ਦੇ ਮੋਢਿਆਂ ਤੇ ਸੁੱਟੀ ਗਈ। ਇਸ ਵਿਸ਼ੇਸ਼ ਖੋਜ-ਯੋਜਨਾ ਦਾ ਮੁੱਖ ਪ੍ਰਯੋਜਨ ( terms of reference) ਇਸ ਪ੍ਰਕਾਰ ਸੀ :

1. ਦੋ ਖੇਤਰਾਂ ਬਾਰੇ ਜਾਣਕਾਰੀ ਇਕੱਤਰ ਕਰਨੀ, ਜੋ ਹੇਠ ਦਿੱਤੇ ਅਨੁਸਾਰ ਹਨ:

ੳ. ਬਾਣੀ ਦਾ ਸੰਕਲਣ ( compilation)।

ਅ. ਸ੍ਰੀ ਆਦਿ ਗ੍ਰੰਥ ਦੀ ਬੀੜ ਦੇ ਸੰਪਾਦਨ ਦੀ ਪ੍ਰੀਕਿਰਿਆ।

2. ਉਪਰੋਕਤ ਦੱਸੀ ਜਾਣਕਾਰੀ ਦੇ ਵਿਸਲੇਸ਼ਣਾਤਮਕ ਅਧਿਐਨ ਰਾਹੀਂ ਨਿਰਨੇ ਸੁਝਾਉਣਾ।

ਇਹਨਾਂ ਦੋਹਾਂ ਨਿਸ਼ਾਨਿਆਂ ਨੂੰ ਲੈ ਕੇ ਨਿਭਾਏ ਗਏ ਖੋਜ-ਕਾਰਜ ਰਾਹੀਂ ਤਿਆਰ ਕੀਤੇ ਗਏ ਥੀਸਸ ਨੂੰ ਯੂਨੀਵਰਸਟੀ ਵੱਲੋਂ 1992 ਈ. ਵਿੱਚ ਪੁਸਤਕ ਰੂਪ ਵਿੱਚ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਨਾਮ ਹੇਠ ਛਪਵਾਇਆ ਗਿਆ ਜਿਸ ਨੂੰ ਕਿ ਸ੍ਰੀ ਅਕਾਲ ਤਖਤ ਤੋਂ ਜਾਰੀ ਕਰਵਾਏ ਹੁਕਮਨਾਮੇ ਰਾਹੀਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜ਼ਬਤ ਕਰਵਾ ਦਿੱਤਾ ਗਿਆ। ਉਂਜ ਇਸ ਪੁਸਤਕ ਦੇ ਚਾਰ ਮੁੱਖ ਭਾਗ ਹਨ:

1. ਪ੍ਰਕਰਣ ਪਹਲਾ: ਸ੍ਰੀ ਆਦਿ ਗ੍ਰੰਥ ਦੇ ਹੋਂਦ ਵਿੱਚ ਆਉਣ ਬਾਰੇ ਪਰਚਲਤ ਸਾਖੀਆਂ।

2. ਪ੍ਰਕਰਣ ਦੂਜਾ: ਪ੍ਰਾਚੀਨ ਪੋਥੀਆਂ ਅਤੇ ਬੀੜਾਂ ਸਬੰਧੀ 1990 ਤਕ ਹੋਏ ਖੋਜ-ਕਾਰਜ ਦਾ ਵੇਰਵਾ।

3. ਪ੍ਰਕਰਣ ਤੀਜਾ: ਉਪਲਭਧ ਪੋਥੀਆਂ ਅਤੇ ਬੀੜਾਂ ਬਾਰੇ ਜਾਣਕਾਰੀ। (ਇਥੇ ਪੰਤਾਲੀ ਪੋਥੀਆਂ/ਬੀੜਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ।)

4. ਪ੍ਰਕਰਣ ਚੌਥਾ: ਵਿਵੇਚਨ (ਇਥੇ ਪ੍ਰਾਪਤ ਤੱਥਾਂ ਦੇ ਅਧਾਰ ਤੇ ਨਿਕਲਦੇ ਨਿਰਨੇ ਅੰਕਿਤ ਕੀਤੇ ਗਏ ਹਨ।)

ਪੁਸਤਕ ਦੇ ਅਰੰਭ ਵਾਲੇ ਹਿੱਸੇ ਵਿੱਚ ਵਿੱਚ ਅਠੱਤੀ ਦੁਰਲੱਭ ਚਿਤਰ ਵੀ ਪੇਸ਼ ਕੀਤੇ ਹੋਏ ਮਿਲਦੇ ਹਨ।

ਉਪਰੋਕਤ ਤੋਂ ਸਪਸ਼ਟ ਹੈ ਕਿ ਇਸ ਖੋਜ-ਯੋਜਨਾ ਦਾ ਮਕਸਦ “ਕੇਵਲ” ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਦੀ ਪੜਚੋਲ ਕਰਨਾ ਨਹੀਂ ਸੀ। ਹਾਂ, ਕਰਤਾਰਪੁਰੀ ਬੀੜ ਤੇ ਕਾਬਜ਼ ਪਰਿਵਾਰ ਵੱਲੋਂ ਇਸ ਦੇ ਭਾਈ ਗੁਰਦਾਸ ਜੀ ਦੇ ਹੱਥ-ਲਿਖਤ ਸ੍ਰੀ ਆਦਿ ਗ੍ਰੰਥ ਦੀ ਅਸਲੀ ਬੀੜ ਹੋਣ ਦਾ ਦਾਵਾ ਕੀਤਾ ਜਾਣ ਕਰਕੇ ਇਸ ਬੀੜ ਨੇ ਖੋਜ-ਕਾਰਜ ਦਾ ਹਿੱਸਾ ਜ਼ਰੂਰ ਬਣਨਾ ਹੀ ਸੀ। ਇਸ ਖੋਜ-ਯੋਜਨਾ ਦਾ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੀ ਪਰਖ ਕਰਨਾ ਨਹੀਂ ਸੀ, ਇਸ ਲਈ ਪਿਆਰ ਸਿੰਘ ਨੂੰ ਇਸ ਸਬੰਧੀ ਕੋਈ ਨਿਰਨਾ ਦੇਣ ਦੀ ਲੋੜ ਨਹੀਂ ਪਈ। ਵਾਈਸਚਾਂਸਲਰ ਸਾਹਿਬ ਦੇ ਦਾਵੇ ਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਮੁੱਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਉਹਨਾਂ ਨੇ ਗੱਲ ਸਿਰਫ ਪਿਆਰ ਸਿੰਘ ਵੱਲੋਂ ਕੀਤੇ ਗਏ ਉਪਲਭਧ ਪ੍ਰਾਚੀਨ ਪੋਥੀਆਂ ਅਤੇ ਹੱਥ-ਲਿਖਤ ਬੀੜਾਂ ਦੇ ਪਾਠ (text) ਸਬੰਧੀ ਖੋਜ-ਕਾਰਜ ਬਾਰੇ ਹੀ ਕੀਤੀ ਹੈ ਅਤੇ ਪੁਸਤਕ ਨੂੰ ਚੰਗੀ ਤਰ੍ਹਾਂ ਵਾਚਣ ਵਾਲੇ ਹਰ ਪਾਠਕ ਅੱਗੇ ਉਹਨਾਂ ਦਾ ਦਾਵਾ ਸੱਚਾ ਸਾਬਤ ਹੋ ਜਾਂਦਾ ਹੈ।

ਦੁੱਖ ਦੀ ਗੱਲ ਇਹ ਹੈ ਕਿ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਸਬੰਧੀ ਭਾਵੁਕ ਹੋ ਰਹੇ ਵਿਦਵਾਨ ਆਪ ਤਾਂ ਸ਼ਬਦ “ਪ੍ਰਮਾਣਿਕ” ਦੇ ਅਰਥਾਂ ਪ੍ਰਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ। ਪ੍ਰਮਾਣਿਕ ਦਾ ਅਰਥ ਜਾਂ ਤਾਂ ਅਸਲੀ/ਮੁੱਢਲ਼ਾ (authentic) ਤੋਂ ਬਣਦਾ ਹੈ ਜਾਂ ਇੱਕ ਨਿਸਚਤ ਅਤੇ ਉਚੇ ਮਿਆਰ ਵਾਲਾ (of high standard / classic) ਹੋਣ ਤੋਂ ਬਣਦਾ ਹੈ। ਜਦੋਂ ਅਸੀਂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਦਰਜਾ ਦਿੰਦੇ ਹਾਂ ਤਾਂ ਉਸ ਵਿੱਚ ਦਰਜ ਬਾਣੀ ਨਾਲ ਉਪਰੋਕਤ ਦੋਵੇਂ ਗੁਣ ਆਪਣੇ ਆਪ ਹੀ ਜੁੜ ਜਾਂਦੇ ਹਨ। ਜਦੋਂ ਅਸੀਂ ਗ੍ਰੰਥ ਸਾਹਿਬ ਨੂੰ ਇੱਕ ਧਾਰਮਿਕ ਪੁਸਤਕ ਦੇ ਤੌਰ ਤੇ ਵਾਚਦੇ ਹਾਂ ਤਾਂ ਸਾਨੂੰ ਇਹ ਨਿਸਚਤ ਕਰਨਾ ਪਵੇਗਾ ਕਿ ਗ੍ਰੰਥ ਸਾਹਿਬ ਦੇ ਕਿਹੜੇ ਸਰੂਪ ਨੂੰ “ਪ੍ਰਮਾਣਿਕ” ਸਮਝਿਆ ਜਾਵੇ।

ਅਸਲ ਵਿੱਚ ਬਾਣੀਆਂ ਦੇ ਪਾਠ (text) ਦਾ ਅਧਿਐਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦਾ ਮੁੱਦਾ ਦੋ ਅਲੱਗ ਵਿਸ਼ੇ ਹਨ। ਇਹਨਾਂ ਦੋ ਵਿਸ਼ਿਆਂ ਨੂੰ ਰਲਗੱਢ ਕਰਨ ਨਾਲ ਹੀ ਕਈ ਸਮਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਬਾਰੇ ਇਸ ਲੇਖਕ ਨੇ ਆਪਣੇ ਲੇਖ ‘ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ’ ਵਿੱਚ ਵਿਸਥਾਰ ਨਾਲ ਗੱਲ ਕੀਤੀ ਹੈ। ਇਹ ਲੇਖ ਸਿੱਖ ਮਾਰਗ ਵੈਬਸਾਈਟ ਵਿੱਚ ਸ਼ਾਮਲ ਹੋ ਚੁੱਕਿਆ ਹੈ। ਇਸ ਲੇਖਕ ਦੀ ਧਾਰਨਾ ਹੈ ਕਿ ਸਿੱਖਾਂ ਲਈ ਧਾਰਮਿਕ ਗ੍ਰੰਥ (ਭਾਵ ਪੁਸਤਕ ਰੂਪ) ਅਤੇ ਸ਼ਬਦ ਗੁਰੂ (ਭਾਵ ਸਮੁੱਚੀ ਗੁਰਬਾਣੀ ਦਾ ਸੰਦੇਸ਼) ਦੋ ਵੱਖਰੇ ਸੰਕਲਪ ਹੋਣੇ ਚਾਹੀਦੇ ਹਨ ਤਾਂ ਕਿ ਗ੍ਰੰਥ ਸਾਹਿਬ ਦੀ “ਗੁਰੂ” ਦੇ ਤੌਰ ਤੇ ਮਾਨਤਾ ਸਬੰਧੀ ਕੋਈ ਵਿਵਾਦ ਨਾ ਉਠੇ ਅਤੇ ਸੁਹਿਰਦ ਸਿੱਖ ਵਿਦਵਾਨ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦਾ ਅਧਿਐਨ ਵੀ ਕਰਦੇ ਰਹਿਣ। ਅਜਿਹਾ ਕਰਕੇ ਹੀ ਅਸੀਂ ਅਜੋਕੀ ਦੁਨੀਆਂ ਨੂੰ ਦੱਸਣ ਦੇ ਯੋਗ ਹੋ ਸਕਦੇ ਹਾਂ ਕਿ ਸਿੱਖ ਧਰਮ ਇੱਕ ਨਵੀਨ ਧਰਮ ਹੈ। ਦੂਜੇ ਪਾਸੇ ਕੋਈ ਵੀ ਵਿਅਕਤੀ ਸਿੱਖ ਹੁੰਦਿਆਂ ਹੋਇਆਂ ਸ਼ਬਦ ਗੁਰੂ ਦੀ ਪ੍ਰਮਾਣਿਕਤਾ ਤੋਂ ਮੁਨਕਰ ਹੋ ਹੀ ਨਹੀਂ ਸਕਦਾ। ਕੇਵਲ ਕੋਈ ਗੈਰ-ਸਿੱਖ ਵਿਅਕਤੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਤੇ ਕਿੰਤੂ ਕਰਨ ਦੀ ਸੋਚ ਰੱਖ ਸਕਦਾ ਹੈ। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਦਰਸਾਉਣ ਹਿਤ ਗ੍ਰੰਥ ਸਾਹਿਬ (ਭਾਵ ਪੁਸਤਕ ਰੂਪ) ਦਾ ਇੱਕ ਨਿਸਚਤ ਰੂਪ ਤਾਂ ਮੌਜੂਦ ਹੋਣਾ ਹੀ ਚਾਹੀਦਾ ਹੈ। ਇਹ ਚੰਗੀ ਗੱਲ ਹੈ ਕਿ ਹੁਣ ਬਹੁਤੇ ਸਿੱਖ ਵਿਦਵਾਨ ਅਤੇ ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਜਾ ਰਹੀ 1430 ਪੰਨਿਆਂ ਦੀ ਬੀੜ ਨੂੰ ਹੀ ਗ੍ਰੰਥ ਸਾਹਿਬ ਦਾ ਨਿਸਚਤ ਰੂਪ ਮੰਨਣ ਦੀ ਵਕਾਲਤ ਕਰਨ ਲਗ ਪਏ ਹਨ ਬਸ਼ਰਤਿ ਕਿ ਰਾਗਮਾਲਾ ਨੂੰ ਇਸ ਵਿੱਚ ਸ਼ਾਮਲ ਨਾ ਸਮਝਿਆ ਜਾਵੇ।

ਇਸ ਵਿੱਚ ਕੋਈ ਸ਼ਕ ਨਹੀਂ ਕਿ ਪਿਆਰ ਸਿੰਘ ਦੀ ਖੋਜ ਅਨੁਸਾਰ ਕਰਤਾਰਪੁਰੀ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਦੇ ਹੱਥੀਂ ਲਿਖਵਾਈ ਹੋਈ ਬੀੜ ਸਾਬਤ ਨਹੀਂ ਹੁੰਦੀ। ਪਰੰਤੂ ਉਸ ਨੇ ਗ੍ਰੰਥ ਸਾਹਿਬ ਦਾ ਮੌਜੂਦਾ ਰੂਪ ਰੱਦ ਨਹੀਂ ਕੀਤਾ। ਪੁਸਤਕ ਵਿੱਚ ਉਸ ਵੱਲੋਂ ਦਰਜ ਕਰਵਾਈ ਜਾਣਕਾਰੀ ਅਨੁਸਾਰ (ਸਫਾ 414) ਗ੍ਰੰਥ ਸਾਹਿਬ ਦਾ ਮੌਜੂਦਾ ਪ੍ਰਚਲਤ ਰੂਪ ਦਮਦਮੀ ਬੀੜ ਤੇ ਅਧਾਰਿਤ ਹੈ (ਹਾਲਾਂ ਕਿ ਸਿੱਖ ਜਗਤ ਕੋਲ ਅਸਲੀ ਦਮਦਮੀ ਬੀੜ ਵੀ ਉਪਲਭਧ ਨਹੀਂ) ਅਤੇ ਇਸ ਵਿੱਚ ਭਾਈ ਗੁਰਦਾਸ ਜੀ ਵਾਲੀ ਬੀੜ ਨਾਲੋਂ ਜੋ ਵਧੇਰੇ ਬਾਣੀ ਦਰਜ ਹੈ ਉਹ ਇਸ ਪ੍ਰਕਾਰ ਹੈ:-

1. ਰਹਰਾਸਿ ਦੇ “ਸੋ ਦਰੁ” ਵਾਲੇ ਪੰਜ ਸ਼ਬਦ।

2. “ਸੋ ਪੁਰਖ” ਵਾਲੇ ਚਾਰ ਸ਼ਬਦ।

3. ਨੌਵੇਂ ਗੁਰੂ ਸਾਹਿਬ ਦੀ ਪੰਦਰਾਂ ਰਾਗਾਂ ਦੀ ਬਾਣੀ ਅਤੇ ਉਹਨਾਂ ਦੇ ਸਲੋਕ।

4. ਫਾਲਤੂ ਬਾਣੀ -- ਰਾਗਮਾਲਾ।

ਨੌਵੇਂ ਗੁਰੂ ਸਾਹਿਬ ਦੀ ਬਾਣੀ ਤਾਂ ਦਸਵੇਂ ਗੁਰੂ ਸਾਹਿਬ ਦੇ ਆਦੇਸ਼ ਮੁਤਾਬਿਕ ਸ਼ਾਮਲ ਕੀਤੀ ਗਈ ਸੀ ਪਰੰਤੂ ਉਪਰੋਕਤ ਦੱਸੀ ਬਾਕੀ ਵਾਧੂ ਬਾਣੀ ਹੱਥ-ਲਿਖਤ ਬੀੜਾਂ ਰਾਹੀਂ ਹੀ ਪ੍ਰਚਲਤ ਬੀੜ ਦਾ ਹਿੱਸਾ ਬਣ ਗਈ। ਉਨ੍ਹੀਵੀਂ ਸਦੀ ਦੇ ਅੰਤਲੇ ਹਿੱਸੇ ਵਿੱਚ ਛਾਪੇ ਦੀਆਂ ਬੀੜਾਂ ਤਿਆਰ ਹੋਣ ਲਗੀਆਂ ਅਤੇ 1911 ਈ. ਵਿੱਚ ਛਪੀ ‘ਲਾਹੌਰ ਦੀ ਸੰਗਤ ਵਾਲੀ ਬੀੜ’ ਰਾਹੀਂ ਪਹਿਲੀ ਵਾਰੀ ਸਫਿਆਂ ਦੀ ਗਿਣਤੀ 1430 ਰੱਖੀ ਗਈ। ਬਾਦ ਵਿੱਚ ਛਾਪੇ ਦੀਆਂ ਬੀੜਾਂ ਵਾਸਤੇ ਸਫਿਆਂ ਦੀ ਇਹ ਗਿਣਤੀ ਪੱਕੀ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਗ੍ਰੰਥ ਸਾਹਿਬ ਦੇ ਇਸੇ ਸਰੂਪ ਨੂੰ ਛਾਪਦੀ ਆ ਰਹੀ ਹੈ।

ਇਸ ਲੇਖਕ ਨੂੰ ਗ੍ਰੰਥ ਸਾਹਿਬ ਦੇ ਮੌਜੂਦਾ ਰੂਪ ਬਾਰੇ ਨਿਜੀ ਰਾਇ ਦੇਣ ਲਈ ਕਿਹਾ ਗਿਆ ਹੈ। ਲੇਖਕ ਨੇ ਆਪਣਾ ਵਿਚਾਰ ਉਪਰ ਦੇ ਹੀ ਦਿੱਤਾ ਹੈ ਜਿਸ ਦਾ ਅਧਾਰ ਪਿਆਰ ਸਿੰਘ ਦੀ ‘ਗਾਥਾ ਸ੍ਰੀ ਆਦਿ ਗ੍ਰੰਥ’ ਵਿੱਚ ਦਰਜ ੳਸਦੀ ਖੋਜ ਹੈ। ਲੇਖਕ ਇਸ ਧਾਰਨਾ ਦੀ ਪ੍ਰੋੜਤਾ ਕਰਦਾ ਹੈ ਕਿ ਸ਼ਬਦ ਗੁਰੂ ਦੀ ਮਾਨਤਾ ਹਿਤ ਅਤੇ ਮੌਜੂਦਾ ਹਾਲਾਤ ਨੂੰ ਸਾਹਮਣੇ ਰਖਦੇ ਹੋਏ ਸਿੱਖ ਜਗਤ ਵਿੱਚ ਗ੍ਰੰਥ ਸਾਹਿਬ ਦੇ ਪ੍ਰਚਲਤ ਰੂਪ ਨੂੰ ਨਿਸਚਤ ਅਤੇ ਪ੍ਰਮਾਣਿਕ ਰੂਪ ਮੰਨ ਲੈਣਾ ਚਾਹੀਦਾ ਹੈ ਬਸ਼ਰਤਿ ਕਿ ਇਸ ਦੀ ਸਮਾਪਤੀ ਮੁੰਦਾਵਣੀ ਤੇ ਹੋਵੇ ਅਤੇ ਇਸ ਵਿੱਚ ਰਾਗਮਾਲਾ ਸ਼ਾਮਲ ਨਾ ਸਮਝੀ ਜਾਵੇ। ਪਰ ਦੂਜੇ ਪਾਸੇ ਸੁਹਿਰਦ ਵਿਦਵਾਨਾਂ ਨੂੰ ਪ੍ਰਮਾਣਿਕਤਾ ਦਾ ਡੰਡਾ ਦਿਖਲਾ ਕੇ ਬਾਣੀ ਦੇ ਪਾਠ (text) ਸਬੰਧੀ ਵਿਸ਼ਿਆਂ ਦੇ ਅਧਿਐਨ ਤੋਂ ਨਿਰਉਤਸਾਹਿਤ ਨਹੀਂ ਕਰਨਾ ਚਾਹੀਦਾ।

ਪਿਆਰ ਸਿੰਘ ਵੱਲੋਂ ਨਿਸਾਣੁ ਦੇ ਅਧਾਰ ਤੇ ਸਿੱਧੇ ਤੌਰ ਤੇ ਨਿਰਨਾ ਨਾ ਸੁਝਾਉਣਾਂ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਡਾਕਟਰ ਕਿਸੇ ਮਰੀਜ਼ ਦੇ ਵਾਰਸਾਂ ਨੂੰ ਸਿੱਧਾ ਇਹ ਨਾ ਕਹੇ ਕਿ ਮਰੀਜ਼ ਹੁਣ ਮਰਨ ਕਿਨਾਰੇ ਹੈ ਸਗੋਂ ਇਹ ਕਹੇ ਕਿ ਮਰੀਜ਼ ਨੂੰ ਹੁਣ ਘਰ ਲਿਜਾ ਕੇ ਕੁੱਝ ਸਮਾਂ ਸੇਵਾ ਕਰ ਲਵੋ। ਇਹ ਤਾਂ ਹੁਣ ਵਾਰਸਾਂ ਨੇ ਸਮਝਣਾ ਹੈ ਕਿ ਨਿਰਨਾ ਕੀ ਹੈ। ਇਸੇ ਤਰ੍ਹਾਂ ਪਿਆਰ ਸਿੰਘ ਨੇ ਨਿਸਾਣੁ ਬਾਰੇ ਤੱਥ ਦੇ ਕੇ ਪਾਠਕਾਂ ਤੇ ਛੱਡ ਦਿੱਤਾ ਹੈ ਕਿ ਉਹ ਨਿਰਨਾ ਆਪੇ ਸਮਝ ਲੈਣ। ਅਜਿਹਾ ਕਰਨ ਦੀ ਉਸ ਦੀ ਕੀ ਮਜ਼ਬੂਰੀ ਸੀ ਇਹ ਉਹ ਆਪ ਹੀ ਦੱਸ ਸਕਦਾ ਸੀ। ਪਰ ਇਸ ਸਥਿਤੀ ਵਿਚੋਂ ਇਹ ਸਿੱਟਾ ਕੱਢ ਲੈਣਾ ਜਾਇਜ਼ ਨਹੀਂ ਕਿ ਪਿਆਰ ਸਿੰਘ ਵੱਲੋਂ ਦਿੱਤੇ ਵਿਸ਼ਲੇਸ਼ਣ ਵਿੱਚੋਂ ਨਿਰਨੇ ਕੋਈ ਹੋਰ ਕੱਢ ਰਿਹਾ ਹੈ। ਪਿਆਰ ਸਿੰਘ ਦੀ ਪੁਸਤਕ ਦਾ ਪਾਠਕ ਤਾਂ ਕੋਈ ਵੀ ਬਣ ਸਕਦਾ ਹੈ ਅਤੇ ਉਹ ਇਸ ਲੇਖਕ ਨਾਲੋਂ ਵਧੇਰੇ ਸੁਚੇਤ ਅਤੇ ਸੂਝਵਾਨ ਵੀ ਹੋ ਸਕਦਾ ਹੈ।

ਕਰਤਾਰਪੁਰੀ ਬੀੜ ਬਾਰੇ ਪਿਆਰ ਸਿੰਘ ਦਾ ਇਹ ਨਿਰਨਾ ਤਾਂ ਪੂਰੀ ਤਰ੍ਹਾਂ ਸਪਸ਼ਟ ਹੈ ਕਿ

1. ਇਹ ਇੱਕ ਸੁਤੰਤਰ ਸੰਕਲਨ ਹੈ ਭਾਵ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਦੇ ਹੱਥੀਂ ਲਿਖਵਾਈ ਹੋਈ ਬੀੜ ਨਹੀਂ ਸਗੋਂ ਕਾਫੀ ਸਮਾਂ ਬੀਤ ਜਾਣ ਪਿੱਛੋਂ ਕਿਸੇ ਹੋਰ ਵਿਅਕਤੀ ਵਲੋਂ ਤਿਆਰ ਕੀਤਾ ਹੋਇਆ ਗ੍ਰੰਥ ਹੈ।

2. ਜੋ ਬਾਦ ਵਿੱਚ ਭਾਵ ਕੁੱਝ ਅਰਸਾ ਪੈ ਜਾਣ ਪਿੱਛੋਂ

3. ਸੰਭਵ ਹੱਦ ਤਕ ਭਾਵ ਜਿੰਨਾਂ ਕੁ ਹੋ ਸਕਦਾ ਸੀ ਪਰ ਪੂਰੀ ਤਰ੍ਹਾਂ ਨਹੀਂ

4. ਆਦਿ ਬੀੜ ਦੇ ਸੱਚੇ ਵਿੱਚ ਢਾਲ ਲਿਆ ਗਿਆ ਭਾਵ ਇੱਕ ਸੁਤੰਤਰ ਸੰਕਲਨ ਨੂੰ ਆਦਿ ਬੀੜ ਵਰਗਾ ਵਿਖਾਉਣ ਲਈ ਇਸ ਦੇ ਪਾਠ, ਬਣਤਰ ਅਤੇ ਕਾਗਜ਼ ਵਿੱਚ ਵਾਧੇ ਘਾਟੇ ਕਰਕੇ ਹਰ ਹੁੰਦੀਆਂ ਤਬਦੀਲੀਆਂ ਕਰ ਲਈਆਂ ਗਈਆਂ।

ਉਪਰੋਕਤ ਸਾਰੇ ਅਨੁਸਾਰ ਤਾਂ ਕਰਤਾਰਪੁਰੀ ਬੀੜ ਇੱਕ ਸੁਤੰਤਰ ਸੰਕਲਨ ਦਾ ਵਿਗੜਿਆ ਹੋਇਆ ਰੂਪ ਹੀ ਬਣਦਾ ਹੈ ਨਾ ਕਿ ਅਸਲ਼ ਦੀ ਕਾਪੀ। ਕਾਪੀ ਤਾਂ ਅਸਲ ਨੂੰ ਸਾਹਮਣੇ ਰੱਖ ਕੇ ਉਸਦਾ ਹੂਬਹੂ ਉਤਾਰਾ ਕੀਤਾ ਹੋਇਆ ਹੁੰਦਾ ਹੈ। ਕਰਤਾਰਪੁਰੀ ਬੀੜ ਇਸ ਪ੍ਰੀਕਿਰਿਆ ਰਾਹੀਂ ਕੀਤਾ ਗਿਆ ਅਸਲ ਦਾ ਉਤਾਰਾ ਨਹੀਂ। ਪਿਆਰ ਸਿੰਘ ਨੇ ਕਿਤੇ ਵੀ ਇਸ ਦੇ ਅਸਲ ਦੀ ਕਾਪੀ ਹੋਣ ਦੀ ਗੱਲ ਸਵੀਕਾਰ ਨਹੀਂ ਕੀਤੀ। ਜੇਕਰ ਕੋਈ ਵਿਦਵਾਨ ਕਰਤਾਰਪੁਰੀ ਬੀੜ ਨੂੰ ਇੱਕ ਉਤਾਰਾ ਹੀ ਸਾਬਤ ਕਰਨਾ ਚਾਹੁੰਦਾ ਹੈ ਤਾਂ ਸਪਸ਼ਟ ਹੈ ਕਿ ਉਹ ਆਪ ਵੀ ਇਸ ਨੂੰ ਭਾਈ ਗੁਰਦਾਸ ਦੇ ਹੱਥੀਂ ਲਿਖੀ ਹੋਈ ਸ੍ਰੀ ਆਦਿ ਗ੍ਰੰਥ ਦੀ ਅਸਲੀ ਬੀੜ ਨਹੀਂ ਮੰਨਦਾ ਅਤੇ ਕਰਤਾਰਪੁਰੀ ਪਰਿਵਾਰ ਵੱਲੋਂ ਇਸ ਸਬੰਧੀ ਕੀਤੇ ਜਾਂਦੇ ਦਾਵੇ ਨੂੰ ਝੂਠਾ ਸਾਬਤ ਕਰ ਰਿਹਾ ਹੈ। ਪਰੰਤੂ ਉਹ ਇਸ ਗੱਲ ਨੂੰ ਸਿੱਧੇ ਤੌਰ ਤੇ ਸਵੀਕਾਰ ਕਰਨ ਦੀ ਬਜਾਇ “ਜਾਂਦੇ ਚੋਰ ਦੀ ਲੰਗੋਟੀ ਹੀ ਸਹੀ” ਵਾਲੀ ਨੀਤੀ ਤੇਹੀ ਚੱਲ ਰਿਹਾ ਦਿਖਾਈ ਦਿੰਦਾ ਹੈ।

ਨਾਂ ਤਾਂ ਪਿਆਰ ਸਿੰਘ ਨੇ ਕਿਤੇ ਵੀ ਕਰਤਾਰਪੁਰੀ ਬੀੜ ਨੂੰ ਅਸਲ ਭਾਈ ਗੁਰਦਾਸ ਦੀ ਹੱਥ-ਲਿਖਤ ਬੀੜ ਦਾ ਉਤਾਰਾ (ਕਾਪੀ) ਹੋਣਾ ਮੰਨਿਆਂ ਹੈ ਅਤੇ ਨਾਂ ਹੀ ਉਸ ਨੇ ਅਸਲ ਬੀੜ ਦੇਖੀ ਹੋਣ ਦਾ ਦਾਵਾ ਕੀਤਾ ਹੈ। ਹਾਂ ਅਨੇਕਾਂ ਪੁਰਾਤਨ ਪੋਥੀਆਂ ਅਤੇ ਬੀੜਾਂ ਦੇ ਅਧਿਐਨ ਅਤੇ ਇਹਨਾਂ ਬਾਰੇ ਉਪਲਭਧ ਸਭੋ ਲਿਖਤਾਂ ਦੀ ਘੋਖ ਕਰ ਲੈਣ ਉਪਰੰਤ ਉਸ ਦੇ ਜ਼ਿਹਨ ਵਿੱਚ ਅਸਲ ਬੀੜ ਦੀ ਇੱਕ ਵਿਸ਼ੇਸ਼ ਤਸਵੀਰ ਜ਼ਰੂਰ ਬਣ ਗਈ ਹੋਵੇਗੀ ਜਿਸ ਦੇ ਅਧਾਰ ਤੇ ਉਹ ਇੱਕ ਜਾਅਲੀ ਬੀੜ ਦੀ ਪਛਾਣ ਸਕਦਾ। ਪਿਆਰ ਸਿੰਘ ਦਾ ਇਹ ਨਿਰਨਾ ਕਿ ਪੰਚਮ ਪਾਤਸ਼ਾਹ ਦੀ ਤਿਆਰ ਕਰਵਾਈ ਅਸਲੀ ਬੀੜ ਹਾਲੀ ਸਾਡੀ ਪਹੁੰਚ ਵਿੱਚ ਨਹੀਂ ਆਈ, ਵੀ ਉਸ ਵਲੋਂ ਪਹਿਲਾਂ ਦਿੱਤੇ ਨਿਰਨੇ ਦਾ ਦੁਹਰਾ ਹੀ ਹੈ ਭਾਵ ਉਹ ਫਿਰ ਕਹਿ ਰਿਹਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਦੇ ਹੱਥੀਂ ਲਿਖਵਾਈ ਹੋਈ ਬੀੜ ਜਿਸ ਨੂੰ ਸ੍ਰੀ ਆਦਿ ਗ੍ਰੰਥ ਕਿਹਾ ਜਾਂਦਾ ਹੈ ਸਿੱਖ ਜਗਤ ਕੋਲ ਮੌਜੂਦ ਨਹੀਂ ਅਤੇ ਕਰਤਾਰਪੁਰੀਆਂ ਵਲੋਂ ਸਦੀਆਂ ਤੋਂ ਕੀਤਾ ਜਾ ਰਿਹਾ ਉਸ ਬੀੜ ਦੇ ਆਪਣੇ ਕੋਲ ਹੋਣ ਦਾ ਦਾਵਾ ਸਰਾਸਰ ਝੂਠਾ ਹੈ। ਪਿਆਰ ਸਿੰਘ ਦੀ “ਆਪਣੀ ਸੋਚ” ਵਾਲੀ ਕੋਈ ਬੀੜ ਨਹੀਂ (ਜਿਹਾ ਕਿ ਸ. ਹਰਦੇਵ ਸਿੰਘ ਜੰਮੂ ਜੀ ‘ਸੋਚਦੇ’ ਹਨ)। ਉਹ ਕੇਵਲ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਦੇ ਹੱਥੀਂ ਲਿਖਵਾਈ ਹੋਈ ਬੀੜ ਦੀ ਗੱਲ ਕਰਦਾ ਹੈ ਜਿਸ ਦੇ ਹੋਂਦ ਵਿੱਚ ਆਉਣ ਦੇ ਤੱਥ ਤੋਂ ਕੋਈ ਵੀ ਸਿੱਖ ਕਹਾਉਂਦਾ ਵਿਅਕਤੀ ਮੁਨਕਰ ਨਹੀਂ ਹੋ ਸਕਦਾ।

ਜੇ ਕਿਸੇ ਵਿਅਕਤੀ ਨੂੰ ਪਿਆਰ ਸਿੰਘ ਦੇ ਉਪਰੋਕਤ ਦੱਸੇ ਨਿਰਨਿਆਂ ਤੇ ਸ਼ੱਕ ਜਾਂ ਇਤਰਾਜ਼ ਹੋਵੇ ਤਾਂ ਉਹ ਕਿਸੇ ਵੇਲੇ ਵੀ ਜਾ ਕੇ ਕਰਤਾਰਪੁਰੀ ਬੀੜ ਨੂੰ ਦੇਖ-ਪੜ੍ਹ ਸਕਦਾ ਹੈ। ਇਹ ਉਸ ਦੀ ਆਪਣੀ ਹਿੰਮਤ ਤੇ ਹੀ ਨਿਰਭਰ ਕਰਦਾ ਹੈ।

ਸ. ਹਰਦੇਵ ਸਿੰਘ ਜੰਮੂ ਜੀ ਨੇ ਆਪਣੇ ਵੱਲੋਂ ਵੀ ਕੁੱਝ ਨਿਰਨੇ ਸੁਝਾ ਦਿੱਤੇ ਹਨ ਜਿਹਨਾਂ ਵਿਚੋਂ ਕੋਈ ਵੀ ਤਰਕਸੰਗਤ ਨਹੀਂ। ਉਹ ਲਿਖਦੇ ਹਨ:

“ਪੰਚਮ ਪਾਤਸਾਹ ਜੀ ਨੇ ਵੀ ਇੱਕ ਸਮੇਂ ਪਹਿਲੇ ਪ੍ਰਚਲਤ ਪੋਥੀ ਸਵਰੂਪਾਂ ਤੋਂ ਨਕਲ ਉਤਾਰਦੇ ਹੋਏ ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਸੀ ਅਤੇ ਬਾਕੀ ਪ੍ਰਚਾਰ ਕੇਂਦਰਾਂ ਲਈ ਕਈ ਹੋਰ ਨਕਲ ਉਤਾਰੇ ਵੀ ਕਰਵਾਏ ਸਨ। ਗੁਰੂ ਘਰ ਪਾਸੋਂ ਕਰਵਾਏ ਨਕਲ ਉਤਾਰਿਆਂ ਦੀ ਪ੍ਰਮਾਣਿਕਤਾ ਸੰਪੂਰਨ ਸੀ। ਅੱਜ ਦੇ ਦੌਰ ਵਿੱਚ ਮਸ਼ੀਨੀ ਪ੍ਰਿੰਟਿੰਗ-ਪੇਸਟਿੰਗ ਰਾਹੀਂ ਅਸਲ ਦੀ ਨਕਲ ਹੁੰਦੀ ਹੈ ਉਸ ਸਮੇਂ ਹੱਥਾਂ ਰਾਹੀਂ ਅਸਲ ਤੋਂ ਨਕਲ ਹੁੰਦੀ ਸੀ। ਉਸ ਸਮੇਂ ਅਸਲ ਦੀ ਨਕਲ ਦਾ ਮਤਲਬ ‘ਨਕਲੀ’ ਹੋ ਜਾਣਾ ਨਹੀਂ ਸੀ। ਇਸ ਲਈ ਇਸ ਚਲ ਰਹੀ ਚਰਚਾ ਦੇ ਸਬੰਧ ਵਿੱਚ ਪਾਠਕ ਕਿਸੇ ਕਿਸਮ ਦਾ ਭੁਲੇਖਾ ਨਾ ਖਾਣ। ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਵਰੂਪ ਪ੍ਰਮਾਣਿਕ ਹੈ। ਉਹੀ ਸਾਡੇ ਗੁਰੂ ਹਨ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਗੱਲ ਭਾਈ ਜੋਧ ਸਿੰਘ ਜਾਂ ਡਾ. ਪਿਆਰ ਸਿੰਘ ਜੀ ਵਿੱਚੋਂ ਕਿਸੇ ਇੱਕ ਦੇ ਸਹੀ ਜਾਂ ਗਲਤ ਹੋਣ ਦੀ ਨਹੀਂ ਬਲਕਿ ਇਹ ਸਾਡੇ ਗੁਰੂ ਦੀ ਪ੍ਰਮਾਣਿਕਤਾ ਅਤੇ ਗੁਰੂ ਪ੍ਰਤੀ ਸਾਡੇ ਸਤਿਕਾਰ ਦੀ ਗੱਲ ਹੈ।”

ਉਪਰੋਕਤ ਨਿਰਨਿਆਂ ਸਬੰਧੀ ਸਥਿਤੀ ਹੇਠ ਦਿੱਤੇ ਅਨੁਸਾਰ ਹੈ:

1. ਇਹ ਸਹੀ ਨਹੀਂ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਤਕ ਬਾਣੀ ਦੀਆਂ ਪੋਥੀਆਂ ਲੋਕਾਂ ਵਿਚ “ਪ੍ਰਚਲਤ” ਸਨ। ਇਹ ਪੋਥੀਆਂ ਹਰੇਕ ਗੁਰੂ ਪਾਸ ਹੀ ਸੁਰਖਿਅਤ ਸਨ ਅਤੇ ਗੁਰਗੱਦੀ ਪ੍ਰਦਾਨ ਕਰਨ ਵੇਲੇ ਵਾਰੀ-ਵਾਰੀ ਪਹਿਲੇ ਗੁਰੂ ਸਾਹਿਬ ਵੱਲੋਂ ਅਗਲੇ ਗੁਰੂ ਸਾਹਿਬ ਨੂੰ ਸੌਂਪ ਦਿੱਤੀਆਂ ਗਈਆਂ ਸਨ।

2. ਇਹ ਸਹੀ ਨਹੀਂ ਕਿ ਪੰਚਮ ਪਾਤਸ਼ਾਹ ਨੇ ਪੋਥੀਆਂ ਤੋਂ “ਨਕਲ ਉਤਾਰਦੇ ਹੋਏ” ਸ੍ਰੀ ਆਦਿ ਗ੍ਰੰਥ ਤਿਆਰ ਕਰਵਾਇਆ ਸੀ। ਗੁਰੂ ਜੀ ਨੇ ਨਿਸਚੇ ਹੀ ਪੋਥੀਆਂ ਦੀ ਬਾਣੀ ਨੂੰ ਪਹਿਲਾਂ ਸੰਪਾਦਿਤ ਕੀਤਾ ਅਤੇ ਫਿਰ ਆਪਣੇ ਮੁਖਾਰਬਿੰਦ ਤੋਂ ਉਚਾਰਦੇ ਹੋਏ ਭਾਈ ਗੁਰਦਾਸ ਜੀ ਨੂੰ ਡਿਕਟੇਟ ਕਰਵਾਇਆ। ਅਜਿਹਾ ਕਰਨਾ ਸੰਪਾਦਨ ਕਿਰਿਆ ਦਾ ਹੀ ਹਿੱਸਾ ਸੀ। ਨਿਰੋਲ ਸੰਪਾਦਨਾ ਦੇ ਪੱਖੋਂ ਹੀ ਵੇਖੀਏ ਤਾਂ ਸ੍ਰੀ ਆਦਿ ਗ੍ਰੰਥ ਸੰਸਾਰ ਭਰ ਦੇ ਸਾਹਿਤ ਵਿੱਚ ਇੱਕ ਅਦੁੱਤੀ ਸ਼ਾਹਕਾਰ ਬਣ ਕੇ ਉਭਰਦਾ ਹੈ। ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ਸ੍ਰੀ ਆਦਿ ਗ੍ਰੰਥ ਨੂੰ ਹੀ ਮਹਿਜ਼ ਇੱਕ ਉਤਾਰਾ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਪੰਚਮ ਪਾਤਸ਼ਾਹ ਦਾ ਵੀ ਅਪਮਾਨ ਕਰਨ ਦੇ ਤੁੱਲ ਹੈ ਅਤੇ ਸ੍ਰੀ ਆਦਿ ਗ੍ਰੰਥ ਦਾ ਵੀ।

3. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਹੱਥੀਂ ਸ੍ਰੀ ਆਦਿ ਗ੍ਰੰਥ (ਪਹਿਲਾ ਨਾਮ ਪੋਥੀ ਸਾਹਿਬ) ਲਿਖਵਾਇਆ ਸੀ ਨਾ ਕਿ ‘ਗੁਰੂ’ ਗ੍ਰੰਥ ਸਾਹਿਬ। ਗ੍ਰੰਥ ਸਾਹਿਬ ਦੇ “ਗੁਰੂ” ਹੋਣ ਦਾ ਸੰਕਲਪ ਤਾਂ ਸੌ ਸਾਲ ਬਾਦ ਦਸਵੇਂ ਗੁਰੂ ਸਾਹਿਬ ਨੇ ਦਿੱਤਾ ਸੀ। ਜੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਲੋਕ ਵੀ ਸ੍ਰੀ ਆਦਿ ਗ੍ਰੰਥ ਨੂੰ ‘ਗੁਰੂ’ ਗ੍ਰੰਥ ਸਾਹਿਬ ਹੀ ਕਹੀ ਜਾਣਗੇ ਤਾਂ ਇੱਕ ਆਮ ਵਿਅਕਤੀ ਇਹ ਫਰਕ ਕਿਵੇਂ ਪਛਾਣ ਸਕੇਗਾ?

4. ਪੰਜਵੇਂ ਗੁਰੂ ਸਾਹਿਬ ਨੇ ਸ੍ਰੀ ਆਦਿ ਗ੍ਰੰਥ ਦੇ ਕੋਈ ਉਤਾਰੇ ਵੀ ਕਰਵਾਏ ਸਨ ਇਸ ਦਾ ਇਤਹਾਸ ਵਿੱਚ ਕੋਈ ਹਵਾਲਾ ਨਹੀਂ ਮਿਲਦਾ। ਕੋਈ ਐਸੀ ਬੀੜ ਉਪਲਭਧ ਨਹੀਂ ਜਿਸ ਨੂੰ ਗੁਰੂ ਘਰ ਵੱਲੋਂ ਕਰਵਾਇਆ ਸ੍ਰੀ ਆਦਿ ਗ੍ਰੰਥ ਦਾ ਉਤਾਰਾ ਕਿਹਾ ਜਾ ਸਕੇ। ਘਟੋ ਘਟ ਪਿਆਰ ਸਿੰਘ ਨੂੰ ਅਜਿਹੀ ਕੋਈ ਬੀੜ ਪ੍ਰਾਪਤ ਨਹੀਂ ਹੋਈ। ਜਦੋਂ ਗੁਰੂ ਘਰ ਨੇ ਕੋਈ ਉਤਾਰਾ ਕਰਵਾਇਆ ਹੀ ਨਹੀਂ ਤਾਂ ਉਸਦੀ ਪ੍ਰਮਾਣਿਕਤਾ ਬਾਰੇ ਗਲ ਕਰਨ ਦਾ ਕੀ ਲਾਭ?

5.’ਨਕਲ ‘ਦੋ ਤਰ੍ਹਾਂ ਦੀ ਹੁੰਦੀ ਹੈ:

ਇਕ, ਕਿਸੇ ਦਸਤਾਵੇਜ਼ ਦਾ ਉਤਾਰਾ ਜੋ ਪਹਿਲਾਂ ਹੱਥਾਂ ਨਾਲ ਕੀਤੀ ਜਾਂਦਾ ਸੀ ਅਤੇ ਅਜ ਕਲ ਮਸ਼ੀਨਾਂ ਨਾਲ ਹੋ ਜਾਂਦਾ ਹੈ ਜਿਵੇਂ ਕਿ ਫੋਟੋਸਟੈਟ। ਅਜਿਹੇ ਉਤਾਰੇ ਦੀ ਵਰਤੋਂ ਕਿਸੇ ਖਾਸ ਮਕਸਦ ਲਈ ਨਿਯਮਾਂ ਅਨੁਸਾਰ ਜਾਇਜ਼ ਮੰਨੀ ਜਾਂਦੀ ਹੈ।

ਦੂਸਰੀ, ਕਿਸੇ ਦਸਤਾਵੇਜ਼ ਦਾ ਜਾਅਲੀ ਰੂਪ ਤਿਆਰ ਕਰ ਲੈਣਾ ਤਾਂ ਕਿ ਉਸ ਨੂੰ ਧੋਖੇ ਨਾਲ ਅਸਲੀ ਦੀ ਜਗਹ ਤੇ ਵਰਤਿਆ ਜਾ ਸਕੇ। ਅਜਿਹੇ ਨਕਲੀ ਦਸਤਾਵੇਜ਼ਾਂ ਨੂੰ ਤਿਆਰ ਕਰਨਾ ਕਾਨੂੰਨੀ ਤੌਰ ਤੇ ਵੀ ਵਿਵਰਜਿਤ ਹੁੰਦਾ ਹੈ ਅਤੇ ਨੈਤਿਕ ਪੱਖੋਂ ਵੀ। ਜਾਅਲੀ ਕਰੰਸੀ ਨੋਟ ਅਤੇ ਜਾਅਲੀ ਸਰਟੀਫੀਕੇਟ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਕਰਤਾਰਪੁਰੀ ਬੀੜ ਵੀ ਇਸੇ ਸ਼੍ਰੇਣੀ ਦਾ ਦਸਤਾਵੇਜ਼ ਹੈ ਨਾ ਕਿ ਪਹਿਲੀ ਸ਼੍ਰੇਣੀ ਦਾ ਜਿਵੇਂ ਕਿ ਸ. ਹਰਦੇਵ ਸਿੰਘ ਜੰਮੂ ਜੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਉਹਨਾਂ ਦਾ ਤਰਕ ਮੰਨਣਾਂ ਹੋਵੇ ਤਾਂ ਸਿਰਸਾ ਵਾਲੇ ਸਾਧ ਵੱਲੋਂ ਸ੍ਰੀ ਗੁਰੂ ਗਬਿੰਦ ਸਿੰਘ ਦੀ ਉਤਾਰੀ ਨਕਲ ਦੇ ਅਧਾਰ ਤੇ ਸਾਧ ਦਾ ਸਤਿਕਾਰ ਕਰਨਾ ਬਣਦਾ ਹੈ ਨਾ ਕਿ ਵਿਰੋਧ।

6. ਇਸ ਵਿੱਚ ਕੋਈ ਸ਼ਕ ਨਹੀਂ ਕਿ ਗ੍ਰੰਥ ਸਾਹਿਬ ਦਾ ਇਸ ਵੇਲੇ ਦਾ ਪ੍ਰਚਲਤ ਸਰੂਪ (ਰਾਗਮਾਲਾ ਤੋਂ ਬਗੈਰ) ਇਸਦਾ ਪ੍ਰਮਾਣਿਕ ਸਰੂਪ ਹੈ ਪਰੰਤੂ ਇਹ ਗ੍ਰੰਥ ਸਾਹਿਬ ਦਾ ਪੁਸਤਕ ਰੂਪ ਹੀ ਹੈ। ਦੂਜੇ ਪਾਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਗੁਰਬਾਣੀ ਦਾ ਸੰਦੇਸ਼ ਹੈ ਜਿਸ ਨੂੰ ਪ੍ਰਮਾਣਿਕਤਾ ਦੇ ਸਰਟੀਫੀਕੇਟ ਦੀ ਲੋੜ ਨਹੀਂ।

7. ਲੇਖ ‘ਵਿਦਵਾਨ ਪਿਆਰ ਸਿੰਘ ਨਾਲ ਹੋਈ ਬੀਤੀ’ ਦਾ ਮਕਸਦ ਪਾਠਕਾਂ ਦਾ ਧਿਆਨ ਸੁਹਿਰਦ ਸਿਖ ਵਿਦਵਾਨਾਂ ਦੀ ਸ੍ਰੀ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਪੁਜਾਰੀਆਂ ਦੇ ਹੱਥੋਂ ਹੁੰਦੀ ਦੁਰਦਸ਼ਾ ਅਤੇ ਇਸ ਕਾਰਵਾਈ ਦੇ ਗੰਭੀਰ ਸਿੱਟਿਆਂ ਵੱਲ ਦੁਆਉਣਾ ਸੀ ਨਾ ਕਿ ਪਿਆਰ ਸਿੰਘ ਦਾ ਭਾਈ ਜੋਧ ਸਿੰਘ ਨਾਲ ਟਾਕਰਾ ਕਰਨਾ ਜਿਵੇਂ ਕਿ ਸ. ਹਰਦੇਵ ਸਿੰਘ ਜੰਮੂ ਜੀ ਨੇ ਸਮਝ ਲਿਆ ਹੈ। ਲੇਖ ਤੱਥ ਪੇਸ਼ ਕਰਦੇ ਹੋਏ ਪਾਠਕਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਹਿਤ ਹੀ ਲਿਖਿਆ ਗਿਆ ਸੀ। ਗੁਰੂ ਪ੍ਰਤੀ ਅਸਲੀ ਸਤਿਕਾਰ ਗੁਰੂ ਪ੍ਰਤੀ ਕਿਸੇ ਬਹਿਸ ਵਿੱਚ ਤਰਕਸੰਗਤ ਪਹੁੰਚ ਅਪਨਾਉਣ ਵਿੱਚ ਹੈ ਨਾ ਕਿ ਦੂਜੀ ਧਿਰ ਦੇ ਸਿਰ ਤੇ ਬੇਵਜ੍ਹਾ ਦੋਸ਼ ਮੜ੍ਹਨ ਵਿੱਚ ਅਤੇ “ਪ੍ਰਮਾਣਿਕਤਾ” ਵਰਗੇ ਸੰਕਲਪ ਦਾ ਅਰਥ ਸਮਝੇ ਬਗੈਰ ਹੀ ਇਸਦਾ ਢੰਡੋਰਾ ਪਿੱਟੀ ਜਾਣ ਵਿਚ।

ਪਾਠਕਾਂ ਨੂੰ ਬੇਨਤੀ ਹੈ ਕਿ ਬਹਿਸ ਲਈ ਨੁਕਤੇ ਪੁਸਤਕ ‘ਗਾਥਾ ਸ੍ਰੀ ਗ੍ਰੰਥ ਸਾਹਿਬ’ ਪੜ੍ਹਨ ਉਪਰੰਤ ਹੀ ਉਭਾਰੇ ਜਾਣ। ਵਿਸ਼ੇ ਸਬੰਧੀ ਸਧਾਰਣ ਜਾਣਕਾਰੀ ਮੁਹਈਆ ਕਰਨ ਲਈ ਲੇਖਕ ਸਦਾ ਤਤਪਰ ਰਹੇਗਾ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।
.