.

ਚਿੰਤਾਮਣਿ/ਚਿੰਤਾਮਨਿ

ਬਾਣੀਕਾਰਾਂ ਨੇ ਮਨੁੱਖਤਾ ਨੂੰ ਗੁਰਮਤਿ ਦ੍ਰਿੜ ਕਰਵਾਉਣ ਲਈ ਆਪਣੇ ਸਮੇਂ ਦੇ ਪ੍ਰਚਲਤ ਮੁਹਾਵਰੇ, ਅਖਾਣ ਅਤੇ ਸ਼ਬਦਾਵਲੀ ਆਦਿ ਦੀ ਭਰਪੂਰ ਵਰਤੋਂ ਕੀਤੀ ਹੈ। ਬਾਣੀਕਾਰਾਂ ਵਲੋਂ ਇਸ ਜੀਵਨ-ਜੁਗਤ ਨੂੰ ਸਮਝਾਉਣ ਲਈ, ਕਿਧਰੇ ਤਾਂ ਪ੍ਰਚਲਤ ਸ਼ਬਦਾਵਲੀ ਦੇ ਕੇਵਲ ਹਵਾਲੇ/ਦ੍ਰਿਸ਼ਟਾਂਤ ਹੀ ਦਿੱਤੇ ਹਨ ਅਤੇ ਕਿਧਰੇ ਪ੍ਰਚਲਤ ਸ਼ਬਦਾਵਲੀ ਨੂੰ ਨਵੀਨ ਭਾਵਾਰਥ ਵਿੱਚ ਵਰਤ ਕੇ ਦ੍ਰਿੜ ਕਰਵਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਸ਼ਬਦਾਂ ਨੂੰ ਪ੍ਰਚਲਤ ਭਾਵਾਰਥ ਵਿੱਚ ਵਰਤਣ ਦੀ ਥਾਂ ਨਵੀਨ ਭਾਵਾਰਥ ਵਿੱਚ ਵਰਤਿਆ ਹੈ, ਉਨ੍ਹਾਂ ਵਿਚੋਂ ਹੀ ਇੱਕ ਸ਼ਬਦ ਹੈ ‘ਚਿੰਤਮਣਿ’।
ਪੁਰਾਣ ਸਾਹਿਤ ਵਿੱਚ ਇਸ ਦਾ ਅਰਥ ਹੈ ਉਹ ਮਣਿ/ਰਤਨ, ਜੋ ਮਨ ਚਿਤਵੇ ਪਦਾਰਥ ਦੇਂਦੀ ਹੈ। ਗੁਰੂ ਗ੍ਰੰਥ ਸੰਕੇਤ ਕੋਸ਼ ਵਿੱਚ ਇਸ ਬਾਰੇ ਇਉਂ ਲਿਖਿਆ ਹੋਇਆ ਹੈ, “ਭਾਰਤੀ ਰਵਾਇਤ ਅਨੁਸਾਰ ਚਿੰਤਾਮਣੀ ਇੱਕ ਐਸੀ ਮਣੀ ਹੈ, ਜਿਸ ਨੂੰ ਸਾਹਮਣੇ ਰੱਖ ਕੇ ਜੋ ਚਿਤਵਨੀ ਕਰੀਏ, ਸੋ ਪੂਰੀ ਹੋ ਜਾਂਦੀ ਹੈ, ਇਸ ਨੂੰ ਦਿਵਯ ਰਤਨ ਵੀ ਕਹਿੰਦੇ ਹਨ. . ।” ਪਰੰਤੂ ‘ਚਿੰਤਾਮਣਿ’ ਸਬੰਧੀ ਪ੍ਰਚਲਤ ਇਸ ਧਾਰਨਾ ਨਾਲ, ਬਾਣੀਕਾਰ ਸਹਿਮਤ ਨਹੀਂ ਹਨ। ਬਾਣੀਕਾਰਾਂ ਦਾ ਮੰਨਣਾ ਹੈ ਕਿ ਅਜਿਹੀ ਕੋਈ ‘ਚਿੰਤਾਮਣਿ’ ਨਹੀਂ ਹੈ ਜੋ ਮਨੁੱਖ ਨੂੰ ਮਨਇੱਛਤ ਫਲ ਦੇ ਸਕਦੀ ਹੋਵੇ; ਮਨਚਿਤਵੇ ਫਲ ਦੇਣ ਦੇ ਸਮਰੱਥ ਕੇਵਲ ਤੇ ਕੇਵਲ ਅਕਾਲ ਪੁਰਖ ਹੀ ਹੈ। ਇਸ ਲਈ ਬਾਣੀਕਾਰਾਂ ਨੇ ਪ੍ਰਭੂ ਨੂੰ ਹੀ ‘ਚਿੰਤਾਮਣਿ’ ਕਿਹਾ ਅਥਵਾ ਮੰਨਿਆ ਹੈ। (ਨੋਟ: ਹਿੰਦੀ ਸ਼ਬਦ ਕੋਸ਼ ਵਿੱਚ ‘ਚਿੰਤਾਮਣਿ’ ਦਾ ਅਰਥ ‘ਵਾਸ਼ਨਾ ਨੂੰ ਪੂਰਾ ਕਰਨ ਵਾਲਾ ਇੱਕ ਕਲਪਿਤ ਰਤਨ। 2, ਸਾਰੀਆਂ ਕਾਮਨਾਵਾਂ ਨੂੰ ਪੂਰਨ ਕਰਨ ਵਾਲੀ ਸ਼ਕਤੀ’ ਕੀਤਾ ਹੋਇਆ ਹੈ।)
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲਾ ‘ਅਕਾਲ ਪੁਰਖ’ ਅਤੇ ‘ਪ੍ਰਭੂ ਭਗਤੀ’ ਨੂੰ ਹੀ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਚਿੰਤਾਮਣਿ’ ਸ਼ਬਦ ਇਨ੍ਹਾਂ ਹੀ ਅਰਥਾਂ ਵਿੱਚ ਆਇਆ ਹੈ:-
(ੳ) ਚਿੰਤਾਮਣਿ ਕਰੁਣਾ ਮਏ॥ (ਪੰਨਾ 212) ਅਰਥ: ਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ।
(ਅ) ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ॥ (ਪੰਨਾ 632) ਅਰਥ: ਨਾਨਕ ਆਖਦਾ ਹੈ- (ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ।
(ੲ) ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ॥ ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇੱਕ ਨਿਮਖ ਨ ਇਹੁ ਮਨੁ ਲਾਇਆ॥ (ਪੰਨਾ 970) ਅਰਥ: ਕਿਹੜੇ ਕੰਮਾਂ ਲਈ ਅਸੀ ਜਗਤ ਵਿੱਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ? ਅਸਾਂ ਇੱਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ।
(ਸ) ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ॥ ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ॥ (ਪੰਨਾ 633) ਅਰਥ: ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਦੀ ਸਾਰੀ ਕੋਝੀ ਮਤਿ ਨਾਸ ਹੋ ਜਾਂਦੀ ਹੈ। ਤਦੋਂ, ਹੇ ਨਾਨਕ! ਇਹ ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ; ਤੇ, ਇਸ ਦੀ ਜਮ ਦੀ ਫਾਹੀ (ਭੀ) ਕੱਟੀ ਜਾਂਦੀ ਹੈ।
(ਹ) ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ॥ ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ॥ (ਪੰਨਾ 902) ਅਰਥ: ਹੇ ਪ੍ਰਾਣੀ! ਕਿਉਂ ਮਾਇਆ ਦਾ (ਇਤਨਾ) ਮਾਣ ਤੂੰ ਕਰ ਰਿਹਾ ਹੈਂ? (ਇਹ ਤਾਂ) ਕਿਸੇ ਦੇ ਨਾਲ ਭੀ (ਅਖ਼ੀਰ ਵੇਲੇ) ਨਹੀਂ ਜਾਂਦੀ। ਨਾਨਕ ਆਖਦਾ ਹੈ—ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ।।
(ਕ) ਅਉਰ ਇੱਕ ਮਾਗਉ ਭਗਤਿ ਚਿੰਤਾਮਣਿ॥ ਜਣੀ ਲਖਾਵਹੁ ਅਸੰਤ ਪਾਪੀ ਸਣਿ॥ (ਪੰਨਾ 486) ਅਰਥ: ਮੈਂ ਤੈਥੋਂ ਇੱਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ; ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ।
(ਖ) ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ॥ (ਪੰਨਾ 658) ਅਰਥ: ਹੇ ਪੰਡਿਤ! ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿੱਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ।
(ਇਸ ਪੰਗਤੀ ਵਿੱਚ ਪੁਰਾਣਾਂ ਦੀ ਧਾਰਨਾ ਨੂੰ ਸੱਚ ਮੰਨ ਕੇ ‘ਚਿੰਤਾਮਣਿ’ ਆਦਿ ਦੀ ਦੌੜ ਵਿੱਚ ਸ਼ਾਮਲ ਪ੍ਰਾਣੀਆਂ ਨੂੰ, ਇਸ ਧਾਰਨਾ ਤੋਂ ਉਪਰ ਉਠਾ ਕੇ ਕੇਵਲ ਪ੍ਰਭੂ ਦੀ ਸ਼ਰਨ ਪੈਣ ਦੀ ਪ੍ਰੇਰਨਾ ਕੀਤੀ ਗਈ ਹੈ। ਇਸ ਗੱਲ ਨੂੰ ਇਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਵਿੱਚ ਦੇਖਿਆ ਜਾ ਸਕਦਾ ਹੈ। ਇਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਹਨ: ਹਰਿ ਹਰਿ ਹਰਿ ਨ ਜਪਹਿ ਰਸਨਾ॥ ਅਵਰ ਸਭ ਤਿਆਗਿ ਬਚਨ ਰਚਨਾ॥ 1॥ ਰਹਾਉ॥ (ਨੋਟ: ਇਹ ਸ਼ਬਦ ਰਾਗ ਮਾਰੂ ਵਿੱਚ ਵੀ ਆਇਆ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ, ਹਰੇਕ ਉਹ ਸ਼ਬਦ ਜੇਹੜਾ ਦੋ ਜਾਂ ਤਿੰਨ ਵਾਰ ਆਇਆ ਹੈ, ਉਸ ਦੇ ਸ਼ਬਦ ਜੋੜਾਂ ਅਤੇ ਕੁੱਝ ਸ਼ਬਦਾਂ ਵਿੱਚ ਫ਼ਰਕ ਹੈ, ਇਸੇ ਤਰ੍ਹਾਂ ਇਸ ਸ਼ਬਦ ਵਿੱਚ ਵੀ ਅਜਿਹਾ ਅੰਤਰ ਦੇਖਣ ਨੂੰ ਮਿਲਦਾ ਹੈ।)
ਭਾਈ ਗੁਰਦਾਸ ਜੀ ਮਨੁੱਖ ਨੂੰ ‘ਚਿੰਤਾਮਣਿ’ ਸਬੰਧੀ ਪੁਰਾਣਿਕ ਧਾਰਨਾ ਤੋਂ ਉਪਰ ਉਠਾ ਕੇ ਸਤਿਗੁਰੂ ਦੀ ਸ਼ਰਣ ਆਉਣ ਦੀ ਪ੍ਰੇਰਨਾ ਦੇਂਦੇ ਹੋਏ ਕਹਿੰਦੇ ਹਨ:-
ਚਿੰਤਾਮਣਿ ਗੁਰੂ ਛਡਿਕੈ ਚਿੰਤਾਮਣਿ ਚਿੰਤਾ ਨ ਗਵਾਏ। ਚਿਤਵਣੀਆ ਲਖ ਰਾਤਿ ਦਿਹੁ ਤ੍ਰਾਸ ਨ ਤ੍ਰਿਸਨਾ ਅਗਨਿ ਬੁਝਾਏ. . ਬਲਦੀ ਅੰਦਰਿ ਤੇਲ ਜਿਉ ਆਸਾ ਮਨਸਾ ਦੁਖਿ ਵਹਾਏ। (ਵਾਰ 15, ਪਉੜੀ 14)
ਅਰਥ: ਗੁਰੂ ਚਿੰਤਾਮਣੀ ਨੂੰ ਛੱਡ ਕੇ, ਚਿੰਤਾਮਣੀ (ਚਿੰਤਾ ਪੂਰਨ ਵਾਲਾ ਮੰਨਿਆ ਹੋਇਆ ਪੱਥਰ) ਚਿੱਤ ਦੀ ਚਿੰਤਾ ਨਹੀਂ ਹਟਾਉਂਦੀ। (ਸਗੋਂ) ਲੱਖਾਂ ਰਾਤ ਤੇ ਦਿਨ ਸੋਚਾਂ ਫੁਰਦੀਆਂ ਹਨ (ਚੋਰਾਦਿਕ ਦੇ ਭੈ ਉੱਠਦੇ ਹਨ) ਤ੍ਰਿਸ਼ਨਾ ਦੀ ਅੱਗ ਡਰ ਨੂੰ ਨਹੀਂ ਬੁਝਾਉਂਦੀ (ਚਿੰਤਾਮਣੀ ਪਦਾਰਥ ਦੇਵੇਗੀ, ਉਸ ਨਾਲ ਤ੍ਰਿਸ਼ਨਾ ਦੇ ਡਰ ਹੋਰ ਵਧੇਗਾ). . ਬਲਦੀ ਹੋਈ ਅੱਗ ਵਿੱਚ ਤੇਲ ਦੇ ਪਾਂਇਆਂ ਜਿਵੇਂ ਵਧੇਰੀ ਪਰਜਵਲਤ ਹੁੰਦੀ ਹੈ, ਇਸੇ ਤਰ੍ਹਾਂ ਆਸਾ ਅਤੇ ਮਨਸਾ ਦੇ ਦੁੱਖ ਵਿੱਚ ਉਮਰ ਗੁਜ਼ਰਦੀ ਹੈ, ਅੱਗ ਬੁਝਣ ਵਿੱਚ ਨਹੀਂ ਆਉਂਦੀ।
ਭਾਈ ਸਾਹਿਬ ਜੀ ਦੇ ਉਪਰੋਕਤ ਕਥਨ ਦਾ ਇਹ ਭਾਵ ਨਹੀਂ ਹੈ ਕਿ ਆਪ ‘ਚਿੰਤਾਮਣਿ’ ਸਬੰਧੀ ਪੁਰਾਣਿਕ ਧਾਰਨਾ ਨੂੰ ਸਵੀਕਾਰ ਕਰ ਰਹੇ ਹਨ। ਨਹੀਂ, ਅਜਿਹਾ ਨਹੀਂ ਹੈ। ਭਾਈ ਸਾਹਿਬ ਤਾਂ ਇਸ ਪਉੜੀ ਵਿੱਚ ਮੁੱਖ ਰੂਪ ਵਿੱਚ ਸਤਿਗੁਰੂ ਦੀ ਮਹਿਮਾ ਦ੍ਰਿੜ ਕਰਵਾ ਰਹੇ ਹਨ। ਸਤਿਗੁਰੂ ਦੀ ਮਹਿਮਾ ਦਰਸਾਉਂਦਿਆਂ ਹੋਇਆਂ ਆਪ ਆਖ ਰਹੇ ਹਨ ਕਿ ਮਣੀਆਂ ਮੋਤੀ ਆਦਿ ਮਨੁੱਖ ਦੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਂਦੇ ਨਹੀਂ ਸਗੋਂ ਹੋਰ ਵਧਾਉਂਦੇ ਹਨ। ਪਰ ਸਤਿਗੁਰੂ ਮਨੁੱਖ ਨੂੰ ਨਾਮ ਦਾਨ ਦੀ ਬਖ਼ਸ਼ਸ਼ ਕਰਕੇ, ਅੰਦਰ ਬਲ ਰਹੀ ਤ੍ਰਿਸ਼ਨਾ ਦੀ ਇਸ ਅੱਗ ਨੂੰ ਬੁਝਾਉਂਦੇ ਹਨ। ਇਹ ਅੱਗ ਬੁੱਝਿਆਂ ਹੀ ਮਨੁੱਖ ਦਾ ਮਨ ਸ਼ਾਂਤ ਹੋ ਸਕਦਾ ਹੈ। ਭਾਈ ਸਾਹਿਬ ਸਤਿਗੁਰੂ ਅਤੇ ਪ੍ਰਭੂ ਨੂੰ ਹੀ ‘ਚਿੰਤਾਮਣਿ’ ਕਹਿੰਦੇ ਹਨ:
(ੳ) ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ ਅਚਿੰਤ ਕਰਾਏ॥ (ਵਾਰ 15, ਪਉੜੀ 2) ਅਰਥ:-ਸਤਿਗੁਰੂ ਦੇ ਚਰਨ ਹੀ ਚਿੰਤਾਮਣੀ ਹਨ (ਮਨਇੱਛਤ ਫਲ ਦੇਂਦੇ ਹਨ; ਚਿੰਤਾਮਣੀ ਨੂੰ ਵੀ ਅਚਿੰਤ ਕਰਦੇ ਹਨ।
(ਅ) ਚਿੰਤਾਮਨਿ ਚਿਤਵਤ ਚਿੰਤਾ ਤੇ ਚੁਰਾਈ ਅਜੋਨੀ ਅਰਾਧੇ ਜੋਨਿ ਸੰਕਟ ਕਟਾਏ ਹੈ। (ਕਬਿੱਤ-408) ਅਰਥ:- ਸਭ ਕਾਮਨਾ ਪੂਰੀਆਂ ਕਰਨ ਵਾਲੇ ਪ੍ਰਭੂ ਦਾ ਚਿਤਵਨ ਕਰਨ ਨਾਲ ਚਿੱਤ ਦੀ ਹਰ ਪ੍ਰਕਾਰ ਦੀ ਚਿੰਤਾ ਮਿਟ ਜਾਂਦੀ ਹੈ ਅਤੇ ਜਨਮ-ਮਰਨ-ਰਹਿਤ ਵਾਹਿਗੁਰੂ ਨੂੰ ਅਰਾਧ ਕੇ ਜੂਨਾਂ ਵਿੱਚ ਪੈਣ ਦੇ ਸੰਕਟ ਨਸ ਜਾਂਦੇ ਹਨ।
ਸੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਚਿੰਤਾਮਣਿ/ਚਿੰਤਾਮਨਿ’ ਦੇ ਸਬੰਧ ਵਿਚ, ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਜੋ ਅਰਥ ਪ੍ਰਚਲਤ ਸਨ, ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਤਨਾ ਹੀ ਨਹੀਂ, ਬਾਣੀਕਾਰਾਂ ਦਾ ਇਹ ਮੰਨਣਾ ਵੀ ਨਹੀਂ ਹੈ ਕਿ ਕੋਈ ਅਜਿਹੀ ‘ਚਿੰਤਾਮਣਿ’ ਹੈ ਜੋ ਮਨੁੱਖ ਦੀਆਂ ਸਾਰੀਆਂ ਕਾਮਨਾ ਨੂੰ ਪੂਰੀਆਂ ਕਰਨ ਦੇ ਸਮਰੱਥ ਹੈ। ਬਾਣੀਕਾਰਾਂ ਅਨੁਸਾਰ ਕਾਮਨਾ ਪੂਰੀਆਂ ਕਰਨ ਦੇ ਸਮਰੱਥ ਕੇਵਲ ਅਕਾਲ ਪੁਰਖ ਆਪ ਹੀ ਹੈ।
ਨੋਟ: ਕਾਮਨਾ ਪੂਰੀਆਂ ਕਰਨ ਤੋਂ ਭਾਵ ਮਨੁੱਖ ਨੂੰ ਦੁਨਿਆਵੀ ਖ਼ਾਹਿਸ਼ਾਂ ਤੋਂ ਉਪਰ ਉਠਾ ਕੇ ਆਤਮਕ ਜ਼ਿੰਦਗੀ ਬਖ਼ਸ਼ਣਾ ਹੈ।
ਜਸਬੀਰ ਸਿੰਘ ਵੈਨਕੂਵਰ




.