.

ਵਿਦਵਾਨ ਪਿਆਰ ਸਿੰਘ ਨਾਲ ਹੋਈ-ਬੀਤੀ

ਦਸ ਗੁਰੂ ਸਾਹਿਬਾਨ ਤੋਂ ਬਾਦ ਦੇ ਸਮੇਂ ਲਈ ਸਿੱਖ ਕੌਮ ਵਾਸਤੇ ਇਕੋ-ਇਕ ਅਗਵਾਈ ਸਰੋਤ ਗੁਰਬਾਣੀ ਹੈ ਜੋ ਉਹਨਾਂ ਦੀ ਇਕੋ-ਇਕ ਧਾਰਮਿਕ ਪਸਤਕ ਜਿਸ ਨੂੰ ਗ੍ਰੰਥ ਸਾਹਿਬ ਕਹਿਕੇ ਸਤਿਕਾਰਿਆ ਜਾਂਦਾ ਹੈ, ਵਿੱਚ ਦਰਜ ਹੈ। ਗ੍ਰੰਥ ਸਾਹਿਬ ਵਿੱਚ ਸ਼ਾਮਲ ਛੇ ਗੁਰੂ ਸਾਹਿਬਾਨ ਅਤੇ ਇਕੱਤੀ ਸੰਤਾਂ-ਭਗਤਾਂ ਦੀ ਸਮੁੱਚੀ ਰਚਨਾਂ ਨੂੰ ਗੁਰਬਾਣੀ ਦਾ ਦਰਜਾ ਪ੍ਰਾਪਤ ਹੈ। ਪਰੰਤੂ ਦੁਖ ਦੀ ਗੱਲ ਹੈ ਕਿ ਗ੍ਰੰਥ ਸਾਹਿਬ ਦੀਆਂ ਮੌਲਿਕ ਬੀੜਾਂ ਦੀ ਗੈਰਮੌਜੂਦਗੀ ਅਤੇ ਉਪਲਬਧ ਬੀੜਾਂ ਵਿੱਚ ਦਰਜ ਰਚਨਾਵਾਂ ਦੀ ਤਰਤੀਬ ਅਤੇ ਇਹਨਾਂ ਵਿਚੋਂ ਕੁੱਝ ਕੁ ਰਚਨਾਵਾਂ ਦੀ ਪ੍ਰਮਾਣਿਕਤਾ ਬਾਰੇ ਸ਼ੰਕੇ ਸਿੱਖ ਭਾਈਚਾਰੇ ਲਈ ਗੰਭੀਰ ਮਸਲੇ ਬਣੇ ਹੋਏ ਹਨ। ਇਤਹਾਸਕ ਕਾਰਨਾਂ ਕਰਕੇ ਉਪਜੇ ਇਹਨਾਂ ਅਤੀ ਮਹੱਤਵਪੂਰਨ ਮਸਲਿਆਂ ਉਤੇ ਡੂੰਘੀ ਵਿਚਾਰ-ਚਰਚਾ ਕੀਤੇ ਜਾਣ ਅਤੇ ਪੁਰਾਣੀਆਂ ਹੱਥ-ਲਿਖਤ ਬੀੜਾਂ, ਪੋਥੀਆਂ ਅਤੇ ਹੋਰ ਸਬੰਧਤ ਸਮੱਗਰੀ ਦੇ ਡੂੰਘੇ ਅਧਿਐਨ ਦੀ ਲੋੜ ਉਠਦੀ ਰਹੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਨੇ ਇਸ ਲੋੜ ਨੂੰ ਸੁਹਿਰਦਤਾ ਨਾਲ ਮਹਿਸੂਸ ਕਰਦਿਆਂ ਹੋਇਆਂ 1987 ਈ. ਵਿੱਚ ਪ੍ਰਚੀਨ ਹੱਥ-ਲਿਖਤ ਪੋਥੀਆਂ ਅਤੇ ਬੀੜਾਂ ਦੇ ਵਿਸ਼ੇ ਤੇ ਖੋਜ ਕਰਨ ਲਈ ਆਪਣੇ ਸੇਵਾ-ਮੁਕਤ ਪ੍ਰੋਫੈਸਰ ਅਤੇ ਪ੍ਰਸਿਧ ਵਿਦਵਾਨ ਪਿਆਰ ਸਿੰਘ (ਡਾਕਟਰ) ਨੂੰ ਯੋਗ ਸਮਝਦੇ ਹੋਏ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਹਨ ਅਧਿਐਨ” ਨਾਮ ਦੀ ਖੋਜ-ਯੋਜਨਾ ਚਲਾਉਣ ਦੀ ਜ਼ਿਮੇਂਵਾਰੀ ਉਸ ਨੂੰ ਸੌਂਪੀ। ਇਸ ਖੋਜ-ਯੋਜਨਾ ਤਹਿਤ ਵਿਸ਼ਾ-ਚੋਣ ਕਰਕੇ ਪਿਆਰ ਸਿੰਘ ਨੇ ਸਭ ਤੋਂ ਪਹਿਲਾਂ “ਬਾਣੀ ਦੇ ਸੰਕਲਨ ਅਤੇ ਸ੍ਰੀ ਆਦਿ ਬੀੜ ਦੇ ਸੰਪਾਦਨ” ਸਬੰਧੀ ਖੋਜ ਕਰ ਕੇ ਇੱਕ ਸ਼ੋਧ-ਗ੍ਰੰਥ ਤਿਆਰ ਕੀਤਾ। ਉਸ ਨੇ ਬਿਰਧ ਅਵਸਥਾ ਵਿੱਚ ਪੂਰੀ ਤਨ ਦੇਹੀ ਨਾਲ ਕੰਮ ਕਰਕੇ ਅਤੇ ਪੰਜ ਸਾਲ ਦੀ ਕਰੜੀ ਮਿਹਨਤ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਇਸ ਸ਼ੋਧ-ਗ੍ਰੰਥ ਨੂੰ ਪੁਸਤਕ ਦੇ ਰੂਪ ਵਿੱਚ ਛਾਪਣ ਅਤੇ ਪ੍ਰਕਾਸ਼ਿਤ ਕਰਨ ਦੀ ਜ਼ਿਮੇਵਾਰੀ ਵੀ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਨੇ 1992 ਵਿੱਚ ਖੁਦ ਹੀ ਨਿਭਾਈ। ਇਸ ਪੁਸਤਕ ਨੂੰ ‘ਗਾਥਾ ਸ੍ਰੀ ਆਦਿ ਗ੍ਰੰਥ’ ਦਾ ਨਾਮ ਦਿੱਤਾ ਗਿਆ। ਯੂਨੀਵਰਸਟੀ ਨੇ 588 ਸਫਿਆਂ ਦੀ ਇਸ ਪੁਸਤਕ ਨੂੰ ਤਿਆਰ ਕਰਵਾਉਣ ਹਿਤ ਅਤੇ ਇਸ ਦੀਆਂ 500 ਕਾਪੀਆਂ ਦੀ ਛਪਾਈ ਉਤੇ 1987-1992 ਦੇ ਅਰਸੇ ਦੌਰਾਨ ਕੁੱਲ ਦੋ ਲੱਖ ਰਪਏ ਦਾ ਖਰਚਾ ਕੀਤਾ। ਇਸ ਯੂਨੀਵਰਸਟੀ ਦੇ ਉਸ ਵਕਤ ਦੇ ਵਾਈਸ-ਚਾਂਸਲਰ ਗੁਰਦੀਪ ਸਿੰਘ ਰੰਧਾਵਾ ਨੇ ਪੁਸਤਕ ਦੇ ਅਰੰਭ ਵਿੱਚ ਇਹ ਦਾਵਾ ਦਰਜ ਕਰਵਾਇਆ ਕਿ “ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਜੂਦ ਵਿੱਚ ਆਉਣ ਦੀ ਗਾਥਾ ਪੰਜਾਬੀ ਵਿੱਚ ਉਪਲਬਧ ਪ੍ਰਾਚੀਨ ਪੋਥੀਆਂ ਤੇ ਹੱਥ-ਲਿਖਤ ਬੀੜਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਸਾਰੀ ਗੱਲ ਪ੍ਰਾਪਤ ਤੱਥਾਂ ਨੂੰ ਮੁਖ ਰਖ ਕੇ ਖੋਲ੍ਹੀ ਗਈ ਹੈ।” ਇਹ ਦਾਵਾ ਸੌ ਫੀ ਸਦੀ ਸਹੀ ਵੀ ਹੈ।
ਪਿਆਰ ਸਿੰਘ ਦੇ ਉਪਰੋਕਤ ਦੱਸੇ ਖੋਜ-ਕਾਰਜ ਦੇ ਵਿਸ਼ੇ ਦਾ ਹਿੱਸਾ ਹੋਣ ਕਰਕੇ ਗ੍ਰੰਥ ਸਾਹਿਬ ਦੀ ਦੱਸੀ ਜਾਂਦੀ ਕਰਤਾਰਪੁਰੀ ਬੀੜ ਦੀ ਪਰਖ-ਪੜਚੋਲ ਹੋਣੀ ਵੀ ਜ਼ਰੂਰੀ ਸੀ। ਅਸਲ ਵਿੱਚ ਇਹਯੋ ਪਰਖ-ਪੜਚੋਲ ਹੀ ਪੁਆੜੇ ਦੀ ਜੜ੍ਹ ਹੋ ਨਿਬੜੀ ਅਤੇ ਪਿਆਰ ਸਿੰਘ ਨੂੰ ਆਪਣੇ ਖੋਜ-ਕਾਰਜ ਰਾਹੀਂ ਕਰਤਾਰਪੁਰੀ ਬੀੜ ਬਾਰੇ ਤੱਥ ਪੇਸ਼ ਕਰਨ ਕਰਕੇ ਇਸ ਬੀੜ ਦੇ ਪੈਰੋਕਾਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਅਜਿਹੇ ਪੈਰੋਕਾਰਾਂ ਦੀ ਸ਼ਿਕਾਇਤ ਤੇ ਹੀ ਨਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਇੱਕ ਹੁਕਮਨਾਮੇ ਰਾਹੀਂ ਪੁਸਤਕ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜ਼ਬਤ ਕਰਵਾ ਦਿੱਤਾ ਗਿਆ ਸਗੋਂ ਪਿਆਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਤਲਬ ਵੀ ਕੀਤਾ ਗਿਆ ਅਤੇ ਉਸ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਤਨਖਾਹ ਲਾ ਦਿੱਤੀ ਗਈ। ਉਸ ਦਾ ਦੋਸ਼ ਇਹ ਦਸਿਆ ਗਿਆ ਕਿ ਉਸ ਨੇ ਆਪਣੀ ਪੁਸਤਕ ਵਿੱਚ ਕੁੱਝ ਨਿਰਣੇ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ ਹੈ। ਪਿਆਰ ਸਿੰਘ ਨੂੰ ਅੰਮ੍ਰਿਤਸਰ ਸਥਿਤ ਇੱਕ ਗੁਰਦਵਾਰੇ ਵਿੱਚ 40 ਦਿਨ ਵਾਸਤੇ ਹਰ ਦਿਨ ਝਾੜੂ ਲਾਉਣ ਅਤੇ ਸੰਗਤਾਂ ਦੇ ਜੋੜੇ ਸਾਫ ਕਰਨ ਦੀ ਸਜ਼ਾ ਲਾਈ ਗਈ ਜੋ ਉਸ ਨੇ ਪੂਰੀ ਸ਼ਰਧਾ ਅਤੇ ਸਿਦਕ ਨਾਲ ਨਿਭਾਈ। ਪ੍ਰੰਤੂ ਇਸ ਹੋਈ-ਬੀਤੀ ਦੇ ਸਦਮੇ ਦੇ ਅਸਰ ਹੇਠ ਪਿਆਰ ਸਿੰਘ ਨੂੰ ਦਿਲ ਦੀ ਗੰਭੀਰ ਬਿਮਾਰੀ ਹੋ ਗਈ। ਇਸ ਬਿਮਾਰੀ ਦਾ ਤਕਰੀਬਨ ਤਿੰਨ ਸਾਲ ਇਲਾਜ ਚਲਦਾ ਰਿਹਾ। ਇਸ ਦੌਰਾਨ ਬਹੁਤਾ ਅਰਸਾ ਉਹ ਹਸਪਤਾਲ ਦਾਖਲ ਰਿਹਾ ਅਤੇ ਆਖਰ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਸ ਦੇ ਜੀਂਦੇ ਸਮੇਂ ਜਾਂ ਉਸ ਦੇ ਜਾਣ ਤੋਂ ਮਗਰੋਂ ਕਿਸੇ ਨੇ ਵੀ ਉਸਦੇ ਹੱਕ ਵਿੱਚ ਹਾ ਦਾ ਨਾਹਰਾ ਨਾ ਮਾਰਿਆ। ਇਹ ਸਵਾਲ ਅਜ ਤਕ ਕਿਸੇ ਨੇ ਨਹੀਂ ਉਠਾਇਆ ਕਿ ਯੂਨੀਵਰਸਟੀ ਵਰਗੀ ਸੁਤੰਤਰ ਸੰਸਥਾ ਵਾਸਤੇ ਕਿਸੇ ਧਾਰਮਿਕ ਹੁਕਮਨਾਮੇ ਹੇਠ ਆਪਣੀ ਪ੍ਰਕਾਸ਼ਨਾਂ ਨੂੰ “ਜ਼ਬਤ” ਕਰਵਾ ਲੈਣਾ ਕਿੰਨਾਂ ਕੁ ਵਾਜਬ ਹੈ ਅਤੇ ਵਿਚਾਰ ਅਧੀਨ ਪੁਸਤਕ ਦੇ ਸਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਕਿਸ ਅਧਿਕਾਰੀ ਨੇ ਕਿਹੜੇ ਨਿਯਮਾਂ ਹੇਠ ਅਜਿਹਾ ਕੀਤਾ। ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਹਾਲੇ ਤਕ ਵੀ ਰਿਲੀਜ਼ ਨਹੀਂ ਹੋ ਸਕੀ ਅਤੇ ਇਸ ਪੁਸਤਕ ਦੀਆਂ ਤਿਆਰ ਹੋਈਆਂ ਪੰਜ ਸੌ ਕਾਪੀਆਂ ਦਾ ਸਬੰਧਤ ਯੂਨੀਵਰਸਟੀ ਨੇ ਕੀ ਕੀਤਾ ਇਸ ਦਾ ਕੁੱਝ ਅਤਾ-ਪਤਾ ਨਹੀਂ।
ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਛਾਪੇ ਜਾਣ ਦੀ ਸੋ ਮਿਲਦੇ ਹੀ ਆਲੋਚਕਾਂ ਨੇ ਚੁੰਝ-ਚਰਚਾ ਅਰੰਭ ਕਰ ਦਿੱਤੀ ਅਤੇ ਅਖਬਾਰਾਂ ਰਾਹੀਂ ਪਿਆਰ ਸਿੰਘ ਉਤੇ ਖੂਬ ਦੂਸ਼ਣਬਾਜ਼ੀ ਕੀਤੀ ਗਈ। (ਉਂਜ ਆਲੋਚਕਾਂ ਵਿਚੋਂ ਕਿਸੇ ਨੇ ਵੀ ਇਹ ਪੁਸਤਕ ਧਿਆਨ ਨਾਲ ਨਹੀਂ ਸੀ ਪੜ੍ਹੀ ਹੋਈ।) ਪਿਆਰ ਸਿੰਘ ਉਤੇ ਇੱਕ ਵੱਡਾ ਦੋਸ਼ ਇਹ ਮੜ੍ਹਿਆ ਗਿਆ ਕਿ ਉਸ ਨੇ ਗੁਰਬਾਣੀ ਦੇ ਮੂਲ-ਮੰਤਰ (ਜਪੁ ਦਾ? ਓ ਤੋਂ ਲੈ ਕੇ ਗੁਰਪ੍ਰਸਾਦਿ ਤਕ ਦਾ ਪਾਠ) ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਥਿਤੀ ਵਿੱਚ ਇਹ ਦੱਸਣਾ ਬਣਦਾ ਹੈ ਕਿ ਪਿਆਰ ਸਿੰਘ ਨੇ ਵਿਗਿਆਨਕ ਢੰਗ ਅਪਣਾਉਂਦੇ ਹੋਏ ਕਰਤਾਰਪੁਰੀ ਬੀੜ ਵਿੱਚ ਸ਼ਾਮਲ ਦੱਸੇ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਸਾਣੁ (ਹੱਥੀਂ ਲਿਖੇ ਮੂਲ-ਮੰਤਰ) ਦੀ ਲਿਖਤ ਦੇ ਸਰੂਪ ਵਜੋਂ ਇਸ ਨੂੰ (ਇਸ ਬੀੜ ਦੇ ਅੰਤ ਤੇ ਦਰਜ ਰਾਗਮਾਲਾ ਦੀਆਂ ਪੰਕਤੀਆਂ ਸਮੇਤ) ਚਿਤ੍ਰ 34- ਪਲੇਟ 37 ਵਿੱਚ ਦਰਸਾਇਆ ਹੈ ਤਾਂ ਕਿ ਇਸ ਦੀ ਲਿਖਾਈ ਦੇ ਪੈਟਰਨ ਦਾ ਮੁਕਾਬਲਾ ਆਦਿ ਗਰੰਥ ਲਿਖਣ ਦੇ ਸਮੇਂ (ਬਾਬਾ ਮੋਹਨ ਜੀ ਦੇ ਸਮੇਂ) ਦੀ ਚਿਤ੍ਰ 1 - ਪਲੇਟ 1 ਵਿੱਚ ਦਰਸਾਈ ਗਈ ਲਿਖਾਈ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਦੀ ਚਿਤ੍ਰ 35 - ਪਲੇਟ 38 ਵਿੱਚ ਦਰਸਾਈ ਗਈ ਲਿਖਾਈ ਦੇ ਪੈਟਰਨ ਨਾਲ ਕੀਤਾ ਜਾ ਸਕੇ। ਅਜਿਹਾ ਕਰਨ ਪਿੱਛੇ ਪਿਆਰ ਸਿੰਘ ਦਾ ਮਨਸ਼ਾ ਇਹ ਹੈ ਕਿ ਕਰਤਾਰਪੁਰ ਵਾਲੀ ਬੀੜ ਵਿੱਚ ਵਿਖਾਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਸਾਣੁ ਦੀ ਲਿਖਾਈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਵੀ ਬਾਦ ਦੇ ਸਮੇਂ ਤੇ ਜਾ ਪੈਂਦੀ ਹੈ। ਇਸ ਤਰ੍ਹਾਂ ਇਹ ਨਿਸਾਣੁ ਗੁਰੂ ਅਰਜਨ ਦੇਵ ਜੀ ਦੇ ਕਰ ਕਮਲਾਂ ਦਾ ਲਿਖਿਆ ਹੋਇਆ ਨਹੀਂ ਬਣਦਾ ਅਤੇ ਕਰਤਾਰਪੁਰੀ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖਵਾਈ ਹੋਈ ਸਾਬਤ ਨਹੀਂ ਹੁੰਦੀ ਕਿਉਂਕਿ ਅਸਲੀ ਆਦਿ ਗ੍ਰੰਥ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਿਸਾਣੁ ਮੌਜੂਦ ਸੀ। ਉਂਜ ਵੀ ਇਸ ਨਿਸਾਣੁ ਵਾਲਾ ਪੱਤਰਾ ਕਿਤੋਂ ਬਾਹਰੋਂ ਲੈ ਕੇ ਕਰਤਾਰਪੁਰੀ ਬੀੜ ਵਿੱਚ ਪੰਨਾਂ 45 ਉਤੇ ਚਮੋੜਿਆ ਹੋਇਆ ਹੈ ਜਦੋਂ ਕਿ ਤਤਕਰੇ ਵਿੱਚ ਇਸ ਦਾ ਪੰਨਾ 29 ਦਰਜ ਹੈ। ਹੁਣ ਜੇਕਰ ਨਿਸਾਣੁ ਅਸਲੀ ਵੀ ਹੈ ਤਾਂ ਬੀੜ ਅਸਲੀ ਨਹੀਂ ਬਣਦੀ ਕਿਉਂਕਿ ਇਸ ਸਥਿਤੀ ਵਿੱਚ ਨਿਸਾਣੁ ਦਾ ਪੱਤਰਾ ਬਾਹਰੋਂ ਲੈ ਕੇ ਚਮੋੜਨ ਦੀ ਲੋੜ ਨਹੀਂ ਸੀ ਪੈਣੀ ਅਤੇ ਜੇਕਰ ਨਿਸਾਣੁ ਹੀ ਨਕਲੀ ਹੈ (ਜਿਵੇਂ ਕਿ ਲਿਖਾਈ ਤੋਂ ਸਾਬਤ ਹੋ ਜਾਂਦਾ ਹੈ) ਤਾਂ ਵੀ ਬੀੜ ਅਸਲੀ ਨਹੀਂ ਰਹਿੰਦੀ। ਸਬੰਧਤ ਨਿਸਾਣੁ ਦੇ ਪੰਨੇ ਦਾ ਤਤਕਰੇ ਵਿੱਚ ਦਰਸਾਏ ਪੰਨੇ ਨਾਲੋਂ ਭਿੰਨ ਹੋਣਾ ਨੁਕਤੇ ਨੂੰ ਹੋਰ ਵੀ ਸਪਸ਼ਟ ਕਰ ਦਿੰਦਾ ਹੈ। ਕੁੱਝ ਅਜਿਹੀ ਹੀ ਸਥਿਤੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਿਸਾਣੁ ਬਾਰੇ ਹੈ। ਇਸ ਨਿਸਾਣੁ (ਭਾਵੇਂ ਇਹ ਨਕਲੀ ਹੈ ਜਾਂ ਅਸਲੀ) ਦਾ ਬੀੜ ਵਿੱਚ ਮੌਜੂਦ ਹੋਣਾ ਇਹ ਸਾਬਤ ਕਰਦਾ ਹੈ ਕਿ ਇਹ ਬੀੜ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਜਾਂ ਉਸ ਤੋਂ ਪਿੱਛੋਂ ਲਿਖੀ ਗਈ ਹੋਵੇਗੀ। ਇਸ ਤਰ੍ਹਾਂ ਕਰਤਾਰਪੁਰੀ ਬੀੜ ਭਾਈ ਗੁਰਦਾਸ ਵਾਲੀ ਅਸਲੀ ਬੀੜ ਨਹੀਂ ਰਹਿੰਦੀ। ਉਂਜ ਅਤਿ ਦੀ ਸਾਵਧਾਨੀ ਵਰਤਦਿਆਂ ਪਿਆਰ ਸਿੰਘ ਨੇ ਕਰਤਾਰਪੁਰੀ ਬੀੜ ਦੇ ਸੰਦਰਭ ਵਿੱਚ ਨਿਸਾਣੁ (ਭਾਵੇਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਵਾਲਾ ਹੈ ਜਾਂ ਸ੍ਰੀ ਗੁਰੂ ਹਰਗੋਬਿੰਦ ਜੀ ਵਾਲਾ) ਦੇ ਅਧਾਰ ਤੇ ਸਿੱਧੇ ਤੌਰ ਤੇ ਕੋਈ ਨਿਰਣਾ ਵੀ ਨਹੀਂ ਸੁਝਾਇਆ। ਪਰੰਤੂ ਉਸ ਉਤੇ ਥੋਪਿਆ ਗਿਆ “ਮੂਲ-ਮੰਤਰ ਬਦਲ” ਦੇਣ ਦਾ ਦੋਸ਼ ਨਿਰਾਧਾਰ ਸਾਬਤ ਹੁੰਦਾ ਹੈ। ਇਸ ਤਰ੍ਹਾਂ ਮੂਲ-ਮੰਤਰ ਦੇ ਸੁਆਲ ਤੇ ਪਿਆਰ ਸਿੰਘ ਨੂੰ ਖਾਹ-ਮੁਖਾਹ ਹੀ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਅਸਲ ਵਿੱਚ ੳਸ ਨੂੰ ਇਹ ਖਮਿਆਜਾ ਉਪਰੋਕਤ ਦੱਸੇ ਨਿਸਾਣਾਂ ਦੇ ਅਧਾਰ ਤੇ ਕਰਤਾਰਪੁਰੀ ਬੀੜ ਦੇ ਨਕਲੀ ਜ਼ਾਹਰ ਹੋਣ ਅਤੇ ਉਸ ਵੱਲੋਂ ਇਸ ਬੀੜ ਬਾਰੇ ਸੁਝਾਏ ਨਿਰਨਿਆਂ ਕਰਕੇ ਭੁਗਤਣਾ ਪਿਆ।
ਪਿਆਰ ਸਿੰਘ ਵਲੋਂ ਵਿਚਾਰ ਅਧੀਨ ਪੁਸਤਕ ਵਿੱਚ ਕਰਤਾਰਪੁਰੀ ਬੀੜ ਬਾਰੇ ਸੁਝਾਏ ਕੁੱਝ ਨਿਰਨੇ ਉਸ ਦੇ ਆਪਣੇ ਸ਼ਬਦਾਂ ਵਿੱਚ ਹੇਠ ਦਿੱਤੇ ਅਨੁਸਾਰ ਦਰਜ ਹਨ ( ‘ਗਾਥਾ ਸ੍ਰੀ ਆਦਿ ਗ੍ਰੰਥ’ 1992, ਪੰਨਾਂ 450 ਤੋਂ456) :
ਪ੍ਰਕਰਣ ਚੌਥਾ
8. ਕਰਤਾਰਪੁਰੀ ਬੀੜ ਬਾਰੇ ਨਿਰਣਾ
“ਕਰਤਾਰਪੁਰੀ ਬੀੜ …. . ਦੇ ਮਾਲਿਕ ਇਸ ਬੀੜ ਨੂੰ ਅਸਲੀ ਭਾਈ ਗੁਰਦਾਸ ਦੇ ਹੱਥੋਂ ਤਿਆਰ ਕਰਵਾਈ ਪੰਚਮ ਪਤਸ਼ਾਹ ਦੀ ਬੀੜ ਦਸਦੇ ਹਨ। ਇਹ ਦਾਅਵਾ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੈ।
… … … … … … … … … … … … … … … … … … … … … … … … … … … … … … … … … ….
… … … … … … … … … ਇਸ ਸੰਚੇ ਦਾ ਸੰਕਲਣ-ਕਰਤਾ ਆਪਣੇ ਤੋਂ ਪਹਿਲਾਂ ਹੋ ਚੁਕੇ ਮੁੱਢਲੇ ਸੰਗ੍ਰਹਾਂ ਤੋਂ ਸਾਮਗ੍ਰੀ ਲੈ ਕੇ ਇੱਕ ਨਵਾਂ ਸੰਚਾ ਤਿਆਰ ਕਰਨ ਦੇ ਆਹਰ ਵਿੱਚ ਹੈ। … … … … … … …. . ਆਪਣੇ ਸਮੇਂ ਤਕ ਹੋ ਚੁਕੇ ਹੋਰਨਾਂ ਸੰਗ੍ਰਹਾਂ ਤੋਂ ਵੀ ਉਹ ਲਾਭ ਉਠਾ ਰਹਿਆ ਦਿਸਦਾ ਹੈ ਤੇ ਇਸ ਯਤਨ ਵਿੱਚ ਉਸ ਕੁੱਝ ਬੱਜਰ ਭੁੱਲਾਂ ਵੀ ਕੀਤੀਆਂ ਹਨ।
… … … … … … … … … … … … … … … … … … … … … … … … … … … … … … … … … ….
… … ਪੰਚਮ ਤੇ ਛੇਵੇਂ ਪਾਤਸ਼ਾਹ ਦੇ ਕਥਿਤ ਨੀਸਾਣੁ ਵੀ ਪੈਦਾ ਕਰਕੇ ਗ੍ਰੰਥ ਵਿੱਚ ਲਾ ਲਏ ਗਏ। … … …
… … … … … … … … … … … … … … … … … … … … … … … … … … … … … … … … … ….
… … … … … …. ਭਾਈ ਗੁਰਦਾਸ ਦੇ ਕਥਿਤ ਲਿਖੇ ਤੇ ਕਰਤਾਰਪੁਰੀ ਸੋਢੀਆਂ ਪਾਸ ਸੁਰੱਖਿਅਤ ਗੁਟਕੇ ਦੀ ਲਿਖਤ ਕਰਤਾਰਪੁਰੀ ਬੀੜ ਨਾਲ ਮੇਲ ਨਹੀਂ ਖਾਂਦੀ।
… … … … … … … … … … … … … … … … … … … … … … … … … … … … … … … … … ….
… … … … … … … … ਇਹ ਬੀੜ ਕਦੋਂ ਤਿਆਰ ਹੋਈ? ਨਿਸ਼ਚੇ ਹੀ ਛੇਂਵੇਂ ਪਾਤਸ਼ਾਹ ਦੇ ਕਾਲ ਵਿਚ। ਅਸਲੀ ਆਦਿ ਬੀੜ ਵਿੱਚ … … … ਛੇਵੇਂ ਪਾਤਸ਼ਾਹ ਦਾ ਨੀਸਾਣ ਨਹੀਂ ਸੀ। … … … … …. ਇੱਕ ਹੋਰ ਗੱਲ ਜੋ ਇਸ ਨੂੰ ਬਾਅਦ ਦੀ ਰਚਨਾ ਗਰਦਾਨਣ ਤੇ ਮਜਬੂਰ ਕਰਦੀ ਹੈ, ਇਸ ਦੇ ਅੱਖਰਾਂ ਦੀ ਬਨਾਵਟ ਹੈ।
… … … … … … … … … … … … … … … … … … … … … … … … … … … … … … … … … ….
… … … …. ਇਹ ਸਭ ਤੱਥ ਇਸ ਬੀੜ ਨੂੰ ਕਦਾਚਿਤ ਮੁਢਲੇ ਕਾਲ ਦੀ ਰਚਨਾ ਨਹੀਂ ਰਹਿਣ ਦੇਂਦੇ। ਸੋ ਸਾਡਾ ਨਿਰਨਾ ਹੈ ਕਿ ਇਹ ਇੱਕ ਸੁਤੰਤਰ ਸੰਕਲਣ ਹੈ, ਜੋ ਬਾਅਦ ਵਿੱਚ ਆਦਿ ਬੀੜ ਦੇ ਸੱਚੇ ਵਿਚ, ਸੰਭਵ ਹਦ ਤਕ, ਢਾਲ ਲਇਆ ਗਇਆ।
… … … … … … … … … … … … … … … … … … … … … … … … … … … … … … … … … ….
… … … … … … ਭਾਈ ਗੁਰਦਾਸ ਵਾਲੀ ਬੀੜ ਵਿੱਚ ਰਾਗਮਾਲਾ ਤੇ ਫਾਲਤੂ ਬਾਣੀ ਮੌਜੂਦ ਸੀ? ਸਾਡਾ ਉਤਰ ਹੈ “ਨਹੀਂ”। … … … … … … … … …
… … … … … … … … … … … … … … … … … … … … … … … … … … … … … … … … … ….
9. ਭਾਈ ਗੁਰਦਾਸ ਵਾਲੀ ਅਸਲੀ ਆਦਿ ਬੀੜ
… … … … ਭਾਈ ਰਾਮ ਰਾਇ ਦਾ ਗ੍ਰੰਥ ਜੋ … … … ਆਦਿ ਗ੍ਰੰਥ ਦੇ ਸਰੂਪ ਦਾ ਧਾਰਨੀ ਹੋਣਾ ਚਾਹੀਦਾ ਹੈ … … … … ਭੱਟਾਂ ਦੇ ਸਵੈਯਾਂ ਤੇ ਸਮਾਪਤ ਹੁੰਦਾ ਸੀ। ਕੀ ਆਦਿ ਗ੍ਰੰਥ ਵੀ ਇੰਜ ਹੀ ਭੱਟਾਂ ਦੇ ਸਵੈਯਾਂ ਉਤੇ ਮੁਕਦਾ ਸੀ? ਹੋ ਸਕਦਾ ਹੈ, ਇੰਜ ਹੀ ਹੋਵੇ। … … … … ….
… … … … … … … … … … … … … … … … … … … … … … … … … … … … … … … … … ….
… … … … … … … … ਭਾਵੇਂ ਪੁਰਾਣੇ ਲਿਖਾਰੀ ‘ਸ੍ਰੀ ਕਰਤਾਰਪੁਰੀ ਬੀੜ’ ਨੂੰ ਆਦਿ ਬੀੜ ਵਜੋਂ ਮਾਨਤਾ ਦੇਂਦੇ ਤੇ ਵਰਤਦੇ ਆਏ ਹਨ, ਇਹ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣਿਕ ਰੂਪ ਤਿਆਰ ਕਰਨ ਲਈ ਆਦਰਸ਼ ਨਹੀਂ ਹੈ।
… … … … … … … … … … … … … … … … … … … … … … … … … … … … … … … … … ….
… … … … … … …. . ਪੰਚਮ ਪਾਤਸ਼ਾਹ ਦੀ ਤਿਆਰ ਕਰਵਾਈ ਅਸਲੀ ਬੀੜ ਹਾਲੀ ਸਾਡੀ ਪਹੁੰਚ ਵਿੱਚ ਆਈ ਨਹੀਂ ਕਹੀ ਜਾ ਸਕਦੀ ਹੈ”।
… … … … … … … … … … … … … … … … … … … … … … … … … … … … … … … … … ….
ਉਪਰੋਕਤ ਦੱਸੇ ਖੋਜ-ਕਾਰਜ ਨੂੰ ਨਿਭਾਉਣ ਵੇਲੇ ਪਿਆਰ ਸਿੰਘ ਨੇ ਪਹਿਲਾਂ ਸਾਰੀਆਂ ਮਹੱਤਵਪੂਰਨ ਪ੍ਰਚੀਨ ਹੱਥ-ਲਿਖਤ ਪੋਥੀਆਂ ਅਤੇ ਬੀੜਾਂ ਬਾਰੇ ਹੋ ਚੁੱਕੇ ਸਮੁੱਚੇ ਅਧਿਐਨ ਦਾ ਵਿਸਥਾਰ ਸਹਿਤ ਵੇਰਵਾ ਦਿੱਤਾ ਹੈ। ਕਿਉਂਕਿ ਕਰਤਾਰਪੁਰੀਆਂ ਨੇ ਪਿਆਰ ਸਿੰਘ ਨੂੰ ਕਰਤਾਰਪੁਰੀ ਬੀੜ ਨੂੰ ਇਸ ਯੂਨੀਵਰਸਟੀ ਪੱਧਰ ਤੇ ਕਰਵਾਏ ਜਾ ਰਹੇ ਖੋਜ-ਕਾਰਜ ਹਿਤ ਆਪਣੀਂ ਅੱਖੀਂ ਵੇਖਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਇਸ ਲਈ ਉਸ ਨੇ ਇਸ ਖੇਤਰ ਵਿੱਚ ਪਹਿਲਾਂ ਹੋ ਚੁੱਕੇ ਸਮੁੱਚੇ ਅਧਿਐਨ ਨੂੰ ਤਹਿ ਤਕ ਘੋਖਿਆ ਹੈ ਉਸ ਤੋਂ ਬਾਦ ਹੀ ੳਸ ਨੇ ਬੜਾ ਸੋਚ ਵਿਚਾਰ ਕੇ ਇਸ ਦੇ ਹਰ ਪਹਿਲੂ ਤੇ ਆਪਣੀਆਂ ਟਿੱਪਣੀਆਂ ਦਿੱਤੀਆਂ ਹਨ ਅਤੇ ਆਖਰ ਵਿੱਚ ਇਸ ਅਧਿਐਨ ਦੀ ਨਿਰਖ-ਪਰਖ ਰਾਹੀਂ ਪਰਾਪਤ ਤੱਥਾਂ ਦੇ ਅਧਾਰ ਤੇ ਹੀ ਉਸ ਨੇ ਆਪਣੇ ਨਿਰਨੇ ਕੱਢੇ ਹਨ। ਕਰਤਾਰਪੁਰੀ ਬੀੜ ਬਾਰੇ ਨਿਰਨੇ ਕੱਢਣ ਹਿਤ ਉਸ ਨੇ ਵਿਸ਼ੇਸ਼ ਤੌਰ ਤੇ ਹੇਠ ਲਿਖੇ ਵਿਦਵਾਨਾਂ ਦੇ ਖੋਜ-ਕਾਰਜ ਨੂੰ ਧਿਆਨ ਵਿੱਚ ਰਖਿਆ ਹੈ ਅਤੇ ਉਸ ਵਿਚੋਂ ਭਰਪੂਰ ਹਵਾਲੇ ਦਿੱਤੇ ਹਨ:
1. ਸ੍ਰੀ ਜੀ. ਬੀ. ਸਿੰਘ
2. ਭਾਈ ਕਾਹਨ ਸਿੰਘ ਨਾਭਾ
3. ਭਾਈ ਜੋਧ ਸਿੰਘ
4. ਗਿਆਨੀ ਈਸ਼ਰ ਸਿੰਘ ਅਤੇ ਭਾਈ ਨਰੈਣ ਸਿੰਘ (ਟੀਮ ਦੇ ਤੌਰ ਤੇ)
5. ਭਾਈ ਮੰਨਾ ਸਿੰਘ
6. ਸੰਤ ਗੁਰਬਚਨ ਸਿੰਘ ਖਾਲਸਾ (ਭਿੰਡਰਾਂਵਾਲੇ)
7. ਭਾਈ ਰਣਧੀਰ ਸਿੰਘ
8. ਸਵਾਮੀ ਹਰਨਾਮਦਾਸ ਉਦਾਸੀਨ

ਉਪਰੋਕਤ ਵਿਚੋਂ ਕੇਵਲ ਸ੍ਰੀ ਜੀ. ਬੀ. ਸਿੰਘ ਹੀ ਅਜਿਹਾ ਵਿਦਵਾਨ ਹੈ ਜਿਸ ਨੇ ਕਰਤਾਰਪੁਰੀ ਬੀੜ ਖੁਦ ਨਹੀਂ ਸੀ ਦਰਸੀ ਪਰਸੀ। ਭਾਈ ਜੋਧ ਸਿੰਘ ਨੂੰ ਛਡ ਕੇ ਉਪਰੋਕਤ ਵਿਚੋਂ ਸਾਰਿਆਂ ਨੇ ਇਹ ਸੁਝਾਇਆ ਹੈ ਕਿ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦਾ ਲਿਖਿਆ ਹੋਇਆ ਆਦਿ ਗ੍ਰੰਥ ਸਾਬਤ ਨਹੀਂ ਹੁੰਦਾ। ਉਹਨਾਂ ਸਭਨਾਂ ਨੇ ਆਪਣੀਆਂ ਦਲੀਲਾਂ ਦੇ ਹੱਕ ਵਿੱਚ ਬੀੜ ਵਿਚੋਂ ਲਏ ਨੋਟਸ ਵਿਚੋਂ ਹਵਾਲੇ ਦਿੱਤੇ ਹਨ ਜਿਹਨਾਂ ਨੂੰ ਅੱਗੇ ਪਿਆਰ ਸਿੰਘ ਨੇ ਆਪਣੇ ਨਿਰਣੇ ਕੱਢਣ ਲਈ ਅਧਾਰ ਬਣਾਇਆ ਹੈ। ਭਾਈ ਜੋਧ ਸਿੰਘ ਤਾਂ ਇਹ ਮਿੱਥਕੇ ਹੀ ਚਲਦਾ ਹੈ ਕਿ “ਕਰਤਾਰਪੁਰ ਦੇ ਸੋਢੀਆਂ ਪਾਸ ਸੁਰੱਖਿਅਤ ਆਦਿ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਭਾਈ ਗੁਰਦਾਸ ਪਾਸੋਂ ਲਿਖਵਾਈ ਅਸਲੀ ਅਤੇ ਮੁਢਲੀ ਬੀੜ ਹੈ” ( “ਗਾਥਾ ਸ੍ਰੀ ਆਦਿ ਗ੍ਰੰਥ”, ਪੰਨਾਂ 48)। ਉਹ ਜਾਣੇ-ਅਣਜਾਣੇ ਕਰਤਾਰਪੁਰੀ ਬੀੜ ਦਾ ਉਸ ਦੇ ਆਪਣੇ ਵੇਲੇ ਦੇ ਪ੍ਰੈਸ ਦੇ ਗ੍ਰੰਥ ਸਾਹਿਬ ਦੇ ਅਨੁਸਾਰੀ ਹੋਣ ਨੂੰ ਇਸਦੇ ਅਸਲੀ ਆਦਿ ਗ੍ਰੰਥ ਹੋਣ ਦਾ ਸਬੂਤ ਮੰਨਦਾ ਹੈ ਜਦ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਜੋਧ ਸਿੰਘ ਦੇ ਲਿਖਣ ਸਮੇਂ ਤਕ ਕਰਤਾਰਪੁਰੀ ਬੀੜ ਨਾਲ ਮੇਲ ਕੇ ਛਾਪਿਆ ਜਾ ਚੁਕਾ ਸੀ” ( “ਗਾਥਾ ਸ੍ਰੀ ਆਦਿ ਗ੍ਰੰਥ “, ਪੰਨਾਂ 185)। ਆਪਣੇ ਪਹਿਲਾਂ ਮਿੱਥੇ ਟੀਚੇ ਨੂੰ ਪੂਰਾ ਕਰਨ ਹਿਤ ਭਾਈ ਜੋਧ ਸਿੰਘ ਕਰਤਾਰਪੁਰੀ ਬੀੜ ਦੀਆਂ ਸਾਰੀਆਂ ਘਾਟਾਂ, ਤਰੁੱਟੀਆਂ, ਉਕਾਈਆਂ, ਭੁੱਲਾਂ, ਗਲਤੀਆਂ, ਅਸ਼ੁਧੀਆਂ ਅਤੇ ਖਿੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਲੋਚਦਾ ਹੈ, ਜਿਹਨਾਂ ਦੀ ਗਿਣਤੀ ਇਕ-ਦੋ ਜਾਂ ਸੌ-ਪੰਜਾਹ ਨਹੀਂ ਸਗੋਂ ਹਜ਼ਾਰਾਂ ਤੇ ਜਾ ਪਹੁੰਚਦੀ ਹੈ। ਇਸ ਸਬੰਧੀ ਵਿਸਥਾਰ ਲਈ “ਗਾਥਾ ਸ੍ਰੀ ਆਦਿ ਗ੍ਰੰਥ” ਦੇ ਪ੍ਰਕਰਣ ਤੀਜਾ ਦਾ ਕਰਤਾਰਪੁਰੀ ਬੀੜ ਵਾਲਾ ਭਾਗ (ਪੰਨਾਂ 174 - 209) ਵੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਕਰਤਾਰਪੁਰੀ ਬੀੜ ਬਾਰੇ ਭਾਈ ਜੋਧ ਸਿੰਘ ਦੀ ਭੂਮਿਕਾ ਸ਼ੱਕੀ ਹੀ ਨਹੀਂ ਸਗੋਂ ਨਾਂਹਪੱਖੀ ਬਣ ਜਾਂਦੀ ਹੈ। ਇਸ ਪੱਖੋਂ ਵਾਚਦਿਆਂ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਲਗਦੀ ਕਿ ਜਿਸ ਕਮੇਟੀ ਵਿੱਚ ਭਾਈ ਜੋਧ ਸਿੰਘ ਮੈਂਬਰ ਵਜੋਂ ਸ਼ਾਮਲ ਸੀ ਉਸੇ ਕਮੇਟੀ ਦੀ ਸਿਫਾਰਸ਼ ਤੇ ਹੀ ਸ਼੍ਰੋਮਣੀ ਕਮੇਟੀ ਨੇ ਗ੍ਰੰਥ ਸਾਹਿਬ ਦੀ ਬੀੜ ਵਿੱਚ ਰਾਗਮਾਲਾ ਫਿਰ ਤੋਂ ਸ਼ਾਮਲ ਕਰਵਾਈ ਸੀ।
ਪੁਸਤਕ “ਗਾਥਾ ਸ੍ਰੀ ਆਦਿ ਗ੍ਰੰਥ” ਰਾਹੀਂ ਉਪਰੋਕਤ ਨਿਰਨਿਆਂ ਨੂੰ ਜੱਗ ਜਾਹਰ ਕਰਨਾ ਬਹੁਤ ਦਲੇਰਾਨਾ ਕਦਮ ਸੀ ਭਾਵੇਂ ਕਿ ਪਿਆਰ ਸਿੰਘ ਨੇ ਬੜੀ ਨਿਮਰਤਾ ਅਤੇ ਸੰਜਮ ਵਿੱਚ ਰਹਿੰਦੇ ਹੋਏ ਬੜੀ ਹੀ ਸੰਕੁਚਵੀਂ ਭਾਸ਼ਾ ਰਾਹੀਂ ਇਹ ਮਹੱਤਵਪੂਰਨ ਤੱਥ ਸਾਹਮਣੇ ਲਿਆਂਦੇ। ਪਰੰਤੂ ਉਸ ਨੇ ਹਰ ਗੱਲ ਬੜੀ ਹੀ ਦੱਬਵੀਂ ਸੁਰ ਵਿੱਚ ਅਤੇ ਲਪੇਟਵੇਂ ਢੰਗ ਨਾਲ ਕੀਤੀ ਅਤੇ ਆਪਣੇ ਨਿਰਣੇ ਸੂਚੀ-ਬੱਧ ਵੀ ਨਾਂ ਕੀਤੇ। ਸਪਸ਼ਟ ਹੈ ਕਿ ੳਸ ਨੇ ਆਪਣਾ ਕੰਮ ਦਹਿਸ਼ਤ ਦੇ ਪਰਛਾਵੇਂ ਹੇਠ ਰਹਿ ਕੇ ਹੀ ਕੀਤਾ ਭਾਵੇਂ ਕਿ ਬਾਦ ਵਿੱਚ ਉਹ ਸਬੰਧਿਤ ਕਰਤਾਰਪੁਰੀ ਪਰਿਵਾਰ ਅਤੇ ਕਰਤਾਰਪੁਰੀ ਬੀੜ ਦੇ ਪੈਰੋਕਾਰਾਂ ਦੀ ਲੌਬੀ ਦੇ ਗੁੱਸੇ ਦਾ ਸ਼ਿਕਾਰ ਵੀ ਬਣ ਗਿਆ।
ਜਦੋਂ ਕਿ ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਹਾਂ ਕਿ ਸਿੱਖ ਧਰਮ ਇੱਕ ਨਵੀਨ ਧਰਮ ਹੈ, ਇੱਕੀਵੀਂ ਸਦੀ ਵਿੱਚ ਸਿਖ ਜਗਤ ਵਲੋਂ ਮਹੱਤਵਪੂਰਨ ਕਦਮ ਇਹ ਪੁਟਿਆ ਜਾਣਾ ਚਾਹੀਦਾ ਹੈ ਕਿ ਪਿਆਰ ਸਿੰਘ ਦੀ ਲਿੱਖੀ ਪੁਸਤਕ “ਗਾਥਾ ਸ੍ਰੀ ਆਦਿ ਗ੍ਰੰਥ” ਨੂੰ ਜਨਤਕ ਕਰਵਾਇਆ ਜਾਵੇ, ਇਸ ਦੇ ਸਰਕੂਲੇਸ਼ਨ ਤੇ ਲਗੀ ਪਾਬੰਦੀ ਹਟਾਈ ਜਾਵੇ, ਇਹ ਪੁਸਤਕ ਆਮ ਪਾਠਕਾਂ ਅਤੇ ਵਿਦਵਾਨਾਂ ਤਕ ਪਹੁੰਚਦੀ ਕੀਤੀ ਜਾਵੇ, ਇਸ ਤੇ ਦੇਸ਼-ਵਿਦੇਸ਼ ਵਿੱਚ ਖੁਲੀਆਂ ਵਿਚਾਰਾਂ ਹੋਣ ਅਤੇ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਦ ਨਿਕਲੇ ਠੋਸ ਨਤੀਜਿਆਂ ਰਾਹੀਂ ਸਿੱਖ ਭਾਈਚਾਰੇ ਨੂੰ ਅਸਲ ਸਥਿਤੀ ਤੋਂ ਜਾਣੂ ਕਰਵਾੳਂਦੇ ਹੋਏ ਠੀਕ ਸੇਧ ਪਰਦਾਨ ਕੀਤੀ ਜਾਵੇ।
ਉਂਜ ਗੁਰਮੁਖ ਸਿੰਘ, ਦਿੱਤ ਸਿੰਘ, ਪਿਆਰ ਸਿੰਘ ਅਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਵਰਗੇ ਵਿਦਵਾਨਾਂ ਨੂੰ ਸਿੱਖਾਂ ਦੇ ਪੁਜਾਰੀ ਵਰਗ ਅਤੇ ਨਕਲੀ ਵਿਦਵਾਨਾਂ ਵੱਲੋਂ ਮਿਲੇ ਵਤੀਰੇ ਤੋਂ ਬਾਦ ਕੋਈ ਅਦਾਰਾ ਜਾਂ ਵਿਅਕਤੀ ਛੇਤੀ ਕੀਤੇ ਸਿੱਖ ਧਰਮ ਨਾਲ ਸਬੰਧਤ ਕਿਸੇ ਪਹਿਲੂ ਨੂੰ ਵਿਸ਼ਾ ਬਣਾਉਂਦੇ ਹੋਏ ਕੋਈ ਖੋਜ-ਕਾਰਜ ਹੱਥ ਵਿੱਚ ਲੈਣ ਦਾ ਅਤੇ ਹੋ ਚੁੱਕੇ ਖੋਜ-ਕਾਰਜ ਨੂੰ ਪ੍ਰਕਾਸ਼ਿਤ ਕਰਨ ਦਾ ਹੌਂਸਲਾ ਨਹੀਂ ਕਰ ਸਕੇਗਾ। ਸਿੱਖ ਧਰਮ ਬਾਰੇ ਮੌਲਿਕ ਖੋਜ ਵਿੱਚ ਪੂਰੀ ਤਰਾਂ ਖੜੋਤ ਆ ਚੁੱਕੀ ਹੈ। ਸਿੱਖ ਧਰਮ ਜਾਂ ਸਿੱਖ ਗੁਰੂਆਂ ਦੇ ਨਾਮ ਤੇ ਐਵੇਂ ਯੂਨੀਵਰਸਟੀਆਂ, ਸਿੱਖ ਧਰਮ ਖੋਜ-ਕੇਂਦਰ, ਸਿੱਖ ਅਧਿਐਨ ਵਿਭਾਗ ਜਾਂ ਮਿਸ਼ਨਰੀ ਕਾਲਜ ਸਥਾਪਤ ਕਰੀ ਜਾਣ ਦਾ ਕੀ ਲਾਭ ਹੈ ਜੇਕਰ ਇਸ ਖੜੋਤ ਨੂੰ ਤੋੜਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ। ਸੁਹਿਰਦ ਵਿਦਵਾਨਾਂ ਵੱਲੋਂ ਮਿਲ ਕੇ ਇਸ ਪਾਸੇ ਹੰਭਲਾ ਮਾਰੇ ਜਾਣ ਦੀ ਲੋੜ ਹੈ।
--- 0 ---
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ
.