.

ਕਾਮਧੇਨ

ਗੁਰਬਾਣੀ ਵਿੱਚ ਅਨ ਮਤ ਦੀ ਜਿਸ ਸ਼ਬਦਾਵਲੀ ਵਿੱਚ ਨਵੀਂ ਰੂਹ ਫੂਕ ਕੇ ਵਰਤਿਆ ਗਿਆ ਹੈ, ਉਸ ਵਿੱਚ ‘ਕਾਮਧੇਨ’ ਸ਼ਬਦ ਵੀ ਇੱਕ ਹੈ। ਇਸ ਸ਼ਬਦ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਚਲਤ ਭਾਵਾਰਥ ਵਿੱਚ ਨਹੀਂ ਵਰਤਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ‘ਕਾਮਧੇਨ’ ਸ਼ਬਦ ਦੇ ਭਾਵਾਰਥ ਦੀ ਚਰਚਾ ਕਰਨ ਤੋਂ ਪਹਿਲਾਂ, ਸੰਖੇਪ ਵਿੱਚ ‘ਕਾਮਧੇਨ’ ਸਬੰਧੀ ਜੋ ਧਾਰਨਾ ਪ੍ਰਚਲਤ ਹੈ, ਉਸ ਦੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ।
ਹਿੰਦੀ ਵਿਸ਼ਵਕੋਸ਼ (ਨਾਗਰੀ ਪ੍ਰਚਾਰਣੀ ਸਭਾ ਵਾਰਾਨਸੀ) ਵਿੱਚ ਕਾਮਧੇਨ ਬਾਰੇ ਲਿਖਿਆ ਹੈ, “ਇਕ ਗਾਂ, ਜਿਸ ਨੂੰ ਪ੍ਰਾਚੋਤਸੑ/ਪ੍ਰਚੇਤਾ ਦਖ ਪ੍ਰਜਾਪਤੀ ਅਤੇ ਅਸ਼ਵਨੀ ਦੀ ਪੁੱਤ੍ਰੀ ਮੰਨਿਆ ਜਾਂਦਾ ਹੈ। ਮਹਾਭਾਰਤ (ਆਦਿ ਪਰਵ, 18. 37, ਗੀਤਾ ਪਰੈਸ) ਵਿੱਚ ਵਰਣਨ ਹੈ ਕਿ ਸਮੁੰਦ੍ਰ ਰਿੜਕਨ ਸਮੇਂ ਪ੍ਰਾਪਤ 14 ਰਤਨਾਂ ਵਿੱਚ ਕਾਮਧੇਨ (ਸੁਰਭੀ) ਵੀ ਸੀ। ਇਸੇ ਗ੍ਰੰਥ ਵਿੱਚ ਹੋਰ ਥਾਂ (ਅਨੁਸ਼ਾਸਨ ਪਰਵ, 77, 17) ਪ੍ਰਜਾਪਤੀ ਦੇ ਸੁਰਭੀ-ਗੰਧ-ਸਹਿਤ ਸੁਆਸ ਨਾਲ ਸੁਰਭੀ (ਕਾਮਧੇਨ) ਦੀ ਉਤਪੱਤੀ ਦਾ ਵਰਣਨ ਮਿਲਦਾ ਹੈ। ਕਾਮਧੇਨ ਜਦ ਵਡੀ ਹੋਈ ਤਾਂ ਇਸ ਦੇ ਥਨਾਂ `ਚੋਂ ਧਰਤੀ `ਤੇ ਦੁਧ ਟਪਕਣ ਲਗਾ, ਜਿਸ ਨਾਲ ਖੀਰ ਸਾਗਰ ਦੀ ਉਤਪੱਤੀ ਹੋਈ। ਕਾਮਧੇਨ ਦਾ ਨਿਵਾਸ ਗੋਲੋਕ ਵਿੱਚ ਮੰਨਿਆ ਜਾਂਦਾ ਹੈ। ਗੋਲੋਕ ਸੁਰਗ ਨਾਲੋਂ ਵੀ ਸ੍ਰੇਸ਼ਟ ਹੈ। ਬ੍ਰਹਮਾਂ ਦੀ ਉਪਾਸ਼ਨਾ ਕਰ ਕੇ ਕਾਮਧੇਨ ਨੇ ਅਮਰਪਦ ਪ੍ਰਾਪਤ ਕੀਤਾ ਸੀ। ਕਸ਼ਯਪ ਰਿਸ਼ੀ ਤੋਂ ਇਸ ਨੂੰ ਨੰਦਨੀ ਨਾਮਕ ਕੰਨਯਾ ਹੋਈ ਸੀ ਜੋ ਬਾਅਦ ਵਿੱਚ ਵਸ਼ਿਸਟ ਰਿਸ਼ੀ ਦੀ ਹੋਮਧੇਨ ਬਣੀ। ਸੰਸਾਰ ਦੀਆਂ ਸਾਰੀਆਂ ਗਊਆਂ ਅਤੇ ਬੈਲ ਜਨਨੀ ਕਾਮਧੇਨ ਨੂੰ ਹੀ ਮੰਨਿਆ ਜਾਂਦਾ ਹੈ. . ਕਾਮਧੇਨ ਦੀ ਚਾਰ ਪੁਤ੍ਰੀਆਂ ਚਾਰ ਦਿਸ਼ਾਵਾਂ ਦੀਆਂ ਪ੍ਰਤਿਪਾਲਕ ਮੰਨੀਆਂ ਜਾਂਦੀਆਂ ਹਨ. . ।”
ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿਖਦੇ ਹਨ, “ਪੁਰਾਣਾਂ ਅਨੁਸਾਰ ਸੁਰਗ ਦੀ ਇੱਕ ਗਊ, ਜੋ ਸਮੁੰਦਰ ਰੜਕਣ ਸਮੇਂ ਨਿਕਲੀ ਹੈ। ਇਹ ਮਨਚਿੰਦਵੇ ਪਦਾਰਥ ਦੇਣ ਕਰਕੇ ਕਾਮਧੇਨ ਸਦਾਉਂਦੀ ਹੈ. . ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਦਖ ਦੀ ਕੰਨਯਾ ਸੁਰਭਿ ਦੇ ਉਦਰ ਤੋਂ ਕਸ਼ਯਪ ਦੀ ਬੇਟੀ ਰੋਹਿਣੀ ਜਨਮੀ। ਰੋਹਿਣੀ ਦੇ ਗਰਭ ਤੋਂ ਸੁਰਸੇਨ ਵਸੁ ਦੇ ਵੀਰਯ ਕਰਕੇ ਕਾਮਧੇਨ ਦਾ ਜਨਮ ਹੋਇਆ। ਇੱਕ ਵਿਸ਼ਈ ਵੇਤਾਲ ਕਾਮਧੇਨ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰਕੇ ਉਸ ਨੇ ਕਾਮਧੇਨ ਨਾਲ ਭੋਗ ਕੀਤਾ, ਜਿਸ ਤੋਂ ਇੱਕ ਵਡੇ ਕੱਦ ਦਾ ਬੈਲ ਜਨਮਿਆ ਜੋ ਸ਼ਿਵ ਦਾ ਵਾਹਨ ਹੋਇਆ।
2, ਕਪਿਲਾ ਨਾਮਕ ਕਾਮਧੇਨ ਇੱਕ ਗਊ, ਜੋ ਮਨਚਿਤਵੇ ਪਦਾਰਥ ਦਿੰਦੀ ਸੀ, ਇਹ ਗਾਂ ਵਿਸ਼ਨੁ ਨੇ ਬ੍ਰਹਮਾ ਨੂੰ ਦਿੱਤੀ ਸੀ, ਉਸ ਤੋਂ ਭ੍ਰਿਗੁ ਨੂੰ ਅਤੇ ਉਸ ਪਾਸੋਂ ਜਮਦਗਿਨ ਰਿਖੀ ਨੂੰ ਪ੍ਰਾਪਤ ਹੋਈ। ਜਦ ਕਾਰਤਵ੍ਰੀਯ ਨੇ ਜਮਦਗਿਨ ਮਾਰ ਦਿੱਤਾ, ਤਦ ਇਹ ਬ੍ਰਹਮ ਲੋਕ ਨੂੰ ਚਲੀ ਗਈ। (ਮਹਾਨ ਕੋਸ਼)
ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਕਾਮਧੇਨ’ ਸਬੰਧੀ ਪ੍ਰਚਲਤ ਧਾਰਨਾ ਨੂੰ ਕਿਸੇ ਵੀ ਰੂਪ ਵਿੱਚ ਪਰਵਾਣ ਨਹੀਂ ਕੀਤਾ ਗਿਆ ਹੈ। ਗੁਰਬਾਣੀ ਵਿੱਚ ‘ਕਾਮਧੇਨ’ ਸ਼ਬਦ ਦੇ ਨਵੀਨ ਅਤੇ ਨਵੇਕਲੇ ਅਰਥ ਨਿਮਨ ਲਿਖਤ ਪੰਗਤੀਆਂ ਵਿੱਚ ਦੇਖੇ ਜਾ ਸਕਦੇ ਹਨ:-
(ੳ) ਕਾਮਧੇਨ ਹਰਿ ਹਰਿ ਗੁਣ ਗਾਮ॥ (ਪੰਨਾ 265) ਅਰਥ: ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) “ਕਾਮਧੇਨ” ਹੈ।
(ਅ) ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ॥ ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ॥ 2॥ (ਪੰਨਾ 717) ਅਰਥ: ਹੇ ਮਾਂ! ਚਾਰ ਪਦਾਰਥ (ਦੇਣ ਵਾਲਾ), ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ। ਹੇ ਨਾਨਕ! (ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ।
ਮਨੁੱਖ ਨੂੰ ‘ਕਾਮਧੇਨ’ ਦੀ ਪ੍ਰਚਲਤ ਧਾਰਨਾ ਤੋਂ ਉਪਰ ਉਠਾ ਕੇ ਗੁਰ ਸ਼ਬਦ ਅਥਵਾ ਅਕਾਲ ਪੁਰਖ ਦਾ ਲੜ ਲਗਣ ਦੀ ਪ੍ਰੇਰਨਾ ਦੇਂਦਿਆਂ ਇਉਂ ਕਿਹਾ ਹੈ:-
(ੳ) ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ॥ 1॥ (ਪੰਨਾ 669) ਅਰਥ: ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ। (ਨੋਟ: ਗੁਰਦੇਵ ਕਾਮਧੇਨ ਸਬੰਧੀ ਪ੍ਰਚਲਤ ਹਰੇਕ ਧਾਰਨਾਵਾਂ ਨੂੰ ਨਕਾਰ ਰਹੇ ਹਨ।
(ਅ) ਪਾਰਜਾਤੁ ਲੋੜਹਿ ਮਨ ਪਿਆਰੇ॥ ਕਾਮਧੇਨੁ ਸੋਹੀ ਦਰਬਾਰੇ॥ ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ॥ (ਪੰਨਾ 1078) ਅਰਥ: ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ, ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ, ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ।
ਜੇਕਰ ‘ਕਾਮਧੇਨ’ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਕਿਹਾ ਗਿਆ ਹੈ ਕਿ, “ਗਾਡਰ ਲੇ ਕਾਮਧੇਨੁ ਕਰਿ ਪੂਜੀ” ਤਾਂ ਇਸ ਪੰਗਤੀ ਵਿੱਚ ਵੀ ‘ਕਾਮਧੇਨ’ ਸ਼ਬਦ ਨੂੰ ਪ੍ਰਚਲਤ ਧਾਰਨਾ ਦੀ ਸਵੀਕ੍ਰਿਤ ਦੇ ਰੂਪ ਵਿੱਚ ਨਹੀਂ ਵਰਤਿਆ ਹੈ। ਜਿਸ ਸ਼ਬਦ ਦੀ ਇਹ ਪੰਗਤੀ ਹੈ, ਉਸ ਸਾਰੇ ਸ਼ਬਦ ਨੂੰ ਵਿਚਾਰਨ ਨਾਲ ਸਹਿਜੇ ਹੀ ਇਸ (ਕਾਮਧੇਨ) ਸ਼ਬਦ ਦੀ ਵਰਤੋਂ ਦੇ ਮਨੋਰਥ ਨੂੰ ਸਮਝ ਸਕੀਦਾ ਹੈ।
ਇਸ ਸ਼ਬਦ ਇਸ ਤਰ੍ਹਾਂ ਹੈ:-ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ॥ ਓਹੁ ਬਿਖਈ ਓਸੁ ਰਾਮ ਕੋ ਰੰਗੁ॥ 1॥ ਰਹਾਉ॥ ਅਰਥ: (ਹੇ ਭਾਈ!) ਪਰਮਾਤਮਾ ਦੇ ਭਗਤ ਨਾਲ ਮਾਇਆ-ਵੇੜ੍ਹੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ (ਕਿਉਂਕਿ) ਉਹ ਸਾਕਤ ਵਿਸ਼ਿਆਂ ਦਾ ਪਿਆਰਾ ਹੁੰਦਾ ਹੈ ਤੇ ਉਸ ਭਗਤ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਿਆ ਹੁੰਦਾ ਹੈ। 1. ਰਹਾਉ।
ਮਨ ਅਸਵਾਰ ਜੈਸੇ ਤੁਰੀ ਸੀਗਾਰੀ॥ ਜਿਉ ਕਾਪੁਰਖੁ ਪੁਚਾਰੈ ਨਾਰੀ॥ 1॥ ਬੈਲ ਕਉ ਨੇਤ੍ਰਾ ਪਾਇ ਦੁਹਾਵੈ॥ ਗਊ ਚਰਿ ਸਿੰਘ ਪਾਛੈ ਪਾਵੈ॥ 2॥ ਗਾਡਰ ਲੇ ਕਾਮਧੇਨੁ ਕਰਿ ਪੂਜੀ॥ ਸਉਦੇ ਕਉ ਧਾਵੈ ਬਿਨੁ ਪੂੰਜੀ॥ 3॥ ਨਾਨਕ ਰਾਮ ਨਾਮੁ ਜਪਿ ਚੀਤ॥ ਸਿਮਰਿ ਸੁਆਮੀ ਹਰਿ ਸਾ ਮੀਤ॥ 4॥ (ਪੰਨਾ 198)
ਅਰਥ: (ਹਰੀ ਦੇ ਦਾਸ ਅਤੇ ਸਾਕਤ ਦਾ ਸੰਗ ਇਉਂ ਹੀ ਹੈ) ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇੱਕ ਸਜਾਈ ਹੋਈ ਘੋੜੀ ਹੋਵੇ, ਜਿਵੇਂ ਕੋਈ ਖੁਸਰਾ ਇਸਤ੍ਰੀ ਨੂੰ ਪਿਆਰ ਕਰਦਾ ਹੋਵੇ। 1.
(ਹੇ ਭਾਈ!) ਹਰੀ ਦੇ ਦਾਸ ਅਤੇ ਸਾਕਤ ਦਾ ਮੇਲ ਇਉਂ ਹੀ ਹੈ, ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚੋਣ ਲੱਗ ਪਏ, ਜਿਵੇਂ ਕੋਈ ਮਨੁੱਖ ਗਾਂ ਉਤੇ ਚੜ੍ਹ ਕੇ ਉਸ ਨੂੰ ਸ਼ੇਰ ਦੇ ਪਿੱਛੇ ਦੁੜਾਣ ਲੱਗ ਪਏ। 2.
ਹੇ ਭਾਈ!) ਹਰੀ ਦੇ ਭਗਤ ਤੇ ਸਾਕਤ ਦਾ ਜੋੜ ਇਉਂ ਹੈ, ਜਿਵੇਂ ਕੋਈ ਮਨੁੱਖ ਭੇਡ ਲੈ ਕੇ ਉਸ ਨੂੰ ਕਾਮਧੇਨ ਮਿਥ ਕੇ ਪੂਜਣ ਲੱਗ ਪਏ, ਜਿਵੇਂ ਕੋਈ ਮਨੁੱਖ ਸਰਮਾਏ ਤੋਂ ਬਿਨਾ ਹੀ ਸੌਦਾ ਖ਼ਰੀਦਣ ਉੱਠ ਦੌੜੇ। 3.
ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿੱਚ ਟਿਕ ਕੇ) ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿੱਚ ਸਿਮਰ, ਪਰਮਾਤਮਾ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰ। 4.
ਗੁਰਦੇਵ ਇਸ ਸ਼ਬਦ ਵਿੱਚ ‘ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥’ (ਪੰਨਾ 145) ਵਾਲਾ ਭਾਵ ਦ੍ਰਿੜ ਕਰਵਾ ਰਹੇ ਹਨ। ਵਿਕਾਰਾਂ ਵਿੱਚ ਪਰਵਿਰਤ ਹੋਏ ਪ੍ਰਾਣੀ ਅਤੇ ਗੁਰਮੁਖ ਦਾ ਆਪਸ ਵਿੱਚ ਤਾਲ ਮੇਲ ਨਹੀਂ ਹੋ ਸਕਦਾ। ਚੂੰਕਿ ਦੋਹਾਂ ਦਾ ਜੀਵਨ ਦੀਆਂ ਕਦਰਾਂ–ਕੀਮਤਾਂ ਪ੍ਰਤੀ ਦ੍ਰਿਸ਼ਟੀਕੋਣ ਭਿੰਨ ਹੈ। ਇਹ ਗੱਲ ਸਮਝਾਉਂਣ ਲਈ ਕਿ ਗੁਰਮੁਖਾਂ ਦੀ ਸੰਗਤ `ਚੋਂ ਹੀ ਲਾਹਾ ਖੱਟ ਸਕੀਦਾ ਹੈ, ਸਾਕਤਾਂ ਦੀ ਸੰਗਤ `ਚ ਨਹੀਂ; ਕਾਮਧੇਨ ਅਤੇ ਭੇਡ ਦੀ ਉਦਾਹਰਣ ਦੇਂਦੇ ਹਨ।
ਗੁਰਬਾਣੀ ਦੀ ਨਿਮਨ ਲਿਖਤ ਪੰਗਤੀ ਵਿੱਚ ਵੀ ‘ਕਾਮਧੇਨ’ ਸਬੰਧੀ ਪ੍ਰਚਲਤ ਧਾਰਨਾ ਨੂੰ ਹੀ ਨਕਾਰਿਆ ਹੈ:-
ਅਨਿਕ ਬਸੁਧਾ ਅਨਿਕ ਕਾਮਧੇਨ॥ (ਪੰਨਾ 1236) ਅਰਥ: (ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਅਸਚਰਜ ਹੈ, ਉਸ ਦੀਆਂ ਪੈਦਾ ਕੀਤੀਆਂ) ਅਨੇਕਾਂ ਧਰਤੀਆਂ ਅਤੇ ਅਨੇਕਾਂ ਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਸੁਰਗ ਦੀਆਂ ਗਾਂਈਆਂ ਹਨ।
ਜਿਸ ਸ਼ਬਦ ਦੀ ਇਹ ਪੰਗਤੀ ਹੈ, ਉਸ ਦੀ ਰਹਾਉ ਦੀ ਪੰਗਤੀ ਹੈ:- ਅਗਮ ਅਗਾਧਿ ਸੁਨਹੁ ਜਨ ਕਥਾ॥ ਪਾਰਬ੍ਰਹਮ ਕੀ ਅਚਰਜ ਸਭਾ॥ 1॥ ਰਹਾਉ॥ ਅਰਥ: ਹੇ ਸੰਤ ਜਨੋ! ਅਪਹੁੰਚ ਅਤੇ ਅਥਾਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰੋ। ਉਸ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ। 1. ਰਹਾਉ।
ਇਸ ਸਾਰੇ ਸ਼ਬਦ ਨੂੰ ਵਿਚਾਰਿਆਂ ਗੁਰਬਾਣੀ ਦੇ ਸੱਚ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਸੋ, ਗੱਲ ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਕਾਮਧੇਨ’ ਸਬੰਧੀ ਪ੍ਰਚਲਤ ਪੂਰਵ ਧਾਰਨਾ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ। ਇਸ ਸ਼ਬਦ ਨੂੰ ਗੁਰਮਤਿ ਦੀ ਵਿਚਾਰਧਾਰਾ ਦੀ ਰੰਗਤ ਵਿੱਚ ਰੰਗ ਕੇ, ਨਵੀਨਤਾ ਪ੍ਰਦਾਨ ਕੀਤੀ ਹੈ। ਜਿੱਥੇ ਇਸ ਸ਼ਬਦ ਨੂੰ ਕੇਵਲ ਹਵਾਲੇ ਦੇ ਤੌਰ `ਤੇ ਹੀ ਵਰਤਿਆ ਗਿਆ ਹੈ, ਉੱਥੇ ਵੀ ਪ੍ਰਚਲਤ ਧਾਰਨਾ ਨਾਲ ਅਸਹਿਤਮੀ ਪ੍ਰਗਟ ਕਰਦਿਆਂ ਹੋਇਆਂ ਪ੍ਰਭੂ ਦਾ ਲੜ੍ਹ ਫੜਨ ਦੀ ਹੀ ਪ੍ਰੇਰਨਾ ਕੀਤੀ ਗਈ ਹੈ। ਇਸ ਲਈ ‘ਕਾਮਧੇਨ’ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਧਾਰਨਾ ਨਹੀਂ ਹੈ ਕਿ ਇਹ ਮਨੁੱਖ ਦੀਆਂ ਇਛਾਵਾਂ ਨੂੰ ਪੂਰੀਆਂ ਕਰਨ ਦੇ ਸਮਰੱਥ ਹੈ ਜਾਂ ਇਸ ਦੀ ਕੋਈ ਹੋਂਦ ਹੈ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਤਾਂ ਮਨੁੱਖ ਨੂੰ ਕੇਵਲ ਤੇ ਕੇਵਲ ਇਹ ਗੱਲ ਹੀ ਦ੍ਰਿੜ ਕਰਵਾਈ ਹੈ ਕਿ ਇਛਾਵਾਂ ਪੂਰੀਆਂ ਕਰਨ ਵਾਲਾ ਕੇਵਲ ਪ੍ਰਭੂ ਹੀ ਹੈ, ਹੋਰ ਕੋਈ ਸ਼ਕਤੀ ਨਹੀਂ ਹੈ, ਅਤੇ ਇਹੀ ਗੁਰਬਾਣੀ ਦਾ ਸੱਚ ਹੈ।
ਕਾਮਧੇਨੁ ਲਖ ਪਾਰਜਾਤ ਜੰਗਲ ਅੰਦਰ ਚਰਨਿ ਅਡੋਲੇ॥ (ਭਾਈ ਗੁਰਦਾਸ ਜੀ, ਵਾਰ 12, ਪਉੜੀ 20)
ਜਸਬੀਰ ਸਿੰਘ ਵੈਨਕੂਵਰ




.