.

ਗੁਰਬਾਣੀ `ਚ ਜੂਨੀਆਂ ਦੇ ਭਿੰਨ ਭਿੰਨ ਰੂਪ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਧਿਆਨ ਦੇਣਾ ਹੈ ਕਿ ਗੁਰਬਾਣੀ ਖਜ਼ਾਨੇ `ਚੋਂ ਜੂਨੀਆਂ ਵਾਲੇ ਜਿਸ ਵਿਸ਼ੇ ਨੂੰ ਇਸ ਗੁਰਮਤਿ ਪਾਠ ਰਾਹੀਂ ਸਮਝਣ ਦਾ ਯਤਣ ਕਰ ਰਹੇ ਹਾਂ, ਇਹ ਵਿਸ਼ਾ ਦਸ ਪਾਤਸ਼ਾਹੀਆਂ ਦੇ ਜੀਵਨ `ਤੇ ਲਾਗੂ ਨਹੀਂ ਹੁੰਦਾ।

ਬੇਸ਼ੱਕ ਦਸ ਪਾਤਸ਼ਾਹੀਆਂ ਵੀ ਸਾਡੀ ਤਰ੍ਹਾਂ ਹੀ ਮਨੁੱਖਾ ਸਰੀਰ ਧਾਰ ਕੇ ਸੰਸਾਰ `ਚ ਪ੍ਰਗਟ ਹੋਈਆਂ। ਜੇ ਅਕਾਲਪੁਰਖ ਬਖ਼ਸ਼ਿਸ ਕਰ ਦੇਵੇ ਤਾਂ ਗੁਰਬਾਣੀ ਸਮੁੰਦਰ `ਚ ਝਾਤ ਮਾਰਣ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਦਸੋਂ ਪਾਤਸ਼ਾਹੀਆਂ, ਕਾਦਿਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਅਧੀਨ ਧੁਰੋਂ ਹੀ ਥਾਪੀਆਂ ਹੋਈਆਂ ਸਨ। ਜੇ ਅਜਿਹਾ ਨਾ ਹੁੰਦਾ ਤਾਂ ਅੱਜ ਸੰਸਾਰ ਨੂੰ ੴ ਤੋਂ “ਤਨੁ ਮਨੁ ਥੀਵੈ ਹਰਿਆ” ਤੀਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਵਰਗੀ ਮਹਾਨ ਤੇ ਇਕੋ ਇੱਕ ਲਾਸਾਨੀ ਹਸਤੀ ਪ੍ਰਾਪਤ ਹੀ ਨਹੀਂ ਸੀ ਹੋ ਸਕਦੀ। ਸੰਸਾਰ ਨੂੰ ਜੁਗੋ ਜੁਗ ਅਟੱਲ ਸਤਿਗੁਰੂ ਕਤਈ ਨਹੀਂ ਸੀ ਮਿਲ ਸਕਦਾ। ਇਸ ਸੱਚ ਨੂੰ ਕੁੱਝ ਹੋਰ ਵੇਰਵੇ ਨਾਲ ਸਮਝਣ ਲਈ ਗੁਰਮਤਿ ਪਾਠ ਨੰ: ੧੭੯ “ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਪ੍ਰਾਪਤ ਹੈ ਜੀ।

ਦਰ ਅਸਲ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਜਿਹੇ ਗੁਰੂ ਕਾ ਬੋਹਿਥਾ ਹਨ, ਜਿਨ੍ਹਾਂ ਰਾਹੀਂ ਦਰਸਾਏ ਰੱਬੀ ਮਾਰਗ `ਤੇ ਚੱਲੇ ਬਿਨਾ, ਮਨੁੱਖਾ ਜੀਵਨ ਦੀ ਸੰਭਾਲ ਹੀ ਸੰਭਵ ਨਹੀਂ। ਗੁਰਬਾਣੀ ਦੇ ਇਸ ਜਹਾਜ਼ ਬਿਨਾ ਮਨੁੱਖ ਸੰਸਾਰਿਕ ਵਿਕਾਰਾਂ, ਅਉਗੁਣਾਂ ਦੇ ਸਮੁੰਦਰ ਨੂੰ ਪਾਰ ਕਰਕੇ ਆਪਣੇ ਮੂਲ ਪ੍ਰਭੂ ਨਾਲ ਇੱਕ ਮਿੱਕ ਹੋ ਹੀ ਨਹੀਂ ਸਕਦਾ। ਜਿਸ ਦਾ ਨਤੀਜਾ ਮਨੁੱਖ ਨੂੰ ਇਸੇ ਤਰ੍ਹਾਂ ਜਨਮਾਂ ਦੇ ਗੇੜ੍ਹ `ਚ ਫ਼ਸੇ ਰਹਿ ਕੇ ਭਿੰਨ ਭਿੰਨ ਜੂਨੀਆਂ ਹੀ ਭੁਗਤਾਉਂਣੀਆਂ ਪੈਂਦੀਆਂ ਹਨ।

ਦਰ ਅਸਲ ਸੰਸਾਰ ਭਰ ਦਾ ਮਨੁੱਖ ਵੀ ਜੂਨਾਂ `ਚ ਫ਼ਸਿਆ ਜਨਮ-ਮਰਨ ਦਾ ਅਜਿਹਾ ਕੀੜਾ ਹੈ, ਜਿਸ ਨੂੰ ਕਰਤੇ ਨੇ ਅਰਬਾਂ-ਖਰਬਾਂ ਜੂਨਾਂ `ਚੋਂ ਕੱਢ ਕੇ ਮਨੁੱਖਾ ਜੂਨ ਬਖ਼ਸ਼ੀ ਹੁੰਦੀ ਹੈ। ਇਹ ਮਨੁੱਖ, ਗੁਰੂ-ਗੁਰਬਾਣੀ ਜਹਾਜ਼ ਤੇ ਸਾਧਸੰਗਤ ਦੀ ਬਰਕਤ ਨਾਲ, ਅਕਾਲਪੁਰਖ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ, ਜਨਮ ਮਰਨ ਦੇ ਗੇੜ੍ਹ `ਚੋਂ ਨਿਕਲ ਸਕਦਾ ਹੈ। ਗੁਰਬਾਣੀ ਅਨੁਸਾਰ ਅਜਿਹੇ ਜੀਊੜਿਆਂ ਨੂੰ ਹੀ ਸਫ਼ਲ ਜੀਵਨ, ਗੁਰਮੁਖ ਜਨ, ਸਚਿਆਰੇ ਆਦਿ ਵੀ ਕਿਹਾ ਹੈ। ਅਜਿਹੇ ਗੁਰਮੁਖ ਪਿਆਰਿਆਂ ਦੇ ਜੀਵਨ `ਚ ਜੀਉਂਦੇ ਜੀਅ ਟਿਕਾਅ, ਮਾਨਸਿਕ ਸ਼ਾਂਤੀ, ਸੰਤੋਖ, ਦਿਆ, ਪਰਉਪਕਾਰ ਆਦਿ ਰੱਬੀ ਗੁਣ ਪ੍ਰਗਟ ਹੋ ਜਾਂਦੇ ਹਨ। ਜੀਵਨ ਸੁਆਦਲਾ, ਰਸੀਲਾ ਤੇ ਅਨੰਦਮਈ ਹੋ ਜਾਂਦਾ ਹੈ। ਅਜਿਹੇ ਜੀਵਨਾਂ ਅੰਦਰ ਤ੍ਰਿਸ਼ਨਾ, ਭਟਕਣਾ, ਮੇਰ-ਤੇਰ, ਵਿਤਕਰੇ, ਹੇਰਾ ਫ਼ੇਰੀਆਂ, ਠੱਗੀਆਂ, ਜ਼ੁਲਮ-ਧੱਕੇ ਆਦਿ ਵਾਲੇ ਅਉਗੁਣ ਰਹਿੰਦੇ ਹੀ ਨਹੀਂ। ਅਜਿਹੇ ਲੋਕ ਧਾਰਮਿਕ ਠੱਗੀਆਂ, ਅੰਧਵਿਸ਼ਵਾਸਾਂ, ਕਰਮਕਾਂਡਾਂ ਦਾ ਸ਼ਿਕਾਰ ਵੀ ਨਹੀਂ ਹੁੰਦੇ।

ਜਦਕਿ ਇਸ ਦੇ ਉਲਟ ਮਨੁੱਖਾ ਜਨਮ ਵੀ ਬਿਰਥਾ ਤੇ ਨਿਹਫਲ ਹੀ ਚਲਾ ਜਾਂਦਾ ਹੈ। ਜੀਉਂਦੇ ਵੀ ਵਿਕਾਰਾਂ ਅਉਗੁਣਾ ਨਾਲ ਭਰਿਆਂ ਰਹਿੰਦਾ ਹੈ। ਸਰੀਰਕ ਮੌਤ ਬਾਅਦ ਵੀ ਅਜਿਹੇ ਮਨੁੱਖ ਫ਼ਿਰ ਤੋਂ ਭਿੰਨ ਭਿੰਨ ਜੂਨਾਂ ਦੇ ਉਸੇ ਗੇੜ੍ਹ `ਚ ਫ਼ਸਦੇ ਹਨ ਜਿਥੋਂ ਕੱਢ ਕੇ ਕਰਤੇ ਨੇ ਮਨੁੱਖਾ ਜੂਨ ਬਖਸ਼ੀ ਹੁੰਦੀ ਹੈ। ਬਸ ਇਹੀ ਹੈ ਗੁਰਮਤਿ ਅਨੁਸਾਰ ਮਨੁੱਖ ਲਈ ਨਰਕ ਭਾਵ ਬਾਰ ਬਾਰ ਦੇ ਜਨਮ-ਮਰਨ ਵਾਲਾ ਗੇੜ੍ਹ। ਉਦੋਂ ਤੀਕ, ਜਦੋਂ ਤੀਕ ਕਿ ਜੀਵ ਆਪਣੇ ਪ੍ਰਾਪਤ ਹੋਏ ਮਨੁੱਖਾ ਜਨਮ ਨੂੰ ਸਫ਼ਲਾ ਕਰਕੇ ਆਪਣੇ ਅਸਲੇ ਪ੍ਰਭੂ `ਚ ਹੀ ਅਭੇਦ ਨਾ ਹੋ ਜਾਵੇ। ਇਸ ਪ੍ਰਾਪਤੀ ਲਈ ਕੇਵਲ ਮਨੁੱਖਾ ਜਨਮ ਹੀ ਇਕੋ ਇੱਕ ਅਵਸਰ ਹੁੰਦਾ ਹੈ ਬਾਕੀ ਜੂਨੀਆਂ `ਚ ਅਜਿਹਾ ਸੰਭਵ ਨਹੀਂ।

ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ-ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ ਮੋਟੇ ਤੌਰ `ਤੇ ਦੋ ਰੂਪਾਂ `ਚ ਆਇਆ ਹੈ। (੧) ਪਹਿਲਾ-ਪ੍ਰਾਪਤ ਮਨੁੱਖਾ ਜਨਮ ਦੌਰਾਨ ਹੀ ਅਨੇਕਾਂ ਜੂਨਾਂ `ਚ ਭਟਕਦੇ ਹੋਣਾ, ਅਨੇਕਾਂ ਢੰਗਾਂ ਨਾਲ ਜੀਊਂਦੇ ਜੀਅ ਦੂਜੀਆਂ ਜੂਨਾ `ਚ ਫ਼ਸੇ ਹੋਣਾ। (੨) ਦੂਜਾ ਹੈ ਇਸ ਮਨੁੱਖਾ ਸਰੀਰ `ਚ ਆਉਣ ਤੋਂ ਪਹਿਲਾਂ, ਦੂਜੀਆਂ ਜੂਨੀਆਂ ਭੁਗਤਾਉਣੀਆਂ। ਉਪ੍ਰੰਤ ਪ੍ਰਾਪਤ ਜਨਮ ਦੇ ਅਸਫ਼ਲ ਹੋਣ ਬਾਅਦ ਫ਼ਿਰ ਤੋਂ ਜੂਨਾਂ ਦੇ ਗੇੜ੍ਹ `ਚ ਹੀ ਪੈਣਾ।

ਗੁਰਬਾਣੀ ਵਿਚਲਾ ਜੂਨੀਆਂ ਵਾਲਾ ਪਹਿਲਾ ਪੱਖ- ਜੀਉਂਦੇ ਜੀਅ ਮਨੁੱਖ ਹੁੰਦੇ ਹੋਏ ਵੀ ਭਿੰਨ ਭਿੰਨ ਜੂਨੀਆਂ `ਚ ਵਾਸਾ। ਗੁਰਬਾਣੀ `ਚ ਜੂਨੀਆਂ ਵਾਲੇ ਇਸ ਪੱਖ ਦੇ ਬਹੁਤੇਰੇ ਰੂਪ ਹਨ। ਜਿਵੇਂ ਮਨੁੱਖ ਹੁੰਦੇ ਹੋਏ ਵੀ ਸੁਭਾਅ ਕਰ ਕੇ “ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ” (ਪੰ: ੪੭੭) ਭਾਵ ਹਾਥੀ, ਬੈਲ, ਕਊਆ, ਗਦਹਾ, ਭੈਸਾ, ਚੂਹਾ, ਘੀਸ ਆਦਿ ਹੋਣਾ। ਫ਼ਿਰ ਇਸੇ ਤਰ੍ਹਾਂ “ਕੂਕਰ ਕੂੜੁ ਕਮਾਈਐ, ਗੁਰ ਨਿੰਦਾ ਪਚੈ ਪਚਾਨੁ” (ਪੰ: ੨੧) ਜਾਂ “ਜਿਉ ਕੂਕਰੁ ਹਰਕਾਇਆ, ਧਾਵੈ ਦਹ ਦਿਸ ਜਾਇ” (ਪੰ: ੫੦)।

ਇਸ ਤਰ੍ਹਾਂ ਬ੍ਰਾਹਮਣੀ ਵਿਚਾਰਧਾਰਾ `ਚ ਜਦੋਂ ਜੂਨਾਂ ਤੇ ਫ਼ਰਜ਼ੀ ਨਰਕਾਂ-ਸੁਰਗਾਂ ਦੀ ਗੱਲ ਕੀਤੀ ਹੈ ਤਾਂ ਉਸ ਦੇ ਖੰਡਣ ਲਈ ਵੀ ਬਹੁਤ ਸ਼ਬਦ ਹਨ ਮਿਸਾਲ ਵਜੋਂ “ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ” ਆਦਿ (ਪੰ: ੫੨੬)।

ਉਪ੍ਰੰਤ ਮਨੁੱਖ ਜਦੋਂ ਗੁਰੂ-ਗੁਰਬਾਣੀ ਦੀ ਸਿਖਿਆ `ਤੇ ਨਹੀਂ ਚਲਦਾ ਤਾਂ “ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ” (ਪੰ: ੧੩੫੬)। ਗੁਰਬਾਣੀ `ਚ ਹੀ ਦੂਜੀਆਂ ਜੂਨਾਂ ਦਾ ਵਿਸ਼ਾ ਇਸ ਤਰ੍ਹਾਂ ਵੀ ਆਇਆ ਹੈ ਜਿਵੇਂ “ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ” (ਪੰ: ੯੧)।

ਉਪ੍ਰੰਤ ਗੁਰਬਾਣੀ `ਚ ਕਿਸੇ ਵਿਸ਼ੇਸ਼ ਜੂਨ ਦੇ ਗੁਣਾਂ ਜਾਂ ਦੋਸ਼ਾਂ ਨੂੰ ਮਿਸਾਲ ਵਜੋਂ ਵੀ ਵਰਤਿਆ ਹੈ ਜਿਵੇਂ “ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ” (ਪੰ: ੧੪੩)। ਦਰ ਅਸਲ ਗੁਰਬਾਣੀ `ਚ, ਮਨੁਖਾ ਸਰੀਰ `ਚ ਵਿਚਰਦੇ ਹੋਏ ਮਨੁੱਖ ਲਈ, ਦੂਜੀਆ ਜੂਨੀਆਂ ਵਾਲਾ ਪੱਖ ਬਹੁਤ ਵਿਰਾਟ ਤੇ ਭਿੰਨ ਭਿੰਨ ਪੱਖਾਂ ਤੋਂ ਹੈ। ਇਸ ਸਾਰੇ ਦਾ ਸਬੰਧ ਹੀ ਜਾਂ ਤਾਂ ਜੀਉਂਦੇ ਜਾਗਦੇ ਮਨੁੱਖਾ ਸਰੀਰ ਨਾਲ ਹੈ ਜਾਂ ਫ਼ਿਰ ਦੂਜੀਆਂ ਜੂਨੀਆਂ ਦੀਆਂ ਮਿਸਾਲਾਂ ਦੇ ਕੇ ਸੱਚ ਧਰਮ ਨੂੰ ਦ੍ਰਿੜ ਕਰਵਾਉਣ ਲਈ ਜਾਂ ਗੁਰਮਤਿ ਸਿਧਾਂਤ ਦੇ ਕਿਸੇ ਹੋਰ ਪ੍ਰਗਟਾਵੇ ਲਈ। ਉਪ੍ਰੰਤ ਇਥੇ ਅਸੀਂ ਇਸ ਵਿਸ਼ੇ ਨੂੰ ਕੁੱਝ ਹੋਰ ਪ੍ਰਮਾਣਾਂ ਤੇ ਵਿਸਤਾਰ `ਚ ਵੀ ਲਵਾਂਗੇ ਜਿਵੇਂ:-

“ਕਰਤੂਤਿ ਪਸੂ ਕੀ” -ਗੁਰਬਾਣੀ `ਚ ਦੂਜੀਆਂ ਜੂਨੀਆਂ ਨਾਲ ਜੋੜ ਕੇ ਮਨੁੱਖ ਦਾ ਜ਼ਿਕਰ ਇਸ ਤਰ੍ਹਾਂ ਵੀ ਹੈ ਜਿਵੇਂ “ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ” (ਪੰ: ੨੬੭) ਜਾਂ “ਜੋ ਨ ਸੁਨਹਿ ਜਸੁ ਪਰਮਾਨੰਦਾ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ” (ਪੰ: ੧੮੮)

ਗੁਰੂ ਕਾ ਨਿੰਦਕ ਤੇ ਦੂਜੀਆਂ ਜੂਨੀਆਂ-ਜਦੋਂ ਮਨੁੱਖ ਗੁਰੂ-ਗੁਰਬਾਣੀ ਲਈ ਵੀ ਊਲ-ਜਲੂਲ ਬਕਦਾ ਹੈ। ਅਜਿਹੇ ਸੁਭਾਅ ਲਈ ਗੁਰਬਾਣੀ `ਚ ਦੂਜੀਆਂ ਜੂਨੀਆਂ ਨਾਲ ਤੁਲਨਾ ਕਰ ਕੇ ਮਨੁੱਖ ਦਾ ਜ਼ਿਕਰ ਇਸ ਤਰ੍ਹਾਂ ਵੀ ਆਇਆ ਹੈ ਜਿਵੇਂ “ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ …… ਸੁ ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ” (ਪੰ: ੩੦੯) ਜਾਂ “ਭਾਈ ਏਹੁ ਤਪਾ ਨ ਹੋਵੀ, ਬਗੁਲਾ ਹੈ; ਬਹਿ ਸਾਧ ਜਨਾ ਵੀਚਾਰਿਆ” (ਪੰ: ੩੧੫) ਅਤੇ।

ਸੱਚ ਧਰਮ ਤੋਂ ਖੁੰਜਿਆ ਮਨੁੱਖ ਤੇ ਦੂਜੀਆਂ ਜੂਨੀਆਂ- ਗੁਰਬਾਣੀ `ਚ ਦੂਜੀਆਂ ਜੂਨੀਆਂ ਦਾ ਇਸ ਤਰ੍ਹਾਂ ਜ਼ਿਕਰ ਵੀ ਹੈ ਜਿਵੇਂ “ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ” (ਪੰ: ੮੯੦) ਅਤੇ “ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ॥ ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ” (ਪੰ: ੧੦੦੯) ਹੋਰ “ਬਿਨੁ ਬੂਝੇ ਪਸੂ ਕੀ ਨਿਆਈ, ਭ੍ਰਮਿ ਮੋਹਿ ਬਿਆਪਿਓ ਮਾਇਆ” (ਪੰ: ੧੩੦੦) ਪੁਨਾ “ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ” (ਪੰ: ੧੩੫੬) ਜਾਂ “ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ॥ ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ॥  ੬੮ ॥ (ਪੰ: ੧੩੬੮)

ਰੂਪਕ ਅਲੰਕਾਰ ਤੇ ਦੂਜੀਆਂ ਜੂਨੀਆਂ- ਗੁਰਬਾਣੀ `ਚ ਜੂਨੀਆਂ ਦਾ ਜ਼ਿਕਰ, ਰੂਪਕ ਅਲੰਕਾਰ ਵਰਤ ਕੇ ਵੀ ਬਹੁਤ ਵਾਰੀ ਆਇਆ ਹੈ ਜਿਵੇਂ “ਐਸੋ ਅਚਰਜੁ ਦੇਖਿਓ ਕਬੀਰ॥ ਦਧਿ ਕੈ ਭੋਲੈ ਬਿਰੋਲੈ ਨੀਰੁ॥  ੧ ॥ ਰਹਾਉ॥ ਹਰੀ ਅੰਗੂਰੀ ਗਦਹਾ ਚਰੈ॥ ਨਿਤ ਉਠਿ ਹਾਸੈ ਹੀਗੈ ਮਰੈ॥  ੧ ॥ ਮਾਤਾ ਭੈਸਾ ਅੰਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ॥  ੨ ॥ ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥  ੩ ॥ ਰਾਮ ਰਮਤ ਮਤਿ ਪਰਗਟੀ ਆਈ॥ ਕਹੁ ਕਬੀਰ ਗੁਰਿ ਸੋਝੀ ਪਾਈ॥  ੪ ॥ (ਪੰ: ੩੨੬)

ਦੂਜੀਆਂ ਜੂਨੀਆਂ ਕੇਵਲ ਮਿਸਾਲ ਲਈ- ਜਦੋਂ ਮਨੁੱਖਾ ਜੂਨੀ ਦੀ ਸੰਭਾਲ ਤੇ ਮਨੁੱਖ ਨੂੰ ਜੀਵਨ ਦੇ ਸਿਧੇ ਰਾਹ ਪਾਉਣ ਈ ਦੂਜੀਆਂ ਜੂਨੀਆਂ ਦੀ ਰਹਿਣੀ ਨੂੰ ਕੇਵਲ ਮਿਸਾਲ ਵਜੋਂ ਵਰਤਿਆ ਹੈ ਤਾਂ ਉਥੇ ਵੀ ਭਿੰਨ ਭਿੰਨ ਜੂਂੀਨਆਂ ਦੇ ਨਾਮ ਆਏ ਹਨ ਜਿਵੇਂ “ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ॥ ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ॥ ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ॥  ੨ ॥ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ॥ ਸਰ ਭਰਿ ਥਲ ਹਰੀਆਵਲੇ ਇੱਕ ਬੂੰਦ ਨ ਪਵਈ ਕੇਹ॥ ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ॥ …… ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ॥ ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ॥ ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ॥  ੫ ॥ (ਪੰ: ੬੦)

ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ ਤਾਂ ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਲਈ ਦਰ ਦਰ ਤੇ ਖ਼ੁਆਰ ਹੁੰਦਾ) ਹੈ। ਅਜਿਹਾ ਮਨੁੱਖ ਮਾਇਆ ਦੀ ਦੌੜ-ਭੱਜ ਹੀ ਕਰਦਾ (ਇਥੋਂ ਤਕ ਨਿਘਰਦਾ ਜਾਂਦਾ ਹੈ ਕਿ) ਹਰ ਸਮੇਂ ਗੁਰੂ ਦੀ ਨਿੰਦਾ `ਚ ਵੀ ਗ਼ਲਤਾਨ ਰਹਿੰਦਾ ਹੈ। ਭਾਵ ਹਰ ਸਮੇਂ ਗੁਰੂ ਨੂੰ ਹੀ ਉਲ੍ਹਾਮੇ ਦਿੰਦਾ ਰਹਿੰਦਾ ਹੈ ਕਿ ‘ਗੁਰੂ ਨੇ ਮੇਰਾ ਐ ਕੰਮ ਨਹੀਂ ਕੀਤਾ’ ਤੇ ‘ਗੁਰੂ ਨੇ ਮੇਰੀ ਉਹ ਗੱਲ ਨਹੀਂ ਸੁਨੀ’ ਆਦਿ। ਅਜਿਹੇ ਸੁਭਾਅ ਵਾਲੇ ਮਨੁੱਖ ਲਈ ਗੁਰਬਾਣੀ `ਚ ਫ਼ੁਰਮਾਣ ਹੈ “ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ॥ ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ” (ਪੰ: ੨੧)। ਹੋਰ “ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ॥ ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ॥ ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ” (ਪੰ: ੪੧) ਭਾਵ ਦਿਨ ਤੇ ਰਾਤ ਕਰਕੇ ਮਨੁੱਖ ਦੀ ਉਮਰ ਇਸ ਤਰ੍ਹਾਂ ਮੁੱਕਦੀ ਜਾਂਦੀ ਹੈ ਜਿਵੇਂ ਰਸੀ ਨੂੰ ਕੱਟ ਕੱਟ ਕੇ ਚੂਹਾ ਮੁਕਾਅ ਦਿੰਦਾ ਹੈ। ਕਾਰਨ ਹੈ ਕਿ ਮਨੁੱਖ ਮਾਇਆ ਦੇ ਮੋਹ ਦੀ ਇਸ ਤਰ੍ਹਾਂ ਪੱਕੜ `ਚ ਰਹਿੰਦਾ ਹੈ ਜਿਵੇਂ ਕਿ ਮਖੀ ਗੁੜ ਨੂੰ ਚਿਪਕੀ ਹੀ ਮਰ ਜਾਂਦੀ ਹੈ। ਉਪ੍ਰੰਤ ਇਥੇ ਵੀ ਮਨੁਖਾ ਜਨਮ ਲਈ ਹੀ ਕੁਤੇ, ਚੂਹੇ ਦੀਆਂ ਮਿਸਾਲਾਂ ਹਨ ਭਾਵ ਤਾਂ ਮਨੁੱਖ ਲਈ ਹੀ ਹਨ ਪਰ ਦੂਜੀਆਂ ਜੂਨੀਆਂ ਦੀਆਂ। ਦਰਅਸਲ ਗੁਰਬਾਣੀ `ਚ ਬੇਅੰਤ ਮਿਸਾਲਾਂ ਦੂਜੀਆਂ ਜੂਨੀਆਂ ਨਾਲ ਜੋੜ ਕੇ ਆਈਆਂ ਹਨ ਪਰ ਮਨੁੱਖਾ ਜੀਵਨ ਨੂੰ ਉਚੇਰਾ ਤੇ ਸਦਾਚਾਰਕ ਬਨਾਉਣ ਲਈ। ਤਾਂਤ ਇਸ ਲੜੀ `ਚ ਕੁੱਝ ਹੋਰ ਗੁਰਬਾਣੀ ਪ੍ਰਮਾਣ:-

ਵਿਕਾਰਾਂ `ਚ ਉਲਝੇ ਮਨੁੱਖ ਜੀਵਨ ਨੂੰ ਸੇਧ ਦੇਣ ਲਈ-ਜਿਵੇਂ ਪੰਜਵੇਂ ਪਾਤਸ਼ਾਹ ਇਥੇ ਬਿਆਨਦੇ ਹਨ “ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ॥ ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ॥ ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖ੍ਯ੍ਯਣ ਕਠਿਨਹ॥ ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ” ਭਾਵ ਮਨੁੱਖ ਹਰ ਸਮੇਂ ਵਿਕਾਰਾਂ-ਅਉਗੁਣਾ `ਚ ਫ਼ਸਿਆ ਜੀਵਨ ਬਤੀਤ ਕਰ ਦਿੰਦਾ ਹੈ। ਉਪ੍ਰੰਤ ਇਸ ਦਾ ਹੱਲ ਵੀ ਦਿੱਤਾ ਹੈ ਜਿਵੇਂ “ਭਜੁ ਸਾਧਸੰਗਿ ਗ+ਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ” (ਪੰ: ੧੩੫੮) ਭਾਵ ਮਨੁੱਖ ਆਪਣੇ ਜੀਵਨ ਨੂੰ ਵਿਕਾਰਾਂ ਮੋਹ ਮਾਇਆ ਦੀ ਉਲਝਣ `ਚ ਫ਼ਸਾ ਕੇ ਜੀਵਨ ਨੂੰ ਇਸ ਤਰ੍ਹਾਂ ਬਤੀਤ ਕਰ ਰਿਹਾ ਹੁੰਦਾ ਹੈ ਜਿਵੇਂ ਕੋਈ ਜੰਗਲ ਦੀਆਂ ਪਗਡੰਡੀਆਂ `ਚ ਭਟਕਿਆ ਮਨੁੱਖ। ਇਸ ਲਈ ਇਸ ਦਾ ਇਕੋ ਇੱਕ ਇਲਾਜ ਹੈ ਸਾਧਸੰਗਤ `ਚ ਆਉਣਾ ਤੇ ਗੁਰੂ ਦੀ ਸਿਖਿਆ `ਤੇ ਚਲ ਕੇ ਆਪਣਾ ਆਪ ਦਾ ਅਕਾਲਪੁਰਖ ਦੇ ਚਰਨਾਂ `ਚ ਸਮਰਪਣ ਕਰ ਦੇਣਾ।

ਇਸੇ ਤਰ੍ਹਾਂ “ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ॥ ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ” (ਪੰ: ੧੨੬੦)। ਭਾਵ ਮਨੁੱਖ ਨੇ ਮੋਹ ਮਾਇਆ ਤੇ ਵਿਕਾਰਾਂ ਨੇ ਆਪਣਾ ਜੀਵਨ ਤਾਂ ਬਹੁਤ ਭਾਰਾ ਕਰ ਰਖਿਆ ਹੈ ਜਿਵੇਂ ਅਜਗਰ ਸੱਪ ਦਾ ਸਰੀਰ। ਉਪ੍ਰੰਤ ਇਸ ਦਾ ਇਕੋ ਇੱਕ ਇਲਾਜ ਹੈ ਸ਼ਬਦ ਰੂਪੀ ਗਰੁੜ ਨਾਲ ਇਸ ਅੰਦਰੋਂ ਹਉਮੈ ਦਾ ਮਾਰਣਾ। ਇਸ ਤਰ੍ਹਾਂ ਇਹ ਸਭ ਭਿੰਨ ਭਿੰਨ ਜੂਨੀਆਂ ਨਾਲ ਸਬੰਧਤ ਉਹ ਸ਼ਬਦ ਤੇ ਗੁਰਬਾਣੀ ਪ੍ਰਮਾਣ ਹਨ ਜਿਨ੍ਹਾਂ ਦਾ ਤੁਅਲਕ ਹੀ ਪ੍ਰਾਪਤ ਮਨੁੱਖਾ ਜਨਮ ਨਾਲ ਹੈ ਮਨੁੱਖ ਦੀਆਂ ਅਗਲੀਆਂ ਪਿਛਲੀਆਂ ਜੂਨੀਆਂ ਨਾਲ ਨਹੀਂ। ਜਦਕਿ ਗੁਰਬਾਣੀ `ਚ ਅਜਿਹੇ ਸ਼ਬਦਾਂ ਤੇ ਪ੍ਰਮਾਣਾ ਦਾ ਵੀ ਅੰਤ ਨਹੀਂ।

ਜਿਨ ਪੈ ਤਕੀਆ ਥਾ…- ਸੁਆਲ ਹੈ ਕਿ ਆਖਿਰ ਇਸ ਵਿਸ਼ੇ ਦੀ ਲੋੜ ਪਈ ਵੀ ਤਾਂ ਕਿਉਂ? ਸਚਮੁਚ ਵਿਸ਼ਾ ਗੁੰਝਲਦਾਰ ਹੈ। ਵਿਰਲਿਆਂ ਨੂੰ ਛੱਡ ਕੇ ਇੱਕ ਅੰਦਾਜ਼ੇ ਮੁਤਾਬਿਕ ਅੱਜ ਸਿੱਖਾਂ ਦੇ ੯੯% ਭੋਗ ਸਮਾਗਮ, ਬ੍ਰਾਹਮਣੀ ਕਰਮ ਕਾਂਡਾਂ ਤੇ ਗਰੁੜ ਪੁਰਾਣ ਦੀ ਲਪੇਟ ਹੀ ਹੋ ਰਹੇ ਹਨ, ਗੁਰਬਾਣੀ ਅਨੁਸਾਰ ਨਹੀਂ ਹੋ ਰਹੇ। ਉਪ੍ਰੰਤ ਇਹਨਾ ਨੂੰ ਕਰ ਤੇ ਕਰਵਾ ਰਹੇ ਹਨ ਸਾਡੇ ਹੀ ਭਾਈ-ਗ੍ਰੰਥੀ ਸਾਹਿਬਾਨ, ਕੀਰਤਨੀ ਸਿੰਘ, ਪ੍ਰਚਾਰਕ, ਕਥਾਵਾਚਕ ਤੇ ਗੁਰਦੁਆਰਾ ਪ੍ਰਬੰਧਕ।

ਦੂਜੇ ਪਾਸੇ ਕਮਿਉਨਿਸਟ ਹਨ ਜੋ ਰੱਬ ਦੀ ਹੋਂਦ ਤੋਂ ਹੀ ਮਨੁਕਰ ਹਨ। ਖੂਬੀ ਇਹ ਕਿ ਅੱਜ ਉਹਨਾਂ ਵਲੋਂ ਵੀ ਗੁਰਬਾਣੀ ਜੋ ਕਿ ਸੰਪੂਰਨ ਤੌਰ `ਤੇ ਹੈ ੴ ਦੀ ਵਿਆਖਿਆ ਹੈ। ਉਸ ਗੁਰਬਾਣੀ ਦੇ ਅਰਥਾਂ ਨੂੰ ਆਪਣੇ ਢੰਗ ਨਾਲ ਤਿਆਰ ਕਰ ਕੇ, ਖਾਸ ਤੌਰ ਪੰਜਾਬ `ਚ ਦਬਾਦਬ ਲਿਟ੍ਰੇਚਰ ਭੇਜ ਰਹੇ ਹਨ। ਉਥੇ ਉਹਨਾਂ ਲੋਕਾਂ ਰਾਹੀ ਗੁਰਬਾਣੀ ਨੂੰ ਆਧਾਰ ਬਣਾ ਕੇ ਬਦੋਬਦੀ ਸਾਬਤ ਕੀਤਾ ਜਾ ਰਿਹਾ ਹੈ ਕਿ ਗੁਰਬਾਣੀ ਅਨੁਸਾਰ ਵੀ ਮਨੁੱਖ ਤੇ ਉਸ ਦਾ ਇਹ ਜਨਮ ਹੀ ਸਭ ਕੁੱਝ ਹੈ। ਇਸ ਦਾ ਅੱਗਾ ਪਿਛਾ ਹੋਰ ਕੁੱਝ ਨਹੀਂ। ਬਲਕਿ ਉਹਨਾਂ ਅਨੁਸਾਰ ਭਾਵ ਉਹਨਾਂ ਦੀਆਂ ਲਿਖ਼ਤਾਂ `ਚ ਤਾਂ ਗੁਰੂ ਸਾਹਿਬ ਨੇ ਅਕਾਲਪੁਰਖ ਨੂੰ ਕੇਵਲ ਇੱਕ ਪਲਾਟ ਵਜੋਂ ਹੀ ਪੇਸ਼ ਕੀਤਾ ਹੈ ਤਾਕਿ ਮਨੁੱਖ ਚੰਗਾ ਤੇ ਗੁਣਵਾਣ ਇਨਸਾਨ ਬਣ ਸਕੇ।

ਇਸ ਤੋਂ ਬਾਅਦ ਤੀਜੇ ਨੰਬਰ ਤੇ ਆਉਂਦੇ ਹਨ ‘ਜਿਨ ਪੈ ਤਕੀਆ ਥਾ ਵਹੀ ਪੱਤੇ ਹਵਾ ਦੇਣੇ ਲਗੇ’ ਵਾਲੀ ਬਾਤ ਬਣੀ ਪਈ ਹੈ। ਜੇਕਰ ਸਾਰੇ ਨਹੀਂ ਪਰ ਸਾਡੇ ਹੀ ਕੁੱਝ ਸਿੱਖ ਵਿਦਵਾਨ, ਜਿਨ੍ਹਾਂ ਦੀ ਗੁਰੂ ਕੀਆਂ ਸੰਗਤਾਂ `ਚ ਕੁੱਝ ਭੱਲ ਵੀ ਬਣ ਚੁੱਕੀ ਹੈ। ਦਰ ਅਸਲ ਇਹ ਵਿਦਵਾਨ ਜਿਨ੍ਹਾਂ ਤੋਂ ਉਮੀਦ ਸੀ ਕਿ ਉਹ ਲੋਕ ਇਸ ਪੱਖੋਂ ਸਿੱਖ ਸੰਗਤਾਂ ਜੀਵਨ `ਤੇ ਚੜ੍ਹਾਈਆਂ ਜਾ ਚੁੱਕੀਆਂ, ਬ੍ਰਾਹਮਣੀ ਤੇ ਗੁਰੁੜ ਪੁਰਾਣ ਦੀਆਂ ਪੜ੍ਹਤਾਂ ਨੂੰ ਹਟਾਉਣਗੇ। ਸਿੱਖ ਸਗਤਾਂ ਨੂੰ ਕਮਿਉਨਿਸਟਾਂ ਵੱਲੋਂ ਗੁਰਬਾਣੀ ਦੇ ਪਰਦੇ `ਚ ਕੀਤੇ ਜਾ ਰਹੇ ਨਾਸਤਿਕਤਾ ਦੇ ਵਾਰ ਤੋਂ ਬਚਾਉਣਗੇ, ਇਸ ਪਾਸਿਓਂ ਸਿੱਖਾਂ ਨੂੰ ਗੁਰਬਾਣੀ ਦੇ ਗਾਡੀ ਰਾਹ ਤੇ ਚਲਾਉਣਗੇ।

ਸ਼ੱਕ ਨਹੀਂ ਕਿ ਗੁਰਬਾਣੀ ਸੰਪੂਰਣ ਮਨੁੱਖ ਮਾਤ੍ਰ ਦੇ ਜੀਵਨ ਨੂੰ ਉੱਚਾ ਆਦਰਸ਼ਕ ਤੇ ਸਦਾਚਾਰਕ ਇਨਸਾਨ ਬਨਾਉਂਦੀ ਹੈ। ਉਸ ਤੋਂ ਬਾਅਦ ਇਹ ਵੀ ਸੱਚ ਹੈ ਕਿ ਇਥੇ ਗੁਰਬਾਣੀ `ਚ ਸਫ਼ਲ ਤੇ ਨਿਹਫਲ (ਬਿਰਥਾ) ਜਨਮ, ਮਨਮੁਖ ਤੇ ਗੁਰਮੁਖ ਵਾਲੀ ਗੱਲ ਵੀ ਨਾਲੋ ਨਾਲ ਚੱਲ ਰਹੀ ਹੈ। ਗੁਰਬਾਣੀ ਨੇ ਕਿਧਰੇ ਤੇ ਕਿਸੇ ਸ਼ਬਦ `ਚ ਅਜਿਹੀ ਜ਼ਿੰਮੇਵਾਰੀ ਨਹੀਂ ਲਈ ਕਿ ਸਾਰੇ ਸੰਸਾਰ ਦਾ ਮਨੁੱਖ, ਜੀਵਨ ਦੀ ਇਸ ਉੱਚਤੱਮ ਅਵਸਥਾ ਨੂੰ ਪ੍ਰਾਪਤ ਕਰ ਚੁੱਕਾ ਹੈ ਤੇ ਜਨਮ ਮਰਨ ਦੇ ਗੇੜ੍ਹ `ਚੋਂ ਨਿਕਲ ਚੁੱਕਾ ਹੈ ਜਿਵੇਂ ਕਿ ਸਾਡੇ ਇਹ ਵਿਦਵਾਨ ਕਹਿ ਰਹੇ ਹਨ ਕਿ ਸਿੱਖ ਧਰਮ `ਤੇ ਜਨਮ-ਮਰਨ ਦਾ ਵਿਸ਼ਾ ਲਾਗੂ ਹੀ ਨਹੀਂ ਹੁੰਦਾ।

ਬਲਕਿ ਸਾਡੇ ਅਜਿਹੇ ਵਿਦਵਾਨਾਂ ਦੀਆਂ ਲਿਖਤਾਂ ਤੇ ਕਥਾਵਾਂ ਵਿਚੋਂ ਤਾਂ--ਗੁਰਬਾਣੀ ਵਿਚਲੇ (੧) ਸਫ਼ਲ ਤੇ ਅਸਫ਼ਲ, ਮਨਮੁਖ ਤੇ ਗੁਰਮੁਖ (੨) ਸਿੱਖ ਰਾਹੀਂ ਅਕਾਲਪੁਰਖ ਦੇ ਚਰਨਾਂ `ਚ ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ (੩) ਸਿੱਖ ਅੰਦਰ ਪ੍ਰਭੂ ਦਰਸ਼ਨਾਂ ਦੀ ਤਾਂਘ ਤੇ ਤੜਪ (੪) ਸਿੱਖ ਵੱਲੋਂ “ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ” ਵਾਲੀ ਭਾਵਨਾ (ਪੰ: ੮੨੭) ਭਾਵ ਹਉਮੈ ਦੇ ਤਿਆਗ ਵਾਲੀ ਸੋਚ—ਇਹ ਪੱਖ ਹੀ ਅਲੋਪ ਹੁੰਦੇ ਹਨ।

ਸਾਡੇ ਅਜਿਹੇ ਪ੍ਰਚਾਰਕਾਂ ਦੀਆਂ ਕਥਾਵਾਂ-ਲਿਖਤਾਂ `ਚ ਸਾਡੇ ਜੀਵਨ `ਤੇ ਕਰਤੇ ਦੀ ਬਖ਼ਸ਼ਿਸ਼, ਪ੍ਰਭੂ ਵਲੋਂ ਮਨੁੱਖ ਦੀ ਬਹੁੜੀ ਤੇ ਪ੍ਰਤਿਪਾਲਨਾ ਵਾਲੀ ਸਮ੍ਰਥਾ ਦੀ ਗੱਲ ਹੀ ਨਹੀਂ ਹੁੰਦੀ। ਗਹੁ ਨਾਲ ਦੇਖਿਆ ਵਿਚਾਰਿਆ ਜਾਵੇ ਤਾਂ ਸਿੱਖ ਸੰਗਤਾਂ ਪ੍ਰਤੀ ਉਹਨਾਂ ਦੀਆਂ ਲਿਖਤਾਂ ਤੇ ਗੁਰਮਤਿ ਕਥਾਵਾਂ `ਚ ਮਨੁੱਖਾ ਜੀਵਨ ਦੀ ਸੰਭਾਲ ਲਈ ਪ੍ਰਭੂ ਚਰਨਾਂ `ਚ ਅਰਦਾਸਾਂ ਤੋਂ ਉਹਨਾਂ ਦੇ ਜੀਵਨ `ਚ ਪ੍ਰਗਟ ਹੋਣ ਵਾਲੇ ਆਤਮ ਵਿਸ਼ਵਾਸ ਦੀ ਗੱਲ ਹੀ ਅਲੋਪ ਹੁੰਦੀ ਹੈ।

ਬਲਕਿ ਸਾਡੇ ਅਜਿਹੇ ਪ੍ਰਚਾਰਕਾਂ ਦੀਆਂ ਕਥਾਵਾਂ-ਲਿਖਤਾਂ `ਚ ਵੀ ਨਿਰੋਲ ਕਮਿਉਨਿਸਟਾਂ ਵਾਲੀ ਬੋਲੀ ਹੀ ਹੁੰਦੀ ਹੈ ਜਿਵੇਂ ਕਿ ਮਨੁੱਖ ਨੇ ਖੁਦ ਤੇ ਆਪਣੇ ਆਪ ਹੀ ਸਭ ਕੁੱਝ ਕਰਣਾ ਹੈ। ਦੂਜੇ ਲਫ਼ਜ਼ਾਂ `ਚ ਕਰਤਾ ਅਕਾਲਪੁਰਖ ਕੋਈ ਹਸਤੀ ਹੀ ਨਹੀਂ ਜਦਕਿ ਇਹ ਸਭ ਗੁਰਬਾਣੀ ਸੇਧ `ਚ ਨਹੀਂ ਬਲਕਿ ਨਾਸਤਿਕਾਂ ਦੀ ਹੀ ਬੋਲੀ ਹੈ।

ਗੁਰਬਾਣੀ ਨਾਲ ਇਸ ਤੋਂ ਵੀ ਵੱਡਾ ਅਨ੍ਰਥ ਉਸ ਸਮੇਂ ਹੋ ਰਿਹਾ ਹੁੰਦਾ ਜਦੋਂ ਸਾਡੇ ਇਹ ਪ੍ਰਚਾਰਕ ੧੦੦% ਕਮਿਉਨਿਸਟ ਦੀ ਬੋਲੀ ਬੋਲਦੇ ਹੋਏ ਕਹਿੰਦੇ ਹਨ ਕਿ ਸਿੱਖ ਧਰਮ `ਚ ਜਨਮ-ਮਰਨ ਦਾ ਵਿਸ਼ਾ ਹੈ ਹੀ ਨਹੀਂ। ਇਸ `ਤੇ ਵੀ ਅਪਣੀ ਵਿਚਾਰ ਨੂੰ ਸੱਚਾ ਸਾਬਤ ਕਰਣ ਲਈ ਆਪਣੇ ਦੋ ਤਰ੍ਹਾਂ ਦੇ ਸ਼ਸਤ੍ਰ ਵਰਤਦੇ ਹਨ। ਜਾਂ ਤਾਂ ਗੁਰਬਾਣੀ ਚੋਂ ਪ੍ਰਮਾਣ ਹੀ ਉਹੀ ਚੁੱਕਦੇ ਹਨ ਜਿਨ੍ਹਾਂ ਦਾਂ ਜ਼ਿਕਰ ਜੂਨਾਂ ਸਬੰਧੀ ਵੰਡ ਕਰਦਿਆਂ ਨੰਬਰ ਇੱਕ `ਚ ਆ ਚੁੱਕਾ ਹੈ। ਜਦਕਿ ਜੂਨਾਂ ਨਾਲ ਉਹ ਸਾਰੇ ਪ੍ਰਮਾਣ ਹੈਣ ਹੀ ਚਲ ਰਹੇ ਮਨੁੱਖਾ ਜਨਮ ਨਾਲ ਸਬੰਧਤ। ਜਨਮ ਤੋਂ ਪਹਿਲਾਂ ਤੇ ਮੌਤ ਨਾਲ ਸਬੰਧਤ ਹੈਣ ਹੀ ਨਹੀਂ।

ਇਸ ਤੋਂ ਬਾਅਦ ਜੇਕਰ ਉਹਨਾਂ ਪ੍ਰਮਾਣਾਂ `ਚ ਗ਼ਲਤੀ ਨਾਲ ਜਾਂ ਕਿਸੇ ਮਜਬੂਰੀ ਵੱਸ ਉਹ ਸੱਜਨ ਕੋਈ ਅਜਿਹਾ ਪ੍ਰਮਾਣ ਵੀ ਲੈ ਲੈਂਦੇ ਹਨ ਜਿਸ ਦਾ ਕਿ ਸਬੰਧ ਮਨੁੱਖ ਦੇ ਪਿਛਲੇ ਜਨਮਾਂ ਨਾਲ ਜਾਂ ਮਨਮੁਖ ਦੇ ਅਸਫ਼ਲ ਤੇ ਫ਼ਿਰ ਤੋਂ ਜਨਮ-ਮਰਨ ਦੇ ਗੇੜ੍ਹ ਨਾਲ ਹੈ ਤਾਂ ਉਥੇ ਗੁਰਬਾਣੀ ਦੇ ਅਰਥਾਂ ਦਾ ਹੀ ਅਨ੍ਰਥ ਕਰ ਦਿੱਤਾ ਜਾਂਦਾ ਹੈ। ਜਾਂ ਤਾਂ ਸ਼ਬਦ ਦੇ ਅਸਲ ਅਰਥਾਂ ਨੂੰ ਉਲਟਾ ਦਿੱਤਾ ਜਾਂਦਾ ਹੈ ਜਾਂ ਸਬੰਧਤ ਪੰਕਤੀਆਂ ਦੇ ਅਰਥ ਹੀ ਅਲੋਪ ਕਰ ਦਿੱਤੇ ਜਾਂਦੇ ਹਨ। ਅੱਜ ਚੂੰਕਿ ਸੰਗਤਾਂ ਵਿਚਾਲੇ ਗੁਰਬਾਣੀ ਸੋਝੀ ਦੀ ਘਾਟ ਹੈ, ਇਸ ਲਈ ਉਹਨਾਂ ਨੂੰ ਪੁਛਣ ਵਾਲਾ ਵੀ ਕੋਈ ਨਜ਼ਰ ਨਹੀਂ ਆ ਰਿਹਾ। ਫ਼ਿਰ ਵੀ ਸੰਗਤਾਂ ਦਾ ਫ਼ਰਜ਼ ਹੈ ਕਿ ਗੁਰਬਾਣੀ ਦੀ ਦਿਨ ਦੀਵੀਂ ਹੋ ਰਹੀ ਇਸ ਬੇਅਦਬੀ ਵੱਲ ਵਿਸ਼ੇਸ਼ ਧਿਆਣ ਜ਼ਰੂਰ ਦੇਣ।

ਇਥੇ ਦੌਰਾਹ ਦੇਣਾ ਚਾਹੁੰਦੇ ਹਾਂ ਕਿ ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ ਮੋਟੇ ਤੌਰ `ਤੇ ਦੋ ਰੂਪਾਂ `ਚ ਆਇਆ ਹੈ। (੧) ਪਹਿਲਾ-ਹੈ, ਪ੍ਰਾਪਤ ਮਨੁੱਖਾ ਜਨਮ ਦੌਰਾਨ ਹੀ ਅਨੇਕਾਂ ਜੂਨਾਂ `ਚ ਭਟਕਦੇ ਹੋਣਾ, ਜੀਊਂਦੇ ਜੀਅ ਅਨੇਕਾਂ ਢੰਗਾਂ ਨਾਲ ਦੂਜੀਆਂ ਜੂਨਾ `ਚ ਫ਼ਸੇ ਹੋਣਾ। (੨) ਦੂਜਾ ਹੈ ਇਸ ਮਨੁੱਖਾ ਸਰੀਰ `ਚ ਆਉਣ ਤੋਂ ਪਹਿਲਾਂ, ਦੂਜੀਆਂ ਜੂਨੀਆਂ ਭੁਗਤਾਉਣੀਆਂ। ਉਪ੍ਰੰਤ ਪ੍ਰਾਪਤ ਜਨਮ ਦੇ ਅਸਫ਼ਲ ਹੋਣ ਬਾਅਦ ਫ਼ਿਰ ਤੋਂ ਜੂਨਾਂ ਦੇ ਗੇੜ੍ਹ `ਚ ਹੀ ਪੈਣਾ।

ਇਸ ਤੋਂ ਬਾਅਦ ਕੁੱਝ ਅਜਿਹੇ ਪ੍ਰਮਾਣ ਲੈ ਰਹੇ ਹਾਂ ਜੋ ਸਪਸ਼ਟ ਤੌਰ ਤੇ ਮਨੁੱਖ ਦੇ ਪਿਛਲੇ ਤੇ ਮਨਮੁਖ ਦੇ ਅਗਲੇ ਜਨਮਾਂ ਨਾਲ ਸਬੰਧਤ ਹਨ। ਇਹਨਾ ਦੇ ਅਰਥ ਜੇਕਰ ਇਮਾਨਦਾਰੀ ਨਾਲ ਲਏ ਜਾਣ ਤਾਂ ਉਥੇ ਇਸ ਜਨਮ ਨੂੰ ਜੀਵ ਦੇ ਜੀਵਨ ਰਸਤੇ ਦਾ ਕੇਵਲ ਇੱਕ ਪੜਾਅ ਹੀ ਦੱਸਿਆ ਹੈ। ਬਲਕਿ ਇਸ ਮਨੁੱਖਾ ਜਨਮ ਨੂੰ ਪ੍ਰਭੂ ਮਿਲਾਪ ਲਈ ਇਕੋ ਇੱਕ ਸਮਾਂ ਦੱਸਿਆ ਹੈ ਜਦੋਂ ਜੀਵ ਜਨਮ-ਮਰਨ ਵਾਲੇ ਗੇੜ੍ਹ ਚੋਂ ਸਦਾ ਲਈ ਨਿਕਲ ਸਕਦਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਜਨਮ ਮਰਨ ਦੇ ਗੇੜ੍ਹ `ਚੋਂ ਕੇਵਲ ਉਹੀ ਨਿਕਲਦੇ ਹਨ ਜਿਨ੍ਹਾਂ ਆਪਣਾ ਮਨੁੱਖਾ ਜਨਮ ਸਫ਼ਲਾ ਕੀਤਾ ਹੈ। ਅਜਿਹੇ ਗੁਰਮੁਖ ਜਨ ਸਰੀਰ ਤਿਆਗਣ ਬਾਅਦ ਮੁੜ ਜਨਮ ਮਰਨ `ਚ ਨਹੀਂ ਆਉਂਦੇ ਜਦਕਿ ਬਾਕੀਆਂ `ਤੇ ਇਹ ਅਸੂਲ ਲਾਗੂ ਨਹੀਂ ਹੁੰਦਾ।

ਚਿਰੰਕਾਲ ਇਹ ਦੇਹ ਸੰਜਰੀਆ- ਜੇਕਰ ਗੁਰਬਾਣੀ ਵਿਚਲੇ ਜਨਮ ਮਰਨ ਦੇ ਵਿਸ਼ੇ ਨੂੰ ਸਮਝਣਾ ਹੈ ਤਾਂ ਇਹ ਗੁਰਬਾਣੀ ਦਾ ਪ੍ਰਮੁੱਖ ਵਿਸ਼ਾ ਹੈ ਪਰ ਹੈ ਸੰਸਾਰ ਤੱਲ `ਤੇ ਹੈ ਬਿਲਕੁਲ ਨਿਵੇਕਲਾ। ਇਥੇ ਇਸ ਨੂੰ ਬ੍ਰਾਹਮਣ ਮੱਤ ਜਾਂ ਸੰਸਾਰ ਭਰ ਦੀ ਇਸ ਵਿਸ਼ੇ ਨਾਲ ਸਬੰਧਤ ਹਰੇਕ ਵਿਚਾਰਧਾਰਾ ਤੋਂ ਅੱਡ ਹੋ ਕੇ ਹੀ ਸਮਝਿਆ ਤੇ ਅਪਣਾਇਆ ਜਾ ਸਕਦਾ ਹੈ। ਗੁਰਮਤਿ ਮਨੁੱਖ ਸੰਸਾਰ `ਚ ਆਉਣ ਤੋਂ ਪਹਿਲਾਂ ਵੀ ਨਾ ਜਾਣੇ ਕਿਤਣੀਆਂ ਜੂਨੀਆਂ ਭੋਗ ਕੇ ਆਇਆ ਹੁੰਦਾ ਹੈ। ਇਹ ਕਰਤਾਰ ਦੀ ਹੀ ਬਖ਼ਸ਼ਿਸ਼ ਹੁੰਦੀ ਹੈ ਜਦੋਂ ਕਰਤਾ ਸਾਨੂੰ ਉਹਨਾਂ ਜੂਨਾਂ ਚੋਂ ਕੱਢ ਕੇ ਮਨੁੱਖਾ ਜੂਨੀ ਵਾਲਾ ਇਹ ਅਵਸਰ ਬਖ਼ਸ਼ਦਾ ਹੈ। ਪੰਕਤੀ ‘ਚਿਰੰਕਾਲ ਇਹ ਦੇਹ ਸੰਜਰੀਆ’ ਦਾ ਸਿਧਾ ਤੇ ਸਪਸ਼ਟ ਮਤਲਬ ਹੀ ਇਹੀ ਹੈ ਕਿ ਲੰਮੇਂ ਸਮੇਂ ਬਾਅਦ ਮਨੁੱਖਾ ਸਰੀਰ ਮਿਲਿਆ ਹੈ ਭਾਵ ਇਸ ਤੋਂ ਪਹਿਲਾਂ ਵੀ ਜੀਵ ਅਨੇਕਾਂ ਸਰੀਰ ਭੋਗ ਚੁੱਕਾ ਹੈ।

ਕਿਹੜੇ ਸਰੀਰ ਭੋਗ ਚੁੱਕਾ ਹੈ, ਉਸੇ ਦਾ ਵਰਨਣ ਹੈ “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥   ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ ਲਖ ਚਉਰਾਸੀਹ ਜੋਨਿ ਭ੍ਰਮਾਇਆ” (ਪੰ: ੧੭੬) ਬਲਕਿ ਗੁਰਦੇਵ ਇਸ ਦੇ ਨਾਲ ਨਾਲ ਇਸ ਦਾ ਹੱਲ ਵੀ ਦੇ ਰਹੇ ਹਨ ਜਿਵੇਂ “ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ”

ਉਪ੍ਰੰਤ ਇਸੇ ਸ਼ਬਦ `ਚ ਦੂਜੀ ਵਿਸ਼ੇਸ਼ ਸੂਚਨਾ ਹੈ “ਮਿਲੁ ਜਗਦੀਸ ਮਿਲਨ ਕੀ ਬਰੀਆ” ਜਦਕਿ ਬਰੀਆ ਲਫ਼ਜ਼ ਆਪਣੇ ਆਪ `ਚ ਸਪਸ਼ਟ ਕਰਦਾ ਹੈ ਕਿ ਇਸ ਤੋਂ ਪਹਿਲਾਂ ਵੀ ਮੌਕੇ ਤਾਂ ਆਏ ਪਰ ਮਨੁੱਖਾ ਜੂਨ ਨਹੀਂ ਸਨ। ਇਸੇ ਤਰ੍ਹਾਂ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਤੇ ਗੁਰਬਾਣੀ `ਚ ਹੀ ਹੋਰ ਬਹੁਤ ਥਾਵੇਂ। ਹੋਰ ਦੇਖੋ “ਜੋ ਜੋ ਜੂਨੀ ਆਇਓ, ਤਿਹ ਤਿਹ ਉਰਝਾਇਓ, ਮਾਣਸ ਜਨਮੁ ਸੰਜੋਗਿ ਪਾਇਆ॥ ਤਾ ਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ, ਕਰਿ ਕਿਰਪਾ ਮੇਲਹੁ ਹਰਿ ਰਾਇਆ” (ਪੰ: ੬੮੬) ਧਿਆਣ ਰਹੇ ਇਥੇ ਵੀ “ਮਾਣਸ ਜਨਮੁ ਸੰਜੋਗਿ ਪਾਇਆ” ਗੁਰਬਾਣੀ ਦੇ ਇਸੇ ਸੱਚ ਨੂੰ ਬਿਆਨ ਰਿਹਾ ਹੈ ਭਾਵ ਜਨਮ ਤਾਂ ਬਹੁਤੇਰੇ ਮਿਲਦੇ ਰਹੇ ਪਰ ਮਨੁੱਖਾ ਜਨਮ ਸੰਜੋਗ ਨਾਲ ਹੀ ਮਿਲਦਾ ਹੈ।

“ਜਬ ਹਮ ਰਾਮ ਗਰਭ ਹੋਇ ਆਏ” - “ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ॥   ॥ ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ॥   ॥ ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥   ॥ ਸਾਕਤ ਮਰਹਿ ਸੰਤ ਸਭਿ ਜੀਵਹਿ॥ ਰਾਮ ਰਸਾਇਨੁ ਰਸਨਾ ਪੀਵਹਿ॥   ॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ॥ ਹਾਰਿ ਪਰੇ ਅਬ ਪੂਰਾ ਦੀਜੈ॥   ॥ (ਪੰ: ੩੨੫) ਹੁਣ ਇਸ ਸ਼ਬਦ `ਚ ਵੀ ਦੇਖਿਆ ਜਾਵੇ ਕਿ ਮਨੁੱਖਾ ਜਨਮ ਮਿਲਣ ਤੋਂ ਪਹਿਲਾਂ ਅਨੇਕਾਂ ਜੂਨਾਂ ਦੇ ਭੋਗਣ ਦੀ ਸੂਚਨਾ ਹੈ ਤੇ ਪ੍ਰਭੂ ਚਰਨਾਂ `ਚ ਅਰਦਾਸ ਵੀ ਹੈ ਕਿ ਹੇ ਪ੍ਰਭੂ! ਹੁਣ ਜਦੋਂ ਤੂੰ ਮੈਨੂੰ ਇਸ ਜਨਮ ਦੀ ਸੋਝੀ ਦੇ ਹੀ ਦਿੱਤੀ ਹੈ, ਇਹ ਬਖ਼ਸ਼ਿਸ਼ ਕਰ ਕਿ ਹੁਣ ਫ਼ਿਰ ਤੋਂ ਜਨਮਾਂ ਦੇ ਗੇੜ੍ਹ `ਚ ਨਾ ਪੈਣਾ ਪਵੇ।

ਇਸੇ ਤਰ੍ਹਾਂ “ਬਹੁਰਿ ਹਮ ਕਾਹੇ ਆਵਹਿਗੇ॥ ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ” (੧੧੦੩) ਅਤੇ “ਕਹੈ ਕਬੀਰੁ ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ” (੧੧੦੩) ਭਾਵ ਕਿ ਐ ਪ੍ਰਭੂ ਤੂੰ ਬਖ਼ਸ਼ਿਸ਼ ਕਰ ਕਿ ਇਹ ਮਨੁੱਖਾ ਜਨਮ ਹੀ ਮੇਰਾ ਆਖਰੀ ਜਨਮ ਹੋਵੇ ਤੇ ਮੁੜ ਜਨਮ-ਮਰਨ ਦੇ ਗੇੜ੍ਹ `ਚ ਨਾ ਪਵਾਂ। ਇਸੇ ਤਰ੍ਹਾਂ “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ” (ਪੰ: ੨੦੭)

“ਭ੍ਰਮਤ ਫਿਰਤ ਬਹੁ ਜਨਮ. .” ਗੁਰਬਾਣੀ `ਚ ਜੀਵ ਰਾਹੀਂ ਭਿੰਨ ਭਿੰਨ ਜੂਨੀਆਂ ਭੁਗਤਣ ਸਬੰਧੀ ਬੇਅੰਤ ਸ਼ਬਦ ਅਜਿਹੇ ਵੀ ਹਨ ਜੋ ਆਪਣੇ ਆਪ `ਚ ਇਸ ਸਰੀਰ ਤੋਂ ਪਹਿਲਾਂ ਭੁਗਤ ਚੁੱਕੇ ਜਨਮਾਂ ਦੀ ਸੂਚਨਾ ਵੀ ਦੇ ਰਹੇ ਹਨ ਤੇ ਨਾਲ ਹੀ ਇਹਨਾ ਸ਼ਬਦਾਂ ਦਾ ਦੂਜਾ ਪੱਖ ਵੀ ਹੈ ਜਿਥੇ ਇਸ ਮਨੁੱਖਾ ਜਨਮ `ਚ ਹੁੰਦਿਆਂ ਹੋਇਆਂ ਵੀ ਉਸ ਪਲ ਤੀਕ ਸੁਭਾਅ ਕਰ ਕੇ ਜੂਨਾਂ ਭੋਗਣ ਦੀ ਸੂਚਨਾ ਹੈ ਜਦੋਂ ਤੀਕ “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (ਪੰ: ੯੪੦) ਭਾਵ ਜਦੋਂ ਤੱਕ ਮਨੁੱਖ ਸਤਿਗੁਰੂ ਦੀ ਸ਼ਰਣ `ਚ ਪੁੱਜ ਕੇ ਜੀਵਨ ਦੀ ਸੰਭਾਲ ਵੱਲ ਹੀ ਨਹੀਂ ਮੁੜ ਪਿਆ ਜਿਵੇਂ “ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀਂ ਧੀਰੇ” (ਪੰ: ੪੮੭) ਜਾਂ “ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ” (ਪੰ: ੧੩੩) ਹੋਰ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦) ਪੁਨਾ “ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ” (ਪੰ: ੭੬੩) ਅਥਵਾ “ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ” (ਪੰ: ੨੮੯) ਇਤਿਆਦਿ।

ਮਨਮੁਖ ਲਈ ਜੂਨਾਂ ਦੇ ਗੇੜ੍ਹੇ- ਗੁਰਬਾਣੀ `ਚ ਬਹੁਤੇਰੇ ਸ਼ਬਦ ਹਨ ਜੋ ਇਸ ਸੱਚ ਨੂੰ ਬਿਆਨ ਰਹੇ ਹਨ ਕਿ ਮਨਮੁਖ ਮੌਤ ਤੋਂ ਬਾਅਦ ਵੀ ਬਾਰ ਬਾਰ ਦੇ ਜਨਮ ਮਰਨ ਦੇ ਗੇੜਾਂ `ਚ ਫ਼ਸਦਾ ਹੈ ਜਿਵੇਂ “ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ॥ ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ॥ ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ” (ਪੰ: ੫੦) ਇਸੇ ਤਰ੍ਹ੍ਰਾਂ “ਅਨਿਕ ਰਸਾ ਖਾਏ ਜੈਸੇ ਢੋਰ॥ ਮੋਹ ਕੀ ਜੇਵਰੀ ਬਾਧਿਓ ਚੋਰ॥   ॥ ਮਿਰਤਕ ਦੇਹ ਸਾਧਸੰਗ ਬਿਹੂਨਾ॥ ਆਵਤ ਜਾਤ ਜੋਨੀ ਦੁਖ ਖੀਨਾ” (ਪੰ: ੧੯੦) ਅਥਵਾ “ਉਪਜੈ ਪਚੈ ਹਰਿ ਬੂਝੈ ਨਾਹੀ॥ ਅਨਦਿਨੁ ਦੂਜੈ ਭਾਇ ਫਿਰਾਹੀ॥ ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ” (ਪੰ: ੧੨੭) ਉਪ੍ਰੰਤ ਫ਼ੈਸਲਾ ਹੈ “ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ, ਬਹੁ ਜੋਨਿ ਭਰਮਾਦਿ” (ਪੰ: ੮੧੦)

“ਚਿਰੰਕਾਲ ਪਾਈ ਦ੍ਰੁਲਭ ਦੇਹ” - ਜਿਹੜੇ ਬਿਰਥਾ ਹੱਠ ਕਰਦੇ ਹਨ ਕਿ ਇਸ ਸਰੀਰ ਹੀ ਸਭਕੁਝ ਹੈ ਅਤੇ ਇਸ ਦਾ ਅੱਗਾ-ਪਿਛਾ ਕੁੱਝ ਨਹੀਂ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਜਨਮ-ਮਰਨ ਕੋਈ ਵਿਸ਼ਾ ਹੀ ਨਹੀਂ। ਉਹ ਲੋਕ ਵਿਚਾਰਣ ਜੇਕਰ ਉਹਨਾਂ ਦਾ ਕਿਹਾ ਹੀ ਸੱਚ ਹੈ ਤਾਂ ਗੁਰਬਾਣੀ `ਚ ਇਸ ਸਰੀਰ ਲਈ “ਚਿਰੰਕਾਲ ਪਾਈ ਦ੍ਰੁਲਭ ਦੇਹ” ਲਫ਼ਜ਼ ਕਿਉਂ ਵਰਤੇ ਹਨ। ਕਿਉਂਕਿ “ਚਿਰੰਕਾਲ” ਦੇ ਅਰਥ ਹੀ ਹਨ ਬੜੇ ਲੰਮੇਂ ਸਮੇਂ ਬਾਅਦ ਜਦਕਿ ਵਿਚਲੇ ਸਮੇਂ `ਚ ਦੂਜੇ ਸਰੀਰ ਹੀ ਮਿਲਦੇ ਰਹੇ। ਇਸੇ ਤਰ੍ਹਾਂ ਇਸ ਸਰੀਰ ਨੂੰ “ਦ੍ਰੁਲਭ ਦੇਹ” ਵੀ ਕਿਹਾ ਹੈ। ਦ੍ਰੁਲਭ ਦੇ ਅਰਥ ਵੀ ਹਨ ਬਹੁਤ ਮੁਸ਼ਕਲ ਜਾਂ ਸਬੱਬ ਨਾਲ ਪ੍ਰਾਪਤ ਹੋਣ ਵਾਲਾ ਸਰੀਰ। ਇਸ ਪ੍ਰਤੀ ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਜਿਵੇਂ ੧.”ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ॥ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ” (ਪੰ: ੨੨੦)। ੨.”ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ ਫਿਰਿ ਇਆ ਅਉਸਰੁ ਚਰੈ ਨ ਹਾਥਾ” (ਪੰ: ੨੫੮) “ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ॥ ਨਾਨਕ ਤਾ ਕੀ ਭਗਤਿ ਕਰੇਹ” (ਪੰ: ੨੭੦)। ੩.”ਰਾਮ ਨਾਮ ਤਤੁ ਕਰਹੁ ਬੀਚਾਰੁ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ” (ਪੰ: ੨੯੩)। ੪.”ਜਨਮ ਮਰਨ ਤਾ ਕਾ ਦੂਖੁ ਨਿਵਾਰੈ॥ ਦੁਲਭ ਦੇਹ ਤਤਕਾਲ ਉਧਾਰੈ” (ਪੰ: ੨੯੬)। ੫.”ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ” (ਪੰ: ੬੩੧) ੬.”ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀਂ ਪਾਈ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ” (ਪੰ: ੬੩੨)। ੭.”ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ” (ਪੰ: ੮੧੦) ੮.”ਚਿਰੰਕਾਲ ਪਾਈ ਦ੍ਰੁਲਭ ਦੇਹ॥ ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ” (ਪੰ: ੮੯੦) “ਦੁਲਭ ਦੇਹ ਸਵਾਰਿ॥ ਜਾਹਿ ਨ ਦਰਗਹ ਹਾਰਿ॥ ਹਲਤਿ ਪਲਤਿ ਤੁਧੁ ਹੋਇ ਵਡਿਆਈ॥ ਅੰਤ ਕੀ ਬੇਲਾ ਲਏ ਛਡਾਈ” (ਪੰ: ੮੯੫) “ਦੁਲਭ ਦੇਹ ਆਈ ਪਰਵਾਨੁ॥ ਸਫਲ ਹੋਈ ਜਪਿ ਹਰਿ ਹਰਿ ਨਾਮੁ” (ਪੰ: ੧੧੪੮) “ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥  ੨੭ ॥” (ਪੰ: ੧੪੨੭) ਬਲਕਿ ਇਸ ਨੂੰ ਇਸ ਤਰ੍ਹਾਂ ਵੀ ਬਿਆਣਿਆ ਹੈ ਜਿਵੇਂ “ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ॥ ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ” (ਪੰ: ੨੨੦)।

“ਦੇਹੀ ਜਾਤਿ ਨ ਆਗੈ ਜਾਏ” -ਇਥੇ ਹੀ ਬੱਸ ਨਹੀਂ, ਜੇਕਰ ਕਮਿਉਨਿਸਟਾਂ ਵਾਂਗ ਸਿੱਖ ਧਰਮ `ਚ ਵੀ ਜਨਮ-ਮਰਨ ਤੇ ਜੂਨੀਆਂ ਵਾਲਾ ਵਿਸ਼ਾ ਹੀ ਨਹੀਂ ਤਾਂ ਗੁਰਬਾਣੀ `ਚ ਸਰੀਰ ਤਿਆਗਣ ਬਾਅਦ ਵਾਲੇ ਪ੍ਰਭੂ ਦੇ ਨਿਆਂ ਦਾ ਜ਼ਿਕਰ ਵੀ ਬਹੁਤ ਵਾਰੀ ਹੈ; ਤਾਂ ਫ਼ਿਰ ਸਾਡੇ ਇਹਨਾ ਵਿਦਵਾਨਾਂ ਅਨੁਸਾਰ ਉਹ ਕੀ ਹੈ? ਮਿਸਾਲ ਵਜੋਂ ਕੁੱਝ ਫ਼ੁਰਮਾਣ “ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ” (ਪੰ: ੧੩) ਹੋਰ “ਇਹੁ ਜਨਮੁ (ਭਾਵ ਇਹ ਮਨੁੱਖਾ ਜਨਮ) ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ॥ ਪਗਿ ਖਿਸਿਐ ਰਹਣਾ ਨਹੀਂ ਆਗੈ ਠਉਰੁ ਨ ਪਾਇ॥ ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ॥ ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ” (ਪੰ: ੨੮)। ਬਲਕਿ ਇਥੇ ਤਾਂ ਸਪਸ਼ਟ ਲਫ਼ਜ਼ਾਂ `ਚ ਸਰੀਰ ਤਿਆਗਣ ਤੋਂ ਬਾਅਦ ਦੀ ਗੱਲ ਹੋ ਰਹੀ ਹੈ ਜਿਵੇਂ “ਦੇਹੀ ਜਾਤਿ ਨ ਆਗੈ ਜਾਏ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੈ ਐਥੈ ਓਥੈ ਨਾਮਿ ਸਮਾਵਣਿਆ” (ਪੰ: ੧੧੨) ਭਾਵ ਜਿਸ ਵੇਲੇ ਤੇਰੇ ਕਰਮਾਂ ਦਾ ਲੇਖਾ ਹੋਣਾ ਹੈ ਉਸ ਵੇਲੇ ਨਾ ਤਾਂ ਤੇਰੇ ਇਸ ਸਰੀਰ ਨੇ ਨਾਲ ਜਾਣਾ ਹੈ ਤੇ ਨਾ ਤੇਰੇ ਜਾਤ ਪਾਤ ਦੇ ਹੰਕਾਰ ਨੇ। ਇਹ ਤਾਂ ਇਥੇ ਕੇਵਲ ਇਸ਼ਾਰਾ ਮਾਤ੍ਰ ਹੀ ਹੈ।

“ਜੈਸੀ ਕਲਮ ਵੁੜੀ ਹੈ ਮਸਤਕਿ, ਤੈਸੀ ਜੀਅੜੇ ਪਾਸਿ” -ਇਥੋਂ ਤੀਕ ਕਿ ਜੀਵ ਸੰਸਾਰ `ਚ ਆਉਂਦਾ ਵੀ ਹੈ ਤਾਂ ਵੀ ਆਪਣੇ ਪਹਿਲੇ ਕਰਮਾਂ ਦਾ ਲੇਖਾ ਨਾਲ ਲੈ ਕੇ ਹੀ ਆਉਂਦਾ ਹੈ ਜਿਵੇਂ “ਜੈਸੀ ਕਲਮ ਵੁੜੀ ਹੈ ਮਸਤਕਿ, ਤੈਸੀ ਜੀਅੜੇ ਪਾਸਿ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ, ਹੁਕਮਿ ਪਇਆ ਗਰਭਾਸਿ (ਪੰ: ੭੪) ਅਤੇ “ਹੋਰ ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ” (ਪੰ: ੫੮੨) ਧਿਆਣ ਰਹੇ “ਨਾਂਗੜਾ ਆਇਆ ਜਗ ਮਹਿ” ਦੇ ਅਰਥ ਹਨ ਕਿ ਜਦੋਂ ਇਸ ਨੂੰ ਇਸ ਤੋਂ ਪਹਿਲਾਂ ਮਨੁੱਖ ਦਾ ਜਨਮ ਮਿਲਿਆ ਸੀ ਤਾਂ ਵੀ ਇਸ ਨੇ ਨਹੀਂ ਸੀ ਕਮਾਇਆ। ਨਤੀਜਾ ਇਸ ਨੂੰ ਮੁੜ ਜੂਨਾਂ `ਚ ਪੈਣਾ ਪਿਆ। ਉਪ੍ਰੰਤ ਚੂਂਕਿ ਇਸ ਜਨਮ `ਚ ਵੀ ਇਹ “ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ” ਇਸ ਨੇ ਆਪਣੇ ਜੀਵਨ ਨੂੰ ਸੱਚ ਦੀ ਮਰਿਆਦਾ `ਚ ਨਹੀਂ ਬਨਿੰਆਂ ਜਿਸ ਕਰ ਕੇ ਇਸ ਨੂੰ ਫ਼ਿਰ ਤੋਂ ਜੂਨਾਂ `ਚ ਹੀ ਪੈਣਾ ਪੈ ਰਿਹਾ ਹੈ, ਆਦਿ।

ਇਹ ਜੂਨੀਆਂ ਵਾਲਾ ਚੱਕਰ ਹੈ ਕੀ? ਸਮਝਣਾ ਹੈ ਕਿ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਅਨੁਸਾਰ ਫਲ, ਫ਼ੁਲ ਪੱਤੇ, ਜੰਗਲੀ ਤੇ ਜੜੀ ਬੂਟੀਆਂ, ਝਾੜੀਆਂ ਆਦਿ, ਪਾਣੀ ਵਿਚਲੇ ਬੇਅੰਤ ਪ੍ਰਕਾਰ ਦੇ ਜੀਵ, ਹਵਾ ਦੇ ਜੀਵ, ਉਪ੍ਰੰਤ ਧਰਤੀ ਉਪਰ ਤੇ ਧਰਤੀ ਹੇਠਾਂ ਜੀਵ। ਇਹਨਾ ਤੋਂ ਇਲਾਵਾ ਬੇਅੰਤ ਖਣਿਜ, ਪਰਬਤ ਆਦਿ ਅਣਗਿਣਤ ਜੂਨੀਆਂ। ਇਹ ਸਭ ਜੂਨੀਆਂ ਦਰਅਸਲ ਮਨੁੱਖਾ ਜਨਮ ਦੇ ਨਿਹਫਲ ਤੇ ਬਿਰਥਾ ਹੋਣ ਦਾ ਹੀ ਨਤੀਜਾ ਹੁੰਦੀਆਂ ਹਨ। ਪ੍ਰਾਪਤ ਮਨੁੱਖਾ ਜਨਮ ਤੋਂ ਪਹਿਲਾਂ ਮੁੱਕ ਚੁੱਕੇ ਮਨੁੱਖਾ ਜਨਮ ਸਮੇਂ ਹਉਮੈ-ਵਿਕਾਰਾਂ ਅਧੀਨ ਕੀਤੇ ਚੰਗੇ-ਮਾੜੇ ਕਰਮਾਂ-ਸੰਸਕਾਰਾਂ ਦਾ ਹੀ ਲੇਖਾ-ਜੋਖਾ ਹੁੰਦੀਆਂ ਹਨ।

ਇਥੇ ਕੇਵਲ ਇਹੀ ਦੇਖਣਾ ਹੈ ਕਿ ਗੁਰਬਾਣੀ ਵਿਚੋਂ ਭਿੰਨ ਭਿੰਨ ਜੂਨਾਂ ਸਬੰਧੀ ਜੇ ਕੇਵਲ ਇੱਕ ਇੱਕ ਪੱਖ ਨੂੰ ਲੈ ਕੇ ਵੰਣਗੀਆਂ ਦੇ ਆਧਾਰ `ਤੇ ਹੀ ਗੱਲ ਕਰਣੀ ਹੋਵੇ ਤਾਂ ਇੱਕ ਇੱਕ ਵਿਸ਼ੇ `ਤੇ ਪੂਰੀ ਪੂਰੀ ਪੁਸਤਕ ਵੀ ਲਿਖੀ ਜਾ ਸਕਦੀ ਹੈ। ਗੁਰਬਾਣੀ `ਚ ਇਹ ਵਿਸ਼ਾ ਬਹੁਤ ਵਿਰਾਟ ਹੈ, ਇਸ ਲਈ ਇਸ ਗੁਰਮਤਿ ਪਾਠ `ਚ ਗੁਰਬਾਣੀ ਪ੍ਰਮਾਣਾਂ ਦੀ ਵੀ ਕੁੱਝ ਬਹੁਤਾਇਤ ਹੈ। ਕਾਰਨ, ਇਹ ਵਿਸ਼ਾ ਬਹੁਤਾ ਕਰਕੇ ਹੈ ਹੀ ਪ੍ਰਮਾਣਾਂ `ਤੇ ਆਧਾਰਿਤ। ਇਥੇ ਗੁਰਬਾਣੀ ਪ੍ਰਮਾਣਾਂ ਨੇ ਹੀ ਇਸ ਪੱਖੋਂ ਗੁਰਮਤਿ ਦੇ ਸੱਚ ਨੂੰ ਪ੍ਰਗਟ ਕਰਣਾ ਸੀ, ਸਾਡੀਆਂ ਵਿਚਾਰਾਂ ਨੇ ਨਹੀਂ। ਫ਼ਿਰ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰਬਾਣੀ ਪ੍ਰਮਾਣ ਕੇਵਲ ਲੋੜ ਅਨੁਸਾਰ ਹੀ ਵਰਤੇ ਜਾਣ, ਉਸ ਤੋਂ ਵੱਧ ਨਹੀਂ। #198.10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 198

ਗੁਰਬਾਣੀ `ਚ ਜੂਨੀਆਂ ਦੇ ਭਿੰਨ ਭਿੰਨ ਰੂਪ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.