.

ਚਉਦਹ ਲੋਕ/ਭਵਨ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨ ਮਤ ਸ਼ਬਦਾਵਲੀ ਦੇ ਅਨੇਕਾਂ ਸ਼ਬਦਾਂ ਵਿਚੋਂ ਹੀ ਇੱਕ ਸ਼ਬਦ `ਚਉਦਹ ਲੋਕ/ਭਵਨ’ ਸ਼ਬਦ ਵੀ ਆਇਆ ਹੈ। ਬਾਣੀਕਾਰਾਂ ਨੇ ਜਿਸ ਤਰ੍ਹਾਂ ਅਨ ਮਤ ਸ਼ਬਦਾਵਲੀ ਦੇ ਅਨੇਕਾਂ ਸ਼ਬਦਾਂ ਨੂੰ ਪ੍ਰਚਲਤ ਅਰਥਾਂ ਵਿੱਚ ਵਰਤਣ ਦੀ ਥਾਂ ਨਵੀਨ ਅਰਥ ਵਿੱਚ ਵਰਤਿਆ ਹੈ, ਉਸੇ ਤਰ੍ਹਾਂ `ਚਉਦਹ ਲੋਕ’ ਸ਼ਬਦ ਨੂੰ ਵੀ ਵਰਤਿਆ ਹੈ।
‘ਲੋਕ’ ਸ਼ਬਦ ਦਾ ਅਰਥ ਹੈ (ਇਸ ਪ੍ਰਕਰਣ ਵਿਚ) ਸੰਸਾਰ ਦਾ ਹਿੱਸਾ ਜਾਂ ਭਾਗ। ਪੁਰਾਣਿਕ ਸਾਹਿਤ ਵਿੱਚ ‘ਲੋਕਾਂ’ ਦੀ ਗਿਣਤੀ ‘ਤਿੰਨ ਲੋਕਾਂ’ ਤੋਂ ਇਲਾਵਾ `ਚੌਦਾਂ ਲੋਕਾਂ’ ਦੀ ਧਾਰਨਾ ਵੀ ਪਾਈ ਜਾਂਦੀ ਹੈ। ਇਨ੍ਹਾਂ ਚੌਦਾਂ ਲੋਕਾਂ’ ਵਿਚੋਂ ਸੱਤ ਲੋਕ ਉਪਰ ਮੰਨੇ ਗਏ ਹਨ ਅਤੇ ਸੱਤ ਹੇਠਾਂ ਮੰਨੇ ਗਏ ਹਨ। ਉਪਰਲੇ ਲੋਕ ਇਹ ਮੰਨੇ ਗਏ ਹਨ: ਭੂ, ਭੂਵ: , ਸਵ, ਮਹ: , ਜਨ, ਤਪ ਤੇ ਸਤ ਅਤੇ ਹੇਠਲੇ ਲੋਕ ਹਨ: ਅਤਲ, ਸੁਤਲ, ਵਿਤਲ, ਤਲਾਤਲ, ਮਹਾਂਤਲ, ਰਸਾਤਲ ਤੇ ਪਾਤਾਲ।
(ਨੋਟ: ਜਯੋਤਿਸ਼ ਗ੍ਰੰਥ ਸਿੱਧਾਂਤ ਸਿਰੋਮਣਿ ਵਿੱਚ ਜ਼ਮੀਨ ਉੱਤੇ ਹੀ ਚੌਦਾਂ ਲੋਕ ਹੋਣੇ ਮੰਨੇ ਹਨ। (ਮਹਾਨ ਕੋਸ਼) ਗੁਰੂ ਗ੍ਰੰਥ ਸੰਕੇਤ ਕੋਸ਼ ਦੇ ਲੇਖਕ ਦਾ ਖ਼ਿਆਲ ਹੈ ਕਿ “ਨਵੀਨ ਦ੍ਰਿਸ਼ਟੀ ਤੋਂ ਇਹ ਉੱਚੇ ਨੀਵੇਂ ਥਾਵਾਂ ਦੇ ਖ਼ਾਸ ਇਲਾਕੇ ਯਾ ਮੁਲਕ ਸਨ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਹੜੇ–ਕਿਹੜੇ ਸਨ।” ਸਾਮੀ ਗ੍ਰੰਥਾਂ ਵਿੱਚ ਵੀ ਚੌਦਾਂ ਤਬਕਾਂ (ਲੋਕਾਂ) ਦਾ ਵਰਣਨ ਮਿਲਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕ੍ਰੋੜਾਂ ਬ੍ਰਹਮੰਡਾਂ ਦੀ ਗੱਲ ਕਰਕੇ ਵੀ ਫਿਰ ਇਹੀ ਸਪਸ਼ਟ ਕੀਤਾ ਹੈ ਕਿ ਪ੍ਰਭੂ ਦੀ ਰਚਨਾ ਬਾਰੇ ਕ੍ਰੋੜਾਂ ਸ਼ਬਦ ਵੀ ਵਰਤਣੇ ਜੋਗ ਨਹੀਂ ਹਨ। ਚੂੰਕਿ ਇਸ ਰਚਨਾ ਦਾ ਕੋਈ ਲੇਖਾ-ਜੋਖਾ ਹੈ ਹੀ ਨਹੀਂ ਹੈ। ਇਸ ਲਈ ਬਾਣੀ ਵਿੱਚ ਇਸ ਸਬੰਧ ਵਿੱਚ ਨਿਰਣਾਇਕ ਫ਼ੈਸਲਾ ਦੇਂਦਿਆਂ ਕਿਹਾ ਹੈ ‘ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ’।
ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ `ਚਉਦਹ ਲੋਕ/ਭਵਨ’ ਸ਼ਬਦ ਆਇਆ ਹੈ ਤਾਂ ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਹੈ ਕਿ ਬਾਣੀਕਾਰਾਂ ਨੇ ਪ੍ਰਲਚਤ ਅਰਥਾਂ ਵਿੱਚ ਵਰਤ ਕੇ, ਪੁਰਾਣਿਕ ਵਿਸ਼ਵਾਸ ਅਨੁਸਾਰ ਹੀ ਇਨ੍ਹਾਂ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਗੁਰਬਾਣੀ ਵਿੱਚ ਇਸ ਸ਼ਬਦ (ਚਉਦਹ ਲੋਕ) ਨੂੰ ਸਾਰੀ ਸ੍ਰਿਸ਼ਟੀ/ਸੰਸਾਰ ਦੇ ਅਰਥ ਵਿੱਚ ਹੀ ਵਰਤਿਆ ਹੈ। ਜਿਵੇਂ:-
(ੳ) ਚਉਦਸਿ ਚਉਦਹ ਲੋਕ ਮਝਾਰਿ॥ ਰੋਮ ਰੋਮ ਮਹਿ ਬਸਹਿ ਮੁਰਾਰਿ॥ (ਪੰਨਾ 344) ਅਰਥ: (ਹੇ ਭਾਈ!) ਪ੍ਰਭੂ ਜੀ: ਚਉਦਹ ਲੋਕ (ਭਾਵ) ਸਾਰੀ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿੱਚ ਵੱਸ ਰਹੇ ਹਨ।
(ਅ) ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ॥ ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ॥ 14॥ (ਪੰਨਾ 299) ਅਰਥ: ਚਾਰ ਪਾਸੇ ਤੇ ਚੌਦਾਂ ਲੋਕ—ਸਭਨਾਂ ਵਿੱਚ ਹੀ ਪਰਮਾਤਮਾ ਵੱਸ ਰਿਹਾ ਹੈ। ਹੇ ਨਾਨਕ! (ਉਸ ਪਰਮਾਤਮਾ ਦੇ ਭੰਡਾਰਿਆਂ ਵਿਚ) ਕੋਈ ਕਮੀ ਨਹੀਂ ਵੇਖੀ ਜਾਂਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ।
(ੲ) ਦੁਇ ਦੀਵੇ ਚਉਦਹ ਹਟਨਾਲੇ॥ ਜੇਤੇ ਜੀਅ ਤੇਤੇ ਵਣਜਾਰੇ॥ ਖੁਲੇੑ ਹਟ ਹੋਆ ਵਾਪਾਰੁ॥ ਜੋ ਪਹੁਚੈ ਸੋ ਚਲਣਹਾਰੁ॥ (ਪੰਨਾ 789) ਅਰਥ: ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ, ਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ। ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ), ਵਪਾਰ ਹੋਣ ਲੱਗ ਪਿਆ। ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।
(ਸ) ਚਉਦਹ ਭਵਣ ਤੇਰੇ ਹਟਨਾਲੇ॥ ਸਤਿਗੁਰਿ ਦਿਖਾਏ ਅੰਤਰਿ ਨਾਲੇ॥ ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ॥ 3॥ (ਪੰਨਾ 1062) ਅਰਥ: ਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ। ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)। ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ, ਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ। (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ)।
(ਹ) ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ॥ ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ॥ 1॥ (ਪੰਨਾ 1190) ਅਰਥ: (ਜਦੋਂ ਇਥੇ ਹਿੰਦੂ-ਰਾਜ ਸੀ ਤਾਂ ਲੋਕ ਹੇਂਦਕੇ ਲਫ਼ਜ਼ ਹੀ ਵਰਤਦੇ ਸਨ ਤੇ ਆਖਿਆ ਕਰਦੇ ਸਨ ਕਿ) ਹੇ ਪ੍ਰਭੂ! ਨੌ ਖੰਡ, ਸੱਤ ਦੀਪ, ਚੌਦਾਂ ਭਵਨ, ਤਿੰਨ ਲੋਕ ਤੇ ਚਾਰ ਜੁਗ ਬਣਾ ਕੇ ਤੂੰ ਚਾਰ ਖਾਣੀਆਂ ਦੀ ਰਾਹੀਂ ਇਸ (ਸ਼੍ਰਿਸ਼ਟੀ-) ਹਵੇਲੀ ਨੂੰ ਵਸਾ ਦਿੱਤਾ, ਤੂੰ (ਚਾਰ ਵੇਦ-ਰੂਪ) ਚਾਰ ਦੀਵੇ ਚੌਹਾਂ ਜੁਗਾਂ ਦੇ ਹੱਥ ਵਿੱਚ ਆਪੋ ਆਪਣੀ ਵਾਰੀ ਫੜਾ ਦਿੱਤੇ।
ਪੁਰਾਣ ਸਾਹਿਤ ਵਿੱਚ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ ਨੂੰ ਵੀ ‘ਲੋਕ’ ਕਿਹਾ ਗਿਆ ਹੈ: ਬ੍ਰਹਮ- ਲੋਕ, ਸ਼ਿਵ-ਲੋਕ, ਸੂਰਜ ਲੋਕ, ਚੰਦ੍ਰਮਾ-ਲੋਕ ਆਦਿ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਬ੍ਰਹਮ- ਲੋਕ’ ਆਦਿ ਦਾ ਵਰਣਨ ਆਇਆ ਹੈ ਪਰੰਤੂ ਇਸ ਦਾ ਇਹ ਭਾਵ ਨਹੀਂ ਹੈ ਕਿ ਬਾਣੀਕਾਰਾਂ ਨੇ ਬ੍ਰਹਮ ਲੋਕ ਆਦਿ ਦੀ ਹੋਂਦ ਨੂੰ ਮੰਨਿਆ ਹੈ। ਗੁਰਬਾਣੀ ਦੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਸ਼ਬਦ ਦੀ ਵਰਤੋਂ ਦੇ ਮਨੋਰਥ ਨੂੰ ਦੇਖਿਆ ਜਾ ਸਕਦਾ ਹੈ:-
(ੳ) ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ॥ ਸਾਧਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ॥ 1॥ (ਪੰਨਾ 500) ਇਸ ਸ਼ਬਦ ਵਿੱਚ ਮੁੱਖ ਰੂਪ ਵਿੱਚ ਜੋ ਗੱਲ ਸਮਝਾਈ ਜਾ ਰਹੀ ਹੈ, ਉਸ ਦਾ ਵਰਣਨ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਵਿੱਚ ਹੈ। ਰਹਾਉ ਦੀਆਂ ਪੰਗਤੀਆਂ ਹਨ:- ਅਬ ਮੋਹਿ ਆਇ ਪਰਿਓ ਸਰਨਾਇ॥ ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ॥ 1॥ ਰਹਾਉ॥ ਅਰਥ:- (ਹੇ ਭਾਈ! ਸੰਸਾਰ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਵੇਖ ਕੇ) ਹੁਣ ਮੈਂ (ਆਪਣੇ ਸਤਿਗੁਰੂ ਦੀ) ਸਰਨ ਆ ਪਿਆ ਹਾਂ। (ਤ੍ਰਿਸ਼ਨਾ ਦੀ) ਗੁੱਝੀ ਅੱਗ (ਸੰਸਾਰ ਨੂੰ) ਬਹੁਤ ਬੁਰੀ ਤਰ੍ਹਾਂ ਸਾੜ ਰਹੀ ਹੈ (ਇਸ ਤੋਂ ਬਚਣ ਲਈ) ਗੁਰੂ ਨੇ ਮੈਨੂੰ (ਤਰੀਕਾ) ਦੱਸ ਦਿੱਤਾ ਹੈ। 1. ਰਹਾਉ।
ਇਨ੍ਹਾਂ ਤੁਕਾਂ ਦਾ ਹੀ ਖ਼ੁਲਾਸਾ ਸ਼ਬਦ ਦੇ ਦੋਹਾਂ ਬੰਦਾਂ ਵਿੱਚ ਕਰਦਿਆਂ ਹੋਇਆਂ ਫ਼ਰਮਾਇਆ ਹੈ:- ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ॥ ਸਾਧਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ॥ 1॥ (ਪੰਨਾ 500) ਅਰਥ: (ਹੇ ਭਾਈ! ਮਾਇਆ ਬ੍ਰਹਮਾ ਸ਼ਿਵ ਇੰਦ੍ਰ ਆਦਿਕ ਦੇਵਤਿਆਂ ਉਤੇ ਭੀ ਆਪਣਾ (ਪ੍ਰਭਾਵ ਪਾ ਕੇ) ਬ੍ਰਹਮ-ਪੁਰੀ, ਸ਼ਿਵ-ਪੁਰੀ ਅਤੇ ਇੰਦ੍ਰ-ਪੁਰੀ ਤੋਂ ਹੱਲਾ ਕਰ ਕੇ (ਸੰਸਾਰਕ ਜੀਵਾਂ ਵਲ) ਆਈ ਹੈ। (ਪਰ) ਸਾਧ ਸੰਗਤਿ ਵਲ (ਤਾਂ ਇਹ ਮਾਇਆ) ਤੱਕ ਭੀ ਨਹੀਂ ਸਕਦੀ, (ਇਹ ਮਾਇਆ ਸਤਸੰਗੀਆਂ ਦੇ) ਪੈਰ ਮਲ ਮਲ ਕੇ ਧੋਂਦੀ ਹੈ।
ਸਿਧ ਸਾਧਿਕ ਅਰੁ ਜਖ੍ਯ੍ਯ ਕਿੰਨਰ ਨਰ ਰਹੀ ਕੰਠਿ ਉਰਝਾਇ॥ ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ॥ 2॥ ਅਰਥ:-ਜੋਗ-ਸਾਧਨਾਂ ਵਿੱਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਸਾਧੂ, ਜਖ੍ਯ੍ਯ, ਕਿੰਨਰ, ਮਨੁੱਖ—ਇਹਨਾਂ ਸਭਨਾਂ ਦੇ ਗਲ ਨਾਲ ਮਾਇਆ ਚੰਬੜੀ ਰਹਿੰਦੀ ਹੈ। ਪਰ, ਹੇ ਨਾਨਕ! ਆਪਣੇ ਦਾਸਾਂ ਦਾ ਪੱਖ ਉਸ ਪ੍ਰਭੂ ਨੇ ਉਸ ਕਰਤਾਰ ਨੇ ਕੀਤਾ ਹੋਇਆ ਹੈ ਜਿਸ ਦੇ ਦਰ ਤੇ ਇਹੋ ਜਿਹੀਆਂ (ਇਸ ਮਾਇਆ ਜਿਹੀਆਂ) ਕ੍ਰੋੜਾਂ ਹੀ ਦਾਸੀਆਂ ਹਨ। 2.
(ਅ) ਇੰਦ੍ਰ ਲੋਕ ਸਿਵ ਲੋਕਹਿ ਜੈਬੋ॥ ਓਛੇ ਤਪ ਕਰਿ ਬਾਹੁਰਿ ਐਬੋ॥ 1॥ (ਪੰਨਾ 692) ਅਰਥ: ਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਇਗਾ ਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ (ਭਾਵ, ਸ਼ਾਸਤ੍ਰ ਦੇ ਆਪਣੇ ਹੀ ਲਿਖੇ ਅਨੁਸਾਰ ਇਹਨੀਂ ਥਾਈਂ ਭੀ ਸਦਾ ਨਹੀਂ ਟਿਕੇ ਰਹਿ ਸਕੀਦਾ) ।
ਇਸ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਹਨ: ਕਿਆ ਮਾਂਗਉ ਕਿਛੁ ਥਿਰੁ ਨਾਹੀ॥ ਰਾਮ ਨਾਮ ਰਖੁ ਮਨ ਮਾਹੀ॥ 1॥ ਰਹਾਉ॥ ਅਰਥ: (ਮੈਂ ਆਪਣੇ ਪ੍ਰਭੂ ਪਾਸੋਂ 'ਨਾਮ' ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ) ।੧।ਰਹਾਉ।
ਸੋਭਾ ਰਾਜ ਬਿਭੈ ਬਡਿਆਈ॥ ਅੰਤਿ ਨ ਕਾਹੂ ਸੰਗ ਸਹਾਈ॥ 2॥ ਅਰਥ: ਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ-ਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣ ਸਕਦਾ।੨।
ਪੁਤ੍ਰ ਕਲਤ੍ਰ ਲਛਮੀ ਮਾਇਆ॥ ਇਨ ਤੇ ਕਹੁ ਕਵਨੈ ਸੁਖੁ ਪਾਇਆ॥ 3॥ ਅਰਥ: ਪੁੱਤਰ ਵਹੁਟੀ, ਧਨ ਪਦਾਰਥ-ਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ? ।੩।
ਕਹਤ ਕਬੀਰ ਅਵਰ ਨਹੀ ਕਾਮਾ॥ ਹਮਰੈ ਮਨ ਧਨ ਰਾਮ ਕੋ ਨਾਮਾ॥ 4॥ ਅਰਥ: ਕਬੀਰ ਆਖਦਾ ਹੈ- (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੋਰ ਕੋਈ ਕੰਮ ਕਿਸੇ ਅਰਥ ਨਹੀਂ। ਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ।੪।
ਸੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ `ਚਉਦਹ ਲੋਕ/ਭਵਨ’ ਸ਼ਬਦ ਨੂੰ ਪੁਰਾਣ ਸਾਹਿਤ ਦੇ ਭਾਵਾਰਥ ਵਿੱਚ ਨਹੀਂ ਬਲਕਿ ਸੰਸਾਰ ਦੇ ਅਰਥਾਂ ਵਿੱਚ ਹੀ ਆਇਆ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਦੀ ਰਚਨਾ ਸਬੰਧੀ ਬੇਅੰਤ ਬੇਅੰਤ ਦੀ ਧਾਰਨਾ ਨੂੰ ਹੀ ਅਪਣਾਉਂਦਿਆਂ ਹੋਇਆਂ, ਇਹ ਸਪਸ਼ਟ ਕੀਤਾ ਹੈ ਕਿ ਇਸ ਦਾ ਲੇਖਾ-ਜੋਖਾ ਸੰਭਵ ਨਹੀਂ ਹੈ। ਇਸ ਲਈ ਪ੍ਰਭੂ ਦੇ ਇਸ ਪਸਾਰੇ ਸਬੰਧੀ ਕਿਸੇ ਤਰ੍ਹਾਂ ਦੀ ਵੀ ਗਿਣਤੀ-ਮਿਣਤੀ ਦਾ ਮਾਪਦੰਡ ਨਹੀਂ ਅਪਣਾਇਆ ਹੈ। ਬ੍ਰਹਮ ਲੋਕ ਆਦਿ ਪੁਰਾਣ ਸਾਹਿਤ ਦੀ ਸ਼ਬਦਾਵਲੀ ਨੂੰ ਮਹਿਜ਼ ਹਵਾਲੇ ਵਜੋਂ ਹੀ ਵਰਤ ਕੇ ਗੁਰਮਤਿ ਦਾ ਸੱਚ ਦ੍ਰਿੜ ਕਰਵਾਇਆ ਹੈ।
ਜਸਬੀਰ ਸਿੰਘ ਵੈਨਕੂਵਰ




.