.

ਅਣਗੌਲਿਆ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ

ਮਨੁੱਖਤਾ ਦੇ ਇਤਿਹਾਸ ਵਿੱਚ ਰੱਬ ਦੇ ਬੰਦਿਆਂ ਦੀ ਤਕਦੀਰ ਤੇ ਤਦਬੀਰ ਦੀ ਵੀ ਇੱਕ ਅਨੋਖੀ ਹੀ ਕਹਾਣੀ ਹੈ। ਰੱਬੀ ਰਜ਼ਾ ਦੀ ਇੱਕ ਅਲੌਕਿਕ ਸਿਮਤ ਇਹ ਵੀ ਹੈ ਕਿ ਮਨੁੱਖਤਾ ਦੇ ਲਿਖੇ ਇਤਿਹਾਸ ਵਿੱਚ ਈਸਾ ਮਸੀਹ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਹੱਕ-ਸੱਚ ਦੇ ਰਖਵਾਲਿਆ ਨੂੰ ਸੂਲ੍ਹੀ ਤੇ ਚੜ੍ਹਣਾ ਪਿਆ ਹੈ। ਪਰ ਇਹ ਵੀ ਕੁਦਰਤ ਦੀ ਵਿਡੰਬਣਾ ਹੈ ਕਿ ਜਿਹੜੀ ਲੋਕਾਈ ਦੇ ਲਈ ਉਹ ਮਸੀਹਾ ਬਣ ਕੇ ਆਏ; ਉਸ ਦੁਨੀਆਂ ਨੇ ਹੀ ਉਨ੍ਹਾਂ ਨੂੰ ਆਪਣੀ ਬੇਰੁਖ਼ੀ ਅਤੇ ਆਪਣੀ ਅਕ੍ਰਿਤਘਣਤਾ ਦੇ ਕਾਰਨ ਉਨ੍ਹਾਂ ਨੂੰ ਢੇਰ ਚਿਰ ਅਣਗੌਲੇ ਰੱਖ ਕੇ ਵਿਸਾਰ ਦਿੱਤਾ।
ਇਕ ਪਾਸੇ ਦੁਨੀਆਂ ਇਹ ਵੀ ਕਹਿੰਦੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ-ਮੁਰੀਦਾਂ ਨੂੰ ਵਿਸਾਰ ਦਿੰਦੀਆਂ ਹਨ, ਉਹ ਵੀ ਸਫਾ ਹਸਤੀ ਤੋਂ ਮਿਟ ਜਾਂਦੀਆਂ ਹਨ। ਪਰ ਇਸ ਦੇ ਬਾਵਜੂਦ ਵੀ ਪਤਾ ਨਹੀਂ ਇਹ ਕਿਹੋ ਜਿਹੀ ਇਲਾਹੀ ਰਜਾ ਹੈ ਕਿ ਈਸਾ ਮਸੀਹ ਤੋਂ ਲੈ ਕੇ ਅਜੋਕੇ ਸਮੇਂ ਤੱਕ ਕੌਮ ਦੇ ਸ਼ਹੀਦਾਂ-ਮੁਰੀਦਾਂ ਨੂੰ ਦੁਨੀਆਂ ਨੇ ਅਕਸਰ ਭੁਲਾਇਆ ਤੇ ਵਿਸਾਰਿਆ ਹੀ ਹੈ। ਹਾਂ! ਇੰਨਾਜ਼ਰੂਰ ਹੈ ਕਿ ਕਦੇ-ਕਦੇ ਕੁੱਝ ਮਜਬੂਰੀ ਮਾਤਰ ਸ਼ਹੀਦੀ ਪਹਿਰਿਆਂ ਦੇ ਤਹਿਤ ਕਿਸੇ ਵਿਖਾਵੇ ਵਜੋਂ ਅਸੀਂ ਕੌਮੀ ਦਿਹਾੜੇ ਜਾਂ ਸ਼ਤਾਬਦੀਆਂ ਮਨਾਉਣ ਵੇਲੇ ਆਪਣੇ ਭਾਸ਼ਣਾਂ ਅਤੇ ਦਮਗਜਿਆਂ ਵਿੱਚ ਸ਼ਹੀਦਾਂ ਦਾ ਕੋਈ ਜ਼ਿਕਰ ਛੇੜਦੇ ਹਾਂ। ਪਰ ਸਮੁੱਚੇ ਤੌਰ ਤੇ ਕੌਮ ਦੇ ਇਨ੍ਹਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਾਡੀ ਮਾਨਸਿਕਤਾ ਜਾਂ ਸਾਡੀ ਚੇਤਨਾ ਦਾ ਅੰਗ ਨਹੀਂ ਬਣਦੀਆਂ।
ਇਥੋਂ ਤੱਕ ਕਿ ਆਜ਼ਾਦੀ ਦੇ 60-65 ਸਾਲਾਂ ਤੋਂ ਬਾਅਦ ਕੌਮੀ ਸਪੂਤਾਂ ਦੇ ਸੰਘਰਸ਼ ਤੇ ਕੁਰਬਾਨੀਆਂ ਸਾਡੇ ਸਾਹਿਤ ਅਤੇ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੀਆਂ। ਅਸੀਂ ਅਜ਼ਾਦ ਜ਼ਰੂਰ ਹੋ ਗਏ ਹਾਂ ਪਰ ਸਾਡੀ ਮਾਨਸਿਕਤਾ ਇਸ ਪੱਖੋਂ ਹਾਲੇ ਵੀ ਪੂਰੀ ਤਰ੍ਹਾਂ ਗੁਲਾਮ ਹੈ। ਅਸੀਂ ਆਪਣੇ ਰਹਿ ਚੁੱਕੇ ਹੁਕਮਰਾਨ ਮੁਗਲਾਂ ਅਤੇ ਅੰਗਰੇਜ਼ਾਂ ਨੇ ਸਾਨੂੰ ਜੋ ਸਾਹਿਤ-ਇਤਿਹਾਸ ਦਿੱਤਾ ਹੈ। ਉਸਦੇ ਹੀ ਸੋਹਲੇ ਆਪ ਗਾ ਰਹੇ ਹਾਂ ਅਤੇ ਅੱਗੇ ਆਪਣੇ ਬੱਚਿਆਂ ਨੂੰ ਯਾਦ ਕਰਵਾ ਰਹੇ ਹਾਂ। ਬੇਸ਼ੱਕ ਨਤੀਜੇ ਵਜੋਂ ਅੱਜ ਵੀ ਕੌਮ ਦਾ ਹਰ ਬਸ਼ਰ ਇੱਕ ਚਿੰਤਾ ਵਿੱਚ ਤੁਰਿਆ ਫਿਰਦਾ ਹੈ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਕਿਹੜੇ ਔਝੁੜ ਰਾਹ ਤੁਰੀਆਂ ਜਾ ਰਹੀਆਂ ਹਨ। ਪਰ ਇਹ ਛਿੰਨ ਮਾਤਰ ਜਿਹੀ ਚਿੰਤਾ ਜਿਵੇਂ ਸਾਡੇ ਲਈ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ, ਇਸ ਲਈ ਅਸੀਂ ਕਦੇ ਇਸ ਸੰਜੀਦਗੀ ਨਾਲ ਸੋਚਿਆ ਹੀ ਨਹੀਂ ਕਿ ਸਾਡੀ ਮੌਜੂਦਾ ਹਸਤੀ ਤੇ ਹੋਂਦ ਖ਼ਾਸ ਤੌਰ ਤੇ ਸਾਡੀ ਆਜ਼ਾਦੀ ਸਿਰਫ ਅਤੇ ਸਿਰਫ ਸਾਡੇ ਸ਼ਹੀਦਾਂ-ਮੁਰੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ।
ਅਸੀਂ ਅਜਿਹੇ ਹੀ ਸਰਬੰਸਦਾਨੀ ਦਸਮੇਸ਼ ਪਿਤਾ ਵਲੋਂ ਵਰੋਸਾਏ ਉਨ੍ਹਾਂ ਦੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਜੀਵਨਕਾਲ ਤੋਂ ਲੈ ਕੇ ਹੁਣ ਤੱਕ ਜਿੰਨਾ ਵਿਸਾਰਿਆ ਤੇ ਅਣਗੌਲਿਆ ਕੀਤਾ ਹੈ, ਇੰਨੀ ਅਕ੍ਰਿਤਘਣਤਾ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਕਦੇ ਦੇਖਣ ਨੂੰ ਨਹੀਂ ਮਿਲੀ। ਇਥੇ ਮਨਾ ਨੂੰ ਥੋੜ੍ਹਾ ਜਿਹਾ ਰਹਾਓ ਦੇ ਕੇ ਵਿਚਾਰਨ ਵਾਲੀ ਗੱਲ ਹੈ ਕਿ ਸਾਡਾ ਮਾਨਸਿਕ ਵਰਤਾਰਾ ਤੇ ਕਿਰਦਾਰ ਅਜਿਹਾ ਕਿਉਂ ਹੈ? ਸ਼ਾਇਦ ਇਹ ਇਸ ਲਈ ਹੈ ਕਿ ਸਾਨੂੰ ਗੁਲਾਮਜ਼ਹਿਨੀਅਤ ਵਿਰਾਸਤ ਵਿੱਚ ਹੀ ਮਿਲੀ ਹੈ? ਪਰ ਮੇਰੇ ਵਿਚਾਰ ਵਿੱਚ ਇਸਦਾ ਮੁੱਖ ਕਾਰਨ ਇਹ ਹੈ ਕਿ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦਾ ਰਸਤਾ ਤਪ-ਤਿਆਗ ਤੇ ਕੁਰਬਾਨੀ ਦੀ ਘਾਟੀ ਵਿਚੋਂ ਦੀ ਗੁਜ਼ਰਦਾ ਹੈ ਤੇ ਸਾਡਾ ਦੁਨਿਆਵੀ ਰਾਹ ਤੇ ਚਲਣ ਸੁਆਰਥ, ਲਾਲਚ ਅਤੇ ਐਸ਼ੋ-ਇਸ਼ਰਤ ਦੀਆਂ ਮਾੜੀਆਂ ਵਾਦੀਆਂ ਵਿਚੋਂ ਲੰਘਦਾ ਹੈ। ਅਜਿਹੀ ਸੋਚ ਦੇ ਤਹਿਤ ਸਾਡੀ ਆਪਣੇ ਕੌਮੀ ਸਪੂਤਾਂ ਪ੍ਰਤੀ ਚੱਲ ਹੋਊ; ਸਾਨੂੰ ਕੀ ਦੀ ਪ੍ਰਵਿਰਤੀ ਬਣੀ ਹੋਈ ਹੈ। ਅਜੋਕੇ ਰਾਜ-ਭਾਗ ਦੇ ਵਰਤਾਰੇ ਵਿੱਚ ਨੀਤੀ ਦੀ ਥਾਂ ਤੇ ਕੂਟਨੀਤੀ ਦਾ ਬੋਲਬਾਲਾ ਹੈ। ਅਸੀਂ ਸ਼ਹੀਦਾਂ ਵਿੱਚ ਵੀ ਵੰਡੀਆਂ ਪਾਉਣ ਤੋਂ ਗੁਰੇਜ਼ ਨਹੀਂ ਕਰਦੇ। ਅਸੀਂ ਉਨ੍ਹਾਂ ਨੂੰ ਆਪਣਾ ਬਣਾਉਣ ਲਈ ਵੰਡੀਆਂ ਪਾਉਂਦੇ ਹਾਂ ਤੇ ਇਸ ਪ੍ਰਕਿਰਿਆ ਵਿੱਚ ਸਾਡੇ ਕੌਮੀ ਸ਼ਹੀਦ ਸ਼ਾਇਦ ਸਾਡੇ ਪਿੰਡਾਂ ਤੇ ਨਗਰਾਂ ਤੱਕ ਹੀ ਰਹਿ ਸੀਮਤ ਹੋ ਜਾਂਦੇ ਹਨ। ਫਿਰ ਸਾਡੀ ਸੌੜੀ ਸੋਚ ਦੇ ਤਹਿਤ ਇਹ ਵੀ ਵਿਚਾਰ ਆਉਂਦਾ ਹੈ ਕਿ ਸਾਡੇ ਅੱਜ ਦੇ ਰਾਜ-ਭਾਗ ਤਾਂ ਵੋਟ-ਰਾਜ ਤੇ ਕਾਇਮ ਹਨ। ਪਰ ਸ਼ਹੀਦਾਂ ਦੀਆਂ ਤਾਂ ਵੋਟਾਂ ਹੀ ਨਹੀਂ ਹੁੰਦੀਆਂ। ਇਸ ਲਈ ਸ਼ਹੀਦਾਂ ਪ੍ਰਤੀ ਸਾਡਾ ਵਰਤਾਰਾ ‘ਤੂੰ ਕੌਣ, ਮੈਂ ਕੌਣ’ ਜਿਹਾ ਬਣ ਗਿਆ ਹੈ।
ਪੰਜਾਬ ਦੇ ਇਤਿਹਾਸ ਦੇ ਅਜਿਹੇ ਹੀ ਇੱਕ ਵਿਲੱਖਣ ਸਪੂਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਜੀਵਨ ਕਾਲ ਤੋਂ ਹੀ ਅਣਗੌਲਿਆ ਰੱਖਿਆ ਗਿਆ ਹੈ। ਜਦੋਂ ਕਿ ਉਨ੍ਹਾਂ ਦੀ ਸਾਰੀ ਜੀਵਨੀ ਤੇ ਉਨ੍ਹਾਂ ਦਾ ਫਲਸਫਾ ਆਪਣੇ ਆਖੀਰਲੇ ਸਾਹਾਂ ਤੱਕ ਸਿਰਫ ਤੇ ਸਿਰਫ ‘ਗੁਰੂ ਦੇ ਬੰਦੇ’ ਵਾਲਾ ਹੀ ਰਿਹਾ ਹੈ।
ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੇ ਸ਼ਹੀਦੀ ਸਮੇਂ 9 ਜੂਨ, 1716 ਨੂੰ ਉਸ ਵੇਲੇ ਦੇ ਮੁਗਲ ਵਾਕਿਆ ਨਵੀਸ, ਇਤਿਹਾਸਕਾਰਾਂ ਜਿਵੇਂ ਕਿ ਹਾਫੀ ਖਾਂ, ਮਿਰਜ਼ਾ ਮੁਹੰਮਦ ਹਰੀਸੀ, ਮੁਹੰਮਦ ਕਾਸਿਮ ਲਾਹੌਰੀ ਤੇ ਮੁਹੰਮਦ ਸਫੀ ਵਾਰਿਦ ਅਤੇ ਈਸਟ ਇੰਡੀਆ ਕੰਪਨੀ ਦੇ ਜੌਨ ਸਰਮਨ, ਐਡਵਰਡ ਸਟੀਫਨਸਨ ਤੇ ਹਿਊ ਬਾਰਕਰ ਜਿਹੇ ਰਿਪੋਰਟਰਾਂ ਨੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਨਾਲ ਤਕਰੀਬਨ 740 ਸਿੰਘਾਂ ਨੇ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਏ ਚੀਕ-ਚਿਹਾੜਾ ਪਾਉਣਾ ਤਾਂ ਦੂਰ ਦੀ ਗੱਲ ਹੈ, ਸਗੋਂ ਇੰਨੀ ਮਾਨਸਿਕ ਤੇ ਸਰੀਰਕ ਪੀੜਾ ਦੇ ਬਾਵਜੂਦ ਵੀ ਉਫ ਤੱਕ ਨਹੀਂ ਕੀਤੀ। ਉਨ੍ਹਾਂ ਦੇ 4-5 ਸਾਲ ਦੇ ਬੇਟੇ ਅਜੈ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਉਨ੍ਹਾਂ ਦੇ ਸਾਹਮਣੇ ਬੇ-ਰਹਿਮੀ ਨਾਲ ਕਤਲ ਕੀਤਾ ਗਿਆ। ਅਜੈ ਸਿੰਘ ਦਾ ਦਿਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਗਿਆ। ਬਾਬਾ ਜੀ ਦਾ ਮਾਸ ਗਰਮ ਜੰਮੂਰਾਂ ਨਾਲ ਨੋਚਿਆ ਗਿਆ, ਉਨ੍ਹਾਂ ਦੀਆਂ ਅੱਖਾਂ ਕੱਢੀਆਂ ਗਈਆਂ ਤੇ ਹੱਥ-ਪੈਰ ਵੱਢ ਕੇ ਸ਼ਹੀਦ ਕੀਤਾ ਗਿਆ।
ਉਸ ਸਮੇਂ ਦੇ ਕਾਜ਼ੀ ਮੁਹੰਮਦ ਅਮੀਨ ਖਾਨ ਨੇ ਜਦੋਂ ਬਾਬਾ ਜੀ ਨੂੰ ਪੁੱਛਿਆ ਕਿ ਹੁਣ ਤੂੰ ਕੋਈ ਕਰਾਮਾਤ ਕਿਉਂ ਨਹੀਂ ਦਿਖਾਉਂਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਜਵਾਬ ਦਿੱਤਾ, ਉਸ ਤੋਂ ਜੱਗ-ਜ਼ਾਹਰ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਸਮੇਸ਼ ਪਿਤਾ ਦਾ ਧੁਰ-ਆਤਮਾ ਤੋਂ ਮੁਰੀਦ ਬੰਦਾ ਸੀ। ਬਾਬਾ ਸਿੰਘ ਬਹਾਦਰ ਨੇ ਕਿਹਾ ਸੀ ਕਿ ਇਹ ਮੇਰੇ ਗੁਰੂ ਦੀ ਸਮਰੱਥ ਕਰਾਮਾਤ ਹੀ ਹੈ ਕਿ ਮੈਂ ਤੇ ਗੁਰੂ ਦੇ ਸਿੰਘ ਖਿੜ੍ਹੇ ਮੱਥੇ ਸ਼ਹੀਦੀਆਂ ਪਾ ਰਹੇ ਹਾਂ। ਇਹ ਸਭ ਕੁੱਝ ਰੱਬ ਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ ਕਿ ਜਦੋਂ ਮੁਗਲ ਸਲਤਨਤ ਨੇ ਛੋਟੇ ਸਾਹਿਬਜ਼ਾਦਿਆਂ ਵਰਗੇ ਮਜ਼ਲੂਮਾਂ ਤੇ ਨਿਦੋਸ਼ਿਆਂ ਤੇ ਕਹਿਰ ਵਰਤਾਏ ਸਨ ਤਾਂ ਗੁਰੂ ਨੇ ਮੇਰੇ ਵਰਗੇ ਆਪਣੇ ਬੰਦੇ ਨੂੰ ਤੁਹਾਡੇ ਵਰਗੇ ਜ਼ਾਲਮਾਂ ਨੂੰ ਸੋਧਣ ਲਈ ਭੇਜਿਆ ਸੀ। ਅੰਤਰਕਾਲ ਵਿੱਚ ਮੇਰੇ ਤੋਂ ਵੀ ਕੋਈ ਨਾ ਕੋਈ ਜ਼ੁਲਮ ਜ਼ਰੂਰ ਹੋਇਆ ਹੋਣਾ ਹੈ, ਜਿਸ ਦੀ ਕਿ ਮੈਂ ਸਜ਼ਾ ਭੁਗਤ ਰਿਹਾ ਹਾਂ।
ਆਪਣੇ ਦਸਮੇਸ਼ ਪਿਤਾ ਪ੍ਰਤੀ ਅਜਿਹੀ ਸ਼ਰਧਾ ਤੇ ਆਸਥਾ ਦੇ ਬਾਵਜੂਦ ਵੀ ਉਹ ਮਨੁੱਖੀ ਈਰਖਾ ਤੇ ਦਵੇਸ਼ ਦਾ ਸ਼ਿਕਾਰ ਬਣੇ। ਉਨ੍ਹਾਂ ਦੇ ਜੀਵਨ ਕਾਲ ਵਿੱਚ ਕੁੱਝ ਅਜਿਹੇ ਸਵਾਲ ਪੈਦਾ ਹੋਏ ਕਿ ਜਿਥੋਂ ਖ਼ਾਲਸਾ ਪੰਥ ਦੋ ਧੜਿਆਂ ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ਵਿੱਚ ਵੰਡਿਆ ਗਿਆ। 20 ਦਸੰਬਰ, 1715 ਨੂੰ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਨ੍ਹਾਂ ਦੇ ਹੀ ਸਹਾਇਕ ਜਥੇਦਾਰਾਂ ਨੇ ਆਪਣੇ ਮਤਭੇਦਾਂ ਦੇ ਅਧੀਨ ਉਨ੍ਹਾਂ ਦਾ ਸਾਥ ਛੱਡ ਦਿੱਤਾ। ਫਿਰ ਮਹਿਰੋਲੀ ਦੀ ਕਤਲਗਾਹ ਦੀ ਅਣਸੁਣੀ ਤੇ ਅਣਕਹੇ ਕਸ਼ਟਾਂ ਦੀ ਦਾਸਤਾਨ ਸਾਡੇ ਸਾਹਮਣੇ ਹੈ। ਗੁਰੂ ਦੇ ਇਸ ਮਹਾਨ ਬੰਦੇ ਦੇ ਜੀਵਨ ਦੇ ਅਖੀਰਲੇ ਪੜ੍ਹਾਅ ਦੀ ਖੌਫਨਾਕ ਕਹਾਣੀ ਮਨੁੱਖ ਦੀ ਬਹੁਤ ਹੀ ਘਿਨੌਣੀ ਫਿਤਰਤ ਈਰਖਾ ਤੇ ਦਵੇਸ਼ ਦਾ ਭੈੜਾ ਦ੍ਰਿਸ਼ਟਾਂਤ ਹੈ। ਕਿਸੇ ਸ਼ਾਇਰ ਦੇ ਸ਼ਬਦਾਂ ਵਿੱਚ - ਵਹੀ ਪੱਤੇ ਹਵਾ ਦੇਨੇ ਲਗੇ ਜਿਨ ਪੇ ਮੇਰਾ ਆਸ਼ੀਆਨਾ ਥਾ। ਵਰਗਾ ਹੀ ਕੁੱਝ ਬਾਬਾ ਬੰਦਾ ਸਿੰਘ ਨਾਲ ਵਾਪਰਿਆ। ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ ਤੇ ਬਾਬਾ ਰਾਮ ਸਿੰਘ ਵਰਗੇ ਗੁਰੂ ਵਲੋਂ ਥਾਪੇ ਗਏ ਉਸ ਦੇ ਸਹਾਇਕ ਕੁੱਝ ਜਾਣੇ ਤੇ ਕੁੱਝ ਅਣਜਾਣੇ ਜਿਹੇ ਕਾਰਨਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਦੂਰ ਹੋਣੇ ਸ਼ੁਰੂ ਹੋ ਗਏ। ਪੰਜਾਬ ਦੇ ਨਹੀਂ ਭਾਰਤ ਦੇ ਇਤਿਹਾਸ ਵਿੱਚ ਇਹ ਅਣਹੋਣੀ ਹੀ ਹੋਈ ਜਾਪਦੀ ਸੀ ਕਿ ਐਡੀ ਵੱਡੀ ਮੁਗਲ ਸਲਤਨਤ ਦੀਆਂ ਨੀਂਹਾਂ ਹਿੱਲ ਗਈਆਂ ਸਨ। ਹਰ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੈ ਜੈ ਕਾਰ ਹੋ ਰਹੀ ਸੀ। ਬਾਬਾ ਬੰਦਾ ਸਿੰਘ ਬਹਾਦਰ ਲੋਕ ਚੇਤਨਾ ਦਾ ਲੋਕ ਨਾਇਕ ਬਣ ਚੁੱਕਾ ਸੀ। ਉਸ ਨੇ ਅਣਹੋਏ ਜਿਹੇ ਗਰੀਬ ਤੇ ਦਲਿਤ ਲੋਕਾਂ ਨੂੰ ਸਰਦਾਰੀਆਂ ਦਿੱਤੀਆਂ। ਜ਼ਮੀਨਾਂ ਦੇ ਮੁਜ਼ਾਰਿਆਂ ਨੂੰ ਮਾਲਕੀ ਦੇ ਹੱਕ ਦੇ ਦਿੱਤੇ। ਪਹਿਲੀ ਵਾਰ ਸਿੱਖ ਰਾਜ ਦਾ ਮੁਖਲਿਸਗੜ੍ਹ ਵਿਖੇ ਦਰਬਾਰ ਲੱਗਣ ਲੱਗਾ। ਫਰਿਆਦੀ ਲੋਕ ਮੁਗਲ ਫੌਜਦਾਰਾਂ ਦੀ ਬਜਾਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੀਆਂ ਦੁੱਖ-ਤਕਲੀਫਾਂ ਨੂੰ ਹਰਨ ਵਾਲਾ ਮਸੀਹਾ ਮੰਨ ਕੇ ਉਸ ਕੋਲ ਫਰਿਆਦਾਂ ਲਿਆਉਣ ਲੱਗੇ।
ਬਾਬਾ ਬੰਦਾ ਸਿੰਘ ਵੀ ਤੁਰੰਤ ਮੁਗਲ ਅਹਿਲਕਾਰਾਂ ਨੂੰ ਉਨ੍ਹਾਂ ਦੀ ਕਰਨੀ-ਭਰਨੀ ਅਨੁਸਾਰ ਸਖਤ ਤੋਂ ਸਖਤ ਸਜ਼ਾਵਾਂ ਦਿੰਦਾ ਸੀ। ਜਿਵੇਂਕਿ ਸਢੌਰੇ ਦੇ ਕਾਜ਼ੀ ਉਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਭੰਗਾਣੀ ਦੇ ਯੁੱਧ ਵਿੱਚ ਦਸਵੇਂ ਪਾਤਸ਼ਾਹ ਦੀ ਮੱਦਦ ਕਰਨ ਵਜੋਂ ਤਸੀਹੇ ਦੇ ਕੇ ਪਰਿਵਾਰ ਸਮੇਤ ਮਾਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਸਢੌਰੇ ਦੇ ਚੌਧਰੀਆਂ ਨੂੰ ਉਸਮਾਨ ਖਾਂ ਦੀ ਹਵੇਲੀ ਵਿੱਚ ਇਕੱਠਿਆਂ ਕਰਕੇ ਅੱਗ ਲਗਾ ਕੇ ਸਾੜ ਦਿੱਤਾ। ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਜਨਮ ਜਾਤ ਅੱਤਿਆਚਾਰੀ ਰੂਪ ਨਹੀਂ ਸੀ। ਸਗੋਂ ਇਹ ਇਸ ਲਈ ਸੀ ਕਿ ਬਾਬਾ ਬੰਦਾ ਸਿੰਘ ਮੁਗਲ ਸਲਤਨਤ ਦਾ ਤਖਤਾ ਜਨ ਸ਼ਕਤੀ ਦੇ ਇਨਕਲਾਬ ਰਾਹੀਂ ਪਲਟਣਾ ਚਾਹੁੰਦਾ ਸੀ। ਉਸ ਦਾ ਮੁੱਖ ਆਸ਼ਾ ਤਾਂ ਖਾਲਸੇ ਦਾ ਹਲੇਮੀ ਰਾਜ ਲਿਆਉਣ ਦਾ ਸੀ।
ਜਦੋਂ ਸਰਹਿੰਦ ਨੂੰ ਫਤਿਹ ਕੀਤਾ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੰਗ-ਯੁੱਧ ਛੱਡ ਕੇ ਪਹਾੜਾਂ ਵਿੱਚ ਇਕਾਂਤਵਾਸ ਲਈ ਚਲਾ ਗਿਆ। ਉਹ ਆਪ ਸਰਹਿੰਦ ਦਾ ਸੂਬੇਦਾਰ ਨਹੀਂ ਬਣਿਆ। ਸਗੋਂ ਉਸ ਨੇ ਸਰਹਿੰਦ ਦਾ ਸੂਬੇਦਾਰ ਬਾਬਾ ਬਾਜ ਸਿੰਘ ਨੂੰ ਥਾਪਿਆ। ਉਸ ਦਾ ਨਾਇਬ ਸੂਬੇਦਾਰ ਜਥੇਦਾਰ ਆਲੀ ਸਿੰਘ ਨੂੰ ਬਣਾਇਆ ਗਿਆ। ਬਾਬਾ ਰਾਮ ਸਿੰਘ ਨੂੰ ਥਾਨੇਸਰ ਦਾ ਪ੍ਰਮੁੱਖ ਬਣਾਇਆ ਤੇ ਉਸ ਦਾ ਨਾਇਬ ਸਹਾਇਕ ਬਿਨੋਦ ਸਿੰਘ ਨੂੰ ਬਣਾਇਆ। ਸਮਾਣੇ ਦਾ ਪ੍ਰਬੰਧ ਬਾਬਾ ਰਾਮ ਸਿੰਘ ਨੂੰ ਸੌਂਪਿਆ ਤੇ ਉਸ ਦੇ ਸਹਾਇਕ ਵਜੋਂ ਬਾਬਾ ਫਤਹਿ ਸਿੰਘ ਨੂੰ ਨਿਯੁਕਤ ਕੀਤਾ। ਇਹ ਸਾਰਾ ਪ੍ਰਸੰਗ ਕੋਈ ਅਤਿਕਥਨੀ ਨਹੀਂ ਸਗੋਂ ਇੱਕ ਇਤਿਹਾਸਕ ਸੱਚਾਈ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਲਈ ਕੋਈ ਸੂਬੇਦਾਰੀਆਂ ਤੇ ਫੌਜਦਾਰੀਆਂ ਕਬੂਲ ਨਹੀਂ ਕੀਤੀਆਂ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਗਰੀਬ ਕਿਸਾਨਾਂ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਿਕ ਤੇ ਪਿੰਡਾਂ ਦੇ ਚੌਧਰੀ ਬਣਾਇਆ।
ਪਰ ਇਸ ਦੇ ਉਲਟ ਮੁੱਢਕਦੀਮੀ ਇਨਸਾਨੀ ਕਮਜ਼ੋਰੀ ਈਰਖਾ ਜਲਵਾ ਅਫਰੋਜ਼ ਹੋਈ। ਗੁਰੂ ਸਾਹਿਬ ਵਲੋਂ ਭੇਜੇ ਸਹਾਇਕ ਬਾਬੇ ਮਹਿਸੂਸ ਕਰਨ ਲੱਗੇ ਕਿ ਜੇ ਜਨ ਸਮੂਹ ਇਸ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਸ਼ਰਧਾ ਤੇ ਆਸਥਾ ਰੱਖਣ ਲੱਗਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਬੰਦਾ ਸਿੰਘ ਸਿੱਖਾਂ ਦਾ ਗਿਆਰਵਾਂ ਗੁਰੂ ਮੰਨਿਆ ਜਾਣ ਲੱਗ ਪਵੇਗਾ। ਇਸ ਲਈ ਉਨ੍ਹਾਂ ਨੇ ਮਾਤਾ ਸੁੰਦਰੀ ਤੇ ਦਸਵੇਂ ਪਾਤਸ਼ਾਹ ਦੇ ਸਭ ਤੋਂ ਵੱਧ ਵਿਸਵਾਸ਼ਪਾਤਰ ਵਿਦਵਾਨ ਭਾਈ ਮਨੀ ਸਿੰਘ ਰਾਹੀਂ ਹੁਕਮਨਾਮੇ ਤੱਕ ਜਾਰੀ ਕਰਵਾ ਦਿੱਤੇ ਕਿ ਬਾਬਾ ਬੰਦਾ ਸਿੰਘ ਬਹਾਦਰ ਕਲਗੀ ਲਾ ਕੇ ਰਾਜਸੀ ਠਾਠ-ਬਾਠ ਨਾਲ ਦਰਬਾਰ ਸਜਾਉਣ ਲੱਗ ਪਿਆ ਹੈ। ਇਸ ਲਈ ਇਹ ਗੁਰੂ ਘਰ ਦਾ ਦੋਖੀ ਹੈ। ਬਸ ਫਿਰ ਕੀ ਸੀ, ਜਿੰਨੇ ਮੂੰਹ, ਓਨੀਆਂ ਹੀ ਗੱਲਾਂ ਹੋਣ ਲੱਗੀਆਂ। ਬੀਤੇ ਕੱਲ੍ਹ ਦਾ ਗੁਰੂ ਦਾ ਸਭ ਤੋਂ ਵਿਸਵਾਸ਼ ਪਾਤਰ ਬੰਦਾ ਅਲੱਗ-ਥਲੱਗ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਗੂਣੇ ਜਿਹੇ ਦੋਸ਼ਾਂ ਜਿਵੇਂ ਕਿ ਉਸ ਨੇ ਵਿਆਹ ਕਰਵਾ ਲਿਆ ਅਤੇ ਉਸ ਨੇ ਵਾਹਿਗੁਰੂ ਜੀ ਕੀ ਫਤਹਿ ਦੀ ਥਾਂ ਫਤਿਹ ਦਰਸ਼ਨ ਦਾ ਜੈਕਾਰਾ ਦਿੱਤਾ ਹੈ ਆਦਿ ਵਰਗੇ ਜੁਰਮਾਂ ਤਹਿਤ ਅਕਾਲ ਤਖਤ ਅੰਮ੍ਰਿਤਸਰ ਵਿਖੇ ਸੱਦ ਲਿਆ ਗਿਆ। ਇਥੋਂ ਹੀ ਖਾਲਸਾ ਪੰਥ ਜੋ ਇੱਕ ਵਾਰ ਤਾਕਤ ਦੀ ਆਖਰੀ ਸਿਖਰ ਤੇ ਪਹੁੰਚ ਗਿਆ ਸੀ, ਉਹ ਹੁਣ ਤੱਤ ਖਾਲਸਾ ਤੇ ਬੰਦਈ ਖਾਲਸਾ ਦੇ ਰੂਪ ਵਿੱਚ ਦੋਫਾੜ ਹੋ ਗਿਆ।
ਜਦੋਂ ਕਿ ਸੱਚਾਈ ਇਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵਿਆਹ ਜ਼ਰੂਰ ਕਰਵਾਇਆ। ਪਰ ਇਹ ਗੁਰਬਾਣੀ ਦੇ ਫੁਰਮਾਨ - ਅੰਜਨ ਮਾਹਿ ਨਿਰੰਜਨੁ ਪਾਇਆ। ਤੇ ਸਿੱਖ ਮਰਿਯਾਦਾ ਦੇ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਉਲਟ ਨਹੀਂ ਸੀ। ਜਿਥੋਂ ਤੱਕ ਗੁਰੂ ਬਣਨ ਤੇ ਰਾਜ ਦਰਬਾਰ ਲਾਉਣ ਦੀ ਗੱਲ ਸੀ। ਉਹ ਤਾਂ ਅਸੀਂ ਦੇਖ ਹੀ ਆਏ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਮੋਢੀ ਜ਼ਰੂਰ ਸੀ। ਪਰ ਉਸ ਨੇ ਦੁਨਿਆਵੀ ਅਹੁਦਾ ਕੋਈ ਵੀ ਕਬੂਲ ਨਹੀਂ ਕੀਤਾ। ਸਗੋਂ ਸਾਰੀਆਂ ਚੌਧਰਾਂ ਆਪਣੇ ਸਹਾਇਕ ਜਥੇਦਾਰਾਂ ਨੂੰ ਹੀ ਦੇ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਪੰਥ ਦੇ ਝੰਡਾ ਪੰਜਾਬ ਵਿੱਚ ਝੁਲਾਇਆ। ਉਸ ਨੇ ਸਿੱਖ ਰਾਜ ਦੀ ਹਕੂਮਤ ਪੱਕੀ ਨਿਸ਼ਾਨੀ ਵਜੋਂ ਖਾਲਸਾਈ ਸਿੱਕਾ ਤੇ ਮੋਹਰ ਵੀ ਜਾਰੀ ਕੀਤੀ। ਖਾਲਸਾ ਰਾਜ ਦੇ ਸਿੱਕੇ ਅਤੇ ਮੋਹਰ ਉਤੇ ਉਸ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਅਤੇ ਉਨ੍ਹਾਂ ਦੀ ਮਿਹਰ ਦਾ ਜ਼ਿਕਰ ਕੀਤਾ। ਜਿਵੇਂ ਕਿ -
ਸਿੱਕਾਜ਼ਦ ਬਰਹਰ ਦੋ ਆਲਮ ਤੇਗ਼-ਏ-ਨਾਨਕ ਵਾਹਿਬ ਅਸਤ
ਫਤਹਿ ਗੋਬਿੰਦ ਸਿੰਘ ਸ਼ਾਹ ਸ਼ਾਹਾਨ ਫਜ਼ਲ-ਏ-ਸੱਚ ਸਾਹਿਬ ਅਸਤ
ਭਾਵ ਇਹ ਸਿੱਕਾ ਸੱਚੇ ਪਾਤਿਸ਼ਾਹ ਦੀ ਮਿਹਰ ਸਦਕਾ ਅਤੇ ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦੇ ਬਾਦਸ਼ਾਹ ਵਲੋਂ ਬਖਸ਼ੀ ਜਿੱਤ ਸਦਕਾ ਜਾਰੀ ਕੀਤਾ ਗਿਆ ਹੈ। ਇਸ ਦੇ ਦੂਸਰੇ ਪਾਸੇ ਇਹ ਸ਼ਬਦ ਹਨ:
ਜ਼ਰਬ-ਬਾ-ਅਮਾਨ-ਉਲ-ਦਹਰ ਮੁਸੱਵਰਤ
ਸ਼ਹਿਰ ਜ਼ੀਨਤ-ਉਲ-ਤਖ਼ਤ ਮੁਬਾਕ ਬਖਤ
ਭਾਵ ਇਹ ਸਿੱਕਾ ਆਦਮੀ ਦੇ ਚੰਗੀ ਭਾਗੀਂ ਤੇ ਉਸਦੀ ਬਖਸ਼ੀ ਹੋਈ ਗੱਦੀ ਸਦਕਾ ਅਮਨਾਂਚੈਨ ਦੇ ਸ਼ਹਿਰ ਤੋਂ ਜਾਰੀ ਹੋਇਆ ਹੈ। ਇਸ ਤਰ੍ਹਾਂ ਹੀ ਬਾਬਾ ਬੰਦਾ ਬਹਾਦਰ ਨੇ ਸ਼ਾਹੀ ਮੋਹਰ ਵੀ ਬਣਾਈ। ਜਿਸ ਉਪਰ ਫਿਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਉਸਤਤਿ ਦੇ ਹੇਠ ਲਿਖੇ ਸ਼ਬਦ ਉਕਰੇ ਸਨ:
ਦੇਗ਼-ਓ-ਤੇਗ਼-ਓ-ਫ਼ਤਹਿ-ਓ-ਨੁਸਰਤ ਬੇਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਭਾਵ ਮੈਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਸਦਕਾ ਦੁਨਿਆਵੀ ਖਜ਼ਾਨੇ, ਜਿੱਤ ਦੀ ਤਲਵਾਰ ਅਤੇ ਤਾਕਤ ਮਿਲੀ ਹੈ।
ਇਤਿਹਾਸਕ ਤਸਦੀਕ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜਾਰੀ ਹੋਏ ਸਿੱਕੇ ਅਤੇ ਮੋਹਰ ਤੇ ਜੋ ਸ਼ਬਦਾਵਲੀ ਹੈ। ਉਸ ਨੂੰ ਦੇਖ ਕੇ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਸਿਰਫ ਤੇ ਸਿਰਫ ਕੌਮ ਦੇ ਜਥੇਦਾਰਾਂ ਦੀ ਈਰਖਾ ਤੇ ਦਵੇਸ਼ ਦਾ ਸ਼ਿਕਾਰ ਹੋਇਆ। ਜਿਸ ਕਰਕੇ ਕੌਮ ਨੂੰ ਪ੍ਰਾਪਤ ਹੋਇਆ ਸਿੱਖ ਰਾਜ ਠੀਕ 84 ਸਾਲ ਲਈ 1716 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਥਾਪਨਾ ਦੇ ਸਾਲ ਸੰਨ 1800 ਤੱਕ ਸਿੱਖਾਂ ਦੀ ਨਸਲਕੁਸ਼ੀ ਦੇ ਮਹਾਂ ਕਾਲੇ ਦੌਰ ਵਿੱਚ ਦਾਖਲ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਧੁਰ ਆਤਮਾ ਤੋਂ ਆਪਣੇ ਅਖੀਰੀ ਸਾਹਾਂ ਤੱਕ ‘ਗੁਰੂ ਤੇ ਸਿਰਫ ਗੁਰੂ ਦਾ ਹੀ ਬੰਦਾ’ ਸੀ। ਉਸ ਉਪਰ ਗੁਰਦਾਸ ਨੰਗਲ ਦੀ ਉਸਦੀ ਆਖਰੀ ਲੜਾਈ ਸਮੇਂ ਦਿਖਾਈ ਗਈ ਅੰਦਰੂਨੀ ਫੁਟ ਤੇ ਨਾਮਿਲਵਰਤਣ ਤੋਂ ਲੈ ਕੇ ਉਸ ਨੂੰ ਮਹਿਰੋਲੀ ਵਿਖੇ ਸ਼ਹੀਦ ਹੋਣ ਤੱਕ ਜੋ ਬੀਤਿਆ; ਉਹ ਇਤਿਹਾਸਕ ਦਸਤਾਵੇਜ਼ ਦੇ ਰੂਪ ਵਿੱਚ ਅੱਜ ਕੌਮ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਕੌਮ ਦੀ ਈਰਖਾ ਤੇ ਬੇਸਮਝੀ ਦਾ ਸ਼ਿਕਾਰ ਬਣਿਆ।
ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਚੋਣਵੇਂ ਤਕਰੀਬਨ 740 ਸਾਥੀਆਂ ਦੀ ਗੁਰੂ ਸਾਹਿਬਾਨ ਤੇ ਸਿੱਖੀ ਪ੍ਰਤੀ ਸ਼ਰਧਾ ਤੇ ਆਸਥਾ ਦੀ ਤਾਰੀਫ ਤਾਂ ਉਸ ਵਕਤ ਦੇ ਮੁਸਲਮਾਨ ਇਤਿਹਾਸਕਾਰਾਂ ਤੇ ਵਸੀਕਾ ਨਵੀਸਾਂ ਜਿਵੇਂ ਕਿ ਖਾਫੀ ਖਾਂ ਮਿਰਜ਼ਾ ਮੁਹੰਮਦ ਹਰੀਸੀ, ਮੁਹੰਮਦ ਕਾਸਿਮ ਲਾਹੌਰੀ ਤੇ ਮੁਹੰਮਦ ਸ਼ਫੀ ਵਾਰਿਦ ਤੋਂ ਬਿਨਾਂ ਈਸਟ ਇੰਡੀਆ ਕੰਪਨੀ ਦੇ ਰਿਪੋਰਟਰਾਂ ਜਿਵੇਂ ਕਿ ਜੌਹਨ ਸਰਮਨ, ਐਡਵਰਡ ਸਟੀਫਨਸਨ, ਕੋਜ਼ੀ, ਸਿਰਹੌਦ ਤੇ ਹਿਊ ਬਾਰਕਰ ਨੇ ਫੋਰਟ ਵਿਲੀਅਮ ਦੇ ਗਵਰਨਰ ਰੌਬਰਟ ਹੈਜਿਜ਼ ਨੂੰ ਕਲਕੱਤੇ ਭੇਜੀ ਸੀ। ਇਨ੍ਹਾਂ ਰਿਪੋਰਟਾਂ ਵਿੱਚ ਇਹ ਗੱਲ ਮੁਖ ਤੌਰ ੌਤੇ ਕਹੀ ਗਈ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਨਾਲ ਤਕਰੀਬਨ 740 ਸਿੰਘਾਂ ਨੇ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਏ ਚੀਕ ਚਿਹਾੜਾ ਤਾਂ ਦੂਰ ਦੀ ਗੱਲ ਸਗੋਂ ਮਾਨਸਿਕ ਜਾਂ ਸਰੀਰਕ ਪੀੜ ਦੇ ਤਹਿਤ ਸੀਅ ਜਾਂ ਉਫ ਤੱਕ ਨਹੀਂ ਕੀਤੀ ਸੀ। ਸਗੋਂ ਖਿੜੇ ਮੱਥੇ ਮੌਤ ਨੂੰ ਕਬੂਲ ਕੀਤਾ ਸੀ। ਇਸ ਸਾਰੇ ਹਵਾਲੇ ਦਾ ਜ਼ਿਕਰ ਸੀ. ਆਰ. ਵਿਲਸਨ ਨੇ ਏਸ਼ਿਐਟਿਕ ਸੋਸਾਇਟੀ ਕਲਕੱਤਾ ਦੇ ਮੈਗਜ਼ੀਨ ਵਿੱਚ ਕੀਤਾ ਗਿਆ ਹੈ।
ਰਬਿੰਦਰ ਨਾਥ ਟੈਗੋਰ ਨੇ ਵੀ ਬੰਗਾਲੀ ਭਾਸ਼ਾ ਵਿੱਚ ਲਿਖੀ ਕਵਿਤਾ ‘ਬੰਦੀ ਬੀਰ’ ਉਸ ਮਹਾਨ ਗੁਰੂ-ਸੇਵਕ ਤੇ ਯੋਧੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਤੀ ਸੀ। ਰਬਿੰਦਰ ਨਾਥ ਟੈਗੋਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ ਬੰਗਾਲ ਦੀਆਂ ਮੁਢਲੀਆਂ ਕ੍ਰਾਂਤੀਕਾਰੀ ਅੰਦੋਲਨਾਂ ਦੇ ਪ੍ਰੇਰਣਾ ਸਰੋਤ ਬਣੇ।
ਹਾਲੇ ਤੱਕ ਵੀ ਬੜੇ ਸਿਤਮ ਦੀ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਅੱਜ ਜਦੋਂ ਸਾਡਾ ਆਪਣਾ ਰਾਜ ਹੈ ਅਤੇ ਆਪਣੀ ਆਜ਼ਾਦ ਸੋਚ ਹੈ। ਪਰ ਸਾਡੇ ਗੁਰੂ, ਪੀਰ ਤੇ ਸ਼ਹੀਦ-ਮੁਰੀਦ ਸਾਡੇ ਸਾਹਿਤ ਤੇ ਇਤਿਹਾਸ ਵਿੱਚ ਆਪਣੀਆਂ ਕੁਰਬਾਨੀਆਂ ਤੇ ਤਪ-ਤਿਆਗ ਅਨੁਸਾਰ ਆਪਣਾ ਬਣਦਾ ਸਥਾਨ ਨਹੀਂ ਪ੍ਰਾਪਤ ਕਰ ਸਕੇ। ਸੱਚ ਤਾਂ ਇਹ ਹੈ ਕਿ ਸਾਡਾ ਅਮੀਰਤਰੀਨ ਇਤਿਹਾਸਕ ਵਿਰਸਾ ਹੈ ਪਰ ਸਾਡਾ ਆਪਣਾ ਸਾਹਿਤ ਤੇ ਇਤਿਹਾਸ ਨਹੀਂ ਹੈ। ਇਹ ਹੀ ਕਾਰਨ ਹੈ ਕਿ ਅਸੀਂ ਆਪ ਵੀ ਆਪਣੇ ਕੌਮੀ ਸਪੂਤਾਂ ਦੇ ਜੀਵਨਾਂ ਤੇ ਜਾਣਕਾਰੀ ਤੋਂ ਅਣਜਾਣ ਹਾਂ ਅਤੇ ਸਾਡੀਆਂ ਨੌਜਵਾਨ ਪੀੜ੍ਹੀਆਂ ਜੋ ਸਾਡਾ ਭਵਿੱਖ ਹਨ, ਉਹ ਵੀ ਇਸ ਪੱਖੋਂ ਪੂਰੀ ਤਰ੍ਹਾਂ ਕੋਰੇ-ਸੱਖਣੇ ਹਨ। ਬਾਬਾ ਬੰਦਾ ਸਿੰਘ ਬਹਾਦਰ ਅੱਜ ਵੀ ਗੁੰਮਨਾਮੀ ਤੇ ਸਾਡੀ ਬੇਰੁਖੀ ਦਾ ਸ਼ਿਕਾਰ ਹੈ। ਹੁਣ ਅਸੀਂ ਜਦੋਂ ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਮਨਾ ਰਹੇ ਹਾਂ ਤਾਂ ਸਾਡੇ ਸਾਹਮਣੇ ਇੱਕ ਕੌੜੀ ਸੱਚਾਈ ਪ੍ਰਤੱਖ ਹੈ। ਉਹ ਇਹ ਹੈ ਕਿ ਜਿਵੇਂ ਮਸ਼ਹੂਰ ਹੈ ਕਿ ਨੌ ਕਨੌਜੀਏ ਤੇਰਾਂ ਚੁੱਲ੍ਹੇ, ਬਿਲਕੁਲ ਇਸ ਤਰ੍ਹਾਂ ਹੀ ਸ਼੍ਰੋਮਣੀ ਧਾਰਮਿਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਤਾ ਨਹੀਂ ਹੋਰ ਕਿੰਨੀਆਂ ਸ਼ਰਧਾਵਾਨ ਕਮੇਟੀਆਂ ਤੇ ਸੰਸਥਾਵਾਂ ਆਪੋ ਆਪਣੀਆਂ ਸਟੇਜਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਿਹ ਦੀ ਗੱਲਕੱਥ ਕਰਨਗੀਆਂ। ਪਰ ਡਰ ਹੈ ਕਿ ਸਾਡੇ ਕੌਮੀ ਦਿਹਾੜਿਆਂ ਵਾਂਗ ਤੇ ਪਹਿਲੀਆਂ ਮਨਾਈਆਂ ਗਈਆਂ ਸ਼ਤਾਬਦੀਆਂ ਵਾਂਗ ਸ਼ਹੀਦਾਂ ਦੇ ਜੀਵਨ ਤੇ ਫਲਸਫੇ ਦੀ ਗੱਲ ਘੱਟ ਹੋਵੇਗੀ। ਪਰ ਸਾਰੇ ਆਪਣੀ-ਆਪਣੀ ਵਡਿਆਈ ਦੇ ਰਾਗ ਅਲਾਪਣਗੇ।
ਬਾਬਾ ਬੁੱਲ੍ਹੇ ਸ਼ਾਹ ਬਿਲਕੁਲ ਸੱਚ ਫੁਰਮਾਉਂਦੇ ਹਨ ਕਿ ਸੱਚ ਆਖਾਂ ਤਾਂ ਭਾਂਬੜ ਮਚਦਾ ਏ। ਝੂਠ ਆਖਾਂ ਤੇ ਕੁੱਝ ਬਚਦਾ ਏ। ਜੀ ਦੋਹਾਂ ਗੱਲਾਂ ਤੋਂ ਝਕਦਾ ਏ। ਝੱਕ ਝੱਕ ਕੇ ਜੇਹਬਾ ਕਹਿੰਦੀ ਏ। ਮੂੰਹ ਆਈ ਬਾਤ ਨਾ ਰਹਿੰਦੀ ਏ। ਇਸ ਤਰ੍ਹਾਂ ਹੀ ਹੁਣ ਸਦੀਆਂ ਬਾਅਦ ਸੁਰਜੀਤ ਪਾਤਰ ਕਹਿ ਰਿਹਾ ਹੈ ਕਿ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ? ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ? ਇਹ ਸਭ ਕੁੱਝ ਇਉਂ ਲਗਦਾ ਹੈ ਕਿ ਜਿਵੇਂ ਸਦੀਆਂ ਪਹਿਲਾਂ ਵੀ ਤੇ ਹੁਣ ਵੀ ਇਹ ਸਿਆਣੇ ਲੋਕ ਮੇਰੇ ਤੇ ਮੇਰੇ ਵਰਗੇ ਅਨੇਕਾਂ ਗਰਦਿਸ਼ੇ ਦੌਰ ਦੇ ਮਾਰੇ ਸ਼ਰਧਾਵਾਨ ਲੋਕਾਂ ਦੇ ਮਾਨਸਿਕ ਦਵੰਧ ਬਾਰੇ ਹੀ ਕਹਿ ਰਹੇ ਹਨ। ਅਜੋਕੀਆਂ ਪੀੜ੍ਹੀਆਂ ਤਾਂ ਹੁਣ ਪਾਖੰਡ ਤੇ ਵਿਖਾਵੇ ਦੇ ਅਡੰਬਰਾਂ ਨੂੰ ਦੇਖ ਕੇ ਇਹ ਮਹਿਸੂਸ ਕਰਨ ਲੱਗ ਪਈਆਂ ਹਨ ਕਿ -
ਖੁਆਹਿਸ਼ ਭੀ ਕਰੂੰ ਤੋ ਚਾਹਤ ਸੀ ਲਗੇ ਹੈ
ਅਬ ਦੁਆ ਭੀ ਕਰੂੰ ਤੋ ਦਗਾ ਸੀ ਲਗੇ ਹੈ
ਇਸ ਪ੍ਰਥਾਇ ਦਰਅਸਲ ਇਹ ਦੁੱਖ ਦੀ ਗਲ ਹੈ ਕਿ ਸਾਡੀਆਂ ਰਾਜਸੀ ਪਾਰਟੀਆਂ ਅਤੇ ਖਾਸ ਤੌਰ ਤੇ ਧਾਰਮਿਕ ਸੰਸਥਾਵਾਂ ਦੇ ਅਲੰਬਰਦਾਰ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਆਪਣੀ ਚੌਧਰ ਤੇ ਫੰਨੇਖਾਈ ਨੂੰ ਹੀ ਉਜਾਗਰ ਕਰਨ ਦੀ ਕੋਸ਼ਿਸ਼ ਕਰਨਗੇ।
ਬਕੌਲ ਬਾਬਾ ਬੁੱਲ੍ਹੇ ਸ਼ਾਹ ਇਹ ਵੀ ਸੱਚ ਹੈ ਕਿ ਮੂੰਹ ਆਈ ਬਾਤ ਨਾ ਰਹਿੰਦੀ ਹੈ। ਇਸ ਲਈ ਅੱਜ ਆਮ ਲੋਕ ਮਹਿਸੂਸ ਕਰ ਰਹੇ ਹਨ ਕਿ ਪਹਿਲੀਆਂ ਮਨਾਈਆਂ ਸ਼ਤਾਬਦੀਆਂ ਵਾਂਗ ਇਹ ਅਲੌਕਿਕ ਸਰਹਿੰਦ ਫਤਿਹ ਦੀ ਤ੍ਰੈਸ਼ਤਾਬਦੀ ਵੀ ਇੱਕ ਚੰਗੀ ਸਰਕਸ ਜਾਂ ਚੰਗੀ ਫਿਲਮ ਵਾਂਗ ਕੁੱਝ ਕੁ ਦਿਨਾਂ ਬਾਅਦ ਵੱਡੇ-ਵੱਡੇ ਪੰਡਾਲ ਸਮੇਟ ਕੇ ਅਤੇ ਆਪਣੀ ਟਿੰਡ-ਫੌੜੀ ਚੁੱਕ ਕੇ ਸਾਡੇ ਮਾਨਸਿਕ ਚਿੱਤਰਪਟ ਤੋਂ ਔਝਲ ਹੋ ਜਾਵੇਗੀ।
ਇਹ ਮੇਰਾ ਨਿੱਜੀ ਤਲਖ ਤਜਰਬਾ ਹੈ ਕਿ ਸਾਡੇ ਸਾਹਿਤ ਅਤੇ ਇਤਿਹਾਸ ਵਿੱਚ ਸਾਡੇ ਗੁਰੂਆਂ, ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਪ੍ਰਤੀ ਸਹੀ ਪਰਿਪੇਖ ਵਿੱਚ ਕੋਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਜਾਣਕਾਰੀ ਨਹੀਂ ਮਿਲਣੀ। ਇਹ ਵੀ ਪ੍ਰਤੱਖ ਹੈ ਕਿ ਜਿੰਨੀ ਦੇਰ ਕੌਮੀ ਚੇਤਨਾ ਵਿੱਚ ਇਹ ਸਾਹਿਤਕ ਅਤੇ ਇਤਿਹਾਸਕ ਮੋੜ ਨਹੀਂ ਆਉਂਦਾ; ਓਨੀ ਦੇਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਕਿਸੇ ਤਰ੍ਹਾਂ ਆਪਣੇ ਪੂਰਵਜਾ ਨਾਲ ਨਹੀਂ ਜੁੜ ਸਕਣਗੀਆਂ। ਇਸ ਤਰ੍ਹਾਂ ਸਾਡੀ ਅਜੋਕੀ ਪੀੜ੍ਹੀ ਆਪਣੇ ਵਡੇਰਿਆਂ ਅਤੇ ਆਉਣ ਵਾਲੀਆਂ ਨਸਲਾਂ ਦੇ ਦਰਮਿਆਨ ਸਹੀ ਕੜੀ ਬਣਨ ਦਾ ਫਰਜ਼ ਅਦਾ ਨਹੀਂ ਕਰ ਸਕੇਗੀ।
ਬੇਸ਼ੱਕ ਮੈਂ ਕੌਮ ਦੇ ਇਤਿਹਾਸਕਾਰ ਤੇ ਚਿੰਤਕ ਸ੍ਰ. ਮਨੋਹਰ ਸਿੰਘ ਚਾਂਦਲਾ ਦੀ ਆਸ਼ਾਵਾਦੀ ਧਾਰਨਾ ਨਾਲ ਸ਼ਤਪ੍ਰਤੀਸ਼ਤ ਸਹਿਮਤ ਹਾਂ ਕਿ ਸੱਚ ਦਾ ਸੂਰਜ ਕਦੇ ਵੀ ਨਹੀਂ ਛਿਪਦਾ। ਸੂਰਜ ਨੂੰ ਗ੍ਰਹਿਣ ਲੱਗਦੇ ਹਨ; ਪਰ ਉਹ ਵਕਤੀ ਹੀ ਹੁੰਦੇ ਹਨ। ਇਸ ਲਈ ਮੈਂ ਵੀ ਸਮਝਦਾ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਉਤੇ ਜੋ ਅੱਜ ਤੱਕ ਅਗਿਆਨਤਾ ਦਾ ਗ੍ਰਹਿਣ ਲੱਗਾ ਹੈ। ਉਹ ਗ੍ਰਹਿਣ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਨੌਜਵਾਨ ਪੀੜ੍ਹੀਆਂ ਦੀ ਨਿਰਪੱਖ ਸੋਚ ਤੇ ਸ਼ਰਧਾ ਦੇ ਬਲਬੂਤੇ ਹਨ੍ਹੇਰੇ ਤੋਂ ਰੌਸ਼ਨੀ ਵਿਚਜ਼ਰੂਰ ਆਵੇਗਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਅਨੇਕਾਂ ਹੀ ਕੌਮ ਦੇ ਅਣਗੌਲੇ ਸ਼ਹੀਦ ਕੌਮ ਵਿੱਚ ਲੋਕ ਚੇਤਨਾ ਬਣ ਕੇ ਇੱਕ ਇਨਕਲਾਬੀ ਲੋਕਲਹਿਰ ਬਣ ਕੇ ਕੌਮ ਦੀ ਮਨੋ ਸਮਰਿਤੀ ਬਣ ਜਾਣਗੇ।
ਕੁਲਬੀਰ ਸਿੰਘ ਸਿੱਧੂ,
ਆਈ. ਏ. ਐੱਸ. (ਰਿਟਾ.)
ਮੋਬਾਈਲ 98140-32009 ਸਾਬਕਾ ਕਮਿਸ਼ਨਰ
1374, ਸੈਕਟਰਾਂ 68 ਮੋਹਾਲੀ। ਫਿਰੋਜ਼ਪੁਰ ਡਿਵੀਜ਼ਨ




.