.

ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ
- ਡਾ: ਹਰਜਿੰਦਰਮੀਤ ਸਿੰਘ - ਫੋਨ : 9872455696

ਜਰੂਰੀ ਨੋਟ:- ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਨਾਮ ਦੇ ਦੋ ਸਿੱਖ ਹੋਏ ਹਨ। ਭਾਈ ਮਨੀ ਸਿੰਘ ਜੀ (ਪਹਿਲੇ) ਛੇਵੇਂ ਗੁਰੂ ਹਰਗੋਬਿੰਦ ਰਾਏ ਦੀ ਫੌਜ ਦੇ ਜਰਨੈਲ ਭਾਈ ਮਾਈ ਦਾਸ ਦੇ ਸਪੁੱਤਰ ਅਤੇ ਅਲੀਪੁਰ ਦੇ ਮੈੜ ਰਾਜਪੂਤ, ਪਰਮਾਰ ਗੋਤਰ ਨਾਲ ਸਬੰਧ ਰੱਖਦੇ ਸਨ। ਇਨ੍ਹਾਂ ਦੇ ਖਾਨਦਾਨ ਵਿੱਚੋਂ 52 ਸਿੰਘਾਂ ਨੇ ਗੁਰੂ ਘਰ ਦੀ ਸੇਵਾ ਕਰਦਿਆਂ ਸੀਸ ਵਾਰੇ। ਭਾਈ ਮਨੀ ਸਿੰਘ (ਦੂਜੇ) ਕੈਂਬੋਵਾਲ ਦੇ ਦੁਲਟ ਜੱਟ ਕਾਲੇ ਚੌਧਰੀ ਦੇ ਸਪੁੱਤਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਮਉਮਰ ਸਨ। ਇਹ ਬਚਪਨ ਤੋਂ ਹੀ ਗੁਰੂ ਕੀਆਂ ਮਾਈਆਂ ਦੀ ਸੇਵਾ ਵਿੱਚ ਰਹੇ। ਭਾਈ ਮਨੀ ਸਿੰਘ (ਦੂਜੇ) ਬਾਲ ਬ੍ਰਹਮਚਾਰੀ ਸਨ। ਇਸ ਕਰਕੇ ਇਨ੍ਹਾਂ ਦੇ 7 ਪੁੱਤਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਈ ਮਨੀ ਸਿੰਘ, ਸਿੱਖ ਇਤਿਹਾਸਕਾਰ ਗਿ: ਗਿਆਨ ਸਿੰਘ ਦੇ ਪੜਦਾਦਿਆਂ ਵਿੱਚੋਂ ਸਨ। ਭਾਈ ਮਨੀ ਸਿੰਘ (ਪਹਿਲੇ) ਅਤੇ ਦੂਜੇ ਦੋਨ੍ਹੋਂ ਵੱਖ-ਵੱਖ ਵਿਅਕਤੀ ਸਨ। ਪਰ ਬੇ-ਬੁੱਧੇ ਇਤਿਹਾਸਕਾਰਾਂ ਨੇ ਦੋਨ੍ਹਾਂ ਵੱਲੋਂ ਗੁਰੂ ਘਰ ਦੀ ਕੀਤੀ ਸੇਵਾ ਨੂੰ ਰਲਗੱਡ ਕਰਕੇ ਇਤਿਹਾਸ ਵਿੱਚ ਬਹੁਤ ਵੱਡਾ ਭੁਲੇਖਾ ਖੜ੍ਹਾ ਕੀਤਾ ਹੋਇਆ ਹੈ। ਇਸ ਲੇਖ ਵਿੱਚ ਭਾਈ ਮਨੀ ਸਿੰਘ (ਦੂਜੇ) ਦੀ ਚਰਚਾ ਹੈ।
- - - - - -
1849 ਵਿੱਚ ਸਿੱਖ ਰਿਆਸਤਾਂ ਦੀ ਅਜ਼ਾਦ ਹਸਤੀ ਖਤਮ ਹੋ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਜੋ ਪਹਿਲਾ ਕੰਮ ਕੀਤਾ, ਉਹ ਸੀ ਸਿੱਖ ਇਤਿਹਾਸ ਦੇ ਪਿਛੋਕੜ ਨੂੰ ਜਾਣਨਾ। ਇਸ ਕੰਮ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਤੋਂ ਬਚਣ ਲਈ ਮਾਲਵੇ ਦੇ ਸਿੱਖ ਰਾਜਿਆਂ ਵੱਲੋਂ ਲੁਧਿਆਣੇ ਵਿੱਚ ਬੈਠਾਏ ਅੰਗਰਜ਼ ਫੌਜ਼ੀ ਅਫਸਰਾਂ ਦੁਆਰਾ ਕੀਤੀ ਗਈ। ਸਿੱਖ ਕੌਮ ਦੇ ਇਤਿਹਾਸ ਨੂੰ ਜਾਣਨ ਲਈ ਉਸਨੇ ਇੱਕ ਮੁਸਲਮਾਨ ਮੌਲਵੀ ਬੂਟੇ ਸ਼ਾਹ ਨੂੰ ਨਿਯੁਕਤ ਕੀਤਾ। ਇਸ ਗੱਲ ਦਾ ਪਤਾ ਜਦੋਂ ਤੱਤ ਖਾਲਸਾ ਦੇ ਸਰਗਰਮ ਰਹੇ ਲੀਡਰਾਂ ਦੇ ਪਰਿਵਾਰ ਨਾਲ ਸਬੰਧਿਤ ਰਤਨ ਸਿੰਘ ਭੰਗੂ ਨੂੰ ਲੱਗਾ ਤਾਂ ਉਹ ਅੰਗਰਜ਼ ਕਮਿਸ਼ਨਰ ਨੂੰ ਮਿਲਿਆ ਅਤੇ ਦਲੀਲ ਦਿੱਤੀ ਕਿ ਸਿੱਖ ਕੌਮ ਦਾ ਇਤਿਹਾਸ ਉਸ ਦੀ ਮੁੱਖ ਦੁਸ਼ਮਣ ਰਹੀ ਮੁਸਲਮਾਨ ਕੌਮ ਦੇ ਮੌਲਵੀ ਤੋਂ ਲਿਖਵਾਉਂਣਾ ਗਲਤ ਹੈ। ਜਾਤੀ ਤੁਅੱਸਬ ਕਾਰਨ ਉਹ ਸਹੀ ਇਤਿਹਾਸ ਨਹੀਂ ਲਿਖੇਗਾ।
ਰਤਨ ਸਿੰਘ ਭੰਗੂ ਦੀ ਇਸ ਦਲੀਲ ਦਾ ਅਸਰ ਵੀ ਹੋਇਆ। ਅੰਗਰਜ਼ ਕਮਿਸ਼ਨਰ ਨੇ ਰਤਨ ਸਿੰਘ ਭੰਗੂ ਅਤੇ ਮੌਲਵੀ ਬੂਟੇ ਸ਼ਾਹ ਦੋਨ੍ਹਾਂ ਨੂੰ ਸਿੱਖ ਇਤਿਹਾਸ ਲਿਖ ਕੇ ਆਪਣੇ ਕੋਲ ਲਿਆਉਣ ਲਈ ਕਹਿ ਦਿੱਤਾ। ਅੰਗਰੇਜ਼ ਕਮਿਸ਼ਨਰ ਨੂੰ ਪੇਸ਼ ਕੀਤੇ ਗਏ ਸਿੱਖ ਇਤਿਹਾਸ ਦੇ ਕੁਝ ਕਾਂਡ ਪੜ੍ਹਨ ਤੋਂ ਬਾਅਦ ਰਤਨ ਸਿੰਘ ਭੰਗੂ ਨੂੰ ਅੰਗਰੇਜ਼ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖ ਇਤਿਹਾਸ ਲਿਖਣ ਦੀ ਇਜਾਜ਼ਤ ਮਿਲ ਗਈ।
ਮੌਲਵੀ ਬੂਟੇ ਸ਼ਾਹ ਵਲੋਂ ਲਿਖਿਆ ਸਿੱਖ ਇਤਿਹਾਸ ਖਰੜੇ ਦੇ ਰੂਪ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਆ ਹੈ। ਯੂਨੀਵਰਸਿਟੀ ਦੇ ਸਿੱਖ ਇਤਿਹਾਸਕਾਰ ਪ੍ਰੋਫੈਸਰਾਂ/ਡਾਕਟਰਾਂ ਨੇ ਮੌਲਵੀ ਬੂਟੇ ਸ਼ਾਹ ਦੁਆਰਾ ਲਿਖੇ ਸਿੱਖ ਇਤਿਹਾਸ ਨੂੰ ਪੜ੍ਹਨ ਤੋਂ ਬਾਅਦ ਲਿਖਿਆ ਹੈ ਕਿ ਬੂਟੇ ਸ਼ਾਹ ਵੱਲੋਂ ਲਿਖਿਆ ਸਿੱਖ ਇਤਿਹਾਸ ਰਤਨ ਸਿੰਘ ਭੰਗੂ ਵੱਲੋਂ ਲਿਖੇ ਪ੍ਰਾਚੀਨ ਪੰਥ ਪ੍ਰਕਾਸ਼ ਨਾਲੋਂ ਜ਼ਿਆਦਾ ਪਾਏਦਾਰ ਅਤੇ ਅਸਲੀਅਤ ਦੇ ਜ਼ਿਆਦਾ ਨੇੜੇ ਹੈ। ਪਰ ਅੰਗਰੇਜ਼ ਕਮਿਸ਼ਨਰ ਦੀ ਮਿਹਰਬਾਨੀ ਕਾਰਨ ਸਿੱਖ ਇਤਿਹਾਸ ਲਿਖਣ ਦੀ ਲਾਟਰੀ ਰਤਨ ਸਿੰਘ ਭੰਗੂ ਦੀ ਨਿੱਕਲ ਆਈ ਸੀ। ਇਸ ਕਾਰਨ ਸਿੱਖ ਇਤਿਹਾਸ ਦੀ ਪਹਿਲੀ ਪ੍ਰਕਾਸ਼ਨਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਰੂਪ ਵਿੱਚ ਸਾਹਮਣੇ ਆਈ।
ਸਿੱਖ ਜਗਤ ਵੱਲੋਂ ਇਸ ਪ੍ਰਚੀਨ ਪੰਥ ਪ੍ਰਕਾਸ਼ ਨੂੰ ਪੜ੍ਹਨ ਅਤੇ ਖਰੀਦਣ ਵਿੱਚ ਵਿਸ਼ੇਸ਼ ਰੁੱਚੀ ਦਿਖਾਈ ਗਈ। ਰਤਨ ਸਿੰਘ ਭੰਗੂ ਮਾਝੇ ਦਾ ਵਸਨੀਕ ਸੀ। ਇਸ ਲਈ ਮਾਝੇ ਦੀ ਧਰਤੀ ਉਪਰ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਪ੍ਰਚੱਲਿਤ ਲੋਕ ਧਾਰਨਾਵਾਂ ਨੂੰ ਉਸਨੇ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੂਲ ਸਰੋਤ ਬਣਾਕੇ ਆਪਣੀ ਰਚਨਾ ਦੀ ਸਿਰਜਣਾ ਕੀਤੀ।
ਇਤਿਹਾਸ ਲਿਖਣ ਸਮੇਂ ਵਿਸ਼ੇਸ਼ ਕਰਕੇ ਤਿੰਨ ਸਾਢੇ ਤਿੰਨ ਸੌ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਜੇ ਕੋਈ ਲਿਖਤੀ ਰੀਕਾਰਡ ਸਾਹਮਣੇ ਨਾ ਹੋਵੇ ਤਾਂ ਇਤਿਹਾਸ ਲਿਖਣ ਸਮੇਂ ਸੀਨਾ-ਬ-ਸੀਨਾ ਚਲਦੀਆਂ ਆ ਰਹੀਆਂ ਧਾਰਨਾਵਾਂ ਨੂੰ ਅਧਾਰ ਬਣਾਉਣ ਤੋਂ ਬਿਨਾ ਹੋਰ ਕੋਈ ਚਾਰਾ ਬਾਕੀ ਰਹਿ ਵੀ ਨਹੀਂ ਜਾਂਦਾ। ਇਸ ਤਰ੍ਹਾਂ ਲਿਖੇ ਗਏ ਇਤਿਹਾਸ ਵਿੱਚ ਦਰਜ ਕੀਤੀਆਂ ਘਟਨਾਵਾਂ ਸੱਚ ਤਾਂ ਹੁੰਦੀਆਂ ਹਨ ਪਰ ਲੇਖਕ ਉਨ੍ਹਾਂ ਘਟਨਾਵਾਂ ਦੀ ਵਿਆਖਿਆ ਆਪਣੀ ਸੂਝ-ਬੂਝ ਅਤੇ ਕਲਪਨਾ ਉੱਪਰ ਅਧਾਰਿਤ ਹੀ ਕਰਦਾ ਹੈ।
ਸਿੱਖ ਇਤਿਹਾਸ ਦਾ ਵੱਡਾ ਅਧਿਆਇ ਕਿਉਂਕਿ ਮਾਝੇ ਦੀ ਧਰਤੀ ਉੱਪਰ ਹੀ ਵਾਪਰਿਆ ਸੀ। ਇਸ ਕਾਰਨ ਮਾਝੇ ਦੇ ਲੋਕਾਂ ਵਿੱਚ ਸਿੱਖ ਇਤਿਹਾਸ ਦੀਆਂ ਘਟਨਾਵਾਂ ਦੀ ਯਾਦ ਸੀਨਾ ਬ ਸੀਨਾ ਅਤੇ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਸੀ। ਪਰ ਮਾਝੇ ਤੋਂ ਬਾਹਰ ਮਾਲਵੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਲਿਖਣ ਸਮੇਂ ਰਤਨ ਸਿਘ ਭੰਗੂ ਪੂਰੀ ਤਰ੍ਹਾਂ ਟਪਲਾ ਖਾ ਜਾਂਦਾ ਹੈ ਜਾਂ ਉਨ੍ਹਾਂ ਘਟਨਾਵਾਂ ਨੂੰ ਇਲਾਕਾਵਾਦ ਦਾ ਸ਼ਿਕਾਰ ਹੋਣ ਕਰਕੇ ਮਹੱਤਵਹੀਣ ਸਮਝ ਕੇ ਚਰਚਾ ਹੀ ਨਹੀਂ ਕਰਦਾ। ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਜਦੋਂ ਮਾਲਵੇ ਦੇ ਸਿੱਖ ਚੌਧਰੀਆਂ ਨੇ ਪੜ੍ਹਿਆ ਤਾਂ ਉਨ੍ਹਾਂ ਨੂੰ ਰਤਨ ਸਿੰਘ ਭੰਗੂ ਦਾ ਇਹ ਰਵਈਆ ਨਾਗੁਜ਼ਾਰ ਗੁਜ਼ਰਿਆ। ਮਾਲਵੇ ਦੇ ਸਿੱਖ ਚੌਧਰੀਆਂ ਵਿਸ਼ੇਸ਼ ਕਰਕੇ ਫੂਲ ਘਰਾਣੇ ਨਾਲ ਸਬੰਧਿਤ ਚੌਧਰੀਆਂ ਨੇ ਇਸ ਖੱਪੇ ਨੂੰ ਪੂਰਾ ਕਰਨ ਲਈ ਮਾਲਵੇ ਦੇ ਕਿਸੇ ਸਿੱਖ ਵਿਦਵਾਨ ਦੀ ਤਲਾਸ਼ ਸ਼ੁਰੂ ਕੀਤੀ। ਗਿ: ਗਿਆਨ ਸਿੰਘ ਉਸ ਸਮੇਂ ਦੇ ਪੜ੍ਹੇ ਲਿਖੇ ਸਿੱਖ ਵਿਦਵਾਨਾਂ ਵਿੱਚੋਂ ਸਭ ਤੋਂ ਜਿ਼ਆਦਾ ਸਾਹਿਤਕ ਅਤੇ ਸਭ ਤੋਂ ਵੱਧ ਗਿਆਨੀ ਸੀ। ਇਸ ਕਰਕੇ ਫੂਲ ਦੇ ਰਾਜ ਘਰਾਣੇ ਨੇ ਉਸਨੂੰ ਪੰਥ ਦੀ ਸੇਵਾ ਕਰਨ ਲਈ ਮਾਲਵੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਸ਼ਾਮਿਲ ਕਰਕੇ ਇੱਕ ਨਵਾਂ ਪੰਥ ਪ੍ਰਕਾਸ਼ ਲਿਖਣ ਲਈ ਕਿਹਾ। ਗਿ: ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਦੇ ਆਕਾਰ ਨੂੰ ਦੇਖਦਿਆਂ ਹੋਇਆਂ ਇਹ ਅੰਦਾਜ਼ਾ ਅਸਾਨੀ ਨਾਲ ਹੀ ਲਾਇਆ ਜਾ ਸਕਦਾ ਹੈ ਕਿ ਉਸਨੇ ਸਾਲਾਂ ਤੱਕ ਕਿੰਨੀ ਮਿਹਨਤ ਕੀਤੀ ਹੋਵੇਗੀ।
ਇੱਥੇ ਇੱਕ ਹੋਰ ਰੋਚਕ ਘਟਨਾ ਦਾ ਜ਼ਿਕਰ ਕਰਨਾ ਵੀ ਪਾਠਕਾਂ ਲਈ ਲਾਹੇਵੰਦ ਹੋਵੇਗਾ। ਗਿ: ਗਿਆਨ ਸਿੰਘ ਨੂੰ ਪੰਥ ਪ੍ਰਕਾਸ਼ ਲਿਖਣ ਸਮੇਂ ਪੰਥ ਦੀ ਸੇਵਾ ਕਰਨ ਦੇ ਨਾਲ ਬਾਰ੍ਹਾਂ ਰੁਪਏ ਮਹੀਨਾ ਤਨਖਾਹ ਦੇਣ ਦੇ ਨਾਲ ਨਾਲ ਹੋਰ ਸੇਵਾ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ।
ਗਿ: ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਦੀ ਰਚਨਾ ਕਰਨ ਤੋਂ ਬਾਅਦ ਜਦੋਂ ਫੂਲ ਦੇ ਚੌਧਰੀਆਂ ਨੂੰ ਕੀਤਾ ਵਾਅਦਾ ਪੂਰਾ ਕਰਨ ਲਈ ਕਿਹਾ ਤਾਂ ਫੂਲ ਦੇ ਚੌਧਰੀਆਂ ਨੇ ਗਿ: ਗਿਆਨ ਸਿੰਘ ਦੇ ਕੰਮ ਨੂੰ ਪੰਥਕ ਸੇਵਾ ਕਹਿ ਕੇ ਜਦੋਂ ਮਾਇਆ ਦੇਣ ਤੋਂ ਟਾਲਾ ਵੱਟਿਆ ਤਾਂ ਗਿ: ਗਿਆਨ ਸਿੰਘ ਨੇ ਉਸਨੂੰ ਆਪਣੀਆਂ ਰਚਨਾਵਾਂ ਦਾ ਹਿਸਾ ਬਣਾ ਕੇ ਜੋ ਕੁਝ ਲਿਖਿਆ, ਉਹ ਬਹੁਤ ਵਿਚਾਰਨ ਯੋਗ ਹੈ :-
‘‘ਨਾਮ ਸਿੰਘ ਯਹ ਦਿਲ ਕੇ ਚੋਰ। ਠੱਗੀ ਕਰਤ ਮਿਸ਼ਟ ਬਣ ਘੋਰ। ਪੰਥਕ ਸੇਵਾ ਸ਼ੋਰ ਮਚਾਤੇ। ਇਸ ਬਿਧ ਠਗ ਕਰ ਲੋਕਾਂ ਖਾਤੇ। ਫੇਰ ਮੈਂ ਨਿਜ ਮਨ ਕੋ ਸਮਝਾਯੋ। ਤੋ ਮਨ ਤੈਂ ਬਡ ਧੋਖਾ ਖਾਯੋ।’’
ਰਤਨ ਸਿੰਘ ਭੰਗੂ ਅਤੇ ਗਿਆਨ ਸਿੰਘ ਦੀ ਰਚਨਾ ਵਿੱਚ ਮੁੱਖ ਫਰਕ ਐਨਾ ਹੀ ਹੈ ਕਿ ਗਿ: ਗਿਆਨ ਸਿੰਘ ਨੇ ਸਿੱਖ ਗੁਰੂਆਂ ਦੀਆਂ ਮਾਲਵੇ ਵਿੱਚ ਕੀਤੀਆਂ ਯਾਤਰਾਵਾਂ ਅਤੇ ਬਾਅਦ ਵਿੱਚ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਹੋਏ ਸੰਘਰਸ਼ ਵਿੱਚ ਮਾਲਵੇ ਦੇ ਚੌਧਰੀਆਂ ਵੱਲੋਂ ਗੁਰੂਆਂ ਅਤੇ ਪੰਥ ਦੀ ਕੀਤੀ ‘ਬਹੁਮੁੱਲੀ’ ਸੇਵਾ ਦੀ ਖੂਬ ਚਰਚਾ ਕਰਕੇ ਉਨ੍ਹਾਂ ਦੇ ‘ਪੱਕੇ ਅਤੇ ਸੱਚੇ’ ਗੁਰਮੁਖ ਹੋਣ ਦੀਆਂ ਧਾਰਨਾਵਾਂ ਸਿੱਖ ਜਗਤ ਵਿੱਚ ਪ੍ਰਚਲਤ ਕਰ ਦਿੱਤੀਆਂ, ਜੋ ਰਤਨ ਸਿੰਘ ਭੰਗੂ ਦੁਆਰਾ ਲਿਖੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਨਹੀਂ ਸਨ।
ਅੱਜ ਸਿੱਖ ਜਗਤ ਨੂੰ ਇਨ੍ਹਾਂ ਪੰਥ ਪ੍ਰਕਾਸ਼ਾਂ ਨੂੰ ਪੜ੍ਹਨ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਨ੍ਹਾਂ ਦੋਨ੍ਹਾਂ ਪੁਸਤਕਾਂ ਵਿੱਚ ਬਹੁਤ ਕੁਝ ਆਪਣੇ ਆਪਣੇ ਆਕਾਂਵਾ ਅਤੇ ਉਪਰਲਿਆਂ ਨੂੰ ਖੁਸ਼ ਕਰਨ ਲਈ ਹੀ ਲਿਖਿਆ ਹੋਇਆ ਹੈ। ਇਸ ਕਰਕੇ ਇਨ੍ਹਾਂ ਪੁਸਤਕਾਂ ਨੂੰ ਸਰੋਤਾਂ ਦੀ ਸੂਚਨਾ ਦੇਣ ਵਾਲੇ ਸ੍ਰੋਤ ਵਜੋਂ ਹੀ ਵਰਤਿਆ ਜਾਣਾ ਚਾਹੀਦਾ ਹੈ।
ਰਤਨ ਸਿੰਘ ਭੰਗੂ ਨੇ ਅੰਗਰਜ਼ ਕਮਿਸ਼ਨਰ ਨੂੰ ਖੁਸ਼ ਕਰਨ ਲਈ ਗੁਰੂ ਤੇਗ ਬਹਾਦਰ ਜੀ ਦੇ ਮੂੰਹੋਂ ਅਖਵਾਇਆ ਹੈ ਕਿ ਬਹੁਤ ਜਲਦੀ ਹੀ ਸਮੁੰਦਰ ਪਾਰ ਤੋਂ ਟੋਪੀ ਵਾਲਾ ਆ ਕੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਖੁੱਦ ਰਾਜ ਕਰੇਗਾ। ਇਸ ਤਰ੍ਹਾਂ ਹੀ ਗਿ: ਗਿਆਨ ਸਿੰਘ ਨੇ ਮੁਕਤਸਰ ਦੀ ਜੰਗ ਤੋਂ ਬਾਅਦ ਤਨਖਾਹ ਉਪਰ ਗੁਰੂ ਕੀਆਂ ਫੌਜਾਂ ਵਿੱਚ ਭਰਤੀ ਹੋਏ ਬਰਾੜਾਂ ਵੱਲੋਂ ਗੁਰੂ ਸਾਹਿਬ ਨਾਲ ਤਨਖਾਹ ਲੈਣ ਲਈ ਕੀਤੀ ਬਦਕਲਾਮੀ ਅਤੇ ਦੁਰਵਿਹਾਰ ਨੂੰ ਦਾਨ ਸਿੰਘ ਬਰਾੜ ਨਾਮ ਦਾ ਕਾਲਪਨਿਕ ਪਾਤਰ ਸਿਰਜ ਕੇ ਮਾਲਵੇ ਦੀ ਸਿੱਖੀ ਬਚਾਉਣ ਵਾਲੀ ਜਿਸ ਘਟਨਾ ਦੀ ਚਰਚਾ ਕੀਤੀ ਹੈ, ਉਸ ਘਟਨਾ ਦੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਮਹਿਮੇ ਸਰਜੇ ਪਿੰਡ ਵਿੱਚ ਦਾਨ ਸਿੰਘ ਬਰਾੜ ਨਾਮ ਦਾ ਕੋਈ ਵਿਅਕਤੀ ਕਦੇ ਹੋਇਆ ਹੀ ਨਹੀਂ ਅਤੇ ਨਾ ਹੀ ਉਸ ਦੀ ਕੋਈ ਔਲਾਦ ਕਦੇ ਉਥੇ ਵਸਦੀ ਰਹੀ ਹੈ। ਜਦੋਂ ਦਾਨ ਸਿੰਘ ਬਰਾੜ ਨਾਮ ਦਾ ਕੋਈ ਵਿਅਕਤੀ ਹੋਇਆ ਹੀ ਨਹੀਂ ਤਾਂ ਮਾਲਵੇ ਦੀ ਸਿੱਖੀ ਬਚਾ ਕਿਸ ਨੇ ਲਈ?
ਸਿੱਖਾਂ ਨੂੰ ਪਾਤਸ਼ਾਹੀ ਦੇ ਯੋਗ ਬਣਾਉਣ ਹਿੱਤ ਗੁਰੂ ਸਾਹਿਬ ਜਦੋਂ ਆਪਣੇ ਸਰਬੰਸ ਅਤੇ ਸੈਂਕੜੇ ਸੂਰਬੀਰ ਜਰਨੈਲਾਂ ਦੀ ਅਹੂਤੀ ਦੇਣ ਤੋਂ ਬਾਅਦ ਮਾਲਵੇ ਵਿੱਚ ਆਏ ਤਾਂ ਮਾਲਵੇ ਦੇ ਕਈ ਪਿੰਡਾਂ ਵਿੱਚ ਗੁਰੂ ਸਾਹਿਬ ਦੇ ਘੋੜਿਆਂ ਲਈ ਘਾਹ ਖੋਤਣ ਗਏ ਸੂਰਬੀਰ ਸਿੱਖਾਂ ਤੋਂ ਮਾਰ ਕੁਟਾਈ ਕਰਕੇ ਖੋਤਿਆ ਹੋਇਆ ਘਾਹ ਖੋਹਣ ਦੀਆਂ ਘਟਨਾਵਾਂ ਪੜ੍ਹ ਕੇ ਅੱਜ ਵੀ ਮਨ ਭਰ ਜਾਂਦਾ ਹੈ।
ਮਾਝੇ ਅਤੇ ਦੁਆਬੇ ਦੀ ਸਿੱਖੀ ਤਾਂ ਅਨੰਦਪੁਰ ਸਾਹਿਬ ਨੂੰ ਪਏ ਘੇਰੇ ਸਮੇਂ ਪਰਖੀ ਗਈ ਸੀ ਅਤੇ ਮਾਲਵੇ ਦੀ ਸਿੱਖੀ ਮੁਕਤਸਰ ਦੀ ਜੰਗ ਸਮੇਂ ਪਰਖਣ ਤੋਂ ਬਾਅਦ ਨਿਰਾਸ਼ ਹੋਏ ਗੁਰੂ ਸਾਹਿਬ ਨੂੰ ਦੱਖਣ ਦੀ ਤਿਆਰੀ ਕਰਨੀ ਪਈ ਸੀ। ਸੰਕਟ ਭਰੀ ਇਸ ਪ੍ਰਸਥਿਤੀ ਵਿੱਚ ਗੁਰੂ ਸਾਹਿਬ ਨਾਲ ਜੇ ਕੋਈ ਪੂਰੀ ਤਰ੍ਹ਼ਾਂ ਨਿਭਿਆ ਹੈ ਤਾਂ ਉਹ ਅਨੰਦਪੁਰ ਦੀ ਜੰਗ ਵਿਚੋਂ ਬਚ ਨਿਕਲਿਆ ਖਾਲਸਾ ਸਿੰਘਾਂ ਦਾ ਜੱਥਾ ਸੀ।
ਚਮਕੌਰ ਦੀ ਜੰਗ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੀ ਜਿਸ ਤਰ੍ਹਾਂ ਦੋਨ੍ਹੋ ਪੰਥ ਪ੍ਰਕਾਸ਼ਾਂ ਵਿੱਚ ਚਰਚਾ ਕੀਤੀ ਗਈ ਹੈ, ਉਹ ਘਟਨਾਵਾਂ ਉਸ ਤਰ੍ਹਾਂ ਨਹੀਂ ਵਾਪਰੀਆਂ, ਜਿਸ ਤਰ੍ਹਾਂ ਉਨ੍ਹਾਂ ਦੀ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਘਟਨਾਵਾਂ ਪਿੱਛੇ ਵਾਪਰਿਆ ਸੱਚ ਕੁਝ ਹੋਰ ਹੈ। ਮੁਕਤਸਰ ਦੀ ਜੰਗ ਦੇ ਪੇਸ਼ ਤੱਥਾਂ ਨੂੰ ਤਰਕ ਦੀ ਕਸੌਟੀ ਉਪਰ ਕੱਸ ਕੇ ਦੇਖਣ ਤੋਂ ਬਾਅਦ ਸਪਸ਼ਟ ਹੋ ਜਾਂਦਾ ਹੈ ਕਿ ਮੁਕਤਸਰ ਦੀ ਜੰਗ ਵਿੱਚ ਸਰਹੰਦ ਦਾ ਸੂਬੇਦਾਰ ਦਸ ਹਜ਼ਾਰ ਸ਼ਾਹੀ ਸੈਨਿਕਾਂ ਨਾਲ ਗੁਰੂ ਸਾਹਿਬ ਉਪਰ ਹਮਲਾਵਰ ਹੋਇਆ ਸੀ। ਮੁਕਤਸਰ ਦੀ ਜੰਗ ਅਨੰਦਪੁਰ ਤੋਂ ਬੇਦਾਵਾ ਦੇ ਕੇ ਭੱਜੇ ਚਾਲ੍ਹੀ ਸਿੱਖਾਂ ਨੇ ਹੀ ਨਹੀਂ ਬਲਕਿ ਅਨੰਦਪੁਰ ਦੀ ਜੰਗ ਵਿੱਚ ਵਿਛੜ ਗਏ ਉਨ੍ਹਾਂ ਸਿੰਘਾਂ ਨੇ ਉਸੇ ਪੁਰਾਣੀ ਰਣਨੀਤੀ ਨਾਲ ਜਿੱਤੀ ਸੀ, ਜਿਸ ਨਾਲ ਅਨੰਦਪੁਰ ਉਪਰ ਪਹਿਲਾਂ ਹਮਲਾਵਰ ਹੋਈਆਂ ਫੌਜਾਂ ਨੂੰ ਹਮਲਾ ਕਰਨ ਦਾ ਮੌਕਾ ਦੇਣ ਤੋਂ ਪਹਿਲਾਂ ਹੀ ਟੁੱਟ ਕੇ ਪੈ ਜਾਣ ਦਾ ਪੈਂਤੜਾ ਲਿਆ ਜਾਂਦਾ ਸੀ।
ਆਨੰਦਪੁਰ ਦੀ ਜੰਗ, ਜਿਸ ਵਿੱਚ ਚਾਰੇ ਸਾਹਿਬਜ਼ਾਦੇ, ਹਜ਼ਾਰਾਂ ਸੂਰਬੀਰ ਸਿੰਘ ਅਤੇ ਸੈਂਕੜੇ ਗ੍ਰੰਥ ਜੰਗ ਦੀ ਭੇਟ ਚੜ੍ਹ ਗਏ ਸਨ। ਕੀ ਉਸ ਜੰਗ ਵਿੱਚ ਮਝੈਲ ਸਿੱਖਾਂ ਵੱਲੋਂ ਲਿਖੇ ਬੇਦਾਵੇ ਵਾਲਾ ਟੁਕੜਾ ਗੁਰੂ ਸਾਹਿਬ ਐਨਾ ਚਿਰ ਜੇਬ ਵਿੱਚ ਹੀ ਸੰਭਾਲੀ ਫਿਰਦੇ ਸਨ? ਕਹਿਣ ਦਾ ਮਤਲਬ ਇਹ ਹੈ ਕਿ ਘਟਨਾਵਾਂ ਉਸ ਤਰ੍ਹਾਂ ਨਹੀਂ ਵਾਪਰੀਆਂ, ਜਿਸ ਤਰ੍ਹਾਂ ਪੇਸ਼ ਕੀਤੀਆਂ ਗਈਆਂ ਹਨ।
ਸਿੱਖ ਇਤਿਹਾਸ ਲਿਖਣ ਵਾਲੇ ਇਨ੍ਹਾਂ ਦੋਹਾਂ ਲੇਖਕਾਂ ਦੇ ਪਿਛੋਕੜ ਬਾਰੇ ਜਾਣਨਾ ਵੀ ਜ਼ਰੂਰੀ ਹੈ। ਇਹ ਦੋਨ੍ਹੋ ਲੇਖਕ ਸਿੱਖਾਂ ਦੀ ਇੱਕ ਸੰਪਰਦਾਏ ਨਿਰਮਲੇ ਸੰਪਰਦਾਏ ਨਾਲ ਸਬੰਧਿਤ ਸਾਧ ਸਨ। ਇਹ ਸੰਪਰਦਾਏ ਸਿੱਖ ਪੰਥ ਵਿੱਚ ਗੁਰਮਤਿ ਦੇ ਸਿਧਾਂਤਾਂ ਨੂੰ ਤੋੜ ਮਰੋੜ ਕੇ ਬਿਪਰਵਾਦੀ ਬਣਾਉਣ ਲਈ ਬਦਨਾਮ ਰਹੀ ਹੈ। ਸਿੱਖ ਪੰਥ ਵੱਲੋਂ ਇਸ ਸੰਪਰਦਾਏ ਦਾ 1932 ਤੱਕ ਬਾਈਕਾਟ ਵੀ ਕੀਤਾ ਗਿਆ ਸੀ। ਸਿੱਖ ਧਾਰਮਿਕ ਸਥਾਨਾਂ ਵਿੱਚ ਇਨ੍ਹਾਂ ਦੇ ਦਾਖਲੇ ਉਪਰ ਪਾਬੰਦੀ ਲੱਗੀ ਰਹੀ ਹੈ।
ਨਿਰਮਲੇ ਇਤਿਹਾਸਕਾਰ ਤਾਂ ਇਸ ਸੰਪਰਦਾਏ ਦੀ ਸ਼ੁਰੂਆਤ ਨਾਨਕ-ਕਾਲ ਤੋਂ ਹੀ ਮੰਨਦੇ ਹਨ। ਪਰ ਇਕ ਸੰਗਠਨ ਦੇ ਰੂਪ ਵਿੱਚ ਇਸ ਸੰਪਰਦਾਏ ਨੂੰ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਪਹਿਲੇ ਪੁਜਾਰੀ ਭਾਈ ਮਨੀ ਸਿੰਘ ਨੇ ਜਥੇਬੰਦ ਕੀਤਾ ਸੀ। ਪੰਥ ਪ੍ਰਕਾਸ਼ ਵਿੱਚ ਘਸੋਈਆਂ ਗਈਆਂ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਹੀ ਇਸ ਸੰਪਰਦਾਏ ਦੀ ਸ਼ੁਰੂਆਤ ਹੋ ਗਈ ਸੀ। ਪਰ ਖਾਲਸਾ ਪੰਥ ਵੱਲੋਂ ਲੜੇ ਗਏ ਲਹੂ ਵੀਟਵੇਂ ਸੰਘਰਸ਼ ਵਿੱਚ ਇਸ ਸੰਪਰਦਾਏ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਵੱਲੋਂ ਪਾਏ ਕਿਸੇ ਵੀ ਤਰ੍ਹਾਂ ਦੇ ਯੋਗਦਾਨ ਦੀ ਚਰਚਾ ਪੜ੍ਹਨ ਨੂੰ ਨਹੀਂ ਮਿਲਦੀ।
ਖਾਲਸਾ ਪੰਥ ਵੱਲੋਂ ਲੜੇ ਗਏ ਸੰਘਰਸ਼ ਵਿੱਚ ਕੋਈ ਯੋਗਦਾਨ ਨਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਸਿੱਖ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਦੇ ਨਾਮ ਉਪਰ ਮਨਘੜਤ ਸਾਖੀਆਂ ਜੋੜ ਦਿੱਤੀਆਂ ਹਨ ਕਿ ਸ਼ਸ਼ਤਰਧਾਰੀ ਖਾਲਸਾ ਪੰਥ ਇਨ੍ਹਾਂ ਨਿਰਮਲੇ ਸੰਤਾਂ ਦਾ ਤਾਬਿਆਦਾਰ ਬਣਕੇ ਸਦਾ ਸੇਵਾ ਕਰਦਾ ਰਹੇਗਾ। ਭਾਈ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਖਾਲਸਾ ਰਾਜ ਦਾ ਸੁਪਨਾ ਕੀਚਰਾਂ ਕੀਚਰਾਂ ਕਰ ਦੇਣ ਵਾਲੀਆਂ ਤੱਤ ਖਾਲਸੇ ਦੀ ਧਿਰਾਂ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਕੇਂਦਰ ਹਰਿਮੰਦਰ ਸਾਹਿਬ ਅਤੇ ਦੂਜੀਆਂ ਸਭ ਪੰਥਕ ਜਥੇਬੰਦੀਆਂ ਉਪਰ ਕਾਬਜ਼ ਹੋ ਗਈਆਂ ਤਾਂ ਇਨ੍ਹਾਂ ਨਿਰਮਲ ਪੰਥੀਆਂ ਨੇ ਪੰਜਾਬ ਦੇ ਸ਼ਹਿਰਾਂ ਅਤੇ ਵੱਡੇ ਪਿੰਡਾਂ ਵਿੱਚ ਆਪਣੇ ਡੇਰੇ ਸਥਾਪਿਤ ਕਰਕੇ ਸਿੱਖ ਧਰਮ ਅਤੇ ਸਿੱਖ ਇਤਿਹਾਸ ਸਬੰਧੀ ਮਨਚਾਹੀਆਂ ਧਾਰਨਾਵਾਂ ਫੈਲਾਉਣ ਲਈ ਖੁੱਲ ਕੇ ਚੰਮ ਦੀਆਂ ਚਲਾਈਆਂ।
ਉਸ ਸਮੇਂ ਦੀ ਸਮਾਜਿਕ ਅਵਸਥਾ ਵਿੱਚ ਡੇਰੇ ਹੀ ਸਕੂਲ ਹੁੰਦੇ ਸਨ, ਡੇਰੇ ਹੀ ਹਸਪਤਾਲ ਹੁੰਦੇ ਸਨ ਅਤੇ ਡੇਰੇ ਹੀ ਧਾਰਮਿਕ ਸਰਗਰਮੀਆਂ ਦੇ ਕੇਂਦਰ ਹੁੰਦੇ ਸਨ। ਇਸ ਕਰਕੇ ਇਨ੍ਹਾ ਵੱਲੋਂ ਸਿੱਖ ਧਰਮ ਅਤੇ ਸਿੱਖ ਇਤਿਹਾਸ ਵਿੱਚ ਜੋ ਜੋ ਭਰਮ ਭੁਲੇਖੇ ਖੜੇ ਕੀਤੇ ਗਏ ਉਹ ਪੀੜ੍ਹੀ ਦਰ ਪੀੜ੍ਹੀ ਅੱਜ ਤੱਕ ਚਲਦੇ ਆ ਰਹੇ ਹਨ।
19ਵੀਂ ਸਦੀ ਵਿੱਚ ਤਾਂ ਪੜ੍ਹੇ ਲਿਖੇ ਸਿੱਖ ਵਿਦਵਾਨਾਂ ਦੀ ਬੁੱਧੀ ਐਨੀ ਭ੍ਰਿਸ਼ਟ ਹੋ ਗਈ ਸੀ ਕਿ ਪੁਰਾਤਨ ਹੱਥ ਲਿਖਤਾਂ ਨੂੰ ਸੂਹੀਆਂ ਵਾਂਗ ਲੱਭ-ਲੱਭ ਕੇ ਸਿੱਖ ਪੰਥ ਦੇ ਗਲ ਮੜ੍ਹਨ ਲੱਗਿਆਂ ਇਹ ਵੀ ਨਹੀਂ ਸੋਚਿਆ ਗਿਆ ਕਿ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਲਿਖਤ ਗੁਰਮਤਿ ਮਰਿਯਾਦਾ ਅਤੇ ਸਿਧਾਂਤਾਂ ਉਪਰ ਖਰੀ ਵੀ ਉਤਰਦੀ ਹੈ ਕਿ ਨਹੀਂ। 19ਵੀਂ ਸਦੀ ਦੇ ਅਰੰਭਿਕ ਕਾਲ ਵਿੱਚ ਇਨ੍ਹਾਂ ਪੰਥ-ਗੁਰੂ ਵਰਗੀ ਧਾਰਨਾ ਨੂੰ ਜਨਮ ਦੇ ਕੇ ਸਭ ਅਧਿਕਾਰ ਪੰਜ ਪਿਆਰਿਆਂ ਨੂੰ ਹੋਣ ਦਾ ਜੋ ਸਿਧਾਂਤ ਪੇਸ਼ ਕੀਤਾ, ਉਸ ਦਾ ਖਮਿਆਜਾ ਸਿੱਖ ਕੌਮ ਅੱਜ ਤੱਕ ਭੁਗਤ ਰਹੀ ਹੈ। ਪੰਜ ਪਿਆਰਿਆਂ ਅਤੇ ਪੰਥ-ਗੁਰੂ ਦੇ ਸਿਧਾਤਾਂ ਨੂੰ ਇਤਿਹਾਸਿਕ ਬਣਾਉਣ ਲਈ ਇਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰਿਆਂ ਤੋਂ ਅੰਮ੍ਰਿਤ ਵੀ ਛਕਵਾ ਦਿਤਾ ਅਤੇ ਬਾਅਦ ਵਿੱਚ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮਨਾਮਾ ਵੀ ਜਾਰੀ ਕਰਵਾ ਦਿੱਤਾ। ਖਾਲਸਾ ਪੰਥ ਦੀ ਸਾਜਨਾ ਸਮੇਂ ਚਸ਼ਮਦੀਦ ਗਵਾਹ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਿੰਘ ਭਾਈ ਜੀਵਨ ਸਿੰਘ ਆਪਣੀ ਰਚਨਾ ‘‘ਸ਼੍ਰੀ ਗੁਰੂ ਕਥਾ’’ ਵਿੱਚ ਕਿਤੇ ਵੀ ਇਸ ਗੱਲ ਦੀ ਚਰਚਾ ਨਹੀ ਕਰਦੇ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਤੋਂ ਅੰਮ੍ਰ੍ਰਿਤ ਛਕਿਆ ਹੋਵੇ।
ਸਿੱਖ ਵਿਦਵਾਨਾਂ ਵੱਲੋਂ ਘੜ੍ਹੇ ਗੁਰੂ-ਪੰਥ ਦਾ ਰੂਪ ਪੰਜ ਪਿਆਰਿਆਂ ਨੇ ਆਪਣੇ ਪੁਨਰ ਜਨਮ ਤੋਂ ਲੈ ਕੇ ਅੱਜ ਤੱਕ ਪੰਥ ਦੀ ਸੰਕਟ ਭਰੀ ਸਥਿਤੀ ਵਿੱਚ ਕਿੰਨੀ ਕੁ ਯੋਗ ਅਗਵਾਈ ਕੀਤੀ ਹੈ - ਇਸ ਦਾ ਨਮੂਨਾ ਭਾਈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਬਲਿਊ ਸਟਾਰ ਅਪਰੇਸ਼ਨ ਵੇਲੇ ਸਾਰੀ ਦੁਨੀਆਂ ਨੇ ਦੇਖ ਲਿਆ।
ਗੁਰੂ-ਰੂਪ ਬਣੇ ਪੰਜ ਪਿਆਰਿਆਂ ਦੇ ਸਿਧਾਂਤ ਦੀ ਦੁਰਵਰਤੋਂ ਚੌਥੀ ਪੰਜਵੀ ਪਾਸ ਸਿੱਖ ਪੁਜਾਰੀਆਂ ਨੇ ਖੂਬ ਕੀਤੀ ਹੈ ਅਤੇ ਅੱਜ ਵੀ ਕਰ ਰਹੇ ਹਨ। 19ਵੀਂ ਸਦੀ ਤੋਂ ਅੱਜ ਤੱਕ ਇਸ ਸਿਧਾਂਤ ਦੀ ਵਰਤੋਂ ਗੁਰਮਤਿ ਸਥਾਪਨਾ ਵਾਸਤੇ ਕਦੇ ਕੀਤੀ ਗਈ ਹੋਵੇ - ਇਸ ਦੀ ਕੋਈ ਉਦਾਹਾਰਣ ਦੇਖਣ ਨੂੰ ਨਹੀਂ ਮਿਲਦੀ। ਹਾਂ ਆਪਣੇ ਵਿਰੋਧੀ ਨੂੰ ਖੁੱਡੇ ਲਾਉਣ ਜਾਂ ਗੁਰਮਤਿ ਦੀ ਸਥਾਪਨਾ ਲਈ ਯਤਨ ਕਰਨ ਵਾਲੇ ਸਿੱਖ ਲੀਡਰਾਂ ਦੇ ਵਿਰੁਧ ਜ਼ਰੂਰ ਕੀਤੀ ਜਾਂਦੀ ਰਹੀ ਹੈ।
19ਵੀਂ ਸਦੀ ਵਿੱਚ ਪੜ੍ਹੇ ਲਿਖੇ ਸਿੱਖ ਵਿਦਵਾਨਾਂ ਵਿੱਚ ਦੋ ਤਰ੍ਹਾਂ ਦੇ ਗਰੁੱਪ ਕੰਮ ਕਰ ਰਹੇ ਸਨ। ਇਨ੍ਹਾਂ ਵਿਦਵਾਨਾਂ ਵਿੱਚ ਇੱਕ ਧੜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈਕੇ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਤੱਕ ਵਾਪਰੀਆਂ ਘਟਨਾਵਾਂ ਦੀ ਅਸਲੀਅਤ ਜਾਣਨ ਲਈ ਮੁਗਲ ਬਾਦਸ਼ਾਹਾਂ ਅਤੇ ਉਨ੍ਹਾਂ ਦੇ ਅਹਿਲਕਾਰਾਂ ਦੇ ਦਰਬਾਰ ਵਿਚਲੇ ਸਰਕਾਰੀ ਰੀਕਾਰਡ ਦੀ ਫੋਲਾ ਫਰਾਲੀ ਕਰਕੇ ਨਵੇਂ ਤੱਥ ਪੇਸ਼ ਕਰ ਰਿਹਾ ਸੀ ਅਤੇ ਇੱਕ ਧੜਾ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕਰਕੇ ਸਿੱਖ ਪੰਥ ਵਿੱਚ ਆਏ ਕੁਰਾਹੇ ਦੀ ਚਰਚਾ ਕਰ ਰਿਹਾ ਸੀ।
ਖੋਜ ਕਰਨ ਵਾਲੇ ਪਹਿਲੇ ਗਰੁੱਪ ਵਿਚਲੇ ਵਿਦਵਾਨ ਉਸ ਸਮੇਂ ਪ੍ਰਾਪਤ ਪੰਥ ਪ੍ਰਕਾਸ਼ ਜਹੀਆਂ ਰਚਨਾਵਾਂ ਨੂੰ ਸਹੀ ਮੰਨਦੇ ਹੋਏ ਖੋਜ ਦੌਰਾਨ ਪ੍ਰਾਪਤ ਹੋਏ ਨਵੇਂ ਤੱਥਾਂ ਨੂੰ ਪੇਸ਼ ਕਰ ਰਿਹਾ ਸੀ। ਇਸ ਕਰਕੇ ਹੀ ਪ੍ਰੋ. ਗੰਡਾ ਸਿੰਘ ਵਰਗੇ ਸਿੱਖ ਵਿਦਵਾਨ ਮੇਲੇ ‘ਚ’ ਗਵਾਚੇ ਜਵਾਕ ਵਾਂਗੂੰ ਰੀਂ-ਰੀਂ ਕਰਦੇ ਪ੍ਰਤੀਤ ਹੁੰਦੇ ਹਨ। ਦੂਜੇ ਪਾਸੇ ਭਾਈ ਵੀਰ ਸਿੰਘ, ਪ੍ਰੋ: ਸਾਹਿਬ ਸਿੰਘ ਅਤੇ ਸਤਬੀਰ ਸਿੰਘ ਵਰਗੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕਰਨ ਵਾਲੇ ਵਿਦਵਾਨ ਸਿੱਖ ਪੰਥ ‘ਚ’ ਆਏ ਕੁਰਾਹੇ ਨੂੰ ਸਿੱਖ ਰਿਆਸਤਾਂ ਦੇ ਕਾਲ ਨਾਲ ਜੋੜ ਕੇ ਪੇਸ਼ ਕਰਦੇ ਹਨ।
ਇਹ ਰੌਲਾ ਹੁਣ ਤੱਕ ਚਲਿਆ ਆ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇਨ੍ਹਾਂ ਵੱਡੇ ਵੱਡੇ ਵਿਦਵਾਨਾਂ ਨੇ ਸਿੱਖ ਪੰਥ ਵਿੱਚ ਆਏ ਕੁਰਾਹੇ ਦੇ ਕਾਰਨਾਂ ਦੀ ਸਹੀ-ਸਹੀ ਖੋਜ ਕਰ ਲਈ ਸੀ ਤਾਂ ਸਿੱਖ ਪੰਥ ਨੂੰ ਕੁਰਾਹੇ ਚੋਂ ਕੱਢਣ ਲਈ ਸਿੱਖ ਪੰਥ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕੀ? ਗੱਲ ਸਿੱਧੀ ਹੈ ਕਿ ਜੇ ਬਿਮਾਰੀ ਦੀ ਸਹੀ ਪਛਾਣ ਕਰ ਲਈ ਗਈ ਸੀ ਤਾਂ ਬਿਮਾਰੀ ਦੀ ਦਵਾਈ ਲੱਭਣ ਵਿੱਚ ਕੀ ਦਿੱਕਤ ਸੀ?
ਅਸਲ ਗੱਲ ਇਹ ਹੈ ਕਿ ਪੜ੍ਹੇ ਲਿਖੇ ਇਹ ਸਿੱਖ ਵਿਦਵਾਨ ਸਿੱਖ ਪੰਥ ਦੇ ਕੁਰਾਹੇ ਪੈ ਜਾਣ ਦੇ ਕਾਰਣਾਂ ਦੀ ਚਰਚਾ ਕਰਨ ਸਮੇਂ ਆਪਣੇ ਨਿੱਜੀ ਸਵਾਰਥਾਂ ਕਾਰਨ ਸਭ ਤੋਂ ਵੱਡੀ ਬੇਈਮਾਨੀ ਇਹ ਕਰਦੇ ਹਨ ਕਿ ਕੁਰਾਹੇ ਦੇ ਸਹੀ ਕਾਰਨਾਂ ਨੂੰ ਪੇਸ਼ ਕਰਨ ਦੀ ਥਾਂ ਸਿਖ ਪੰਥ ਉਪਰ ਕਾਬਜ਼ ਹੋਏ ਬਿਪਰਵਾਦੀ ਪੁਜਾਰੀਆਂ ਅਤੇ ਉਨ੍ਹਾਂ ਦੇ ਰਾਜਨੀਤਿਕ ਆਕਾਵਾਂ ਤੋਂ ਡਰਦੇ ਹੋਏ ਮੌਲੇ ਬਲਦ ਵਾਂਗੂੰ ਆਪਣੇ ਪੈਰਾਂ ’ਚ ਹੀ ਮੂਤੀ ਜਾਂਦੇ ਹਨ। ਇਨ੍ਹਾਂ ਦੇ ਇਸ ਤਰ੍ਹਾਂ ਮੋਕ ਮਾਰਨ ਦੇ ਪਿੱਛੇ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਸੱਚ ਲਿਖਣ ਕਰਕੇ ਸ਼੍ਰੋਮਣੀ ਕਮੇਟੀ ਨੇ ਕਿਸੇ ਕਿਤਾਬ ਦਾ ਕੰਟੈਰਕਟ ਨਹੀਂ ਦੇਣਾ। ਅਸਲ ਵਿੱਚ ਪੜ੍ਹੇ ਲਿਖੇ ਇਹ ਸਿੱਖ ਵਿਦਵਾਨ ਖੱਸੀ ਕੀਤੇ ਨਗੌਰੀ ਵਹਿੜਕੇ ਹਨ, ਜੋ ਦੂਰੋਂ ਤਾਂ ਢੱਟਿਆਂ ਵਰਗੇ ਲੱਗਦੇ ਹਨ, ਪਰ ਨੇੜੇ ਜਾ ਕੇ ਪਤਾ ਲੱਗਦਾ ਹੈ ਕਿ ਇਹ ਤਾਂ ਅੱਖਾਂ ਉਪਰ ਖੋਪੇ ਚੜ੍ਹਾ ਕੇ ਕੋਹਲੂ ਨਾਲ ਜੋੜੇ ਬੁੱਢੇ ਬਲਦ ਹਨ। ਸਾਰੀ ਉਮਰ ਯੂਨੀਵਰਸਿਟੀਆਂ ਵਿੱਚੋਂ ਮੋਟੀਆਂ ਮੋਟੀਆਂ ਤਨਖਾਹਾਂ ਲੈਕੇ ਬੁੱਢੇ-ਵਾਰੇ ਸ਼੍ਰੋਮਣੀ ਕਮੇਟੀ ਤੋਂ ਗੁਰਮਤਿ ਜਾਂ ਸ਼ਬਦ ਗੁਰੂ ਉਪਰ ਪੁਸਤਕਾਂ ਲਿਖਣ ਦੇ ਠੇਕੇ ਲੈਣ ਲਈ ਹਰ ਸ਼ਬਦ ਲਿਖਣ ਸਮੇਂ ਨਫੇ ਨੁਕਸਾਨ ਦਾ ਪੂਰਾ ਧਿਆਨ ਰੱਖਦੇ ਹਨ। ਇਸ ਕੁੱਤੇ-ਝਾਕ ਕਾਰਨ ਇਹ ਕਿਸੇ ਵੀ ਵਿਵਾਦ ਵਾਲੇ ਵਿਸ਼ੇ ਨੂੰ ਛੂਹਣਾ ਵੀ ਠੀਕ ਨਹੀਂ ਸਮਝਦੇ। ਅਜਮੇਰ ਸਿੰਘ ਵੱਲੋਂ ਸਿੱਖ ਪੰਥ ਦੇ ਕੁਰਾਹੇ ਦੇ ਕਾਰਨਾਂ ਦੀ ਜਾਂਚ ਕਰਦੀ ਪੁਸਤਕ ’ਕਿਸ ਬਿੱਧ ਰੁਲੀ ਪਾਤਸ਼ਾਹੀ’ ਨੂੰ ਮੈਂ ਇਸ ਇਤਿਹਾਸਿਕ ਸੰਦਰਭ ਵਿੱਚ ਹੀ ਵੇਖਦਾ ਹਾਂ।
ਇਸ ਪੁਸਤਕ ਨੂੰ ਲਿਖਣ ਤੋਂ ਪਹਿਲਾਂ ਅਜਮੇਰ ਸਿੰਘ ਨੇ ਜੋ ਪੁਸਤਕਾਂ ਪੜ੍ਹੀਆਂ ਹਨ- ਉਨ੍ਹਾਂ ਦੀ ਗਿਣਤੀ ਲੱਗਭਗ ਛੇ ਸੌ ਦੇ ਕਰੀਬ ਹੈ। ਇਸ ਪੁਸਤਕ ਦੇ ਰਲੀਜ਼ ਸਮੇਂ ਅਖਬਾਰਾਂ ਵਿੱਚ ਹੋਈ ਚਰਚਾ ਨੂੰ ਦੇਖਦੇ ਹੋਏ ਮੈਂਨੂੰ ਇਹ ਆਸ ਸੀ ਕਿ ਸਿਧਾਂਤਕ ਲੜਾਈਆਂ ਵਿੱਚ ਉਮਰ ਗੁਜ਼ਾਰ ਚੁੱਕੇ ਇਸ ਵਿਦਵਾਨ ਲੇਖਕ ਨੇ ਦੁਨੀਆਂ ਦੇ ਸਭ ਤੋਂ ਸੱਜਰੇ ਅਤੇ ਇਨਕਲਾਬੀ ਫਲਸਫੇ ਉਪਰ ਉਸਰੇ ਸਿੱਖ ਧਰਮ ਨੂੰ ਮੰਨਣ ਵਾਲੇ ਸਿੱਖ ਪੰਥ ਵਿੱਚ ਪੈਦਾ ਹੋਏ ਕੁਰਾਹੇ ਦੇ ਸਹੀ ਸਹੀ ਕਾਰਨਾਂ ਨੂੰ ਸਮਝ ਕੇ ਹੀ ਇਸ ਪੁਸਤਕ ਦੀ ਰਚਨਾ ਕੀਤੀ ਹੋਵੇਗੀ। ਇਸ ਕਾਰਨ ਹੀ ਮੈਂਨੂੰ ਇਹ ਪੁਸਤਕ ਹਾਸਲ ਕਰਨ ਲਈ ਆਪਣੇ ਇੱਕ ਮਿੱਤਰ ਨੂੰ ਕਸ਼ਟ ਦੇ ਇਹ ਕਿਤਾਬ ਮਾਰਕੀਟ ਵਿੱਚ ਸਰਕੂਲੇਟ ਹੋਣ ਤੋਂ ਪਹਿਲਾਂ ਹੀ ਮੰਗਵਾਉਂਣੀ ਪਈ।
ਜਿਵੇਂ ਮੈਂ ਪਹਿਲਾਂ ਲਿਖਿਆ ਹੈ ਕਿ ਪੜ੍ਹੇ ਲਿਖੇ ਸਿੱਖ ਵਿਦਵਾਨ ਸਿੱਖ ਧਰਮ ਬਾਰੇ ਚਰਚਾ ਕਰਦੇ ਸਮੇਂ ਸਿੱਖ ਪੰਥ ਵਿੱਚ ਪੈਦਾ ਹੋਏ ਕੁਰਾਹੇ ਦੇ ਅਸਲੀ ਕਾਰਨਾਂ ਨੂੰ ਪੇਸ਼ ਕਰਨ ਤੋਂ ਇਉਂ ਚਲਦੇ ਹਨ ਜਿਵੇਂ ਗੁਲੇਲੋ ਕਾਂ। ਇਸ ਪੁਸਤਕ ਵਿਚ ਵੀ ਉਹੀ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਪੜ੍ਹੇ ਲਿਖੇ ਸਿੱਖ ਵਿਦਵਾਨ ਹੁਣ ਤੱਕ ਕਰਦੇ ਰਹੇ ਹਨ। ਇਸ ਪੁਸਤਕ ਵਿੱਚ ਸਭ ਤੋਂ ਪਹਿਲਾਂ ਜੋ ਬਜ਼ਰ ਗਲਤੀ ਕੀਤੀ ਗਈ ਹੈ, ਉਹ ਇਹ ਹੈ ਕਿ ਅਜਮੇਰ ਸਿੰਘ ਨੇ ਖਾਲਸਾ ਰਾਜ ਅਤੇ ਸਿੱਖ ਰਾਜ ਨੂੰ ਰਲਗੱਡ ਕਰਕੇ ਸਾਰੀ ਗੱਲ ਨੂੰ ਭੰਬਲਭੂਸੇ ਪਾਉਣ ਦਾ ਯਤਨ ਕੀਤਾ ਹੈ। ਸਿੱਖ ਧਰਮ ਦੇ ਬਾਨੀ ਗੁਰੁ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚੀ ਬਾਣੀ ਵਿੱਚ ਜਿਸ ਪ੍ਰਕਾਰ ਦੇ ਰਾਜ ਦੀ ਚਰਚਾ ਦੇਖਣ ਨੂੰ ਮਿਲਦੀ ਹੈ, ਉਸ ਦੀ ਸਥਾਪਨਾ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਦੁਆਰਾ ਹੋ ਗਈ ਸੀ। ਉਸ ਖਾਲਸਾ ਰਾਜ ਦੀ ਉਮਰ ਭਾਵੇਂ ਬਹੁਤ ਲੰਬੀ ਨਹੀਂ ਰਹੀ। ਪਰ ਉਸ ਥੋੜੇ ਜਹੇ ਸਮੇਂ ਵਿੱਚ ਖਾਲਸਾ ਰਾਜ ਦਾ ਜੋ ਮਾਡਲ ਪੇਸ਼ ਕੀਤਾ ਗਿਆ ਸੀ - ਉਹ ਦੁਨੀਆਂ ਦੇ ਪੂਰੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੇ ਵਾਪਰਿਆ ਸੀ ਅਤੇ ਨਾ ਹੀ ਬਾਅਦ ਵਿੱਚ ਵਾਪਰਿਆ ਹੈ।
ਉਸ ਕਾਲ ਵਿੱਚ ਖਾਲਸਾਈ ਫੌਜ਼ਾਂ ਨੇ ਕਰਨਾਲ ਤੋਂ ਲੈਕੇ ਲਾਹੌਰ ਤੱਕ ਦਾ ਜੋ ਇਲਾਕਾ ਜਿੱਤਿਆ, ਉਸ ਸਾਰੇ ਇਲਾਕੇ ਵਿੱਚ ਰਾਜ ਪ੍ਰਬੰਧ ਚਲਾਉਣ ਲਈ ਕਿਸੇ ਰਾਜੇ ਦੀ ਨਿਯੁਕਤੀ ਦੀ ਥਾਂ ਖਾਲਸਾ-ਪੰਚਾਇਤਾਂ ਨਿਯੁਕਤ ਕੀਤੀਆਂ ਗਈਆਂ। ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਚੁੱਕਿਆ ਗਿਆ ਇਹ ਕਦਮ ਨਾ ਤਾਂ ਦੁਨੀਆਂ ਵਿੱਚ ਪਹਿਲਾਂ ਕਿਸੇ ਨੇ ਚੁੱਕਿਆ ਸੀ ਅਤੇ ਨਾ ਹੀ ਅੱਜ ਤੱਕ ਦੇ ਮਾਨਵੀ ਇਤਿਹਾਸ ਵਿੱਚ ਕਿਸੇ ਨੇ ਬਾਅਦ ਵਿੱਚ ਚੁੱਕਿਆ ਹੈ। ਪੂਰੇ ਮਾਨਵੀ ਇਤਿਹਾਸ ਵਿੱਚ ਇਹ ਪਹਿਲਾ ਲੋਕ ਰਾਜ (ਪੰਥਕ ਰਾਜ) ਸੀ।
ਗੁਰੂ ਸਾਹਿਬ ਦੀ ਗੈਰ-ਮੌਜੂਦਗੀ ਵਿੱਚ ਸਿੱਖ ਪੰਥ ਦੇ ਇਸ ਪਹਿਲੇ ਮਹਾਨ ਜਰਨੈਲ ਦੀ ਹੈਸੀਅਤ ਸਿਰਫ ਨਿਗਰਾਨ ਦੀ ਸੀ। ਸਭ ਰਾਜ ਪ੍ਰਬੰਧ ਖਾਲਸਾ-ਪੰਚਾਇਤਾਂ ਦੁਆਰਾ ਚਲਾਇਆ ਜਾ ਰਿਹਾ ਸੀ। ਸਿੱਖ ਪੰਥ ਲਈ ਇਹ ਕਾਲ ਇੱਕ ਬਹੁਤ ਵੱਡਾ ਇਤਿਹਾਸਕ ਮੋੜ ਸੀ। ਸਿੱਖ ਧਰਮ ਵਿੱਚ ਚਲ ਰਹੀ ਗੁਰਗੱਦੀ ਦੀ ਪ੍ਰੰਪਰਾ ਖਤਮ ਕਰ ਦੇਣ ਨਾਲ ਸਿੱਖ ਪੰਥ ਦੇ ਸਾਮ੍ਹਣੇ ਆਪਣੇ ਸਮਾਜਿਕ ਅਤੇ ਅਧਿਆਤਮਿਕ ਮਸਲਿਆਂ ਦੇ ਹੱਲ ਗੁਰੂ ਦੀ ਬਜਾਏ ਗੁਰਬਾਣੀ ਵਿੱਚੋਂ ਲੱਭਣ ਦਾ ਬਹੁਤ ਜਿੰਮੇਵਾਰੀ ਭਰਿਆ ਮੋੜ ਸੀ। ਸਿੱਖ ਪੰਥ ਸਰੀਰਕ ਗੁਰੂ ਦੀ ਗੈਰ-ਮੌਜੂਦਗੀ ਵਿੱਚ ਆਏ ਇਸ ਪਹਿਲੇ ਇਤਿਹਾਸਿਕ ਮੋੜ ਨੂੰ ਪਾਰ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਿੱਧ ਹੋਇਆ।
ਗੁਰੂ ਗ੍ਰੰਥ ਦੀ ਬਾਣੀ ਨੂੰ ਸਿੱਖਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਪੁਜਾਰੀਆਂ ਨੂੰ ਹੌਲੀ-ਹੌਲੀ ਸਿੱਖ ਸਮਾਜ ਵਿੱਚ ਵਿਸ਼ੇਸ਼ ਰੁਤਬਾ ਪ੍ਰਾਪਤ ਹੋ ਗਿਆ। ਪੁਜਾਰੀਆਂ ਨੇ ਸਿੱਖਾਂ ਦੀਆਂ ਸਮੂਹ ਧਾਰਮਕ, ਸਮਾਜਕ, ਸਿਆਸੀ ਗਤੀਵਿਧੀਆਂ ਦੇ ਕੇਂਦਰ ਗੁਰਦੁਆਰਿਆਂ ਨੂੰ ਬਣਾ ਦਿੱਤਾ। ਸਿੱਖਾਂ ਦੇ ਰਾਜਨੀਤਕ, ਸਮਾਜਿਕ ਅਤੇ ਅਧਿਆਤਮਿਕ ਮਸਲਿਆਂ ਵਿੱਚ ਸੇਧ ਦਾ ਕੰਮ ਪੁਜਾਰੀਆਂ ਦੇ ਹੱਥ ਆਉਂਦਿਆਂ ਹੀ ਸਮਾਜਿਕ ਅਤੇ ਰਾਜਨੀਤਕ ਸੰਘਰਸ਼ ਲੜਨ ਵਾਲੀਆਂ ਧਿਰਾਂ ਦੀ ਨਕੇਲ ਪੁਜਾਰੀਆਂ ਨੇ ਆਪਣੇ ਹੱਥ ਲੈ ਕੇ ਰਾਜਨੀਤਿਕ ਅਤੇ ਸਮਾਜਿਕ ਫਰੰਟ ਦੇ ਆਗੂਆਂ ਉਪਰ ਆਪਣੇ ਫੈਸਲੇ ਥੋਪਣੇ ਸ਼ੁਰੂ ਕਰ ਦਿੱਤੇ। ਪੁਜਾਰੀਆਂ ਦੀ ਸੋਚ ਅਤੇ ਸਮਝ ਤੋਂ ਵੱਖਰੀ ਸੋਚ ਰੱਖਣ ਵਾਲੇ ਸਿੱਖ ਲੀਡਰਾਂ ਨੂੰ ਸਿੱਧੇ ਰਾਹ ਲਿਆਉਣ ਲਈ ਹੁਕਮਨਾਮੇ ਜਾਰੀ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਪੁਜਾਰੀਆਂ ਨੂੰ ਗੁਰਮਤਿ ਅਤੇ ਸਿੱਖ ਮਰਿਆਦਾ ਆਪਣੀ ਸਮਝ ਅਨੁਸਾਰ ਸਥਾਪਤ ਕਰਨ ਦਾ ਮੌਕਾ ਮਿਲ ਗਿਆ। ਉਸ ਕਾਲ ਦੀ ਸਿੱਖ ਸੰਗਤ ਦੀ ਸਥਿਤੀ ਨੂੰ ਸਮਝੀਏ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ 90-95 ਫੀਸਦੀ ਸਿੱਖ ਸੰਗਤਾਂ (ਪਛੜੇ ਹਿੰਦੂ ਵਰਗਾਂ, ਜਿਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ, ਤੋਂ ਸਿੱਖ ਬਣਨ ਕਾਰਨ) ਅਨਪੜ੍ਹ ਸਨ ਪਰ ਗੁਰੂ ਦੇ ਨਾਮ ਉਪਰ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤੱਤਪਰ ਰਹਿੰਦੀਆਂ ਸਨ। ਅਨਪੜ੍ਹ ਸਿੱਖ ਸੰਗਤ ਨੂੰ ਗੁਰਬਾਣੀ ਦੇ ਨਾਮ ਉਪਰ ਆਪਣੀ ਸੋਚ ਮੁਤਾਬਕ ਢਾਲਣ ਲਈ ਸਿੱਖ ਪੁਜਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਨੂੰ ਵਿਛੋੜਾ ਦੇਣ ਦੇ ਨਾਲ ਹੀ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਸਿੱਖ ਪੰਥ ਨੇ ਆਪਣੀਆਂ ਫੌਜੀ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿਤਾ ਸੀ। ਅਨੰਦਪੁਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਸ਼ਵਾਸ਼ਘਾਤ ਕਰਕੇ ਪੰਜਾਬ ਦੇ ਮੁਗਲ ਹਾਕਮਾਂ ਨੇ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੇ ਮਿਸ਼ਨ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣ ਲਈ ਗੁਰੂ ਸਾਹਿਬ ਦੇ ਨਿੱਜੀ ਜੀਵਨ ਅਤੇ ਗੁਰੂ ਨਾਲ ਜੁੜੀ ਸਿੱਖ ਸੰਗਤ ਉਪਰ ਜੋ ਭਿਅੰਕਰ ਅਤੇ ਅਮਾਨਵੀ ਕਾਰੇ ਕੀਤੇ ਸਨ- ਉਸ ਦੀ ਖਬਰ ਜਿਵੇਂ ਜਿਵੇਂ ਪੰਜਾਬ ਦੀਆਂ ਸਿੱਖ ਸੰਗਤਾਂ ਕੋਲ ਪਹੁੰਚਦੀ ਗਈ, ਉਵੇਂ ਉਵੇਂ ਸਿੱਖ ਸੰਗਤਾਂ ਦੀਆਂ ਅੱਖਾਂ ਵਿੱਚ ਲਹੂ ਉਤਰਦਾ ਗਿਆ। ਗੁਰੂ ਸਾਹਿਬ ਦੇ ਛੋਟੇ ਛੋਟੇ ਮਸੂਮ ਬੱਚਿਆਂ ਨੂੰ ਬੇਕਿਰਕੀ ਨਾਲ ਸਰਹੰਦ ਵਿੱਚ ਸ਼ਹੀਦ ਕੀਤਾ ਗਿਆ ਸੀ। ਆਪਣੀ ਸ਼ਹਾਦਤ ਸਮੇਂ ਉਨ੍ਹਾਂ ਮਸੂਮ ਬੱਚਿਆਂ ਵੱਲੋਂ ਦਿਖਾਈ ਬਹਾਦਰੀ ਦੀਆਂ ਗਾਥਾਵਾਂ ਜਿਵੇਂ ਜਿਵੇਂ ਸਰਹੰਦ ਦੇ ਦਰਬਾਰ ਚੋਂ ਨਿਕਲ ਕੇ ਸਿੱਖ ਸੰਗਤਾਂ ਤੱਕ ਪਹੁੰਚੀਆਂ ਤਾਂ ਗੁਰੂ ਘਰ ਨਾਲ ਜੁੜੇ ਸਿੱਖ ਬਰੂਦ ਬਣਦੇ ਗਏ।
ਗੁਰੂ ਸਾਹਿਬ ਨੇ ਦੱਖਣ ਵਿੱਚ ਪੰਥ ਨੂੰ ਵਿਛੋੜਾ ਦੇਣ ਤੋਂ ਪਹਿਲਾਂ ਸਿੱਖ ਪੰਥ ਦੀ ਕਮਾਂਡ ਭਾਈ ਬੰਦਾ ਸਿੰਘ ਬਹਾਦਰ ਜੀ ਨੂੰ ਸੌਂਪਦੇ ਹੋਏ ਪੰਜਾਬ ਜਾ ਕੇ ਮੁਗਲਾਂ ਦੇ ਜ਼ੁਲਮੀ ਰਾਜ ਨੂੰ ਖਤਮ ਕਰਕੇ ਖਾਲਸਾ ਰਾਜ ਸਥਾਪਿਤ ਕਰਨ ਲਈ ਪੂਰੀ ਯੋਜਨਾ ਸਮਝਾ ਕੇ ਪੰਜਾਬ ਨੂੰ ਰਵਾਨਾ ਕਰ ਦਿੱਤਾ। ਜਿਵੇਂ ਜਿਵੇਂ ਗੁਰੂ ਸਾਹਿਬ ਵੱਲੋਂ ਭੇਜੇ ਨਵੇਂ ਸਿੱਖ ਜਰਨੈਲ ਦੇ ਪੰਜਾਬ ਪਹੁੰਚ ਜਾਣ ਦੀਆਂ ਖਬਰਾਂ ਸਿੱਖ ਸੰਗਤਾਂ ਕੋਲ ਪਹੁੰਚੀਆਂ ਤਾਂ ਬਰੂਦ ਬਣੀ ਬੈਠੀਆਂ ਸਿੱਖ ਸੰਗਤਾਂ ਨੇ ਆਪਣੀਆਂ ਨਿੱਜੀ ਵਸਤਾਂ ਵੇਚ ਕੇ ਘੋੜੇ ਅਤੇ ਹਥਿਆਰ ਖਰੀਦ ਕੇ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਕੋਲ ਸੇਹਰ ਖੰਡੇ ਪਹੁੰਚਣਾ ਸ਼ੁਰੂ ਕਰ ਦਿਤਾ। ਜਿਨ੍ਹਾਂ ਕੋਲ ਵੇਚਣ ਲਈ ਕੁਝ ਨਹੀਂ ਸੀ, ਉਹ ਕਿਕਰਾਂ ਟਾਹਲੀਆਂ ਦੇ ਮਤੈਂਗੜ ਲੈ ਕੇ ਨਵੀਂ ਬਣ ਰਹੀ ਫੌਜ਼ ਦਾ ਹਿੱਸਾ ਬਣਨ ਲਈ ਪਹੁੰਚ ਗਏ।
ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਦੀ ਯੋਗ ਫੌਜੀ ਅਗਵਾਈ ਅਤੇ ਖਾਲਸਾ ਫੌਜ਼ ਦੇ ਸਿੰਘਾਂ ਦੇ ਮਰ ਮਿਟਣ ਦੇ ਜਜ਼ਬੇ ਨੇ ਛੇਤੀ ਹੀ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ। ਰੋਹ ਭਰੀਆਂ ਖਾਲਸਾ ਫੌਜਾਂ ਦੇ ਸਾਮ੍ਹਣੇ ਮੁਗਲ ਸਾਮਰਾਜ ਦੇ ਵੱਡੇ ਵੱਡੇ ਦੁਰਗ ਪਲਾਂ ਵਿੱਚ ਮਿੱਟੀ ’ਚ ਮਿਲ ਗਏ। ਗੁਰੂ ਪਰਿਵਾਰ ਅਤੇ ਸਿੱਖਾਂ ਉਪਰ ਅਮਾਨਵੀ ਜੁਲਮ ਢਾਹੁਣ ਦੇ ਸਭ ਦੋਸ਼ੀਆਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਦੇ ਕੇ ਆਪਣੇ ਜਿੱਤੇ ਹੋਏ ਇਲਾਕੇ ਵਿੱਚ ਖਾਲਸਾ ਰਾਜ ਸਥਾਪਤ ਕਰ ਦਿਤਾ। ਖਾਲਸਾ ਫੌਜ ਦੇ ਪ੍ਰਮੁੱਖ ਜਰਨੈਲ ਭਾਈ ਬੰਦਾ ਸਿੰਘ ਬਹਾਦਰ ਦੀ ਸੂਰਬੀਰਤਾ ਦੀ ਚਰਚਾ ਲਾਹੌਰ ਤੋ ਦਿੱਲੀ ਤੱਕ ਅਜਿਹੀ ਫੈਲੀ ਕਿ ਮੁਗਲ ਸਾਮਰਾਜ ਦੇ ਵੱਡੇ-ਵੱਡੇ ਜਰਨੈਲਾਂ ਦੇ ਨਾਲ ਨਾਲ ਬਾਦਸ਼ਾਹ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਉਤਰੀ ਭਾਰਤ ਦੇ ਸਭ ਹਿੰਦੂ ਅਤੇ ਮੁਗਲ ਜਰਨੈਲਾਂ ਨੂੰ ਨਾਲ ਲੈਕੇ ਖਾਲਸਾਈ ਫੌਜਾਂ ਨਾਲ ਜੰਗ ਕਰਨ ਲਈ ਜਹਾਦ ਦਾ ਸੱਦਾ ਦੇ ਦਿਤਾ। ਜਹਾਦ ਦੇ ਨਾਮ ਉਪਰ ਲੱਖਾਂ ਮੁਸਲਮਾਨਾਂ ਨੇ ਸ਼ਾਹੀ ਫੌਜ ਨਾਲ ਮਿਲ ਕੇ ਖਾਲਸਾ ਫੌਜਾਂ ਵੱਲੋਂ ਜਿੱਤੇ ਇਲਾਕਿਆਂ ਨੂੰ ਮੁੜ ਹਾਸਿਲ ਕਰਨ ਲਈ ਕੂਚ ਕਰ ਦਿੱਤਾ।
ਕੇਸਰ ਸਿੰਘ ਛਿੱਬਰ, ਸਰੂਪ ਦਾਸ ਭੱਲਾ ਅਤੇ ਗਿ: ਗਿਆਨ ਸਿੰਘ ਦੀਆਂ ਪੁਸਤਕਾਂ ਨੂੰ ਪੜ੍ਹਨ ਤੋਂ ਬਾਅਦ ਖਾਲਸਾ ਫੌਜਾਂ ਦੀ ਮੋਰਚਾਬੰਦੀ ਐਨ੍ਹੀ ਜਲਦੀ ਟੁੱਟ ਜਾਣ ਦੇ ਕਾਰਨਾਂ ਦੀਆਂ ਜੋ ਸੂਚਨਾਵਾਂ ਮਿਲਦੀਆਂ ਹਨ, ਉਨ੍ਹਾਂ ਅਨੁਸਾਰ ਉਸ ਸਮੇਂ ਦੀ ਸਮਾਜਿਕ ਅਤੇ ਰਾਜਨੀਤਿਕ ਸਥਿਤੀ ਅਨੁਸਾਰ ਖਾਲਸਾ ਫੌਜਾਂ ਵੱਲੋਂ ਜਿੱਤੇ ਇਲਾਕਿਆਂ ਦੇ ਨਵੇਂ ਨਿਯੁਕਤ ਹੋਏ ਮਝੈਲ ਜਥੇਦਾਰਾਂ ਦੇ ਜੱਥਿਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਸ਼ਾਮਿਲ ਹੋ ਗਏ ਸਨ, ਜਿੰਨ੍ਹਾਂ ਦਾ ਖਾਲਸੇ ਦੀਆਂ ਰਹੁ ਰੀਤਾਂ ਅਤੇ ਖਾਲਸੇ ਦੇ ਉਚੇ-ਸੁੱਚੇ ਆਚਰਣ ਨਾਲ ਕੋਈ ਸਬੰਧ ਨਹੀਂ ਸੀ। ਇਹ ਤਾਂ ਵਗਦੀ ਗੰਗਾ ਵਿੱਚ ਹੱਥ ਧੋਣ ਵਾਲੀ ਖੇਡ ਖੇਡਣ ਲਈ ਖਾਲਸਾਈ ਫੌਜਾਂ ਵਿੱਚ ਘੁਸਪੈਠ ਕਰਨ ਵਾਲਾ ਗੁੰਡਾ ਅਨਸਰ ਸੀ। ਅਜਿਹੇ ਅਨਸਰਾਂ ਨੇ ਖਾਲਸਾ ਪੰਥ ਵੱਲੋਂ ਜਿੱਤੇ ਹੋਏ ਇਲਾਕਿਆਂ ਵਿੱਚ ਆਪ ਹੁਦਰੀਆਂ ਕਰਦੇ ਹੋਏ ਖਾਲਸਾ ਪੰਥ ਦੇ ਉਚੇ ਸੁੱਚੇ ਆਚਰਣ ਨੂੰ ਅਤੇ ਉੱਚੇ ਇਖਲਾਕੀ ਮਿਆਰਾਂ ਨੂੰ ਮਿੱਟੀ ਵਿੱਚ ਰੋਲਦੇ ਹੋਏ ਨਿੱਜੀ ਹਿਰਸ ਲਈ ਲੁੱਟਮਾਰ ਅਤੇ ਮੁਸਲਮਾਨ ਔਰਤਾਂ ਨੂੰ ਬੇਪੱਤ ਕਰਨਾ ਸ਼ੁਰੂ ਕਰ ਦਿੱਤਾ ਸੀ।
ਖਾਲਸਾ ਫੌਜ ਦੇ ਜਰਨੈਲਾਂ ਨੇ ਗੁਰਮਤਿ ਵਿਰੋਧੀ ਇਸ ਰੁਝਾਨ ਨੂੰ ਜਦੋਂ ਸਖਤੀ ਨਾਲ ਕੁਚਲ ਦੇਣ ਦਾ ਨਿਰਣਾ ਕਰਕੇ ਖਾਲਸਾ ਫੌਜਾਂ ਵਿੱਚ ਘੁਸਪੈਠ ਕਰ ਚੁੱਕੇ ਗੁੰਡਾ ਅਨਸਰਾਂ ਨੂੰ ਇਬਰਤਨਾਕ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਜਿਹੇ ਅਨਸਰਾਂ ਨੇ ਖਾਲਸਾ ਫੌਜਾਂ ਵਿੱਚ ਚੁਗਲੀ ਵਾਲੀ ਰਾਜਨੀਤੀ ਸ਼ੁਰੂ ਕਰ ਦਿੱਤੀ।
ਖਾਲਸਾ ਫੌਜ ਦੀਆਂ ਪਹਿਲੀਆਂ ਜਿੱਤਾਂ ਮਗਰੋਂ ਜਦੋਂ ਕਰਨਾਲ ਅਤੇ ਤਿਰਾਵੜੀ ਦਾ ਪ੍ਰਬੰਧ ਖਾਲਸਾ ਪੰਚਾਇਤ ਨੂੰ ਸੌਂਪਿਆ ਗਿਆ ਤਾਂ ਇਸ ਇਲਾਕੇ ਦੇ ਭੇਤੀ ਬੰਗੜਾਂ ਅਤੇ ਮਝੈਲ ਜੱਥਿਆਂ ਦੀ ਕਮਾਂਡ ਵਿਨੋਦ ਸਿੰਘ, ਕਾਨ੍ਹ ਸਿੰਘ, ਮੀਰੀ ਸਿੰਘ ਅਤੇ ਰਾਮ ਸਿੰਘ ਬੇਦੀ ਵਰਗੇ ਗੁਰੂ-ਅੰਸ਼ਾਂ ਨਾਲ ਸਬੰਧਿਤ ਜਥੇਦਾਰਾਂ ਨੂੰ ਸੌਂਪੀ ਗਈ ਸੀ। ਸਿੱਖ ਗੁਰੂਆਂ ਦੇ ਖਾਨਦਾਨ ਨਾਲ ਸਬੰਧਿਤ ਇਹ ਲੋਕ ਖਾਲਸਾ ਪੰਥ ਦੀ ਸਾਜਣਾ ਤੋਂ ਬਾਅਦ ਆਨੰਦਪੁਰ ਦਸਵੇਂ ਗੁਰੂ ਨੂੰ ਮਿਲਣ ਗਏ ਸਨ। ਗੁਰੂ ਜੀ ਨੇ ਜਦੋਂ ਇਨ੍ਹਾਂ ਨੂੰ ਅੰਮ੍ਰਿਤ ਛਕਣ ਲਈ ਕਿਹਾ ਤਾਂ ਪਹਾੜੀ ਰਾਜਿਆਂ ਵਾਂਗ ਇਨ੍ਹਾਂ ਨੇ ਵੀ ਚੌਂਹੁ ਵਰਣਾਂ ਨੂੰ ਇੱਕੋ ਭਾਂਡੇ ਵਿਚੋਂ ਖਵਾਉਣ ਦੀ ਨਵੀਂ ਰੀਤ ਦਾ ਵਿਰੋਧ ਕਰਕੇ ਅੰਮ੍ਰਿਤ ਛਕਣ ਤੋਂ ਨਾਂਹ ਕਰ ਦਿੱਤੀ ਸੀ। ਗੁਰੂ ਸਹਿਬ ਵੱਲੋਂ ਕੀਤੇ ਕਿਸੇ ਵੀ ਸੰਘਰਸ਼ ਵਿੱਚ ਇਨ੍ਹਾਂ ਦਾ ਕੋਈ ਯੋਗਦਾਨ ਵੇਖਣ ਨੂੰ ਨਹੀਂ ਮਿਲਦਾ।
ਅਨੰਦਪੁਰ ਦੀ ਜੰਗ ਤੋਂ ਕਈ ਸਾਲ ਪਿਛੋਂ ਜਦੋ ਇਨ੍ਹਾਂ ਗੁਰੂਆਂ ਦੀਆਂ ਅੰਸ਼ਾਂ ਨੂੰ ਗੁਰੂ ਸਾਹਿਬ ਅਤੇਬਾਦਸ਼ਾਹ ਬਹਾਦਰ ਸ਼ਾਹ ਵਿੱਚ ਹੋਈ ਦੋਸਤੀ ਦੀ ਖਬਰ ਮਿਲੀ ਤਾਂ ਇਹ ਲੋਕ ਵਹੀਰਾਂ ਘੱਤਦੇ ਹੋਏ ਗੁਰੂ ਸਾਹਿਬ ਕੋਲ ਦਿੱਲੀ ਪਹੁੰਚ ਗਏ ਸਨ। ਇਥੇ ਹੀ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੇ ਨਾਲ ਦੱਖਣ ਵੱਲ ਨੂੰ ਕੂਚ ਕਰ ਗਏ ਸਨ।
ਬਾਅਦ ਵਿੱਚ ਇਨ੍ਹਾਂ ਲੋਕਾਂ ਨੇ ਹੀ ਮੁਗਲ ਹਾਕਮਾਂ ਨਾਲ ਸਾਂਝ ਭਿਆਲੀ ਪਾ ਕੇ ਸਿੱਖ ਇਤਿਹਾਸ ਦਾ ਉਹ ਕਾਲਾ ਅਧਿਆਏ ਲਿਖਿਆ - ਜਿਸ ਅਧਿਆਏ ਕਾਰਨ ਖਾਲਸਾ ਰਾਜ ਸਥਾਪਿਤ ਕਰਨ ਦਾ ਗੁਰੂ ਆਸ਼ਾ ਤਜਕੇ ਸਿੱਖ ਪੰਥ ਦਾ ਵੱਡਾ ਹਿੱਸਾ ਸਖਸ਼ੀ ਸਿੱਖ ਰਾਜ ਸਥਾਪਤ ਕਰਨ ਦੀ ਗੁਰਮਤਿ ਵਿਰੋਧੀ ਧਾਰਨਾ ਦਾ ਸ਼ਿਕਾਰ ਹੋ ਕੇ ਬਿਪਰਵਾਦੀ ਕਰਮ-ਕਾਂਡ ਦੇ ਨਰਕ ਵਿੱਚ ਡੁੱਬ ਕੇ ਅੱਜ ਤੱਕ ਦੁਖ ਭੋਗ ਰਿਹਾ ਹੈ।
ਗੁਰੂ ਸਾਹਿਬਾਂ ਤੋਂ ਬਾਅਦ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਲੜੇ ਗਏ ਖਾਲਸਾ ਰਾਜ ਦੇ ਸੰਘਰਸ਼ ਨੂੰ ਪੜ੍ਹਣ ਸਮੇਂ ਠੀਕ ਠੀਕ ਸਮਝਣ ਲਈ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਸ ਸਮੇਂ ਖਾਲਸਾ ਫੌਜ਼ਨੂੰ ਕਈ ਜੱਥਿਆਂ ਵਿੱਚ ਵੰਡ ਕੇ ਅਲੱਗ-ਅਲੱਗ ਇਲਾਕਿਆਂ ਵਿੱਚ ਖਾਲਸਾ ਰਾਜ ਦਾ ਵਿਸਥਾਰ ਅਤੇ ਪ੍ਰਬੰਧ ਕਰਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਕਿਸੇ ਵੱਡੀ ਲੜਾਈ ਜਾਂ ਕਿਸੇ ਤਾਕਤਵਰ ਰਾਜੇ ਨੂੰ ਜਿੱਤਣ ਲਈ ਇਨ੍ਹਾਂ ਜੱਥਿਆਂ ਨੂੰ ਨਿਰਧਾਰਿਤ ਥਾਂ ਉਪਰ ਇਕੱਠੇ ਹੋਣ ਲਈ ਬੁਲਾ ਲਿਆ ਜਾਂਦਾ ਸੀ। ਇਸ ਤਰ੍ਹਾਂ ਖਾਲਸਾ ਫੌਜ ਦਾ ਹਰ ਇੱਕ ਜਥਾ ਆਪਣੇ ਆਪਣੇ ਇਲਾਕੇ ਦੀਆਂ ਸਰਗਰਮੀਆਂ ਲਈ ਜ਼ਿੰਮੇਵਾਰ ਸੀ।
1711 ਵਿੱਚ ਪੂਰੇ ਸੂਬਾ ਪੰਜਾਬ ਨੂੰ ਆਪਣੇ ਹੱਥ ’ਚੋਂ ਜਾਂਦਾ ਦੇਖ ਕੇ ਬਾਦਸ਼ਾਹ ਬਹਾਦਰ ਸ਼ਾਹ ਵੱਲੋਂ ਉਤਰੀ ਭਾਰਤ ਦੇ ਸਭ ਮੁਗਲ ਜਰਨੈਲਾਂ ਅਤੇ ਹਿੰਦੂ ਰਾਜਪੂਤ ਰਾਜਿਆਂ ਨੂੰ ਇਕੱਠਾ ਕਰਕੇ ਕੀਤੇ ਗਏ ਮੋੜਵੇਂ ਹਮਲੇ ਵਿੱਚ ਖਾਲਸਾਈ ਮੋਰਚਿਆਂ ਦੇ ਐਨੀ ਜਲਦੀ ਟੁੱਟ ਜਾਣ ਦੇ ਕਾਰਨਾਂ ਨੂੰ ਸਮਝਣ ਲਈ ਸਿੱਖ ਇਤਿਹਾਸ ਨੂੰ ਗੌਹੁ ਨਾਲ ਵਾਚਣ ਤੋਂ ਪਤਾ ਲੱਗਦਾ ਹੈ ਕਿ ਵਿਨੋਦ ਸਿੰਘ, ਕਾਨ੍ਹ ਸਿੰਘ ਅਤੇ ਮੀਰੀ ਸਿੰਘ ਦੀ ਅਗਵਾਈ ਵਾਲਾ ਧੜਾ ਭਾਈ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਵੱਲੋਂ ਪੰਥ ਦਾ ਜਥੇਦਾਰ ਬਣਾਉਣ ਦੀ ਘਟਨਾ ਸਮੇਂ ਹੀ ਵਿਰੋਧ ਕਰਨ ਲੱਗ ਪਿਆ ਸੀ। ਗੁਰੂ ਸਾਹਿਬ ਜੀ ਨੇ ਜਦੋਂ ਪੰਥ ਦਾ ਜਰਨੈਲ ਥਾਪਦੇ ਸਮੇਂ ਭਾਈ ਬੰਦਾ ਸਿੰਘ ਬਹਾਦਰ ਜੀ ਨੂੰ ਅਪਣੀ ਤਲਵਾਰ ਸੌਂਪੀ ਤਾਂ ਇਸ ਧੜੇ ਨੇ ਵਿਰੋਧ ਕਰਦੇ ਹੋਏ ਗੁਰੂ ਸਾਹਿਬਾਂ ਦੇ ਸਾਮ੍ਹਣੇ ਹੀ ਭਾਈ ਬੰਦਾ ਸਿੰਘ ਬਹਾਦਰ ਜੀ ਦੇ ਗਲ ਵਿਚੋਂ ਤਲਵਾਰ ਉਤਾਰ ਲਈ ਸੀ। ਗੁਰਮਤਿ ਮਰਿਆਦਾ ਅਨੁਸਾਰ ਇਹ ਭਾਈ ਬੰਦਾ ਸਿੰਘ ਬਹਾਦਰ ਜੀ ਦਾ ਨਹੀਂ, ਬਲਕਿ ਗੁਰੂ ਸਾਹਿਬ ਦਾ ਅਪਮਾਨ ਸੀ। ਗੁਰਮਤਿ ਮਰਿਆਦਾ ਤੋਂ ਕੋਰੇ ਇਸ ਹੰਕਾਰੀ ਧੜੇ ਨੂੰ ਸ਼ਾਂਤ ਰੱਖਣ ਲਈ ਖਾਲਸਾ ਫੌਜ ਵੱਲੋਂ ਜਿੱਤੇ ਇਲਾਕਿਆਂ ਦਾ ਪ੍ਰਬੰਧ ਚਲਾਉਣ ਵਾਲੀ ਵਾਰ-ਕਮਾਂਡ ਨੇ ਸਭ ਤੋਂ ਪਹਿਲਾਂ ਕਰਨਾਲ ਪਰਗਣੇ ਦੀ ਵਾਂਗਡੋਰ ਇਸ ਧੜੇ ਦੇ ਲੋਕਾਂ ਨੂੰ ਸੌਂਪਦੇ ਹੋਏ ਇਨ੍ਹਾਂ ਦੀ ਮਦਦ ਲਈ ਸੰਢੋਰੇ ਦੇ ਕਿਲ੍ਹੇ ਵਿੱਚ ਦੋ ਹਜ਼ਾਰ ਖਾਲਸਾਈ ਫੌਜ਼ਨੂੰ ਸਟੈਂਡ-ਬਾਈ ਰੱਖਣ ਦਾ ਫੈਸਲਾ ਕੀਤਾ ਸੀ।
ਬਾਦਸ਼ਾਹ ਦੇ ਹੁਕਮਾਂ ਉਪਰ ਮੈਵਾਤੀ ਖਾਨ ਨੇ ਜਦੋਂ ਤਿਰਾਵੜੀ ਦੇ ਕਿਲ੍ਹੇ ਉਪਰ ਹਮਲਾ ਕੀਤਾ ਤਾਂ ਤਿਰਾਵੜੀ ਵਿੱਚ ਫੌਜ਼ਦਾਰ ਬਣਾਇਆ ਵਿਨੋਦ ਸਿੰਘ ਖਾਲਸਾਈ ਫੌਜ਼ਦੀ ਵਾਰ-ਕਮਾਂਡ ਨੂੰ ਸੂਚਿਤ ਕੀਤੇ ਬਿਨ੍ਹਾਂ ਕਿਲ੍ਹੇ ਵਿੱਚ 25-30 ਸਿੰਘਾਂ ਨੂੰ ਛੱਡ ਕੇ ਜਲਾਲਾਬਾਦ ਵਿੱਚ ਲੁੱਟ ਮਾਰ ਕਰਨ ਗਿਆ ਹੋਇਆ ਸੀ।
ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਮੈਵਾਤੀ ਖਾਨ ਦੀਆਂ ਸ਼ਾਹੀ ਫੌਜਾਂ ਨੇ ਬਿਨ੍ਹਾਂ ਕਿਸੇ ਵੱਡੇ ਸੰਘਰਸ਼ ਦੇ ਕਿਲ੍ਹੇ ਵਿੱਚ ਬੈਠੇ ਸਿੰਘਾਂ ਨੂੰ ਕਤਲ ਕਰਕੇ ਤਕੜੀ ਮੋਰਚਾਬੰਦੀ ਕਰਕੇ ਸਟੈਂਡ-ਬਾਈ ਲਈ ਸੰਢੌਰੇ ਦੇ ਕਿਲ੍ਹੇ ਵਿੱਚ ਬੈਠੀਆਂ ਖਾਲਸਾਈ ਫੌਜਾਂ ਨੂੰ ਜਾ ਘੇਰਿਆ।
ਜਲਾਲਾਬਾਦ ਵਿੱਚੋਂ ਲੁੱਟ ਦੇ ਭਾਰੀ ਮਾਲ ਨਾਲ ਜਦੋਂ ਇਹ ਜੱਥਾ ਤਿਰਾਵੜੀ ਆਇਆ ਤਾਂ ਇਸ ਜੱਥੇ ਕੋਲ ਲੜਨ ਅਤੇ ਭੱਜਣ ਲਈ ਸਿਰਫ ਖਾਲੀ ਮੈਦਾਨ ਸੀ। ਆਪਣੀ ਨਿੱਜੀ ਚੌਧਰ ਅਤੇ ਦੂਜੇ ਸੂਰਬੀਰ ਖਾਲਸਾਈ ਜਰਨੈਲਾਂ ਦੇ ਬਰਾਬਰ ਲੀਡਰਸ਼ਿੱਪ ਖੜੀ ਕਰਨ ਦੀ ਅੰਨ੍ਹੀ ਹਵਸ ਦਾ ਨਤੀਜਾ ਖਾਲਸਾ-ਫੌਜ਼ ਦੇ ਤਿੰਨ ਹਜ਼ਾਰ ਸਿੰਘਾਂ ਦੇ ਕਤਲ ਦੇ ਰੂਪ ਵਿੱਚ ਨਿਕਲਿਆ। ਮੁਗਲ ਇਤਿਹਾਸਕਾਰਾਂ ਦੀ ਲਿਖਤਾਂ ਅਨੁਸਾਰ ਮੈਵਾਤੀ ਖਾਨ ਨੇ ਬਾਦਸ਼ਾਹ ਬਹਾਦਰ ਸ਼ਾਹ ਦੇ ਸਵਾਗਤ ਲਈ ਤਿਰਾਵੜੀ ਤੋਂ ਲੈਕੇ ਸੰਢੋਰੇ ਤੱਕ ਤਿੰਨ ਹਜਾਰ ਸਿੱਖਾਂ ਦੇ ਸਿਰ ਵੱਢ ਕੇ ਦਰਖਤਾਂ ਨਾਲ ਲਟਕਾ ਦਿੱਤੇ।
ਮੈਵਾਤੀ ਖਾਨ ਨੇ ਤਿਰਾਵੜੀ ਦੇ ਕਿਲ੍ਹੇ ਵਿੱਚੋਂ ਮਿਲੇ ਭਾਰੀ ਧਨ ਅਤੇ ਸੋਨੇ ਦੇ ਇੱਕ ਵੱਡੇ ਛੱਤਰ ਨੂੰ ਜਦੋਂ ਬਾਦਸ਼ਾਹ ਸਾਮ੍ਹਣੇ ਪੇਸ਼ ਕੀਤਾ ਤਾਂ ਬਾਦਸ਼ਾਹ ਨੇ ਉਸ ਨੂੰ ਖਾਨ ਬਹਾਦਰ ਅਤੇ ਪੰਜ ਤੋਂ ਵੀਹ ਹਜ਼ਾਰੀ ਦੇ ਖਿਤਾਬ ਦੇ ਨਾਲ-ਨਾਲ ਇੱਕ ਬਹੁਕੀਮਤੀ ਖਿਲਤ ਇਨਾਮ ਵਜੋਂ ਦਿੱਤੀ।
ਇਸ ਤਰ੍ਹਾਂ ਗੁਰੂ ਕੀਆਂ ਅੰਸ਼ਾਂ ਨਾਲ ਸਬੰਧਿਤ ਇਨ੍ਹਾਂ ਜਥੇਦਾਰਾਂ ਦੀ ਆਪ ਹੁਦਰੀ ਕਾਰਵਾਈ ਕਾਰਨ ਖਾਲਸਾ ਵਾਰ-ਕਮਾਂਡ ਵੱਲੋਂ ਬਣਾਈ ਰਣਨੀਤੀ ਫੇਲ੍ਹ ਹੋ ਜਾਣ ਦੀ ਖਬਰ ਜਦੋਂ ਲੋਹਗੜ੍ਹ ਪਹੁੰਚੀ ਤਾਂ ਭਾਈ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ਼ ਦੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਆਪਣੀ ਫੌਜ਼ ਨੂੰ ਸਰਹੰਦ, ਸਮਾਣਾ ਅਤੇ ਸੰਢੋਰੇ ਦੀਆਂ ਜਿੱਤਾਂ ਸਮੇਂ ਹਿਸੇ ਵਜੋਂ ਮਿਲੇ ਧਨ ਨੂੰ ਆਪਣੇ ਆਪਣੇ ਘਰਾਂ ਵਿੱਚ ਪਹੁੰਚਾਉਣ ਲਈ ਕਿਲ੍ਹੇ ਵਿਚੋਂ ਚਲੇ ਜਾਣ ਦਾ ਹੁਕਮ ਦੇ ਕੇ ਗਿਣਤੀ ਦੇ ਸਿੰਘਾਂ ਨਾਲ ਕਿਲ੍ਹੇ ਦੀ ਮੋਰਚਾ ਬੰਦੀ ਕਰ ਲਈ। ਖਾਲਸਾ ਫੌਜਾਂ ਦੇ ਸਭ ਜਰਨੈਲਾਂ ਨੇ ਗੁਰੂ ਕੀਆਂ ਅੰਸ਼ਾਂ ਦੀ ਇਸ ਆਪ ਹੁਦਰੀ ਕਾਰਵਾਈ ਦੀ ਨਿਖੇਧੀ ਕਰਦਿਆਂ ਸਮੁੱਚੀ ਖਾਲਸਾ ਫੌਜ਼ ਨੂੰ ਇਸ ਤਰ੍ਹਾਂ ਦੀ ਲੁੱਟਮਾਰ ਤੋਂ ਬਚ ਕੇ ਰਹਿਣ ਦੀ ਹਿਦਾਇਤ ਕਰ ਦਿੱਤੀ।
ਇਸ ਤਰ੍ਹਾਂ ਇਹ ਗੁਰੂ ਕੀਆਂ ਅੰਸ਼ਾਂ ਗੁਰੂ ਦੀ ਗੈਰਮੌਜੂਦਗੀ ਵਿੱਚ ਅਰੰਭ ਤੋਂ ਹੀ ਆਪ ਮੁਹਾਰੀਆਂ ਹੋ ਕੇ ਖਾਲਸਾ ਫੌਜਾਂ ਦੇ ਪਹਿਲੇ ਜਰਨੈਲ ਭਾਈ ਬੰਦਾ ਸਿੰਘ ਬਹਾਦਰ ਵੱਲੋਂ ਸੱਭੇ ਸਾਂਝੀਵਾਲ ਸਦਾਇਣ ਦੀ ਗੁਰਮਤਿ ਮਰਿਆਦਾ ਅਨੁਸਾਰ ਸਥਾਪਤ ਕੀਤੇ ਜਾ ਰਹੇ ਖਾਲਸਾ ਰਾਜ ਦੇ ਸੰਘਰਸ਼ ਦੀ ਅਗਵਾਈ ਆਪਣੇ ਹੱਥ ਵਿੱਚ ਲੈ ਕੇ ਸਮੁੱਚੇ ਸੰਘਰਸ਼ ਨੂੰ ਸਖਸ਼ੀ ਪਾਤਸ਼ਾਹੀ ਸਥਾਪਤ ਕਰਨ ਦੀ ਦੁਰਮਤਿ ਵੱਲ ਮੋੜਨ ਲਈ ਭਾਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਨੂੰ ਫੇਲ੍ਹ ਕਰਨ ਉਪਰ ਤੁਲੀਆਂ ਹੋਈਆਂ ਸਨ।
ਸ਼ਾਹੀ ਫੌਜ਼ ਦੇ ਅਨੁਸਾਸ਼ਿਤ ਸਿਪਾਹੀਆਂ ਨੇ ਜਦੋਂ ਤੋਪਾਂ ਅਤੇ ਬੰਦੂਕਾਂ ਵਰਗੇ ਆਧੁਨਿਕ ਹਥਿਆਰਾਂ ਨਾਲ ਖਾਲਸਾਈ ਫੌਜਾਂ ਉਪਰ ਹਮਲਾ ਸ਼ੁਰੂ ਕੀਤਾ ਤਾਂ ਕ੍ਰਿਪਾਨ ਅਤੇ ਗੰਡਾਸੀਆਂ ਵਰਗੇ ਰਵਾਇਤੀ ਹਥਿਆਰਾਂ ਨਾਲ ਜੰਗ ਕਰਨ ਵਾਲੀਆਂ ਖਾਲਸਾਈ ਫੌਜਾਂ ਸ਼ਾਹੀ ਸੈਨਾ ਦੇ ਸਾਮ੍ਹਣੇ ਜਿਆਦਾ ਲੰਬਾ ਸਮਾਂ ਨਾ ਟਿੱਕ ਸਕੀਆਂ। ਖਾਲਸਾਈ ਫੌਜਾਂ ਇਲਾਕਾ ਦਰ ਇਲਾਕਾ ਪਿੱਛੇ ਹਟਦੀਆਂ ਗਈਆਂ।
ਸ਼ਾਹੀ ਸੈਨਾ ਅਤੇ ਜਹਾਦੀ ਮੁਸਲਮਾਨਾਂ ਦੀ ਗਿਣਤੀ ਦਾ ਅੰਦਾਜਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਹਮਲਾਵਰ ਫੌਜ਼ ਦੇ ਕੈਂਪ ਲੋਹਗੜ੍ਹ ਤੋਂ ਲੈ ਕੇ ਸੰਢੋਰੇ ਤੱਕ ਫੈਲੇ ਹੋਏ ਸਨ। ਦੂਜੇ ਪਾਸੇ ਖਾਲਸਾ ਜਰਨੈਲਾਂ ਨੇ ਵੀ ਸੰਢੋਰੇ ਤੋਂ ਲੋਹਗੜ੍ਹ ਤੱਕ ਆਸ ਪਾਸ 52 ਮੋਰਚੇ ਕਾਇਮ ਕਰਕੇ ਗੁਰਿੱਲਾ ਯੁੱਧ ਨੀਤੀ ਰਾਹੀਂ ਸ਼ਾਹੀ ਸੈਨਾ ਅਤੇ ਜਹਾਦੀ ਮੁਸਲਮਾਨਾਂ ਨੂੰ ਸਬਕ ਸਿਖਾਉਣ ਦਾ ਦ੍ਰਿੜ੍ਹ ਨਿਸ਼ਚਾ ਕੀਤਾ ਹੋਇਆ ਸੀ। ਖਾਲਸਾਈ ਫੌਜਾਂ ਨੇ ਗੁਰੀਲਾ ਯੁੱਧ ਰਾਹੀਂ ਸ਼ਾਹੀ ਕੈਪਾਂ ਉਪਰ ਚਾਰੇ ਪਾਸਿਓਂ ਵਾਰੀ ਵਾਰੀ ਜਿਸ ਤਰ੍ਹਾਂ ਹਮਲੇ ਕਰਕੇ ਸ਼ਾਹੀ ਸੈਨਾ ਦੇ ਪੈਰਾਂ ਵਿੱਚ ਜੋ ਅੰਗਾਰ ਬਾਲੇ, ਉਹ ਇਤਹਾਸਿਕ ਮਿਸਾਲਾਂ ਬਣ ਗਏ। ਅਖੀਰ ਚਾਰ ਮਹੀਨੇ ਲੰਬੇ ਘੇਰੇ ਅਤੇ ਜੰਗ ਵਿਚ ਜਦੋਂ ਕਿਲ੍ਹੇ ਵਿਚੋ ਰਾਸ਼ਨ ਪਾਣੀ ਅਤੇ ਗੋਲਾ ਬਰੂਦ ਮੁੱਕ ਗਿਆ ਤਾਂ ਖਾਲਸਾਈ ਫੌਜਾਂ ਬਾਦਸ਼ਾਹੀ ਘੇਰੇ ਨੂੰ ਅੰਗੂਠਾ ਦਿਖਾਉਂਦੀਆਂ ਹੋਈਆਂ ਪਹਾੜਾਂ ਵਿੱਚ ਨਿਕਲ ਗਈਆਂ।
ਸ਼ਾਹੀ ਸੈਨਾ ਨੇ ਲੋਹਗੜ੍ਹ ਦੇ ਕਿਲ੍ਹੇ ਨੂੰ ਮਲੀਆਮੇਟ ਕਰ ਦਿੱਤਾ ਅਤੇ ਖਾਲਸਾਈ ਫੌਜਾਂ ਦੁਆਰਾ ਸਰਹੰਦ ਅਤੇ ਸਮਾਣਾ ਵਿਚੋਂ ਲੁੱਟਿਆ ਧਨ ਸ਼ਾਹੀ ਸੈਨਾ ਦੇ ਹੱਥ ਆ ਗਿਆ। ਲੋਹਗੜ੍ਹ ਦਾ ਕਿਲ੍ਹਾ ਨੇਸਤੋ ਨਾਬੂਦ ਕਰ ਦਿੱਤਾ ਗਿਆ। ਇਧਰ ਜਦੋਂ ਸ਼ਾਹੀ ਫੌਜਾਂ ਲੋਹਗੜ੍ਹ ਦੇ ਇਲਾਕੇ ਦੀ ਖੇਹ ਛਾਣ ਰਹੀਆਂ ਸਨ ਉਧਰ ਖਾਲਸਾਈ ਫੌਜਾਂ ਨੇ ਕੀਰਤਪੁਰ ਇਕੱਠੇ ਹੋ ਕੇ ਪਹਾੜੀ ਰਾਜੇ ਜਾ ਨੱਪੇ।
ਲੋਹਗੜ੍ਹ ਦਾ ਕਿਲ੍ਹਾ ਢਹਿਢੇਰੀ ਹੋ ਜਾਣ ਕਰਕੇ ਖਾਲਸਾਈ ਫੌਜਾਂ ਕੋਲ ਸੰਕਟ ਸਮੇਂ ਜੰਗ ਕਰਨ ਲਈ ਕੋਈ ਥਾਂ ਨਹੀਂ ਸੀ। ਇਸ ਸਮੇਂ ਖਾਲਸਾਈ ਫੌਜਾਂ ਦੇ ਕਮਾਂਡਰਾਂ ਨੇ ਪਹਾੜੀ ਰਾਜਿਆਂ ਨਾਲ ਸੰਕਟ ਸਮੇਂ ਉਨ੍ਹਾਂ ਦੇ ਪਹਾੜੀ ਰਾਜਾਂ ਵਿੱਚ ਸ਼ਰਨ ਲੈਣ ਸਬੰਧੀ ਸਮਝੌਤਾ ਕੀਤਾ ਅਤੇ ਪਹਾੜੀ ਰਾਜਿਆਂ ਨਾਲ ਖਾਲਸਾ ਪੰਥ ਦੀ ਪੱਕੀ ਸਾਂਝ ਸਥਾਪਿਤ ਕਰਨ ਲਈ ਸਿੱਖ ਫੌਜਾਂ ਦੇ ਚੀਫ ਕਮਾਂਡਰ ਭਾਈ ਬੰਦਾ ਸਿੰਘ ਬਹਾਦਰ ਨਾਲ ਪਹਾੜੀ ਰਾਜਿਆਂ ਦੀ ਸ਼ਹਿਜਾਦੀ ਦੀ ਸ਼ਾਦੀ ਕਰਨ ਦਾ ਗੁਰਮਤਾ ਪੇਸ਼ ਕੀਤਾ। ਚੰਬੇ ਦੇ ਰਾਜੇ ਨੇ ਆਪਣੀ ਬੇਟੀ ਸੁਸ਼ੀਲ ਕੌਰ ਦੀ ਸ਼ਾਦੀ ਖਾਲਸਾਈ ਫੌਜਾਂ ਦੇ ਕਮਾਂਡਰ ਨਾਲ ਕਰ ਦੇਣਾ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ।
ਇਹ ਭਾਰਤੀ ਹਿੰਦੂ ਰਾਜਿਆਂ ਵੱਲੋ ਖਾਲਸਾ ਰਾਜ ਅਤੇ ਖਾਲਸੇ ਦੀ ਪਾਤਸ਼ਾਹੀ ਨੂੰ ਸਮਾਜਿਕ ਤੌਰ ਤੇ ਮੰਨ ਲੈਣ ਦਾ ਪਹਿਲਾ ਕਦਮ ਸੀ, ਕਿਉਂਕਿ ਭਾਰਤ ਵਿੱਚ ਆਪਣੇ ਬੱਚਿਆਂ ਦੀ ਸ਼ਾਦੀ ਬਰਾਬਰ ਦੀ ਧਿਰ ਨਾਲ ਕਰਨ ਦਾ ਸਦੀਆਂ ਪੁਰਾਣਾ ਵਿਹਾਰ ਹੈ। ਸ਼ਾਹੀ ਸੈਨਾ ਜਦੋ ਲੋਹਗੜ੍ਹ ਦੇ ਇਲਾਕੇ ਵਿਚੋ ਨਿਕਲ ਕੇ ਲਾਹੌਰ ਨੂੰ ਤੁਰ ਗਈ ਤਾਂ ਖਾਲਸਾਈ ਫੌਜਾਂ ਨੇ ਫੇਰ ਆਪਣੇ ਪੁਰਾਣੇ ਇਲਾਕਿਆਂ ਵਿੱਚ ਆ ਸਿਰ ਕੱਢੇ।
ਭਵਿੱਖ ਦੀਆਂ ਲੜਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਲਸਾਈ ਕਮਾਂਡਰਾਂ ਨੇ ਲੋਹਗੜ੍ਹ ਦੇ ਕਿਲ੍ਹੇ ਦੀ ਦੁਬਾਰਾ ਉਸਾਰੀ ਕਰਨ ਦੇ ਨਾਲ ਨਾਲ ਨੀਮ ਪਹਾੜੀ ਇਲਾਕਿਆਂ ਵਿੱਚ ਨਵੇਂ ਕਿਲ੍ਹੇ ਉਸਾਰਨ ਦਾ ਫੈਸਲਾ ਕੀਤਾ। ਹਾਰ ਜਾਣ ਦੇ ਬਾਵਜੂਦ ਵੀ ਪੰਜਾਬ ਵਿੱਚ ਖਾਲਸਾਈ ਫੌਜਾਂ ਦੀ ਚੜ੍ਹਤ ਪੂਰੀ ਤਰ੍ਹਾਂ ਬਰਕਰਾਰ ਸੀ। ਸਿੱਖਾਂ ਉਪਰ ਜ਼ੁਲਮ ਢਾਹੁਣ ਵਾਲੇ ਜ਼ੁਲਮੀ ਅਹਿਲਕਾਰਾਂ ਨੂੰ ਦਿਤੀ ਇਬਰਤਨਾਕ ਸਜ਼ਾ ਨੇ ਖਾਨਾਂ ਖੱਬੀ ਖਾਨਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੀਆਂ ਪਨਾਹਗਾਹਾਂ ਵਿੱਚ ਲੁਕਣਾ ਪੈ ਗਿਆ ਸੀ।
ਸਿੱਖਾਂ ਦੇ ਪ੍ਰਮੁੱਖ ਧਾਰਮਿਕ ਕੇਂਦਰ ਹਰਿਮੰਦਰ ਸਾਹਿਬ ਵਿੱਚ ਪੁਰਾਣੀਆਂ ਰੌਣਕਾਂ ਬਹਾਲ ਹੋ ਚੁੱਕੀਆਂ ਸਨ। ਗੁਰੂ ਕਾਲ ਤੋਂ ਚਲ ਰਹੀ ਪ੍ਰੰਪਰਾ ਅਨੁਸਾਰ ਇਸ ਸਾਲ ਦੀਵਾਲੀ ਮਨਾਉਣ ਲਈ ਖਾਲਸਾਈ ਫੌਜਾਂ ਦੇ ਨਾਲ ਨਾਲ ਦੂਰ ਦੁਰਾਡੇ ਦੀ ਸੰਗਤ ਵੀ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਗਈ।
ਨੌਂਵੇਂ ਅਤੇ ਦਸਵੇਂ ਗੁਰੂ ਦੇ ਸਮੇਂ ਸਿੱਖ ਪੰਥ ਦੀਆਂ ਸਰਗਰਮੀਆਂ ਅਨੰਦਪੁਰ ਸਾਹਿਬ ਤਬਦੀਲ ਹੋ ਗਈਆਂ ਸਨ। ਇਸ ਕਰਕੇ ਲੰਬੇ ਸਮੇਂ ਬਾਅਦ ਦੀਵਾਲੀ ਮੌਕੇ ਹੋਏ ਜੋੜਮੇਲੇ ਉਪਰ ਪਹੁੰਚੀਆਂ ਸਿੱਖ ਸੰਗਤਾਂ ਇਸ ਮੌਕੇ ਇਕੱਠੀਆਂ ਹੋਈਆਂ ਖਾਲਸਾਈ ਫੌਜਾਂ ਦੀ ਚੜ੍ਹਦੀ ਕਲਾ ਦੇਖ ਕੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਛਕਕੇ ਖਾਲਸਾ ਫੌਜਾਂ ਵਿੱਚ ਸ਼ਾਮਿਲ ਹੋ ਰਹੀਆਂ ਸਨ। ਇਸ ਸਮੇਂ ਸਾਰੇ ਦਾ ਸਾਰਾ ਸਿੱਖ ਪੰਥ ਖਾਲਸਾਈ ਫੌਜਾਂ ਦੇ ਚੀਫ ਕਮਾਂਡਰ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਵੱਲ ਪੂਰੀ ਸ਼ਰਧਾ ਨਾਲ ਉਲਰ ਪਿਆ।
ਇਸ ਸਮੇਂ ਮੇਲਾ ਖਤਮ ਹੋ ਜਾਣ ਤੋਂ ਬਾਅਦ ਇਕੱਠਾ ਹੋਇਆ ਲੱਖਾਂ ਰੁਪਏ ਦਾ ਚੜ੍ਹਾਵਾ ਭਾਈ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦੇ ਕਿਲ੍ਹੇ ਦੀ ਮੁਰੰਮਤ ਕਰਨ ਅਤੇ ਨਵੇਂ ਕਿਲ੍ਹੇ ਉਸਾਰਨ ਲਈ ਆਪਣੇ ਕੰਟਰੋਲ ਵਿੱਚ ਕਰ ਲਿਆ। ਇਸ ਚੜ੍ਹਾਵੇ ਦੀ ਰਕਮ ਨੇ ਬਾਅਦ ਵਿੱਚ ਜੋ ਗੁੱਲ ਖਿੜਾਏ ਉਨ੍ਹਾਂ ਦਾ ਪੱਟਿਆ ਸਿੱਖ ਪੰਥ ਅੱਜ ਤੱਕ ਲੀਹ ਉਤੇ ਨਹੀ ਆ ਸਕਿਆ। ਇਸ ਘਟਨਾ ਤੋਂ ਪਹਿਲਾਂ ਇਹ ਚੜ੍ਹਾਵਾ ਭਾਈ ਮਨੀ ਸਿੰਘ ਦੁਆਰਾ ਦਿੱਲੀ ਵਿੱਚ ਰਹਿ ਰਹੀ ਮਾਤਾ ਸੁੰਦਰੀ ਕੋਲ ਪਹੁੰਚਦਾ ਸੀ।
ਸਿੱਖ ਧਰਮ ਦੇ ਆਰੰਭ ਤੋਂ ਹੀ ਇੱਕ ਦੁਖਾਂਤ ਰਿਹਾ ਹੈ ਕਿ ਗੁਰਮਤਿ ਦਾ ਵਿਰੋਧ ਕਰਨ ਲਈ ਗੁਰੂ ਘਰ ਚੋਂ ਹੀ ਕੋਈ ਕਾਂਗਿਆਰੀ ਉਠਦੀ ਹੈ। ਗੁਰੂ ਦੀ ਮੌਜੂਦਗੀ ਵਿੱਚ ਇਸ ਕਾਂਗਿਆਰੀ ਦਾ ਸਿਧਾਂਤਕ ਜਵਾਬ ਗੁਰੂ ਦੁਆਰਾ ਦਿੱਤਾ ਜਾਂਦਾ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਥ ਨੂੰ ਦਿੱਤੇ ਵਿਛੋੜੇ ਤੋਂ ਬਾਅਦ ਇਸ ਕਾਂਗਿਆਰੀ ਦਾ ਜਵਾਬ ਦੇਣ ਦੀ ਜਿੰਮੇਵਾਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਜਾਂ ਗੁਰੂ ਰੂਪ ਮੰਨੇ ਜਾਣ ਵਾਲੇ ਪੰਜ ਪਿਆਰਿਆਂ ਦੀ ਬਣਦੀ ਸੀ? ਇਨ੍ਹਾ ਦੋਵਾਂ ਧਿਰਾਂ ਨੇ ਕਾਂਗਿਆਰੀ ਦਾ ਜਵਾਬ ਦੇ ਕੇ ਖਾਲਸਾ ਰਾਜ ਦੀ ਸਥਾਪਤੀ ਲਈ ਯਤਨ ਕਰਨ ਦੀ ਥਾਂ ਸਾਜ਼ਸ਼ੀ ਰੁਖ਼ ਅਪਨਾ ਕੇ ਖਾਲਸਾ ਰਾਜ ਦੀ ਸਥਾਪਨਾ ਲਈ ਜੂਝ ਰਹੀਆਂ ਧਿਰਾਂ ਦੇ ਹੀ ਪੈਰ ਵੱਢਣੇ ਸ਼ੁਰੂ ਕਰ ਦਿੱਤੇ। ਇਸ ਕਾਲ ਵਿੱਚ ਸਿੱਖ ਪੁਜਾਰੀਆਂ ਉਪਰ ਕੋਈ ਕੁੰਡਾ ਨਾ ਹੋਣ ਕਰਕੇ ਗੁਰਮਤਿ ਦੇ ਨਾਮ ਉਪਰ ਕਰਮ ਕਾਂਡ ਦਾ ਜੋ ਮਰਿਆ ਸੱਪ ਖਾਲਸਾ ਪੰਥ ਦੇ ਗਲ ਪਾਇਆ, ਖਾਲਸਾ ਪੰਥ ਅੱਜ ਉਸ ਮਰੇ ਸੱਪ ਨੂੰ ਗਲ ਦਾ ਹਾਰ ਬਣਾ ਕੇ ਬੜੇ ਮਾਣ ਨਾਲ ਕਦੇ ਰਹਿਤ ਮਰਿਆਦਾ ਅਤੇ ਕਦੇ ਸਤਿਕਾਰ ਦਾ ਰਾਗ ਅਲਾਪਦਾ ਹੈ।
ਸਿੱਖ ਪੰਥ ਦੇ ਇਸ ਸੰਕਟਮਈ ਕਾਲ ਵਿੱਚ ਹਰਿਮੰਦਰ ਸਾਹਿਬ ਦੀ ਪੂਰੀ ਸਾਂਭ ਸੰਭਾਲ ਭਾਈ ਮਨੀ ਸਿੰਘ ਦੁਆਰਾ ਹੋ ਰਹੀ ਸੀ। ਇਸ ਕਾਲ ਵਿੱਚ ਮਨੀ ਸਿੰਘ ਦੁਆਰਾ ਗੁਰਬਾਣੀ ਦੇ ਅਰਥਾਂ ਨੂੰ ਰਸ ਭਰਪੂਰ ਅਤੇ ਰੋਚਿਕ ਬਣਾਉਣ ਲਈ ਹਿੰਦੂ ਮਿਥਿਹਾਸ ਦੀਆਂ ਜਿਨ੍ਹਾਂ ਕਥਾਵਾਂ ਦਾ ਦ੍ਰਿਸ਼ਟਾਂਤ ਦਿਤਾ ਗਿਆ ਹੈ, ਉਸ ਦਾ ਗੁਰਬਾਣੀ ਜਾਂ ਗੁਰਮਤਿ ਦੇ ਆਸ਼ੇ ਨਾਲ ਕੋਈ ਸਬੰਧ ਹੀ ਨਹੀ ਬਣਦਾ। ਭਾਈ ਮਨੀ ਸਿੰਘ ਦੇ ਨਾਮ ਉਪਰ ਜੋ ਵੀ ਪ੍ਰਚਲਿਤ ਪੁਸਤਕਾਂ ਅੱਜ ਮਿਲ ਰਹੀਆਂ ਹਨ, ਉਨ੍ਹਾਂ ਦਾ ਗੁਰਮਤਿ ਨਾਲ ਕੋਈ ਸਬੰਧ ਹੀ ਨਹੀਂ ਜੁੜਦਾ। ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਪਰ ਜਿਸ ਦਸਮ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ ਦੁਆਰਾ ਕੀਤੀ ਗਈ ਹੈ ਉਸ ਗ੍ਰੰਥ ਵਿੱਚ ਗੁਰੂ ਸਾਹਿਬ ਦੀ ਕੁਝ ਬਾਣੀ ਨੂੰ ਛੱਡ ਕੇ ਜੋ ਕੁਝ ਵੀ ਮਿਲਦਾ ਹੈ, ਉਹ ਐਨਾ ਗੈਰ-ਇਖ਼ਲਾਕੀ ਹੈ ਕਿ ਉਹ ਪਰਿਵਾਰ ਵਿੱਚ ਪੜ੍ਹੇ ਜਾਣ ਦੇ ਯੋਗ ਹੀ ਨਹੀਂ ਹੈ। ਥੋੜੀ ਮੋਟੀ ਬੁੱਧੀ ਰੱਖਣ ਵਾਲਾ ਵੀ ਸਮਝ ਸਕਦਾ ਹੈ ਕਿ ਪ੍ਰਮਾਤਮਾ ਨਾਲ ਇੱਕ ਹੋ ਜਾਣ ਵਾਲੇ ਗੁਰੂ ਸਾਹਿਬ ਵਰਗੇ ਮਹਾਂਪੁਰਸ਼ ਇਸ ਤਰ੍ਹਾਂ ਦਾ ਗੰਦ-ਮੰਦ ਖਾਲਸਾ ਪੰਥ ਦੀ ਝੋਲੀ ਵਿੱਚ ਪਾ ਹੀ ਨਹੀਂ ਸਕਦੇ।
ਦਸਮ ਗ੍ਰੰਥ ਨੂੰ ਦਸਵੇਂ ਗੁਰੂ ਦੀ ਬਾਣੀ ਕਹਿਣ ਵਾਲੇ ਮੂਰਖ ਟੋਲੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਗੁਰੂ ਸਾਹਿਬ ਜਿੰਨਾਂ ਨੂੰ ਸਾਰਾ ਗ੍ਰੰਥ ਅੱਖਰ - ਅੱਖਰ ਜ਼ੁਬਾਨੀ ਯਾਦ ਸੀ - ਉਨ੍ਹਾ ਨੇ ਇਸ ਨੂੰ ਗ੍ਰੰਥ ਸਾਹਿਬ ਵਿੱਚ ਦਰਜ ਕਰ ਦੇਣਾ ਸੀ ਜਾਂ ਅਲੱਗ ਰੂਪ ਵਿੱਚ ਇਸ ਨੂੰ ਇਕੱਠਾ ਕਰਵਾ ਦੇਣਾ ਸੀ। ਇਸ ਅਖੌਤੀ ਦਸਮ ਗ੍ਰੰਥ ਵਿੱਚ, ਗੁਰੂ ਸਾਹਿਬ ਦੀਆਂ ਕੁਝ ਰਚਨਾਵਾਂ ਨੂੰ ਛੱਡ ਕੇ, ਬਾਕੀ ਗੰਦ ਪਿੱਲ ਗੁਰਮਤਿ ਦੇ ਕਿਸੇ ਸਿਧਾਂਤ ਉਪਰ ਪੂਰਾ ਨਹੀਂ ਉੱਤਰਦਾ। ਇਸ ਦੀ ਕੋਈ ਵੀ ਸਾਖੀ ਸਧਾਰਨ ਬੰਦੇ ਲਈ ਕਿਸੇ ਤਰ੍ਹਾਂ ਦਾ ਕੋਈ ਇਖਲਾਕੀ ਜਾਂ ਮਾਨਵੀ ਸੁਨੇਹਾਂ ਦੇਣ ਯੋਗ ਨਹੀਂ ਹੈ। ਭਾਈ ਮਨੀ ਸਿੰਘ ਦੀ ਮਾਤਾ ਸੁੰਦਰੀ ਨੂੰ ਲਿਖੀ ਚਿੱਠੀ ਵਿੱਚ ਕ੍ਰਿਸ਼ਨ ਅਵਤਾਰ ਦੀ ਚਰਚਾ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਇਸ ਦਸਮ ਗ੍ਰੰਥ ਦਾ ਸੰਪਾਦਨ ਕਿਸੇ ਗੁੰਮਨਾਮ ਲਿਖਾਰੀ ਨੇ ਨਹੀਂ, ਬਲਕਿ ਭਈ ਮਨੀ ਸਿੰਘ ਨੇ ਕੀਤਾ ਹੈ।
ਉਸ ਕਾਲ ਦੀਆਂ ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ਨੂੰ ਗਹਿਰਾਈ ਵਿੱਚ ਸਮਝਣ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਉਸ ਸਮੇਂ ਸਿੱਖ ਸੰਗਤਾਂ ਦਾ ਵੱਡਾ ਹਿੱਸਾ ਅਨਪੜ੍ਹ ਅਤੇ ਖਾਲਸਾ ਰਾਜ ਦੀ ਲੜਾਈ ਵਿੱਚ ਉਲਝਿਆ ਹੋਇਆ ਸੀ। ਗੁਰੂ ਦੇ ਨਾਮ ਉਪਰ ਮਰ ਮਿਟਣ ਨੂੰ ਤਿਆਰ ਅਨਪੜ੍ਹ ਸਿੱਖ ਸੰਗਤ ਦੇ ਗਲ ਗੁਰੂ ਦੇ ਨਾਮ ਉਪਰ ਜੋ ਮਰਜ਼ੀ ਥੋਪਿਆ ਜਾ ਸਕਦਾ ਸੀ। ਉਸ ਸਮੇਂ ਪ੍ਰਮੁੱਖ ਧਾਰਮਿਕ ਕੇਂਦਰ ਦੇ ਪੁਜਾਰੀਆਂ ਅਤੇ ਕੁਝ ਸਿੱਖ ਸਰਦਾਰਾਂ ਨੇ ਸਿੱਖ ਪੰਥ ਨੂੰ ਉਸ ਨਰਕ ਵਿੱਚ ਹੀ ਧੱਕ ਦਿੱਤਾ, ਜਿਸ ਦੇ ਖਿਲਾਫ ਗੁਰੂ ਸਾਹਿਬਾਨ 200 ਸਾਲ ਜੱਦੋ-ਜਹਿਦ ਕਰਦੇ ਰਹੇ ਸਨ।
ਕੇਸਰ ਸਿੰਘ ਛਿੱਬਰ ਜੋ ਕਿ ਭਾਈ ਮਨੀ ਸਿੰਘ ਦਾ ਸਮਕਾਲੀ ਲੇਖਕ ਹੈ ਅਤੇ ਭਾਈ ਮਨੀ ਸਿੰਘ ਦੇ ਗਰੁੱਪ ਨਾਲ ਜਿਸ ਦੀ ਉਠਣੀ ਬੈਠਣੀ ਸੀ, ਉਸਨੇ ਇਸ ਘਟਨਾ ਦਾ ਵਰਨਣ ਬੰਸਾਂਵਲੀਨਾਮਾ ਵਿੱਚ ਕੀਤਾ ਹੈ। ਵੈਸੇ ਵੀ ਭਾਈ ਮਨੀ ਸਿੰਘ ਦੇ ਸਮੁੱਚੇ ਚਰਿਤਰ ਦਾ ਅਧਿਐਨ ਕਰੀਏ ਤਾਂ ਭਾਈ ਮਨੀ ਸਿੰਘ ਸਿੱਖ ਇਤਿਹਾਸ ਦਾ ਸਭ ਤੋਂ ਸ਼ੱਕੀ ਚਰਿਤਰ ਹੋ ਨਿਬੜਦਾ ਹੈ।
ਸਿੱਖ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਹਮਉਮਰ ਸਨ। ਬਚਪਨ ਵਿੱਚ ਹੀ ਉਸ ਦਾ ਪਿਉ ਉਸਨੂੰ ਅਨੰਦਪੁਰ ਵਿੱਚ ਛੱਡ ਗਿਆ। ਉਥੇ ਹੀ ਉਸਨੇ ਵਿਦਿਆ ਗ੍ਰਹਿਣ ਕੀਤੀ। ਬਚਪਨ ਤੋਂ ਹੀ ਉਹ ਪੂਰੀ ਨਿਸ਼ਠਾ ਨਾਲ ਗੁਰੂ ਕੀਆਂ ਮਾਈਆਂ ਦਾ ਮੁੱਖ ਸੇਵਾਦਾਰ ਰਿਹਾ।
ਸਿੱਖ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਉਸਦੀ ਮੌਜੂਦਗੀ ਵਿੱਚ ਵਾਪਰੀਆਂ। ਗੁਰੂ ਕਾਲ ਤੋਂ ਬਾਅਦ ਖਾਲਸਾ ਰਾਜ ਦੀ ਸਥਾਪਨਾ ਸਮੇਂ ਉਹ ਅੰਮ੍ਰਿਤਸਰ ਮੌਜੂਦ ਰਿਹਾ। ਉਸ ਦੀ ਮੌਜੂਦਗੀ ਵਿੱਚ ਖਾਲਸਾ ਪੰਥ ਦੀਆਂ ਫੌਜਾਂ ਵਿੱਚ ਫੁੱਟ ਪਾਈ। ਇਸ ਫੁੱਟ ਵਿੱਚ ਭਾਈ ਬੰਦਾ ਸਿੰਘ ਬਹਾਦਰ ਵਰਗੇ ਗੁਰੂ ਸਾਹਿਬ ਦੇ ਵਰਸੋਏ ਸਿੱਖ ਅਤੇ ਖਾਲਸਾ ਪੰਥ ਦੇ ਪਹਿਲੇ ਜਰਨੈਲ ਦਾ ਸਾਥ ਦੇਣ ਦੀ ਬਜਾਏ ਉਸ ਗਰੁੱਪ ਦਾ ਸਾਥ ਦਿੱਤਾ, ਜੋ ਪਾਤਸ਼ਾਹੀ ਦਾ ਦਾਅਵਾ ਛੱਡ ਕੇ ਮੁਗਲਾਂ ਵੱਲੋਂ ਦਿਤੀ ਜਗੀਰ ਉਤੇ ਵਿਰਣ ਲਈ ਤਿਆਰ ਹੋ ਗਿਆ ਸੀ ਅਤੇ ਬਾਅਦ ਵਿੱਚ ਉਸ ਧੜੇ ਨੇ ਖਾਲਸਾ ਰਾਜ ਦੀ ਸਥਾਪਨਾ ਵਾਸਤੇ ਭਾਈ ਬੰਦਾ ਸਿੰਘ ਬਹਾਦਰ, ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਆਲੀ ਸਿੰਘ ਵਰਗੇ ਜਰਨੈਲਾਂ ਦੀ ਅਗਵਾਈ ਵਿਚ ਲੜ ਰਹੀਆਂ ਖਾਲਸਾਈ ਫੌਜਾਂ ਉਪਰ ਮੁਗਲਾਂ ਨਾਲ ਰਲ ਕੇ ਅਜਿਹਾ ਹਮਲਾ ਬੋਲਿਆ, ਜਿਸ ਵਿੱਚ ਖਾਲਸਾਈ ਫੌਜ ਦੇ ਦੋ ਹਜ਼ਾਰ ਤੋਂ ਵੱਧ ਸਿੰਘ ਸ਼ਹੀਦ ਕਰ ਦਿੱਤੇ ਗਏ।
ਉਸ ਧੜੇ ਨੇ ਲਾਹੌਰ ਦੀਆਂ ਮੁਗਲ ਫੌਜਾਂ ਵਿੱਚ ਨੌਕਰੀ ਕਬੂਲ ਕਰਕੇ ਕਈ ਸਾਲ ਆਪਣਾ ਟਿਕਾਣਾ ਹਰਿਮੰਦਰ ਸਾਹਿਬ ਵਿੱਚ ਬਣਾਈ ਰੱਖਿਆ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਕਾਲ ਵਿੱਚ ਜਦੋਂ ਸ਼ਾਹੀ ਸੈਨਾ ਨੇ ਖਾਲਸਾਈ ਫੌਜਾਂ ਅਤੇ ਖਾਲਸਾਈ ਰਾਜ ਨੂੰ ਮਲੀਅਮੇਟ ਕਰ ਦੇਣ ਦੀ ਨੀਤੀ ਅਪਨਾ ਕੇ ਇਸ ਨੂੰ ਜਹਾਦ ਦਾ ਨਾਮ ਦੇ ਕੇ ਜੰਗ ਸ਼ੁਰੂ ਕੀਤੀ ਹੋਈ ਸੀ - ਉਸ ਕਾਲ ਵਿੱਚ ਹਰਿਮੰਦਰ ਸਾਹਿਬ ਵਿੱਚ ਰਹਿਣ ਵਾਲੇ ਕਿਸੇ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਵਿੱਚ ਭਾਈ ਗੁਰਦਾਸ ਤੋਂ ਬਾਅਦ ਸਭ ਤੋਂ ਵੱਡਾ ਗਿਆਨੀ ਮੰਨਿਆ ਜਾਣ ਵਾਲਾ ਇਹ ਸਖਸ਼ ਕਿਸੇ ਵੀ ਮਹੱਤਵਪੂਰਨ ਘਟਨਾ ਬਾਰੇ ਅਗਲੀ ਪੀੜ੍ਹੀ ਨੂੰ ਜਾਣਕਾਰੀ ਦੇਣ ਲਈ ਇੱਕ ਵੀ ਸ਼ਬਦ ਨਹੀਂ ਲਿਖਦਾ।
ਦੂਜੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਭਾਈ ਬੰਦਾ ਸਿੰਘ ਬਹਾਦਰ ਅਤੇ ਖਾਲਸਾਈ ਫੌਜਾਂ ਦੇ ਪ੍ਰਮੁੱਖ ਜਰਨੈਲਾਂ ਦੀ ਸ਼ਹਾਦਤ ਤੋਂ ਬਾਅਦ ਜਿਸ ਸਮੇਂ ਮੁਗਲ ਸਰਕਾਰ ਦੀਆਂ ਗਸ਼ਤੀ ਫੌਜਾਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਮਾਝੇ ਦੀ ਧਰਤੀ ਦਾ ਪੱਤਾ ਪੱਤਾ ਛਾਣਦੀਆਂ ਫਿਰਦੀਆਂ ਸਨ, ਉਸ ਸਮੇਂ ਜੰਗਲਾਂ ਵਿੱਚ ਲੁਕ ਛਿਪ ਕੇ ਦਿਨ ਕਟੀ ਕਰ ਰਹੇ ਸਿੱਖਾਂ ਨੂੰ ਚੜ੍ਹਾਵੇ ਖਾਤਰ ਅੰਮ੍ਰਿਤਸਰ ਦੀਵਾਲੀ ਮਨਾਉਣ ਲਈ ਸੱਦਣਾ ਕਿਸੇ ਵੀ ਤਰ੍ਹਾਂ ਸਮਝ ਨਹੀਂ ਆਉਂਦਾ। ਅਕਾਲਪੁਰਖ ਦੀ ਕ੍ਰਿਪਾ ਨਾਲ ਸਿੱਖਾਂ ਨੂੰ ਇਸ ਸਾਜਿਸ਼ ਦੀ ਸਮਝ ਆ ਗਈ ਅਤੇ ਉਹ ਮੁਗਲ ਸਰਕਾਰ ਵੱਲੋਂ ਫੈਲਾਏ ਜਾਲ ਵਿੱਚ ਫਸਣੋਂ ਬਚ ਗਏ।
ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਭਾਈ ਮਨੀ ਸਿੰਘ ਨੂੰ ਸਿੱਖ ਇਤਿਹਾਸ ਦਾ ਇੱਕ ਸ਼ੱਕੀ ਕਰੈਕਟਰ ਬਣਾ ਦਿੰਦੀਆਂ ਹਨ। ਸਿੱਖ ਵਿਦਵਾਨਾਂ ਨੂੰ ਇਸ ਮਸਲੇ ਉਪਰ ਖੋਜ ਕਰਕੇ ਸੱਚ ਦਾ ਨਿਤਾਰਾ ਕਰਨਾ ਚਾਹੀਦਾ ਹੈ। ਹੁਣ ਪਿਛਲੀ ਗੱਲ ਵੱਲ ਮੁੜਦੇ ਹਾਂ। ਈਸਵੀ 1711-12 ਵਿੱਚ ਜਦੋਂ ਭਾਈ ਬੰਦਾ ਸਿੰਘ ਬਹਾਦਰ ਵੱਲੋਂ ਹਰਿਮੰਦਰ ਸਾਹਿਬ ਵਿੱਚ ਇਕੱਠੇ ਹੋਏ ਚੜ੍ਹਾਵੇ ਦੀ ਰਕਮ ਨਾਲ ਲੋਹਗੜ੍ਹ ਦੇ ਕਿਲ੍ਹੇ ਦੀ ਮੁਰੰਮਤ ਦੇ ਨਾਲ ਨਾਲ ਕੁਝ ਹੋਰ ਨਵੇਂ ਕਿਲ੍ਹੇ ਉਸਾਰੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਸ ਸਮੇਂ ਹੀ ਭਾਈ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਦੇ ਖਿਲਾਫ ਸਾਜ਼ਿਸ਼ਾਂ ਦੀ ਸ਼ੁਰੂਆਤ ਹੋ ਗਈ ਸੀ।
ਅਸਲ ਵਿੱਚ ਭਾਈ ਬੰਦਾ ਸਿੰਘ ਜੀ ਦੇ ਪੰਜਾਬ ਆ ਕੇ ਗੁਰੂ ਦੇ ਹੁਕਮਾਂ ਦੀ ਪੂਰਤੀ ਲਈ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਹੀ ਦਿੱਲੀ ਦਰਬਾਰ ਵਿੱਚ ਸਿੱਖ ਇਤਿਹਾਸ ਦੇ ਮੂੰਹ ਉਤੇ ਕਾਲਖ ਮਲ ਦੇਣ ਵਾਲਾ ਇੱਕ ਪੰਨਾ ਲਿਖਿਆ ਜਾ ਚੁੱਕਾ ਸੀ। 17 ਨਵੰਬਰ 1708 ਵਿੱਚ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਗੁਰੂ ਗੋਬਿੰਦ ਨਾਨਕ (ਬਹਾਦਰ ਸ਼ਾਹ ਨਾਮਾ ਵਿੱਚ ਲਿਖੇ ਅਨੁਸਾਰ) ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰਨ ਦਾ ਕੇਸ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਗੁਰੂ ਸਾਹਿਬ ਦੀ ਜਾਇਦਾਦ ਜ਼ਬਤ ਕਰਨ ਦੀ ਥਾਂ ਉਨ੍ਹਾਂ ਦੇ ਖਾਨਦਾਨ ਨੂੰ ਸੌਂਪਣ ਦੇ ਹੁਕਮ ਜਾਰੀ ਕਰਕੇ ਸਾਹਿਬਜਾਦੇ ਅਜੀਤ ਸਿੰਘ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਵਿਸ਼ੇਸ਼ ਖਿੱਲਤ ਨਾਲ ਨਵਾਜਿਆ ਅਤੇ ਉਸ ਨੂੰ ਸ਼ਾਹੀ ਦਰਬਾਰ ਵਿੱਚ ਇੱਜ਼ਤ ਵਾਲੀ ਨੌਕਰੀ ਦੀ ਬਖ਼ਸ਼ਿਸ਼ ਕੀਤੀ। ਇਹ ਸਾਹਿਬਜ਼ਾਦਾ 1708 ਤੋਂ 1723 ਤੱਕ ਆਪਣਾ ਕਤਲ ਹੋਣ ਤੱਕ ਮੁਗਲ ਦਰਬਾਰ ਦਾ ਨੌਕਰ ਰਿਹਾ।
ਇਹ ਅਜੀਤ ਸਿੰਘ ਮਾਤਾ ਸੁੰਦਰੀ ਦਾ ਗੋਦ ਲਿਆ ਪੁੱਤਰ ਸੀ। ਇਹ ਮਾਤਾ ਸੁੰਦਰੀ ਦਾ ਬਹੁਤ ਲਾਡਲਾ ਪੁੱਤਰ ਸੀ। ਜਿਸ ਦਾ ਵਿਆਹ ਵੀ ਮਾਤਾ ਸੁੰਦਰੀ ਨੇ ਆਪਣੇ ਹੱਥੀਂ ਬੜੇ ਚਾਵਾਂ ਨਾਲ ਕੀਤਾ ਸੀ। ਮਾਤਾ ਸੁੰਦਰੀ ਨੂੰ ਇਸ ਵਿਅਕਤੀ ਬਾਰੇ ਸੁਚੇਤ ਕੀਤਾ ਵੀ ਗਿਆ ਸੀ ਕਿ ਮੋਹ-ਵੱਸ ਹੋ ਕੇ ਕੀਤਾ ਤੁਹਾਡਾ ਇਹ ਕੰਮ ਬਹੁਤ ਕੌਮ ਲਈ ਬਹੁਤ ਭਾਰੀ ਸਿੱਧ ਹੋਵੇਗਾ। ਪਰ ਮੋਹ ਵੱਸ ਹੋਈ ਮਾਤਾ ਸੁੰਦਰੀ ਇਸ ਦਾ ਤਿਆਗ ਨਾ ਕਰ ਸਕੀ।
ਸ਼ਾਹੀ ਦਰਬਾਰ ਦੀ ਖਿਦਮਤ ਕਰਦੇ-ਕਰਦੇ ਇਸ ਦੂਜੇ ਅਜੀਤ ਸਿੰਘ ਨੂੰ ਨਾ ਸਿਰਫ਼ ਸ਼ਰਾਬ ਲਤ ਲੱਗ ਗਈ ਬਲਕਿ ਇਹ ਚਰਿੱਤਰਹੀਣ ਵੀ ਹੋ ਗਿਆ। 1723 ਵਿੱਚ ਜਦੋਂ ਇਸ ਨੇ ਇੱਕ ਮੁਸਲਮਾਨ ਫਕੀਰ ਨੂੰ ਕਤਲ ਕਰ ਦਿੱਤਾ ਤਾਂ ਮੁਸਲਮਾਨਾਂ ਨੇ ਮਾਤਾ ਸੁੰਦਰੀ ਦੀ ਰਿਹਾਇਸ਼ ਉੱਪਰ ਹੱਲਾ ਕਰਕੇ 26 ਲੱਖ ਰੁਪਏ ਨਗਦ ਅਤੇ ਲੱਖਾਂ ਰੁਪਏ ਦੇ ਸੋਨੇ ਅਤੇ ਹੀਰੇ-ਜਵਾਹਰਾਤ ਜੜੇ ਗਹਿਣੇ ਲੁੱਟ ਲਏ। ਇਸ ਹੱਲੇ ਵਿੱਚ ਲੁਕ-ਛਿੱਪ ਕੇ ਜਾਨ ਬਚਾ ਮਾਤਾ ਸੁੰਦਰੀ ਮਥਰਾ ਚਲੀ ਗਈ ਅਤੇ ਬਾਅਦ ਵਿੱਚ ਸਿੱਖ ਸੰਗਤਾਂ ਨੂੰ ਆਪਣੇ ਘਰ ਆਉਣ ਤੋਂ ਰੋਕ ਕੇ ਅੰਮ੍ਰਿਤਸਰ ਜਾਣ ਦੀ ਹਦਾਇਤ ਕਰਕੇ ਇਕਾਂਤ ਗ੍ਰਹਿਣ ਕਰ ਲਿਆ। ਇਸ ਅਜੀਤ ਸਿੰਘ ਦੇ ਕਤਲ ਸਮੇਂ ਇਸ ਦੀ ਹਜ਼ੂਰੀ ਵਿੱਚ ਰਹਿਣ ਵਾਲੇ 60 ਸਿੱਖ ਵੀ ਕਤਲ ਕਰ ਦਿੱਤੇ ਗਏ।
ਸਿੱਖ ਇਤਿਹਾਸਕਾਰਾਂ ਵੱਲੋਂ ਇਸ ਸਬੰਧੀ ਇਹ ਲਿਖਿਆ ਜ਼ਰੂਰ ਪੜ੍ਹਨ ਨੂੰ ਮਿਲਦਾ ਹੈ ਕਿ ਮਾਤਾ ਸੁੰਦਰੀ ਕੋਲ ਸੰਗਤਾਂ ਅਤੇ ਭਾਈ ਮਨੀ ਸਿੰਘ ਦੁਆਰਾ ਹਰਿਮੰਦਰ ਸਾਹਿਬ ਵਿਚੋਂ ਭੇਜੀ ਜਾਣ ਵਾਲੀ ਕਾਰ ਭੇਟਾ ਦੀ ਵਰਤੋਂ ਇਸ ਅਜੀਤ ਸਿੰਘ ਵੱਲੋਂ ਕੀਤੀ ਜਾਦੀ ਸੀ। ਪੰਜਾਬ ਤੋਂ ਬਾਹਰ ਦੀਆਂ ਸਿੱਖ ਸੰਗਤਾਂ ਵਿੱਚ ਇਹ 16 ਸਾਲ ਗਿਆਰਵੇਂ ਗੁਰੂ ਵਾਂਗ ਵਿਚਰਦਾ ਰਿਹਾ।
1711 ਵਿੱਚ ਲੋਹਗੜ੍ਹ ਦੀ ਜੰਗ ਵਿੱਚ ਹਜਾਰਾਂ ਸ਼ਾਹੀ ਫੌਜੀ ਅਤੇ ਜਹਾਦੀ ਮੁਸਲਮਾਨਾਂ ਨੂੰ ਮਰਵਾਉਣ ਤੋਂ ਬਾਅਦ ਖਿਝਿਆ ਹੋਇਆ ਬਾਦਸ਼ਾਹ ਬਹਾਦਰ ਸ਼ਾਹ ਜਦੋਂ ਕਲਾਨੌਰ ਵਿੱਚ ਠਹਿਰਿਆ ਹੋਇਆ ਸੀ, ਉਦੋਂ ਇਸ ਸਾਹਿਬਜਾਦੇ ਅਜੀਤ ਸਿੰਘ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਹੋ ਕੇ ਬਾਦਸ਼ਾਹ ਦੀ ਜਿੱਤ ਲਈ ਅਰਦਾਸ ਕੀਤੀ ਸੀ, ਜਿਸ ਤੋਂ ਖੁਸ਼ ਹੋ ਕੇ ਬਾਦਸ਼ਾਹ ਨੇ ਇਸ ਨੂੰ ਖਿੱਲਤ ਭੇਟ ਕਰਕੇ ਅੰਮ੍ਰਿਤਸਰ ਸ਼ਹਿਰ ਜਗੀਰ ਵਜੋਂ ਇਸ ਦੇ ਨਾਮ ਲਾ ਦਿੱਤਾ ਸੀ।
1711 ਤੋਂ 1715 ਤੱਕ ਵੱਖ-ਵੱਖ ਮੁਗਲ ਬਾਦਸ਼ਾਹਾਂ ਵੱਲੋਂ ਸਿੱਖ ਸੰਗਤ ਅਤੇ ਖਾਲਸਾ ਫੌਜ਼ਵਿੱਚ ਫੁੱਟ ਪਾਉਣ ਲਈ ਇਸਨੂੰ ਪੂਰੇ ਜਾਹੋ-ਜਲਾਲ ਨਾਲ ਅੰਮ੍ਰਿਤਸਰ ਭੇਜਿਆ ਜਾਂਦਾ ਰਿਹਾ। 1723 ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਜਦੋਂ ਇਸ ਨੇ ਇੱਕ ਬੇਨਵਾ ਮੁਸਲਮਾਨ ਫਕੀਰ ਦਾ ਕਤਲ ਕਰ ਦਿੱਤਾ ਤਾਂ ਬਾਦਸ਼ਾਹ ਦੇ ਹੁਕਮ ਨਾਲ ਇਸਨੂੰ ਕਤਲ ਕਰ ਦਿੱਤਾ ਗਿਆ ਸੀ।
ਮੱਧ ਪ੍ਰਦੇਸ਼ ਬਹਿਰਾਮਪੁਰ ਹੱਠੀ ਸਿੰਘ ਦੇ ਡੇਰੇ ਵਿੱਚ ਸੁਰੱਖਿਅਤ ਪਈ ‘‘ਪੁਰਾਤਨ ਬੀੜਾਂ ਤੇ ਵਿਚਾਰ’’ ਨਾਮ ਦੀ ਹਰਨਾਮ ਦਾਸ ਉਦਾਸੀ ਦੀ ਲਿਖੀ ਇੱਕ ਪੁਰਾਤਨ ਪੁਸਤਕ ਵਿੱਚੋਂ ਮਿਲਦੀਆਂ ਸੂਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਥਿਤ ਸਾਹਿਬਜ਼ਾਦਾ ਸਿੱਖ ਸੰਗਤਾਂ ਵਿੱਚ ਗਿਆਰ੍ਹਵੇਂ ਗੁਰੂ ਦੇ ਤੌਰ ਤੇ ਵਿਚਰਦਾ ਸੀ। ਇਸ ਪੁਸਤਕ ਦੇ ਇੱਕ ਅਧਿਆਏ ਚਰਿਤਰ ਜੋਤੀ ਜੋਤ ਸਮਾਉਣ ਵਿੱਚ ਲਿਖਿਆ ਮਿਲਦਾ ਹੈ।
(1) ਸੰਮਤ 1765 ਕੱਤਕ ਸੁੱਦੀ 5 ਸ਼੍ਰੀ ਵਾਹਿਗੁਰੂ ਗੋਬਿੰਦ ਸਿੰਘ ਸਮਾਣੇ
(2) ਸੰਮਤ 1780 ਮਾਘ ਸੁਦੀ 5 ਸ਼੍ਰੀ ਵਾਹਿਗੁਰੂ ਅਜੀਤ ਸਿੰਘ ਸਮਾਣੇ ਵਿੱਚ ਦਿੱਲੀ, ਵਾਰ ਸ਼ੁਕਰਵਾਰ ਛੇ ਘੜੀ, ਅੱਗੇ, ਗੁਰੂ ਭਾਣੇ ਦਾ ਖਸਮ ਹੈ। ਇਸ ਦਾ ਇੱਕ ਪੁੱਤਰ ਹੱਠੀ ਸਿੰਘ ਸੀ - ਜਿਸ ਨੇ ਜਵਾਨੀ ਚੜ੍ਹਦਿਆਂ ਹੀ ਆਪਣੇ ਪਿਤਾ ਸ਼੍ਰੀ ਵੱਲੋਂ ਕੀਤੇ ਕਾਰਨਾਮਿਆਂ ਨੂੰ ਛੋਟੇ ਸਿੱਧ ਕਰਨਾ ਸ਼ੁਰੂ ਕਰ ਦਿਤਾ ਤਾਂ ਦਿੱਲੀ ਦੀ ਸੰਗਤ ਵੱਲੋਂ ਕੀਤੇ ਭਾਰੀ ਵਿਰੋਧ ਤੋਂ ਬਾਅਦ ਮਾਤਾ ਸੁੰਦਰੀ ਨੇ ਇਸਨੂੰ ਬੇਦਖਲ ਕਰ ਦਿਤਾ ਤਾਂ ਹੱਠੀ ਸਿੰਘ ਦਿੱਲੀ ਛੱਡ ਕੇ ਬਹਿਰਾਮਪੁਰ (ਮੱਧ ਪ੍ਰਦੇਸ਼) ਦੀ ਉਸ ਧਰਮਸ਼ਾਲਾ ਵਿੱਚ ਜਾ ਕੇ ਰਹਿਣ ਲੱਗ ਪਿਆ, ਜਿਸ ਵਿੱਚ ਦੱਖਣ ਨੂੰ ਜਾਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ। ਅੱਜ ਉਸ ਸਥਾਨ ਉਪਰ ਇਸ ਦੀ ਮੜ੍ਹੀ ਬਣੀ ਹੋਈ ਹੈ। ਉਥੋਂ ਦੀ ਸੰਗਤ ਗੁਰੂ ਪਰਿਵਾਰ ਦੇ ਇੱਕ ਅੰਗ ਦੀ ਯਾਦ ਵਜੋਂ ਇਸ ਮੜ੍ਹੀ ਦੀ ਪੂਜਾ ਕਰਦੀ ਹੈ।
ਭਾਈ ਬੰਦਾ ਸਿੰਘ ਬਹਾਦਰ ਜੀ ਦੇ ਖਿਲਾਫ ਸ਼ੁਰੂ ਹੋਈ ਸਾਜਿਸ਼ ਦਾ ਪਤਾ ਭਈ ਮਨੀ ਸਿੰਘ ਦੁਆਰਾ ਮਾਤਾ ਸੁੰਦਰੀ ਨੂੰ ਲਿਖੀ ਇੱਕ ਚਿਠੀ ਵਿੱਚੋਂ ਲੱਗਦਾ ਹੈ। ਸਿੱਖ ਇਤਿਹਾਸਕਾਰਾਂ ਵੱਲੋਂ ਇਹ ਚਿਠੀ 20 ਅਪ੍ਰੈਲ 1711 ਨੂੰ ਉਸ ਸਮੇਂ ਲਿਖੀ ਮੰਨੀ ਜਾਂਦੀ ਹੈ ਜਦੋਂ ਖਾਲਸਾ ਫੌਜਾਂ ਸ਼ਾਹੀ ਫੌਜਾਂ ਵਲੋਂ ਕੀਤੇ ਵੱਡੇ ਹਮਲੇ ਵਿੱਚੋਂ ਬਚ ਕੇ ਨਿਕਲ ਗਈਆਂ ਸਨ।
ਚਿੱਠੀ ਇਸ ਤਰਾਂ ਹੈ :-
‘‘ ...................ਦੇਸ਼ ਵਿੱਚ ਖਾਲਸੇ ਦਾ ਬਲ ਛੁਟਿ ਗਿਆ ਹੈ। ਸਿੰਘ ਪਰਬਤਾਂ ਬਬਾਨਾਂ ਵਿੱਚ ਜਾਇ ਬਸੈ ਹੈਨ। ਮਲੇਛੋਂ ਕੀ ਦੇਸੁ ਮੇਂ ਦੋਹੀ ਹੈ। ਬਸਤੀ ਮੇਂ ਬਾਲਕ ਜੁਵਾਂ ਇਸਤਰੀ ਸਲਾਮਤੁ ਨਹੀਂ। ਮੁਛੂ ਮੁਛੂ ਕਰਿ ਮਾਰਦੇ ਹੈਨ। ਹੰਦਾਲੀਏ ਮਿਲਿ ਕਰ ਮੁਕਬਰੀ ਕਰਦੇ ਹੈਨ। ਗੁਰੂ ਦਰੋਹੀ ਭੀ ਉਨਾ ਦੇ ਸੰਗ ਮਿਲਿ ਗਏ ਹੈਨ। ਮੁਸਤੈਦੀ ਭਾਗ ਗਏ ਹਨ। ਸਾਡੇ ਪੁਰ ਅਭੀ ਤੋਂ ਅਕਾਲ ਕੀ ਰਛਾ ਹੈ। ਕਲ ਕੀ ਖਬਰ ਨਾਹਿ। ਸਾਹਿਬ ਦੇ ਹੁਕਮ ਅਟੱਲ ਹਨ। ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ ਸਤ ਹੋਇ ਗਇਆ ਹੈ। ਦੇਸ਼ ਵਿਚਿ ਗੌਗਾ ਹੈ ਕਿ ਬੰਦਾ ਬੰਦਨ ਮੁਕਤਿ ਹੋ ਕਰ ਭਾਗ ਗਇਆ ਹੈ। ਸਾਹਿਬ ਬਹੁੜੀ ਕਰਨਗੇਂ, ਤੋਲੇ 5 ਸੋਨਾ ਸਾਹਿਬਜਾਦੇ ਕੀ ਘਰਨੀ ਕੇ ਆਭੂਖਨ ਲਈ ਗੁਰੂ ਕਿਆਂ ਖੰਡੂਰ ਸੇ ਭੇਜਾ ਹੈ ..............’’
ਇਸ ਇਤਿਹਾਸਿਕ ਚਿੱਠੀ ਵਿੱਚ ਲਿਖੇ ਇੱਕ ਇੱਕ ਸ਼ਬਦ ਨੂੰ ਪੜਚੋਲਤਾਮਿਕ ਦ੍ਰਿਸ਼ਟੀ ਤੋਂ ਸਮਝਣ ਦੀ ਜ਼ਰੂਰਤ ਹੈ।
‘‘ਬੰਦਾ ਬੰਦਨ ਮੁਕਤਿ ਹੋ ਕਰ ਭਾਗ ਗਇਆ ਹੈ ...................’’ ਗੁਰੂ ਸਾਹਿਬ ਵੱਲੋਂ ਵਰਸੋਏ ਖਾਲਸਾ ਪੰਥ ਦੇ ਪਹਿਲੇ ਜਰਨੈਲ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਨੂੰ ‘‘ਬੰਦਾ ਬੰਦਨ ਮੁਕਤਿ ਹੋ ਕਰ ਭਾਗ ਗਇਆ ਹੈ’’ ਲਿਖਣ ਤੋਂ ਸਪਸ਼ਟ ਹੈ ਕਿ ਭਾਈ ਬੰਦਾ ਸਿੰਘ ਬਹਾਦਰ ਨੂੰ ਸਿੱਖ ਹੀ ਨਹੀਂ ਮੰਨਿਆ ਜਾ ਰਿਹਾ ਸੀ, ਨਾ ਹੀ ਖਾਲਸਾ ਰਾਜ ਦੀ ਸਥਾਪਨਾ ਲਈ ਉਸ ਵੱਲੋਂ ਲੜੀ ਜਾ ਰਹੀ ਲਹੂ ਵੀਟਵੀਂ ਲੜਾਈ ਪ੍ਰਤੀ ਪੰਥ ਦੇ ਪੁਜਾਰੀਆਂ ਦੇ ਮਨ ਵਿੱਚ ਕੋਈ ਸਤਿਕਾਰ ਸੀ ਅਤੇ ਨਾ ਹੀ ਉਸ ਲੜਾਈ ਪ੍ਰਤੀ ਕੋਈ ਹਮਦਰਦੀ ਸੀ। ਦੂਜੇ ਸ਼ਬਦਾਂ ਵਿੱਚ ਆਖਿਆ ਜਾਵੇ ਤਾਂ ਖਾਲਸਾ ਰਾਜ ਦੀ ਸਥਾਪਨਾ ਲਈ ਲੜੀ ਜਾ ਰਹੀ ਇਹ ਲੜਾਈ ਅਜਾਈਂ ਖੂਨ ਵਹਾਉਣ ਦੀ ਮੂਰਖਤਾ ਭਰੀ ਕਾਰਵਾਈ ਸੀ।
ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਈ ਬੰਦਾ ਸਿੰਘ ਬਹਾਦਰ ਨੇ ਇਹ ਲੜਾਈ ਖੁੱਦ ਨੂੰ ਬਾਦਸ਼ਾਹ ਬਣਾਉਣ ਦੀ ਹਿਰਸ ਨਾਲ ਆਪੇ ਸ਼ੁਰੂ ਕੀਤੀ ਸੀ ? ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖਾਲਸਾ ਪੰਥ ਦਾ ਜਰਨੈਲ ਥਾਪ ਕੇ ਖਾਲਸਾ ਰਾਜ ਦੀ ਸਥਾਪਨਾ ਕਰਨ ਲਈ ਨੰਦੇੜ ਤੋਂ ਪੰਜਾਬ ਵੱਲ ਤੋਰਿਆ ਸੀ ਅਤੇ ਸਮੂੰਹ ਖਾਲਸਾ ਪੰਥ ਦੇ ਨਾਮ ਹੁਕਮਨਾਮੇ ਭੇਜ ਕੇ, ਉਸ ਦੀ ਅਗਵਾਈ ਵਿੱਚ ਪੰਜਾਬ ਦੇ ਜ਼ਾਲਮ ਮੁਗਲ ਹਾਕਮਾਂ ਨੂੰ ਖਤਮ ਕਰਕੇ ਖਾਲਸਾ ਰਾਜ ਸਥਾਪਤ ਕਰਨ ਲਈ ਉਸਦੀ ਆਗਿਆ ਵਿੱਚ ਰਹਿਣ ਦੇ ਹੁਕਮ ਜਾਰੀ ਕੀਤੇ ਸਨ।ਸਿੱਖ ਇਤਿਹਾਸਕਾਰਾਂ ਦੀਆਂ ਕਈ ਪੁਸਤਕਾਂ ਵਿੱਚ ਤਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਭਾਈ ਬੰਦਾ ਸਿੰਘ ਬਹਾਦਰ ਨੂੰ ਆਪਣਾ ਹੀ ਰੂਪ ਸਮਝਣ ਦੀ ਹਦਾਇਤ ਕੀਤੀ ਸੀ।
ਗੁਰੂ ਨੂੰ ਪੂਰੀ ਤਰ੍ਹਾਂ ਸਮਰਪਤ ਗੁਰੂ ਦੇ ਉਸ ਪੱਕੇ ਸਿੱਖ ਨੇ ਗੁਰੂ ਦੇ ਹੁਕਮਾਂ ਨੂੰ ਪੂਰਾ ਕਰਨ ਲਈ ਸਿਰਫ ਆਪਣਾ ਹੀ ਨਹੀਂ ਬਲਕਿ ਆਪਣੇ ਚਾਰ ਸਾਲ ਦੇ ਮਾਸੂਮ ਬੱਚੇ ਅਤੇ ਆਪਣੇ ਸਮੇਂ ਦੀ ਸਭ ਤੋਂ ਹੁਸੀਨ ਇਸਤਰੀ ਮੰਨੀ ਜਾਣ ਵਾਲੀ ਆਪਣੀ ਪਤਨੀ ਦਾ ਬਲੀਦਾਨ ਦੇਣ ਵਿੱਚ ਵੀ ਕੋਈ ਝਿਜਕ ਨਹੀਂ ਦਿਖਾਈ। ਮੁਗਲ ਇਤਿਹਾਸਕਾਰਾਂ ਅਨੁਸਾਰ ਦੁਸ਼ਮਣ ਦੀ ਕੈਦ ਵਿੱਚ ਬੇਬਸ ਹੋਈ ਮਾਤਾ ਸੁਸ਼ੀਲ ਕੌਰ ਨੇ ਖੂਹ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਗੁਰਮਤਿ ਦੀ ਸੋਝੀ ਤੋਂ ਕੋਰੇ ਤੱਤ ਖਾਲਸੇ ਦੇ ਲੀਡਰਾਂ ਦੇ ਖਾਨਦਾਨ ਨਾਲ ਸਬੰਧਿਤ ਰਤਨ ਸਿੰਘ ਭੰਗੂ ਅਤੇ ਕਰਮ ਸਿੰਘ ਹਿਸਟੋਰੀਅਨ ਵਰਗੇ ਸਿੱਖ ਇਤਿਹਾਸਕਾਰ ਆਪਣੇ ਪਿਉ ਦਾਦਿਆਂ ਵੱਲੋਂ ਸਿੱਖ ਪੰਥ ਨਾਲ ਕੀਤੀ ਗਦਾਰੀ ਅਤੇ ਮੁਗਲ ਹਾਕਮਾਂ ਕੋਲੋਂ ਖਾਧੇ ਗੂੰਹ ਨੂੰ ਛੁਪਾਉਣ ਲਈ ਭਾਈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਉਸਦੀ ਪਤਨੀ ਨੂੰ ਮੁਸਲਮਾਨ ਬਣ ਗਈ ਦੱਸਦੇ ਹਨ। ਪਿਛਲੇ ਸਾਲਾਂ ਵਿੱਚ ਨਵੇਂ ਸਾਮ੍ਹਣੇ ਆਏ ਤੱਥ ਇਹ ਸਾਬਤ ਕਰਦੇ ਹਨ ਕਿ ਦੁਸ਼ਮਣ ਦੀ ਕੈਦ ਵਿੱਚ ਜਦੋਂ ਨਾ ਤਾਂ ਉਸ ਨੂੰ ਮਾਰਿਆ ਜਾ ਰਿਹਾ ਸੀ ਅਤੇ ਨਾ ਹੀ ਛੱਡਿਆ ਜਾ ਰਿਹਾ ਸੀ- ਬੇਬਸੀ ਦੀ ਉਸ ਹਾਲਤ ਵਿੱਚ ਜਦੋਂ ਹੋਰ ਜ਼ੁਲਮ ਬਰਦਾਸ਼ਤ ਕਰਨ ਦੀ ਸਮਰਥਾ ਨਾ ਰਹੀ ਤਾਂ ਉਸਨੇ ਖੂਹ ਵਿੱਚ ਛਾਲ ਮਾਰ ਕੇ ਮੁਗਲਾਂ ਦੇ ਜ਼ੁਲਮਾਂ ਤੋਂ ਮੁਕਤੀ ਹਾਸਿਲ ਕੀਤੀ ਸੀ। ਬੇਬਸੀ ਭਰੀ ਅਜਿਹੀ ਅਵਸਥਾ ਵਿੱਚ ਹੋਰ ਚਾਰਾ ਹੀ ਕੀ ਰਹਿ ਜਾਂਦਾ ਹੈ ?
ਇਸ ਪੱਤਰ ਦੀ ਦੂਜੀ ਪੰਕਤੀ ਵਿੱਚ ਵਿਨੋਦ ਸਿੰਘ ਦੇ ਪੁਤਰੇਲੇ ਦੇ ਬਚਨ ਸੱਚ ਹੋ ਜਾਣ ਸਬੰਧੀ ਲਿਖਿਆ ਗਿਆ ਹੈ। ਵਿਨੋਦ ਸਿੰਘ ਦੇ ਪੁਤਰੇਲੇ ਦੇ ਇਹ ਬਚਨ ਕੀ ਸਨ? ਇਸ ਸਬੰਧੀ ਕੌਈ ਇਤਿਹਾਸਕ ਜਾਣਕਾਰੀ ਚਿੱਠੀ ਵਿੱਚੋਂ ਨਹੀਂ ਮਿਲਦੀ। ਇਸ ਤੋਂ ਇੱਕ ਗੱਲ ਤਾਂ ਇਹ ਸਪਸ਼ਟ ਹੋ ਜਾਂਦੀ ਹੈ ਕਿ ਵਿਨੋਦ ਸਿੰਘ ਦਾ ਧੜਾ ਮਾਤਾ ਸੁੰਦਰੀ ਦੇ ਪੂਰੀ ਤਰ੍ਹਾਂ ਸੰਪਰਕ ਵਿੱਚ ਸੀ।
ਇਹ ਵਿਨੋਦ ਸਿੰਘ ਭੱਲਾ ਗੁਰੂ ਅਮਰਦਾਸ ਦੇ ਖਾਨਦਾਨ ਵਿਚੋਂ ਸੀ ਅਤੇ ਇਸ ਦੀ ਅਗਵਾਈ ਵਿੱਚ ਗੁਰੂ ਅੰਗਦ ਦੇਵ ਦੇ ਖਾਨਦਾਨ ਵਿੱਚੋਂ ਕਾਨ੍ਹ ਸਿੰਘ ਅਤੇ ਮੀਰੀ ਸਿੰਘ ਨੇ ਖਾਲਸਾ ਫੌਜਾਂ ਵਿੱਚ ਫੁੱਟ ਪਾ ਕੇ ਤੱਤ ਖਾਲਸਾ ਨਾਮ ਦਾ ਧੜਾ ਬਣਾ ਕੇ ਮੁਗਲ ਹਾਕਮਾਂ ਦੀਆਂ ਫੌਜਾਂ ਨਾਲ ਮਿਲਕੇ ਲਾਹੌਰ ਉਪਰ ਹਮਲਾ ਕਰਨ ਗਈ ਖਾਲਸਾ ਫੌਜ਼ ਉਪਰ ਅੱਗੇ ਵਧਕੇ ਹਮਲਾ ਕੀਤਾ ਸੀ ਅਤੇ ਭਾਈ ਬੰਦਾ ਸਿੰਘ ਬਹਾਦਰ, ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ ਵਰਗੇ ਸੂਰਬੀਰ ਜਰਨੈਲਾਂ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘੇਰਾ ਪਵਾ ਕੇ ਸ਼ਹੀਦ ਕਰਵਾਉਣ ਤੋਂ ਬਾਅਦ ਪਹਾੜਾਂ ਵਿੱਚ ਉਨ੍ਹਾਂ ਗੁਪਤ ਟਿਕਾਣਿਆਂ ਵਿੱਚ ਛੁਪ ਕੇ ਰਹਿ ਰਹੇ ਖਾਲਸਾ ਫੌਜਾਂ ਦੇ ਬਾਕੀ ਬਚੇ ਸਿੰਘਾਂ ਨੂੰ ਮੁਗਲਾਂ ਦੇ ਕੈਟ ਬਣਕੇ ਸ਼ਹੀਦ ਕੀਤਾ ਸੀ, ਜਿੰਨ੍ਹਾਂ ਟਿਕਾਣਿਆਂ ਦੀ ਇਨ੍ਹਾਂ ਨੂੰ ਖਾਲਸਾ ਫੌਜਾਂ ਦਾ ਹਿੱਸਾ ਹੋਣ ਸਮੇਂ ਜਾਣਕਾਰੀ ਸੀ। ਵਿਨੋਦ ਸਿੰਘ ਗੋਇੰਦਵਾਲ ਦਾ ਅਤੇ ਕਾਨ੍ਹ ਸਿੰਘ ਅਤੇ ਮੀਰੀ ਸਿੰਘ ਖੰਡੂਰ ਦੇ ਵਸਨੀਕ ਸਨ ਅਤੇ ਇਨ੍ਹਾਂ ਦੀ ਆਪਸ ਵਿੱਚ ਰਿਸ਼ਤੇਦਾਰੀ ਸੀ। ਖਾਲਸਾ ਫੌਜਾਂ ਵਿੱਚ ਫੁੱਟ ਪਾਉਣ ਤੋਂ ਬਾਅਦ ਇਹ ਲੋਕ ਮੁਗਲ ਫੌਜ ਵਿੱਚ ਨੌਕਰੀ ਕਰਨ ਲੱਗ ਪਏ ਸਨ।
ਇਸ ਚਿੱਠੀ ਅਤੇ ਉਸ ਸਮੇਂ ਦੀਆਂ ਰਾਜਨੀਤਕ ਸਮਾਜਿਕ ਸਥਿਤੀਆਂ ਅਨੁਸਾਰ ਇਸ ਲਾਇਨ ਦੇ ਅਰਥ ਸਮਝੀਏ ਤਾਂ ਪਤਾ ਲੱਗਦਾ ਹੈ ਕਿ ਉਸ ਸਮੇਂ ਭਾਈ ਬੰਦਾ ਸਿੰਘ ਬਹਾਦਰ ਦੇ ਸਬੰਧ ਵਿੱਚ ਇਹ ਧੜਾ ਮਾਤਾ ਸੁੰਦਰੀ ਅਤੇ ਸਿੱਖ ਸੰਗਤ ਕੋਲ ਇਹ ਪ੍ਰਚਾਰ ਕਰ ਰਿਹਾ ਸੀ ਕਿ ਜਦੋਂ ਮੁਗਲਾਂ ਨੇ ਆਪਣੇ ਜਿੱਤੇ ਇਲਾਕੇ ਦੁਬਾਰਾ ਕਬਜੇ ਵਿੱਚ ਕਰ ਲਏ ਤਾਂ ਬੰਦਾ ਸਿੰਘ ਸਿੱਖ ਪੰਥ ਨੂੰ ਸੰਕਟ ਵਿੱਚ ਪਾ ਕੇ, ਧੋਖਾ ਦੇ ਕੇ ਦੌੜ ਜਾਵੇਗਾ।
ਭਾਈ ਬੰਦਾ ਸਿੰਘ ਬਹਾਦਰ ਜੀ ਦੇ ਸਬੰਧ ਵਿੱਚ ਜੋ ਜਾਣਕਾਰੀ ਅੱਜ ਤੱਕ ਮਿਲਦੀ ਹੈ - ਉਹ ਇਹ ਹੈ ਕਿ ਸਿੰਘ ਸੱਜਣ ਤੋਂ ਪਹਿਲਾਂ ਭਾਈ ਸਾਹਿਬ ਦਾ ਪਿੱਛਾ ਜੰਮੂ ਦੀਆਂ ਪੁੰਛ ਦੀਆਂ ਪਹਾੜੀਆਂ ਵਿੱਚ ਰਹਿਣ ਵਾਲੇ ਭਾਰਦਵਾਜ ਰਾਜਪੂਤਾਂ ਨਾਲ ਜੁੜਦਾ ਹੈ। ਇਹ ਭਾਰਦਵਾਜ ਗੋਤ ਮੈੜ ਰਾਜਪੂਤਾਂ ਦੇ ਅਗਨੀਵੰਸੀ ਫਿਰਕੇ ਨਾਲ ਸਬੰਧਿਤ ਹੈ। ਪੰਡਤਾਂ ਵਿੱਚ ਵੀ ਭਾਰਤਵਾਜ ਗੋਤ ਪ੍ਰਚਲਤ ਹੈ, ਜਿਸਨੂੰ ਦਿਵਜ ਭਾਰਦਵਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਕਬਰ ਦੇ ਸਮੇਂ ਜਦੋਂ ਮੁਗਲਾਂ ਨੇ ਰਾਜਪੂਤ ਰਾਜਿਆਂ ਨੂੰ ਹਰਾ ਦਿੱਤਾ ਸੀ-ਉਸ ਸਮੇਂ ਕਈ ਰਾਜਪੂਤ ਕਬੀਲੇ ਰਾਜਸਥਾਨ ਛੱਡ ਕੇ ਦੂਰ-ਦੁਰੇਡੇ ਜਾ ਕੇ ਵਸ ਗਏ ਸਨ।
ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਗੁਰੂ ਦੇ ਹੁਕਮਾਂ ਦਾ ਵਾਸਤਾ ਦੇ ਕੇ ਉਨ੍ਹਾਂ ਨੂੰ ਖਾਲਸਾਈ ਫੌਜਾਂ ਵਿੱਚ ਫੁੱਟ ਨਾ ਪਾਉਣ ਦੀ ਬੇਨਤੀ ਕੀਤੀ ਤਾਂ ਇਨ੍ਹਾਂ ਦਾ ਜਵਾਬ ਸੀ ਕਿ ‘‘ਅਸੀਂ ਗੁਰੂ ਕੀ ਅੰਸ਼ ਦੇ ਖੱਤਰੀ ਜੋਧੇ ਅਤੇ ਤੂੰ ਰਾਜਪੂਤ ਜਾਤ ਦਾ ਭਿਖਾਰੀ, ਤੇਰਾ ਸਾਡਾ ਕੀ ਮੇਲ?’’
ਇਨ੍ਹਾਂ ਗੁਰੂ ਕੀਆਂ ਅੰਸ਼ਾਂ ਅਤੇ ਗੁਰੂ ਘਰ ਦੇ ਨਿੱਜੀ ਸੇਵਾਦਾਰਾਂ ਨੇ ਮਿਲ ਕੇ ਗੁਰੂਆਂ ਵੱਲੋਂ ਖਤਮ ਕੀਤੀ ਜਾਤ ਪਾਤ ਦੀ ਬ੍ਰਾਹਮਣੀ ਵਰਣ ਵੰਡ ਨੂੰ ਕਿਵੇਂ ਦੁਬਾਰਾ ਫੇਰ ਪੰਥ ਉਪਰ ਥੋਪ ਦਿੱਤਾ ਸੀ। ਇਸ ਦੀ ਮਿਸਾਲ ਇਨ੍ਹਾਂ ਦੇ ਖਾਨਦਾਨ ਨਾਲ ਸਬੰਧਿਤ ਸਿੱਖ ਲਿਖਾਰੀ, (ਜੋ ਇਨ੍ਹਾਂ ਦੇ ਸਮੇਂ ਵਿੱਚ ਹੀ ਹੋਇਆ ਹੈ), ਕੇਸਰ ਸਿੰਘ ਛਿੱਬਰ ਨੇ ਇੱਕ ਘਟਨਾ ਦੀ ਚਰਚਾ ਕਰਦੇ ਲਿਖਿਆ ਹੈ ਕਿ ਕਾਨ੍ਹ ਸਿੰਘ ਸਰਦਾਰ ਗੁਰੂ ਕੀ ਅੰਸ਼ ਅੰਮ੍ਰਿਤਸਰ ਦਿਵਾਲੀ ਦੇ ਮੇਲੇ ਉਪਰ ਆਇਆ। ਮੇਲੇ ਵਿੱਚ ਸਿੱਖ ਸੰਗਤਾਂ ਲੰਗਰ ਵਿੱਚ ਇਕੱਠਾ ਭੋਜਨ ਛਕ ਰਹੀਆਂ ਸਨ। ਇਸਨੇ ਸੰਗਤਾਂ ਵਿੱਚ ਵਿਚਰ ਰਹੇ ਇਕ ਨਵੇਂ ਸਿੱਖ ਨੂੰ ਪੁੱਛਿਆ ਕਿ ਤੇਰੀ ਕੀ ਜਾਤ ਹੈ? ਜਦੋਂ ਇਸ ਸਿੰਘ ਨੇ ਆਪਣੀ ਜਾਤ ਮਜ਼੍ਹਬੀ ਸਿੱਖ ਦੱਸੀ ਤਾਂ ਇਸਨੇ ਮੌਜੂਦ ਸੰਗਤ ਨੂੰ ਕਿਹਾ ਕਿ ਤੁਸੀਂ ਗੁਰੂ ਨਾਲ ਪਿਆਰ ਕਰਨ ਕਰਕੇ ਇਸ ਮਜ਼੍ਹਬੀ ਸਿੱਖ ਨਾਲ ਇਕੋ ਭਾਂਡੇ ਵਿੱਚ ਖਾਣਾ ਖਾਧਾ ਹੈ। ਇਸ ਵਿੱਚ ਤੁਹਾਡਾ ਨਹੀਂ- ਇਸ ਦਾ ਕਸੂਰ ਹੈ। ਇਸਨੇ ਤੁਹਾਨੂੰ ਦੱਸਿਆ ਨਹੀਂ ਕਿ ਇਹ ਮਜ਼੍ਹਬੀ ਸਿੱਖ ਹੈ। ਇਸ ਨੇ ਉਸ ਮਜ਼ਬ੍ਹੀ ਸਿੱਖ ਦੇ ਕੇਸ ਦਾੜ੍ਹੀ ਕਤਲ ਕਰਵਾ ਕੇ ਮੂੰਹ ਕਾਲਾ ਕਰਕੇ, ਗਧੇ ਉਪਰ ਬਿਠਾ ਕੇ ਪੂਰੇ ਮੇਲੇ ਵਿੱਚ ਫੇਰਿਆ ਅਤੇ ਬਾਅਦ ਵਿੱਚ ਫਾਹੇ ਲਾ ਕੇ ਮਾਰ ਦਿੱਤਾ।
ਸਰੂਪ ਦਾਸ ਭੱਲਾ ਅਤੇ ਕੇਸਰ ਸਿੰਘ ਛਿੱਬਰ ਦੀਆਂ ਰਚਨਾਵਾਂ ਦਾ ਕਾਲ 1710 ਤੋਂ 1750 ਤੱਕ ਦਾ ਹੈ। ਇਸ ਕਰਕੇ ਖੋਜੀ ਸਿੱਖ ਇਤਿਹਾਸਕਾਰਾਂ ਲਈ ਇਹ ਪੁਸਤਕਾਂ ਉਸ ਕਾਲ ਦੀਆਂ ਸੂਚਨਾਵਾਂ ਬਾਰੇ ਮਹੱਤਵਪੂਰਨ ਸਰੋਤ ਸਿੱਧ ਹੋ ਸਕਦੀਆਂ ਹਨ।
ਹੁਣ ਇਸ ਤੋਂ ਅਗਲੀ ਲਾਇਨ, ਜੋ ਸਾਹਿਬਜਾਦੇ ਦੀ ਘਰਵਾਲੀ ਦੇ ਗਹਿਣੇ ਬਣਾਉਣ ਲਈ ਪੰਜ ਤੋਲੇ ਸੋਨਾ ਗੁਰੂ ਅੰਗਦ ਦੇਵ ਜੀ ਅੰਸ਼ ਨਾਲ ਸਬੰਧ ਰੱਖਣ ਵਾਲੇ ਵਿਨੋਦ ਸਿੰਘ ਵੱਲੋਂ ਮਾਤਾ ਸੁੰਦਰੀ ਨੂੰ ਭੇਜੇ ਜਾਣ ਦੀ ਸੂਚਨਾ ਦਿੰਦੀ ਹੈ। ਇਹ ਉਹੀ ਸਾਹਿਬਜਾਦਾ ਹੈ, ਜਿਸ ਦੀ ਚਰਚਾ ਪਹਿਲਾਂ ਕੀਤੀ ਜਾ ਚੁੱਕੀ ਹੈ।
ਕੀ ਇਹ ਚਿੱਠੀ ਸਾਬਤ ਨਹੀਂ ਕਰਦੀ ਕਿ ਖਾਲਸਾ ਪੰਥ ਨੂੰ ਅੰਨ੍ਹੇ ਖੂਹ ਵਿੱਚ ਧੱਕਾ ਦੇਣ ਵਾਲੇ ਵਿਨੋਦ ਸਿਘ, ਕਾਨ੍ਹ ਸਿੰਘ, ਮੀਰੀ ਸਿੰਘ, ਦਯਾ ਸਿੰਘ ਭੱਲਾ ਦੇ ਧੜੇ ਦੇ ਮਾਤਾ ਸੁੰਦਰੀ ਅਤੇ ਭਾਈ ਮਨੀ ਸਿੰਘ ਨਾਲ ਗੂੜੇ ਸਬੰਧ ਸਨ ਅਤੇ ਇਹ ਸਭ ਆਪਸ ਵਿੱਚ ਉਸ ਸਮੇਂ ਖਾਲਸਾ-ਫੌਜਾਂ ਵੱਲੋਂ ਲੜੇ ਜਾ ਰਹੇ ਲਹੂ ਵੀਟਵੇਂ ਸੰਘਰਸ਼ ਦੀ ਚਰਚਾ ਕਰਦੇ ਰਹਿੰਦੇ ਸਨ।
ਉਸ ਸਮੇਂ ਸਮੁੱਚੇ ਖਾਲਸਾ ਪੰਥ ਵਿੱਚ ਭਾਈ ਬੰਦਾ ਸਿੰਘ ਬਹਾਦਰ ਦੀ ਮਾਨਤਾ ਜੋਰਾਂ ਉਪਰ ਸੀ। ਖਾਸ ਕਰਕੇ ਭਾਈ ਬੰਦਾ ਸਿੰਘ ਬਹਾਦਰ ਜੀ ਵੱਲੋਂ ਮੁਗਲ-ਹਕੂਮਤ ਨਾਲ ਸਬੰਧਿਤ ਜਗੀਰਦਾਰਾਂ ਦੀਆਂ ਜਗੀਰਾਂ ਤੋੜ੍ਹ ਕੇ ਜ਼ਮੀਨ ਹਲਵਾਹਕਾਂ ਨੂੰ ਸੌਂਪ ਦੇਣ ਅਤੇ ਖਾਲਸਾ ਰਾਜ ਦੀ ਮੋਹਰ ਅਤੇ ਸਿੱਕਾ ਜਾਰੀ ਕਰ ਦੇਣ ਨਾਲ ਪੰਜਾਬ ਦਾ ਉਸ ਸਮੇਂ ਦਾ ਸਭ ਤੋਂ ਵੱਧ ਪੀੜਿਤ ਜੱਟ ਤਬਕਾ ਪੂਰੀ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਰੱਬ ਵਾਂਗ ਪੂਜਣ ਲੱਗ ਪਿਆ ਸੀ। ਖਾਲਸਾਈ ਫੌਜ਼ਦੇ ਕੈਂਪ ਵਿੱਚ ਮੁਗਲਾਂ ਦੇ ਦੁਰਗ ਫਤਹਿ ਕਰਨ ਸਮੇਂ ਮਿਲੇ ਧਨ ਨੂੰ ਸਭ ਵਿੱਚ ਬਰਾਬਰ ਵੰਡ ਦਿੱਤਾ ਜਾਂਦਾ ਸੀ ਅਤੇ ਕੈਂਪ ਦੇ ਲੰਗਰ ਵਿੱਚ ਕਿਸੇ ਨਾਲ ਜਾਤ ਪਾਤ ਉਪਰ ਅਧਾਰਿਤ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਖਾਲਸਾ ਫੌਜ਼ ਦਾ ਚੀਫ ਕਮਾਂਡਰ ਆਪਣੀ ਸੈਨਾ ਵਿੱਚ ਸ਼ਾਮਿਲ ਹਰ ਇੱਕ ਵਿਅਕਤੀ ਨੂੰ ਸਿੰਘ ਸਾਹਿਬ ਜਿਹੇ ਸਤਿਕਾਰ ਭਰੇ ਸ਼ਬਦ ਨਾਲ ਸੰਬੋਧਨ ਕਰਦਾ ਸੀ।
ਅਜਿਹੇ ਸਮੇਂ ਗੁਰੂ ਕੀਆਂ ਅੰਸ਼ਾਂ ਅਤੇ ਗੁਰੂ ਘਰ ਦੇ ਨਿੱਜੀ ਸੇਵਾਦਾਰ ਇਹ ਕਿਸ ਤਰ੍ਹਾਂ ਬਰਦਾਸ਼ਿਤ ਕਰ ਸਕਦੇ ਸਨ ਕਿ ਖਾਲਸਾ ਪੰਥ ਵਿੱਚ ਉਨ੍ਹਾਂ ਤੋਂ ਵੱਧ ਸਤਿਕਾਰ ਕਿਸੇ ਅਜਿਹੇ ਬੰਦੇ ਦਾ ਹੋਵੇ, ਜੋ ਨਾ ਤਾਂ ਖਾਨਦਾਨੀ ਸਿੱਖ ਸੀ ਅਤੇ ਨਾ ਹੀ ਲੰਬੇ ਸਮੇਂ ਤੋਂ ਖਾਲਸਾ ਪੰਥ ਨਾਲ ਜੁੜਿਆ ਹੋਇਆ ਸੀ। ਹਰਿਮੰਦਰ ਸਾਹਿਬ ਵਿੱਚ ਇਕੱਠੇ ਹੋਏ ਚੜ੍ਹਾਵੇ ਉਪਰ ਕਬਜ਼ਾ ਕਰਕੇ ਤਾਂ ਉਹ ਪੁਜਾਰੀਆਂ ਦਾ ਸ਼ਰੀਕ ਬਣ ਗਿਆ ਸੀ।
ਇਸ ਸਮੇਂ ਸਿੱਖ ਪੰਥ ਵਿੱਚ ਦੋ ਤਰ੍ਹਾਂ ਦੀ ਲੀਡਰਸ਼ਿਪ ਪੈਦਾ ਹੋ ਗਈ ਸੀ। ਇੱਕ ਪਾਸੇ ਖਾਲਸਾ ਫੌਜਾਂ ਦੇ ਕਮਾਂਡਰ ਭਾਈ ਬੰਦਾ ਸਿੰਘ ਬਹਾਦਰ ਜੀ ਪ੍ਰਤੀ ਸਿੱਖ ਸੰਗਤਾਂ ਵਿੱਚ ਬਹੁਤ ਭਾਰੀ ਸ਼ਰਧਾ ਪੈਦਾ ਹੋ ਗਈ ਸੀ ਅਤੇ ਦੂਜੇ ਪਾਸੇ ਹਰਿਮੰਦਰ ਸਾਹਿਬ ਦੇ ਪੁਜਾਰੀ ਅਤੇ ਗੁਰੂ ਕੀਆਂ ਅੰਸ਼ਾਂ ਸਿੱਖ ਸੰਗਤਾਂ ਨੂੰ ਰਹਿਤ ਮਰਿਆਦਾ ਦੇ ਨਾਮ ਉਪਰ ਅਜਿਹੇ ਕਰਮ ਕਾਂਡ ਵਿੱਚ ਫਸਾ ਰਹੇ ਸਨ-ਜਿਸ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਸੀ। ਇਹ ਲੋਕ ਖਾਲਸਾਈ ਫੌਜਾਂ ਦੇ ਜਰਨੈਲਾਂ ਨਾਲੋਂ ਧਾਰਮਿਕ ਤੌਰ ਤੇ ਸਿੱਖ ਸੰਗਤਾਂ ਦੇ ਜ਼ਿਆਦਾ ਨੇੜੇ ਹੋਣ ਕਰਕੇ ਗੁਰੂ ਅਤੇ ਗੁਰਮਤਿ ਦੇ ਨਾਮ ਉਪਰ ਪੰਥ ਦੇ ਮੁਖੀਆ ਬਣਨ ਦੇ ਯਤਨ ਕਰ ਰਹੇ ਸਨ। ਇਨ੍ਹਾਂ ਲੋਕਾਂ ਦੇ ਦਿੱਲੀ ਵਿੱਚ ਰਹਿ ਰਹੀ ਮਾਤਾ ਸੁੰਦਰੀ ਅਤੇ ਮੁਗਲ ਦਰਬਾਰ ਵਿੱਚ ਇੱਜਤਦਾਰ ਅਹੁਦੇ ਉਪਰ ਕੰਮ ਕਰਦੇ ਸਾਹਿਬਜਾਦੇ ਅਜੀਤ ਸਿੰਘ ਨਾਲ ਬਹੁਤ ਹੀ ਨਜ਼ਦੀਕੀ ਸਬੰਧ ਸਨ।
ਇਸ ਤਰ੍ਹਾਂ ਸਿੱਖ ਪੁਜਾਰੀਆਂ ਅਤੇ ਅਖੌਤੀ ਗੁਰੂ ਕੀਆਂ ਅੰਸ਼ਾਂ ਨੇ ਭਾਈ ਬੰਦਾ ਸਿੰਘ ਬਹਾਦਰ ਦੇ ਖਿਲਾਫ ਭੰਡੀ ਪ੍ਰਚਾਰ ਦੀ ਇੱਕ ਮੁਹਿੰਮ ਸਿੱਖ ਸੰਗਤ ਅਤੇ ਖਾਲਸਾਈ ਫੌਜਾਂ ਵਿੱਚ ਵਿਢ ਦਿੱਤੀ। ਇਸ ਭੰਡੀ ਪ੍ਰਚਾਰ ਦੀ ਮੁਹਿੰਮ ਵਿੱਚ ਉਸ ਦੇ ਖਿਲਾਫ ਜਿੰਨ੍ਹਾਂ ਦੋਸ਼ਾਂ ਦਾ ਪ੍ਰਚਾਰ ਕੀਤਾ ਗਿਆ, ਉਨ੍ਹਾਂ ਦੋਸ਼ਾਂ ਦਾ ਗੁਰਮਤਿ ਨਾਲ ਕੋਈ ਸਬੰਧ ਨਾ ਉਸ ਸਮੇਂ ਬਣਦਾ ਸੀ ਅਤੇ ਨਾ ਹੀ ਅੱਜ ਬਣਦਾ ਹੈ।
ਭਾਈ ਬੰਦਾ ਸਿੰਘ ਬਹਾਦਰ ਦੇ ਖਿਲਾਫ ਪਹਿਲਾਂ ਦੋਸ਼ ਇਹ ਲਾਇਆ ਗਿਆ ਕਿ ਉਸਨੇ ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰਕੇ ਵਿਆਹ ਕਰਵਾ ਲਿਆ ਹੈ। ਦੂਜਾ ਦੋਸ਼ ਉਸ ਉਪਰ ਇਹ ਲਾਇਆ ਗਿਆ ਕਿ ਪਹਾੜਾਂ ਵਿੱਚ ਜਾ ਕੇ ਉਸਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਘੋਸ਼ਿਤ ਕਰ ਦਿੱਤਾ ਹੈ। ਤੀਜਾ ਦੋਸ਼ ਉਸ ਉਪਰ ਇਹ ਲਾਇਆ ਗਿਆ ਕਿ ਉਹ ਖਾਲਸੇ ਨਾਲ ਮਾੜਾ ਬੋਲਦਾ ਹੈ। ਚੌਥਾ ਦੋਸ਼ ਉਸ ਉਪਰ ਇਹ ਲਾਇਆ ਗਿਆ ਕਿ ਉਹ ਗੁਰੂ ਗ੍ਰੰਥ ਦੇ ਸਾਮ੍ਹਣੇ ਗਦੈਲਾ ਵਿਛਾ ਕੇ ਬੈਠਦਾ ਹੈ। ਪੰਜਵਾਂ ਦੋਸ਼ ਉਸ ਉਪਰ ਇਹ ਲਾਇਆ ਗਿਆ ਕਿ ਉਹ ਖਾਲਸੇ ਤੋਂ ਪੈਰੀਂ ਹੱਥ ਲਵਾਉਂਦਾ ਹੈ। ਛੇਵਾਂ ਦੋਸ਼ ਉਸ ਉਪਰ ਇਹ ਲਾਇਆ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਦੀ ਥਾਂ ਫਤਹਿ ਦਰਸ਼ਨ ਦਾ ਬੋਲਾ ਬੋਲਦਾ ਹੈ। ਸੱਤਵਾਂ ਦੋਸ਼ ਉਸ ਉਪਰ ਇਹ ਲਾਇਆ ਗਿਆ ਕਿ ਉਸਨੇ ਮਾਤਾ ਸੁੰਦਰੀ ਦਾ ਅਪਮਾਨ ਕੀਤਾ ਹੈ।
ਹੁਣ ਵਿਆਹ ਬਾਰੇ ਗੁਰਮਤਿ ਦਾ ਨਜ਼ਰੀਆ ਦੇਖਿਆ ਪਤਾ ਲੱਗਦਾ ਹੈ ਕਿ ਗੁਰਮਤਿ ਵਿੱਚ ਗ੍ਰਹਿਸਤ ਧਰਮ ਨੂੰ ਸਭ ਤੋ ਉਤੱਮ ਮਾਰਗ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਅਖੌਤੀ ਬ੍ਰਹਮਚਾਰੀਆ ਧਾਰ ਕੇ ਜੰਗਲਾਂ ਪਹਾੜਾਂ ਵਿੱਚ ਜਾ ਛੁਪੇ ਬ੍ਰਹਮਣਵਾਦੀ ਸਾਧਾਂ ਦੇ ਭਿਉਂ ਭਿਉਂ ਛਿੱਤਰ ਮਾਰੇ ਹਨ। ਬ੍ਰਹਮਚਾਰੀਆ ਧਾਰਨ ਕਰਨ ਨਾਲ ਰੱਬ ਮਿਲ ਜਾਣ ਦੀ ਬ੍ਰਾਹਮਣਵਾਦੀ ਧਾਰਨਾ ਦਾ ਗੁਰਮਤਿ ਵਿੱਚ ਥਾਂ ਥਾਂ ਖੰਡਨ ਕੀਤਾ ਗਿਆ ਹੈ। ਗ੍ਰਹਿਸਤ ਧਰਮ ਨੂੰ ਉਤਮ ਮਾਰਗ ਦੱਸਣ ਵਾਲਾ ਗੁਰੂ ਆਪਣੇ ਵਿਸ਼ੇਸ਼ ਪਿਆਰੇ ਸਿਸ਼ ਉਪਰ ਗੁਰਮਤਿ ਵਿਰੋਧੀ ਇਹ ਪਾਬੰਦੀ ਲਾ ਹੀ ਨਹੀਂ ਸਕਦਾ। ਦੂਜਾ ਇਸ ਬਾਰੇ ਕੋਈ ਲਿਖਤੀ ਸਬੂਤ ਨਹੀਂ ਮਿਲਦਾ।ਇਹ ਸ਼ਾਦੀ ਖਾਲਸਾਈ ਜਰਨੈਲਾਂ ਨੇ ਗੁਰਮਤਾ ਕਰਕੇ ਦੋ ਮਨੋਰਥਾਂ ਦੀ ਪੂਰਤੀ ਲਈ ਕਰਵਾਈ ਸੀ। ਪਹਿਲਾਂ ਮਨੋਰਥ ਇਸ ਨਾਲ ਖਾਲਸੇ ਦੀ ਪਾਤਸ਼ਾਹੀ ਨੂੰ ਮਾਨਤਾ ਮਿਲਦੀ ਸੀ ਅਤੇ ਦੂਜਾ ਮਨੋਰਥ ਸੰਕਟ ਸਮੇਂ ਪਹਾੜੀ ਰਾਜਾਂ ਵਿੱਚ ਪਨਾਹ ਲੈਣ ਦਾ ਮਸਲਾ ਹੱਲ ਹੁੰਦਾ ਸੀ।
ਗੁਰੂ ਕਹਾਉਣ ਵਾਲੇ ਦੋਸ਼ ਦੇ ਸਬੰਧ ਵਿੱਚ ਐਨਾ ਕਹਿਣਾ ਹੀ ਕਾਫੀ ਹੈ ਕਿ ਉਸ ਦੀ ਸੂਰਬੀਰਤਾ ਨੂੰ ਦੇਖਕੇ ਸਾਰਾ ਪੰਜਾਬ ਉਸ ਦਾ ਦੀਵਾਨਾ ਹੋ ਕੇ ਉਸਨੂੰ ਆਪਣਾ ਮੁਕਤੀਦਾਤਾ ਸਮਝਦਾ ਸੀ। ਇਥੇ ਤਾਂ ਉਸ ਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਐਲਾਨਿਆ ਨਹੀ। ਆਪਣੇ ਗੁਪਤ ਟਿਕਾਣਿਆਂ ਉਤੇ ਜਿੱਥੇ ਕੁੱਝ ਖਾਲਸਾ ਜਰਨੈਲਾਂ ਤੋਂ ਸਿਵਾਅ ਕੋਈ ਚਿੜੀ ਪਰਿੰਦਾ ਵੀ ਨਹੀਂ ਸੀ, ਉੱਥੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਘੋਸ਼ਿਤ ਕਰ ਦਿੱਤਾ ?
ਖਾਲਸੇ ਨਾਲ ਮਾੜਾ ਬੋਲਣ ਵਾਲੇ ਦੋਸ਼ ਦੇ ਸਬੰਧ ਵਿੱਚ ਕੇਸਰ ਸਿੰਘ ਛਿੱਬਰ ਦੇ ਬੰਸਾਂਵਲੀਨਾਮਾ ਵਿੱਚ ਦਰਜ ਇੱਕ ਕਹਾਣੀ ਹੀ ਇਨ੍ਹਾਂ ਗੁਰੂ ਕੀਆਂ ਅੰਸ਼ਾਂ ਦੀਆਂ ਕਰਤੂਤਾਂ ਉਪਰ ਚਾਨਣ ਪਾਉਣ ਲਈ ਕਾਫੀ ਹੈ। ਇੱਥੇ ਇਹ ਲਿਖਣਾ ਵੀ ਉਚਿਤ ਹੈ ਕਿ ਕੇਸਰ ਸਿੰਘ ਛਿਬਰ ਇਨ੍ਹਾਂ ਸਭ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਅਤੇ ਉਸ ਨੇ ਕਈ ਥਾਵਾਂ ਉਪਰ ਉਸ ਸਮੇਂ ਦੀਆਂ ਘਟਨਾਵਾਂ ਦੀ ਚਰਚਾ ਕੀਤੀ ਹੈ।
ਕਹਾਣੀ ਇਸ ਤਰ੍ਹਾਂ ਹੈ :-
ਗੁਰੂ ਕੀਆਂ ਅੰਸ਼ਾਂ ਦੇ ਜੱਥੇ ਦੇ ਇੱਕ ਜੱਥੇਦਾਰ ਨੇ ਇੱਕ ਮੁਸਲਮਾਨ ਨੂੰ ਕਤਲ ਕਰਕੇ ਉਸਦੀ ਸੋਹਣੀ ਸੁਨੱਖੀ ਔਰਤ ਨੂੰ ਆਪਣੇ ਘਰ ਪਾ ਲਿਆ। ਉਸ ਔਰਤ ਨੇ ਆਪਣੇ ਘਰ ਵਾਲੇ ਦਾ ਕੱਟਿਆ ਹੋਇਆ ਸਿਰ ਲੁਕੋ ਕੇ ਰੱਖ ਲਿਆ। ਖਾਲਸਾ ਫੌਜਾਂ ਦਾ ਜਰਨੈਲ ਭਾਈ ਬੰਦਾ ਸਿੰਘ ਆਪਣੇ ਪ੍ਰਮੁੱਖ ਜਰਨੈਲਾਂ ਨਾਲ ਆਪਣੇ ਰਾਜ ਦੇ ਹਾਲਤ ਦਾ ਜਾਇਜਾ ਲੈਂਦਾ ਹੋਇਆ ਜਦੋਂ ਉਥੇ ਪਹੁੰਚਿਆ ਤਾਂ ਭਰੇ ਦਰਬਾਰ ਵਿੱਚ ਉਹ ਔਰਤ ਆਪਣੇ ਪਤੀ ਦਾ ਸਿਰ ਲੈਕੇ ਪੇਸ਼ ਹੋਈ ਅਤੇ ਆਪਣੇ ਨਾਲ ਹੋਏ ਇਸ ਧੱਕੇ ਲਈ ਇਨਸਾਫ ਦੀ ਮੰਗ ਕੀਤੀ।
ਖਾਲਸਾ ਫੌਜ ਦੇ ਪ੍ਰਮੁੱਖ ਜਰਨੈਲਾਂ ਨੇ ਬਿਨਾਂ ਦੇਰ ਕੀਤਿਆਂ ਦੋਸ਼ੀ ਜੱਥੇਦਾਰ ਨੂੰ ਤੋਪ ਨਾਲ ਬੰਨ੍ਹ ਕੇ ਉਡਾ ਦੇਣ ਦਾ ਹੁਕਮ ਦੇ ਦਿੱਤਾ। ਭੱਲੇ ਸਰਦਾਰਾਂ ਨੇ ਆਪਣੇ ਜੱਥੇ ਦੇ ਬੰਦਿਆਂ ਨੂੰ ਉਸ ਨੂੰ ’ਫੜਕੇ’ ਲਿਆਉਣ ਲਈ ਭੇਜ ਦਿੱਤਾ। ਦੋਸ਼ੀ ਨੂੰ ਫੜਕੇ ਲਿਆਉਣ ਲਈ ਭੇਜੇ ਜੱਥੇ ਨੇ ਉਸਨੂੰ ਦਰਬਾਰ ਵਿੱਚ ਲਿਆਉਣ ਦੀ ਬਜਾਏ ਉਥੋਂ ਭਜਾ ਦਿੱਤਾ ਅਤੇ ਆ ਕੇ ਉਸ ਦੇ ਭੱਜ ਜਾਣ ਦੀ ਸੂਚਨਾ ਦਰਬਾਰ ਵਿੱਚ ਦਿੱਤੀ। ਖਾਲਸਾਈ ਕਮਾਂਡਰਾਂ ਨੇ ਆਪਣੇ ਘੋੜ ਸਵਾਰਾਂ ਨੂੰ ਉਸ ਦੋਸ਼ੀ ਜੱਥੇਦਾਰ ਨੂੰ ਫੜਕੇ ਲਿਆਉਣ ਲਈ ਭੇਜ ਦਿੱਤਾ। ਉਸਨੂੰ ਫੜ ਲਿਆਂਦਾ ਅਤੇ ਸਭ ਲੋਕਾਂ ਦੇ ਸਾਮ੍ਹਣੇ ਤੋਪ ਨਾਲ ਬੰਨ੍ਹ ਕੇ ਉਡਾ ਦਿੱਤਾ।
ਖਾਲਸੇ ਦੇ ਉੱਚੇ ਆਚਰਣ ਉਪਰ ਲੱਗੇ ਇਸ ਕਲੰਕ ਦੀ ਸਜ਼ਾ ਦੇ ਕੇ ਗੁਨਾਹ ਕੀਤਾ ਸੀ ਜਾਂ ਇਨਸਾਫ ? ਕੀ ਅਜਿਹੇ ਸਿੱਖ ਨੂੰ ਸਰੋਪੇ ਬਖਸ਼ੇ ਜਾਣੇ ਚਾਹੀਦੇ ਸਨ? ਇਸ ਦਾ ਤੁਸੀਂ ਖੁਦ ਅੰਦਾਜ਼ਾ ਲਾ ਲਵੋ?
ਛਿੱਬਰ ਇਹ ਵੀ ਦੱਸਦਾ ਹੈ ਕਿ ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਹਮੇਸ਼ਾਂ ਇਹ ਹੀ ਕਹਿੰਦਾ ਸੀ ‘‘ਜੇ ਕੋਈ ਹਾਕਮ ਨਿਆਇ ਨਹੀਂ ਕਰਦਾ ਤਾਂ ਉਹ ਨਰਕਾਂ ਨੂੰ ਜਾਂਦਾ ਹੈ। ਰਾਜੇ ਨੂੰ ਨਿਆਇ ਕਰਨਾ ਚਾਹੀਦੈ। ਗੁਰੂ ਦਾ ਉਪਦੇਸ਼ ਆਪਣੇ ਮਨ ਵਿੱਚ ਧਾਰ ਕੇ ਰਾਜ ਕਰੋ। ਜੇ ਤੁਸੀਂ ਗੁਰੂ ਦੇ ਸਿੱਖ ਅਖਵਾਉਂਦੇ ਹੋ ਤਾਂ ਪਾਪ, ਅਧਰਮ ਅਤੇ ਅਨਿਆਇ ਦੀ ਗੱਲ ਨਾ ਕਰੋ। ਤੁਸੀਂ ਲੋਕਾਂ ਨੇ ਅਧਰਮ ਅਤੇ ਪਾਪ ਦੀ ਰੀਤ ਤੋਰ ਰੱਖੀ ਹੈ। ਮੈਂ ਤੁਹਾਨੂੰ ਸਭ ਨੂੰ ਕੁਠਾਲੀ ਵਿੱਚ ਪਾਉਣ ਦੀ ਤਰ੍ਹਾਂ ਸ਼ੁੱਧ ਕਰ ਦਿਆਂਗਾ। ਮੈਂ ਗੁਰੂ ਦਾ ਹੁਕਮ ਮੰਨ ਕੇ ਤੁਸਾਂ ਨੂੰ ਰਾਜ ਭਾਗ ਦਾ ਅਧਿਕਾਰੀ ਬਣਾਇਆ ਹੈ - ਤੁਸੀਂ ਅਨੀਤੀ ਵਾਲੇ ਕੰਮ ਕਰ ਰਹੇ ਹੋ, ਜੋ ਨਾ ਹੀ ਗੁਰੂ ਨੂੰ ਭਾਉਂਦੇ ਹਨ ਅਤੇ ਨਾ ਹੀ ਮੈਨੂੰ ਚੰਗੇ ਲੱਗਦੇ ਹਨ।’’ ਇਹ ਭਾਈ ਬੰਦਾ ਸਿੰਘ ਦੇ ਮਾੜੇ ਬੋਲ ਹਨ, ਜੋ ਉਹ ‘ਖਾਲਸੇ’ ਨੂੰ ਬੋਲਦਾ ਸੀ। ਇਸ ਤੋਂ ਇਹ ਵੀ ਪੁਸ਼ਟੀ ਹੁੰਦੀ ਹੈ ਕਿ ਭਾਈ ਬੰਦਾ ਸਿੰਘ ਤਾਂ ਗੁਰੂ ਦੇ ਹੁਕਮਾਂ ਨੂੰ ਨਿਭਾ ਰਿਹਾ ਸੀ।
ਪੰਜਵੇਂ ਦੋਸ਼ ਗੁਰੂ ਗ੍ਰੰਥ ਦੇ ਸਾਮ੍ਹਣੇ ਗਦੈਲਾ ਵਿਛਾ ਕੇ ਬੈਠਣ ਸਬੰਧੀ ਇਹ ਹੀ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਦੀ ਹਜੂਰੀ ਵਿੱਚ ਗਦੈਲੇ ਉਪਰ ਬੈਠਣ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਿਵੇਂ ਹੋ ਗਿਆ?
ਛੇਵੇਂ ਦੋਸ਼ ਫਤਿਹ ਦਰਸ਼ਨ ਦੇ ਸਬੰਧ ਵਿੱਚ ਸਿੱਖ ਇਤਿਹਾਸ ਦੀ ਕੋਈ ਵੀ ਪੁਸਤਕ ਪੜ੍ਹੋ। ਉਸ ਵਿੱਚ ਇਹੀ ਲਿਖਿਆ ਹੈ ਅਕਾਲ ਦੇ ਨਾਅਰੇ ਗੁੰਜਾਉਂਦੇ ਹੋਏ ਖਾਲਸਾ ਫੌਜ਼ ਨੇ ਸਰਹੰਦ ਦਾ ਕਿਲ੍ਹਾ ਫਤਹਿ ਕਰ ਲਿਆ। ਇਹ ਖਾਲਸਾ-ਫੌਜ਼ ਦੀ ਪਹਿਲੀ ਵੱਡੀ ਜਿੱਤ ਸੀ।
ਅਸਲ ਵਿੱਚ ਸੱਚ ਇਹ ਹੈ ਕਿ 1709 ਵਿੱਚ ਪੰਜਾਬ ਆ ਕੇ ਫਤਹਿ ਦਰਸ਼ਨ ਦੇ ਨਾਮ ਹੇਠ ਲਿਖੇ ਜੋ ਦੋ ਹੁਕਮਨਾਮੇ ਦੇਖਣ ਨੂੰ ਮਿਲਦੇ ਹਨ, ਉਨ੍ਹਾਂ ਹੁਕਮਨਾਮਿਆਂ ਨੂੰ ਪੜ੍ਹਨ ਤੋਂ ਬਾਅਦ ਜਦੋਂ ਖਾਲਸਾ ਜਰਨੈਲਾਂ ਨੇ ਉਸ ਨੂੰ ਇਸ ਸਬੰਧੀ ਦੱਸਿਆ ਤਾਂ ਇਹ ਨਾਅਰਾ ਉਸ ਸਮੇਂ ਹੀ ਰੱਦ ਕਰ ਦਿੱਤਾ ਗਿਆ ਸੀ। ਆਓ! ਇਨ੍ਹਾਂ ਦੋਹਾਂ ਬੋਲਿਆਂ ਦੇ ਅਰਥ ਸਮਝ ਕੇ ਦੇਖੀਏ।
‘‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’’ ਦੇ ਬੋਲੇ ਦਾ ਸ਼ਾਬਦਿਕ ਅਰਥ ਹੇਠ ਲਿਖੇ ਅਨੁਸਾਰ ਬਣਦਾ ਹੈ ਵਾਹਿ ਫਾਰਸੀ ਦਾ ਸ਼ਬਦ ਹੈ - ਜਿਸ ਦਾ ਅਰਥ ਵਿਸਮਈ, ਕਰਾਮਾਤੀ, ਕ੍ਰਿਸ਼ਮਈ ਹੈ। ਇਸ ਸ਼ਬਦ ਦੇ ਅਰਥ ਨੂੰ ਗਹਿਰਾਈ ਨਾਲ ਸਮਝਣ ਤੋਂ ਬਾਅਦ ਇਸ ਸ਼ਬਦ ਦਾ ਅਰਥ ਕ੍ਰਿਸ਼ਮਈ ਗੁਰੂ ਦਾ ਖਾਲਸਾ ਅਤੇ ਕ੍ਰਿਸ਼ਮਈ ਗੁਰੂ ਦੀ ਫਤਹਿ ਬਣਦਾ ਹੈ।
ਫਤਹਿ ਦਰਸ਼ਨ ਨੂੰ ਜੇ ਸ਼ਾਬਦਿਕ ਅਰਥਾਂ ਵਿੱਚ ਸਮਝੀਏ ਤਾਂ ਇਸ ਵਿੱਚ ਕੁਝ ਵੀ ਅਜਿਹਾ ਨਹੀਂ ਦਿਸਦਾ, ਜੋ ਗੁਰਮਤਿ ਵਿਰੋਧੀ ਜਾਂ ਗੁਰੂ ਵਿਰੋਧੀ ਬਣਕੇ ਆਪਣਾ ਨਵਾਂ ਪੰਥ ਚਲਾਉਣ ਵਾਲਾ ਦਿਖਾਈ ਦਿੰਦਾ ਹੋਵੇ। ਫਤਹਿ ਦਾ ਸ਼ਾਬਦਿਕ ਅਰਥ ਜਿੱਤ ਅਤੇ ਦਰਸ਼ਨ ਦਾ ਅਰਥ ਵਿਚਾਰਧਾਰਾ ਬਣਦਾ ਹੈ।
ਭਾਈ ਬੰਦਾ ਸਿੰਘ ਬਹਾਦਰ ਕਿਸ ਵਿਚਾਰਧਾਰਾ ਉਪਰ ਚਲਦਾ ਹੋਇਆ ਖਾਲਸਾ ਰਾਜ ਸਥਾਪਿਤ ਕਰ ਰਿਹਾ ਸੀ - ਉਹ ਵਿਚਾਰਧਾਰਾ ਸੀ - ਗੁਰਮਤਿ। ਯਾਨੀ ਦਸ ਗੁਰੂਆਂ ਵੱਲੋਂ ਬਣਾਏ ਉੱਚੇ ਸੁੱਚੇ ਨਿਯਮ।
ਗੁਰੂ ਸਾਹਿਬ ਦੇ ਪੰਥ ਨੂੰ ਵਿਛੋੜਾ ਦੇ ਜਾਣ ਤੋਂ ਬਾਅਦ ਜਦੋਂ ਗੁਰੂ ਸਰੀਰਕ ਰੂਪ ਵਿੱਚ ਗੈਰਹਾਜ਼ਰ ਹਨ ਤਾਂ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਜਿੱਤ ਗੁਰੂ ਦੀ ਵਿਚਾਰਧਾਰਾ ਅਰਥਾਤ ਗੁਰਮਤਿ ਦੀ ਕਹਿ ਦੇਣ ਵਿੱਚ ਕੁਝ ਵੀ ਗੁਰਮਤਿ ਵਿਰੋਧੀ ਨਹੀਂ ਹੈ। ਅਸਲ ਗੱਲ ਆਟਾ ਗੁੰਨਦੀ ਹਿਲਦੀ ਕਿਉਂ ਏਂ ਵਾਲੀ ਹੈ।
ਸਭ ਤੋਂ ਵੱਡੀ ਗੱਲ ਇਹ ਕਿ ਭਾਈ ਬੰਦਾ ਸਿੰਘ ਬਹਾਦਰ ਜੀ ਦੀ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਭਾਈ ਮਨੀ ਸਿੰਘ ਨੂੰ ਮਦਦ ਲਈ ਲਿਖੀ ਚਿੱਠੀ ਦੇ ਸੰਬੋਧਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਫਤਹਿ ਦਰਸ਼ਨ ਨੂੰ ਰੱਦ ਕਰਕੇ ਵਾਹਿਗੁਰੂ ਜੀ ਕੀ ਫਤਹਿ ਉਪਰ ਕੋਈ ਵਿਵਾਦ ਖਾਲਸਾ ਫੌਜਾਂ ਵਿੱਚ ਨਹੀਂ ਸੀ।
ਸਢੌਰਾ, ਸਮਾਣਾ, ਕਰਨਾਲ ਅਤੇ ਤਿਰਾਵੜੀ ਦੀ ਜੰਗ ਸਬੰਧੀ ਭਾਈ ਬੰਦਾ ਸਿੰਘ ਬਹਾਦਰ ਜੀ ਦੇ ਕੱਟੜ ਵਿਰੋਧੀ ਸਿੱਖ ਇਤਿਹਾਸਕਾਰ ਭੰਗੂ ਨੂੰ ਹੀ ਪੜ੍ਹ ਲਵੋ। ਹਰ ਜੰਗ ਦਾ ਵੇਰਵਾ ਦਿੰਦਾ ਉਹ ਇਹੀ ਲਿਖਦਾ ਹੈ ਕਿ ਸਿੰਘ ਅਕਾਲ ਅਕਾਲ ਗੁੰਜਾਉਂਦੇ ਦੁਸ਼ਮਣ ਉਪਰ ਟੁੱਟ ਪਏ।
ਆਖਰੀ ਸਮੇਂ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰ ਜਾਣ ਤੋਂ ਬਾਅਦ ਭਾਈ ਬੰਦਾ ਸਿੰਘ ਬਹਾਦਰ ਨੇ ਸਹਾਇਤਾ ਲਈ ਜੋ ਚਿੱਠੀ ਭਾਈ ਮਨੀ ਸਿੰਘ ਨੂੰ ਲਿਖੀ ਹੈ - ਉਹ ਚਿੱਠੀ ਉਸ ਸਮੇਂ ਦੀ ਸਾਰੀ ਸਾਜਿਸ਼ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ। ਗੁਰੂ ਵੱਲੋਂ ਵਰਸੋਏ ਖਾਲਸਾ ਪੰਥ ਦੇ ਪਹਿਲੇ ਅਤੇ ਆਖਰੀ ਜਰਨੈਲ ਭਾਈ ਬੰਦਾ ਸਿੰਘ ਬਹਾਦਰ ਨੇ ਹਰਿਮੰਦਰ ਸਾਹਿਬ ਪੁਜਾਰੀਆਂ ਕੋਲ ਆਖਰੀ ਸਮੇਂ ਆਪਣੀ ਸਹਾਇਤਾ ਲਈ ਜੋ ਕੂਕ ਮਾਰੀ ਸੀ - ਉਸ ਨੂੰ ਸੁਣਨ ਵਾਲਾ ਗੁਰੂ ਦੇ ਖਾਲਸਾ ਪੰਥ ਦਾ ਵੱਡਾ ਹਿੱਸਾ ਤਾਂ ਗੁਰੂ ਦੇ ਹੁਕਮਾਂ ਤੋਂ ਭੱਜਦਾ ਹੋਇਆ ਮੁਗਲ ਹਾਕਮਾਂ ਵੱਲੋਂ ਦਿੱਤੇ ਜੰਗੀਰਾਂ ਦੇ ਲਾਲਚ ਵਿੱਚ ਫਸਕੇ ਮਨਮਤਿ ਜਾਂ ਦੁਰਮਤਿ ਦੇ ਨਰਕ ਵਿੱਚ ਡੁੱਬ ਕੇ ਗੁਰੂ ਵੱਲੋਂ ਬੇ-ਮੁੱਖ ਹੋ ਗਿਆ ਸੀ। ਕੂਕ ਕਿਸ ਨੇ ਸੁਣਨੀ ਸੀ
ਇਤਿਹਾਸਕ ਸਰੋਤਾਂ ਮੁਤਾਬਿਕ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰ ਜਾਣ ਸਮੇਂ ਖਾਲਸਾ ਫੌਜ਼ ਦੀ ਗਿਣਤੀ ਅੱਠ ਹਜ਼ਾਰ ਦੇ ਲੱਗਭੱਗ ਸੀ। ਉਸ ਸਮੇਂ ਇਨ੍ਹਾਂ ਸਿੰਘਾਂ ਦੇ ਪਰਿਵਾਰ ਬੱਚਿਆਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਗੁਪਤਵਾਸ ਦਾ ਜੀਵਨ ਗੁਜ਼ਾਰ ਰਹੇ ਸਨ।
ਲਾਹੌਰ ਉਪਰ ਹਮਲਾ ਕਰਨ ਗਈ ਖਾਲਸਾ ਫੌਜ਼ਨੂੰ ਕਾਨ੍ਹ ਸਿੰਘ ਦੇ ਪੁਤੱਰ ਮੀਰੀ ਸਿੰਘ ਨੇ ਮੁਗਲ ਹਾਕਮਾਂ ਦੀ ਮਦਦ ਕਰਦੇ ਹੋਏ ਇੱਕ ਵੱਡਾ ਹਮਲਾ ਕਰਕੇ ਪਿਛਾੜ ਦਿੱਤਾ ਸੀ। ਸ਼ਾਹੀ ਸੈਨਾ ਅਤੇ ਖਾਲਸਾ ਫੌਜ਼ ਦੇ ਭੇਤੀ ਰਹੇ ਸਿੱਖਾਂ ਦੇ ਜੱਥੇ ਵੱਲੋਂ ਮਿਲ ਕੇ ਕੀਤੇ ਉਸ ਵੱਡੇ ਹੱਲੇ ਦਾ ਟਾਕਰਾ ਕਰਨ ਤੋਂ ਅਸਮਰਥ ਇਹ ਖਾਲਸਾ ਫੌਜ਼ ਭਾਰੀ ਜਾਨੀ ਨੁਕਸਾਨ ਕਰਵਾ ਕੇ ਪਿਛੇ ਹਟਦੀ ਹਟਦੀ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਆ ਗਈ ਸੀ।
ਤੱਤ ਖਾਲਸੇ ਅਤੇ ਮੁਗਲ ਫੌਜਾਂ ਵੱਲੋਂ ਪਿੱਛਾ ਕੀਤਾ ਜਾਣ ਕਰਕੇ ਖਾਲਸਾ ਫੌਜ਼ਆਪਣੇ ਅਤੇ ਆਪਣੇ ਪਰਿਵਾਰਾਂ ਲਈ ਲੋੜੀਂਦਾ ਭੋਜਨ ਪਾਣੀ ਵੀ ਗੜ੍ਹੀ ਵਿੱਚ ਜ਼ਮ੍ਹਾਂ ਨਾ ਕਰ ਸਕੀ। ਗੜ੍ਹੀ ਵਿੱਚ ਜੋ ਕੁਝ ਥੋੜਾ ਬਹੁਤ ਅੰਨ ਸੀ ਉਸ ਉਪਰ ਗੁਜ਼ਾਰਾ ਕਰਦੇ ਹੋਏ ਨੌਂ ਮਹੀਨੇ ਲੰਬੀ ਲੜਾਈ ਲੜ ਕੇ ਜਿਸ ਸਿੱਖੀ ਸਿਦਕ ਦਾ ਸਬੂਤ ਦਿੱਤਾ, ਮੁਗਲ ਇਤਿਹਾਸਕਾਰਾਂ ਨੇ ਉਸਦੀ ਪ੍ਰਸੰਸਾ ਕਰਦੇ ਹੋਏ ਜੋ ਕੁਝ ਲਿਖਿਆ ਹੈ - ਉਹ ਹਰ ਇੱਕ ਸਿੱਖ ਲਈ ਰਹਿੰਦੀ ਦੁਨੀਆਂ ਤੱਕ ਪ੍ਰੇਰਨਾਂ ਸਰੋਤ ਬਣਿਆ ਰਹੇਗਾ।
ਉਸ ਸੰਕਟ ਭਰੀ ਸਥਿਤੀ ਵਿੱਚ ਖਾਲਸਾ ਫੌਜਾਂ ਵੱਲੋਂ ਸਹਾਇਤਾ ਲਈ ਮਾਰੀ ਕੂਕ ਕਿਸੇ ਨੇ ਨਹੀਂ ਸੁਣੀ। ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਲਿਖੀ ਖਾਲਸਾ ਫੌਜਾਂ ਦੀ ਅੰਤਿਮ ਚਿੱਠੀ ਹੇਠਾਂ ਦਰਜ ਹੈ :
ਗੁਰੂ ਫਤਹ।।
ਮਾਣਯੋਗ ਭਾਈ ਜੀਓ।।
ਵੈਰੀ ਨੇ ਬੜਾ ਜਬਰਦਸਤ ਘੇਰਾ ਘੱਤਿਓ ਸੁ।। ਅਨਾਜ ਪਾਣੀ ਦੀ ਕੋਈ ਆਮਦ ਨਹੀਂ।। ਪਰਿਵਾਰ ਬਹੁਤ ਮੁਸ਼ਕਲ ਮੇਂ ਹੈਣ।। ਨਿਆਣੇ ਰੋਇ ਜਾਤਿ ਹੈ।। ਸਿੱਖ ਸੰਗਤਾਂ ਨੂੰ ਸਿਤਾਬੀ ਹਥਯਾਰ ਦੇ ਕਰ ਭੇਜਣਾ।। ਕਿਸੀ ਵਕਤ ਕਾ ਭਰੋਸਾ ਨਾਹੀਂ।। ਬੁੰਗੇ ਸਾਹਿਬ ਅਰਦਾਸ ਕਰਨੁ।। ਖਾਲਸੇ ਕੀ ਫਤਹ ਹੋਗੁ।। ਅਸਾਂ ਅੰਤ ਸਮੇਂ ਤੀਕ ਜੂਜਣ ਕਾ ਨੇਮ ਕੀਤੋਸੁ।।
ਭਾਈ ਮਨੀ ਸਿੰਘ ਨੇ ਇਸ ਚਿੱਠੀ ਦੇ ਜਵਾਬ ਵਿੱਚ ਕੀ ਕੀਤਾ-ਇਸਦਾ ਕੋਈ ਵੀ ਇਤਿਹਾਸਿਕ ਵੇਰਵਾ ਨਹੀਂ ਮਿਲਦਾ। ਸਿੱਖ ਇਤਿਹਾਸਕਾਰਾਂ ਦੇ ਲਿਖੇ ਮੁਤਾਬਕ ਉਸ ਸਮੇ ਖਾਲਸਾ ਫੌਜਾਂ ਨੂੰ ਦੁਫਾੜ ਕਰਨ ਵਾਲੇ ਗੁਰੂ ਕੀਆਂ ਅੰਸ਼ਾਂ ਅਤੇ ਤੱਤ ਖਾਲਸੇ ਦੇ ਲੀਡਰ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਵੀਹ ਹਜ਼ਾਰ ਫੌਜ਼ ਨਾਲ ਅੰਮ੍ਰਿਤਸਰ ਟਿਕੇ ਹੋਏ ਲਾਹੌਰ ਦੇ ਸੂਬੇ ਵੱਲੋਂ ਭਾਈ ਬੰਦਾ ਸਿੰਘ ਬਹਾਦਰ ਦੇ ਨਾਲ ਨਾਲ ਖਾਲਸਾ ਫੌਜਾਂ ਦੇ ਪ੍ਰਮੁੱਖ ਜਰਨੈਲਾਂ ਨੂੰ ਮਰਵਾਉਣ ਲਈ ਦਿੱਤੀ ਜਗੀਰ ਅਤੇ ਰੋਜ਼ੀਨੇ ਉਪਰ ਮੌਜ਼ਾਂ ਉਡਾ ਰਹੇ ਸਨ।
ਖਾਲਸੇ ਤੋਂ ਪੈਰੀਂ ਹੱਥ ਲਵਾਉਣ ਦੇ ਦੋਸ਼ ਸਬੰਧੀ ਪੰਜਾਬ ਵਿੱਚ ਸਦੀਆਂ ਤੋਂ ਬਜ਼ੁਰਗਾਂ ਅਤੇ ਸਤਿਕਾਰਯੋਗ ਲੋਕਾਂ ਦੇ ਪੈਰੀਂ ਹੱਥ ਲਾਏ ਜਾਣ ਦੀਆਂ ਰਵਾਇਤਾਂ ਅੱਜ ਵੀ ਪ੍ਰਚਲਿਤ ਹਨ। ਪੈਰੀਂ ਹੱਥ ਲਾਏ ਜਾਣ ਨੂੰ ਨਿਯਮ ਬਣਾਏ ਜਾਣ ਸਬੰਧੀ ਨਾ ਤਾਂ ਭਾਈ ਬੰਦਾ ਸਿੰਘ ਬਹਾਦਰ ਅਤੇ ਨਾ ਹੀ ਕਿਸੇ ਹੋਰ ਜਰਨੈਲ ਨੇ ਕੋਈ ਹੁਕਮਨਾਮਾ ਜਾਰੀ ਕੀਤਾ ਸੀ। ਇਹ ਤਾਂ ਖਾਲਸਾ ਫੌਜ ਦੇ ਪ੍ਰਮੁੱਖ ਜਰਨੈਲਾਂ ਦੀ ਸੂਰਬੀਰਤਾ, ਉਚੇ ਆਚਰਣ, ਮਿਠਾਸ ਭਰੇ ਬੋਲਾਂ ਅਤੇ ਹਰ ਇੱਕ ਨਾਲ ਸਤਿਕਾਰ ਭਰੇ ਵਿਹਾਰ ਨੂੰ ਦੇਖਦੇ ਹੋਏ ਖਾਲਸੇ ਅਤੇ ਜਨਸਧਾਰਨ ਵਿੱਚ ਉਠਿਆ ਇੱਕ ਆਪ ਮੁਹਾਰਾ ਜਜ਼ਬਾ ਸੀ। ਇਸ ਦੀ ਤਾਂ ਉਦਾਹਰਣ ਭਾਈ ਜਨਰੈਲ ਸਿੰਘ ਭਿੰਡਰਾਂਵਾਲੇ ਹਨ, ਜਿੰਨਾਂ ਵੱਲੋਂ ਸਖਤੀ ਵਰਤਣ ਦੇ ਬਾਵਜੂਦ ਵੀ ਬਜ਼ੁਰਗ ਸਿੱਖ ਉਸ ਦੇ ਪੈਰੀਂ ਹੱਥ ਲਾ ਦਿੰਦੇ ਸਨ। ਇਥੋਂ ਤੱਕ ਕਿ ਉਸ ਸਮੇਂ ਬੱਬਰ ਖਾਲਸਾ ਦਾ ਪ੍ਰਮੁੱਖ ਸੁਖਦੇਵ ਸਿੰਘ ਬੱਬਰ ਵੀ ਗਾਹੇ ਬਗਾਹੇ ਭਿੰਡਰਾਂਵਾਲਾ ਨੂੰ ਮਿਲਣ ਸਮੇਂ ਸਤਿਕਾਰ ਵਜੋਂ ਉਸ ਦੇ ਪੈਰੀਂ ਹੱਥ ਲਾਉਂਦਾ ਸੀ।
ਅਸਲ ਗੱਲ ਇਹ ਹੈ ਕਿ ਭਾਈ ਬੰਦਾ ਸਿੰਘ ਬਹਾਦਰ ਕੋਈ ਸਧਾਰਨ ਮਨੁੱਖ ਜਾਂ ਮੰਗ-ਖਾਣਾ ਸਾਧ ਨਹੀਂ ਸੀ। ਗੁਰੂ ਸਾਹਿਬ ਨੇ ਉਸ ਨੂੰ ਆਪਣੀ ਸਾਰੀ ਅਜ਼ਮਤ ਬਖਸ਼ਦੇ ਹੋਏ ਉਸਨੂੰ ਗੁਰਮਤਿ ਗਿਆਨ ਅਤੇ ਜੁਝਾਰੂਪਨ ਨਾਲ ਭਰਪੂਰ ਕਰ ਦਿੱਤਾ ਸੀ। ਜਦੋਂ ਬੰਦਾ ਸਿੰਘ ਗੁਰੂ ਵਿੱਚ ਅਤੇ ਗੁਰੂ ਸਾਹਿਬ ਬੰਦੇ ਵਿੱਚ ਅਭੇਦ ਹੋ ਗਏ ਤਾਂ ਉਦੋਂ ਹੀ ਗੁਰੂ ਸਾਹਿਬ ਨੇ ਉਸ ਨੂੰ ਖਾਲਸਾ ਫੌਜ਼ਦੀ ਵਾਗਡੋਰ ਸੌਪੀ ਸੀ। ਰੂਹਾਨੀ ਮੰਡਲਾਂ ਦੀ ਇਸ ਉਚਾਈ ਵਿੱਚ ਲੀਨ ਹੋ ਚੁੱਕੇ ਮਨੁੱਖ ਦੇ ਕੰਮਾਂ ਨੂੰ ਮੋਹ ਮਾਇਆ ਦੇ ਜਾਲ ਵਿੱਚ ਫਸੇ ਇੱਕ ਸਧਾਰਨ ਮਨੁੱਖ ਦੀ ਤਰ੍ਹਾਂ ਦੇਖ ਕੇ ਸਹੀ ਸਮਝਿਆ ਹੀ ਨਹੀਂ ਜਾ ਸਕਦਾ। ਅਸਲ ਵਿੱਚ ਬੰਦਾ ਸਿੰਘ ਗੁਰੂ ਸਾਹਿਬ ਦੀ ਸਿਰਜੀ ਦੋਧਾਰੀ ਤਲਵਾਰ ਸਨ, ਜਿਸਨੇ ਇੱਕ ਪਾਸੇ ਖਾਲਸਾ ਰਾਜ ਦੀ ਸਥਾਪਨਾ ਕਰਨੀ ਸੀ ਅਤੇ ਦੂਜੇ ਪਾਸੇ ਖਾਲਸਾ ਪੰਥ ਨੂੰ ਕੁਰਾਹੇ ਜਾਣ ਤੋਂ ਰੋਕਣਾ ਸੀ।
ਸੱਚੀ ਗੱਲ ਇਹ ਹੈ ਕਿ ਸਿੱਖ ਇਤਿਹਾਸ ਲਿਖਣ ਵਾਲੇ ਸਿੱਖ ਇਤਿਹਾਸਕਾਰ ਰੂਹਾਨੀ ਮੰਡਲਾਂ ਦੀ ਉੱਚੀ ਸੋਝੀ ਤੋਂ ਮਸਤਾਨੇ ਹੋਣ ਕਰਕੇ ਦਸਾਂ ਗੁਰੂਆਂ ਅਤੇ ਭਾਈ ਬੰਦਾ ਸਿੰਘ ਜੀ ਦੇ ਸਬੰਧ ਵਿੱਚ ਲਿਖਦੇ ਸਮੇਂ ਬੁੱਧੀ ਦੇ ਸਧਾਰਨ ਤਲ ਤੱਕ ਹੀ ਪਹੁੰਚਦੇ ਦਿਸਦੇ ਹਨ। ਇਸ ਕਰਕੇ ਹੀ ਖਾਲਸਾ ਪੰਥ ਦੀ ਸਾਜਨਾ ਵਾਲੀ ਘਟਨਾ ਦੀ ਚਰਚਾ ਕਰਦੇ ਹੋਏ ਕਦੇ ਸਿਰ ਅਤੇ ਕਦੇ ਬੱਕਰੇ ਵੱਢੇ ਲਿਖ ਕੇ ਆਪਣੀ ਬੁੱਧੀ ਦੇ ਤਲ ਦਾ ਪ੍ਰਗਟਾਅ ਕਰਦੇ ਹਨ।
ਮਾਤਾ ਸੁੰਦਰੀ ਦੇ ਅਪਮਾਨ ਕਰਨ ਸਬੰਧੀ ਲਾਏ ਗਏ ਦੋਸ਼ਾਂ ਨੂੰ ਜਾਣੇ ਤੋਂ ਬਿਨਾਂ ਕੋਈ ਵੀ ਰਾਇ ਬਣਾਉਣੀ ਮੂਰਖਤਾ ਤੋਂ ਸਿਵਾਏ ਕੁਝ ਨਹੀਂ ਹੈ। ਗੁਰੂ ਕੀਆਂ ਮਾਈਆਂ ਅਤੇ ਗੁਰੂ ਪਰਿਵਾਰ ਨਾਲ ਸਬੰਧਿਤ ਹਰ ਮੈਂਬਰ ਸਤਿਕਾਰਯੋਗ ਹੈ।
ਪਰ ਇਹ ਸਤਿਕਾਰ ਉਨ੍ਹਾਂ ਚਿਰ ਹੀ ਦਿੱਤਾ ਜਾਂਦਾ ਹੈ, ਜਿੰਨਾਂ ਚਿਰ ਗੁਰੂ ਪਰਿਵਾਰ ਨਾਲ ਸਬੰਧਿਤ ਵਿਅਕਤੀ ਗੁਰਮਤਿ ਮਰਿਆਦਾ ਅਤੇ ਗੁਰੂ ਆਸ਼ੇ ਦੀ ਪੂਰਤੀ ਨਾਲ ਜੁੜਿਆ ਰਹਿੰਦਾ ਹੈ। ਗੁਰੂ ਦੇ ਹੁਕਮ ਉਤੇ ਪੈਰ ਧਰਨ ਵਾਲੇ ਕਿਸੇ ਵੀ ਗੁਰੂ ਪਰਿਵਾਰ ਦੇ ਮੈਂਬਰ ਨੂੰ ਸੱਚੀ ਸਿੱਖ ਸੰਗਤ ਅਤੇ ਕਿਸੇ ਵੀ ਗੁਰੂ ਨੇ ਕੋਈ ਰਿਆਇਤ ਨਹੀਂ ਦਿੱਤੀ। ਸ਼੍ਰੀ ਚੰਦ, ਪ੍ਰਿਥੀ ਚੰਦ, ਧੀਰ ਮੱਲੀਏ ਅਤੇ ਰਾਮ ਰਾਏ ਦੀਆਂ ਇਤਿਹਾਸਿਕ ਮਿਸਾਲਾਂ ਸਾਡੇ ਸਾਮ੍ਹਣੇ ਹਨ।
ਸਿੱਖ ਇਤਿਹਾਸਕਾਰਾਂ ਵੱਲੋਂ ਮਾਤਾ ਸੁੰਦਰੀ ਅਤੇ ਭਾਈ ਬੰਦਾ ਸਿੰਘ ਬਹਾਦਰ ਦਰਮਿਆਨ ਹੋਏ ਜਿਸ ਵਿਵਾਦ ਦੀ ਚਰਚਾ ਕੀਤੀ ਗਈ ਹੈ, ਉਸਨੂੰ ਪੜ੍ਹਕੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮਾਤਾ ਸੁੰਦਰੀ ਮੁਗਲ ਹਾਕਮਾਂ, ਖਾਲਸਾ ਪੰਥ ਦੇ ਗਦਾਰਾਂ ਅਤੇ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਦੀ ਰਾਇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਨੂੰ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕਰਨ ਲਈ ਜਾਰੀ ਕੀਤੇ ਅੰਤਿਮ ਹੁਕਮ ਨੂੰ ਮਿੱਟੀ ਵਿੱਚ ਮਿਲਾ ਦੇਣ ਦਾ ਯਤਨ ਕਰ ਰਹੀ ਸੀ - ਜਿਸ ਨੂੰ ਕੋਈ ਵੀ ਗੁਰੂ ਨਾਲ ਪਿਆਰ ਕਰਨ ਵਾਲਾ ਸਿੱਖ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਹੋਵੇਗਾ।
ਵਿਸ਼ੇਸ਼ ਕਰਕੇ ਭਾਈ ਬੰਦਾ ਸਿੰਘ ਬਹਾਦਰ ਵਰਗਾ ਗੁਰੂ ਦਾ ਸਿੱਖ, ਜੋ ਗੁਰੂ ਨੂੰ ਮਿਲਣ ਤੋਂ ਪਹਿਲਾਂ ਬ੍ਰਾਹਮਣਵਾਦ ਦੀਆਂ ਧਾਰਨਾਵਾਂ ਵਿੱਚ ਫਸਕੇ ਜੀਵਨ ਨੂੰ ਵਿਅਰਥ ਗਵਾ ਰਿਹਾ ਸੀ। ਜਿਸਦੇ ਅਗਲੇ ਪਿਛਲੇ ਜਨਮਾਂ ਦੇ ਸਾਰੇ ਪਾਪ, ਸਾਰੇ ਬੰਧਨ ਗੁਰੂ ਨਾਲ ਅੱਖ ਮਿਲਦੇ ਹੀ ਕੱਟੇ ਗਏ ਹੋਣ। ਗੁਰੂ ਉਸ ਦੇ ਲਈ ਪ੍ਰਮਾਤਮਾ ਤੋਂ ਵੀ ਵੱਡਾ ਸੀ। ਗੁਰੂ ਦਾ ਹਰ ਇੱਕ ਹੁਕਮ ਪੂਰਾ ਕਰਨ ਲਈ ਜਾਨ ਦੀ ਬਾਜ਼ੀ ਲਾ ਦੇਣੀ ਵੀ ਉਸ ਵਾਸਤੇ ਕੋਈ ਅਰਥ ਨਹੀਂ ਸੀ ਰੱਖਦੀ। ਜਿਸ ਨੇ ਆਪਣੇ ਆਖਰੀ ਸਾਹ ਤੱਕ ਆਪਣੇ ਗੁਰੂ ਦਾ ਸਨਮਾਨ ਕਰਦੇ ਹੋਏ ਨਾਮ ਉਚਾਰਨਾ ਵੀ ਪਾਪ ਸਮਝਿਆ ਹੋਵੇ। ਜਿਸ ਨੇ ਆਪਣੇ ਆਖਰੀ ਸਾਹ ਤੱਕ ਆਪਣੇ ਗੁਰੂ ਨੂੰ ਸੱਚਾ ਸਾਹਿਬ ਕਿਹਾ ਹੋਵੇ। ਆਪਣੇ ਗੁਰੂ ਦਾ ਹੁਕਮ ਪੂਰਾ ਕਰਦਿਆਂ ਜਿਸਨੇ ਆਪਣੇ ਚਾਰ ਸਾਲਾਂ ਦੇ ਮਾਸੂਮ ਬੱਚੇ ਦਾ ਤੜਫਦਾ ਦਿਲ ਆਪਣੇ ਮੂੰਹ ਵਿੱਚ ਤੁੰਨੇ ਜਾਣ ਸਮੇਂ ਆਪਣੀ ਅੱਖ ਵਿੱਚ ਨਮੀ ਵੀ ਨਾ ਆਉਣ ਦਿੱਤੀ ਹੋਵੇ। ਗੁਰੂ ਦੇ ਅਜਿਹੇ ਸੱਚੇ ਸੁੱਚੇ ਸਿੱਖ, ਜਿਸਨੇ ਖਾਲਸਾ ਰਾਜ ਦੀ ਸਥਾਪਨਾ ਲਈ ਆਪਣੇ ਲਹੂ ਦਾ ਆਖਰੀ ਕਤਰਾ ਵਹਾਉਣ ਸਮੇਂ ਸੀ ਵੀ ਨਾ ਉਚਰੀ ਹੋਵੇ - ਉਸਨੂੰ ਬਿਨਾਂ ਸਮਝੇ ਬਿਨਾਂ ਜਾਣੇਂ ਦੋਸ਼ੀ ਗਰਦਾਣਨ ਵਾਲੇ ਸਿਰਫ ਅਤੇ ਸਿਰਫ ਬੇਈਮਾਨ, ਬੇਅਕਲ ਅਤੇ ਮੂਰਖ ਹੀ ਹੋ ਸਕਦੇ ਹਨ।
ਇਸ ਬੇਈਮਾਨੀ ਕਾਰਨ ਹੀ ਪਿਛਲੇ ਪੌਣੇ ਤਿੰਨ ਸੌ ਸਾਲ ਤੋਂ ਸਭ ‘ਪੰਥਕ ਜੱਥੇਬੰਦੀਆਂ, ’ ਅਤੇ ‘ਪੰਥਕ ਵਿਦਵਾਨਾਂ’ ਨੇ ਭਾਈ ਬੰਦਾ ਸਿੰਘ ਬਹਾਦਰ ਵਲੋਂ ਕੀਤੇ ਮਹਾਨ ਕੰਮਾਂ ਨੂੰ ਛੁਪਾਉਣ ਲਈ ਹਰ ਵਸੀਲਾ ਵਰਤਿਆ ਹੈ ਕਿਉਂਕਿ ਭਾਈ ਬੰਦਾ ਸਿੰਘ ਬਹਾਦਰ ਦਾ ਸੱਚਾ ਸਰੂਪ ਸਾਮ੍ਹਣੇ ਆਉਣ ਨਾਲ ਉਸ ਕਾਲ ਵਿੱਚ ਪੈਦਾ ਹੋਏ ਤੱਤ ਖਾਲਸਾ ਅਤੇ ਉਸ ਦੁਆਰਾ ਬਣਾਈਆਂ ‘ਸਭ ਪੰਥਕ ਜੱਥੇਬੰਦੀਆਂ’ ਅਤੇ ਸਭ ਮਰਿਯਾਦਾਵਾਂ ਦਾ ਕਰੂਪ ਚਿਹਰਾ ਸਾਮ੍ਹਣੇ ਆ ਜਾਂਦਾ ਹੈ। ਭਾਈ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਪੰਥ ਦਾ ਜਰਨੈਲ ਨਿਯੁਕਤ ਕਰਕੇ ਪੰਜਾਬ ਨੂੰ ਤੋਰਨ ਸਮੇਂ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਨਾਮ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜੇ ਹੁਕਮਨਾਮਿਆਂ ਵਿੱਚੋਂ ਇੱਕ ਵੀ ਹੁਕਮਨਾਮਾ ਨਾ ਮਿਲਣਾ - ਇਸ ਗੱਲ ਨੂੰ ਸਪਸ਼ਟ ਕਰਨ ਲਈ ਕਾਫੀ ਹੈ ਕਿ ਇੱਕ ਗਹਿਰੀ ਸਾਜਿਸ਼ ਦੇ ਅਧੀਨ ਉਹ ਸਾਰੇ ਸਬੂਤ ਨਸ਼ਟ ਕਰ ਦਿੱਤੇ ਹਨ, ਜੋ ਪੈਦਾ ਕੀਤੀ ਗਈ ਸਥਿਤੀ ਦੇ ਖਿਲਾਫ ਸਬੂਤ ਬਣ ਸਕਦੇ ਹਨ।
ਨਸ਼ਟ ਕਰ ਦਿੱਤੇ ਗਏ ਸਬੂਤਾਂ ਕਾਰਨ ਖੋਜੀ ਇਤਿਹਾਸਕਾਰਾਂ ਨੂੰ ਅੱਜ ਤਰਕ ਅਤੇ ਬੁੱਧੀ ਦੇ ਅਨੁਸਾਰ ਬੰਦਾ ਸਿੰਘ ਵੱਲੋਂ ਸਥਾਪਿਤ ਕੀਤੇ ਗਏ ਖਾਲਸਾ ਰਾਜ ਦੇ ਪ੍ਰਬੰਧਾਂ ਚੋਂ ਹੀ ਇਹ ਗੱਲ ਸਮਝਣੀ ਪੈਂਦੀ ਹੈ ਕਿ ਗੁਰੂ ਸਾਹਿਬ ਨੇ ਬੰਦਾ ਸਿੰਘ ਦੀ ਡਿਊਟੀ ਖਾਲਸਾ ਰਾਜ ਦੀ ਸਥਾਪਨਾ ਕਰਕੇ ਖਾਲਸਾ ਪੰਥ ਨੂੰ ਰਾਜ ਭਗੌਣ ਦੀ ਲਾਈ ਸੀ। ਇਸ ਕਰਕੇ ਭਾਈ ਬੰਦਾ ਸਿੰਘ ਨੇ ਆਪ ਕੋਈ ਅਹੁਦਾ ਨਹੀਂ ਲਿਆ ਅਤੇ ਜਿੱਤੇ ਹੋਏ ਹਰ ਇਲਾਕੇ ਦੇ ਪੰਥਕ ਰਾਜ ਦਾ ਪ੍ਰਬੰਧ ਖਾਲਸਾ ਪੰਚਾਇਤਾਂ ਨੂੰ ਸੌਪਿਆ।
ਮਾਤਾ ਸੁੰਦਰੀ ਅਤੇ ਭਾਈ ਬੰਦਾ ਸਿੰਘ ਬਹਾਦਰ ਵਿੱਚ ਹੋਇਆ ਵਿਵਾਦ ਕੀ ਸੀ? ਮਾਤਾ ਸੁੰਦਰੀ ਉਸ ਨੂੰ ਜੋ ਕੁਝ ਕਰਨ ਲਈ ਕਹਿ ਰਹੀ ਸੀ - ਕੀ ਉਹ ਗੁਰੂ ਗੋਬਿੰਦ ਸਿਘ ਜੀ ਵੱਲੋਂ ਖਾਲਸਾ ਪੰਥ ਨੂੰ ਕੀਤੇ ਆਖਰੀ ਹੁਕਮਾਂ ਨੂੰ ਪੂਰਾ ਕਰਨ ਵਾਲਾ ਸੀ ਜਾਂ ਗੁਰੂ ਦੇ ਹੁਕਮਾਂ ਨੂੰ ਮਿੱਟੀ ਵਿੱਚ ਮਿਲਾ ਦੇਣ ਦੀ ਚਾਲ ਦਾ ਹਿੱਸਾ ਸੀ ? ਕੀ ਸਿੱਖ ਪੰਥ ਅਤੇ ਪੰਥਕ ਜੱਥੇਬੰਦੀਆਂ ਨੇ ਅੱਜ ਤੱਕ ਉਸ ਵਿਵਾਦ ਨੂੰ ਸਮਝਣ ਦਾ ਕੋਈ ਯਤਨ ਕੀਤਾ ਹੈ?
ਅਸਲ ਵਿੱਚ ਮਾਤਾ ਸੁੰਦਰੀ ਅਤੇ ਬਾਬਾ ਬੰਦਾ ਸਿੰਘ ਵਿੱਚਕਾਰ ਵਿਵਾਦ ਕਿਸ ਗੱਲੋਂ ਸ਼ੁਰੂ ਹੋਇਆ? ਇਸ ਵਿਵਾਦ ਨੂੰ ਠੀਕ ਠੀਕ ਸਮਝੇ ਬਿਨਾ ਸਿੱਖ ਪੰਥ ਦੇ ਇਤਿਹਾਸ ਅਤੇ ਸਿੱਖ ਪੰਥ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਅਕੀਦਿਆਂ ਦੀ ਇਸ ਹੱਦ ਤੱਕ ਹੋਈ ਦੁਰਗਤਿ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਗੁਰੂ ਵੱਲੋਂ ਬਖਸ਼ੀ ਪਾਤਸ਼ਾਹੀ ਤਾਂ ਦੂਰ, ਅੱਜ ਸਿੱਖੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ।
1710 ਤੋਂ 1713 ਤੱਕ ਖਾਲਸਾ ਰਾਜ ਦੀ ਸਥਾਪਨਾ ਲਈ ਲੜ ਰਹੀਆਂ ਫੌਜਾਂ ਅਤੇ ਮੁਗਲਾਂ ਦੀ ਸ਼ਾਹੀ ਸੈਨਾ ਵਿੱਚ ਹੋਈਆਂ ਜੰਗਾਂ ਵਿੱਚ ਮੁਗਲ ਸਾਮਰਾਜ ਦੇ ਚੋਟੀ ਦੇ 30 ਤੋਂ ਵੱਧ ਜਰਨੈਲ ਅਤੇ ਵਜ਼ੀਦ ਖਾਨ ਵਰਗੇ ਵੱਡੇ ਵੱਡੇ ਅਹਿਲਕਾਰ ਮਾਰੇ ਜਾ ਚੁੱਕੇ ਹਨ। ਦੁਨੀਆਂ ਵਿੱਚ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਮੁਗਲ ਸਾਮਰਾਜ ਦੇ ਦੋ-ਦੋ ਬਾਦਸ਼ਾਹ ਖਾਲਸਾ ਰਾਜ ਦੀ ਬਲੀ ਚੜ੍ਹ ਚੁੱਕੇ ਸਨ। ਫਰੱਖਸ਼ੀਅਰ ਦੇ ਸਮੇਂ ਕੋਈ ਵੀ ਜਰਨੈਲ ਪੰਜਾਬ ਵੱਲੀਂ ਮੂੰਹ ਕਰਨ ਨੂੰ ਤਿਆਰ ਨਹੀਂ ਸੀ। ਦਿੱਲੀ ਅਤੇ ਲਾਹੌਰ ਦੀਆਂ ਸਰਹੱਦਾਂ ਦੇ ਆਸ ਪਾਸ ਫਿਰਦੀਆਂ ਖਾਲਸਾ ਫੌਜ਼ਾਂ ਕਾਰਨ ਦਿੱਲੀ ਦੇ ਬਾਦਸ਼ਾਹ ਅਤੇ ਲਾਹੌਰ ਦੇ ਸੂਬੇਦਾਰ ਦਾ ਕਿਲ੍ਹੇ ਚੋਂ ਬਾਹਰ ਨਿਕਲਣਾ ਬੰਦ ਹੋ ਚੁੱਕਿਆ ਸੀ। ਦਿੱਲੀ ਦੇ ਬਾਦਸ਼ਾਹ ਅਤੇ ਲਾਹੌਰ ਦੇ ਸੂਬੇ ਨੂੰ ਇਹ ਫਿਕਰ ਬਣਿਆ ਹੋਇਆ ਸੀ ਕਿ ਖਾਲਸਾ ਫੌਜਾਂ ਕਿਤੇ ਦਿੱਲੀ ਜਾਂ ਲਾਹੌਰ ਉਪਰ ਹਮਲਾ ਨਾ ਕਰ ਦੇਣ।
ਰਾਜ ਸੱਤਾ ਸੰਭਾਲਦਿਆਂ ਹੀ ਬਾਦਸ਼ਾਹ ਫਰੁਖਸ਼ੀਅਰ ਨੇ ਆਪਣੇ ਸਭ ਜਰਨੈਲਾਂ ਦੀ ਮੀਟਿੰਗ ਸੱਦ ਕੇ ਪੰਜਾਬ ਵਿੱਚ ਮੱਚੇ ਉਪਦ੍ਰਵ ਨੂੰ ਹੱਲ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ। ਸਿੱਖ ਇਤਿਹਾਸਕਾਰ ਇਸ ਘਟਨਾ ਦੀ ਚਰਚਾ ਕਰਦੇ ਲਿਖਦੇ ਹਨ ਕਿ ਉਸ ਸਮੇਂ ਦੇ ਰਵਾਜ ਮੁਤਾਬਕ ਬਾਦਸ਼ਾਹ ਨੇ ਇਕ ਪਾਨ ਦਾ ਬੀੜਾ ਅਤੇ ਤਲਵਾਰ ਰੱਖ ਕੇ ਮੁਗਲ ਜਰਨੈਲਾਂ ਨੂੰ ਇਹ ਬੀੜਾ ਚੁੱਕਣ ਲਈ ਵੰਗਾਰਿਆ। ਮੌਤ ਤੋਂ ਡਰੇ ਹੋਏ ਸਭ ਮੁਗਲ ਜਰਨੈਲਾਂ ਨੇ ਇੱਕ ਮੱਤ ਹੁੰਦੇ ਹੋਏ ਬਾਦਸ਼ਾਹ ਨੂੰ ਕਿਹਾ ਕਿ ਬੰਦਾ ਸਿੰਘ ਦੀ ਅਗਵਾਈ ਵਿੱਚ ਲੜ ਰਹੀਆਂ ਫੌਜਾਂ ਨੂੰ ਹਰਾਉਣਾ ਬਹੁਤ ਔਖਾ ਹੈ ਕਿਉਂਕਿ ਉਹ ਸਿੱਧੀ ਲੜਾਈ ਦੀ ਥਾਂ ਗੁਰੀਲਾ ਯੁੱਧ ਲੜਦੇ ਹੋਏ ਮੁਗਲ ਫੌਜਾਂ ਦਾ ਜਿ਼ਆਦਾ ਨੁਕਸਾਨ ਕਰ ਦਿੰਦੇ ਹਨ। ਇਸ ਲਈ ਸਿੱਧੀ ਲੜਾਈ ਲੜਨ ਦੀ ਥਾਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਉਨ੍ਹਾਂ ਦੇ ਇੱਕ ਧੜੇ ਨੂੰ ਆਪਣੇ ਨਾਲ ਜੋੜ ਕੇ ਦੂਜੇ ਧੜੇ ਨੂੰ ਖਤਮ ਕਰ ਦਿੱਤਾ ਜਾਵੇ। ਫੇਰ ਦੂਜੇ ਧੜੇ ਦਾ ਬਾਅਦ ਵਿੱਚ ਉਹੀ ਹਸ਼ਰ ਕੀਤਾ ਜਾਵੇ।
ਇਤਿਹਾਸਿਕ ਸਰੋਤਾਂ ਅਨੁਸਾਰ ਹਰ ਲੜਾਈ ਵਿੱਚ ਹਾਰ ਕੇ ਪਿਛਾਂਹ ਹਟਣ ਵਾਲੇ ਵਿਨੋਦ ਸਿੰਘ ਦੇ ਧੜੇ ਦੇ ਬੰਦਾ ਸਿੰਘ ਨਾਲ ਚਲ ਰਹੇ ਅੰਦਰੂਨੀ ਵਿਰੋਧ ਦੀ ਸਭ ਜਾਣਕਾਰੀ ਭਾਈ ਮਨੀ ਸਿੰਘ ਰਾਹੀਂ ਮਾਤਾ ਸੁੰਦਰੀ ਕੋਲ ਦਿੱਲੀ ਅਤੇ ਉਥੋਂ ਇਹ ਸਭ ਜਾਣਕਾਰੀ ਸਾਹਿਬਜਾਦੇ ਅਜੀਤ ਸਿੰਘ ਰਾਹੀਂ ਮੁਗਲ ਦਰਬਾਰ ਵਿੱਚ ਪਹੁੰਚ ਰਹੀ ਸੀ।
ਦੂਜੇ ਪਾਸੇ ਸਿੱਖਾਂ ਵਿੱਚ ਗੁਰੂ ਦੇ ਮਹੱਤਵ ਬਾਰੇ ਮੁਗਲ ਹਾਕਮਾਂ ਨੂੰ ਪੂਰੀ ਜਾਣਕਾਰੀ ਸੀ। ਇਸ ਲਈ ਫੈਸਲਾ ਕੀਤਾ ਗਿਆ ਕਿ ਦਿੱਲੀ ਵਿੱਚ ਰਹਿ ਰਹੀ ਮਾਤਾ ਸੁੰਦਰੀ ਨੂੰ ਸਿੱਖਾਂ ਵੱਲੋਂ ਕੀਤੇ ਜਾਣ ਵਾਲੇ ਉਪਦ੍ਰਵ ਨੂੰ ਰੋਕਣ ਲਈ ਕਿਹਾ ਜਾਵੇ। ਇਸ ਦੇ ਇੱਵਜ਼ ਵਿੱਚ ਬਾਦਸ਼ਾਹ ਵੱਲੋਂ ਸਿੱਖ ਜਰਨੈਲਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਿਕ ਜੰਗੀਰਾਂ ਦੇ ਦਿੱਤੀਆਂ ਜਾਣਗੀਆਂ।
ਮਾਤਾ ਸੁੰਦਰੀ ਨਾਲ ਗੱਲਬਾਤ ਕਰਨ ਦੀ ਡਿਊਟੀ ਰਾਮ ਦਿਆਲ ਨਾਮ ਦੇ ਦੀਵਾਨ ਨੂੰ ਸੌਪੀ ਗਈ। ਉਸਨੂੰ ਮੁਗਲ ਸਲਾਹਕਾਰਾਂ ਨੇ ਰਾਜਨੀਤਿਕ ਤੌਰ ਤਰੀਕੇ ਸਮਝਾ ਕੇ ਮਾਤਾ ਸੁੰਦਰੀ ਕੋਲ ਭੇਜ ਦਿੱਤਾ।
ਉਸਨੇ ਬਾਦਸ਼ਾਹ ਵੱਲੋਂ ਭੇਜੀ ਖਿੱਲਤ ਪੇਸ਼ ਕਰਦਿਆਂ ਮਾਤਾ ਸੁੰਦਰੀ ਨੂੰ ਬਾਦਸ਼ਾਹ ਵੱਲੋਂ ਕੀਤੀ ਧਮਕੀ ਭਰੀ ਬੇਨਤੀ ਬਾਰੇ ਸਮਝਾਇਆ ਕਿ ਬਾਦਸ਼ਾਹ ਦਾ ਕਹਿਣਾ ਹੈ ਕਿ ਅਸੀਂ ਗੁਰੂ ਨਾਨਕ ਵੱਲੋਂ ਸਾਡੇ ਵਡੇਰਿਆਂ ਨੂੰ ਬਖਸ਼ੀ ਹੋਈ ਬਾਦਸ਼ਾਹਿਤ ਭੋਗ ਰਹੇ ਹਾਂ। ਇਹ ਗੁਰੂਆਂ ਦੀ ਬਖਸ਼ਿਸ਼ ਨਾਲ ਲਾਇਆ ਗਿਆ ਬਾਗ ਹੈ। ਜਿਵੇ ਤੂੰ ਸਿੱਖਾਂ ਦੀ ਮਾਂ ਏਂ, ਉਵੇਂ ਹੀ ਸਾਡੀ ਮਾਂ ਏਂ। ਪੰਜਾਬ ਦੀ ਸਾਰੀ ਪਰਜਾ ਬੰਦਾ ਸਿੰਘ ਨਾਲ ਰਲੇ ਸਿੱਖਾਂ ਵੱਲੋਂ ਮਚਾਏ ਉਪੱਦਰ ਨਾਲ ਦੁਖੀ ਹੈ। ਤੁਸੀ ਸਿੱਖਾਂ ਲਈ ਗੁਰੂ ਦੇ ਸਮਾਨ ਹੋ। ਇਸ ਕਰਕੇ ਤੁਸੀਂ ਸਿੱਖਾਂ ਨੂੰ ਉਪੱਦਰ ਕਰਨ ਤੋਂ ਰੋਕੋ। ਗੁਰੂ ਸਾਹਿਬ ਨਾਲ ਜਿਸ ਜਿਸ ਮੁਗਲ ਅਹਿਲਕਾਰ ਨੇ ਜੁਲਮ ਕੀਤੇ ਸਨ, ਉਨ੍ਹਾਂ ਸਭ ਨੂੰ ਬੰਦਾ ਸਿੰਘ ਨੇ ਬਣਦੀ ਸਜ਼ਾ ਦੇ ਦਿੱਤੀ ਹੈ। ਹੁਣ ਬਾਦਸ਼ਾਹ ਉਨ੍ਹਾਂ ਨੂੰ ਜਗੀਰਾਂ ਦੇਣ ਨੂੰ ਤਿਆਰ ਹੈ। ਤੁਸੀਂ ਪੰਜਾਬ ਦੀ ਖਲਕਤ ਦੇ ਭਲੇ ਲਈ ਸਿੱਖਾਂ ਨੂੰ ਉਪਦ੍ਰਵ ਬੰਦ ਕਰਨ ਦਾ ਹੁਕਮ ਦੇ ਕੇ ਪੰਜਾਬ ਵਿੱਚ ਪਾਤਸ਼ਾਹੀ ਲਈ ਅਜਾਈਂ ਵਹਾਏ ਜਾ ਰਹੇ ਖੂਨ ਖਰਾਬੇ ਨੂੰ ਰੋਕੋ। ਨਹੀਂ ਤਾਂ .......।
ਮੁਗਲ ਬਾਦਸ਼ਾਹ ਦੇ ਦੀਵਾਨ ਦੀ ਜ਼ਹਿਰ ਭਰੀ ਮਿੱਠੀ ਬੋਲੀ ਤੋਂ ‘ਪ੍ਰੇਰਿਤ’ ਹੋ ਕੇ ਮਾਤਾ ਸੁੰਦਰੀ ਨੇ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਲਿਖ ਦਿੱਤੀ। ਇਸ ਚਿੱਠੀ ਵਿੱਚ ਮਾਤਾ ਨੇ ਭਾਈ ਬੰਦਾ ਸਿੰਘ ਬਹਾਦਰ ਨੂੰ ਪਾਤਸ਼ਾਹੀ ਦਾ ਦਾਵਾ ਛੱਡ ਕੇ ਜਗੀਰਾਂ ਲੈ ਕੇ ਜੀਵਨ ਗੁਜਰ ਕਰਨ ਨੂੰ ਕਿਹਾ। ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਖਾਲਸਾ ਰਾਜ ਸਥਾਪਿਤ ਕਰਕੇ ਕਿਸੇ ਤਰ੍ਹਾਂ ਦੀ ਨਿੱਜੀ ਬਾਦਸ਼ਾਹੀ ਹਾਸਿਲ ਕਰਨ ਦੀ ਕੋਈ ਹਿਰਸ ਨਹੀਂ ਸੀ। ਇਸ ਕਰਕੇ ਉਹ ਹਰ ਫੈਸਲਾ ਖੁੱਲੇ ਦਰਬਾਰ ਵਿੱਚ ਖਾਲਸਾ ਫੌਜ਼ ਨਾਲ ਪੂਰੀ ਤਰ੍ਹਾਂ ਸਲਾਹ ਮਸ਼ਵਰਾ ਕਰਕੇ ਹੀ ਲੈਂਦਾ ਸੀ। ਜਿੱਤੇ ਹੋਏ ਸਭ ਇਲਾਕਿਆਂ ਦਾ ਪ੍ਰਬੰਧ ਖਾਲਸਾ ਪੰਚਾਇਤਾਂ ਰਾਹੀਂ ਚਲਾਇਆ ਜਾ ਰਿਹਾ ਸੀ। ਇਸ ਲਈ ਮਾਤਾ ਸੁੰਦਰੀ ਵੱਲੋਂ ਭੇਜੀ ਗਈ ਚਿੱਠੀ ਉਸਨੇ ਭਰੇ ਦਰਬਾਰ ਵਿੱਚ ਪੜ੍ਹਾ ਕੇ ਉਸ ਸਮੇਂ ਮੌਜੂਦ ਸਮੂੰਹ ਖਾਲਸਾ ਫੌਜ ਤੋਂ ਇਸ ਚਿੱਠੀ ਸਬੰਧੀ ਰਾਇ ਮੰਗੀ ਤਾਂ ਸਾਰੀ ਖਾਲਸਾਈ ਫੌਜ਼ ਨੇ ਇਸ ਚਿੱਠੀ ਵਿੱਚ ਦਿੱਤੀ ਪ੍ਰਪੋਜਲ ਦਾ ਡਟਵਾਂ ਵਿਰੋਧ ਕੀਤਾ। ਸਮੂੰਹ ਖਾਲਸਾਈ ਫੌਜਾਂ ਦੀ ਇੱਛਾ ਅਨੁਸਾਰ ਭਾਈ ਬੰਦਾ ਸਿੰਘ ਬਹਾਦਰ ਜੀ ਨੇ ਮਾਤਾ ਸੁੰਦਰੀ ਨੂੰ ਇਸ ਚਿੱਠੀ ਦੇ ਜਵਾਬ ਵਿੱਚ ਲਿਖਿਆ ਕਿ ‘‘ਮਾਤਾ ਜੀ ਤੁਰਕਾਂ ਨੇ ਮਿੱਠੇ ਮਿੱਠੇ ਸ਼ਬਦਾਂ ਨਾਲ ਤੁਹਾਨੂੰ ਭਰਮਾ ਲਿਆ ਹੈ। ਜੇ ਅਸੀਂ ਜਗੀਰਾਂ ਲੈ ਕੇ ਘਰਾਂ ਵਿੱਚ ਬੈਠ ਗਏ ਤਾਂ ਖਾਲਸਾ ਪੰਥ ਦੀ ਬੜੀ ਮੇਹਨਤ ਨਾਲ ਉਸਾਰੀ ਜੱਥੇਬੰਦੀ ਖੇਰੂੰ ਖੇਰੂੰ ਹੋ ਜਾਵੇਗੀ। ਜਦੋ ਮੁਸਲਮਾਨ ਕੱਲੇ ਕੱਲੇ ਨੁੰ ਫੜਕੇ ਮਾਰਨ ਲੱਗ ਜਾਣਗੇ ਤਾਂ ਫੇਰ ਕਿਸੇ ਦੀ ਪੇਸ਼ ਨਹੀਂ ਚੱਲਣੀ। ਅਸੀਂ ਤੁਰਕਾਂ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ। ਤੁਸੀਂ ਇਹੋ ਜਿਹੀ ਕੋਈ ਹੋਰ ਚਿੱਠੀ ਸਾਨੂੰ ਨਾ ਲਿਖਿਓ। ਅਸੀਂ ਜੰਗੀਰਾਂ ਨਹੀਂ, ਤਲਵਾਰ ਦੇ ਜ਼ੋਰ ਨਾਲ ਇਨ੍ਹਾਂ ਤੋਂ ਪਾਤਸ਼ਾਹੀ ਲੈ ਕੇ ਗੁਰੂ ਦੇ ਹੁਕਮਾਂ ਨੂੰ ਪੂਰਾ ਕਰਾਂਗੇ। ਅਸੀਂ ਤੁਹਾਡੀ ਹੋਰ ਹਰ ਗੱਲ ਮੰਨਣ ਨੂੰ ਤਿਆਰ ਹਾਂ। ਸੱਚੇ ਸਾਹਿਬ ਨੇ ਮੈਂਨੂੰ ਸਸ਼ਤਰ ਸੌਂਪਦੇ ਸਮੇਂ ਜੋ ਬਚਨ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨਾ ਮੇਰਾ ਧਰਮ ਹੈ। ਜਦੋਂ ਤੱਕ ਇਹ ਤਨ ਹੈ, ਮੈਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਸ਼ਸ਼ਤਰ ਨਹੀਂ ਸੁੱਟਾਂਗਾ।’’
ਮਾਤਾ ਸੁੰਦਰੀ ਨੇ ਇਹ ਚਿੱਠੀ ਪੜ੍ਹਕੇ ਬਾਦਸ਼ਾਹ ਕੋਲ ਭੇਜ ਦਿੱਤੀ। ਚਿੱਠੀ ਪੜ੍ਹਨ ਤੋਂ ਬਾਅਦ ਬਾਦਸ਼ਾਹ ਨੇ ਆਪਣੀ ਦੂਤੀ ਨੂੰ ਰਾਜਨੀਤੀ ਦੇ ਸਭ ਗੁਰਸਿਖਾ ਕੇ ਮਾਤਾ ਸੁੰਦਰੀ ਕੋਲ ਭੇਜ ਦਿੱਤਾ। ਉਸਨੇ ਮਾਤਾ ਸੁੰਦਰੀ ਨੂੰ ਗੱਲਾਂ ਗੱਲਾਂ ਵਿੱਚ ਜਚਾ ਦਿੱਤਾ ਕਿ ਬੰਦੇ ਨੇ ਤੁਹਾਡਾ ਹੁਕਮ ਨਾ ਮੰਨ ਕੇ ਤੁਹਾਡਾ ਅਪਮਾਨ ਕੀਤਾ ਹੈ।ਤੁਸੀਂ ਖਾਲਸਾ ਪੰਥ ਨੂੰ ਬੰਦੇ ਨਾਲੋਂ ਨਾਤਾ ਤੋੜਨ ਦਾ ਹੁਕਮ ਦੇਵੋ।
ਮੁਗਲ ਹਾਕਮਾਂ ਦੀ ਇੱਛਾ ਦੀ ਪੂਰਤੀ ਕਰਦੇ ਹੋਏ ਮਾਤਾ ਸੁੰਦਰੀ ਨੇ ਦੁਬਾਰਾ ਫੇਰ ਇੱਕ ਹੋਰ ਧਮਕੀ ਭਰੀ ਚਿੱਠੀ ਭਾਈ ਬੰਦਾ ਸਿੰਘ ਜੀ ਦੇ ਨਾਮ ਲਿਖ ਕੇ ਭੇਜ ਦਿੱਤੀ, ਜਿਸ ਵਿੱਚ ਲਿਖਿਆ ਸੀ ਕਿ ‘‘ਜੇ ਤੂੰ ਬਾਦਸ਼ਾਹ ਨਾਲ ਬਖੇੜਾ ਛੱਡ ਕੇ ਜਗੀਰ ਲੈਣੀ ਕਬੂਲ ਨਾ ਕੀਤੀ ਤਾਂ ਮੈਂ ਤੈਂਨੂੰ ਸ਼ਰਾਪ ਦੇ ਦੇਵਾਂਗੀ ? ਸਾਰਾ ਖਾਲਸਾ ਪੰਥ ਤੇਰਾ ਵਿਰੋਧੀ ਹੋ ਜਾਵੇਗਾ। ਫੇਰ ਤੁਰਕ ਤੈਨੂੰ ਦੁੱਖ ਦੇ ਦੇ ਕੇ ਮਾਰਨਗੇ। ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਮੈਨੂੰ ਲਿਖ ਕੇ ਦੇ ਦੇ ਕਿ ਤੂੰ ਮੇਰਾ ਸਿੱਖ ਨਹੀਂ ਹੈਂ ?’’
ਭਾਈ ਬੰਦਾ ਸਿੰਘ ਬਹਾਦਰ ਨੇ ਫੇਰ ਦੁਬਾਰਾ ਸਾਰੇ ਮਸਲੇ ਬਾਰੇ ਖਾਲਸਾ ਫੌਜ਼ਅਤੇ ਪ੍ਰਮੁੱਖ ਜਰਨੈਲਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਅਤੇ ਖਾਲਸਾਈ ਫੌਜਾਂ ਨੂੰ ਸੁਚੇਤ ਕੀਤਾ ਕਿ ‘‘ਸਿੰਘੋ ! ਮਾਈ ਭਾਵੀ ਬਣਕੇ ਸਾਮ੍ਹਣੇ ਖੜ੍ਹੀ ਹੈ.... ਹੁਣ ਜਾਂ ਤਾਂ ਗੁਰੂ ਦੇ ਹੁਕਮਾਂ ਤੋਂ ਮੂੰਹ ਫੇਰ ਲਵੋ ਜਾਂ ਹੋਣੀ ਦਾ ਟਾਕਰਾ ਕਰਨ ਲਈਂ ਤਿਆਰ ਹੋ ਜਾਵੋ।’’
ਖਾਲਸਾ ਫੌਜਾਂ ਨਾਲ ਗੁਰਮਤਾ ਕਰਨ ਤੋਂ ਬਾਅਦ ਬੰਦਾ ਸਿੰਘ ਨੇ ਮਾਤਾ ਨੂੰ ਚਿੱਠੀ ਦਾ ਜਵਾਬ ਦਿੱਤਾ ਕਿ ‘‘ਮਾਈ ਗੁਰੂ ਦੇ ਹੁਕਮਾਂ ਨੂੰ ਪੂਰਾ ਕਰਨ ਲਈ ਮੈਂ ਉਹ ਸਭ ਕੁਝ ਕੀਤਾ ਹੈ-ਜੋ ਮੈਂ ਕਰ ਸਕਦਾ ਸਾਂ। ਖਾਲਸਾ ਪੰਥ ਦੀ ਸਹਾਇਤਾ ਨਾਲ ਮੈਂ ਸਾਹਿਬਜਾਦਿਆਂ ਦਾ ਵੈਰ ਲੈ ਕੇ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ ਹੈ। ਗੁਰੂ ਨੇ ਆਪਣੀ ਸਾਰੀ ਅਜ਼ਮਤ ਮੈਂਨੂੰ ਬਖਸ਼ਦੇ ਹੋਏ ਆਪਣਾ ਸਿੱਖ ਬਣਾਇਆ ਸੀ। ਗੁਰੂ ਦੇ ਹੁਕਮਾਂ ਅਨੁਸਾਰ ਮੈਂ ਤੇਰੇ ਬਚਨ ਨਹੀਂ ਮਨ ਸਕਦਾ। ਮੈਂ ਤੇਰਾ ਨਹੀਂ, ਗੁਰੂ ਦਾ ਸਿੱਖ ਹਾਂ। ਤੁਰਕਾਂ ਨਾਲ ਮੇਲ ਕਰਨ ਦੀ ਥਾਂ ਅਸੀਂ ਭਾਵੀ ਦਾ ਸਾਮ੍ਹਣਾ ਕਰਨ ਨੂੰ ਤਿਆਰ ਹਾਂ।’’
ਸਿੱਖ ਇਤਿਹਾਸ ਦਾ ਇਹ ਸਭ ਤੋਂ ਕਾਲਾ ਪੰਨਾ ਮੁਗਲ ਹਾਕਮਾਂ ਦੀ ਯੋਜਨਾ ਦੇ ਨਾਲ ਲਿਖਿਆ ਜਾ ਰਿਹਾ ਸੀ। ਗੁਰੂ ਨਾਨਕ ਦੇਵ ਜੀ, ਅੰਗਦ ਦੇਵ ਜੀ, ਅਤੇ ਅਮਰ ਦਾਸ ਜੀ ਦੇ ਖਾਨਦਾਨਾਂ ਨਾਲ ਸਬੰਧਿਤ ਵਿਨੋਦ ਸਿੰਘ, ਕਾਨ੍ਹ ਸਿੰਘ, ਮੀਰੀ ਸਿਘ, ਦਯਾ ਸਿੰਘ, ਰਾਮ ਸਿੰਘ ਬੇਦੀ ਅਤੇ ਤੱਤ ਖਾਲਸਾ ਦੇ ਹੋਰ ਜੱਥੇਦਾਰ ਮੁਗਲਾਂ ਨਾਲ ਮਿਲ ਕੇ ਪੂਰੀ ਯੋਜਨਾ ਬਣਾ ਚੁੱਕੇ ਸਨ। ਮੁਗਲ ਹਾਕਮਾਂ ਦੀ ਮਦਦ ਨਾਲ ਭਾਈ ਬੰਦਾ ਸਿੰਘ ਬਹਾਦਰ ਦਾ ਸਾਥ ਛੱਡਣ ਵਾਲੀਆਂ ਫੌਜਾਂ ਲਈ ਅੰਮ੍ਰਿਤਸਰ ਵਿੱਚ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਸਨ। ਇਸ ਸਾਜਿ਼ਸ਼ ਨੂੰ ਨੇਪਰੇ ਚਾੜ੍ਹਣ ਲਈ ਸਿੱਖ-ਸੰਗਤਾਂ ਅਤੇ ਖਾਲਸਾਈ ਫੌਜਾਂ ਦੇ ਅੰਦਰ ਭਾਈ ਬੰਦਾ ਸਿਘ ਬਹਾਦਰ ਦੇ ਖਿਲਾਫ ਮਨਘੜਤ ਦੋਸ਼ਾਂ ਦਾ ਖੂਬ ਪ੍ਰਚਾਰ ਕੀਤਾ ਗਿਆ।
ਅਖੀਰ ਮਾਤਾ ਸੁੰਦਰੀ ਨੇ ਮੁਗਲ ਹਾਕਮਾਂ ਦੀ ਇੱਛਾ ਪੂਰੀ ਕਰਦੇ ਹੋਏ ਇੱਕ ਹੁਕਮਨਾਮਾ ਪੰਥ ਦੇ ਨਾਮ ਲਿਖ ਕੇ ਅੰਮ੍ਰਿਤਸਰ ਭੇਜ ਦਿੱਤਾ। ਸਿੱਖ ਇਤਿਹਾਸਕਾਰਾਂ ਨੇ ਮਾਤਾ ਸੁੰਦਰੀ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੂੰ ਅੱਗੇ ਲਿਖੇ ਸ਼ਬਦਾਂ ਵਿੱਚ ਪ੍ਰਗਟਾਇਆ ਹੈ। ‘‘ਇਸ ਗੰਦੇ ਮਤਿਮੰਦੇ ਬੰਦੇ ਨੇ ਮੇਰੇ ਹੁਕਮ ਨਾ ਮੰਨ ਕੇ ਮੇਰਾ ਅਪਮਾਨ ਕੀਤਾ ਹੈ। ਮਨਮੱਤਾ ਹੋ ਕੇ ਇਹ ਆਪਣੇ ਆਪ ਨੂੰ ਮੇਰਾ ਨਹੀਂ, ਗੁਰੂ ਦਾ ਸਿੱਖ ਕਹਿੰਦਾ ਹੈ। ਗੁਰੂ ਸਾਹਿਬ ਪੰਥ ਦੇ ਭਲੇ ਲਈ ਪਾਤਸ਼ਾਹੀ ਪੰਥ ਨੂੰ ਦੇ ਗਏ ਹਨ - ਇਸ ਲਈ ਤੁਸੀਂ ਪਾਤਸ਼ਾਹੀ ਦਾ ਦਾਅਵਾ ਛੱਡ ਕੇ ਗੁਰੂ-ਘਰ ਵਿੱਚ ਬੈਠ ਕੇ ਗੁਰੂ ਕੇ ਖੀਸੇ ਵਿੱਚੋਂ ਆਪਣੀਆਂ ਲੋੜਾਂ ਪੂਰੀਆਂ ਕਰੋ। ਜੇ ਤੁਸੀਂ ਮੇਰੇ ਬਚਨ ਮੰਨੋਂਗੇ ਤਾਂ ਤੁਹਾਨੁੰ ਸਭ ਕੁਝ ਮਿਲੂਗਾ। ਜੇ ਤੁਸੀਂ ਮੇਰੇ ਸਿੱਖ ਪੁੱਤਰ ਹੋ ਤਾਂ ਇਸ ਗੰਦੇ ਬੰਦੇ ਦਾ ਸਾਥ ਛੱਡ ਦਿਉ।’’
ਇਸ ਤਰ੍ਹਾਂ ਪੰਥ ਨੇ ਮਾਤਾ ਸੁੰਦਰੀ ਦਾ ਹੁਕਮ ਮੰਨ ਕੇ ਪਾਤਸ਼ਾਹੀ ਦਾ ਦਾਅਵਾ ਤਿਆਗਦੇ ਹੋਏ ਬੰਦਾ ਸਿੰਘ ਬਹਾਦਰ ਨੂੰ ਪੰਥ ਚੋਂ ਖਾਰਜ਼ ਕਰਕੇ ਗੁਰੂ ਕੇ ਖੀਸੇ ਨੂੰ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਵਰਤਣਾ ਸ਼ੁਰੂ ਕਰ ਦਿੱਤਾ। ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਮਾਤਾ ਸੁੰਦਰੀ ਅਤੇ ਭਾਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀਆਂ ਖਾਲਸਾ ਫੌਜਾਂ ਵਿੱਚ ਹੋਏ ਵਿਵਾਦ ਨੂੰ ਸਮਝੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਪੰਥ ਦੀਆਂ ਰਵਾਇਤਾਂ ਮੁਤਾਬਕ ਮਾਤਾ ਸੁੰਦਰੀ ਨੂੰ ਇਸ ਤਰ੍ਹਾਂ ਦਾ ਹੁਕਮਨਾਮਾ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਖਾਸ ਕਰਕੇ ਉਸ ਸਮੇਂ ਜਦੋਂ ਖਾਲਸਾ ਪੰਥ ਅਤੇ ਖਾਲਸਾ ਫੌਜਾਂ ਵਿੱਚ ਖਾਲਸਾ ਰਾਜ ਸਥਾਪਿਤ ਕਰਨ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ। ਲਾਲਚੀ ਪੁਜਾਰੀਆਂ ਅਤੇ ਚੌਧਰ ਦੇ ਭੁੱਖੇ ਕੁੱਝ ਸਿੱਖ ਸਰਦਾਰਾਂ ਤੋਂ ਬਿਨਾਂ ਸਮੁੱਚਾ ਖਾਲਸਾ ਪੰਥ ਅਤੇ ਪੰਜਾਬ ਵਿੱਚ ਰਹਿਣ ਵਾਲੇ ਦੂਜੇ ਧਰਮਾਂ ਦੇ ਲੋਕ ਭਾਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਲੜ ਰਹੀਆਂ ਖਾਲਸਾ ਫੌਜਾਂ ਨੂੰ ਆਪਣਾ ਮੁਕਤੀਦਾਤਾ ਮੰਨਦੇ ਹੋਏ ਪੂਰਾ ਸਤਿਕਾਰ ਦੇ ਰਹੇ ਹਨ। ਅਜਿਹੇ ਸਮੇਂ ਜ਼ਾਲਮ ਮੁਗਲ ਰਾਜਿਆਂ ਦੇ ਰਾਜ ਨੂੰ ਬਚਾਉਣ ਲਈ ਖਾਲਸਾ ਪੰਥ ਵਿੱਚ ਫੁੱਟ ਪਾ ਕੇ ਭਰਾ ਮਾਰ ਜੰਗ ਸ਼ੁਰੂ ਕਰਵਾ ਦੇਣ ਦਾ ਮਾਤਾ ਸੁੰਦਰੀ ਨੂੰ ਕੋਈ ਅਧਿਕਾਰ ਨਹੀਂ ਸੀ।ਮਾਤਾ ਸੁੰਦਰੀ ਦਾ ਹੁਕਮ ਗੁਰੂ ਸਾਹਿਬ ਵੱਲੋਂ ਕੀਤੇ ਹੁਕਮਾਂ ਦੇ ਬਿਲਕੁਲ ਵਿਰੁੱਧ ਸੀ।
ਹੈਰਾਨੀ ਇਸ ਗੱਲ ਦੀ ਹੁੰਦੀ ਹੈ ਅਜਿਹੇ ਸਮੇਂ ਸਮੁੱਚੇ ਖਾਲਸਾ ਪੰਥ ਨੂੰ ਬਲਦੀ ਦੇ ਬੁੱਥੇ ਦੇਣ ਵਾਲੀ ਗੁਰਮਤਿ ਮਰਿਆਦਾ ਦੀ ਘੋਰ ਵਿਰੋਧੀ ਇਸ ਕਾਰਵਾਈ ਬਾਰੇ ਪੁਜਾਰੀਆਂ ਨੇ ਨਾ ਤਾਂ ਮਾਤਾ ਸੁੰਦਰੀ ਨੂੰ ਕੋਈ ਚੰਗੀ ਰਾਇ ਦਿੱਤੀ ਅਤੇ ਨਾ ਹੀ ਇਸ ਆਪ ਹੁਦਰੀ ਕਾਰਵਾਈ ਦਾ ਕੋਈ ਵਿਰੋਧ ਦਰਜ ਕਰਵਾਇਆ। ਪੰਥ ਗੁਰੂ ਮੰਨੇ ਜਾਣ ਵਾਲੇ ਪੰਜ ਪਿਆਰਿਆਂ ਨੇ ਪੰਥ ਦੀ ਇਸ ਸੰਕਟ ਭਰੀ ਸਥਿਤੀ ਵਿੱਚ ਪੰਥ ਦੇ ਭਲੇ ਲਈ ਕੋਈ ਰੋਲ ਨਾ ਕੀਤਾ। ਸਿੱਖ ਇਤਿਹਾਸ ਨੂੰ ਗੌਹੁ ਨਾਲ ਵਾਚਣ ਤੋਂ ਪਤਾ ਲੱਗਦਾ ਹੈ ਕਿ ਪੰਜ ਪਿਆਰਿਆਂ ਦੀ ਧਾਰਨਾ ਸਿਰਫ ਭਾਈ ਬੰਦਾ ਸਿੰਘ ਬਹਾਦਰ ਜੀ ਦੇ ਖਾਲਸਾ ਰਾਜ ਤੱਕ ਗੁਰਮਤਿ ਦੀ ਅਨੁਸਾਰੀ ਹੋ ਕੇ ਰਾਜਨੀਤਿਕ ਰੂਪ ਵਿੱਚ ਸਕਿਰਿਆ ਰਹੀ।ਉਸ ਤੋਂ ਬਾਅਦ ਇਹ ਇੱਕ ਕਿਤਾਬੀ ਧਾਰਨਾ ਬਣ ਕੇ ਰਹਿ ਗਈ। ਪੰਜ ਪਿਆਰੇ ਸਿਰਫ ਧਾਰਮਿਕ ਜਲੂਸਾਂ ਦੀ ਅਗਵਾਈ ਤੱਕ ਸਿਮਟ ਗਏ।
ਅਸਲ ਵਿੱਚ ਉਸ ਸਮੇਂ ਲਾਲਚੀ ਪੁਜਾਰੀਆਂ ਅਤੇ ਚੌਧਰ ਦੇ ਭੁੱਖੇ ਸਿੱਖ ਸਰਦਾਰਾਂ ਨੂੰ ਇਹ ਪਤਾ ਸੀ ਕਿ ਉਨ੍ਹਾਂ ਵੱਲੋਂ ਆਪਣੇ ਤੌਰ ਤੇ ਖਾਲਸਾ ਪੰਥ ਵਿੱਚ ਕਿਸੇ ਤਰ੍ਹਾਂ ਫੁੱਟ ਪਾਉਣ ਦੇ ਕੀਤੇ ਯਤਨ ਕਾਰਨ ਖਾਲਸਾ ਪੰਥ ਉਨ੍ਹਾਂ ਨੂੰ ਕੱਚਿਆਂ ਚੱਬ ਜਾਵੇਗਾ। ਇਸ ਲਈ ਪਹਿਲਾਂ ਗਿਣ ਮਿਥ ਕੇ ਭਾਈ ਬੰਦਾ ਸਿੰਘ ਬਹਾਦਰ ਦੇ ਖਿਲਾਫ ਗਲਤ ਸੂਚਨਾਵਾਂ ਮਾਤਾ ਸੁੰਦਰੀ ਕੋਲ ਭੇਜੀਆਂ ਗਈਆਂ-ਫੇਰ ਮੁਗਲ ਹਾਕਮਾਂ ਨੂੰ ਪੰਥ ਦੀਆਂ ਅੰਦਰੂਨੀ ਮਰਿਆਦਾਵਾਂ ਬਾਰੇ ਪੂਰੀ ਜਾਣਕਾਰੀ ਦੇ ਕੇ ਮਾਤਾ ਸੁੰਦਰੀ ਕੋਲ ਭੇਜਿਆ ਗਿਆ।
ਇਸ ਤਰ੍ਹਾਂ ਤੱਤ ਖਾਲਸੇ ਦੇ ਲੀਡਰਾਂ ਨੇ ਪੁਜਾਰੀਆਂ ਨਾਲ ਮਿਲ ਕੇ ਗੁਰਮਤਿ ਮਰਿਆਦਾ ਨੂੰ ਪੈਰਾਂ ‘ਚ’ ਰੋਲਦੇ ਹੋਏ ਮਨਮਾਨੇ ਢੰਗ ਨਾਲ ਮਾਤਾ ਸੁੰਦਰੀ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਖਾਲਸਾ ਪੰਥ ਵਿੱਚ ਫੁੱਟ ਪਾਈ ਅਤੇ ਆਪਣੇ ਆਪ ਨੂੰ ਤੱਤ ਖਾਲਸਾ ਅਤੇ ਆਪਣੇ ਵਿਰੋਧੀਆਂ ਨੂੰ ਬੰਦਈ ਖਾਲਸਾ ਦਾ ਨਾਮ ਦੇ ਦਿੱਤਾ।
ਭਾਈ ਬੰਦਾ ਸਿੰਘ ਬਹਾਦਰ ਅਤੇ ਖਾਲਸਾ ਪੰਥ ਦੇ ਸਭ ਪ੍ਰਮੁੱਖ ਜਰਨੈਲਾਂ ਦੀ ਸ਼ਹਾਦਤ ਦੇ ਸਮੇਂ (1716) ਤੱਕ ਬੰਦਈ ਖਾਲਸਾ ਨਾਮ ਦਾ ਕੋਈ ਗਰੁੱਪ ਵਜੂਦ ਵਿੱਚ ਨਹੀਂ ਸੀ। ਬੰਦਈ ਖਾਲਸਾ ਨਾਮ ਦਾ ਗਰੁੱਪ ਤਾਂ ਖਾਲਸਾ ਰਾਜ ਦੀ ਸਥਾਪਨਾ ਲਈ ਸ਼ਹਾਦਤਾਂ ਦੇ ਗਏ ਪ੍ਰਮੁੱਖ ਜਰਨੈਲਾਂ ਦੀ ਸ਼ਹਾਦਤ ਤੋਂ 4-5 ਸਾਲ ਬਾਅਦ ਹੋਂਦ ਵਿੱਚ ਆਇਆ।
ਭਾਈ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਤਿੰਨ ਗਰੁੱਪ ਸਿੱਖ ਪੰਥ ਉਪਰ ਕਬਜ਼ਾ ਕਰਨ ਲਈ ਯਤਨਸ਼ੀਲ ਸਨ। ਪਹਿਲਾ ਗਰੁੱਪ ਤੱਤ ਖਾਲਸਾ ਸੀ, ਜਿਸ ਨੂੰ ਭਾਈ ਮਨੀ ਸਿੰਘ ਦੀ ਪੂਰੀ ਹਿਮਾਇਤ ਹਾਸਿਲ ਸੀ। ਦੂਸਰਾ ਗਰੁੱਪ ਬੰਦਈ ਖਾਲਸਾ ਸੀ, ਜਿਸ ਦੀ ਅਗਵਾਈ ਖਾਲਸਾਈ ਫੌਜਾਂ ਦੇ ਬਾਕੀ ਬਚੇ ਜੱਥੇਦਾਰ ਕਰ ਰਹੇ ਸਨ। ਇਹ ਗਰੁੱਪ ਸਿੱਖ ਪੁਜਾਰੀਆਂ, ਤੱਤ ਖਾਲਸਾ ਅਤੇ ਗੁਰੂ ਕੀਆਂ ਅੰਸ਼ਾਂ ਵੱਲੋ ਮੁਗਲ ਹਾਕਮਾਂ ਨਾਲ ਕੀਤੇ ਸਮਝੌਤੇ ਦਾ ਵਿਰੋਧੀ ਸੀ। ਸਿੱਖ ਪੁਜਾਰੀਆਂ ਅਤੇ ਦੂਜੇ ਗਰੁੱਪਾਂ ਵੱਲੋਂ ਕੀਤੇ ਝੂਠੇ ਪ੍ਰਚਾਰ ਕਾਰਨ ਇਹ ਗਰੁੱਪ ਬਹੁਤ ਘੱਟ ਗਿਣਤੀ ਵਿੱਚ ਹੋਣ ਕਰਕੇ ਖਾਲਸਾ ਰਾਜ ਦੀ ਲੜਾਈ ਅੱਗੇ ਤੋਰ ਸਕਣ ਤੋਂ ਅਸਮਰਥ ਸੀ।
ਤੀਸਰਾ ਗਰੁੱਪ ਗੁਰੂ ਸਾਹਿਬ ਦੇ ਪਰਿਵਾਰਾਂ ਨਾਲ ਸਬੰਧਤ ਉਹ ਲੋਕ ਸਨ, ਜੋ ਗੁਰੂ ਕੀਆਂ ਅੰਸ਼ਾ ਹੋਣ ਕਰਕੇ ਸਿੱਖ ਪੰਥ ਵਿੱਚ ਫੁੱਟ ਪਾ ਕੇ ਆਪਣੀ ਚੌਧਰ ਕਾਇਮ ਕਰਨ ਲਈ ਮੁਗਲ ਸਰਕਾਰ ਦੀ ਹਰ ਪ੍ਰਕਾਰ ਮਦਦ ਕਰ ਰਹੀਆਂ ਸਨ ਅਤੇ ਆਪਣੀ ਲੀਡਰਸ਼ਿਪ ਸਥਾਪਿਤ ਕਰਨ ਲਈ ਮੁਗਲ ਹਾਕਮਾਂ ਤੋਂ ਹਰ ਪ੍ਰਕਾਰ ਦੀ ਮਦਦ ਲੈ ਵੀ ਰਹੀਆਂ ਸਨ। ਮੁਗਲ ਹਾਕਮਾਂ ਨਾਲ ਹਰ ਪ੍ਰਕਾਰ ਦਾ ਮੇਲ ਹੋਣ ਕਰਕੇ ਇਹ ਲੋਕ ਹਰਿਮੰਦਰ ਸਾਹਿਬ ਵਿੱਚ ਉਨ੍ਹਾਂ ਦਿਨਾਂ ਵਿੱਚ ਵੀ ਮੌਜਾਂ ਕਰਦੇ ਰਹੇ, ਜਦੋਂ ਮਾਝੇ ਦੇ ਸਿੱਖ ਜੰਗਲਾਂ ਬੇਲਿਆਂ ਵਿੱਚ ਲੁਕ ਛਿਪ ਕੇ ਦਿਨ ਕਟੀ ਕਰ ਰਹੇ ਸਨ। ਉਸ ਸਮੇਂ ਇਹ ਤਿੰਨੇ ਗਰੁੱਪ ਹਰਿਮੰਦਰ ਸਾਹਿਬ ਵਿਖੇ ਚੜ੍ਹਨ ਵਾਲੇ ਚੜ੍ਹਾਵੇ ਉਪਰ ਆਪਣਾ ਆਪਣਾ ਹੱਕ ਜਤਾ ਰਹੇ ਸਨ।
1725 ਵਿੱਚ ਹਰਿਮੰਦਰ ਸਾਹਿਬ ਵਿਖੇ ਹੋਏ ਦੀਵਾਲੀ ਦੇ ਮੇਲੇ ਉਪਰ ਜਦੋਂ ਤੱਤ ਖਾਲਸਾ ਦੇ ਲੀਡਰਾਂ ਨੇ ਇਕੱਠੇ ਹੋਏ 13000 ਰੁਪਏ ਚੜ੍ਹਾਵੇ ਉਪਰ ਕਬਜ਼ਾ ਕਰ ਲਿਆ ਤਾਂ ਤਿੰਨ ਗਰੁੱਪਾਂ ਵਿੱਚ ਚੜ੍ਹਾਵੇ ਦੀ ਰਕਮ ਬਰਾਬਰ ਬਰਾਬਰ ਵੰਡੇ ਜਾਣ ਸਬੰਧੀ ਵਿਵਾਦ ਸ਼ੁਰੂ ਹੋ ਗਿਆ। ਇਸ ਸਮੇਂ ਭਾਈ ਮਨੀ ਸਿੰਘ ਅਤੇ ਅੰਮ੍ਰਿਤਸਰ ਵਿੱਚ ਤੱਤ ਖਾਲਸੇ ਨੂੰ ਸਹਿਯੋਗ ਦੇਣ ਲਈ ਬੈਠੇ ਮੁਗਲ ਰਾਜ ਦੇ ਅਹਿਲਕਾਰਾਂ ਨੇ ਚੜ੍ਹਾਵੇ ਦੀ ਵੰਡ ਦੇ ਨਿਬੇੜੇ ਲਈ ਤੱਤ ਖਾਲਸਾ, ਬੰਦਈ ਖਾਲਸਾ, ਤੱਤ ਖਾਲਸਾ-ਬੰਦਈ ਖਾਲਸਾ, ਅਤੇ ਗੁਰੂ ਕੀਆਂ ਅੰਸ਼ਾਂ ਲਿਖਕੇ ਚਾਰ ਪਰਚੀਆਂ ਸਰੋਵਰ ਵਿੱਚ ਪਵਾ ਕੇ ਖਾਲਸਾ ਰਾਜ ਦੇ ਗੰਭੀਰ ਵਿਚਾਰਧਾਰਕ ਮਸਲੇ ਨੂੰ ਹੱਲ ਕਰਨ ਦੀ ਜੋ ਜੱਟਕੀ - ਜੁਗਤ ਲੱਭੀ, ਉਸ ਤੋਂ ਪਤਾ ਲੱਗਦਾ ਹੈ ਕਿ ਭਾਈ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਮੁਚੇ ਸਿੱਖ ਪੰਥ ਦੇ ਲੀਡਰ ਰਾਜਨੀਤਕ ਸਮਝ ਤੋਂ ਪੂਰੀ ਤਰ੍ਹਾਂ ਮਸਤਾਨੇ ਸਨ।
ਉਸ ਸਮੇਂ ਜਦੋਂ ਤੱਤ ਖਾਲਸਾ ਦੀ ਪਰਚੀ ਪਾਣੀ ਉਪਰ ਤੈਰ ਆਈ ਤਾਂ ਤੱਤ ਖਾਲਸੇ ਦੇ ਲੀਡਰਾਂ ਨੇ ਜੈਕਾਰੇ ਛੱਡਦੇ ਹੋਏ ਬੰਦਈ ਖਾਲਸੇ ਦੇ ਸਿੰਘਾਂ ਨੂੰ ਤੱਤ ਖਾਲਸੇ ਵਿੱਚ ਸ਼ਾਮਿਲ ਹੋਣ ਲਈ ਵੰਗਾਰਿਆ ਅਤੇ ਕੁਝ ਬੰਦਈ ਸਿੰਘਾਂ ਨੂੰ ਜਬਰਦਸਤੀ ਫੜ੍ਹਕੇ, ਉਨ੍ਹਾਂ ਦੇ ਮੂੰਹ ਵਿੱਚ ਸੂਰ ਦੇ ਮੀਟ ਦੀ ਤਰੀ ਪਾ ਕੇ ਅਸਲੀ ਖਾਲਸਾ ਬਣਾਉਣ ਦਾ ਯਤਨ ਕੀਤਾ ਤਾਂ ਦੋਨਾਂ ਧਿਰਾਂ ਵਿੱਚ ਲੜਾਈ ਛਿੜ ਪਈ। ਇੱਥੇ ਇਹ ਲਿਖ ਦੇਣਾ ਵੀ ਉਚਿਤ ਹੈ ਕਿ ਗੁਰੂ ਸਾਹਿਬ ਤੋਂ ਪਿਛੋਂ ਤੱਤ ਖਾਲਸੇ ਨੇ ਜੰਗ ਵਿੱਚ ਹੱਥ ਆਈਆਂ ਮੁਸਲਮਾਨ ਔਰਤਾਂ ਨੂੰ ਰੰਨ ਬਣਾਉਣ ਅਤੇ ਦੂਜੇ ਲੋਕਾਂ ਨੂੰ ਖਾਲਸਾ ਪੰਥ ਵਿੱਚ ਸ਼ਾਮਿਲ ਕਰਨ ਦਾ ਇਹ ਨਵਾਂ ਫਾਰਮੂਲਾ ਈਜ਼ਾਦ ਕਰਕੇ ਖਾਲਸੇ ਦੇ ਉਚੇ ਸੁੱਚੇ ਵਿਚਾਰਧਾਰਕ ਕਿਰਦਾਰ ਨੂੰ ਇੱਕ ਭੇਖ ਵਿੱਚ ਬਦਲ ਦਿੱਤਾ।
ਤੱਤ ਖਾਲਸੇ ਦੇ ਹੱਲੇ ਵਿੱਚ ਜਦੋਂ ਬੰਦਈ ਖਾਲਸੇ ਦਾ ਗਰੁੱਪ ਲੀਡਰ ਅਮਰ ਸਿੰਘ ਕੰਬੋ ਖੇਮਕਰਣ ਵਾਲਾ ਮਾਰਿਆ ਗਿਆ ਤਾਂ ਭਾਈ ਮਨੀ ਸਿੰਘ ਨੇ ਉਸ ਦੀ ਗੱਦੀ ਉਪਰ ਬੈਠ ਕੇ ਐਲਾਨ ਕਰ ਦਿੱਤਾ ਕਿ ਜੋ ਬਚਣਾ ਚਾਹੁੰਦਾ ਹੈ, ਉਹ ਮੇਰੇ ਸਾਮ੍ਹਣੇ ਹਥਿਆਰ ਸੁੱਟ ਦੇਵੇ ? ਜਿੰਨ੍ਹਾਂ ਨੇ ਭਾਈ ਮਨੀ ਸਿੰਘ ਸਾਮ੍ਹਣੇ ਆਤਮ ਸਮਰਪਣ ਕਰ ਦਿੱਤਾ - ਉਹ ਕਤਲ ਹੋਣ ਤੋਂ ਬਚ ਗਏ ਅਤੇ ਬਾਕੀਆਂ ਨੂੰ ਕਤਲ ਕਰ ਦਿੱਤਾ ਗਿਆ।
ਇਸ ਅਚਨਚੇਤ ਹੋਏ ਹਮਲੇ ਵਿੱਚੋਂ ਜੋ ਬੰਦਈ ਸਿੰਘ ਬਚਕੇ ਨਿਕਲ ਗਏ, ਉਨ੍ਹਾਂ ਨੂੰ ਮੁਗਲ ਫੌਜਾਂ ਅਤੇ ਤੱਤ ਖਾਲਸਾ ਨੇ ਉਸੇ ਤਰ੍ਹਾਂ ਲੱਭ ਲੱਭ ਕੇ ਮਾਰ ਦਿੱਤਾ, ਜਿਸ ਤਰ੍ਹਾਂ 1984 ਤੋਂ ਬਾਅਦ ਖਾੜਕੂਆਂ ਤੋਂ ਪੁਲਸ ਕੈਟ ਬਣੇ ਖਾੜਕੂਆਂ ਨੇ ਖਾੜਕੂਆਂ ਨੂੰ ਲੱਭ ਲੱਭ ਮਾਰਿਆ ਸੀ।
ਖਾਲਸਾ ਪੰਥ ਦੀ ਸਾਜਣਾ ਤੋਂ ਬਾਅਦ ਜੋ ਪਹਿਲਾ ਭਿਅੰਕਰ ਹਮਲਾ ਸਰਹੰਦ ਦੇ ਸੂਬੇ ਵਜ਼ੀਦ ਖਾਂ ਨੇ ਖਾਲਸਾ ਪੰਥ ਦੇ ਸਿਰਜਨਹਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਖਾਲਸਾ ਪੰਥ ਦੀ ਨਸਲਕੁਸ਼ੀ ਕਰਨ ਲਈ ਕੀਤਾ ਸੀ। ਉਸ ਵਿੱਚੋਂ ਤਾਂ ਗੁਰੂ ਸਾਹਿਬ ਅਤੇ ਖਾਲਸਾ ਪੰਥ ਦਾ ਕੁਝ ਹਿੱਸਾ ਬਚ ਕੇ ਨਿਕਲ ਗਏ ਸਨ। ਪਰ ਗੁਰੂ ਦੇ ਹੁਕਮਾਂ ਨੂੰ ਮਿੱਟੀ ਵਿੱਚ ਰੋਲਦੇ ਹੋਏ ਜਗੀਰਾਂ ਅਤੇ ਪੈਸੇ ਦੇ ਲਾਲਚ ਵਿੱਚ ਫਸ ਕੇ ਖਾਲਸਾ ਰਾਜ ਦੇ ਗੁਰੂ ਆਸ਼ੇ ਨੂੰ ਤਜਦੇ ਹੋਏ ਖਾਲਸਾ ਰਾਜ ਦੇ ਹਾਮੀਆਂ ਉਪਰ ਕੀਤਾ ਗਿਆ ਇਹ ਹਮਲਾ ਵਜੀਦ ਖਾਂ ਤੋਂ ਵੀ ਭਿਅੰਕਰ ਸੀ। ਕਿਉਂਕਿ ਇਸ ਹਮਲੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਦਾ ਵਿਚਾਰ ਰੱਖਣ ਵਾਲਾ ਸਮੂਹ ਖਾਲਸਾ ਪੰਥ ਨਸਲਕੁਸ਼ੀ ਦਾ ਸ਼ਿਕਾਰ ਹੋ ਗਿਆ। ਇੰਝ ਖਾਲਸਾ ਰਾਜ ਦੀ ਸਥਾਪਨਾ ਲਈ ਜੂਝ ਮਰੀਆਂ ਖਾਲਸਾਈ ਫੌਜਾਂ ਦਾ ਸਹੀ ਪੱਖ ਸਿੱਖ ਪੰਥ ਸਾਮ੍ਹਣੇ ਰੱਖਣ ਲਈ ਕੋਈ ਵੀ ਨਾ ਬਚਿਆ।
ਇਸ ਤਰ੍ਹਾਂ ਸਿੱਖ ਪੁਜਾਰੀਆਂ, ਗੱਦਾਰ ਸਿੱਖ ਲੀਡਰਾਂ ਅਤੇ ਮੁਗਲ ਹਾਕਮਾਂ ਦੀ ਮਿਲੀ ਭੁਗਤ ਨਾਲ ਖਾਲਸਾ ਰਾਜ ਦੀ ਇੱਛਾ ਰੱਖਣ ਵਾਲੇ ਇੱਕ ਇੱਕ ਸਿੰਘ ਨੂੰ ਕਤਲ ਕਰਕੇ ਸਦਾ ਲਈ ਖਾਲਸਾ ਰਾਜ ਦਾ ਭੋਗ ਪਾ ਦਿੱਤਾ। ਉਸ ਸਮੇਂ ਤੋਂ ਹੀ ਤੱਤ ਖਾਲਸਾ ਦੀ ਰਾਜਨੀਤਕ ਅਤੇ ਧਾਰਮਿਕ ਵਿਚਾਰਧਾਰਾ ਨੇ ਸਿੱਖ ਪੰਥ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅਠਾਰਵੀਂ ਸਦੀ ਵਿੱਚ ਸਿੱਖ ਇਤਿਹਾਸ ਲਿਖਣ ਵਾਲੇ ਦੇਸੀ ਬਦੇਸ਼ੀ ਸਭ ਇਤਿਹਾਸਕਾਰਾਂ ਨੂੰ ਸੂਚਨਾ ਮੁਹਈਆ ਕਰਵਾਉਣ ਵਾਲੀਆਂ ਸਭ ਪੰਥਕ ਜਥੇਬੰਦੀਆਂ ਤੱਤ ਖਾਲਸਾ ਦੇ ਕਬਜ਼ੇ ਵਿੱਚ ਹੋਣ ਕਰਕੇ ਪ੍ਰਾਪਤ ਸਿੱਖ ਇਤਿਹਾਸ ਤੱਤ ਖਾਲਸਾ ਦੀ ਵਿਚਾਰਧਾਰਾ ਵਾਲਾ ਹੀ ਮਿਲਦਾ ਹੈ।
ਸਿੱਖ ਇਤਿਹਾਸ ਨੂੰ ਪੜ੍ਹਨ ਅਤੇ ਸਮਝਣ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਜਰੂਰੀ ਹੋ ਜਾਂਦਾ ਹੈ ਕਿ ਸਿੱਖ ਇਤਿਹਾਸ ਦੀ ਸਾਰੀ ਰਾਜਨੀਤਕ ਜੰਗ ਮਾਝੇ ਦੀ ਧਰਤੀ ਉਪਰ ਹੀ ਲੜੀ ਗਈ ਹੈ। ਇਸ ਕਰਕੇ ਜਿਵੇਂ ਸਿੱਖ ਇਤਿਹਾਸ ਦੇ ਮਹਾਨ ਸੂਰਬੀਰ ਯੋਧੇ ਵੀ ਮਾਝੇ ਨਾਲ ਸਬੰਧਿਤ ਹਨ ਅਤੇ ਉਵੇਂ ਹੀ ਸਿੱਖ ਪੰਥ ਦੇ ਸਭ ਤੋਂ ਵੱਡੇ ਗਦਾਰ ਵੀ ਮਾਝੇ ਨਾਲ ਹੀ ਸਬੰਧਿਤ ਦੇਖੇ ਜਾ ਸਕਦੇ ਹਨ। ਇਸ ਕਾਰਨ ਹੀ ਮਾਝੇ ਨਾਲ ਸਬੰਧਿਤ ਸਿੱਖ ਇਤਿਹਾਸਕਾਰਾਂ ਦੀਆਂ ਸਿੱਖ ਪੰਥ ਦੀ ਰਾਜਨੀਤਕ ਉਥਲ ਪੁਥਲ ਸਬੰਧੀ ਸੂਚਨਾਵਾਂ ਜਿ਼ਆਦਾ ਸਟੀਕ ਹਨ। ਇਸ ਕਰਕੇ ਮੇਰਾ ਮੰਨਣਾ ਹੈ ਕਿ ਮਾਝੇ ਦੇ ਇਤਿਹਾਸਕਾਰਾਂ ਵੱਲੋਂ ਦਿੱਤੀਆਂ ਸੂਚਨਾਵਾਂ ਤਾਂ ਸਹੀ ਹਨ ਪਰ ਜਾਤੀ ਅਤੇ ਇਲਾਕਾਵਾਦ ਦੇ ਹਿੱਤਾਂ ਨੂੰ ਪੂਰਾ ਕਰਦੇ ਹੋਏ ਮਾਝੇ ਦੇ ਇਤਿਹਾਸਕਾਰਾਂ ਨੇ ਆਪਣੇ ਪਿਤਾ ਪੁਰਖਿਆਂ ਵੱਲੋਂ ਕੀਤੀ ਗਦਾਰੀ ਨੂੰ ਛੁਪਾਉਣ ਲਈ ਸੂਚਨਾਵਾਂ ਦੀ ਪੇਸ਼ਕਾਰੀ ਗਲਤ ਢੰਗ ਨਾਲ ਕੀਤੀ ਹੈ।
ਇਸ ਤਰ੍ਹਾਂ ਭਾਈ ਬੰਦਾ ਸਿੰਘ ਬਹਾਦਰ ਜੀ ਨੂੰ ਪੰਥ ਵਿਚੋਂ ਛੇਕ ਕੇ ਮੁਗਲ ਹਾਕਮਾਂ ਨਾਲ ਪਹਿਲਾਂ ਤੋਂ ਹੀ ਤਹਿ ਹੋਏ ਸਮਝੌਤੇ ਨੂੰ ਹੇਠ ਲਿਖੇ ਅਨੁਸਾਰ ਲਿਖਤੀ ਰੂਪ ਦਿੱਤਾ ਗਿਆ।
ਮੁਗਲ ਬਾਦਸ਼ਾਹ ਵੱਲੋਂ 51000 (ਇੱਕਵੰਜਾ ਹਜ਼ਾਰ) ਰੁਪਏ ਅਤੇ ਜਾਗੀਰਾਂ ਦੇਣ ਦਾ ਹੁਕਮ ਲਾਹੌਰ ਦੇ ਸੂਬੇ ਨੂੰ ਦਿੱਤਾ ਗਿਆ ਸੀ। ਗੁਰੂ ਕੀਆਂ ਅੰਸ਼ਾਂ ਅਤੇ ਤੱਤ ਖਾਲਸਾ ਦੇ ਪ੍ਰਮੁੱਖ ਲੀਡਰਾਂ ਦੀ ਅਗਵਾਈ ਵਿਚ ਪੰਜ ਹਜ਼ਾਰ ਸਿੱਖ ਸਿਪਾਹੀ ਲਾਹੌਰ ਦੀ ਰਾਖੀ ਲਈ ਲਾਹੌਰ ਦੇ ਦਰਬਾਰ ਵਿੱਚ ਤਨਖਾਹ ਉਪਰ ਨੌਕਰ ਹੋ ਗਏ। ਅੰਮ੍ਰਿਤਸਰ ਰਹਿਣ ਵਾਲੇ ਸਿੱਖਾਂ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਖਰਚ ਲਈ ਅਤੇ ਝਬਾਲ ਦਾ ਪ੍ਰਗਣਾ ਘੋੜਿਆਂ ਦੇ ਚਾਰੇ ਲਈ ਦਿੱਤਾ ਗਿਆ। ਇਸ ਸਮਝੌਤੇ ਦੀਆਂ ਹੇਠ ਲਿਖੀਆਂ ਸ਼ਰਤਾਂ ਸਨ:-
1) ‘ਖਾਲਸਾ ਪੰਥ’ ਪਰਜਾ ਦੀ ਲੁੱਟ ਮਾਰ ਬੰਦ ਕਰਕੇ ਬਾਦਸ਼ਾਹ ਦੇ ਕਿਸੇ ਮੁਲਕ ਉਪਰ ਹੱਥ ਨਹੀਂ ਪਾਵੇਗਾ। 2) ਪੰਜਾਬ ਉੱਪਰ ਹੋਣ ਵਾਲੇ ਕਿਸੇ ਵੀ ਹਮਲੇ ਸਮੇਂ ‘ਖਾਲਸਾ ਪੰਥ’ ਬਾਦਸ਼ਾਹ ਦੀ ਸਹਾਇਤਾ ਕਰੇਗਾ। 3) ਜੋ ਜਗੀਰ ਅਤੇ ਵਜੀਫਾ ‘ਖਾਲਸਾ ਪੰਥ’ ਦਾ ਮੁਕੱਰਰ ਹੋਇਆ ਹੈ, ਉਸ ਦੇ ਭੁਗਤਾਨ ਵਿੱਚ ਕੋਈ ਕਮੀ ਪੇਸ਼ੀ ਨਹੀਂ ਆਵੇਗੀ। 4) ਪੰਜਾਬ ਵਿੱਚ ਕਿਸੇ ਨੂੰ ਜ਼ਬਰੀ ਮੁਸਲਮਾਨ ਨਹੀਂ ਬਣਾਇਆ ਜਾਵੇਗਾ। 5) ਕਿਸੇ ਵੀ ਮਜ਼੍ਹਬ ਨੂੰ ਆਪਣੇ ਤਰੀਕੇ ਨਾਲ ਪੂਜਾ ਕਰਨ ਤੋਂ ਨਹੀਂ ਰੋਕਿਆ ਜਾਵੇਗਾ। 6) ਹਿੰਦੂਆਂ ਤੋਂ ਜਜ਼ੀਆ ਟੈਕਸ ਨਹੀਂ ਲਿਆ ਜਾਵੇਗਾ। 7) ਜੇ ਕੋਈ ਸਿੱਖ ਖੇਤੀ ਕਰੇਗਾ ਤਾਂ ਉਸ ਤੋਂ ਅੱਧਾ ਮਾਮਲਾ ਲਿਆ ਜਾਵੇਗਾ। 8) ਪੰਜਾਬ ਵਿੱਚ ਗਊ ਹੱਤਿਆ ਨਹੀਂ ਕੀਤੀ ਜਾਵੇਗੀ। 9) ਕਿਸੇ ਦੀ ਬਹੂ ਬੇਟੀ ਨੂੰ ਕੋਈ ਮੁਸਲਮਾਨ ਜਬਰੀ ਹੱਥ ਨਹੀਂ ਪਾਵੇਗਾ।
ਇੱਕ ਲਿਖਤ ਅਹਿਦਨਾਮਾ ਕਰਕੇ ਉਸ ਉਪਰ ਮੁਗਲ ਅਹਿਲਕਾਰਾਂ ਅਤੇ ਸਿੱਖ ਜੱਥੇਦਾਰਾਂ ਦੇ ਦਸਖਤ ਕਰਵਾਏ ਗਏ।
ਇਹ ਸਭ ਕੁਝ ਬਾਦਸ਼ਾਹ ਦੇ ਕਹਿਣ ਉਤੇ ਸੂਬਾ ਲਾਹੌਰ ਕਰ ਰਿਹਾ ਸੀ। ਇਸ ਫੁੱਟ ਵਿੱਚ ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ, ਭਾਈ ਨਿਹਾਲ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਵਰਗੇ ਪ੍ਰਮੁੱਖ 28 ਸੂਰਬੀਰ ਖਾਲਸਾ ਜਰਨੈਲ ਲੱਗਭੱਗ 8000 ਖਾਲਸਾ ਫੌਜ਼ਦੇ ਨਾਲ ਖਾਲਸਾ ਰਾਜ ਦੇ ਸੰਕਲਪ ਉਪਰ ਦ੍ਰਿੜ ਰਹਿੰਦੇ ਹੋਏ ਭਾਈ ਬੰਦਾ ਸਿੰਘ ਬਹਾਦਰ ਨਾਲ ਡਟੇ ਰਹੇ।
ਲਾਹੌਰ ਦੇ ਸੂਬੇ ਦਾ ਪੰਥ ਵਿੱਚ ਪਾਈ ਇਸ ਫੁਟ ਨੂੰ ਨੇਪਰੇ ਚੜ੍ਹਾਉਣ ਵਿੱਚ ਮੁੱਖ ਰੋਲ ਸੀ। ਖਾਲਸਾ ਰਾਜ ਦੀ ਸਥਾਪਨਾ ਲਈ ਜੂਝਣ ਵਾਲੇ ਖਾਲਸਾ ਜਰਨੈਲਾਂ ਨੇ ਪੰਥ ਨੂੰ ਇਸ ਫੁੱਟ ਤੋਂ ਬਚਾਉਣ ਲਈ ਇੱਕ ਪਾਸੇ ਤੱਤ ਖਾਲਸੇ ਦੇ ਲੀਡਰਾਂ ਦੀਆਂ ਮਿੰਨਤਾਂ ਕੀਤੀਆਂ ਅਤੇ ਦੂਜੇ ਪਾਸੇ ਲਾਹੌਰ ਦੇ ਸੂਬੇ ਨੂੰ ਸਬਕ ਸਿਖਾਉਣ ਲਈ ਲਾਹੌਰ ਉਪਰ ਹਮਲਾ ਕਰਨ ਦੀ ਵਿਉਂਤ ਬਣਾ ਕੇ ਚਾਲੇ ਪਾ ਦਿੱਤੇ।
ਖਾਲਸਾ ਫੌਜਾਂ ਦੀ ਹਰ ਕਾਰਵਾਈ ਦੀ ਪੱਕੀ ਖਬਰ ਤੱਤ ਖਾਲਸਾ ਰਾਹੀਂ ਸੂਬਾ ਲਾਹੌਰ ਕੋਲ ਪਹੁੰਚਣੀ ਸ਼ੁਰੂ ਹੋ ਗਈ ਸੀ। ਖਾਲਸਾ ਫੌਜਾਂ ਜਦੋਂ ਹਮਲਾ ਕਰਨ ਲਈ ਲਾਹੌਰ ਵੱਲ ਤੁਰੀਆਂ ਤਾਂ ਲਾਹੌਰ ਦੇ ਸੂਬੇ ਨੇ ਅੰਮ੍ਰਿਤਸਰ ਬੈਠੇ ਸਿੱਖਾਂ ਨੂੰ ਮਦਦ ਕਰਨ ਵਾਸਤੇ ਕਹਿ ਦਿੱਤਾ। ਮੀਰੀ ਸਿੰਘ ਦੀ ਅਗਵਾਈ ਵਿੱਚ ਇੱਕ ਵੱਡੇ ਜੱਥੇ ਨੇ ਮੁਗਲ ਫੌਜਾਂ ਨਾਲ ਰਲ ਕੇ ਖਾਲਸਾ ਫੌਜਾਂ ਉਪਰ ਹਮਲੇ ਤੋਂ ਪਹਿਲਾਂ ਹੀ ਜਬਰਦਸਤ ਹੱਲਾ ਬੋਲ ਦਿੱਤਾ।
ਖਾਲਸਾ ਫੌਜ ਦੇ ਭੇਤੀ ਰਹੇ ਸਿੱਖਾਂ ਵੱਲੋਂ ਮੁਗਲ ਫੌਜਾਂ ਨਾਲ ਰਲ ਕੇ ਕੀਤੇ ਇਸ ਹਮਲੇ ਦਾ ਟਾਕਰਾ ਕਰਦਿਆਂ ਕੋਹਾਂ ਤੱਕ ਖਾਲਸਾ ਫੌਜ ਦੇ ਸਿਪਾਹੀਆਂ ਦੀ ਲੋਥ ਉਪਰ ਲੋਥ ਵਿਛ ਗਈ। ਬਾਕੀ ਬਚੀ ਖਾਲਸਾ ਫੌਜ਼ ਗੁਰਦਾਸ ਨੰਗਲ ਦੇ ਗੁਪਤ ਟਿਕਾਣੇ ਉਪਰ ਘੇਰ ਲਈ ਗਈ। ਇਸ ਤਰ੍ਹਾਂ ਖਾਲਸਾ ਰਾਜ ਦੀ ਸਥਾਪਨਾ ਕਰਕੇ ਪੰਜਾਬ ਦੇ ਸਿੱਖਾਂ ਨੂੰ ਪਾਤਸ਼ਾਹੀ ਦੇਣ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸੁਪਨਾ ਸਿੱਖਾਂ ਦੇ ਇੱਕ ਧੜੇ ਵੱਲੋਂ ਪੱਕੇ ਤੌਰ ਤੇ ਨਸ਼ਟ ਕਰ ਦਿੱਤਾ ਗਿਆ।
ਸਿੱਖਾਂ ਦੇ ਇੱਕ ਧੜੇ ਦੀ ਗਦਾਰੀ ਦੇ ਸਿੱਟੇ ਬਾਅਦ ਵਿੱਚ ਸਿੱਖ ਪੰਥ ਨੇ ਚਾਲ੍ਹੀ ਸਾਲ ਤੱਕ ਭੁਗਤੇ। ਖਾਲਸਾ ਪੰਥ ਦੇ ਸਾਰੇ ਪ੍ਰਮੁੱਖ ਜਰਨੈਲਾਂ ਨੂੰ ਦਿੱਲੀ ਵਿੱਚ ਸ਼ਹੀਦ ਕਰ ਦੇਣ ਤੋਂ ਕੁਝ ਸਾਲਾਂ ਬਾਅਦ ਉਹ ਕੁਝ ਸੱਚ ਹੋਣਾ ਸ਼ੁਰੂ ਹੋ ਗਿਆ, ਜਿਸ ਬਾਰੇ ਬੰਦਾ ਸਿੰਘ ਬਹਾਦਰ ਕੂਕ-ਕੂਕ ਕੇ ਕਹਿ ਰਿਹਾ ਸੀ।
ਮੁਗਲ ਹਾਕਮਾਂ ਨੇ ਸਿੱਖਾਂ ਦੀ ਗਿਣਤੀ ਦੇਖ ਕੇ ਜੋ ਜਗੀਰਾਂ ਅਤੇ ਰੋਜ਼ੀਨਾ ਦੇਣਾ ਸ਼ੁਰੂ ਕੀਤਾ ਸੀ, ਉਥੇ ਕੁਝ ਮਹੀਨਿਆਂ ਵਿੱਚ ਸਿੱਖਾਂ ਦੀਆਂ ਗਿਣਤੀਆਂ ਕਈ ਗੁਣਾ ਵਧ ਜਾਣ ਕਰਕੇ ਜਦੋਂ ਪੂਰਾ ਨਾ ਪਟਿਆ ਤਾਂ ਸਿੱਖਾਂ ਵੱਲੋਂ ਕੀਤੀ ਜਾਣ ਵਾਲੀ ਲੁੱਟ ਮਾਰ ਤੋਂ ਖਿਝ ਕੇ ਲਹੌਰ ਦੇ ਸੂਬੇ ਅਬਦ ਸਮਦ ਖਾਨ ਦੀ ਥਾਂ ਨਿਯੁਕਤ ਹੋਏ ਨਵੇਂ ਸੂਬੇਦਾਰ ਜ਼ਕਰੀਆ ਖਾਨ ਨੇ ਲਾਹੌਰ ਦੀਆਂ ਫੌਜਾਂ ਵਿੱਚ ਭਰਤੀ ਹੋਏ ਤੱਤ ਖਾਲਸੇ ਦੇ ਫੌਜੀਆਂ ਨੂੰ ਫੌਜ਼ਵਿੱਚੋਂ ਕੱਢ ਦਿੱਤਾ। ਤੱਤ ਖਾਲਸੇ ਦੇ ਖਰਚੇ ਲਈ ਭੇਜੀ ਜਾਣ ਵਾਲੀ ਮਹੀਨਾਵਾਰ ਰਕਮ ਬੰਦ ਕਰਕੇ, ਦਿੱਤੀ ਗਈ ਜਗੀਰ ਵੀ ਵਾਪਸ ਲੈ ਲਈ।
ਖਾਲਸਾ ਰਾਜ ਦੀ ਸਥਾਪਨਾ ਸਮੇਂ ਜਗੀਰਦਾਰੀ ਤੋੜਕੇ ਹਲਵਾਹਕਾਂ ਨੂੰ ਦਿੱਤੀ ਜ਼ਮੀਨ ਦੀ ਮਾਲਕੀ ਨਾਲ ਨੁਕਸਾਨੇ ਗਏ ਮੁਗਲ ਜਗੀਰਦਾਰਾਂ ਦੀ ਪੁਕਾਰ ਸੁਣ ਕੇ ਪੂਰੇ ਪੰਜਾਬ ਵਿੱਚ ਡੌਂਡੀ ਪਿਟਵਾ ਦਿੱਤੀ ਕਿ ਬੰਦਾ ਸਿੰਘ ਦੇ ਖਾਲਸਾ ਰਾਜ ਸਮੇਂ ਜਿਸ ਜਿਸ ਦਾ ਜੋ ਵੀ ਨੁਕਸਾਨ ਹੋਇਆ ਹੈ, ਉਹ ਲਾਹੌਰ ਦੇ ਦਰਬਾਰ ਵਿੱਚ ਆਪਣੇ ਹੋਏ ਨੁਕਸਾਨ ਦੀ ਪੂਰਤੀ ਲਈ ਦਰਖਾਸਤ ਦੇਵੇ।
ਇਸ ਤਰ੍ਹਾਂ ਪੰਜਾਬ ਦੇ ਸਿੱਖਾਂ ਉਪਰ ਜ਼ੁਲਮਾਂ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਗਈ। ਪੰਜਾਬ ਦੇ ਜੱਟ ਸਿੱਖਾਂ ਵੱਲੋਂ ਕਬਜ਼ੇ ਵਿੱਚ ਲਈਆਂ ਜ਼ਮੀਨਾਂ ਮੁੜ ਫੇਰ ਜਗੀਰਦਾਰਾਂ ਵੱਲੋਂ ਕਬਜੇ ਵਿੱਚ ਲੈ ਲਈਆਂ ਗਈਆਂ। ਨੁਕਸਾਨ ਦੀ ਪੂਰਤੀ ਲਈ ਸਿੱਖਾਂ ਦੇ ਘਰ ਘਾਟ ਪਸ਼ੂ ਡੰਗਰ ਨਿਲਾਮ ਕਰ ਦਿੱਤੇ ਗਏ। ਵਿਰੋਧ ਕਰਨ ਵਾਲੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਸਿੱਖ ਪੁਜਾਰੀਆਂ ਅਤੇ ਗੱਦਾਰ ਸਿੱਖਾਂ ਦੇ ਟੋਲੇ ਦੀ ਹਮਾਇਤ ਕਰਨ ਦਾ ਨਤੀਜਾ ਮਾਝੇ ਦੇ ਸਿੱਖਾਂ ਨੂੰ ਜੰਗਲਾਂ ਵਿੱਚ ਭੁੱਖੇ ਤਿਹਾਏ ਰਹਿ ਕੇ ਭੁਗਤਣਾ ਪਿਆ। ਪਿੰਡਾਂ ਦੇ ਪਿੰਡ ਅਤੇ ਪਰਿਵਾਰਾਂ ਦੇ ਪਰਿਵਾਰਾਂ ਨੂੰ ਜੰਗਲਾਂ ਵਿੱਚ ਲੁੱਕ ਛਿਪਕੇ ਦਿਨ ਕਟੀ ਕਰਨੀ ਪਈ। ਜਿਉਂਦੇ ਰਹਿਣ ਲਈ ਲੁੱਟਮਾਰ ਕਰਕੇ ਗੁਜ਼ਾਰਾ ਕਰਨਾ ਪਿਆ। ਇਸ ਮਾਰੂ ਸਮੇਂ ਵਿੱਚ ਵੀ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਕਿਸੇ ਸਿੱਖ ਦਾ ਵਾਲ ਵੀ ਵਿੰਗਾ ਨਾ ਹੋਇਆ।
ਖਾਲਸਾ ਪੰਥ ਨਾਲ ਗੱਦਾਰੀ ਕਰਨ ਵਾਲੇ ਸਿੱਖ ਸਰਦਾਰਾਂ ਨੂੰ ਫਿਟੇ ਲਾਹਣਤਾਂ ਪਾਉਂਦੇ ਹੋਏ ਮਾਝੇ ਦੇ ਲੋਕਾਂ ਨੇ ਅਜਿਹਾ ਦੁਤਕਾਰਿਆ ਕਿ ਉਹ ਸਿੱਖ ਸਰਦਾਰ ਬਾਅਦ ਵਿੱਚ ਕਿਸ ਮੌਤ ਮਰੇ, ਇਸ ਦੀ ਇਤਿਹਾਸ ਵਿੱਚ ਕੋਈ ਖ਼ਬਰ ਨਹੀਂ ਹੈ। ਇਸ ਤਰ੍ਹਾਂ ਭਾਈ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵੱਲੋਂ ਜੋ ਜੰਗ ਲੜੀ ਗਈ-ਉਹ ਖਾਲਸਾ ਰਾਜ ਦੀ ਸਥਾਪਨਾ ਲਈ ਨਹੀਂ - ਬਲਕਿ ਜੀਵਨ ਬਚਾਉਣ ਦਾ ਸਿਧਾਂਤਹੀਣ ਸੰਘਰਸ਼ ਸੀ। ਆਪਣੀ ਮੂਰਖਤਾ ਅਤੇ ਗੁਰੂ ਆਸ਼ੇ ਨਾਲ ਕੀਤੀ ਗਦਾਰੀ ਕਾਰਨ ਆਪਣੇ ਮੂਲ ਨਿਸ਼ਾਨੇ ਚੋਂ ਭਟਕ ਚੁੱਕੇ ਉਸ ਸਮੇਂ ਦੇ ਸਿੱਖਾਂ ਵੱਲੋਂ ਲੁਟਮਾਰ ਕਰਕੇ ਜੀਵਨ ਬਿਤਾਉਣ ਨੂੰ ਗੁਰਮਤਿ ਦੇ ਕਿਸੇ ਵੀ ਸਿਧਾਂਤ ਉਪਰ ਸਹੀ ਨਹੀਂ ਠਹਿਰਾਇਆ ਜਾ ਸਕਦਾ।
1750 ਦੇ ਆਉਂਦਿਆਂ-ਆਉਂਦਿਆਂ ਸਿੱਖਾਂ ਵਿੱਚੋਂ ‘ਖਾਲਸਾ ਰਾਜ’ ਦਾ ਵਿਚਾਰ ਮਰ ਮੁੱਕ ਕੇ ਸ਼ਖਸ਼ੀ ਸਿੱਖ ਰਾਜ ਵਿੱਚ ਬਦਲ ਗਿਆ ਸੀ। ਮੁਗਲ ਰਾਜ ਦੇ ਕਮਜ਼ੋਰ ਹੋਣ ਸਮੇਂ ਜੰਗਲਾਂ-ਬੇਲਿਆਂ ਵਿੱਚ ਰਹਿਣ ਵਾਲੇ ਸਿੱਖਾਂ ਅਤੇ ਜਾਨ ਬਚਾਉਣ ਲਈ ਪੰਜਾਬ ਤੋਂ ਬਾਹਰ ਦੂਜੀਆਂ ਰਿਆਸਤਾਂ ਵਿੱਚ ਰਹਿਣ ਵਾਲੇ ਸਿੱਖਾਂ ਨੇ ਮਜ਼ਬੂਰੀ ਵਿੱਚ ਦੁਬਾਰਾ ਜੱਥੇ ਬਣਾ ਕੇ ਮੁਗਲ ਫੌਜਾਂ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਨਵੇਂ ਸਖਸ਼ੀ ਸਿੱਖ ਰਾਜ ਦੀ ਸਥਾਪਨਾ ਹੋ ਗਈ। ਖਾਲਸਾ ਰਾਜ ਦੀ ਆਪਣੇ ਹੱਥੀਂ ਕਬਰ ਪੁੱਟ ਕੇ ਸਿੱਖਾਂ ਨੇ ਜਿਸ ਨਵੇਂ ਸਖਸ਼ੀ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ - ਉਸ ਦਾ ਅਧਾਰ ਗੁਰਮਤਿ ਨਹੀਂ ਸੀ। ਰਿਆਸਤਾਂ ਬਣਾਉਣ ਵਾਲੇ ਸਿੱਖ ਸਰਦਾਰਾਂ ਨੂੰ ਭਾਈ ਬੰਦਾ ਸਿੰਘ ਦੀ ਸਿੱਖ ਪੁਜਾਰੀਆਂ ਹੱਥੋਂ ਹੋਈ ਦੁਰਗਤ ਦਾ ਪੂਰਾ-ਪੂਰਾ ਗਿਆਨ ਸੀ। ਇਸ ਕਾਰਨ ਉਨ੍ਹਾਂ ਨੇ ਸਿੱਖ ਪੁਜਾਰੀਆਂ ਨੂੰ ਰੱਬ ਦਾ ਦਰਜਾ ਦੇ ਕੇ ਸਦਾ ਖੁਸ਼ ਰੱਖਿਆ। ਕਿਸੇ ਵੀ ਸਿੱਖ ਰਾਜੇ ਨੇ ਪੁਜਾਰੀਆਂ ਵਲੋਂ ਕੀਤੇ ਜਾ ਰਹੇ ਕਿਸੇ ਵੀ ਧਾਰਮਿਕ ਕੰਮ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਆਪਣੀ ਜ਼ਰੂਰਤ ਲਈ ਸਿੱਖ ਰਾਜਿਆਂ ਨੇ ਡੇਰਿਆਂ ਅਤੇ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ ਮਾਇਆ ਦੀ ਚਮਕ ਨਾਲ ਅੰਨ੍ਹੇ ਕਰੀ ਰੱਖਿਆ। ਇਸ ਦੇ ਬਦਲੇ ਵਿੱਚ ਸਿੱਖ ਪੁਜਾਰੀਆਂ ਨੇ ਆਪਣੇ ਆਪਣੇ ਰਾਜਿਆਂ ਨੂੰ ਗੁਰੂ ਦੇ ਪੱਕੇ ਸਿੱਖ ਹੋਣ ਦਾ ਖਿਤਾਬ ਦੇ ਕੇ ਸਿੱਖ ਪੰਥ ਨੂੰ ਗੁੰਮਰਾਹ ਕਰੀ ਰੱਖਿਆ।
ਇਸ ਤਰ੍ਹਾਂ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ਦੀ ਥਾਂ ਮਰਿਯਾਦਾ ਦੇ ਨਾਮ ਥੱਲੇ ਗੁਰਬਾਣੀ ਨੂੰ ਗਰੀਬ ਸਿੱਖਾਂ ਤੋਂ ਦੂਰ ਕਰਕੇ ਗੁਰਦਵਾਰਿਆਂ ਵਿੱਚ ਕੁਝ ਵਿਸ਼ੇਸ਼ ਰਸਮੋ-ਰਿਵਾਜਾਂ ਵਿੱਚ ਕੈਦ ਕਰ ਦਿੱਤਾ। ਇਸ ਸ਼ਖਸੀ ਸਿੱਖ ਰਾਜ ਦੇ ਕਾਲ ਵਿੱਚ ਪੁਜਾਰੀਆਂ ਅਤੇ ਸਿੱਖ ਸਰਦਾਰਾਂ ਨੇ ਸਿੱਖ ਪੰਥ ਨੂੰ ਭੇਡੂ ਬਣਾ ਕੇ ਆਪਣੇ ਕਿੱਲੇ ਨਾਲ ਬੰਨ ਲਿਆ, ਜਿਸ ਨੂੰ ਸਿੱਖ ਸਰਦਾਰ ਅਤੇ ਪੁਜਾਰੀ ‘ਖਾਲਸਾ ਪੰਥ’ ਦੇ ਨਾਮ ਉਪਰ ਆਪਣੇ ਆਪਣੇ ਸਵਾਰਥਾਂ ਲਈ ਆਪਣੇ ਆਪਣੇ ਤਰੀਕੇ ਨਾਲ ਪਹਿਲਾਂ ਵੀ ਚੋਂਦੇ ਰਹੇ ਅਤੇ ਅੱਜ ਵੀ ਚੋ ਰਹੇ ਹਨ।
ਅਸਲ ਵਿੱਚ ਖਾਲਸਾ ਪੰਥ ਅਤੇ ਖਾਲਸਾ ਰਾਜ ਦਾ ਸੁਪਨਾ ਤਾਂ ਭਾਈ ਬੰਦਾ ਸਿੰਘ ਬਹਾਦਰ ਦੇ ਨਾਲ 1716 ਵਿੱਚ ਹੀ ਸ਼ਹੀਦ ਹੋ ਗਿਆ ਸੀ-ਉਸ ਤੋਂ ਬਾਅਦ ਪੈਦਾ ਹੋਏ ਸਿੱਖ ਪੰਥ ਅਤੇ ਸਖਸ਼ੀ ਸਿੱਖ ਰਾਜ ਵਿੱਚ ਗੁਰੂ ਆਸ਼ੇ ਵਰਗਾ ਕੁਝ ਨਹੀਂ ਰਿਹਾ ਅਤੇ ਉਹੀ ਹੁਣ ਤੱਕ ਚੱਲਿਆ ਆ ਰਿਹਾ ਹੈ। ਸਿੱਖਾਂ ਦੇ ਮਨਾਂ ਵਿੱਚੋਂ ਖਾਲਸਾ ਰਾਜ ਅਤੇ ਪਾਤਸ਼ਾਹੀ ਦਾ ਜਜ਼ਬਾ ਖਤਮ ਹੋ ਜਾਣ ਪਿੱਛੇ ਦੀ ਇਹ ਅਸਲ ਕਹਾਣੀ ਹੈ।
ਤਕਰੀਬਨ ਸੌ ਸਾਲ ਤੋਂ ਸਿੱਖ ਪੰਥ ਦੇ ਕੁਰਾਹੇ ਨੂੰ ਲੱਭਣ ਦਾ ਯਤਨ ਕਰਨ ਵਾਲੇ ਪੜ੍ਹੇ ਲਿਖੇ ਵਿਦਵਾਨ ਸਿੱਖ ਇਤਿਹਾਸ ਦੇ ਇਸ ਕਾਲੇ ਅਧਿਆਏ ਨੂੰ ਆਪਣੇ ਨਿੱਜੀ ਸਵਾਰਥਾਂ ਅਤੇ ਲਾਭਾਂ ਕਾਰਨ ਸਿੱਖ ਪੰਥ ਤੋਂ ਲੁਕੋ ਕੇ ਸਿੱਖ ਪੰਥ ਦੇ ਕੁਰਾਹੇ ਨੂੰ ਕਦੇ ਰਣਜੀਤ ਸਿੰਘ ਦੇ ਅਤੇ ਕਦੇ ਆਲਾ ਸਿੰਘ ਦੇ ਨਾਮ ਮੜ੍ਹ ਕੇ ਸਿੱਖ ਪੰਥ ਨੂੰ ਕੁਰਾਹੇ ਲੈ ਜਾਣ ਵਾਲੇ ਵੱਡੇ ਵੱਡੇ ਨਾਵਾਂ ਵਾਲੇ ਲੋਕਾਂ ਨੂੰ ਛੁਪਾਉਣ ਦਾ ਯਤਨ ਕਰਦੇ ਆਏ ਹਨ।
ਅਜਮੇਰ ਸਿੰਘ ਦੀ ਇਹ ਪੁਸਤਕ ਵੀ ਇਨ੍ਹਾਂ ਰੁੱਚੀਆਂ ਦੀ ਸ਼ਿਕਾਰ ਹੈ। ਨਕਸਲਬਾੜੀ ਲਹਿਰ ਵਿੱਚ ਪੂਰੇ ਵਿਸ਼ਵ ਦੇ ਜਮਾਤੀ ਸੰਘਰਸ਼ ਨੂੰ ਪੇਸ਼ ਕਰਨ ਵਾਲੇ ਉਚ ਕੋਟੀ ਦੇ ਵਿਦਵਾਨ ਨੂੰ ਸਿੱਖ ਇਤਿਹਾਸ ਦੀਆਂ ਛੇ ਸੌ ਪੁਸਤਕਾਂ ਵਿੱਚੋਂ ਸਿੱਖ ਪੰਥ ਦਾ ਅਸਲੀ ਕੁਰਾਹਾ ਨਹੀਂ ਦਿੱਸਿਆ ਹੋਵੇਗਾ-ਇਹ ਮੰਨਣ ਵਾਲੀ ਗੱਲ ਨਹੀਂ ਹੈ। ਅਸਲ ਵਿੱਚ ਅਜਮੇਰ ਸਿੰਘ ਦੀ ਪੁਸਤਕ ’’ਕਿਸ ਬਿਧ ਰੁਲੀ ਪਾਤਸ਼ਾਹੀ’’ ਲੱਸੀ ਵੀ ਮੰਗਣੀ ਹੈ ਅਤੇ ਕੁੱਜਾ ਵੀ ਲਕੋਣਾ ਹੈ ਵਾਲੀ ਕਹਾਵਤ ਦੀ ਅਨੁਸਾਰੀ ਹੈ। ਫਿਰ ਵੀ ਭਾਈ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ 17ਵੀਂ ਸਦੀ ਤੋਂ ਅੱਜ ਤੱਕ ਚੱਲ ਰਹੇ ਸੰਘਰਸ਼ ਉੱਤੇ ਵਿਸ਼ਲੇਸ਼ਣਾਤਮਿਕ ਦ੍ਰਿਸ਼ਟੀਕੋਣ ਅਨੁਸਾਰ ਲਿਖੀ ਇਹ ਪੁਸਤਕ ਸਿੱਖ ਪੰਥ ਦੇ ਕੁਰਾਹੇ ਪੈ ਜਾਣ ਦੇ ਮੁੱਖ ਕਾਰਨ ਤੋਂ ਬਿਨ੍ਹਾ ਬਹੁਤ ਸਾਰੇ ਕਾਰਨਾਂ ਤੋ ਜਾਣੂੰ ਕਰਾਉਂਦੀ ਹੈ। ਪਰ ਸਿੱਖ ਕੁਰਾਹੇ ਦੇ ਅਸਲੀ ਕਾਰਨਾਂ ਨੂੰ ਪ੍ਰਗਟ ਕੀਤੇ ਬਿਨਾਂ ਗੱਲ ਕਿਤੇ ਵੀ ਨਹੀਂ ਪਹੁੰਚਣੀ। ਨੱਚਣ ਵਾਸਤੇ ਤਾਂ ਘੁੰਡ ਚੱਕਣਾ ਹੀ ਪੈਣਾ ਹੈ।
ਅੰਤ ਵਿੱਚ ਸਿੱਖ ਵਿਦਵਾਨਾਂ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਅਜਮੇਰ ਸਿੰਘ ਦੀ ਪੁਸਤਕ ‘ਕਿਸ ਬਿਧ ਰੁਲੀ ਪਾਤਸ਼ਾਹੀ’ ਅਤੇ ਇਸ ਰੀਵਿਊ ਨੂੰ ਇੱਕ ਥੀਸਸ ਵਜੋਂ ਲੈਂਦੇ ਹੋਏ - ਪੰਥ ਵਿੱਚ ਪਏ ਕੁਰਾਹੇ ਨੂੰ ਸਮਝਣ ਲਈ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਲੰਬੀ ਅਤੇ ਭਖਵੀਂ ਬਹਿਸ ਸ਼ੁਰੂ ਕੀਤੀ ਜਾਵੇ। ਇਸ ਬਹਿਸ ਨਾਲ ਹੀ ਸਿੱਖ ਪੰਥ ਵਿੱਚ ਗੁਰਮਤਿ ਦੀ ਪੁਨਰ ਸਥਾਪਨਾ ਲਈ ਰਾਹ ਨਿਕਲਣਾ ਹੈ। ਜੇ ਬਹਿਸ ਅੱਗੇ ਚੱਲੀ ਤਾਂ ਬਾਕੀ ਫੇਰ........।

… ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥

ਡਾ. ਹਰਜਿੰਦਰ ਮੀਤ ਸਿੰਘ ਦਾ ਲਿਖਿਆ “ਬਾਬਾ ਬੰਦਾ ਸਿੰਘ ਬਹਾਦੁਰ ਨਾਲ ਕੀਤੇ ਗਏ ਧੋਖੇ ਦੀ ਵਿਆਖਿਆ” ਨਾਮ ਦਾ ਲੇਖ ਲਗਭਗ ਹਰ ਪੰਥਕ ਵੇਬਸਾਈਟ ਅਤੇ ਇੰਡਿਆ ਅਵੇਅਰਨੇਸ ਮੇਗਜੀਨ ਦੇ ਮਈ ਮਹੀਨੇ ਦੇ ਅੰਕ ਵਿੱਚ ਵੀ ਛਪਿਆ। ਇਹ ਲੇਖ ਇਨਾਂ ਲੰਬਾ ਸੀ ਯਾਂ ਜਾਨਬੂਝ ਕੇ ਇਨਾਂ ਲੰਮਾ ਲਿਖਿਆ ਗਇਆ ਸੀ ਕੇ ਬਹੁਤੇ ਵੀਰ ਸ਼ਾਯਦ ਇਸ ਨੂੰ ਅਜ ਤਕ ਪੂਰਾ ਪੜ ਨਹੀ ਸਕੇ, ਕਿਉਕੇ ਇਸ ਲੇਖ ਬਾਰੇ ਵਿਦਵਾਨਾਂ ਦੀਆਂ ਬਹੁਤੀਆਂ ਢੁਕਵੀਆਂ ਟਿਪਣੀਆਂ ਜਾ ਕਮੇਂਟ ਨਹੀ ਆਏ। ਦਾਸ ਨੇ ਵੀ ਇਹ ਲੇਖ ਕਿਸ਼ਤਾਂ ਵਿੱਚ ਪੜਿਆ।

ਕੋਈ ਵੀ ਨਵੀਂ ਗਲ ਯਾਂ ਇਤਿਹਾਸ ਸਾਡੇ ਸ੍ਹਾਮਨੇ ਆਂਉਦਾ ਹੈ ਤੇ ਇੱਕ ਜਾਗ੍ਰਤ ਸਿੱਖ ਹੋਣ ਦੇ ਨਾਤੇ ਸਾਡਾ ਫਰਜ ਬਣ ਜਾਂਦਾ ਹੈ ਕੇ ਉਸ ਦੀ ਘੋਖ ਤੇ ਪੜਤਾਲ ਕਰਕੇ ਹੀ ਉਸ ਤੇ ਭਰੋਸਾ ਕੀਤਾ ਜਾਵੇ। ਇਸ ਲੇਖ ਨੂੰ ਕਿਸੇ ਵੀਰ ਨੇ “ਥੀਸਿਸ” ਵਿੱਚ ਸ਼ਾਮਿਲ ਕਰਨ ਦੀ ਗਲ ਵੀ ਕਰ ਦਿਤੀ ਹੈ। ਇਸ ਲਈ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕੇ ਉਸ ਬਾਰੇ ਪੂਰੀ ਪੜਚੋਲ ਕਰ ਹੀ ਲੈਣੀ ਚਾਹੀ ਦੀ ਹੈ, ਤਾਂ ਜੋ ਗੁਰੁ ਘਰ ਨਾਲ ਜੁੜੇ ਬਹੁਤ ਸਾਰੇ ਪੁਰਾਤਨ ਸਿੱਖਾਂ ਅਤੇ ਪੰਥ ਦੇ ਮਹਾਨ ਵਿਦਵਾਨਾਂ ਅਤੇ ਲਿਖਾਰੀਆਂ ਬਾਰੇ (ਜਿਨਾਂ ਦੀ ਇਸ ਲੇਖ ਵਿੱਚ ਬਹੁਤ ਹੀ ਮਾੜੀ ਤਸਵੀਰ ਪੇਸ਼ ਕੀਤੀ ਗਈ ਹੈ) ਕੋਈ ਆਪਣੇ ਮਨ ਵਿੱਚ ਗਲਤ ਧਾਰਣਾ ਬਣਾ ਕੇ ਨਾਂ ਬੈਠ ਜਾਵੇ। ਇਸ ਲੇਖ ਤੇ ਉਸ ਅੰਦਰ ਲਿਖੇ “ਕਾਨਟੇਂਟਸ” ਬਾਰੇ ਕੁੱਝ ਸਵਾਲ ਉਭਰ ਕੇ ਸ੍ਹਾਮਨੇ ਆਉਂਦੇ ਹਨ ਜੋ ਇਸ ਪ੍ਰਕਾਰ ਹਨ:-

1-ਡਾ. ਹਰਜਿੰਦਰ ਮੀਤ ਸਿੰਘ ਜੀ ਦਾ ਬਹੁਤਾ ਪਰਿਚਯ ਪਾਠਕਾਂ ਨੂੰ ਨਹੀ ਹੈ। ਆਪ ਜੀ ਅਪਨਾਂ ਵਿਸਤਰਿਤ ਪਰਿਚਯ ਪਾਠਕਾਂ ਨੂੰ ਦੇਣ ਦੀ ਖੇਚਲ ਕਰਨੀ ਜੀ। ਆਪ ਜੀ ਕਿਥੋਂ ਦੇ ਵਸਨੀਕ ਹੋ? ਆਪ ਜੀ ਨੇ “ਡਾਕਟਰੇਟ” ਦੀ ਡਿਗਰੀ ਕਿਥੋ ਪ੍ਰਾਪਤ ਕੀਤੀ? ਆਪ ਜੀ ਨੇ ਕਿਸ ਕਿਸ ਕਿਤਾਬਾਂ ਯਾਂ ਖਰੜਿਆਂ ਦੇ ਅਧਾਰ ਤੇ ਇਸ ਲੇਖ ਦੇ “ਕੰਨਟੇਂਟਸ” ਇਕਤੱਰ ਕੀਤੇ ਹਨ। ਆਪ ਜੀ ਦਾ ਪੇਸ਼ਾ ਕੀ ਹੈ ਅਤੇ ਆਪ ਜੀ ਕਿਸ ਲਈ ਕੰਮ ਕਰਦੇ ਹੋ? ਆਪ ਜੀ ਦੀਆਂ ਕੋਈ ਪ੍ਰਸਿਧ ਲਿਖਤਾਂ ਬਾਰੇ ਪਾਠਕਾਂ ਨੂੰ ਜਾਨੂੰ ਕਰਵਾ ਸਕੋ। ਮਾਫ ਕਰਨਾਂ ਅਸੀ ਆਪ ਜੀ ਕੋਲੋਂ ਇਹ “ਨਿਜੀ ਅਤੇ ਜਾਤੀ” ਸਵਾਲ ਨਹੀ ਪੁਛ ਰਹੇ। ਕਿਉਕੇ ਆਪਣੇ ਜੋ ਲਿਖਿਆ ਹੈ ਉਹ ਬਹੁਤ “ਗੰਭੀਰ” ਅਤੇ ਆਮ ਸਿੱਖ ਦੀ ਭਾਵਨਾਂ ਨੂੰ ਠੇਸ ਪੰਹੁਚਾ ਸਕਦਾ ਹੈ ਇਸ ਲਈ ਉਸ ਲੇਖ ਨੂੰ ਲਿਖਣ ਵਾਲੇ ਦਾ ਪਿਛੋਕੜ ਕੀ ਹੈ, ਉਸ ਦੀ ਲਿਖੀ ਲਿਖਤ (ਉਹ ਵੀ ਜਦੋ ਇਤਿਹਾਸ ਨਾਲ ਸੰਬਧਿਤ ਹੋਵੇ) ਦੀ ਪ੍ਰੋੜਤਾ ਲਈ ਇਹ ਬਹੁਤ ਜਰੂਰੀ ਹੈ। ਪੰਥ ਦੇ ਵਿਦਵਾਨਾਂ ਉਤੇ ਬਹੁਤ ਕਰੜੇ ਸ਼ਬਦਾਂ ਵਿੱਚ ਆਪ ਜੀ ਨੇ ਟਿਪਣੀਆਂ ਵੀ ਕੀਤੀਆਂ ਹਨ ਤੇ ਉਨਾਂ ਤੇ ਟਿਪਣੀਆਂ ਕਰਨ ਤੋ ਪਹਿਲਾਂ ਆਪਨੇ ਲਿਖਿਆ ਹੈ ਕੇ- “…. ਸਿੱਖ ਇਤਿਹਾਸ ਲਿਖਣ ਵਾਲੇ ੲ੍ਹਿਨਾਂ ਲੇਖਕਾਂ ਦੀ ਪਿਛੌਕੜ ਬਾਰੇ ਜਾਨਣਾਂ ਵੀ ਜਰੂਰੀ ਹੈ”। ਆਪ ਜੀ ਦੇ ਇਨਾਂ ਸ਼ਬਦਾ ਦੇ ਅਧਾਰ ਤੇ ਹੀ ਆਪ ਜੀ ਦੀ ਵੀ ਪਿਛੋਕੜ ਜਾਣ ਲੈਣਾਂ ਸਾਡੇ ਲਈ ਬਹੁਤ ਜਰੂਰੀ ਹੈ।

2- ਦਾਸ ਅਪਣੇ ਕਿਸੇ ਹੋਰ ਲੇਖ ਵਿੱਚ ਵੀ ਇਹ ਗਲ ਲਿਖ ਚੁਕਾ ਹੈ ਕੇ-ਇਤਿਹਾਸ ਲਿਖਣਾ ਇਨਾਂ ਸੌਖਾ ਕੰਮ ਨਹੀ। ਇਤਿਹਾਸ ਲਿਖਣ ਵਾਲੇ ਯਾਂ ਇਤਿਹਾਸ ਦੀ ਗਲ ਕਰਨ ਵਾਲੇ ਲਿਖਾਰੀ ਨੂੰ ਕੇਵਲ ਤੇ ਕੇਵਲ ਉਸ ਇਤਿਹਾਸਕ ਗਲ ਨੂੰ ਪ੍ਰਮਾਣਾਂ ਦੇ ਅਧਾਰ ਉਪਰ ਸਿਧਾ ਸਿਧਾ ਲਿਖਣ ਦਾ ਅਧਿਕਾਰ ਹੁੰਦਾ ਹੈ। ਉਸ ਨੂੰ ਅਪਨੀ ਨਿਜੀ ਪਸੰਦ ਅਤੇ ਨਾਂ ਪਸੰਦ ਨੂੰ ਉਸ ਵਿੱਚ ਸ਼ਾਮਿਲ ਕਰਨਾਂ ਵਿਤਿਹਾਸ ਦਾ ਹਿੱਸਾ ਨਹੀ ਬਣ ਸਕਦਾ। ਜਿਥੇ ਅਪਨੇ ਮੰਨ ਦਾ “ਸਾੜ” ਕਡਿਆ ਗਇਆ ਹੋਵੇ ਤੇ ਉਸ ਲਿਖਾਰੀ ਦਾ ਲਿਖਿਆ ਇਤਿਹਾਸ ਤੇ ਬਿਲਕੁਲ ਹੀ ਪ੍ਰਮਾਣਿਕ ਨਹੀ ਮਨਿਆ ਜਾ ਸਕਦਾ।

3- ਆਪ ਜੀ ਨੇ ਇੱਕ ਨੋਟ ਲਿਖਿਆ ਹੈ “…. . ਭਾਈ ਮਨੀ ਸਿੰਘ (ਪਹਿਲੇ) ਅਤੇ ਦੂਜੇ ਦੋਨ੍ਹੌ ਵੱਖ ਵੱਖ ਵਿਅਕਤੀ ਸਨ। ਪਰ ਬੇ ਬੁਧੇ ਇਤਿਹਾਸਕਾਰਾਂ ਨੇ ਦੋਨ੍ਹਾਂ ਵਲੋਂ ਗੁਰੁ ਘਰ ਦੀ ਕੀਤੀ ਸੇਵਾ ਨੂੰ ਰਲਗੱਡ ਕਰਕੇ ਇਤਿਹਾਸ ਵਿੱਚ ਬਹੁਤ ਵੱਡਾ ਭੁਲੇਖਾ ਖੜ੍ਹਾ ਕੀਤਾ ਹੋਇਆ ਹੈ। ਇਸ ਲੇਖ ਵਿੱਚ ਭਾਈ ਮਨੀ ਸਿੰਘ (ਦੂਜੇ) ਦੀ ਚਰਚਾ ਹੈ”।

ਡਾਕਟਰ ਸਾਹਿਬ ਜੀ। ਕੀ ਇਹ ਹੀ ਕੰਮ ਤੁਸੀ ਇਸ ਲੇਖ ਵਿੱਚ ਨਹੀ ਕਰ ਰਹੇ? ਇਸ ਭਾਈ ਮਨੀ ਸਿੰਘ (ਦੂਜੇ) ਬਾਰੇ ਲਿਖਣ ਵੇਲੇ ਤੁਸੀ ਇਸ ਨੋਟ ਤੋ ਅਲਾਵਾ ਕਿਤੇ “ਦੂਜਾ” ਸ਼ਬਦ ਦੀ ਵਰਤੋਂ ਨਹੀ ਕੀਤੀ। ਅਜੀਤ ਸਿੰਘ “ਦੂਜੇ” ਬਾਰੇ ਲਿਖਦਿਆਂ ਜੋ ਆਪ ਦੇ ਲੇਖ ਅਨੁਸਾਰਨ “ਸ਼ਰਾਬੀ” ਤੇ “ਚਰਿਤ੍ਰਹੀਣ” ਵੀ ਸੀ ਲਈ ਵਾਰ ਵਾਰ ਤੁਸਾਂ “ਸਾਹਿਬਜਾਦਾ” ਸ਼ਬਦ ਦਾ ਪ੍ਰਯੋਗ ਕਰ ਕੇ ਪਾਠਕਾਂ ਨੂੰ ਉਹ ਹੀ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਜਿਕਰ ਤੁਸੀ ਅਪਨੇ “ਜਰੂਰੀ ਨੋਟ” ਵਿੱਚ ਕਰ ਰਹੇ ਹੋ। ਖਿਆਲ ਰਹੇ! “ਸਾਹਿਬ ਜਾਦੇ” ਚਾਰ ਹੀ ਹੋਏ ਹਨ ਪੰਜਵਾਂ ਨਹੀ। ਜੇ ਤੁਸੀ ਭਾਈ ਮਨੀ ਸਿੰਘ “ਦੂਜੇ” ਵਾਂਗ “ਪੰਜਵਾਂ ਸਾਹਿਬਜਾਦਾ” ਪੰਥ ਦੇ ਸਿਰ ਤੇ ਮੜਨਾਂ ਚਾਂਉਦੇ ਹੋ ਤੇ ਇਹ ਭੁਲੇਖਾ ਅਪਣੇ ਮੰਨ ਵਿਚੋ ਕਡ ਦਿਉ ਕੇ ਤੁਸੀ ਇਸ ਵਿੱਚ ਕਾਮਯਾਬ ਹੋ ਸਕੋਗੇ। ਜੇ ਦਿੱਲੀ ਵਿੱਚ ਗੋਦ ਲਏ ਇਸ ਲੜਕੇ ਦਾ ਨਾਮ “ਅਜੀਤ ਸਿੰਘ” ਸੀ ਤੇ ਉਸ ਨੂੰ “ਅਜੀਤ ਸਿੰਘ” ਹੀ ਰਹਿਨ ਦੇਨਾਂ ਸੀ। ਉਸ ਨੂੰ “ਸਾਹਿਬਜਾਦਾ” ਲਿਖਕੇ ਭੋਲੇ ਭਾਲੇ ਪਾਠਕਾਂ ਨੂੰ ਦੁਵਿਧਾ ਵਿੱਚ ਪਾਉਣ ਦੀ ਕੀ ਲੋੜ ਸੀ?

4-ਤੁਸੀ ਜੋ ਇਤਿਹਾਸ ਲਿਖਿਆ ਹੈ ਉਹ ਜਰੂਰ ਕਿਸੇ ਖਰੜੇ ਯਾਂ ਪੁਰਾਤਨ ਕਿਤਾਬ ਤੋਂ ਪੜ ਕੇ ਹੀ ਲਿਖਿਆ ਹੋਣਾ ਹੈ। ਲੇਕਿਨ ਤੁਸੀ ਇਨੇ ਵਡੇ ਇਤਿਹਾਸਕਾਰ ਯਾਂ ਵਿਦਵਾਨ ਹੋ ਸਾਨੂੰ ਪਤਾ ਹੀ ਨਹੀ ਸੀ ਕੇ ਤੁਸੀ ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਪ੍ਰੋਫੈਸਰ ਗੰਡਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਕਰਮ ਸਿੰਘ ਹਿਸਟੋਰਿਅਨ, ਵਰਗੇ ਵਿਦਵਾਨ ਤੁਹਾਨੂੰ … ਮੇਲੇ `ਚ’ ਗਵਾਚੇ ਜਵਾਕ ਵਾਂਗੂਂ ਰੀਂ ਰੀਂ ਕਰਦੇ ਪ੍ਰਤੀਤ ਹੁੰਦੇ ਹਨ। 19 ਵੀ ਸਦੀ ਦੇ ਪੜੇ ਲਿਖੇ ਵਿਦਵਾਨਾਂ ਦੀ ਬੁਧੀ ਏਨੀ ਭ੍ਰਿਸ਼ਟ ਹੋ ਗਈ ਸ਼ੀ …. . (ਆਪ ਜੀ ਦੇ ਸ਼ਬਦਾਂ ਵਿਚ)। ਸ਼ੁਕਰ ਹੈ ਤੁਸਾਂ ਭਾਈ ਕਾਨ੍ਹ ਸਿੰਘ ਨਾਭਾ ਨੂੰ ਬਖਸ਼ ਦਿਤਾ। ਹੋਰ ਵੀ ਕਈ ਵਿਦਵਾਨਾਂ ਦੇ ਨਾਮ ਤੁਸਾਂ ਲਏ ਹਨ ਚਲੋ ਕੋਈ ਗਲ ਨਹੀਂ ਲੇਕਿਨ ਭਾਈ ਅਜਮੇਰ ਸਿੰਘ ਵਰਗੇ ਲਿਖਾਰੀ ਦੀ ਲੰਬੀ ਚੌੜੀ “ਖਿਂਚਾਈ “ਜੋ ਤੁਸਾਂ ਕੀਤੀ ਹੇ ਉਹ ਤਾਂ ਬਹੁਤ ਹੀ “ਬਚਕਾਨੀ” ਜਹੀ “ਕਰਤੂਤ” ਲਗਦੀ ਹੈ। ਭਾਈ ਅਜਮੇਰ ਸਿੰਘ ਦੀ “ਕਿਸ ਬਿੱਧ ਰੁਲੀ ਪਾਤਸ਼ਾਹੀ” ਨਾਮ ਦੀ ਕਿਤਾਬ ਤੇ ਕੌਮ ਦੇ ਵਿਦਵਾਨਾਂ ਦੀ ਨਜਰ ਵਿੱਚ ਬਹੁਤ ਸਤਕਾਰ ਨਾਲ ਪੜੀ ਜਾਂਦੀ ਹੈ। ਦੂਜੀ ਗਲ ਇਹ ਕੇ ਜਿਸ ਕਾਲ ਤੇ ਸਮੇਂ ਦੀ ਗਲ ਤੁਸੀ ਅਪਣੇ ਇਸ ਲੇਖ ਵਿੱਚ ਕਰ ਰਹੇ ਹੋ, ਉਸ ਵਿੱਚ ਭਾਈ ਅਜਮੇਰ ਸਿੰਘ ਕਿਥੋਂ ਆ ਗਏ। ਹੋਰ ਇਤਿਹਾਸ ਕਾਰਾਂ ਵਾਂਗੂ ਕਢ ਲਿਆ ਨਾਂ ਤੁਸਾਂ ਵੀ ਅਪਨੇ ਮੰਨ ਦੇ “ਸਾੜ” ਨੂੰ। ਆਪ ਜੀ ਨੇ ਇਸ ਵਿਦਵਾਨ ਲੇਖਕ ਦੀ ਨਿੰਦਾ ਕਰਦਿਆਂ ਅਪਣੇ ਲੇਖ ਵਿੱਚ ਲਿਖਿਆ ਹੈ ਕੇ ਤੁਸਾਂ ਉਨਾਂ ਦੀ ਇਹ ਕਿਤਾਬ “ਪਬਲਿਸ਼ ਹੋਣ ਤੋ ਪਹਿਲਾਂ ਹੀ ਛਾਪੇ ਖਾਨੇ ਵਿਚੋਂ ਅਪਨੇ ਇੱਕ ਸਹਯੋਗੀ ਰਾਹੀਂ ਕਡ੍ਹਵਾ ਲਈ ਸੀ”। ਕੀ ਤੁਸੀ ਕੋਈ “ਡਿਟੇਕਟਿਵ” ਕੰਪਨੀ ਚਲਾਂਦੇ ਹੋ ਜਾਂ ਇਸ ਲਈ ਕੰਮ ਕਰਦੇ ਹੋ। ਆਉਣ ਵਾਲਾ ਵਕਤ ਹੀ ਇਸ ਦਾ ਖੁਲਾਸਾ ਕਰੇਗਾ। ਕਿਸੇ ਵਿਦਵਾਨ ਦੀ ਕੋਈ ਕਿਤਾਬ ਛੱਪ ਰਹੀ ਹੈ ਕੇ ਨਹੀ ਸਾਨੂੰ ਇਸ ਨਾਲ ਕੀ ਲੈਣਾਂ ਦੇਨਾ? ਇਸ ਤਰ੍ਹਾਂ ਦਾ ਕੰਮ ਤੇ ਕੋਈ “ਜਸੂਸ” ਹੀ ਕਰਦਾ ਹੈ ਜਾਂ ਕਿਸੇ ਨਾਲ ਕੋਈ “ਖਾਰ” ਹੋਵੇ ਤਾਂ ਹੀ ਕਰਦਾ ਹੈ।

5- ਤੁਸਾਂ ਅਪਨੇ ਇਸ ਲੇਖ ਵਿੱਚ ਭਾਈ ਮਨੀ ਸਿੰਘ (ਦੁਜੇ ਤੀਜੇ ਕੇ ਚੌਥੇ) ਨੂੰ ਦਸਮ ਗ੍ਰੰਥ ਦੀ ਸਥਾਪਨਾਂ ਕਰਨ ਵਾਲਾ ਦਸਦੇ ਹੋਏ ਇਹ ਭੁਲ ਗਏ ਕੇ “ਦਸਮ ਗ੍ਰੰਥ” ਨਹੀ ਉਸ ਵੇਲੇ “ਬਚਿਤਰ ਨਾਟਕ” ਨਾਮ ਦੀ ਪੋਥੀ ਸੀ। ਉਹ ਵੀ ਹੈ ਸੀ ਕੇ ਨਹੀ। ਇਹ ਆਪ ਇਤਿਹਾਸਕਾਰ ਹੋ ਆਪ ਜੀ ਨੂੰ ਜਿਆਦਾ ਪਤਾ ਹੋਣਾ ਹੈ। ਲੇਕਿਨ ਆਪ ਜੀ ਦੀ ਇਹ ਗਲ ਜੋ ਆਪ ਜੀ ਦੇ ਵਿਦਵਾਨ ਹੋਣ ਵਿੱਚ ਸ਼ੱਕ ਪੈਦਾ ਕਰ ਦੇਂਦੀ ਹੈ ਜਿਸ ਵਿੱਚ ਆਪ ਨੇ ਲਿਖਿਆ ਹੈ ਕੇ ਗੁਰੂ ਗੋਬਿੰਦ ਸਿੰਘ ਦੀਆਂ ਕੁੱਝ ਬਾਣੀਆਂ ਨੂੰ ਛੱਡ ਕੇ ਬਾਕੀ ਸਾਰਾ ਦਸਮ ਗ੍ਰੰਥ … …। “ਆਪ ਜੀ ਇਸ ਲੇਖ ਵਿੱਚ ਅਪਨੀ ਵਿਦਵਾਨਤਾ ਦਰਜ ਕਰਦਿਆਂ ਇਹ “ਫਤਵਾ” ਵੀ ਦੇ ਦਿਤਾ ਕੇ ਗੁਰੁ ਗੋਬਿੰਦ ਸਿੰਘ ਸਾਹਿਬ ਦੀਆਂ ਵੀ ਬਾਣੀਆਂ ਇਸ ਗ੍ਰੰਥ ਵਿੱਚ ਹਨ। ਆਪ ਤੇ ਪ੍ਰੋਫੇਸਰ ਸਾਹਿਬ ਸਿੰਘ ਅਤੇ ਕਰਮ ਸਿੰਘ ਹਿਸਟੋਰਿਅਨ ਨਾਲੋ ਵੀ ਉਚ ਕੋਟੀ ਦੇ ਵਿਆਖਿਆਕਾਰ ਤੇ ਇਤਿਹਾਸਕਾਰ ਹੋ। ਕੀ ਆਪ ਇਹ ਸਿੱਧ ਕਰ ਸਕਦੇ ਹੋ ਕੇ ਗੁਰੂ ਗੋਬਿੰਦ ਸਿੰਘ ਨੇ ਕੋਈ ਬਾਣੀ ਲਿਖੀ ਸੀ।

6-ਤੁਸੀ ਆਪਣੇ ਇਸ ਲੇਖ ਵਿੱਚ ਕਈ ਵਾਰ ਉਸ ਵੇਲੇ ਦੇ ਸਿੱਖਾਂ ਨੂੰ “ਅੱਨਪੜ” ਕਿਹਾ ਹੈ। ਤੁਸੀ ਲਿਖਿਆ ਹੈ ਕੇ 19 ਵੀ ਸਦੀ ਵਿੱਚ ਬਹੁਤੇ ਸਿੱਖ “ਅਨਪੜ” ਸਨ, ਜੋ ਇਹ ਦਰਸਾਉਦਾ ਹੈ ਕੇ ਇਹ ਕੋਮ “ਅਨਪੜਾਂ” ਦੀ ਕੋਮ ਸੀ ਤੁਹਾਨੂੰ ਭਾਈ ਕਾਨ੍ਹ ਸਿੰਘ ਨਾਭਾਂ ਅਤੇ ਸਿਰਦਾਰ ਕਪੂਰ ਸਿੰਘ ਵਰਗੇ ਪੜੇ ਲਿਖੇ ਸਿੱਖ ਚੇਤੇ ਕਿਉ ਨਹੀ ਆਏ। ਤੁਸੀ ਇਹ ਲੇਖ ਪੰਥ ਦੀ ਮਹਾਨ ਹਸਤੀ ਨੂੰ ਮਹਾਨ ਸਾਬਿਤ ਕਰਨ ਲਈ ਲਿਖਿਆ ਹੈ ਕੇ ਪੰਥ ਦੇ ਮਹਾਨ ਵਿਦਵਾਨਾਂ ਪ੍ਰਤੀ ਭਦੀ ਸ਼ਬਦਾਵਲੀ ਵਰਤ ਕੇ ਬਦਨਾਮ ਕਰਨ ਲਈ ਇਹ ਲੇਖ ਲਿਖਿਆ ਹੈ। ਇਸ ਲੇਖ ਰਾਹੀਂ ਤੁਸੀ ਕੋਮ ਦਾ ਭਲਾ ਕਰ ਰਹੇ ਹੋ ਕੇ ਨੁਕਸਾਨ? ਕਈ ਵਾਰ ਅਸੀ ਇਹ ਕਹਿਨੇ ਹਾਂ ਕੇ ਇਹ ਬੰਦਾ ਸਾਡੀ ਤਾਰੀਫ ਕਰ ਰਿਹਾ ਹੈ ਕੇ ਗਾਲਾਂ ਕਡ ਰਿਹਾ ਹੇ। ਤੁਹਾਡਾ ਲੇਖ ਵੀ ਹੂ ਬ ਹੂ ਇਸੇ ਗਲ ਤੇ ਅਧਾਰਿਤ ਹੈ।

ਪਾਠਕ ਸਜਣੋ! ਡਾਕਟਰ ਸਾਹਿਬ ਦਾ ਇਹ ਬਹੁਤ ਲੰਮਾ ਲੇਖ ਜਿਸ ਵਿੱਚ ਲੰਮੇ ਲੰਮੇ ਭੁਲੇਖੇ ਤੇ ਭੰਬਲ ਭੂਸਿਆ ਤੋ ਅਲਾਵਾ ਕੁਛ ਨਹੀ। ਡਾਕਟਰ ਸਾਹਿਬ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਹਨ। ਪੰਥ ਦੇ ਮਹਾਨ ਯੋਧਾ ਬੰਦਾ ਸਿੰਘ ਬਹਾਦੁਰ ਨੂੰ ਮਹਾਨ ਸਾਬਿਤ ਕਰਨ ਲਈ ਜੋ ਪਹਿਲਾਂ ਹੀ ਮਹਾਨ ਹਨ। ਡਾਕਟਰ ਸਾਹਿਬ ਨੇ ਕੋਈ ਨਵਾਂ ਕੰਮ ਨਹੀ ਕੀਤਾ ਬਲਕੇ ਇਸ ਮਹਾਨ ਸਿੱਖ ਨੂੰ ਮਹਾਨ ਦਸਣ ਦੀ ਆੜ ਵਿੱਚ ਦਸਮ ਗੁਰੁ ਜੀ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੂੰ ਪੰਥ ਦਾ “ਗੱਦਾਰ” ਅਤੇ ਪੰਥ ਦੇ ਇੱਕ ਦਰਜਨ ਤੋਂ ਵੱਧ ਮਹਾਨ ਇਤਿਹਾਸ ਕਾਰਾਂ ਅਤੇ ਲਿਖਾਰੀਆਂ ਨੂੰ ਇੱਕ “ਮਦਾਰੀ” ਨਾਲੋਂ ਮੰਦਾ ਕਰਾਰ ਦੇ ਦਿਤਾ ਹੈ। ਕੀ ਅਸੀ ਇਸ “ਸਟੇਂਡਰਡ” ਦੇ ਲਿਖਾਰੀਆਂ ਦੇ ਲੇਖਾਂ ਨੂੰ ਮਾਨਤਾ ਦੇ ਸਕਦੇ ਹਾਂ? ਅਤੇ ਜੇ ਇਹੋ ਜਿਹਾ ਇਤਿਹਾਸ ਹੀ ਸਿਰਜਿਆ ਜਾਂਦਾ ਰਿਹਾ ਤੇ ਭਾਈ ਹਰਮੀਤ ਸਿੰਘ ਖਾਲਸਾ, ਡਬਰਾ ਵਾਲਿਆਂ ਦੇ ਲੇਖ ਅਨੁਸਾਰ ਪਹਿਲਾਂ ਸਾਨੂੰ ਤਿਨ ਸੌ ਸਾਲ ਲਗ ਗਏ ਹਨ ਬੰਦਾ ਸਿੰਘ ਬਹਾਦੁਰ ਨੂੰ “ਖਲਨਾਇਕ” ਤੋ “ਨਾਇਕ” ਸਿੱਧ ਕਰਨ ਵਿਚ। ਹੁਨ ਤਿਨ ਸੌ ਸਾਲ ਲਗ ਜਾਣਗੇ ਮਾਤਾ ਸੁੰਦਰ ਕੌਰ ਤੇ ਭਾਈ ਮਨੀ ਸਿੰਘ ਤੇ ਲਗੇ “ਗੱਦਾਰ” ਦੇ “ਲੇਬਲ” ਨੂੰ ਹਟਾਉਣ ਵਿਚ। ਗੁਰਮਤ ਦੇ “ਸਕਾਲਰ” ਹੋਣ ਦਾ ਇਹ ਮਤਲਬ ਨਹੀ ਕੇ ਸਾਨੂੰ ਜੇੜਾ ਆਵੇ ਇਹ ਅਲੂਲ ਜਲੂਲ ਇਤਿਹਾਸ “ਪਰੋਸ” ਕੇ ਚਲਾ ਜਾਵੇ ਤੇ ਅਸੀ ਉਸ ਨੂੰ ਹਜਮ ਕਰ ਲਈਏ। ਇਤਿਹਾਸ ਦੇ ਨਾਮ ਤੇ ਸਾਡੇ ਪੰਥ ਦੇ ਮਹਾਨ ਵਿਆਖਿਆਕਾਰਾਂ, ਇਤਿਹਾਸਕਾਰਾ ਅਤੇ ਲਿਖਾਰੀਆਂ ਦੀ ਕੋਈ “ਬੇਪਤੀ” ਕਰਦਾ ਰਹੇ ਤੇ ਅਸੀ ਸਬ ਕੁੱਝ ਬਰਦਾਸ਼ਤ ਕਰਦੇ ਰਹੀਏ। ਕੀ ਇਹ ਹੀ ਹੈ ਸਾਡੀ ਜਾਗਰੂਕਤਾ? ਸਾਨੂ ਤਾਂ ਸਾਡੇ ਸ਼ਬਦ ਗੁਰੁ ਦਾ ਇਹ ਆਦੇਸ਼ ਹੈ-

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ 1410

ਪੰਥ ਦਾ ਦਾਸ

ਇੰਦਰ ਜੀਤ ਸਿੰਘ

ਕਾਨਪੁਰ




.