.

‘ਰੋਜ਼ਾਨਾ ਸਪੋਕਸਮੈਨ’ ਵੱਲੋਂ ਪੰਜਾਬੀ ਭਾਸ਼ਾ ਨੂੰ ਵਿਗਾੜਨ ਦੀ ਕਾਰਵਾਈ

ਚੰਡੀਗੜ੍ਹ/ਮੋਹਾਲੀ ਤੋਂ ਛਪਣ ਵਾਲੇ ਪੰਜਾਬੀ ਅਖਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸ੍ਰੀ ਮਾਨ ਜੁਗਿੰਦਰ ਸਿੰਘ ਜੀ ਆਪਣੇ ਆਪ ਨੂੰ ਪੰਜਾਬੀ ਹਿਤੈਸ਼ੀ ਦੇ ਤੌਰ ਤੇ ਖੂਬ ਪਰਚਾਰਦੇ ਰਹਿੰਦੇ ਹਨ। ਪਿੱਛੇ ਜਿਹੇ ਇਸ ਸੰਪਾਦਕਜੀ ਨੇ ‘ਰੋਜ਼ਾਨਾ ਸਪੋਕਸਮੈਨ’ ਵਲੋਂ “ਪੰਜਾਬੀ ਦਾ ਪਹਿਰੇਦਾਰ” ਦਾ ਖਿਤਾਬ (ਆਪੇ ਰਖਵਾ ਕੇ!) ਪਰਾਪਤ ਵੀ ਕੀਤਾ ਹੈ। ਪਰੰਤੂ ਇਸ ਸੰਪਾਦਕ ਜੀ ਵਲੋਂ ਜਾਣ-ਬੁਝ ਕੇ ਪੰਜਾਬੀ ਦਾ ਮੁਹਾਂਦਰਾ ਵਿਗਾੜਨ ਅਤੇ ਮਾਂ-ਬੋਲੀ ਦਾ ਹਿੰਦੀਕਰਣ ਕਰਨਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੀ ਸਭ ਤੋਂ ਪਹਿਲੀ ਉਦਾਹਰਣ ਪੰਜਾਬੀ ਦੇ “ਆਪਣਾ” ਸ਼ਬਦ ਦੀ ਹੈ ਜਿਸ ਨੂੰ ਇਹ ਸੰਪਾਦਕ ਜੀ ਹਿੰਦੀ ਰੂਪ ਦੇਣ ਲਈ ਆਪਣੀ ਅਖਬਾਰ ਵਿੱਚ ਵਿਗਾੜ ਕੇ “ਅਪਣਾ” ਕਰਕੇ ਲਿਖਦੇ ਹਨ ਜਦੋਂ ਕਿ ਹਰ ਪੰਜਾਬੀ ਇਸ ਨੂੰ “ਆਪਣਾ” ਕਰਕੇ ਹੀ ਬੋਲਦਾ ਹੈ ਅਤੇ ਲਿਖਦਾ ਹੈ। ਇਸੇ ਤਰ੍ਹਾਂ ਇਸ ਸੰਪਾਦਕ ਜੀ ਵੱਲੋਂ ਆਪਣੀ ਅਖਬਾਰ ਵਿੱਚ ਪੰਜਾਬੀ ਸ਼ਬਦਾਂ ਦੇ ਵਿਗਾੜੇ ਹੋਏ ਰੂਪ “ਅਪਣੀ”, “ਅਪਣੇ”, “ਅਪਣਿਆਂ” ਅਤੇ “ਅਪਣੀਆਂ” ਵਰਤੇ ਜਾਂਦੇ ਹਨ। ਲੇਖਕਾਂ ਦੀਆਂ ਸ਼ਾਮਲ ਕੀਤੀਆਂ ਸਾਰੀਆਂ ਰਚਨਾਵਾਂ ਵਿੱਚ ਪੰਜਾਬੀ ਨੂੰ ਵਿਗਾੜਨ ਹਿਤ ਇਸ ਸੰਪਾਦਕ ਜੀ ਵੱਲੋਂਆਪਣੇ ਆਪ ਹੀ ਸ਼ਬਦਾਂ ਦੀਆਂ ਉਪਰੋਕਤ ਦੱਸੀਆਂ ਤਬਦੀਲੀਆਂ ਕਰ ਲਈਆਂ ਜਾਂਦੀਆਂ ਹਨ।
‘ਰੋਜ਼ਾਨਾ ਸਪੋਕਸਮੈਨ ‘ਵਿਚੋਂ ਹੀ ਪੰਜਾਬੀ ਦੇ ਹਿੰਦੀਕਰਣ ਕੀਤੇ ਜਾਣ ਹਿਤ ਵਰਤੀ ਜਾਂਦੀ ਸ਼ਬਦਾਵਲੀ ਦੀਆਂਅਨੇਕਾਂ ਹੋਰ ਉਦਾਹਰਣਾਂ ਵੀ ਲਈਆਂ ਜਾ ਸਕਦੀਆਂ ਹਨ ਜਿਵੇਂ ਉਡੇਲਣਾ, ਅੱਖਾਂ ਮੂੰਦ ਲੈਣਾ, ਚੂਕ ਜਾਣਾ, ਸ਼ਾਬਾਸ਼ੀ, ਅੰਗੂਠਾ ਟੇਕਣਾ, ਵਾਹਨ, ਮੂਏ, ਆੜੇ-ਹੱਥੀਂ, ਗੁਹਾਰ ਲਗਾਉਣੀ, ਨਾਕੋਂ ਚਨੇ ਚਬਾਉਣਾ, ਬਹਿਤੀ ਗੰਗਾ, ਛੂਟ, ਗੱਪਾਂਹਾਂਕਣਾ, ਝੇਲਣਾ, ਛੁਰਾ ਘੋਪਣਾ ਆਦਿਕ। ਅਜਿਹੀਆਂ ਉਦਾਹਰਣਾਂ ਦੀ ਗਿਣਤੀ ਕੋਈ ਡੇਢ ਸੌ ਦੇ ਲਗ ਭਗ ਬਣਦੀ ਹੈ। ਇਹ ਸਹੀ ਹੈ ਕਿ ਇਹਨਾਂ ਵਿਚਲੇ ਸ਼ਬਦਾਂ ਵਿੱਚੋਂ ਕੁੱਝ ਕੁ ਬਾਕੀ ਦੇ ਪੰਜਾਬੀ ਅਖਬਾਰਾਂ ਵਿੱਚ ਵੀ ਵੇਖਣ ਨੂੰ ਮਿਲ ਜਾਣਗੇ ਪ੍ਰੰਤੂ ਇਹਨਾਂ ਵਿੱਚੋਂ ਨਬੇ ਪ੍ਰਤੀਸ਼ਤ ‘ਰੋਜ਼ਾਨਾਂ ਸਪੋਕਸਮੈਨ ‘ਵਿੱਚ ਹੀ ਵਰਤੇ ਜਾ ਰਹੇ ਹਨ। ਜ਼ਿਆਦਾ ਕਰਕੇ ਅਜਿਹੇ ਸ਼ਬਦ ਸੰਪਾਦਕੀਆਂ ਜਾਂ ਖਬਰਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ” ਅਪਣਾ” ਵਾਲੀ ਗਲਤੀ ਅਖਬਾਰ ਵਿੱਚ ਸ਼ਾਮਲ ਕੀਤੀ ਜਾਂਦੀ ਹਰ ਰਚਨਾਂ ਵਿੱਚ ਉਚੇਚੇ ਤੌਰ ਤੇ ਕੀਤੀ ਗਈ ਹੁੰਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇਹ ਸਾਰਾ ਕੁੱਝ ਜਾਣ-ਬੁਝ ਕੇ ਕਿਸੇ ਵਿਸ਼ੇਸ਼ ਮਕਸਦ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ।
ਇਸੇ ਅਖਬਾਰ ਦੇ ਸੰਪਾਦਕ ਜੀ ਨੇ ਪੰਜਾਬੀ ਦੇ ਉਚਾਰਣ ਨੂੰ ਵਿਗਾੜਨ ਹਿਤ ਆਪਣੇ ਤੌਰ ਤੇ ਹੀ ਕੁੱਝ ਹੋਰ ਪੰਜਾਬੀ ਸ਼ਬਦਾਂ ਦੇ ਸ਼ਬਦ-ਜੋੜ ਬਦਲ ਦਿੱਤੇ ਹਨ ਜਿਵੇਂ ਧੰਨਵਾਦ ਨੂੰ ਧਨਵਾਦ, ਦੋਹਾਂ ਨੂੰ ਦੁਹਾਂ, ਵਾਲੀ-ਵਾਰਸ ਨੂੰ ਵਲੀ-ਵਾਰਸ, ਵਤਾਊਂ ਨੂੰ ਵਤਊਂ, ਇਕ-ਦਮ ਨੂੰ ਇਕ-ਦੰਮ, ਤੁਰੰਤ ਨੂੰ ਤੁਰਤ, ਫਲ ਨੂੰ ਫੱਲ ਕਰਕੇ ਲਿਖਣਾ ਆਦਿਕ।
ਇਸ ਲੇਖਕ ਨੇ ਆਪਣੇ ਤੌਰ ਤੇ ਕਈ ਵਾਰੀ ਪਤੱਰਾਂ ਰਾਹੀਂ ‘ਰੋਜ਼ਾਨਾ ਸਪੋਕਸਮੈਨ ‘ਦੇ ਸੰਪਾਦਕ ਜੀ ਦਾ ਧਿਆਨ ਇਹਨਾਂ ਕੁਤਾਹੀਆਂ ਵਲ ਦੁਆਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਨਾ ਤਾਂ ਇਸ ਸੰਪਾਦਕ ਜੀ ਨੇ ਇਸ ਲੇਖਕ ਦੇ ਇਤਰਾਜ਼ ਆਪਣੀ ਅਖਬਾਰ ਵਿੱਚ ਛਾਪੇ ਹਨ, ਨਾ ਹੀ ਉਹਨਾਂ ਨੇ ਇਸ ਲੇਖਕ ਨਾਲ ਇਸ ਵਿਸ਼ੇ ਉਤੇ ਕਿਸੇ ਹੋਰ ਢੰਗ ਨਾਲ ਵਿਚਾਰ-ਵਟਾਂਦਰਾ ਕਰਨ ਦਾ ਯਤਨ ਕੀਤਾ ਹੈ ਅਤੇ ਨਾ ਹੀ ਪੰਜਾਬੀ ਦੇ ਵਿਗਾੜਨ ਅਤੇ ਇਸ ਦੇ ਹਿੰਦੀਕਰਣ ਕਰਨ ਦੀ ਕਾਰਵਾਈ ਨੂੰ ਬੰਦ ਹੀ ਕੀਤਾ ਗਿਆ ਹੈ। ਇਸ ਲੇਖਕ ਨੇ ਇਸ ਅਖਬਾਰ ਵਿੱਚ ਛਪਣ ਵਾਲੇ ਕਈ ਲੇਖਕਾਂ ਨੂੰ ਪੱਤਰਾਂ ਅਤੇ ਟੈਲੀਫੋਨ ਰਾਹੀਂ ਇਸ ਸਥਿਤੀ ਤੋਂ ਜਾਣੂ ਕਰਵਾਇਆ ਹੈ। ਪਰੰਤੂ ਇਸ ਕੋਸ਼ਿਸ਼ ਦਾ ਵੀ ਹਾਲੇ ਤਕ ਕੋਈ ਲਾਹੇਵੰਦ ਸਿੱਟਾ ਨਹੀਂ ਨਿਕਲਿਆ। ਉਹਨਾਂ ਲੇਖਕਾਂ ਵਿੱਚੋਂ ਕੁੱਝ ਇੱਕ ਨੇ ਮੰਨਿਆਂ ਵੀ ਹੈ ਕਿ ਇਸ ਸੰਪਾਦਕ ਜੀ ਦੀ ਇਹ ਕਾਰਵਾਈ ਕਿਸੇ ਸਾਜ਼ਿਸ਼ ਅਧੀਨ ਹੋ ਰਹੀ ਜਾਪਦੀ ਹੈ ਪਰ ਇਸ ਦੇ ਬਾਵਜੂਦ ਉਹ ਕੁੱਝ ਕਰ ਨਹੀਂ ਸਕੇ ਅਤੇ ਇਸ ਅਖਬਾਰ ਵਿੱਚ ਲਗਾਤਾਰਛਪ ਵੀ ਰਹੇ ਹਨ। ਇਸ ਸਥਿਤੀ ਬਾਰੇ ਉਹ ਖੁਦ ਹੀ ਚਾਨਣਾ ਪਾ ਸਕਦੇ ਹਨ।
ਪੰਜਾਬੀ ਪਿਆਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀਅਤ ਅਤੇ ਵਿਸ਼ੇਸ਼ ਕਰਕੇ ਸਿਖ ਸਭਿਆਚਾਰ ਨੂੰ ਮਲੀਆਮੇਟ ਕਰਨ ਵਾਲੀਆਂ ਧਿਰਾਂ ਦਾ ਇੱਕ ਵੱਡਾ ਨਿਸ਼ਾਨਾ ਪੰਜਾਬੀ ਭਾਸ਼ਾ ਵੀ ਹੈ। ਇਸ ਸਬੰਧੀ ਇਹਨਾਂ ਧਿਰਾਂ ਦਾ ਇੱਕ ਉਪਰਾਲਾ ਤਾਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਵੱਡੀ ਪੱਧਰ ਤੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਵਸਾ ਕੇ ਖਿਚੜੀ ਭਾਸ਼ਾ ਪੈਦਾ ਕਰਨਾ ਹੈ ਅਤੇ ਦੂਸਰਾ ਪੰਜਾਬੀ ਮੀਡੀਆ ਅਤੇ ਲਿਖਾਰੀਆਂ ਰਾਹੀਂ ਪੰਜਾਬੀ ਦਾ ਹਿੰਦੀਕਰਣ ਕਰਨਾ ਹੈ।
ਪਿਛੇ ਜਿਹੇ ਅਖਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸ੍ਰੀ ਮਾਨ ਜੁਗਿੰਦਰ ਸਿੰਘ ਜੀ ਨੇ ਪੰਜਾਬੀ ਭਾਸ਼ਾ ਦਾ ਰੁਤਬਾ ਘਟਾਉਣ ਦੀ ਕੋਸ਼ਿਸ਼ ਵਜੋਂ ਆਪਣੇ ਇੱਕ ਸੰਪਾਦਕੀ ਵਿੱਚ ਕੁੱਝ ਅਟਕਲਪੱਚੂ ਵੀ ਲਗਾਏ ਹਨ। ਅਖਬਾਰ ‘ਰੋਜ਼ਾਨਾ ਸਪੋਕਸਮੈਨ’ ਦੇ 01. 04. 2010 ਦੇ ਅੰਕ ਦੀ ਸੰਪਾਦਕੀ ਵਿੱਚ ਉਹ ਲਿਖਦੇ ਹਨ:
“…. ਜੇ ਅਜ ਵੀ ਉਰਦੂ ਦਾ ਸੁਖਾਵਾਂ ਪ੍ਰਭਾਵ ਪੰਜਾਬੀ ਵਿਚੋਂ ਕੱਢ ਦਿਤਾ ਜਾਏ ਤਾਂ ਪਿੱਛੇ ਜੰਗਾਂ ਯੁਧਾਂ ਵਿੱਚ ਰੁੱਝੇ ਅਤੇ ਵਿਦਿਆ ਤੋਂ ਦੂਰ ਰਖੇ ਗਏ ਲੋਕਾਂ ਦੀ ਭਾਸ਼ਾ ਹੀ ਨਜ਼ਰ ਆਉਂਦੀ ਹੈ। ਉਰਦੂ ਦੇ ਪ੍ਰਭਾਵ ਤੋਂ ਮੁਕਤ ਪੰਜਾਬੀ ਵਾਰਤਕ ਦੇ ਜਿਹੜੇ ਨਮੂਨੇ 14ਵੀਂ, 15ਵੀਂ ਤੇ 16ਵੀਂ ਸਦੀ ਦੇ ਮਿਲਦੇ ਹਨ (ਜਨਮ ਸਾਖੀਆਂ ਸਮੇਤ) , ਉਹ ਇਸ ਤੱਥ ਦੀ ਗਵਾਹੀ ਭਰਦੇ ਹਨ। ਉਰਦੂ ਨੇ ਜਿੱਥੇ ਜੱਜੇ, ਸੱਸੇ, ਖੱਖੇ ਤੇ ਫੱਫੇ ਥੱਲੇ ਬਿੰਦੀ ਲਾਕੇ ਨਵੀਆਂ ਧੁਨੀਆ ਪੰਜਾਬੀ ਨੂੰ ਦਿੱਤੀਆਂ, ਉਥੇ ਇਹਨਾਂ ਧੁਨੀਆਂ ਦੇ ਨਾਲ-ਨਾਲ ਨਜ਼ਾਕਤ, ਨਫਾਸਤ ਅਤੇ ਨਖਰੇ ਦੀ ਜ਼ਕਾਤ ਵੀ ਪੰਜਾਬੀ ਨੂੰ ਸੌਂਪ ਦਿਤੀ।
…. ਪੰਜਾਬ ਦੇ ਜਿਹੜੇ ਇਲਾਕੇ, ਹਿੰਦੀ ਰਾਜਾਂ ਹਰਿਆਣਾ, ਹਿਮਾਚਲ ਤੇ ਰਾਜਸਥਾਨ ਦੇ ਨੇੜੇ ਪੈਂਦੇ ਹਨ ਉਥੋਂ ਦੀ ਪੰਜਾਬੀ “ਨਾਲੇ ਕੇ ਗੈਲ ਗਿਆ ਥਾ” ਅਤੇ “ਤਉਂ ਕਿਆ ਕਰ ਰਿਹਾ ਸੀ” ਜਾਂ “ਮ੍ਹਾਰੀ ਓਰ ਤੋ ਇਬ ਕਾਂ ਬੀ ਨਾ ਦਿਸੈ” ਵਰਗੀ ਪੰਜਾਬੀ ਬੋਲਦੇ ਹਨ ਜੋ ਨਾ ਤਾਂ ਪੰਜਾਬੀ ਹੈ, ਨਾ ਹਿੰਦੀ ਤੇ ਨਾ ਹੀ ਰਾਜਸਥਾਨੀ। ਉਰਦੂ ਨੇ ਚਾਰ ਅਖਰਾਂ (ਸ, ਖ, ਜ, ਫ) ਹੇਠਾਂ ਬਿੰਦੀ ਲਾ ਕੇ ਪੰਜਾਬੀ ਨੂੰ ਨਫਾਸਤ ਤੇ ਨਜ਼ਾਕਤ ਦਿੱਤੀ ਹੈ, ਉਥੇ ਹਿੰਦੀ ਦੇ ਪ੍ਰਭਾਵ ਹੇਠ, ਕੁੱਝ ਲੋਕਾਂ ਨੇ ਲੱਲੇ ਦੇ ਹੇਠ ਬਿੰਦੀ ਲਾ ਕੇ, ਇਸ ਨਜ਼ਾਕਤ ਨੂੰ ਗਵਾਰੂ ਰੂਪ ਦੇ ਦਿਤਾ ਹੈ ਕਿਉਂਕਿ ਲੱਲੇ ਹੇਠ ਬਿੰਦੀ ਵਾਲਾ ਉਚਾਰਣ ਹਰਿਆਣੇ ਤੇ ਰਾਜਸਥਾਨ ਵਿੱਚ ਵੀ ਅਤਿ ਦੇ ਪਛੜੇ ਅਤੇ ਅਨਪੜ੍ਹ ਲੋਕਾਂ ਦਾ ਉਚਾਰਣ ਹੀ ਹੈ ਤੇ ਉਥੇ ਵੀ ਇਸ ਨੂੰ ਪੜ੍ਹੇ- ਲਿਖੇ ਲੋਕਾਂ ਨੇ ਨਹੀਂ ਅਪਣਾਇਆ। …. .”

ਸੰਪਾਦਕ ਜੀ ਵੱਲੋਂ ਦਿਤੀਆਂ ਉਪਰੋਕਤ ਧਾਰਨਾਵਾਂ ਵਿਚੋਂ ਕੋਈ ਵੀ ਭਾਸ਼ਾਵਿਗਿਆਨ ਦੇ ਅਨੁਕੂਲ ਨਹੀਂ ਅਤੇ ਤੱਥਾਂ ਦੇ ਵੀ ਉਲਟ ਹਨ। ਇਸ ਸਾਰੇ ਕੁੱਝ ਦਾ ਵਿਸਥਾਰ ਤਾਂ ਇਥੇ ਦਿੱਤਾ ਨਹੀਂ ਜਾ ਸਕਦਾ ਪਰੰਤੂ ਇਹ ਸਪਸ਼ਟ ਹੈ ਕਿ ਇਸ ਸੰਪਾਦਕ ਜੀ ਨੇ ਪੰਜਾਬੀ ਦਾ ਦਰਜਾ ਘਟਾਉਣ ਲਈ ਆਪਣੀ ਪੂਰੀ ਵਾਹ ਕਗਾਈ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਖਬਾਰ ਦਾ ਵਿਚਾਰਾ ਸਧਾਰਨ ਪਾਠਕ ਆਮ ਕਰਕੇ ਭਾਸ਼ਾਵਿਗਿਆਨਕ ਨਿਯਮਾਂ ਅਤੇ ਸਾਹਿਤਕ/ ਇਤਿਹਾਸਕ ਤੱਥਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦਾ। ਸੰਪਾਦਕ ਜੀ ਨੂੰ ਤਾਂ ਇਹ ਪਤਾ ਹੀ ਹੈ ਕਿ 14ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤਕ ਲਿਖੀ ਗਈ ਪੰਜਾਬੀ ਦੀ ਕੋਈ ਵੀ ਵਾਰਤਕ ਰਚਨਾ ਉਪਲਭਧ ਨਹੀਂ। ਜਨਮ ਸਾਖੀਆਂ ਵੀ 18ਵੀਂ ਸਦੀ ਦੀ ਉਪਜ ਹਨ। ਸੰਪਾਦਕ ਜੀ ਇਹ ਵੀ ਜਾਣਦੇ ਹਨ ਕਿ ਬਾਬਾ ਫਰੀਦ ਜੀ ਅਤੇ ਸਿਖ ਗੁਰੂ ਸਾਹਿਬਾਨ ਦੀ ਸ਼ੁਧ ਪੰਜਾਬੀ ਰਚਨਾ ਸ੍ਰੀ ਆਦਿ ਗ੍ਰੰਥ ਵਿੱਚ ਮੌਜੂਦ ਹੈ ਜਿਸ ਪਿਛੋਂ ਮੱਧਕਾਲ ਵਿੱਚ ਵੱਡੇ ਪੱਧਰ ਤੇ ਪੰਜਾਬੀ ਵਿੱਚ ਸੂਫੀ ਕਾਵਿ ਅਤੇ ਕਿੱਸਾ ਕਾਵਿ ਵੀ ਰਚਿਆ ਗਿਆ। ਇੰਜ ਭਾਸਦਾ ਹੈ ਕਿ ਸੰਪਾਦਕ ਜੀ ਅਸਿੱਧੇ ਢੰਗ ਨਾਲ ਇਹ ਕਹਿਣਾ ਚਾਹੁੰਦੇ ਹਨ ਕਿ ਪੰਜਾਬੀ ਦੀ ਇਹ ਸਾਰੀ (ਕਾਵਿ) ਰਚਨਾ ਵੀ “ਉਰਦੂ ਦੇ ਪ੍ਰਭਾਵ ਤੋਂ ਮੁਕਤ” ਹੋਣ ਕਰਕੇ ਅਨਪੜ੍ਹ ਅਤੇ ਗਵਾਰੂ ਲੋਕਾਂ ਦੀ ਰਚਨਾ ਹੈ, ਨਫਾਸਤ ਅਤੇ ਨਜ਼ਾਕਤ ਤੋਂ ਖਾਲੀ ਹੈ ਅਤੇ ਉਰਦੂ ਦੇ “ਨਖਰੇ” ਤੇ “ਖੁਸ਼ਬੂ” ਤੋਂ ਵਾਂਝੀ ਹੈ। ਦੂਸਰੇ ਪਾਸੇ ਅਸਲ ਸਥਿਤੀ ਤਾਂ ਇਹ ਹੈ ਕਿ ਗੁਰੂ ਸਹਿਬਾਨ ਖੁਦ ਫਾਰਸੀ ਦੇ ਵੀ ਮਾਹਿਰ ਸਨ ਅਤੇ ਉਹਨਾਂ ਵੱਲੋਂ ਫਾਰਸੀ ਵਿੱਚ ਰਚੇ ਹੋਏ ਸ਼ਬਦ ਵੀ ਸ੍ਰੀ ਆਦਿ ਗ੍ਰੰਥ ਵਿੱਚ ਵਿੱਚ ਸ਼ਾਮਲ ਕੀਤੇ ਗਏ ਹੋਏ ਹਨ ਜਦੋਂ ਕਿ ਪੰਜਾਬੀ ਅਤੇ ਫਾਰਸੀ ਨੂੰ ਮਿਲਾ ਕੇ ਬਣਾਈ ਹੋਈ ਖਿਚੜੀ ਅਤੇ ਵਿਗੜੀ ਭਾਸ਼ਾ (ਰੀਖਤਾ) ਨੂੰ ਗੁਰੂ ਸਾਹਿਬ ਨੇ “ਮਲੇਛ” ਭਾਸ਼ਾ ਦੀ ਸੰਗਿਆ ਦਿੱਤੀ। ਬਾਦ ਵਿੱਚ ਮੁਸਲਮਾਨ ਭਾਈਚਾਰੇ ਨੇ ਇਸੇ ਭਾਸ਼ਾ ਨੂੰ ‘ਜ਼ਬਾਨਿ-ਉਰਦੂ-ਯ-ਮੌਲਾ’ ਦਾ ਨਾਮ ਦੇ ਦਿਤਾ ਅਤੇ ਮੁਗਲਾਂ ਵੱਲੋਂ ਫਾਰਸੀ ਦੀ ਜਗਹ ਤੇ ਸਰਕਾਰੀ- ਦਰਬਾਰੀ ਭਾਸ਼ਾ ਬਣਾ ਲੈਣ ਉਪਰੰਤ ਇਸ ਨੂੰ “ਉਰਦੂ” ਕਿਹਾ ਜਾਣ ਲਗਾ।
ਸ, ਜ, ਖ ਅਤੇ ਫ ਦੇ ਪੈਰ ਬਿੰਦੀ ਪਾਕੇ ਬਣੀਆਂ ਧੁਨੀਆਂ ਉਰਦੂ ਦੀਆਂ ਹੈ ਹੀ ਨਹੀਂ। ਅਸਲ ਵਿੱਚ ਉਰਦੂ ਦੀ ਆਪਣੀ ਨਾਂ ਤਾਂ ਕੋਈ ਗਰਾਮਰ ਹੈ ਅਤੇ ਨਾ ਹੀ ਧੁਨੀਆਂ। ਇਸਦੀ ਸਾਰੀ ਗਰਾਮਰ ਅਤੇ ਇਸਦੀਆਂ ਸਾਰੀਆਂ ਧੁਨੀਆਂ ਪੰਜਾਬੀ ਅਤੇ ਫਾਰਸੀ ਤੋਂ ਚੋਰੀ ਕੀਤੀਆਂ ਹੋਈਆਂ ਹਨ। ਪੰਜਾਬੀ ਤਾਂ ਉਰਦੂ ਤੋਂ ਬਹੁਤ ਪੁਰਾਣੀ ਭਾਸ਼ਾ ਹੈ। ਪੰਜਾਬੀ ਨੇ ਉਰਦੂ ਤੋਂ ਕਦੀ ਕੋਈ ਦਾਨ ( “ਜ਼ਕਾਤ” ) ਨਹੀਂ ਲਿਆ। ਫਾਰਸੀ ਅਤੇ ਅੰਗਰੇਜ਼ੀ ਦੀਆਂ ਕੁੱਝ ਧੁਨੀਆਂ ਦੀ ਵਰਤੋਂ ਨੂੰ ਪੰਜਾਬੀ ਵਿੱਚ ਸੁਨਿਸਚਤ ਕਰਨ ਹਿਤ ਜੇਕਰ ਗੁਰਮੁਖੀ ਲਿਪੀ ਵਿੱਚ ਸ, ਜ, ਖ, ਗ ਅਤੇ ਫ ਦੇ ਪੈਰ ਬਿੰਦੀ ਪਾਕੇ ਕੁੱਝ ਵਾਧੂ ਅੱਖਰ ਪਰਵਾਨ ਕਰ ਲਏ ਗਏ ਹਨ ਤਾਂ ਇਸ ਸਥਿਤੀ ਦਾ ਉਰਦੂ ਨਾਲ ਕੋਈ ਸਬੰਧ ਹੀ ਨਹੀਂ ਬਣਦਾ। ਐਵੇਂ ਧੱਕੇ ਨਾਲ ਹੀ ਪੰਜਾਬੀ ਨੂੰ ਉਰਦੂ ਤੋਂ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ। ਉਧਰ ਲੱਲੇ ਦੇ ਪੈਰ ਬਿੰਦੀ ਪਾਉਣਾਵੀ ਪ੍ਰਸ਼ੰਸਾ ਵਾਲਾ ਕਦਮ ਹੈ ਕਿਉਂਕਿ ਇਸ ਅੱਖਰ ਵਿਚੋਂ ਨਿਕਲਦੀ ਇਹ ਦੂਸਰੀ ਧੁਨੀ ਅਜਿਹੀ ਸੁਤੰਤਰ ਧੁਨੀ ਹੈ ਜੋ ਪੰਜਾਬੀ ਦੀਆਂ ਲਗਭਗ ਸਾਰੀਆਂ ਉਪਬੋਲੀਆਂ (ਟਕਸਾਲੀ ਪੰਜਾਬੀ ਸਮੇਤ) ਵਿੱਚ ਮੌਜੂਦ ਹੈ। ਸੰਪਾਦਕ ਜੀ ਦੀ ਇਹ ਸਰਾਸਰ ਗਲਤ-ਬਿਆਨੀ ਹੈ ਕਿ “ਲੱਲੇ ਹੇਠ ਬਿੰਦੀ ਵਾਲਾ ਉਚਾਰਣ ਹਰਿਆਣੇ ਤੇ ਰਾਜਸਥਾਨ ਵਿੱਚ ਵੀ ਅਤਿ ਦੇ ਪਛੜੇ ਅਨਪੜ੍ਹ ਲੋਕਾਂ ਦਾ ਉਚਾਰਨ ਹੀ ਹੈ”। ਤਿੰਨ ਵਾਕਾਂ ਦੀਆਂ ਜੋ ਉਦਾਹਰਣਾਂ ਸੰਪਾਦਕ ਜੀ ਨੇ ਦਿਤੀਆਂ ਹਨ (ਵੇਖੋ ਉਪਰ) ਉਹ ਪੁਆਧ ਇਲਾਕੇ ਦੀ ਬੋਲੀ ਵਿਚੋਂ ਗਈਆਂ ਲਈਆਂ ਹਨ ਜੋ ਪੰਜਾਬੀ ਦੀ ਇੱਕ ਪ੍ਰਮੁੱਖ ਅਤੇ ਸਤਿਕਾਰਤ ਉਪਬੋਲੀ ਹੈ। ਸੰਪਾਦਕ ਜੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬੀ ਦੀਆਂ ਕਈ ਉਪਬੋਲੀਆਂ ਜੰਮੂ, ਹਿਮਾਚਲ, ਹਰਿਆਣਾ, ਰਾਜਸਥਾਨ ਦੇ ਨਾਲ ਨਾਲ ਪਾਕਿਸਤਾਨ ਦੇ ਇਲਾਕਿਆਂ ਵਿੱਚ ਮੌਜੂਦ ਹਨ ਪਰ ਇੰਜ ਭਾਸਦਾ ਹੈ ਕਿ ਉਹ ਪੰਜਾਬੀ ਦੀ ਅਮੀਰੀ ਨੂੰ ਸਵੀਕਾਰ ਕਰਨ ਦੀ ਬਜਾਏ ਇਸ ਅਮੀਰੀ ਨੂੰ ਹਿੰਦੀ ਦਾ ਅਸਰ ਗਰਦਾਨਦੇ ਹੋਏ ਅਤੇ ਪੰਜਾਬੀ ਨੂੰ ਉਰਦੂ ਦੀ ਦਬੇਲ ਬਣਾਉਂਦੇ ਹੋਏ ਆਪਣੀ ਉਸ ਕਾਰਵਾਈ ਲਈ ਰਾਹ ਪੱਧਰਾ ਕਰਨਾ ਚਾਹੁੰਦੇ ਹਨ ਜਿਸ ਨਾਲ ਪੰਜਾਬੀ ਦਾ ਹਿੰਦੀਕਰਣ ਕਰਨਾ ਜਾਰੀ ਰਖ ਸਕਣ। ਇਸ ਕਾਰਵਾਈ ਦਾ ਸੰਖੇਪ ਵਰਨਣ ਉਪਰ ਕਰ ਦਿਤਾ ਗਿਆ ਹੈ।
‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੀ ਵੱਲੋਂ ਵਿਖਾਈ ਗਈ ਹਿੰਦੀ ਪ੍ਰਤੀ ਨਾਪਸੰਦਗੀ ਕੇਵਲ ਉਪਰਲੇ ਮਨੋਂ ਹੀ ਹੈ, ਉਂਜ ਉਹ ਚਲਾਕੀ ਨਾਲ ਉਰਦੂ ਨਾਲ ਆਪਣਾ ਫੋਕਾ ਹੇਜ ਜਤਾਉਂਦੇ ਹੋਏ ਪੰਜਾਬੀ ਨੂੰ ਹਿੰਦੀ ਰੂਪ ਦੇਣ ਦੇ ਆਹਰ ਵਿੱਚ ਹਨ। ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੀ ਵੱਲੋ ਵਿੱਢੀ ਇਸ ਅਤੀ ਨਿੰਦਣਯੋਗ ਅਤੇ ਮਾਰੂ ਕਾਰਵਾਈ ਤੋਂ ਸੁਚੇਤ ਹੋਣ ਅਤੇ ਇਸ ਨੂੰ ਠੱਲ ਪਾਉਣ ਹਿਤ ਠੋਸ ਉਪਰਾਲਿਆਂ ਦੀ ਕੋਈ ਅਸਰਦਾਰ ਵਿਉਂਤਬੰਦੀ ਕਰਨ।
ਡਾ. ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਫੋਨ ਤੇ ਸੰਪਰਕ ਕਰਨ ਲਈ ਨੰਬਰ: 0-9317910734, 0172-5077510




.