.

ਰਹਿਤ ਪਿਆਰੀ ਮੁਝ ਕਉ------

‘ਰਹਿਤ ਪਿਆਰੀ ਮੁਝ ਕਉ, ਸਿਖ ਪਿਆਰਾ ਨਾਹਿ’।

‘ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ’।

ਬੜੇ ਸਾਲ ਹੋਏ, ਕਿਸੇ ਗੁਰੂਦਵਾਰੇ ਵਿੱਚ ਇੱਕ ਪੰਜ ਕਕਾਰੀ, ਅੰਮ੍ਰਿਤਧਾਰੀ ਪ੍ਰਚਾਰਕ ਇਹ ਲਾਈਨਾਂ ਸੁਣਾ ਕੇ ਕਹਿ ਰਿਹਾ ਸੀ, “ਸਾਧ ਸੰਗਤ ਜੀ ਰਹਿਤ ਰੱਖੋ, ਪੰਜ ਕਕਾਰ ਸਜਾਓ, ਖੰਡੇ ਬਾਟੇ ਦੀ ਪਾਹੁਲ ਲਓ, ਗੁਰੂ ਵਾਲੇ ਬਣੋਂ ਤੇ ਫੇਰ ਦੇਖੋ ਸਤਿਗੁਰੂ ਕਲਗੀਆਂ ਵਾਲੇ ਰਹਿਤਵਾਨ ਸਿੱਖ ਨੂੰ ਆਪਣਾ ‘ਸਾਹਿਬ’ (ਮਾਲਿਕ) ਮੰਨਦੇ ਹਨ ਤੇ ਆਪਣੇ ਆਪ ਨੂੰ ਉਸ ਦਾ ਚੇਲਾ (ਸੇਵਕ)। ਕਿੱਡੀ ਉੱਚੀ ਪਦਵੀ ਹੈ…. .”!

ਉੱਥੇ ਬੈਠਾ ਇੱਕ 7-8 ਸਾਲ ਦਾ ਬੱਚਾ ਆਪਣੇ ਪਿਤਾ ਨੂੰ ਕਹਿਣ ਲੱਗਾ, “ਡੈਡੀ, ਅਸੀਂ ਕਕਾਰ ਕਿਉਂ ਨਹੀਂ ਰੱਖਦੇ? ਵਾਲ, ਕੜਾ, ਤੇ ਕੱਛਾ ਤਾਂ ਆਪਣੇ ਕੋਲ ਹੈ। ਕੰਘੇ ਅਤੇ ਕ੍ਰਿਪਾਨ ਦੀ ਗੱਲ ਹੈ; ਬਾਹਰ ਦੁਕਾਨ ਤੋਂ ਲੈ ਲੈਂਦੇ ਹਾਂ, ਤੁਸੀਂ ਤੇ ਮੈਂ ਬਹੁਤ ਵੱਡੇ ਆਦਮੀ, ‘ਸਾਹਿਬ’ – ਬਣ ਜਾਵਾਂ ਗੇ! !”

ਮੈਂ ਆਪਣੇ ਮਨ ਵਿੱਚ ਸੋਚਿਆ ਕਿ ਕਿੰਨਾ ਸਸਤਾ ਸੌਦਾ ਹੈ? 10-20 ਰੁਪਏ ਦੇ ਕੰਘਾ ਤੇ ਕ੍ਰਿਪਾਨ ਲਓ, ‘ਖੰਡੇ ਦੀ ਪਾਹੁਲ’ ਛਕ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਸਾਹਿਬ’ ਬਣ ਜਾਓ। ਇਹ ਵਿਚਾਰ ਆਉਂਦਿਆ ਹੀ ਮਨ ਵਿੱਚ ਇੱਕ ਡਰ ਜਹੇ ਦੀ ਲਹਿਰ ਦੌੜੀ, ਸਰੀਰ ਨੇਂ ਕਾਂਬਾ ਖਾਧਾ ਤੇ ਪਸੀਨਾਂ ਜਿਹਾ ਆ ਗਿਆ। ਛੋਟੇ ਹੁੰਦੇ ਸੁਣਿਆ ਸੀ ‘ਸਿੱਖੀ’ ਬੜੀ ਔਖੀ ਹੈ, ‘ਖੰਨਿਓਂ ਤਿੱਖੀ’ ਤੇ ‘ਵਾਲਹੁ ਨਿੱਕੀ’।

ਸੋ, ਇਸ ਦੁਬਿਧਾ `ਚੋਂ ਨਿਕਲਣ ਲਈ ਗੁਰਸਿੱਖਾਂ ਨੂੰ ਮਾਰਗ-ਦਰਸ਼ਨ ਲਈ ਬੇਨਤੀਆਂ ਕੀਤੀਆਂ, ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ। ਜੋ ਕੁੱਝ ਸਿੱਖਿਆ ਤੇ ਜੋ ਸੇਧ ਮਿਲੀ, ਆਪ ਜੀ ਨਾਲ ਸਾਂਝਾ ਕਰਨ ਦੀ, ਆਪਣੀ ਤੁੱਛ ਬੁੱਧੀ ਅਨੁਸਾਰ, ਬਹੁਤ ਨਿਮਾਨੀ ਜਿਹੀ ਕੋਸ਼ਿਸ਼ ਕਰਦਾ ਹਾਂ।

ਉਤਲੀਆਂ ਸਤਰਾਂ, ‘ਰਹਿਤ ਪਿਆਰੀ ਮੁਝ ਕਉ…’, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਹੈ, ਉਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰੀਆਂ ਹੋਈਆਂ ਨਹੀਂ ਹਨ। “ਅੰਮ੍ਰਿਤ ਕੀਰਤਨ” ਪੋਥੀ ਅਨੁਸਾਰ ਇਹ ਲਾਈਨਾਂ ‘ਰਹਿਤਨਾਮਾ ਭਾਈ ਦੇਸਾ ਸਿੰਘ ਜੀ’ ਵਿੱਚੋਂ ਹਨ।

ਰਹਿਤਨਾਮਿਆਂ ਵਿੱਚੋਂ ਵੀ ਉਹ ਲਾਈਨਾਂ ਹੀ ਸੰਗਤਾਂ ਨੂੰ ਸੁਣਾਈਆਂ ਜਾਂਦੀਆਂ ਹਨ ਤੇ (ਅਨ-) ਅਰਥ ਕੀਤੇ ਜਾਂਦੇ ਹਨ ਜਿਨ੍ਹਾਂ ਨਾਲ ਭੋਲੇ ਭਾਲੇ ਸਿੱਖਾਂ ਦੇ ਮਨਾਂ ਵਿੱਚ ਗ਼ਲਤ ਡਰ, ਵਹਿਮ ਤੇ ਭਰਮ ਪਾਏ ਜਾ ਸਕਣ, ਆਪਣਾ ਉੱਲੂ ਸਿੱਧਾ ਕੀਤਾ ਜਾ ਸਕੇ, ਤੇ ਉਨ੍ਹਾਂ ਸਿੱਖਾਂ ਨੂੰ ਦਿਲ ਭਰ ਕੇ ਲੁੱਟਿਆ ਜਾ ਸਕੇ। ਇਹ ਅਖਾਉਤੀ ਰਹਿਤਵਾਨ ਪ੍ਰਚਾਰਕ, ਕਥਾਵਾਚਕ, ਤੇ ਕੀਰਤਨੀਏਂ ਉਹ ਸਤਰਾਂ ਕਦਾਚਿਤ ਨਹੀਂ ਸੁਣਾਉਂਦੇ ਜੋ ਉਨ੍ਹਾਂ ਦੇ ਭੇਖ ਲਪੇਟੇ, ਖੋਖਲੇ ਤੇ ਬਣਾਵਟੀ ਜੀਵਨ `ਤੇ ਸੱਟ ਮਾਰਨ। ਇਸੇ ਰਹਿਤਨਾਮੇ ਦੀਆਂ ਹੇਠਲੀਆਂ ਸਤਰਾਂ ਵੀ ‘ਅੰਮ੍ਰਿਤ ਕੀਰਤਨ’ ਵਿੱਚ ਉੱਥੇ ਹੀ ਲਿਖੀਆਂ ਹਨ:

ਰਹਿਤਵਾਨ ਗੁਰ ਸਿੱਖ ਹੈ ਜੋਈ, ਕਰ ਉਪਾਇ ਧਨ ਖਾਟੈ ਸੋਈ।

ਤਾਹੀਂ ਕਰ ਘਰ ਕੋ ਨਿਰਬਹੈ, ਪੂਜਾ ਭੂਲ ਨ ਕਬਹੂੰ ਗਹੈ।

ਜੋ ਕੋਈ ਸਿੰਘ ਪੁਜਾਰੀ ਅਹੈ, ਸੋ ਭੀ ਪੂਜਾ ਬਹੁਤ ਨ ਗਹੈ।

ਤਨ ਨਿਰਬਾਹ ਮਾਤ੍ਰ ਸੋ ਲੇਵੈ, ਅਧਿਕ ਹੋਇ ਤੌ ਜਹਿੰ ਕਹਿੰ ਦੇਵੈ।

ਸਿੰਘ ਸਿੰਘ ਸੋ ਨੇਹੁ ਸੁ ਕਰਨੋ, ਵੈਰ ਭਾਵ ਮਨ ਤੇ ਪਰਹਰਨੋ।

ਕੀ ਕਦੇ ਕਿਸੇ ਪ੍ਰਚਾਰਕ ਨੇਂ ਇਹ ਪੰਗਤੀਆਂ ਸੰਗਤਾਂ ਨੂੰ ਸਰਵਣ ਕਰਵਾਈਆਂ ਹਨ? ਇਨ੍ਹਾਂ `ਤੇ ਅਮਲ ਕਰਨ ਦੀ ਜਾਂ ਇਨ੍ਹਾਂ ਨੂੰ ਕਮਾਵਨ ਦੀ ਗੱਲ ਤਾਂ ਦੂਰ ਦੀ ਹੈ, ਅੱਜ ਕਲ ਤਾਂ ਦਾਸ ਨੇ ਗੁਰੂਦਵਾਰਿਆਂ ਵਿੱਚ ‘ਮੋਖ ਬੋਰਡ’ (price list) ਲੱਗੇ ਦੇਖੇ ਹਨ। ਹਰ ਕਿਸਮ ਦੇ ਪਾਠ (ਅਖੰਡ, ਸਹਿਜ…. . ਤੇ ਉਨ੍ਹਾਂ ਦੀ ਥਾਂ), ਕੀਰਤਨ, ਕਥਾ, ਅਨੰਦ ਕਾਰਜ, ਤੇ ਅਰਦਾਸ ਆਦਿ ਦਾ ਮੋਖ (ਮੁੱਲ) ਹੈ। ਇਸ ਤਰ੍ਹਾਂ ਲੁੱਟੇ ਜਾਂਦੇ ਮਾਇਆ ਦੇ ਗੱਫਿਆਂ ਦੀ ਖ਼ਾਤਿਰ ਗੁਰੂਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨਿਰਲੱਜ ਹੋ ਕੇ ਨਿੱਤ ਡਾਂਗੋ ਸੋਟੀ ਤੇ ਜੂਤ ਪਤਾਂਗ ਹੁੰਦੀਆਂ ਹਨ, ਅਦਾਲਤਾਂ ਵਿੱਚ ਜਾਂਦੀਆਂ ਹਨ ਤੇ ਗੁਰੂ ਦੇ ਨਾਂ `ਤੇ ਇਕੱਠੀ ਕੀਤੀ ਮਾਇਆ ਬੇਸ਼ਰਮ ਹੋਕੇ ਬੇਰਹਿਮੀ ਨਾਲ ਰੋੜ੍ਹਦੀਆਂ ਹਨ। ਕਈ ਥਾਵਾਂ `ਤੇ ਤਾਂ ਇਨ੍ਹਾਂ ਭੂਸਰੇ ਹੋਏ ਲੜਦੇ ‘ਰਹਿਤਵਾਨ ਸਿੰਘਾਂ’ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਜੁੱਤੀਆਂ ਸਮੇਤ ਨੰਗੇ ਸਿਰ ਗੁਰਦਵਾਰਿਆਂ ਵਿੱਚ ਜਾਣ ਦੀਆਂ ਦੁੱਖਦਾਈ ਖ਼ਬਰਾਂ ਵੀ ਮਿਲਦੀਆਂ ਹਨ।

ਪੰਥਕ ਨੇਤਾਵਾਂ ਦੇ ਆਪਸੀ ‘ਨੇਹੁ’ ਪਿਆਰ ਨੇ ਵੀ ਕੌਮ ਨੂੰ ਸ਼ਰਮਸਾਰ ਕੀਤਾ ਹੋਇਆ ਹੈ। ਇਸੇ ਕਾਰਣ ਅੱਜ ‘ਸਿੱਖ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਛੱਡ ਕੇ ਰਾਧਾ ਸੁਆਮੀ, ਨਿਰੰਕਾਰੀ, ਸਰਸੇ ਵਾਲੇ, ਪਿਹੋਵੇ ਵਾਲੇ, ਸਾਂਈਂ ਬਾਬਾ, ਸ਼ਿਕਾਗੋ ਵਾਲੇ, ਢੰਡਰੀਆਂ ਵਾਲੇ, ਤੇ ਨਾਂ ਜਾਣੇ ਕਿੰਨੇ ਕੁ ਹੋਰਾਂ ਦਾ ਪਾਣੀ ਭਰਨ ਲੱਗ ਗਏ ਹਨ!

“ਅੰਧੀ ਰਯਤਿ, ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ॥” ਆਸਾ ਦੀ ਵਾਰ

ਰਹਿਤ ਕੀ ਹੈ?

ਅੱਜ ਕਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਕੇਵਲ ਮਾਇਆ ਨਾਲ (ਮਨ ਨਾਲ ਨਹੀਂ) ਮੱਥਾ ਟੇਕਣ, ਖ਼ੁਸ਼ੀ ਗ਼ਮੀ ਦੇ ਮੌਕਿਆਂ `ਤੇ ਪੈਸੇ (ਮੁੱਲ) ਦੇ ਕੇ ਪਾਠ ਕਰਾਉਣ, ਆਪਣੀਆਂ ਜਾਇਜ਼ ਤੇ ਨਾਜਾਇਜ਼ ਕਾਮਨਾਵਾਂ ਦੀ ਪੂਰਤੀ ਲਈ ਮੁੱਲ ਦੀ ਅਰਦਾਸ ਕਰਾਉਣ ਤੇ ਰਸਮੀ ਤੌਰ `ਤੇ ਹੁਕਮ ਨਾਮੇ ਲੈਣ ਤੱਕ ਹੀ ਸੀਮਤ ਹੈ। ਸਾਡੇ ਗੁਰੂ ਸਾਡੇ ਲਈ ਜਾਇਦਾਦ (ਖਿਮਾ ਕਰਨਾਂ) ਵਧੇਰੇ ਅਤੇ ਗੁਰੂ ਨਾਂ ਮਾਤ੍ਰ ਹੀ ਹਨ, ਕਿਉਂਕਿ ਸਾਡੇ ‘ਗਿਆਨ-ਦਾਤੇ’ ਮਾਇਆ-ਧਾਰੀ ਅਗਿਆਨ ਤੇ ਦੰਭੀ ਲੋਕ ਹਨ। ਆਓ, ਰਹਿਤ ਬਾਰੇ ਅਗਵਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਂਦੇ ਹਾਂ। ਫ਼ਰਮਾਨ ਹੈ:

“ਰਹਤ ਰਹਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕੈ ਸਬਦਿ ਅਪਾਰਾ॥” ਗਉੜੀ ਬਾਵਨ ਅਖਰੀ ਮ: ੫

‘ਪੂਰਨ ਗੁਰੂ ਦੀ ਅਪਾਰ ਬਾਣੀ ਦੁਆਰਾ ਦਰਸਾਈ ਰਹਿਤ ਵਾਲੀ ਜ਼ਿੰਦਗੀ (Disciplined life) ਰਹਿਣ ਨਾਲ ਵਿਕਾਰ ਮੁੱਕ ਜਾਂਦੇ ਹਨ’। ਅਤੇ ਫਿਰ:

“ਸਾਚੀ ਰਹਤ ਸਾਚਾ ਮਨਿ ਸੋਈ॥

ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ॥” ਬਿਲਾਵਲ ਮ: ੧

‘ਸੱਚੀ ਰਹਿਣੀ ਤਦੇ ਹੈ ਜੇ ਉਹ ਸੱਚਾ ਮਨ ਵਿੱਚ ਹੋਵੇ। ਮਨਮੁੱਖ ਦੇ ਜੀਵਨ ਵਿੱਚ ਬਿਆਨਬਾਜ਼ੀ, ਪ੍ਰਚਾਰ ਹੈ, ਪਰ ਸੁੱਚੀ ਰਹਿਤ (ਰਹਿਣੀ) ਨਹੀਂ’।

‘ਰਹਿਣੀ’ ਜਾਂ ‘ਰਹਤ’ ਉੱਚੇ, ਤੇ ਸੱਚੇ ਸੁੱਚੇ ਵਿਕਾਰ ਰਹਿਤ ਜੀਵਨ ਨੂੰ ਕਹਿੰਦੇ ਹਨ!

“ਸਚੋ ਉਰੇ ਸਭ ਕੋ ਉਪਰ ਸਚ ਆਚਾਰ॥”

“ਸੁਚਿ ਹੋਵੈ ਤਾ ਸਚੁ ਪਾਈਐ॥” ਆਸਾ ਦੀ ਵਾਰ

“ਰੇ ਮਨ ਐਸੋ ਕਰ ਸੰਨਿਆਸਾ।

ਬਨ ਸੇ ਸਦਨ ਸਭੈ ਕਰ ਸਮਝਹੁ, ਮਨ ਹੀ ਮਾਹਿ ਉਦਾਸਾ। ਰਹਾਓ

ਜਤ ਕੀ ਜਟਾ, ਜੋਗ ਕੋ ਮੰਜਨ, ਨੇਮ ਕੇ ਨਖਨ ਬਢਾਓ।

ਗਯਾਨ ਗੁਰੂ ਆਤਮ ਉਪਦੇਸਹੁ, ਨਾਮ ਬਿਭੂਤ ਲਗਾਓ।

ਅਲਪ ਅਹਾਰ, ਸੁਲਪ ਸੀ ਨਿੰਦਰਾ, ਦਯਾ ਛਿਮਾ ਤਨ ਪ੍ਰੀਤ।

ਸੀਲ, ਸੰਤੋਖ ਸਦਾ ਨਿਰਬਾਹਿਯੋ, ਹੋਵਬੋ ਤ੍ਰਿਗੁਣ ਅਤੀਤ।

ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ ਨ ਮਨ ਸੋ ਲਯਾਵੈ।

ਤਬ ਹੀ ਆਤਮ ਤਤ ਕੋ ਦਰਸੈ, ਪ੍ਰਮ ਪੁਰਖ ਕਹਿ ਪਾਵੈ॥”

ਜੇ ‘ਪੰਜ ਕਕਾਰ’ ਰਹਤ ਹੈ, ਤਾਂ ਇਹ ਉਪਰੋਕਤ ਫ਼ਰਮਾਨ ਕੀ ਹੈ?

ਰਹਤ ਤੇ ਪੰਜ ਕਕਾਰ

ਮਾਨਸਕ ਬਿਰਤੀ ਹੈ ਕਿ ਉਹ ਹਰ ਕੰਮ ਕਰਨ ਲਈ ਸੌਖਾ ਢੰਗ (short cut) ਲੱਭਦਾ ਹੈ। ਸਾਫ਼, ਸੁੱਥਰਾ, ਪੱਧਰਾ, ਤੇ ਯਕੀਨੀ ਪਰ ਲੰਬਾ ਸ਼ਾਹ-ਰਾਹ ਛੱਡ ਕੇ, ਜੰਗਲੀ ਉਜਾੜ ਵਿੱਚ ਦੀ ਪਗਡੰਡੀ ਬਣਾਉਂਦਾ ਹੈ ਚਾਹੇ ਉਹ ਮੰਜ਼ਿਲ ਤਕ ਪਹੁੰਚੇ ਹੀ ਨਾਂ। ਕੁੱਝ ਇਹੋ ਜਿਹਾ ਹੀ ਮਨੁੱਖ ਅਧਿਆਤਮਕ ਜਾਂ ਧਾਰਮਿਕ ਸਫ਼ਰ ਵਿੱਚ ਵੀ ਕਰਦਾ ਹੈ। ਲੰਬੀ ਪਰ ਅਸਲੀ ਜਰਨੈਲੀ ਸੜਕ (ਡੂਗਰ ਵਾਟ) ਨੂੰ ‘ਧਰਮ’ ਕਹਿੰਦੇ ਹਨ ਤੇ ਕਰਮ ਕਾਂਡ ਦੀ ਔਝੜੀ ਪਗਡੰਡੀ (short cut), ਜਿਹੜੀ ਮੰਜ਼ਿਲ `ਤੇ ਕਦੇ ਪਹੁੰਚਦੀ ਹੀ ਨਹੀਂ, ਨੂੰ ‘ਭੇਖ’ ਜਾਂ ‘ਪਾਖੰਡ’ ਕਹਿੰਦੇ ਹਨ। ਭੇਖੀ ਪਾਖੰਡੀ ਮਾਇਆ ਦਾ ਹਲਕਾਇਆ ਹੋਇਆ ਪ੍ਰਚਾਰਕ ਆਪ ਔਝੜੇ ਪਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਵੀ ਕਰਮ ਕਾਂਡਾਂ ਵਿੱਚ ਧਕੇਲ ਦਿੰਦਾ ਹੈ। ਇਸ ਸੰਬੰਧ ਵਿੱਚ ਹੁਕਮ ਹੈ:

“ਮੰਨੈ, ਮਗੁ ਨ ਚਲੈ ਪੰਥੁ॥ ਮੰਨੈ, ਧਰਮ ਸੇਤੀ ਸਨਬੰਧੁ॥” ਜਪੁ

‘ਨਾਮ `ਤੇ ਭਰੋਸਾ ਰੱਖਣ ਵਾਲਾ ਸੰਸਾਰੀ ਰਾਹਾਂ, ਰਹਿਤ ਮਰਿਆਦਾਵਾਂ ਅਥਵਾ ਕਰਮਕਾਂਡੀ ਧਾਰਮਕ ਰਸਤਿਆਂ `ਤੇ ਨਹੀਂ ਤੁਰਦਾ। ਉਸ ਦਾ ਧਰਮ (ਸੱਚਾਈ) ਨਾਲ ਸਿੱਧਾ ਜੋੜ ਬਣ ਜਾਂਦਾ ਹੈ’।

ਬੰਦਾ ਅਗਿਆਨਤਾ-ਵੱਸ, ਧੀਰਜ ਦੀ ਘਾਟ ਕਾਰਣ ਭੇਖ ਨੂੰ ਹੀ ਧਰਮ ਮੰਨ ਕੇ ਖ਼ੁਸ਼ ਤੇ ਸੰਤੁਸ਼ਟ ਹੁੰਦਾ ਹੈ। ਭੇਖ ਰਾਹੀਂ ਜੀਵਨ ਮਨੋਰਥ ਪ੍ਰਾਪਤ ਕਰਨ ਤੇ ਧਰਮੀ ਹੋਣ ਦਾ ਹੰਕਾਰ ਕਰਦਾ ਹੈ। ਪਰ, ਅਸਲੀਅਤ ਇਹ ਹੈ ਕਿ ਭੇਖ ਇਸ ਨੂੰ ਆਪਣੇ ਵਿਖਾਵੇ ਤੇ ਕਰਮਕਾਂਡੀ ਵਹਿਮਾਂ ਵਿੱਚ ਉਲਝਾਈ ਰੱਖਦਾ ਹੈ ਤੇ ਜੀਵਨ ਮਨੋਰਥ (ਧਰਮ) ਦੀ ਯਾਦ ਹੀ ਨਹੀਂ ਆਉਣ ਦਿੰਦਾ। ਇਸ ਸੱਭ ਕੁੱਝ ਦਾ ਸਿਹਰਾ ਧਰਮ ਦੇ ਠੇਕੇਦਾਰਾਂ ਦੇ ਸਿਰ ਹੈ।

“ਭੇਖ ਦਿਖਾਵੈ ਸਚੁ ਨ ਕਮਾਵੈ॥ ਕਹਤੋ ਮਹਲੀ, ਨਿਕਟ ਨ ਆਵੈ॥” ਸੂਹੀ ਮ: ੫

ਉਪਰੋਕਤ, ‘ਰੇ ਮਨ ਐਸੋ ਕਰ ਸੰਨਿਆਸਾ। …….’, ਵਾਲੀਆਂ ਸਤਰਾਂ ਵਿੱਚ ਦਰਸਾਈ ਰਹਤ– (ਜਤ, ਨੇਮ, ਗਿਆਨ, ਨਾਮ, ਥੋੜਾ ਖਾਣਾ, ਥੋੜਾ ਸੌਣਾ, ਦਇਆ, ਖਿਮਾ, ਸੀਲ ਤੇ ਸੰਤੋਖ ਦੇ ਗੁਣਾਂ ਨੂੰ ਧਾਰਨਾਂ, ਅਤੇ, ਕਾਮ, ਕ੍ਰੋਧ, ਹੰਕਾਰ, ਲੋਭ, ਹਠ ਤੇ ਮੋਹ ਵਰਗੇ ਵਿਕਾਰਾਂ ਨੂੰ ਤਿਆਗਣਾ) – ਰਹਿਣੀ ਬਹੁਤ ਔਖੀ ਹੈ। ਇਸ ਲਈ ਸਾਡੇ ਹੱਡ-ਰੱਖ, ਦੰਭੀ, ਤੇ ਅਗਿਆਨ-ਦਾਤੇ ਪ੍ਰਚਾਰਕ ਨਾਂ ਤਾਂ ਇਹੋ ਜਿਹੀ ਸੱਚੀ ਰਹਿਤ ਆਪ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਨਾਂ ਹੀ ਇਸ ਦਾ ਪ੍ਰਚਾਰ ਕਰਦੇ ਹਨ; ਭਾਵੇਂ ਸਾਰੀ ਗੁਰਬਾਣੀ ਦਾ ਪੂਰਾ ਜ਼ੋਰ ਇਸੇ `ਤੇ ਹੈ। ਉਲਟਾ, ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ, ਸਬਜ਼ ਬਾਗ਼ ਵਿਖਾ ਕੇ, ਸੱਚ ਖੰਡ ਦਾ ਸਿੱਧਾ ਟਿਕਟ (Through ticket) ਦੇਣ ਦਾ ਝੂਠਾ ਭਰੋਸਾ ਦਿਵਾ ਕੇ, ਗੁਰਬਾਣੀ ਵਿੱਚ ਵਿਵਰਜਤ, ਭੇਖ ਤੇ ਕਰਮਕਾਂਡ ਦੇ ਕੁਰਾਹੇ `ਤੇ ਲਿਆ ਕੇ ਉਨ੍ਹਾਂ ਨੂੰ ਦਿਲ ਭਰ ਕੇ ਲੁੱਟਦੇ ਹਨ। ਇਹ ਕੁਕਰਮ ਕਰਨ ਲੱਗਿਆਂ ਉਹ ਗੁਰਬਾਣੀ ਦੇ ਅਨ-ਅਰਥ ਕਰਨ ਤੋਂ ਵੀ ਸ਼ਰਮ ਨਹੀਂ ਕਰਦੇ। ਉਨ੍ਹਾਂ ਨੇ ਆਪਣੇ ਸਵਾਰਥ ਤੇ ਸੌਖ ਲਈ ਸਾਰੀ ਗੁਰਬਾਣੀ, ਜਿਸ ਦੇ ਲੜ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਲਾਇਆ ਹੈ, ਨੂੰ ਛੱਡ ਕੇ ਰਹਿਤਨਾਮੇ ਦੀਆਂ ਇਹ ਸਤਰਾਂ ਲੱਭ ਲਈਆਂ ਤੇ ਬੜੀ ਹੁਸ਼ਿਆਰੀ ਤੇ ਮੱਕਾਰੀ ਨਾਲ ‘ਰਹਤ’ ਦੇ ਅਰਥ ਵੀ ਬਦਲ ਦਿੱਤੇ। ‘ਪੰਜ ਕਕਾਰਾਂ’ ਨੂੰ ਰਹਿਤ ਦਾ ਨਾਂ ਦੇ ਦਿੱਤਾ। ‘ਰਹਿਣੀ ਰਹੇ’ ਦੀ ਥਾਂ ‘ਰਹਿਤ ਰੱਖੇ’ ਦਾ ਪ੍ਰਚਾਰ ਕਰਨ ਲੱਗ ਪਏ। ਭਾਵ, ‘ਸੱਚੇ, ਸੁੱਚੇ, ਉੱਚੇ ਜੀਵਨ ਰਹੇ’ ਦੀ ਥਾਂ ‘ਪੰਜ ਕਕਾਰ ਰੱਖੇ’ ਬਣਾ ਦਿੱਤਾ। ਅਰਥਾਤ:

‘ਰਹਿਣੀ ਰਹੇ ਸੋਈ ਸਿਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ’। ਨੂੰ ਵਿਗਾੜ ਕੇ ‘ਰਹਤ ਰੱਖੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ’। ਬਣਾ ਦਿੱਤਾ। ਕਿੱਡਾ ਗ਼ਜ਼ਬ ਦਾ ਸ਼ਾਰਟ ਕੱਟ (short cut) ਮਾਰਿਆ ਗੁਰੂ ਗੋਬਿੰਦ ਸਿੰਘ ਜੀ ਦਾ ‘ਸਾਹਿਬ’ ਬਣਨ ਲਈ! ! ! ! !

ਚੋਜੀ ਪ੍ਰੀਤਮ ਨੂੰ ਪਤਾ ਸੀ ਤੇ ਉਨ੍ਹਾਂ ਨੇ ਖੋਤੇ ਨੂੰ ਸ਼ੇਰ ਦੀ ਖੱਲ ਪਵਾਉਣ ਦਾ ਚੋਜ ਕਰ ਕੇ ਸਿੱਖਾਂ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਦੇਖਿਓ ਸਿੱਖੋ! ਸਿੰਘ ਦੇ ਸੋਹਣੇ ਸਰੂਪ ਵਿੱਚ ਖੋਤੇ ਨਾ ਬਣ ਜਾਇਓ! ! ! ! !

ਹੋਰ ਵੀਚਾਰ:

ਗੁਰੂ ਗ੍ਰੰਥ ਸਾਹਿਬ ਵਿੱਚ ਭੇਖ ਅਤੇ ਭੇਖੀ ਆਗੂਆਂ ਦਾ ਬੜਾ ਸਪਸ਼ਟ ਤੇ ਖੰਡਨੀਂ ਵਰਣਨ ਹੈ। ਨਮੂਨੇ ਵਜੋਂ:-

“ਮਾਣਸ ਖਾਣੇ, ਕਰਿਹ ਨਿਵਾਜ॥ ਛੁਰੀ ਵਗਾਇਨਿ, ਤਿਨ ਗਲਿ ਤਾਗ॥ …

ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਸਾਈ॥ ……

ਤਨਿ ਫਿਟੈ ਫੇੜਿ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥ ….” ਆਸਾ ਦੀ ਵਾਰ

“ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ॥

ਸੂਚੇ ਸੇਈ ਨਾਨਕਾ, ਜਿਨ ਮਨਿ ਵਸਿਆ ਸੋਇ॥” ਆਸਾ ਦੀ ਵਾਰ

“ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਾਉਨਾ ਜਾਨਾਂ॥” ਕਬੀਰ ਜੀ

“ਭੇਖ ਦਿਖਾਵੈ, ਸਚੁ ਨ ਕਮਾਵੈ॥ ਕਹਤੋ ਮਹਲੀ, ਨਿਕਟਿ ਨ ਆਵੈ॥” ਸੂਹੀ ਮ: ੫

ਗੁਰੂ ਨਾਨਕ ਦੇਵ ਜੀ ਤਾਂ ਇੱਥੋਂ ਤਕ ਫ਼ਰਮਾਉਂਦੇ ਹਨ ਕਿ:

“ਚਉਕਾ ਦੇ ਕੈ ਸੁਚਾ ਹੋਇ॥ ਐਸਾ ਹਿੰਦੂ ਵੇਖਹੁ ਕੋਇ॥” ਸਲੋਕ ਮ: ੧

‘ਸ਼ਬਦਾਰਥ’ ਵਿੱਚ ਇਸ ਤੁਕ ਦਾ ਅਰਥ ਇਉਂ ਲਿਖਿਆ ਹੈ: ‘ਐਸਾ ਹਿੰਦੂ ਕੋਈ ਹੀ ਹੋਵੇਗਾ ਜੋ ਚੌਂਕਾ ਦਿੰਦਾ ਹੋਵੇ ਤੇ ਫੇਰ ਸੁੱਚਾ ਵੀ ਹੋਵੇ’। ਅਰਥਾਤ ਭੇਖ ਪਾਖੰਡ ਕਰਨ ਵਾਲੇ ਰਹਿਤਵਾਨ ਖ਼ਾਸ ਕਰਕੇ ਭ੍ਰਿਸ਼ਟੇ ਹੋਏ ਹੁੰਦੇ ਹਨ।

2 ਜੁਲਾਈ 2006 ਨੂੰ ਗੁਰੁਦੁਆਰਾ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਪੰਜ ਕਕਾਰੀ, ਅੰਮ੍ਰਿਤਧਾਰੀ, ਪੂਰਨ ਰਹਿਤਵਾਨ ‘ਸਤਿਕਾਰਯੋਗ’ ਸਿੰਘ ਸਾਹਿਬਾਨ ਤੇ ਪੰਥ ਦੇ ਜਥੇਦਾਰ ਸਾਹਿਬਾਨ ਨੇ ਸਾਰੀ ਦੁਨੀਆਂ ਦੇ ਸਾਹਮਣੇ ਇਸ ਪਵਿੱਤਰ ਵਾਕ ਦੀ ਸੱਚਾਈ ਨੂੰ ਸਾਬਿਤ ਕਰ ਦਿੱਤਾ। ਅਵਸਰ ਸੀ, ਅਕਾਲ ਤਖ਼ਤ ਸਾਹਿਬ ਦੀ ਸ਼ਤਾਬਦੀ ਦੇ ਸਮਾਰੋਹ ਦਾ। ਫੇਰ ਪਸ਼ਚਾਤਾਪ ਦਿਵਸ! ਕੀ ਕਿਸੇ ਸਤਿਕਾਰਯੋਗ ਸਿੰਘ ਸਾਹਿਬ, ਪਤਵੰਤੇ ਜਥੇਦਾਰ ਸਾਹਿਬ ਜਾਂ ਪੰਥਕ ਆਗੂ ਨੇ ਸੱਚਾ ਪਸ਼ਚਾਤਾਪ ਕੀਤਾ? ਆਪਣੀ ਹਉਮੈ, ਖ਼ੁਦਗ਼ਰਜ਼ੀ ਜਾਂ ਤ੍ਰਿਸ਼ਨਾਂ ਤਿਆਗਣ ਦਾ ਪ੍ਰਣ ਜਾਂ ਯਤਨ ਕੀਤਾ? ਦੂਜਿਆਂ ਲਈ ਈਰਖਾ, ਵੈਰ, ਵਿਰੋਧ ਤੇ ਨਿੰਦਾ ਆਪਣੇ ਮਨ ਵਿੱਚੋਂ ਕੱਢਣ ਦੀ ਸੁਮਤਿ ਲਈ? ਅਤੇ, ਭ੍ਰਿਸ਼ਟ ਬੁੱਧਿ ਤੋਂ ਮੁਕਤ ਹੋਣ ਲਈ ਸਤਿਗੁਰੂ ਦੇ ਚਰਨਾਂ ਵਿੱਚ ਸੱਚੇ ਦਿਲੋਂ ਅਰਦਾਸ ਕੀਤੀ? ਜੇ ਨਹੀਂ, ਤਾਂ ਕੀ ਆਪੋ ਵਿੱਚ ਦਾ ‘ਇੱਟ ਕੁੱਤੇ ਦਾ ਵੈਰ’ ਅੱਗੇ ਨਾਲੋਂ ਜ਼ਿਆਦਾ ਨਹੀਂ ਹੋ ਗਿਆ? ਅਤੇ ਇਸ ਤਰ੍ਹਾਂ ਦਾ ਦਿਖਾਵੇ ਦਾ ‘ਪਸ਼ਚਾਤਾਪ ਦਿਵਸ’ ਵੀ ਅਕਾਲ ਤਖ਼ਤ ਸਾਹਿਬ ਤੇ ਇੱਕ ਹੋਰ ਕੋਝਾ ਤੇ ਝੂਠਾ ਪਾਖੰਡ ਨਾਂ ਹੋਇਆ? ? ? ? ?

‘ਜੇ ਕੁਰਹਿਤੀਏ ਜਗ ਦਰਸਾਵਤ, ਪਾਹੁਲ ਪੀਇ ਕੁਕਰਮ ਕਮਾਵਤ’। …. ਰਹਿਤਨਾਮਾ ਭਾਈ ਦੇਸਾ ਸਿੰਘ

ਕੁਰਹਿਤੀਆ ਉਹ ਨਹੀਂ ਜਿਸ ਨੇ ਪੰਜ ਕਕਾਰਾਂ ਦੀ ਰਹਿਤ ਨਹੀਂ ਰੱਖੀ; ਪਰ, ਕੁਰਹਿਤੀਆ ਉਹ ਪੰਜ-ਕਕਾਰੀ, ਅੰਮ੍ਰਿਤਧਾਰੀ ਸਿੰਘ ਹੈ ਜੋ ਖੰਡੇ ਦੀ ਪਾਹੁਲ ਛਕ ਕੇ ਕੁਕਰਮ ਕਰਦਾ ਹੈ।

ਪੰਜ ਕਕਾਰਾਂ ਦੀ ਮਹੱਤਤਾ:

ਅੰਤ ਵਿੱਚ, ਇਹ ਨਾਂ ਸਮਝ ਲੈਣਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਸਤਿਕਾਰਤ ਕਕਾਰਾਂ ਦਾ ਕੋਈ ਮਹੱਤਵ ਨਹੀਂ! ਇਹ ਕਕਾਰ ਉਹ ਵਡਮੁੱਲੇ, ਅਣਮੋਲ ਗਊਨ (Robes of Honour) ਹਨ ਜੋ ਸਤਿਗੁਰੂ ਜੀ ਨੇ ਆਪਣੇ ਸਿੱਖ ਦੀ 230 ਸਾਲ (1469-1699) ਦੀ ਗੁਰੂ ਸਾਹਿਬਾਨ ਦੀ ਕੜੀ ਤਪੱਸਿਆ ਤੇ ਨਿਗਰਾਨੀ ਹੇਠ ਹੋਈ ਲੰਬੀ ਸਿੱਖਿਆ ਤਲਵਾਰ ਨਾਲ ਬਹੁਤ ਸਖ਼ਤ ਇਮਤਿਹਾਨ ਲੈ ਕੇ 100 ਪ੍ਰਤਿਸ਼ਤ ਨੰਬਰਾਂ ਨਾਲ ਪਾਸ ਹੋਣ ਵਾਲਿਆਂ ਨੂੰ ਸੱਭ ਤੋਂ ਉੱਚੀ ਡਿਗਰੀ ‘ਖੰਡੇ ਦੀ ਪਾਹੁਲ’ ਦੇਣ ਤੇ ਖ਼ਾਲਸੇ ਦੀ ਪਵਿੱਤਰ ਉਪਾਧੀ ਪ੍ਰਦਾਨ ਕਰਨ ਵੇਲੇ ਦਿੱਤੇ ਸਨ। ਅਤੇ, ਇਨ੍ਹਾਂ ਪੂਰਨ ਗੁਰਸਿੱਖਾਂ, ਗੁਰੂ ਰੂਪ ਖ਼ਾਲਸੇ ਤੋਂ ਆਪ ਅੰਮ੍ਰਿਤ ਦੀ ਦਾਤ ਮੰਗੀ ਸੀ।

ਇਨ੍ਹਾਂ ਕਕਾਰਾਂ ਦੇ ਹੱਕਦਾਰ ਉਹ ਹਨ ਜਿਨ੍ਹਾਂ ਬਾਰੇ ਖ਼ਾਲਸੇ ਦਾ ਕੱਟੜ ਮੁਤਅਸਬੀ ਬੇਹਦ ਨਫ਼ਰਤ ਕਰਨ ਵਾਲਾ ਦੁਸ਼ਮਨ ਕਾਜੀ ਨੂਰ ਮੁਹੰਮਦ ਬਲੋਚ ਇਉਂ ਲਿਖਦਾ ਹੈ:

‘ਸਿੱਖ ਨਿਹੱਥੇ ਨੂੰ ਕਦੇ ਨਹੀਂ ਮਾਰਦੇ ਤੇ ਨਾਂ ਹੀ ਭੱਜੇ ਜਾਂਦੇ ਨੂੰ।

ਕੁੜੀ ਜਾਂ ਤੀਂਵੀਂ ਦੇ ਗਹਿਣੇ ਨਹੀਂ ਲੁੱਟਦੇ।

ਇਹ ਸਗ (ਕੁੱਤੇ) ਪਰਤ੍ਰਿਯ ਗਾਮੀ ਨਹੀਂ ਹੁੰਦੇ, ਤੇ ਇਨ੍ਹਾਂ ਬਦਕਾਰਾਂ ਦਾ ਚੋਰੀ ਕਰਨਾ ਕੰਮ ਵੀ ਨਹੀਂ।

ਚੋਰ ਤੇ ਵਿਭਚਾਰੀ ਨੂੰ ਇਹ ਦੋਸਤ ਹੀ ਨਹੀਂ ਬਣਾਉਂਦੇ। -----------

ਮੀਰ ਮਨੂੰ ਤੇ ਅਹਿਮਦ ਸ਼ਾਹ ਅਬਦਾਲੀ ਤੋਂ ਪਿੱਛੋਂ 18ਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ ਵਿੱਚ ਮੁਸਲਮਾਨੀ ਅਦਾਲਤਾਂ ਸਿੱਖ ਦੀ ਗਵਾਹੀ `ਤੇ ਫ਼ੈਸਲਾ ਕਰ

ਦਿੰਦੀਆਂ ਸਨ। ‘ਸਿੱਖ’ ਝੂਠ ਬੋਲ ਹੀ ਨਹੀਂ ਸਕਦਾ’।

ਇਹੋ ਜਿਹੀ ‘ਰਹਿਤ’ ਵਾਲੇ ਜਾਂ ਘੱਟੋ ਘੱਟ ਇਸ ਮੰਜ਼ਿਲ ਜਾਂ ਟੀਚੇ ਨੂੰ ਮੰਨਣ ਵਾਲੇ ਅਤੇ ਸੱਚੇ ਦਿਲੋਂ ਸਤਿਗੁਰੂ (ਗ੍ਰੰਥ) ਜੀ ਦੀ ਓਟ ਲੈ ਕੇ ਇਸ ਉੱਚੇ ਆਦਰਸ਼ ਵੱਲ ਟੁਰਨ ਦਾ ਉਪਰਾਲਾ ਕਰਨ ਵਾਲੇ ਸਿੱਖ ਹੀ ਪੰਜ ਕਕਾਰਾਂ ਨੂੰ ਧਾਰਨ ਕਰਨ ਦੇ ਯੋਗ ਹਨ। ਨਾਮਧਰੀਕ, ਪਤਿਤ, ਪਾਖੰਡੀ ਅਖਾਉਤੀ ਸਿੱਖ ਤਾਂ ਆਪਣੀ ਨੀਵੀਂ ਰਹਿਣੀ ਤੇ ਕੁਕਰਮਾ ਨਾਲ ਇਨ੍ਹਾਂ ਪਵਿੱਤਰ ਕਕਾਰਾਂ ਨੂੰ ਅਪਮਾਨਤ ਕਰਨ ਦਾ ਘੋਰ ਪਾਪ ਕਰਦੇ ਹਨ।

ਕਿਸੇ ਅਯੋਗ, ਦੁਖਦਾਈ ਲਫ਼ਜ਼ ਜਾਂ ਵਿਚਾਰ ਲਈ ਪਾਠਕਾਂ ਤੋਂ ਮੈਂ ਬਹੁਤ ਅਧੀਨਗੀ ਨਾਲ ਦੋਨੋਂ ਹੱਥ ਜੋੜ ਕੇ ਆਪਣੀ ਮੂਰਖਤਾ ਤੇ ਬੇ-ਸਮਝੀ ਲਈ ਖਿਮਾ ਮੰਗਦਾ ਹਾਂ। ਸੰਗਤ ਬਖ਼ਸ਼ਣਹਾਰ ਹੈ! ! ! !

ਦਾਸਨ ਦਾਸ,

ਪਰਮਿੰਦਰ ਸਿੰਘ




.