.

ਸਹਜਧਾਰੀ ਦਾ ਸੰਕਲਪ

ਸਿੱਖਾਂ ਵਾਸਤੇ ਵਿੱਚ ‘ਸਹਜਧਾਰੀ’ ਸ਼ਬਦ ਸਦਾ ਹੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਪਿਛੇ ਜਿਹੇ ਵੀ “ਸਹਜਧਾਰੀ ਸਿੱਖ” ਦੇ ਮਸਲੇ ਨੂੰ ਲੈ ਕੇ ਕਾਫੀ ਤਕੜਾ ਵਿਵਾਦ ਭਖਿਆ ਰਿਹਾ ਹੈ। ਇਸ ਸਜਰੇ ਵਿਵਾਦ ਦਾ ਜਨਮ ਉਸ ਹਲਫਨਾਮੇ ਨਾਲ ਹੋਇਆ ਜੋ ਕਿ ਸੰਨ 2008 ਈਸਵੀ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਨੂੰ ਇਹ ਹਲਫਨਾਮਾ ਇਸ ਕਰਕੇ ਦਾਇਰ ਕਰਨਾ ਪਿਆ ਕਿਉਂਕਿ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਅੰਮ੍ਰਿਤਸਰ ਸਥਿਤ ਇੱਕ ਵਿਦਿਅਕ ਅਦਾਰੇ ਵਿੱਚ ਦਾਖਲੇ ਤੋਂ ਨਾਂਹ ਹੋਣ ਤੇ ਇੱਕ ਵਿਦਿਆਰਥਣ ਵਲੋਂ ਇਸ ਉਚੱ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ ਅਤੇ ਮਾਨ ਯੋਗ ਹਾਈ ਕੋਰਟ ਨੇ ਇਸ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਪਾਸੋਂ ਸਿੱਖ ਧਰਮ ਦੇ ਕੁੱਝ ਮੁਢਲੇ ਨਿਯਮਾਂ ਬਾਰੇ ਜਾਣਕਾਰੀ ਮੰਗ ਲਈ ਸੀ। ਕਮੇਟੀ ਵੱਲੋਂ ਇਹ ਜਾਣਕਾਰੀ ਉਪਰੋਕਤ ਦੱਸੇ ਹਲਫਨਾਮੇ ਦੇ ਰੂਪ ਵਿੱਚ ਪੇਸ਼ ਕੀਤੀ ਗਈ।
“ਸਹਜਧਾਰੀ ਸਿੱਖ” ਸਬੰਧੀ ਸਜਰਾ ਵਿਵਾਦ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਕਮੇਟੀ ਵਲੋਂ ਦਾਇਰ ਕੀਤੇ ਗਏ ਇਸ ਹਲਫਨਾਮੇ ਦੇ ਉਸ ਹਿੱਸੇ ਨੇ ਖੜਾ ਕੀਤਾ ਜਿਸ ਵਿੱਚ “ਸਹਜਧਾਰੀ” ਸ਼ਬਦ ਬਾਰੇ ਸਪਸ਼ਟੀਕਰਨ ਦਿਤਾ ਗਿਆ ਹੋਇਆ ਸੀ। ਹਲਫਨਾਮੇ ਦੀ ਕਾਫੀ ਤਿੱਖੀ ਆਲੋਚਨਾ ਹੋਈ ਅਤੇ ਇਹ ਇਸ ਬਿਨਾ ਤੇ ਕੀਤੀ ਗਈ ਕਿ ਨਾ ਸਿਰਫ ਇਸ ਸਪਸ਼ਟੀਕਰਨ ਨੂੰ ਇਸ ਦਸਤਾਵੇਜ਼ ਵਿੱਚ ਕਥਿਤ ਤੌਰ ਤੇ ਸਬੰਧਤ ਵਿਦਿਆਰਥਣ ਦੀ ਮਦਦ ਕਰਨ ਦੇ ਮਨਸ਼ੇ ਨਾਲ ‘ਘਸੋੜਿਆ’ ਗਿਆ ਸਗੋਂ ਭਾਰਤ ਦੀ ਇੱਕ ਉਚੱ ਅਦਾਲਤ ਵਿੱਚ ਦਾਖਲ ਕੀਤੇ ਗਏ ਹਲਫਨਾਮੇ ਰਾਹੀਂ ਕਥਿਤ ਤੌਰ ਤੇ ‘ਸਿੱਖ’ ਦੀ ਪਰਿਭਾਸ਼ਾ ਵਿੱਚ ਇੱਕ ਵੱਡੀ ਤਬਦੀਲੀ ਕਰਨ ਦੀ ਕੋਸ਼ਸ਼ ਵੀ ਕੀਤੀ ਗਈ। ਜੇ ਤਕਨੀਕੀ ਅਧਾਰ ਤੇ ਇਸ ਸਪਸ਼ਟੀਕਰਨ ਦੀ ਪਰਖ ਕੀਤੀ ਜਾਵੇ ਤਾਂ ਇਸ ਦੇ ਅੰਦਰਵਾਰ ਵੀ ਗੰਭੀਰ ਅਸੰਗਤੀਆਂ ਨਜ਼ਰੀਂ ਪੈਂਦੀਆਂ ਹਨ ਜੋ ਹੇਠ ਦਿੱਤੇ ਅਨੁਸਾਰ ਹਨ:
1. ਸਪਸ਼ਟੀਕਰਨ ਵਿੱਚ ਸਹਜਧਾਰੀ ਨੂੰ ਇੱਕ ਸਿੱਖ ਦੇ ਤੌਰ ਤੇ ਦਰਸਾਇਆ ਗਿਆ ਹੈ ਪਰ ਉਹ ਅਜਿਹਾ ‘ਵਿਅਕਤੀ’ ਹੈ ਜਿਸ ਨੇ ਅਜੇ ਸਿੱਖੀ ਵਲ ਜਾਣ ਵਾਲੇ ਰਸਤੇ ਉਤੇ ਪੈਰ ਧਰਿਆ ਹੀ ਹੈ।
ਜ਼ਾਹਰ ਹੈ ਕਿ ਅਜਿਹਾ ਵਿਅਕਤੀ ਹਾਲੇ ਸਿਖੀ ਦੇ ਘੇਰੇ ਤੋਂ ਬਾਹਰ ਹੀ ਹੈ ਅਤੇ ਉਸ ਨੂੰ’ ਸਿਖ ‘ਕਹਿਣਾ ਅਤਕਥਨੀ ਵਾਲੀ ਗੱਲ ਹੋਵੇਗੀ।
2. ਸਪਸ਼ਟੀਕਰਨ ਅਨੁਸਾਰ ਸਹਜਧਾਰੀ ਗੈਰ-ਸਿੱਖ ਪਰਿਵਾਰ ਦਾ ਜੰਮਪਲ ਹੈ, ਸਿੱਖੀ ਦੇ ਖੇਤਰ ਵਿੱਚ ਅਨਜਾਣ ਹੈ ਅਤੇ ਉਸ ਵਿੱਚ ਹੌਲੀ-ਹੌਲੀ ਸਿੱਖੀ ਧਾਰਨ ਕਰ ਲੈਣ ਦੀ ਚੇਸ਼ਟਾ ਹੁੰਦੀ ਹੈ।
ਇਥੇ ਵੀ ਸਪਸ਼ਟ ਹੀ ਹੈ ਕਿ ਸਹਜਧਾਰੀ ਅਵਸਥਾ ਵਿੱਚ ਵਿਚਰਨ ਵਾਲੇ ਵਿਅਕਤੀ ਨੇ ਹਾਲੇ ਸਿੱਖ ਧਰਮ ਧਾਰਨ ਨਹੀਂ ਕੀਤਾ ਹੁੰਦਾ।
ਸੋ ਉਪਰੋਕਤ ਦੱਸੇ ਹਲਫਨਾਮੇ ਵਿੱਚ ਦਰਸਾਇਆ ਗਿਆ ‘ਸਹਜਧਾਰੀ’ ਵਿਅਕਤੀ ਸਿੱਖ ਧਰਮ ਦੇ ਦਾਇਰੇ ਵਿੱਚ ਹੀ ਨਹੀਂਆਉਂਦਾ।
ਸਿੱਖ ਗੁਰਦੁਆਰਾ ਐਕਟ, 1925 ਵਿੱਚ ਕਿਸੇ ਵਿਅਕਤੀ ਦੇ ਸਹਜਧਾਰੀ ਸਿੱਖ ਹੋਣ ਲਈ ਹੇਠ ਦਿਤੀਆਂ ਸ਼ਰਤਾਂ ਦਰਜ ਹਨ:
1. ਉਹ ਸਿੱਖ ਧਰਮ ਦੀ ਰਹਿਤ ਮਰਿਯਾਦਾ ਅਨੁਸਾਰ ਰਸਮਾਂ ਨਿਭਾਉਂਦਾ ਹੋਵੇ।
2. ਉਹ ਤੰਬਾਕੂ ਜਾਂ ਕੁੱਠੇ ਦਾ ਕਿਸੇ ਵੀ ਰੂਪ ਵਿੱਚ ਸੇਵਨ ਨਾ ਕਰਦਾ ਹੋਵੇ।
3. ਉਹ ਪਤਿਤ ਨਾ ਹੋਵੇ।
4. ਉਹ ਮੂਲ ਮੰਤਰ ( ‘ਜਪੁ ‘ਦਾ ਅਰੰਭ ਵਾਲਾ “ਗੁਰ ਪ੍ਰਸਾਦਿ” ਤਕ ਦਾ ਹਿੱਸਾ) ਦਾ ਜ਼ਬਾਨੀ ਪਾਠ ਕਰ ਸਕਦਾ ਹੋਵੇ।
ਸਪਸ਼ਟ ਹੈ ਕਿ ਸਿੱਖ ਗੁਰਦੁਆਰਾ ਐਕਟ, 1925 ਦੀਆਂ ਸਬੰਧਤ ਧਾਰਾਵਾਂ ਅਨੁਸਾਰ ਬਾਕੀ ਗੱਲਾਂ ਦੇ ਨਾਲ ਨਾਲ ਸਹਜਧਾਰੀ ਸਿੱਖ ਪਤਿਤ ਨਹੀਂ ਹੋਣਾ ਚਾਹੀਦਾ। ਇਹ ਸਰਵਪਰਵਾਨਤ ਤੱਥ ਹੈ ਕਿ ਸਿੱਖ ਧਰਮ ਦੇ ਸੰਦਰਭ ਵਿੱਚ ਪਤਿਤ ਉਹ ਹੁੰਦਾ ਹੈ ਜੋ ਨਿਰਧਾਰਤ ਕੁਰਹਿਤਾਂ ਵਿਚੋਂ ਕਿਸੇ ਇੱਕ ਜਾਂ ਜ਼ਿਆਦਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਇਹਨਾਂ ਵਿਚੋਂ ਇੱਕ ਬਜੱਰ ਕੁਰਹਿਤ ਹੈ ਕੁਦਰਤ ਵਲੋਂ ਬਖਸ਼ੇ ਹੋਏ ਕੇਸਾਂ ਨੂੰ ਕਟਵਾ ਲੈਣਾ ਜਾਂ ਆਪਣੇ ਕੇਸਾਂ ਦੇ ਕੁਦਰਤੀ ਸਰੂਪ ਨਾਲ ਕਿਸੇ ਹੋਰ ਤਰ੍ਹਾਂ ਦੀ ਛੇੜ ਛਾੜ ਕਰਨਾ। ਇਸ ਤਰ੍ਹਾਂ ਸਬੰਧਤ ਐਕਟ ਅਨੁਸਾਰ ਸਹਜਧਾਰੀ ਉਪਰੋਕਤ ਸ਼ਰਤਾਂ ਪੂਰੀਆਂ ਕਰਦਾ ਹੋਇਆ ਕੇਸਧਾਰੀ ਤਾਂ ਹੈ ਹੀ ਪਰ ਉਸ ਨੇ ਹਾਲੇ ਖੰਡੇ-ਬਾਟੇ ਦੀ ਪਾਹੁਲ ਪਰਾਪਤ ਨਹੀਂ ਕੀਤੀ।
ਸ਼੍ਰੋਮਣੀ ਕਮੇਟੀ ਵਲੋਂ ਮਾਨ ਯੋਗ ਹਾਈ ਕੋਰਟ ਵਿੱਚ ਦਾਖਲ ਕੀਤੇ ਗਏ ਹਲਫਨਾਮੇ ਵਿੱਚ ਸਿੱਖ ਗੁਰਦੁਆਰਾ ਐਕਟ, 1925 ਵਿੱਚ ਦਰਜ ਉਪਰੋਕਤ ਦਰਸਾਈਆਂ ਸ਼ਰਤਾਂ ਨੂੰ ਤਾਂ ਹੂਬਹੂ ਪੇਸ਼ ਕੀਤਾ ਗਿਆ ਹੈ ਪ੍ਰੰਤੂ ‘ਸਹਜਧਾਰੀ ‘ਬਾਰੇ ਸਪਸ਼ਟੀਕਰਨ ਦੇਣ ਵੇਲੇ ‘ਪਤਿਤ’ ਨਾ ਹੋ ਜਾਣ ਵਾਲੀ ਸ਼ਰਤ ਨੂੰ ਬੜੀ ਹੀ ਚਲਾਕੀ ਨਾਲ ਇਸ ਮਨਸ਼ੇ ਨਾਲ ਅੱਖੋਂ ਪਰੋਖੇ ਕਰ ਦਿਤਾ ਗਿਆ ਲਗਦਾ ਹੈ ਤਾਂ ਕਿ ਸਹਜਧਾਰੀ ਨੂੰ ਪੱਕਾ ਕੇਸਧਾਰੀ ਨਾ ਹੋਣ ਦੀ ਸੂਰਤ ਵਿੱਚ ਵੀ ਕੇਸਧਾਰੀ ਦੇ ਬਰਾਬਰ ਹੀ ਸਿੱਖ ਧਰਮ ਦਾ ਅੰਗ ਸਮਝ ਲਿਆ ਜਾਵੇ। ਦੂਜੇ ਪਾਸੇ, ਜਿਵੇਂ ਕਿ ਉਪਰ ਦਰਸਾਇਆ ਗਿਆ ਹੈ, ਸਿੱਖ ਗੁਰਦੁਆਰਾ ਐਕਟ, 1925 ਅਨੁਸਾਰ ਸਹਜਧਾਰੀ ਸਿੱਖ ਪਤਿਤ ਨਹੀਂ ਹੋਣਾ ਚਾਹੀਦਾ ਭਾਵ ਉਸ ਲਈ ਲਈ ਵੀ ਕੇਸਧਾਰੀ ਹੋਣਾ ਲਾਜ਼ਮੀ ਹੈ ਜਦੋਂ ਕਿ ਅੰਮ੍ਰਿਤਧਾਰੀ ਨੇ ਤਾਂ ਕੇਸਧਾਰੀ ਹੋਣਾ ਹੀ ਹੁੰਦਾ ਹੈ। ਹਲਫਨਾਮੇ ਵਿੱਚ ਦਰਜ ਸਪਸ਼ਟੀਕਰਨ ਰਾਹੀਂ ਸਹਜਧਾਰੀ ਵਾਸਤੇ ਕੇਸਧਾਰੀ ਹੋਣ ਦੀ ਸ਼ਰਤ ਗਾਇਬ ਕਰ ਦੇਣਾ ਹੀ ਸਾਰੇ ਪੁਆੜੇ ਦੀ ਜੜ੍ਹ ਹੋ ਨਿਬੜਿਆ।
ਮਸਲੇ ਨੂੰ ਚੰਗੀ ਤਰ੍ਹਾਂ ਸਮਝਣ ਹਿਤ ‘ਸਹਜਧਾਰੀ’ ਸ਼ਬਦ ਦੀ ਨਿਰੁਕਤੀ ਨੂੰ ਘੋਖਣ ਦੀ ਲੋੜ ਹੈ ਜਿਸ ਵਾਸਤੇ ਇਸ ਸ਼ਬਦ ਦੇ ਧਾਤੂ ਰੂਪ ‘ਸਹਜ’ ਦੇ ਅਰਥਾਂ ਤੇ ਨਿਗਾਹ ਮਾਰਨੀ ਜ਼ਰੂਰੀ ਹੈ। ਸ਼ਬਦ ‘ਸਹਜ’ ਦੇ ਤਿੰਨ ਰੂਪ ਹਨ ਇੱਕ ਵਿਸ਼ੇਸ਼ਣ ਰੂਪ, ਦੂਸਰਾ ਕਿਰਿਆ-ਵਿਸ਼ੇਸ਼ਣ ਰੂਪ ਅਤੇ ਤੀਸਰਾ ਨਾਂਵ ਰੂਪ। ਸਹਜ ਸ਼ਬਦ ਦੇ ਵਿਵੇਸ਼ਣ ਰੂਪ ਦੇ ਅਰਥ ਹਨ ‘ਕੁਦਰਤੀ’ ਜਾਂ ਸੁਭਾਵਕ ਤੌਰ ਤੇ ਹੋਂਦ ਵਿੱਚ ਆਉਣ ਵਾਲਾ। ਕਿਰਿਆ-ਵਿਸ਼ੇਸਣ ਰੂਪ ਵਿੱਚ ‘ਸਹਜ’ ਦੇ ਅਰਥ ਹਨ ‘ਨਿਰਯਤਨ’, ਭਾਵ ਜੋ ਵਿਸ਼ੇਸ਼ ਤਰੱਦਦ ਜਾਂ ਯਤਨਾਂ ਰਾਹੀਂ ਘੜਿਆ ਜਾਂ ਨਿਭਾਇਆ ਨਹੀਂ ਗਿਆ। ਆਮ ਬੋਲ-ਚਾਲ ਵਿੱਚ ‘ਸਹਜ’ ਦੇ ਕਿਰਿਆ-ਵਿਸ਼ੇਸ਼ਣ ਰੂਪ ਦੇ ਅਰਥ ‘ਹੌਲੀ-ਹੌਲੀ’ ਤੋਂ ਵੀ ਕਢ ਲਏ ਜਾਂਦੇ ਹਨ ਪਰ ਇਹ ਅਰਥ ਸਹੀ ਨਹੀਂ ਅਤੇ ਇਹ ‘ਨਿਰਯਤਨ’ ਦੇ ਹੀ ਵਿਗੜੇ ਹੋਏ ਰੂਪ ਵਜੋਂ ਪਰਚਲਤ ਹਨ। ਗੁਰਬਾਣੀ ਵਿੱਚ ‘ਸਹਜ’ ਦੇ ਨਾਂਵ ਰੂਪ ਦੇ ਅਰਥ ਵਿਵੇਕ ਜਾਂ ਗਿਆਨ ਤੋਂ ਲਏ ਗਏ ਹਨ। ਦੂਸਰੇ ਪਾਸੇ ਪੰਜਾਬੀ ਵਿਆਕਰਣ ਦੇ ਨਿਯਮਾਂ ਅਨੁਸਾਰ ਕਿਸੇ ਵਿਸ਼ੇਸ਼ਣ ਰੂਪ ਨਾਲ ‘ਧਾਰੀ’ ਜੋੜ ਕੇ ਸੰਯੁਕਤ ਰੂਪ ਨਹੀਂ ਬਣਾਇਆ ਜਾ ਸਕਦਾ। ਉਦਾਹਰਣ ਦੇ ਤੌਰ ਤੇ ਸੁਭਾਵਕ ਤੋਂ ਸੁਭਾਵਕਧਾਰੀ ਨਹੀਂ ਬਣ ਸਕਦਾ, ਹਾਂ ਸੁਭਾਵਕ ਦੇ ਨਾਂਵ ਰੂਪ ਸੁਭਾਵਕਤਾ ਤੋਂ ਸੁਭਾਵਕਤਾਧਾਰੀ ਜ਼ਰੂਰ ਬਣ ਸਕਦਾ ਹੈ। ਏਸੇ ਤਰ੍ਹਾਂ ਪੰਜਾਬੀ ਵਿਆਕਰਣ ਦੇ ਨਿਯਮਾਂ ਅਨੁਸਾਰ ਕਿਸੇ ਕਿਰਿਆ-ਵਿਸ਼ੇਸ਼ਣ ਰੂਪ ਨਾਲ ਵੀ ‘ਧਾਰੀ’ ਜੋੜ ਕੇ ਸੰਯੁਕਤ ਸ਼ਬਦ ਨਹੀਂ ਬਣਾਇਆ ਜਾ ਸਕਦਾ। ਇਸ ਤਰ੍ਹਾਂ ਜੇ ਸਹਜ ਦੇ ਕਿਰਿਆ-ਵਿਸ਼ੇਸ਼ਣ ਰੂਪ ਤੋਂ ਹੌਲੀ-ਹੌਲੀ ਧਾਰਨ ਕੀਤੇ ਜਾਣਾ ਦਾ ਅਰਥ ਨਿਕਲਦਾ ਵੀ ਹੋਵੇ ਤਾਂ ਵੀ ਹੌਲੀ-ਹੌਲੀ ਧਾਰਨ ਕਰਨ ਵਾਲੇ ਵਾਸਤੇ ਸਹਜਧਾਰੀ ਸ਼ਬਦ ਨਹੀਂ ਵਰਤਿਆ ਜਾ ਸਕਦਾ। ਪਰੰਤੂ ‘ਸਹਜ’ ਦੇ ਵਿਸ਼ੇਸ਼ਣ ਰੂਪ ਜਾਂ ਕਿਰਿਆ-ਵਿਸ਼ੇਸ਼ਣ ਰੂਪ ਤੋਂ ਨਾਂਵ ਰੂਪ ਬਣਾ ਕੇ ਉਸ ਦੇ ਨਾਲ ‘ਧਾਰੀ’ ਜੋੜ ਕੇ ਵਿਸ਼ੇਸ਼ਣੀ ਸੰਯੁਕਤ ਰੂਪ ਘੜਿਆ ਜਾ ਸਕਦਾ ਹੈ ਜਿਵੇਂ ਸਹਜਪਣਧਾਰੀ ਅਤੇ ਸਹਜਤਾਧਾਰੀ। ਇਸ ਤਰ੍ਹਾਂ ਕਿਸੇ ਸ਼ਬਦ ਦੇ ਕੇਵਲ ਨਾਂਵ ਰੂਪ ਨਾਲ ਹੀ ‘ਧਾਰੀ’ ਜੋੜ ਕੇ ਸੰਯੁਕਤ ਸ਼ਬਦ ਘੜਿਆ ਜਾ ਸਕਦਾ ਹੈ ਜਿਵੇਂ ਖਦੱਰਧਾਰੀ, ਨਾਮਧਾਰੀ, ਬੰਦੂਕਧਾਰੀ ਆਦਿਕ। ਸੋ ਪੰਜਾਬੀ ਵਿਆਕਰਣ ਦੇ ਨਿਯਮਾਂ ਅਨੁਸਾਰ ‘ਸਹਜ’ ਦੇ ਨਾਂਵ ਰੂਪ ਤੋਂ ਹੀ ‘ਸਹਜਧਾਰੀ’ ਸ਼ਬਦ ਘੜਿਆ ਜਾ ਸਕਦਾ ਹੈ ਜਿਸ ਦੇ ਅਰਥ ਹੋਣਗੇ ਗਿਆਨਵਾਨ, ਵਿਚਾਰਵਾਨ, ਵਿਵੇਕਸ਼ੀਲ, ਵਿਦਵਾਨ, ਬੁਧੀਜੀਵੀ, ਤਰਕਸ਼ੀਲ। ਭਾਈ ਕਾਹਨ ਸਿੰਘ ਨਾਭਾ ਵਲੋਂ ਮਹਾਨ ਕੋਸ਼ ਵਿੱਚ ‘ਸਹਜ’ ਅਤੇ ‘ਸਹਜਧਾਰੀ’ ਸ਼ਬਦਾਂ ਨੂੰ ਨਿਰੁਕਤੀ ਅਤੇ ਵਿਆਕਰਣ ਦੇ ਪੱਖਾਂ ਤੋਂ ਤਾਂ ਬੜੀ ਚੰਗੀ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ ਪਰ ਸਹਜਧਾਰੀ ਸਿੱਖ ਦੀ ਵਿਆਖਿਆ ਦੇਣ ਵੇਲੇ ਉਪਰੋਕਤ ਦੱਸੇ ਹਲਫਨਾਮੇ ਵਿਚਲੇ ਸਪਸ਼ਟੀਕਰਨ ਵਾਂਗੂ ਹੀ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿਤੀ ਗਈ ਹੈ ਜਿਸ ਕਰਕੇ ਮਹਾਨ ਕੋਸ਼ ਵਿੱਚ ਦਿੱਤੀ ਗਈ ਵਿਆਖਿਆ ਵਿਚਾਰ ਅਧੀਨ ਮਸਲੇ ਸਬੰਧੀ ਕਿਸੇ ਠੋਸ ਸਿੱਟੇ ਤੇ ਪਹੁੰਚਣ ਵਿੱਚ ਕੋਈ ਮਦਦ ਨਹੀਂ ਕਰਦੀ। ਪਰੰਤੂ ਗੁਰਬਾਣੀ ਤਾਂ ਹਰ ਵਿਅਕਤੀ, ਭਾਵੇਂ ਉਹ ਸਿੱਖ ਹੈ ਜਾਂ ਗੈਰ-ਸਿੱਖ, ਨੂੰ ਸਹਜਧਾਰੀ ਭਾਵ ਗਿਆਨਵਾਨ ਅਤੇ ਵਿਵੇਕਸ਼ੀਲ ਹੋਣ ਦੀ ਪ੍ਰੇਰਣਾ ਦਿੰਦੀ ਹੈ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਤਾਂ ਸਹਜਧਾਰੀ ਸਿਖ ਤੋਂ ਮਤਲਬ ਗਿਆਨ ਅਤੇ ਵਿਵੇਕ ਦੇ ਗੁਣ ਰੱਖਣ ਵਾਲੇ ਸਿੱਖ ਤੋਂ ਹੈ। ਸੋ ਨਾ ਤਾਂ ਉਪਰੋਕਤਦੱਸੇ ਹਲਫਨਾਮੇ ਵਿਚਲੀ ਸਹਜਧਾਰੀ ਸਿੱਖ ਦੀ ਵਿਆਖਿਆ ਗੁਰਬਾਣੀ ਅਨੁਸਾਰ ਹੈ ਅਤੇ ਨਾ ਹੀ ਸਿੱਖ ਗੁਰਦੁਆਰਾ ਐਕਟ, 1925 ਵਿਚਲੀ।
ਇਤਹਾਸਕ ਪੱਖੋਂ ਸਥਿਤੀ ਇਹ ਹੈ ਕਿ ਕਿਸੇ ਸਮੇਂ ਸਿੰਧ ਅਤੇ ਪੰਜਾਬ ਸੂਬਿਆਂ ਦੇ ਵਸਨੀਕ ਹਿੰਦੂ ਵਰਗ ਦੇ ਅਨੇਕਾਂ ਲੋਕਾਂ ਨੇ ਗੀਤਾ, ਮਹਾਂਭਾਰਤ, ਰਮਾਇਣ ਵਰਗੀਆਂ ਪਰੰਪਰਾਗਤ ਹਿੰਦੂ ਧਾਰਮਿਕ ਪੁਸਤਕਾਂ ਦਾ ਤਿਆਗ ਕਰਦੇ ਹੋਏ ਸਿਖਾਂ ਦੇ ਗ੍ਰੰਥ ਸਾਹਿਬ ਨੂੰ ਇਕੋ ਇੱਕ ਧਾਰਮਿਕ ਪੁਸਤਕ ਵਜੋਂ ਸਤਿਕਾਰ ਦੇਣਾ ਸ਼ੁਰੂ ਕਰ ਦਿਤਾ ਸੀ ਅਤੇ ਸਿੱਖ ਗੂਰੂ ਸਾਹਿਬਾਨ ਦੀਆਂ ਸਿਖਿਆਵਾਂ ਨੂੰ ਪੂਰਨ ਤੌਰ ਤੇ ਆਪਣੇ ਅਮਲੀ ਜੀਵਨ ਦਾ ਹਿਸਾ ਬਣਾ ਲਿਆ ਹੋਇਆ ਸੀ। ਸਿੱਖਾਂ ਵਲੋਂ ਅਜਿਹੇ ਸ਼ਰਧਾਲੂਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਅਤੇ ਉਹਨਾਂ ਦਾ ਸੱਚੇ-ਸੁੱਚੇ ਵਿਚਾਰਵਾਨ ਅਤੇ ਵਿਵੇਕਸ਼ੀਲ ਵਿਅਕਤੀਆਂ ਦੇ ਤੌਰ ਤੇ ਸਨਮਾਨ ਕਰਦੇ ਹੋਏ ਉਹਨਾਂ ਨੂੰ “ਸਹਜਧਾਰੀ” ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਸੀ। ਪਰੰਤੂ ਸਿੱਖ ਪਰੰਪਰਾ ਵਿੱਚ ਇਹਨਾਂ ਸਤਿਕਾਰਿਤ ਸ਼ਰਧਾਲੂਆਂ ਨੂੰ ਕਦੀ ਵੀ ਪੂਰੇ-ਸੂਰੇ ਸਿੱਖ ਹੋਣ ਦੀ ਮਾਨਤਾ ਨਹੀਂ ਦਿਤੀ ਗਈ ਕਿਉਂਕਿ ਸਿੱਖਾਂ ਵਾਸਤੇ ਗ੍ਰੰਥ ਸਾਹਿਬ ਕੇਵਲ ਧਾਰਮਿਕ ਪੁਸਤਕ ਹੀ ਨਹੀਂ ਸਗੋਂ ਇਹ ਉਹਨਾਂ ਦੇ ਗਿਆਰ੍ਹਵੇਂ ਗੂਰੂ ਸਾਹਿਬ ਹੋਣ ਦਾ ਦਰਜਾ ਵੀ ਰਖਦਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ “ਰਹਿਣੀ ਰਹੇ” ਵਾਲੇ ਆਦੇਸ਼ ਨੂੰ ਸਾਹਮਣੇ ਰਖਦੇ ਹੋਏ ਸਿੱਖ ਹੋਣ ਲਈ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਵੀ ਜ਼ਰੂਰੀ ਹੈ ਅਤੇ ਕੇਸਧਾਰੀ ਬਣਨਾ ਵੀ ਜ਼ਰੂਰੀ ਹੈ। ਦੂਸਰੇ ਪਾਸੇ 1947 ਤੋਂ ਬਾਦ “ਸਹਜਧਾਰੀ” ਕਹਿਲਾਉਣ ਵਾਲੇ ਹਿੰਦੂ ਸ਼ਰਧਾਲੂਆਂ ਦੀ ਗਿਣਤੀ ਲਗ ਭਗ ਨਾਂਹ ਦੇ ਬਰਾਬਰ ਹੀ ਰਹਿ ਗਈ ਜਿਸ ਦੇ ਕਈ ਕਾਰਨ ਹਨ ਜਿਹਨਾਂ ਦਾ ਏਥੇ ਵਿਸਥਾਰ ਦੇਣਾ ਜ਼ਰੂਰੀ ਨਹੀਂ ਭਾਸਦਾ।
ਇਹ ਚੰਗਾ ਹੀ ਹੋਇਆ ਕਿ ਆਲੋਚਕਾਂ ਦੀ ਮੰਗ ਦਾ ਸਤਿਕਾਰ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੇ ਉਪਰੋਕਤ ਦੱਸੇਹਲਫਨਾਮੇ ਵਿੱਚ ਤਰਮੀਮ ਕਰਦੇ ਹੋਏ ਮਾਨ ਯੋਗ ਹਾਈ ਕੋਰਟ ਵਿੱਚ ਸੋਧਿਆ ਹੋਇਆ ਹਲਫਨਾਮਾ ਦਾਖਲ ਕਰ ਦਿਤਾ ਜਿਸ ਤਹਿਤ ਸਹਜਧਾਰੀ ਸਿੱਖਲਈ ਕੇਸਧਾਰੀ ਹੋਣਾ ਲਾਜ਼ਮੀ ਹੋਵੇਗਾ ਭਾਵੇਂ ਉਸ ਨੇ ਹਾਲੇ ਅੰਮ੍ਰਿਤ ਨਹੀਂ ਵੀ ਛਕਿਆ। ਇਸ ਸੋਧ ਦੇ ਸਬੰਧ ਵਿੱਚ ਸਿੱਖ ਗੁਰਦੁਆਰਾ ਐਕਟ, 1925 ਦੇ ਨਾਲ ਨਾਲ 1973 ਵਿੱਚ ਏਸੇ ਤਰਜ਼ ਤੇ ਲਏ ਗਏ ਫੈਸਲੇ ਦਾ ਵੀ ਹਵਾਲਾ ਦੇ ਦਿਤਾ ਗਿਆਹੈ ਜੋ ਉਸੇ ਵੇਲੇ ਹੀ ਭਾਰਤ ਸਰਕਾਰ ਨੂੰ ਲੋੜੀਂਦੀ ਕਾਰਵਾਈ ਲਈ ਭੇਜ ਦਿਤਾ ਗਿਆ ਸੀ। ਸੋਧੇ ਹੋਏ ਹਲਫਨਾਮੇ ਦੇ ਅਧਾਰ ਤੇ ਮਾਨ ਯੋਗ ਹਾਈ ਕੋਰਟ ਨੇ 30 ਮਈ 2009 ਨੂੰ ਫੈਸਲਾ ਦਿੱਤਾ ਕਿ ਇੱਕ ਸਿੱਖ ਵਿਅਕਤੀ ਲਈ ਕੇਸਧਾਰੀ ਹੋਣਾ ਲਾਜ਼ਮੀ ਹੈ। ਸਪਸ਼ਟ ਰੂਪ ਵਿੱਚ ਇਹ ਫੈਸਲਾ ਸਹਜਧਾਰੀ ਸਿੱਖ ਦੀ ਵਿਆਖਿਆ ਸਬੰਧੀ ਸਿੱਖ ਗੁਰਦੁਆਰਾ ਐਕਟ, 1925 ਦੀ ਪ੍ਰੋੜਤਾ ਹੀ ਕਰਦਾ ਹੈ।
ਮਾਨ ਯੋਗ ਹਾਈ ਕੋਰਟ ਦਾ ਉਪਰੋਕਤ ਦਸਿਆ ਫੈਸਲਾ ਆ ਜਾਣ ਦੇ ਬਾਵਜੂਦ ਸਹਜਧਾਰੀ ਸਿੱਖ ਦੇ ਵਿਸ਼ੇ ਤੇ ਵਿਵਾਦ ਹਾਲੇ ਵੀ ਮਠਾ ਨਹੀਂ ਪੈ ਸਕਿਆ। ਕੁੱਝ ਧਿਰਾਂ ਹਾਲੇ ਵੀ ਆਪਣੇ-ਆਪਣੇ ਪੱਖਾਂ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰ ਰਹੀਆਂ ਹਨ। ਇੱਕ ਧਿਰ ਅਨੁਸਾਰ ਸਿੱਖੀ ਦੇ ਸੰਦਰਭ ਵਿੱਚ ਹੁਣ ਸਹਜਧਾਰੀ ਦਾ ਸੰਕਲਪ ਉਂਜ ਹੀ ਬੇਲੋੜਾ ਹੋ ਚੁੱਕਾ ਹੈ। ਇਸ ਧਾਰਣਾ ਅਨੁਸਾਰ ਸਿੱਖ ਜਾਂ ਤਾਂ ਕੇਸਧਾਰੀ ਹੈ (ਜਿਸ ਨੇ ਹਾਲੀ ਅੰਮ੍ਰਿਤ ਨਹੀਂ ਛਕਿਆ) ਜਾਂ ਅੰਮ੍ਰਿਤਧਾਰੀ (ਜਿਸ ਲਈ ਕੇਸਾਧਾਰੀ ਹੋਣਾ ਲਾਜ਼ਮੀ ਹੈ ਹੀ) , ਸਹਜਧਾਰੀ ਦੇ ਸੰਕਲਪ ਨੂੰ ਵਿੱਚ ਲਿਆਉਣ ਦੀ ਲੋੜ ਹੀ ਨਹੀਂ। ਸਹਜਧਾਰੀ ਸਿੱਖ ਸਭਾ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਵਾਲ ਕਟੱਣ ਵਾਲੇ, ਅਧੱ-ਪਚੱਧੀਆਂ ਦਾੜ੍ਹੀਆਂ ਰਖੱਣ ਵਾਲੇ ਅਤੇ ਵਾਲਾਂ ਨੂੰ ਰੰਗਣ ਵਾਲੇ ਉਹਨਾਂ ਵਿਅਕਤੀਆਂ ਨੂੰ ਵੀ ਸਿੱਖ ਸਮਾਜ ਦਾ ਹਿੱਸਾ ਹੀ ਸਮਝ ਲੈਣਾ ਚਾਹੀਦਾ ਹੈ ਜੋ ਸਿੱਖ ਗੁਰੂ ਸਾਹਿਬਾਨ ਵਿੱਚ ਸ਼ਰਧਾ ਰਖਦੇ ਹੋਣ ਅਤੇ ਅਤੇ ਕੇਸਾਂ ਵਾਲੀ ਸ਼ਰਤ ਨੂੰ ਛੱਡਕੇ ਸਿੱਖ ਗੁਰੂ ਸਾਹਿਬਾਨ ਦੀਆਂ ਸਾਰੀਆਂ ਸਿਖਿਆਵਾਂ ਨੂੰ ਮੰਨਦੇ ਹੋਣ। ਪਰ ਇਹ ਮਤੱ ਸ਼ੁਧੱਤਾਵਾਦੀ ਸਿੱਖਾਂ ਦੀ ਧਿਰ ਨੂੰ ਕਦੀ ਵੀ ਮਨਜ਼ੂਰ ਨਹੀਂ ਹੋਣ ਲਗਾ ਜੋ ਤਾਂ ਬਿਨਾਂ ਅੰਮ੍ਰਿਤ ਛਕੇ ਵਿਚਰਨ ਵਾਲੇ ਕਿਸੇ ਵਿਅਕਤੀ ਨੂੰ ਵੀ ਸਿੱਖ ਮੰਨਣ ਲਈ ਤਿਆਰ ਨਹੀਂ।
ਵਿਚਾਰ ਅਧੀਨ ਮਸਲੇ ਦੇ ਸੰਦਰਭ ਵਿੱਚ ਵਿੱਚ ਕੁੱਝ ਅਤੀ ਰੌਚਿਕ ਸਥਿਤੀਆਂ ਵੀ ਉਭਰਕੇ ਸਾਹਮਣੇ ਆਉਂਦੀਆਂ ਹਨ। ਸਹਜਧਾਰੀ ਸਿੱਖ ਸਭਾ ਵਾਲਿਆਂ ਦਾ ਮੱਤ ਹੈ ਕਿ ਕੇਵਲ ਅੰਮ੍ਰਿਤਧਾਰੀ ਨੂੰ ਹੀ ਪਤਿਤ ਹੋ ਜਾਣ ਦਾ ਡਰ ਹੋ ਸਕਦਾ ਹੈ। ਬੜਾ ਵਧੀਆ ਤਰੀਕਾ ਹੈ - ਵਾਲ ਵੀ ਕਟਵਾ ਲਓ, ਮਨ ਮਰਜ਼ੀ ਦਾ ਖਾਓ ਪੀਓ ਵੀ, ਐਸ਼ ਵੀ ਕਰੋ ਅਤੇ ਸਿੱਖ ਵੀ ਕਹਿਲਾਈ ਜਾਓ ਕਿਉਂਕਿ ਆਪਾਂ ਤਾਂ ਕਦੇ ਪਤਿਤ ਹੋਣਾ ਹੀ ਨਹੀਂ। ਦੂਸਰੇ ਪਾਸੇ ਕਟੱੜ ਧਾਰਨਾਵਾਂ ਵਾਲੇ ਸਜੱਣਾਂ ਨੂੰ ਇਹ ਪੁਛੱਣਾ ਬਣਦਾ ਹੈ ਉਹਨਾਂ ਦਾ ਕੀ ਕਰੋਗੇ ਜੋ ਅੰਮ੍ਰਿਤਧਾਰੀ ਹੋ ਕੇ ਸ਼ਰਾਬ ਅਤੇ ਭੰਗ ਦਾ ਸੇਵਨ ਕਰਨ ਤੋਂ ਨਹੀਂ ਝਿਜਕਦੇ। ਕੁੱਝ ਭੱਦਰਪੁਰਸ਼ ਵਿਅਕਤੀ ਇਸ ਗੱਲ ਉਤੇ ਜ਼ੋਰ ਦਿੰਦੇ ਹਨ ਕਿ ਉਦਾਰਵਾਦੀ ਨੀਤੀ ਦੇ ਨਾ ਅਪਨਾਉਣ ਨਾਲ ਸਿੱਖੀ ਦਾ ਤਾਲਬੀਕਰਣ ਹੋ ਜਾਵੇਗਾ। ਇਸ ਦਲੀਲ ਦੇ ਧਾਰਨੀ ਵੀਰਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਕੀ ਸਿੱਖ ਗੁਰੂ ਸਾਹਿਬਾਨ ਉਦਾਰਵਾਦੀ ਨਹੀਂ ਸਨ, ਕੀ ਸਿੱਖ ਗੁਰੂ ਸਾਹਿਬਾਨ (ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ) ਵਲੋਂ ਸੁਝਾਏ ਆਦਰਸ਼ਾਂ ਅਤੇ ਜੀਵਨ ਸ਼ੈਲੀ ਨੂੰ ਹੂਬਹੂ ਅਪਣਾਉਣਾ ਤਾਲਬੀਕਰਣ ਦੀ ਪਰੀਕ੍ਰਿਆ ਹੈ ਅਤੇ ਕੀ ਪਹਿਲਾਂ ਹੀ ਕੁੱਝ ਕੁ ਸਿੱਖ ਬੁੱਧੀਜੀਵੀਆਂ, ਗੁਰਦੁਆਰਾ ਪ੍ਰਬੰਧਕਾਂ, ਡੇਰੇਦਾਰਾਂ ਅਤੇ ਪੁਜਾਰੀਵਾਦੀਆਂ ਵੱਲੋਂ ਅਪਣਾਏ ਜਾਂਦੇ ਦੋਹਰੇ ਮਾਪਦੰਡਾਂ ਕਰਕੇ ਵਿਸ਼ਵ ਪਧੱਰ ਉਤੇ ਸਿੱਖ ਭਾਈਚਾਰੇ ਦੀ ਸਥਿਤੀ ਹਾਸੋਹੀਣੀ ਨਹੀਂ ਬਣੀ ਹੋਈ?
ਏਥੇ ਉਹਨਾਂ ਕੁੱਝ ਕੁ ਪਹਿਲੂਆਂ ਦਾ ਜ਼ਿਕਰ ਕਰਨਾ ਬਣਦਾ ਹੈ ਜੋ ਉਪਰੋਕਤ ਦਰਸਾਈ ਬਹਿਸ ਵਿਚੋਂ ਦ੍ਰਿਸ਼ਟੀਗੋਚਰ ਹੁੰਦੇ ਹਨਅਤੇ ਜਿਹਨਾਂ ਬਾਰੇ ਸਿੱਖ ਭਾਈਚਾਰੇ ਨੂੰ ਚਿੰਤਤ ਹੋਣ ਦੀ ਡਾਢੀ ਲੋੜ ਹੈ। ਇਹਨਾਂ ਵਿਚੋਂ ਇੱਕ ਇਸ ਗੱਲ ਦਾ ਖਦਸ਼ੇ ਬਾਰੇ ਹੈ ਕਿ ਸਿੱਖ ਤਾਂ ਪਹਿਲਾਂ ਹੀ ਘਟ ਗਿਣਤੀ ਫਿਰਕਾ ਹਨ ਅਤੇ ਕੁੱਝ ਲੋਕਾਂ ਨੂੰ ਗੈਰ-ਸਿੱਖ ਕਰਾਰ ਦੇ ਕੇ ਸਿੱਖਾਂ ਦੀ ਗਿਣਤੀ ਹੋਰ ਵੀ ਘਟ ਜਾਵੇਗੀ। ਇਹ ਸਥਿਤੀ ਉਹਨਾਂ ਲਈ ਖਾਸ ਤੌਰ ਤੇ ਚਿੰਤਾ ਦਾ ਕਾਰਨ ਹੈ ਜਿਹਨਾਂ ਦੀ ਸਿੱਖ ਸੰਸਥਾਵਾਂ ਦੀਆਂ ਚੋਣਾਂ ਵੇਲੇ ਵੋਟਾਂ ਉਤੇ ਅਖੱ ਹੁੰਦੀ ਹੈ। ਦੂਸਰਾ, ਸਿੱਖਾਂ ਵਿੱਚ ਅਸੁਰਖਿਆ ਦੀ ਭਾਵਨਾਂ ਦਾ ਹੋਣਾ ਹੈ ਜੋ ਇਸ ਡਰ ਤੋਂ ਪੈਦਾ ਹੋਈ ਹੈ ਕਿ ਬਹੁਗਿਣਤੀ ਵਿਚਲੀਆਂ ਕੁੱਝ ਕਟੱੜਵਾਦੀ ਜਥੇਬੰਦੀਆਂ ਸਿੱਖ ਧਰਮ ਦੀ ਨਿਵੇਕਲੀ ਪਛਾਣ ਨੂੰ ਢਾ ਲਾਉਣ ਦੇ ਇਰਾਦੇ ਨਾਲ ਸਹਜਧਾਰੀਆਂ ਦੇ ਭੇਸ ਵਿੱਚ ਸਿੱਖ ਭਾਈਚਾਰੇ ਵਿੱਚ ਘੁਸਪੈਠ ਕਰ ਸਕਦੀਆਂ ਹਨ। ਏਸੇ ਡਰ ਕਰਕੇ ਹੀ ਸੁਹਿਰਦ ਸਿੱਖ ‘ਸਹਜਧਾਰੀ’ ਸ਼ਬਦ ਤੋਂ ਹੀ ਤਰਹਿਣ ਲਗ ਪਏ ਹਨ ਅਤੇ ਉਹ ਅਜਿਹੇ ਕੇਸਧਾਰੀਆਂ ਨੂੰ ਵੀ ਸਿੱਖੀ ਦੇ ਦਾਇਰੇ ਵਿਚੋਂ ਬਾਹਰ ਰਖਣ ਦੀ ਵਕਾਲਤ ਕਰਦੇ ਹਨ ਜੋ ਗੈਰ-ਅੰਮ੍ਰਿਤਧਾਰੀ ਹਨ। ਪਰੰਤੂ ਅਜਹੀ ਸੋਚ ਵਾਲਿਆਂ ਵਾਸਤੇ ਤੀਸਰਾ ਪਹਿਲੂ ਸਾਹਮਣੇ ਆ ਖੜੋਂਦਾ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਕਈ ਗੈਰ-ਸਿੱਖ ਵਿਅਕਤੀ ਯੋਜਨਾਬੱਧ ਢੰਗ ਨਾਲ ਅੰਮ੍ਰਿਤਧਾਰੀਆਂ ਦਾ ਭੇਸ ਅਪਣਾ ਕੇ ਸਿੱਖ ਭਾਈਚਾਰੇ ਵਿੱਚ ਹਰ ਪੱਧਰ ਤੇ ਘੁਸਪੈਠ ਕਰ ਵੀ ਚੁਕੇ ਹੋਏ ਹਨ। ਚੌਥਾ ਪਹਿਲੂ ਮਾਨ ਯੋਗ ਹਾਈ ਕੋਰਟ ਦੇ ਫੈਸਲੇ ਦੇ ਉਸ ਹਿੱਸੇ ਨਾਲ ਸਬੰਧ ਰਖਦਾ ਹੈ ਜਿਸ ਅਨੁਸਾਰ ਭਾਰਤੀ ਅਦਾਲਤਾਂ ਨੂੰ ਹੱਕ ਹੋਵੇਗਾ ਕਿ ਉਹ ਕਿਸੇ ਵੀ ਧਰਮ ਦੇ ਬੁਨਿਆਦੀ ਤੱਤਾਂ ਬਾਰੇ ਵਿਵਾਦ ਪੈਦਾ ਹੋਣ ਤੇ ਦਖਲਅੰਦਾਜ਼ੀ ਕਰ ਸਕਣਗੀਆਂ।
ਭਾਵੇਂ ਵਕਤੀ ਤੌਰ ਤੇ “ਸਹਜਧਾਰੀ ਸਿੱਖ” ਦੀ ਵਿਆਖਿਆ ਸਬੰਧੀ ਵਿਵਾਦ ਮੱਠਾ ਪੈ ਗਿਆ ਲਗਦਾ ਹੈ ਇਸ ਵਿੱਚੋਂ ਉਪਜੇ ਦੂਸਰੇ ਮਸਲਿਆਂ ਨੂੰ ਪੂਰੀ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਹੈ।
--- 0 ---
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ
ਫੋਨ: 09317910734
.